ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਦੋ ਸਾਹਸੀ ਭਰਾ

ਵਿਕੀਸਰੋਤ ਤੋਂ

ਦੋ ਸਾਹਸੀ ਭਰਾ

ਇੱਕ ਸੀ ਰਾਜਾ। ਉਹਦੇ ਉਲਾਦ ਨਾ ਸੀ ਹੁੰਦੀ। ਓਥੇ ਇੱਕ ਸਾਧ ਆਇਆ। ਉਹਦੀ ਉਹ ਸੇਵਾ ਵਿੱਚ ਲੱਗ ਗਿਆ।
ਸਾਧ ਕਹਿੰਦਾ, “ਮੰਗ ਬੱਚਾ ਜੋ ਕੁਝ ਮੰਗਣੈ।"
“ਥੋਡਾ ਦਿੱਤਾ ਬਹੁਤ ਕੁਝ ਐ" ਰਾਜਾ ਬੋਲਿਆ।
ਉਹਨੇ ਤਿੰਨ ਬਚਨ ਬੋਲੇ। ਤੀਜੇ ਬਚਨ ਨੂੰ ਰਾਜਾ ਕਹਿੰਦਾ, “ਮੇਰੇ ਉਲਾਦ ਨੀ ਹੁੰਦੀ, ਕਿਵੇਂ ਨਾ ਕਿਵੇਂ ਉਲਾਦ ਹੋਣ ਲੱਗ ਪਏ।"
ਸਾਧ ਕਹਿੰਦਾ, “ਕਿੰਨੀਆਂ ਰਾਣੀਆਂ ਨੇ ਤੇਰੇ।"
ਉਹ ਕਹਿੰਦਾ, “ਤਿੰਨ|”
ਇੱਕ ਵੱਡੀ ਰਾਣੀ ਉਹਦੇ ਨਾਲੋਂ ਅੱਡ ਰਹਿੰਦੀ ਸੀ। ਸਾਧ ਨੇ ਉਹਨੂੰ ਇੱਕ ਖੂੰਡਾ ਦੇ ਕੇ ਕਿਹਾ, “ਇੱਕ ਅੰਬ ਤੇ ਇਹ ਖੂੰਡਾ ਮਾਰੀਂ, ਇਹਦੇ ਨਾਲ ਤਿੰਨ ਅੰਬ ਝੜ ਆਉਣਗੇ, ਓਹੀ ਅੰਬ ਤਿੰਨਾਂ ਰਾਣੀਆਂ ਨੂੰ ਦੇ ਦਈਂ।”
ਰਾਜੇ ਨੇ ਬਾਗ ਵਿੱਚ ਜਾ ਕੇ ਅੰਬ ਉੱਤੇ ਖੂੰਡਾ ਮਾਰਿਆ। ਪਹਿਲੀ ਵਾਰੀ ਹੀ ਤਿੰਨ ਅੰਬ ਝੜ ਪਏ ਪਰ ਉਹਨੇ ਲਾਲਚ ਵਿੱਚ ਇੱਕ ਵਾਰੀ ਫੇਰ ਖੂੰਡਾ ਮਾਰਿਆ। ਐਤਕੀ ਖੂੰਡਾ ਉਪਰ ਹੀ ਫਸ ਗਿਆ। ਜਦ ਰਾਜਾ ਅੰਬ ਉੱਤੇ ਚੜ੍ਹੇ ਤਾਂ ਖੂੰਡਾ ਥੱਲੇ ਆ ਜਾਵੇ, ਜਦ ਥੱਲੇ ਆਵੇ ਤੇ ਖੂੰਡਾ ਉਪਰ ਚਲਿਆ ਜਾਵੇ। ਰਾਜਾ ਮੁੜ ਕੇ ਫੇਰ ਓਸੇ ਸਾਧ ਕੋਲ ਚਲਿਆ ਗਿਆ। ਜਾ ਕੇ ਕਹਿੰਦਾ, “ਖੰਡਾ ਉੱਤੋਂ ਨੀ ਲਹਿੰਦਾ।"
“ਤੂੰ ਦੁਆ ਮਾਰਿਆ ਹੋਉਗਾ।" ਸਾਧ ਨੇ ਪੁੱਛਿਆ।
“ਮਾਰਿਆ ਤਾਂ ਸੀਗਾ।"
