ਪੱਕੀ ਵੰਡ/ਕੁਝ ਗੱਲਾਂ
ਕੁਝ ਗੱਲਾਂ
ਹਰਨਾਮ ਸਿੰਘ ਨਰੂਲਾ ਦੇ ਇਸ ਪਹਿਲੇ ਕਹਾਣੀ ਸੰਗ੍ਰਹਿ ‘ਪੱਕੀ ਵੰਡ’ ਵਿਚ ਸ਼ਾਮਲ ਗਿਆਰਾਂ ਕਹਾਣੀਆਂ ਦੇ ਆਧਾਰ ਉਤੇ ਨਰੂਲਾ ਦੀ ਕਹਾਣੀ ਕਲਾ ਬਾਰੇ ਕੁਝ ਆਰੰਭਕ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਦੋ ਹੋਰ ਕਹਾਣੀ ਸੰਗ੍ਰਹਿ ਛਪਣ ਲਈ ਤਿਆਰ ਹਨ। ਵਿਸਤਾਰ ਨਾਲ ਚਰਚਾ ਸਮੁੱਚੀ ਰਚਨਾ ਦੇ ਆਧਾਰ ਤੇ ਹੀ ਢੁਕਵੀਂ ਹੋਵੇਗੀ।
ਪਾਠਕ ਜਦੋਂ ਕੋਈ ਕਹਾਣੀ ਸ਼ੁਰੂ ਕਰੇ ਤਾਂ ਪੂਰੀ ਪੜਨ ਲਈ ਮਜ਼ਬੂਰ ਹੋ। ਜਾਵੇ ਅਤੇ ਇਕ ਕਹਾਣੀ ਪੜ੍ਹਨ ਤੋਂ ਬਾਅਦ ਪੂਰੀ ਕਿਤਾਬ ਪੜ੍ਹਨ ਲਈ ਪਾਠਕ ਦਾ ਮੱਲੋਮੱਲੀ ਜੀਅ ਕਰੇ - ਇਹ ਪਾਪਤੀ ਘੱਟ ਲੇਖਕਾਂ ਦੇ ਹਿੱਸੇ ਆਉਂਦੀ ਹੈ। ਹਰਨਾਮ ਸਿੰਘ ਨਰੂਲਾ ਇਸ ਕਸਵੱਟੀ ਤੇ ਪੂਰਾ ਉਤਰਦਾ ਹੈ। ਪੰਜਾਬੀ ਕਹਾਣੀ ਦੇ ਪਾਠਕਾਂ ਦੇ ਦਾਇਰੇ ਨੂੰ ਵਿਸ਼ਾਲ ਕਰਨ ਵਿੱਚ ਨਰੁਲੇ ਦੀਆਂ ਕਹਾਣੀਆਂ ਕਿਤਾਬਾਂ ਨੂੰ ਵਿੱਚ ਵਿਚਰ ਕੇ ਜ਼ਿਕਰਯੋਗ ਯੋਗਦਾਨ ਪਾਉਣਗੀਆਂ ਇਹ ਗੱਲ ਬਿਨਾ ਸ਼ੱਕ ਕਹੀ ਜਾ ਸਕਦੀ ਹੈ।
ਪੱਕੀ ਕੰਧ ਦੀਆਂ ਸਾਰੀਆਂ ਕਹਾਣੀਆ ਨਿਰੋਲ ਪੇਂਡੂ ਜੀਵਨ ਸੰਬੰਧਿਤ ਹਨ। ਸਾਨੂੰ ਅੱਧੀ ਸਦੀ ਪਹਿਲਾਂ ਦੇ ਪੰਜਾਬ ਦੇ ਜੀਵਨ ਦੀ ਹਲਾਂ ਅਤੇ ਹਲਟਾਂ ਦੇ ਦੁਆਲੇ ਧੜਕ ਰਹੇ ਪੰਜਾਬ ਦੀ ਸਜੀਵ ਝਲਕ ਪ੍ਰਾਪਤ ਹੁੰਦੀ ਹੈ ਜਿਸ ਵਿਚ ਸਾਧਾਰਣ ਲੋਕ ਆਪਣੀ ਨਿੱਕੇ ਮੋਟੇ ਕੰਮਾਂ-ਕਾਰਾਂ ਰਾਹੀਂ ਆਪਣੀ ਮਿਹਨਤ ਦੇ ਜੋਰ ਤੇ ਇਸ ਜੀਵਨ ਨੂੰ ਮਾਨਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ।
ਮਿਹਨਤ, ਪਿਆਰ ਅਤੇ ਸਹਿਯੋਗ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਵਾਲੇ ਇਹਨਾਂ ਪੰਜਾਬੀ ਪਾਤਰਾਂ ਦੀ ਖੁਸ਼ੀ ਦੀ ਤਲਾਸ਼ ਬਹੁਤੀ ਵਾਰ ਕਾਮਯਾਬ ਹੁੰਦੀ ਹੈ। ਖੁਦ ਲੇਖਕ ਦੇ ਇਹਨਾ ਕਦਰਾਂ-ਕੀਮਤਾਂ ਵਿਚ ਡੂੰਘੇ ਤੇ ਅਡਿੱਗ ਅਤੇ ਅਡਿੱਗ ਵਿਸ਼ਵਾਸ ਉਤੇ ਉਸਰੇ ਜੀਵਨ-ਦ੍ਰਿਸ਼ਟੀਕੋਣ ਦੀ ਝਲਕ ਹਰੇਕ ਕਹਾਣੀ ਦੇ ਹਰੇਕ ਵੇਰਵੇ ਵਿਚੋਂ ਨਜ਼ਰ ਆਉਂਦੀ ਹੈ। ਲੇਖਕ ਨੇ ਗੁਰਜੀਤ, ਨੂਰੀ, ਮੋਹਨ, ਕਾਦਰ, ਹਾਸ਼ਮ, ਸੁਰਜੀਤ ਕੌਰ, ਬਸੀਰਾਂ ਅਤੇ ਜਾਹਨਾ ਵਰਗੇ ਨੇਕ ਦਿਲ ਮਿਹਨਤੀ ਇਨਸਾਨਾਂ ਦੇ ਵਿਰੋਧ ਵਿਚ ਹੱਡ ਹਰਾਮੀ ਅਤੇ ਈਰਖਾਲੂ ਅਤੇ ਕਮੀਨਗੀ ਦੇ ਪੁੰਜ ਕਾਦਰੀ, ਹਾਕਮ ਅਤੇ ਨਰੈਣੇ ਵਰਗੇ ਪਾਤਰਾਂ ਨੂੰ ਚਿਤਰਿਆ ਹੈ। ਉਹ ਆਪਣੇ ਸਵਾਰਥ ਲਈ ਗਿਰੀਆਂ ਹੋਈਆਂ ਗੱਲਾਂ ਅਤੇ ਹਰਕਤਾਂ ਕਰਦੇ ਹਨ ਪਰ ਅਖੀਰ ਸ਼ਰਮਿੰਦਗੀ ਤੋਂ ਸਿਵਾ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ।
ਕਲਾਕਾਰ ਨੇ ਜੀਵਨ ਤੇ ਮਾਹੌਲ ਦੀ ਕਲਾਤਮਕ ਪੁਨਰ ਸਿਰਜਣਾ ਸਚਿਆਰਤਾ ਦੇ ਨਿਯਮਾਂ ਅਨੁਕੂਲ ਕਰਨੀ ਹੁੰਦੀ ਹੈ। ਇਹਦੇ ਲਈ ਪਹਿਲੀ ਸ਼ਰਤ ਹੁੰਦੀ ਹੈ ਪ੍ਰੋਢ ਜੀਵਨ ਅਨੁਭਵ ਅਤੇ ਉਸਦਾ ਗੰਭੀਰ ਬੋਧ ਅਤੇ ਫਿਰ ਵੇਰਵਿਆਂ ਰਾਹੀਂ ਉਸਨੂੰ ਮੁੜ ਕੇ ਇਕ ਸਜੀਵ ਸ਼ਬਦ-ਚਿਤਰ ਵਿਚ ਪ੍ਰੋਣ ਦੀ ਕਲਾ ਕੌਸ਼ਲਤਾ। ‘ਪੱਕੀ ਵੰਡ’ ਪੰਜਾਬੀ ਪਾਠਕਾਂ ਦੀ ਜਾਣ ਪਹਿਚਾਣ ਇਕ ਅਜਿਹੇ ਲੇਖਕ ਨਾਲ ਕਰਵਾਏਗੀ ਜਿਹੜਾ ਇਕ ਲੇਖਕ ਦੇ ਤੌਰ ਤੇ ਅਜੇ ਤਕ ਆਲੋਚਕਾਂ ਵਲੋਂ ਅਣਗੋਲਿਆ ਹੀ ਰਿਹਾ ਹੈ। ਹੋ ਸਕਦਾ ਹੈ ਸਾਹਿਤਕ ਹਲਕਿਆਂ ਵਿਚ ਮੌਜੂਦ ਮਾਹੌਲ ਇਸ ਕਿਤਾਬ ਤੋਂ ਬਾਅਦ ਵੀ ਨਰੂਲੇ ਵਰਗੇ ਪ੍ਰੋਢ ਕਲਾਕਾਰ ਨੂੰ ਮਾਨਤਾ ਦੇਣ ਤੋਂ ਖੁੰਝ ਜਾਵੇ ਪਰ ਦੇਰ ਅਵੇਰ ਪੰਜਾਬੀ ਕਹਾਣੀ ਦੇ ਇਤਿਹਾਸ ਵਿਚ ਹਰਨਾਮ ਸਿੰਘ ਨਰੂਲਾ ਆਪਣਾ ਸਥਾਨ ਜ਼ਰੂਰ ਪ੍ਰਾਪਤ ਕਰੇਗਾ।
ਔਰਤ-ਮਰਦ ਦਰਮਿਆਨ ਪਿਆਰ ਖਿੱਚ ਦੇ ਸਦੀਵੀ ਤੇ ਸਰਵਵਿਆਪੀ ਸਾਹਿਤਕ ਸਰੋਕਾਰ ਨੂੰ ਜਿਸ ਯਥਾਰਥਕ ਧਰਾਤਲ ਉਤੇ ਹਰਨਾਮ ਸਿੰਘ ਨਰੂਲਾ ਬਿਨਾਂ ਕਿਸੇ ਉਲਾਰ ਦੇ ਆਪਣੀਆਂ ਕਹਾਣੀਆਂ ਦੀ ਹੋਂਦ-ਵਿਧੀ ਦੇ ਮੂਲ ਪੇਰਕ ਵਜੋਂ ਸਿਰਜਣ ਵਿਚ ਕਾਮਯਾਬ ਹੋਇਆ ਹੈ ਉਹ ਕਿਸੇ ਵਿਰਲੇ ਲੇਖਕ ਦੇ ਹੀ ਹਿੱਸੇ ਆਉਂਦਾ ਹੈ। ‘ਪੱਕੀ ਵੰਡ’ ਕਹਾਣੀ ਵਿਚ ਨੂਰੀ ਅਤੇ ਜਾਹਨੇ ਦੇ ਸੰਬੰਧਾਂ ਦਾ ਵਿਕਾਸ ਬੇਹੱਦ ਸੰਖੇਪ ਪਰ ਸੰਪੂਰਨ ਰੂਪ ਵਿਚ ਹੋਇਆ ਹੈ। ਨੂਰੀ ਇਕ ਐਸੀ ਨਾਰੀ ਪਾਤਰ ਹੈ ਜੋ ਆਪਣੀ ਖੁਸ਼ੀ ਦੇ ਆਧਾਰਾਂ ਦੀ ਪਹਿਚਾਣ ਉਹ ਵੀ ਆਪਣੀਆਂ ਸੁਭਾਵਿਕ ਪ੍ਰਤੱਖਣ ਸੁਕਤੀਆਂ ਦੇ ਅਧਾਰ ਤੇ ਭਲੀ ਭਾਂਤ ਕਰਨ ਦੇ ਯੋਗ ਹੈ। ਉਸ ਵਿਚ ਇਕ ਅਸਲੀ ਇਨਸਾਨ ਵਾਂਗ ਜੁਰਅਤ ਵੀ ਲੋਹੜੇ ਦੀ ਹੈ। ਇਕ ਅਸਲੀ ਹਾਣੀ ਮਰਦ ਲਈ ਉਸਦੀ ਤਾਂਘ ਬਿਨਾਂ ਕਿਸੇ ਦੋਚਿੱਤੀ ਅਤੇ ਡਾਵਾਂਡੋਲਤਾ ਦੇ ਜਾਹਨੇ ਨਾਲ ਤੁਰ ਜਾਂਦੀ ਹੈ ਅਤੇ ਖੋਖਲੇ ਪ੍ਰਤਿਮਾਨਾ ਦੀ ਜ਼ਰਾ ਵੀ ਪ੍ਰਵਾਹ ਨਾ ਕਰਦਿਆਂ ਆਪਣੇ ਨਾਲ ਹੋਈ ਬੇਇਨਸਾਫੀ ਦਾ ਅੰਤ ਕਰ ਦਿੰਦੀ ਹੈ। ਇਹ ਸਭ ਕੁਝ ਏਨੇ ਸੁਭਾਵਿਕ ਢੰਗ ਨਾਲ ਅਛੋਪਲੇ ਜਿਹੇ ਵਾਪਰ ਜਾਂਦਾ ਹੈ ਕਿ ਜਾਪਦਾ ਹੀ ਨਹੀਂ ਕੋਈ ਵੱਡੀ ਘਟਨਾ ਵਾਪਰ ਗਈ ਹੈ।
