ਪੰਨਾ:Sevadar.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵੇਰ ਦੀ ਗੱਡੀ ਤੇ ਜਾਣਾ ਚਾਹੁੰਨੀ ਹਾਂ ।'

'ਕਾਰਣ ?'

‘ਕਹਿ ਤਾਂ ਚੁਕੀ ਹਾਂ ਕਿ ਮੇਰੀ ਮਰਜ਼ੀ !'

ਦੀਨਾ ਨਾਥ ਚੁਪ ਰਹਿ ਗਿਆ । ਓਸ ਮਨ ਹੀ ਮਨ ਵਿਚ ਸੋਚਿਆ, ਸ਼ਾਇਦ ਚੰਚਲਾ ਤੇ ਉਸ ਦੀ ਮਾਂ ਵਿਚ ਕੁਝ ਝਗੜਾ ਹੋ ਗਿਆ ਹੈ । ਆਪੇ ਕੁਝ ਚਿਰ ਤਕ ਠੰਢੀ ਹੋ ਜਾਏਗੀ ।

ਸਵੇਰੇ ਪੰਜ ਵਜੇ ਹੀ ਜਦ ਚੰਚਲਾ ਨੇ ਆਪਣੇ ਸਫਰ ਦਾ ਸਾਰਾ ਪ੍ਰਬੰਧ ਕਰ ਲਿਆ ਤਾਂ ਦੀਨਾ ਨਾਥ ਨੂੰ ਕਹਿਣ ਲਗੀ, ਚੱਲ ਕੇ ਮੈਨੂੰ ਛੱਡ ਆਓ, ਦੀਨਾ ਨਾਥ ਹਰਾਨ ਸੀ । ਉਸ ਤੇ ਉਸ ਦੀ ਮਾਂ ਨੇ ਬਹੁਤ ਸਮਝਾਇਆ ਪਰ ਚੰਚਲਾ ਨੇ ਕਿਸੇ ਦੀ ਗੱਲ ਨਾਂ ਮੰਨੀ ਤੇ ਕੱਲੀ ਹੀ ਜਾਣ ਲਈ ਤਿਆਰ ਹੋ ਗਈ । ਹੁਣ ਲਾਚਾਰ ਹੋ ਕੇ ਮਿ: ਦੀਨਾ ਨਾਥ ਨੇ ਆਪਣੇ ਇਕ ਇਤਬਾਰੀ ਮਨੁਖ ਨੂੰ ਚੰਚਲਾ ਦੇ ਨਾਲ ਜਾ ਕੇ ਲਾਇਲ-ਪੁਰ ਤਕ ਛਡ ਆਉਣ ਲਈ ਭੇਜ ਦਿਤਾ ।

ਚੰਚਲਾ ਦਾ ਪਾਰਾ ਹੋਰ ਵੀ ਚੜ੍ਹ ਗਿਆ। ਅਖੀਰ ਉਸ ਨੇ ਉਸ ਮਨੁਖ ਨੂੰ ਵੀ ਸਟੇਸ਼ਨ ਤੋਂ ਹੀ ਮੋੜ ਦਿਤਾ ਤੇ ਕੱਲੀ ਤੁਰ ਪਈ । ਚੰਚਲਾ ਆਪਣੇ ਪਿਉ ਦੀ ਕੋਠੀ ਜਾ ਕੇ ਕੀ ਵੇਖਦੀ ਹੈ ਕਿ ਓਹ ਖਾਲੀ ਪਈ ਹੈ ਤੇ ਬਾਹਰ ਜੰਦਰਾ ਲਗਾ ਹੋਇਆ ਹੈ । ਮਿਸਿਜ਼ ਵਾਦਨ ਵਾਲੀ ਕੋਠੀ ਵਿਚ ਇਕ ਅੰਗਰੇਜ਼ ਰਹਿੰਦਾ ਸੀ ਤੇ ਉਸ ਤੋਂ ਪੁਛਣ ਤੋਂ ਵੀ ਚੰਚਲਾ ਨੂੰ ਕੁਝ ਪਤਾ ਨਾ ਲਗਾ ਕਿ ਉਹ ਸਭੇ ਕਿਥੇ ਚਲੇ ਗਏ ।

ਚੰਚਲਾ ਬੜੀ ਸੋਚੀ ਪਈ । ਉਸ ਨੂੰ ਕੁਝ ਪਤਾ ਨਹੀਂ ਸੀ ਲਗਦਾ ਕਿ ਇਸ ਤਰਾਂ ਦੀ ਕੀ ਘਟਨਾ ਹੋਈ, ਜਿਸ ਨਾਲ ਉਸ ਦੇ ਮਾਂ ਪਿਉ ਸਭੇ ਚਲੇ ਗਏ । ਉਹ ਬੁੱਤ ਵਾਂਗ ਓਥੇ ਹੀ ਖਲੋਤੀ ਰਹਿ ਗਈ। ਉਸ ਨੂੰ ਕੁਝ ਨਹੀਂ ਸੁਝਦਾ ਸੀ ਕਿ ਹੁਣ ਉਹ ਕੀ ਕਰੇ। ਉਸ ਨੂੰ ਗੌਰੀ ਸ਼ੰਕਰ ਦੇ ਘਰ ਦਾ ਪਤਾ ਸੀ ਪਰ ਓਥੇ ਜਾਣ ਦਾ ਉਸ ਦਾ ਹੌਂਸਲਾ ਨਹੀਂ ਸੀ।

-੧੨੩-