ਬਾਤਾਂ ਦੇਸ ਪੰਜਾਬ ਦੀਆਂ/ਠੱਗਾਂ ਨੂੰ ਸਬਕ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਠੱਗਾਂ ਨੂੰ ਸਬਕ


ਦੋ ਭਾਈ ਸੀ। ਇਕ ਲੰਬੜਦਾਰ ਸੀ। ਇੱਕ ਖੇਤੀ ਕਰਦਾ ਹੁੰਦਾ ਸੀ। ਜਿਹੜਾ ਖੇਤੀ ਕਰਦਾ ਸੀ ਉਹਨੂੰ ਕਿਸੇ ਨੇ ਸਖਾ ਦਿੱਤਾ, ਤੂੰ ਸਾਰਾ ਦਿਨ ਕੰਮ ਕਰਦਾ ਰਹਿਨੈ-ਲੰਬੜਦਾਰ ਸਾਰਾ ਦਿਨ ਵਿਹਲਾ ਰਹਿੰਦੈ।"
ਦੂਏ ਦਿਨ ਖੇਤੀ ਆਲਾ ਆਪਣੇ ਬੜੇ ਭਾਈ ਨੂੰ ਕਹਿੰਦਾ “ਮੈਨੂੰ ਤਾਂ ਅੱਡ ਕਰ ਦੇ, ਮੈਂ ਤਾਂ ਨੀ ਤੇਰੇ ਨਾਲ ਰਹਿਣਾ।"
ਵੰਡ ਵੰਡਾਈ ਹੋ ਗਈ-ਉਹਦੇ ਹਿੱਸੇ ਇੱਕ ਬਲਦ ਆਇਆ, ਕੱਲੇ ਬਲਦ ਨਾਲ ਖੇਤੀ ਕਿੱਥੋਂ ਹੋਣੀ ਸੀ। ਉਹ ਬਲਦ ਨੂੰ ਮੰਡੀ ਵਿੱਚ ਬੇਚਣ ਲਈ ਲੈ ਕੇ ਤੁਰ ਪਿਆ। ਰਸਤੇ ਵਿੱਚ ਠੱਗਾਂ ਦੀਆਂ ਪੰਜ ਝੁਗੀਆਂ ਸੀ। ਪਹਿਲਾ ਠੱਗ ਮਿਲਿਆ। ਉਹ ਬੋਲਿਆ, “ਤੂੰ ਇਹ ਕੱਟਾ ਕਿੱਥੇ ਨੂੰ ਲੈ ਕੇ ਚੱਲਿਐ।”
ਮੁੰਡਾ ਬੋਲਿਆ, “ਅੰਨ੍ਹਾ ਹੋਇਆ ਹੋਇਐਂ, ਇਹ ਤਾਂ ਬੌਲਦ ਐ।”
ਅੱਗੇ ਗਿਆ ਦੂਜੀ ਝੁੱਗੀ ਵਾਲਾ ਠੱਗ ਮਿਲਿਆ-ਉਹ ਕਹਿੰਦਾ, “ਇਹ ਕੱਟਾ ਕਿੱਥੇ ਨੂੰ ਲਈ ਜਾਨੈਂ।”
“ਤੈਨੂੰ ਨੀ ਦੀਂਹਦਾ, ਇਹ ਕੱਟਾ ਥੋੜੈ, ਇਹ ਬੌਲਦ ਐ।’’ ਮੁੰਡੇ ਨੇ ਅੱਗੋਂ ਕਿਹਾ।
ਇਸੇ ਤਰ੍ਹਾਂ ਤੀਜੀ, ਚੌਥੀ ਤੇ ਪੰਜਵੀਂ ਝੁੱਗੀ ਵਾਲੇ ਠੱਗਾਂ ਨੇ ਵੀ ਬੌਲਦ ਨੂੰ ਕੱਟਾ ਕਿਹਾ ਮੁੰਡਾ ਬੌਦਲ ਗਿਆ। ਪੰਜੇ ਠੱਗ ਫਿਰ ਕਹਿੰਦੇ, “ਸਾਡੇ ਕੋਲ ਇੱਕ ਬੁੜ੍ਹੇ ਨਾ ਤੇਰੀ ਕਰੇ ਨਾ ਸਾਡੀ ਕਰੇ।"
ਬੁੜ੍ਹੇ ਕੋਲ ਚਲੇ ਗਏ। ਬੂੜ੍ਹਾ ਕਹਿੰਦਾ, “ਕੱਟਾ ਬੇਚਣੈ?"
