ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਤਲ

ਵਿਕੀਸਰੋਤ ਤੋਂ

ਸਾਉਣ-ਭਾਦੋਂ ਦੀ ਰੁੱਤ ਸੀ। ਉਸ ਦਿਨ ਆਥਣੇ ਜਿਹੇ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ। ਰਾਤ ਦੇ ਕੋਈ ਗਿਆਰਾਂ ਵੱਜੇ ਹੋਣਗੇ। ਮੈਂ ਪਊਆ ਸ਼ਰਾਬ ਦਾ ਸਟੀਲ ਦੇ ਗਿਲਾਸ ਵਿਚ ਪਾਇਆ ਤੇ ਬਾਕੀ ਦਾ ਠੰਡਾ ਪਾਣੀ ਪਾ ਕੇ ਗਿਲਾਸ ਭਰ ਲਿਆ। ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ। ਸੋਚਿਆ ਸੀ, ਹੁਣ ਕੋਈ ਨਹੀਂ ਆਵੇਗਾ। ਡੱਬੇ ਵਿਚ ਰੋਟੀ ਲਿਆਂਦੀ ਪਈ ਸੀ। ਖਾਵਾਂਗਾ ਤੇ ਸੌਂ ਜਾਵਾਂਗਾ। ਗਿਲਾਸ ਲੈ ਕੇ ਮੈਂ ਠੇਕੇ ਦੇ ਵਿਹੜੇ ਵਿਚ ਮੰਜੇ ਉੱਤੇ ਆ ਬੈਠਾ। ਪੌਣੇ ਕੁ ਚੰਦ ਦੀ ਚਾਨਣੀ ਸੁਖਾਵੀਂ-ਸੁਖਾਵੀਂ ਲੱਗ ਰਹੀ ਸੀ। ਆਸਮਾਨ ਵਿੱਚ ਰੌਲੀਏ ਚੱਲ ਰਹੇ ਸਨ। ਨਿੱਕਾ ਜਿਹਾ ਬੱਦਲ ਕੋਈ ਚੰਦ ਦਾ ਮੂੰਹ ਢਕ ਕੇ ਤਿਲਕਣ ਲੱਗਦਾ ਤਾਂ ਲਗਦਾ ਜਿਵੇਂ ਚੰਦ ਦਾ ਸਾਹ ਘੁੱਟਿਆ ਗਿਆ ਹੋਵੇ। ਬੱਦਲ ਦੂਰ ਜਾ ਰਿਹਾ ਹੁੰਦਾ ਤਾਂ ਚੰਦ ਭੱਜਿਆ ਜਾਂਦਾ ਨਜ਼ਰ ਆਉਂਦਾ। ਮੈਨੂੰ ਇਹ ਖੇਡ ਬੜੀ ਪਿਆਰੀ ਲੱਗ ਰਹੀ ਸੀ। ਮੈਨੂੰ ਆਪਣਾ ਪਿੰਡ ਯਾਦ ਆਉਣ ਲੱਗਿਆ। ਬੇਬੇ ਤੇ ਬਾਪੂ ਕੋਠੇ ਉੱਤੇ ਪਏ ਚੰਦ ਬੱਦਲਾਂ ਦੀ ਇਹ ਖੇਡ ਦੇਖ ਰਹੇ ਹੋਣਗੇ, ਪਰ ਖ਼ਿਆਲ ਆਉਂਦਾ, ਉਹ ਹੁਣ ਤੱਕ ਕਿੱਥੇ ਜਾਗਦੇ ਹੋਣਗੇ। ਰਾਤ ਤਾਂ ਕਿੰਨੀ ਲੰਘ ਚੁੱਕੀ ਹੈ। ਹੁਣ ਤਾਂ ਸਾਰਾ ਪਿੰਡ ਸੌਂ ਚੁੱਕਿਆ ਹੋਵੇਗਾ। ਇਕ ਮੈਂ ਹੀ ਹਾਂ, ਗਾਹਕਾਂ ਦੀ ਉਡੀਕ ਵਿੱਚ ਬੈਠਾ ਇਸ ਵੇਲੇ ਤਕ ਜਾਗਦਾ ਹੋਇਆ।

ਹਵਾ ਵਗਦੀ ਤੇ ਚੰਨ ਚਾਨਣੀ ਰਾਤ ਬੜੀ ਸੋਹਣੀ ਸੀ। ਮੈਂ ਗਿਲਾਸ ਖ਼ਾਲੀ ਕੀਤਾ ਤੇ ਗੱਦੀ ਉੱਤੇ ਚੜ੍ਹਕੇ ਲੈਂਪ ਦੇ ਚਾਨਣ ਵਿੱਚ ਨੋਟ ਗਿਣਨ ਲੱਗਿਆ। ਪੂਰਾ ਅਠਾਈ ਸੌ ਰੁਪਈਆ ਸੀ। ਮੇਰੇ ਹਿਸਾਬ ਨਾਲ-ਨਾਲ ਇਹਨਾਂ ਵਿੱਚ ਪੈਂਤੀ ਰੁਪਏ ਵੱਧ ਬਣਦੇ ਸਨ। ਮੁਨਸ਼ੀ ਨੂੰ ਮੈਂ ਸਤਾਈ ਸੌ ਪੈਂਹਠ ਦੇਣੇ ਸਨ ਤੇ ਇਹ ਪੈਂਤੀ ਮੇਰੇ ਸਨ। ਮੈਨੂੰ ਹੋਰ ਵੀ ਖ਼ੁਸ਼ੀ ਹੋਈ। ਇਕ ਖ਼ੁਸ਼ੀ ਅੱਜ ਐਨੀ ਬਿੱਕਰੀ ਦੀ ਸੀ। ਬਿੱਕਰੀ ਦੇਖ ਕੇ ਹੀ ਠੇਕੇਦਾਰ ਖ਼ੁਸ਼ ਹੁੰਦਾ ਸੀ ਤੇ ਹਰ ਮਹੀਨੇ ਕਰਿੰਦਿਆਂ ਨੂੰ ਇਨਾਮ ਦਿੰਦਾ। ਪੈਂਤੀ ਕੱਢ ਕੇ ਮੈਂ ਆਪਣੀ ਜੇਬ ਵਿੱਚ ਪਾ ਲਏ ਤੇ ਬਾਕੀ ਨੋਟ ਰਬੜ ਵਲ੍ਹੇਟ ਕੇ ਗੱਲੇ ਵਿੱਚ ਰੱਖ ਦਿੱਤੇ। ਮੈਂ ਗੱਦੀ ਤੋਂ ਉੱਠਣ ਹੀ ਲੱਗਿਆ ਸੀ ਕਿ ਬਾਹਰ ਸੜਕ ਉੱਤੇ ਕਿਸੇ ਦੀ ਖੰਘੂਰ ਸੁਣੀ। ਉਹ ਠੇਕੇ ਵੱਲ ਹੀ ਆ ਰਿਹਾ ਸੀ। ਚਾਨਣੀ ਰਾਤ ਦੀ ਲੋਅ ਵਿੱਚ ਮੈਂ ਦੇਖਿਆ, ਉਹਦਾ ਸਿਰ ਨੰਗਾ ਤੇ ਪੱਗ ਢਾਹ ਕੇ ਮੋਢੇ 'ਤੇ ਰੱਖੀ ਸੀ। ਹੱਥਾਂ ਵਿੱਚ ਕੁਝ ਨਹੀਂ ਸੀ। ਉਹ ਖਿੜਕੀ ਦੇ ਨੇੜੇ ਹੋਇਆ ਤਾਂ ਮੈਂ ਦੇਖਿਆ, ਉਹ ਅੱਧਖੜ ਉਮਰ ਦਾ ਸੀ। ਦਾੜ੍ਹੀ ਲਾਪਰੀ ਹੋਈ, ਪਰ ਮੁੱਛਾਂ ਖੜ੍ਹੀਆਂ ਸਨ। ਪਹਿਲਾਂ ਉਹਨੇ ਖੰਘਾਰ ਕੇ ਪਰ੍ਹਾਂ ਥੁੱਕਿਆ ਤੇ ਸਹਿਜ ਮਤੇ ਨਾਲ ਕਿਹਾ- 'ਮੁੰਡਿਆ, ਬੋਤਲ ਦੇਹ ਓਏ ਇਕ।' ਮੈਂ ਚੁੱਪ ਸੀ ਤੇ ਉਡੀਕ ਰਿਹਾ ਸੀ ਕਿ ਉਹ ਖਿੜਕੀ ਦੇ ਖਾਨੇ ਵਿੱਚ ਦੀ ਨੋਟ ਅੰਦਰ ਸੁੱਟੇਗਾ ਤੇ ਫੇਰ ਮੈਂ ਉਹਨੂੰ ਬੋਤਲ ਬਾਹਰ ਫੜਾ ਦਿਆਂਗਾ, ਪਰ ਉਹ ਤਾਂ ਨੀਵੀਂ ਪਾ ਕੇ ਆਪਣੇ ਚਾਦਰੇ ਨਾਲ ਮੂੰਹ ਪੂੰਝ ਰਿਹਾ ਸੀ। ਉਹ ਉਤਾਂਹ ਝਾਕ ਕੇ ਫੇਰ ਬੋਲਿਆ- 'ਲਿਆ ਬਈ।'

'ਪੈਸੇ!'

'ਪੈਸੇ? ਪੈਸੇ ਕਾਹਦੇ?' ਉਹ ਧੀਮਾ ਬੋਲ ਰਿਹਾ ਸੀ।

'ਬੋਤਲ ਦੇ।'

'ਓਏ ਭਾਈ ਪੈਸੇ ਤਾਂ ਕਦੇ ਮੈਂ ਦਿੱਤੇ ਨ੍ਹੀਂ। ਤੂੰ ਜਾਣਦਾ ਨ੍ਹੀਂ ਮੈਨੂੰ?' ਹੁਣ ਉਹਦਾ ਬੋਲ ਰੁੱਖਾ ਸੀ।

'ਨਾ ਮੈਂ ਨੀਂ ਜਾਣਦਾ।' ਮੈਂ ਵੀ ਰੁੱਖਾ ਜਵਾਬ ਦਿੱਤਾ।

'ਤੂੰ ਬੋਤਲ ਦੇਹ!'

'ਤੂੰ ਪੈਸੇ ਦੇ ਪਹਿਲਾਂ।'

ਉਹਨੇ ਫੇਰ ਖੰਘਾਰ ਕੇ ਥੁੱਕਿਆ ਤੇ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਮੇਰੇ ਵੱਲ ਕੌੜ ਕੇ ਝਾਕਣ ਲੱਗਿਆ। ਇਕ ਬਿੰਦ ਤਾਂ ਮੈਨੂੰ ਉਹਤੋਂ ਡਰ ਲੱਗਿਆ, ਪਰ ਠੇਕੇ ਦੇ ਬਾਰ ਦਾ ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਕੰਧਾਂ ਬਹੁਤ ਉੱਚੀਆਂ ਸਨ। ਖਿੜਕੀ ਦੇ ਖਾਨੇ ਵਿੱਚ ਦੀ ਬੋਤਲ ਬਾਹਰ ਜਾ ਸਕਦੀ ਬਸ। ਅੰਦਰਲਾ ਕਹਿੰਦਾ ਸੀ, ਮੈਨੂੰ ਇਹਤੋਂ ਕੀ ਡਰ? ਇਹ ਅੰਦਰ ਤਾਂ ਆ ਸਕਦਾ ਨਹੀਂ। ਉਹਦੇ ਬੋਲ ਤੋਂ ਪਤਾ ਲੱਗਦਾ ਸੀ, ਉਹਨੇ ਪੀਤੀ ਹੋਈ ਸੀ। ਪਤਾ ਨਹੀਂ, ਕਿੱਧਰੋਂ ਆਇਆ ਸੀ। ਇਹੋ ਜਿਹੇ ਵੀਹ ਆਉਂਦੇ ਨੇ, ਸ਼ਰਾਬੀ ਕਬਾਬੀ। ਇਉਂ ਮੁਫ਼ਤ ਵਿਚ ਬੋਤਲਾਂ ਕਿਧਰੇ-ਕਿਧਰੇ ਧਰੀਆਂ ਪਈਆਂ ਹੁੰਦੀਆਂ ਨੇ?

ਉਹ ਖਿੜਕੀ ਮੂਹਰਿਓਂ ਪਰ੍ਹੇ ਹੋਇਆ ਤੇ ਜਾ ਕੇ ਬਾਰ ਨੂੰ ਧੱਕੇ ਮਾਰਨ ਲੱਗਿਆ। ਸੋਚਿਆ, ਮਾਰੀ ਜਾਵੇ ਧੱਕੇ। ਇਉਂ ਕਿਵੇਂ ਆ ਜਾਵੇਗਾ ਇਹ ਅੰਦਰ? ਪਰ ਲੱਕੜ ਦੀਆਂ ਫੱਟੀਆਂ ਵਿੱਚ ਕਬਜ਼ਿਆਂ ਨਾਲ ਕੱਸੇ ਪੁਰਾਣੇ ਤਖ਼ਤੇ ਢਿਚਕੂੰ-ਢਿਚਕੂੰ ਹੀ ਸਨ। ਉਹਦੀ ਦਾਰੂ ਪੀਤੀ ਹੋਈ ਤੇ ਅੰਨ੍ਹਾ ਜ਼ੋਰ। ਇਕ ਗੁੱਸਾ, ਬੋਤਲ ਨਾ ਮਿਲਣ ਦਾ। ਉਹ ਹਟਿਆ ਨਹੀਂ, ਭੂਸਰੇ ਝੋਟੇ ਵਾਂਗ ਧੱਕਾ ਮਾਰਦਾ ਤੇ ਗਾਲ੍ਹਾਂ ਕੱਢਦਾ- 'ਬਾਰ ਖੋਲ੍ਹ ਓਏ ਕੁੱਤਿਆਂ, ਚੱਬਾਂ ਤੇਰੇ ਹੱਡ।'

