ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੁੱਲ

ਵਿਕੀਸਰੋਤ ਤੋਂ

ਮੁੱਲ

ਚਮੜੇ ਦੇ ਨਿੱਕੇ ਬੈਗ ਨੂੰ ਬੜੇ ਧਿਆਨ ਨਾਲ ਉਹਨੇ ਆਪਣੇ ਪੱਟਾਂ ਉੱਤੇ ਰੱਖਿਆ ਹੋਇਆ ਸੀ। ਬੈਗ ਦੀ ਬੱਧਰੀ ਪੌਂਚੇ ਵਿੱਚ ਪਾ ਕੇ ਹੱਥ ਨਾਲ ਉਹਨੂੰ ਘੁੱਟ ਕੇ ਫੜ ਲਿਆ ਸੀ। ਬੱਸ ਸਵਾਰੀਆਂ ਨਾਲ ਤੂੜੀ ਦੇ ਕੋਠੇ ਵਾਂਗ ਭਰੀ ਹੋਈ ਸੀ। ਆਖ਼ਰੀ ਬੱਸ ਸੀ। ਸੀਟਾਂ ਵਿਚਕਾਰ ਬੰਦੇ ਇੱਕ ਦੂਜੇ ਉੱਤੇ ਚੜ੍ਹੇ ਹੋਏ ਖੜ੍ਹੇ ਸਨ। ਹਰ ਕੋਈ ਦੂਜੇ ਨੂੰ ਦੋਸ਼ ਦੇ ਰਿਹਾ ਸੀ। ਕੋਈ ਉੱਚਾ ਬੋਲਦਾ ਤਾਂ ਤੀਜੀ ਥਾਂ ਖੜ੍ਹਾ ਬੰਦਾ ਠੰਢਾ ਛਿੜਕਦਾ-'ਓਏ ਖੜ੍ਹਾ ਰਹਿ ਭਾਈ, ਏਵੇਂ ਜਿਵੇਂ ਨਰਬਾਹ ਈ ਕਰ ਲੈਣੇ ਨਾ।' ਇੱਕ ਲੱਤ ਦੇ ਭਾਰ ਕੋਈ ਬਹੁਤ ਤੰਗ ਖੜ੍ਹਾ ਬੁੜ੍ਹਕ ਪੈਂਦਾ- 'ਤੂੰ ਕੀ ਡੂਢਾ ਦਿੱਤਾ ਵਿਐ।' ਅੰਦਰ ਭਾਵੇਂ ਤਿਲ ਸੁੱਟਣ ਲਈ ਥਾਂ ਨਹੀਂ ਸੀ, ਫੇਰ ਵੀ ਹੋਰ ਸਵਾਰੀਆਂ ਚੜ੍ਹਦੀਆਂ ਆ ਰਹੀਆਂ ਸਨ। ਬੱਸ ਚੱਲਣ ਵਿੱਚ ਅਜੇ ਦਸ ਮਿੰਟ ਬਾਕੀ ਸਨ। ਦਸ ਮਿੰਟ ਦਸ ਘੰਟਿਆਂ ਵਰਗੇ। ਸ਼ੁਕਰ ਸੀ ਕਿ ਉਹ ਅੱਡੇ ਵਿੱਚ ਬੱਸ ਦੇ ਆਉਂਦਿਆਂ ਹੀ ਡਰਾਈਵਰ ਵਾਲੀ ਬਾਰੀ ਵਿੱਚ ਦੀ ਧੁੱਸ ਦੇ ਕੇ ਚੜ੍ਹ ਆਇਆ ਤੇ ਇਹ ਸੀਟ ਲੈ ਲਈ, ਨਹੀਂ ਤਾਂ ਉਹਨੂੰ ਵੀ ਦੂਜਿਆ ਵਾਂਗ ਖੜ੍ਹਨਾ ਪੈਂਦਾ ਤੇ ਵੱਖੀਆਂ ਭੰਨਾਉਣੀਆਂ ਪੈਂਦੀਆਂ। ਉਹਦਾ ਧਿਆਨ ਭੀੜ ਵੱਲੋਂ ਹਟ ਕੇ ਝੱਟ ਪੱਟਾਂ ਵਿਚਕਾਰ ਰੱਖੇ ਆਪਣੇ ਨਿੱਕੇ ਬੈਗ ਉੱਤੇ ਆ ਟਿਕਦਾ ਤੇ ਉਹ ਬੈਗ ਦੀ ਬੱਧਰੀ ਨੂੰ ਘੁੱਟ ਕੇ ਫੜ ਲੈਂਦਾ। ਉਹ ਖਿੜਕੀ ਵਿੱਚ ਦੀ ਬਾਹਰ ਖੜ੍ਹੇ ਲੋਕਾਂ ਨੂੰ ਦੇਖਣ ਲੱਗਦਾ ਤਾਂ ਦੋ ਬੰਦੇ ਉਹਨੂੰ ਲਗਾਤਾਰ ਘੂਰ ਘੂਰ ਤਾੜ ਰਹੇ ਹੁੰਦੇ। ਉਹ ਸੋਚਦਾ, ਉਹ ਕਿਉਂ ਝਾਕ ਰਹੇ ਹਨ ਇਸ ਤਰ੍ਹਾਂ ਉਹਦੇ ਵੱਲ? ਉਹ ਤਾਂ ਉਨ੍ਹਾਂ ਨੂੰ ਜਾਣਦਾ ਹੀ ਨਹੀਂ। ਉਹਨੇ ਤਾਂ ਉਹਨਾਂ ਨੂੰ ਪਹਿਲਾਂ ਕਦੇ ਦੇਖਿਆ ਹੀ ਨਹੀਂ। ਤੇ ਫੇਰ ਇੱਕ ਦਮ ਉਸ ਨੂੰ ਯਾਦ ਆਇਆ ਕਿ ਜਦ ਉਹ 'ਜਨਤਾ ਟਰੈਕਟਰਜ਼' ਵਾਲਿਆਂ ਦੇ ਦਫ਼ਤਰ ਵਿੱਚ ਬੈਠਾ ਸੀ ਤਾਂ ਉਹ ਉਥੇ ਆਏ ਸਨ। ਉਨ੍ਹਾਂ ਨੇ ਮਾਲਕ ਨਾਲ ਨਵਾਂ ਟਰੈਕਟਰ ਖਰੀਦਣ ਬਾਰੇ ਗੱਲਾਂ ਕੀਤੀਆਂ ਸਨ। ਮਾਲਕ ਨੇ ਦੱਸਿਆ ਸੀ ਕਿ ਚਾਰ ਟਰੈਕਟਰ ਅੱਜ ਆਉਣ ਵਾਲੇ ਹਨ। ਜਿਨ੍ਹਾਂ ਨੇ ਬਿਆਨਾ ਫੜਾਇਆ ਹੋਇਆ ਹੈ, ਉਹ ਚਾਰੇ ਟਰੈਕਟਰ ਉਨ੍ਹਾਂ ਨੂੰ ਹੀ ਦਿੱਤੇ ਜਾਣਗੇ। ਉਹ ਆਪਣਾ ਬਿਆਨਾ ਅੱਜ ਫੜਾ ਜਾਣ ਤਾਂ ਅਗਲੀ ਵਾਰੀ ਨੂੰ ਉਨ੍ਹਾਂ ਨੂੰ ਟਰੈਕਟਰ ਮਿਲ ਜਾਵੇਗਾ। ਮਾਲਕ ਨੇ ਉਹਦੇ ਵੱਲ ਇਸ਼ਾਰਾ ਕਰਕੇ ਤੇ ਜ਼ਰਾ ਮੁਸਕਰਾ ਕੇ ਦੱਸਿਆ-'ਇਹ ਦੇਖੋ, ਕਾਕਾ ਜੀ ਰਕਮ ਵੀ ਲਈ ਬੈਠੇ ਨੇ ਤੇ ਟਰੈਕਟਰ ਉਡੀਕ ਰਹੇ ਨੇ। ਪਰ ਟਰੈਕਟਰ ਚੱਲੇ ਹੋਏ ਤਾਂ ਸਵੇਰ ਦੇ ਨੇ। ਪਹੁੰਚੇ ਈ ਨ੍ਹੀਂ। ਪਤਾ ਨ੍ਹੀਂ ਰਸਤੇ 'ਚ ਕੀ ਹੋ ਗਿਆ। ਕਿਤੇ ਕੋਈ ਐਕਸੀਡੈਂਟ ਈ ਨਾ ਹੋ ਗਿਆ ਹੋਵੇ।' ਰਕਮ ਦਾ ਨਾਉਂ ਲੈਣ 'ਤੇ ਉਹ ਦੋਵੇਂ ਉਹਦੇ ਵੱਲ ਇੱਕ ਬਿੰਦ ਗਹੁ ਨਾਲ ਝਾਕੇ। ਸਿਰ ਜਿਹਾ ਹਿਲਾਇਆ। ਬੋਲੇ ਕੁਝ ਨਹੀਂ। ਉਸ ਵੇਲੇ ਉਹ ਉਥੋਂ ਉੱਠ ਖੜ੍ਹੇ। ਤੇ ਚਲੇ ਗਏ। ਹਾਂ, ਇਹ ਉਹੀ ਸਨ। ਪਰ ਇਹ ਉਹਦੇ ਵੱਲ ਇੰਜ ਸ਼ੱਕ ਭਰੀਆਂ ਨਿਗਾਹਾਂ ਨਾਲ ਕਿਉਂ ਦੇਖ ਰਹੇ ਹਨ? ਇਨ੍ਹਾਂ ਦੀਆਂ ਅੱਖਾਂ ਵਿੱਚ ਭੇਤ ਜਿਹਾ ਕਿਉਂ ਹੈ? ਉਹ ਸਮਝ ਨਾ ਸਕਿਆ।

