ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਗਾਥਾ: ਇੱਕ ਸੁੱਕੀ ਟਹਿਣੀ ਦੀ

ਵਿਕੀਸਰੋਤ ਤੋਂ

ਗਾਥਾ: ਇੱਕ ਸੁੱਕੀ ਟਹਿਣੀ ਦੀ

ਪਿਆਰੋ ਦਾ ਕਸੂਰ ਬਸ ਐਨਾ ਸੀ ਕਿ ਉਹ ਉਸਤਰੇ-ਕੈਂਚੀਆਂ ਦਾ ਕੰਮ ਕਰਨ ਵਾਲੀ ਜਾਤ ਬਰਾਦਰੀ ਵਿੱਚ ਪੈਦਾ ਹੋ ਗਈ, ਪਰ ਇਸ ਵਿੱਚ ਉਹਦਾ ਕੀ ਕਸੂਰ ਸੀ? ਉਹਦੇ ਆਪਣੇ ਵੱਸ ਦੀ ਗੱਲ ਹੁੰਦੀ ਤਾਂ ਉਹ ਖੁਰਪੇ-ਕਹੀ ਦਾ ਕੰਮ ਕਰਨ ਵਾਲੇ ਘਰ ਜੰਮਦੀ ਤੇ ਆਪਣੇ ਮਹਿਬੂਬ ਮੁੰਡੇ ਸੁਦਾਗਰ ਸਿੰਘ ਨੂੰ ਸਹਿਜੇ ਹੀ ਹਾਸਲ ਕਰ ਲੈਂਦੀ।

ਉਸਤਰੇ-ਕੈਂਚੀ ਦਾ ਕੰਮ ਉਹਦਾ ਦਾਦਾ-ਪੜਦਾਦਾ ਕਰਦਾ ਹੋਵੇਗਾ, ਉਹਦਾ ਬਾਪ ਤਾਂ ਪਟਵਾਰੀ ਸੀ। ਸਾਰੀ ਉਮਰ ਜੱਟਾਂ ਨੂੰ ਲੁੱਟ-ਲੁੱਟ ਖਾਧਾ। ਪਿਆਰੇ ਤੇ ਗਿਆਨ ਦੋ ਹੀ ਭੈਣ-ਭਰਾ ਸਨ। ਉਹਦੇ ਬਾਪ ਨੇ ਦੋਵਾਂ ਨੂੰ ਬੀ. ਏ. ਤੱਕ ਪੜ੍ਹਾਇਆ। ਦੋਹਾਂ ਨੂੰ ਫੇਰ ਬੀ. ਐੱਡ. ਕਰਾਈ ਤੇ ਸਰਕਾਰੀ ਨੌਕਰੀ ਦਿਵਾਈ। ਗਿਆਨ ਦਾ ਵਿਆਹ ਵੀ ਅਗਾਂਹ ਇੱਕ ਮਾਸਟਰ ਕੁੜੀ ਨਾਲ ਹੋ ਗਿਆ। ਪਿਆਰੇ ਦੇ ਬਾਪ ਨੇ ਸ਼ਹਿਰ ਵਿੱਚ ਵਧੀਆ ਮਕਾਨ ਬਣਾਇਆ। ਉਹਦੀ ਤਮੰਨਾ ਸੀ, ਉਹਦਾ ਪੁੱਤਰ ਸਰਦਾਰਾਂ ਦੇ ਮੁੰਡਿਆਂ ਵਾਂਗ ਠਾਠ-ਬਾਠ ਨਾਲ ਰਹੇਗਾ ਤੇ ਉਹਦਾ ਨਾਉਂ ਉੱਚਾ ਕਰੇਗਾ। ਪਿਆਰੋ ਦਾ ਵਿਆਹ ਉਹ ਕਿਸੇ ਚੰਗੇ ਮੁੰਡੇ ਨਾਲ ਕਰੇਗਾ, ਜਿਹੜਾ ਅਫ਼ਸਰ ਲੱਗਿਆ ਹੋਵੇ। ਉਹਦੇ ਵਿਆਹ ਉੱਤੇ ਉਹ ਪੂਰਾ ਪੈਸਾ ਲਾਵੇਗਾ। ਚੀਜ਼ਾਂ-ਵਸਤਾਂ ਨਾਲ ਅਗਲੇ ਦਾ ਘਰ ਭਰ ਦੇਵੇਗਾ। ਨਕਦ ਪੈਸਾ ਵੀ ਦੇਵੇਗਾ। ਉਹਦੇ ਬਾਪ ਦਾ ਅੱਧਾ ਸੁਪਨਾ ਪੂਰਾ ਹੋਇਆ, ਅੱਧਾ ਸੁਪਨਾ ਕੱਦੂ ਦੀ ਵੇਲ ਵਾਂਗ ਮੱਚ ਕੇ ਰਹਿ ਗਿਆ। ਗਿਆਨ ਦਾ ਸਭ ਕੁਝ ਹੋ ਗਿਆ, ਪਰ ਪਿਆਰੋ ਵੱਲੋਂ ਉਹਦੇ ਬਾਪ ਦੀਆਂ ਅੱਖਾਂ ਧਰਤੀ ਵਿੱਚ ਵੜ ਗਈਆਂ। ਪਟਵਾਰੀ ਤਾਂ ਮੰਨ ਗਿਆ ਸੀ, ਗਿਆਨ ਵੱਲੋਂ ਖੁੱਲ੍ਹੀਆਂ ਛੁੱਟੀਆਂ ਸਨ, ਪਰ ਮਾਂ ਨੇ ਉਹਦੀ ਜ਼ਿੰਦਗੀ ਖ਼ਰਾਬ ਕੀਤੀ। ਅਖੇ- 'ਕੁੜੀ ਤੀਹੋਕਾਲ ਆਪਣੀ ਜਾਤ ਬਰਾਦਰੀ ਵਿੱਚ ਦੇਣੀ ਐ। ਐਨਾ ਪੜ੍ਹਾ ਲਿਖਾ ਕੇ ਇਹਨੂੰ ਜਾਤ-ਕੁਜਾਤ ਵਿੱਚ ਕਿਉਂ ਸਿੱਟਾਂ? ਕੀ ਆਖਣਗੇ ਗੁੱਜਰਵਾਲ ਆਲੇ ਮੇਰੇ ਮਾਪੇ?'