"ਜਾ ਤੂੰ ਆਪਣੇ ਘਰ ਨੂੰ, ਇਹ ਅੰਬ ਤਿੰਨਾਂ ਰਾਣੀਆਂ ਨੂੰ ਇੱਕ-ਇੱਕ ਦੇ ਦਈਂ।” ਸਾਧ ਨੇ ਰਾਜੇ ਨੂੰ ਆਖਿਆ।
ਰਾਜੇ ਨੇ ਘਰ ਜਾ ਕੇ ਇੱਕ ਅੰਬ ਆਪਣੀ ਬਾਂਦੀ ਨੂੰ ਦੇ ਦਿੱਤਾ ਦੋ ਛੋਟੀਆਂ ਰਾਣੀਆਂ ਨੂੰ ਦੇ ਦਿੱਤੇ। ਤੀਜੀ ਰਾਣੀ ਨੂੰ ਉਹਨੇ ਕੁਝ ਨਾ ਦਿੱਤਾ। ਉਹ ਰਾਣੀ ਕਹਿੰਦੀ, “ਮੈਂ ਤਾਲਾਬ ਤੇ ਚਲੀ ਜਾਊਗੀ, ਰੁਮਾਲ 'ਚ ਜਿਹੜਾ ਕੁਝ ਫਸੂ ਗਾ ਮੈਂ ਖਾ ਕੇ ਮਰ ਜਾਊਂਗੀ।"
ਬੜੀ ਰਾਣੀ ਤਾਲਾਬ ਤੇ ਗਈ। ਉਹਦੇ ਰੁਮਾਲ ਵਿੱਚ ਇੱਕ ਗਾਜਰ ਫਸ ਗਈ। ਉਹਨੇ ਉਹ ਛਿੱਲੀ ਤੇ ਚਾਕੂ ਨਾਲ ਛੇ ਫਾੜੀਆਂ ਕਰ ਲਈਆਂ, ਛੇ ਹੀ ਘਰ ਨੂੰ ਲੈ ਆਈ ਦੋ ਕੁੱਤੀ ਨੂੰ ਦੇ ਦਿੱਤੀਆਂ, ਦੋ ਘੋੜੀ ਨੂੰ ਦੇ ਦਿੱਤੀਆਂ ਦੋ ਆਪ ਖਾ ਲਈਆਂ।
ਦੋਹਾਂ ਰਾਣੀਆਂ ਤੇ ਇੱਕ ਬਾਂਦੀ ਦੇ ਇੱਕ-ਇੱਕ ਮੁੰਡਾ ਹੋਇਆ, ਕੁੱਤੀ ਦੇ ਦੋ ਕਤੂਰੇ , ਘੋੜੀ ਦੇ ਦੋ ਬਛੇਰੇ ਅਤੇ ਬੜੀ ਰਾਣੀ ਦੇ ਦੋ ਲੜਕੇ ਹੋਏ। ਰਾਜਾ ਸਾਧ ਕੋਲ ਚਲਿਆ ਗਿਆ ਜਾ ਕੇ ਕਹਿੰਦਾ, “ਤੇਰੇ ਬਚਨ ਪੂਰੇ ਹੋਗੇ।"
ਸਾਧ ਫਿਰ ਬੋਲਿਆ, “ਜਾ ਬੜੀ ਰਾਣੀ ਦੇ ਮੁੰਡੇ ਨੂੰ ਮੇਰੇ ਕੋਲ ਲਿਆ।"
ਉਹਨੇ ਲਿਆਂਦੇ, ਲਿਆ ਕੇ ਬਠਾਲ ਦਿੱਤੇ। ਸਾਧ ਨੇ ਇਕ ਦਿਹਾੜੀ ਰੱਖੇ-ਆਥਣ ਨੂੰ ਘਰ ਨੂੰ ਭੇਜ ਦਿੱਤੇ। ਕਹਿੰਦਾ, “ਕੱਲ ਨੂੰ ਫੇਰ ਆ ਜਾਇਓ।"
ਉਹ ਘਰ ਨੂੰ ਚਲੇ ਗਏ। ਦੂਜੇ ਦਿਨ ਉਹਦੇ ਕੋਲ ਫੇਰ ਆ ਗਏ। ਸਾਧ ਨੇ ਦੋਹਾਂ ਨੂੰ ਘੜੇ ਦੇ ਦਿੱਤੇ, ਕਹਿੰਦਾ, “ਜਾਓ ਤੇਲ ਦੇ ਭਰ ਕੇ ਲਿਆਓ, ਜਿਹੜਾ ਪਹਿਲਾਂ ਭਰ ਕੇ ਆਊਗਾ ਉਹਨੂੰ ਮੈਂ ਰੱਖਲੂੰ ਗਾ।"
