ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

ਵਿਕੀਸਰੋਤ ਤੋਂ
Jump to navigation Jump to search
 

ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ

(ਭਾਗ ਪਹਿਲਾ)

 

ਰਾਮ ਸਰੂਪ ਅਣਖੀ ਦੀਆਂ ਹੋਰ ਰਚਨਾਵਾਂ

☆ ਕੋਠੇ ਖੜਕ ਸਿੰਘ
☆ ਕੱਖਾਂ ਕਾਨਿਆਂ ਦੇ ਪੁਲ
☆ ਜਮੀਨਾਂ ਵਾਲੇ
☆ ਬਸ ਹੋਰ ਨਹੀਂ
☆ ਦੁੱਲੇ ਦੀ ਢਾਬ
☆ ਆਪਣੀ ਮਿੱਟੀ ਦੇ ਰੁੱਖ
☆ ਸੁਗੰਧਾਂ ਜਿਹੇ ਲੋਕ
☆ ਤੂੰ ਵੀ ਮੁੜ ਆ ਸਦੀਕ
☆ ਪਰਤਾਪੀ
☆ ਕੈਦਣ
☆ ਕਿੱਲੇ ਨਾਲ ਬੰਨ੍ਹਿਆ ਆਦਮੀ
☆ ਗੇਲੋ
☆ ਭੀਮਾ
☆ ਮਲ੍ਹੇ ਝਾੜੀਆਂ
☆ ਜ਼ਖ਼ਮੀ ਅਤੀਤ
☆ ਸੁਲਗਦੀ ਰਾਤ
☆ ਜਿਨ ਸਿਰ ਸੋਹਣਿ ਪੱਟੀਆਂ
☆ ਕਣਕਾਂ ਦਾ ਕਤਲੇਆਮ
☆ ਪਿੰਡ ਦੀ ਮਿੱਟੀ
☆ ਮੋਏ ਮਿੱਤਰਾਂ ਦੀ ਸ਼ਨਾਖਤ

 

ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ
(ਭਾਗ ਪਹਿਲਾ)

 

ਸੰਗ੍ਰਹਿ ਕਰਤਾ : ਕਰਾਂਤੀ ਪਾਲ

 

Ram Sarup Anakhi Dian Sarian Kahanian
(Part-1)


Editing by : Krantipal


 


ਸਮਰਪਣ

ਛੋਟੇ ਵੀਰ
ਰਾਜਾ ਦਬੜ੍ਹੀਖਾਨੇ
ਦੇ ਨਾਂ

○ਅਸਲ ਵਿੱਚ ਲੇਖਕ ਓਸੇ ਮਾਹੌਲ ਨੂੰ ਲੈ ਕੇ ਲਿਖਦਾ ਹੈ, ਜਿਸ ਦਾ ਉਹਨੂੰ ਨਿੱਜੀ ਅਨੁਭਵ ਹੋਵੇ। ਮੈਨੂੰ ਤਾਂ ਪਿੰਡਾਂ ਦੇ ਨੇੜੇ ਦਾ ਅਨੁਭਵ ਹੈ। ਮੇਰਾ ਬਾਪ ਹਲਵਾਹਕ ਸੀ। ਅਸੀਂ ਜ਼ਮੀਨਾਂ ਵਾਲੇ ਹਾਂ। ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਦੋ-ਤਿੰਨ ਸਾਲ ਮੈਂ ਖ਼ੁਦ ਵੀ ਖੇਤੀ ਦਾ ਕੰਮ ਕੀਤਾ ਸੀ। ਫੇਰ ਜਿਨ੍ਹਾਂ ਕਿਸਾਨ-ਲੋਕਾਂ ਵਿੱਚ ਮੇਰਾ ਬਚਪਨ ਬੀਤਿਆ, ਉਨ੍ਹਾਂ ਵਿੱਚ ਮੈਂ ਖੇਡਿਆ-ਪਲ਼ਿਆ, ਵੱਡਾ ਹੋ ਕੇ ਵੀ ਕੋਈ ਚੁਤਾਲੀ-ਪੰਤਾਲੀ ਸਾਲਾਂ ਦੀ ਉਮਰ ਤੱਕ ਜੱਟ-ਕਿਸਾਨਾਂ ਵਿੱਚ ਹੀ ਵਿਚਰਦਾ ਰਿਹਾ, ਮੈਨੂੰ ਤਾਂ ਉਨ੍ਹਾਂ ਲੋਕਾਂ ਦਾ ਹੀ ਪਤਾ ਹੈ। ਫੇਰ ਸਾਡੇ ਪਿੰਡ ਧੌਲ਼ਾ ਤੋਂ ਮਾਨਸਾ-ਬਠਿੰਡਾ ਵੱਲ ਸਾਡੀਆਂ ਰਿਸ਼ਤੇਦਾਰੀਆਂ ਸਨ, ਆਉਣ-ਜਾਣ ਸੀ, ਇਨ੍ਹਾਂ ਚਾਲ੍ਹੀ-ਪੰਜਾਹ ਪਿੰਡਾਂ ਵਿੱਚ ਮੇਰਾ ਸਾਰੀ ਉਮਰ ਦਾ ਤੋਰਾ-ਫੇਰਾ ਸੀ। ਇਨ੍ਹਾਂ ਚਾਲ੍ਹੀ-ਪੰਜਾਬ ਪਿੰਡਾਂ ਦਾ ਮਿੱਟੀ-ਪਾਣੀ ਮੈਨੂੰ ਜਾਣਦਾ ਹੈ। ਮੇਰੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਇਨ੍ਹਾਂ ਪਿੰਡਾਂ ਦੀ ਆਬੋ-ਹਵਾ ਹੈ, ਮਿੱਟੀ ਦੀ ਸੁਗੰਧ ਹੈ। ਮੇਰੀਆਂ ਰਚਨਾਵਾਂ ਇਨ੍ਹਾਂ ਪਿੰਡਾਂ ਦੇ ਦਾਇਰੇ ਵਿੱਚ ਹੀ ਘੁੰਮਦੀਆਂ ਹਨ। ਰਚਨਾ ਨੂੰ ਕੱਚਾ ਮਸਾਲਾ ਇੱਥੋਂ ਹੀ ਮਿਲਦਾ ਹੈ। ਇਸ ਦਾਇਰੇ ਵਿੱਚੋਂ ਬਾਹਰ ਕਿਧਰੇ ਜਾ ਕੇ ਰਚਨਾ ਦੀ ਭਾਲ ਕਰਾਂਗਾ ਤਾਂ ਮੇਰੀ ਕਲਮ ਭਟਕ ਜਾਵੇਗੀ।

