ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜ਼ਿੰਦਗੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਜ਼ਿੰਦਗੀ

ਕੱਲ੍ਹ ਰਾਤ ਉਸਨੇ ਆਪਣੀ ਪਤਨੀ ਨੂੰ ਫਿਰ ਕੁੱਟਿਆ ਸੀ। ਘਰ ਵਿੱਚ ਬੱਚਿਆਂ ਨੇ ਉਹ ਚੀਂਘ-ਚੰਘਿਆੜਾ ਪਾਇਆ ਕਿ ਰਹੇ ਰੱਬ ਦਾ ਨਾਉਂ। ਜਿਵੇਂ ਕੋਈ ਮਰ ਗਿਆ ਹੋਵੇ। ਕਮਾਲ ਦੀ ਗੱਲ, ਕੋਈ ਵੀ ਗਵਾਂਢੀ ਉਹਨਾਂ ਦੇ ਘਰ ਨਹੀਂ ਆਇਆ ਸੀ। ਅਜਿਹਾ ਵੀ ਕੀ, ਗਵਾਂਢ-ਮੱਥਾ ਹੋਰ ਕੀ ਹੁੰਦਾ ਹੈ, ਕੋਈ ਆ ਜਾਂਦਾ ਤਾਂ ਦੂਜੇ ਬੰਦੇ ਦੀ ਹਾਜ਼ਰੀ ਵਿੱਚ ਲੜਾਈ ਝਗੜੇ ਨੂੰ ਕੁਝ ਤਾਂ ਠੱਲ ਪੈ ਸਕਦੀ ਸੀ। ਪਰ ਨਹੀਂ, ਗਵਾਂਢੀਆਂ ਨੂੰ ਤਾਂ ਜਿਵੇਂ ਪਤਾ ਤੱਕ ਵੀ ਨਾ ਲੱਗਿਆ ਹੋਵੇ। ਜਦੋਂ ਕਦੇ ਸਾਹਮਣੇ ਵਾਲੇ ਘਰ ਵਿੱਚ ਵੱਸਦੇ ਲੋਕ ਕਿਸੇ ਗੱਲ ਉੱਤੇ ਉੱਚਾ-ਉੱਚਾ ਬੋਲਦੇ ਤਾਂ ਉਹਨਾਂ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੁੰਦੀ ਤਾਂ ਫਿਰ ਇਹ ਕਿਵੇਂ ਹੋ ਸਕਦਾ ਕਿ ਉਸ ਦੀ ਆਵਾਜ਼ ਉਹਨਾਂ ਦੇ ਘਰ ਤੱਕ ਨਾ ਜਾਂਦੀ ਹੋਵੇ। ਪਤਨੀ ਨਾਲ ਲੜਦਾ-ਝਗੜਦਾ ਉਹ ਤਾਂ ਬਹੁਤ ਉੱਚਾ ਬੋਲਦਾ। ਬੱਚਿਆਂ ਦਾ ਝੀਂਘ-ਚੰਘਿਆੜਾ ਕਿਵੇਂ ਨਾ ਗਵਾਂਢੀਆਂ ਦੇ ਘਰ ਜਾਂਦਾ ਹੋਵੇ।

ਪਰ ਕੀ ਕਰਨ ਗੁਆਂਢੀ ਵੀ? ਪਹਿਲਾਂ-ਪਹਿਲਾਂ ਬਥੇਰਾ ਸਮਝਾਉਣ ਆਇਆ ਕਰਦੇ ਸਨ। ਔਰਤਾਂ ਉਹਦੀ ਪਤਨੀ ਕੋਲ ਆ ਕੇ ਜਾਂਦੀਆਂ। ਬਜ਼ੁਰਗ ਲੋਕ ਉਹਨੂੰ ਆਪ ਨੂੰ ਗੱਲੀਂ-ਗੱਲੀਂ ਸਮਝਾਉਂਦੇ- "ਭਾਈ, ਨਿੱਤ ਦਾ ਕਲੇਸ਼ ਮਾੜਾ ਹੁੰਦਾ ਹੈ। ਸੂਝ-ਬੂਝ ਨਾਲ ਚੱਲੋ, ਝੱਜੂ ਪਾਉਣ ਦਾ ਕੀ ਮਤਲਬ?" ਬੁੜ੍ਹੀਆਂ ਉਹਦੀ ਪਤਨੀ ਕੋਲ ਆਉਂਦੀਆਂ ਤਾਂ ਉਹ ਕੁਝ ਨਾ ਦੱਸ ਸਕਦੀ। ਬਸ ਅੱਖਾਂ ਭਰ ਲੈਂਦੀ। ਐਨਾ ਹੀ ਕਹਿੰਦੀ- "ਕੀ ਦੱਸਾਂ ਭੈਣ ਜੀ, ਦੱਸਣ ਵਾਲੀ ਕੋਈ ਗੱਲ ਹੋਵੇ ਤਾਂ ਦੱਸਾਂ ਵੀ। ਨਿੱਕੀ ਜਿਹੀ ਗੱਲ ਨੂੰ ਲੈ ਕੇ ਹੀ ਝਗੜਾ ਹੋ ਜਾਂਦਾ ਹੈ। ਇੱਕ ਤਾਂ ਸੁਭਾਓ ਦੋਹਾਂ ਦਾ ਇਕੋ ਜਿਹਾ ਹੀ ਹੈ, ਅੱਗ ਲੱਗਣਾ। ਉਹ ਵੀ ਤਿੱਖਾ ਬੋਲਦੇ ਨੇ, ਮੈਂ ਵੀ ਤਿੱਖਾ ਬੋਲਦੀ ਹਾਂ। ਬਥੇਰਾ ਮਨ ਨੂੰ ਸਮਝਾਈਦਾ ਹੈ, ਪਰ ਪਤਾ ਨਹੀਂ ਕੀ ਆ ਵੜਿਆ ਸਾਡੇ ਘਰ ਵਿੱਚ। ਨਿੱਤ ਝਗੜਾ, ਨਿੱਤ ਕਲੇਸ਼।"

