ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਿੱਧਰ ਜਾਵਾਂ?

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕਿੱਧਰ ਜਾਵਾਂ?

ਅੰਮ੍ਰਿਤਸਰ ਲਿਆ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਹ ਪੰਜ ਸਨ। ਪੰਜਾਬ ਦੇ ਵੱਖ-ਵੱਖ ਪੰਜ ਜ਼ਿਲ੍ਹਿਆਂ ਦੇ। ਕਿਰਪਾਲ ਨੂੰ ਲੱਗਿਆ, ਜਿਵੇਂ ਉਹ ਅੰਮ੍ਰਿਤਸਰ ਪਹੁੰਚ ਗਿਆ ਤੇ ਬੱਸ ਆਪਣੇ ਘਰ ਹੀ ਪਹੁੰਚ ਗਿਆ। ਉਨ੍ਹਾਂ ਨੂੰ ਕੁਝ ਪੈਸੇ ਵੀ ਦਿੱਤੇ ਗਏ ਸਨ-ਘਰ ਪਹੁੰਚਣ ਦੇ ਖਰਚ ਲਈ। ਸਿਵਲੀਅਨ ਕੱਪੜੇ ਵੀ। ਰੇਲਵੇ-ਸਟੇਸ਼ਨ ਦੇ ਕੋਲ ਹੀ ਇੱਕ ਹੋਟਲ ਵਿੱਚ ਜਾ ਕੇ ਉਹਨੇ ਪਹਿਲਾਂ ਤਾਂ ਚਾਹ ਪੀਤੀ। ਚਾਹ ਪੀਂਦਾ ਉਹ ਸੋਚਦਾ ਰਿਹਾ ਕਿ ਬੱਸ ਵਿਚੋਂ ਉੱਤਰ ਕੇ ਜਦੋਂ ਉਹ ਆਪਣੇ ਪਿੰਡ ਵਿੱਚ ਦੀ ਲੰਘੇਗਾ ਤਾਂ ਲੋਕ ਉਹਨੂੰ ਖੜ੍ਹਾ ਖੜ੍ਹਾ ਕਿਵੇਂ ਉਹਦਾ ਹਾਲ-ਚਾਲ ਪੁੱਛਣਗੇ। ਉਹਨੂੰ ਆਪਣੇ ਘਰ ਪਹੁੰਚਣ ਦੀ ਕਾਹਲ ਹੋਵੇਗੀ। ਪਰ ਲੋਕਾਂ ਦਾ ਮੋਹ ਉਹਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਉਹਨੂੰ ਥਾਂ ਦੀ ਥਾਂ ਖੜ੍ਹਾਈ ਰੱਖੇਗਾ।

ਬੱਸ-ਸਟੈਂਡ ਤੇ ਜਾਣ ਤੋਂ ਪਹਿਲਾਂ ਉਸ ਨੇ ਸੋਚਿਆ, ਕੋਈ ਇੱਕ ਖਿਡੌਣਾ ਲੈ ਲਿਆ ਜਾਵੇ। ਆਖ਼ਰੀ ਛੁੱਟੀ ਕੱਟ ਕੇ ਜਦੋਂ ਉਹ ਵਾਪਸ ਆਇਆ ਸੀ, ਉਹਦਾ ਮੁੰਡਾ ਜਰਨੈਲ ਸਿਰਫ਼ ਇੱਕ ਸਾਲ ਦਾ ਸੀ। ਹੁਣ ਉਹ ਕਾਫ਼ੀ ਉਡਾਰ ਹੋ ਗਿਆ ਹੋਵੇਗਾ। ਉਹ ਉਹਨੂੰ ਆਪਣੀ ਹਿੱਕ ਨਾਲ ਘੁੱਟ ਲਵੇਗਾ। ਉਨਾ ਚਿਰ ਨਹੀਂ ਛੱਡੇਗਾ, ਜਦੋਂ ਤੱਕ ਉਹਦੀਆਂ ਚਾਂਗਾਂ ਨਾ ਨਿਕਲ ਜਾਣ। ਇੰਜ ਮੁੰਡੇ ਦੇ ਰੋਣ ਨਾਲ ਉਹਨੂੰ ਸੁਖ ਮਿਲੇਗਾ।

ਬਾਜ਼ਾਰ ਖੁੱਲ੍ਹਣ ਵਿੱਚ ਅਜੇ ਦੇਰ ਸੀ। ਉਹ ਹੋਟਲ ਤੋਂ ਬਾਹਰ ਹੋਇਆ, ਉਹਦੇ ਪੈਰ ਦਰਬਾਰ ਸਾਹਿਬ ਵੱਲ ਚੱਲ ਪਏ। ਦੁਕਾਨਾਂ ਖੁੱਲ੍ਹਣ ਤੱਕ, ਉਹਨੇ ਫ਼ੈਸਲਾ ਕੀਤਾ ਕਿ ਸਰਾਂ ਵਿੱਚ ਜਾ ਕੇ ਇਸ਼ਨਾਨ ਕੀਤਾ ਜਾਵੇ ਤੇ ਫੇਰ ਹਰਿਮੰਦਰ ਸਾਹਿਬ ਜਾਣਾ ਚਾਹੀਦਾ ਹੈ। ਸਬੱਬ ਨਾਲ ਆਇਆ ਹਾਂ, ਕਿਉਂ ਨਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਸਵਾ ਪੰਜਾ ਰੁਪਏ ਦੀ ਦੇਗ ਵੀ ਕਰਵਾ ਦੇਵੇ। ਕੋਈ ਬਾਰ੍ਹਾਂ-ਤੇਰਾਂ ਸਾਲ ਪਹਿਲਾਂ ਅੰਮ੍ਰਿਤਸਰ ਆਪਣੇ ਮਾਮੇ ਨਾਲ ਆਇਆ ਸੀ। ਮਾਮੀ ਵੀ ਸੀ। ਉਹਨਾਂ ਦੇ ਦੋਵੇਂ ਮੁੰਡੇ ਸਨ। ਉਹ ਦੋ ਰਾਤਾਂ ਗੁਰੁ ਰਾਮਦਾਸ ਸਰਾਂ ਵਿੱਚ ਰਹੇ। ਘੁੰਮ ਫਿਰ ਕੇ ਸਾਰਾ ਅੰਮ੍ਰਿਤਸਰ ਦੇਖਿਆ। ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਬਾਬਾ ਅੱਟਲ, ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਵੀ। ਸੋ ਹੁਣ ਅੰਮ੍ਰਿਤਸਰ ਉਹਨੂੰ ਆਪਣਾ-ਆਪਣਾ ਲੱਗ ਰਿਹਾ ਸੀ। ਉੱਧਰ ਪਾਕਿਸਤਾਨ ਦੀ ਧਰਤੀ ਤਾਂ ਉਹਨੂੰ ਓਪਰੀ-ਓਪਰੀ ਲੱਗੀ ਸੀ। ਚੰਦ-ਸੂਰਜ ਵੀ ਜਿਵੇਂ ਬਿਗਾਨੇ ਹੋਣ। ਆਸਮਾਨ ਵਿੱਚ ਖਿੜੇ ਤਾਰੇ ਬਨੌਟੀ ਲੱਗਦੇ। ਪਸ਼ੂ-ਪੰਛੀ ਉਹ ਨਹੀਂ ਸਨ। ਬੰਦੇ, ਬੰਦੇ ਹੋਰ ਦੇਸ਼ ਦੇ ਸਨ। ਆਪਣੇ, ਉਹ ਕਦੋਂ ਸਨ। ਕਦੇ ਉਹਨੂੰ ਲੱਗਦਾ, ਇਹ ਤਾਂ ਦੋ ਮੁਲਕਾਂ ਦੀਆਂ ਸਰਕਾਰਾਂ ਦੀ ਲੜਾਈ ਸੀ, ਨਹੀਂ ਤਾਂ ਉਸ ਦੇਸ਼ ਤੇ ਇਸ ਦੇਸ਼ ਦੇ ਲੋਕਾਂ ਵਿੱਚ ਕੀ ਫ਼ਰਕ ਹੈ? ਉਹੀ ਬੰਦੇ, ਉਹੀ ਪਹਿਰਾਵਾਂ, ਉਹੀ ਬੋਲੀ। ਚੰਦ ਸੂਰਜ ਤਾਂ ਸਾਰੀ ਦੁਨੀਆਂ ਦੇ ਸਾਂਝੇ ਨੇ। ਤਾਰੇ ਦੂਰ ਬੈਠੇ ਸੱਜਣਾਂ-ਮਿੱਤਰਾਂ ਦੀ ਯਾਦ ਦਿਵਾਉਂਦੇ ਹਨ। ਪਸ਼ੂ-ਪੰਛੀਆਂ ਦਾ ਵੀ ਕਦੇ ਕੋਈ ਇੱਕ ਮੁਲਕ ਹੁੰਦੈ?

ਦਰਬਾਰ ਸਾਹਿਬ ਤੋਂ ਉਹ ਬਾਹਰ ਆਇਆ ਤਾਂ ਬਾਜ਼ਾਰ ਵਿੱਚ ਪੂਰੀ ਗਹਿਮਾ-ਗਹਿਮੀ ਸੀ। ਜਰਨੈਲ ਵਾਸਤੇ ਉਹਨੇ ਇੱਕ ਛੋਟੀ ਹਾਕੀ ਖਰੀਦੀ ਤੇ ਇੱਕ ਗੇਂਦ। ਹਾਕੀ ਸੱਤ ਰੁਪਏ ਦੀ ਤੇ ਗੇਂਦ ਤਿੰਨ ਦੀ। ਬਾਕੀ ਹੁਣ ਉਹਦੇ ਕੋਲ ਬਹੁਤੇ ਪੈਸੇ ਨਹੀਂ ਸਨ। ਇਹਨਾਂ ਨਾਲ ਤਾਂ ਪਿੰਡ ਮਸਾਂ ਪਹੁੰਚਿਆ ਜਾ ਸਕੇਗਾ। ਕੀ ਪਤਾ, ਬੱਸਾਂ ਦੇ ਕਿਰਾਏ ਕੀ ਹਨ।

ਉਹਦਾ ਬਹੁਤ ਦਿਲ ਕਰਦਾ ਸੀ ਕਿ ਉਹ ਆਪਣੀ ਘਰ ਵਾਲੀ ਵਾਸਤੇ ਇੱਕ ਸੂਟ ਲੈ ਕੇ ਜਾਵੇ। ਪਰ ਇਹ ਬਿਲਕੁਲ ਨਾਮੁਮਕਿਨ ਸੀ। ਗੱਲ ਤਾਂ ਸਾਰੀ ਪੈਸਿਆਂ ਦੀ ਸੀ। ਉਹਦੇ ਕੋਲ ਬਾਫ਼ਰ ਪੈਸੇ ਹੁੰਦੇ ਤਾਂ ਸੂਟ ਕੀ, ਉਹਨੇ ਹੋਰ ਕਿੰਨਾ ਕੁਝ ਲੈ ਕੇ ਜਾਣਾ ਸੀ, ਆਪਣੀ ਨਾਜੋ ਨਾਰ ਲਈ।

ਪਹਿਲਾਂ ਜਦੋਂ ਵੀ ਉਹ ਛੁੱਟੀ ਜਾਂਦਾ, ਸੂਟ ਲੈ ਕੇ ਪਿੰਡ ਵੜਦਾ। ਹਾਰ ਸ਼ਿੰਗਾਰ ਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ। ਵਿਆਹ ਨੂੰ ਬਹੁਤੇ ਸਾਲ ਨਹੀਂ ਹੋਏ ਸਨ। ਇੱਕ ਕੁੜੀ ਹੋ ਕੇ ਮਰ ਗਈ ਸੀ। ਇਹ ਮੁੰਡਾ ਫੇਰ ਤਿੰਨ ਸਾਲਾਂ ਬਾਅਦ ਹੋਇਆ।

