ਪੰਨਾ:Sariran de vatandre.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੜਕਾਇਆ ਸੀ । ਅਜੇ ਮੈਂ ਮੰਜੀ ਤੇ ਲੇਟਿਆ ਹੀ ਸੀ ਕਿ ਟੈਲੀਫੋਨ ਦੀ ਘੰਟੀ ਜ਼ੋਰ ਨਾਲ ਵਜਣ ਲੱਗ ਪਈ। ਜਦੋਂ ਮੈਂ ਰੀਸੀਵਰ ਚੁੱਕ ਕੇ ਆਵਾਜ਼ ਸੁਣੀ ਤਾਂ ਪਤਾ ਲੱਗਾ ਕਿ ਦੂਜੇ ਪਾਸਿਓਂ ਡਾਕਟਰ ਹੁਸ਼ਿਆਰ ਸਿੰਘ ਜੀ ਹੋਰਾਂ ਦੀ ਧਰਮ ਪਤਨੀ ਬੋਲ ਰਹੀ ਸੀ ਅਤੇ ਉਹਨੇ ਬੇਨਤੀ ਕੀਤੀ ਸੀ ਕਿ ਮੈਂ ਛੇਤੀ ਨਾਲ ਉਹਨਾਂ ਦੇ ਬੰਗਲੇ ਪੁਜ ਜਾਵਾਂ । ਮੈਂ ਅਜੇ ਕੁਝ ਹੋਰ ਪੁਛ ਗਿਛ ਕਰਨ ਵਾਲਾ ਹੀ ਸੀ ਕਿ ਉਹ ਟੈਲੀਫੋਨ ਛੱਡ ਕੇ ਚਲੀ ਗਈ । ਜਕੋ ਤੱਕਾ ਜਿਹਾ ਕਰਕੇ ਮੈਂ ਕੱਪੜੇ ਫੇਰ ਪਾਏ ਅਤੇ ਬੁੜ ਬੁੜ ਕਰਦਾ ਇਕੱਲਾ ਹੀ ਆਪਣੀ ਕਾਰ ਵਿਚ ਬਹਿ ਕੇ ਡਾਕਟਰ ਹੁਸ਼ਿਆਰ ਸਿੰਘ ਦੇ ਘਰ ਵਲ ਚਲ ਪਿਆ । ਰਾਹ ਵਿਚ ਮੈਂ ਏਹੋ ਹੀ ਸੋਚਦਾ ਜਾਂਦਾ ਸਾਂ ਕਿ ਡਾਕਟਰ ਨੇ ਰਾਤੀਂ ਰੋਟੀ ਨਾਲ ਬਹੁਤੀ ਸ਼ਰਾਬ ਪੀ ਲਈ ਹੋਣੀ ਹੈ ਅਤੇ ਉਹ ਸਦਾ ਏਦਾਂ ਹੀ ਕਰਿਆ ਕਰਦਾ ਹੁੰਦਾ ਹੈ। ਕਿਉਂਕਿ ਕਈ ਵਾਰੀ ਤਾਂ ਉਹਨੂੰ ਉਹਦੀ ਪਤਨੀ ਆਂਢੀਆਂ ਗਵਾਂਢੀਆਂ ਦੇ ਤਰਲੇ ਮਿਨਤਾਂ ਕਰਕੇ ਚੁਕਵਾ ਕੇ ਬੇਹੋਸ਼ ਹੋਏ ਨੂੰ ਮੋਟਰ ਵਿਚ ਪਾ ਕੇ ਘਰ ਲੈ ਆਉਂਦੀ ਹੁੰਦੀ ਸੀ। ਪਰ ਜੇ ਉਹ ਬੀਮਾਰ ਹੈ ਤਾਂ ਉਹਨੇ ਮੈਨੂੰ ਦਸਿਆ ਕਿਉਂ ਨਹੀਂ ? ਸ਼ਾਇਦ ਕੋਈ ਐਕਸੀਡੈਂਟ ਹੋਗਿਆ ਹੋਣਾ ਹੈ, ਤਾਹਵੀਂ ਤਾਂ ਉਹਨੂੰ ਹਸਪਤਾਲ ਜਾਣਾ ਚਾਹੀਦਾ ਸੀ ਜਾਂ ਪੁਲੀਸ ਨੂੰ ਖਬਰ ਕਰਨੀ ਚਾਹੀਦੀ ਸੀ । ਹੋ ਸਕਦਾ ਹੈ ਕਿ ਪੁਲੀਸ ਨੇ ਹੀ ਮੇਰੀ ਮੰਗ ਕੀਤੀ ਹੋਵੇ । ਇਹੋ ਜਹੀਆਂ ਸੋਚਾਂ ਵਿਚਾਰਾਂ ਦੇ ਵਹਿਣਾਂ ਵਿਚ ਰੁੜਦਾ ਹੀ ਮੈਂ ਡਾਕਟਰ ਦੀ ਕੋਠੀ ਪੁਜ ਗਿਆ।

ਜਦੋਂ ਮੇਰੀ ਕਾਰ ਡਾਕਟਰ ਦੀ ਕੋਠੀ ਦੇ ਅੰਦਰ ਪੁਜੀ ਅਤੇ ਮੈਂ ਹਾਰਨ ਵਜਾਇਆ ਤਾਂ ਡਾਕਟਰ ਸਾਹਿਬ ਦੀ ਧਰਮ ਪਤਨੀ ਆਪਣੇ ਦੋਵਾਂ ਬਚਿਆਂ ਸਮੇਤ ਮੇਰੀ ਕਾਰ ਵਲ ਆਉਂਦੀ ਮੈਨੂੰ ਦਿਸੀ । ਏਨੇ ਨੂੰ ਮੈਂ ਵੀ ਕਾਰ ਖੜੀ ਕਰਕੇ ਤੇ ਵਿਚੋਂ ਉਤਰ ਕੇ ਉਹਨਾਂ ਵਲ ਤੁਰ

੮੨