ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਾਂ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਮਾਂ

ਉਹ ਅੱਗ ਵਰਗੀ ਤੀਵੀਂ ਸੀ। ਨੇੜੇ ਜਾਓ ਤਾਂ ਸੇਕ ਮਾਰਦਾ, ਦੂਰੋਂ ਖਿੱਚਾਂ ਪਾਉਂਦੀ। ਇੱਕ ਵਾਰ ਤਾਂ ਹਰਨੇਕ ਨੇ ਤਹੱਈਆ ਹੀ ਕਰ ਲਿਆ ਕਿ ਉਹ ਇਸ ਅੱਗ ਨੂੰ ਆਪਣੀ ਮੁੱਠੀ ਵਿੱਚ ਘੁੱਟ ਲਵੇਗਾ, ਚਾਹੇ ਉਹਦਾ ਹੱਥ ਸੜ ਹੀ ਕਿਉਂ ਨਾ ਜਾਵੇ। ਉਹਦੇ ਨੇੜੇ ਹੋਣ ਲਈ ਉਹ ਕੱਟੇ ਵੱਛੇ ਜਿਹੇ ਬੰਨ੍ਹਣ ਲੱਗਦਾ ਤਾਂ ਮ੍ਹਿੰਦਰੋਂ ਹੱਸ ਕੇ ਆਖਦੀ,'ਜਿਹੜੀ ਗੱਲ ਤੂੰ ਭਾਲਦੈਂ, ਖ਼ੁਸ਼ੀ ਆਸ ਰੱਖ। ਤੂੰ ਕੱਲ੍ਹ ਦਾ ਮੁੰਡਾ, ਤੇਰੀ ਸਾਰੀ ਉਮਰ ਪਈ ਐ। ਬਥੇਰੀਆਂ ਮਿਲ ਜਾਣਗੀਆਂ ਮੇਰੇ ਵਰਗੀਆਂ-ਇੱਕ ਤੋਂ ਇੱਕ ਚੜ੍ਹਦੀ। ਮੈਥੋਂ ਵੀ ਬਹੁਤੀ ਸੋਹਣੀ ਕੋਈ।

ਹਰਨੇਕ ਹਥਿਆਰ ਸੁੱਟ ਬੈਠਦਾ ਤੇ ਨਿੰਮੋਝੂਣਾ ਹੋ ਕੇ ਆਖਣ ਲੱਗਦਾ, 'ਬੱਸ ਊਈਂ ਮੈਨੂੰ ਤਾਂ ਤੇਰਾ ਮੋਹ ਜਿਹਾ ਆਉਂਦੈ। ਬੱਸ ਐਨੀ ਗੱਲ ਈ ਐ।'

'ਤੇਰੇ ਮੋਹ ਨੂੰ ਸਭ ਜਾਣਦੀ ਆਂ ਮੈਂ। ਤੇਰੀਆਂ ਅੱਖਾਂ ਦੱਸਦੀਆਂ ਨੇ। ਤੇਰੀ ਨੀਤ ਮਾੜੀ ਐ।'

'ਲੈ ਭਾਬੀ, ਤੂੰ ਤਾਂ ਗੁੱਸਾ ਮੰਨ ਜਾਨੀ ਐ।' ਹਰਨੇਕ ਜਮਾਂ ਹੀ ਭੁੰਜੇ ਲਹਿ ਜਾਂਦਾ।

ਪਰ ਉਹ ਬੇਚੈਨ ਰਹਿੰਦਾ। ਨਿੱਕੀਆਂ-ਨਿੱਕੀਆਂ ਹਰਕਤਾਂ ਕਰਨੋਂ ਹਟਦਾ ਨਹੀਂ ਸੀ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਹਰਨੇਕ ਬੀ.ਏ. ਕਰਕੇ ਘਰ ਆ ਬੈਠਾ ਤੇ ਬੇਰੋਜ਼ਗਾਰ ਸੀ। ਵਿਹਲਾ ਰਹਿੰਦਾ। ਘਰਦਿਆਂ ਨਾਲ ਐਸਾ-ਵੈਸਾ ਹੀ ਕੰਮ ਕਰਾਉਂਦਾ। ਉਹ ਤਿੰਨ ਭਾਈ ਸਨ। ਦੋ ਵੱਡੇ ਉਹਤੋਂ ਕਾਫ਼ੀ ਵੱਡੇ ਸਨ ਤੇ ਵਿਆਹੇ-ਵਰ੍ਹੇ। ਉਨ੍ਹਾਂ ਤੋਂ ਛੋਟੀਆਂ ਦੋ ਭੈਣਾਂ, ਉਹ ਵੀ ਆਪਣੇ ਘਰੀਂ ਵਸਦੀਆਂ-ਰਸਦੀਆਂ। ਹਰਨੇਕ ਸਭ ਤੋਂ ਛੋਟਾ ਹੋਣ ਕਰਕੇ ਮਾਂ ਦਾ ਲਾਡਲਾ ਸੀ। ਪਿਉ ਨਹੀਂ ਸੀ। ਭਰਜਾਈਆਂ ਉਹਨੂੰ ਕੰਮ ਨੂੰ ਆਖਦੀਆਂ ਤਾਂ ਮਾਂ ਬੁਰਾ ਮਨਾਉਂਦੀ। ਆਖਦੀ, 'ਜਦੋਂ ਇਹਨੇ ਪਹਿਲੇ ਦਿਨੋ ਕੰਮ ਨ੍ਹੀ ਕੀਤਾ, ਹੁਣ ਕਿਵੇਂ ਕਰ ਲੂ? ਨਾਲੇ ਇਹਨੇ ਕਿਹੜਾ ਖੇਤੀ ਕਰਨੀ ਐਂ। ਚੌਦਾਂ ਪਾਸ ਐ। ਨੌਕਰੀ ਕਰੂ ਕੋਈ। ਜੇ ਹਲ ਈ ਵਾਹੁਣਾ ਸੀ ਤਾਂ ਪੜ੍ਹਦਾ ਕਾਹਨੂੰ, ਕਾਹਨੂੰ ਕਿਤਾਬਾਂ ਨਾਲ ਮੱਥਾ ਮਾਰਦਾ।'

