ਬਾਤਾਂ ਦੇਸ ਪੰਜਾਬ ਦੀਆਂ/ਗਿੱਦੜ ਤੇ ਜੱਟ
ਗਿੱਦੜ ਤੇ ਜੱਟ
ਇੱਕ ਗਿੱਦੜ ਕਮਾਦ ਵਿੱਚ ਰਿਹਾ ਕਰਦਾ ਸੀ। ਓਸੇ ਰਸਤੇ ਇੱਕ ਜੱਟ ਦੀ ਤੀਵੀਂ ਰੋਟੀ ਲੈ ਕੇ ਜਾਇਆ ਕਰਦੀ ਸੀ। ਇੱਕ ਦਿਨ ਗਿੱਦੜ ਬਾਹਰ ਨਿਕਲਿਆ ਤੇ ਬੋਲਿਆ, ਨੀ ਰੋਟੀ ਵਾਲੀਏ।
"ਹਾਂ ਜੀ।"
"ਰੱਖ ਦੇ ਥੱਲੇ।"
ਉਹਨੇ ਰੋਟੀਆਂ ਥੱਲੇ ਰੱਖ ਦਿੱਤੀਆਂ। ਗਿੱਦੜ ਨੇ ਫੇਰ ਆਖਿਆ, "ਕਰ ਚੱਪੇ ਗੜੱਪੇ।"
ਉਹਨੇ ਇਵੇਂ ਕੀਤਾ।
"ਕਰ ਖੰਨੀਆਂ ਮੰਨੀਆਂ।"
ਜੱਟੀ ਨੇ ਕਰ ਦਿੱਤੀਆਂ।
"ਭਰ ਲੱਸੀ ਦਾ ਛੰਨਾ।"
ਉਹਨੇ ਭਰ ਦਿੱਤਾ।
ਰੋਟੀਆਂ ਖਾ ਖੂ ਕੇ ਕਹਿੰਦਾ, "ਫੜ ਯਾਰਾਂ ਦੀ ਪੂਛ ਟੁੱਕੜਾ ਥਹਿ ਕੀਤਾ।"
ਜੱਟ ਨੂੰ ਭੁੱਖ ਲੱਗੀ ਹੋਈ ਸੀ। ਉਹ ਹਲ ਛੱਡ ਕੇ ਆ ਗਿਆ ਤੇ ਜੱਟੀ ਨੂੰ ਕੁੱਟਣ ਲੱਗ ਪਿਆ। ਜੱਟੀ ਨੇ ਆਖਿਆ, "ਰਸਤੇ ਵਿੱਚ ਗਿੱਦੜ ਰਹਿੰਦੈ ਉਹ ਮੈਨੂ ਲੰਘਣ ਨੀ ਦਿੰਦਾ।
ਜੱਟ ਨੇ ਆਖਿਆ, "ਚੰਗਾ, ਤੂੰ ਮੇਰੇ ਵਾਲੇ ਕਪੜੇ ਪਾ ਲੈ ਤੇ ਹਲ ਲੈ ਚੱਲ, ਮੈਂ ਤੀਵੀਆਂ ਵਾਲੇ ਕਪੜੇ ਪਾ ਕੇ ਰੋਟੀ ਲੈ ਕੇ ਆਉਂਦਾ ਹਾਂ।
ਜੱਟੀ ਹਲ ਲੈ ਕੇ ਚਲੀ ਗਈ। ਜੱਟ ਰੋਟੀਆਂ ਲਈ ਤੀਵੀਂ ਦਾ ਭੇਸ ਧਾਰੀ ਆ ਰਿਹਾ ਸੀ। ਗਿੱਦੜ ਨੇ ਦੂਰੋਂ ਵੇਖਿਆ ਤੇ ਰਸਤਾ ਰੋਕ ਕੇ ਖੜ੍ਹ ਗਿਆ।
"ਰੱਖ ਦੇ ਥੱਲੇ"
ਜੱਟ ਨੇ ਰੋਟੀਆਂ ਅਤੇ ਲੱਸੀ ਦਾ ਝੱਕਰਾ ਥੱਲੇ ਰੱਖ ਦਿੱਤਾ। ਗਿੱਦੜ ਫੇਰ ਬੋਲਿਆ, "ਕਰ ਚੱਪੇ ਗੁੜੱਪੇ।" ਉਹਨੇ ਉਸ ਦੇ ਕਹੇ ਅਨੁਸਾਰ ਕਰ ਦਿੱਤਾ।
"ਕਰ ਖੰਨੀਆਂ ਮੰਨੀਆਂ।"
ਜੱਟੀ ਨੇ ਕਰ ਦਿੱਤੀਆਂ।
"ਭਰ ਲੱਸੀ ਦਾ ਛੰਨਾ।"
ਉਹਨੇ ਭਰ ਦਿੱਤਾ।
ਰੋਟੀਆਂ ਖਾ ਖਾ ਕੇ ਕਹਿੰਦਾ, "ਫੜ ਯਾਰਾਂ ਦੀ ਪਛ ਟੁਕੜਾ ਥਹਿ ਕੀਤਾ।"
ਜੱਟ ਨੇ ਗਿੱਦੜ ਦੀ ਪੂਛ ਫੜੀ ਤੋਂ ਆਪਣੇ ਘੱਗਰੇ ਵਿੱਚ ਲਕੋਈ ਪਰੈਣੀ ਕੱਢ ਕੇ ਉਸ ਨੂੰ ਕੁੱਟਣ ਲੱਗ ਪਿਆ। ਇੰਨਾ ਕੁੱਟਿਆ, ਇੰਨਾ ਕੁੱਟਿਆ ਕਿ ਉਹ ਸੁਚ ਕੇ ਭੜੋਲਾ ਬਣ ਗਿਆ ਤੇ ਉਥੋਂ ਫਿਰ ਸਦਾ ਲਈ ਭੱਜ ਗਿਆ।