ਕੀ ਕਰਦੇ ਗੁਆਂਢੀ, ਉਹਨਾਂ ਦਾ ਤਾਂ ਨਿੱਤ ਦਾ ਹੀ ਝਗੜਾ ਕਲੇਸ਼ ਸੀ।

ਉਹ ਜੇ ਇੱਕ ਸਕੂਲ ਮਾਸਟਰ ਹੈ। ਤਨਖ਼ਾਹ ਥੋੜ੍ਹੀ ਹੈ। ਘਰ ਦੇ ਖਰਚ ਬੇਅੰਤ। ਉਹਨੂੰ ਕੋਈ ਉਤਲੀ ਆਮਦਨ ਵੀ ਨਹੀਂ। ਬੱਚੇ ਚਾਰ। ਤਿੰਨ ਕੁੜੀਆਂ, ਇੱਕ ਮੁੰਡਾ। ਪਤਨੀ ਦਸ ਜਮਾਤਾਂ ਪਾਸ ਹੈ। ਸੈਂਕੜੇ ਵਾਰ ਕਹਿ ਚੁੱਕੀ ਹੈ, “ਮੈਨੂੰ ਕੋਈ ਨਿੱਕੀ ਮੋਟੀ ਨੌਕਰੀ ਦਿਵਾ ਦਿਓ ਜੀ, ਕਿਧਰੇ। ਘਰ ਦਾ ਖਰਚ ਤਾਂ ਸੁਖਾਲਾ ਚੱਲੇ।" ਪਰ ਉਹ ਜੋ ਹੈ, ਐਨਾ ਹਿਸਾਬੀ-ਕਿਤਾਬੀ ਨਹੀਂ। ਪਤਨੀ ਨੂੰ ਕਹਿੰਦਾ ਹੈ- "ਤੇਰੀ ਨੌਕਰੀ ਨਾਲ ਕੋਈ ਫ਼ਰਕ ਨਹੀਂ ਪੈਣਾ। ਤੈਨੂੰ ਘਰ ਵਿੱਚ ਤਾਂ ਐਨਾ ਕੰਮ ਹੈ। ਬੱਚੇ ਹਨ। ਇਹਨਾਂ ਦੀ ਸੰਭਾਲ ਤੇ ਫਿਰ ਇਹਨਾਂ ਨੂੰ ਸਿਰੇ ਵੀ ਤਾਂ ਲਾਉਣਾ ਹੈ। ਇਹਨਾਂ ਦਾ ਭਵਿੱਖ ਵੀ ਤਾਂ ਸਿਰਜਣਾ ਹੈ।" ਉਸ ਨੇ ਆਪਣੇ ਘਰ ਦਾ ਮਾਸਕ ਬਜਟ ਕਦੇ ਨਹੀਂ ਬਣਾਇਆ, ਹਮੇਸ਼ਾ ਹੀ ਆਮਦਨ ਨਾਲੋਂ ਖਰਚ ਵਧ ਜਾਂਦਾ ਹੈ। ਉਧਾਰ ਖੜ੍ਹਾ ਹੋਣ ਲੱਗਦਾ ਹੈ ਤੇ ਫਿਰ ਜਦੋਂ ਉਧਾਰ ਉਤਰਨ ਲੱਗੇ ਤਾਂ ਘਰ ਵਿੱਚ ਝਗੜਾ ਹੁੰਦਾ ਹੈ। ਪਤਨੀ ਕੁਝ ਕਹਿੰਦੀ ਹੈ ਤੇ ਉਹ ਕੁਝ ਕਹਿੰਦਾ ਹੈ। ਪਤਨੀ ਦੀ ਗੱਲ ਉਹ ਸੁਣਦਾ ਹੀ ਨਹੀਂ। ਪਤਨੀ ਉਹਦੀ ਗੱਲ ਨਹੀਂ ਸੁਣਦੀ ਤੇ ਫਿਰ ਝਗੜਾ। ਉਹ ਜੋ ਆਪਣੇ ਘਰ ਦਾ ਬਜਟ ਤਾਂ ਠੀਕ ਰੱਖ ਸਕਦਾ ਨਹੀਂ, ਆਪਣੇ ਆਪ ਨੂੰ ਸਪਸ਼ਟ ਵੀ ਨਹੀਂ ਕਰ ਸਕਦਾ। ਆਪਣੇ-ਆਪ ਵਿੱਚ ਸੰਕੋਚ ਵੀ ਨਹੀਂ ਲਿਆ ਸਕਦਾ। ਜੇਬ ਦਾ ਨੰਗ, ਤਬੀਅਤ ਬਾਦਸ਼ਾਹੀ। ਉਹਦਾ ਆਖ਼ਰੀ ਜਵਾਬ, ਉਹ ਕਿਸੇ ਬੱਚੇ ਨੂੰ ਕੁੱਟ ਦੇਵੇਗਾ। ਪਤਨੀ ਨੂੰ ਵੀ ਨਹੀਂ ਬਖ਼ਸ਼ਦਾ। ਪਤਨੀ ਲੱਖ ਡਰਾਵਾ ਦੇਵੇ ਕਿ ਉਹਦੇ ਚਾਰ ਬੱਚੇ ਉਹਦੇ ਪੈਰਾਂ ਵਿੱਚ ਚਾਰ ਸੰਗਲ ਹਨ। ਕਈ ਵਾਰ ਉਹ ਖ਼ੁਦ ਸੋਚਦਾ ਹੈ ਕਿ ਘਰ ਛੱਡ ਕੇ ਚਲਿਆ ਜਾਵੇ। ਕਿਧਰੇ ਵੀ ਜਾ ਸਕਦਾ ਹੈ। ਉਹ ਊਟ-ਪਟਾਂਗ ਸੋਚਣ ਲੱਗਦਾ ਹੈ-ਪਤਨੀ ਤੇ ਬੱਚਿਆਂ ਤੋਂ ਉਹਨੇ ਕੀ ਲੈਣਾ ਹੈ? ਇਹ ਘਰ ਤਾਂ ਇਕ ਖੂਹ ਹੈ। ਇਸ ਖੂਹ ਵਿੱਚ ਗ਼ਰਕ ਹੋ ਕੇ ਰਹਿ ਗਿਆ ਹੈ। ਖਾਣ ਦਾ ਸ਼ੌਕ ਉਹਨੂੰ ਨਹੀਂ, ਪਹਿਨਣ ਦਾ ਉਹਨੂੰ ਨਹੀਂ, ਉਹਨੂੰ ਕੋਈ ਨਸ਼ਾ-ਅਮਲ ਵੀ ਨਹੀਂ ਤੇ ਫਿਰ ਉਹਦੀ ਤਨਖਾਹ ਜਾਂਦੀ ਕਿੱਧਰ ਹੈ? ਉਹਨੂੰ ਪਤਾ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਪਤਨੀ ਦੇ ਹੱਥ ਵਿੱਚ ਪੈਸੇ ਹੋਣ, ਉਹ ਨਹੀਂ ਖਿਝਦੀ-ਬੋਲਦੀ, ਪਰ ਜਦੋਂ ਘਰ ਵਿੱਚ ਕੋਈ ਪੈਸਾ ਨਹੀਂ ਰਹਿੰਦਾ, ਪਤੀ-ਪਤਨੀ ਦਾ ਕਲੇਸ਼ ਰਹਿੰਦਾ ਹੈ। ਆਖੇਗੀ- “ਤੁਸੀਂ ਇੱਕ ਰੁਪਈਆ ਵੀ ਕਦੇ ਆ ਕੇ ਮੈਨੂੰ ਨਹੀਂ ਫੜਾਇਆ। ਸਾਰੀ ਤਨਖਾਹ ਬਾਹਰ ਦੀ ਬਾਹਰ ਕਿਧਰੇ ਸੁੱਟ ਆਉਂਦੇ ਹੋ। ਜੇ ਇੱਕ ਤਰੀਕ ਨੂੰ ਇੱਕ ਸੌ ਰੁਪਿਆ ਮੈਨੂੰ ਫੜਾਇਆ ਕਰੋ ਤਾਂ ਉਹਦੇ ਨਾਲ ਸਾਰੇ ਮਹੀਨੇ ਦਾ ਖਰਚ ਮੈਂ ਤੋਰ ਸਕਦੀ ਹਾਂ। ਸਬਜ਼ੀ ਦਾ ਖਰਚ, ਡਾਕਟਰ ਦਾ ਖਰਚ ਤੇ ਹੋਰ ਨਿੱਕੇ-ਮੋਟੇ ਸਭ ਖਰਚ। ਹੁੰਦਾ ਇਹ ਹੈ ਕਿ ਪਤਨੀ ਨੂੰ ਚਾਹੇ ਪੰਜ ਸੌ ਰੁਪਿਆ ਫੜਾ ਦਿਓ, ਉਹ ਪੰਜ ਦਿਨਾਂ ਤੋਂ ਵੱਧ ਨਹੀਂ ਚਲਾਵੇਗੀ। ਤਬੀਅਤ ਤਾਂ ਉਹਦੀ ਵੀ ਬਾਦਸ਼ਾਹੀ ਹੈ ਨਾ।"

