ਫ਼ਰਾਂਸ ਦੀਆਂ ਰਾਤਾਂ/ਸੋਡਾ ਵਾਟਰ ਦੀਆਂ ਬੋਤਲਾਂ
ਸੋਡਾ ਵਾਟਰ ਦੀਆਂ ਬੋਤਲਾਂ
ਇਕ ਛਾਉਣੀ ਦੀ ਗੱਲ ਹੈ, ਜਦੋਂ ਮੈਂ ਅੱਠਾਂ ਵਰ੍ਹਿਆਂ ਦਾ ਸਾਂ, ਦਿਨ ਸਨ ਹੋਲੀਆਂ ਦੇ। ਉਸ ਰਜਮੈਂਟ ਵਿਚ ਸਿਖਾਂ ਦੇ ਦੋ ਸੁਕਾ-ਵਰਡਨ ਸਨ। ਛਾਉਣੀ ਸੀ ਹਿੰਦਸਤਾਨ ਦੀ ਤੇ ਚੀਜ਼ਾਂ ਸਾਰੀਆਂ ਹੀ ਸਸਤੀਆਂ ਸਨ। ਖ਼ਾਸ ਕਰ ਮਹਾਂ ਪ੍ਰਸ਼ਾਦ ਤੇ ਸ਼ਰਾਬ। ਫ਼ੌਜ ਵਿਚ ਇਨ੍ਹਾਂ ਦੋਹਾਂ ਹੀ ਚੀਜ਼ਾਂ ਦਾ ਖ਼ਾਸ ਪ੍ਰਚਾਰ ਹੁੰਦਾ ਹੈ, ਫਿਰ ਦਿਨ ਹੋਲੀਆਂ ਦੇ!
ਉਸ ਦਿਨ ਸਾਡੇ ਘਰ ਕਿਸੇ ਮਿੱਤਰ ਦੀ ਰੋਟੀ ਸੀ। ਨਹੀਂ, ਰੋਟੀ ਤਾਂ ਦਾਲ ਫੁਲਕਾ ਚਾਵਲਾਂ ਨੂੰ ਹੀ ਆਖਦੇ ਹਨ; ਪਰ ਇਥੇ ਤਾਂ ਜਲਸਾ ਸੀ। ਜਿਸ ਵਿਚ ਬਾਲਾ ਸੁੰਦਰੀ ਦਾ ਵੀ ਨਾਚ ਹੈ ਸੀ। ਉਂਝ ਵੀ ਪਿਤਾ ਜੀ ਰੋਜ਼ ਹੀ ਪੀਂਦੇ ਸਨ; ਪਰ ਮੈਂ ਸਚੋ ਸਚ ਆਖਦਾ ਹਾਂ ਕਿ ਉਨ੍ਹਾਂ ਦੇ ਪੀਣ ਦਾ ਢੰਗ ਮੈਨੂੰ ਵੀ ਪਸੰਦ ਸੀ, ਉਦੋਂ ਨਹੀਂ, ਹੁਣ! ਮੈਂ ਕਈ ਪਿਆਰ ਵੇਖੇ ਹਨ-ਬੋਤਲ ਨੂੰ ਮੂੰਹ ਲਾ ਕੇ ਖ਼ਤਮ ਕਰਨ ਵਾਲੇ, ਬੁਕ ਧਰ ਕੇ ਪੀਣ ਵਾਲੇ, ਇਕੋ ਵਾਰ ਅਧੀਆ ਗਲਾਸ ਵਿਚ ਸਿਟ ਡੀਕ ਲਾਉਣ ਵਾਲੇ, ਨਕ ਚਾੜ੍ਹ ਜ਼ਹਿਰ ਸਮਝ ਅੰਦਰ ਮਿਟਣ ਵਾਲੇ; ਪਰ ਇਥੇ ਇਹ ਗੱਲ ਨਹੀਂ ਸੀ। ਛਟਾਂਕ ਗਲਾਸ ਵਿਚ ਪਾ ਕੇ ਉਪਰ ਸੋਡਾ ਬਰਫ਼ ਪਾ ਲੈਣੀ ਅਤੇ ਮਿਠੇ ਮਿਠੇ ਘਟ ਘੰਟੇ ਦੋ ਘੰਟੇ ਵਿਚ ਸਵਾਦ ਲੈ ਲੈ ਪੀਣਾ: ਪਰ ਪੀਣੀ ਹਰ ਰੋਜ਼। ਬਹੁਤ ਛਾਲ ਮਾਰਨੀ ਤਾਂ ਛਟਾਂਕ ਹੋਰ ਸਹੀ; ਪਰ ਅਜ ਕਲ ਤਾਂ ਹੋਲੀਆਂ ਸਨ। ਫਿਰ ਮਿੱਤਰ ਵੀ ਘਰ ਆਇਆ ਸੀ!
