ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੜਬ ਦੇ ਟਾਂਡੇ
ਕੜਬ ਦੇ ਟਾਂਡੇ
ਅੱਖਾਂ ਦੇ ਹੇਠਲੇ ਪਾਸੇ ਅਰਧ-ਚੰਦ ਆਕਾਰ ਦੇ ਕਾਲੇ ਨਿਸ਼ਾਨ, ਸੁੱਕੀਆਂ ਜਾਭਾਂ, ਦੰਦਾਂ ਦਾ ਮਾਸ ਖੁਰਿਆ ਹੋਇਆ ਤੇ ਉਨ੍ਹਾਂ ਦੀਆਂ ਵਿਰਲਾਂ ਵਿੱਚ ਪੀਲਕ ਜੰਮੀ ਹੋਈ। ਛਾਤੀ ਢਿਲਕੀ ਹੋਈ, ਅੱਖਾਂ ਦੀ ਝਾਕਣੀ ਵਿੱਚ ਘੋਰ-ਉਦਾਸੀ, ਤੋਰ ਵਿੱਚ ਕੋਈ ਖਿੱਚ ਨਹੀਂ। ਗੱਲ ਕਰਦੀ, ਜਿਵੇਂ ਘਰੋਂ ਹੀ ਅੱਕੀ ਅਕਾਈ ਆਈ ਹੋਵੇ। ਡਰਾਈਵਰ-ਕੱਟ ਦਾੜ੍ਹੀ-ਮੁੱਛਾਂ ਵਾਲੇ ਇੱਕ ਮਾਸਟਰ ਨੇ ਮਲਕੀਤ ਕੌਰ ਦਾ ਨਾਉਂ ਬਾਲਣ ਕੌਰ ਧਰ ਦਿੱਤਾ।
ਸੁੱਕੀ ਸੜੀ, ਮਰੀ ਖਪੀ, ਵਾਧੂ ਜਿਹੀ ਤੀਵੀਂ, ਨਿਰਾ ਚੁੱਲੇ ਦਾ ਬਾਲਣ-ਹੁਣ ਮੱਚੀ, ਹੁਣ ਮੱਚੀ।
ਓਦਣ ਉਹ ਵਿਆਹ ਕਰਵਾ ਕੇ ਪਹਿਲੇ ਦਿਨ ਸਕੂਲ ਆਈ ਸੀ। ਸਾਂਝੀ-ਵਿਦਿਆ ਦੇ ਸਕੂਲ ਵਿੱਚ ਹੋਰ ਵੀ ਕਈ ਅਧਿਆਪਕਾਵਾਂ ਸਨ ਤੇ ਉਹ ਸਾਰੀਆਂ ਖੁਸ਼ ਹੀ ਨਹੀਂ, ਸਗੋਂ ਚਾਂਭੜਾਂ ਪਾਉਂਦੀਆਂ ਕਿ ਮਲਕੀਤ ਕੌਰ ਦਾ ਵਿਆਹ ਹੋ ਗਿਆ ਹੈ। ਮਾਸਟਰ ਉਹਦੇ ਵਿਆਹ ਦੀਆਂ ਗੱਲਾਂ ਕਰਦੇ।
'ਮੂੰਹ ਦੇਖ ਬਾਲਣ ਕੁਰ ਦਾ, ਜਿਵੇਂ ਹੱਡਾ-ਰੋੜੀ 'ਚੋਂ ਕੁੱਤੀ ਨਿੱਕਲ ਕੇ ਆਈ ਹੁੰਦੀ ਐ!" ਉਸ ਦੇ ਬੁੱਲ੍ਹਾਂ ਉੱਤੇ ਲੱਗੀ ਗੂੜ੍ਹੀ ਸੁਰਖੀ ਨੂੰ ਦੇਖ ਕੇ, ਤਿੱਖੀਆਂ ਅੱਖਾਂ ਤੇ ਕੱਟੀ ਹੋਈ ਦਾੜ੍ਹੀ ਵਾਲੇ ਸ਼ੂਕੇ ਜਿਹੇ ਮਾਸਟਰ ਨੇ ਤਨਜ਼ ਕਸੀ। ਮਾਸਟਰਾਂ ਦੀ ਢਾਣੀ ਵਿੱਚ ਹਾਸਾ ਅਸਮਾਨ ਜਾ ਚੜ੍ਹਿਆ।
'ਓਏ ਚੱਲ ਇਹਦਾ ਵੀ ਬਚਾਰੀ ਦਾ ਜੱਗ 'ਚ ਸੀਰ ਹੋ ਗਿਐ।' ਖੁੱਲ੍ਹੀ ਦਾੜ੍ਹੀ ਤੇ ਢਿਲਕੀ ਪੱਗ ਵਾਲੇ ਗਿਆਨੀ ਨੇ ਹਮਦਰਦੀ ਪ੍ਰਗਟ ਕੀਤੀ।
'ਏਦੂੰ ਤਾਂ ਸਾਲਾ ਬੱਕਰੀ ਨਾਲ ਵਿਆਹ ਕਰਵਾ ਲੈਂਦਾ। ਦੋ ਸੇਰ ਧਾਰਾਂ ਤਾਂ ਦਿੰਦੀ!' ਓਸੇ ਡਰਾਈਵਰ-ਕੱਟ ਦਾੜ੍ਹੀ-ਮੁੱਛਾਂ ਵਾਲੇ ਮਾਸਟਰ ਨੇ ਉਸਦੀਆਂ ਢਿਲਕੀਆਂ ਛਾਤੀਆਂ ਉੱਤੇ ਚੋਟ ਕੀਤੀ।
'ਫੇਰ ਕੀ ਲੂਲ੍ਹਾਂ ਆਲੇ ਖੇਡਣਗੇ? ਬੱਤੀ-ਤੇਤੀ ਸਾਲ ਮਗਰੋਂ ਕੌਲ ਇਹਦਾ ਮੱਚ ਨੀ ਗਿਆ ਹੋਊਂ?' ਉਹੀ ਸ਼ੂਕਾ ਮਾਸਟਰ ਬੁੜ੍ਹਕ ਬੁੜ੍ਹਕ ਹੱਸਿਆ।