'ਉਲਝਣ' ਓਪਰੀ ਨਜ਼ਰੇ ਬੜੀ ਸਰਲ ਸਾਧਾਰਣ ਉਲਝਣ ਜਾਪਦੀ ਹੈ ਜਿਸ ਨੂੰ ਬੁੱਝਣ ਲਈ ਸੋਹਣ ਬੜਾ ਉਤਾਵਲਾ ਹੈ। ਪਰ ਆਪਣੀ ਅੰਤਰੀਵ ਬਣਤਰ ਪੱਖੋਂ ਇਹ ਬੜੀ ਜਾਨਦਾਰ ਕਹਾਣੀ ਬਣ ਨਿਬੜਦੀ ਹੈ। ਭਾਰੀ ਬੇਇਨਸਾਫੀ ਦਾ ਸੰਤਾਪ ਭੋਗ ਰਹੀ ‘ਸੋਨਾ’ ਦੀ ਹੋਣੀ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ, ਨਾ ਕਿਸੇ ਸਾਕ ਸੰਬੰਧੀ ਨੂੰ ਨਾ ਕਿਸੇ ਹੋਰ ਆਂਢੀ ਗੁਆਂਢੀ ਨੂੰ। ਸੋਹਣ ਵਲੋਂ ਪ੍ਰਗਟਾਈ ਜਾ ਕੁ ਦਿਲਚਸਪੀ ਉਸ ਅੰਦਰ ਜੀਵਨ ਨੂੰ ਮਾਨਣ ਦੀਆਂ ਦੱਬੀਆਂ ਹੋਈਆਂ ਅਕਾਂਖਿਆਵਾ ਨੂੰ ਜਗਾ ਦਿੰਦੀ ਹੈ ਅਤੇ ਸੋਨਾ ਤੇ ਸੋਹਣ ਦਰਮਿਆਨ ਨੂਰੀ ਤੇ ਜਾਹਨੇ ਵਾਰੀ ਹੈ ਇਕ ਖੂਬਸੂਰਤ ਰਿਸ਼ਤਾ ਰੂਪ ਧਾਰ ਲੈਂਦਾ ਹੈ। ਸੋਨਾ ਦੇ ਅੰਦਰ ਵੀ ਨੂਰੀ ਵਰਗ ਹੀ ਅਸਲੀ ਔਰਤ ਰੂਪਮਾਨ ਹੋ ਉਠਦੀ ਹੈ।
‘ਦਿਸਹੱਦੇ’ ਦੀ ‘ਮੀਤੋ’ ਤਾਂ ਘਰ ਵਿਚ ਕਿਸੇ ਜਵਾਨ ਮਰਦ ਦੀ ਅਣਹੋਂਦ ਕਾਰਨ ਮਰਦ ਲਿਬਾਸ ਵਿਚ ਵਿਚਰ ਰਹੀ ਹੈ ਅਤੇ ਘਰ ਦੀ ਜ਼ਿੰਮੇਵਾਰੀ ਵੀ ਦਲੇਰੀ ਨਾਲ ਨਿਭਾ ਰਹੀ ਹੈ। ਉਹ ਵਿਵਹਾਰਕਤਾ ਦੇ ਪੱਧਰ ਤੇ ਵਿਚਰ ਰਹੇ ਇਕ ਪਰਿਵਾਰ ਦੀ ਸੁਘੜ ਸਿਆਣੀ ਕੁੜੀ ਹੈ ਅਤੇ ਆਪਣਾ ਵਰ ਆਪ ਲੱਭ ਅਸਾਧਾਰਣ ਹੋ ਚੁੱਕੀ ਜ਼ਿੰਦਗੀ ਨੂੰ ਸਾਧਾਰਣ ਲੀਹਾਂ ਤੇ ਪਾਉਣ ਵਿਚ ਕਾਮਯਾਬ ਹੁੰਦੀ ਹੈ। ਸੰਤਾਲੀ ਦੀ ਵੰਡ ਦੇ ਮਾਰ ਝਟਕਿਆਂ ਵਿਚੋਂ ਕਿਵੇਂ ਜੀਵਨ ਮੁੜ ਰਵਾਨਗੀ ਵਲ ਵਧ ਰਿਹਾ ਹੈ ਉਸ ਦੀ ਇਸ ਕਹਾਣੀ ਵਿਚ ਸਫਲ ਨਿਸ਼ਾਨਦੇਹੀ ਕੀਤੀ ਗਈ ਹੈ।