ਮੈਂ ਵਿਹੜੇ ਵਿੱਚ ਡਰਿਆ ਤੇ ਸਹਿਮਿਆ ਖੜ੍ਹਾ ਸੀ। ਐਸ ਵੇਲੇ ਇਹ ਸਾਲਾ ਕਿੱਧਰੋਂ ਆ ਗਿਆ ਕੋਈ? ਇਹ ਠੇਕਾ ਸੜਕ ਉੱਤੇ ਸੀ। ਇਕ ਡੇਢ ਮੀਲ ਦੀ ਵਿੱਥ ਉੱਤੇ ਦੋ ਪਿੰਡ ਸਨ। ਦੋਵੇਂ ਪਿੰਡ ਨੂੰ ਲਿੰਕ ਸੜਕਾਂ ਜਾਂਦੀਆਂ। ਆਥਣ ਵੇਲੇ ਤੱਕ ਤਾਂ ਲੋਕਾਂ ਦੀ ਰਚਨਾ ਲੱਗੀ ਰਹਿੰਦੀ। ਮੇਨ ਸੜਕ ਉੱਤੇ ਬੱਸਾਂ ਦੀ ਆਵਾਜਾਈ ਬਹੁਤ ਸੀ। ਅੱਡੇ ਉੱਤੇ ਦੋ-ਤਿੰਨ ਦੁਕਾਨਾਂ ਹੋਰ ਵੀ ਸਨ, ਪਰ ਦਿਨ ਛਿਪਦੇ ਹੀ ਸਭ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ। ਦੁਕਾਨਾਂ ਵਿੱਚ ਨਿੱਕਾ-ਮੋਟਾ ਸੌਦਾ ਹੁੰਦਾ। ਚੋਰ ਚਕਾਰੀ ਦਾ ਕੋਈ ਖ਼ਾਸ ਡਰ ਨਹੀਂ ਸੀ, ਪਰ ਰਾਤ ਪਈ ਤੋਂ ਅੱਡਾ ਸੁੰਨਾ ਹੋ ਜਾਂਦਾ। ਭੈਅ ਆਉਂਦਾ, ਜਿਵੇਂ ਰੋਹੀਆਂ ਵਿਚ ਬੈਠਾ ਹੋਵਾਂ ਮੈਂ। ਰੋਹੀਆਂ ਹੀ ਤਾਂ ਸਨ ਇਹ। ਦੋਵਾਂ ਪਿੰਡਾਂ ਦੇ ਕੁੱਤਿਆਂ ਦੀਆਂ ਆਵਾਜ਼ਾਂ ਵੀ ਨਹੀਂ ਸੁਣਦੀਆਂ ਸਨ। ਜੇ ਸਾਲ਼ਾ ਅੰਦਰ ਆ ਵੜਿਆ, ਪਤਾ ਨਹੀਂ ਕੀ ਸਲੂਕ ਕਰੇਗਾ? ਰੋਹੀ ਵਿੱਚ ਉਹਨੂੰ ਕੋਈ ਛੁਡਾਉਣ ਵਾਲਾ ਵੀ ਨਹੀਂ ਸੀ। ਬਾਰ ਦੇ ਅੰਦਰਲੇ ਕੁੰਡੇ ਵਿੱਚ ਜਿੰਦਰਾ ਵੀ ਫ਼ਸਾਇਆ ਹੋਇਆ ਸੀ। ਕੁੰਡਾ ਖੁੱਲ੍ਹਣ ਦਾ ਕੋਈ ਖ਼ਤਰਾ ਨਹੀਂ ਸੀ, ਪਰ ਓਸ ਸਾਨ੍ਹ ਨੇ ਤਾਂ ਧੱਕੇ ਮਾਰ-ਮਾਰ ਕਬਜ਼ੇ ਹਿਲਾ ਦਿੱਤੇ, ਕਾਬਲਿਆਂ ਵਿੱਚ ਲੱਗੀਆਂ ਫੱਟੀਆਂ ਪੁੱਟ ਦਿੱਤੀਆਂ। ਤਖ਼ਤੇ ਤੋੜ ਕੇ ਉਹ ਅੰਦਰ ਆ ਗਿਆ। ਉਹਦੀ ਪੱਗ ਬਾਹਰ ਹੀ ਕਿਧਰੇ ਰਹਿ ਗਈ ਸੀ। ਉਹਦੇ ਹੱਥ ਵਿੱਚ ਲੰਮੇ ਫ਼ਲ ਵਾਲਾ ਚਾਕੂ ਸੀ। ਆਪਣੇ ਚਾਦਰੇ ਦੇ ਡੱਬ ਵਿਚੋਂ ਉਹਨੇ ਚਾਕੂ ਕੱਢਿਆ ਸੀ। ਉਹ ਸਿੱਧਾ ਮੇਰੇ ਵੱਲ ਆ ਰਿਹਾ ਸੀ। ਹੁਣ ਉਹ ਦੰਦ ਪੀਹ ਰਿਹਾ ਸੀ ਤੇ ਆਖ ਰਿਹਾ ਸੀ- 'ਬੋਲ ਨਹੀਂ ਦੇਵੇਂਗਾ ਬੋਤਲ?'

ਮੇਰੇ ਚਿਹਰੇ ਦਾ ਰੰਗ ਉੱਡ ਗਿਆ। ਮੇਰੇ ਮੂੰਹੋਂ ਬਣੌਟੀ ਹਾਸੀ ਨਿੱਕਲਣ ਲੱਗੀ। ਮੈਂ ਬੋਲਿਆ- 'ਓਏ, ਮੈਂ ਤਾਂ ਯਾਰ ਹੱਸਦਾ ਸੀ। ਹੱਸਣ ਦਾ ਸੁਭਾਅ ਐ ਮੇਰਾ। ਦਾਰੂ ਜਿੰਨੀ ਮਰਜ਼ੀ। ਆ ਜਾ ਬਹਿ ਜਾ। ਮੈਂ ਬੋਤਲ ਦਿੰਨਾਂ। ਵਿਹੜੇ ਵਿੱਚ ਪਈ ਕੁਰਸੀ 'ਤੇ ਮੇਜ਼ ਵੱਲ ਮੈਂ ਹੱਥ ਕੀਤਾ। ਪਤਾ ਨਹੀਂ ਉਹਦਾ ਚਿੱਤ ਕਿਵੇਂ ਬਦਲਿਆਂ, ਉਹ ਕੁਰਸੀ ’ਤੇ ਬੈਠ ਗਿਆ। ਚਾਕੂ ਮੇਜ਼ ਉੱਤੇ ਰੱਖ ਲਿਆ। ਬੋਲਿਆ- 'ਲਿਆ ਫੇਰ।'

ਮੈਂ ਬੋਤਲ ਖੋਲ੍ਹ ਕੇ ਮੇਜ਼ ਉੱਤੇ ਧਰ ਦਿੱਤੀ। ਕੱਚ ਦਾ ਗਿਲਾਸ ਦੇ ਦਿੱਤਾ ਤੇ ਨਲਕੇ ਦਾ ਠੰਡਾ ਪਾਣੀ ਕੱਢ ਕੇ ਜੱਗ ਧਰ ਦਿੱਤਾ। ਉਹਨੇ ਬੈਠੇ-ਬੈਠੇ ਨੇ ਫੇਰ ਚਾਕੂ ਹੱਥ ਵਿੱਚ ਫੜ ਲਿਆ ਤੇ ਕੜਕ ਕੇ ਬੋਲਿਆ- 'ਅੱਜ ਨੀਂ ਮੈਂ ਤੈਨੂੰ ਛੱਡਦਾ। ਮਾਰ ਕੇ ਜਾਊਂਗਾ।'

ਮੈਂ ਹੱਸ ਕੇ ਕਿਹਾ- 'ਮਾਰ ਲੀਂ ਭਰਾਵਾ, ਪਰ ਪਹਿਲਾਂ ਦਾਰੂ ਤਾਂ ਪੀ ਲੈ।' ਗਿਲਾਸ ਸਵਿੱਚ ਸ਼ਰਾਬ ਪਾ ਕੇ ਤੇ ਵਿੱਚ ਥੋੜ੍ਹਾ ਪਾਣੀ ਪਾ ਕੇ ਮੈਂ ਕਿਹਾ- 'ਲੈ ਫੜ, ਪੀ ਪਹਿਲਾਂ। ਪਿੱਛੋਂ ਜੋ ਮਰਜ਼ੀ ਕਰ ਲੀਂ।

ਉਹਨੇ ਪੈੱਗ ਪੀ ਲਿਆ। ਨਾਲ ਦੀ ਨਾਲ ਇਕ ਪੈੱਗ ਮੈਂ ਹੋਰ ਪਾ ਦਿੱਤਾ। ਦੋ ਕੁ ਮਿੰਟ ਏਧਰ-ਓਧਰ ਝਾਕ ਕੇ ਤੇ ਖੰਘੂਰ ਮਾਰ ਕੇ ਉਹਨੇ ਦੂਜਾ ਪੈੱਗ ਵੀ ਮੂੰਹ ਨੂੰ ਲਾਇਆ ਤੇ ਪੀ ਗਿਆ। ਚਾਕੂ ਉਹਦੇ ਜੱਗ ਕੋਲ ਪਿਆ।

ਮੈਂ ਪੂਰਾ ਡਰਿਆ ਹੋਈਆ ਸੀ। ਇਹੋ ਜਿਹੇ ਪਾਗ਼ਲ ਸ਼ਰਾਬੀ ਦਾ ਕੀ ਵਸਾਹ, ਸੱਚੀਂ ਗੱਡ ਦੇਵੇ ਚਾਕੂ ਢਿੱਡ ਵਿੱਚ। ਮੈਂ ਵਿਉਂਤ ਬਣਾਉਂਣ ਲੱਗਿਆ, ਕਿਵੇਂ ਨਾ ਕਿਵੇਂ ਉਹਦੇ ਕੋਲੋਂ ਚਾਕੂ ਪਰ੍ਹਾਂ ਖਿਸਕਾ ਲਵਾਂ।