ਬੱਸ-ਸਟੈਂਡ ਵੱਲ ਤੁਰਿਆ ਜਾ ਰਿਹਾ, ਉਹ ਖ਼ੁਸ਼ ਸੀ ਤੇ ਉਦਾਸ ਵੀ। ਖ਼ੁਸ਼ ਤਾਂ ਇਸ ਕਰਕੇ ਕਿ ਉਹ ਸੱਤਾਂ ਸਾਲਾਂ ਬਾਅਦ ਜਿਉਂਦਾ-ਜਾਗਦਾ ਘਰ ਵਾਪਸ ਜਾ ਰਿਹਾ ਸੀ। ਉਦਾਸ ਇਸ ਕਰਕੇ ਕਿ ਇਸ ਵਾਰ ਉਹਦੀ ਫੌਜੀਆਂ ਵਾਲੀ ਉਹ ਮੜਕ ਨਹੀਂ ਹੈ। ਪਹਿਲਾਂ ਜਦੋਂ ਉਹ ਛੁੱਟੀ ਆਉਂਦਾ, ਟਰੰਕ ਵਿੱਚ ਹੋਰ ਕਿੰਨੇ ਕੁਝ ਦੇ ਨਾਲ ਨਾਲ ਰੰਮ ਦੀਆਂ ਦੋ ਬੋਤਲਾਂ ਜ਼ਰੂਰ ਹੁੰਦੀਆਂ। ਗੱਡੀਓਂ ਉੱਤਰਦੇ ਹੀ ਪਲੇਟ ਫਾਰਮ ਦੇ ਨਲਕੇ ਉੱਤੇ ਪਹਿਲਾਂ ਉਹ ਹੱਥ-ਮੂੰਹ ਧੋਂਦਾ। ਸ਼ੀਸ਼ੇ ਵਿੱਚ ਮੂੰਹ ਦੇਖਕੇ ਦਾੜ੍ਹੀ-ਮੁੱਛਾਂ ਠੀਕ ਕਰਦਾ। ਫੌਜੀ ਵਰਦੀ ਉੱਤੇ ਤੌਲੀਆਂ ਮਾਰਕੇ ਗੱਡੀ ਦੀ ਗਰਦ ਝਾੜਦਾ। ਐਨ ਟਿਚਨ ਹੋ ਕੇ, ਰੰਮ ਦਾ ਪੈੱਗ ਮਾਰ ਲੈਂਦਾ। ਇੱਕ ਪੈੱਗ ਹੋਰ ਲੈਂਦਾ। ਮੁੱਛਾਂ ਨੂੰ ਵੱਟ ਦੇ ਕੇ ਉਤਾਂਹ ਆਕਾਸ਼ ਵੱਲ ਝਾਕਦਾ। ਸੂਰਜ ਦੀ ਧੁੱਪ ਜਿਵੇਂ ਬੱਦਲਾਂ ਵਿੱਚ ਦੀ ਲੰਘ ਕੇ ਧਰਤੀ ਉੱਤੇ ਉੱਤਰ ਰਹੀ ਹੋਵੇ। ਵਰਖਾ ਤੋਂ ਪਹਿਲਾਂ ਜਿਹਾ ਮੌਸਮ। ਰਿਕਸ਼ਾ ਲੈ ਕੇ ਮੰਡੀ ਦੇ ਬੱਸ-ਅੱਡੇ ਪਹੁੰਚਦਾ। ਜਾਂਦੇ ਨੂੰ ਹੀ ਬੱਸ ਮਿਲ ਜਾਂਦੀ। ਉਹਦਾ ਪਿੰਡ ਮੰਡੀ ਤੋਂ ਦਸ ਮੀਲ ਦੂਰ ਸੀ। ਪਿੰਡ ਦੇ ਬੱਸ-ਅੱਡੇ ਤੇ ਉੱਤਰ ਕੇ ਜਿੰਦਰਾ ਲੱਗੇ ਟਰੰਕ ਨੂੰ ਉਹ ਚਾਹ ਦੀ ਦੁਕਾਨ ਵਿੱਚ ਰੱਖਦਾ ਤੇ ਕਿਸੇ ਹੱਥ ਘਰ ਨੂੰ ਸੁਨੇਹਾ ਭੇਜ ਦਿੰਦਾ। ਘਰ ਦਾ ਕੋਈ ਆਉਂਦਾ, ਨਹੀਂ ਤਾਂ ਕੋਈ ਗੁਆਂਢੀ ਹੀ, ਉਹਦਾ ਟਰੰਕ ਚੁੱਕ ਕੇ ਉਹਦੇ ਪਿੱਛੇ-ਪਿੱਛੇ ਤੁਰਨ ਲੱਗਦਾ। ਪਿੰਡ ਦੀਆਂ ਗਲੀਆਂ ਵਿੱਚ ਤੁਰਦਾ ਕਿਰਪਾਲ ਆਪਣੇ ਆਪ ਨੂੰ 'ਸਾਹਿਬ' ਸਮਝਦਾ। ਕੋਈ ਵੀ ਸਾਹਮਣੇ ਟੱਕਰਦਾ, ਹਰ ਕਿਸੇ ਨੂੰ ਉਹ 'ਸਤਿ ਸ੍ਰੀ ਅਕਾਲ' ਬੁਲਾਉਂਦਾ। ਹਾਣੀਮੁੰਡੇ ਉਹਦੇ ਨਾਲ ਹੱਥ ਮਿਲਾਉਂਦੇ। ਉਹ ਸਿਆਣੂ-ਬੁੜ੍ਹੀਆਂ ਨੂੰ ਮੱਥਾ ਟੇਕਦਾ। ਉਹ ਉਹਦਾ ਸਿਰ ਪਲੋਸਦੀਆਂ। ਪੁੱਛਦੀਆਂ 'ਰਾਜੀ ਐਂ ਭਾਈ ਕਿਰਪਾਲ?' ਉਹਨੂੰ ਅਫ਼ਸੋਸ ਸੀ, ਅੱਜ ਉਹਦੀ ਉਹ ਟੌਰ੍ਹ ਨਹੀਂ ਹੋਣੀ। ਜੇਲ੍ਹੋ ਛੁੱਟਕੇ ਆਏ ਕੈਦੀਆਂ ਵਾਂਗ ਉਹ ਘਰ ਵੜੇਗਾ। ਉਹ ਕੈਦੀ ਹੀ ਤਾਂ ਸੀ-ਜੰਗੀ ਕੈਦੀ।

ਪਿਛਲੀ ਹਿੰਦ-ਪਾਕਿ ਲੜਾਈ ਵਿੱਚ ਉਹਨਾਂ ਦੀ ਫੌਜੀ-ਟੁਕੜੀ ਦੇ ਬਹੁਤੇ ਸਿਪਾਹੀ ਮਾਰੇ ਗਏ, ਕੁਝ ਫਰਾਰ ਹੋ ਗਏ। ਉਹ ਤਿੰਨ ਜਣੇ ਸਨ। ਦੋਂਹ ਨੂੰ ਭਾਰਤੀ-ਫੌਜ ਚੁੱਕ ਕੇ ਲੈ ਗਈ। ਬਾਅਦ ਵਿੱਚ ਹਸਪਤਾਲ ਜਾ ਕੇ ਉਹ ਦਮ ਤੋੜ ਗਏ ਜਾਂ ਬਚ ਰਹੇ, ਉਹਨੂੰ ਕੋਈ ਪਤਾ ਨਹੀਂ ਸੀ। ਉਹਦੇ ਤੱਕ ਕੋਈ ਨਹੀਂ ਪਹੁੰਚਿਆ। ਕੀ ਪਤਾ, ਉਹ ਉਹਨੂੰ ਮਰਿਆ ਪਿਆ ਸਮਝਕੇ ਛੱਡ ਗਏ ਜਾਂ ਕੀ ਪਤਾ, ਉਹ ਕਿਸੇ ਦੀ ਨਿਗਾਹ ਹੀ ਨਾ ਚੜ੍ਹਿਆ ਹੋਵੇ। ਖਬਰੈ, ਕਿਹੜੀ ਖੱਡ ਵਿੱਚ ਛੁਪਿਆ ਰਹਿ ਗਿਆ ਹੋਵੇਗਾ। ਉਹਦੀ ਲੱਤ ਵਿੱਚ ਗੋਲ਼ੀ ਲੱਗੀ ਸੀ। ਮੋਢੇ ਉੱਤੇ ਵੀ ਨਿਸ਼ਾਨ ਸਨ। ਉਹਨੂੰ ਕੋਈ ਪਤਾ ਨਹੀਂ, ਉਹ ਕਦੋਂ ਬੇਹੋਸ਼ ਹੋਇਆ। ਉਹਦੀ ਸੁਰਤ ਪਰਤੀ ਤਾਂ ਉਹ ਦੁਸ਼ਮਣ ਦੇ ਕਬਜ਼ੇ ਵਿੱਚ ਸੀ। ਮਿਲਟਰੀ ਹਸਪਤਾਲ ਲਿਜਾਕੇ ਉਹਦਾ ਆਪਰੇਸ਼ਨ ਕੀਤਾ ਗਿਆ। ਤੇ ਫੇਰ ਕਈ ਦਿਨ ਉਹਨੂੰ ਏਸੇ ਹਸਪਤਾਲ ਵਿੱਚ ਰੱਖਿਆ ਗਿਆ।

ਉਹਨਾਂ ਦੇ ਫੌਜੀ ਅਫ਼ਸਰਾਂ ਨੇ ਉਹਦੀ ਪੂਰੀ ਪੁੱਛ-ਗਿੱਛ ਕੀਤੀ। ਭਾਰਤੀ-ਫੌਜ ਦੇ ਇਲਾਕਿਆਂ ਬਾਰੇ ਜੋ ਉਹ ਪੁੱਛ ਰਹੇ ਸਨ, ਉਹਨੂੰ ਪਤਾ ਨਹੀਂ ਸੀ। ਫੇਰ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਉਥੇ ਹੋਰ ਭਾਰਤੀ ਫੌਜੀ ਵੀ ਸਨ। ਲੜਾਈ ਖ਼ਤਮ ਹੋਣ ਉਪਰੰਤ ਉਹਨਾਂ ਨੂੰ ਕਈ ਕਈ ਸਾਲਾਂ ਬਾਅਦ ਦੋ-ਦੋ, ਚਾਰ-ਚਾਰ ਕਰਕੇ ਛੱਡਿਆ ਜਾਂਦਾ ਰਿਹਾ ਸੀ। ਸਰਕਾਰਾਂ ਦਾ ਲੈਣ-ਦੇਣ ਜੰਗੀ-ਕੈਦੀਆਂ ਦੀ ਕਿਸਮਤ ਬਣਕੇ ਰਹਿ ਗਿਆ। ਤੁਸੀਂ ਸਾਡੇ ਐਨੇ ਛੱਡ ਦਿਉ। ਅਸੀਂ ਤੁਹਾਡੇ ਐਨੇ ਛੱਡ ਦਿਆਂਗੇ।

