ਬਾਤਾਂ ਦੇਸ ਪੰਜਾਬ ਦੀਆਂ/ਜਨਾਨੀ ਹੱਠ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਜਨਾਨੀ ਹੱਠ


ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ। ਉਹ ਥੋਹੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ। ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋਗੇ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ।
ਸੱਪ ਕਹਿੰਦਾ, "ਤੂੰ ਕਾਹਦੀ ਕਾਰਨ ਮੇਰੀ ਐਨੀ ਸੇਵਾ ਕਰਦੈਂ।
ਰਾਜਾ ਕਹਿੰਦਾ, "ਮੇਰੇ ਤਾਂ ਔਲਾਦ ਨੀ ਹੈਗੀ।"
ਸੱਪ ਕਹਿੰਦਾ, "ਚੰਗਾ ਤੂੰ ਮੰਗ ਜੋ ਕੁਛ ਮੰਗਣੈ ਮੇਰੇ ਕੋਲੋਂ।"
ਉਹ ਕਹਿੰਦਾ, "ਮੰਗਣਾ ਕੀ ਐ.....ਪਰ..... .।"
ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ-ਕਹਿੰਦਾ, "ਲੈ ਫੜ ਆਪਣੀ ਤੀਮੀਂ ਨੂੰ ਦੇ ਦੇ ਘਰ ਜਾ ਕੇ।"
ਰਾਜਾ ਜਦ ਜਾ ਕੇ ਫੜਾਉਣ ਲੱਗਾ ਰਾਣੀ ਕਹਿੰਦੀ, "ਮੈਂ ਕੀ ਕਰਨੈਂ-ਜਾਹ ਜਾ ਕੇ ਕਚਹਿਰੀ ਦੇ ਆ-ਗੋਲੀਆਂ ਆਪੇ ਰੱਖ ਲੈਣਗੀਆਂ।"
ਗੋਲੀਆਂ ਨੇ ਮਣਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ। ਇੱਕ ਗੋਲੀ ਦੂਜੀ ਨੂੰ ਕਹਿੰਦੀ, "ਐਸ ਸੰਦੂਕੜੀ ਨੂੰ ਉਰੇ ਲੈ ਕੇ ਆਈਂ ਚੱਕ ਕੇ।"
ਜਦ ਚੱਕਣ ਲੱਗੀ ਉਹ ਚੱਕ ਨਾ ਹੋਵੇ। ਕਹਿੰਦੀ "ਭਾਈ ਮੈਥੋਂ ਤਾਂ ਚੱਕ ਨੀ ਹੁੰਦੀ।"

ਜਦ ਕੋਲ ਜਾ ਕੇ ਸੰਦੂਕੜੀ ਖੋਹਲ ਕੇ ਦੇਖੀ ਵਿੱਚ ਮੁੰਡਾ ਅੰਗੂਠਾ ਚੁੰਘ ਰਿਹਾ ਸੀ।
ਗੋਲੀ ਨੇ ਰਾਜੇ ਨੂੰ ਜਾ ਦੱਸਿਆ। ਰਾਜਾ ਦੇਖ ਕੇ ਬਹੁਤ ਖ਼ੁਸ਼ ਹੋਇਆ। ਸਾਰੇ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ।
ਮੁੰਡਾ ਪੜ੍ਹਨ ਲੱਗ ਪਿਆ। ਉਹਨੂੰ ਇੱਕ ਮਾਸਟਰਨੀ ਪੜ੍ਹਾਉਂਦੀ ਸੀ। ਇੱਕ ਦਿਨ ਜਦ ਉਹ ਪੜ੍ਹ ਕੇ ਘਰ ਆਇਆ ਤਾਂ ਰਾਣੀ ਕਹਿੰਦੀ, "ਕਾਕਾ ਤੂੰ ਕਿਉਂ ਦਿਨੋਂ ਦਿਨ ਮਾੜਾ ਹੋਈ ਜਾਨੈਂ-ਤੈਨੂੰ ਖਾਣ ਪੀਣ ਦਾ ਕੋਈ ਘਾਟਾ ਨੀ।"