ਤੇ ਅੱਜ ਵਰ੍ਹਿਆਂ ਬਾਅਦ ਉਹ ਮ੍ਹਿੰਦਰੋਂ ਭਾਬੀ ਦੇ ਪਿੰਡ ਜਾ ਰਿਹਾ ਸੀ। ਮਨ ਵਿੱਚ ਤਿੱਖੀ ਉਮੰਗ ਕਿ ਉਹ ਮ੍ਹਿੰਦਰੋਂ ਨੂੰ ਦੇਖੇਗਾ, ਉਹਦੇ ਨਾਲ ਗੱਲਾਂ ਕਰੇਗਾ ਤਾਂ ਉਹਦੀ ਬੇਸੁਰ ਤਬੀਅਤ ਨੂੰ ਕੁਝ ਰਾਹਤ ਮਿਲੇਗੀ। ਉਹ ਹਾਲੇ ਤੱਕ ਵੀ ਉਹਦੇ ਧੁਰ ਅੰਦਰ ਕਿਤੇ ਘਰ ਬਣਾ ਕੇ ਬੈਠੀ ਹੋਈ ਸੀ। ਤੀਵੀਂ ਹੋਵੇ ਤਾਂ ਉਹੋ ਜਿਹੀ ਹੋਵੇ। ਹਰਨੇਕ ਦੀ ਆਪਣੀ ਪਤਨੀ ਸੋਹਣੀ ਤਾਂ ਸੀ ਪਰ ਸੁਭਾਉ ਦੀ ਚੰਗੀ ਨਹੀਂ ਸੀ। ਹਰ ਵੇਲੇ ਖਿੱਝਦੀ-ਕੁੜ੍ਹਦ ਰਹਿੰਦੀ। ਦੋ ਜੁਆਕ ਜੰਮ ਕੇ ਵੀ ਹਾਲੇ ਉਹਨੂੰ ਸੁਰਤ ਨਹੀਂ ਆਈ ਸੀ ਕਿ ਘਰ-ਗ੍ਰਹਿਸਥੀ ਕੀ ਚੀਜ਼ ਹੁੰਦੀ ਹੈ। ਉਹ ਪੈਸੇ ਦੀ ਪੁੱਤ ਸੀ। ਹਰਨੇਕ ਉਹਦੇ ਹੱਥ ਵਿੱਚ ਪੈਸੇ ਆਮ ਰੱਖਦਾ ਤਾਂ ਉਹ ਕੁਝ ਵਲ ਰਹਿੰਦੀ, ਨਹੀਂ ਤਾਂ ਮੱਚੀ ਦੀ ਮੱਚੀ। ਘਰ ਦੀਆਂ ਚੀਜ਼ਾਂ-ਵਸਤਾਂ ਤੇ ਜੁਆਕਾਂ ਦੇ ਕੱਪੜਿਆਂ ਨੂੰ ਲੈ ਕੇ ਹੀ ਬੋਲਦੀ ਰਹਿੰਦੀ। ਉਹ ਸਧਾਰਨ ਵੀ ਬੋਲਦੀ ਤਾਂ ਲੱਗਦਾ ਲੜਦੀ ਝਗੜਦੀ ਹੈ। ਸ਼ਾਂਤ-ਠਰੇ ਪਾਣੀਆਂ ਵਿੱਚ ਅਚਾਨਕ ਗੰਦਾ ਰੋੜਾ ਵਗਾਹ ਮਾਰਨਾ ਉਹਦੀ ਭੈੜੀ ਆਦਤ ਸੀ। ਉਹ ਹਰਨੇਕ ਨੂੰ ਹਰ ਵੇਲੇ ਹੀ ਤਣਾਅ ਵਿੱਚ ਰੱਖਦੀ। ਕਹਿਣ ਨੂੰ ਉਹ ਬਾਰ੍ਹਾਂ ਜਮਾਤਾਂ ਪਾਸ ਪਰ ਉਹਦੇ ਵਿੱਚ ਪੜ੍ਹੀਆਂ ਲਿਖੀਆਂ ਜ਼ਨਾਨੀਆਂ ਵਾਲੀ ਕੋਈ ਗੱਲ ਨਹੀਂ ਸੀ। ਡੰਗਰਾਂ ਵਰਗੇ ਬੋਲ ਸੀ ਉਹਦੇ। ਹਰਨੇਕ ਬਹੁਤਾ ਹੀ ਖਿੱਝ ਉਠਦਾ ਤਾਂ ਉਹਦਾ ਜੀਅ ਕਰਦਾ ਕਿ ਉਹ ਇਸ ਚੰਦਰੇ ਘਰ ਨੂੰ ਛੱਡ ਕੇ ਕਿਧਰੇ ਭੱਜ ਜਾਵੇ। ਪਰ ਉਹ ਇੰਜ ਕਿਵੇਂ ਵੀ ਨਹੀਂ ਸੀ ਕਰ ਸਕਦਾ। ਉਹਦੇ ਦੋ ਜੁਆਕ ਉਹਦੇ ਪੈਰਾਂ ਵਿੱਚ ਬੇੜੀਆਂ ਸਨ। ਉਹ ਸੋਚਦਾ, ਉਹਦੀ ਘਰ ਵਾਲੀ ਤਾਂ ਹੈ ਇਹੋ ਜਿਹੀ, ਬਲੂਰਾਂ ਦਾ ਕੀ ਕਸੂਰ ਹੈ? ਉਹ ਸਮੇਂ ਤੋਂ ਪਹਿਲਾਂ ਹੀ ਦਫ਼ਤਰ ਚਲਿਆ ਜਾਂਦਾ ਤੇ ਸ਼ਾਮ ਨੂੰ ਛੁੱਟੀ ਬਾਅਦ ਘੰਟਾ-ਅੱਧਾ ਘੰਟਾ ਦੇਰ ਨਾਲ ਘਰ ਪਹੁੰਚਦਾ। ਰਾਹ ਵਿੱਚ ਕੋਈ ਮਿੱਤਰ-ਦੋਸਤ ਮਿਲ ਜਾਂਦਾ ਤਾਂ ਉਹਦੇ ਕੋਲ ਹੀ ਖੜ੍ਹਾ ਗੱਲਾਂ ਮਾਰਦਾ ਰਹਿੰਦਾ। ਉਹਨੂੰ ਘਰ ਵਾਪਸ ਜਾਣ ਦੀ ਭੋਰਾ ਵੀ ਕਾਹਲ ਨਹੀਂ ਸੀ ਹੁੰਦੀ। ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਕੁਝ ਸਮੇਂ ਲਈ ਦਫ਼ਤਰ ਜਾਂਦਾ। ਬਹੁਤਾ ਸਮਾਂ ਘਰੋਂ ਬਾਹਰ ਰਹਿਣ ਦੀ ਕੋਸ਼ਿਸ਼ ਕਰਦਾ।

