ਪੰਨਾ:Sevadar.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀ. ਏ. ਪੜ ਗਿਆ ਹੈਂ ! ਪਰ ਮੇਰੇ ਹੁੰਦਿਆਂ ਇਨ੍ਹਾਂ ਸਮਾਜਿਕ ਝਮੇਲਿਆਂ ਵਿਚ ਫਸਣ ਦੀ ਤੈਨੂੰ ਕੀ ਜ਼ਰੂਰਤ ?

ਸੇਵਾ ਸਿੰਘ ਨੇ ਕਿਹਾ-'ਪਿਤਾ ਜੀ ! ਠੀਕ ਐ, ਵਾਹਿਗੁਰੂ ਤੁਹਾਡਾ ਸਾਇਆ ਸਾਡੇ ਸਿਰ ਤੇ ਬਣਾਈ ਰਖੇ । ਪਰ ਮੈਂ ਤੁਹਾਡਾ ਧਿਆਨ ਇਸ ਪਾਸੇ ਦਵਾਉਣ ਲਈ ਹੀ ਤਾਂ ਇਹ ਸਭ ਕੁਝ ਕੀਤਾ ਏ । ਦਿਨੋਂ ਦਿਨ ਅਸੀਂ ਨਿੱਘਰ ਰਹੇ ਆਂ | ਰਤਾ ਸੋਚੋ ਤਾਂ ਸਹੀ ਕਿ ਸਾਰੇ ਘਰ ਲਾਇਲ ਪੁਰ ਵਿਚ ਕਿੰਨੇ ਹਨ ਤੇ ਉਨ੍ਹਾਂ ਵਿਚ ਵਿਧਵਾਵਾਂ ਦੀ ਗਿਣਤੀ ਕਿੰਨੀ ਹੈ ? ਇਸ ਦਾ ਕਾਰਨ ਵੀ ਕਦੇ ਸੋਚਿਆ ਜੇ ?'

ਸੇਵਾ ਸਿੰਘ ਅਜੇ ਕਵਾਰਾ ਹੀ ਸੀ। ਕਈ ਵਾਰੀ ਇਸ ਦੇ ਵਿਆਹ ਦੀ ਗਲ ਉਠੀ ਸੀ, ਪਰ ਸੇਵਾ ਸਿੰਘ ਨੇ ਕਹਿ ਦਿੱਤਾ ਸੀ, ਮੈਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਵਿਆਹ ਨਹੀਂ ਕਰਨਾ । ਏਸੇ ਕਰ ਕੇ ਕਈ ਦਿਨਾਂ ਤਕ ਘਰ ਵਿਚ ਝਗੜਾ ਹੁੰਦਾ ਰਿਹਾ ਸੀ ਪਰ ਉਹ ਕਿਸੇ ਤਰਾਂ ਵੀ ਵਿਆਹ ਕਰਨ ਲਈ ਤਿਆਰ ਨਾ ਹੋਇਆ । ਇਸ ਗੱਲ ਨੂੰ ਚਾਰ ਵਰ੍ਹੇ ਬੀਤ ਚੁੱਕੇ ਸਨ।

ਸੇਵਾ ਸਿੰਘ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਸਰਦਾਰ ਸਿੰਘ ਨੇ ਸਮਝਿਆ ਕਿ ਸੁਸ਼ੀਲਾ ਨੂੰ ਇਸ ਨੇ ਕਿਧਰੇ ਵੇਖ ਲਿਆ ਹੈ ਤੇ ਉਸ ਤੇ ਮੋਹਿਤ ਹੋ ਗਿਆ ਹੈ ਤਾਹੀਏਂ ਇਹ ਮੋਹਨ ਲਾਲ ਨਾਲ ਉਸ ਦਾ ਵਿਆਹ ਛੁਡਾਉਣਾ ਚਾਹੁੰਦਾ ਹੈ । ਅਖੀਰ ਉਸ ਨੇ ਕੁਝ ਤੈਸ਼ ਵਿਚ ਆ ਕੇ ਕਿਹਾ-'ਕਾਕਾ, ਤੂੰ ਅਜੇ ਬੱਚਾ ਹੈਂ । ਤੈਨੂੰ ਇਨਾਂ ਝੰਬੇਲਿਆਂ ਨਾਲ ਕੀ ? ਜਾਹ ਆਪਣਾ ਕੰਮ ਕਰ । ਮੈਨੂੰ ਤੇਰੇ ਇਹ ਲੱਛਣ ਚੰਗੇ ਨਹੀਂ ਲੱਗਦੇ ।ਸੁਣਿਆ ਹੈ ਕਿ ਤੂੰ ਸਭਾ ਸੁਸਾਇਟੀਆਂ ਵਿਚ ਵੀ ਬੜਾ ਆਉਂਦਾ ਜਾਂਦਾ ਰਹਿੰਦਾ ਹੈਂ । ਇਹ ਗੱਲਾਂ ਚੰਗੀਆਂ ਨਹੀਂ । ਮੈਂ ਮੋਹਨ ਲਾਲ ਨੂੰ ਕਹਿ ਕੇ ਏਨੇ ਦਿਨਾਂ ਦੀ ਬਣੀ ਹੋਈ ਨੂੰ ਵਿਗਾੜਨਾ ਤੇ ਨਹੀਂ ਨਾ । ਤੇਰੀ ਮਰਜ਼ੀ ਹੋਣੀ ਹੈ ਕਿ ਮੈਂ ਸੁਸ਼ੀਲਾ ਨਾਲ ਤੇਰਾ ਵਿਆਹ ਕਰ ਦੇਵਾਂ ?'

-੬-