ਮੈਂ ਕਮਰੇ ਅੰਦਰ ਗਿਆ ਤੇ ਗੱਦੀ ਉੱਤੋਂ ਰੋਟੀ ਵਾਲਾ ਡੱਬਾ ਚੁੱਕ ਲਿਆਂਦਾ। ਰੋਟੀਆਂ ਤੇ ਪਿਆਜ਼ ਨੂੰ ਰੁਮਾਲ ਵਿੱਚ ਵਲ੍ਹੇਟ ਕੇ ਪਰ੍ਹਾਂ ਰੱਖ ਦਿੱਤਾ, ਡੱਬੇ ਵਿੱਚ ਇਕ ਚਮਚਾ ਰੱਖਿਆ, ਆਲੂ ਬੈਂਗਣਾ ਦੀ ਸਬਜ਼ੀ ਸੀ। ਡੱਬਾ ਉਹ ਦੇ ਮੇਜ਼ ਉੱਤੇ ਰੱਖ ਕੇ ਕਿਹਾ- ‘ਲੈ ਸਬਜ਼ੀ ਵੀ ਹੈਗੀ ਆਪਣੇ ਕੋਲ।’ ਮਲੂਕ ਦੇ ਕੇ ਮੈਂ ਉਹਦਾ ਚਾਕੂ ਚੁੱਕਣਾ ਚਾਹਿਆ, ਪਰ ਉਹਨੇ ਨਾਲ ਦੀ ਨਾਲ ਮੇਰਾ ਗੁੱਟ ਫੜ ਲਿਆ। ਹੱਸਿਆ- ‘ਇਹ ਨਾ ਛੇੜ। ਇਹਨੂੰ ਐਥੇ ਈ ਪਿਆ ਰਹਿਣ ਦੇਹ। ਸਭ ਜਾਣਦਾ ਮੈਂ ਇਹਦੇ ਨਾਲ ਤਾਂ ਅੱਜ ਤੇਰਾ ਕਤਲ ਕਰਨੈਂ ਮੈਂ।’

ਲੱਗਿਆ, ਜਿਵੇਂ ਉਹ ਮਜ਼ਾਕ ਕਰ ਰਿਹਾ ਹੈ, ਪਰ ਇਹ ਵੀ ਲਗਦਾ, ਜਿਵੇਂ ਉਹ ਸੱਚ ਕਹਿ ਰਿਹਾ ਹੋਵੇ। ਡਰ ਨਾਲ ਮੈਂ ਪਾਣੀ-ਪਾਣੀ ਹੋਇਆ ਪਿਆ ਸੀ। ਹੁਣ ਨਾ ਤਾਂ ਚੰਨ ਚਾਨਣੀ ਚੰਗੀ ਲੱਗਦੀ ਸੀ ਤੇ ਨਾ ਹਵਾ। ਸਾਰਾ ਸੰਸਾਰ ਜਿਵੇਂ ਇੱਕ ਹੁੰਮਸ ਹੋਵੇ। ਮੈਨੂੰ ਤਾਂ ਸਾਹ ਮਸਾਂ ਆਉਂਦਾ ਸੀ। ਮੇਰੇ ਢਿੱਡ ਵਿੱਚ ਪਊਆਂ ਸ਼ਰਾਬ ਡਿੱਗੀ ਦਾ ਕਿਧਰੇ ਕੋਈ ਅਸਰ ਨਹੀਂ ਸੀ। ਉਹ ਹੁਣ ਤੱਕ ਅਧੀਏ ਤੋਂ ਵੱਧ ਪੀ ਚੁੱਕਿਆ ਸੀ। ਜਿਵੇਂ ਉਹਦੀਆਂ ਅੱਖਾਂ ਵਿਚੋਂ ਲਹੂ ਚੋਅ ਰਿਹਾ ਹੋਵੇ। ਚੰਦ ਦੇ ਚਾਨਣ ਵਿੱਚ ਅੱਖਾਂ ਦੀ ਸੁਰਖ਼ੀ ਸਾਫ਼ ਨਜ਼ਰ ਆਉਂਦੀ। ਉਹਨੂੰ ਪੂਰਾ ਗੁੱਸਾ ਸੀ ਕਿ ਮੈਂ ਉਹਨੂੰ ਬੋਤਲ ਕਿਉਂ ਨਹੀਂ ਦਿੱਤੀ। ਮੈਂ ਅੰਦਰ ਗਿਆ ਤੇ ਓਸੇ ਸਟੀਲ ਦੇ ਗਿਲਾਸ ਵਿੱਚ ਇੱਕ ਪਊਆ ਪਾ ਲਿਆ। ਬਿਨਾ ਪਾਣੀਓ ਵੀ ਸ਼ਰਾਬ ਮੈਨੂੰ ਫਿੱਕੀ-ਫਿੱਕੀ ਲੱਗੀ। ਬਾਹਰ ਆਇਆ, ਦਸ ਮਿੰਟ ਬੀਤ ਗਏ, ਮੈਨੂੰ ਕੋਈ ਨਸ਼ਾ ਨਹੀਂ ਸੀ। ਇੱਕ ਪੈੱਗ ਹੋਰ ਪੀ ਕੇ ਉਹਨੇ ਥੁੱਕਿਆ। ਬਾਕੀ ਬਚਦੀ ਸ਼ਰਾਬ ਵਾਲੀ ਬੋਤਲ ਚਾਦਰੇ ਦੇ ਡੱਬ ਵਿੱਚ ਦੇ ਲਈ। ਚਾਕੂ ਹੱਥ ਵਿੱਚ ਫ਼ੜ ਲਿਆ। ਆਪਣੀ ਜਾਣ ਵਿੱਚ ਉਹ ਕੜਕ ਕੇ ਬੋਲਿਆ ਸੀ, ਪਰ ਉਹਦੀ ਆਵਾਜ਼ ਡੋਲਦੀ ਥਿੜਕਣੀ ਲੱਗੀ। ਉਹ ਪੂਰਾ ਨਸ਼ੇ ਵਿਚ ਸੀ। ਉੱਖੜਦੇ ਪੈਰਾਂ ਨਾਲ ਅੱਗੇ ਤੁਰਨ ਲੱਗਿਆ। ਉਹ ਮੈਨੂੰ ਗਾਲ੍ਹਾਂ ਕੱਢ ਰਿਹਾ ਸੀ। ਆਖ ਰਿਹਾ ਸੀ- 'ਅੱਜ ਤੇਰਾ ਕਤਲ ਕਰਨੈਂ ਮੈਂ।'

ਮੈਂ ਬਾਹਰ ਗਿਆ ਤੇ ਉਹਦੀ ਪੱਗ ਲੱਭ ਕੇ ਚੁੱਕ ਲਿਆਇਆ। ਠੇਕੇ ਤੋਂ ਬਾਹਰ ਜਾ ਕੇ ਇੱਕ ਬਿੰਦ ਮੇਰਾ ਜੀਅ ਕੀਤਾ ਸੀ ਕਿ ਭੱਜ ਜਾਵਾਂ ਤੇ ਜੋਧਪੁਰ ਜਾਂ ਕਰਮਗੜ੍ਹ ਪਿੰਡ ਵਿੱਚ ਜਾ ਕੇ ਰੌਲ਼ਾ ਪਾ ਦਿਆਂ। ਉਹ ਆਪੇ ਆ ਕੇ ਇਹਨੂੰ ਸੰਭਾਲ ਲੈਣਗੇ। ਦੋਹਾਂ ਪਿੰਡਾਂ ਵਿੱਚ ਠੇਕੇਦਾਰ ਦੇ ਸਿਆਣੂ ਘਰ ਸਨ, ਜਿਹੜੇ ਮੈਨੂੰ ਜਾਣਦੇ ਸਨ। ਵੇਲੇ ਕੁਵੇਲੇ ਮੇਰੀ ਮਦਦ ਕਰਦੇ। ਜੋਧਪੁਰੋਂ ਰੋਟੀ ਆਉਂਦੀ ਸੀ ਮੈਨੂੰ, ਤੜਕੇ ਤੇ ਆਥਣੇ ਦੋਹਾਂ ਵੇਲਿਆਂ ਦੀ। ਪਰ ਨਹੀਂ, ਮੈਂ ਸੋਚਿਆ- 'ਇਹਨੂੰ ਹੋਰ ਪਿਆ ਦੇਵਾਂ, ਕਮਲਾ ਹੋ ਕੇ ਡਿੱਗ ਪਵੇਗਾ ਤੇ ਫੇਰ ਸੌਂ ਜਾਵੇਗਾ। ਤੜਕੇ ਸੁਰਤ ਆਈ ਤੋਂ ਕਾਹਨੂੰ ਕੁੱਟੇਗਾ ਕੋਈ ਕਮਲਾ। ਮੈਂ ਉਹਨੂੰ ਉਹਦੀ ਪੱਗ ਫੜਾਈ ਤੇ ਕਿਹਾ- 'ਸਾਫਾ ਤਾਂ ਤੇਰਾ ਬਾਹਰ ਈ ਪਿਆ ਸੀ। ਲੈ ਇਹ ਬੰਨ੍ਹ ਲੈ।