ਇੰਗਲੈਂਡ ਆਪਣੇ ਚਹੇਤੇ ਨਾਵਲਕਾਰ ਥਾਮਸ ਹਾਰਡੀ ਦਾ ਜਨਮ-ਸਥਾਨ ਅਤੇ ਉਹਦੀ ਕਰਮ-ਭੂਮੀ ਦੇਖਣ ਗਿਆ ਤਾਂ ਮੈਨੂੰ ਮੇਰੀ ਸੋਚ ਦੀ ਪ੍ਰੋੜ੍ਹਤਾ ਮਿਲੀ ਕਿ ਹਾਰਡੀ ਵੀ ਮੇਰੇ ਵਾਂਗ ਹੀ ਸੋਚਦਾ-ਕਰਦਾ ਸੀ। ਉਹਦੇ ਸਾਰੇ ਨਾਵਲਾਂ ਦੇ ਘਟਨਾ-ਸਥਲ ਇੱਕ ਖ਼ਾਸ ਖੇਤਰ ਵਿੱਚੋਂ ਹਨ। ਇਸ ਵਿਸ਼ੇਸ਼ ਖੇਤਰ ਦਾ ਨਾਂ ਉਹਨੇ ਵੈਸੈਕਸ ਰੱਖਿਆ ਹੋਇਆ ਸੀ। ਮੇਰਾ ਵੈਸੈਕਸ ਮੇਰੇ ਪਿੰਡ ਧੌਲ਼ਾ ਤੋਂ ਲੈ ਕੇ ਮਾਨਸਾ-ਬਠਿੰਡਾ ਇਲਾਕੇ ਦੇ ਇਹ ਚਾਲ੍ਹੀ-ਪੰਜਾਹ ਪਿੰਡ ਹਨ।

ਇਸ ਤੱਥ ਨਾਲ ਵੀ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਦੁਨੀਆ ਦਾ ਬਿਹਤਰੀਨ ਸਾਹਿਤ ਖ਼ਾਸ ਕਰਕੇ ਗਲਪ-ਸਾਹਿਤ ਪਿੰਡਾਂ ਬਾਰੇ ਹੀ ਲਿਖਿਆ ਹੋਇਆ ਹੈ।

ਮਲ੍ਹੇ ਝਾੜੀਆਂ (ਸ੍ਵੈ-ਜੀਵਨੀ) ਵਿੱਚੋਂ

 

○ ਬਾਪੂ ਦੀਆਂ ਰਚੀਆਂ ਸਾਰੀਆਂ ਕਹਾਣੀਆਂ ਨੂੰ ਇੱਕੋ ਜਗ੍ਹਾ 'ਤੇ ਇਕੱਠਾ ਕਰਨ ਦਾ ਅਰਥ ਹੈ ਕਿ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਨੂੰ ਸੰਭਾਲ ਕੇ ਰੱਖਣਾ।

