ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬਘੇਲੋ ਸਾਧਣੀ

ਵਿਕੀਸਰੋਤ ਤੋਂ

ਗਲ-ਤੇੜ ਕੁੜਤੀ-ਸਲਵਾਰ ਤੇ ਸਿਰ ਦੇ ਵਾਲ਼ਾਂ ਦਾ ਬੰਦਿਆਂ ਵਾਂਗ ਜੂੜਾ ਕਰਕੇ ਦੋ ਗਜ਼ ਚਾਰਖਾਨੇ ਸਮੋਸੇ ਦਾ ਸਾਫ਼ਾ ਬੰਨ੍ਹਿਆ ਹੋਇਆ, ਨੱਕ-ਕੰਨ ਦੀ ਟੂਮ ਕੋਈ ਨਹੀਂ, ਪੈਰੀਂ ਮੋਡੀ ਜੁੱਤੀ, ਮੋਢੇ ਧਰੀ ਕੰਨ ਤੱਕ ਉੱਚੀ ਡਾਂਗ, ਇਹ ਬਘੇਲੋ ਸਾਧਣੀ ਹੈ। ਉਹਦੇ ਮੂੰਹ ’ਤੇ ਉਹਨੂੰ ਬਘੇਲ ਕੁਰ ਆਖਦੈ ਹਰ ਕੋਈ। ਅੱਗੇ ਜਾ ਰਹੀਆਂ ਦੋ ਮੱਝਾਂ ਤੇ ਇੱਕ ਵੱਛੀ, ਪਿੱਛੇ ਉਹਦਾ ਛੋਟਾ ਪੋਤਾ, ਵੱਡੇ ਮੁੰਡੇ ਦਾ, ਨੱਚਦਾ-ਟੱਪਦਾ, ਥਾਂ ਦੀ ਥਾਂ ਖੜ੍ਹਦਾ ਤੇ ਫੇਰ ਤੁਰ ਪੈਂਦਾ।

ਪਸ਼ੂ ਅਗਾਂਹ ਨਿੱਕਲ ਗਏ। ਬਘੇਲੋ ਸੱਥ ਵਿੱਚ ਖੜ੍ਹ ਗਈ ਹੈ। ਖੁੰਢ ਉੱਤੇ ਦੋ ਬੰਦੇ ਬੈਠੇ ਹਨ। ਉਹ ਉਹਨਾਂ ਨਾਲ ਕੋਈ ਗੱਲ ਕਰਦੀ ਹੈ। ਖੜ੍ਹੇ ਹੋਣ ਦਾ ਅੰਦਾਜ਼-ਡਾਂਗ ਦੀ ਇੱਕ ਹੁੱਜ ਖੁੰਢ ਦੇ ਓਟੇ ਨਾਲ, ਦੂਜੀ ਹੁੱਜ ਠੋਡੀ ਹੇਠ। ਡਾਂਗ ਦਾ ਸਿਰਾ ਮੁੱਠੀ ਵਿੱਚ ਘੁੱਟ ਰੱਖਿਆ ਹੈ। ਦੂਜਾ ਹੱਥ ਵੱਖੀ ਉੱਤੇ। ਬੜੇ ਠਰ੍ਹੰਮੇ ਨਾਲ ਗੱਲ ਕਰਦੀ ਹੈ। ਖੁੰਢ ਉੱਤੇ ਬੈਠੇ ਬੰਦੇ ਪੂਰੇ ਗੰਭੀਰ ਹਨ। ਗੱਲ ਮੁਕਾ ਕੇ ਉਹ ਮੱਝਾਂ ਮਗਰ ਤੁਰ ਪੈਂਦੀ ਹੈ। ਸੱਥ ਦੇ ਬੰਦੇ ਉਹਦੀ ਪਿੱਠ ਪਿੱਛੇ ਉਹਦੀ ਕੋਈ ਗੱਲ ਨਹੀਂ ਕਰਦੇ।

ਉਹ ਕਦੇ ਬੜੀ ਚਰਚਿਤ ਔਰਤ ਹੁੰਦੀ ਸੀ। ਹਰ ਮੂੰਹ ਉਹਦੀਆਂ ਗੱਲਾਂ ਕਰਦਾ। ਹਰ ਕੋਈ ਉਹਦੇ ਵੱਲ ਵੱਢ-ਖਾਣੀਆਂ ਅੱਖਾਂ ਨਾਲ ਝਾਕਦਾ। ਹਰ ਕੋਈ ਉਹਨੂੰ ਹੜੱਪ ਕਰ ਜਾਣਾ ਚਾਹੁੰਦਾ, ਪਰ ਹਰ ਕੋਈ ਉਹਤੋਂ ਡਰਦਾ। ਹਰ ਕੋਈ ਆਪਣੀ ਇੱਜ਼ਤ ਬਚਾ ਕੇ ਰੱਖਦਾ।

