ਪੰਨਾ:Tarel Tupke.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗੀਆਂ ਨਿਭਣ

ਪੱਥਰ ਨਾਲ ਨੇਹੁੰ ਲਾ ਬੈਠੀ-
ਨਾਂ ਹੱਸੇ ਨਾ ਬੋਲੇ,
ਸੋਹਨਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨ ਖੋਲੇ,
ਛੱਡਿਆ ਛੱਡਯਾ ਜਾਂਦਾ ਨਾਹੀਂ,
ਮਿਲਿਆਂ ਨਿੱਘ ਨ ਕੋਈ:
ਹੱਛਾ ਜਿਵੇਂ ਰਜ਼ਾ ਹੈ ਤੇਰੀ,
ਅੱਖੀਅਹੁੰ ਹੋਹ ਨ ਉਹਲੇ||੧੯||

ਅੱਜੋ

ਅੱਜੋ ਪੀ ਟੇਹੁਣ ਹੀ ਪੀ ਤੇ
ਪੀਂਦਾ ਪੀਂਦਾ ਜਾਈਂ,
'ਪਿਰਮ-ਰਸਾਂ' ਦੇ ਪਿਆਲੇ ਨਾਲੋਂ
ਲਾਏ ਬੁੱਲ੍ਹ ਨ ਚਾਈਂ
ਹਰ ਦਮ ਪੀ ਟੇ ਖਵਾ ਹੋ ਰਹੁ
ਇਹ ਮਸਤੀ ਨਾ ਉਤਰੇ;-
ਕਲ ਨੂੰ ਖਬਰੇ ਕਾਲ ਆਇਕੇ
ਦੇਵੇ ਖਾਕ ਰਲਾਈ||੨੦||

ਉੱਚੀ ਮੱਤ

ਫੜ ਫੜ ਦਿਲ ਨੂੰ ਬਹ ਬਹ ਜਾਵਾਂ
ਜਦ ਦਿਲਗੀਰੀਆਂ ਆਵਨ,
ਹਸ ਬੋਲੇ, ਹਸ ਤੱਕੇ ਸਾਂ ਜੋ
ਪਾ ਪਕੜਾਂ ਆ ਖਾਵਨ:
ਬੇ ਖੁਦੀਆਂ ਦੀ ਪੀਂਘੇ ਚੜ੍ਹਕੇ
ਕੀਕਣ ਮੈਂ ਸੁਖ ਪਾਵਾਂ,
ਹੇਠਾਂ ਖਿੱਚਣ ਵਾਲੀਆਂ ਰੋਕਾਂ
ਪਿੱਛਾ ਨਾ ਛੱਡ ਜਾਵਣ||੨੧||