ਦਸ ਮਿੰਟ ਲੰਘੇ ਤਾਂ ਲੋਕਾਂ ਵਿੱਚ ਗੱਲਾਂ ਹੋਣ ਲੱਗੀਆਂ- 'ਟੈਮ ਤਾਂ ਭਾਈ ਹੋ ਗਿਆ, ਤੋਰੋ ਹੁਣ।'

ਕੋਈ ਕਹਿ ਰਿਹਾ ਸੀ, 'ਦਾਰੂ ਦੂਰੂ ਪੀ ਕੇ ਚੱਲਣਗੇ। ਨਸ਼ਾ-ਪਾਣੀ ਕਰਕੇ। ਇਉਂ ਕਿਵੇਂ ਪੈਰ ਪਟਦੇ ਨੇ ਏਹੇ।'

ਕੋਈ ਹੋਰ ਉੱਚੀ ਆਵਾਜ਼ ਵਿੱਚ ਬੋਲਿਆ-'ਆਖ਼ਰੀ ਬੱਸ ਐ, ਜਿੰਨੀ ਮਰਜ਼ੀ ਭਰ ਲੈਣ, ਇਨ੍ਹਾਂ ਦੇ ਫੈਦੇ 'ਚ ਈ ਐ। ਕਿਹੜਾ ਟਿਕਟ ਕੱਟਣੈ ਕਿਸੇ ਦਾ। ਪੈਸੇ ਫੜ ਫੜ ਝੋਲੇ 'ਚ ਸਿੱਟੀ ਜਾਣਗੇ। ਮਾਲਕਾਂ ਨੂੰ ਕੁਸ ਨੀ ਸਮਝਦੇ ਏਹੇ।'

'ਪਰ ਤੋਰਨ ਤਾਂ ਸਹੀ। ਆਪਾਂ ਨੂੰ ਕੀ, ਟਿਕਟ ਕੱਟਣ ਨਾ ਕੱਟਣ।' ਇੱਕ ਬਜ਼ੁਰਗ ਹੌਲੀ ਦੇ ਕੇ ਬੋਲਿਆ।

ਇੱਕ ਤੀਵੀਂ ਨੇ ਕੋਲ ਦੀ ਲੰਘੇ ਜਾਂਦੇ ਡਰਾਈਵਰ ਨੂੰ ਬੋਲ ਮਾਰਿਆ- ਵੇ ਭਾਈ, ਹੱਕ ਲੈ ਹੁਣ ਮਾਂ ਮੇਰੀ ਨੂੰ। ਜਵਾਕ ਤਾਂ ਅੱਕਲਕਾਣ ਹੋਇਆ ਪਿਐ ਮੇਰਾ। ਤੋਰੇਂਗਾ ਤਾਂ ਚੁੱਪ ਕਰੂ।'