ਕਹਿੰਦਾ, "ਜਿਹੜੀ ਮੈਨੂੰ ਪੜ੍ਹਾਉਂਦੀ ਐ ਉਹ ਮੈਨੂੰ ਕੁੱਟਦੀ ਹੁੰਦੀ ਐ।"
ਰਾਣੀ ਕਹਿੰਦੀ, "ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਉਸ ਨੂੰ ਐਂ ਕਹੀਂ, ਤੂੰ ਹੁਤ ਕਰ, ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐਂ।"ਅਗਲੇ ਦਿਨ ਮੁੰਡਾ ਪੜ੍ਹਨ ਗਿਆ। ਜਦ ਉਹ ਉਹਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ, "ਹੁਤ ਕਰ, ਤੂੰ ਤਾਂ ਮੇਰੇ ਨਾਲ ਮੰਗੀ ਹੋਈ ਏਂ।" ਉਸ ਨੇ ਅੱਗੋਂ ਹੋਰ ਚੁਪੇੜਾਂ ਮਾਰੀਆਂ।


ਮਾਸਟਰਨੀ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ, "ਮੈਂ ਉਸ ਮੁੰਡੇ ਨਾਲ ਸੱਚੀ ਮੁੱਚੀਂ ਮੰਗੀ ਹੋਈ ਆਂ ਜੀਹਨੂੰ ਮੈਂ ਪੜਾਉਂਨੀ ਹੁੰਦੀ ਆਂ।"
ਉਹਦੀ ਮਾਂ ਕਹਿੰਦੀ, "ਹਾਂ ਧੀਏ, ਮੰਗੀ ਹੋਈ ਐਂ।" ਵਿਆਹ ਵਿੱਚ ਵੀ ਥੋਹੜਾ ਹੀ ਚਿਰ ਰਹਿੰਦੈ।"
ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ, "ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਈਂ ।"
ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬੰਦੂਕਾਂ ਉਸ ਦੇ ਬਾਗ ਕੋਲ ਲੈ ਗਿਆ।
ਕੁੜੀਆਂ ਨੂੰ ਕਹਿੰਦੀ, "ਆਓ ਕੁੜੇ ਆਪਾਂ ਬਾਗ ਦੀ ਸੈਰ ਕਰ ਆਈਏ ।"
ਉਹ ਚਲੀਆਂ ਗਈਆਂ। ਜਦ ਘੋੜੇ ਦਿਖਣ ਲੱਗ ਪਏ ਉਹ ਕੁੜੀਆਂ ਨੂੰ ਕਹਿੰਦੀ,
"ਜਾਓ ਨੀ ਭਾਈ ਪਿੱਛੇ ਮੁੜ ਜੋ ਕਿਸੇ ਦੀ ਨਜ਼ਰ ਕਹੀ ਕਿਸੇ ਦੀ ਨਜ਼ਰ ਕਹੀ। ਮੇਰੇ ਬਾਪ ਦੇ ਬਾਗ ਨੂੰ ਨਜ਼ਰ ਲੱਗ ਜੂ ਗੀ।"
ਓਹ ਇੱਕ ਘੋੜੇ ਤੇ ਆਪ ਚੜ੍ਹਗੀ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਲੈ ਕੇ ਤੁਰ ਪਈ।