ਉਹ ਫੂਡ ਐਂਡ ਸਪਲਾਈ ਦੇ ਮਹਿਕਮੇ ਵਿੱਚ ਸੀ ਤੇ ਉਨ੍ਹਾਂ ਦਿਨਾਂ ਵਿੱਚ ਉਹ ਜਿਸ ਸ਼ਹਿਰ ਵਿੱਚ ਸੀ, ਉਥੋਂ ਮਾਸਟਰ ਕਰਮ ਸਿੰਘ ਦਾ ਪਿੰਡ ਬਹੁਤੀ ਦੂਰ ਨਹੀਂ ਸੀ। ਬੱਸਾਂ ਜਾਂਦੀਆਂ ਸਨ। ਇੱਕ ਦਿਨ ਸ਼ਹਿਰ ਵਿੱਚ ਸਾਈਕਲ ਉੱਤੇ ਜਾ ਰਿਹਾ ਮਾਸਟਰ ਕਰਮ ਸਿੰਘ ਮਿਲਿਆ ਸੀ। ਉਹਨੂੰ ਪਿੰਡ ਮੁੜਨ ਦੀ ਕਾਹਲ ਸੀ। ਬਹੁਤੀ ਗੱਲਬਾਤ ਚਾਹੇ ਨਹੀਂ ਸੀ ਹੋ ਸਕੀ ਪਰ ਉਹ ਜ਼ੋਰ ਦੇ ਰਿਹਾ ਸੀ ਕਿ ਕਿਸੇ ਦਿਨ ਪਿੰਡ ਆਵੇ ਤੇ ਰਾਤ ਰਹੇ। ਬੱਚਿਆ ਨੂੰ ਵੀ ਨਾਲ ਲਿਆਵੇ। ਉਹ ਆਰਾਮ ਨਾਲ ਬੈਠ ਕੇ ਗੱਲਾਂ ਕਰਨਗੇ। ਹਰਨੇਕ ਨੂੰ ਮਾਸਟਰ ਕਰਮ ਸਿੰਘ ਮਿਲਿਆ ਸੀ, ਤਾਂ ਸਮਝੋ ਮ੍ਹਿੰਦਰੋ ਭਾਬੀ ਹੀ ਮਿਲ ਪਈ। ਉਹਦੇ ਸਰੀਰ ਵਿੱਚ ਇੱਕ ਤਾਰ ਫਿਰ ਗਈ। ਮ੍ਹਿੰਦਰੋ ਨੂੰ ਦੇਖਣ ਲਈ ਉਹਦਾ ਚਿੱਤ ਕਾਹਲਾ ਪੈਣ ਲੱਗਿਆ। ਉਹਨੇ ਝੱਟ ਆਖ ਦਿੱਤਾ ਕਿ ਉਹ ਅਗਲੇ ਸ਼ਨਿਚਰਵਾਰ ਹੀ ਸ਼ਾਮ ਨੂੰ ਆਵੇਗਾ।