ਉਹ ਜੋ ਇੱਕ ਭਾਵਨਾਸ਼ੀਲ ਵਿਅਕਤੀ ਹੈ। ਪਹਿਲਾਂ ਤਾਂ ਕਿਸੇ ਬੱਚੇ ਨੂੰ ਮੱਕੀ ਦੀਆਂ ਛੱਲੀਆਂ ਵਾਂਗ ਛੁਲਕ ਦਿੰਦਾ ਹੈ। ਫਿਰ ਦੂਜੇ ਬਿੰਦ ਹੀ ਪਛਤਾਉਣ ਲੱਗਦਾ ਹੈ, ਤੇ ਫਿਰ ਉਸ ਨੂੰ ਪੁਚ-ਪੁਚ ਕਰਕੇ ਵਰਿਆਉਣ ਲੱਗ ਪਵੇਗਾ। ਪਤਨੀ ਨੂੰ ਔਖਾ ਬੋਲ ਕੇ, ਗਾਲ੍ਹਾਂ ਕੱਢ ਕੇ ਜਾਂ ਕਦੇ ਉਹਦੀ ਕੁੱਟ ਮਾਰ ਕਰਕੇ ਪਿਛੋਂ ਚੁੱਪ ਕਰਕੇ ਬੈਠ ਜਾਵੇਗਾ। ਘਰੋਂ ਬਾਹਰ ਹੋ ਜਾਵੇਗਾ ਤੇ ਫਿਰ ਘਰ ਆ ਕੇ ਪਤਨੀ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਵੇਗਾ, ਜਿਵੇਂ ਘਰ ਵਿੱਚ ਕੁਝ ਵਾਪਰਿਆ ਹੀ ਨਹੀਂ ਸੀ।

ਤੇ ਕੱਲ੍ਹ ਰਾਤ ਗੱਲ ਤਾਂ ਆਮ ਵਰਗੀ ਸੀ, ਪਰ ਝਗੜਾ ਕਾਫ਼ੀ ਵਧ ਗਿਆ। ਉਹਨੇ ਛੋਟਾ ਸਟੂਲ ਚੁੱਕਿਆ ਸੀ ਤੇ ਪਤਨੀ ਦੇ ਸਿਰ ਵੱਲ ਵਗਾਹ ਮਾਰਿਆ। ਪਤਨੀ ਅਚਾਨਕ ਪਰ੍ਹਾਂ ਹੋ ਗਈ। ਸਟੂਲ ਉਹਦੀ ਲੱਤ ਉੱਤੇ ਵੱਜ ਕੇ ਦੂਰ ਜਾ ਡਿੱਗਿਆ। ਸਿਰ ਉੱਤੇ ਲੱਗਦਾ ਤਾਂ ਮੋਘ ਖੋਲ੍ਹ ਦਿੰਦਾ, ਪਰ ਲੱਤ ਨੂੰ ਵੀ ਉਹ ਤਾਂ ਲਹੂ-ਲੁਹਾਣ ਕਰਕੇ ਰੱਖ ਗਿਆ। ਸੁਕੜੰਜ ਦਾ ਮਾਸ ਛਿੱਲਿਆ ਗਿਆ। ਜਿਵੇਂ ਕੋਈ ਅਣਜਾਣ ਮਿਸਤਰੀ ਲੱਕੜ ਉੱਤੇ ਰੰਦਾ ਫੇਰ ਦੇਵੇ। ਪਤਨੀ ਥਾਂ ਦੀ ਥਾਂ ਬੈਠ ਗਈ ਸੀ, ਪਰ ਬੋਲਣੋਂ ਨਹੀਂ ਹਟੀ। ਵੱਡੀ ਕੁੜੀ ਭੱਜ ਕੇ ਆਈ ਤੇ ਮਾਂ ਦੀ ਸਲਵਾਰ ਲਹੂ ਨਾਲ ਗੱਚ ਹੋਈ ਦੇਖ ਕੇ ਚਾਂਗਾਂ ਮਾਰਨ ਲੱਗੀ। ਚਾਂਗਾਂ ਮਾਰੇ ਤੇ ਕੋਈ ਲੀਰ ਵੀ ਲੱਭਦੀ ਫਿਰੇ ਤਾਂ ਕਿ ਮਾਂ ਦੀ ਲੱਤ ਉੱਤੇ ਪਾਣੀ-ਪੱਟੀ ਬੰਨ੍ਹ ਦੇਵੇ। ਬਾਪ ਨੇ ਇੱਕ ਥੱਪੜ ਉਹਦੇ ਵੀ ਟਿਕਾਅ ਦਿੱਤਾ, ਅਖੇ- “ਤੂੰ ਕਾਹਤੋਂ ਬੋਕ ਟੱਡਿਐ?”

