ਪੰਨਾ:Surjit Patar De Kav Samvedna.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹਿੰਸਕ ਰੁੱਤ ਬਹਾਰ ਕੀ ਸੀ? ਪੱਥਰ ਵਿਚ ਤਰੇੜਾਂ ਪਾ ਜਾਣ ਵਾਲੀ ਰੱਤ ਦਾ ਅਰਥ ਹਰ ਕੋਈ ਆਪਣੇ ਭਾਵ-ਮੰਡਲ ਅਨੁਸਾਰ ਹੀ ਲੈ ਸਕਦਾ ਹੈ। ਸਭ ਤੋਂ ਠੀਕ ਅਰਥ ਉਹ ਹਨ, ਜੋ ਲੇਖਕ ਨੇ ਪ੍ਰਗਟ ਕਰਨੇ ਚਾਹੇ ਜਾਂ ਉਹ ਨੇ, ਜੋ ਪਾਠਕ ਦੇ ਮਨ ਵਿਚ ਉਪਜੇ। ਦੋਹਾਂ ਤਰ੍ਹਾਂ ਦੀ ਵਿਆਖਿਆ ਦੀ ਆਪਣੀ ਸੀਮਾ ਹੈ। ਕਈ ਵਾਰ ਲੇਖਕ ਜੋ ਕੁਝ ਕਹਿਣਾ ਚਾਹੁੰਦਾ ਹੁੰਦਾ ਹੈ ਉਸ ਤੋਂ ਵਧੀਕ ਅਚੇਤ ਹੀ ਕਹਿ ਜਾਂਦਾ ਹੈ। ਇਸ 'ਵਾਧੂ ਕਹੇ' ਦਾ ਪਾਠਕ ਆਨੰਦ ਮਾਣਦਾ ਹੈ। ਦੂਜੇ ਪਾਸੇ ਕਈ ਵਾਰ ਪਾਠਕ ਪ੍ਰਸੰਗ ਨੂੰ ਜਾਣੇ ਬਿਨ੍ਹਾਂ ਆਪਣੇ ਹੀ ਅਰਥ ਲੈਂਦਾ ਹੈ, ਜਿਸ ਦਾ ਲੇਖਕ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ। ਖੈਰ ਇਹ ਕਾਵਿ ਦਾ ਵਿਲੱਖਣ ਗੁਣ ਹੈ, ਇਹ ਇਕ ਅਰਥ ਸੰਚਾਰਨ ਦੀ ਬਜਾਏ ਅਨੇਕ ਅਰਥ ਸੰਚਾਰ ਤਾਂ ਕਰਦੀ ਹੈ, ਪਰ ਉਹ ਕਦੇ ਵੀ ਆਪ-ਵਿਰੋਧੀ ਅਰਥ ਸੰਚਾਰ ਨਹੀਂ ਕਰਦੀ। ਜੇ ਉਹ ਕਾਵਿ ਕਿਰਤ ਇਕ ਤੋਂ ਵਧੀਕ ਅਰਥ ਸੰਚਾਰ ਕਰਦੀ ਹੈ ਤਾਂ ਇਹ ਉਸ ਦਾ ਵਧੀਆ ਕਾਵਿਕ ਗੁਣ ਹੈ, ਪਰ ਜੇ ਉਹ ਆਪਾ-ਵਿਰੋਧੀ ਅਰਥ ਸੰਚਾਰ ਕਰਦੀ ਹੈ ਤਾਂ ਇਹ ਕਾਵਿ ਦਾ ਦੋਸ਼ ਹੈ। ਕਾਵਿ-ਕਿਰਤ ਦੇ ਬਹੁ-ਅਰਥੀ ਸੰਚਾਰ ਨੂੰ ਉਪਰਲੇ ਪਰਿਪੇਖ ਵਿਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ। ਉਪਰ ਲਿਖਤ ਸ਼ੇਅਰ ਨੂੰ ਮੈਂ ਨਕਸਲਬਾੜੀ ਲਹਿਰ ਦੀ ਚੜ੍ਹਾਈ ਦੇ ਆਸ਼ਾਵਾਦੀ ਦੌਰ ਦਾ ਪ੍ਰਗਟਾ ਮੰਨਦਾ। ਜਦੋਂ ਚੀਨ ਦਾ ਚੇਅਰਮੈਨ ਸਾਡਾ ਚੇਅਰਮੈਨ' ਹੁੰਦਾ ਸੀ। ਚੀਨ ਦੇ ਚੇਅਰਮੈਨ, ਮਾਓ ਨੇ ਨਕਸਲਬਾੜੀ ਲਹਿਰ ਦੇ ਉਥਾਨ ਨੂੰ 'ਬਸੰਤ ਦੀ ਕੜਕ' ਆਖਿਆ ਸੀ। ਪਰੰਤੂ ਸੁਰਜੀਤ ਪਾਤਰ ਦੀਆਂ ਗਜ਼ਲਾਂ ਵਿਚ ਅਜਿਹੇ ਸ਼ੇਅਰ ਬਹੁਤ ਘੱਟ ਹਨ, ਜਿਨ੍ਹਾਂ ਵਿਚ ਨਿਰੋਲ ਆਸ਼ਾ ਦੀ ਧੁਨੀ ਹੀ ਸੁਣਾਈ ਦੇਵੇ, ਉਸ ਦੇ ਜ਼ਿਆਦਾਤਰ ਸ਼ੇਅਰਾਂ ਵਿਚ ਆਸ਼ਾ ਅਤੇ ਨਿਰਾਸ਼ਾ ਦਾ ਸੰਗਮ ਮਿਲਦਾ ਹੈ। ਸਮੁੱਚੇ ਸ਼ੇਅਰਾਂ ਵਿਚ ਨਿਰਾਸ਼ਾ ਦਾ ਭਾਵ-ਬੱਦਲ ਉਸਰਿਆ ਰਹਿੰਦਾ ਹੈ, ਪਰ ਅੰਤ ਵਿਚ ਅਚਾਨਕ ਆਸ਼ਾ ਦੀ ਬਿਜਲੀ ਕਰੋਂਦ ਜਾਂਦੀ ਹੈ। ਇਸ ਤਰ੍ਹਾਂ ਉਸ ਦੇ ਸ਼ੇਅਰਾਂ ਵਿਚ ਮਿਲਦੀ ਨਿਰਾਸ਼ਾ ਜੀਵਨ ਵਿਚ ਪ੍ਰਾਪਤ ਯਥਾਰਥ ਦੀ ਦੁਖਾਂਤਕ ਪੇਸ਼ ਕਰੀ ਤਾਂ ਹੈ,ਪਰ ਭਵਿੱਖ ਲਈ ਆਸ ਦੀ ਕਿਰਨ ਲਈ ਦ੍ਰਿੜ ਹੱਠ ਵੀ ਦਿਖਾਈ ਦਿੰਦਾ ਹੈ :

“ਬਲਦਾ ਬਿਰਖ ਹਾਂ,ਖਤਮ ਹਾਂ, ਬੱਸ ਸ਼ਾਮ ਤੀਕ ਹਾਂ

ਫਿਰ ਵੀ ਕਿਸੇ ਬਹਾਰ ਦੀ,ਕਰਦਾ ਉਡੀਕ ਹਾਂ।"

4