ਜੱਟ ਕਹਿੰਦਾ, “ਹਾਂ।’’ ਤੇ ਬੂੜ੍ਹਾ ਫੇਰ ਬੋਲਿਆ, “ਜੱਟ ਕੱਟਾ ਮੰਡੀ ਲੈ ਕੇ ਜਾਂਦੇ ਨੇ ਓਥੇ ਜਾਂ ਸਵਾ ਰੁਪਯਾ ਮਿਲਦੈ ਜਾਂ ਢਾਈ ਰੁਪਯੇ ਚਲ ਤੈਨੂੰ ਅਸੀਂ ਢਾਈ ਰੁਪਯੇ ਦੇ ਦਿੰਨ ਆਂ।”
ਜੱਟ ਰੁਪਏ ਲੈ ਕੇ ਘਰ ਨੂੰ ਆ ਗਿਆ। ਘਰ ਲੰਬੜਦਾਰ ਕਹਿੰਦਾ, “ਬੌਲਦ ਕਿੰਨੇ ਨੂੰ ਬੇਚ ਆਂਦੈ।”
ਉਹ ਬੋਲਿਆ, “ਤੂੰ ਕਿਤੇ ਮੈਨੂੰ ਬੌਲਦ ਦਿੱਤਾ ਸੀ ਤੂੰ ਤਾਂ ਮੈਨੂੰ ਕੱਟਾ ਦਿੱਤਾ ਸੀ ਉਹ ਮੈਂ ਢਾਈ ਰੁਪਏ ਨੂੰ ਬੇਚ ਆਂਦੈ।”
ਨੰਬੜਦਾਰ ਬੋਲਿਆ, “ਤੈਂ ਢਾਈ ਰੁਪਏ ਨੂੰ ਕਿਉਂ ਬਚਿਐ, ਉਹ ਤਾਂ ਦੋ ਸੌ ਰੁਪਏ ਦਾ ਬੌਲਦ ਸੀ।" ਨੰਬੜਦਾਰ ਫੇਰ ਕਹਿੰਦਾ, “ਤੂੰ ਏਥੇ ਖੇਤੀ ਕਰ ਮੈਂ ਉਹ ਲੈ ਕੇ ਆਉਨਾ।”
ਨੰਬੜਦਾਰ ਨੇ ਤੀਵੀਆਂ ਵਾਲੇ ਕਪੜੇ ਪਾ ਲਏ। ਕਪੜੇ ਪਾ ਕੇ ਉਸੇ ਰਾਹ ਤੁਰ ਪਿਆ ਜਿੱਧਰ ਉਹਦਾ ਛੋਟਾ ਭਾਈ ਗਿਆ ਸੀ। ਪਹਿਲੀ ਝੁੱਗੀ ਆਈ ਤਾਂ ਠੱਗ ਬੋਲਿਆ, "ਭਾਗਵਾਨੇ ਕਿੱਥੇ ਜਾਣੈ?"
ਉਹ ਕਹਿੰਦੀ, “ਜਿਹੜਾ ਮੈਨੂੰ ਰੱਖ ਲਵੇ ਉਹਦੇ ਜਾਣੈ।"
ਉਸੇ ਤਰ੍ਹਾਂ ਪੰਜਾਂ ਨੇ ਕਿਹਾ। ਉਸ ਨੂੰ ਫੇਰ ਉਹ ਬੁੜ੍ਹੇ ਦੀ ਝੁੱਗੀ ਵਿੱਚ ਲੈ ਗਏ। ਉਹ ਓਥੇ ਗਏ ਤਾਂ ਬੋਲੀ, “ਥੋਡੇ ਘਰ ਤਾਂ ਕੋਈ ਚੀਜ਼ ਵੀ ਨਹੀਂ।”
ਉਹਨੇ ਪੰਜੇ ਸ਼ਹਿਰ ਨੂੰ ਖਾਣ ਪੀਣ ਦੀਆਂ ਚੀਜ਼ਾਂ ਲੈਣ ਭੇਜ ਦਿੱਤਾ ਤੇ ਮਗਰੋਂ ਬੁੜ੍ਹੇ ਨੂੰ ਫੜ ਲਿਆ। ਉਹ ਉਹਨੂੰ ਕੁੱਟਣ ਲੱਗ ਪਿਆ। ਬੂੜਾ ਕਹਿੰਦਾ, “ਐਸ ਖੂੰਜੇ ਤਿੰਨ ਸੌ ਪਿਐ ਉਹ ਕੱਢ ਲੈ।"