ਪੇਕਿਆਂ ਦੇ ਪਿੰਡ ਉਹ ਸਾਧ ਦੇ ਡੇਰੇ ਪੜ੍ਹਦੀ ਹੁੰਦੀ। ਹੋਰ ਮੁੰਡੇ-ਕੁੜੀਆਂ ਪੜ੍ਹਦੇ। ਸਭ ਚਿੱਟਾ ਬਾਣਾ ਪਹਿਨਦੇ। ਕੁੜੀਆਂ, ਮੁੰਡਿਆਂ ਵਾਂਗ ਰਹਿੰਦੀਆਂ, ਮੁੰਡਿਆਂ ਵਾਂਗ ਸਿਰ ਦੇ ਵਾਲ਼ਾਂ ਦਾ ਜੂੜਾ ਕਰਦੀਆਂ ਤੇ ਪੱਗਾਂ ਬੰਨ੍ਹਦੀਆਂ। ਬਘੇਲੋ ਸਾਰੀਆਂ ਕੁੜੀਆਂ ਨਾਲੋਂ ਵੱਧ ਹੁੰਦੜ-ਹੇਲ ਸੀ। ਹੱਡਾਂ-ਪੈਰਾਂ ਦੀ ਖੁੱਲ੍ਹੀ ਤੇ ਉੱਚੇ ਕੱਦ ਵਾਲੀ ਲੱਗਦੀ, ਜਿਵੇਂ ਉਹ ਕੋਈ ਭਰ ਜਵਾਨ ਤੇ ਸੋਹਣਾ ਸੁਨੱਖਾ ਮੁੰਡਾ ਹੋਵੇ। ਉਹ ਬੋਲਦੀ ਵੀ ਮੁੰਡਿਆਂ ਵਾਂਗ- "ਮੈਂ ਨ੍ਹੀ ਜਾਂਦਾ ਅੱਜ, ਪਿੰਡ ਵਿੱਚ ਦੁੱਧ ਲੈਣ ਗਜੇ ਨੂੰ।" ਜਾਂ, "ਬਈ ਮੈਂ ਖਾਉਂਗਾ ਪਹਿਲਾਂ, ਪਰਸ਼ਾਦਿਆਂ ਦੀ ਬੜੀ ਭੁੱਖ ਲੱਗੀ ਹੈ।"

ਡੇਰੇ ਦੇ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ। ਪੰਜ ਕਰੇ, ਪੰਜਾਹ ਕਰੇ, ਮਹੰਤ ਉਹਨੂੰ ਟੋਕਦਾ-ਵਰਜਦਾ ਨਹੀਂ ਸੀ। ਉਹ ਇੱਕ ਅੱਖੋਂ ਕਾਣਾ ਸੀ। ਖ਼ਾਸੀ ਉਮਰ ਦਾ ਹੋ ਚੁੱਕਿਆ ਸੀ। ਧਾਗੇ-ਤਵੀਤ ਦਿੰਦਾ ਤੇ ਵੈਦਗੀ ਵੀ ਕਰਦਾ। ਡੇਰੇ ਨਾਉਂ ਥੋੜ੍ਹੀਘਣੀ ਜ਼ਮੀਨ ਵੀ ਸੀ, ਪਰ ਪਿੰਡ ਵਿੱਚ ਮਹੰਤ ਦੀ ਮਾਨਤਾ ਬਹੁਤ ਸੀ। ਵਰਾਂਡੇ ਵਿੱਚ ਕਣਕ ਦੀਆਂ ਬੋਰੀਆਂ ਛੱਤਣ ਨੂੰ ਲੱਗੀਆਂ ਰਹਿੰਦੀਆਂ। ਦੁੱਧ-ਮੱਖਣ ਆਮ ਸੀ। ਲੰਗਰ ਚੌਵੀ ਘੰਟੇ ਖੁੱਲ੍ਹਾ ਰਹਿੰਦਾ। ਤੱਤਾ ਚਾਹੇ ਠੰਢਾ, ਪਰਸ਼ਾਦਾ ਹਰ ਸਮੇਂ ਮਿਲਦਾ। ਰਾਹੀ, ਪਾਂਧੀ ਕੋਈ ਆਉਂਦਾ, ਹਰ ਇੱਕ ਦੀ ਸੇਵਾ ਸੰਭਾਲ ਹੁੰਦੀ।

ਮਹੰਤ ਨਰੈਣ ਦਾਸ ਦਾ ਛੋਟਾ ਭਾਈ ਕਾਕੂ ਦੂਰ ਆਪਣੇ ਪਿੰਡ ਰਹਿੰਦਾ ਤੇ ਖੇਤੀ-ਪੱਤੀ ਦਾ ਕੰਮ ਕਰਦਾ। ਮਹੰਤ ਨੇ ਹੀ ਉਹਦਾ ਵਿਆਹ ਕੀਤਾ। ਉਹਨੂੰ ਹੋਰ ਜ਼ਮੀਨ ਲੈ ਕੇ ਦਿੱਤੀ। ਕਾਕੂ ਇੱਕ ਸੀਰੀ ਰਲ਼ਾ ਕੇ ਖੱਬੀਖਾਨ ਵਾਹੀ ਕਰਦਾ ਤੇ ਫੇਰ ਕਾਕੂ ਤੋਂ ਕਾਕਾ ਸਿਉਂ ਅਖਵਾਉਣ ਲੱਗ ਪਿਆ। ਕਾਕੇ ਦੀ ਬਹੂ ਕੋਲ ਦੋ ਕੁੜੀਆਂ ਸਨ। ਉਹ ਪੰਜਾਹਾਂ ਨੂੰ ਢੁੱਕਣ ਵਾਲਾ ਸੀ। ਉਹਦੀ ਬਹੂ ਮੁੰਡਾ ਜੰਮ ਕੇ ਮਰ ਗਈ। ਦੋ ਸਾਲਾਂ ਦਾ ਹੋ ਕੇ ਫੇਰ ਮੁੰਡਾ ਵੀ ਮਰ ਗਿਆ। ਕੁੜੀਆਂ ਉਡਾਰ ਸਨ। ਬੁਰਾ ਹਾਲ ਹੋ ਗਿਆ, ਕਾਕਾ ਸਿਉਂ ਦੇ ਘਰ ਦਾ। ਵਾਹੀ ਦਾ ਕੰਮ ਖੁਚਲ ਗਿਆ। ਉਹਦੀ ਬਹੂ ਉਹਤੋਂ ਪੰਦਰਾਂ ਸੋਲ੍ਹਾਂ ਸਾਲ ਛੋਟੀ ਸੀ। ਇਹ ਸਾਕ ਉਦੋਂ ਵੀ ਉਹਨੂੰ ਮਸਾਂ ਹੋਇਆ ਸੀ। ਹੁਣ ਇਸ ਉਮਰ ਵਿੱਚ ਡੋਲਾ ਕਿਥੋਂ? ਨਰੈਣ ਦਾਸ ਤੋਂ ਭਾਈ ਦਾ ਦੁੱਖ ਝੱਲਿਆ ਨਹੀਂ ਜਾਂਦਾ ਸੀ। ਉਹ ਸਮਝਦਾ, ਕਾਕੂ ਦਾ ਦੁੱਖ ਉਹਦਾ ਆਪਣਾ ਦੁੱਖ ਹੈ। ਉਹ ਹੋਰਾਂ ਲੋਕਾਂ ਦੇ ਕਸ਼ਟ ਨਿਵਾਰਣ ਕਰਦਾ ਸੀ, ਉਹਦਾ ਆਪਣਾ ਮਾਂ ਜਾਇਆ ਦੁਖੀ ਕਿਉਂ ਰਹੇ? ਉਹਦਾ ਤਾਂ ਅੱਧ ਵਿਚਕਾਰ ਬੇੜਾ ਡੁੱਬ ਗਿਆ ਸੀ। ਡੇਰੇ ਦੀ ਮਹੰਤੀ ਕਿਸ ਕੰਮ?