ਹਰਨੇਕ ਦੇ ਪਿੰਡ ਮ੍ਹਿੰਦਰੋ ਭਾਬੀ ਜਦੋਂ ਉਨ੍ਹਾਂ ਦੇ ਘਰ ਆਉਂਦੀ ਹੁੰਦੀ, ਮਾਸਟਰ ਕਰਮ ਸਿੰਘ ਉਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ। ਉਨ੍ਹਾਂ ਦੇ ਗੁਆਂਢ ਵਿੱਚ ਹੀ ਇੱਕ ਬੈਠਕ ਕਿਰਾਏ ਉੱਤੇ ਲੈ ਕੇ ਰਹਿੰਦੇ ਹੁੰਦੇ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਬੱਚਾ ਕੋਈ ਨਹੀਂ ਸੀ। ਵਿਆਹ ਨੂੰ ਥੋੜ੍ਹੇ ਦਿਨ ਹੀ ਹੋਏ ਸਨ। ਕਰਮ ਸਿੰਘ ਜਦੋਂ ਸਕੂਲ ਚਲਿਆ ਜਾਂਦਾ ਤਾਂ ਮ੍ਹਿੰਦਰੋ ਕੰਮ-ਧੰਦਾ ਮੁਕਾ ਕੇ ਹਰਨੇਕ ਦੀ ਮਾਂ ਕੋਲ ਆ ਬੈਠਦੀ। ਮਾਲਕ-ਮਕਾਨ ਬੁੜ੍ਹੀ ਇਕੱਲੀ ਸੀ, ਸੁਭਾਅ ਦੀ ਚੰਗੀ ਨਹੀਂ ਸੀ। ਮੱਚੜ ਸੀ। ਸਿਰ ਦਾ ਸਾਈਂ ਮਰ ਚੁੱਕਿਆ ਸੀ।ਔਲਾਦ ਕੋਈ ਨਹੀਂ ਸੀ। ਖਰਚ ਵਲੋਂ ਸਿਰੇ ਦੀ ਕੰਜੂਸ। ਕਦੇ-ਕਦੇ ਦਾਲ ਭਾਜੀ ਵੀ ਮਾਸਟਰ ਦੇ ਚੁੱਲ੍ਹੇ ਤੋਂ ਲੈਂਦੀ। ਮ੍ਹਿੰਦਰੋ ਉਹਦੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਸੀ। ਕਦੇ-ਕਦੇ ਅਜਿਹਾ ਵੀ ਹੁੰਦਾ ਕਿ ਮਾਸਟਰ ਕਰਮ ਸਿੰਘ ਨੂੰ ਬਾਹਰ ਕਿਧਰੇ ਰਾਤ ਕੱਟਣੀ ਪੈ ਜਾਂਦੀ। ਉਸ ਰਾਤ ਆਨੀ-ਬਹਾਨੀ ਹਰਨੇਕ ਮ੍ਹਿੰਦਰੋ ਨਾਲ ਬਹੁਤ ਗੱਲਾਂ ਮਾਰਦਾ। ਮਾਂ ਸੌਂ ਜਾਂਦੀ ਤਾਂ ਉਹ ਦੋਵੇਂ ਹੀ ਗਈ ਰਾਤ ਤੱਕ ਗੱਲਾਂ ਮਾਰਦੇ ਰਹਿੰਦੇ। ਗੱਲਾਂ ਦਾ ਕੋਈ ਸਿਰ ਪੈਰ ਘੱਟ ਹੀ ਹੁੰਦਾ। ਪਰ ਅਜਿਹੀਆਂ ਗੱਲਾਂ ਕਰਕੇ ਹਰਨੇਕ ਦੀ ਰਾਤ ਤੇਜ਼ ਘੋੜੇ ਵਾਂਗ ਦੌੜਦੀ ਲੰਘ ਜਾਂਦੀ। ਉਸ ਰਾਤ ਦੀ ਬੇਚੈਨੀ ਵੀ ਹਰਨੇਕ ਦੀ ਪ੍ਰਾਪਤੀ ਬਣ ਜਾਂਦੀ ਸੀ।

ਅੱਜ ਕੱਲ੍ਹ ਕਰਮ ਸਿੰਘ ਆਪਣੇ ਪਿੰਡ ਦੇ ਹੀ ਸਕੂਲ ਵਿੱਚ ਸੀ। ਤਿੰਨ ਬੱਚੇ ਸਨ- ਵੱਡੇ-ਵੱਡੇ। ਦੋ ਮੁੰਡੇ ਤੇ ਇੱਕ ਕੁੜੀ। ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ। ਕਰਮ ਸਿੰਘ ਆਪਣੇ ਭਰਾਵਾਂ ਨਾਲੋਂ ਅੱਡ-ਵਿੱਢ ਸੀ।

ਉਹਨਾਂ ਦਸਹਿਰੀ ਅੰਬਾਂ ਦਾ ਲਿਫ਼ਾਫ਼ਾ ਲਿਆ ਤੇ ਦਿਨ ਖੜ੍ਹੇ ਹੀ ਉਨ੍ਹਾਂ ਦੇ ਪਿੰਡ ਪਹੁੰਚ ਗਿਆ। ਪਿੰਡ ਬਹੁਤ ਵੱਡਾ ਨਹੀਂ ਸੀ। ਘਰ ਆਸਾਨੀ ਨਾਲ ਹੀ ਲੱਭ ਗਿਆ। ਉਹਨੂੰ ਇਕੱਲਾ ਆਇਆ ਦੇਖ ਕੇ ਕਰਮ ਸਿੰਘ ਹੈਰਾਨ ਹੋਇਆ। ਪੁੱਛਿਆ, 'ਜੁਆਕ-ਜੱਲਾ ਬਈ?'

'ਉਹ ਨ੍ਹੀ ਆਏ। ਮੈਂ ਈ ਆ ਗਿਆ ਫੇਰ।'

'ਕਿਉਂ?'

'ਸਾਡੀ ਕੁੜੀ ਨੂੰ ਤਾਪ ਚੜ੍ਹਦੈ। ਰੀਂ-ਰੀਂ ਕਰੀਂ ਜਾਂਦੀ ਸੀ। ਮਖਿਆ-ਕਿੱਥੇ ਚੱਕਾਂਗੇ ਉਹਨੂੰ। ਮੈਂ ਵੀ ਏਸ ਕਰਕੇ ਆ ਗਿਆ, ਬਈ ਉਡੀਕਦਾ ਹੋਊਗਾ ਕਰਮ ਸੂੰ। ਆਖਿਆ ਵਿਐ।

ਹਰਨੇਕ ਨੇ ਇਹ ਸਾਰੀ ਗੱਲ ਬਣਾ ਕੇ ਆਖੀ। ਅਸਲ ਵਿੱਚ ਉਹ ਆਪਣੇ ਘਰ ਵਾਲੀ ਨੂੰ ਜਾਣ ਕੇ ਨਾਲ ਨਹੀਂ ਲਿਆਇਆ ਸੀ। ਉਹ ਤਾਂ ਸਗੋਂ ਉਹਦੇ ਕੋਲੋਂ ਦੂਰ ਭੱਜ ਕੇ ਆਇਆ ਸੀ। ਸੌਖਾ ਸਾਹ ਲੈਣ ਲਈ।