ਬੱਸ ਵਿੱਚ ਬੈਠਾ ਉਹ ਆਪਣੇ ਘਰ ਦੇ ਜੀਆਂ ਬਾਰੇ ਹੀ ਸੋਚਦਾ ਜਾ ਰਿਹਾ ਸੀ। ਆਪਣੀ ਮਾਂ ਬਾਰੇ, ਆਪਣੇ ਬਾਪ ਬਾਰੇ, ਆਪਣੇ ਛੋਟੇ ਭਾਈ ਬਾਰੇ ਤੇ ਸਭ ਤੋਂ ਵੱਧ ਆਪਣੀ ਪਤਨੀ ਪ੍ਰੀਤਮ ਕੌਰ ਬਾਰੇ। ਪ੍ਰੀਤਮ ਕੌਰ ਦਾ ਖ਼ਿਆਲ ਬਾਰ ਬਾਰ ਉਹਦੇ ਮੱਥੇ ਨਾਲ ਆ ਕੇ ਵੱਜਦਾ। ਨਾਲ ਦੀ ਨਾਲ ਉਹਦਾ ਪੁੱਤਰ ਜਰਨੈਲ ਉਹਨੂੰ ਯਾਦ ਆਉਂਦਾ। ਉਹ ਸੋਚ ਰਿਹਾ ਸੀ ਕਿ ਪੀਤਮ ਕੌਰ ਇਹਨਾਂ ਸੱਤਾਂ ਵਰ੍ਹਿਆਂ ਦੌਰਾਨ ਪਤਾ ਨਹੀਂ ਕਿਹੋ-ਜਿਹੀ ਹੋ ਗਈ ਹੋਵੇਗੀ। ਉਹਦੀ ਸ਼ਕਲ-ਸੂਰਤ ਕੀ ਪਤਾ ਖਾਸੀ ਬਦਲ ਚੁੱਕੀ ਹੋਵੇ। ਕੀ ਪਤਾ, ਉਹ ਉਹਨੂੰ ਸਿਆਣ ਸਕੇਗਾ ਕਿ ਨਹੀਂ। ਇਹ ਵੀ ਹੋ ਸਕਦਾ ਹੈ ਉਹ ਉਹੋ-ਜਿਹੀ ਪਈ ਹੋਵੇ। ਜਵਾਨ ਦੀ ਜਵਾਨ। ਕੀ ਢਲ ਗਿਆ ਹੋਵੇਗਾ ਐਡੀ ਛੇਤੀ ਉਹਦਾ। ਦੋ ਤਾਂ ਜੁਆਕ ਜੰਮੇ ਨੇ। ਤੇ ਫੇਰ ਸੱਤ ਵਰ੍ਹੇ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਆਪਣੀ ਜੇਬ੍ਹ ਵਿਚੋਂ ਉਹ ਬਾਲੋ ਵਾਲਾ ਨਿੱਕਾ ਗੋਲ ਸ਼ੀਸ਼ੇ ਕੱਢਦਾ ਤੇ ਉਹਨੂੰ ਆਪਣੀਆਂ ਅੱਖਾਂ ਅੱਗੇ ਕਰਕੇ ਚਿਹਰੇ ਦੇ ਨਕਸ਼ ਦੇਖਣ ਲੱਗਦਾ, ਉਹਨੂੰ ਲੱਗਦਾ, ਜਿਵੇਂ ਉਹਦਾ ਚਿਹਰਾ ਪਹਿਲਾਂ ਨਾਲੋਂ ਕਾਫ਼ੀ ਉੱਤਰ ਗਿਆ ਹੋਵੇ। ਦਾੜ੍ਹੀ ਵਿੱਚ ਚਿੱਟੇ ਵਾਲ ਦਿਸਣ ਲੱਗੇ ਸਨ। ਗੱਲ੍ਹਾਂ ਦੀਆਂ ਹੱਡੀਆਂ ਨੀਵੀਂਆਂ ਹੋ ਗਈਆਂ ਸਨ। ਪਰ ਅੱਖਾਂ ਵਿੱਚ ਉਹੀ ਚਮਕ ਸੀ। ਮੱਥੇ ਉੱਤੇ ਇੱਕ ਮਾਮੂਲੀ ਜਿਹਾ ਵੱਟ ਪੈਂਦਾ। ਉਹ ਵੀ ਉਦੋਂ, ਜਦੋਂ ਉਹ ਡੂੰਘਾ ਸੋਚਦਾ ਹੋਵੇ। ਇਹ ਬਾਲੋ ਵਾਲਾ ਗੋਲ ਸ਼ੀਸ਼ਾ ਉਹਨੇ ਅੰਮ੍ਰਿਤਸਰ ਹਾਕੀ-ਗੇਂਦ ਖਰੀਦਣ ਵੇਲੇ ਹੀ ਖਰੀਦ ਲਿਆ ਸੀ। ਉਹਦਾ ਚਿੱਤ ਭੈੜਾ ਪੈ ਜਾਂਦਾ ਜਦੋਂ ਉਹਨੂੰ ਇੱਟ ਵਰਗਾ ਪੱਕਾ ਵਿਸ਼ਵਾਸ ਹੋਣ ਲੱਗਦਾ ਕਿ ਪ੍ਰੀਤਮ ਕੌਰ ਇਸ ਹਾਲਤ ਵਿੱਚ ਉਹਨੂੰ ਬਿਲਕੁਲ ਨਹੀਂ ਪਹਿਚਾਣ ਸਕੇਗੀ। ਉਹ ਤਾਂ ਕਿੰਨਾ ਬਦਲ ਗਿਆ ਹੈ। ਕਿੰਨਾ ਢਲ ਗਿਆ ਹੈ।

ਉਹਦਾ ਛੋਟਾ ਭਾਈ ਉਸ ਤੋਂ ਚਾਰ ਸਾਲ ਛੋਟਾ ਸੀ। ਜਦੋਂ ਉਹ ਆਖ਼ਰੀ ਛੁੱਟੀ ਆਇਆ ਸੀ, ਉਹਦਾ ਮੰਗਣਾ ਹੋ ਗਿਆ ਸੀ। ਹੁਣ ਉਹਦਾ ਵਿਆਹ ਹੋ ਚੁੱਕਿਆ ਹੋਵੇਗਾ। ਵਿਆਹ ਕੀ, ਉਹਦੀ ਬਹੂ ਕੋਲ ਇੱਕ-ਦੋ ਜੁਆਕ ਵੀ ਹੋਣਗੇ। ਕਿਰਪਾਲ ਸੋਚ ਰਿਹਾ ਸੀ, ਛੋਟਾ ਭਾਈ ਜੋਗਿੰਦਰ ਅੱਡ ਨਹੀਂ ਹੋਇਆ ਹੋਵੇਗਾ। ਪ੍ਰੀਤਮ ਕੌਰ ਨੂੰ ਉਹਦਾ ਪੂਰਾ ਸਹਾਰਾ ਹੋਵੇਗਾ। ਜੋਗਿੰਦਰ ਬਹੁਤ ਨਰਮ ਮੁੰਡਾ ਹੈ। ਆਪਣੇ ਫ਼ਰਜ਼ ਦੀ ਪੂਰੀ ਪਹਿਚਾਣ ਹੈ ਉਹਨੂੰ। ਕਿਰਪਾਲ ਮਨ ਨੂੰ ਧਰਵਾਸ ਦਿੰਦਾ-'ਭਾਈ ਤਾਂ ਮੇਰਾ ਈ ਐ ਨਾ। ਉਹ ਭਰਜਾਈ ਨੂੰ ਧੱਕਾ ਨ੍ਹੀਂ ਦੇ ਸਕਦਾ। ਤੇ ਫਿਰ ਇਹ ਤਸੱਲੀ ਵੀ-'ਜਿੰਨੇ ਚਿਰ ਮਾਂ-ਪਿਓ ਬੈਠੇ ਨੇ, ਉਹ ਕਿਵੇਂ ਅੱਡ ਹੋ ਸਕਦੈ?'

ਦਿਲ ਦੀ ਤਾਰ ਤੜੱਕ ਦੇ ਕੇ ਟੁੱਟ ਜਾਂਦੀ, ਜਦੋਂ ਉਹਨੂੰ ਇਹ ਖ਼ਿਆਲ ਆਉਂਦਾ 'ਕੀ ਪਤਾ, ਮਾਂ-ਪਿਓ ਜਿਉਂਦੇ ਵੀ ਨੇ ਜਾਂ ਨਹੀਂ?' ਬਾਪੂ ਤਾਂ ਜੇ ਈ ਹੋਵੇ, ਖੰਘ ਕਿੰਨੀ ਸੀ। ਬੈਠੇ-ਬੈਠੇ ਦਾ ਦਮ ਉੱਖੜ ਜਾਂਦਾ। ਏਸ ਬੀਮਾਰੀ ਵਾਲੇ ਦਾ ਕੀ ਹੁੰਦੈ, ਸਾਹ ਆਇਆ ਨਾ ਆਇਆ।'

ਮੰਡੀ ਉਹਨੂੰ ਆਪਣੀ-ਆਪਣੀ ਲੱਗ ਰਹੀ ਸੀ। ਪਰ ਇਹ ਕੀ, ਕੋਈ ਵੀ ਜਾਣਕਾਰ ਬੰਦਾ ਅਜੇ ਤੱਕ ਉਹਨੂੰ ਨਹੀਂ ਮਿਲਿਆ। ਬੱਸ-ਅੱਡਾ ਉਹੀ ਸੀ। ਹੋਟਲ ਵਧ ਗਏ ਸਨ। ਰਿਕਸ਼ਿਆਂ ਵਾਲੇ ਵੀ। ਬੱਸ-ਅੱਡੇ ਦੇ ਇੱਕ ਪਾਸੇ ਨਵੀਆਂ ਦੁਕਾਨਾਂ ਪੈ ਗਈਆਂ। ਜਿਹਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਰਕਸ਼ਾਪਾਂ ਸਨ। ਉਹਦੇ ਪਿੰਡ ਨੂੰ ਜਾਣ ਵਾਲੀ ਬੱਸ ਤਿਆਰ ਖੜ੍ਹੀ ਸੀ। ਇੱਕ ਅਮਲੀ ਜਿਹਾ ਅੱਧਖੜ ਉਮਰ ਦਾ ਬੰਦਾ ਸਵਾਰੀਆਂ ਨੂੰ ਹੋਕਰੇ ਮਾਰ ਰਿਹਾ ਸੀ। ਬਿੰਦੇ-ਬਿੰਦੇ ਉਹ ਬੁੱਕਦਾ ਤੇ ਮੁੱਛਾਂ ਨੂੰ ਉਤਾਂਹ ਚੜ੍ਹਾਉਂਦਾ। ਕਿਰਪਾਲ ਬੱਸ ਵਿੱਚ ਬੈਠ ਗਿਆ। ਸਾਰੀਆਂ ਸੀਟਾਂ ਭਰ ਚੁੱਕੀਆਂ ਸਨ। ਹੋਰ ਸਵਾਰੀਆਂ ਆ ਰਹੀਆਂ ਸਨ। ਹੁਣ ਉਹ ਸੀਟਾਂ ਵਿਚਕਾਰ ਖੜ੍ਹੀਆਂ ਸਨ। ਬੱਸ ਤੁੜੀ ਦੇ ਕੋਠੇ ਵਾਂਗ ਭਰਦੀ ਜਾ ਰਹੀ ਸੀ। ਫਿਰ ਵੀ ਅਮਲੀ ਦੇ ਹੋਕਰੇ ਬੰਦ ਨਹੀਂ ਹੋਏ।