ਰਾਣੀ ਦੇ ਬੜੇ ਮੁੰਡੇ ਕੋਲ ਰੁਮਾਲ ਸੀ ਤੇ ਦੂਜਾ ਹੱਥਾਂ ਨਾਲ ਭਰਦਾ ਸੀ। ਬੜਾ ਰੁਮਾਲ ਭਿਉਂ ਕੇ ਘੜੇ ਵਿੱਚ ਨਚੋੜ ਲੈਂਦਾ ਸੀ ਦੂਜਾ ਹੱਥਾਂ ਨਾਲ ਝਾੜਦਾ ਸੀ। ਵੱਡਾ ਮੁੰਡਾ ਪਹਿਲਾਂ ਭਰ ਕੇ ਆ ਗਿਆ। ਸਾਧ ਨੇ ਫੇਰ ਉਹਨਾਂ ਨੂੰ ਘਰ ਨੂੰ ਭੇਜ ਦਿੱਤਾ ਨਾਲੇ ਕਿਹਾ, "ਬੜਿਆ ਤੂੰ ਹੀ ਆਈਂ, ਛੋਟਾ ਓਥੇ ਹੀ ਰਹੇ।"
ਬੜਾ ਮੁੰਡਾ ਇੱਕ ਕੁੱਤੀ ਤੇ ਇੱਕ ਘੋੜੀ ਆਪਣੇ ਨਾਲ ਲੈ ਕੇ ਤੁਰ ਪਿਆ ਤੇ ਸਾਧ ਕੋਲ ਆ ਗਿਆ। ਸਾਧ ਦਾ ਤੇਲ ਦਾ ਕੜਾਹਾ ਤਪਾਇਆ ਹੋਇਆ ਸੀ। ਬੜੇ ਮੁੰਡੇ ਨੂੰ ਕਹਿੰਦਾ, “ਤੂੰ ਇਹਦੇ ਆਲੇ ਦੁਆਲੇ ਸੱਤ ਗੇੜੇ ਦੇਹ।"
“ਮੈਨੂੰ ਤਾਂ ਬਾਬੇ ਆਉਂਦੇ ਨੀ, ਪਹਿਲਾਂ ਤੂੰ ਦੇ ਕੇ ਦਖਾ ਫੇਰ ਮੈਂ ਦਊਂਗਾ।"
ਸਾਧ ਨੇ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਉਹਨੇ ਪੰਜ ਗੇੜੇ ਦਿੱਤੇ, ਮੁੰਡੇ ਨੇ ਛੇਵੇਂ ਗੇੜੇ ਨੂੰ ਸਾਧ ਨੂੰ ਚੱਕ ਕੇ ਕੜਾਹੇ ਵਿੱਚ ਸੁੱਟ ਦਿੱਤਾ। ਸਾਧ ਦੀ ਭੁਜ ਕੇ ਖਿੱਲ ਬਣ ਗਈ-ਮੁੰਡੇ ਨੇ ਖਿੱਲ ਚੁੱਕ ਕੇ ਬਾਹਰ ਸੁੱਟ ਦਿੱਤੀ। ਮਗਰੋਂ ਉਹ ਆਪ ਨਾਹਤਾ ਨਾਲੇ ਕੁੱਤੀ ਤੇ ਘੋੜੀ ਨਲ੍ਹਾਈ। ਨਲ੍ਹਾਹ ਕੇ ਕਹਿੰਦਾ, “ਪਿੱਛੇ ਨੂੰ ਕਾਹਨੂੰ ਮੁੜਨੇਂ, ਮੂਹਰੇ ਨੂੰ ਈ ਚੱਲਦੇ ਆਂ।"
ਚਲੋ ਚਾਲ ਜਾਂਦੈ। ਇੱਕ ਸ਼ਹਿਰ ਆ ਗਿਆ। ਉਸੇ ਸ਼ਹਿਰ ਵਿੱਚ ਉਹ ਰਹਿਣ ਲੱਗ ਪਿਆ। ਉਸ ਸ਼ਹਿਰ ਦੇ ਰਾਜੇ ਦੀ ਕੁੜੀ ਵਿਆਹ ਨਹੀਂ ਸੀ ਕਰਵਾਉਂਦੀ। ਕਹਿੰਦੀ, “ਮੈਂ ਤਾਂ ਵਿਆਹ ਕਰਾਊਂਗੀ ਜੇ ਸਾਰੇ ਸ਼ਹਿਰ ਨੂੰ ਮੇਰੇ ਮੁਹਰੇ ਚੋਂ ਲੰਘਾਈਂ, ਜੀਹਦੇ ਉਪਰ ਮੈਂ ਕੰਗੂ ਦੀ ਕਟੋਰੀ ਪਾਊਂਗੀ ਉਹਦੇ ਨਾਲ ਵਿਆਹ ਕਰਵਾਊਂਗੀ।"