ਕੋਲ ਆ ਕੇ ਖੜ੍ਹੀ ਮ੍ਹਿੰਦਰੋ ਨੂੰ ਹਰਨੇਕ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਉਹਨੂੰ ਸੰਵਾਰ-ਸੰਵਾਰ ਦੇਖਿਆ-ਪੈਰਾਂ ਤੋਂ ਲੈ ਕੇ ਸਿਰ ਤੱਕ। ਉਹ ਤਾਂ ਉਹੋ ਜਿਹੀ ਪਈ ਸੀ, ਉਹੀ ਰੰਗ, ਉਹੀ ਜੁੱਸਾ ਤੇ ਉਹੀ ਆਵਾਜ਼। ਵੀਹ-ਬਾਈ ਸਾਲ ਬਾਅਦ ਵੀ ਉਹਦਾ ਕੁਝ ਨਹੀਂ ਸੀ ਬਦਲਿਆ। ਮ੍ਹਿੰਦਰੋ ਨੇ ਸਭ ਦੀ ਸੁੱਖ-ਸਾਂਦ ਪੁੱਛੀ। ਮਾਂ ਦੀ ਸਿਹਤ ਬਾਰੇ ਪੂਰਾ ਜਾਣਨਾ ਚਾਹਿਆ। ਵਾਰ-ਵਾਰ ਕਹਿ ਰਹੀ ਸੀ, 'ਮੇਰਾ ਤਾਂ ਬਲਾਈ ਜੀਅ ਕਰਦੈ, ਬੇਬੇ ਨੂੰ ਮਿਲਣ ਨੂੰ।' ਫੇਰ ਪੁੱਛਿਆ, 'ਤੇਰੇ ਕੀ ਨਿੱਕੇ-ਨਿਆਣੇ ਨੇ?' ਇਹ ਵੀ ਕਿ ਉਹਦੀ ਬਹੂ ਚੰਗੀ ਹੈ? ਸੋਹਣੀ ਹੈ? ਸਿਆਣੀ ਹੈ? ਕਿੰਨ੍ਹਾਂ ਪੜ੍ਹੀ ਲਿਖੀ ਹੈ? ਉਹ ਇੱਕ-ਇੱਕ ਗੱਲ ਦਾ ਸੰਖੇਪ ਜਵਾਬ ਦਿੰਦਾ ਜਾਂਦਾ।

ਗਰਮੀ ਦਾ ਮਹੀਨਾ ਸੀ। ਲੋਆ ਵਗਦੀਆਂ। ਬੱਦਲਾਂ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਮ੍ਹਿੰਦਰੋ ਨੇ ਸ਼ਕੰਜਵੀ ਬਣਾ ਲਈ। ਕਰਮ ਸਿੰਘ ਤੇ ਆਪਣੇ ਲਈ ਖੰਡ ਵਾਲੀ ਤੇ ਹਰਨੇਕ ਲਈ ਲੂਣ ਵਾਲੀ। ਐਨੇ ਵਰ੍ਹਿਆਂ ਬਾਅਦ ਵੀ ਮ੍ਹਿੰਦਰੋ ਨੂੰ ਯਾਦ ਸੀ ਕਿ ਉਹ ਮਿੱਠੇ ਵਾਲੀ ਸ਼ਕੰਜਵੀ ਨਹੀਂ ਪੀਂਦਾ। ਉਨ੍ਹਾਂ ਦੇ ਪਿੰਡ ਜਦੋਂ ਮਾਂ ਸ਼ਕੰਜਵੀ ਬਣਾਉਂਦੀ, ਜੇ ਮਿੱਠੇ ਵਾਲੀ ਹੁੰਦੀ ਤਾਂ ਹਰਨੇਕ ਘੁੱਟ ਭਰ ਕੇ ਛੱਡ ਦਿੰਦਾ। ਜੂਠੀ ਸ਼ਕੰਜਵੀ ਬਣਾਉਂਦੀ, ਜੇ ਮਿੱਠੇ ਵਾਲੀ ਹੁੰਦੀ ਤਾਂ ਹਰਨੇਕ ਘੁੱਟ ਭਰ ਕੇ ਛੱਡ ਦਿੰਦਾ। ਜੂਠੀ ਸ਼ਕੰਜਵੀ ਮਾਂ ਨੂੰ ਪੀਣੀ ਪੈਂਦੀ। ਉਹ ਮਾਂ ਨਾਲ ਲੜਦਾ ਕਿ ਉਹਨੂੰ ਲੂਣ ਵਾਲੀ ਕਿਉਂ ਨਹੀਂ ਬਣਾ ਕੇ ਦਿੱਤੀ?

ਸ਼ਕੰਜਵੀ ਪੀ ਕੇ ਉਹ ਬੈਠਕ ਵਿੱਚ ਪੱਖੇ ਥੱਲੇ ਬੈਠ ਗਏ। ਕਰਮ ਸਿੰਘ ਕਹਿੰਦਾ, 'ਗਰਮੀ ਬਹੁਤ ਐ। ਪਹਿਲਾਂ ਨ੍ਹਾ ਲੈ, ਹਰਨੇਕ। ਮੈਂ ਵੀ ਨ੍ਹਾ ਲੂੰ ਪਿਛੋਂ। ਫੇਰ ਬਹਿਨੇ ਆਂ।'

