ਪੰਨਾ:Sevadar.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤਾਂ ਵੀ ਸੁਖੀ ਨਾ ਹੋਏ । ਉਹ ਹੁਣ ਆਪਣਾ ਵਿਆਹ ਨਹੀਂ ਕਰਦੇ ਤੇ ਇਸ ਤਰਾਂ ਉਨ੍ਹਾਂ ਦਾ ਘਰ ਸੰਵਾ ਤੇ ਵਰਾਨ ਹੋ ਰਿਹਾ ਹੈ । ਹੁਣ ਇਸ ਦਾ ਕੀ ਉਪਾ ਕਰਾਂ ? ਚੰਗਾ ਹੁੰਦਾ ਮੈਂ ਮਰ ਜਾਂਦੀ । ਹੁਣ ਆਤਮਘਾਤ ਕਰ ਲਵਾਂ ? ਫੇਰ ਸ਼ਾਇਦ ਉਹ ਵਿਆਹ ਕਰ ਲੈਣ ਪਰ ਆਤਮਘਾਤ ਤਾਂ ਭਿਆਨਕ ਪਾਪ.... ਹਾਲੇ ਉਹ ਗਡੀ ਵਿਚ ਬੈਠੀ ਬੈਠੀ ਇਹੋ ਸਭ ਸੋਚ ਰਹੀ ਸੀ ਕਿ ਬਘੀ : ਲਾਲ ਸਿੰਘ ਦੇ ਦਰਵਾਜ਼ੇ ਉਤੇ ਜਾ ਪੁਜੀ।

ਸ਼ੀਲਾ ਉਤਰ ਕੇ ਅੰਦਰ ਗਈ । ਪੌੜੀਆਂ ਵਿਚ ਹੀ ਸ੍ਰ: ਲਾਲ ਸਿੰਘ ਦੀ ਵਹੁਟੀ ਮਿਲੀ ! ਉਸ ਬੜੇ ਆਦਰ ਨਾਲ ਸ਼ੀਲਾ ਨੂੰ ਸਦ ਕੇ ਬਿਠਾਇਆ । ਉਹ ਸ਼ੀਲਾ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ । ਉਸ ਸ਼ੀਲਾ ਨੂੰ ਵੇਖਦਿਆਂ ਹੀ ਕਿਹਾ-ਪੁੱਤਰ ! ਤੈਨੂੰ ਇਸ ਹਾਲਤ ਵਿਚ ਵੇਖ ਕੇ ਸਾਨੂੰ ਬੜਾ ਦੁਖ ਹੁੰਦਾ ਹੈ ਪਰ ਬੇਟੀ ! ਅਜ ਮੇਰਾ ਉਪਕਾਰ ਕਰ। ਮੈਂ ਜਨਮ ਭਰ ਤੇਰੀ ਕਰਜ਼ਾਈ ਰਹਾਂਗੀ। ਕਈ ਡਾਕਟਰ ਆਏ ਕੁਝ ਨਹੀਂ ਹੁੰਦਾ। ਕਿਸੇ ਤਰਾਂ ਹਰਬੰਸ ਨੂੰ ਅਰਾਮ ਨਹੀਂ ਆਉਂਦਾ । ਓਹ ਤਿੰਨ ਦਿਨਾਂ ਤੋਂ ਬੜੀ ਤਕਲੀਫ ਵਿਚ ਪਈ ਹੈ । ਕਿਸੇ ਤਰ੍ਹਾਂ ਉਸ ਦਾ ਉਧਾਰ ਕਰ । ਤੇਰਾ ਬੜਾ ਨਾਂ ਸੁਣਕੇ ਮੈਂ ਤੈਨੂੰ ਸਦਿਆ ਹੈ।

ਸ਼ੀਲਾ ਬੋਲੀ-ਤੁਸੀਂ ਘਬਰਾਉ ਨਾ। ਪਰਮਾਤਮਾ ਸਭ ਠੀਕ ਹੀ ਕਰੇਗਾ । ਕੋਸ਼ਸ਼ ਵਿਚ ਮੈਂ ਕੋਈ ਕਸਰ ਨਾ ਛਡਾਂਗੀ ।

ਇਸ ਤੋਂ ਬਾਦ ਉਹ ਹਰਬੰਸ ਦੀ ਮਾਂ ਨਾਲ ਅੰਦਰ ਗਈ । ਹਰਬੰਸ ਇਸ ਸਮੇਂ ਤਕਲੀਫ ਨਾਲ ਤੜਫ ਰਹੀ ਸੀ, ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਉਹ ਬਹੁਤ ਵਿਆਕੁਲ ਹੋ ਰਹੀ ਸੀ। ਸ਼ੀਲਾ ਨੂੰ ਵੇਖਦਿਆਂ ਹੀ ਉਸ ਨੇ ਉਸ ਦਾ ਹਥ ਫੜ ਕੇ ਖਿਚ ਲਿਆ ਤੇ ਬੋਲੀ-ਕਿਸੇ ਤਰਾਂ ਮੇਰੀ ਜਾਨ ਬਚਾਓ ਮੈਂ ਮਰਦੀ ਹਾਂ ।

-੧੧੮-