ਐਨੇ ਨੂੰ ਕੰਡਕਟਰ ਨੇ ਸੀਟੀ ਵਜਾਈ। ਡਰਾਈਵਰ ਸਟੇਅਰਿੰਗ ਉੱਤੇ ਆ ਬੈਠਾ। ਉਹਨੇ ਦੇਖਿਆ, ਬਾਹਰ ਖੜ੍ਹੇ ਦੋਵੇਂ ਬੰਦੇ ਪਿਛਲੀ ਬਾਰੀ ਵੱਲ ਅਹੁਲੇ ਤੇ ਚਲਦੀ ਬੱਸ ਨਾਲ ਲਟਕ ਗਏ।

ਪਹਿਲੇ ਅੱਡੇ ਉੱਤੇ ਬੱਸ ਰੁਕੀ ਤਾਂ ਉਥੇ ਚੌਦਾਂ ਪੰਦਰਾਂ ਸਵਾਰੀਆਂ ਉੱਤਰ ਗਈਆਂ। ਖੜ੍ਹੇ ਬੰਦਿਆਂ ਨੂੰ ਸਾਹ ਜਿਹਾ ਆ ਗਿਆ। ਉਹ ਦੋਵੇਂ ਬੰਦੇ ਰਾਹ ਜਿਹਾ ਬਣਾਉਂਦੇ ਉਹਦੀ ਸੀਟ ਕੋਲ ਆ ਖੜ੍ਹੇ। ਉਹਨੇ ਦੇਖਿਆ, ਉਹ ਬਿੰਦੇ-ਝੱਟੇ ਉਹਦੇ ਬੈਗ ਵੱਲ ਕਣੱਪਾ ਜਿਹਾ ਝਾਕ ਜਾਂਦੇ।

ਕੰਡਕਟਰ ਨੇ ਸਭ ਦੇ ਟਿਕਟ ਕੱਟੇ। ਦੂਰ ਦੀਆਂ ਸਵਾਰੀਆਂ ਦੇ ਉਹ ਹੁਣ ਟਿਕਟ ਕੱਟ ਰਿਹਾ ਸੀ। ਉਹਨੇ ਆਪਣਾ ਟਿਕਟ ਖਾਨਪੁਰ ਦਾ ਕਟਵਾਇਆ ਤਾਂ ਉਹਦੇ ਸਿਰ ਉੱਤੇ ਖੜ੍ਹੇ ਦੋਵੇਂ ਬੰਦੇ ਪਿਛਾਂਹ ਹਟ ਗਏ ਤੇ ਦੂਜੀਆਂ ਸਵਾਰੀਆਂ ਵਿੱਚ ਥਾਂ ਬਣਾ ਕੇ ਬੈਠ ਗਏ। ਉਹਨੇ ਪਿਛਾਂਹ ਮੁੜ ਕੇ ਦੇਖਿਆ, ਉਨ੍ਹਾਂ ਨੇ ਵੀ ਖਾਨਪੁਰ ਦੇ ਟਿਕਟ ਹੀ ਕਟਵਾਏ ਸਨ। ਉਹਨੇ ਇਹ ਵੀ ਦੇਖਿਆ, ਖਾਨਪੁਰ ਦੀ ਹੋਰ ਸਵਾਰੀ ਕੋਈ ਨਹੀਂ ਸੀ। ਹੁੰਦੀ ਤਾਂ ਖਾਨਪੁਰ ਦਾ ਨਾਉਂ ਲੈ ਕੇ ਟਿਕਟ ਨਾ ਕਟਵਾਉਂਦਾ।