ਉਹ ਮੰਜੇ ਉੱਤੇ ਬਹਿ ਗਿਆ। ਚਾਕੂ ਆਪਣੇ ਪੱਟ ਥੱਲੇ ਰੱਖ ਲਿਆ। ਸਿਰ ਦੇ ਵਾਲ਼ਾਂ ਦੀ ਲਟੂਰੀ ਜਿਹੀ ਬਣਾ ਕੇ ਪੱਗ ਦੇ ਲੜ ਰੱਸੇ ਵਾਂਗ ਵਲੇਟਣ ਲੱਗ ਪਿਆ। ਮੇਰਾ ਦਿਲ ਨਹੀਂ ਖੜ੍ਹਦਾ ਸੀ। ਅੰਦਰ ਜਾ ਕੇ ਮੈਂ ਇਹ ਪਊਆਂ ਹੋਰ ਆਪਣੇ ਅੰਦਰ ਸੁੱਟ ਲਿਆ।

ਗਿਲਾਸ ਖਾਲੀ ਕਰਨ ਸਾਰ ਧੁੜਧੁੜੀ ਆਈ। ਨਾਲ ਦੀ ਨਾਲ ਮੇਰੇ ਦਿਮਾਗ਼ ਵਿੱਚ ਇੱਕ ਤਿੱਖਾ ਖ਼ਿਆਲ ਇਸ ਤਰ੍ਹਾਂ ਗੁਜ਼ਰ ਗਿਆ, ਜਿਵੇਂ ਤਾਂਬੇ ਦੀ ਤਾਰ ਸਾਬਣ ਦੀ ਗਾਚੀ ਨੂੰ ਕੱਟ ਜਾਂਦੀ ਹੋਵੇ। ਇਸ ਖ਼ਿਆਲ ਨੇ ਮੈਨੂੰ ਦੂਜੀ ਧੜਧੜੀ ਛੱਡੀ, ਪਰ ਮੈਂ ਹੌਸਲਾ ਫੜ ਲਿਆ। ਬਾਹਰ ਆ ਕੇ ਉਹਨੂੰ ਦੇਖਿਆ, ਉਹਨੇ ਪੱਗ ਦੇ ਸਾਰੇ ਲੜ ਵਲ੍ਹੇਟ ਲਏ ਸਨ ਤੇ ਬਾਕੀ ਬਚਦਾ ਅੱਧਾ ਲੜ ਕੰਨ ਕੋਲ ਟੰਗ ਰੱਖਿਆ ਸੀ। ਉਹਦਾ ਸਿਰ ਹਿੱਲ ਰਿਹਾ ਸੀ। ਉਹਦੀਆਂ ਖੂਨੀ ਅੱਖਾਂ ਮੇਰੇ ਵੱਲ ਸਨ। ਚਾਕੂ ਹੱਥ ਵਿਚ ਸੀ। ਉਹ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਹਨੂੰ ਪਰ੍ਹੇ ਤੋਂ ਹੀ ਪਾਣੀ ਦਾ ਗਿਲਾਸ ਫੜਾਇਆ। ਇਸ ਵੇਲੇ ਮੈਨੂੰ ਵੀ ਨਸ਼ਾ ਸੀ ਤੇ ਮੇਰੇ ਵਿੱਚ ਹਿੰਮਤ ਇਕੱਠੀ ਹੋ ਚੁੱਕੀ ਸੀ। ਉਹਨੇ ਜਿਉਂ ਹੀ ਪਾਣੀ ਦਾ ਗਿਲਾਸ ਮੂੰਹ ਨੂੰ ਲਾਇਆ ਤੇ ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ ਤਾਂ ਮੈਂ ਖੂੰਜੇ ਵਿੱਚ ਪਿਆ ਖਪਰਾ ਚੱਕਿਆ ਤੇ ਦੋਵਾਂ ਹੱਥਾਂ ਦੀ ਮਜ਼ਬੂਤ ਪਕੜ ਨਾਲ ਉਹਦੀ ਧੌਣ ਉੱਤੇ ਮਾਰਿਆ। ਖਪੁਰਾ ਤਿੱਖਾ ਸੀ। ਰੱਖਿਆ ਸੀ, ਕੀਹ ਐ ਕਦੇ ਲੋੜ ਪੈ ਜਾਂਦੀ ਹੈ। ਖਪਰੇ ਨੇ ਜਿਵੇਂ ਏਸੇ ਕੰਮ ਆਉਂਣਾ ਸੀ। ਇਕ ਖਪਰਾ ਮੈਂ ਹੋਰ ਟਿਕਾਅ ਕੇ ਧਰ ਦਿੱਤਾ। ਉਹਦੇ ਕੱਪੜੇ, ਮੰਜਾ ਤੇ ਵਿਹੜੇ ਦੀ ਮਿੱਟੀ... ਸਭ ਲਹੂ ਲੁਹਾਣ ਹੋ ਗਿਆ। ਉਹ ਪਹਿਲਾਂ ਤਾਂ ਥੱਲੇ ਨੂੰ ਝੁਕਿਆ, ਫੇਰ ਗੇੜਾ ਖਾ ਕੇ ਮੰਜੇ ਉੱਤੇ ਹੀ ਡਿੱਗ ਪਿਆ। ਉਹਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ ਸੀ। ਉਹ ਮਰ ਗਿਆ। ਉਹਦਾ ਚਾਕੂ ਥੱਲੇ ਧਰਤੀ ਉੱਤੇ ਡਿੱਗਿਆ ਪਿਆ ਸੀ, ਕਿਸੇ ਬੇਜ਼ਾਨ ਚੀਜ਼ ਵਾਂਗ। ਜਦੋਂ ਕਿ ਦਸ ਮਿੰਟ ਪਹਿਲਾਂ ਇਹ ਚਾਕੂ ਮੇਰੇ ਲਈ ਦਹਿਸ਼ਤ ਦਾ ਵੱਡਾ ਚਿੰਨ੍ਹ ਸੀ-ਕਾਲ਼ੇ ਨਾਗ ਵਾਂਗ ਫੁੰਕਾਰੇ ਮਾਰਦਾ।