ਓਧਰ ਉਹਦੀਆਂ ਸਾਥੀ-ਅਧਿਆਪਕਾਵਾਂ- ਕੋਈ ਉਹਦੇ ਕੰਨਾਂ ਦੀਆਂ ਬਾਲੀਆਂ ਨੂੰ ਦੇਖਦੀ, ਕੋਈ ਉਸਦੀਆਂ ਚਿੱਟੀਆਂ ਚਪਲੀਆਂ ਨੂੰ ਉਸਦੇ ਪੈਰਾਂ ਵਿਚੋਂ ਲੁਹਾ ਕੇ ਆਪਣੇ ਪੈਰਾਂ ਵਿੱਚ ਪਾ-ਪਾ। ਕੋਈ ਉਸਦੇ ਸੂਟ ਦਾ ਕੱਪੜਾ ਉਂਗਲਾਂ ਵਿੱਚ ਮਲ-ਮਲ ਦੇਖਦੀ ਸੀ, ਤੇ ਕਿਸੇ ਦੀ ਨਿਗਾਅ ਉਸਦੇ ਮੂੰਹ ਉੱਤੇ ਫਿਰ ਰਹੀ ਸੀ। ਮਲਕੀਤ ਕੌਰ ਰਾਣੀ ਬਣੀ ਬਾਹਾਂ ਵਾਲੀ ਕੁਰਸੀ ਉੱਤੇ ਜਚੀ ਬੈਠੀ ਸੀ। ਕੋਈ ਅਧਿਆਪਕਾ ਉਸ ਤੋਂ ਕੋਈ ਗੱਲ ਪੁੱਛਦੀ ਤਾਂ ਉਹ ਸਿਆਣੀ ਜਿਹੀ ਬਣਕੇ, ਪੋਲਾ ਜਿਹਾ ਬੋਲ ਕੇ ਜਵਾਬ ਦਿੰਦੀ। ਚੁੰਨੀ ਦੀ ਬੁੱਕਲ ਮਾਰੀ ਓਦਣ ਉਹ ਬੜੀ ਹੀ ਸਾਊ ਲੱਗ ਰਹੀ ਸੀ, ਬੜੀ ਹੀ ਚੰਗੀ।
ਉਸਦਾ ਪਿਓ ਇੱਕ ਰਿਟਾਇਰਡ ਫੌਜੀ ਸੀ। ਉਸਦੇ ਦੋ ਮੁੰਡੇ ਤੇ ਦੋ ਕੁੜੀਆਂ ਸਨ। ਮੁੰਡੇ ਦੋਵੇਂ ਵੱਡੇ ਸਨ। ਦੋਵੇਂ ਮੁੰਡੇ ਵਿਆਹੇ ਹੋਏ ਸਨ ਤੇ ਪਿਓ ਦੇ ਫੌਜੀ-ਰੋਹਬ ਤੋਂ ਤੰਗ ਆ ਕੇ ਅੱਡ ਹੋ ਗਏ। ਵੱਡੀ ਕੁੜੀ ਅਣਪੜ੍ਹ ਰਹਿ ਗਈ ਤੇ ਉਹ ਉਸਨੇ ਮੁੰਡਿਆਂ ਦੇ ਅੱਡ ਹੋਣ ਤੋਂ ਪਹਿਲਾਂ ਕਦੋਂ ਦੀ ਵਿਆਹ ਦਿੱਤੀ। ਮਲਕੀਤ ਜਦ ਉਡਾਰ ਹੋਈ ਤਾਂ ਉਸਨੂੰ ਪੜ੍ਹਨ ਲਾ ਦਿੱਤਾ ਤੇ ਉਹ ਦਸਵੀਂ ਪਾਸ ਕਰਕੇ ਵੀਹ ਬਾਈ ਸਾਲ ਦੀ ਉਮਰ ਵਿੱਚ ਜੇ.ਬੀ.ਟੀ. ਕਰ ਗਈ। ਉਸ ਤੋਂ ਪਿੱਛੋਂ ਅਧਿਆਪਕਾ ਵੀ ਲੱਗ ਗਈ। ਜਦ ਉਸਦਾ ਵਿਆਹ ਹੋਇਆ, ਉਸਦੀ ਸਰਵਿਸ ਸੱਤ-ਅੱਠ ਸਾਲ ਹੋ ਚੁੱਕੀ ਸੀ।
ਉਹਦਾ ਪਿਓ ਚਾਹੁੰਦਾ ਸੀ ਕਿ ਉਹ ਉਸਨੂੰ ਕਿਸੇ ਵੱਡੇ ਘਰ ਵਿਆਹੇਗਾ ਅਤੇ ਚੰਗਾ ਮੁੰਡਾ ਭਾਲੇਗਾ। ਉਹ ਜਦ ਜੇ.ਬੀ.ਟੀ. ਕਰ ਗਈ ਤੇ ਫਿਰ ਨੌਕਰ ਹੋ ਕੇ ਤਨਖ਼ਾਹ ਪਾਉਣ ਲੱਗ ਪਈ, ਫਿਰ ਤਾਂ ਉਸਦੇ ਪਿਓ ਨੂੰ ਹੌਸਲਾ ਹੋ ਗਿਆ ਕਿ ਉਹ ਕਮਾਉ ਵੀ ਹੋ ਗਈ ਹੈ। ਹੁਣ ਤਾਂ ਵੀਹ ਜੱਟਾਂ ਦੇ ਪੁੱਤ ਉਸ ਵੱਲ ਹੱਥ ਅੱਡਣਗੇ।
ਉਹ ਕਈ ਥਾਂ ਮੁੰਡਾ ਦੇਖਣ ਗਿਆ। ਜ਼ਮੀਨ ਚੰਗੀ ਹੁੰਦੀ ਤਾਂ ਮੁੰਡਾ ਪਸੰਦ ਨਹੀਂ ਸੀ ਆਉਂਦਾ। ਜ਼ਮੀਨ ਵੀ ਚੰਗੀ ਹੁੰਦੀ, ਮੁੰਡਾ ਵੀ ਪਸੰਦ ਆ ਜਾਂਦਾ ਤਾਂ ਮੁੰਡਾ ਅਣਪੜ੍ਹ ਨਿੱਕਲ ਜਾਂਦਾ। ਮੁੰਡਾ ਪਸੰਦ ਵੀ ਆ ਜਾਂਦਾ ਤੇ ਪੜ੍ਹਿਆ ਲਿਖਿਆ ਵੀ ਹੁੰਦਾ ਤਾਂ ਜ਼ਮੀਨ ਦਾ ਖੁੱਡ ਨਾ ਹੁੰਦਾ। ਕਈ ਥਾਂ ਸਭ ਕੁਝ ਜਚ ਜਾਂਦਾ, ਪਰ ਫੌਜੀ ਪੱਧਰ ਗੱਲਾਂ ਕਰਨ ਲੱਗ ਪੈਂਦਾ, 'ਸਾਡੀ ਕੁੜੀ ਨੇ ਗੋਹਾ ਕੂੜਾ ਤਾਂ ਸਿੱਟਣਾ ਨੀ। ਸਾਡੀ ਕੁੜੀ ਨੇ ਸੱਸ ਦਾ ਮੰਦਾ ਬੋਲ ਨੀ ਸਹਾਰਾਨਾ। ਸਾਡੀ ਕੁੜੀ ਨੇ ਨੌਕਰੀ ਤਾਂ ਛੱਡਣੀ ਨੀ। ਸਾਡੀ ਕੁੜੀ ਮਨ ਭੌਂਦਾ ਹੰਢਾਊ, ਮਨ ਭਾਉਂਦਾ ਖਾਊ। ਸਾਡੀ ਕੁੜੀ....।' ਇਸ ਤਰ੍ਹਾਂ ਹੀ ਉਸਦੇ ਪਿਓ ਨੇ ਚਾਰ ਪੰਜ ਸਾਲ ਲੰਘਾ ਦਿੱਤੇ।
ਹਰ ਮਹੀਨੇ ਤਨਖ਼ਾਹ ਲਿਆ ਕੇ ਮਲਕੀਤ ਆਪਣੇ ਪਿਓ ਨੂੰ ਫੜਾ ਦਿੰਦੀ। ਹਰ ਮਹੀਨੇ ਉਹਦਾ ਪਿਓ ਡਾਕਖ਼ਾਨੇ ਦੀ ਕਾਪੀ ਵਿੱਚ ਇੱਕ ਸੌ ਰੁਪਈਆ ਮਲਕੀਤ ਦੇ ਨਾਉਂ ਜਮ੍ਹਾ ਕਰਵਾ ਦਿੰਦਾ। ਇਸ ਤਰ੍ਹਾਂ ਪੰਜ ਹਜ਼ਾਰ ਰੁਪਏ ਤੋਂ ਉੱਤੇ ਨਾਮਾ ਉਸਦੀ ਕਾਪੀ ਵਿੱਚ ਜਮ੍ਹਾ ਹੋ ਚੁੱਕਿਆ ਸੀ।
ਮਲਕੀਤ ਕੁੜੀਆਂ ਵਰਗੀ ਕੁੜੀ ਨਹੀਂ ਸੀ। ਉਹ ਹਮੇਸ਼ਾ ਆਪਣੇ ਪਿਓ ਦੀ ਆਗਿਆ ਵਿੱਚ ਰਹਿੰਦੀ। ਜਿੱਥੇ ਕਹਿੰਦਾ ਬੈਠਦੀ ਉਠਦੀ। ਜਿਹੜਾ ਕੱਪੜਾ ਦਿੰਦਾ ਪਹਿਨਦੀ ਤੇ ਜਿਹੜਾ ਕੰਮ ਆਖਦਾ ਕਰਦੀ। ਬਹੁਤ ਨਰਮ। ਮੂੰਹ ਵਿੱਚ ਬੋਲ ਨਹੀਂ ਸੀ। ਉਹ ਦਿਨੋ ਦਿਨ ਵੱਡੀ ਹੋ ਰਹੀ ਸੀ। ਉਹਦੇ ਪਿਓ ਨੂੰ ਮੁੰਡਾ ਨਹੀਂ ਸੀ ਲੱਭਦਾ। ਕੋਈ ਕਣ ਵਾਲੀ ਕੁੜੀ ਹੁੰਦੀ ਤਾਂ ਕਿਸੇ ਹਾਣੀ ਨਾਲ ਸਬੰਧ ਪੈਦਾ ਕਰ ਲੈਂਦੀ ਤੇ ਆ ਕੇ ਪਿਓ ਨੂੰ ਕਹਿ ਦਿੰਦੀ-'ਬਾਪੂ ਜੀ ਮੈਂ ਆਪਣਾ ਸਾਥੀ ਭਾਲ ਲਿਆਂਦਾ।' ਪਰ ਉਹ ਇਸ ਤਰ੍ਹਾਂ ਦੀ ਕੁੜੀ ਨਹੀਂ ਸੀ। ਉਹ ਤਾਂ ਗਊ ਸੀ ਤੇ ਸਮਝਦੀ ਸੀ ਕਿ ਉਹਦਾ ਪਿਓ ਉਹਦਾ ਰੱਸਾ ਲਾਹ ਕੇ ਕਿਸੇ ਨੂੰ ਵੀ ਇੱਕ ਦਿਨ ਫੜਾ ਦੇਵੇਗਾ। ਜਿਸ ਕਿਸੇ ਦੇ ਹੱਥ ਉਸਦਾ ਰੱਸਾ ਹੋਵੇਗਾ, ਉਹੀ ਉਹਦਾ ਮਾਲਕ ਹੋਵੇਗਾ।
ਦਿਨੋ-ਦਿਨ ਉਹਦੀ ਜੁਆਨੀ ਢਲਦੀ ਗਈ। ਦਿਨੋ-ਦਿਨ ਉਹਦੇ ਸੁਪਨੇ ਮਾਂਦ ਪੈਂਦੇ ਗਏ। ਦਿਨੋ-ਦਿਨ ਉਹ ਮਰਦੀ ਗਈ। ਦਿਨੋ-ਦਿਨ ਉਹਦਾ ਕਣ ਮਚਦਾ ਗਿਆ। ਦਿਨੋ-ਦਿਨ ਉਹਦਾ ਪਿੱਤਾ ਸੜਦਾ ਗਿਆ।
ਉਸਦੀ ਡਾਕਖ਼ਾਨੇ ਦੀ ਕਾਪੀ ਵਿੱਚ ਛੀ ਹਜ਼ਾਰ ਰੁਪਈਆ ਜਮ੍ਹਾ ਹੋ ਚੁੱਕਿਆ ਸੀ। ਕਦੇ-ਕਦੇ ਮਲਕੀਤ ਦਾ ਜੀਅ ਕਰਦਾ ਕਿ ਉਹ ਡਾਕਖ਼ਾਨੇ ਦੀ ਕਾਪੀ ਨੂੰ ਅੱਗ ਲਾ ਦੇਵੇ, ਬੂ ਕਰਕੇ ਘਰੋਂ ਬਾਹਰ ਹੋ ਜਾਵੇ, ਝਿਉਰਾਂ ਦੇ ਕਿਸੇ ਮੁੰਡੇ ਨਾਲ ਭਾਵੇਂ ਉੱਧਲ ਜਾਵੇ ਤੇ ਆਪਣੇ ਪਿਓ ਕੰਜਰ ਦੀ ਦਾੜ੍ਹੀ ਫੂਕ ਦੇਵੇ। ਪਰ ਉਹ ਐਸੀ ਕੁੜੀ ਨਹੀਂ ਸੀ। ਉਹ ਤਾਂ ਆਪਣੇ ਪਿਓ ਦੀ ਸਾਊ ਧੀ ਸੀ।
