ਸਮੱਗਰੀ 'ਤੇ ਜਾਓ

ਮੋਘੇ ਵਿਚਲੀ ਚਿੜੀ/ਮੋਘੇ ਵਿਚਲੀ ਚਿੜੀ

ਵਿਕੀਸਰੋਤ ਤੋਂ

ਮੋਘੇ ਵਿਚਲੀ ਚਿੜੀ

ਇੱਕ ਸੀ ਕੋਠਾ ਇੱਕ ਪੜਛੱਤੀ, ਪੜਛੱਤੀ ਕੋਲੇ ਮੋਘਾ।
ਮੋਘੇ ਦੇ ਵਿੱਚ ਚਿੜੀ ਸੀ ਰਹਿੰਦੀ, ਸਾਰੇ ਘਰ ਦੀ ਸ਼ੋਭਾ।

ਪਹੁ-ਫੁੱਟੀ ਤੇ ਚੂਕਣ ਲੱਗਦੀ, ਘਰਦਿਆਂ ਤਾਈਂ ਜਗਾਉਂਦੀ।
ਦਾਦੀ ਮਾਂ ਤਦ ਚੱਕੀ ਝੋ ਕੇ, ਦੁੱਧ ਰਿੜਕਣਾ ਪਾਉਂਦੀ।
ਘਮ-ਘਮ ਚਾਟੀ ਵਿੱਚ ਮਧਾਣੀ, ਸੁਣਦੀ ਸੀ ਸਭ ਲੋਗਾ।
ਮੋਘੇ ਦੇ ਵਿੱਚ ............................

ਦਾਦੀ ਮਾਂ ਸੀ ਸ਼ਬਦ ਅਲਾਉਂਦੀ, 'ਵਾਜ਼ ਸੀ ਬੜੀ ਸੁਰੀਲੀ।
ਸਮਾਂ ਉਦੋਂ ਰੁਕ ਜਾਂਦਾ, ਜਾਂਦੀ ਕਾਇਨਾਤ ਸੀ ਕੀਲੀ।
ਦਾਦਾ ਮੇਰਾ ਨ੍ਹਾ ਕੇ ਆਉਂਦਾ ਪਿੰਡੋਂ ਬਾਹਰ ਸੀ ਟੋਭਾ।
ਮੋਘੇ ਦੇ ਵਿੱਚ...................................

ਦਾਦਾ ਫਹੁੜੇ ਨਾਲ ਹਟਾਉਂਦਾ ਦਾਦੀ ਚੁੱਕਦੀ ਗੋਹਾ।
ਨਾਲੋ-ਨਾਲ ਸੀ ਗਾਉਂਦਾ ਰਹਿੰਦਾ ਬਾਬੇ ਫਰੀਦ ਦਾ ਦੋਹਾ।
ਟੋਕਰੇ ਦੇ ਨਾਲ ਸੁੱਕ ਪਾ ਦਿੰਦਾ ਚੁੱਕ ਸਲ੍ਹਾਬਾ ਖੋਭਾ।
ਮੋਘੇ ਦੇ ਵਿੱਚ.................................

ਦਾਦਾ ਮੇਰਾ ਸੰਨ੍ਹੀ ਕਰਦਾ ਦਾਦੀ ਕੱਢਦੀ ਧਾਰਾਂ।
ਨਾਨਕ-ਬਾਣੀ ਨਾਲ ਜੁੜਦੀਆਂ ਸਨ ਦੋਹਾਂ ਦੀਆਂ ਤਾਰਾਂ।
ਦਾਦਾ ਜੋੜਦਾ ਗੱਡਾ ਖੇਤ ਨੂੰ ਪਾ ਚਿੜੀਆਂ ਨੂੰ ਚੋਗਾ।
ਮੋਘੇ ਦੇ ਵਿੱਚ................................

ਸਾਗ ਤੌੜੀ ਦਾ ਮੱਖਣ-ਕੁੱਜਾ ਜਾ ਝਲਿਆਨੀ ਟਿਕਦਾ।
ਮਨ ਮੇਰਾ ਇਉਂ ਚੇਤੇ ਜਿੱਦਾਂ ਵਾਰਿਸ ਹੀਰ ਨੂੰ ਲਿਖਦਾ।
'ਚਰਨ' ਜ਼ਮਾਨੇ ਚਿੜੀ ਉਡਾ 'ਤੀ ਪੈ ਗਿਆ ਘਰ ਵਿੱਚ ਸੋਗਾ।
ਮੋਘੇ ਦੇ ਵਿੱਚ .....................