‘ਲਾਦੋ ਨਾ’ ਦੀ ਸੁਰਜੀਤ ਕੌਰ ਇਕ ਹੋਰ ਇਸਤਰੀ ਪਾਤਰ ਹੈ ਸਭਨਾ ਨਾਲ ਸਹਿਚਾਰ ਤੇ ਸਹਿਯੋਗ ਦੇ ਸਭਾਅ ਕਾਰਨ ਉਸਨੂੰ ਸਾਰੇ ਪਿੰਡ ਵਿਚ ਇਕ ਸਤਿਕਾਰਯੋਗ ਤੇ ਆਗੂ ਵਿਅਕਤੀ ਦਾ ਰੁਤਬਾ ਹਾਸਲ ਹੁੰਦਾ ਹੈ। ਨਰੈਣੇ ਵਰਗੇ ਲੋਕਾਂ ਦੀਆਂ ਬਦਖੋਈਆਂ ਦੀ ਉਹਨੂੰ ਰਤਾ ਪ੍ਰਵਾਹ ਨਹੀਂ। ਬਦਲਾਖੋਰੀ ਰੰਚ ਮਾਤਰ ਨਹੀਂ।
ਵੰਡ ਦੇ ਤੁਰੰਤ ਬਾਅਦ ਨਫਰਤਾਂ ਦੇ ਲੂਸੇ ਜ਼ਜਬੇ ਮੋਹ ਮੁਹੱਬਤ ਦੇ ਕਿੰਨੇ ਪਿਆਸੇ ਸਨ ਇਸ ਤੱਥ ਦੀ ਬਹੁਤ ਸਮਰੱਥ ਚਿੱਤਰਕਾਰੀ ‘ਐਕਸੀਡੈਂਟ’ ਵਿਚ ਹੋਈ ਹੈ। ਮੋਹਨ ਸਰਦਾਰੀ ਲਾਲ ਅਤੇ ਸ਼ੀਲਾ ਦੇ ਪਿਆਰ ਦਾ ਅੰਤਾਂ ਦਾ ਰਿਣੀ ਹੈ। ਸ਼ੀਲਾ ਉਸਨੂੰ ਆਪਣਾ ਜੀਵਨ ਸਾਥੀ ਬਣਾਉਣਾ ਲੋਚਦੀ ਹੈ, ਉਧਰ ਸਰਦਾਰੀ ਲਾਲ ਆਪਣੀ ਲੜਕੀ ਲਈ ਉਸਨੂੰ ਵਰਨਾ ਚਾਹੁੰਦਾ ਹੈ। ਕਹਾਣੀ ਵਿਚ ਪੇਸ਼ ਉਸਦੀ ਦੋਚਿੱਤੀ ਐਸੇ ਭਲੇ ਇਨਸਾਨ ਦੀ ਦੋਚਿੱਤੀ ਹੈ ਜਿਹੜਾ ਸਭਨਾਂ ਲਈ ਖੁਸ਼ੀਆਂ ਬਖੇਰਨਾ ਚਾਹੁੰਦਾ ਹੈ ਅਤੇ ਠੇਸ ਕਿਸੇ ਨੂੰ ਵੀ ਨਹੀਂ ਪਹੁੰਚਾ ਸਕਦਾ। ਇਸ ਨਵੇਂ ਇਨਸਾਨ ਨੂੰ ਨਰੂਲੇ ਦੀ ਹਰੇਕ ਕਹਾਣੀ ਉਭਾਰਦੀ ਹੈ, ਜਿਸਦਾ ਵਿਗਸਣਾ ਵੱਡੀ ਲੋੜਾਂ ਦੀ ਲੋੜ ਹੈ ਜੇ ਜੀਵਨ ਨੇ ਜਾਰੀ ਰਹਿਣਾ ਹੈ ਤਾਂ।
ਨਰੂਲੇ ਦੀ ਹਰੇਕ ਕਹਾਣੀ ਇਕ ਰਵਾਇਤੀ ਜਿਹੇ ਲਗਦੇ ਬਾਹਰੀ ਚੌਖਟੇ ਦੀ ਧਾਰਨੀ ਹੁੰਦੀ ਹੈ ਪਰ ਕਿਤੇ ਵੀ ਇਹ ਚੌਖਟੇ ਕਹਾਣੀਆਂ ਦੀ ਅਮੀਰ ਅੰਤਰਵਸਤ ਦੇ ਵਿਕਾਸ ਵਿਚ ਆੜੇ ਨਹੀਂ ਆਉਂਦੇ।
