ਪੰਨਾ:Sevadar.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕਾਲਖ ਦਾ ਟਿੱਕਾ ਲਾ ਜਾਂਦੀ। ਸੁਣਾਓ, ਕੁਝ ਕਾਰਨ ਵੀ ਪਤਾ ਲੱਗਾ ? ਤੁਹਾਡੇ ਨਾਲ ਉਸ ਦੀ ਬਣੀ ਤਾਂ ਵਾਹਵਾ ਹੋਈ ਸੀ।

ਮਦਨ ਨੇ ਉਤਰ ਦਿਤਾ-ਹਾਂ, ਸਸ਼ੀਲ ਬੜੀ ਨੇਕ-ਬਖਤ ਸੀ, ਖਬਰ ਨਹੀਂ ਕੀ ਗੱਲ ਹੋ ਗਈ।

ਮੋਹਨ ਲਾਲ ਨੇ ਕਿਹਾ- ਤੁਸੀਂ ਹਾਲੇ ਬੱਚੇ ਹੋ। ਇਸਤ੍ਰੀਆਂ ਦੇ ਛਲ ਕਪਟ ਦਾ ਹਾਲ ਕੀ ਜਾਣੋ। ਨਿਖਰ ਆਈ ਏ ਨਾ ਉਸ ਦੀ ਨੇਕੀ ।'

ਸੇਵਾ ਸਿੰਘ ਨੇ ਕਿਹਾ- ਹੋ ਸਕਦਾ ਹੈ , ਕੋਈ ਉਸ ਨੂੰ ਜ਼ਬਰਦਸਤੀ ਚੁਕ ਕੇ ਹੀ ਲੈ ਗਿਆ ਹੋਵੇ ।

ਅਜੇ ਸੇਵਾ ਸਿੰਘ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੋਹਨ ਲਾਲ ਬੋਲ ਪਿਆ-ਹੇ ਖਾਂ, ਐਡੀ ਹੀ ਪਰੀ ਸੀ ਉਹ ਜੀਹਨੂੰ ਚੁਕਣ ਆ ਪਿਆ ਕੋਈ।'

ਸੇਵਾ ਸਿੰਘ ਨੇ ਕਿਹਾ-ਸੋਚਣ ਲਗਿਆਂ ਸਭ ਪਾਸੇ ਸੋਚਦੇ ਨੇ । ਘਰ ਬੈਠਿਆਂ ਮੰਨ ਲੈਣਾ ਕਿ ਉਹ ਭੈੜੀ ਸੀ, ਏਸੇ ਕਰ ਕੇ ਚਲੀ ਗਈ, ਬੇਸਮਝੀ ਏ । ਦੁਨੀਆਂ ਵਿਚ ਕੀ ਨਹੀਂ ਹੋ ਸਕਦਾ ?'

ਮੋਹਨ ਲਾਲ ਨੇ ਕਿਹਾ-“ਕਾਕਾ ਜੀ ! ਹਾਲੇ ਕੁਝ ਦਿਨ ਦੁਨੀਆਂ ਵੇਖੋ, ਫੇਰ ਦੁਨੀਆ ਦਾ ਪਤਾ ਲਗੇਗਾ। ਉਹ ਕੋਈ ਦੁਧ ਪੀਂਦੀ ਬੱਚੀ ਤਾਂ ਨਹੀਂ ਸੀ ਜੀਹਨੂੰ ਕੋਈ ਰਾਸ਼ਾ ਚੁੱਕ ਕੇ ਲੈ ਗਿਆ|

ਮਦਨ ਲਾਲ ਨੂੰ ਮੋਹਨ ਲਾਲ ਦੀ ਗੱਲ ਜ਼ਹਿਰ ਲੱਗੀ । ਉਹ ਬੋਲਿਆ-ਹੁਣ ਵੇਹਲੇ ਝਗੜੇ ਦਾ ਕੀ ਲਾਭ ! ਲੱਭਣ ਦੀ ਕੋਈ ਕੋਸ਼ਸ਼ ਕਰੋ ।'

ਮੋਹਨ ਲਾਲ ਬੋਲਿਆ-ਪਏ ਟੱਕਰਾਂ ਮਾਰੋ, ਮੇਰੀ ਸਮਝ ਵਿਚ ਤਾਂ ਇਹ ਐਵੇਂ ਪਾਣੀ ਰਿੜਕਣ ਵਾਲੀ ਗੱਲ ਜੇ । ਭਲਾ ਜੇ ਹੁਣ ਉਹ ਲੱਭ ਵੀ ਪਈ ਤਾਂ ਤੁਹਾਡੀ ਬਰਾਦਰੀ ਉਸ ਨੂੰ ਕਦੋਂ ਘਰ ਰਹਿਣ ਦੀ ਆਗਿਆ ਦੇ ਸਕਦੀ ਹੈ । ਹਿੰਦੂ ਧਰਮ ਹੈ ਮਦਨ ਲਾਲ, ਹਿੰਦੂ ਧਰਮ ।'

-੪੮-