ਛੀ ਹਜ਼ਾਰ ਦੇ ਲਾਲਚ ਵਿੱਚ ਆਕੇ ਤੇ ਕੁੜੀ ਦੀ ਤਨਖ਼ਾਹ ਪੈਂਦੀ ਦੇਖ ਕੇ ਆਖ਼ਰ ਇੱਕ ਗਰਾਮ ਸੇਵਕ ਮੁੰਜ਼ਡਾ ਫੌਜੀ ਦੇ ਅੜਿੱਕੇ ਆ ਗਿਆ।
ਮੁੰਡੇ ਦੀ ਉਮਰ ਸਾਰੀ ਤੇਈ ਸਾਲ। ਜ਼ਮੀਨ ਵੀ ਥੋੜੀ ਮੋਟੀ ਸੀ ਉਹਦੇ ਹਿੱਸੇ ਦੀ। ਮੁੰਡਾ ਸੀ ਵੀ ਸੋਹਣਾ ਤੇ ਪੜ੍ਹਿਆ ਲਿਖਿਆ ਵੀ। ਮਲਕੀਤ ਦੀ ਮਾਂ ਖ਼ੁਸ਼ ਤੇ ਫੌਜੀ ਵੀ। ਮਲਕੀਤ ਆਪ ਬੜੀ ਖ਼ੁਸ਼। ਸਭ ਖ਼ੁਸ਼ ਸਨ।
ਹਾਂ, ਓਦਣ ਮਲਕੀਤ ਵਿਆਹ ਕਰਵਾ ਕੇ ਪਹਿਲੇ ਦਿਨ ਸਕੂਲ ਆਈ। ਸਭ ਖ਼ੁਸ਼ ਸਨ। ਸਭ ਚਾਂਭੜਾਂ ਪਾਉਂਦੇ ਸਨ। ਓਦਣ ਤਾਂ ਉਹ ਸਦੇਹਾਂ ਹੀ ਸਕੂਲ ਆ ਗਈ ਸੀ। ਸਵੇਰੇ-ਸਵੇਰੇ ਸਕੂਲ ਦੇ ਗੇਟ ਉੱਤੇ ਲੱਗਿਆ ਲੋਹੇ ਦਾ ਫਾਟਕ ਅਜੇ ਲੰਗੜੇ ਚਪੜਾਸੀ ਨੇ ਖੋਲ੍ਹਿਆ ਹੀ ਸੀ ਕਿ ਉਹ ਅੰਦਰ ਲੰਘ ਆਈ। ਚਪੜਾਸੀ ਨੇ ਉਸਨੂੰ ਵਧਾਈ ਦਿੱਤੀ, ਤਾਂ ਮਲਕੀਤ ਨੇ ਚੋਰੀ ਹਾਸਾ ਹੱਸ ਕੇ ਆਪਣਾ ਮੂੰਹ ਆਪਣੇ ਮੋਢੇ ਨਾਲ ਜੋੜ ਲਿਆ। ਜਦ ਉਹ ਸਕੂਲ ਆ ਕੇ ਵੜੀ ਤਾਂ ਸਕੂਲ ਦੀ ਹਲਟੀ ਉੱਤੇ ਪਾਣੀ ਪੀਂਦੀਆਂ ਸੱਤਵੀਂ ਅੱਠਵੀਂ ਜਮਾਤ ਦੀਆਂ ਕੁੜੀਆਂ ਭੱਜ ਕੇ ਉਸ ਕੋਲ ਆ ਗਈਆਂ ਤੇ ਉਸਦੇ ਚੁੱਪ-ਚਿਹਰੇ ਨੂੰ ਗਹੁ ਨਾਲ ਦੇਖਣ ਲੱਗ ਪਈਆਂ। ਨਵੀਂ ਵਿਆਹੀ ਕੁੜੀ ਨੂੰ ਹਰ ਕੋਈ ਗਹੁ ਨਾਲ ਦੇਖਦੀ ਹੈ।
ਗਰਾਮ-ਸੇਵਕ ਮੁੰਡਾ ਬੜਾ ਖੁਸ਼ ਸੀ ਕਿ ਉਸਦੀ ਵਹੁਟੀ ਉਸ ਨਾਲੋਂ ਵੱਧ ਤਨਖ਼ਾਹ ਪਾਉਂਦੀ ਹੈ। ਡਾਕਖ਼ਾਨੇ ਦੀ ਕਾਪੀ ਵਾਲਾ ਛੀ ਹਜ਼ਾਰ ਪੂਰੇ ਦਾ ਪੂਰਾ ਮਲਕੀਤ ਦੇ ਕਬਜ਼ੇ ਵਿੱਚ ਸੀ। ਮਲਕੀਤ ਦੇ ਕਬਜ਼ੇ ਵਿੱਚ ਸਮਝੋ ਗਰਾਮ-ਸੇਵਕ ਮੁੰਡੇ ਦੇ ਕਬਜ਼ੇ ਵਿੱਚ ਸੀ।
ਗਰਾਮ-ਸੇਵਕ ਦਾ ਪਿਓ ਖੁਸ਼ ਸੀ। ਰਾਮ-ਸੇਵਕ ਦੀ ਮਾਂ ਖ਼ੁਸ਼ ਸੀ। ਰਿਸ਼ਤੇਦਾਰ ਖ਼ੁਸ਼ ਸਨ। ਸਾਰਾ ਮੁਹੈਣ ਖੁਸ਼ ਸੀ ਕਿ ਮੁੰਡੇ ਨੂੰ ਵਹੁਟੀ ਕਾਹਦੀ ਮਿਲੀ, ਬਾਰਾਂ-ਮਾਸੀਆ ਅੰਡੇ ਦੇਣ ਵਾਲੀ ਮੁਰਗੀ ਮਿਲ ਗਈ। ਉਸ ਦੀ ਇਕੱਲੀ ਦੀ ਤਨਖ਼ਾਹ ਉੱਤੇ ਹੀ ਸਾਰੇ ਟੱਬਰ ਦਾ ਗੁਜ਼ਾਰਾ ਹੋ ਸਕਦਾ ਸੀ।