¤¤¤¤¤
ਤਿੰਨੇ ਪਤੀਲੇ ਲਾਹ ਕੇ ਗਰਮ ਰਖੇ ਹੋਏ ਸਨ। ਉਨ੍ਹਾਂ ਵਿਚੋਂ ਭਿੰਨ ਭਿੰਨੀ ਮੂੰਹ 'ਚੋਂ ਪਾਣੀ ਆਉਣ ਵਾਲੀ ਸੁਗੰਧੀ ਉਠ ਰਹੀ ਸੀ। ਮੇਜ਼ ਲਗ ਚੁਕਿਆ ਸੀ, ਬੋਤਲ ਖੁਲੀ ਪਈ ਸੀ, ਕੱਚ ਦੇ ਗਲਾਸ ਮੌਜੂਦ ਸਨ; ਪਰ "ਅਗਨੂੰਆਂ ਸਾਈਸ ਅਜੇ ਬਰਫ਼ ਸੋਡਾ ਲੈ ਕੇ ਨਹੀਂ ਸੀ ਮੁੜਿਆ। ਦੋਹਾਂ ਨੇ ਹੀ ਇਕ ਇਕ ਪੈਗ ਬਿਨਾ ਬਰਫ਼ ਸੋਡਾ, ਪਾਣੀ, ਨਾਲ ਹੀ ਸ਼ੁਰੂ ਕਰ ਦਿਤਾ; ਪਰ ਅਜੇ ਵੀ ਅਗਨੂਆਂ ਨਾ ਆਇਆ। ਅਸਲ ਵਿਚ ਉਹ ਵੀ ਸਦਰ ਬਾਜ਼ਾਰ 'ਚ ਹੋਲੀ ਮਨਾ ਰਿਹਾ ਸੀ ਅਤੇ ਬਾਲਾ ਸੁੰਦਰੀ ਦੇ ਲੋਰ ਵਿਚ ਉਹ ਆਪਣੇ ਮਾਲਕ ਦੇ ਹੁਕਮ ਨੂੰ ਤੇ ਸੋਡੇ ਬਰਫ਼ ਨੂੰ ਉੱਕਾ ਭੁਲਾ ਚੁਕਾ ਸੀ।
ਹੁਣ ਮੈਨੂੰ ਹੁਕਮ ਮਿਲਿਆ:
"ਜਾ ਕਾਕਾ! ਜਾ ਕੇ ਸੋਡੇ ਦੀਆਂ ਛੇ ਬੋਤਲਾਂ ਤੇ ਦੋ ਸੇਰ ਬਰਫ਼-!" ਇਹ ਹੁਕਮ ਸੁਣ ਕੇ ਤਾਂ ਮੇਰੀ ਹੋਸ਼ ਗੁੰਮ ਹੋ ਗਈ। ਅਸਲ ਗੱਲ ਇਹ ਸੀ ਕਿ ਰਸਾਲਾ ਬਾਜ਼ਾਰ ਨੂੰ ਜਾਂਦਿਆਂ ਰਸਤੇ ਵਿਚ ਇਕ ਬਾਗ਼ ਹੈ ਸੀ। ਬਾਗ਼ ਵਿਚ ਇਕ ਬ੍ਰਿਛ ਉਪਰ ਸਾਵੇ ਰੰਗ ਦਾ ਝੰਡਾ ਸੀ ਤੇ ਆਖਦੇ ਸਨ ਕਿ ਉਹ ਕਿਸੇ ਜਿੰਨ੍ਹਾਂ ਦੇ ਪੀਰ ਦੀ ਥਾਂ ਹੈ। ਮੈਂ ਦਿਨੇ ਵੀ ਜਦੋਂ ਉਥੋਂ ਲੰਘਿਆ ਕਰਦਾ, ਹਮੇਸ਼ਾ ਹੀ ਭੱਜ ਕੇ ਲੰਘਦਾ। ਫਿਰ ਅਜ ਤਾਂ ਚੋਖੀ ਰਾਤ ਹੈਸੀ। ਸਾਥੀ ਮੁੰਡੇ ਦਸਦੇ ਸਨ ਕਿ ਇਹ ਪੀਰ ਮੁੰਡਿਆਂ ਦਾ ਖ਼ਾਸ ਵੈਰੀ ਹੈ; ਪਰ ਦਿਨੇ ਚਾਨਣਾ ਹੁੰਦਾ ਸੀ। ਫਿਰ ਪੜ੍ਹਨ ਜਾਂਦਿਆਂ ਦੋ ਚਾਰ ਮੁੰਡੇ ਹੋਣੇ।