ਤੇ ਫੇਰ ਬਘੇਲੋ ਦੇ ਮਾਪਿਆਂ ਨੇ ਮਹੰਤ ਨਰੈਣ ਦਾਸ ਉੱਤੇ ਉਪਕਾਰ ਕੀਤਾ। ਉਹ ਗ਼ਰੀਬ ਜੱਟ ਸਨ। ਜ਼ਮੀਨ ਥੋੜ੍ਹੀ ਸੀ। ਖੇਤੀ ਦਾ ਕੰਮ ਮਸਾਂ ਤੁਰਦਾ। ਜਵਾਕਾਂ ਦੀ ਪੂਰੀ ਪਾਲ। ਪੰਜ ਕੁੜੀਆਂ ਪਿੱਛੋਂ ਦੋ ਮੁੰਡੇ। ਬਘੇਲੋ ਸਭ ਤੋਂ ਵੱਡੀ। ਉਹਦਾ ਬਾਪ ਲਾਲਚ ਕਰ ਗਿਆ। ਅੰਦਰਖਾਤੇ ਉਹਨੇ ਮਹੰਤ ਤੋਂ ਪਤਾ ਨਹੀਂ ਕੀ ਕੁਝ ਲੈ ਲਿਆ ਹੋਵੇਗਾ। ਬਘੇਲੋ ਕਾਕੂ ਨੂੰ ਵਿਆਹ ਦਿੱਤੀ ਗਈ। ਜਿਵੇਂ ਗਾਂ ਦਾ ਰੱਸਾ ਕਿੱਲਿਉਂ ਖੋਲ੍ਹ ਕੇ ਕਿਸੇ ਤੀਜੇ ਤਿਹਾਕ ਨੂੰ ਫੜਾ ਦਿੱਤਾ ਹੋਵੇ। ਉਸ ਵੇਲੇ ਉਹਦੀ ਉਮਰ ਮਸਾਂ ਵੀਹ ਵਰ੍ਹਿਆਂ ਦੀ ਹੋਵੇਗੀ। ਉਹ ਤਾਂ ਜਿਵੇਂ ਗੁੰਮ-ਸੁੰਮ ਹੋ ਕੇ ਹੀ ਰਹਿ ਗਈ ਹੋਵੇ। ਕੀ ਉਭਾਸਰਦੀ ਉਹ? ਇੱਕ ਪਾਸੇ ਮਾਪਿਆਂ ਦੇ ਘਰ ਦੀ ਮੰਦਹਾਲੀ, ਦੂਜਾ ਆਪਣੇ ਗੁਰੂ ਮਹੰਤ ਨਰੈਣ ਦਾਸ ਦਾ ਨੇਕ-ਹੁਕਮ।