ਇੱਕ ਦਿਨ ਬਲਾਕ ਦੇ ਸਾਰੇ ਗਰਾਮ-ਸੇਵਕਾਂ ਦੀ ਮੀਟਿੰਗ ਸੀ। ਮੀਟਿੰਗ ਉੱਤੇ ਉਹ ਗਰਾਮ-ਸੇਵਕ ਆਇਆ ਤਾਂ ਮਲਕੀਤ ਨੂੰ ਵੀ ਨਾਲ ਲੈ ਆਇਆ। ਮਲਕੀਤ ਨੇ ਬਾਜ਼ਾਰ ਵਿਚੋਂ ਕੁਝ ਕੱਪੜੇ ਤੇ ਹੋਰ ਸਮਾਨ ਖਰੀਦਣਾ ਸੀ। ਜਿੰਨਾ ਚਿਰ ਉਹ ਮੀਟਿੰਗ ਵਿੱਚ ਰਿਹਾ, ਓਨਾ ਚਿਰ ਉਹ ਆਪਣੀ ਕਿਸੇ ਸਹੇਲੀ ਦੇ ਘਰ ਬੈਠੀ ਰਹੀ। ਮੀਟਿੰਗ ਖ਼ਤਮ ਹੋਈ ਤਾਂ ਉਹ ਦੋਵੇਂ ਬਾਜ਼ਾਰ ਵਿੱਚ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਆ ਗਏ। ਤਨਖ਼ਾਹ ਤਾਜ਼ੀ-ਤਾਜ਼ੀ ਮਿਲੀ ਸੀ। ਬਾਜ਼ਾਰ ਵਿੱਚ ਦੂਜੇ ਗਰਾਮ-ਸੇਵਕਾਂ ਦੀ ਜੁੰਡਲੀ ਵੀ ਨਿੱਕ-ਸੁੱਕ ਖਰੀਦਦੀ ਫਿਰਦੀ ਸੀ। ਉਸ ਗਰਾਮ-ਸੇਵਕ ਦੀ ਵਹੁਟੀ ਨੂੰ ਜਦ ਉਨ੍ਹਾਂ ਨੇ ਦੇਖਿਆ, ਤਾਂ ਉਨ੍ਹਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਢਿਲਕੇ ਸਰੀਰ ਤੇ ਲਹੇ ਹੋਏ ਚਿਹਰੇ ਵਾਲੀ ਮਲਕੀਤ ਵੱਲ ਦੇਖ ਕੇ ਪਹਿਲਾਂ ਤਾਂ ਉਹ ਸਾਰੇ ਹੈਰਾਨ ਹੋਏ ਤੇ ਫੇਰ ਤਾੜੀ ਮਾਰ ਕੇ ਹੱਸ ਪਏ।
ਅਗਲੀ ਮੀਟਿੰਗ ਉੱਤੇ ਜਦ ਉਹ ਫੇਰ ਇਕੱਠੇ ਹੋਏ, ਤਾਂ ਗਰਾਮ-ਸੇਵਕ ਮੁੰਡੇ ਦੀ ਸਮਝੋ ਸ਼ਾਮਤ ਹੀ ਆ ਗਈ।
'ਓਏ ਤੇਰੀ ਤਾਂ ਉਹ 'ਮਾਂ' ਜੀ ਲੱਗਦੀ ਸੀ।' ਇੱਕ ਗਰਾਮ-ਸੇਵਕ ਨੇ ਉਸਦੇ ਮੂੰਹ ਉੱਤੇ ਹੀ ਇੱਟ ਵਾਂਗ ਗੱਲ ਕੱਢ ਮਾਰੀ।
'ਓਏ ਤੂੰ ਉਹਦੀ ਤਨਖ਼ਾਹ ਈ ਦੇਖ ਲੀ, ਹੋਰ ਕੁਸ਼ ਤਾਂ ਨਾ ਦੇਖਿਆ।' ਇੱਕ ਹੋਰ ਗਰਾਮ-ਸੇਵਕ ਨੇ ਉਸ ਦਾ ਮੋਢਾ ਫੜਕੇ ਪੁੱਛਿਆ।
'ਆਹ ਜਿਹੜਾ ਗੇਲੀ ਅਰਗਾ ਸਰੀਰ ਲਈ ਫਿਰਦੈਂ, ਦਿਨਾਂ 'ਚ ਈ ਨੇਂਬੂ ਆਂਗੂੰ ਨਚੋੜ ਦੂ। ਤੂੰ ਵੀ ਉਹਦੇ ਅਰਗਾ ਫਿੜਕਾ ਜਾ ਬਣ ਜੇਂਗਾ ਇੱਕ ਦਿਨ।' ਇੱਕ ਬਜ਼ੁਰਗ ਜਿਹੇ ਗਰਾਮ-ਸੇਵਕ ਨੇ ਉਨ੍ਹਾਂ ਦੀ ਉਮਰ ਦੇ ਫ਼ਰਕ ਉੱਤੇ ਝੋਰਾ ਪ੍ਰਗਟ ਕੀਤਾ।
ਸਾਰੀਆਂ ਗੱਲਾਂ ਉੱਤੇ ਨੀਵੀਂ ਪਾ ਕੇ ਸੁਣਦਾ ਰਿਹਾ ਤੇ ਗਿਣ-ਮਿਣ ਕਰਦਾ ਰਿਹਾ। ਇੱਕ ਮੌਕੇ ਤਾਂ ਉਸ ਨੂੰ ਤ੍ਰੇਲੀ ਆ ਗਈ, ਜਦ ਖਚਰੀਆਂ ਅੱਖਾਂ ਵਾਲਾ ਇੱਕ ਗਰਾਮ-ਸੇਵਕ ਉਸਨੂੰ ਪੁੱਛ ਬੈਠਾ-'ਬਾਈ ਸਿਆਂ, ਉਹ ਕੜਬ ਦੇ ਟਾਂਡੇ ਕਿੱਥੋਂ ਖ਼ਰੀਦ ਕੇ ਲਿਆਂਦੇ ਨੇ?'
