ਬਾਤਾਂ ਦੇਸ ਪੰਜਾਬ ਦੀਆਂ/ਬਦੀ ਦਾ ਅੰਤ

ਵਿਕੀਸਰੋਤ ਤੋਂ

ਬਦੀ ਦਾ ਅੰਤ


ਇੱਕ ਸੀ ਲੱਖੀ ਵਣਜਾਰਾ। ਉਹ ਚੂੜੀਆਂ ਬੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ। ਓਸ ਦਾ ਟੱਬਰ ਕਿਤੇ ਹੋਰ ਰਹਿੰਦਾ ਸੀ ਤੇ ਉਹ ਆਪ ਇੱਕ ਬਣ ਵਿੱਚ ਰਹਿੰਦਾ ਸੀ। ਉਸੇ ਬਣ ਵਿੱਚ ਝਿਊਰ ਤੇ ਉਸ ਦੀ ਝਿਊਰੀ ਰਿਹਾ ਕਰਦੇ ਸੀ। ਝਿਊਰੀ ਕੋਲ ਇੱਕ ਮੁੰਡਾ ਸੀ। ਵਹਿਮਾਤਾ ਲਿਖਕੇ ਗਈ ਸੀ ਬਈ ਏਸ ਮੁੰਡੇ ਦੀ ਸ਼ਾਦੀ ਕਿੱਥੇ ਹੋਊਗੀ। ਇੱਕ ਦਿਨ ਵਹਿਮਾਤਾ ਲੱਖੀ ਵਣਜਾਰੇ ਨੂੰ ਸੁਪਨੇ ਵਿੱਚ ਮਿਲੀ ਤੇ ਆਖਿਆ, “ਏਸ ਮੁੰਡੇ ਦੀ ਸ਼ਾਦੀ ਤੇਰੀ ਪੋਤੀ ਨਾਲ ਹੋਊਗੀ।"
ਇਹ ਗੱਲ ਸੁਣ ਕੇ ਲੱਖੀ ਵਣਜਾਰਾ ਕਹਿੰਦਾ, “ਏਸ ਮੁੰਡੇ ਨੂੰ ਕਿਵੇਂ ਨਾ ਕਿਵੇਂ ਮਾਰਨਾ ਚਾਹੀਦੈ।" ਉਹ ਪੈਸਿਆਂ ਤੇ ਰੁਪਿਆਂ ਦਾ ਥੈਲਾ ਭਰਕੇ ਝਿਊਰ ਕੋਲ ਆ ਗਿਆ। ਝਿਊਰ ਨੂੰ ਕਹਿੰਦਾ, “ਮੈਨੂੰ ਇਹ ਮੁੰਡਾ ਦੇ ਦੇ ਤੇ ਥੈਲਾ ਰੁਪਿਆਂ ਦਾ ਲੈ ਲੈ।"
ਝਿਊਰ ਤਾਂ ਮੰਨ ਗਿਆ ਪਰ ਝਿਊਰੀ ਨਾ ਮੰਨੀ। ਇੱਕ ਦਿਨ ਝਿਊਰੀ ਸੁੱਤੀ ਪਈ ਸੀ ਤੇ ਮੁੰਡਾ ਉਸ ਨਾਲ ਪਾਇਆ ਹੋਇਆ ਸੀ। ਝਿਊਰ ਨੇ ਮੁੰਡਾ ਲੱਖੀ ਨੂੰ ਫੜਾ ਦਿੱਤਾ ਤੇ ਥੈਲਾ ਰੁਪਿਆਂ ਦਾ ਲੈ ਲਿਆ। ਲੱਖੀ ਨੇ ਮੁੰਡੇ ਨੂੰ ਲੱਕੜੀ ਦੀ ਸੰਦੂਕੜੀ ਵਿੱਚ ਬੰਦ ਕਰ ਕੇ ਦਰਿਆ ਵਿੱਚ ਰੋੜ੍ਹ ਦਿੱਤਾ। ਮੁੰਡਾ ਰੁੜ੍ਹਦਾ-ਰੁੜ੍ਹਦਾ ਕਿਸੇ ਪਿੰਡ ਚਲਿਆ ਗਿਆ। ਦਰਿਆਂ ਦੇ ਕੰਢੇ ਇੱਕ ਬੁੜ੍ਹੀ ਕਪੜੇ ਧੋਂਦੀ ਸੀ। ਬੁੜ੍ਹੀ ਨੇ ਉਹ ਸੰਦੂਕੜੀ ਫੜ ਲਈ। ਉਹਨੇ ਸੰਦੂਕੜੀ ਖੋਹਲੀ ਵਿਚੋਂ ਮੁੰਡਾ ਨਿਕਲ ਆਇਆ। ਮੁੰਡੇ ਨੂੰ ਦੇਖ ਉਹ ਬਹੁਤ ਖ਼ੁਸ਼ ਹੋਈ। ਬੁੜ੍ਹੀ ਦੇ ਉਲਾਦ ਨਾ ਸੀ। ਬੁੜ੍ਹੀ ਮੁੰਡੇ ਨੂੰ ਆਪਣੇ ਘਰ ਨੂੰ ਲੈ ਗਈ। ਮੁੰਡਾ ਉਹਨੇ ਪਾਲ ਲਿਆ। ਸਮਾਂ ਪਾ ਕੇ ਉਹ ਚੌਦਾਂ ਪੰਦਰਾਂ ਸਾਲਾਂ ਦਾ ਹੋ ਗਿਆ।
ਲੱਖੀ ਵਣਜਾਰਾ ਚੂੜੀਆਂ ਵੇਚਦਾ ਫਿਰਦਾ ਸੀ। ਇੱਕ ਦਿਨ ਲੱਖੀ ਓਸੇ ਬੁੜ੍ਹੀ ਦੇ ਘਰ ਚਲਿਆ ਗਿਆ। ਉਹ ਬੁੜੀ ਦੇ ਘਰ ਜਾ ਕੇ ਬਹਿ ਗਿਆ। ਉਹ ਗੱਲਾਂ ਕਰਨ ਲੱਗ ਗੇ। ਬੜ੍ਹੀ ਕਹਿੰਦੀ, “ਭਾਈ ਮੇਰੇ ਉਲਾਦ ਨਾ ਸੋ, ਦਰਿਆ 'ਚੋਂ ਇੱਕ ਸੰਦੂਕੜੀ ਚੋਂ ਇੱਕ ਮੁੰਡਾ ਲੱਭਿਆ ਤੇ ਫਿਰ ਇਸ ਨੂੰ ਮੈਂ ਪਾਲ ਲਿਆ।"
ਲੱਖੀ ਨੇ ਆਪਣੇ ਮਨ ਵਿੱਚ ਕਿਹਾ ਇਹ ਤਾਂ ਉਹੀ ਮੁੰਡੈ ਜਿਹੜਾ ਮੈਂ ਦਰਿਆ ਵਿੱਚ ਰੋੜਿਆ ਸੀ। ਕਹਿੰਦਾ, “ਮਾਈ ਏਸ ਮੁੰਡੇ ਨੂੰ ਮੇਰੇ ਕੋਲ ਨੌਕਰ ਕਰਾ ਦੇ।”
ਬੁੜ੍ਹੀ ਕਹਿੰਦੀ, “ਚੰਗਾ।"
ਲੱਖੀ ਮੁੰਡੇ ਨੂੰ ਨਾਲ ਲੈ ਕੇ ਆਪਣੀ ਝੁੱਗੀ ਵਿੱਚ ਆ ਗਿਆ। ਇੱਕ ਦਿਨ ਲੱਖੀ ਨੇ ਮੁੰਡੇ ਨੂੰ ਕਿਸੇ ਪਿੰਡ ਨੂੰ ਚਿੱਠੀ ਦੇ ਕੇ ਤੋਰ ਦਿੱਤਾ। ਮੁੰਡਾ ਪੜ੍ਹਿਆ ਹੋਇਆ ਨਹੀਂ ਸੀ। ਉਹ ਨੇ ਮੁੰਡੇ ਨਾਲ ਇੱਕ ਹੋਰ ਆਦਮੀ ਤੋਰ ਦਿੱਤਾ। ਚਿੱਠੀ ਵਿੱਚ ਲਿਖਿਆ ਸੀ ਕਿ ਇਸ ਨੂੰ ਮਾਰ ਦਿਓ। ਦੋਨੋਂ ਚਲੋ ਚਾਲ ਚਲ ਪਏ। ਰਸਤੇ ਵਿੱਚ ਖੂਹੀ ਗੇੜ ਕੇ ਉਹ ਪਾਣੀ ਪੀਣ ਲੱਗੇ। ਓਥੇ ਉਹਨਾਂ ਦੀ ਚਿੱਠੀ ਡਿੱਗ ਪਈ। ਉਹ ਤੁਰ ਪਏ ਚਿੱਠੀ ਉਹਨਾਂ ਨੇ ਦੇਖੀ ਹੀ ਨਾ। ਏਨੇ ਨੂੰ ਪੜ੍ਹਨੇ ਵਾਲੇ ਮੁੰਡੇ ਓਸ ਖੂਹੀ ਤੇ ਆਏ। ਉਹਨਾਂ ਨੇ ਚਿੱਠੀ ਪੜ੍ਹਕੇ ਪਾੜ ਦਿੱਤੀ ਤੇ ਨਵੀਂ ਚਿੱਠੀ ਤੇ ਲਿੱਖ ਦਿੱਤਾ, “ਇਹਨੂੰ ਆਉਂਦੇ ਨੂੰ ਹੀ ਅਨੰਦ ਦੇ ਦਿਓ।" ਕਾਗਜ਼ ਉਹਨਾਂ ਓਥੇ ਹੀ ਰੱਖ ਦਿੱਤਾ।
ਅੱਗੇ ਜਾ ਕੇ ਮੁੰਡੇ ਨੇ ਜੇਬ ਵਿੱਚ ਹੱਥ ਮਾਰਿਆ ਚਿੱਠੀ ਕੋਈ ਨਾ ਸੀ ਓਥੇ। ਉਹ ਮੁੜ੍ਹ ਕੇ ਫੇਰ ਖੂਹੀ ਤੇ ਆਏ ਤੇ ਚਿੱਠੀ ਉਹਨਾਂ ਚੁੱਕ ਲਈ। ਫੇਰ ਉਹ ਓਸ ਪਿੰਡ ਜਾ ਬੜੇ ਜਿੱਥੇ ਉਹਨਾਂ ਨੂੰ ਲੱਖੀ ਵਣਜਾਰੇ ਨੇ ਘੱਲਿਆ ਸੀ। ਜਦ ਲੱਖੀ ਵਣਜਾਰੇ ਦੇ ਮੁੰਡੇ ਨੇ ਉਹ ਚਿੱਠੀ ਪੜ੍ਹੀ ਤੇ ਸੋਚਿਆ, “ਕੋਈ ਰਾਜੇ ਦਾ ਮੁੰਡਾ ਹੋਣੈ।" ਇਸ ਕਰਕੇ ਉਹਨੇ ਆਪਣੀ ਕੁੜੀ ਦੇ ਅਨੰਦ ਉਸ ਨੂੰ ਦੇ ਦਿੱਤੇ। ਮੁੰਡੇ ਨੂੰ ਉਹਨਾਂ ਅਲਗ ਥਾਂ ਦੇ ਦਿੱਤਾ ਤੇ ਉਹ ਓਥੇ ਰਹਿਣ ਲੱਗ ਪਏ।
ਲੱਖੀ ਵਣਜਾਰਾ ਕੁਝ ਦਿਨਾਂ ਮਗਰੋਂ ਘੁੰਮਦਾ ਫਿਰਦਾ ਆਪਣੇ ਪਿੰਡ ਆਇਆ। ਗੱਲਾਂ ਬਾਤਾਂ ਹੋਈਆਂ। ਉਹਨੇ ਆਪਣੇ ਮੁੰਡੇ ਨੂੰ ਕਿਹਾ, “ਮਾਂ ਤਾਂ ਚਿੱਠੀ ਲਿਖੀ ਸੀ ਏਸ ਨੂੰ ਆਉਂਦੇ ਨੂੰ ਹੀ ਮਾਰ ਦਿਓ ਪਰ ਤੁਸੀਂ ਅਨੰਦ ਦੇ ਦਿੱਤੇ।"