ਲਹੂ ਦੇਖ ਕੇ ਪਤਨੀ ਚੁੱਪ ਹੋ ਗਈ ਤੇ ਫਿਰ ਆਪਣੇ ਆਪ ਪਿੱਟਣ ਲੱਗੀ। ਸਿਰੋ-ਸਿਰ ਭੰਨ ਸੁੱਟਿਆ। ਧੀ ਨੇ ਉਹਦੇ ਹੱਥ ਫੜੇ।

ਉਹ ਜੋ ਇੱਕ ਖੂੰਖਾਰ ਪਤੀ ਹੈ। ਪਤਨੀ ਦੀ ਇਹ ਹਾਲਤ ਦੇਖ ਕੇ ਧੀ ਦੀ ਮਦਦ ਕਰਨ ਲੱਗ ਪਿਆ। ਭਿਉਂਤੀ ਪੱਟੀ ਉਹਦੇ ਹੱਥੋਂ ਖੋਹ ਕੇ ਪਰ੍ਹਾਂ ਸੁੱਟ ਦਿੱਤੀ। ਘਰ ਵਿੱਚ ਪਈ ਡਿਟੋਲ ਨਾਲ ਪਤਨੀ ਦਾ ਜ਼ਖ਼ਮ ਸਾਫ਼ ਕੀਤਾ। ਲਹੂ ਥੋੜ੍ਹਾ-ਥੋੜ੍ਹਾ ਅਜੇ ਵੀ ਸਿੰਮ ਰਿਹਾ ਸੀ। ਘਰ ਵਿੱਚ ਪੀਲ਼ੀ ਦਵਾਈ ਵੀ ਸੀ। ਪੀਲ਼ੀ ਦਵਾਈ ਵਿੱਚ ਚਿੱਟੀ ਪੱਟੀ ਭਿਉਂ ਕੇ ਜ਼ਖ਼ਮ ਉੱਤੇ ਧਰ ਦਿੱਤੀ। ਸਪਿਰਟ ਮਿਲੀ ਪੀਲ਼ੀ ਦਵਾਈ ਜ਼ਖ਼ਮ ਉੱਤੇ ਕੀੜੀਆਂ ਵਾਂਗ ਲੜਨ ਲੱਗੀ ਤਾਂ ਪਤਨੀ ਨੇ ਚੀਸ ਵੱਟੀ। ਧੀ ਨੇ ਮਾਂ ਦੀ ਲੱਤ ਗੋਡੇ ਕੋਲੋਂ ਘੁੱਟ ਕੇ ਫ਼ੜੀ ਹੋਈ ਸੀ। ਪਤੀ ਨੇ ਕਿਸੇ ਸਿਆਣੇ ਡਾਕਟਰ ਵਾਂਗ ਪੱਟੀ ਕਰ ਦਿੱਤੀ। ਫਿਰ ਸਾਬਣ ਨਾਲ ਹੱਥ ਧੋਤੇ ਤੇ ਇੱਕ ਲੰਬਾ ਹਉਕਾ ਲੈ ਕੇ ਬੈਠਕ ਵਿੱਚ ਮੰਜੇ ਉੱਤੇ ਜਾ ਪਿਆ। ਆਪਣੇ ਪਰਿਵਾਰਕ ਜੀਵਨ ਉੱਤੇ ਝੁਰਨ ਲੱਗਿਆ। ਇਹ ਵੀ ਕੋਈ ਜ਼ਿੰਦਗੀ ਹੈ?

ਪਤਨੀ ਨੇ ਰੋਟੀ ਪਕਾ ਤਾਂ ਲਈ ਸੀ, ਪਰ ਇਹ ਪਤਾ ਨਹੀਂ, ਬੱਚਿਆਂ ਵਿੱਚੋਂ ਕਿਸ-ਕਿਸ ਨੇ ਖਾਧੀ ਸੀ। ਮੁੰਡਾ ਬੀਮਾਰ ਸੀ, ਦੋ ਦਿਨਾਂ ਤੋਂ ਰੋਟੀ ਨਹੀਂ ਖਾ ਰਿਹਾ ਸੀ। ਉਹਨੇ ਸੋਚਿਆ, ਛੋਟੀਆਂ ਦੋਵੇਂ ਕੁੜੀਆਂ ਨੇ ਰੋਟੀ ਖਾ ਲਈ ਹੋਵੇਗੀ, ਪਰ ਵੱਡੀ ਨੇ ਨਹੀਂ ਖਾਧੀ। ਉਹ ਤਾਂ ਉਹਨਾਂ ਦੇ ਕਲੇਸ਼ ਵਿੱਚ ਹੀ ਉਲਝ ਗਈ ਸੀ। ਉਹਨੂੰ ਰੋਟੀ ਖਾਣੀ ਕਦੋਂ ਸੁੱਝੀ ਹੋਵੇਗੀ। ਪਤਨੀ ਦੇ ਰੋਟੀ ਖਾਣ ਦਾ ਸਵਾਲ ਹੀ ਨਹੀਂ ਸੀ। ਉਹ ਤਾਂ ਸਭ ਦੇ ਖਾਣ ਬਾਅਦ ਰੋਟੀ ਖਾਂਦੀ। ਉਹ ਜੋ ਹੁਣ ਬੈਠਕ ਵਿੱਚ ਖ਼ਾਲੀ ਪੇਟ ਪਿਆ ਹੋਇਆ ਸੀ, ਇੱਕ ਬਿੰਦ ਉਹਨੇ ਇਹ ਸਭ ਸੋਚਿਆ ਸੀ। ਉਹਨੂੰ ਆਪ ਨੂੰ ਤਾਂ ਕੋਈ ਭੁੱਖ ਹੀ ਨਹੀਂ ਸੀ। ਉਹ ਤਾਂ ਅਜੇ ਤੱਕ ਵੀ ਗੁੱਸੇ ਦਾ ਭਰਿਆ ਪਿਆ ਸੀ। ਅੱਧੀ ਰਾਤ ਤੱਕ ਉਹਨੂੰ ਨੀਂਦ ਨਹੀਂ ਆਈ। ਬਸ ਇਹੀ ਇੱਕ ਖ਼ਿਆਲ ਇਹ ਵੀ ਜ਼ਿੰਦਗੀ ਹੈ ਕੋਈ? ਗਧੇ ਵਾਂਗ ਘੱਟਾ ਢੋਈਦਾ ਹੈ। ਇਸ ਨਾਲੋਂ ਤਾਂ ਬੰਦਾ ਇਸ ਜੱਗ ਵਿੱਚ ਆਵੇ ਹੀ ਨਾ। ਉਹਦਾ ਜੀਅ ਕਰਦਾ ਕਿ ਉਹ ਚੁੱਪ-ਚਾਪ ਉੱਠੇ ਤੇ ਆਪਣੇ ਚਾਰੇ ਜਵਾਕਾਂ ਦੇ ਗਲ ਘੁੱਟ ਕੇ ਉਹਨਾਂ ਨੂੰ ਮਾਰ ਦੇਵੇ ਤੇ ਬਾਅਦ ਵਿੱਚ ਖ਼ੁਦ ਵੀ ਮਰ ਜਾਵੇ। ਉਹਦੀ ਪਤਨੀ ਨੂੰ ਫਿਰ ਤਾਂ ਪਤਾ ਲੱਗੇ ਹੀ ਕਿ ਮੇਰੀ ਇਸ ਘਰ ਵਿੱਚ ਕਿੰਨੀ ਕੁ ਕੀਮਤ ਸੀ? ਬੜੀ-ਭੈੜੀ ਔਰਤ ਹੈ, ਇਹ ਮੈਨੂੰ ਚੈਨ ਨਾਲ ਕਦੇ ਵੀ ਜਿਊਣ ਨਹੀਂ ਦੇਵੇਗੀ। ਇਕ ਤੀਵੀਂ ਹੁੰਦੀ ਹੈ ਕਿ ਘਰ ਵਿੱਚ ਸੰਜਮ ਨਾਲ ਰਹਿੰਦੀ ਹੈ। ਪਤੀ ਦੀਆਂ ਮਜ਼ਬੂਰੀਆਂ ਨੂੰ ਸਮਝਦੀ ਹੈ। ਉਹਨਾਂ ਦਾ ਦੁੱਖ-ਸੁੱਖ ਸਾਂਝਾ ਹੁੰਦਾ ਹੈ। ਤਲਖ਼ੀਆਂ ਨਾਲ ਕਦੇ ਤੁਰੇ ਨੇ ਘਰ?