ਰਾਜੇ ਨੇ ਸਾਰਾ ਸ਼ਹਿਰ ਲੰਘਾ ਦਿੱਤਾ। ਉਹ ਮੁੰਡਾ ਸਭ ਤੋਂ ਪਿੱਛੇ ਸੀ। ਕੁੜੀ ਨੇ ਕਟੋਰੀ ਉਹਦੇ ਉਪਰ ਪਾ ਦਿੱਤੀ। ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਬਾਦਸ਼ਾਹ ਦੀ ਲੜਕੀ ਸ਼ੁਦੈਣ ਐ। ਦੂਜੀ ਵਾਰੀ ਫੇਰ ਸ਼ਹਿਰ ਲੰਘਾਇਆ-ਦੂਜੀ ਵਾਰੀ ਵੀ ਰਾਜੇ ਦੀ ਕੁੜੀ ਨੇ ਕਟੋਰੀ ਉਸੇ ਮੁੰਡੇ ਉੱਤੇ ਪਾ ਦਿੱਤੀ।
ਬਾਦਸ਼ਾਹ ਨੇ ਕਿਹਾ, “ਜੇ ਇਹ ਬਾਦਸ਼ਾਹ ਦਾ ਲੜਕਾ ਹੋਇਆ ਤਾਂ ਇਹ ਜ਼ਰੂਰ ਹੀ ਸ਼ਕਾਰ ਮਾਰ ਕੇ ਲਿਆਉਗਾ, ਨਹੀਂ ਇਹਤੇ ਸ਼ਕਾਰ ਨਹੀਂ ਮਾਰ ਹੋਣਾ।"
ਰਾਜੇ ਨੇ ਦੋਨੋਂ ਆਪਣੇ ਮੁੰਡੇ ਤੇ ਤੀਜਾ ਉਹ ਸ਼ਕਾਰ ਖੇਡਣ ਲਈ ਤੋਰ ਦਿੱਤੇ। ਰਾਹ ਵਿੱਚ ਮੁੰਡੇ ਨੂੰ ਇਕ ਦਰੱਖਤ ਵਖਾਈ ਦਿੱਤਾ। ਉਸ ਦਰੱਖਤ ਉੱਤੇ ਇੱਕ ਹੰਸ ਦਾ ਆਹਲਣਾ ਸੀ ਤੇ ਓਸ ਨੂੰ ਸਰਾਲ ਪੈਂਦੀ ਸੀ। ਉਹਦੇ ਕੋਲ ਸੀ ਕਰਪਾਨ। ਮੁੰਡੇ ਨੇ ਕਰਪਾਨ ਨਾਲ ਸਰਾਲ ਵੱਢ ਕੇ ਸੁੱਟ ਦਿੱਤੀ। ਮਗਰੋਂ ਆਹਲਣੇ 'ਚ ਪਏ ਬੱਚਿਆਂ ਦੇ ਮਾਂ ਪਿਓ ਆਏ। ਉਹ ਚੁੰਘਣ ਨਾ ਕਹਿੰਦੇ, “ਬੱਚਾ ਕੀ ਗੱਲ ਐ ਤੁਸੀਂ ਚੁੰਘਦੇ ਨੀਂ।"
ਇੱਕ ਕਹਿੰਦਾ, “ਮੈਂ ਤਾਂ ਇਦ੍ਹੇ ਨਾਲ ਜਾਣੈ।"
