ਪੰਨਾ:Surjit Patar De Kav Samvedna.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਪਹਿਲਾ

ਹਵਾ ਵਿਚ ਲਿਖੇ ਹਰਫ਼ ਦਾ ਵਿਸ਼ਾ ਵਸਤੂ

ਸਮਕਾਲੀ ਪੰਜਾਬੀ ਸ਼ਾਇਰ ਵਿਚ ਮੁਕਾਬਲਤਨ ਅਲਪ ਸਮੇਂ ਵਿਚ ਉਭਰੇ ਅਤੇ ਸਥਾਪਿਤ ਹੋਏ ਸ਼ਾਇਰ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ 'ਹਵਾ ਵਿਚ ਲਿਖੇ ਹਰਫ਼’ ਸਾਡੇ ਅਧਿਐਨ ਦਾ ਕੇਂਦਰ ਬਿੰਦੂ ਹੈ। ਪ੍ਰੰਪਰਿਕ ਤੌਰ ਤੇ ਅਸੀਂ ਕਿਸੇ ਸਾਹਿਤਕ ਕਿਰਤ ਦਾ ਅਧਿਐਨ ਕਰਨ ਹਿੱਤ ਅਸੀਂ ਲਿਖਤ ਨੂੰ ਵਿਸ਼ਾ-ਵਸਤੂ ਅਤੇ ਉਸ ਦੇ ਰੂਪਾਤਮਿਕ ਪੱਖ ਵਿਚ ਵੰਡ ਲਿਆ ਕਰਦੇ ਹਾਂ। ਭਾਵੇਂ ਇਹ ਵੰਡ ਬਹੁਤੀ ਵਿਵੇਕਸ਼ੀਲ ਨਹੀਂ ਜਾਪਦੀ, ਪਰ ਫਿਰ ਵੀ ਅਧਿਐਨ ਦੀ ਸੌਖ ਲਈ ਅਸੀਂ ਪਹਿਲਾਂ ਹਵਾ ਵਿਚ ਲਿਖੇ ਹਰਫ਼’ ਦੀ ਵਿਸ਼ਾ-ਵਸਤੂ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। 'ਪਾਤਰ' ਨੇ ਆਪਣੇ ਵਿਚਾਰਾਂ/ਭਾਵਾਂ ਦੀ ਕਲਾਤਮਿਕ ਅਭਿ-ਵਿਅਕਤੀ ਲਈ ਗਜ਼ਲ ਕਾਵਿ-ਰੂਪ ਨੂੰ ਚੁਣਿਆ ਹੈ। ਗਜ਼ਲ ਕਾਵਿ-ਰੂਪ ਵਜੋਂ ਪੰਜਾਬੀ ਵਿਚ ਪ੍ਰਵੇਸ਼ ਸਮੇਂ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗ਼ਜ਼ਲ ਦੀ ਵਿਸ਼ਾ-ਵਸਤੂ ਨੂੰ ਗ਼ਜ਼ਲ ਸ਼ਬਦ ਦੇ ਆਪਣੇ ਅਰਥ ਮਹਿਬੂਬ ਨਾਲ ਦੋ ਗੱਲਾਂ ਕਰਨਆਂ ਤਕ ਹੀ ਸੀਮਤ ਸਮਝਿਆ ਜਾਂਦਾ ਸੀ। ਪਰ ਆਧੁਨਿਕ ਗ਼ਜ਼ਲਕਾਰ ਤਾਂ ਇਸ ਕਾਵਿ-ਰੂਪ ਵਿਚ ਬਹੁ-ਦਿਸ਼ਾਂਵੀ, ਬਹੁ-ਪਸਾਰੀ, ਸਮਕਾਲੀ ਯਥਾਰਥ ਦੀ ਕਲਾਤਮਿਕ ਅਭਿਵਿਅਕਤੀ ਕਰਦੇ ਹਨ। ਗ਼ਜ਼ਲ ਸ਼ਬਦ ਦੇ ਇਕ ਹੋਰ ਅਰਥ ਹਨ, ਇਸ ਦੇ ਸ਼ੇਅਰਾਂ ਵਿਚ ਵਿਸ਼ੇ ਹਰਨਾਂ ਦੇ ਬੱਚਿਆਂ ਹਰਨੋਟਿਆਂ ਵਾਂਗ ਛਲਾਂਗਾ ਮਾਰਦੇ ਹਨ। 'ਪਾਤਰ' ਦੀਆਂ ਗ਼ਜ਼ਲਾਂ ਵਿਚ ਸ਼ੇਅਰਾਂ ਦੇ ਵਿਸ਼ੇ ਆਪਸ ਵਿਚ ਡੂੰਘੀ ਤਰ੍ਹਾਂ ਜੁੜੇ ਹੋਏ ਹੁੰਦੇ ਹਨ। ਇਸ ਨੂੰ 'ਪਾਤਰ' ਖੁਦ ਭੂਮਿਕਾ ਵਿਚ ਵੀ ਮੰਨਦਾ ਹੈ ਕਿ ਗ਼ਜ਼ਲ ਦੇ ਸ਼ੇਅਰ ਉਪਰਲੀ ਪੱਧਰ ਤੇ ਸੁਤੰਤਰ ਹੋ ਕੇ ਵੀ ਹੇਠਲੀ ਤਹਿ ਤੇ ਆਪੋ ਵਿਚ ਡੂੰਘੀ ਤਰ੍ਹਾਂ ਜੁੜੇ ਹੁੰਦੇ ਹਨ। ਉਸ ਦੇ ਗ਼ਜ਼ਲ ਸੰਗ੍ਰਹਿ ਦੇ ਅਧਿਐਨ ਤੋਂ ਵੀ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਵਿਸ਼ਾ-ਵਸਤੂ ਵਿਚ ਇਕ ਜੀਵਨ ਦ੍ਰਿਸ਼ਟੀਕੋਣ ਦੀ ਏਕਤਾ ਹੈ। ਉਸ ਦੀਆਂ ਗ਼ਜ਼ਲਾਂ ਦੇ ਵਿਚ ਸਮਕਾਲੀ ਯਥਾਰਥ ਦਿਆਂ ਵਿਭਿੰਨ ਪਸਾਰਾਂ ਨੂੰ ਇਕ ਵਿਸ਼ੇਸ਼ ਜੀਵਨ ਦ੍ਰਿਸ਼ਟੀਕੋਣ ਤੋਂ ਕਲਾਤਮਿਕ ਅਭਿਵਿਅਕਤੀ ਮਿਲੀ ਹੈ। ਸਮੁੱਚੇ ਸਮਕਾਲੀ ਯਥਾਰਥ ਵਿਚੋਂ ਜਿਹੜੇ ਯਥਾਰਥ ਗ੍ਰਹਿਣ ਦੇ ਅਨੁਭਵ ਉਸ ਦੇ ਸ਼ੇਅਰਾਂ ਵਿਚ ਵਧਰੇ ਦੁਹਰਾਏ ਗਏ ਹਨ, ਉਨ੍ਹਾਂ ਨੂੰ ਕੁਝ ਸਿਰਲੇਖਾਂ ਵਿਚ ਦੀ ਵੰਡਿਆ ਗਿਆ ਹੈ। ਇਹ ਸਿਰਲੇਖ ਕਿਵੇਂ ਵੀ ਅੰਤਿਮ ਜਾਂ ਕਵੀ ਦੀ ਸੀਮਾ ਰੇਖਾ ਖਿੱਚਣ ਲਈ ਨਹੀਂ ਸਗੋਂ ਅਧਿਐਨ ਦੀ ਸੋਖਿਆਈ ਲਈ ਹਨ।

1