ਪੈਂਟ ਬੁਸ਼ਰਟ ਉਤਾਰ ਕੇ ਹਰਨੇਕ ਨੇ ਕੁੜਤਾ ਪਜਾਮਾ ਪਾ ਲਿਆ ਤੇ ਗੁਸਲਖਾਨਾ ਪੁੱਛਿਆ। ਨ੍ਹਾ ਕੇ ਜਿਵੇਂ ਸੁਰਤ ਆ ਗਈ ਹੋਵੇ। ਕੁੜਤਾ ਪਜਾਮਾ ਪਾ ਕੇ ਬੈਠਾ ਹਰਨੇਕ ਹੌਲਾ-ਫੁੱਲ ਮਹਿਸੂਸ ਕਰ ਰਿਹਾ ਸੀ। ਐਨੇ ਨੂੰ ਉਨ੍ਹਾਂ ਦੇ ਤਿੰਨੇ ਜੁਆਕ ਬਾਹਰੋ ਕਿਧਰੋਂ ਆਏ ਤੇ ਵਾਰੀ-ਵਾਰੀ ਉਹਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ। ਕਰਮ ਸਿੰਘ ਵੀ ਨ੍ਹਾ ਕੇ ਉਹਦੇ ਕੋਲ ਆ ਬੈਠਾ। ਹਰਨੇਕ ਨੇ ਦੇਖਿਆ, ਬੈਠਕ ਦੇ ਹੈਂਗਰ ਉੱਤੇ ਉਹਦੀ ਪੈਂਟ-ਬੁਸ਼ਰਟ ਨਹੀਂ ਸੀ। ਮੇਜ ਉੱਤੇ ਉਹਦਾ ਬਟੂਆ, ਪੈਨ ਤੇ ਰੁਮਾਲ ਰੱਖੇ ਪਏ ਸਨ। ਉਹ ਪਹਿਲਾਂ ਆਪਣੀਆਂ ਚੀਜ਼ਾਂ ਵੱਲ ਝਾਕਦਾ ਰਿਹਾ ਤੇ ਫੇਰ ਕਰਮ ਸਿੰਘ ਵੱਲ ਦੇਖਿਆ। ਕਰਮ ਸਿੰਘ ਬੋਲਿਆ, 'ਇਹ ਤਾਂ ਤੇਰੀ ਭਾਬੀ ਲੈ ਗੀ, ਮੇਰੀ ਸਮਝ 'ਚ। ਧੋ ਦੂ ਗੀ। ਤੜਕੇ ਜਾਣ ਵੇਲੇ ਨੂੰ ਸੁੱਕ ਜਾਣਗੇ। ਗਰਮੀ ਤਾਂ ਮੇਰੇ ਸਾਲੇ ਦੀ, ਬੱਸ ਪੁੱਛ ਨਾ। ਘੰਟੇ 'ਚ ਕੱਪੜਾ ਮੈਲ਼ਾ ਹੋ ਜਾਂਦੈ, ਮੁੜ੍ਹਕੇ ਨਾਲ।'

ਪਿੰਡ ਜਦੋਂ ਉਹ ਹੁੰਦਾ ਤਾਂ ਉਹਦਾ ਹਾਲੇ ਵਿਆਹ ਨਹੀਂ ਹੋਇਆ ਸੀ ਤਾਂ ਗਰਮੀ ਦੇ ਦਿਨਾਂ ਵਿੱਚ ਉਹ ਮਾਂ ਨੂੰ ਆਖਦਾ ਕਿ ਉਹ ਉਹਦਾ ਸ਼ਰਟ ਸਰਫ ਦੇ ਪਾਣੀ ਵਿੱਚ ਝੰਜੋਲ ਕੇ ਪਾ ਦੇਵੇ, ਤੜਕੇ ਨੂੰ ਸੁੱਕ ਜਾਵੇਗਾ। ਮਾਂ ਜਵਾਬ ਦਿੰਦੀ, 'ਤੜਕੇ ਕੀ ਦਿਨ ਨਹੀਂ ਚੜ੍ਹੂਗਾ। ਤੜਕੇ ਧੋ ਦੂੰ ਗੀ। ਜਾਂ ਦੇਹਾਂ ਘਰ ਵੜਦਾ।

ਕਰਮ ਸਿੰਘ ਘਰ ਦੀ ਕੱਢੀ ਦਾ ਅਧੀਆ ਲੈ ਆਇਆ। ਬਰਫ ਤੇ ਸਲੂਣਾ ਵੀ। ਉਹ ਕੋਠੇ ਦੀ ਛੱਤ ਉੱਤੇ ਬੈਠ ਗਏ ਤੇ ਪੀਣ ਲੱਗੇ। ਕਰਮ ਸਿੰਘ ਥੋੜ੍ਹੀ ਪੀਂਦਾ ਸੀ। ਹਰਨੇਕ ਨੂੰ ਵੀ ਕੋਈ ਖ਼ਾਸ ਸ਼ੌਕ ਨਹੀਂ ਸੀ ਪੀਣ ਦਾ। ਦੋਵੇਂ ਹੀ ਚੁਸਕੀਆਂ ਭਰਦੇ ਤੇ ਹਰਨੇਕ ਦੇ ਪਿੰਡ ਦੀਆਂ ਗੱਲਾਂ ਕਰਨ ਲੱਗਦੇ। ਕਰਮ ਸਿੰਘ ਨੇ ਇਕੱਲੇ-ਇਕੱਲੇ ਜਾਣਕਾਰ ਘਰ ਦਾ ਹਾਲ-ਚਾਲ ਪੁੱਛਿਆ। ਜਿਵੇਂ ਉਹ ਉਹਦਾ ਆਪਣਾ ਪਿੰਡ ਹੋਵੇ। ਦੋ ਸਾਲਾਂ ਵਿੱਚ ਹੀ ਉਹਨੇ ਉਥੇ ਖਾਸੀ ਜਾਣਕਾਰੀ ਬਣਾ ਲਈ ਸੀ। ਪ੍ਰਾਈਮਰੀ ਜਮਾਤਾਂ ਵਿੱਚ ਉਹਦੇ ਪੜ੍ਹਾਏ ਮੁੰਡੇ ਹੁਣ ਚੰਗੇ-ਚੰਗੇ ਕੰਮਾਂ ਉੱਤੇ ਸਨ ਤੇ ਆਪਣੀ ਸੋਹਣੀ ਗੁਜ਼ਰ ਬਸਰ ਕਰ ਰਹੇ ਸਨ। ਦੋਵਾਂ ਨੂੰ ਵਾਹਵਾ ਸਰੂਰ ਆ ਗਿਆ ਤਾਂ ਚੁੰਨੀ ਦੇ ਪੱਲੇ ਨਾਲ ਮੂੰਹ ਪੂੰਝਦੀ ਮ੍ਹਿੰਦਰੋ ਕੋਠੇ ਉੱਤੇ ਉਨ੍ਹਾਂ ਕੋਲ ਆ ਬੈਠੀ। ਉਹ ਰੋਟੀ ਪਕਾ ਕੇ ਆਈ ਸੀ ਤੇ ਗਰਮੀ ਮੰਨ ਰਹੀ ਸੀ। ਦੋ ਮੰਜੇ ਸਨ, ਉਹ ਹਰਨੇਕ ਵਾਲੇ ਮੰਜੇ ਉੱਤੇ ਪਾਸਾ ਜਿਹਾ ਮਾਰ ਕੇ ਬੈਠ ਗਈ। ਹੱਸਣ ਲੱਗੀ, 'ਹਰਨੇਕ ਉਦੋਂ ਤਾਂ ਤੂੰ ਪੀਂਦਾ ਨ੍ਹੀ ਸੀ ਹੁੰਦਾ, ਹੁਣ ਕਦੋਂ ਤੋਂ ਸ਼ੁਰੂ ਕਰ 'ਤੀ?' 'ਬੱਸ ਭਾਬੀ, ਊਈਂ। ਕਿਹੜੀ ਪੀਨਾ ਮੈਂ। ਇਹ ਤਾਂ ਬਾਈ ਜੀ ਨਾਲ ਗੱਲਾਂ ਮਾਰਨ ਦਾ ਬਹਾਨਾ ਐ।'

