ਮੈਕਬੈਥ/ਅਸੰਭਵ ਨੂੰ ਸੰਭਵ ਬਣਾਉਣ ਦਾ ਕਾਰਜ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਅਸੰਭਵ ਨੂੰ ਸੰਭਵ ਬਣਾਉਣ ਦਾ ਕਾਰਜ

ਅਨੁਵਾਦ ਇੱਕ ਅਨੋਖੀ ਤੇ ਇਕੱਲੀ ਕਲਾ ਹੈ ਜਿਸ ਨੂੰ ਸੰਪੂਰਨਤਾ ਦੀ ਸਿਖ਼ਰ 'ਤੇ ਪਹੁੰਚਾਉਣਾ ਅਸੰਭਵ ਹੈ। ਇਸ ਪਿੜ ਵਿੱਚ ਸਾਡੇ ਯਤਨ ਉਸ ਟੀਸੀ ਦੇ ਨੇੜੇ ਪਹੁੰਚਣ ਦੇ ਯਤਨ ਹੁੰਦੇ ਹਨ। ਇਹ ਗੱਲ ਕਵਿਤਾ ਤੇ ਨਾਟਕ 'ਤੇ ਹੋਰ ਵੱਧ ਬਲ ਨਾਲ ਲਾਗੂ ਹੁੰਦੀ ਹੈ ਕਿਉਂਕਿ ਇਨ੍ਹਾਂ ਅੰਦਰ ਮਨੁੱਖ ਤੇ ਅੰਤਰੀਵ ਮਨੋਭਾਵਾਂ ਦਾ ਹੜ੍ਹ ਹੁੰਦਾ ਹੈ ਜੋ ਵਿਧਾ ਦੀਆਂ ਸੀਮਾਵਾਂ ਵਿੱਚ ਪੂਰੀ ਤਰ੍ਹਾਂ ਨਹੀਂ ਸਮਾਉਂਦਾ ਹੈ। ਇਨ੍ਹਾਂ ਵਿੱਚ ਮਨੁੱਖ ਦੇ ਹਾਵ-ਭਾਵ, ਡੂੰਘੀਆਂ ਆਸ਼ਾਵਾਂ, ਡਰ, ਭਰਮ ਭੁਲੇਖੇ, ਟੀਚੇ, ਸੰਸੇ ਸੰਕੇਤ ਅਤੇ ਹੋਰ ਬਹੁਤ ਕੁਝ ਹੁੰਦਾ ਹੈ ਜੋ ਅਨੁਵਾਦ ਕਿਰਿਆ ਨੂੰ ਚੁਨੌਤੀਆਂ ਪੇਸ਼ ਕਰਦਾ ਹੈ। ਸ਼ੇਕਸਪੀਅਰ ਨੂੰ ਅਨੁਵਾਦ ਕਰਨਾ ਪਹਾੜ ਨਾਲ ਮੱਥਾ ਲਾਉਣ ਵਾਲੀ ਸੂਰਮਗਤੀ ਵਾਲਾ ਕਾਰਜ ਹੈ।

ਹਰਦਿਲਬਾਗ਼ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦਾ ਅਧਿਆਪਕ ਹੋਣ ਕਰਕੇ ਅਤੇ ਸ਼ੇਕਸਪੀਅਰ ਪ੍ਰਤੀ ਸ਼ਰਧਾ ਤੇ ਗਹਿਰੀ ਚੇਟਕ ਰੱਖਣ ਕਰਕੇ ਇਨ੍ਹਾਂ ਨਾਟਕਾਂ ਦੀ ਆਤਮਾ ਅਤੇ ਅਹਿਮੀਅਤ ਤੋਂ ਭਲੀ ਭਾਂਤ ਚੇਤੰਨ ਤੇ ਸਾਵਧਾਨ ਹੈ। ਸ਼ੇਕਸਪੀਅਰ ਦੀ ਭਾਸ਼ਾ ਅਤੇ ਜੀਵਨ ਦਾ ਪਿਛੋਕੜ ਅਤੇ ਬਿੰਬ ਹੀ ਅੱਜ ਦੇ ਅੰਗਰੇਜ਼ੀ ਸੰਵੇਦਨਸ਼ੀਲਤਾ ਨਾਲੋਂ ਵੱਖਰੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅੱਜ ਦਾ ਵਿਦਿਆਰਥੀ ਸ਼ੇਕਸਪੀਅਰ ਦੇ ਨਾਟਕਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਲਈ ਅਨੁਵਾਦ ਦੀ ਇਕ ਪਰਤ ਜਾਂ ਢੰਗ ਦਾ ਅੰਸ਼ ਹੀ ਸ਼ਾਮਲ ਹੁੰਦਾ ਹੈ। ਪਰ ਹਰਦਿਲਬਾਗ਼ ਗਿੱਲ ਸ਼ੇਕਸਪੀਅਰ ਦਾ ਇੱਕ ਸੁਹਿਰਦ ਅਤੇ ਸੁਚੱਜਾ ਵਿਦਿਆਰਥੀ ਹੋਣ ਕਰਕੇ ਦੂਜਿਆਂ ਨਾਲੋਂ ਭਾਰੀ ਕੰਨੀ ਦਾ ਸਵਾਮੀ ਹੈ।

ਕਿਸੇ ਹੱਦ ਤੀਕ ਮੈਂ ਖ਼ੁਦ ਇਸ ਡਿਸਿਪਲਿਨ ਦਾ ਪਰੈਕਟੀਸ਼ਨਰ ਹੋਣ ਕਰਕੇ ਉਸ ਦੇ ਅਨੁਵਾਦ ਬਾਰੇ ਸਾਖੀ ਭਰਨ ਬਾਰੇ ਵਧੇਰੇ ਅਧਿਕਾਰ ਪ੍ਰਾਪਤ ਹਾਂ। ਅਕਸਰ ਵੇਖਿਆ ਹੈ ਕਿ ਆਮ ਅਨੁਵਾਦਕ ਸਾਹਿਤਿਕ ਅਨੁਵਾਦ ਪ੍ਰਤੀ ਵੀ ਓਹੋ ਹੀ ਦ੍ਰਿਸ਼ਟੀਕੋਨ ਕਾਇਮ ਰੱਖਣ ਦਾ ਯਤਨ ਕਰਦਾ ਹੈ ਜੋ ਉਹ ਦੂਜੇ ਦੁਨਿਆਵੀ ਜਾਂ ਜੀਵਨ ਦੀ ਆਮ ਸਮੱਗਰੀ ਵਾਲੇ ਪੰਨਿਆਂ ਨੂੰ ਉਲਥਾਉਣ ਬਾਰੇ ਰੱਖਦਾ ਹੈ। ਅੱਵਸ਼ ਹੀ, ਸਾਹਿਤ ਦੇ ਅਨੁਵਾਦ ਲਈ ਅਨੁਵਾਦਕ ਕੋਲ ਵਧੇਰੇ ਖੁੱਲ੍ਹ ਅਤੇ ਗੁੰਜਾਇਸ਼ ਹੁੰਦੀ ਹੈ। ਹਾਲਾਂਕਿ ਕੋਈ ਵੀ ਖੁੱਲ੍ਹ ਖ਼ਤਰਿਆਂ ਦੀਆਂ ਅਣਦਿਸਦੀਆਂ ਵਲਗਣਾਂ ਤੋਂ ਵੰਚਿਤ ਨਹੀਂ ਹੁੰਦੀ। ਹਰਦਿਲਬਾਗ਼ ਗਿੱਲ ਸੁਲੱਗ ਤੇ ਸੁਲਝੇ ਹੋਏ ਸੁਘੜ ਅਨੁਵਾਦਕ ਵਾਂਗ ਸ਼ੇਕਸਪੀਅਰ ਦੀਆਂ ਚਾਰ ਟਰੈਜੀਡੀਆਂ ਵਿੱਚੋਂ ਮੈਕਬੈੱਥ ਨਾਲ ਨਿਆ ਕਰਨ ਲਈ ਪੂਰਨ ਤੌਰ ਤੇ ਪ੍ਰਤੀਬੱਧ ਲਗੱਦਾ ਹੈ। ਇਸ ਕਥਨ ਦੀ ਪ੍ਰੋੜ੍ਹਤਾ ਉਸ ਦੇ ਅਨਿਵਾਦਿਤ ਕੰਮ ਵਿੱਚੋ ਝਾਕਦੀ ਹੈ। ਇਸ ਪਹਿਲੂ ਤੋਂ ਅਨੁਵਾਦ ਕਰਤੇ ਦੀ ਖ਼ੂਬੀ ਤੇ ਖ਼ੂਬਸੂਰਤੀ ਇਸੇ ਨੁਕਤੇ ਵਿੱਚ ਲੁਕੀ ਹੋਈ ਹੈ ਕਿ ਉਹ ਖੁੱਲ੍ਹ ਲੈ ਕੇ ਵੀ ਮੂਲ ਟੈਕਸਟ ਦੀ ਆਤਮਾਂ ਤੇ ਅੱਖਰਾਂ ਨੂੰ ਅਲਵਿਦਾ ਨਹੀਂ ਕਹਿੰਦਾ। ਇਹ ਬਹੁਤ ਹੀ ਨਾਯਾਤਬ ਪ੍ਰਾਪਤੀ ਹੁੰਦੀ ਹੈ। ਨਿਸਚੇ ਹੀ, ਸ਼ੇਕਸਪੀਅਰ ਜਿਹੀ ਵਿਦੇਸ਼ੀ ਅਤੇ ਫ਼ਿਰ 500 ਸਾਲ ਪੁਰਾਣੀ ਭਾਸ਼ਾ ਦਾ ਵਰਤਾਰਾ ਹਰਦਿਲਬਾਗ਼ ਲਈ ਇੱਕ ਘੋਰ ਚੁਨੋਤੀ ਹੋਣੀ ਹੈ ਜਿਸ ਨੂੰ ਉਸ ਪੰਜਾਬੀ ਭਾਸ਼ਾ, ਮੁਹਾਵਰੇ, ਹਾਜ਼ਮੇ, ਹਿੰਮਤ ਅਤੇ ਹਲੀਮੀ ਨਾਲ ਨਿਭਾਉਣ ਦਾ ਬੀੜਾ ਚੁਕਿਆ ਹੈ ਅਤੇ ਇਸ ਔਝੜ ਕਾਰਜ ਵਿੱਚ ਸਫ਼ਲ ਵੀ ਹੋਇਆ ਹੈ। ਇਹ ਦਲੀਲ ਕਵਿਤਾ ਦੇ ਅਨੁਵਾਦ 'ਤੇ ਪੂਰੇ ਬਲ ਨਾਲ ਲਾਗੂ ਹੁੰਦੀ ਹੈ; ਜ਼ਰਾ ਸੋਚੋ ਸ਼ੇਕਸਪੀਅਰ ਸਮੇਂ ਦੀ ਭਾਸ਼ਾ ਦਾ ਮੁਹਾਵਰਾ, ਸ਼ਬਦ, ਸੰਕੇਤ ਅਤੇ ਉਪਭਾਵਾਂ ਦਾ ਜਮਘਟਾ! ਕਵਿਤਾ ਦਾ ਅਨੁਵਾਦਕ ਭਾਸ਼ਾ ਤੇ ਮੂਲ ਟੈਕਸਟ ਦੀਆਂ ਨਿੱਕੀਆਂ ਮੋਟੀਆਂ ਲਕੀਰਾਂ ਨਾਲ ਆਜ਼ਾਦੀ ਲੈਣ ਤੋਂ ਨਹੀਂ ਝਿਜਕਦਾ। ਹੋਰ ਤਰ੍ਹਾਂ ਸੰਭਵ ਨਹੀਂ ਹੁੰਦਾ।

ਕਿਤੇ ਕਿਤੇ ਅਨੁਵਾਦ ਤੇ ਮੂਲ ਦਾ ਸੁਮੇਲ ਅਤੇ ਸੰਜੋਗ ਏਨਾ ਸੁਖਾਵਾਂ ਤੇ ਸੁਲੱਗ ਹੈ ਕਿ