ਹੁਣ ਰਾਤ ਪੈ ਚੁਕੀ ਸੀ। ਦੂਜੇ ਪਾਸੇ ਪਿਤਾ ਦਾ ਸ਼ਾਹੀ ਤੇ ਇਲਾਹੀ ਹੁਕਮ ਸੀ। ਉਹ ਵੀ ਇਕ ਮਿੱਤਰ ਦੀ ਮੌਜੂਦਗੀ ਵਿਚ ਅਤੇ ਫਿਰ ਨਸ਼ੇ ਦੇ ਘੋੜੇ ਉਪਰ ਸਵਾਰ ਹੋ ਕੇ। ਮੈਂ ਪਰਨਾ, ਬੋਤਲਾਂ ਬੰਨਣ ਤੇ ਬਰਫ਼ ਪਾਣ ਲਈ ਚੁਕ ਲਿਆ, ਅਤੇ ਮਾਂ ਜੀ ਪਾਸੋਂ ਪੈਸੇ ਲੈ, ਉਸ ਦੇ ਲੜ ਬਨ੍ਹੇ। ਅੱਖਾਂ ਹੀ ਅੱਖਾਂ ਵਿਚ ਮੈਂ ਮਾਂ ਜੀ ਵਲ ਵੇਖਿਆ ਕਿ ਮੈਂ ਇਸ ਰਾਤ ਹਨੇਰੇ ਵਿਚ ਨਾ ਘਲਿਆ ਜਾਵਾਂ। ਮਾਂ ਜੀ ਨੇ ਵੀ ਦਬੀ ਜ਼ਬਾਨ ਵਿਚ ਮੇਰੀ ਹਮਦਰਦੀ ਕੀਤੀ:
"ਕੀੜੇ ਪਤੰਗ ਦੀ ਬਹਾਰ ਹੈ ਤੇ ਮੁੰਡਾ ਇਕੱਲਾ ਹੈ।
ਪਰ ਦੂਜੇ ਬੰਨਓ ਇਕ ਭਬਕ ਆਈ। ਮੈਂ ਚੁਪ ਕੀਤਾ ਪੈਸੇ ਲੈ ਕੇ ਬਾਹਰ ਨਿਕਲ ਗਿਆ ਤੇ ਮਾਂ ਜੀ ਚੁਪ ਹੋ ਗਏ।
¤¤¤¤¤
ਅਧੇ ਕੁ ਘੰਟੇ ਮਗਰੋਂ ਅੰਗਨੂਆਂ ਆ ਗਿਆ। ਬਰਫ਼ ਸੋਡਾ ਹਾਜ਼ਰ ਸੀ; ਪਰ ਅੰਗਨੂਆਂ ਵੀ ਲੋਟ-ਪੋਟ ਹੈਸੀ। ਗਲਾਸਾਂ ਵਿਚ ਬਰਫ਼ ਸੋਡਾ ਕੇ ਨਵਾਂ ਦੌਰ ਸ਼ੁਰੂ ਹੋਇਆ। ਸਾਈਸ ਨੂੰ ਆਖਿਆ ਗਿਆ:
"ਅਰੇ! ਜ਼ਰਾ ਸੁਰਜੂ ਕੀ ਦੁਕਾਨ ਪਰ ਜਾਨਾਂ, ਵਰ੍ਹਾਂ ਛੋਕਰਾ ਸੋਡਾ ਲੋਨ ਗਿਆ ਹੈ।"
ਅੰਗਨੂੰਆਂ ਰਸਾਲਾ ਬਾਜ਼ਾਰ ਨੂੰ ਤੁਰ ਪਿਆ। ਉਹ ਵੀ ਉਸੇ ਕੱਬਰ ਪਾਸੋਂ ਲੰਘਿਆ ਹੋਣਾ ਹੈ; ਪਰ ਉਸ ਦੇ ਅੰਦਰ ਇਸ ਵੇਲੇ ਕਈ ਘੋੜਿਆਂ ਦੀ ਤਾਕਤ ਦਾ ਇੰਜਨ ਭਖ ਰਿਹਾ ਸੀ।
ਅੰਗਨੂਆਂ ਦੇ ਚਲੇ ਜਾਣ ਪਿਛੋਂ ਮਾਂ ਜੀ ਨੇ ਕਈ ਵਾਰ ਆਖਿਆ-"ਨਾ ਮੰਡਾ ਮੁੜਿਆ ਹੈ, ਨਾ ਸਾਈਸ ਹੀ ਆਇਆ?"