ਕਾਕੂ ਨੇ ਦੂਜਾ ਵਿਆਹ ਕਰਵਾ ਤਾਂ ਲਿਆ, ਚਲੋ ਰੋਟੀ ਪੱਕਦੀ ਹੋ ਗਈ। ਕੁੜੀਆਂ ਕਿੰਨੇ ਕੁ ਸਾਲ ਘਰ ਬੈਠੀਆਂ ਰਹਿੰਦੀਆਂ, ਪਰ ਉਹ ਇਸ ਉਤਾਰ ਉਮਰ ਵਿੱਚ ਮਰਦਾਂ ਜਿਹਾ ਮਰਦ ਨਹੀਂ ਰਹਿ ਗਿਆ ਸੀ। ਥੋਥ ਸੀ, ਝੂਟੀ ਜਾਂਦਾ। ਬਘੇਲੋ ਕੁੜੀਆਂ ਵਿੱਚ ਕੁੜੀ ਬਣ ਕੇ ਰਹਿੰਦੀ। ਉਹਨਾਂ ਨਾਲ ਹੱਸ ਖੇਡ ਕੇ ਦਿਨ ਨਿੱਕਲ ਜਾਂਦਾ। ਕਾਕਾ ਸੂੰ ਦਾੜ੍ਹੀ ਰੰਗ ਕੇ ਰੱਖਦਾ। ਸਿਆਲਾਂ ਵਿੱਚ ਦੁਆਈਆਂ ਪਾ ਕੇ ਪੰਜੀਰੀ ਰਲਾਉਂਦਾ। ਮਹੰਤ ਨਰੈਣ ਦਾਸ ਉਹਦੇ ਲਈ 'ਤਾਕਤ' ਦੀਆਂ ਗੋਲ਼ੀਆਂ ਭੇਜਦਾ। ਕਾਕਾ ਸਿਉਂ ਚਾਹੁੰਦਾ, ਉਹ ਮੁੜ ਕੇ ਅਠਾਰਾਂ ਬਰਸ ਦਾ ਬਣ ਜਾਵੇ। ਉਹ ਸਦਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਬਣ-ਠਣ ਕੇ ਰਹਿਣ ਲੱਗਿਆ, ਪਰ ਸੁੱਕੀ ਲੱਕੜ ਉੱਤੇ ਚਾਹੇ ਘਿਓ ਦੇ ਪੀਪੇ ਮੂਧੇ ਕਰ ਦਿਓ, ਹਰੀ ਨਹੀਂ ਹੁੰਦੀ। ਪੁਰਾਣੇ ਹੱਡਾਂ ਦਾ ਨਵੇਂ ਹੱਡ ਨਾਲ ਕਾਹਦਾ ਮੇਲ। ਤੇ ਫੇਰ ਵੱਢੀ ਬਾਂਹ ਵਾਲੇ ਜੈਮਲ ਦਾ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਆਉਣ ਜਾਣ ਹੋ ਗਿਆ ਤੇ ਉਹ ਕਿਵੇਂ ਕਾਕਾ ਸਿਉਂ ਦੇ ਐਨਾ ਨੇੜੇ ਹੋ ਗਿਆ। ਜਿਵੇਂ ਕਾਕਾ ਸਿਉਂ ਨੂੰ ਜੈਮਲ ਬਗ਼ੈਰ ਸਾਹ ਨਾ ਆਉਂਦਾ ਹੋਵੇ। ਘਰੇ ਵੀ ਉਹਦੇ ਨਾਲ, ਖੇਤੀ ਵੀ ਉਹਦੇ ਨਾਲ। ਕਾਕਾ ਸਿੰਘ ਕਿਧਰੇ ਗਰਾਂ-ਘੋਹੀ ਜਾਂਦਾ, ਜੈਮਲ ਉਹਦੇ ਨਾਲ ਹੁੰਦਾ। ਜੈਮਲ ਜਿਵੇਂ ਇਸੇ ਘਰ ਵਿੱਚ ਜੰਮਿਆ-ਪਲ਼ਿਆ ਹੋਵੇ।

ਜੈਮਲ ਦੇ ਪਿਓ ਕੋਲ ਜ਼ਮੀਨ ਥੋੜ੍ਹੀ ਸੀ। ਦਿਨ ਕੱਟੀ ਜਿਹੀ ਕਰਦਾ ਉਹ। ਜੈਮਲ ਜਦੋਂ ਦਾ ਜੁਆਨ ਹੋਇਆ, ਲੋਕਾਂ ਦੇ ਕੰਮ-ਧੰਦੇ ਕਰਦਾ ਰਹਿੰਦਾ। ਇੱਕੋ ਪੁੱਤ ਸੀ ਮਾਂ ਦਾ। ਪਿਓ ਜਦੋਂ ਥਿਵ ਗਿਆ, ਜੈਮਲ ਇਧਰੋਂ-ਉੱਧਰੋਂ ਦਾਣਾ-ਫੱਕਾ ਇੱਕੱਠਾ ਕਰਕੇ ਮਾਂ ਨੂੰ ਦਿੰਦਾ ਰਹਿੰਦਾ, ਘਰ ਦਾ ਗੁਜ਼ਾਰਾ ਚੱਲੀ ਜਾਂਦਾ। ਜੈਮਲ ਨੂੰ ਐਬ ਕੋਈ ਨਹੀਂ ਸੀ। ਉਹ ਸ਼ਰਾਬ ਨਹੀਂ ਪੀਂਦਾ ਸੀ। ਮੁੰਡਿਆਂ ਦੀ ਢਾਣੀ ਵਿੱਚ ਬੈਠ ਕੇ ਮੁੰਡਿਆਂ ਵਾਲੀਆਂ ਗੱਲਾਂ ਨਾ ਕਰਦਾ। ਉਹਨਾਂ ਦੀਆਂ ਗੰਦੀਆਂ ਗੱਲਾਂ ਸੁਣਦਾ ਵੀ ਨਾ, ਉੱਠ ਕੇ ਤੁਰ ਜਾਂਦਾ। ਮੁੰਡੇ ਉਹਨੂੰ 'ਮੋਨੀ ਸਾਧ' ਆਖਦੇ ਹੁੰਦੇ। ਕੰਮ ਨੂੰ ਪੂਰਾ ਜ਼ੋਰਾਵਰ ਸੀ।