ਉਹ ਓਸ ਹੰਸ ਦੇ ਬੱਚੇ ਨੂੰ ਨਾਲ ਲੈ ਕੇ ਤੁਰ ਪਿਆ। ਦੂਜੇ ਮੁੰਡੇ ਤੀਰ ਮਾਰਦੇ ਹੀ ਰਹਿ ਜਾਣ, ਹੰਸ ਹਰ ਉਡਦੇ ਪੰਛੀ ਦੀ ਪੂਛ ਕੱਟ ਲਿਆਇਆ ਕਰੇ। ਮੁੰਡੇ ਨੇ ਨਾਲੇ ਸੇਹ ਤੇ ਗੋਹ ਵੀ ਮਾਰ ਲਈਆਂ। ਇੱਕ ਓਸ ਨੇ ਘੋੜੀ ਦੇ ਸੱਜੇ ਪਾਸੇ ਤੇ ਦੂਜੀ ਖੱਬੇ ਪਾਸੇ ਲਟਕਾ ਲਈ। ਬਾਦਸ਼ਾਹ ਦੇ ਲੜਕੇ ਉਹਨੂੰ ਕਹਿੰਦੇ, “ਸਾਡੇ ਪੱਟਾਂ 'ਚ ਮੋਰੀਆਂ ਕਰਦੇ, ਇੱਕ ਨੂੰ ਸੇਹ ਦੇ ਦੇ, ਇੱਕ ਨੂੰ ਗੋਹ ਦੇ ਦੇ।"
ਮੁੰਡੇ ਨੇ ਉਹਨਾਂ ਨੂੰ ਦੇ ਦਿੱਤੀਆਂ, ਮੋਰੀਆਂ ਕਰਕੇ ਉਹਨਾਂ ਦੇ ਪੱਟਾਂ ਤੇ ਪੈਸਿਆਂ ਦੇ ਨਸ਼ਾਨ ਲਾ ਦਿੱਤੇ। ਜਾਨਵਰਾਂ ਦੀਆਂ ਪੂਛਾਂ ਨਾਲ ਉਹਦੇ ਪੰਜ ਛੇ ਝੋਲੇ ਭਰੇ ਹੋਏ ਸੀ। ਉਹ ਰਾਜੇ ਕੋਲ ਚਲੇ ਗਏ। ਰਾਜੇ ਨੇ ਆਪਣੇ ਮੁੰਡਿਆਂ ਕੋਲ ਸ਼ਿਕਾਰ ਤੇ ਮੁੰਡੇ ਕੋਲ ਪੂਛਾਂ ਵੇਖ ਕੇ ਹੁਕਮ ਦੇ ਦਿੱਤਾ, “ਏਸ ਨੂੰ ਕੈਦ ਕਰ ਦਓ।"
ਰਾਜੇ ਦੇ ਸਪਾਹੀਆਂ ਨੇ ਉਹ ਮੁੰਡਾ ਫੜ ਲਿਆ। ਉਹ ਕਹਿੰਦਾ, “ਮੈਨੂੰ ਕੇਰਾਂ ਰਾਜੇ ਨੂੰ ਮਲਾ ਦਿਓ।"
ਉਹ ਓਸ ਨੂੰ ਰਾਜੇ ਕੋਲ ਲੈ ਗਏ। ਕਹਿੰਦਾ, “ਤੁਸੀਂ ਮੈਨੂੰ ਕੈਦ ਕਰਦੇ ਓ ਪਹਿਲਾਂ ਆਪਣੇ ਮੁੰਡਿਆਂ ਦੇ ਪੱਟ ਤਾਂ ਦੇਖੋ।"
ਉਹਨੇ ਆਪਣੇ ਮੁੰਡੇ ਸੱਦੇ ਤੇ ਪੱਟਾਂ ਤੇ ਨਸ਼ਾਨ ਵੇਖੇ। ਰਾਜਾ ਨੇ ਫੇਰ ਹੁਕਮ ਦੇ ਦਿੱਤਾ ਕਿ ਉਹਨੂੰ ਛੱਡ ਦਿਓ, ਫੇਰ ਓਸ ਦਾ ਆਪਣੀ ਕੁੜੀ ਨਾਲ ਵਿਆਹ ਕਰ ਦਿੱਤਾ।
ਉਹ ਰਾਜੇ ਦੇ ਘਰ ਰਹਿਣ ਲੱਗਾ। ਇੱਕ ਦਿਨ ਉਹ ਸ਼ਿਕਾਰ ਖੇਡਣ ਜਾਣ ਲੱਗਾ। ਕੁੜੀ ਕਹਿੰਦੀ, “ਤੂੰ ਸ਼ਕਾਰ ਖੇਡਣ ਤਿੰਨ ਕੂਟਾਂ ਜਾਈਂ, ਚੌਥੀ ਕੂੰਟ ਨਾ ਜਾਈਂ।"
"ਕਿਹੜੀ?"
"ਦੱਖਣ ਵਾਲੀ।"
ਉਹ ਕਹਿੰਦਾ, “ਉਧਰ ਹੀ ਪਹਿਲਾਂ ਜਾ ਕੇ ਦੇਖਦੇ ਆਂ....."