ਪਰ ਦੂਜੇ ਪਾਸਿਓਂ ਉਤਰ ਮਿਲਿਆ:
" ਹੋਲੀਆਂ ਹੈਨ, ਮੁੰਡਾ ਵੀ ਉਥੇ ਤਮਾਸ਼ਾ ਵੇਖਣ ਲਗ ਗਿਆ ਤੇ ਫਿਰ ਅੰਗਨੂੰਆਂ ਕੋਈ ਘੱਟ ਹੈ?"
ਮਾਂ ਤਾਂ ਚਾਹੁੰਦੀ ਸੀ, ਉਹ ਉਡ ਕੇ ਜਾਵੇ, ਉਸ ਨੂੰ ਆਪਣੇ ਬੱਚੇ ਦਾ ਬੜਾ ਹੀ ਫ਼ਿਕਰ ਸੀ। ਦਰ-ਅਸਲ ਉਹ ਭੋਜਨ ਤਾਂ ਵੰਡ ਰਹੀ ਸੀ, ਪਰ ਤੜਫ਼ ਰਹੀ ਸੀ। ਉਹ ਜਾਣਦੀ ਸੀ ਕਿ ਉਸ ਦਾ ਪੁਤਰ ਅਜ ਹੀ ਬਾਹਰ ਗਿਆ ਹੈ। ਨਾਲੇ ਜਿਸ ਘਰ ਵਿਚ ਪਹਿਲੇ ਦੋ ਤਿੰਨ ਬਾਲ ਗੁਜ਼ਰ ਗਏ ਹੋਣ, ਉਥੇ ਬੱਚਿਆਂ ਦੀ ਬੜੀ ਰੱਖਿਆ ਤੇ ਦੇਖ ਭਾਲ ਹੁੰਦੀ ਹੈ। ਇਕ ਇਕ ਘੜੀ ਸੱਧਰਾਂ ਨਾਲ ਬਿਤਾਈ। ਜਾਂਦੀ ਹੈ। ਸ਼ਰਾਬ ਦੇ ਦੌਰਾਂ ਮਗਰੋਂ ਰੋਟੀ ਦੀ ਵਾਰੀ ਆਈ, ਪਰ ਇਤਨੇ ਨੂੰ ਅੰਗਨੂਆਂ ਵੀ ਆਣ ਪੁਜਿਆ।
ਮਹਾਰਾਜ! ਵਹਾਂ ਤੋਂ ਲੜਕਾ ਗਿਆ ਹੀ ਨਹੀਂ, ਸੁਰਜੂਆਂ ਕੋ ਹਮ ਨੇ ਹੇਰ ਕਰ ਪੂਛ ਲੀਆ ਹੈ।
ਮਾਂ ਜੀ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਹ ਘੁਬਰ ਕੇ ਉਠ ਖਲੋਤੀ। ਅੱਖਾਂ ਵਿਚ ਅੱਥਰੂ ਆ ਗਏ ਤੇ ਬਾਹਰ ਜਾਣ ਨੂੰ ਤਿਆਰ ਹੋ ਪਈ, ਪਰ ਪਿਤਾ ਜੀ ਨੇ ਫਿਰ ਬੇ-ਪਰਵਾਹੀ ਵਿਚ:
ਕਿਧਰੇ ਤਮਾਸ਼ਾ ਵੇਖਦਾ ਹੋਣਾ ਏ, ਸ਼ੈਤਾਨ ਮੁੰਡਿਆਂ ਨਾਲ ਰਲ ਗਿਆ ਹੋਊ।"
ਪਰ ਝੱਟ ਹੀ ਅੰਗਨੂਆਂ ਨੇ ਆਖਿਆ:-
ਨਹੀਂ ਸਰਕਾਰ! ਮੈਂ ਤੀਨੋ ਮਜਲਿਸ ਛਾਨ ਆਇਆ ਹੈ, ਲੌਂਡਾ ਕਹੀਂ ਭੀ ਨਹੀਂ ਮਿਲਾ?"