ਪਹੁ ਅਜੇ ਫੁੱਟੀ ਨਹੀਂ ਸੀ। ਉਹ ਉੱਠਿਆ। ਪੈਰਾਂ ਵਿੱਚ ਬਾਥ-ਰੂਮ ਚੱਪਲਾਂ ਪਾਈਆਂ। ਉਹਦਾ ਜੀਅ ਕੀਤਾ, ਉਹ ਬੱਚਿਆਂ ਨੂੰ ਦੇਖੇ। ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ ਤੇ ਉਹਦੀ ਪਤਨੀ ਵੀ। ਸੋਚਿਆ, ਬਲਬ ਜਗਾਇਆ ਤਾਂ ਕੋਈ ਜਾਗ ਪਵੇਗਾ। ਕੋਈ ਪੁੱਛ ਨਾ ਲਵੇ, ਇਸ ਵਕਤ?

ਬੱਚਿਆਂ ਵਿਚਾਰਿਆਂ ਦਾ ਕੀ ਕਸੂਰ ਹੈ? ਆਪੇ ਰੁਲ-ਖੁਲ ਕੇ ਪਲ਼ ਜਾਣਗੇ। ਆਪਣੀ ਕਿਸਮਤ ਭੋਗਣਗੇ, ਪਰ ਉਹ ਪਤਨੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

ਸਾਈਕਲ ਚੁੱਕਿਆ, ਚੱਕਿਆਂ ਦੀ ਹਵਾ ਨਹੀਂ ਦੇਖੀ, ਦਰਵਾਜ਼ੇ ਅੰਦਰ ਲੱਗਿਆ ਜਿੰਦਰਾ ਚੁੱਪ-ਚਾਪ ਖੋਲ੍ਹਿਆ। ਘਰੋਂ ਬਾਹਰ ਹੋ ਕੇ ਸਾਈਕਲ ਨੂੰ ਅੱਡੀ ਦਿੱਤੀ ਤੇ ਚੱਲ ਪਿਆ। ਸਤੰਬਰ-ਅਕਤੂਬਰ ਦਾ ਮਹੀਨਾ ਸੀ। ਉਹਨਾਂ ਦੀ ਗਲੀ ਦੀਆਂ ਮਿਊਂਸਪਲ-ਟਿਊਬਾਂ ਦੂਧੀਆ ਚਾਨਣ ਬਖੇਰ ਰਹੀਆਂ ਸਨ। ਗਲੀ ਦੇ ਮੋੜ ਤੱਕ ਉਹਨੂੰ ਕੋਈ ਨਹੀਂ ਮਿਲਿਆ। ਅੱਜ ਤਾਂ ਗਵਾਂਢੀਆਂ ਦਾ ਕੁੱਤਾ ਵੀ ਨਹੀਂ ਭੌਂਕਿਆ। ਗਲੀ ਦੇ ਮੋੜ ਤੋਂ ਸਿੱਧੀ ਸਪਾਟ ਸੜਕ ਰੇਲਵੇ-ਫਾਟਕ ਤੱਕ ਜਾਂਦੀ ਸੀ। ਸੜਕ ਦੀਆਂ ਟਿਊਬਾਂ ਵੀ ਚੁੱਪ-ਚਾਪ ਜਗ ਰਹੀਆਂ ਸਨ। ਟਿਊਬ ਕੋਲ ਦੀ ਉਹ ਗੁਜ਼ਰਦਾ, ਉਹਦਾ ਆਪਣਾ ਪਰਛਾਵਾਂ ਹੀ ਉਹਦੇ ਅੱਗੇ-ਅੱਗੇ ਭੱਜਿਆ ਜਾ ਰਿਹਾ ਹੁੰਦਾ। ਸੜਕ ਉੱਤੇ ਤਾਇਨਾਤ ਗੋਰਖੇ ਚੌਕੀਦਾਰ ਨੇ ਆਪਣੀ ਵਿਸਲ ਜੇਬ ਵਿੱਚ ਪਾ ਲਈ ਸੀ। ਹੱਥ ਵਿਚਲੇ ਬਾਂਸ ਦਾ ਡੰਡਾ ਖੰਭੇ ਨਾਲ ਟਿਕਾਅ ਰੱਖਿਆ ਸੀ। ਬੈਟਰੀ ਮੋਢੇ ਨਾਲ ਲਟਕ ਰਹੀ ਸੀ। ਉਹ ਆਪਣੀ ਘੜੀ ਵੱਲ ਵਾਰ-ਵਾਰ ਵੇਖ ਰਿਹਾ ਸੀ। ਉਹਦੀ ਡਿਉਟੀ ਖ਼ਤਮ ਹੋਣ ਵਾਲੀ ਹੋਵੇਗੀ।