ਗਰਾਮ-ਸੇਵਕ ਮੁੰਡਾ ਉਸ ਦਿਨ ਘਰ ਆਇਆ ਤਾਂ ਮਲਕੀਤ ਦੇ ਸਰੀਰ ਵਿਚੋਂ ਉਸ ਨੂੰ ਸੜੇਹਾਣ ਮਾਰਨ ਲੱਗ ਪਈ। ਉਸ ਦੇ ਹੱਥ ਉਸ ਦੀਆਂ ਬਾਹਾਂ ਉਸਨੂੰ ਬਿਲਕੁਲ ਹੀ ਬੁੜ੍ਹੀ ਤੀਵੀਂ ਵਰਗੀਆਂ ਲੱਗਦੀਆਂ। ਉਸ ਦੇ ਢਿਲਕੇ ਤੇ ਸੁੱਕੇ ਚਿੱਬੇ ਚਿਹਰੇ ਨੂੰ ਦੇਖ ਕੇ ਲੱਗਦਾ ਜਿਵੇਂ ਉਹ ਉਸ ਦੀ ਮਾਂ ਹੋਵੇ। ਉਸ ਰਾਤ ਉਸ ਨੇ ਉਸ ਦੇ ਕੋਲ ਮੰਜੀ ਨਾ ਡਾਹੀ ਤੇ ਬਾਹਰਲੇ ਘਰ ਜਾ ਸੁੱਤਾ।
ਦਿਨ ਲੰਘ ਰਹੇ ਸਨ।
ਮਲਕੀਤ ਨੂੰ ਆਪਣੇ ਵਿਚੋਂ ਮਰੇ ਚੂਹੇ ਵਰਗਾ ਮੁਸ਼ਕ ਆਉਂਦਾ। ਉਸਨੂੰ ਅਹਿਸਾਸ ਹੁੰਦਾ, ਜਿਵੇਂ ਉਸਦਾ ਸਰੀਰ ਕਿਸੇ ਮੱਝ ਦਾ ਸੁੱਕਿਆ ਖੱਲੜ ਹੋਵੇ। ਉਸ ਦਾ ਮਨ ਗਵਾਹੀ ਦਿੰਦਾ ਕਿ ਉਸ ਦੇ ਪਤੀ ਨੇ ਉਸ ਦੇ ਸਰੀਰ ਨਾਲ ਵਿਆਹ ਨਹੀਂ ਕਰਵਾਇਆ, ਉਸ ਦੀ ਡਾਕਖ਼ਾਨੇ ਵਾਲੀ ਕਾਪੀ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਹਰ ਮਹੀਨੇ ਆਉਂਦੀ ਤਨਖ਼ਾਹ ਨਾਲ ਵਿਆਹ ਕਰਵਾਇਆ ਹੋਇਆ ਹੈ।
ਉਹ ਆਪਣੇ ਸਹੁਰੇ-ਪਿੰਡੋਂ ਹਰ ਰੋਜ਼ ਸਾਈਕਲ ਉੱਤੇ ਸਕੂਲ ਆਉਂਦੀ ਤੇ ਮੱਚੀ ਬੁਝੀ ਮੁੜ ਜਾਂਦੀ। ਨਵੇਂ-ਨਵੇਂ ਵਿਆਹ ਵਾਲੀ ਤਾਂ ਉਸ ਵਿੱਚ ਹੁਣ ਮੜਕ ਹੀ ਨਹੀਂ ਰਹੀ। ਉਸ ਦਾ ਪਤੀ ਪੰਜਵੇਂ ਸੱਤਵੇਂ ਦਿਨ ਪਿੰਡ ਆਉਂਦਾ। ਬਹੁਤੀਆਂ ਰਾਤਾਂ ਬਾਹਰ ਕੱਟਦਾ। ਜਦ ਆਉਂਦਾ ਤਾਂ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ। ਮਲਕੀਤ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਉਸ ਦੇ ਪੇਕੇ-ਘਰ ਤੇ ਸਹੁਰੇ-ਘਰ ਵਿੱਚ ਕੋਈ ਫ਼ਰਕ ਨਹੀਂ। ਉਥੇ ਤਨਖ਼ਾਹ ਉਹਦਾ ਪਿਓ ਫੜ ਲੈਂਦਾ ਸੀ ਤੇ ਏਥੇ ਉਹਦਾ ਪਤੀ ਫੜ ਲੈਂਦਾ ਹੈ।
ਡਾਕਖ਼ਾਨੇ ਦੀ ਕਾਪੀ ਵਿੱਚ ਵੀ ਦੋ ਹਜ਼ਾਰ ਰਹਿ ਗਿਆ। ਕਦੇ ਦੋ ਸੌ ਕਢਾ ਲਿਆ ਕਦੇ ਪੰਜ ਸੌ ਕਢਾ ਲਿਆ। ਉਹਦੇ ਪਤੀ ਨੇ ਮਹਿੰਗੀਆਂ-ਮਹਿੰਗੀਆਂ ਪੈਂਟਾਂ ਸਿਲਾਈਆਂ ਤੇ ਮਹਿੰਗੇ ਮਹਿੰਗੇ ਸੂਟ ਬਣਵਾ ਲਏ। ਚਾਰ-ਚਾਰ ਜੋੜੀਆਂ ਬੂਟਾਂ ਦੀਆਂ ਤੇ ਛੀ-ਛੀ ਪੱਗਾਂ। ਦੋਸਤਾਂ ਦੀਆਂ ਢਾਣੀਆਂ ਵਿੱਚ ਬਹਿ ਕੇ ਸ਼ਰਾਬ ਮੂੰਹੇਂ ਮੁਸਲੀ ਅੰਨ੍ਹੀ ਕਰ ਰੱਖੀ ਸੀ। ਜਦ ਉਹ ਪਿੰਡ ਆਉਂਦਾ, ਉਹਦੀ ਜੇਬ ਖਾਲੀ ਹੁੰਦੀ। ਉਹਦੇ ਭਾਣਜੇ ਦਾ ਵਿਆਹ ਸੀ। ਉਹ ਹਜ਼ਾਰ ਰੁਪਈਆ ਉਸ ਦੇ ਵਿਆਹ ਉੱਤੇ ਚੱਬ ਆਇਆ।
