ਪੰਨਾ:Sevadar.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਹ ਰੁਪਏ ਰੋਜ਼ ਉਤੇ ਮਨਾ ਕੇ ਜਿਸ ਵੇਲੇ ਸੇਵਾ ਸਿੰਘ ਦੂਸਰੇ ਸਾਥੀਆਂ ਦੀ ਖੋਜ ਲਈ ਚੱਲੇ ਉਸ ਵੇਲੇ ਰਾਤ ਦੇ ਬਾਰਾਂ ਵਜ ਚੁੱਕੇ ਸਨ । ਸਰਦੀ ਦੇ ਦਿਨ ਸਨ, ਬਜ਼ਾਰਾਂ ਵਿਚ ਘਿਰ ਚੁਪ ਚਾਂ ਛਾਈ ਹੋਈ ਸੀ । ਸਾਰੇ ਲੋਕ ਘਰਾਂ ਦੇ ਬੂਹੇ ਬੰਦ ਕਰ ਕੇ ਆਪਣੇ ਆਪਣੇ ਘਰਾਂ ਵਿਚ ਸੁੱਤੇ ਪਏ ਸਨ । ਸੇਵਾ ਸਿੰਘ ਤੇ ਸਜਣ ਸਿੰਘ ਰਾਤ ਦੇ ਡੇਢ ਵਜੇ ਤਕ ਏਧਰ ਉਧਰ ਘੁੰਮਦੇ ਰਹੇ । ਕਿੰਨੀਆਂ ਹੀ ਥਾਵਾਂ ਤੋਂ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ । ਅਖੀਰ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਦ ਪੰਜ ਮਨੁਖ ਉਨਾਂ ਨਾਲ ਜਾਣ ਨੂੰ ਤਿਆਰ ਹੋਏ । ਇਨਾਂ ਵਿਚ ਇਕ ਹੋਰ ਡਾਕਟਰ ਵੀ ਸੀ, ਜੋ ਵੀਹ ਰੁਪਏ ਰੋਜ਼ ਉਤੇ ਬੜੀ ਮੁਸ਼ਕਲ ਨਾਲ ਚੱਕ ਜਾਣ ਨੂੰ ਤਿਆਰ ਹੋਇਆ।

ਇਹ ਸਭ ਤਾਂ ਹੋਇਆ ਪਰ ਇਸ ਕੰਮ ਵਿਚ ਧਨ ਦੀ ਬੜੀ ਲੋੜ ਸੀ । ਬਿਨਾ ਧਨ ਦੇ ਪ੍ਰਬੰਧ ਦੇ ਉਨਾਂ ਚੱਕਾਂ ਵਿਚ ਜਾਣਾ ਜਾਂ ਨਾ ਜਾਣਾ ਇਕੋ ਜਿਹਾ ਸੀ ।

ਸੇਵਾ ਸਿੰਘ ਦੇ ਕੋਲ ਇਸ ਵੇਲੇ ਸਿਰਫ ਤੀਹ ਰੁਪਏ ਸਨ । ਪਿਤਾ ਕੋਲੋਂ ਕੁਝ ਮਿਲਣ ਦੀ ਆਸ ਨਹੀਂ ਸੀ। ਅਖੀਰ ਉਸ ਨੇ ਇਹ ਰੁਪਏ ਕੱਢ ਕੇ ਤਾਂ ਦੇ ਦਿਤੇ ਪਰ ਇਸ ਨਾਲ ਤਾਂ ਤਿੰਨ ਦਿਨ ਦਾ ਖਰਚਾ ਚਲਣਾ ਵੀ ਮੁਸ਼ਕਲ ਹੀ ਸੀ । ਦੂਸਰੇ ਲੋਕਾਂ ਨੇ ਵੀ ਕੁਝ ਰੁਪਏ ਦਿੱਤੇ ਪਰ ਉਹ ਸਾਗਰ ਵਿਚ ਬੂੰਦ ਵਾਂਗ ਸਨ । ਲੋੜੀਂਦੀਆਂ ਦਵਾਈਆਂ ਲੈ ਕੇ ਦੋਵੇਂ ਡਾਕਟਰ ਸੇਵਾ ਸਿੰਘ ਤੇ ਚਾਰ ਹੋਰ ਮਨੁਖਾਂ ਨਾਲ ਚੱਕ ਵਲ ਤੁਰੇ ਜਿਥੇ ਬੀਮਾਰੀ ਦਾ ਖਾਸ ਜ਼ੋਰ ਸੀ ।

-੨੮-