ਸੰਧੂਆਂ ਦੀ ਘੁਲਾੜੀ 'ਤੇ ਉਹ ਦੋ ਰਾਤਾਂ ਦਾ ਉਂਘਾਇਆ ਸੀ। ਗੱਡਿਆਂ ਦੇ ਗੱਡੇ ਇੱਖ। ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਤੀਜੀ ਰਾਤ ਵੀ ਉਹ ਘੁਲਾੜੀ ਵਿੱਚ ਗੰਨੇ ਲਾ ਰਿਹਾ ਸੀ। ਪਤਾ ਨਹੀਂ ਕਦੋਂ ਉਹਦਾ ਖੱਬਾ ਹੱਥ ਗੰਨਿਆਂ ਦੇ ਨਾਲ ਹੀ ਵੇਲਣਿਆਂ ਵਿੱਚ ਚਲਿਆ ਗਿਆ ਤੇ ਫੇਰ ਇੱਕ ਉੱਚੀ ਦਿਲ ਪਾੜਵੀਂ ਚੀਕ। ਬਲਦ ਹਿੱਕਣ ਵਾਲੇ ਨੇ ਬਲਦ ਥਾਂ ਦੀ ਥਾਂ ਖੜ੍ਹਾ ਲਏ। ਉਹ ਭੱਜ ਕੇ ਜੈਮਲ ਕੋਲ ਆਇਆ। ਉਹ ਬੁਰੀ ਤਰ੍ਹਾਂ ਕਰਾਹ ਰਿਹਾ ਸੀ। ਝੂੰਬੀ ਵਿੱਚ ਗੰਡ ਦੁਆਲੇ ਬੈਠੇ ਬੰਦੇ ਭੱਜ ਕੇ ਆਏ। "ਓਏ ਕੀ ਹੋ ਗਿਆ... ਓਏ ਕੀ ਹੋ ਗਿਆ...।" ਤੇ ਫੇਰ ਬਲਦ ਪਿੱਛੇ ਨੂੰ ਮੋੜੇ ਗਏ, ਪਰ ਭਾਣਾ ਤਾਂ ਬੀਤ ਚੁੱਕਿਆ ਸੀ। ਕੂਹਣੀ ਤੱਕ ਬਾਂਹ ਗੰਨੇ ਦਾ ਫੋਕ ਬਣੀ ਪਈ ਸੀ। ਦੋ ਜਾਣੇ ਉਹਨੂੰ ਮੰਜੇ ਉੱਤੇ ਪਾ ਕੇ ਪਿੰਡ ਲੈ ਗਏ। ਬਾਂਹ ਉੱਤੇ ਸਮੋਸਾ ਬੰਨ੍ਹ ਦਿੱਤਾ ਸੀ। ਪਿੰਡ ਦੇ ਹੀ ਪ੍ਰਾਈਵੇਟ ਡਾਕਟਰ ਨੂੰ ਜਗਾਇਆ ਗਿਆ। ਅੱਧੀ ਰਾਤ ਹੋ ਚੁੱਕੀ ਸੀ। ਉਹਨੇ ਪੱਟੀਆਂ ਕਰ ਦਿੱਤੀਆਂ ਤੇ ਸੂਆ ਲਾ ਦਿੱਤਾ। ਦਿਨ ਚੜ੍ਹਦੇ ਤੱਕ ਉਹਨੂੰ ਘਰ ਦੀ ਕੱਢੀ ਸ਼ਰਾਬ ਪਿਆਉਂਦੇ ਰਹੇ। ਸਿਤਮ ਇਹ ਕਿ ਉਹ ਉਸ ਦਿਨ ਪਹਿਲੀ ਵਾਰ ਸ਼ਰਾਬ ਪੀ ਰਿਹਾ ਸੀ। ਫੇਰ ਵੀ ਬਾਂਹ ਦੀ ਪੀੜ ਐਨੀ, ਪਹਿਲੇ ਤੋੜ ਦੀ ਸ਼ਰਾਬ ਜਿਵੇਂ ਫੋਕਾ ਪਾਣੀ ਹੋਵੇ। ਮੁੱਕਦੀ ਗੱਲ ਸ਼ਹਿਰ ਦੇ ਸਰਕਾਰੀ ਹਸਪਤਾਲ ਜਾ ਕੇ ਉਹਦੀ ਬਾਂਹ ਕੱਟਣੀ ਪਈ। ਕੂਹਣੀ ਤੱਕ ਸਾਰੀ ਦੀ ਸਾਰੀ ਬਾਂਹ। ਮੁੰਡੇ ਦਾ ਲਹੂ ਜਿਵੇਂ ਤਿੱਪ-ਤਿੱਪ ਕਰਕੇ ਸੁੱਕ ਗਿਆ ਹੋਵੇ। ਝੱਕਰੇ ਜਿੱਡਾ ਮੂੰਹ ਬਾਂਦਰ ਦੀ ਬੂਥੀ ਨਿੱਕਲ ਆਇਆ। ਪਰ ਦਿਨ ਪਾ ਕੇ ਉਹ ਫੇਰ ਭਰਨ ਲੱਗਿਆ। ਨਵਾਂ ਹੱਡ ਸੀ, ਸਰੀਰ ਵਿੱਚ ਬੱਜ ਤਾਂ ਪੈ ਗਈ, ਪਰ ਉਹ ਇਕ ਹੱਥ ਨਾਲ ਵੀ ਪਹਿਲਾਂ ਜਿੰਨਾ ਹੀ ਕੰਮ ਕਰਦਾ। ਉਹਦੀ ਸੱਜੀ ਬਾਂਹ ਜਿਵੇਂ ਲੋਹੇ ਦੀ ਬਣੀ ਹੋਵੇ। ਇੱਕ ਬਾਂਹ ਨਾਲ ਹੀ ਉਹ ਕੌਡੀ ਖੇਡਦਾ। ਟੁੰਡੀ ਬਾਂਹ ਦੇ ਡੌਲੇ ਹੇਠ ਨੱਪੇ ਅਗਲੇ ਦੇ ਮੁਰਚੇ ਨੂੰ ਸ਼ਕੰਜੇ ਵਾਂਗ ਕਸ ਲੈਂਦਾ। ਵੱਡੀ ਉਮਰ ਦੇ ਬੰਦੇ ਉਹਨੂੰ ਸ਼ਾਬਾਸ਼ ਦਿੰਦੇ-"ਜੈਮਲ ਤਾਂ ਕਿੱਲ ਆਂਗੂੰ ਠੁਕ ਜਾਂਦੈ।"