ਉਹ ਜਦ ਜੇ.ਬੀ.ਟੀ. ਵਿੱਚ ਪੜ੍ਹਦੀ ਹੁੰਦੀ, ਉਹਦੀ ਜਮਾਤਣ ਸੀ, ਸ਼ਰਨਪਾਲ। ਸ਼ਰਨਪਾਲ ਪੁੱਜ ਕੇ ਬਹੁੜੀ ਸੋਹਣੀ ਤਾਂ ਨਹੀਂ ਸੀ, ਪਰ ਦੇਖਣ ਨੂੰ ਚੰਗੀ ਲੱਗਦੀ ਸੀ। ਉਨ੍ਹਾਂ ਦੇ ਨਾਲ ਹੀ ਪੜ੍ਹਦਾ ਇੱਕ ਮੁੰਡਾ ਜਿਹੜਾ ਘਰੋਂ ਬੜਾ ਚੰਗਾ ਸੀ, ਤੇ ਸੋਹਣਾ ਵੀ, ਸ਼ਰਨਪਾਲ ਨੂੰ ਛੇੜਦਾ ਰਹਿੰਦਾ। ਉਹ ਇੱਕ ਦਿਨ ਜੁੱਤੀ ਕੱਢ ਕੇ ਉਸ ਨੂੰ ਕਹਿੰਦੀ-'ਵੱਡਾ ਬਣਿਆ ਫਿਰਦੈਂ, ਆਵਦੇ ਪਿਓ ਦੇ ਘਰ ਹੋਏਂਗਾ। ਬਿਗਾਨੇ ਘਰਾਂ ਦੀ ਇੱਜ਼ਤ ਨੂੰ ਤੂੰ ਕੀ ਸਮਝਦੈਂ ਵੇ?'
'ਨਾ ਮੈਂ ਵੱਡਾ ਆਂ, ਨਾ ਵੱਡੇ ਪਿਓ ਦਾ ਪੁੱਤ ਆਂ। ਨਾ ਤੂੰ ਮੇਰੇ ਵਾਸਤੇ ਬਿਗਾਨੇ ਘਰ ਦੀ ਇੱਜ਼ਤ ਐਂ। ਤੈਨੂੰ ਮੇਰੀ ਸ਼ਰਾਰਤ ਨਹੀਂ ਛੇੜਦੀ, ਮੇਰੀ ਮਜਬੂਰੀ ਛੇੜਦੀ ਐ।' ਉਸ ਮੁੰਡੇ ਦੇ ਬੋਲਾਂ ਵਿੱਚ ਨਰਮੀ ਸੀ, ਤੇ ਤਰਲਾ ਸੀ। ਗੱਲ ਵਧਦੀ ਗਈ ਤੇ ਜੇ.ਬੀ.ਟੀ. ਦੇ ਇਮਤਿਹਾਨ ਪਿਛੋਂ ਸ਼ਰਨਪਾਲ ਦੀ ਉਸ ਮੁੰਡੇ ਨਾਲ ਮੰਗਣੀ ਹੋ ਗਈ।
ਮਲਕੀਤ ਜਦ ਕਦੇ ਹੁਣ ਸ਼ਰਨਪਾਲ ਨੂੰ ਆਪਣੇ ਧਿਆਨ ਵਿੱਚ ਲਿਆਉਂਦੀ, ਤਾਂ ਉਸ ਦੇ ਅੰਦਰੋਂ ਇੱਕ ਵੱਡਾ ਸਾਰਾ ਹਉਕਾ ਨਿਕਲ ਕੇ ਉਸ ਦੀ ਹਿੱਕ ਉੱਤੇ ਪਰਬਤ ਧਰ ਜਾਂਦਾ।
ਓਦੋਂ ਹੀ ਜੇ.ਬੀ.ਟੀ. ਵਿੱਚ ਜਦ ਉਹ ਪੜ੍ਹਾਈ ਹੁੰਦੀ, ਤਾਂ ਇੱਕ ਮੁੰਡਾ ਉਸ ਵੱਲ ਵੀ ਅੱਖ ਰੱਖਦਾ ਸੀ।ਮੁੰਡਾ ਉਹ ਸੀ ਬੜਾ ਸਾਊ। ਇੱਕ ਦਿਨ ਮਲਕੀਤ ਦੀ ਇੱਕ ਕਾਪੀ ਚੁੱਕ ਕੇ ਉਸ ਮੁੰਡੇ ਨੇ ਉਸ ਉੱਤੇ ਆਪਣਾ ਨਾਉਂ ਲਿਖ ਦਿੱਤਾ। ਮਲਕੀਤ ਨੇ ਜਦੋਂ ਦੇਖਿਆ, ਤਾਂ ਸਾਰੀਆਂ ਕੁੜੀਆਂ ਵਿੱਚ ਰੌਲਾ ਪਾ ਦਿੱਤਾ। ਡੁਸਕਣ ਲੱਗ ਪਈ ਤੇ ਹੈਡਮਾਸਟਰ ਕੋਲ ਜਾ ਕੇ ਸ਼ਕਾਇਤ ਲਾ ਦਿੱਤੀ। ਹੈਡਮਾਸਟਰ ਨੇ ਉਸ ਮੁੰਡੇ ਨੂੰ ਝਿੜਕਿਆ, ਧਮਕਾਇਆ ਤੇ ਦੋ ਰੁਪਈਏ ਜਰਮਾਨਾ ਕਰ ਦਿੱਤਾ। ਕਸੂਰ ਭਾਵੇਂ ਵੱਡਾ ਨਹੀਂ ਸੀ ਤੇ ਸਜ਼ਾ ਵੀ ਵੱਡੀ ਨਹੀਂ ਸੀ ਮਿਲੀ, ਪਰ ਮੁੰਡਾ ਬਹੁਤ ਵੱਡੀ ਨਮੋਸ਼ੀ ਮੰਨ ਗਿਆ ਤੇ ਜੇ.ਬੀ.ਟੀ. ਵਿੱਚੇ ਛੱਡ ਕੇ ਕਿਸੇ ਬੱਸ ਦਾ ਕੰਡਕਟਰ ਜਾ ਲੱਗਿਆ।