ਰਸਤੇ ਵਿੱਚ ਇੱਕ ਡੈਣ ਦਾ ਘਰ ਸੀ। ਉਹ ਉਸ ਘਰ 'ਚ ਜਾ ਵੜੇ। ਡੈਣ ਤਾਂ ਘਰ ਨੀ ਸੀ ਪਰ ਉਸ ਦੀ ਨੂੰਹ ਘਰ ਸੀ। ਉਹ ਪਹਿਲਾਂ ਉਹਨਾਂ ਕੰਨੀ ਦੇਖ ਕੇ ਹੱਸੀ ਤੇ ਫੇਰ ਰੋਈ।
ਮੁੰਡਾ ਪੁੱਛਣ ਲੱਗਾ, "ਭਾਈ ਤੂੰ ਪਹਿਲਾਂ ਹੱਸੀ ਐਂ ਫੇਰ ਰੋਈ ਐਂ। ਏਸ ਦਾ ਕਾਰਨ।"
ਕਹਿੰਦੀ, "ਥੋਡੀਆਂ ਸੂਰਤਾਂ ਸੋਹਣੀਆਂ ਨੇ ਤਾਂ ਹੱਸੀ ਆਂ, ਰੋਈ ਤਾਂ ਆਂ ਮੇਰੀ ਸੱਸ ਨੇ ਥੋਨੂੰ ਖਾ ਜਾਣੈ।"
ਐਨੇ ਖੜੇ ਹੀ ਨੇ ਓਹਨੇ ਪਾਣੀ ਮੰਗਿਆ। ਉਹ ਅਜੇ ਪਾਣੀ ਪੀ ਹੀ ਰਹੇ ਸੀ ਉਹ ਬੁੜ੍ਹੀ ਆ ਗਈ।ਉਹਨਾਂ ਨੂੰ ਉਸ ਬੁੜ੍ਹੀ ਨੇ ਮੁਹੱਬਤ ਨਾਲ ਬੁਲਾਇਆ। ਬੁੜ੍ਹੀ ਦੀ ਨੂੰਹ ਨੇ ਸੈਨਤ ਨਾਲ ਉਹਨਾਂ ਨੂੰ ਤੋਰ ਦਿੱਤਾ। ਉਹ ਚਲੇ ਗਏ। ਬੁੜ੍ਹੀ ਰੋਣ ਪਿੱਟਣ ਲੱਗ ਪਈ ਕਹਿੰਦੀ, "ਮੇਰੇ ਘਰ ਨੂੰ ਤਾਂ ਏਸ ਪੁੱਠੇ ਘਰ ਦੀ ਨੇ ਪੱਟ ਦਿੱਤੈ।ਇਹਨੇ ਦੋ ਸੋਹਣੇ ਸ਼ਿਕਾਰ ਤੋਰ ਦਿੱਤੇ।" ਉਹਦੇ ਮੁੰਡੇ ਬਾਹਰੋਂ ਆਏ। ਚਾਰੇ ਕਹਿੰਦੇ, "ਮਾਂ ਕੀ ਗੱਲ ਐ, ਤੇ ਰੋਣ ਲੱਗ ਪਈ ਐਂ।"
ਉਹ ਕਹਿੰਦੀ, "ਸ਼ਿਕਾਰ ਆਏ ਸੀ, ਇਹਨੇ ਔਤ ਘਰਦੀ ਨੇ ਤੋਰ ਦਿੱਤੇ ਤਾਂਈਂ ਇਹਦੀ ਜਾਨ ਨੂੰ ਪਿੱਟਦੀ ਆਂ।"
ਉਹ ਕਹਿੰਦੇ, "ਲੈ ਮਾਂ ਅਸੀਂ ਤਾਂ ਹੁਣ ਘੇਰ ਲਿਆਉਂਦੇ ਆਂ।"
ਉਹ ਚਾਰੇ ਉਹਨਾਂ ਦੇ ਮਗਰ ਨੱਸ ਪਏ। ਦੋਨਾਂ ਨੇ ਚਾਰੇ ਜਣੇ ਬੰਦੂਕਾਂ ਨਾਲ ਮਾਰ ਦਿੱਤੇ। ਮਗਰੋਂ ਉਹਨਾਂ ਦਾ ਪਿਓ ਚਲਿਆ ਗਿਆ। ਉਹ ਕਹਿੰਦੇ, "ਤੈੈਂ ਵੀ ਵੱਢ ਖਾਣੀ ਐਂ।"
ਬੁੜ੍ਹਾ ਕਹਿੰਦਾ, "ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਨੂੰ ਰੱਖ ਲੋ।"
ਉਹਨਾਂ ਨੇ ਉਹਨੂੰ ਕੱਖ ਪਾਉਣ ਨੂੰ ਰੱਖ ਲਿਆ। ਮੁੰਡਾ ਸੁੱਤਾ ਪਿਆ ਸੀ। ਕੁੜੀ ਬਾਹਰ ਨੂੰ ਗਈ ਹੋਈ ਸੀ। ਬੁੜ੍ਹੇ ਨੇ ਮੁੰਡਾ ਵੱਢ ਦਿੱਤਾ। ਕੁੜੀ ਬਾਹਰੋਂ ਆਈ ਬੁੜ੍ਹੇ ਨੂੰ ਕਹਿਣ ਲੱਗੀ, "ਏਸ ਨੂੰ ਠਾਲੋ ਆਪਾਂ ਚੱਲੀਏ।"
ਬੁੜ੍ਹਾ ਕਹਿੰਦਾ, "ਇਹ ਤਾਂ ਮੈਂ ਵੱਢ ਦਿੱਤਾ।"