ਤਸੱਲੀ ਹੋਈ ਕਿ ਜੇ ਮੈਂ ਅਜਿਹਾ ਨਾ ਕਰਦਾ ਤਾਂ ਉਹਨੇ ਮੇਰਾ ਕਤਲ ਕਰ ਦੇਣਾ ਸੀ। ਉਹ ਡਰਾਉਂਦਾ ਨਹੀਂ ਸੀ, ਜ਼ਰੂਰ ਮੈਨੂੰ ਮਾਰ ਦਿੰਦਾ, ਪਰ ਉਹਨੂੰ ਮਰਿਆ ਪਿਆ ਦੇਖ ਕੇ ਮੇਰੀ ਸ਼ਰਾਬ ਉੱਤਰਨ ਲੱਗੀ। ਤੜਕੇ ਨੂੰ ਪਤਾ ਲੱਗ ਜਾਣਾ ਹੈ, ਇਹ ਕਤਲ ਮੇਰੇ ਜ਼ਿੰਮੇ ਪਵੇਗਾ ਤੇ ਸਰਕਾਰ ਮੈਨੂੰ ਫਾਹਾ ਲਾ ਦੇਵੇਗੀ। ਪਹਿਲਾਂ ਵਾਲੇ ਡਰ ਨਾਲੋਂ ਇਹ ਡਰ ਹੋਰ ਵੀ ਵੱਡਾ ਸੀ। ਮੇਰੇ ਹੱਥਾਂ ਪੈਰਾਂ ਤੇ ਕੁੜਤੇ-ਪੁਜਾਮੇ ਉੱਤੇ ਲਹੂ ਦੇ ਛਿੱਟੇ ਸਨ। ਪਹਿਲਾਂ ਤਾਂ ਮੈਂ ਕੁੜਤਾ ਪਜਾਮਾ ਲਾਹਿਆ। ਕਹੀ ਲੈ ਕੇ ਬਾਹਰ ਗਿਆ ਤੇ ਇਕ ਨਰਮੇ ਦੇ ਖੇਤ ਵਿੱਚ ਟੋਆ ਪੁੱਟ ਕੇ ਵਿੱਚ ਕੁੜਤੇ-ਪਜਾਮੇ ਨੂੰ ਦੱਬ ਦਿੱਤਾ। ਉੱਤੋਂ ਮਿੱਟੀ ਸੰਵਾਰ ਕੇ ਥਾਪੜ ਦਿੱਤੀ। ਮੁੜ ਕੇ ਆ ਕੇ ਮੈਂ ਗੋਡਿਆਂ ਤੱਕ ਆਪਣੀਆਂ ਲੱਤਾਂ ਧੋਤੀਆਂ, ਕੂਹਣੀਆਂ ਤੱਕ ਬਾਹਾਂ ਵੀ, ਮੂੰਹ ਰਗੜ ਕੇ ਪਾਣੀ ਨਾਲ ਧੋ ਲਿਆ। ਇੱਕ ਕੁੜਤਾ-ਪਜਾਮਾ ਅੰਦਰ ਕੀਲੇ ਉੱਤੇ ਧੋ ਕੇ ਟੰਗਿਆ ਹੋਇਆ ਸੀ। ਉਹ ਪਾ ਲਏ। ਓਵੇਂ ਜਿਵੇਂ ਠੇਕਾ ਖੁੱਲ੍ਹਾ ਛੱਡ ਕੇ ਮੈਂ ਜੋਧਪੁਰ ਦੀ ਸੜਕ ਪੈ ਗਿਆ। ਖਪਰਾ ਚੁੱਕ ਕੇ ਵੀ ਮੈਂ ਕੱਪੜਿਆਂ ਵਾਲੀ ਥਾਂ ਦੇ ਨਾਲ ਹੀ ਨਵਾਂ ਟੋਆ ਪੁੱਟ ਕੇ ਦੱਬ ਦਿੱਤਾ ਸੀ। ਆਪਣੀ ਜਾਣ ਵਿੱਚ ਕੋਈ ਸਬੂਤ ਬਾਕੀ ਨਹੀਂ ਰਹਿਣ ਦਿੱਤਾ ਸੀ।

ਜੋਧਪੁਰ ਜਾ ਕੇ ਮੈਂ ਪਹਿਲਾਂ ਸਰਪੰਚ ਨੂੰ ਜਗਾਇਆ। ਉਹ ਸ਼ਰਾਬ ਪੀ ਕੇ ਸੁੱਤਾ ਸੀ। ਉੱਠਣ ਸਾਰ ਪਹਿਲਾਂ ਮੈਨੂੰ ਗਾਲ੍ਹ ਕੱਢੀ, 'ਆ ਗਿਆ ਅੱਧੀ ਰਾਤ, ਕੌਣ ਐਂ ਤੂੰ?' ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਠੇਕੇਦਾਰਾਂ ਦਾ ਕਰਿੰਦਾ ਹਾਂ ਤਾਂ ਉਹ ਸ਼ਾਂਤੀ ਨਾਲ ਮੇਰੀ ਗੱਲ ਸੁਣਨ ਲੱਗਿਆ। ਮੈਂ ਦੱਸਿਆ ਕਿ ਥੋੜਾ ਚਿਰ ਪਹਿਲਾਂ ਠੇਕੇ ਵਿੱਚ ਤਿੰਨ ਬੰਦੇ ਆਏ ਸਨ। ਬੋਤਲ ਲੈ ਕੇ ਦਾਰੂ ਪੀਂਦੇ ਰਹੇ। ਫੇਰ ਲੜ ਪਏ। ਤੀਜੇ ਨੂੰ ਮਾਰ ਕੇ ਦੋ ਬੰਦੇ ਭੱਜ ਗਏ। ਪਤਾ ਨਹੀਂ ਮਰ ਗਿਆ, ਪਤਾ ਨਹੀਂ ਜਿਊਂਦਾ ਹੈ। ਪਤਾ ਨਹੀਂ ਕੌਣ ਹੈ, ਜਾ ਕੇ ਦੇਖ ਲਓ। ਪੜਤਾਲ ਕਰ ਲਓ। ਕਿਤੇ ਮੈਂ ਨਾ ਐਵੇ-ਐਵੇਂ ਦਾ ਮਾਰਿਆ ਜਾਵਾਂ।

ਸਰਪੰਚ ਨੇ ਦੋ ਬੰਦੇ ਹੋਰ ਨਾਲ ਲਏ ਤੇ ਆਪਣਾ ਟਰੈਕਟਰ ਸਟਾਰਟ ਕਰ ਕੇ ਅੱਡੇ ਉੱਤੇ ਆ ਗਿਆ। ਮੈਥੋਂ ਲੈਂਪ ਲੈ ਕੇ ਉਹਨੇ ਬੰਦੇ ਨੂੰ ਦੇਖਿਆ, ਲਹੂ ਹੀ ਲਹੂ ਸੀ। ਥੋੜ੍ਹੀ ਜਿਹੀ ਗਰਦਨ ਅਣਵੱਢੀ ਰਹਿ ਕੇ ਉਹਦਾ ਸਿਰ ਧੜ ਦੇ ਨਾਲ ਹੀ ਜੁੜਿਆ ਰਹਿ ਗਿਆ ਸੀ। ਤਿੰਨੇ ਬੰਦੇ ਮੂੰਹ ਨਾਲ 'ਚ 'ਚ ਕਰ ਰਹੇ ਸਨ। ਸਰਪੰਚ ਬੋਲਿਆ- 'ਭਾਣਾ ਤਾਂ ਬੀਤਿਆਂ ਪਿਐ, ਪਰ ਇਹ ਹੋਇਆ ਕੌਣ?' ਦੂਜਾ ਇਕ ਬੰਦਾ ਕਹਿੰਦਾ- 'ਆਪਣੇ ਦੋਹਾਂ ਪਿੰਡਾਂ ਦਾ ਤਾਂ ਹੈ ਨ੍ਹੀਂ ਇਹ। ਸਭ ਨੂੰ ਜਾਣਦੇ ਆਂ। ਦੂਰ ਕਿਤੋਂ ਦਾ ਲੱਗਦੈ।'