‘ਅਧਿਕਾਰ’ ਵਿਚ ਨਵਾਬ ਬੇਗਮ ਭਾਵੇਂ ਆਪ ਅਣਜੋੜ ਵਿਆਹ ਦਾ ਸੰਤਾਪ ਝੱਲ ਚੁੱਕੀ ਹੈ ਅਤੇ ਆਪਣੀ ਪਹਿਲਕਦਮੀ ਨਾਲ ਉਸ ਜਿਲ਼ਣ ਵਿਚੋਂ ਨਿਕਲ ਅੱਬੂ ਨਾਲ ਵਿਆਹ ਕਰਾ ਨਵੇਂ ਜੀਵਨ ਦੀ ਉਸਾਰੀ ਕਰਦੀ ਹੈ ਪਰ ਆਪਣੀ ਧੀ ਦੇ ਵਿਆਹ ਦੇ ਸੰਬੰਧ ਵਿਚ ਉਹੀ ਗਲਤੀ ਕਰ ਬੈਠਦੀ ਹੈ ਜਿਹੜੀ ਉਹਦੇ ਮਾਂ-ਪਿਆਂ ਨੇ ਉਸ ਦੇ ਸੰਬੰਧ ਵਿਚ ਕੀਤੀ ਸੀ। ਸ਼ੈਹਨਾਜ਼ ਵੀ ਸਮੇਂ ਸਿਰ ਬਗਾਵਤ ਨਹੀਂ ਕੋਰਦੀ ਅਤੇ ਅਫਲਾਤੂਨੀ ਪਿਆਰ ਫਲਸਫੇ ਦੀਆਂ ਹਵਾਈਆਂ ਵਿਚ ਉਲਝੀ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੇ ਮੂੰਹ ਧੱਕ ਬੈਠਦੀ ਹੈ। ਬਾਅਦ ਵਿਚ ਉਹ ਵੀ ਮਾਂ ਵਾਂਗ ਹੀ ਬਗਾਵਤ ਕਰਦੀ ਹੈ ਅਤੇ ਆਪਣੇ ਪ੍ਰੇਮੀ ਸਲੀਮ ਨੂੰ ਪਾ ਲੈਣ ਵਿਚ ਸਫਲ ਹੋ ਜਾਂਦੀ ਹੈ। ਨਰੂਲੇ ਦੀਆਂ ਲਗਭਗ ਸਾਰੀਆਂ ਕਹਾਣੀਆਂ ਹੀ ਵਿਅਕਤੀ ਸਾਹਮਣੇ ਸੁਖੀ ਜੀਵਨ ਪਾ ਲੈਣ ਦੀਆਂ ਮੌਜੂਦ ਸੰਭਾਵਨਾਵਾਂ ਦੇ ਸੰਦਰਭ ਵਿਚ ਲਿਖੀਆਂ ਗਈਆਂ ਹਨ। ਉਹਦੇ ਪਾਤਰ ਜੁਰਅਤ ਵਾਲੇ ਪਾਤਰ ਹਨ ਜਿਹੜੇ ਇਹਨਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਨਿਰਣਾਇਕ ਕਦਮ ਪੁੱਟਦੇ ਹਨ ਅਤੇ ਆਪਣੀ ਹੋਣੀ ਦੀ ਲਗਾਮ ਆਪਣੇ ਹੱਥ ਲੈਣ ਲਈ ਸੰਘਰਸ਼ਸ਼ੀਲ ਹਨ। ਇਹ ਨਵਾਂ ਨਰੋਆ ਜੀਵਨ ਫਲਸਫਾ ਨਰੁਲੇ ਦੀਆਂ ਕਹਾਣੀਆਂ ਦੇ ਆਰਪਾਰ ਫੈਲਿਆ ਹੋਇਆ ਹੈ ਪਰ ਏਨੇ ਸੁਭਾਵਕ ਢੰਗ ਨਾਲ ਕਾਰਜਸ਼ੀਲ ਹੈ ਕਿ ਕਿਤੇ ਵੀ ਨਾਅਰੇਬਾਜ਼ੀ ਨਹੀਂ ਬਣਦਾ ਕਿ ਕਿਤੇ ਵੀ ਇਹ ਨਹੀਂ ਲਗਦਾ ਕਿ ਲੇਖਕ ਮੱਲੋਜੋਰੀ ਆਪਣੇ ਪਾਤਰਾਂ ਨੂੰ ਆਪਣੀ ਫਲਸਫੇ ਦੀ ਰੰਗਤ ਚਾੜ੍ਹ ਰਿਹਾ ਹੈ।