ਰੇਲਵੇ-ਫਾਟਕ ਤੋਂ ਅੱਗੇ ਨਹਿਰ ਵੱਲ ਨੂੰ ਜਾਂਦਾ ਪੈਦਲ ਰਸਤਾ ਸੀ, ਪਰ ਸਾਈਕਲ ਤਾਂ ਚੱਲ ਸਕਦਾ ਸੀ। ਇੱਕ ਬਿੰਦ ਉਹਨੇ ਸੋਚਿਆ, ਜੇ ਉਹ ਸੜਕ ਪੈ ਕੇ ਆਉਂਦਾ ਤਾਂ ਕਿੰਨਾ ਸੁਖਾਲਾ ਰਹਿੰਦਾ। ਇਹੀ ਸੀ ਕਿ ਪੰਦਰਾਂ ਮਿੰਟ ਵੱਧ ਲੱਗ ਜਾਂਦੇ। ਰੇਲਵੇ-ਫਾਟਕ ਤੋਂ ਸਿੱਧੀ ਸੜਕ ਨਹਿਰ ਤੱਕ ਜਾਂਦੀ ਹੈ ਤੇ ਫਿਰ ਨਹਿਰ ਦੇ ਨਾਲ-ਨਾਲ ਹੋ ਕੇ ਇਸ ਪੁਲ ਉੱਤੋਂ ਦੀ ਗੁਜ਼ਰਦੀ ਹੈ। ਨਹਿਰ ਵਿੱਚ ਛਾਲ ਮਾਰਨੀ ਸੀ, ਕਿਤੇ ਵੀ ਮਾਰੀ ਜਾਵੇ। ਖ਼ੈਰ ... ਉਹ ਹੱਸਿਆ- “ਹੁਣ ਜਦੋਂ ਮਰ ਹੀ ਜਾਣਾ ਹੈ ਤਾਂ ਸੁਖਾਲਾ, ਬੇਸੁਖਾਲਾ ਸੋਚਣ ਦਾ ਕੀ ਮਤਲਬ?"

ਸਾਈਕਲ ਉਹਨੇ ਪੁਲ ਨਾਲ ਖੜ੍ਹਾ ਕਰ ਦਿੱਤਾ। ਇੱਕ ਬਿੰਦ ਦਮ ਲੈਣ ਲਈ ਉਹ ਪੁਲ ਦੀ ਚੌਕੜੀ ਉੱਤੇ ਬੈਠ ਗਿਆ। ਸੌਖਾ ਜਿਹਾ ਹੋਇਆ ਤਾਂ ਉਹਦਾ ਜੀਅ ਕੀਤਾ ਕਿ ਪੁਲ ਦੀਆਂ ਪੌੜੀਆਂ ਉੱਤਰ ਕੇ ਠੰਢਾ-ਠੰਢਾ ਪਾਣੀ ਪੀਤਾ ਜਾਵੇ, ਉਹਨੂੰ ਬੇਤਹਾਸ਼ਾ ਤੇਹ ਲੱਗੀ ਹੋਈ ਸੀ। ਇੱਕ ਆਵੇਸ਼ ਜਿਹੇ ਵਿੱਚ ਉਹ ਪੌੜੀਆਂ ਉੱਤਰ ਗਿਆ। ਨਹਿਰ ਦਾ ਪਾਣੀ ਬੜੇ ਠਰ੍ਹੰਮੇ ਨਾਲ ਪਰ ਤੇਜ਼-ਤੇਜ਼ ਚੱਲ ਰਿਹਾ ਸੀ। ਪੁਲ ਦੇ ਦੂਜੇ ਪਾਸੇ ਧਾਰਾਂ ਬਣ ਕੇ ਡਿੱਗਦਾ ਤੇ ਸ਼ੋਰ ਕਰਦਾ। ਇੱਕ ਨਿਰੰਤਰ ‘ਸ਼ੋਰ, ਸ਼ੋਰ, ਜਿਸ ਦੇ ਕਈ ਅਰਥ ਹੋਣ। ਉਹਨੇ ਪਾਣੀ ਦੇ ਤਿੰਨ ਬੁੱਕ ਭਰ ਕੇ ਪੀਤੇ। ਜਿਵੇਂ ਕਾਲਜੇ ਠੰਢ ਪੈ ਗਈ ਹੋਵੇ। ਜਿਵੇਂ ਉਹਦੇ ਦਿਮਾਗ਼ ਵਿੱਚ ਵੀ ਕੋਈ ਟਿਕਾਓ ਆ ਗਿਆ ਹੋਵੇ। ਡਿੱਗ ਰਹੀਆਂ ਧਾਰਾਂ ਦਾ ਸ਼ੋਰ ਕਰਦਾ ਪਾਣੀ ਜਿਵੇਂ ਕੁਝ ਆਖ ਰਿਹਾ ਹੋਵੇ। ਇੱਕ ਨਿਰੰਤਰ ਸ਼ੋਰ, ਜਿਵੇਂ ਇੱਕ ਸਦੀਵੀ ਸੰਗੀਤ ਤੇ ਜਿਸ ਦੇ ਅਰਥ ਕਿ ਜ਼ਿੰਦਗੀ ਇੱਕ ਨਿਰੰਤਰ ਧਾਰਾ ਹੈ।

ਜ਼ਿੰਦਗੀ ਦੀ ਧਾਰਾ ਨੂੰ ਕੌਣ ਕੱਟ ਸਕਿਆ ਹੈ। ਜ਼ਿੰਦਗੀ ਤਾਂ ਰੁਕੀ ਨਹੀਂ। ਤਾਂ ਫਿਰ ਉਸ ਨੂੰ ਕੀ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਵੇ? ਉਹ ਤਾਂ ਹੈ ਵੀ ਇਸ ਵਿਸ਼ਾਲ ਸ਼੍ਰਿਸ਼ਟੀ ਦਾ ਇੱਕ ਨਿੱਕਾ ਜਿਹਾ ਕਿਣਕਾ। ਇੱਕ ਕਿਣਕਾ ਖ਼ਤਮ ਹੋ ਕੇ ਸ਼੍ਰਿਸ਼ਟੀ ਦਾ ਕੀ ਵਿਗਾੜ ਜਾਵੇਗਾ? ਉਹਨੂੰ ਆਤਮ-ਹੱਤਿਆ ਨਹੀਂ ਕਰਨੀ ਚਾਹੀਦੀ। ਜ਼ਿੰਦਗੀ ਨਾਲ ਜੂਝਣਾ ਵੀ ਮਰਦਾਨਗੀ ਹੈ। ਉਹ ਸੰਘਰਸ਼ ਜਾਰੀ ਰੱਖੇਗਾ ਤੇ ਆਖ਼ਰੀ ਦਮ ਤੱਕ ਲੜੇਗਾ। ਆਪਣੇ ਆਪ ਨੂੰ ਖ਼ੁਦ ਹੀ ਖ਼ਤਮ ਕਰ ਲੈਣਾ ਤਾਂ ਬੁਜ਼ਦਿਲੀ ਹੈ। ਉਹ ਉਤਾਂਹ ਪੌੜੀਆਂ ਚੜ੍ਹ ਆਇਆ ਸੀ। ਪੁਲ ਦੀ ਚੌਕੜੀ ਉੱਤੇ ਬੈਠਾ, ਉਹ ਜਿਵੇਂ ਇੱਕ ਦਾਰਸ਼ਨਿਕ ਹੋਵੇ। ਜ਼ਿੰਦਗੀ ਦੀ ਜਮ੍ਹਾਂ ਮਨਫ਼ੀ ਦੇ ਸਵਾਲ ਕੱਢ ਰਿਹਾ।