ਹੁਣ ਤਾਂ ਮਾਂ ਜੀ ਦੀਆਂ ਚੀਕਾਂ ਨਿਕਲ ਗਈਆਂ। ਪਿਤਾ ਜੀ ਦੀਆਂ ਵੀ ਅੱਖਾਂ ਫਰਕਣ ਲਗੀਆਂ, ਰੋਟੀ ਵੀ ਲਗ ਪਗ ਮੁਕ ਹੀ ਚੁਕੀ ਸੀ, ਮਿੱਤਰ ਨੇ ਵੀ ਆਖਿਆ:
‘ਜ਼ਰੂਰ ਭਾਲ ਕਰਨੀ ਚਾਹੀਦੀ ਹੈ।"
ਘੜੀ ਵੇਖੀ। ਸਾਢੇ ਬਾਰਾਂ ਹੋ ਚੁੱਕੇ ਸਨ, ਲੈਂਪ ਚੁਕਿਆ। ਤਿੰਨੇ
(ਪਿਤਾ ਜੀ, ਮਿਤਰ ਅਤੇ ਅੰਗਨੂਆਂ) ਬਾਹਰ ਨਿਕਲ ਗਏ। ਅੰਗਆਂ ਪਾਸੋਂ ਫਿਰ ਪੁਛਿਆ ਜਾ ਰਿਹਾ ਸੀ:"
"ਸੁਰਜੂਆ, ਕਿਯਾ ਕਹਿਤਾ ਥਾ?"
ਕੌਨ ਕੌਨ ਸੀ ਮਜਲਿਸ ਮੇਂ ਦੇਖਾ?"
"ਕਿਸ ਕਿਸ ਸੇ ਪੁਛਾ ਥਾ?"
ਤਿੰਨਾਂ ਦੀ ਪਾਰਟੀ ਨੇ ਫਿਰ ਸੁਰਜੂ ਥੀਂ ਕੰਮ ਸ਼ੁਰੂ ਕੀਤਾ। ਮਜਲਿਸਾਂ ਭਾਲੀਆਂ, ਜਮਾਤੀ ਮੁੰਡਿਆਂ ਦੇ ਘਰ ਗਏ, ਖੂਹ, ਬਾਗ, ਗੁਰਦਵਾਰਾ, ਮੰਦਰ, ਬਾਜ਼ਾਰ, ਚੌਧਰੀ ਬਲਦਿਓ
ਪ੍ਰਸ਼ਾਦ-ਜਿਥੇ ਮੁੰਡਾ ਪੜਨ ਜਾਂਦਾ ਸੀ-ਸਾਰੀਆਂ ਥਾਵਾਂ ਪੁਛੀਆਂ।
ਮਾਂ ਵਿਚਾਰੀ ਦਾ ਵੱਸ ਨਾ ਸੀ, ਉਹ ਪਰਦੇ ਦੇ ਅੰਦਰ ਕੈਦ, ਘਰੋਂ ਬਾਹਰ ਨਾ ਸੀ ਨਿਕਲ ਸਕਦੀ; ਨਹੀਂ ਤਾਂ ਉਹ ਇਨਾਂ ਸਾਰਿਆਂ ਥੀਂ ਅਗੇ ਪੁਜਦੀ। ਹੁਣ ਢਾਈ ਤਿੰਨ ਹੋਣ ਵਾਲੇ ਸਨ, ਸਭ ਗਾਣੇ, ਰਾਸਾਂ, ਨਾਟਕ, ਮਜਲਸਾਂ ਮੁਕ ਚੁਕੀਆ ਸਨ। ਰਾਤ ਦੀ ਥਕਾਵਟ ਦੂਰ ਕਰਨ ਲਈ ਲੋਕੀ ਬਿਸਤਰੇ ਦਾ ਆਨੰਦ ਲੈਣ ਜਾ ਰਹੇ ਸਨ।
ਮੇਜਰ ਨਾਲ ਹੁਣ ਤਿੰਨ ਦੀ ਥਾਂ ਦਸ ਪੰਦਰਾਂ ਦੀ ਪਾਰਟੀ ਸੀ ਅਤੇ ਸਾਰਿਆਂ ਥਾਵਾਂ ਦੀ ਦੇਖ ਭਾਲ ਮੁਕਾ ਕੇ ਇਹ ਪਾਰਟੀ ਸੋਚ ਰਹੀ ਸੀ:
ਹੁਣ ਕੀ ਕੀਤਾ ਜਾਵੇ? ਸਾਰਿਆਂ ਦਾ ਖ਼ਿਆਲ ਸੀ ਕਿ ਹੁਣ ਮੁੰਡੇ ਨੂੰ ਜੀਉਂਦਾ ਲੱਭਣਾ ਔਖਾ ਹੀ ਹੈ। ਰਸਾਲਦਾਰ, ਜਮਾਂਦਾਰ, ਦਫ਼ੇਦਾਰ, ਮਿੱਤਰ ਸਿਪਾਹੀ ਸਭੋ ਅੱਖਾਂ ਵਿਚ ਨਦ ਲਈ ਤੇ ਪੀਤੀਆਂ ਸ਼ਰਾਬਾਂ ਦੀ ਤੋਟ ਵਿਚ ਹਮਦਰਦੀ ਕਰ ਰਹੇ ਸਨ। ਸਾਰਿਆਂ ਦਾ ਹੀ ਬਾਨ੍ਹਵਾਂ ਖ਼ਿਆਲ ਸੀ ਕਿ ਮੁੰਡਾ ਮੌਤ ਦੇ ਘਾਟ ਉਤਾਰ ਦਿਤਾ ਗਿਆ ਹੈ।