'ਪਹਿਲਾਂ ਦਾਰੂ ਲਿਆ ਓਏ, ਸਿੱਟੀਏ ਘੁੱਟ-ਘੁੱਟ ਅੰਦਰ। ਫੇਰ ਚੱਲਦੇ ਆਂ ਥਾਣੇ ਨੂੰ। ਆਹ ਖੜ੍ਹੈ ਥਾਣਾ, ਅੱਧੇ ਘੰਟੇ ਦੀ ਵਾਟ ਐ। ਕਿਹੜਾ ਦੂਰ ਐ।' ਸਰਪੰਚ ਨੇ ਮੈਨੂੰ ਹੁਕਮ ਕੀਤਾ ਤੇ ਫੇਰ ਕਿਹਾ- 'ਤੂੰ ਨਾ ਡਰ, ਤੈਨੂੰ ਕੁਛ ਨ੍ਹੀਂ ਹੁੰਦਾ। ਤੇਰਾ ਕੋਈ ਕਸੂਰ ਨ੍ਹੀਂ ਇਹਦੇ 'ਚ। ਜੀਹਨੇ ਕੀਤੈ, ਆਪੇ ਭੁਗਤੂ।'

ਉਹਦੇ ਵਾਲਾ ਜੱਗ ਤੇ ਗਿਲਾਸ ਮੈਂ ਓਵੇਂ ਜਿਵੇਂ ਪਿਆ ਰਹਿਣ ਦਿੱਤਾ। ਬਾਲਟੀ ਭਰ ਲਈ। ਵਿੱਚ ਦੋ ਗਿਲਾਸ ਸਟੀਲ ਦੇ ਸੁੱਟ ਲਏ। ਉਹ ਤਿੰਨੇ ਸੜਕ ਵਿਚਾਲੇ ਬੈਠ ਕੇ ਪੀਣ ਲੱਗੇ। ਟਰੈਕਟਰ ਚੁਰਾਹੇ ਉੱਤੇ ਖੜ੍ਹਾ ਸੀ। ਬੋਤਲਾਂ ਮੈਂ ਦੋ ਲਿਆ ਕੇ ਰੱਖ ਦਿੱਤੀਆਂ ਸਨ। ਉਹ ਮੈਨੂੰ ਵੀ ਪੈੱਗ ਦੇ ਰਹੇ ਸਨ। ਪੈੱਗ ਦੇਣ ਵੇਲੇ ਹੌਂਸਲਾ ਵੀ ਦਿੰਦੇ। ਆਖਦੇ, 'ਤੈਨੂੰ ਕੁਛ ਨ੍ਹੀਂ ਹੋਣ ਦਿੰਦੇ।' ਪਹੁ ਫੁਟਦੀ ਤਕ ਪੀਈਂ ਗਏ। ਫੇਰ ਕਹਿੰਦੇ- 'ਹੁਣ ਪਿੰਡ ਨੂੰ ਮੁੜਦੇ ਆਂ, ਨ੍ਹਾ ਧੋ ਕੇ ਚੱਲਾਂਗੇ ਠਾਣੇਦਾਰ ਕੋਲ।'

ਥਾਣੇ ਜਾ ਕੇ ਪਤਾ ਨਹੀਂ ਕੀਹਨੇ ਦੱਸ ਦਿੱਤਾ ਸੀ, ਸੂਰਜ ਦੀ ਟਿੱਕੀ ਦਿਸਣ ਵੇਲੇ ਨੂੰ ਪੁਲਿਸ ਆ ਗਈ, ਆਪਣਾ ਜੀਪਾਂ ਲੈ ਕੇ। ਮੈਨੂੰ ਫ਼ੜ ਕੇ ਖੇਤਾਂ ਵਿੱਚ ਲੈ ਗਏ ਤੇ ਪੂਰਾ ਵੱਢਿਆ। ਮੇਰੇ ਕੋਲ ਅੱਧਾ ਤੋਲਾ ਫ਼ੀਮ ਦਾ ਸੀ। ਪਹਿਲਾਂ ਹੀ ਸਾਰੀ ਅੰਦਰ ਲੰਘਾ ਰੱਖੀ ਸੀ। ਡੰਡਿਆਂ ਦੀ ਸੱਟ ਲੱਗਦੀ ਹੀ ਨਹੀਂ ਸੀ। ਉਹ ਜ਼ੋਰ ਲਾ ਹਟੇ, ਮੈਂ ਮੰਨਿਆ ਨਹੀਂ। ਇਹੀ ਬੌਕੀ ਫੜੀ ਰੱਖੀ- 'ਪਤਾ ਨ੍ਹੀਂ ਜੀ, ਦੋ ਬੰਦੇ ਹੋਰ ਸੀ। ਉਹੀ ਮਾਰ ਕੇ ਗਏ ਐ।'

ਠਾਣੇਦਾਰ ਕਹਿੰਦਾ- 'ਇਹਨੂੰ ਓਥੇ ਲੈ ਕੇ ਚੱਲੋ, ਲਾਸ਼ ਫੇਰ ਚੱਕਾਂਗੇ। ਦੋ ਸਿਪਾਹੀ ਐਥੇ ਰਹੋ ਬਈ।'

ਥਾਣੇ ਲਿਜਾ ਕੇ ਉਹਨਾਂ ਨੇ ਦੋ ਵਾਰ ਮੈਨੂੰ 'ਕੁਰਸੀਂ' ਲਾਈ। ਮੇਰੇ ਥਾਂ ਪਾੜ ਦਿੱਤੇ। ਤੀਜੀ ਵਾਰ ਨੂੰ ਮੇਰੀਆਂ ਲੇਰਾਂ ਨਿੱਕਲ ਗਈਆਂ। ਧਰਤੀ ਅਸਮਾਨ ਇੱਕ ਹੋ ਗਿਆ। ਮੈਂ ਸਭ ਦੱਸ ਦਿੱਤਾ। ਫੇਰ ਨਹੀਂ ਉਹਨਾਂ ਨੇ ਮੈਨੂੰ ਕੁਝ ਵੀ ਆਖਿਆ।

ਉਹ ਬੰਦਾ ਵੀਹ ਬਾਈ ਮੀਲ ਦੂਰ ਦੇ ਇੱਕ ਪਿੰਡ ਬਿਲਾਸਪੁਰ ਦਾ ਮੰਨਿਆ ਹੋਇਆ ਬਦਮਾਸ਼ ਸੀ। ਸਾਰੇ ਪਿੰਡ ਉੱਤੇ ਤੜੀ ਸੀ ਉਹਦੀ। ਏਧਰ ਛੇ ਸੱਤ ਮੀਲ ’ਤੇ ਵੱਡੇ ਰਾਣੀਸਰ ਉਹਦੀ ਭੂਆ ਸੀ। ਭੂਆ ਦੇ ਪੁੱਤਾਂ ਨਾਲ ਦਾਰੂ ਪੀਂਦਾ ਖਹਿਬੜ ਕੇ ਰਾਤ ਨੂੰ ਹੀ ਉਹ ਸੜਕ ਪੈ ਗਿਆ ਸੀ। ਏਥੇ ਜੋਧਪੁਰ-ਕਰਮਗੜ੍ਹ ਦੇ ਅੱਡੇ 'ਤੇ ਆਇਆ ਤਾਂ ਇਹ ਕੁਝ ਹੋ ਗਿਆ।

ਮੇਰੇ ਮੁਕੱਦਮੇ ਉੱਤੇ ਠੇਕੇ ਦੇ ਮਾਲਕਾਂ ਨੇ ਵੀਹ ਹਜ਼ਾਰ ਰੁਪਿਆ ਖਰਚ ਕੀਤਾ। ਗਵਾਹੀਆਂ ਭੁਗਤਾਈਆਂ। ਪੂਰੀ ਪੈਰਵੀ ਕੀਤੀ। ਉਹਨਾਂ ਦੇ ਵਕੀਲ ਨੇ ਪਤਾ ਨਹੀਂ ਕੀ ਚੱਕਰੀ ਭੰਵਾਈ, ਉਹਨਾਂ ਦੇ ਗਵਾਹਾਂ ਦੇ ਬਿਆਨ ਦੀ ਜ਼ੋਰਦਾਰ ਸਨ, ਮੈਂ ਕਤਲ ਕਬੂਲ ਵੀ ਤਾਂ ਕਰ ਲਿਆ ਸੀ, ਜੱਜ ਨੇ ਮੈਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਹਾਈਕੋਰਟ ਵਿੱਚ ਅਪੀਲ ਕੀਤੀ ਤਾਂ ਉਮਰ ਕੈਦ ਬਹਾਲ ਰਹੀ। ਹਾਈਕੋਰਟ ਜਾ ਕੇ ਠੇਕੇਦਾਰਾਂ ਨੇ ਕੋਈ ਪੈਸਾ ਨਹੀਂ ਲਾਇਆ। ਸਾਡੇ ਵੱਡੇ ਪਰ੍ਹੌਣੇ ਨੇ ਸਾਰਾ ਖਰਚ ਕੀਤਾ।