ਇਤਫ਼ਾਕ ਇਹ ਕਹਾਣੀਆਂ ਮੈਂ ਉਦੋਂ ਸਾਰੀਆਂ ਪੜ੍ਹੀਆਂ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸੋਚਦਾ ਹਾਂ ਇਹ ਕਹਾਣੀਆਂ ਜੇ ਮੈਂ ਉਨ੍ਹਾਂ ਦੇ ਜਿਉਂਦੇ ਜੀਅ ਪੜ੍ਹ ਲੈਂਦਾ ਤਾਂ ਕੋਈ ਸੰਵਾਦ ਉਨ੍ਹਾਂ ਨਾਲ ਰਚਾ ਸਕਦਾ ਸੀ ਕਿ ਇਹ ਫਲਾਣੀ ਕਹਾਣੀ ਦੀ ਘਟਨਾ/ਪਾਤਰ ਉਸ ਪਿੰਡ ਦੇ ਨੇ...

ਚਲੋ ਖ਼ੈਰ, ਜੋ ਹੋਣਾ ਸੀ ਹੋ ਗਿਆ। ਬਾਪੂ ਕਥਾਕਾਰ ਵੱਡਾ ਸੀ। ਉਸ ਨੂੰ ਕਹਾਣੀ ਕਹਿਣੀ ਆਉਂਦੀ ਸੀ, ਉਸ ਨੇ ਕਹਾਣੀਆਂ ਲਿਖੀਆਂ/ਨਾਵਲ ਲਿਖੇ, ਪਰ ਕਥਾਰਸ ਉਨ੍ਹਾਂ ਦੇ ਅੰਗ-ਸੰਗ ਰਿਹਾ।

ਕਹਾਣੀ ਦੇ ਖੇਤਰ 'ਚ ਮਕਬੂਲ ਬਾਪੂ, ਨਾਵਲ ਦੇ ਖੇਤਰ ਵਿੱਚ ਵੀ ਮਕਬੂਲ ਹੋਇਆ। ਨਾਵਲਗਿਰੀ ਨੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਢਾਹ ਲਾਈ, ਪਰ ਜਦੋਂ ਅਸੀਂ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਫਿਰ ਨਾਵਲ, ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਉਨ੍ਹਾਂ ਨੇ ਕਹਾਣੀ ਛੱਡ ਕੇ ਨਾਵਲ ਲਿਖਣ ਦਾ ਰਾਹ ਕਿਉਂ ਅਪਣਾਇਆ। ਬਾਪੂ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਕਹਾਣੀਆਂ ਦੇ ਧੁਰ ਅੰਦਰ ਜਾ ਕੇ ਪਤਾ ਲਗਦਾ ਹੈ ਕਿ ਬਾਪੂ ਕਿੱਡਾ ਵੱਡਾ ਕਥਾਕਾਰ ਸੀ। ਕਈ ਕਹਾਣੀਆਂ ਪੜ੍ਹ ਕੇ ਤਾਂ ਅੰਦਰੋਂ ਆਵਾਜ਼ ਨਿੱਕਲਦੀ ਹੈ, "ਵਾਹ ਬਾਪੂ ਕਮਾਲ ਕਰਤੀ।"

ਇਹ ਕਹਾਣੀਆਂ ਜੀਵਨ ਦੇ ਉਨ੍ਹਾਂ ਰੰਗਾਂ ਨੂੰ ਬਿਖੇਰਦੀਆਂ ਹਨ ਜਿਹੜੇ ਰੰਗ ਸਮੇਂ ਦੀ ਧੂੜ 'ਚ ਫਿੱਕੇ ਪੈ ਗਏ।

ਐਨੀ ਸਾਦਗੀ ਨਾਲ ਸਰਲਤਾ ਦਾ ਪ੍ਰਗਟਾਵਾ ਕਰਦੀਆਂ ਇਹ ਕਹਾਣੀਆਂ ਪੰਜਾਬੀ ਕਹਾਣੀ ਦੀ ਪਰਿਭਾਸ਼ਾ ਸਿਰਜਣ ਦੇ ਸਮਰੱਥ ਬਣੀਆਂ ਹਨ ਜਿਸ ਨੇ ਇਹ ਸਿੱਧ ਕੀਤਾ ਹੈ ਕਿ ਅਣਖੀ ਜਿਉਂਦਾ ਹੈ...


4 ਮਾਰਚ, 2018 - ਕਰਾਂਤੀ ਪਾਲ

 

ਭਾਗ ਪਹਿਲਾ