ਉਹਨੇ ਆਪਣਾ ਸਾਈਕਲ ਚੁੱਕਿਆ ਤੇ ਘਰ ਨੂੰ ਮੁੜ ਗਿਆ। ਪੂਰਬ ਵਿੱਚ ਸੂਰਜ ਦੀ ਲਾਲੀ ਦਾ ਉਭਾਰ ਸੀ। ਪਰਿੰਦੇ ਪੱਛਮ ਤੋਂ ਪੂਰਬ ਵੱਲ ਉੱਡੇ ਜਾ ਰਹੇ ਸਨ। ਉੱਧਰ ਉਹਨਾਂ ਦੇ ਘਰ ਹੋਣਗੇ ਜਾਂ ਪੱਛਮ ਵਿੱਚੋਂ ਉਹ ਆਪਣੇ ਘਰਾਂ ਤੋਂ ਹੀ ਉੱਡ ਕੇ ਆਏ ਸਨ। ਦੂਰ ਕਿਧਰੇ ਪੇਟ-ਪੂਜਾ ਦੀ ਤਲਾਸ਼ ਵਿੱਚ ਉੱਡੇ ਜਾ ਰਹੇ ਸਨ। ਉਹਨੂੰ ਯਾਦ ਆਇਆ, ਉਹਦੇ ਮੁੰਡੇ ਨੇ ਦੋ ਦਿਨ ਤੋਂ ਰੋਟੀ ਨਹੀਂ ਖਾਧੀ। ਅੱਜ ਤਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ। ਉਹ ਸੜਕ ਸੜਕ ਜਾਣ ਦੀ ਥਾਂ ਫਿਰ ਡੰਡੀ ਪੈ ਗਿਆ। ਸੋਚਿਆ, ਉਧਰ ਦੀ ਹੁਣ ਕੀ ਜਾਣਾ ਹੈ। ਐਵੇਂ ਵਕਤ ਜ਼ਾਇਆ ਹੋਵੇਗਾ। ਸਿੱਧਾ ਹੀ ਲੰਘ ਜਾਂਦਾ ਹਾਂ।

ਉਹ ਮਸਾਂ ਪੰਦਰਾਂ-ਵੀਹ ਗਜ਼ ਹੀ ਗਿਆ ਹੋਵੇਗਾ, ਉਹਨੂੰ ਆਪਣਾ ਸਾਈਕਲ ਡੋਲਦਾ ਲੱਗਿਆ। ਜਿਵੇਂ ਚੱਲ ਹੀ ਨਾ ਰਿਹਾ ਹੋਵੇ ਜਾਂ ਜਿਵੇਂ ਉਹਦੀਆਂ ਲੱਤਾਂ ਵਿੱਚ ਜ਼ੋਰ ਹੀ ਨਾ ਰਹਿ ਗਿਆ ਹੋਵੇ। ਉਹ ਸਾਈਕਲ ਤੋਂ ਉੱਤਰਿਆ, ਚੱਕਿਆਂ ਦੀ ਹਵਾ ਟੋਹੀ। ਪਿਛਲਾ ਟਾਇਰ ਤਾਂ ਠੀਕ ਸੀ, ਪਰ ਅਗਲੇ ਟਾਇਰ ਵਿੱਚ ਹਵਾ ਬਿਲਕੁਲ ਹੀ ਨਹੀਂ ਰਹਿ ਗਈ ਸੀ। ਉਹਨੇ ਹਵਾ ਬਗੈਰ ਹੀ ਸਾਈਕਲ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਉੱਤਰ ਗਿਆ। ਸੋਚਿਆ, ਇਸ ਤਰ੍ਹਾਂ ਚੱਕਾ ਵਿੰਗਾ ਹੋ ਜਾਵੇਗਾ। ਹੋ ਸਕਦਾ ਹੈ, ਟੁੱਟ ਹੀ ਜਾਵੇ। ਨਵੇਂ ਚੱਕੇ ਉੱਤੇ ਫਿਰ ਪਤਾ ਨਹੀਂ ਕਿੰਨਾ ਖਰਚ ਆਵੇਗਾ। ਉਹ ਪੈਦਲ ਤੁਰਨ ਲੱਗਿਆ ਕਾਹਲੀ-ਕਾਹਲੀ।

ਰਾਹ ਵਿੱਚ ਇੱਕ ਖਾਲ਼ ਆਇਆ। ਇਸ ਵਿੱਚ ਪਾਣੀ ਨਹੀਂ ਵਗ ਰਿਹਾ ਸੀ। ਪਰ ਖਾਲ਼ ਕੁਝ ਡੂੰਘਾ ਸੀ। ਉਹ ਹੈਰਾਨ ਹੋਇਆ, ਸਾਈਕਲ ਉੱਤੇ ਚੜ੍ਹਿਆ-ਚੜ੍ਹਾਇਆ ਉਹ ਕਿਵੇਂ ਇਸ ਖਾਲ ਨੂੰ ਪਾਰ ਕਰ ਗਿਆ। ਸਾਈਕਲ ਤੋਂ ਉਤਰੇ ਬਗ਼ੈਰ ਤਾਂ ਇਹ ਖਾਲ਼ ਟੱਪਿਆ ਹੀ ਨਹੀਂ ਜਾ ਸਕਦਾ। ਕਮਾਲ ਹੈ ਬਈ, ਉਹ ਖੁਸ਼ਕ ਜਿਹਾ ਮੁਸਕਰਾਇਆ। ਖਾਲ਼ ਤੋਂ ਅਗਾਂਹ ਡੰਡੀ ਨੂੰ ਪਾਰ ਕਰਦੀ ਉਹਨੇ ਸੱਪ ਦੀ ਲੀਹ ਦੇਖੀ। ਇੱਕ ਬਿੰਦ ਉਹਨੂੰ ਕੰਬਣੀ ਚੜ੍ਹ ਗਈ। ਜੇ ਭਲਾ ਸੱਪ ਇਸ ਰਾਹ ਵਿੱਚ ਹੀ ਬੈਠਾ ਹੁੰਦਾ। ਉਹ ਜਦ ਨਹਿਰ ਵੱਲ ਗਿਆ ਸੀ, ਉਦੋਂ ਤਾਂ ਹਨੇਰਾ ਸੀ। ਸਾਇਕਲ ਥੱਲੇ ਸੱਪ ਦੀ ਪੂਛ ਆ ਜਾਂਦੀ ਤੇ ਉਹ ਬੁੜ੍ਹਕ ਕੇ ਉਹਦੇ ਪੈਰ ਉੱਤੇ ਡੰਗ ਮਾਰਦਾ ਤਾਂ ਉਹਨੇ ਥਾਂ ਦੀ ਥਾਂ ਫੁੜਕ ਕੇ ਮਰ ਜਾਣਾ ਸੀ। ਕੀ ਪਤਾ, ਸੱਪ ਕਿੰਨਾ ਜ਼ਹਿਰੀਲਾ ਹੋਵੇਗਾ। ਐਵੇਂ ਖਾਹ-ਮਖਾਹ ਮੌਤ ਸਹੇੜ ਲੈਣੀ ਸੀ।