ਖਾਨਪੁਰ ਦੇ ਬੱਸ-ਅੱਡੇ ਤੋਂ ਖਾਨਪੁਰ ਅੱਧੀ ਮੀਲ ਉੱਤੇ ਸੀ। ਜਦੋਂ ਨੂੰ ਬੱਸ ਉਥੇ ਪਹੁੰਚਣੀ ਸੀ, ਕਾਫ਼ੀ ਹਨੇਰਾ ਹੋ ਜਾਣਾ ਸੀ। ਉਹਦੇ ਬੈਗ ਵਿੱਚ ਸੱਠ ਹਜ਼ਾਰ ਰੁਪਏ ਦੇ ਨੋਟ ਸਨ। ਅੱਧ ਮੀਲ ਵਿੱਚ ਤਾਂ ਭਾਵੇਂ ਉਹਨੂੰ ਕੋਈ ਟੁਕੜੇ ਕਰ ਕੇ ਸੁੱਟ ਜਾਵੇ। ਕੌਣ ਪੁੱਛੇਗਾ ਫੇਰ? ਉਹਦੇ ਮਨ ਵਿੱਚ ਇਹ ਗੱਲ ਪੱਕੀ ਬੈਠ ਗਈ ਕਿ ਉਹ ਦੋਵੇਂ ਬੰਦੇ ਉਹਦੇ ਮਗਰ ਲੱਗੇ ਹੋਏ ਹਨ। ਖਾਨਪੁਰ ਦੇ ਰਾਹ ਵਿੱਚ ਉਹ ਉਹਨੂੰ ਛੱਡਣਗੇ ਨਹੀਂ। ਉਹ 'ਜਨਤਾ ਟਰੈਕਟਰਜ਼' ਦੇ ਮਾਲਕ ਨੂੰ ਮਨ ਵਿੱਚ ਗਾਲ੍ਹਾਂ ਕੱਢਣ ਲੱਗਦਾ- ਕੰਜਰ ਦੇ ਕਰਿਆੜ ਨੇ ਚੰਗੀ ਕੀਤੀ ਮੇਰੇ ਨਾਲ? ਬੰਦਾ ਭੇਜ ਕੇ ਰਕਮ ਕਾਹਨੂੰ ਮੰਗਵੌਣੀ ਸੀ। ਟਰੈਕਟਰ ਤਾਂ ਆਏ ਨ੍ਹੀ, ਬੰਦਾ ਪਹਿਲਾਂ ਈ ਡੱਕਰ ਤਾ ਕੁੱਤੀ ਜਾਤ ਨੇ।'

ਟਰੈਕਟਰ ਡੀਲਰ ਦਾ ਵੀ ਕਸੂਰ ਨਹੀਂ ਸੀ। ਫੋਨ ਆਇਆ ਸੀ। ਟਰੈਕਟਰ ਸਵੇਰ ਦੇ ਚੱਲੇ ਹੋਏ ਸਨ, ਦੁਪਹਿਰ ਤੱਕ ਉਨ੍ਹਾਂ ਨੇ ਪਹੁੰਚ ਜਾਣਾ ਸੀ। ਏਸੇ ਕਰਕੇ ਤਾਂ ਉਹਨੇ ਚਾਰੇ ਥਾਈਂ ਬੰਦਾ ਭੇਜਿਆ ਸੀ ਕਿ ਰਕਮ ਲੈ ਆਓ ਤੇ ਆਪਣੇ ਆਪਣੇ ਟਰੈਕਟਰ ਲੈ ਜਾਓ। ਰਸਤੇ ਵਿੱਚ ਜ਼ਰੂਰ ਕੋਈ ਦੁਰਘਟਨਾ ਵਾਪਰ ਗਈ ਹੋਵੇਗੀ।

ਸੁਰਜੀਤ ਨੇ ਪੰਜ ਵਜੇ ਤੱਕ ਟਰੈਕਟਰਾਂ ਦੀ ਉਡੀਕ ਕੀਤੀ। ਬਾਕੀ ਤਿੰਨ ਗਾਹਕ ਤਾਂ ਆਏ ਹੀ ਨਹੀਂ ਸਨ। ਰਕਮ ਤਿਆਰ ਨਹੀਂ ਕਰ ਸਕੇ ਹੋਣਗੇ। ਜਾਂ ਸ਼ਾਇਦ ਉਂਜ ਹੀ ਨਾ ਆਏ ਹੋਣ। ਕੋਈ ਸਿਆਣਪ ਸੋਚ ਲਈ ਹੋਵੇਗੀ। ਉਹਨੇ ਆਪਣੇ ਉੱਤੇ ਲਾਹਣਤਾਂ ਪਾਈਆਂ ਕਿ ਉਹ ਕਿਉਂ ਆਇਆ ਐਨੀ ਰਕਮ ਲੈ ਕੇ।