ਕਰਮ ਸਿੰਘ ਵੀ ਹੱਸ ਰਿਹਾ ਸੀ- ਹੋ ਹੋ ਕਰਕੇ। ਕਹਿ ਰਿਹਾ ਸੀ, 'ਘਿਓ ਮੱਲਾਂ ਨੂੰ, ਦਾਰੂ ਗੱਲਾਂ ਨੂੰ।'

ਮ੍ਹਿੰਦਰੋ ਮਾਂ ਦੀਆਂ ਗੱਲਾਂ ਕਰਨ ਲੱਗੀ। ਵਿੱਚ-ਵਿੱਚ ਦੀ ਕਰਮ ਸਿੰਘ ਵੀ ਮਾਂ ਦੀ ਕੋਈ ਗੱਲ ਕਰਦਾ। ਹਰਨੇਕ ਹੁੰਗਾਰਾ ਭਰਦਾ ਤੇ ਆਪ ਵੀ ਮਾਂ ਦੀ ਗੱਲ ਸੁਨਾਉਣ ਲੱਗਦਾ। ਤਿੰਨਾ ਦੀ ਵਾਰਤਾਲਾਪ ਮਾਂ ਸਬੰਧੀ ਚਲਦੀ ਰਹੀ ਸੀ। ਹਰਨੇਕ ਦਾ ਧਿਆਨ ਮ੍ਹਿੰਦਰੋ ਵੱਲੋਂ ਹਟ ਕੇ ਮਾਂ ਵੱਲ ਚਲਿਆ ਗਿਆ। ਮ੍ਹਿੰਦਰੋ ਮਾਂ ਦੀ ਤਾਰੀਫ਼ ਕਰ ਰਹੀ ਸੀ। ਹਰਨੇਕ ਨੂੰ ਲੱਗਦਾ, ਮਾਂ ਵਾਕਿਆ ਹੀ ਮਹਾਨ ਹੈ। ਇਸ ਪਰਿਵਾਰ ਉਤੇ ਮਾਂ ਦਾ ਡੂੰਘਾ ਪ੍ਰਭਾਵ ਹੈ।

ਰੋਟੀ ਖਾਣ ਲਈ ਉਹ ਥੱਲੇ ਵਿਹੜੇ ਵਿੱਚ ਆਏ। ਟਿੰਡੋ ਦੀ ਸਬਜ਼ੀ ਮ੍ਹਿੰਦਰੋ ਨੇ ਬੜੀ ਪ੍ਰੀਤ ਲਾ ਕੇ ਬਣਾਈ ਸੀ। ਕੂੰਡੇ ਵਿੱਚ ਰਗੜਿਆ ਮਸਾਲਾ ਦੇਸੀ ਘਿਉ ਵਿੱਚ ਭੰਨਿਆ ਸੀ। ਟਿੰਡੋ ਦੀ ਸੁੱਕੀ ਸਬਜ਼ੀ ਵਧੀਆ ਤੋਂ ਵਧੀਆ ਮੀਟ ਨੂੰ ਪਿੱਛੇ ਸੁੱਟ ਰਹੀ ਸੀ। ਕੌਲੀਆਂ ਵਿੱਚ ਦੇਸੀ ਘਿਓ ਉਤੋਂ ਦੀ ਤੈਰ ਰਿਹਾ ਸੀ। ਟਿੰਡੋ ਦੀ ਇਸ ਪ੍ਰਕਾਰ ਬਣੀ ਸਬਜ਼ੀ ਹਰਨੇਕ ਨੂੰ ਬਹੁਤ ਪਸੰਦ ਸੀ। ਜਾਂ ਬੱਸ ਮਾਂ ਬਣਾਉਂਦੀ ਹੁੰਦੀ ਇਹ ਸਬਜ਼ੀ ਬਿਲਕੁਲ ਇਸੇ ਤਰ੍ਹਾਂ ਦੀ। ਉਹ ਰੋਟੀ ਖਾ ਚੁੱਕੇ ਤਾਂ ਮ੍ਹਿੰਦਰੋ ਨੇ ਸ਼ੱਕਰ ਵਿੱਚ ਦੇਸੀ ਘਿਓ ਪਾ ਕੇ ਵਾਟੀਆਂ ਉਨ੍ਹਾਂ ਦੀਆਂ ਥਾਲੀਆਂ ਵਿੱਚ ਰੱਖ ਦਿੱਤੀਆਂ। ਇੱਕ-ਇੱਕ ਰੋਟੀ ਹੋਰ ਖਾਧੀ ਉਨ੍ਹਾਂ ਨੇ। ਇੰਜ ਸਾਰੀ ਰੋਟੀ ਖਾਣ ਬਾਅਦ ਸ਼ੱਕਰ-ਘਿਓ ਨਾਲ ਇੱਕ ਰੋਟੀ ਹੋਰ ਖਾਣ ਦੀ ਹਰਨੇਕ ਦੀ ਪੱਕੀ ਆਦਤ ਸੀ। ਉਹ ਹੈਰਾਨ ਹੋ ਰਿਹਾ ਸੀ ਤੇ ਖ਼ੁਸ਼ ਵੀ ਕਿ ਮ੍ਹਿੰਦਰੋ ਨੇ ਉਹਦੀ ਇਹ ਆਦਤ ਹੁਣ ਤੱਕ ਵੀ ਆਪਣੇ ਚੇਤੇ ਵਿੱਚ ਸਾਂਭੀ ਹੋਈ ਹੈ। ਜਦੋਂ ਉਹ ਉਥੇ ਹੁੰਦੀ ਸੀ, ਹਰਨੇਕ ਹਿੰਡ ਕਰਕੇ ਮਾਂ ਤੋਂ ਸ਼ੱਕਰ ਘਿਓ ਲੈਂਦਾ ਤੇ ਇੱਕ ਰੋਟੀ ਖਾਂਦਾ।