ਪਿਆਰੋ ਦੀ ਮਾਂ ਮਰਦੀ ਮਰ ਗਈ, ਪਰ ਮੰਨੀ ਨਹੀਂ। ਫੇਰ ਤਾਂ ਪਟਵਾਰੀ ਵੀ ਦਿਲ ਵਿੱਚ ਧੀ ਦਾ ਵਰਮ ਲੈ ਕੇ ਇਸ ਜਹਾਨ ਤੋਂ ਤੁਰਦਾ ਬਣਿਆ।

ਸੁਦਾਗਰ ਉਸੇ ਸ਼ਹਿਰ ਦਾ ਮੁੰਡਾ ਸੀ। ਉਹਦੇ ਬਾਪ ਕੋਲ ਟਰੈਕਟਰ ਏਜੰਸੀ ਸੀ। ਪਿੰਡ ਵਿੱਚ ਉਹਨਾਂ ਕੋਲ ਕੋਈ ਬਹੁਤੀ ਜ਼ਮੀਨ ਨਹੀਂ ਸੀ। ਸੁਦਾਗਰ ਦਾ ਬਾਪ ਇਕੱਲਾ ਸੀ। ਖੇਤੀ ਦਾ ਕੰਮ ਰਿੜ੍ਹਦਾ ਨਹੀਂ ਸੀ। ਉਹ ਦੁਖੀ ਰਹਿੰਦਾ। ਮੁਸ਼ਕਿਲ ਨਾਲ ਕਬੀਲਦਾਰੀ ਤੁਰਦੀ। ਉਹ ਦਸਵੀਂ ਪਾਸ ਸੀ। ਉਹਨੂੰ ਸਾਰਾ ਗਿਆਨ ਸੀ। ਕੁਝ ਵਰ੍ਹੇ ਖੇਤੀ ਦਾ ਤੱਤ ਦੇਖ ਕੇ ਇਸ ਕੰਮ ਵਿਚੋਂ ਉਹਦਾ ਮਨ ਉੱਖੜ ਗਿਆ। ਅੱਧੀ ਜ਼ਮੀਨ ਵੇਚ ਦਿੱਤੀ। ਸ਼ਹਿਰ ਵਿੱਚ ਪਲਾਟ ਲੈ ਕੇ ਮਕਾਨ ਬਣਾ ਲਿਆ ਤੇ ਫੇਰ ਟਰੈਕਟਰ ਦੀ ਏਜੰਸੀ ਵਿੱਚ ਹਿੱਸਾ ਪਾ ਲਿਆ। ਇਸ ਕੰਮ ਵਿੱਚ ਉਹਨੂੰ ਲਾਭ ਸੀ। ਫੇਰ ਤਾਂ ਇਹੀ ਕੰਮ ਹੀ ਉਹਦਾ ਮੁੱਖ-ਧੰਦਾ ਬਣ ਗਿਆ। ਹੌਲ਼ੀ-ਹੌਲ਼ੀ ਫਿਰ ਖ਼ੁਦ ਆਪਣੀ ਟਰੈਕਟਰ ਏਜੰਸੀ ਕਾਇਮ ਕਰ ਲਈ। ਪਿੰਡ ਵਾਲੀ ਬਾਕੀ ਰਹਿੰਦੀ ਜ਼ਮੀਨ ਵੀ ਵੇਚ ਦਿੱਤੀ। ਸ਼ਹਿਰ ਵਿੱਚ ਦੋ ਪਲਾਟ ਖਰੀਦ ਲਏ ਤੇ ਟਰੈਕਟਰ ਦਾ ਧੰਦਾ ਵਧਾ ਲਿਆ। ਉਹਨੂੰ ਸੁੱਖ ਦਾ ਸਾਹ ਆਉਣ ਲੱਗਿਆ। ਉਹਨੂੰ ਤਸੱਲੀ ਹੋਈ, ਪਿੰਡ ਰਹਿ ਕੇ ਖੇਤੀ ਦੇ ਕੰਮ ਵਿੱਚ ਤਾਂ ਸਾਰੀ ਉਮਰ ਦਾ ਨਰਕ ਸੀ।

ਸੁਦਾਗਰ ਉਹਦਾ ਇਕੱਲਾ ਪੁੱਤ ਸੀ। ਕੁੜੀਆਂ ਦੋ। ਕੁੜੀਆਂ ਵੱਡੀਆਂ ਸਨ। ਪੜ੍ਹਾ ਲਿਖਾ ਕੇ ਵਧੀਆਂ ਘਰਾਂ ਵਿਚ ਵਿਆਹੀਆਂ। ਸੁਦਾਗਰ ਬੀ. ਏ. ਤੱਕ ਪੜ੍ਹਿਆ। ਉਹਦੇ ਬਾਪ ਦਾ ਫ਼ੈਸਲਾ ਸੀ ਕਿ ਉਹ ਸੁਦਾਗਰ ਨੂੰ ਕੋਈ ਨੌਕਰੀ ਨਹੀਂ ਕਰਾਏਗਾ। ਉਹ ਆਪਣੀ ਟਰੈਕਟਰ ਏਜੰਸੀ ਹੀ ਸੰਭਾਲੇ ਤੇ ਰਾਜ ਕਰੇਗਾ। ਨੌਕਰੀ ਤਾਂ ਗ਼ੁਲਾਮੀ ਹੁੰਦੀ ਹੈ। ਬੰਦਾ ਸਾਰੀ ਉਮਰ ਜੀ-ਹਜ਼ੂਰੀ ਵਿੱਚ ਹੀ ਰਹਿੰਦੀ ਹੈ।

ਪਤਾ ਨਹੀਂ ਉਹ ਕਿਹੜੀ ਚੰਦਰੀ ਘੜੀ ਸੀ, ਜਦੋਂ ਪਿਆਰੋ ਤੇ ਸੁਦਾਗਰ ਨੇ ਕੌਲ-ਕਰਾਰ ਕਰ ਲਏ ਕਿ ਉਹ ਵਿਆਹ ਕਰਾਉਣਗੇ। ਜਦੋਂ ਵੀ ਕਰਾਉਣ, ਇੱਕ ਦੂਜੇ ਨਾਲ ਕਰਾਉਣਗੇ-ਨਹੀਂ ਤਾਂ ਕੰਵਾਰੇ ਹੀ ਰਹਿਣਗੇ ਸਾਰੀ ਉਮਰ। ਉਸ ਦਿਨ ਉਹਨਾਂ ਸਾਹਮਣੇ ਜਾਤ-ਬਰਾਦਰੀ ਦਾ ਕੋਈ ਮਸਲਾ ਨਹੀਂ ਸੀ। ਅਮੀਰੀ-ਗ਼ਰੀਬੀ ਦਾ ਕੋਈ ਤਕਾਜ਼ਾ ਨਹੀਂ ਸੀ ਤੇ ਮਾਪਿਆਂ ਦੀ ਸਹਿਮਤੀ-ਅਸਹਿਮਤੀ ਕੋਈ ਅੜਚਣ ਨਹੀਂ ਦਿਸਦੀ ਸੀ। ਲੱਗਦਾ ਸੀ ਜਿਵੇਂ ਅੱਜ ਉਹਨਾਂ ਨੇ ਗੱਲ ਕੀਤੀ ਹੈ ਤੇ ਕੱਲ੍ਹ ਨੂੰ ਉਹਨਾਂ ਦਾ ਵਿਆਹ ਹੋ ਜਾਵੇਗਾ। ਦੋਵਾਂ ਨੇ ਇੱਕ ਸ਼ਰਤ ਸਾਹਮਣੇ ਰੱਖੀ ਕਿ ਬੀ. ਏ. ਦਾ ਇਮਤਿਹਾਨ ਪਾਸ ਕਰਨ ਬਾਅਦ ਹੀ ਉਹ ਕੋਈ ਕਦਮ ਚੁੱਕਣਗੇ।

ਦੋਵਾਂ ਦੀ ਬੀ. ਏ. ਵੀ ਹੋ ਗਈ। ਸੁਦਾਗਰ ਆਪਣੇ ਬਾਪ ਦੇ ਕੰਮ ਟਰੈਕਟਰਏਜੰਸੀ ਵਿੱਚ ਬੈਠਣ ਲੱਗਿਆ। ਇਸ ਦੌਰਾਨ ਪਿਆਰੋ ਨੇ ਬੀ. ਐੱਡ. ਵੀ ਕਰ ਲਈ, ਪਰ ਉਹਨਾਂ ਦੀ ਗੱਲ ਸਿਰੇ ਨਹੀਂ ਚੜ੍ਹ ਰਹੀ ਸੀ। ਸੁਦਾਗਰ ਦੇ ਬਾਪ ਵਿੱਚ ਜੱਟ ਰੰਗੜਊ ਸੀ ਤੇ ਪਿਆਰੋ ਦੀ ਮਾਂ ਕਹਿੰਦੀ ਸੀ ਕਿ ਉਹ ਓਸੇ ਦਿਨ ਜ਼ਹਿਰ ਖਾ ਕੇ ਮਰ ਜਾਵੇਗੀ, ਜਿਸ ਦਿਨ ਇਹ ਗੱਲ ਹੋ ਗਈ।

ਦੋਵੇਂ ਕਿਧਰੇ ਨਾ ਕਿਧਰੇ ਮਿਲਦੇ ਜ਼ਰੂਰ, ਪਰ ਵਿਆਹ ਦੀ ਗੱਲ ਕੋਈ ਨਾ ਕਰਦੇ। ਵਿਆਹ ਦੇ ਮਾਮਲੇ ਵਿੱਚ ਉਹ ਬੇਵੱਸ ਸਨ। ਦੋਵਾਂ ਦੇ ਮਾਪੇ ਅੜੇ ਖੜ੍ਹੇ ਸਨ, ਚੀਨ ਦੀ ਦੀਵਾਰ ਵਾਂਗ। ਸਹਿਜੇ-ਸਹਿਜੇ ਉਹਨਾਂ ਦਾ ਸਿਲਸਿਲਾ ਇਹ ਹੋ ਗਿਆ ਕਿ ਉਹ ਚੋਰੀ ਛਿਪੇ ਕਿਧਰੇ ਮਿਲਣ ਲੱਗੇ। ਜਿਵੇਂ ਇਹੀ ਇੱਕ ਜ਼ਿੰਦਗੀ ਰਹਿ ਗਈ ਹੋਵੇ।ਜਿਵੇਂ ਇਹੀ ਉਹਨਾਂ ਦੀ ਪ੍ਰਾਪਤੀ ਹੋਵੇ ਤੇ ਫੇਰ ਪਤਾ ਵੀ ਨਾ ਲੱਗਿਆ, ਕਦੋਂ ਤੇ ਕਿਵੇਂ ਸੁਦਾਗਰ ਦੇ ਧੱਕੜ ਬਾਪ ਨੇ ਉਹਦਾ ਵਿਆਹ ਕਰ ਦਿੱਤਾ। ਦਸ ਜਮਾਤਾਂ ਪੜ੍ਹੀ, ਚੰਗੇ ਭਾਂਡੇ-ਖਾਂਡੇ ਵਾਲੇ ਘਰ ਦੀ ਕੁੜੀ ਨਾਲ। ਕੁੜੀ ਵਾਲਿਆਂ ਨੇ ਦਾਜ-ਦਹੇਜ ਬਹੁਤ ਦਿੱਤਾ। ਸਵਰਨ ਕੌਰ ਰੱਜ ਕੇ ਸੋਹਣੀ ਸੀ। ਪਿਆਰੋ ਉਹਦੇ ਹੁਸਨ ਝਲਕਾਰੇ ਸਾਹਮਣੇ ਪਿੱਛੇ ਰਹਿ ਜਾਂਦੀ। ਸੁਦਾਗਰ 'ਤੇ ਪਤਾ ਨਹੀਂ ਕਿਹੜਾ ਜਾਦੂ ਅਸਰ ਹੋਇਆ ਸੀ, ਉਹ ਕਿਵੇਂ ਬਾਪ ਦਾ ਹੁਕਮ ਮੰਨ ਗਿਆ ਸੀ। ਪਿਆਰੋ ਉਹਨੂੰ ਮਿਲਣਾ ਛੱਡ ਗਈ ਤੇ ਉਹ ਸਵਰਨ ਕੌਰ ਦੀ ਦੁਨੀਆ ਵਿੱਚ ਕਿਧਰੇ ਗੁਆਚ ਕੇ ਰਹਿ ਗਿਆ। ਦੋ-ਤਿੰਨ ਸਾਲ ਲੰਘ ਗਏ। ਇਸ ਦੌਰਾਨ ਸਵਰਨ ਕੌਰ ਕੋਲ ਇੱਕ ਮੁੰਡਾ ਹੋ ਗਿਆ। ਪਿਆਰੋ ਪੱਕੀ ਸਰਕਾਰੀ ਨੌਕਰੀ ਉੱਤੇ ਲੱਗ ਚੁੱਕੀ ਸੀ।ਉਹਨੇ ਸੋਚ ਲਿਆ ਸੀ, ਉਹ ਏਵੇਂ ਹੀ ਜ਼ਿੰਦਗੀ ਬਸਰ ਕਰੇਗੀ, ਇਕੱਲੀ ਅਕਹਿਰੀ।

ਦਿਨ ਨਿੱਕਲਦੇ ਗਏ। ਸੁਦਾਗਰ ਨੂੰ ਲੱਗਦਾ ਉਹ ਸਵਰਨ ਕੌਰ ਦੇ ਵਿਆਹ ਬੰਧਨ ਵਿੱਚ ਉਲਝ ਕੇ ਰਹਿ ਗਿਆ ਹੈ। ਉਹਦਾ ਜੀਅ ਕਰਦਾ, ਉਹ ਪਿਆਰੋ ਨੂੰ ਮਿਲੇ ਤੇ ਉਹਦੇ ਕੋਲੋਂ ਮਾਫ਼ੀ ਮੰਗੇ। ਰੋ-ਰੋ ਕੇ ਆਪਣੀ ਨਿਰਬਲਤਾ ਦੱਸੋ। ਆਖੇ ਕਿ ਉਹਦਾ ਨਾ ਤਾਂ ਆਪਣੇ ਕਾਰੋਬਾਰ ਵਿੱਚ ਦਿਲ ਗੁੜਦਾ ਹੈ ਤੇ ਨਾ ਉਹਦੀ ਪਤਨੀ-ਮੁੰਡਾ ਉਹਦਾ ਕੋਈ ਸੰਸਾਰ ਹੈ। ਉਹ ਉਦਾਸ ਰਹਿੰਦਾ ਹੈ। ਪਿਆਰੋ ਦਾ ਬੋਲ ਸੁਣਨ ਨੂੰ ਤਰਸ ਗਿਆ ਹੈ। ਉਹਨਾਂ ਦਾ ਵਿਆਹ ਤਾਂ ਨਾ ਹੋ ਸਕਿਆ, ਕੀ ਉਹ ਐਨਾ ਵੀ ਨਹੀਂ ਕਰ ਸਕਦੀ ਕਿ ਕਦੇ-ਕਦੇ ਦੋ ਬੋਲ ਹੀ ਸਾਂਝੇ ਕਰ ਲਿਆ ਕਰੇ? ਦੋਵਾਂ ਦਾ ਮਨ ਹੌਲ਼ਾ ਹੋ ਜਾਇਆ ਕਰੇਗਾ।

ਇੱਕ ਦਿਨ ਉਹ ਪਿਆਰੋ ਦੇ ਸਕੂਲ ਗਿਆ ਤੇ ਕਿਹਾ- 'ਮੈਂ ਗੁਰਪਿਆਰ ਕੌਰ ਭੈਣ ਜੀ ਨੂੰ ਮਿਲਣੈ'।

'ਤੁਸੀਂ ਕੌਣ ਓ?' ਪ੍ਰਿੰਸੀਪਲ ਨੇ ਪੁੱਛਿਆ।

'ਮੈਂ ਕਜ਼ਨ ਆ ਉਹਨਾਂ ਦਾ। ਸੁਦਾਗਰ ਸਿੰਘ ਦਾ ਨਾਂ ਲੈ ਦਿਓ, ਬੀਬੀ ਆਪੇ ਸਮਝ ਜੂਗੀ।'

ਸਟਾਫ਼ ਰੂਮ ਵਿਚੋਂ ਉੱਠ ਕੇ ਉਹ ਆਈ, ਦੋਵਾਂ ਨੇ ਹੱਥ ਜੋੜ ਕੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਆਖੀ ਤੇ ਮੁਸਕਰਾਏ। ਉਹ ਪਿੱਪਲ ਥੱਲੇ ਕੁਰਸੀਆਂ ਲੈ ਕੇ ਬੈਠ ਗਏ ਤੇ ਉੱਖੜੀਆਂ-ਉੱਖੜੀਆਂ ਗੱਲਾਂ ਕਰਨ ਲੱਗੇ। ਧੌਲ਼ੇ ਝਾਟੇ ਵਾਲੀ ਰਸਮਰੋੜ ਪ੍ਰਿੰਸੀਪਲ ਦੋ ਵਾਰ ਹਾਲ ਕਮਰੇ ਤੋਂ ਬਾਹਰ ਆ ਕੇ ਬਹਾਨੇ ਨਾਲ ਉਹਨਾਂ ਨੂੰ ਦੇਖ ਗਈ ਸੀ। ਤੀਜੀ ਵਾਰ ਉਸਨੇ ਦਸਵੀਂ ਦੀ ਇੱਕ ਕੁੜੀ ਨੂੰ ਭੇਜਿਆ- 'ਜਾਹ ਗੁਰਪਿਆਰ ਭੈਣ ਜੀ ਨੂੰ ਆਖ, ਤੁਹਾਡਾ ਪੀਰੀਅਡ ਐ।'

ਉਹਨੇ ਪੀਰੀਅਡਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਦੀਆਂ ਗੱਲਾਂ ਹੁਣ ਉੱਖੜੀਆਂ-ਉੱਖੜੀਆਂ ਨਾ ਰਹਿ ਕੇ ਨਿੱਕੀਆਂ-ਨਿੱਕੀਆਂ ਹੋ ਗਈਆਂ ਸਨ। ਛੋਟੇ-ਛੋਟੇ ਫਿਕਰੇ, ਜਿਹਨਾਂ, ਦਾ ਕਦੇ-ਕਦੇ ਕੋਈ ਵੀ ਮਤਲਬ ਨਾ ਨਿੱਕਲਦਾ। ਚਪੜਾਸਣ ਕਹਿਣ ਆਈ ਤਾਂ ਉਹ ਫ਼ੈਸਲਾ ਕਰ ਚੁੱਕੇ ਸਨ ਕਿ ਉਹ ਕੱਲ੍ਹ ਨੂੰ ਹੀ ਸਵੇਰ ਦੀ ਪਹਿਲੀ ਬੱਸ ਫੜ ਕੇ ਚੰਡੀਗੜ੍ਹ ਜਾਣਗੇ ਤੇ ਓਥੇ ਜਾ ਕੇ ਹੀ ਰੱਜ ਕੇ ਗੱਲਾਂ ਕਰਨਗੇ। ਪਿੱਪਲ ਥੱਲਿਓਂ ਉਹ ਉੱਠੇ ਤਾਂ ਉਹਨਾਂ ਦੀਆਂ ਬਾਕੀ ਬਚਦੀਆਂ ਗੱਲਾਂ ਵਿੱਚ ਹਾਲੇ ਵੀ ਅਪਣੱਤ ਤੇ ਰੋਸਿਆਂ ਦਾ ਮਿਲਿਆ-ਜੁਲਿਆ ਰੰਗ ਸੀ।

ਕੰਧਾਂ ਨਾਲ ਕੀਤੀ ਗੱਲ ਵੀ ਇੱਕ ਦਿਨ ਬਾਹਰ ਨਿੱਕਲ ਜਾਂਦੀ ਹੈ ਤੇ ਫੇਰ ਖੰਭ ਲਾ ਕੇ ਉੱਡਦੀ ਹੈ। ਸਵਰਨ ਕੌਰ ਕੀ, ਗੁੱਝਾ-ਗੁੱਝਾ ਸਭ ਨੂੰ ਪਤਾ ਸੀ ਕਿ ਸੁਦਾਗਰ ਤੇ ਪਿਆਰੋ ਸ਼ਹਿਰੋਂ ਬਾਹਰ ਜਾ ਕੇ ਰਾਤਾਂ ਕੱਟਦੇ ਹਨ। ਵਿਆਹ ਤਾਂ ਉਹਨਾਂ ਦਾ ਨਹੀਂ ਹੋ ਸਕਿਆ ਸੀ, ਪਰ ਇਸ ਤਰ੍ਹਾਂ ਤੁਰਨ-ਫਿਰਨ ਤੋਂ ਨਾ ਸੁਦਾਗਰ ਦਾ ਬਾਪ ਉਹਨੂੰ ਰੋਕ ਸਕਦਾ ਸੀ ਤੇ ਨਾ ਪਿਆਰੋ ਦੀ ਮਾਂ। ਸਵਰਨ ਬੋਲਦੀ ਤਾਂ ਸੁਦਾਗਰ ਉਹਨੂੰ ਪਾਂਡੂ ਦੇ ਪਾਥੜੇ ਵਾਂਗ ਕੱਪੜੇ ਧੋਣ ਵਾਲੀ ਥਾਪੀ ਨਾਲ ਭੰਨ ਸੁੱਟਦਾ। ਉਹ ਬੋਲ-ਬੋਲ ਕੇ ਥੱਕ ਚੁੱਕੀ ਸੀ। ਨਿੱਤ ਆਪਣੇ ਹੱਡ ਕਿਵੇਂ ਕੁਟਵਾਉਂਦੀ ਰਹਿੰਦੀ। ਮਾਪਿਆਂ ਦਾ ਵੀ ਕੋਈ ਜ਼ੋਰ ਨਹੀਂ ਸੀ ਚੱਲਦਾ। ਸੁਦਾਗਰ ਆਪਣੇ ਰਾਹ ਤੋਂ ਹਟਦਾ ਨਹੀਂ ਸੀ। ਸਵਰਨ ਕੌਰ ਅਖ਼ੀਰ ਚੁੱਪ ਹੋ ਗਈ। ਸੱਸ-ਸਹੁਰਾ ਸਮਝਾਉਂਦੇ- 'ਤੂੰ ਭਾਈ ਆਵਦਾ ਮੁੰਡਾ ਪਾਲ, ਰੱਬ ਨੇ ਲਾਲ ਦੇ 'ਤਾ, ਇਹੀ ਤੇਰਾ ਸਹਾਰਾ ਬਣੂ। ਉਹ ਕੰਜਰ ਨ੍ਹੀਂ ਸਮਝਦਾ ਹੁਣ, ਖੂਹ 'ਚ ਲੱਤਾਂ ਲਮਕਾਈਆਂ ਨੇ ਤਾਂ ਮਰਨ ਦੇ ਕਮੂਤ ਨੂੰ। ਤੇਰਾ ਖ਼ਸਮ ਮੁੱਕ ਗਿਆ, ਸਾਡਾ ਪੁੱਤ ਮੁੱਕ ਗਿਆ।'