ਉਹ ਦੱਖਣ ਵੱਲ ਨੂੰ ਈ ਸ਼ਕਾਰ ਖੇਡਣ ਤੁਰ ਪਿਆ। ਉਹਦੇ ਮੂਹਰਿਓਂ ਝਾੜੀ ਵਿੱਚੋਂ ਇੱਕ ਸੋਨੇ ਦਾ ਹਰਨ ਨਿਕਲਿਆ। ਉਹਨੇ ਕੁੱਤੀ, ਘੋੜੀ ਤੇ ਹੰਸ ਉਹਦੇ ਮਗਰ ਨਸਾ ਦਿੱਤੇ ਪਰ ਉਹ ਸੁਨਿਹਰੀ ਹਰਨ ਨਾ ਮਰਿਆ। ਉਹ ਇੱਕ ਘਰ ਵਿੱਚ ਵੜ ਗਿਆ ਉਹ ਉਹਦੇ ਮਗਰੇ ਉਸ ਘਰ ਵਿੱਚ ਚਲਿਆ ਗਿਆ। ਹਰਨ ਤੀਵੀਂ ਬਣਿਆ ਬੈਠਾ ਸੀ। ਤੀਵੀਂ ਕਹਿੰਦੀ, “ਜੇ ਤੂੰ ਹੈਗਾ ਬਾਦਸ਼ਾਹ ਦਾ ਲੜਕਾ ਤਾਂ ਤੂੰ ਖੇਡ ਲੈ ਸਾਰਪਾਸਾ।"
“ਹੈਗਾ ਤਾਂ ਬਾਦਸ਼ਾਹ ਦਾ ਲੜਕਾ ਹੀ, ਪਰ ਖੇਡੂੰਗਾ ਵੀ ਜ਼ਰੂਰ।"
ਦੋਨੋਂ ਖੇਡਣ ਲੱਗ ਪਏ। ਸਿਰਾਂ ਤੇ ਧੜਾਂ ਦੀਆਂ ਬਾਜ਼ੀਆਂ ਲੱਗ ਗਈਆਂ। ਮੰਡੇ ਨੇ ਕੁੱਤੀ ਸੱਜੇ ਪੱਟ ਤੇ ਬਹਾਲ ਲਈ ਤੇ ਹੰਸ ਖੱਬੇ ਪੱਟ ਤੇ ਬਹਾਲ ਲਿਆ। ਦੋਨੋਂ ਪੱਟਾਂ ਤੇ ਸੌਂ ਗਏ। ਤੀਵੀਂ ਕੋਲ ਚੂਹੇ ਸੀ। ਹੰਸ ਦਾ ਬੱਚਾ ਚੂਹਿਆਂ ਤੋਂ ਡਰ ਜਾਇਆ ਕਰੇ। ਉਹ ਚੂਹਿਆਂ ਦੀ ਮਦਦ ਨਾਲ ਖੇਡ ਜਿੱਤ ਗਈ। ਉਹ ਹਾਰ ਗਿਆ। ਤੀਵੀਂ ਨੇ ਸਿਰ ਵੱਢ ਕੇ ਅਲਗ-ਅਲਗ ਚੀਜ਼ਾਂ ਕੋਠੜੀਆਂ ਵਿੱਚ ਸੁੱਟ ਦਿੱਤੀਆਂ।
ਮੁੰਡੇ ਦੀ ਮਾਂ ਪਿੱਛੇ ਬਹੁਤ ਉੱਡੀਕ ਰਹੀ ਸੀ। ਉਸ ਨੂੰ ਆਪਣੇ ਪੁੱਤ ਦਾ ਹੇਰਵਾ ਖਾਈ ਜਾ ਰਿਹਾ ਸੀ ਪਰ ਮੁੰਡਾ ਨਾ ਮੁੜਿਆ। ਫੇਰ ਉਹਦਾ ਦੂਜਾ ਭਾਈ ਕਹਿੰਦਾ, “ਮਾਂ ਤੂੰ ਰੋ ਨਾ, ਮੈਂ ਜਾਨਾਂ।" ਫੇਰ ਓਸ ਨੇ ਇੱਕ ਤੀਰ ਛੱਤਣ ਵਿੱਚ ਮਾਰਿਆ ਤੇ ਕਹਿੰਦਾ, “ਜੇ ਇਹ ਤੀਰ ਡਿੱਗ ਗਿਆ ਤਾਂ ਸਮਝੀਂ ਮੈਂ ਮਰ ਗਿਆ ਹਾਂ।”
ਮਗਰੋਂ ਉਸ ਨੇ ਇੱਕ ਘੋੜੀ, ਇੱਕ ਕੁੱਤੀ ਤੇ ਇੱਕ ਬਿੱਲੀ ਨਾਲ ਲਈ ਤੇ ਓਸੇ ਸਾਧ ਦੀ ਕੁਟੀਆ ਵਿੱਚ ਗਿਆ। ਕੜਾਹੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਨਲ੍ਹਾਈਆਂ ਤੇ ਤੁਰਦਾ ਤੁਰਦਾ ਉਸੇ ਘਰ ਵਿੱਚ ਅਪੜ ਗਿਆ ਜਿੱਥੇ ਉਹਦੇ ਭਰਾ ਦੀ ਘਰਵਾਲੀ ਰਹਿੰਦੀ ਸੀ। ਉਹਨੇ ਉਹਨੂੰ ਆਪਣੇ ਭਰਾ ਬਾਰੇ ਦੱਸਿਆ। ਕੁੜੀ ਕਹਿੰਦੀ “ਕਿਧਰੇ ਉਹ ਦੱਖਣ ਵਲ ਨਾ ਗਿਆ ਹੋਵੇ।