ਗੱਲ ਅਸਲ ਵਿਚ ਇਹ ਸੀ: ਹੋਲੀਆਂ ਥੀਂ ਦਸ ਬਾਰਾਂ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਸਵੇਰ-ਸਾਰ ਹੀ ਇਕ ਸ਼ਹਿਰੀ ਲਾਈਨ ਵਿਚ ਆਇਆ, ਜਿਸ ਦੇ ਨਾਲ ਛੀ ਬੱਕਰੇ ਸਨ ਅਤੇ ਉਹ ਵੇਚਣਾ ਚਾਹੁੰਦਾ ਸੀ। ਫ਼ੈਸਲਾ ਹੋਇਆ, ਹੋਲਆਂ ਲਈ ਖ਼ਰੀਦ ਲਏ ਜਾਣ। ਨਾਲੇ ਝਟਕੇ ਦੀ ਮਸ਼ਕ ਹੋਵੇ ਤੇ ਨਾਲੇ ਮਹਾਂ ਪ੍ਰਸ਼ਾਦ ਉਡ। ਮੇਜਰ ਪਾਸ ਆਏ, ਮੁਲ, ਮੈਂ ਪੁਛਿਆ, ਬੜਾ ਹੀ ਸਸਤਾ ਮਾਲ ਸੀ। ਸਾਰਿਆਂ ਨੂੰ ਸ਼ੱਕ ਹੋਇਆ ਕਿ ਮਾਲ ਚੋਰੀ ਦਾ ਜਾਪਦਾ ਹੈ। ਸਤੇ ਅਠ ਸੇਰ ਦਾ ਬੱਕਰਾ ਦੋ ਪੌਣੇ ਦੋ ਰੁਪਏ ਮੰਗਦਾ ਸੀ। ਅਖ਼ੀਰ ਇਕ ਰੁਪਿਆ ਛੀ ਛੀ ਆਨੇ ਸਭੋ ਖ਼ਰੀਦੇ ਗਏ। ਵੇਚਣ ਵਾਲੇ ਨੇ ਗੰਗਾਜਲੀ ਚਕੀ, ਆਪਣੀ ਜਵਾਨੀ ਦੀ ਸਹੁੰ ਖਾਧੀ, ਦੇਵੀ ਦੇਵਤਿਆਂ ਦੀਆਂ ਸਹੁੰਆਂ ਖਾਧੀਆਂ। ਇਤਨਾ ਕੁਝ ਹੁੰਦਿਆਂ ਵੀ ਸਾਰਿਆਂ ਨੂੰ ਸ਼ੱਕ ਸੀ ਕਿ ਬੱਕਰੇ ਚੋਰੀ ਦੇ ਹਨ, ਪਰ ਉਹ ਆਖਦਾ ਸੀ, ਮੈਨੂੰ ਪੈਸਿਆਂ ਦੀ ਲੋੜ ਹੈ। ਮੇਰੇ ਤੇ ਇਕ ਅਨਹੋਣਾ ਮੁਕੱਦਮਾ ਬਣ ਗਿਆ। ਭਲਕੇ ਪੇਸ਼ੀ ਹੈ। ਬੱਕਰੇ ਖ਼ਰੀਦੇ ਗਏ ਅਤੇ ਸਵਾ ਅਠ ਰੁਪਏ ਉਸ ਦੇ ਹਵਾਲੇ ਕੀਤੇ ਗਏ।
ਹੋਲੀਆਂ ਵਿਚ ਅਜੇ ਦਸ ਦਿਨ ਬਾਕੀ ਸਨ। ਰਸਾਲੇ ਦਾ ਖੁਲਾ ਘਾਹ ਦਾਣਾ ਅਤੇ ਠੰਢਾ ਪਾਣੀ ਪੀ ਪੀ ਬਕਰੇ ਦਿਨਾਂ ਵਿਚ ਹੀ ਤਿੰਨ ਤਿੰਨ ਸੇਰ ਹੋਰ ਵਧ ਗਏ ਅਤੇ ਹੋਲੀਆਂ ਸ਼ੁਰੂ ਹੁੰਦਿਆਂ ਹੀ ਹਰ ਰੋਜ਼ ਇਕ ਤਲਵਾਰ ਦੀ ਭੇਟ ਹੋਣ ਲਗਾ। ਵਾਰੋ ਵਾਰ ਜਦ ਚਾਰ ਬਕਰੇ ਉਡਾਏ ਜਾ ਚੁਕੇ ਤਾਂ ਇਕ ਐਤਵਾਰ ਨੂੰ ਅੰਗਨੂਆਂ ਬਾਹਰੋਂ ਭਜਾ ਆਇਆ:
"ਮਹਾਰਾਜ! ਵਹੀ ਬਕਰੋਂ ਵਾਲਾ ਹੈ। ਔਰ ਸਾਥ ਮੇਂ ਪੋਲੀਸ ਭੀ ਹੈ!"
