ਪੰਨਾ:Tarel Tupke.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਸਾਰੀ ਕਿ ਮਖੀਰ


ਤੋੜ ਗੁਲਾਬ ਪਸਾਰੀ ਲਯਾਇਆ
ਮਲ ਮਲ ਖੰਡ ਰਲਾਈ,-
ਭੀ ਕਉੜੱਤਣ ਰਹੀ ਸਵਾਦ ਵਿਚ
ਬਣੀ ਨ ਉਹ ਮਠਿਆਈ,
ਮੱਖੀ ਬਣ, ਕਣ ਰਸ ਜੇ ਚੁਣਦਾ,
ਤੋੜ ਨ ਆਬ ਗੁਆਂਦਾ,
ਮਾਲੀ ਨਾਲੋਂ ਨੇਹੁੰ ਨ ਟੁਟਦਾ,
ਰਸ ਪੀਂਦਾ ਸੁਖਦਾਈ ।।੧੨।।

ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ

ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ 'ਮਹਿਕ' ਦੀ ਲਾਈ!
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।।੧੩।।

ਹੋਸ਼-ਮਸਤੀ

'ਕਿਉਂ ਹੋਯਾ ?'ਤੇ 'ਕੀਕੂੰ ਹੋਯਾ?'
ਖਪ ਖਪ ਮਰੇ ਸਿਆਣੇ,-
ਓਸੇ ਰਾਹ ਪਵੇਂ ਕਿਉਂ ਜਿੰਦੇ!
ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇਕੋ,
ਖੀਵੀ ਹੋ ਸੁਖ ਮਾਣੀਂ,
ਹੋਸ਼ਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ ।।੧੪।।