ਬਘੇਲੋ ਨੇ ਦੋ-ਦੋ ਸਾਲ ਦੀ ਵਿੱਥ ਨਾਲ ਉੱਪਰੋ-ਥਲੀ ਤਿੰਨ ਪੁੱਤ ਜੰਮੇ। ਤਿੰਨੇ ਪਾਲ਼ ਪੋਸ ਕੇ ਸ਼ੇਰ ਜਵਾਨ ਕੀਤੇ। ਸੌਕਣ ਦੀਆਂ ਦੋਵੇਂ ਧੀਆਂ ਦਾ ਸਾਰਾ ਬਣਤ ਬਣਾਇਆ। ਉਹਨਾਂ ਨੂੰ ਚੰਗੇ ਘਰੀਂ ਤੋਰਿਆ। ਫੇਰ ਆਪਣੇ ਪੁੱਤ ਵਿਆਹੁਣ ਲੱਗੀ। ਦਿਨ ਪੈਂਦੇ ਗਏ। ਇੱਕ-ਇੱਕ ਕਰਕੇ ਤਿੰਨੇ ਨੂੰਹਾਂ ਘਰ ਆ ਗਈਆਂ। ਫੇਰ ਪੁੱਤਾਂ ਦਾ ਪਰਿਵਾਰ ਵਧਣ ਲੱਗਿਆ। ਮੁੰਡੇ ਇੱਕੱਠੇ ਸਨ। ਮਾਂ ਦੀ ਆਗਿਆ ਵਿੱਚ ਰਹਿੰਦੇ। ਸਿਰ-ਤੋੜ ਕਮਾਈ ਕਰਦੇ ਤੇ ਚੌਥੇ-ਪੰਜਵੇਂ ਵਰ੍ਹੇ ਨਵੀਂ ਭੋਇੰ ਗਹਿਣੇ-ਬੈਅ ਲੈਂਦੇ ਤੁਰੇ ਜਾਂਦੇ।

ਕਾਕਾ ਸਿੰਘ ਮਰ ਗਿਆ ਹੈ। ਤੀਜੇ ਮੁੰਡੇ ਨੂੰ ਵਿਆਹ ਕੇ ਮਰਿਆ। ਮੁੰਡਿਆਂ ਨੇ ਉਹਦਾ ਹਕਾਮਾ ਕੀਤਾ। ਦਾਨ-ਪੁੰਨ 'ਤੇ ਪੂਰਾ ਪੈਸਾ ਲਾਇਆ। ਅਗਵਾੜ ਵਿੱਚ ਕਾਕਾ ਸਿਉਂ ਦੇ ਘਰ ਦੀ ਬੱਲੇ-ਬੱਲੇ ਹੋ ਗਈ।

ਜੈਮਲ ਜਿਊਂਦਾ ਹੈ। ਉਹ ਬਘੇਲੋ ਦੇ ਘਰ ਹੀ ਰਹਿੰਦਾ ਸੀ। ਹੁਣ ਤਾਂ ਉਹ ਵੀ ਖ਼ਾਸਾ ਬੁੜ੍ਹਾ ਲੱਗਦਾ ਹੈ। ਬਘੇਲੋ ਦੇ ਮੁੰਡੇ ਤੇ ਨੂੰਹਾਂ ਉਹਦਾ ਪੂਰਾ ਉਕਰ-ਆਦਰ ਕਰਦੇ ਹਨ। ਚਾਚਾ-ਚਾਚਾ ਹੁੰਦੀ ਰਹਿੰਦੀ ਹੈ। ਉਹਨੂੰ ਮੰਜੇ 'ਤੇ ਬੈਠੇ ਨੂੰ ਰੋਟੀ-ਟੁੱਕ ਮਿਲਦਾ ਹੈ। ਘਰ ਦੀ ਇੱਕ ਅੱਡ ਬੈਠਕ ਵਿੱਚ ਉਹ ਰਹਿੰਦਾ ਹੈ। ਬੈਠਕ ਦੀ ਅਲਮਾਰੀ ਨੂੰ ਜਿੰਦਰੀ ਲਾ ਕੇ ਰੱਖਦਾ ਹੈ। ਬਘੇਲੋ ਦੇ ਪੋਤੇ-ਪੋਤੀਆਂ ਜੈਮਲ ਦੇ ਅੱਗੇ-ਪਿੱਛੇ ਰਹਿੰਦੇ ਹਨ ਤੇ ਰੋ-ਪਿੱਟ ਕੇ ਉਹਦੇ ਕੋਲੋਂ ਪੈਸੇ ਲੈ ਜਾਂਦੇ ਹਨ। ਕਦੇ-ਕਦੇ ਕੋਈ ਭਤੀਜਾ ਬੈਠਕ ਵਿੱਚ ਆ ਕੇ ਉਹਤੋਂ ਕੋਈ ਨੇਕ-ਸਲਾਹ ਲੈਣ ਲੱਗਦਾ ਹੈ।

ਬਘੇਲੋ ਹੀ ਜਾਣਦੀ ਹੈ, ਰੰਡੇਪੇ ਜਿਹਾ ਸੁਹਾਗ ਉਹ ਕਿਵੇਂ ਹੰਢਾਇਆ। ਸ਼ੇਰਾਂ ਦੇ ਮੂੰਹ ਵਿੱਚ ਰਹਿ ਕੇ ਉਹ ਕਿਵੇਂ ਆਪਣੀ ਜਾਨ ਬਚਾਈ ਰੱਖਦੀ ਸੀ।