ਲੱਖੀ ਫੇਰ ਆਪਣੇ ਪਿੰਡ ਦੇ ਚਮਾਰਾਂ ਕੋਲ ਗਿਆ ਤੇ ਜਾ ਕੇ ਕਹਿੰਦਾ, “ਇੱਕ ਬਹਿਣੀ ਪੱਟ ਲਿਓ ਉਪਰ ਪਾਣੀ ਦਾ ਕੜਾਹਾ ਚਾੜ੍ਹ ਲਓ ਤੇ ਜਿਹੜਾ ਮੈਂ ਆਦਮੀ ਭੇਜੂੰ ਉਹਨੂੰ ਆਉਂਦੇ ਨੂੰ ਹੀ ਕੜਾਹੇ ਵਿੱਚ ਧੱਕਾ ਦੇ ਦਿਓ।"
ਲੱਖੀ ਨੇ ਮੁੰਡੇ ਨੂੰ ਜੁੱਤੀ ਦੇ ਕੇ ਆਖਿਆ, “ਜਾ ਚਮਾਰਾਂ ਦੇ ਘਰੋਂ ਜੱਤੀ ਗਠਾ ਲਿਆ।"
ਜਦ ਉਹ ਚਮਾਰਾਂ ਵਹਿੜੇ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਉਹਨੂੰ ਉਹਦਾ ਸੌਹਰਾ ਮਿਲਿਆ। ਮੁੰਡੇ ਨੂੰ ਕਹਿੰਦਾ, “ਲਿਆ ਜੁੱਤੀ ਮੈਂ ਹੀ ਗਠਾ ਲਿਆਉਨਾ ਤੂੰ ਕਾਹਨੂੰ ਜਾਣੈ।”
ਜਦ ਲੱਖੀ ਦਾ ਮੁੰਡਾ ਚਮਾਰਾਂ ਕੋਲ ਗਿਆ ਉਹਨਾਂ ਨੇ ਆਉਂਦੇ ਨੂੰ ਹੀ ਚੁੱਕ ਕੇ ਕੜਾਹੇ ਵਿੱਚ ਸੁੱਟ ਦਿੱਤਾ।
ਜਦ ਮੁੰਡਾ ਘਰ ਮੁੜ ਕੇ ਆਇਆ ਤਾਂ ਲਖੀ ਕਹਿੰਦਾ, “ਜੁੱਤੀ ਦੇ ਆਂਦੀ।" ਮੁੰਡਾ ਕਹਿੰਦਾ, “ਨਹੀਂ। ਬਾਪੂ ਰਸਤੇ ਵਿੱਚੋਂ ਹੀ ਲੈ ਗਿਆ।"
ਲੱਖੀ ਵਣਜਾਰਾ ਮਗਰੇ ਹੀ ਭੱਜਿਆ ਚਮਾਰਾਂ ਦੇ ਵਿਹੜੇ ਨੂੰ। ਜਾਂਦੇ ਨੂੰ ਮੁੰਡੇ ਨੂੰ ਮਾਰ ਦਿੱਤਾ ਸੀ ਉਹਨਾਂ ਨੇ। ਮਗਰੋਂ ਲੱਖੀ ਵੀ ਕੰਧਾਂ ਨਾਲ ਟੱਕਰਾਂ ਮਾਰ ਮਾਰ ਮਰ ਗਿਆ।
ਮੁੰਡਾ ਆਪਣੀ ਬਹੂ ਨੂੰ ਨਾਲ ਲੈ ਕੇ ਬੁੜ੍ਹੀ ਕੋਲ ਚਲਿਆ ਗਿਆ।