ਸਵਰਨ ਕੌਰ ਦਾ ਕਿਧਰੇ ਵੀ ਦਿਲ ਨਹੀਂ ਠਹਿਰਦਾ ਸੀ। ਉਹ ਬੀਮਾਰ ਰਹਿਣ ਲੱਗੀ ਤੇ ਫਿਰ ਦਿਮਾਗ਼ ਹਿਲਾ ਬੈਠੀ। ਆਪਣੇ ਆਪ ਨਾਲ ਹੀ ਗੱਲਾਂ ਕਰਦੀ। ਸਿਰ ਉੱਤੇ ਦੱਬ ਕੇ ਕੋਈ ਭਾਂਡਾ ਮਾਰ ਲੈਂਦੀ। ਚੀਕਾਂ ਮਾਰਨ ਲੱਗਦੀ। ਰੋਂਦੀ ਰਹਿੰਦੀ। ਸੱਸ-ਸਹੁਰੇ ਨੂੰ ਉਹ ਸਾਂਭਣੀ ਔਖੀ ਹੋ ਗਈ। ਜੁਆਕ ਦਾ ਅੱਡ ਬੁਰਾ ਹਾਲ ਸੀ। ਸੁਦਾਗਰ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੰਦਾ। ਪਿਓ ਗਾਲ੍ਹਾਂ ਕੱਢਣ ਲੱਗਦਾ ਤਾਂ ਉਹ ਜਵਾਬ ਦਿੰਦਾ- 'ਮੈਂ ਕਦੋਂ ਆਖਿਆ ਸੀ, ਇਹਦੇ ਨਾਲ ਵਿਆਹ ਕਰੋ ਮੇਰਾ? ਹੁਣ ਭਗਤੋ, ਤੁਸੀਂ ਭੁਗਤੋ, ਇਹ ਭੁਗਤੇ।'

ਇੱਕ ਦਿਨ ਸਵਰਨ ਕੌਰ ਦਾ ਵੱਡਾ ਭਾਈ ਆਇਆ ਤੇ ਉਹਨੂੰ ਲੈ ਗਿਆ। ਕਹਿੰਦਾ- 'ਮਾਸੀ ਜੀ, ਅਸੀਂ ਇਹਦਾ ਆਪੇ 'ਲਾਜ ਕਰਾਵਾਂਗੇ।' ਮੁੰਡਾ ਸ਼ਮਸ਼ੇਰ ਖਾਸਾ ਉਡਾਰ ਸੀ। ਮਾਂ ਬਗੈਰ ਰਹਿ ਸਕਦਾ ਸੀ। ਉਹਨੂੰ ਦਾਦੇ-ਦਾਦੀ ਨੇ ਆਪਣੇ ਕੋਲ ਰੱਖ ਲਿਆ।

ਪੇਕੀ ਜਾ ਕੇ ਵੀ ਉਹ ਸੰਭਲ ਨਹੀਂ ਸਕੀ। ਓਹੀ ਚੀਕਾਂ, ਓਹੀ ਰੋਣ ਧੋਣ। ਕੱਪੜਿਆਂ ਵਿੱਚ ਹੀ ਟੱਟੀ-ਪਿਸ਼ਾਬ ਕਰ ਲੈਂਦੀ। ਚੁੱਪ-ਚਾਪ ਹੀ ਘਰੋਂ ਬਾਹਰ ਹੁੰਦੀ ਤੇ ਨਾਲ਼ੀ ਦਾ ਬਾਹਰ ਕੱਢ ਕੇ ਸੁੱਟਿਆ ਗੰਦ ਗ਼ਾਰਾ ਖਾਣ ਲੱਗਦੀ। ਦਵਾਈਆਂ ਨੇ ਕੋਈ ਅਸਰ ਨਹੀਂ ਕੀਤਾ ਸੀ। ਇੱਕ ਰਾਤ ਪਤਾ ਨਹੀਂ ਕਦੋਂ ਉਹ ਉੱਠੀ ਤੇ ਘਰੋਂ ਬਾਹਰ ਜਾ ਕੇ ਬੋਹੜ ਵਾਲੇ ਖੂਹ ਵਿੱਚ ਛਾਲ ਮਾਰ ਦਿੱਤੀ, ਮਰ ਗਈ।