ਬੱਸ ਚੱਲ ਪਈ। ਉਹ ਉਦਾਸ ਸੀ। ਉਹਦੇ ਪਿੰਡ ਦਾ ਇੱਕ ਬੰਦਾ ਵੀ ਬੱਸ ਵਿੱਚ ਨਹੀਂ ਸੀ। ਨਵੇਂ ਮੁੰਡੇ ਉਹਦੀ ਸਿਆਣ ਵਿੱਚ ਨਹੀਂ ਆ ਰਹੇ ਸਨ। ਸੱਤ ਸਾਲਾਂ ਵਿੱਚ ਬਹੁਤ ਫ਼ਰਕ ਪੈ ਜਾਂਦਾ ਹੈ। ਦਾੜ੍ਹੀ-ਮੁੱਛਾਂ ਆ ਕੇ ਮੁੰਡੇ ਦਾ ਚਿਹਰਾ ਹੀ ਬਦਲ ਜਾਂਦਾ ਹੈ। ਆਵਾਜ਼ ਉਹ ਨਹੀਂ ਰਹਿੰਦੀ। ਖੜ੍ਹਨ ਬੋਲਣ ਦੇ ਤੌਰ-ਤਰੀਕੇ ਹੋਰ ਹੋ ਜਾਂਦੇ ਨੇ।ਉਹ ਆਪ ਵੀ ਤਾਂ ਬਦਲ ਗਿਆ ਹੈ। ਉਹਨਾਂ ਦੇ ਪਿੰਡ ਦਾ ਕੋਈ ਬੰਦਾ ਉਹਦੀ ਨਿਗਾਹ ਵਿੱਚ ਹਾਲੇ ਵੀ ਨਹੀਂ ਆਇਆ। ਪਿੰਡ ਦੇ ਕਿਸੇ ਬੰਦੇ ਨੇ ਜੇ ਉਹਨੂੰ ਦੇਖਿਆ ਵੀ ਹੋਇਆ ਤਾਂ ਉਹਨੂੰ ਪਹਿਚਾਣਿਆ ਨਹੀਂ ਹੋਵੇਗਾ। ਉਹਨੂੰ ਸ਼ਿੱਦਤ ਨਾਲ ਮਹਿਸੂਸ ਹੋ ਰਿਹਾ ਸੀ, ਉਹ ਸੱਚਮੁੱਚ ਹੀ ਬਦਲ ਗਿਆ ਹੈ। ਬੱਸ ਦੀ ਭੀੜ ਵਿੱਚ ਉਹ ਇਕੱਲਾ ਸੀ। ਸਭ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਪਰ ਉਹ ਜਿਵੇਂ ਕੋਈ ਪ੍ਰਦੇਸੀ ਹੋਵੇ। ਚੁੱਪ ਬੈਠਾ, ਚਿਹਰਿਆਂ ਵੱਲ ਗਹੁ ਨਾਲ ਦੇਖ ਰਿਹਾ। ਇੱਕ ਅਜਨਬੀ, ਅਜਨਬੀ ਵੱਲ ਕੌਣ ਝਾਕਦਾ ਹੈ। ਉਹ ਪਿੰਡ ਦੇ ਬੱਸ ਅੱਡੇ 'ਤੇ ਚੋਰਾਂ ਵਾਂਗ ਉੱਤਰਿਆ। ਮੋਢੇ ਲਟਕਦੇ ਥੈਲੇ ਵਿੱਚ ਪਤਾ ਨਹੀਂ ਕੀ ਕੁਝ ਸੀ, ਹਾਕੀ ਦਾ ਸਿਰਾ ਬਾਹਰ ਜ਼ਰੂਰ ਦਿਸ ਰਿਹਾ ਸੀ। ਅੱਡੇ ਉੱਤੇ ਖੜ੍ਹੇ ਬੰਦਿਆਂ ਨੇ ਗਹੁ ਨਾਲ ਦੇਖਿਆ, ਜਿਵੇਂ ਇਕੱਲੇ-ਇਕੱਲੇ ਦੀ ਨਿਰਖ-ਪਰਖ਼ ਕਰ ਰਹੇ ਹੋਣ, ਪਰ ਉਹਨੂੰ ਬੁਲਾਇਆ ਕਿਸੇ ਨੇ ਨਹੀਂ। ਉਹਨੂੰ ਆਪਣੇ ਆਪ ਨਾਲ ਹੀ ਗਿਲਾਨੀ ਹੋਈ, ਉਹਨੂੰ ਕਿਸੇ ਨੇ ਵੀ ਨਹੀਂ ਬੁਲਾਇਆ। ਨਹੀਂ ਤਾਂ ਪਹਿਲਾਂ ਜਦੋਂ ਕਦੇ ਵੀ ਉਹ ਛੁੱਟੀ ਆਉਂਦਾ, ਅੱਡੇ ਦੇ ਬੰਦੇ ਉਹਨੂੰ ਭੱਜ ਕੇ ਆਕੇ ਮਿਲਦੇ, ਉਹਦੀ ਸਾਰੀ ਸੁੱਖ-ਸਾਂਦ ਪੁੱਛਦੇ। ਹੁਣ ਉਹਨੇ ਨੀਵੀਂ ਪਾ ਕੇ ਸਿੱਧਾ ਘਰ ਨੂੰ ਜਾਣਾ ਹੀ ਠੀਕ ਸਮਝਿਆ। ਅੱਡੇ ਦੇ ਬੰਦਿਆਂ ਦਾ ਕੀਹ ਐ, ਉਹਨੂੰ ਬਹੁਤੀ ਖਿੱਚ ਤਾਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਣੀ ਚਾਹੀਦੀ ਹੈ। ਅੱਡੇ ਤੋਂ ਉਹ ਸਿੱਧੇ ਰਾਹ ਨਹੀਂ ਪਿਆ, ਨਿਆਈਆਂ ਵਿੱਚ ਦੀ ਹੋ ਲਿਆ। ਬੱਸ-ਅੱਡਾ ਪਿੰਡ ਤੋਂ ਬਾਹਰ-ਵਾਰ ਸੀ, ਕਈ ਖੇਤ ਛੱਡਕੇ। ਅੱਡੇ ਤੋਂ ਪਿੰਡ ਤੱਕ ਲਿੰਕ ਸੜਕ ਬਣੀ ਹੋਈ ਸੀ। ਅੱਧ ਮੀਲ ਤੋਂ ਵੀ ਘੱਟ। ਉਹਨਾਂ ਦਾ ਘਰ ਪਿੰਡ ਦੇ ਪਰਲੇ ਪਾਸੇ ਸੀ। ਲਿੰਕ-ਸੜਕ ਪੈ ਕੇ ਤਾਂ ਪਿੰਡ ਦੇ ਵਿੱਚ ਦੀ ਲੰਘਣਾ ਪੈਂਦਾ। ਘਰ ਤੱਕ ਪਹੁੰਚਦੇ-ਪਹੁੰਚਦੇ ਉਹਨੇ ਰਾਹ ਵਿੱਚ ਟੱਕਰੇ ਕਈਆਂ ਨੂੰ ਸਿਆਣ ਲਿਆ, ਪਰ ਉਹਨੂੰ ਕਿਸੇ ਨੇ ਨਹੀਂ ਬੁਲਾਇਆ। ਸੋਚ ਰਿਹਾ ਸੀ, ਪਤਾ ਨਹੀਂ ਕੀ ਗੱਲ, ਉਹ ਐਨਾ ਤਾਂ ਨਹੀਂ ਬਦਲ ਗਿਆ ਕਿ ਪਹਿਚਾਣ ਵਿੱਚ ਹੀ ਨਾ ਆ ਰਿਹਾ ਹੋਵੇ। ਲੋਕ ਉਹਦੇ ਵੱਲ ਝਾਕਦੇ ਤੇ ਓਪਰਾ ਸਮਝਕੇ ਪਰ੍ਹਾਂ ਮੂੰਹ ਭੰਵਾ ਲੈਂਦੇ।

ਘਰ ਦੇ ਬਾਰ ਮੂਹਰੇ ਅੱਠ-ਦਸ ਸਾਲ ਦਾ ਇੱਕ ਮੁੰਡਾ ਡੱਕਿਆਂ ਦਾ ਹਲ਼ ਬਣਾ ਕੇ ਮਿੱਟੀ ਵਿੱਚ ਖੇਡ ਰਿਹਾ ਸੀ। ਉਹਦੇ ਕੋਲ ਹੀ ਦੂਜਾ ਇੱਕ ਮੁੰਡਾ ਚਲਦੇ ਹਲ਼ ਵੱਲ ਝਾਕ ਝਾਕ ਖ਼ੁਸ਼ ਹੋ ਰਿਹਾ ਸੀ। ਉਹ ਹਲ਼ ਵੱਲ ਹੱਥ ਵਧਾਉਂਦਾ ਪਰ ਵੱਡਾ ਮੁੰਡਾ ਉਹਨੂੰ ਝਿੜਕ ਦਿੰਦਾ। ਦੂਜਾ ਮੁੰਡਾ ਉਹਤੋਂ ਛੋਟਾ ਸੀ। ਚਾਰ ਕੁ ਸਾਲ ਦਾ ਹੋਵੇਗਾ। ਕਿਰਪਾਲ ਨੇ ਉਹਨਾਂ ਨੂੰ ਬੁਲਾਇਆ ਨਹੀਂ। ਸੋਚਿਆ, ਗੁਆਂਢੀਆਂ ਦੇ ਜੁਆਕ ਹੋਣਗੇ। ਖੇਡਣ ਏਥੇ ਆ ਗਏ।

ਉਹ ਦੇਲ੍ਹੀਓਂ ਅੰਦਰ ਹੋਇਆ, ਦਰਵਾਜ਼ੇ ਦੇ ਇੱਕ ਖੂੰਜੇ ਮੰਜੇ ਉੱਤੇ ਪਿਆ ਉਹਦਾ ਬਾਪ ਸੁੱਕੀ ਖੰਘ ਨਾਲ ਔਖਾ ਸੀ। ਉਹਨੇ ਬਾਪੂ ਨੂੰ ਮੱਥਾ ਟੇਕਿਆ। ਖੰਘ ਕਰਕੇ ਅੱਖਾਂ ਵਿੱਚ ਇਕੱਠੇ ਹੋਏ ਪਾਣੀ ਨਾਲ ਬੁੜ੍ਹੇ ਦੀ ਨਜ਼ਰ ਧੁੰਦਲੀ ਪਈ ਹੋਈ ਸੀ। ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੱਥਾ ਟੇਕਣ ਵਾਲਾ ਇਹ ਕਿਹੜਾ ਜੁਆਨ ਹੈ। ਐਨੇ ਨੂੰ ਸਬ੍ਹਾਤ ਵਿਚੋਂ ਨਿੱਕਲ ਕੇ ਵਿਹੜੇ ਵਿੱਚ ਆਈ ਪ੍ਰੀਤਮ ਕੌਰ ਉਹਨੂੰ ਦਿਸੀ। ਬਾਪੂ ਤੋਂ ਸਿਰ ਪਲਸਾਉਣ ਦੀ ਥਾਂ ਉਹ ਵਿਹੜੇ ਵੱਲ ਹੋ ਗਿਆ। ਬੁੜ੍ਹਾ ਉੱਠਦਾ ਉੱਠਦਾ ਫੇਰ ਪੈ ਗਿਆ। ਆਵਾਜ਼ ਸੁਣਕੇ ਉਹਨੂੰ ਕੋਈ ਭੁਲੇਖਾ ਜ਼ਰੂਰ ਪਿਆ ਹੋਵੇਗਾ। ਏਸ ਕਰਕੇ ਉਹ ਦੂਜੀ ਵਾਰ ਫੇਰ ਬੈਠਾ ਹੋ ਗਿਆ। ਪ੍ਰੀਤਮ ਕੌਰ ਨੇ ਉੱਚੀ ਚੀਕ ਮਾਰੀ। ਜਿਵੇਂ ਉਹਨੂੰ ਕਿਸੇ ਜ਼ਹਿਰੀ ਨਾਗ਼ ਨੇ ਡੱਸ ਲਿਆ ਹੋਵੇ। ਬੁੜ੍ਹਾ ਵਿਹੜੇ ਵਿੱਚ ਆਇਆ ਤਾਂ ਉਹ ਮੂਧੇ ਮੂੰਹ ਡਿੱਗੀ ਪਈ ਸੀ। ਉਹਦੀ ਦੇਹ ਬੁਰੀ ਤਰ੍ਹਾਂ ਕੰਬ ਰਹੀ ਸੀ। ਬਹੂ ਦੀ ਇਹ ਹਾਲਤ ਦੇਖ ਕੇ ਬੁੜ੍ਹੇ ਦੀ ਹੋਸ਼ ਜਿਵੇਂ ਗੁੰਮ ਹੀ ਹੋ ਗਈ ਹੋਵੇ। ਕਿਰਪਾਲ ਨੇ ਪ੍ਰੀਤਮ ਕੌਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹੀ ਉਹ ਉਹਨੂੰ ਹੱਥ ਲਾਉਣ ਲੱਗਿਆ, ਉਹ ਇਸ ਤਰ੍ਹਾਂ ਤੜਫ਼ ਕੇ ਪਰ੍ਹਾਂ ਹੋ ਗਈ ਜਿਵੇਂ ਕਿਰਪਾਲ ਕੋਈ ਭੂਤ-ਪ੍ਰੇਤ ਹੋਵੇ। ਬੁਢਾ ਬਾਹਰੋਂ ਆਏ ਬੰਦੇ ਦੇ ਮੂੰਹ ਵੱਲ ਝਾਕਿਆ ਤੇ ਝਾਕਦਾ ਹੀ ਰਹਿ ਗਿਆ। ਹੁਣ ਬੁੜ੍ਹੇ ਦੀ ਦੇਹ ਕੰਬਣ ਲੱਗੀ। ਇਹ ਕੌਣ ਹੋਇਆ? ਕਿਰਪਾਲ ਨੇ ਬੜ੍ਹੇ ਦੀ ਬਾਂਹ ਫ਼ੜ ਲਈ ਤੇ ਬੋਲਿਆ 'ਬਾਪੂ, ਮੈਨੂੰ ਪਛਾਣਿਆ ਨ੍ਹੀਂ? ਮੈਂ ਕਿਰਪਾਲ ਆਂ।'

'ਹੈਂ? ਕਿਰਪਾਲ? ਤੂੰ ਕਿਰਪਾਲ ਐਂ? ਤੂੰ ਤਾਂ ਭਾਈ....

ਪੀਤਮ ਕੌਰ ਬਿਜਲੀ ਦੀ ਤਾਰ ਲੱਗਣ ਵਾਂਗ ਝੰਜੋੜੀ ਗਈ। ਉਹ ਬੜੀ ਫ਼ੁਰਤੀ ਨਾਲ ਉੱਠੀ ਤੇ ਸਬ੍ਹਾਤ ਅੰਦਰ ਜਾ ਵੜੀ। ਅੰਦਰਲਾ ਕੁੰਡਾ ਲਾ ਲਿਆ। ਸਬ੍ਹਾਤ ਅੰਦਰ ਰਜ਼ਾਈ-ਗਦੈਲਿਆਂ ਵਾਲੇ ਵੱਡੇ ਪਲੰਘ ਦੇ ਇੱਕ ਪਾਸੇ ਟੇਢੀ ਜਿਹੀ ਹੋਕੇ ਉਹ ਇੰਜ ਬੈਠ ਗਈ ਜਿਵੇਂ ਉਹਨੇ ਕਿਸੇ ਖੂੰਖਾਰ ਜਾਨਵਰ ਤੋਂ ਆਪਣੇ ਆਪ ਨੂੰ ਬਚਾ ਲਿਆ ਹੋਵੇ।

ਬਾਪੂ ਦੀ ਦੇਹ ਖਿੰਡ ਰਹੀ ਸੀ। ਕਿਰਪਾਲ ਨੇ ਉਹਦਾ ਡੋਲ਼ਾ ਫ਼ੜਿਆ ਤੇ ਉਹਨੂੰ ਵਿਹੜੇ ਵਿੱਚ ਹੀ ਚੌਂਤਰੇ ਉੱਤੇ ਬਿਠਾ ਲਿਆ। ਬੁੜ੍ਹਾਂ ਉਹਦੇ ਵੱਲ ਝਾਕਦਾ ਤੇ ਨੀਵੀਂ ਪਾ ਲੈਂਦਾ। ਉਹਦੇ ਸੰਘ ਦੀਆਂ ਰਗਾਂ ਬੈਠ ਗਈਆਂ। ਉਹ ਰੋ ਕੇ ਬੋਲਿਆ-'ਤੂੰ ਸੱਚੀਂ ਕਿਰਪਾਲ ਐਂ?'