ਦੂਜੇ ਦਿਨ ਉਹ ਆਪਣੀਆਂ ਚੀਜ਼ਾਂ ਲੈ ਕੇ ਓਧਰ ਨੂੰ ਤੁਰ ਪਿਆ....ਫੇਰ ਉਹਨੂੰ ਓਹੀ ਸੁਨਹਿਰੀ ਹਰਨ ਵਖਾਈ ਦਿੱਤਾ ਉਹ ਉਹਦੇ ਗੈਲ ਲਗ ਪਿਆ। ਓਸੇ ਘਰ ਵਿੱਚ ਹਰਨ ਤੀਵੀਂ ਬਣ ਕੇ ਬੈਠ ਗਿਆ। ਉਹ ਉਸ ਘਰ ਵਿੱਚ ਜਾ ਵੜਿਆ। ਤੀਵੀਂ ਕਹਿੰਦੀ,
"ਜੇ ਤਾਂ ਹੈਗਾ ਬਾਦਸ਼ਾਹ ਦਾ ਲੜਕਾ ਤਾਂ ਮੇਰੇ ਨਾਲ ਸਾਰਪਾਸਾ ਖੇਡ ਲੈ ਨਹੀਂ ਏਥੋਂ ਚਲਿਆ ਜਾਹ।"
“ਹੈਗਾ ਤਾਂ ਮੈਂ ਬਾਦਸ਼ਾਹ ਦਾ ਲੜਕਾ|"
ਸਿਰਾਂ ਧੜਾਂ ਦੀਆਂ ਬਾਜ਼ੀਆਂ ਲਾ ਕੇ ਦੋਨੋ ਸਾਰਪਾਸਾ ਖੇਡਣ ਲੱਗ ਪਏ। ਉਹਨੇ ਇੱਕ ਪਾਸੇ ਬਿੱਲੀ ਬਹਾਲੀ ਲਈ ਤੇ ਦੂਜੇ ਪਾਸੇ ਕੁੱਤੀ ਬਹਾਲ ਲਈ। ਅੱਗੇ ਚੂਹੇ ਜਤਾ ਦਿੰਦੇ ਸੀ ਤੀਵੀਂ ਨੂੰ। ਬਿੱਲੀ ਦੇ ਹੋਣ ਕਰਕੇ ਚੂਹੇ ਬਾਹਰ ਨਾ ਨਿਕਲੇ। ਮੁੰਡਾ ਜਿੱਤ ਗਿਆ। ਮੁੰਡੇ ਦੇ ਬਾਰਾ ਪੌ ਓਹਦੇ ਤਿੰਨ ਕਾਣੇ।
ਉਹ ਕਹਿੰਦੀ, “ਤੂੰ ਮੈਨੂੰ ਨਾ ਵੱਢ, ਮੈਂ ਸਾਰਿਆਂ ਨੂੰ ਸੁਰਜੀਤ ਕਰ ਦਿੰਨੀ ਆਂ।"
ਉਹ ਕਹਿੰਦਾ, "ਚੰਗਾ।"
ਉਹਨੇ ਸਾਰੇ ਸੁਰਜੀਤ ਕਰ ਦਿੱਤੇ। ਸਾਰੇ ਆਪਣੇ-ਆਪਣੇ ਘਰਾਂ ਨੂੰ ਉਸ ਮੁੰਡੇ ਦਾ ਧੰਨਵਾਦ ਕਰਦੇ ਚਲੇ ਗਏ। ਮੁੰਡਾ ਤੇ ਉਹਦਾ ਭਾਈ ਗੱਲਾਂ ਕਰਦੇ ਜਾਂਦੇ ਨੇ। ਬੜਾ ਕਹਿੰਦਾ, “ਤੂੰ ਵੀਰ ਕਿੱਥੋਂ ਆਇਐਂ ?” ਛੋਟਾ ਭਾਈ ਕਹਿੰਦਾ, “ਤੇਰੇ ਸੋਹਰਿਆਂ ਦੇ ਘਰ ਚੀ ਆਇਆਂ।
ਛੋਟੇ ਦੇ ਐਨਾ ਆਖਣ ਦੀ ਦੇਰ ਸੀ ਕਿ ਬੜੇ ਨੇ ਉਹਦੇ ਗਲ ਤੇ ਕਰਪਾਨ ਮਾਰ ਕੇ ਉਹਨੂੰ ਸੁੱਟ ਦਿੱਤਾ। ਬੜਾ ਘਰ ਚਲਿਆ ਗਿਆ। ਉਹਦੇ ਘਰਵਾਲੀ ਕਹਿੰਦੀ “ਤੇਰਾ ਛੋਟਾ ਭਾਈ?"