ਉਹ ਕਹਿੰਦੀ, "ਚੰਗਾ ਕੀਤਾ ਜੇ ਵੱਢ ਦਿੱਤਾ। ਮੈਨੂੰ ਕਿੱਥੇ ਪਰਦੇਸ 'ਚ ਕੱਢ ਕੇ ਲੈ ਆਇਆ ਸੀ।"
ਬੁੜ੍ਹਾ ਤੇ ਕੁੜੀ ਅੱਗੇ ਜਾਂਦੇ ਨੇ।ਕੁੜੀ ਕਹਿੰਦੀ, "ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਹ ਉਡਦੇ ਜਾਨਵਰਾਂ ਨੂੰ ਗੋਲੀ ਮਾਰ ਕੇ ਮਾਰ ਦਿਆ ਕਰਦਾ ਸੀ।"
ਉਹ ਕਹਿਣ ਲੱਗਾ, "ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦੇਨਾਂ। ਜਾਂਦੇ ਜਨੌਰ ਨੂੰ ਮਾਰਨਾ ਕੀ ਔਖੈ।"
ਉਹ ਮਾਰਨ ਲੱਗਿਆ ਤੇ ਉਪਰ ਤੱਕਣ ਲੱਗਾ। ਕੁੜੀ ਨੇ ਗੋਲੀ ਮਾਰ ਕੇ ਬੁੜ੍ਹਾ ਮਾਰ ਦਿੱਤਾ।
ਫੇਰ ਉਹ ਘੋੜੇ ਲੈਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਢਿਆ ਪਿਆ ਸੀ।ਉਹ ਉਥੇ ਬੈਠੀ ਰੋਂਦੀ ਐ ਤੇ ਵਰਲਾਪ ਕਰਦੀ ਐ।
ਜਦ ਉਹ ਰੋਂਦੀ ਐ ਮਹਾਂਦੇਵ ਤੇ ਪਾਰਬਤੀ ਜਾਂਦੇ ਨੇ। ਪਾਰਬਤੀ ਕਹਿੰਦੀ, "ਮਹਾਂਦੇਵ ਮੈਂ ਤਾਂ ਦੇਖ ਕੇ ਆਉਨੀ ਆਂ ਬਈ ਬੈਠੀ ਕੌਣ ਰੋਂਦੀ ਐ।
ਉਹ ਕਹਿੰਦਾ, "ਕੀ ਲੈਣਾ ਪਾਰਬਤੀ। ਮੁਲਕ ਮਾਹੀ ਦਾ ਵਸਦੈ ਕੋਈ ਰੋਂਦੈ ਕੋਈ ਹਸਦੈ।"
ਕਹਿੰਦੀ, "ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣੈ।"
ਉਹ ਉਸ ਨੂੰ ਉਹਦੇ ਕੋਲ ਲੈ ਗਿਆ।
ਮਹਾਂਦੇਵ ਨੇ ਅਮੀ ਜਲ ਦਾ ਛਿੱਟਾ ਦਿੱਤਾ। ਉਹ ਰਾਮ ਰਾਮ ਕਰਦਾ ਉਠ ਖੜੋਤਾ।
ਉਹ ਕਹਿੰਦਾ, "ਬੜਾ ਸੁੱਤਾ, ਅੱਜ ਤਾਂ ਬੜੀ ਨੀਂਦ ਆਈ।
ਕੁੜੀ ਕਹਿੰਦੀ, "ਕਿੱਥੇ ਸੁੱਤਾ ਤੂੰ, ਬੁੜ੍ਹਾ ਤਾਂ ਤੈਨੂੰ ਵੱਢ ਕੇ ਚਲਿਆ ਗਿਆ ਸੀ। ਉਹਨੂੰ ਮੈਂ ਵੱਢ ਆਈ ਆਂ।"
ਉਹ ਫੇਰ ਅੱਗੇ ਤੁਰ ਪਏ। ਗਹਾਂ ਉਹਨਾਂ ਨੂੰ ਬਾਜ਼ੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ। ਬਾਜ਼ੀਗਰਨੀ ਕੁੜੀ ਨੂੰ ਕਹਿਣ ਲੱਗੀ, "ਜੀਹਦੇ ਨਾਲ ਤੂੰ ਫਿਰਦੀ ਐਂ, ਤੈਨੂੰ ਪਤੈ ਇਹਦੀ ਕੀ ਜਾਤ ਐ ?"