ਜੋਗਿੰਦਰ ਉਸ ਦਿਨ ਖੇਤ ਨਹੀਂ ਗਿਆ। ਉਹ ਪਿੰਡ ਵਿੱਚ ਡਾਕਟਰ ਕੋਲ ਆਪਣੀ ਦੋ ਕੁ ਸਾਲਾਂ ਦੀ ਕੁੜੀ ਨੂੰ ਲੈ ਕੇ ਗਿਆ ਹੋਇਆ ਸੀ। ਕੁੜੀ ਨੂੰ ਕਈ ਦਿਨਾਂ ਤੋਂ ਬੁਖਾਰ ਸੀ। ਦੁੱਧ ਨਹੀਂ ਪਚਦਾ ਸੀ। ਉਹ ਕੁੜੀ ਲੈ ਕੇ ਵਿਹੜੇ ਵਿੱਚ ਆਇਆ ਤਾਂ ਪਿਓ-ਪੁੱਤ ਦੋਵੇਂ ਗੱਲਾਂ ਕਰ ਰਹੇ ਸਨ। ਬੁੜ੍ਹਾ ਬੇਹੱਦ ਪ੍ਰਸੰਨ ਦਿਸ ਰਿਹਾ ਸੀ, ਪਰ ਉਹਦੀਆਂ ਅੱਖਾਂ ਵਿੱਚ ਪਾਣੀ ਵੀ ਵਗਦਾ। ਜੋਗਿੰਦਰ ਨੇ ਕਿਰਪਾਲ ਨੂੰ ਪਹਿਚਾਣ ਲਿਆ। ਗੋਦੀ ਚੁੱਕੀ ਕੁੜੀ ਸਮੇਤ ਉਹਨੇ ਖੜ੍ਹੇ ਹੋਏ ਕਿਰਪਾਲ ਨੂੰ ਜੱਫੀ ਪਾ ਲਈ। ਦੋਵਾਂ ਦੇ ਮਨ ਉੱਛਲ ਆਏ। ਵਰ੍ਹਾਂਢੇ ਵਿਚੋਂ ਲਿਆਕੇ ਜੋਗਿੰਦਰ ਨੇ ਮੰਜਾ ਡਾਹ ਦਿੱਤਾ। ਜੋਗਿੰਦਰ ਦੀ ਦੇਹ ਵੀ ਜਿਵੇਂ ਸੁੰਨ ਹੋ ਗਈ ਹੋਵੇ। ਉਹਨੇ ਕੁੜੀ ਬਾਪੂ ਨੂੰ ਫ਼ੜਾ ਦਿੱਤੀ। ਦੇਖਿਆ, ਪ੍ਰੀਤਮ ਕੌਰ ਕਿਧਰੇ ਨਹੀਂ ਸੀ। ਸਬ੍ਹਾਤ ਦਾ ਅੜਿਆ ਬਾਰ ਦੇਖਕੇ ਜੋਗਿੰਦਰ ਹਾਕਾਂ ਮਾਰਨ ਲੱਗਿਆ। ਬੁੜ੍ਹਾ ਵੀ ਉੱਠਿਆ। ਉਹ ਅੰਦਰੋਂ ਬੋਲਦੀ ਨਹੀਂ ਸੀ। ਜੋਗਿੰਦਰ ਤਕੜਾ ਸੀ। ਚੋਬਰ ਤੇ ਪੂਰਾ ਜੁਆਨ। ਸਬ੍ਹਾਤ ਨੂੰ ਚੂਲਾਂ ਵਾਲੇ ਤਖ਼ਤੇ ਸਨ। ਮੰਜੇ ਦੀ ਇੱਕ ਪੁਰਾਣੀ ਬਾਹੀ ਵਰਾਂਢੇ ਦੇ ਖੂੰਜੇ ਖੜ੍ਹੀ ਉਹਦੀ ਨਿਗਾਹ ਪੈ ਗਈ। ਉਹਨੇ ਇੱਕ ਤਖ਼ਤੇ ਦੀ ਚੂਲ ਕੱਢ ਲਈ। ਤਿੰਨੇ ਪਿਓ-ਪੁੱਤ ਸਬ੍ਹਾਤ ਅੰਦਰ ਜਾ ਵੜੇ। ਪ੍ਰੀਤਮ ਕੌਰ ਬੇਹੌਸ਼ ਹੋਈ ਧਰਤੀ ਉੱਤੇ ਡਿੱਗੀ ਪਈ ਸੀ। ਜੋਗਿੰਦਰ ਨੇ ਉਹਦੇ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੇ। ਖੁਰਚਣਾ ਲੈ ਕੇ ਉਹਦੀ ਦੰਦਲ ਭੰਨੀ। ਉਹਨੂੰ ਬਾਹੋਂ ਫ਼ੜ ਕੇ ਵਿਹੜੇ ਵਿੱਚ ਲੈ ਆਇਆ। ਮੰਜੇ ਉੱਤੇ ਪਾ ਦਿੱਤਾ।

ਤਿੰਨਾਂ ਜੀਆਂ ਦਾ ਐਨਾ ਬੁਰਾ ਹਾਲ ਦੇਖਕੇ ਹੁਣ ਕਿਰਪਾਲ ਨੂੰ ਵੀ ਚੱਕਰ ਆਉਣ ਲੱਗੇ। ਉਹਦੇ ਖਾਨੇ ਵਿੱਚ ਕੋਈ ਵੀ ਗੱਲ ਨਹੀਂ ਵੜ ਰਹੀ ਸੀ। ਜਿਵੇਂ ਉਹਦੇ ਮੱਥੇ ਦੀ ਠੀਕਰੀ ਹੁਣ ਫੁੱਟੀ, ਹੁਣ ਫੁੱਟੀ।

ਕਿਰਪਾਲ ਦੇ ਬਾਪ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਜ਼ਮੀਨ ਥੋੜੀ ਸੀ। ਉਹਨੂੰ ਜੁਆਨੀ-ਪਹਿਰੇ ਤੋਂ ਹੀ ਦਮੇ ਦੀ ਬੀਮਾਰੀ ਸੀ। ਦੋ ਮੁੰਡੇ ਸਨ। ਵੱਡਾ ਕਿਰਪਾਲ ਬਥੇਰੀ ਦੇਹ ਤੋੜਦਾ, ਪਰ ਪੱਲਾ ਪੂਰਾ ਨਾ ਪੈਂਦਾ। ਉਹ ਹਮੇਸ਼ਾ ਕਰਜ਼ਾਈ ਰਹਿੰਦੇ। ਜੋਗਿੰਦਰ ਤਾਂ ਹਾਲੇ ਛੋਟਾ ਹੀ ਸੀ। ਦੋਵਾਂ ਨੂੰ ਰਿਸ਼ਤਾ ਹੋਣ ਦੀ ਕੋਈ ਆਸ ਨਹੀਂ ਸੀ। ਉਹਨਾਂ ਦੇ ਪਿੰਡ ਦਾ ਹੌਲਦਾਰ ਨਿੱਕਾ ਸਿੰਘ ਛੁੱਟੀ ਆਉਂਦਾ ਤਾਂ ਕਿਰਪਾਲ ਉਹਦੇ ਕੋਲ ਹੀ ਬੈਠਾ ਰਹਿੰਦਾ। ਸਵੇਰੇ ਵੀ ਤੇ ਆਥਣੇ ਖੇਤੋਂ ਆਕੇ ਵੀ। ਨਿੱਕਾ ਸਿੰਘ ਦੀਆਂ ਗੱਲਾਂ ਉਹਨੂੰ ਚੰਗੀਆਂ ਲੱਗਦੀਆਂ। ਫੌਜੀਆਂ ਕੋਲ ਗੱਲਾਂ ਹੁੰਦੀਆਂ ਵੀ ਬਹੁਤ ਨੇ। ਮੁੱਕਣ ਵਿੱਚ ਹੀ ਨਹੀਂ ਆਉਂਦੀਆਂ। ਢਾਈ ਨਾਲ ਢਾਈ ਜੋੜੀ ਜਾਣਗੇ। ਕੁਝ ਵਧਾ-ਚੜ੍ਹਾ ਕੇ ਗੱਲਾਂ ਵੀ ਉਹਨਾਂ ਤੋਂ ਹੋ ਜਾਂਦੀਆਂ ਨੇ। ਵਧਾ-ਚੜ੍ਹਾ ਕੇ ਕੀਤੀਆਂ ਗੱਲਾਂ ਹੀ ਦਿਲਚਸਪ ਬਣਦੀਆਂ ਹਨ। ਤੇ ਨਾਲੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਰੁਮਾਂਟਕ ਬਣਾ ਕੇ ਵੀ ਤਾਂ ਪੇਸ਼ ਕਰਨਾ ਹੁੰਦਾ ਹੈ। ਢਿੱਡ ਵਿੱਚ ਚਾਹੇ ਬਹੁਤ ਕੁਝ ਰਹਿ ਜਾਂਦਾ ਹੋਵੇ। ਮਾਨਸਿਕ ਪੀੜ ਚਿਹਰੇ ਉੱਤੇ ਆਉਣ ਹੀ ਨਹੀਂ ਦਿੰਦੇ। ਦੋ ਮਹੀਨੇ ਦੀ ਛੁੱਟੀ ਘਰ ਆ ਕੇ ਜੇ ਉਹ ਅਜੇ ਵੀ ਚਿੰਤਾ ਦਾ ਪਿੱਠੂ ਮੋਢਿਆਂ ਉੱਤੇ ਚੁੱਕੀ ਫਿਰਨ ਤਾਂ ਫੇਰ ਤਾਜ਼ੀ ਹਵਾ ਫੇਫੜਿਆਂ ਤੱਕ ਕਦੋਂ ਪਹੁੰਚੇਗੀ। ਕਿਰਪਾਲ ਦਾ ਜੀਅ ਕਰਦਾ ਰਹਿੰਦਾ ਕਿ ਉਹ ਵੀ ਨਿੱਕਾ ਸਿੰਘ ਫੌਜੀ ਬਣ ਜਾਵੇ ਤੇ ਵਧੀਆ ਜ਼ਿੰਦਗੀ ਬਤੀਤ ਕਰੇ। ਖੇਤ ਦੇ ਕੰਮ ਵਿੱਚ ਤਾਂ ਮਿੱਟੀ ਹੋ ਕੇ ਰਹਿਣ ਵਾਲੀ ਜੂਨ ਹੈ। ਤੇ ਫੇਰ ਇੱਕ ਵਾਰ ਜਦੋਂ ਨਿੱਕਾ ਸਿੰਘ ਛੁੱਟੀ ਖ਼ਤਮ ਕਰਕੇ ਛਾਉਣੀ ਗਿਆ ਤਾਂ ਕਿਰਪਾਲ ਵੀ ਉਹਦੇ ਨਾਲ ਸੀ। ਉਹ ਸਿਪਾਹੀ ਭਰਤੀ ਹੋ ਗਿਆ। ਉਸ ਵੇਲੇ ਉਹਦੀ ਉਮਰ ਮਸਾਂ ਵੀਹ ਸਾਲ ਸੀ।

