ਪੰਨਾ:Sevadar.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਮੰਨਣ ਨੂੰ ਵੀ ਮੈਂ ਤਿਆਰ ਨਹੀਂ ਕਿ ਸ਼ੀਲਾ ਆਪਣੀ ਮਰਜ਼ੀ ਨਾਲ ਕਿਧਰੇ ਗਈ ਹੋਵੇ ।'

ਮਦਨ ਲਾਲ ਨੇ ਕਿਹਾ-ਕੁਝ ਸਮਝ ਵਿਚ ਨਹੀਂ ਆਉਂਦਾ । ਜਾਂ ਤਾਂ ਇਸਤ੍ਰੀਆਂ ਉਸ ਹਾਲਤ ਵਿਚ ਘਰ ਤਿਆਗ ਦੀਆਂ ਹਨ, ਜਦ ਪਤੀ ਦੁਰਾਚਾਰੀ ਹੋਵੇ, ਜਾਂ ਕੌੜੇ ਸੁਭਾ ਦਾ ਤੇ ਅਤਿਆਚਾਰੀ ਹੋਵੇ, ਜਾਂ ਇਸਤ੍ਰੀ ਪੁਰਖ ਵਿਚ ਪ੍ਰੇਮ ਨਾ ਹੋਵੇ, ਜਾਂ ਪਤੀ ਨੂੰ ਬੁਰੀਆਂ ਇਸਤ੍ਰੀਆਂ ਦਾ ਸੰਗ ਹੋਵੇ, ਜਾਂ ਪਤੀ ਬੁੱਢਾ ਹੋਵੇ । ਪਰ ਏਥੇ ਤਾਂ ਕੋਈ ਗੱਲ ਨਹੀਂ ਦਿਸਦੀ|'

ਏਨੇ ਵਿਚ ਹੀ ਜਾਨਕੀ ਦਾਸ ਜੀ ਆਉਂਦੇ ਹੋਏ ਦਿਸੇ । ਮਦਨ ਲਾਲ ਨੇ ਕਿਹਾ- 'ਸ਼ੀਲਾ ਦੇ ਪਿਤਾ ਜੀ ਵੀ ਆ ਰਹੇ ਹਨ, ਵੇਖੋ ਕੀ ਖਬਰ ਲਿਆਏ ਹਨ ।'

ਉਨ੍ਹਾਂ ਦਾ ਮੁਰਝਾਇਆ ਹੋਇਆ ਚੇਹਰਾ ਤੇ ਭਰੀਆਂ ਅੱਖਾਂ ਵੇਖ ਕੇ ਹੀ ਇਹ ਸਮਝ ਗਏ ਕਿ ਖਬਰ ਚੰਗੀ ਨਹੀਂ ।

ਜਾਨਕੀ ਦਾਸ ਨੇ ਕਿਹਾ-ਗਲੀ ਗਲੀ ਤੇ ਪੱਤਾ ਪੱਤਾ ਛਾਣ ਮਾਰਿਆ ਹੈ ਪਰ ਕੋਈ ਉਘ ਸੁਗ ਹੀ ਨਹੀਂ।

ਸੇਵਾ ਸਿੰਘ ਤੇ ਮਦਨ ਲਾਲ ਨੇ ਉਸ ਨੂੰ ਜਿਉਂ ਜਿਉਂ ਤਸੱਲੀ ਦੇਣ ਦਾ ਜਤਨ ਕੀਤਾ ਤਿਉਂ ਤਿਉਂ ਜਾਨਕੀ ਦਾਸ ਦੀਆਂ ਅੱਖਾਂ ਵਿਚ ਅਥਰ ਵਧ ਰਹੇ ਸਨ । ਆਖਰ ਉਸ ਕਿਹਾ-'ਉਹ ਆਪ ਕਿਸੇ ਦੇ ਨਾਲ ਨਹੀਂ ਗਈ, ਪਰ ਮੇਰੇ ਮੁੰਹ ਉਤੇ ਤਾਂ ਕਾਲਖ ਲੱਗ ਗਈ ਨਾ। ਮੇਰਾ ਤਾਂ ਬੁਢਾਪਾ ਵਿਗੜ ਗਿਆ । ਮੇਰੀ ਧੀ ਤਾਂ ਦੇਵੀ ਹੈ, ਕਿਸੇ ਦੁਸ਼ਮਨ ਨੇ.....|'

"ਏਸੇ ਵੇਲੇ ਸੇਵਾ ਸਿੰਘ ਤੇ ਮਦਨ ਲਾਲ ਦੀਆਂ ਅੱਖਾਂ ਚਾਰ ਹੋਈਆਂ । ਦੋਹਾਂ ਦੀਆਂ ਅੱਖਾਂ ਨੇ ਪਲ ਵਿਚ ਹੀ ਕੁਝ ਸਵਾਲ ਜਵਾਬ ਕਰ ਲਏ ।

-੪੬-