ਉਹ ਬੱਸ ਅੱਡੇ ਉੱਤੇ ਆਇਆ। ਉਹਦੇ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ਜਾ ਚੁੱਕੀ ਸੀ। ਉਸ ਸ਼ਹਿਰ ਵਿੱਚ ਉਹਦੀ ਕੋਈ ਠਾਹਰ ਨਹੀਂ ਸੀ। ਮਾੜੀ-ਮੋਟੀ ਸਿਆਣ-ਗਿਆਣ ਸੀ। ਉਹਦੇ ਕੋਲ ਸੱਠ ਹਜ਼ਾਰ ਦੀ ਰਕਮ ਸੀ। ਖ਼ਤਰਾ ਪੂਰਾ ਸੀ। ਉਹਨੇ ਸੋਚਿਆ, ਉਹ ਆਪਣੀ ਮਾਸੀ ਦੇ ਪਿੰਡ ਖਾਨਪੁਰ ਚਲਿਆ ਜਾਵੇ। ਦੂਜੇ ਦਿਨ ਮੁੜ ਆਵੇਗਾ ਹੋ ਸਕਦਾ ਹੈ, ਕੱਲ੍ਹ ਤੱਕ ਟਰੈਕਟਰ ਵੀ ਆ ਜਾਣ। ਖਾਨਪੁਰ ਨੂੰ ਜਾਣ ਵਾਲੀ ਬੱਸ ਅਜੇ ਚੱਲਣੀ ਸੀ। ਪਰ ਕੀ ਪਤਾ ਸੀ ਉਹਨੂੰ ਕਿ ਉਸ ਨੇ ਆਪਣੀ ਜਾਨ ਚਮੜੇ ਦੇ ਬੈਗ ਵਿੱਚ ਬੰਦ ਕਰਕੇ ਆਪਣੀ ਮੁੱਠੀ ਵਿੱਚ ਰੱਖੀ ਹੋਈ ਹੈ। ਸੱਠ ਹਜ਼ਾਰ ਰੁਪਿਆ ਉਹਦੀ ਜਾਨ ਸੀ ਜਿਸ ਉਤੇ ਦੋ ਖੂੰਖਾਰ ਬਘਿਆੜ ਲੰਬੀਆ ਜੀਭਾਂ ਕੱਢੀ ਲਗਾਤਾਰ ਲਪਕ ਰਹੇ ਸਨ।