ਮੈਨੂੰ ਤਾਂ ਪਤਾ ਨੀ ।"
ਬਾਜ਼ੀਗਰਨੀ ਕਹਿੰਦੀ, "ਤਾਂ ਜਾਤ ਪੁੱਛ-ਉਹਦੇ ਨਾਲ ਰਾਤ ਨੂੰ ਰੋਟੀ ਖਾਈਂ।"
ਉਹਦੇ ਨਾਲ ਆਥਣ ਨੂੰ ਰੋਟੀ ਖਾਣ ਲੱਗ ਪਈ। ਮੁੰਡਾ ਬੁਰਕੀ ਬਾਂਹ ਵਿੱਚ ਪਾਈ ਜਾਵੇ ਕੁੜੀ ਮੂੰਹ ਵਿੱਚ।
ਬਾਜ਼ੀਗਰਨੀ ਸਵੇਰੇ ਉਠਦਿਆਂ ਨੂੰ ਕਹਿੰਦੀ, "ਤੈਨੂੰ ਜਾਤ ਦਾ ਪਤਾ ਲੱਗਿਆ ?"
"ਮੈਨੂੰ ਤਾਂ ਭੈਣੇ ਪਤਾ ਨੀ ਲੱਗਿਆ।"
"ਰੋਟੀ ਤੇਰੇ ਨਾਲ ਖਾਧੀ ਫੇਰ ਵੀ ਪਤਾ ਨੀ ਲੱਗਿਆ। ਅੱਛਾ ਜੇ ਪਤਾ ਕਰਨੈ ਤਾਂ ਏਸ ਦੇ ਨਾਲ ਤਦ ਤੁਰੀਂ ਜਦ ਇਹ ਆਪਣੀ ਜਾਤ ਦੱਸੂਗਾ।"
ਉਹ ਕਹਿੰਦਾ, "ਚਲ ਆਪਾਂ ਚੱਲੀਏ।"
ਉਹ ਕਹਿੰਦੀ, "ਮੈਂ ਜਾਤ ਪੁਛਣੀ ਐਂ, ਪਹਿਲਾਂ ਜਾਤ ਦਸ ਤਾਂ ਤੁਰੂੰਗੀ।"


ਕਹਿੰਦਾ, "ਜਾਤ ਤੋਂ ਕੀ ਲੈਣੈ। ਤੂੰ ਨਾਲ ਤੁਰਪੈ।
ਉਹ ਕਹਿੰਦੀ, "ਕਿਵੇਂ ਕਰ, ਮੈਂ ਤਾਂ ਜਾਤ ਪੁੱਛ ਕੇ ਜਾਊਂ ਮੈਂ ਤਾਂ ਜਾਣਾ ਨੀ।"
ਮੁੜ ਮੁੜ ਕੇ ਉਹਨੂੰ ਜਾਤ ਪੁੱਛੀ ਜਾਵੇ। ਫੇਰ ਉਹ ਹਾਰ ਕੇ ਟੋਭੇ ਦੇ ਕਿਨਾਰੇ ਖੜ੍ਹ ਗਿਆ।ਉਹ ਕਹਿੰਦੀ ਜਾਤ ਦੱਸ।
ਉਹ ਟੋਭੇ ਚ ਬੜ ਕੇ ਕਹਿੰਦਾ :
"ਗਿੱਟੇ ਗਿੱਟੇ ਪਾਣੀ
ਤੂੰ ਮੁੜ ਚਲ ਰਾਣੀ"
ਉਹ ਫੇਰ ਪੁੱਛੀ ਗਈ। ਟੋਭੇ 'ਚ ਹੋਰ ਅਗਾਂਹ ਜਾ ਕੇ ਕਹਿੰਦਾ :
"ਗੋਡੇ ਗੋਡੇ ਪਾਣੀ
ਤੂੰ ਮੁੜ ਚੱਲ ਰਾਣੀ"
"ਮੈਂ ਤਾਂ ਜਾਤ ਪੁੱਛਣੀ ਐਂ ਤਾਂ ਜਾਣੈਂ।"
ਮੁੰਡੇ ਦੇ ਪਾਣੀ ਲੱਕ ਤੱਕ ਆ ਗਿਆ-ਫੇਰ ਗਲ-ਗਲ, ਫੇਰ ਉਹਨੇ ਟੋਭੇ 'ਚ ਟੁੱਭੀ ਮਾਰੀ ਤੇ ਫਣ ਵਖਾ ਕੇ ਪਾਣੀ ਵਿੱਚ ਅਲੋਪ ਹੋ ਗਿਆ।
ਕੁੜੀ ਡੌਰ ਭੌਰ ਹੋਈ ਰੋਣ ਲੱਗ ਪਈ।