ਪਹਿਲਾਂ-ਪਹਿਲਾਂ ਤਾਂ ਇਹੀ ਦੁਰ-ਚਰਚਾ ਕਿ ਉਹ ਨੰਗੇ-ਮੂੰਹ ਰਹਿੰਦੀ ਹੈ, ਕਿਸੇ ਬੁੱਢੇ-ਠੇਰੇ ਦੀ ਕੋਈ ਸੰਗ-ਸ਼ਰਮ ਨਹੀਂ, ਪਸ਼ੂਆਂ ਨੂੰ ਬੰਦਿਆਂ ਵਾਂਗ ਗਾਲ੍ਹਾਂ ਕੱਢਦੀ ਹੈ।

ਫੇਰ ਉਹਨੂੰ ਸੁਣਾਅ-ਸੁਣਾਅ ਲੋਕ ਬੋਲੀਆਂ ਮਾਰਦੇ। ਕੋਈ ਆਖਦਾ- "ਕਾਣੇ ਨੇ ਆਵਦੀ ਜੂਠੀ ਬਾਟੀ ਐਥੇ ਵਗਾਹ ਮਾਰੀ। ਚੱਟੀ ਜਾਂਦੈ ਕਾਕੂ ਧੋਲ ਦਾੜ੍ਹੀਆ।"

"ਓਏ ਧੌਲ-ਦਾੜ੍ਹੀਆ ਤਾਂ ਘਰ-ਬਾਰੀ ਐ, ਬਸ। ਬਾਟੀ ਨੂੰ ਤਾਂ ਟੁੰਡਾ ਮਾਂਜਦੈ।"

"ਖੰਡ ਦੀ ਬੋਰੀ ਐ, ਤੈਨੂੰ ਕੀ ਡਰ ਐ ਕੋਈ, ਤੂੰ ਮਾਰ ਲੈ ਫੱਕਾ।" ਪਹਿਲਾ ਦੂਜੇ ਨੂੰ ਸਮਝੌਤੀ ਦਿੰਦਾ।

ਤੇ ਫੇਰ ਦੋਵੇਂ ਮੁਸਕੜੀਏਂ ਹੱਸਣ ਲੱਗਦੇ। ਬਘੇਲੋ ਕੁਝ ਨਾ ਬੋਲਦੀ, ਕੁਝ ਨਾ ਆਖਦੀ। ਜਿਵੇਂ ਉਹਨੂੰ ਕੋਈ ਗੱਲ ਸੁਣੀ ਹੀ ਨਾ ਹੋਵੇ।

ਕਦੇ ਉਹ ਖੇਤ ਨੂੰ ਜਾ ਰਹੀ ਹੁੰਦੀ, ਕਾਕਾ ਸਿਉਂ ਦਾ ਕੋਈ ਹਾਣੀ ਬੰਦਾ ਪੈਰ ਪੁੱਟ ਕੇ ਉਹਦੇ ਨਾਲ ਜਾ ਰਲਦਾ ਤੇ ਉਹਨੂੰ ਗੱਲੀਂ ਪਾ ਲੈਂਦਾ। ਏਧਰ-ਉਧਰ ਦੀਆਂ ਮਾਰ ਕੇ ਆਪਣੀ ਜਾਣ 'ਚ ਫੇਰ ਉਹ ਮਿੱਠੀ ਚਹੇਡ ਕਰਦਾ- "ਬਘੇਲ ਕੁਰੇ, ਭਾਈ ਤਾਂ ਸਾਡਾ ਹੁਣ ਹਾਰ ਗਿਆ ਲੱਗਦੈ।"

"ਐਵੇਂ ਲੱਗਦੈ, ਓਹਿਆ ਜ੍ਹਾ ਈ ਪਿਐ। ਡਾਲ ਨ੍ਹੀ ਵਿਗੜਿਆ ਉਹਦਾ ਤਾਂ।" ਅਗਲੇ ਵੱਲ ਉਹ ਕੌੜੀ ਅੱਖ ਨਾਲ ਝਾਕਦੀ ਤੇ ਫੇਰ ਉਹ ਅਗਲੀ ਗੱਲ ਕਹੇ ਬਗ਼ੈਰ ਉਹਦੇ ਕੋਲੋਂ ਪਾਸਾ ਵੱਟਣ ਦੀ ਕਰਦਾ। ਉਹ ਅੱਗੇ ਜਾਂਦੇ ਆਪਣੇ ਡੰਗਰ-ਪਸ਼ੂਆਂ ਨੂੰ ਤਿੱਖੀਆਂ ਗਾਲ੍ਹਾਂ ਕੱਢਣ ਲੱਗਦੀ।

ਇੱਕ ਦਿਨ ਅਗਵਾੜ ਦਾ ਕਰੜ-ਬਰੜੀ ਦਾੜ੍ਹੀ ਵਾਲਾ ਇੱਕ ਬੰਦਾ ਉਹਨੂੰ ਕਹਿੰਦਾ- "ਸਾਡਾ ਦੱਸ ਕੀ ਭੁੰਨ ਕੇ ਬੀਜਿਆ ਹੋਇਐ, ਸਾਡੇ ਨਾਲ ਤੂੰ ਗੱਲ ਈ ਨ੍ਹੀਂ ਕਰਦੀ, ਟੁੰਡਾ ਸਾਲ਼ਾ ਤੀਜੇ ਗਵਾੜੋਂ।" "ਆਵਦੀ ਇੱਜ਼ਤ ਆਵਦੇ ਕੋਲ ਰੱਖ, ਭਲਿਆਮਾਣਸਾ। ਮੈਂ ਕੰਜਰੀ ਤਾਂ ਹੈ ਨ੍ਹੀਂ ਬਈ...। ਦਾੜ੍ਹੀ ਪੱਟ ਕੇ ਹੱਥ ਵਿੱਚ ਫੜਾ ਦੂੰਗੀ।" ਉਹ ਪੈਰ ਗੱਡ ਕੇ ਖੜ੍ਹੀ ਬੋਲ ਰਹੀ ਸੀ।