'ਜੇ ਕਿਤੇ' ਦਾ ਯਤੀਮ ਕਾਦਰ ਆਪਣੀ ਹਿੰਮਤ ਅਤੇ ਹੁਸੈਨ ਬੀਬੀ ਤੋਂ ਲਾਲ ਖਾਂ ਦੇ ਦਿੱਤੇ ਸਹਾਰੇ ਦੇ ਸਿਰ ਮੁਨਸ਼ੀ ਬਣ ਜਾਂਦਾ ਹੈ ਤੇ ਉਹ ਮੁਜਾਰਿਆਂ ਵਿਚ ਆਪਣੇ ਇਨਸਾਨੀ ਵਰਤਾਓ ਸਕਦਾ ਬਹੁਤ ਹਰਮਨ ਪਿਆਰਾ ਹੈ। ਪਰ ਹਾਕੂ ਤੇ ਉਹਦਾ ਪਰਿਵਾਰ ਕਾਦਰ ਦੀਆਂ ਖੁਸ਼ੀਆਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਸਾਦਕ ਤੇ ਤਾਲਿਆਂ ਦਾ ਮੁਜਾਰਾ ਪਰਿਵਾਰ ਉਹਦੇ ਸ਼ੁਭਚਿੰਤਕ ਹਨ ਪਰ ਤਾ ਉਸ ਨੂੰ ਸਾਕ ਕਰਾਉਣ ਦੇ ਯਤਨ ਨੂੰ ਵੀ ਹਾਕੂ ਪਰਿਵਾਰ ਅਸਫਲ ਕਰਨ ਸਫ਼ਲ ਹੋ ਜਾਂਦਾ ਹੈ। ਫਿਰ ਤਾਲਿਆਂ ਦੇ ਡੰਗਰ ਚਾਰਦੇ ਮੁੰਡੇ ਦਾ ਜਾਗੀਰਦਾ ਕੁੱਟਣ ਸਦਕਾ ਮਰ ਜਾਣਾ ਅਤੇ ਇਲਜ਼ਾਮ ਕਾਦਰ ਸਿਰ ਲਾ ਦੇਣ ਦੀ ਘਟਨਾ ਸੰਭਾਵੀ ਸਾਥ ਦੇ ਆਸਾਰਾਂ ਨੂੰ ਬਰਬਾਦ ਕਰ ਦਿੰਦੀ ਹੈ। ਬੇਵਾ ਤਾਲਿਆਂ ਵੀ ਇਕ ਕਾਦਰ ਨੂੰ ਕਾਤਲ ਮੰਨ ਲੈਂਦੀ ਹੈ ਅਤੇ ਉਹਦੇ ਖਿਲਾਫ ਗਵਾਹ ਵੀ ਬਣ ਜਾਂਦੀ ਹੈ। ਪਰ ਕੁਝ ਸਮੇਂ ਬਾਅਦ ਹੀ ਉਹ ਹਾਕੂ ਪਰਿਵਾਰ ਦੀ ਕਾਦਰ ਨੂਂ ਫਾਂਸੀ ਲੁਆਉਣ ਦੀ ਸਾਜ਼ਸ਼ ਨੂੰ ਸਮਝਕੇ ਕਾਦਰ ਦਾ ਬੇਕਸੂਰ ਹੋਣਾ ਜਾਣ ਲੈਂਦੀ ਹੈ। ਤਾਲਿਆਂ ਕਾਦਰ ਦੇ ਪੱਖ ਵਿੱਚ ਗਵਾਹੀ ਦੇ ਦਿੰਦੀ ਹੈ। ਕਾਦਰ ਬਰੀ ਹੋ ਜਾਂਦਾ ਹੈ। ਪਰ ਉਹਨੂੰ ਲਗਦਾ ਹੈ ਕਿ ਤਾਲਿਆਂ ਨੇ ਉਹਨੂੰ ਦਿਲੋਂ ਮਾਫ ਨਹੀਂ ਕੀਤਾ। ਹੁਸੈਨ ਬੀਬੀ ਉਸਨੂੰ ਬਰੀ ਹੋਣ ਵਾਲੇ ਦਿਨ ਹੀ ਤਾਲਿਆਂ ਦੁਆਰਾ ਉਸਨੂੰ ਜੀਵਨਸਾਥੀ ਬਣਾਉਣ ਦਾ ਫੈਸਲਾ ਸੁਣਾਉਣ ਦੀ ਬਜਾਏ ਅਗਲੇ ਦਿਨ ਤਕ ਮੁਲਤਵੀ ਕਰ ਦਿੰਦੀ ਹੈ। ਪਰ ਉਸੇ ਰਾਤ ਕਾਦਰ ਆਤਮਘਾਤ ਕਰ ਲੈਂਦਾ ਹੈ।
'ਨੱਜੋ ਦਾ ਖੂਹ' ਇਕ ਲੰਮੀ ਕਹਾਣੀ ਹੈ ਜਿਸ ਵਿਚ ਕਈ ਕਹਾਣੀਆਂ ਸਮਾਈਆਂ ਹੋਈਆਂ ਹਨ। ਪਰੀ-ਕਹਾਣੀਆਂ ਵਰਗੇ ਅਦਭੁਤ ਮਾਹੌਲ ਦੀ ਸਿਰਜਣਾ, ਗੁੱਜਰ ਅਤੇ ਬਲੋਚ ਕਬੀਲਿਆਂ ਨਾਲ ਸੰਬੰਧਤ ਆਜ਼ਾਦ ਤਬੀਅਤ ਅਤੇ ਇਨਸਾਨੀ ਹਮਦਰਦੀ ਨਾਲ ਭਰਪੂਰ ਪਾਤਰਾਂ ਦੀ ਉਸਾਰੀ ਅਤੇ ਪੰਜਾਬੀ ਸਭਿਆਚਾਰ ਦੇ ਅਨੋਖੇ ਅਤੇ ਜਾਨਦਾਰ ਵੇਰਵਿਆਂ ਦੀ ਜੜਤ ਰਾਹੀਂ ਜੀਵਨ ਪ੍ਰੇਰਕ ਦੇ ਤੌਰ ਤੇ ਮੋਹ-ਪਿਆਰ ਦੀ ਬੁਨਿਆਦੀ ਅਹਿਮੀਅਤ ਨੂੰ ਪ੍ਰਗਟਾਉਣ ਵਿਚ ਇਹ ਕਹਾਣੀ ਬਹੁਤ ਬੁਲੰਦ ਦਰਜੇ ਨੂੰ ਛੋਹ ਜਾਂਦੀ ਹੈ।
'ਧੂੜਾਂ ਦੱਬੇ ਮੋਤੀ' ਵਿੱਚ ਇਕ ਬੱਚੀ ਦੀ ਜ਼ਿੰਦਗੀ ਵਿੱਚ ਆਏ ਵੱਡੇ ਪਰਿਵਰਤਨ ਦਾ ਜ਼ਿਕਰ ਹੈ ਜਿਸਨੂੰ ਇਸਾਈ ਮਿਸ਼ਨਰੀ ਨੇ ਅਪਣਾ ਲਿਆ ਅਤੇ ਸਖਸ਼ੀਅਤ ਦੇ ਵਿਕਾਸ ਲਈ ਭਰਪੂਰ ਮੌਕਾ ਦਿੱਤਾ। ਹਰੇਕ ਲਈ ਭਰਪੂਰ ਮੌਕਿਆਂ ਦਾ ਮੌਜੂਦ ਹੋਣਾ ਇਸ ਜੀਵਨ ਨੂੰ ਬਹੁਤ ਖੂਬਸੂਰਤ ਬਣਾ ਸਕਦਾ ਹੈ। ਸਾਡੇ ਸਮਾਜਕ, ਧਾਰਮਿਕ, ਰਾਜਨੀਤਿਕ ਆਗੂਆਂ ਦੁਆਰਾ ਰਚਨਾਤਮਕ ਪਹਿਲਕਦਮੀਆਂ ਦੀ ਵੱਡੀ ਘਾਟ ਦਾ ਅਹਿਸਾਸ ਕਰਵਾਉਂਦੀ ਇਹ ਕਹਾਣੀ ਪਾਠਕਾਂ ਨੂੰ ਸਮਾਜਕ ਪਰਿਵਰਤਨ ਵਾਸਤੇ ਯਤਨਸ਼ੀਲ ਹੋਣ ਲਈ ਪ੍ਰੇਰਨ ਦੀ ਸਮਰੱਥਾ ਦੀ ਧਾਰਨੀ ਹੈ।
ਮਿਤੀ: 4 ਅਪ੍ਰੈਲ 2001
ਚਰਨ ਗਿੱਲ,
ਪਟਿਆਲਾ।