ਮੰਜੇ ਉਤੇ ਪਿਆ ਉਹ ਬੇਚੈਨ ਸੀ। ਪਾਸੇ ਮਾਰਦਾ, ਕਦੇ ਓਸ ਬਾਹੀ ਨਾਲ ਤੇ ਕਦੇ ਓਸ ਬਾਹੀ ਨਾਲ। ਕਦੇ ਮੂਧਾ ਪੈਂਦਾ, ਕਦੇ ਸਿੱਧਾ। ਦੋ ਵਾਰ ਉੱਠ ਕੇ ਬੈਠ ਗਿਆ, ਭੰਵੱਤਰੀਆਂ ਨਿਗਾਹਾਂ ਨਾਲ ਖ਼ਿਲਾਅ ਵਿੱਚ ਝਾਕਦਾ। ਪਿੰਡ ਜਦੋਂ ਹੁੰਦਾ ਸੀ ਤਾਂ ਇੰਜ ਕਰਦੇ ਨੂੰ ਦੇਖ ਕੇ ਮਾਂ ਉਹਦੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਨ ਲੱਗ ਪੈਂਦੀ ਤੇ ਉਹਨੂੰ ਨੀਂਦ ਆ ਜਾਂਦੀ। ਕੁਝ ਦੇਰ ਹੀ ਉਹਨੂੰ ਇਹ ਬੇਚੈਨੀ ਰਹੀ ਤੇ ਫੇਰ ਗਹਿਰੀ ਨੀਂਦ ਆ ਗਈ। ਉਹਨੂੰ ਸੁੱਤੇ ਪਏ ਨੂੰ ਆਭਾਸ ਹੁੰਦਾ ਰਿਹਾ ਜਿਵੇਂ ਕੋਈ ਮਾਂ ਜਿਹੇ ਹੱਥਾਂ ਵਾਲੀ ਔਰਤ ਸਿਰ ਦੇ ਵਾਲਾਂ ਵਿੱਚ ਕੰਘੀ ਕਰਦੀ ਰਹੀ ਹੋਵੇ।

ਸਵੇਰੇ ਮੱਖਣ ਨਾਲ ਪਰੌਂਠੇ ਖਾ ਕੇ ਮਗਰੋਂ ਖੱਟੀ ਲੱਸੀ ਦਾ ਗਿਲਾਸ ਪੀ ਕੇ ਉਹ ਤੁਰਨ ਲੱਗਿਆ ਤਾਂ ਮ੍ਹਿੰਦਰੋ ਨੇ ਪਿਆਜ ਛਿੱਲ ਕੇ ਦੋ ਫਾਕੜਾਂ ਕਾਗਜ਼ 'ਚ ਵਲ੍ਹੇਟੀਆਂ ਤੇ ਹਰਨੇਕ ਨੂੰ ਫ਼ੜਾ ਕੇ ਕਹਿੰਦੀ, 'ਜੇਬ੍ਹ 'ਚ ਪਾ ਲੈ।'

ਉਸ ਦਿਨ ਸੂਰਜ ਨਿਕਲਦੇ ਹੀ ਹਵਾ ਤਪਣ ਲੱਗੀ ਸੀ। ਦੁਪਹਿਰ ਤੱਕ ਤਾਂ ਭੱਠੀਆਂ ਦੇ ਮੂੰਹ ਖੁੱਲ੍ਹ ਜਾਣ ਸਨ। ਇਹ ਮਾਂ ਦਾ ਪੱਕਾ ਨੁਸਖਾ ਸੀ, ਅਖੇ 'ਜੇਬ੍ਹ ਵਿੱਚ ਗੰਢੇ ਦੀਆਂ ਫਾਕੜਾਂ ਰੱਖਣ ਨਾਲ ਗਰਮੀ ਨਹੀਂ ਲੱਗਦੀ।'

ਹਰਨੇਕ ਨੂੰ ਮ੍ਹਿੰਦਰੋ ਦਾ ਚਿਹਰਾ ਬਦਲ ਗਿਆ ਲੱਗਿਆ। ਇਹ ਕੱਲ੍ਹ ਵਾਲਾ ਚਿਹਰਾ ਬਿਲਕੁਲ ਨਹੀਂ ਸੀ। ਉਹਦੇ ਵਿੱਚ ਸਾਰੀਆਂ ਆਦਤਾਂ ਉਹਦੀ ਮਾਂ ਵਾਲੀਆਂ ਸਨ। ਘਰੋਂ ਜਾਣ ਵੇਲੇ ਉਹਦੀ ਨਿਗ੍ਹਾ ਉਹਦੇ ਚਿਹਰੇ ਵੱਲ ਨਹੀਂ ਉੱਠੀ, ਉਹਦੇ ਪੈਰਾਂ ਉੱਤੇ ਝੁਕੀ ਰਹੀ।