ਰੇਲਵੇ ਫਾਟਕ ਕੋਲ ਆ ਕੇ ਉਹ ਸੜਕੇ ਪੈ ਗਿਆ। ਸੋਚਣ ਲੱਗਿਆ, ਰਾਹ ਵਿੱਚ ਕੋਈ ਸਾਈਕਲਾਂ ਦੀ ਦੁਕਾਨ ਹੋਵੇ ਤਾਂ ਉਹ ਪੈਂਚਰ ਲਵਾ ਕੇ ਛੇਤੀ ਘਰ ਪਹੁੰਚ ਸਕਦਾ ਹੈ, ਪਰ ਤੜਕੇ-ਤੜਕੇ ਅਜੇ ਕੌਣ ਦੁਕਾਨ ਉੱਤੇ ਆਇਆ ਹੋਵੇਗਾ? ਉਹਦੀ ਜੇਬ ਵਿੱਚ ਪੈਸਾ ਵੀ ਕੋਈ ਨਹੀਂ। ਇਸ ਤਰ੍ਹਾਂ ਹੀ ਏਧਰ-ਉਧਰ ਝਾਕਦਾ ਤੇ ਤੇਜ਼-ਤੇਜ਼ ਪੈਦਲ ਤੁਰਿਆ ਜਾਂਦਾ ਉਹ ਆਪਣੇ ਸਾਈਕਲ ਨੂੰ ਮੁਰਦੇ ਵਾਂਗ ਘੜੀਸੀ ਲਈ ਜਾ ਰਿਹਾ ਸੀ। ਮਗਰੋਂ ਇੱਕ ਮੁੰਡਾ ਆਇਆ ਤੇ ਉਹਦੇ ਸਾਈਕਲ ਵਿੱਚ ਆਪਣਾ ਸਾਈਕਲ ਮਾਰ ਕੇ ਅਗਾਂਹ ਲੰਘ ਗਿਆ। ਮੁੰਡੇ ਦਾ ਕਸੂਰ ਵੀ ਨਹੀਂ ਸੀ। ਮਗਰੋਂ ਟਰੱਕ ਆ ਰਿਹਾ ਸੀ। ਪੈਦਲ ਜਾ ਰਹੇ ਸਾਈਕਲ ਵਾਲੇ ਨੇ ਤਾਂ ਅੱਧੀ ਸੜਕ ਮੱਲੀ ਹੋਈ ਸੀ। ਮੁੰਡੇ ਤੋਂ ਸਾਈਕਲ ਸੰਭਾਲਿਆ ਨਹੀਂ ਗਿਆ ਤੇ ਦੋ ਕਦਮ ਹੀ ਅੱਗੇ ਜਾ ਕੇ ਉਹ ਉੱਤਰ ਗਿਆ। ਉਹ ਜੋ ਹੁਣ ਛੇਤੀ ਘਰ ਪਹੁੰਚਣ ਦੀ ਕਾਹਲ ਵਿੱਚ ਸੀ, ਮੁੰਡੇ ਨਾਲ ਝਗੜਨ ਲੱਗਿਆ- "ਦਿਸਦਾ ਨਹੀਂ ਓਏ ਤੈਨੂੰ? ਵਿੱਚ ਮਾਰਿਆ ਸਾਈਕਲ, ਦੋਵੇਂ ਡਿੱਗ ਪੈਂਦੇ, ਮਗਰੋਂ ਟਰੱਕ ਆਉਂਦੈ, ਥੱਲੇ ਆ ਜਾਂਦੇ ਤਾਂ ਕੀ ਬੀਤਦੀ? ਦੇਖ ਕੇ ਚੱਲ, ਕਿਉਂ ਮੌਤ ਨੂੰ ਮਾਸੀ ਆਖਦੈਂ ਭਲਿਆ ਮਾਣਸਾ?"

ਉਹ ਘਰ ਪਹੁੰਚਿਆ। ਚਿੱਟਾ ਦਿਨ ਚੜ੍ਹ ਆਇਆ ਸੀ। ਕੰਧਾਂ ਉੱਤੇ ਧੁੱਪਾਂ ਚਮਕਣ ਲੱਗ ਪਈਆਂ ਸਨ। ਵੱਡੀ ਕੁੜੀ ਚਾਹ ਬਣਾ ਰਹੀ ਸੀ। ਪੁੱਛਣ ਲੱਗੀ- "ਪਾਪਾ, ਤੜਕੇ-ਤੜਕੇ ਕਿੱਥੇ ਚਲੇ ਗਏ ਸੀ ਤੁਸੀਂ?"

ਉਹ ਬੋਲਿਆ ਨਹੀਂ। ਅੰਦਰ ਕਮਰੇ ਵਿੱਚ ਗਿਆ ਤੇ ਆਪਣੀ ਪਤਨੀ ਤੋਂ ਮੁੰਡੇ ਦਾ ਹਾਲ-ਚਾਲ ਪੁੱਛਣ ਲੱਗਿਆ ਤੇ ਫਿਰ ਕਹਿੰਦਾ- “ਨਹਾਉਣ ਦਾ ਵਕਤ ਤਾਂ ਰਹਿਆ ਨ੍ਹੀਂ , ਮੂੰਹ-ਹੱਥ ਧੋ ਕੇ ਚਾਹ ਪੀ ਲੈਂਦਾ ਹਾਂ। ਸਕੂਲ ਜਾਣ ਵਿੱਚ ਤਾਂ ਮਸਾਂ ਦਸ ਮਿੰਟ ਬਾਕੀ ਰਹਿ ਗਏ। ਅੱਧੀ ਛੁੱਟੀ ਲੈ ਕੇ ਆਊਂ, ਡਾਕਟਰ ਦੇ ਲੈ ਕੇ ਚੱਲਾਂਗੇ ਮੁੰਡੇ ਨੂੰ।"◆