ਉਹ ਤਿੰਨ ਸੌ ਰੁਪਯਾ ਕੱਢ ਕੇ ਆਪਣੇ ਘਰ ਨੂੰ ਆ ਗਿਆ।
ਦੁਏ ਦਿਨ ਨੰਬਰਦਾਰ ਨੇ ਫੇਰ ਭੇਸ ਬਦਲਿਆ, ਸੰਦੂਕੜੀ ਲੈ ਲਈ ਉਹਦੇ 'ਚ ਸ਼ੀਸ਼ੀਆਂ ਪਾ ਲਈਆਂ, ਕਿਸੇ ਸ਼ੀਸ਼ੀ 'ਚ ਸੁਆਹ ਪਾ ਲਈ ਕਿਸੇ ਵਿੱਚ ਕਾਲਾ ਪਾਣੀ। ਸ਼ੀਸ਼ੀਆਂ ਲੈ ਕੇ ਉਸੇ ਰਾਹ ਤੁਰ ਪਿਆ। ਨਾਲੇ ਤੁਰਿਆ ਜਾਵੇ ਨਾਲੇ ਬੋਲੇ, "ਵੈਦ ਹਕੀਮ, ਵੈਦ ਹਕੀਮ|"
ਜਿਹੜੇ ਪੰਜੇ ਠੱਗ ਸੀ ਬੋਲੇ, “ਸਾਡੇ ਬੁੜ੍ਹੇ ਦੇ ਸੱਟਾਂ ਲੱਗੀਆਂ ਹੋਈਆਂ ਨੇ। ਦੇਖ ਤਾਂ।”
ਓਸ ਨੇ ਫੇਰ ਪੰਜੇ ਸ਼ਹਿਰ ਨੂੰ ਭੇਜ ਦਿੱਤੇ ਮਗਰੋਂ ਫੇਰ ਬੁੜਾ ਫੜ ਲਿਆ। ਕੁੱਟਣ ਲੱਗ ਪਿਆ। ਬੁੜਾ ਫੇਰ ਬੋਲਿਆ, “ਤਿੰਨ ਸੌ ਰੁਪਯਾ ਐਸ ਖੂੰਜੇ ਪਿਐ।"
ਉਹਨੇ ਰੁਪਿਆ ਕੱਢਿਆ ਤੇ ਮੁੜ ਕੇ ਆਪਣੇ ਘਰ ਆ ਗਿਆ।
ਅਗਲੇ ਦਿਨ ਫੇਰ ਰਸਤੇ ਵਿੱਚ ਇੱਕ ਮੁੰਡਾ ਭੇਡਾਂ ਚਾਰ ਰਿਹਾ ਸੀ।ਉਹਨੂੰ ਨੰਬਰਦਾਰ ਕਹਿੰਦਾ, “ਤੂੰ ਓਸ ਝੁੱਗੀ ਵਿੱਚ ਇੱਟ ਮਾਰ ਕੇ ਨੱਠ ਜਾਈਂ ਤੇ ਉਹਨਾਂ ਨੂੰ ਡਾਹ ਨਾ ਦਈਂ।”
ਮੁੰਡੇ ਨੇ ਝੁੱਗੀ ਵਿੱਚ ਜਾ ਕੇ ਇੱਟ ਮਾਰੀ। ਪੰਜੇ ਜਣੇ ਉਹਦੇ ਮਗਰ ਪੈ ਗਏ ਜਦ ਉਹ ਕਾਫੀ ਦੂਰ ਚਲੇ ਗਏ ਤਾਂ ਨੰਬੜਦਾਰ ਝੁੱਗੀ ਵਿੱਚ ਆ ਕੇ ਬੁੜ੍ਹੇ ਨੂੰ ਕੁੱਟਣ ਲੱਗ ਪਿਆ। ਇਸ ਤਰਾਂ ਉਹਨੇ ਫੇਰ ਤੀਜੇ ਖੂੰਜੇ ਵਿਚੋਂ ਤਿੰਨ ਸੌ ਕਢਵਾ ਲਿਆ। ਰੁਪਏ ਕੱਢ ਕੇ ਘਰ ਨੂੰ ਆ ਗਿਆ।
ਇਸ ਤਰ੍ਹਾਂ ਨੰਬਰਦਾਰ ਨੇ 9੦੦ ਰੁਪਏ ਲੈ ਕੇ ਠੱਗਾਂ ਨੂੰ ਸਬਕ ਸਖਾਇਆ।