ਸ਼ਰਨਪਾਲ ਜਦ ਵੀ ਮਲਕੀਤ ਦੇ ਧਿਆਨ ਵਿੱਚ ਆ ਜਾਂਦੀ, ਤਾਂ ਉਹ ਮੁੰਡਾ ਵੀ ਮਲਕੀਤ ਦੇ ਖ਼ਿਆਲਾਂ ਵਿੱਚ ਆ ਉਤਰਦਾ। ਜੇ ਉਸ ਨੂੰ ਜੁਰਮਾਨਾ ਨਾ ਹੁੰਦਾ ਤੇ ਉਹ ਐਡੀ ਵੱਡੀ ਨਮੋਸ਼ੀ ਨਾ ਮੰਨਦਾ, ਤਾਂ ਸ਼ਾਇਦ ਸਕੂਲ ਨਾ ਹੀ ਛੱਡਦਾ। ਜੇ ਉਹ ਉਸ ਦੀ ਸ਼ਕਾਇਤ ਨਾ ਲਾਉਂਦੀ, ਤਾਂ ਉਹ ਵੀ ਸ਼ਾਇਦ ਉਸ ਦੇ ਨੇੜੇ ਹੋ ਜਾਂਦਾ। ਸ਼ਰਨਪਾਲ ਵਾਂਗ ਉਹ ਵੀ ਸ਼ਾਇਦ ਉਸ ਮੁੰਡੇ ਨਾਲ ਮੰਗੀ ਜਾਂਦੀ। ਜੇ ਮੰਗੀ ਜਾਂਦੀ, ਤਾਂ ਉਸ ਉਮਰ ਵਿੱਚ ਉਹਦੇ ਨਾਲ ਵਿਆਹ ਕਰਵਾਉਣ ਦਾ ਸੁਆਦ ਆ ਜਾਂਦਾ।
ਹੁਣ ਜਦੋਂ ਮਲਕੀਤ ਦਾ ਵਿਆਹ ਹੋਇਆ, ਤਾਂ ਓਧਰ ਸ਼ਰਨਪਾਲ ਦੀ ਗੋਦੀ ਗਲ੍ਹੋਟ ਵਰਗਾ ਮੁੰਡਾ ਸੀ। ਇੱਕ ਕੁੜੀ ਵੀ ਮੁੰਡੇ ਤੋਂ ਵੱਡੀ ਸੀ।
ਮਲਕੀਤ ਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਤਾਂ ਉਹ ਸੁੰਨ ਜਿਹੀ ਹੋ ਜਾਂਦੀ। ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦਾ ਸਰੀਰ ਵਿਆਹ ਕਰਵਾਉਣ ਤੋਂ ਪਿੱਛੋਂ ਇੱਕ ਸਾਲ ਵਿੱਚ ਹੀ ਜਿਵੇਂ ਦਸ ਸਾਲਾਂ ਜਿੰਨਾ ਪੁਰਾਣਾ ਹੋ ਗਿਆ ਹੈ। ਉਹ ਆਪਣੇ ਬੁਲ੍ਹਾਂ ਉੱਤੇ ਉਂਗਲ ਫੇਰ ਕੇ ਦੇਖਦੀ, ਸਿੱਕਰੀ ਜੰਮੀ ਪਈ ਹੁੰਦੀ। ਆਪਣੇ ਮੱਥੇ ਉੱਤੇ ਹੱਥ ਫੇਰਦੀ, ਡੂੰਘੀਆਂ ਦੋ ਤਿੰਨ ਵੱਟਾਂ ਉਸਨੂੰ ਰੜਕਦੀਆਂ। ਉਹ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜ ਕੇ ਦੇਖਦੀ, ਉਨ੍ਹਾਂ ਵਿੱਚ ਲਚਕ ਕਿਤੇ ਵੀ ਨਹੀਂ। ਉਸ ਦੀਆਂ ਪਿੰਜਣੀਆਂ ਦਾ ਮਾਸ ਢਿਲਕ ਗਿਆ ਸੀ।
ਹੁਣ ਉਹ ਇੱਕ ਹਫ਼ਤਾ ਸਹੁਰੇ-ਘਰ ਰਹਿੰਦੀ ਤੇ ਦੋ ਹਫ਼ਤੇ ਪਿਓ ਦੇ ਘਰ। ਉਹਦਾ ਸਕੂਲ ਉਹਦੇ ਪੇਕੇ ਤੇ ਸਹੁਰਿਆਂ ਤੋਂ ਇਕੋ ਜਿੰਨੀ ਦੂਰ ਸੀ। ਦੋਵੇਂ ਪਿੰਡਾਂ ਤੋਂ ਉਹ ਸ਼ਾਮ ਨੂੰ ਜਦ ਆਪਣੇ ਪੇਕੀਂ ਆਈ, ਤਾਂ ਸਾਰੀ ਦੀ ਸਾਰੀ ਤਨਖ਼ਾਹ ਲਿਆ ਕੇ ਉਸ ਨੇ ਆਪਣੇ ਪਿਉਂ ਦੇ ਪੈਰਾਂ ਵਿੱਚ ਮਾਰੀ। ਉਸ ਦਾ ਰੋਣ ਥੰਮਦਾ ਨਹੀਂ ਸੀ। ਉਸ ਨੇ ਟੁੱਟੇ ਜਿਹੇ ਸ਼ਬਦਾਂ ਵਿੱਚ ਆਖਿਆ, 'ਬਾਪੂ ਜੀ, ਮੈਂ ਥੋਡੀ ਕਮਾਊ ਧੀ ਆਂ। ਮੇਰੀ ਕਮਾਈ ਹੁਣ ਸਾਰੀ ਉਮਰ ਥੋੜ੍ਹੀ ਐ।' ਐਨੀ ਗੱਲ ਕਹਿ ਕੇ ਮਲਕੀਤ ਪੀਹੜੀ ਉੱਤੇ ਬੈਠ ਕੇ ਪਿਓ ਦੇ ਗੋਡਿਆਂ ਨਾਲ ਚਿੰਬੜ ਗਈ।♦