ਇੱਕ ਸਾਲ ਬਾਅਦ ਉਹ ਆਪਣੇ ਪਿਉ ਨੂੰ ਹਰ ਮਹੀਨੇ ਮਨੀਆਰਡਰ ਭੇਜਣ ਲੱਗ ਪਿਆ। ਇਹਨਾਂ ਪੈਸਿਆਂ ਨਾਲ ਉਹਦੀ ਕਬੀਲਦਾਰੀ ਸੰਢੀ ਜਾ ਰਹੀ ਸੀ। ਉਹ ਸੁਖਾਲਾ-ਸੁਖਾਲਾ ਰਹਿਣ ਲੱਗਿਆ। ਪਿਓ ਨੂੰ ਇੱਕ ਖ਼ੁਸ਼ੀ ਇਹ ਵੀ ਕਿ ਚਲੋ ਉਹ ਜੇਠ-ਹਾੜ੍ਹ ਦੀਆਂ ਧੁੱਪਾਂ ਤੇ ਪੋਹ ਮਾਘ ਦੇ ਪਾਲ਼ੇ ਤੋਂ ਤਾਂ ਬਚਿਆ। ਚੰਗਾ ਖਾਂਦਾ-ਪੀਂਦਾ ਹੋਵੇਗਾ, ਚੰਗਾ ਪਹਿਨਦਾ ਹੋਵੇਗਾ, ਛਾਂ ਵਿੱਚ ਬੈਠਦਾ ਹੋਵੇਗਾ। ਉਹ ਛੁੱਟੀ ਆਇਆ ਤਾਂ ਉਹਦੀ ਸਿਹਤ ਜੰਗਲੀ ਬਿੱਲੇ ਜਿਹੀ ਬਣੀ ਹੋਈ ਸੀ। ਛੁੱਟੀ ਆਇਆ, ਉਹ ਰੰਮ ਵੀ ਲੈ ਕੇ ਆਇਆ। ਬਾਪੁ ਨੇ ਐਨੀ ਵਧੀਆ ਦਾਰੁ ਪਹਿਲਾਂ ਕਦੇ ਨਹੀਂ ਪੀਤੀ ਸੀ।

ਤੀਹ-ਬੱਤੀ ਸਾਲ ਦੀ ਉਮਰ ਵਿੱਚ ਉਹਨੂੰ ਸਾਕ ਵੀ ਹੋ ਗਿਆ। ਵਿਆਹ ਵੇਲੇ ਉਹ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਇਆ। ਪ੍ਰੀਤਮ ਕੌਰ ਸੁਹਣੀ ਬੜੀ ਸੀ। ਫੌਜੀ ਦੇ ਪਿਆਰ ਨੇ ਉਹਨੂੰ ਹੋਰ ਵੀ ਸੁਹਣੀ ਬਣਾ ਦਿੱਤਾ। ਉਹ ਛੁੱਟੀ ਕੱਟ ਕੇ ਜਾਂਦਾ ਤਾਂ ਕਿਰਪਾਲ ਦੀ ਮਾਂ ਬਹੂ ਨੂੰ ਫੁੱਲਾਂ-ਪਾਨਾਂ ਵਾਂਗ ਰੱਖਦੀ। ਉਹਦਾ ਦਿਲ ਲਵਾਈ ਰੱਖਦੀ। ਜਦੋਂ ਉਹ ਛਾਉਣੀ ਸੀ, ਇੱਕ ਵਾਰ ਪੀਤਮ ਕੌਰ ਨੂੰ ਨਾਲ ਵੀ ਲੈ ਗਿਆ। ਤੀਵੀਂ ਵਾਲੇ ਫੌਜੀ ਨੂੰ ਛਾਉਣੀ ਵਿੱਚ 'ਘਰਈਆ' ਆਖਦੇ। ਰਹਿਣ ਵਾਸਤੇ ਕੁਆਰਟ ਮਿਲ ਜਾਂਦਾ।

ਜਦੋਂ ਉਹ ਆਖ਼ਰੀ ਛੁੱਟੀ ਕੱਟ ਕੇ ਗਿਆ ਸੀ, ਜੋਗਿੰਦਰ ਨੂੰ ਸਾਕ ਵੀ ਹੋ ਗਿਆ ਸੀ। ਸਾਲ ਕੁ ਬਾਅਦ ਉਹਦਾ ਵਿਆਹ ਵੀ ਹੋ ਗਿਆ। ਪਰ ਉਹਦੀ ਬਹੂ ਪਹਿਲਾ ਜੁਆਕ ਜੰਮਣ ਵੇਲੇ ਹੀ ਪੂਰੀ ਹੋ ਗਈ। ਕਿਰਪਾਲ ਨਾ ਤਾਂ ਜੋਗਿੰਦਰ ਦੇ ਵਿਆਹ 'ਤੇ ਆ ਸਕਿਆ ਤੇ ਨਾ ਹੀ ਉਹਤੋਂ ਬਹੂ ਮਰੀ ਤੋਂ ਆਇਆ ਗਿਆ। ਪਾਕਿਸਤਾਨ ਨਾਲ ਖਟ-ਪਟੀ ਚੱਲ ਰਹੀ ਸੀ। ਉਹਨਾਂ ਦਿਨਾਂ ਵਿੱਚ ਉਹਦੀ ਡਿਉਟੀ ਬਾਰਡਰ ਉੱਤੇ ਸੀ। ਜਦੋਂ ਉਹ ਆਖ਼ਰੀ ਛੁੱਟੀ ਕੱਟ ਕੇ ਗਿਆ ਸੀ, ਜੋਗਿੰਦਰ ਨੂੰ ਸਾਕ ਵੀ ਹੋ ਗਿਆ ਸੀ। ਸਾਲ ਕੁ ਬਾਅਦ ਉਹਦਾ ਵਿਆਹ ਵੀ ਹੋ ਗਿਆ। ਪਰ ਉਹਦੀ ਬਹੂ ਪਹਿਲਾ ਜੁਆਕ ਜੰਮਣ ਵੇਲੇ ਹੀ ਪੂਰੀ ਹੋ ਗਈ। ਕਿਰਪਾਲ ਨਾ ਤਾਂ ਜੋਗਿਦਰ ਦੇ ਵਿਆਹ ਤੇ ਆ ਸਕਿਆ ਤੇ ਨਾ ਉਹਤੋਂ ਬਹੁ ਮਰੀ ਤੋਂ ਆਇਆ ਗਿਆ। ਪਾਕਿਸਤਾਨ ਨਾਲ ਖਟਪਟੀ ਚੱਲ ਰਹੀ ਸੀ। ਉਹਨਾਂ ਦਿਨਾਂ ਵਿੱਚ ਉਹਦੀ ਡਿਉਟੀ ਬਾਰਡਰ ਉੱਤੇ ਸੀ।

ਫੇਰ ਲੜਾਈ ਲੱਗ ਪਈ। ਉਹਨੂੰ ਛੁੱਟੀ ਨਹੀਂ ਮਿਲੀ ਸੀ। ਫੇਰ ਤਾਂ ਉਹਦਾ ਚਿੱਠੀ ਪੱਤਰ ਆਉਣਾ ਵੀ ਬੰਦ ਹੋ ਗਿਆ। ਪ੍ਰੀਤਮ ਕੌਰ ਚਿੱਠੀ ਲਿਖਵਾ ਕੇ ਭੇਜਦੀ, ਕੋਈ ਜਵਾਬ ਨਾ ਆਉਂਦਾ। ਜੋਗਿੰਦਰ ਚਿੱਠੀ ਲਿਖਵਾਉਂਦਾ, ਉਹਦਾ ਵੀ ਕੋਈ ਜਵਾਬ ਨਹੀਂ। ਜੋਗਿੰਦਰ ਨੇ ਮੰਡੀ ਜਾ ਕੇ ਤਾਰ ਵੀ ਦਿੱਤੀ। ਉਹਦਾ ਵੀ ਕੋਈ ਜਵਾਬ ਨਹੀਂ। ਸਾਰਾ ਟੱਬਰ ਹੈਰਾਨ, ਇਹ ਕੀ-ਪਹਿਲਾਂ ਤਾਂ ਉਹਦੀ ਚਿੱਠੀ ਦੋ ਮਹੀਨਿਆਂ ਬਾਅਦ ਹੀ ਆ ਜਾਂਦੀ।

ਤੇ ਫੇਰ ਇੱਕ ਦਿਨ ਉਹਦਾ ਬਿਸਤਰਾ ਪਿੰਡ ਆ ਗਿਆ। ਉਹਦੀ ਬਕਾਇਆ ਰਕਮ ਵੀ ਪ੍ਰੀਤਮ ਕੌਰ ਦੇ ਨਾਂ। ਲੜਾਈ ਮੁੱਕ ਚੁੱਕੀ ਸੀ। ਮੰਡੀ ਬੁਲਾ ਕੇ ਲੜਾਈ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾ-ਪਤਨੀਆਂ ਨੂੰ ਸਿਲਾਈ-ਮਸ਼ੀਨਾਂ ਭੇਟ ਕੀਤੀਆਂ ਗਈਆਂ। ਪੈਨਸ਼ਨਾਂ ਦੀਆਂ ਕਾਪੀਆਂ ਦਿੱਤੀਆਂ ਗਈਆਂ।

ਇੱਕ ਦੁੱਖ ਛੋਟੀ ਨੂੰਹ ਦਾ, ਦੂਜਾ ਵੱਡਾ ਦੁੱਖ ਵੱਡੇ ਪੁੱਤ ਦਾ, ਬੁੜ੍ਹੀ ਤੋਂ ਇਹ ਪੰਡ ਚੁੱਕੀ ਨਾ ਗਈ। ਉਹ ਵੀ ਉਸੇ ਰਾਹ ਤੁਰ ਪਈ।

ਪ੍ਰੀਤਮ ਕੌਰ ਲਈ ਨਾ ਹੁਣ ਹਮਦਰਦਣ ਸੱਸ ਸੀ ਤੇ ਨਾ ਸੱਸ ਦਾ ਪੁੱਤ, ਉਹਦੇ ਸਿਰ ਦਾ ਸਾਈਂ। ਘਰ ਦੀਆਂ ਕੰਧਾਂ ਦੀ ਛਾਂ ਉਹਨੂੰ ਮੌਤ ਵਰਗੀ ਲੱਗਦੀ।

ਪ੍ਰੀਤਮ ਕੌਰ ਦੇ ਮਾਪੇ ਆਏ ਤੇ 'ਚਾਦਰ' ਦੀ ਰਸਮ ਅਦਾ ਕਰ ਗਏ। ਜੋਗਿੰਦਰ ਰੋ ਰਿਹਾ ਸੀ। ਪ੍ਰੀਤਮ ਕੌਰ ਰੋ ਰਹੀ ਸੀ। ਵਾਹਿਗੁਰੂ ਨੂੰ ਇਹੀ ਮੰਨਜ਼ੂਰ ਸੀ। ਘਰ ਮੁੜਕੇ ਤੁਰਨ ਲੱਗ ਪਿਆ। ਬਾਪੂ ਦੀ ਉਮਰ ਦੇ ਹੋਰ ਸਾਲ ਵਧ ਗਏ। ਪ੍ਰੀਤਮ ਕੌਰ ਦੇ ਦੋ ਜੁਆਕ ਹੋਰ ਹੋਏ- ਇੱਕ ਮੁੰਡਾ ਤੇ ਇੱਕ ਕੁੜੀ। ਮੁੰਡੇ ਦਾ ਨਾਉਂ ਉਹਨੇ ਕਰਨੈਲ ਰੱਖਿਆ। ਵੱਡਾ ਜਰਨੈਲ ਛੋਟਾ ਕਰਨੈਲ। ਕੁੜੀ ਦਾ ਨਾਉਂ ਸਤਿਨਾਮ ਕੌਰ ਬਾਪੂ ਨੇ ਰੱਖਿਆ। ਆਖਦਾ- 'ਸਤਿਨਾਮ ਕਹੇ ਤੋਂ ਰੱਬ ਯਾਦ ਰਹਿੰਦੈ। ਰੱਬ ਜਿੱਥੇ ਰੱਖੇ ਸੱਚਾ ਪਾਤਸ਼ਾਹ, ਸ਼ੁਕਰ-ਸ਼ੁਕਰ ਕਰਕੇ ਮੰਨੇ ਭਾਈ। ਉਹਦੀ ਰਜ਼ਾ ਵਿੱਚ ਰਾਜ਼ੀ ਰਹੇ ਬੰਦਾ।'