ਉਹ ਕਹਿੰਦਾ, “ਮੈਂ ਕਰਪਾਨ ਨਾਲ ਵੱਢ ਤਾ।
ਉਹ ਰੋਂਦੀ ਪਿੱਟਦੀ ਉਹਦੇ ਛੋਟੇ ਭਾਈ ਦੀ ਲੋਥ ਕੋਲ ਜਾ ਕੇ ਬਹਿਗੀ ਤੇ ਲੱਗੀ ਵਿਰਲਾਪ ਕਰਨ। ਏਨੇ ਨੂੰ ਓਧਰੋਂ ਸ਼ਿਵਜੀ ਤੇ ਪਾਰਬਤੀ ਆਉਂਦੀ ਸੀ-ਉਹਨਾਂ ਨੇ ਉਹਦੀ ਦਹਾਈ ਸੁਣੀ। ਥੱਲੇ ਉਹਨਾਂ ਕੋਲ ਆ ਗਏ। ਪਾਰਬਤੀ ਕਹਿੰਦੀ, “ਇਹ ਕੌਣ ਏ?"
ਕਹਿੰਦੀ, “ਮੇਰਾ ਦਿਓਰ ਏ। ਪਾਰਬਤੀ ਨੇ ਫੇਰ ਉਸ ਨੂੰ ਜਿਉਂਦਾ ਕਰ ਦਿੱਤਾ।
ਦੋਨੋਂ ਭਾਈ ਓਸ ਪਿੰਡ ਤੋਂ ਚਲ ਪਏ ਨਾਲ ਬੜੇ ਦੀ ਘਰਵਾਲੀ ਵੀ ਸੀ। ਆਪਣੇ ਪਿੰਡ ਪੁੱਜੇ ਤਾਂ ਅਗਾਂਹ ਉਹਨਾਂ ਦੀ ਮਾਂ ਹਾਏ ਕਲਾਪ ਕਰਦੀ ਸੀ। ਛੋਟੇ ਮੁੰਡੇ ਦੇ ਵੱਢਣ ਕਰਕੇ ਤੀਰ ਛੱਤ ਵਿੱਚੋਂ ਡਿੱਗ ਪਿਆ ਸੀ। ਰੋ-ਰੋ ਉਹਦੀਆਂ ਅੱਖੀਆਂ ਅੰਨੀਆਂ ਹੋ ਗਈਆਂ ਸਨ। ਜਾ ਕੇ ਕਹਿੰਦੇ, “ਮਾਂ ਅਸੀਂ ਆ ਗਏ।
ਪਰ ਉਹ ਮੰਨੇ ਨਾ ਕਹਿੰਦੀ, “ਜੇ ਤੁਸੀਂ ਮੇਰੇ ਪੁੱਤ ਹੋਏ ਤਾਂ ਮੇਰੀਆਂ ਦੁੱਧੀਆਂ ਚੋਂ ਦੁੱਧ ਆ ਜਾਊ ਤੇ ਅੱਖਾਂ ਖੁਲ੍ਹ ਜਾਣ ਗੀਆਂ।"
ਏਦਾਂ ਹੀ ਹੋਇਆ। ਮਾਂ ਨੇ ਆਪਣੇ ਪੁੱਤਾਂ ਨੂੰ ਗਲ ਨਾਲ ਲਾ ਲਿਆ ਤੇ ਫੇਰ ਆਪਣੇ ਘਰ ਵਿੱਚ ਖ਼ੁਸ਼ੀ-ਖ਼ੁਸ਼ੀ ਵਸਣ-ਰਸਣ ਲੱਗ ਪਏ।