ਲੋਕੀਂ ਕੱਠੇ ਹੋਏ, ਰਹਿੰਦੇ ਦੋ ਬਕਰੇ ਉਨ੍ਹਾਂ ਦੇ ਹਵਾਲੇ ਕੀਤੇ ਗਏ। ਉਸ ਦੇ ਮੁਕਰਨ ਤੇ ਉਹਨੂੰ ਲੱਤ-ਮੁਕੀ ਵੀ ਕੀਤੀ ਗਈ। ਮੰਦਾ-ਚੰਗਾ, ਗਾਲਾਂ, ਸਾਰਾ ਦਿਨ ਫਿਟਕਾਰਾਂ ਪੈਂਦੀਆਂ ਰਹੀਆਂ। ਰਹਿੰਦੇ ਦੋ ਬੱਕਰਿਆਂ ਦਾ ਉਹਨੂੰ ਮੁਲ ਵੀ ਮੋੜਨਾ ਪਿਆ।
ਅਜ ਜਦੋਂ ਕਿ ਮੇਜਰ ਦਾ ਮੁੰਡਾ ਗੁਮ ਹੋ ਚੁਕਿਆ ਸੀ, ਸਾਰਿਆਂ ਦਾ ਹੀ ਇਹੋ ਖ਼ਿਆਲ ਸੀ ਕਿ ਇਹ ਉਨ੍ਹਾਂ ਦੀ ਹੀ ਕਰਤੁਤ ਹੈ। ਉਹ ਸ਼ੋਹਦੇ ਬਦਮਾਸ਼ ਹਨ ਅਤੇ ਸ਼ਹਿਰ ਵਿਚ ਉਨਾਂ ਦੀ ਚੰਗੀ ਤਕੜੀ ਪਾਰਟੀ ਹੈ। ਜ਼ਰੂਰ ਕਿਧਰੇ ਉਹ ਸ਼ਾਮੀ ਤਾੜ ਵਿਚ ਰਹੇ ਹਨ, ਬਾਜ਼ਾਰ ਜਾਂਦਿਆਂ ਮੁੰਡੇ ਨੂੰ ਚੁਕ ਲੈ ਗਏ। ਹੋਰ ਕੋਈ ਵੀ ਮੇਜਰ ਦਾ ਵੈਰੀ ਨਹੀਂ ਸੀ।
ਹੁਣ ਪੰਜ ਖੜਕਣ ਵਾਲੇ ਸਨ। ਦਿਨ ਚੜਣ ਵਾਲਾ ਸੀ। ਮਾਂ ਜੀ ਸਾਰੀ ਰਾਤ ਹੀ ਪਰਦੇ ਨਾਲ ਦਰਵਾਜ਼ੇ ਵਿਚ ਖੜੋਤੀ ਰੋ ਰੋ ਅੱਖਾਂ ਸਜਾਂਦੀ ਰਹੀ ਸੀ। ਪਿਤਾ ਜੀ ਦੀਆਂ ਅੱਖਾਂ ਲਾਲ ਸੁਰਖ ਸਨ। ਕਿਸੇ ਕਿਸੇ ਵੇਲੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਵੀ ਅਥਰੂਆਂ ਦੀ ਝੜੀ ਲੱਗ ਪੈਂਦੀ ਸੀ।
ਫ਼ੈਸਲਾ ਇਹੋ ਹੀ ਹੋਇਆ ਕਿ ਦਿਨ ਚੜ੍ਹਦੇ ਹੀ ਸਕਵਾਡਰਨ ਦੀ ਆਗਿਆ ਲੋਕ ਸ਼ਹਿਰ ਦੇ ਥਾਣੇ ਰਿਪੋਰਟ ਦਿੱਤੀ ਜਾਵੇ ਅਤੇ ਗਵਾਹੀਆਂ ਬਣਾਕੇ ਸਾਫ਼ ਆਖ ਦਿਤਾ ਜਾਵੇ ਕਿ ਮੁੰਡਾ ਉਨਾਂ ਹੀ ਚੁਕਿਆ ਹੈ, ਜਿਨ੍ਹਾਂ ਬੱਕਰੇ ਵੇਚ ਸਨ। ਸਤ ਕ ਵਜੇ ਸਕਵਾਡਨ ਦੇ ਸਾਈਸ ਜਦੋਂ ਘਾਹ ਦੇ ਢੇਰ ਵੰਡਣ ਲਗੇ, ਤਾਂ ਵਿਚੋਂ ਕੋਈ ਚੀਜ਼ ਹਿਲੀ। ਇਹ ਘਾਹ ਪਹਿਲੇ ਦਿਨ ਇਸ ਲਈ ਆ ਗਿਆ ਸੀ ਕਿ ਦੂਜੇ ਦਿਨ ਹੋਲੀ ਦੀ ਛੁਟੀ ਸੀ, ਤਾਂ ਜੋ ਉਸ ਦਿਨ ਨੌਕਰ ਵੀ ਛੁਟੀ ਦਾ ਆਨੰਦ ਲੈਣ।
ਅੰਗਨੂਆਂ ਭੱਜਦਾ ਆਇਆ:
"ਮਹਾਰਾਜ! ਛੋਕਰਾ ਘੁਸ ਕੇ ਢੇਰ ਸੇ ਮਿਲ ਗਿਆ ਹੈ।"
"ਮਰਾ ਹੂਆ ਕਿ ਜ਼ਿੰਦਾ?"
"ਅਰੇ ਰਾਮ! ਰਾਮ! ਜ਼ਿੰਦਾ, ਰਾਜ਼ੀ ਬਾਜ਼ੀ।"
ਪਿਤਾ ਜੀ ਦੇ ਇਕ ਪੈਰ ਵਿਚ ਬੂਟਾਂ ਦੇ ਤਸਮੇ ਬੰਦ ਸਨ ਤੇ ਦੁਜਾ ਪੈਰ ਨੰਗਿਆਂ ਹੀ, ਉਠ ਨਸੇ। ਅਗੋਂ ਲੋਕ ਮੁੰਡੇ ਨੂੰ ਚੁਕੀ ਆ ਰਹੇ ਸਨ। ਪੈਸਿਆਂ ਵਾਲਾ ਪਰਨਾ ਅਜੇ ਵੀ ਉਸਦੇ ਹਥ ਵਿਚ ਸੀ। ਡੇਰੇ ਦੇ ਸਾਮ੍ਹਣੇ ਬਰਾਂਡ ਵਿਚ ਪੁਜਦਿਆਂ ਹੀ ਮਾਂ ਜੀ ਸਾਰੀਆਂ ਸ਼ਰਮਾਂ, ਪਰਦੇ ਤੇ ਬੁਰਕੇ ਲਾਹਕੇ ਭੱਜਦੀ ਬਾਹਰ ਆ ਗਈ ਤੇ ਚੀਕ ਮਾਰਕੇ, ਬੱਚੇ ਨੂੰ ਚੁੱਕ ਕੇ ਗਲ ਨਾਲ ਲਾ, ਫਿਰ ਅੰਦਰ ਜਾ ਵੜੀ। ਸਾਰਾ ਸਕਵਾਡਰਨ ਮੇਜਰ ਨੂੰ ਵਧਾਈਆਂ ਦੇਣ ਆ ਰਿਹਾ ਸੀ।
ਅਸਲ ਗਲ ਇਹ ਸੀ ਕਿ ਮੈਂ ਡਰਦਿਆਂ ਭੂਤਾਂ ਦੀ ਕਬਰ ਪਾਸੋਂ ਲੰਘ ਨਹੀਂ ਸਾਂ ਸਕਦਾ | ਖ਼ਾਲੀ ਹਥ ਘਰ ਆਉਂਦਿਆਂ ਮਾਰ ਦਾ ਡਰ ਸੀ। ਪਹਿਲੀ ਰਾਤ ਆਪਣੀ ਭਾਲ ਹੁੰਦੀ ਵੇਖਦਾ ਰਿਹਾ। ਅਖੀਰ ਸੌਂ ਗਿਆ। ਦਿਨ ਚੜ੍ਹੇ ਹੁਣ ਜਦੋਂ ਘਾਹ ਦਾ ਢੇਰ ਹੀ ਚੁਕਿਆ ਜਾਣਾ ਸੀ ਤਾਂ ਬਿਨਾਂ ਹਿਲੇ ਹੋਰ ਚਾਰਾ ਹੀ ਕੀ ਸੀ!