ਸੁਦਾਗਰ ਨੇ ਸ਼ੁਕਰ ਮਨਾਇਆ। ਕੰਡਿਆਂ ਦਾ ਮੈਦਾਨ ਜਿਵੇਂ ਸਾਫ਼ ਹੋ ਗਿਆ ਹੋਵੇ। ਕੁਝ ਮਹੀਨੇ ਤਾਂ ਉਹ ਚੁੱਪ ਰਿਹਾ। ਟਰੈਕਟਰ-ਏਜੰਸੀ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗਿਆ। ਬਾਪ ਸਾਹਮਣੇ ਸਾਊ ਜਿਹਾ ਬਣ ਕੇ ਰਹਿੰਦਾ। ਮੂਹਰੇ ਹੋ ਕੇ ਕੰਮ ਕਰਦਾ। ਗੱਲੀਂ-ਗੱਲੀਂ ਫੇਰ ਡੂੰਡਕਾ ਚੁੱਕ ਲਿਆ ਕਿ ਉਹਨੇ ਪਿਆਰੋ ਨਾਲ ਵਿਆਹ ਕਰਾਉਣਾ ਹੈ। ਉਹਦੀ ਗੱਲ ਨੂੰ ਫੇਰ ਕੁਚਲ ਦਿੱਤਾ ਗਿਆ। ਸੁਦਾਗਰ ਦਾ ਬਾਪ ਪਹਿਲਾਂ ਵਾਂਗ ਹੀ ਅੜ ਗਿਆ। ਪਿਆਰੋ ਦੀ ਮਾਂ ਪਹਿਲਾਂ ਵਾਂਗ ਹੀ ਡਰਾਵਾ ਦਿੰਦੀ ਕਿ ਉਹ ਜ਼ਹਿਰ ਖਾ ਕੇ ਮਰ ਜਾਵੇਗੀ, ਜੇ ਇਹ ਗੱਲ ਹੋ ਗਈ। ਮਾਂ ਨੂੰ ਪੇਕਿਆਂ ਦੀ ਲਾਜ ਬਹੁਤੀ ਸੀ। ਗੁੱਜਰਆਲੀਏ ਫੇਰ ਵੀ ਖ਼ਾਨਦਾਨੀ ਬੰਦੇ ਸਨ। ਸੁਦਾਗਰ ਦਾ ਬਾਪ ਕਹਿੰਦਾ ਸੀ, ਮੁੰਡਾ ਨਿੱਧਰਾ ਬੈਠਾ ਚੰਗਾ, ਨਾਈਆਂ ਦੇ ਘਰ ਨਹੀਂ ਢੁੱਕਣਾ। ਬਹੁਤਾ ਕਰੇਗਾ, ਮੈਂ ਸੁਦਾਗਰ ਨੂੰ ਬੇਦਾਵੇ ਲਿਖਵਾ ਦਿਆਂਗਾ, ਕੋਰਟ ਵਿੱਚ ਜਾ ਕੇ। ਇਹਨਾਂ ਰਗੜਿਆਂ-ਝਗੜਿਆਂ ਵਿੱਚ ਹੀ ਸੁਦਾਗਰ ਦਾ ਦੁਬਾਰਾ ਵਿਆਹ ਕਰ ਦਿੱਤਾ ਗਿਆ। ਗ਼ਰੀਬ ਪਰਿਵਾਰ ਦੀ ਕੁੜੀ ਸੀ ਸਤਬੀਰ ਕੌਰ। ਅਕਲੋਂ-ਸ਼ਕਲੋਂ ਚੰਗੀ ਸੀ। ਪਲੱਸ-ਟੂ ਕੀਤੀ ਹੋਈ। ਸੁਦਾਗਰ ਹਾਰ ਮੰਨ ਕੇ ਬੈਠ ਗਿਆ। ਪਿਆਰੋ ਨੂੰ ਮਿਲਣਾ ਓਵੇਂ ਹੀ ਜਾਰੀ ਰਿਹਾ। ਉਹ ਪ੍ਰੋਗਰਾਮ ਬਣਾਉਂਦੇ ਤੇ ਚੁੱਪ ਕੀਤੇ ਹੀ ਸ਼ਹਿਰ ਛੱਡ ਜਾਂਦੇ।

ਸਤਬੀਰ ਕੌਰ ਨੂੰ ਵੀ ਹੌਲ਼ੀ-ਹੌਲ਼ੀ ਪਤਾ ਲੱਗ ਗਿਆ ਕਿ ਉਹਦਾ ਪਤੀ ਕਿਧਰੇ ਹੋਰ ਫ਼ਸਿਆ ਹੋਇਆ ਹੈ, ਮਹੀਨੇ ਵਿੱਚ ਇੱਕ ਦੋ ਰਾਤਾਂ ਲਾਜ਼ਮੀ ਬਾਹਰ ਗੁਜ਼ਾਰਦਾ ਹੈ, ਪਰ ਉਹ ਇਸ ਗੱਲ ਨੂੰ ਮਨ ਉੱਤੇ ਬਹੁਤਾ ਨਾ ਲਾਉਂਦੀ। ਸੋਚਦੀ, ਜਦੋਂ ਮੇਰੇ ਨਾਲ ਠੀਕ ਹੈ, ਕਿਧਰੇ ਧੱਕੇ ਖਾਂਦਾ ਫਿਰੇ। ਮੈਨੂੰ ਕੀ? ਆਦਮੀ ਤਾਂ ਨ੍ਹਾਤਾ ਘੋੜਾ ਹੁੰਦਾ ਹੈ। ਵਰ੍ਹੇ ਬੀਤ ਰਹੇ ਸਨ। ਇਸ ਦੌਰਾਨ ਸਤਬੀਰ ਕੌਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਤੇ ਫੇਰ ਇੱਕ ਕੁੜੀ ਨੂੰ। ਸੁਦਾਗਰ ਨੂੰ ਘਰ ਵੱਲੋਂ ਕੋਈ ਰੋਕ-ਟੋਕ ਨਹੀਂ ਸੀ। ਪਿਆਰੋ ਨਾਲ ਉਹਦਾ ਸਿਲਸਿਲਾ ਜਾਰੀ ਸੀ। ਉਹਦਾ ਬਾਪ ਕੁਝ ਨਹੀਂ ਆਖਦਾ-ਬੋਲਦਾ ਸੀ। ਸੋਚਦਾ ਸੀ ਘਰੋਂ ਪਰ੍ਹੇ ਕਿਧਰੇ ਗੂੰਹ ਖਾਂਦਾ ਫਿਰੇ, ਕੀ ਫ਼ਰਕ ਪੈਂਦਾ ਹੈ। ਸੁਦਾਗਰ ਟਰੈਕਟਰ-ਏਜੰਸੀ ਵਿੱਚ ਪੂਰੀ ਦਿਲਚਸਪੀ ਲੈਂਦਾ। ਸਭ ਆਪਣੀ-ਆਪਣੀ ਥਾਂ ਅਟੰਕ ਚੱਲ ਰਿਹਾ ਸੀ। ਜਿਵੇਂ ਸੂਰਜ ਦਾ ਅਟੱਲ ਨਿਯਮ ਚੜ੍ਹਦਾ ਤੇ ਛਿਪ ਜਾਂਦਾ।

ਕਹਿੰਦੇ ਹਨ, ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਪਰ ਸੁਦਾਗਰ ਤੇ ਪਿਆਰੋ ਲਈ ਉਲਟ ਧਾਰਨਾ ਬਣੀ ਹੋਈ ਸੀ। ਉਹਨਾਂ ਲਈ ਸਮਾਂ ਓਥੇ ਹੀ ਖੜ੍ਹਾ ਸੀ। ਘਟਨਾਵਾਂ ਵਾਪਰਦੀਆਂ ਸਨ ਤੇ ਸਭ ਗੁਜ਼ਰ ਜਾਂਦਾ। ਉਹਨਾਂ ਲਈ ਚੰਗਾ ਮਾੜਾ ਸਭ ਇਕ ਸਮਾਨ ਸੀ। ਪਹਿਲਾਂ ਪਿਆਰੋ ਦਾ ਬਾਪ ਗੁਜ਼ਰ ਗਿਆ ਤੇ ਫੇਰ ਸੁਦਾਗਰ ਦੀ ਮਾਂ, ਪਰ ਉਹਨਾਂ ਲਈ ਰੁਕਾਵਟ ਸੁਦਾਗਰ ਦਾ ਬਾਪ ਤੇ ਓਧਰ ਪਿਆਰੋ ਦੀ ਮਾਂ ਤਾਂ ਅਜੇ ਜਿਉਂਦੇ ਬੈਠੇ ਸਨ। ਫੇਰ ਉਹ ਵੀ ਨਾ ਰਹੇ। ਸਭ ਸਾਫ਼ ਹੋ ਗਿਆ। ਹੁਣ ਉਹਨਾਂ ਨੂੰ ਟੋਕਣ-ਵਰਜਣ ਵਾਲਾ ਕੋਈ ਨਹੀਂ ਸੀ ਰਹਿ ਗਿਆ। ਸੁਦਾਗਰ ਨੇ ਇੱਕ ਸਾਜਿਸ਼ ਰਚੀ। ਡਾਕਟਰ ਨੂੰ ਪੈਸੇ ਦੇ ਕੇ ਇੱਕ ਸਰਟੀਫਿਕੇਟ ਲੈ ਲਿਆ ਕਿ ਉਹਦੀ ਪਤਨੀ ਸਤਬੀਰ ਕੌਰ ਦਿਮਾਗ਼ੀ ਬੀਮਾਰੀ ਦੀ ਸ਼ਿਕਾਰ ਹੈ। ਬਹਾਨੇ ਨਾਲ ਉਹਨੂੰ ਉਹਦੇ ਪਿੰਡ ਭੇਜ ਦਿੱਤਾ ਗਿਆ। ਨਾਲ ਦੋਵੇਂ ਬੱਚੇ ਵੀ। ਸੁਦਾਗਰ ਦੀ ਪਹਿਲੀ ਪਤਨੀ ਸਵਰਨ ਕੌਰ ਦਾ ਮੁੰਡਾ ਸ਼ਮਸ਼ੇਰ ਉਹਦੇ ਕੋਲ ਸੀ। ਸੁਦਾਗਰ ਤੇ ਪਿਆਰੋ ਕੋਰਟ ਵਿੱਚ ਪੇਸ਼ ਹੋਏ ਤੇ ਗ਼ਲਤ-ਮਲਤ ਕਈ ਢੰਗ ਤਰੀਕਾ ਵਰਤ ਕੇ ਸ਼ਾਦੀ ਰਜਿਸਟਰਡ ਕਰਵਾ ਲਈ।

