ਪੰਨਾ:Tarel Tupke.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।

ਦੀਦਾਰ

ਹੇ ਅਸਲੀਅਤ ਇਸ ਦਿੱਸਦੇ ਦੀ,
ਸਠੂੰ ਪਰੇ ਨ ਸੱਟੇਂ ਹਾ।
ਧੁਰ ਮਰਕਜ਼ ਅਪਨੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ।
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ
ਨਜ਼ਰੋਂ ਪਰੇ ਨ ਹੱਟੇਂ ਹਾ। ।।੧।।

ਅੱਖੀਆਂ

'ਅਰੂਪ ਦੇ ਦੀਦਾਰ ਦੀ ਤੜਫਨ'
ਤੋਂ ਬਨੀਆਂ ਅੱਖੀਆਂ,
ਪਰ ਰੂਪ ਦੇ ਕਰ ਸਾਮ੍ਹਣੇ
ਰੁਖ਼ ਬਾਹਰ ਦਾ ਦੇ ਰੱਖੀਆਂ,
ਦੇਖਣ ਨਜ਼ਾਰੇ ਸੋਹਿਣੇ,
ਰੀਝਣ ਤੇ ਰਚ ਰਚ ਜਾਣ, ਪਰ
ਮਿਟਦੀ ਨ ਤਾਂਘ ਅਰੂਪ ਦੀ:
ਪਲ ਰੂਪ ਤੇ, ਫਿਰ ਭੁੱਖੀਆਂ।।੨।।

ਲੱਗੀਆਂ

ਜੀ ਮੇਰੇ ਕੁਛ ਹੁੰਦਾ ਸਹੀਓ
ਉਡਦਾ ਹੱਥ ਨ ਆਵੇ,-
ਕੱਤਣ, ਤੁੰਮਣ, ਹੱਸਣ, ਖੇਡਣ,
ਖਾਵਣ ਮੂਲ ਨ ਭਾਵੇ,
ਨੈਣ ਭਰਨ, ਖਿਚ ਚੜ੍ਹੇ ਕਾਲਜੇ
ਬਉਰਾਨੀ ਹੋ ਜਾਵਾਂ,-
ਤਿੰਞਣ ਦੇਸ਼ ਬਿਗਾਨਾ ਦਿੱਸੇ,
ਘਰ ਖਾਵਣ ਨੂੰ ਆਵੇ ।।੩।।