ਪੰਨਾ:Tarel Tupke.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਗਨਤਾ

ਬਾਗ਼ ਅਦਨ ਵਿਚ ਵਸਦਿਆਂ ਆਦਮ
ਕਣਕ, ਆਖਦੇ ਖਾਧੀ,-
ਧੱਕਿਆ ਗਿਆ ਬਾਗ਼ ਤੋਂ ਸ਼ੁਹਦਾ
ਕੀਤਾ ਗਿਆ ਅਪਰਾਧੀ:
ਭਬਕੇ ਪਾ ਕੇ ਕਣਕ ਚੁਆਂਦਾ
ਰਸ ਪੀਂਦਾ ਜੇ ਆਦਮ,
ਅਦਨੋਂ ਹੋਰ ਉਚੇਰਾ ਹੁੰਦਾ,
ਅਟਲ ਮੱਲਦਾ ਗਾਧੀ ।।੧੫।।

ਹਠ-ਰਸ

ਨਾ ਕਰ ਤਪ ਸਿੰਗੀ ਰਿਖ ਹਠੀਏ!
ਰੁੱਸ ਨ ਕੁਦਰਤ ਨਾਲੋਂ,
ਲੁਕਵੇਂ ਤੇਜ ਵਸਣ ਇਸ ਅੰਦਰ,
ਸੂਖਮ ਹਨ ਜੋ ਵਾਲੋਂ,
ਹਠ ਤੋਂ ਟੱਪ, ਰੰਗੀਜ ਰੰਗ ਵਿਚ,
ਰਸੀਆ ਹੋ ਰਸ ਜਿੱਤੀਂ,
ਇਕ ਝਲਕਾਰੇ ਵਿਚ ਨਹੀਂ ਏ
ਗੁਆ ਦੇਸਣ ਇਸ ਹਾਲੋਂ ।।੧੬।।

ਬੇਖ਼ੁਦੀ

ਬੇਖ਼ੁਦੀਆਂ ਦੀ ਬੂਟੀ ਇਕ ਦਿਨ
ਮੁਰਸ਼ਿਦ ਘੋਲ ਪਿਲਾਈ,
ਝੂਟਾ ਇਕ ਅਰਸ਼ ਦਾ ਆਇਆ
ਐਸੀ ਪੀਂਘ ਘੁਕਾਈ,
ਘੂਕੀ ਘੂਕੇ ਚੜ੍ਹੇ ਤੇ ਘੂਕੇ
ਢਿੱਲੀ ਕਦੀ ਨ ਹੋਵੇ:
ਚਾਟ ਲਗਾਵਣ ਵਾਲਿਆ ਸਾਈਆਂ !
ਲਾਈ ਤੋੜ ਚੜ੍ਹਾਈਂ ।।੧੭।।