ਸਤਬੀਰ ਕੌਰ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਹੋਵੇਗਾ। ਝੂਠੀ ਮੁਠੀ ਦੇ ਗਵਾਹ ਭੁਗਤਾ ਦਿੱਤੇ ਗਏ। ਵਕੀਲਾਂ ਲਈ ਹਰ ਮੁਕੱਦਮਾ ਸਿੱਧਾ ਹੀ ਜਿੱਤ ਲੈਣਾ ਹੈ। ਪਿਆਰੋ ਸੁਦਾਗਰ ਦੇ ਘਰ ਆ ਗਈ। ਆਪਣੇ ਘਰ ਦਾ ਸਾਰਾ ਸਾਮਾਨ ਤੇ ਘਰ ਬਾਰ ਆਪਣੇ ਭਰਾ ਗਿਆਨ ਨੂੰ ਸੱਦ ਕੇ ਸੰਭਾਲ ਦਿੱਤਾ। ਗਿਆਨ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਹ ਤਾਂ ਸਗੋਂ ਉਹਨਾਂ ਦੀ ਮਦਦ ਉੱਤੇ ਉੱਤਰ ਆਇਆ ਸੀ। ਮੁਹੱਲੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਸ਼ਹਿਰ ਵਿੱਚ ਗੱਲਾਂ ਹੋ ਰਹੀਆਂ ਸਨ। ਸ਼ਮਸ਼ੇਰ ਨੂੰ ਗਿਆਨ ਕੋਲ ਛੱਡ ਕੇ ਤੇ ਟਰੈਕਟਰ ਏਜੰਸੀ ਨੌਕਰਾਂ ਨੂੰ ਸੰਭਾਲ ਕੇ ਸੁਦਾਗਰ ਨੇ ਪਿਆਰੋ ਨੂੰ ਕਾਰ ਵਿੱਚ ਬਿਠਾਇਆ ਤੇ ਕਾਰ ਸਿੱਧੀ ਸ਼ਿਮਲੇ ਨੂੰ ਤੋਰ ਲਈ।

ਸਤਬੀਰ ਕੌਰ ਦੇ ਮਾਪੇ ਗ਼ਰੀਬ ਸਨ। ਨਾ ਉਹ ਲੜ ਝਗੜ ਸਕਦੇ ਸਨ ਤੇ ਨਾ ਉਹਨਾਂ ਵਿੱਚ ਕਚਹਿਰੀ ਜਾਣ ਦੀ ਹਿੰਮਤ ਸੀ। ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਉਹਨਾਂ ਨੇ ਸਤਬੀਰ ਦਾ ਖਰਚਾ ਬੰਨ੍ਹਵਾ ਲਿਆ। ਹਰ ਮਹੀਨੇ ਉਹਨੂੰ ਮਨੀਆਰਡਰ ਪਹੁੰਚ ਜਾਂਦਾ। ਪੇਕਿਆਂ ਬਾਰ ਬੈਠੀ ਉਹ ਦਿਨ ਕੱਟਦੀ ਤੇ ਆਪਣੇ ਜੁਆਕ ਪਾਲ਼ਦੀ। ਉਹੀ ਉਹਦਾ ਸਹਾਰਾ ਸਨ। ਏਦਾਂ ਹੀ ਕਈ ਸਾਲ ਗੁਜ਼ਰ ਗਏ। ਫੇਰ ਸੁਦਾਗਰ ਕੋਲ ਵੀ ਗੇੜਾ ਮਾਰ ਜਾਂਦਾ। ਸਤਬੀਰ ਨੂੰ ਨਕਦ ਪੈਸੇ ਦਿੰਦਾ। ਇੰਝ ਪਿਆਰੋ ਤੋਂ ਚੋਰੀਓਂ ਆਉਂਦਾ। ਮਨੀਆਰਡਰ ਹਰ ਮਹੀਨੇ ਲਗਾਤਾਰ ਪਹੁੰਚਦਾ ਸੀ।

ਪਿਆਰੋ ਦੀ ਉਮਰ ਨਿੱਕਲ ਚੁੱਕੀ ਸੀ। ਉਹਦੇ ਬੱਚਾ ਕੋਈ ਨਹੀਂ ਹੋਇਆ। ਹਾਂ! ਸ਼ਮਸ਼ੇਰ ਉਹਨਾਂ ਕੋਲ ਸੀ। ਉਹ ਦਸ ਜਮਾਤਾਂ ਪਾਸ ਕਰ ਗਿਆ ਸੀ। ਫੇਰ ਨਾ ਕੋਈ ਨੌਕਰੀ ਕਰਦਾ ਸੀ ਤੇ ਨਾ ਟਰੈਕਟਰ ਏਜੰਸੀ ਦੇ ਕੰਮ ਵਿੱਚ ਉਹਦੀ ਕੋਈ ਰੁਚੀ ਸੀ। ਸੁਦਾਗਰ ਉਹਦੇ ਵੱਲ ਕੋਈ ਖ਼ਾਸ ਧਿਆਨ ਨਾ ਦਿੰਦਾ। ਪਿਆਰੋ ਉਹਨੂੰ ਪਿਆਰ ਕਰਦੀ ਤੇ ਸਮਝਾਉਂਦੀ ਕਿ ਉਹ ਹੋਰ ਪੜ੍ਹ ਲਵੇ-ਫੇਰ ਕੋਈ ਟਰੇਨਿੰਗ ਕਰਕੇ ਕਿਸੇ ਕੰਮ ਵਿੱਚ ਪਵੇ। ਇੰਜ ਸਾਰੀ ਉਮਰ ਉਹਦਾ ਗੁਜ਼ਾਰਾ ਨਹੀਂ।

ਸੁਦਾਗਰ ਉਦਾਸ ਰਹਿੰਦਾ। ਟਰੈਕਟਰ ਏਜੰਸੀ ਦਾ ਕੰਮ ਲਗਭਗ ਠੱਪ ਸੀ। ਦੁਕਾਨ ਵਿੱਚ ਨਵਾਂ ਮਾਲ ਆਉਣਾ ਬੰਦ ਹੋ ਗਿਆ। ਨੌਕਰ ਭੱਜ ਗਏ। ਨਵਾਂ ਨੌਕਰ ਓਧਰ ਮੂੰਹ ਨਹੀਂ ਸੀ ਕਰਦਾ। ਸੁਦਾਗਰ ਨਿੱਤ ਸ਼ਰਾਬ ਪੀਂਦਾ ਤੇ ਚੁੱਪ-ਚੁੱਪ ਰਹਿੰਦਾ। ਕੋਈ ਕਹਿੰਦਾ ਸ਼ਰਾਬ ਬਹੁਤ ਪੀਤੀ ਹੋਈ ਸੀ, ਕੋਈ ਕਹਿੰਦਾ ਦਿਲ ਫੇਲ੍ਹ ਹੋ ਗਿਆ ਤੇ ਕੋਈ ਇਹ ਵੀ ਆਖਦਾ ਕਿ ਉਹਨੂੰ ਕਿਸੇ ਨੇ ਕੁਝ ਦੇ ਦਿੱਤਾ ਸੀ, ਉਹ ਇਕ ਦਿਨ ਸਵੇਰੇ ਬਿਸਤਰੇ ਵਿੱਚ ਸੁੱਤੇ ਦਾ ਸੁੱਤਾ ਪਿਆ ਮਿਲਿਆ।

ਸਤਬੀਰ ਕੌਰ ਨੇ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਸੁਦਾਗਰ ਸਿੰਘ ਦਾ ਜੋ ਕੁਝ ਵੀ ਸੀ, ਅੱਧਾ ਵੰਡਾ ਲਿਆ। ਮਕਾਨ ਤੇ ਦੁਕਾਨ ਦਾ ਅੱਧ ਵੀ। ਬੈਂਕਾਂ ਵਿੱਚ ਵੀ ਉਹਦਾ ਪੈਸਾ ਸੀ। ਅੱਧ ਸ਼ਮਸ਼ੇਰ ਤੇ ਅੱਧ ਪਿਆਰੋ ਨੂੰ ਦਿੱਤਾ ਗਿਆ। ਕੁਝ ਸਾਲ ਤਾਂ ਸ਼ਮਸ਼ੇਰ ਗੁਰਪਿਆਰ ਕੌਰ ਕੋਲ ਰਿਹਾ, ਪੁੱਤਾਂ ਜਿਹਾ ਪਿਆਰ ਲੈਂਦਾ ਰਿਹਾ, ਫੇਰ ਉਹਦੀ ਚਾਲ-ਢਾਲ ਠੀਕ ਨਹੀਂ ਰਹੀ। ਇੱਕ ਦਿਨ ਗੁਰਪਿਆਰ ਕੌਰ ਨੇ ਉਹਨੂੰ ਘਰੋਂ ਕੱਢ ਦਿੱਤਾ। ਆਖਿਆ- 'ਮਕਾਨ ਦੁਕਾਨ ਦਾ ਹਿੱਸਾ ਲੈ ਲੈ ਆਪਣਾ, ਪੈਸਾ ਅੱਧਾ ਦਿੱਤਾ ਤੈਨੂੰ, ਤੂੰ ਮੇਰਾ ਖਹਿੜਾ ਛੱਡ। ਮੈਂ ਇਕੱਲੀ ਰਹਿਣਾ ਚਾਹੁੰਨੀ ਆਂ।'

ਗੁਰਪਿਆਰ ਕੌਰ ਫੇਰ ਤਾਂ ਬਿਲਕੁਲ ਇਕੱਲੀ ਸੀ। ਕਿਸੇ ਦਾ ਚੁਬਾਰਾ ਕਿਰਾਏ ਉੱਤੇ ਲੈ ਕੇ ਰਹਿੰਦੀ। ਮਕਾਨ-ਦੁਕਾਨ ਦਾ ਜੋ ਹਿੱਸਾ ਸੀ, ਉਹਨਾਂ ਦਿਨਾਂ ਵਿੱਚ ਹੀ ਵੇਚ ਦਿੱਤਾ ਸੀ। ਸਰਵਿਸ ਦੌਰਾਨ ਹੀ ਉਹਨੇ ਅੰਗਰੇਜ਼ੀ ਦੀ ਐੱਮ. ਏ. ਕਰ ਲਈ ਸੀ। ਸਿਰ ਦੇ ਵਾਲ਼ ਚਿੱਟੇ ਹੋ ਚੁੱਕੇ ਸਨ। ਮਹਿੰਦੀ ਲਾ ਕੇ ਰੱਖਦੀ। ਦਸਵੀਂ-ਬਾਰ੍ਹਵੀ ਦੀਆਂ ਕੁੜੀਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਟਿਊਸ਼ਨ ਕਰਨਾ ਉਹਦਾ ਮੁੱਖ ਰੁਝੇਵਾਂ ਰਹਿ ਗਿਆ। ਸਰਦੀ ਦੇ ਦਿਨਾਂ ਵਿੱਚ ਸਾਥੀ ਅਧਿਆਪਕਾਂ ਦੇ ਮੁੰਡੇ-ਕੁੜੀਆਂ ਲਈ ਸਵੈਟਰ-ਕੋਟੀਆਂ ਬੁਣ ਦਿੰਦੀ ਜਾਂ ਫੇਰ ਇਮਤਿਹਾਨਾਂ ਦੇ ਦਿਨਾਂ ਵਿੱਚ ਪੰਜਾਬ ਸਕੂਲ ਬੋਰਡ ਦੇ ਪਰਚੇ ਦੇਖਦੀ। ਰੁੱਖ ਦੀ ਸੁੱਕੀ ਟਹਿਣੀ ਜਿਹੀ ਜ਼ਿੰਦਗੀ ਸੀ ਗੁਰਪਿਆਰ ਭੈਣ ਜੀ ਦੀ। ਕਦੇ-ਕਦੇ ਉਹ ਮੱਥਾ ਫ਼ੜ ਲੈਂਦੀ ਤੇ ਸੋਚਣ ਲੱਗਦੀ- 'ਮਾਂ ਦੇ ਜ਼ਹਿਰ ਸਹੇੜ ਲਿਆ। ਮਾਂ ਮਰਦੀ ਸੀ ਤਾਂ ਮਰਦੀ ਪਰ੍ਹੇ, ਉਹ ਸੁਦਾਗਰ ਨੂੰ ਲੈ ਕੇ ਕਿਧਰੇ ਭੱਜ ਜਾਂਦੀ। ਉਹ ਉਹਨਾਂ ਦਿਨਾਂ ਵਿੱਚ ਹੀ ਸ਼ਾਦੀ ਕਰਾ ਲੈਂਦੇ ਤਾਂ ਜ਼ਿੰਦਗੀ ਕੁਝ ਹੋਰ ਹੁੰਦੀ।' *