ਜੋਗਿੰਦਰ ਸਾਊ ਬੜਾ ਸੀ ਤੇ ਕੰਮ ਦਾ ਪੂਰਾ। ਹਰ ਵੇਲੇ ਖੇਤਾਂ ਵਿੱਚ ਧਿਆਨ। ਪ੍ਰੀਤਮ ਕੌਰ ਮੂਹਰੇ ਉਹ ਨੜੇ ਵਾਂਗ ਉੱਧੜਦਾ ਫਿਰਦਾ। ਉਹਦੀ ਹਰ ਖਾਹਸ਼ ਪੂਰੀ ਕਰਦਾ। ਉਹਦੀ ਕੋਸ਼ਿਸ਼ ਹੁੰਦੀ, ਉਹ ਕਿਰਪਾਲ ਨੂੰ ਭੁੱਲੀ ਰਹੇ। ਇੱਕ ਤਰ੍ਹਾਂ ਨਾਲ ਉਹ ਆਪਣੇ ਵੱਡੇ ਵੀਰ ਕਿਰਪਾਲ ਦਾ ਹੀ ਕੋਈ ਕਰਜ਼ ਉਤਾਰ ਰਿਹਾ ਹੁੰਦਾ।

ਕੁਝ ਜ਼ਮੀਨ ਉਹ ਠੇਕੇ ਉੱਤੇ ਲੈ ਲੈਂਦਾ। ਇੱਕ ਸੀਰੀ ਰੱਖਦਾ। ਇੱਕ ਪਾਲ਼ੀ। ਇੱਕ ਹੱਲ ਦੀ ਖੇਤੀ ਸੋਹਣੀ ਰੋੜ੍ਹ ਰਿਹਾ ਸੀ। ਹਰ ਸਾਲ ਉਹ ਕਿਰਪਾਲ ਦੀ ਬਰਸੀ ਮਨਾਉਂਦੇ ਤੇ ਉਹਦੇ ਨਾਉਂ ਦਾ ਦਾਨ-ਪੁੰਨ ਕਰਦੇ।

ਪਰ ਦਿਲ ਉੱਤੇ ਚੜ੍ਹਕੇ ਬੈਠੇ ਜੀਅ ਦੀ ਯਾਦ ਕਦੋਂ ਪੁਰਾਣੀ ਹੁੰਦੀ ਹੈ। ਕਿਰਪਾਲ ਕਿਧਰੇ ਨਹੀਂ ਗਿਆ, ਪ੍ਰੀਤਮ ਕੌਰ ਸੋਚਦੀ ਰਹਿੰਦੀ, ਏਥੇ ਕਿਤੇ ਹੀ ਹੈ, ਸਦਾ ਉਹਦੇ ਅੰਗ-ਸੰਗ। ਜੋਗਿੰਦਰ ਦੀ ਦੇਹ ਉਹਨੂੰ ਕਿਰਪਾਲ ਦੀ ਦੇਹ ਲੱਗਦੀ। ਉਹ ਉਹਦਾ ਭਾਈ ਹੀ ਤਾਂ ਸੀ, ਹੋਰ ਕੋਈ ਦੂਜਾ ਨਹੀਂ ਸੀ। ਉਹਨੂੰ ਕਿਰਪਾਲ ਤੇ ਜੋਗਿੰਦਰ ਇੱਕ-ਦੂਜੇ ਵਿੱਚ ਅਭੇਦ ਹੋ ਗਏ ਲੱਗਦੇ।

ਤੇ ਉਸ ਦਿਨ ਜਿਵੇਂ ਟਿਕੇ-ਨਿੱਤਰੇ ਪਾਣੀਆਂ ਉੱਤੇ ਚਾਣਚੱਕ ਗਾਰੇ ਲਿੱਬੜੇ ਇੱਟਾਂ-ਰੋੜਿਆਂ ਦੀ ਬਾਰਸ਼ ਹੋਣ ਲੱਗ ਪਈ ਹੋਵੇ।

ਤਿੰਨੇ ਜਣੇ ਅਜੀਬ ਮਾਨਸਿਕ ਤਣਾਓ ਵਿੱਚ ਦੀ ਲੰਘ ਰਹੇ ਸਨ। ਪ੍ਰੀਤਮ ਕੌਰ ਨਾ ਮਰਦੀ ਸੀ, ਨਾ ਜਿਉਂਦੀ। ਉਹ ਕੀਹਨੂੰ ਛੱਡੇ, ਕੀਹਨੂੰ ਰੱਖੇ। ਕਿਰਪਾਲ ਜਿਵੇਂ ਉਹਨੂੰ ਅਗਲਾ ਜਨਮ ਧਾਰ ਕੇ ਮਿਲ ਪਿਆ ਹੋਵੇ। ਜੇ ਉਹਦਾ ਬਿਸਤਰਾ ਘਰ ਆ ਗਿਆ ਸੀ ਤਾਂ ਇਸ ਵਿੱਚ ਉਹਦਾ ਕੀ ਕਸੂਰ ਸੀ। ਓਧਰ ਜੋਗਿੰਦਰ ਉਹਦੇ ਲਈ ਉਨਾ ਹੀ ਪਿਆਰਾ ਸੀ। ਉਹਨੇ ਉਹਨੂੰ ਆਪਣਾ ਪਤੀ ਮੰਨਿਆ ਹੋਇਆ ਸੀ। ਉਹਦੇ ਜੁਆਕ ਜੰਮੇ ਸਨ। ਇਸ ਹਾਲਤ ਵਿੱਚ ਉਹਨੂੰ ਕਿਵੇਂ ਧੱਕਾ ਦੇ ਸਕਦੀ?

ਕਿਰਪਾਲ ਗੁੰਮ-ਸੁੰਮ ਬਣਿਆ ਰਹਿੰਦਾ। ਉਹ ਸੋਚਦਾ, ਇਸ ਨਾਲੋਂ ਤਾਂ ਉਹ ਮਰਿਆ ਹੀ ਚੰਗਾ ਸੀ। ਕਾਹਨੂੰ ਆਇਆ ਉਹ ਆਪਣੀ ਲੋਥ ਲੈਕੇ ਆਪਣੇ ਦੇਸ਼ ਵਿੱਚ, ਆਪਣੇ ਪਿੰਡ, ਆਪਣੇ ਘਰ। ਇਹ ਘਰ ਹੁਣ ਉਹਦਾ ਆਪਣਾ ਕਿੱਥੇ ਰਹਿ ਗਿਆ। ਮੁਲਕਾਂ ਨੇ ਤਾਂ ਇੱਕ-ਦੂਜੇ ਦੇ ਇਲਾਕੇ ਜਿੱਤ ਕੇ ਫੇਰ ਮੋੜ ਦਿੱਤੇ ਤੇ ਸਮਝੌਤਾ ਕਰ ਲਿਆ, ਪਰ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਸਦਾ ਲਈ ਹਾਰ ਗਿਆ। ਕੀ ਕਰੇ ਉਹ ਹੁਣ? ਕਿੱਧਰ ਜਾਵੇ? ਉਹਦੀ ਔਰਤ, ਉਹਦਾ ਇਲਾਕਾ ਸੀ। ਇਸ ਉੱਤੇ ਕਬਜ਼ਾ ਕਰਨ ਵਾਲਾ ਵੀ ਉਹਦਾ ਆਪਣਾ ਸੀ। ਉਹਦਾ ਸਕਾ ਛੋਟਾ ਭਾਈ।

ਰਾਤ ਨੂੰ ਪੀਤਮ ਕੌਰ ਕਿਰਪਾਲ ਕੋਲ ਮੰਜਾ ਡਾਹੁੰਦੀ। ਹਨੇਰੇ ਦੀ ਬੁੱਕਲ ਵਿੱਚ ਗੱਲਾਂ ਕਰਦਿਆਂ ਕਿਰਪਾਲ ਨੂੰ ਲੱਗਦਾ ਜਿਵੇਂ ਹਨੇਰੇ ਨਾਲ ਹੀ ਗੱਲ ਕਰਦਾ ਹੋਵੇ। ਕਈ ਵਾਰ ਕੰਧਾਂ ਵੀ ਹੁੰਗਾਰਾ ਭਰ ਦਿੰਦੀਆਂ ਨੇ ਪਰ ਪ੍ਰੀਤਮ ਕੌਰ ਕੰਧ ਤੋਂ ਵੀ ਦੂਰ ਦੀ ਕੋਈ ਚੀਜ਼ ਸੀ। ਉਹ ਗੱਲਾਂ ਦੇ ਪੁੱਠੇ-ਸਿੱਧੇ ਜਵਾਬ ਦਿੰਦੀ। ਉਹਨੂੰ ਕੋਈ ਪਤਾ ਨਾ ਹੁੰਦਾ ਕਿ ਉਹਨੂੰ ਕੀ ਪੁੱਛਿਆ ਜਾ ਰਿਹਾ ਹੈ ਤੇ ਉਹ ਕੀ ਜਵਾਬ ਦੇ ਰਹੀ ਹੈ।

ਜੋਗਿੰਦਰ ਨੂੰ ਵੱਡੇ ਭਾਈ ਦੀ ਖ਼ੁਸ਼ੀ ਅੰਤਾਂ ਦੀ ਸੀ ਕਿ ਉਹ ਜਿਉਂਦਾ-ਜਾਗਦਾ ਘਰ ਵਾਪਸ ਆ ਗਿਆ ਹੈ। ਪਰ ਉਹਨੂੰ ਅਜੀਬ ਕਿਸਮ ਦਾ ਅਫ਼ਸੋਸ ਵੀ ਬਹੁਤ ਸੀ। ਇਹ ਕੀ ਹੋ ਗਿਆ ਹੈ? ਉਹ ਕੀ ਕਰ ਬੈਠਾ? ਉਹ ਸੋਚਦਾ ਤੇ ਮੱਥੇ ਦੀ ਠੀਕਰੀ ਨੂੰ ਹੱਥ ਵਿੱਚ ਘੁੱਟ ਕੇ ਸੋਚਦਾ ਹੀ ਰਹਿ ਜਾਂਦਾ। ਇਸ ਨਾਲ ਤਾਂ ਚੰਗਾ ਸੀ, ਉਹ ਪੀਤਮ ਕੌਰ ਨਾਲ ਪਤੀ-ਪਤਨੀ ਵਾਲੇ ਸਬੰਧ ਪੈਦਾ ਹੀ ਨਾ ਕਰਦਾ। ਜੁਆਕ ਕਾਹਨੂੰ ਜੰਮਣੇ ਸੀ। ਵੱਡੀ ਭਰਜਾਈ ਨੂੰ ਮਾਂ ਸਮਝਕੇ ਉਹਦੀ ਸੇਵਾ ਕਰਦਾ, ਭਤੀਜੇ ਨੂੰ ਪਾਲ਼ਦਾ ਤੇ ਆਪ ਦੂਜਾ ਵਿਆਹ ਵੀ ਚਾਹੇ ਨਾ ਕਰਾਉਂਦਾ। ਜੇ ਵਿਆਹ ਜ਼ਰੂਰੀ ਸੀ ਤਾਂ ਭਰਜਾਈ ਨੂੰ ਆਪਣੇ ਚੁੱਲ੍ਹੇ ਉੱਤੇ ਰੱਖਦਾ। ਕੀ ਪਤਾ ਸੀ ਉਹਨੂੰ ਕਿ ਇਹ ਸਭ ਕੁਝ ਇੰਜ ਹੋ ਜਾਏਗਾ। ਉਹ ਖੇਤ ਜਾਂਦਾ ਤੇ ਪਹਿਲਾਂ ਵਾਂਗ ਹੀ ਕੰਮ-ਧੰਦੇ ਕਰਦਾ ਫਿਰਦਾ। ਘਰ ਹੁੰਦਾ ਤਾਂ ਚੁੱਪ-ਚਾਪ ਰਹਿੰਦਾ। ਉਹਨੂੰ ਲੱਗਦਾ ਜਿਵੇਂ ਸੁੰਨੇ-ਉਜਾੜ ਘਰ ਵਿੱਚ ਉਹ ਕੋਈ ਭੂਤ-ਪ੍ਰੇਤ ਹੋਵੇ। ਚਿਹਰੇ ਤੋਂ ਉਹ ਭੂਤ-ਪ੍ਰੇਤ ਹੀ ਤਾਂ ਲੱਗਦਾ। ਚਿਹਰੇ ਉੱਤੇ ਆਦਮੀਅਤ ਕਿੱਥੇ ਰਹਿ ਗਈ ਸੀ। ਉਹਦਾ ਜੀਅ ਕਰਦਾ, ਉਹ ਘਰ ਛੱਡਕੇ ਭੱਜ ਜਾਵੇ। ਪਰ ਕਰਨੈਲ ਤੇ ਸਤਨਾਮ ਉਹਦੇ ਪੈਰਾਂ ਵਿੱਚ ਬੇੜੀਆਂ ਸਨ। ਉਹ ਕਿਧਰੇ ਨਹੀਂ ਜਾ ਸਕਦਾ ਸੀ। ਬੁੜ੍ਹਾ ਪਤਾ ਨਹੀਂ ਕਿੱਥੋਂ ਤੱਕ ਸੋਚਦਾ ਹੋਵੇਗਾ। ਪਰ ਵਾਹਿਗੁਰੂ-ਵਾਹਿਗੁਰੂ ਕਰ ਛੱਡਦਾ। ਕਦੇ-ਕਦੇ ਹਵਾ ਨੂੰ ਆਖਦਾ-'ਹੁਣ ਤਾਂ ਭਾਈ ਹਾਰ-ਨਿਵਾਰ ਕਰੋ ਆਵਦਾ।'