ਮੇਰੇ ਦੋ ਭੈਣਾਂ ਸਨ, ਮੈਥੋਂ ਵੱਡੀਆਂ ਉਹਨਾਂ ਨੂੰ ਬਾਪੂ-ਬੇਬੇ ਵਿਆਹ ਕੇ ਮਰੇ। ਵੱਡਾ ਭਾਈ ਫ਼ੌਜ ਵਿੱਚ ਸੀ ਤੇ ਵਿਆਹਿਆਂ-ਵਰਿਆ। ਰਿਟਾਇਰ ਹੋ ਕੇ ਓਧਰ-ਕਿਧਰੇ ਹੀ ਕਿਸੇ ਸ਼ਹਿਰ ਵਿੱਚ ਵਸ ਗਿਆ ਹੈ। ਆਪਣੇ ਹਿੱਸੇ ਦੀ ਜ਼ਮੀਨ ਵੇਚ ਗਿਆ। ਮੇਰੇ ਹਿੱਸੇ ਮਸਾਂ ਦੋ ਕਿੱਲੇ ਆਉਂਦੇ ਹਨ। ਘਰ ਦੀ ਗ਼ਰੀਬੀ ਕਰਕੇ ਮੇਰਾ ਵਿਆਹ ਨਹੀਂ ਹੋ ਸਕਿਆ। ਹੁਣ ਤਾਂ ਉਮਰ ਵੀ ਨਹੀਂ ਰਹੀ ਕਿ ਵਿਆਹ ਕਰਵਾ ਸਕਾਂ। ਓਹੀ ਕਰਿੰਦੇ ਦਾ ਕਰਿੰਦਾ ਹਾਂ, ਉਹਨਾਂ ਹੀ ਠੇਕੇਦਾਰਾਂ ਕੋਲ। ਸਾਲ ਛੇ ਮਹੀਨੇ ਬਾਅਦ ਭੈਣਾਂ ਕੋਲ ਜਾਂਦਾ ਹਾਂ ਤੇ ਲੀੜਾ ਕੱਪੜਾ ਜੋ ਸਰਦਾ ਹੈ, ਉਥੇ ਹੀ ਦੇ ਆਉਂਦਾ ਹਾਂ।’

ਦਸਵੀਂ ਦਾ ਇਮਤਿਹਾਨ ਦੇ ਕੇ ਮੈਂ ਵਿਹਲਾ ਸਾਂ। ਬਾਪੂ ਨੇ ਕਹਿ ਕੁਹਾ ਕੇ ਮੈਨੂੰ ਠੇਕੇ ਉੱਤੇ ਲਵਾ ਦਿੱਤੀ ਸੀ। ਮਾਮੇ ਦਾ ਪੁੱਤ ਵੀ ਕਹਿੰਦਾ ਸੀ। ਅੱਠਵੀਂ ਦਾ ਇਮਤਿਹਾਨ ਦੇ ਕੇ ਵੀ ਮੈਂ ਇੱਕ ਮਹੀਨਾ ਉਹਦੇ ਕੋਲ ਰਹਿ ਆਇਆ ਸੀ। ਠੇਕੇ ਦੇ ਕੰਮ ਦਾ ਥੋੜ੍ਹਾ-ਥੋੜ੍ਹਾ ਵਾਕਫ਼ ਹੋਣ ਕਰਕੇ ਦਸਵੀਂ ਦੇ ਇਮਤਿਹਾਨ ਬਾਅਦ ਜਦੋਂ ਖ਼ੁਦ ਕਰਿੰਦਾ ਬਣਿਆ ਤਾਂ ਇਹ ਕੰਮ ਮੈਨੂੰ ਕੋਈ ਖ਼ਾਸ ਔਖਾ ਨਹੀਂ ਲੱਗਿਆ। ਉਹਨਾਂ ਦਿਨਾਂ ਵਿੱਚ ਮੇਰੀ ਉਮਰ ਸਤਾਰਾਂ-ਅਠਾਰਾਂ ਸਾਲ ਦੀ ਸੀ। ਵੱਡਾ ਹੋ ਕੇ ਪੜ੍ਹਨ ਲੱਗਿਆ ਸੀ। ਸਰੀਰ ਪੱਖੋਂ ਮੈਂ ਕਾਫ਼ੀ ਹੁੰਦੜਹੇਲ ਸੀ। ਵੀਹ ਬਾਈ ਸਾਲ ਦਾ ਲਗਦਾ। ਮੈਂ ਕਾਲਜ ਪੜ੍ਹਨਾ ਚਾਹੁੰਦਾ ਸੀ। ਬਾਪ ਵਿੱਚ ਫ਼ੀਸਾਂ ਭਰਨ ਦੀ ਪਹੁੰਚ ਨਹੀਂ ਸੀ। ਸੋਚਿਆ ਸੀ, ਦੋ-ਤਿੰਨ ਮਹੀਨਿਆਂ ਦੀ ਤਨਖਾਹ ਜੋੜ ਕੇ ਰੱਖਾਂਗਾ ਤੇ ਕਾਲਜ ਵਿੱਚ ਦਾਖ਼ਲਾ ਲੈ ਲਵਾਂਗਾ। ਪਿੱਛੋਂ ਦੇ ਖਰਚ ਲਈ ਰੱਬ ਭਲੀ ਕਰੇਗਾ। ਜੇ ਇੰਝ ਹੀ ਹੁੰਦਾ ਤੇ ਜੇ ਮੈਂ ਕਿਵੇਂ ਨਾ ਕਿਵੇਂ ਮਰਦਾ ਪੈਂਦਾ ਬੀ.ਏ. ਕਰ ਜਾਂਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ।

ਕੌਣ ਕਹਿੰਦਾ ਹੈ, ਮੈਂ ਉਹ ਕਤਲ ਕੀਤਾ ਸੀ? ਉਹ ਬੰਦਾ ਬਿਲਕੁਲ ਕਤਲ ਨਹੀਂ ਹੋਇਆ। ਉਹਦੀ ਤਾਂ ਮਕੜੀ ਹੋ ਗਈ। ਉਹਦੇ ਨਾਲ ਇੰਜ ਹੀ ਕਦੇ ਹੋਣਾ ਸੀ ਜਾਂ ਉਹਦੀ ਮੌਤ ਹੋਰ ਕਿਸੇ ਭੈੜੇ ਤਰੀਕੇ ਨਾਲ ਹੁੰਦੀ। ਅਸਲ ਵਿੱਚ ਮੈਂ ਕਤਲ ਹੋਇਆ ਹਾਂ। ਉਹ ਆਦਮੀ ਖ਼ੁਦ ਮਰ ਕੇ ਮੈਨੂੰ ਕਤਲ ਕਰ ਗਿਆ। ਉਹ ਤਾਂ ਇੱਕ ਦਿਨ ਹੀ ਕਤਲ ਹੋਇਆ, ਮੈਂ ਸਾਰੀ ਉਮਰ ਕਤਲ ਹੋ ਰਿਹਾ ਹਾਂ, ਓਦੋਂ ਤੋਂ ਲੈ ਕੇ ਹੁਣ ਤੱਕ। ਅਫ਼ਸੋਸ ਇਹ ਕਿ ਨਾ ਮੇਰਾ ਕੋਈ ਗਵਾਹ ਹੈ ਤੇ ਨਾ ਮੇਰੀ ਪੈਰਵੀ ਕਰਨ ਵਾਲਾ ਕੋਈ। ਮੇਰੇ ਲਈ ਕਚਹਿਰੀ ਵੀ ਕੋਈ ਨਹੀਂ। ◆