ਤੇ ਫੇਰ ਹੋਰ ਇੱਕ ਦਿਨ, ਉਹ ਖੇਤੋਂ ਆ ਰਹੀ ਸੀ। ਹੱਥ ਵਿੱਚ ਡਾਂਗ, ਸਿਰ ਉੱਤੇ ਚਾਰੇ ਦੀ ਭਰੀ। ਇੱਕ ਬੰਦਾ ਉਹਦੇ ਮਗਰ-ਮਗਰ ਚੁੱਪ-ਚਪੀਤਾ ਤੁਰਿਆ ਆਵੇ। ਮਗਰੋਂ ਪੈੜ-ਚਾਲ ਸੁਣ ਕੇ ਬਘੇਲੋ ਨੇ ਗਰਦਨ ਭੰਵਾਈ। ਉਹ ਦੂਜੇ ਅਗਵਾੜ ਦਾ ਇੱਕ ਲੰਡਰ ਮੁੰਡਾ ਸੀ। ਪਤਾ ਨਹੀਂ ਕਿੱਧਰੋਂ ਆ ਰਿਹਾ ਸੀ। ਪਹਿਲਾਂ ਵੀ ਉਹ ਦੋ-ਤਿੰਨ ਵਾਰੀ ਉਹਦੇ ਵੱਲ ਮੈਲ਼ੀ ਅੱਖ ਨਾਲ ਝਾਕਦਾ ਉਹਨਾਂ ਦੇ ਘਰ ਮੂਹਰ ਦੀ ਲੰਘਿਆ ਸੀ। ਜਦੋਂ ਹੀ ਕੱਸੀ ਦੇ ਵੱਡੇ ਖਾਲ਼ ਕੋਲ ਉਹ ਆਈ, ਉਹ ਆਪ ਵੀ ਪਹੇ ਵਿੱਚ ਡਿੱਗ ਪਈ ਸੀ। ਮੁੰਡਾ ਉਹਦੇ ਨਾਲ ਗੁੱਥਮ-ਗੁੱਥਾ ਹੋ ਗਿਆ। ਉਹਨੂੰ ਡੌਲਿਓਂ ਫੜ ਕੇ ਖਾਲ਼ ਵੱਲ ਖਿੱਚ ਰਿਹਾ ਸੀ। ਬਘੇਲੋ ਨੇ ਬਥੇਰਾ ਗਾਲ੍ਹਾਂ ਕੱਢੀਆਂ, ਉੱਚੀਆਂ ਚੀਕਾਂ ਮਾਰੀਆਂ, ਬਈ ਕੋਈ ਸੁਣ ਲਵੇ। ਮੁੰਡਾ ਉਹਤੋਂ ਤਕੜਾ ਵੀ ਨਹੀਂ ਸੀ, ਪਰ ਉਹਦਾ ਖਹਿੜਾ ਨਹੀਂ ਛੱਡ ਰਿਹਾ ਸੀ। ਬਘੇਲੋ ਨੇ ਪਰ੍ਹਾਂ ਪਈ ਡਾਂਗ ਦੇਖੀ। ਆਪਣੇ-ਆਪ ਨੂੰ ਉਹਦੇ ਕੋਲੋਂ ਛੁਡਾ ਕੇ ਉਹ ਡਾਂਗ ਵੱਲ ਭੱਜੀ। ਅਗਲੇ ਬਿੰਦ ਮੁੰਡੇ ਦਾ ਮੱਥਾ ਪਾੜਿਆ ਗਿਆ ਸੀ। ਧਰਤੀ ਉੱਤੇ ਪਿਆ ਉਹ ਮੱਛੀ ਵਾਂਗ ਤੜਫ਼ ਰਿਹਾ ਸੀ। ਬਘੇਲੋ ਨੇ ਦੋ ਡਾਂਗਾਂ ਉਹਦੇ ਗਿੱਟਿਆਂ ਉੱਤੇ ਵੀ ਜੜ ਦਿੱਤੀਆਂ ਸਨ ਤੇ ਫੇਰ ਉਹਨੇ ਆਪ ਹੀ ਆਪਣੀ ਭਰੀ ਚੁੱਕੀ, ਭੁੰਜੇ ਪਈ ਡਾਂਗ ਨੂੰ ਪੈਰ ਨਾਲ ਖੜ੍ਹਾ ਕੀਤਾ, ਮੁੰਡੇ ਉੱਤੇ ਥੁੱਕਿਆ ਤੇ ਆਰਾਮ ਨਾਲ ਆਪਣੇ ਰਾਹ ਤੁਰਨ ਲੱਗੀ।

ਉਹ ਦਿਨ ਸੋ ਉਹ ਦਿਨ, ਮੁੜਕੇ ਕੋਈ ਬੰਦਾ ਬਘੇਲੋ ਵੱਲ ਮਾੜੀ ਨਿਗਾਹ ਨਾਲ ਝਾਕਿਆ ਤੱਕ ਨਹੀਂ।◆