ਪੀਤਮ ਕੌਰ ਦੀ ਤਵੇ ਉੱਤੇ ਪਈ ਰੋਟੀ ਮੱਚ ਜਾਂਦੀ। ਉਹ ਕੱਪੜੇ ਵਿਚੋਂ ਸਾਬਣ ਕੱਢਣਾ ਭੁੱਲ ਜਾਂਦੀ। ਉਹਨੂੰ ਕੋਈ ਪਤਾ ਨਾ ਰਹਿੰਦਾ, ਘਰ ਵਿੱਚ ਕੀਹਨੇ ਰੋਟੀ ਖਾ ਲਈ, ਕੀਹਨੇ ਨਹੀਂ ਖਾਧੀ। ਉਹ ਆਪਣੇ ਜੁਆਕਾਂ ਨੂੰ ਘੂਰਨਾ ਭੁੱਲ ਗਈ। ਜਿਵੇਂ ਕੋਈ ਪਰਛਾਵਾਂ ਤੁਰਿਆ ਫ਼ਿਰਦਾ ਹੋਵੇ। ਤੀਵੀਆਂ ਉਹਦੇ ਵੱਲ ਝਾਕਦੀਆਂ ਤੇ ਝਾਕਦੀਆਂ ਹੀ ਰਹਿ ਜਾਂਦੀਆਂ। ਉਹਨੂੰ ਕੋਈ ਕੁਝ ਨਹੀਂ ਆਖਦੀ ਸੀ, ਕੋਈ ਕੁਝ ਨਹੀਂ ਪੁੱਛਦੀ ਸੀ। ਦੂਜੇ-ਚੌਥੇ ਦਿਨ ਹੀ ਉਹਨੂੰ ਦੌਰਾ ਪੈ ਜਾਂਦਾ। ਬੈਠੀ-ਬੈਠੀ ਦੀ ਦੰਦਬੀੜ ਜੁੜ ਜਾਂਦੀ। ਦਿਨੋ-ਦਿਨ ਉਹ ਪੀਲ਼ੀ ਪੈਂਦੀ ਜਾਂਦੀ ਸੀ। ਦਿਨੋ-ਦਿਨ ਉਹ ਸੁਕਦੀ ਜਾਂਦੀ। ਜਿਵੇਂ ਉਹਦੀਆਂ ਨਾੜਾਂ ਦਾ ਖੂਨ ਪਾਣੀ ਬਣਦਾ ਜਾ ਰਿਹਾ ਹੋਵੇ।

ਤਿੰਨੇ ਜੁਆਕ ਜੋਗਿੰਦਰ ਦੀ ਗੋਦੀ ਵਿੱਚ ਆ ਕੇ ਬੈਠਦੇ ਜਾਂ ਬੁੜ੍ਹੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਮਾਰਦੇ ਰਹਿੰਦੇ। ਕਿਰਪਾਲ ਉਹਨਾਂ ਲਈ ਇਉਂ ਸੀ ਜਿਵੇਂ ਕੋਈ ਚੰਦ ਦਿਨਾਂ ਲਈ ਘਰ ਵਿੱਚ ਮਹਿਮਾਨ ਆਇਆ ਹੋਵੇ। ਉਹ ਤਿੰਨਾ ਲਈ ਬਹੁਤ ਓਪਰਾ ਸੀ। ਜਰਨੈਲ ਉਹਦੇ ਕੋਲ ਜਾ ਕੇ ਬੈਠਦਾ ਹੀ ਨਾ। ਕਿਰਪਾਲ ਉਹਨੂੰ ਬਾਹੋਂ ਫੜਕੇ ਬੁੱਕਲ ਵਿੱਚ ਲੈਣ ਦੀ ਕੋਸ਼ਿਸ਼ ਕਰਦਾ। ਪਰ ਅੱਖਾਂ ਵਿੱਚ ਉਦਰੇਵੇਂ ਦਾ ਪਾਣੀ ਲੈ ਕੇ ਰਹਿ ਜਾਂਦਾ। ਮੁੰਡਾ ਤਾਂ ਉਹਦੇ ਵੱਲ ਝਾਕਦਾ ਤੱਕ ਨਹੀਂ ਸੀ। ਹਾਕੀ ਤੇ ਗੇਂਦ ਉੱਤੇ ਉਵੇਂ ਦੀਆਂ ਉਵੇਂ ਟਾਂਡ ਉੱਤੇ ਰੱਖੀਆਂ ਪਈਆ ਸਨ। ਉਹਨਾਂ ਉੱਤੇ ਧੂੜ ਜੰਮ ਰਹੀ ਸੀ। ਕਿਰਪਾਲ ਨੂੰ ਚਿੱਟੇ ਦਿਨ ਦੇ ਚਾਨਣ ਜਿਹਾ ਸੱਚ ਮਹਿਸੂਸ ਹੁੰਦਾ ਜਿਵੇਂ ਇਸ ਘਰ ਵਿੱਚ ਉਹਦਾ ਕੁਝ ਵੀ ਨਹੀਂ ਹੈ।

ਉਹ ਜਿਸ ਦਿਨ ਦਾ ਆਇਆ ਸੀ, ਕਦੇ ਹਥਾਈ ਦੀ ਸੱਥ ਵਿੱਚ ਜਾ ਕੇ ਨਹੀਂ ਬੈਠਾ। ਦੋ ਵਾਰ ਖੇਤ ਜ਼ਰੂਰ ਜਾ ਆਇਆ। ਜਿਵੇਂ ਖੇਤ ਵੀ ਉਹਦੇ ਨਾਲ ਰੁੱਸ ਗਏ ਹੋਣ। ਬੱਸ, ਉਹ ਘਰ ਵਿੱਚ ਰਹਿੰਦਾ। ਕਦੇ-ਕਦੇ ਬਾਪੂ ਨਾਲ ਕੋਈ ਹੋਰ ਗੱਲ ਕਰਦਾ। ਅਗਵਾੜ ਦੇ ਬੰਦੇ ਉਹਨੂੰ ਘਰ ਆ ਕੇ ਮਿਲ ਗਏ। ਉਹਦੇ ਆਉਣ ਦੀ ਖ਼ੁਸ਼ੀ ਜ਼ਾਹਰ ਕੀਤੀ। ਉਹਦੀ ਸੁੱਖ-ਸਾਂਦ ਪੁੱਛੀ। ਇਹ ਵੀ ਕਿ ਉਧਰ ਪਾਕਿਸਤਾਨ ਵਿੱਚ ਉਹਦੇ ਨਾਲ ਕੀ-ਕੀ ਬੀਤਿਆ। ਪ੍ਰੀਤਮ ਕੌਰ ਦੀ ਗੱਲ ਕਿਸੇ ਇੱਕ ਨੇ ਵੀ ਨਹੀਂ ਛੇੜੀ। ਫੇਰ ਤਾਂ ਉਹਦੇ ਕੋਲ ਕੋਈ ਆਉਂਦਾ ਵੀ ਨਹੀਂ ਸੀ। ਜਿਵੇਂ ਅਗਵਾੜ ਦੇ ਬੰਦਿਆਂ ਨੇ ਉਹਦੇ ਬਾਰੇ ਸਭ ਕੁਝ ਜਾਣ ਲਿਆ ਹੋਵੇ। ਜਿਵੇਂ ਉਹਦੇ ਕੋਲ ਦੱਸਣ ਲਈ ਕੁਝ ਬਾਕੀ ਰਹਿ ਹੀ ਨਾ ਗਿਆ ਹੋਵੇ। ਪਰ ਇੱਕ ਗੱਲ ਉਹਤੋਂ ਕਦੇ ਕੋਈ ਪੁੱਛਣ ਨਹੀਂ ਆਇਆ। ਇਹ ਗੱਲ ਉਹ ਕੀਹਨੂੰ ਦੱਸੇ? ਕੀਹਦੇ ਕੋਲ ਕਰੇ? ਉਹਨੂੰ ਲੱਗਦਾ, ਕਦੇ ਆਸਮਾਨ ਉਹਦੇ ਉੱਤੇ ਟੱਪ ਵਾਂਗ ਡਿੱਗ ਪਵੇਗਾ। ਉਹਨੂੰ ਲੱਗਦਾ, ਕਦੇ ਧਰਤੀ ਫਟ ਜਾਵੇਗੀ ਤੇ ਉਹਨੂੰ ਆਪਣੇ ਵਿੱਚ ਸਮਾ ਲਵੇਗੀ। ਪਰ ਅਜਿਹਾ ਕੁਝ ਹੁੰਦਾ ਵੀ ਤਾਂ ਨਹੀਂ ਦਿੱਸਦਾ ਸੀ।

ਅੰਮ੍ਰਿਤਸਰੋਂ ਖਰੀਦ ਕੇ ਲਿਆਂਦਾ ਬਾਲੋ ਵਾਲਾ ਸ਼ੀਸ਼ਾ ਪਤਾ ਨਹੀਂ ਕਿੱਥੇ ਸੀ। ਵੱਡਿਆ ਦਾ ਇਹ ਹਾਲ ਦੇਖਕੇ ਘਰ ਵਿੱਚ ਜੁਆਕਾਂ ਦਾ ਸ਼ੋਰ ਮੁੱਕ ਗਿਆ।

ਪੰਦਰਾਂ-ਵੀਹ ਦਿਨ ਘਰ ਦਾ ਮਾਹੌਲ ਸਿਵਿਆਂ ਵਰਗਾ ਬਣਿਆ ਰਿਹਾ। ਤੇ ਫੇਰ ਇੱਕ ਦਿਨ ਸਵੇਰੇ-ਸਵੇਰੇ ਤਿਆਰ ਹੋ ਕੇ ਕਿਰਪਾਲ ਬਾਪੂ ਨੂੰ ਕਹਿਣ ਲੱਗਿਆ ਕਿ ਉਹ ਜ਼ਿਲ੍ਹਾ ਸੋਲਜ਼ਰ ਬੋਰਡ ਦੇ ਦਫ਼ਤਰ ਜਾ ਰਿਹਾ ਹੈ। ਆਥਣ ਨੂੰ ਮੁੜ ਆਵੇਗਾ

ਆਥਣ ਡੂੰਘੀ ਹੋ ਚੁੱਕੀ ਸੀ। ਪਰ ਉਹ ਤਾਂ ਆਇਆ ਹੀ ਨਾ। ਮੰਡੀ ਤੋਂ ਆਖ਼ਰੀ ਬੱਸ ਦੀਆਂ ਸਵਾਰੀਆਂ ਕਦੋਂ ਦੀਆਂ ਆ ਚੁੱਕੀਆਂ ਸਨ। ਰੋਟੀ ਸਭ ਨੇ ਖਾ ਲਈ। ਪ੍ਰੀਤਮ ਕੌਰ ਉਹਦੀ ਉਡੀਕ ਵਿੱਚ ਬੈਠੀ ਸੀ। ਉਹ ਨਹੀਂ ਆਇਆ।

ਅਗਲਾ ਦਿਨ ਵੀ ਬੀਤ ਗਿਆ। ਹਰ ਰੋਜ਼ ਉਹ ਡੂੰਘੀ ਆਥਣ ਤੱਕ ਉਹਨੂੰ ਉਡੀਕਦੇ ਤੇ ਫੇਰ ਬਿਨਾਂ ਕੋਈ ਗੱਲ ਕੀਤੇ ਸੌਂ ਜਾਂਦੇ। ਪੰਜ ਦਿਨ, ਦਸ ਦਿਨ, ਵੀਹ ਦਿਨ, ਮਹੀਨਾ ਨਿੱਕਲ ਗਿਆ। ਉਹ ਕਿਧਰੋਂ ਨਹੀਂ ਮੁੜਿਆ।

'ਖ਼ਬਰੈ, ਦਿਲ 'ਚ ਕੀ ਲੈ ਕੇ ਨਿਕਲ ਗਿਐ ਘਰੋਂ?' ਤਿੰਨਾਂ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ।*