ਦੂਜੇ ਅੱਡੇ ਉਤੇ ਬੱਸ ਰੁਕੀ ਤਾਂ ਬਹੁਤ ਸਾਰੀਆ ਸਵਾਰੀਆਂ ਉਤਰ ਗਈਆਂ। ਦੋ-ਤਿੰਨ ਸਵਾਰੀਆਂ ਹੀ ਚੜ੍ਹੀਆਂ ਸਨ। ਇਸ ਅੱਡੇ ਉੱਤੇ ਸ਼ਰਾਬ ਦਾ ਠੇਕਾ ਸੀ। ਸ਼ਰਾਬ ਖਰੀ ਮਿਲ ਜਾਂਦੀ। ਖਾਸ ਕਰਕੇ ਬੱਸਾਂ ਵਾਲਿਆਂ ਨੂੰ ਤਾਂ ਉਹ ਅਣਲੱਗ ਹੀ ਦੇ ਦਿੰਦੇ। ਬੱਸ ਵਾਲੇ ਬੋਤਲ ਲੈਣ ਲੱਗਦੇ ਤਾਂ ਬੱਸ ਵਿੱਚ ਬੈਠੀਆਂ ਹੋਰ ਸਵਾਰੀਆਂ ਵੀ ਉਤਰ ਜਾਂਦੀਆਂ ਤੇ ਬੋਤਲਾਂ ਖਰੀਦ ਲੈਂਦੀਆਂ। ਠੇਕੇ ਵਾਲਿਆਂ ਨੂੰ ਕੀ ਮਾੜਾ ਸੀ। ਕੰਡਕਟਰ ਨੂੰ ਉਹ ਇੱਕ ਬੋਤਲ ਅਣਲੱਗ ਦੇ ਕੇ ਚਾਰ-ਪੰਜ ਬੋਤਲਾਂ ਨਿਰਾ ਪਾਣੀ ਵੇਚ ਲੈਂਦੇ। ਕੰਡਕਟਰ ਤੇ ਡਰਾਈਵਰ ਬੋਤਲ ਲੈਣ ਗਏ ਤਾਂ ਸੁਰਜੀਤ ਵੀ ਉਨ੍ਹਾਂ ਦੇ ਪਿੱਛੇ ਉਤਰ ਗਿਆ। ਉਹਦੇ ਮਗਰ ਲੱਗੇ ਆਦਮੀਆਂ ਨੇ ਸੋਚਿਆ ਹੋਵੇਗਾ ਕਿ ਉਹ ਵੀ ਬੋਤਲ ਲੈਣ ਗਿਆ ਹੈ। ਜਿਸ ਲਈ ਉਹ ਬੱਸ ਵਿੱਚ ਹੀ ਨੀਵੀਂ ਪਾ ਕੇ ਬੈਠੇ ਰਹੇ।

ਡਰਾਈਵਰ ਨੂੰ ਥੋੜ੍ਹਾ ਪਰ੍ਹੇ ਲਿਜਾ ਕੇ ਸੁਰਜੀਤ ਨੇ ਆਪਣਾ ਦੁੱਖ ਦੱਸਿਆ। ਧੌਲਦਾੜੀਆ ਡਰਾਈਵਰ ਕੋਈ ਭਲਾ ਲੋਕ ਸੀ। ਉਸ ਨੇ ਸੁਰਜੀਤ ਨੂੰ ਸਲਾਹ ਦਿੱਤੀ ਕਿ ਉਹ ਖਾਨਪੁਰ ਤੋਂ ਪਹਿਲਾਂ ਹੀ ਕਿਸੇ ਅੱਡੇ ਉਤੇ ਉੱਤਰ ਜਾਵੇ। ਉਸ ਅੱਡੇ ਦੀਆਂ ਸਾਰੀਆਂ ਸਵਾਰੀਆਂ ਉਤਰਨ ਤੋਂ ਬਾਅਦ ਉਹ ਇਕਦਮ ਉਤਰੇ। ਨਾਲ ਹੀ ਨਾਲ ਉਹ ਬੱਸ ਭਜਾ ਕੇ ਲੈ ਜਾਵੇਗਾ। ਉਹਦੇ ਮਗਰ ਲੱਗੇ ਬੰਦੇ ਮੂੰਹ ਦੇਖਦੇ ਰਹਿ ਜਾਣਗੇ। ਉਹ ਬੱਸ ਨੂੰ ਖੜ੍ਹਾਵੇਗਾ ਨਹੀਂ, ਚਾਹੇ ਕੋਈ ਜ਼ੋਰ ਲਾ ਲਵੇ। ਹੁਣ ਉਹਦੇ ਸਾਹਮਣੇ ਸਵਾਲ ਇਹ ਸੀ ਕਿ ਉਹ ਉਤਰੇ ਕਿਹੜੇ ਅੱਡੇ ਉੱਤੇ? ਕਿਸ ਦੇ ਘਰ ਜਾਵੇਗਾ? ਖਾਨਪੁਰ ਤੋਂ ਪਹਿਲਾਂ ਤਿੰਨ ਅੱਡੇ ਹੋਰ ਆਉਣੇ ਸਨ। ਤਿੰਨਾਂ ਅੱਡਿਆਂ ਨੂੰ ਲੱਗਦੇ ਪਿੰਡਾਂ ਵਿੱਚ ਉਹਦੀ ਕੋਈ ਰਿਸ਼ਤੇਦਾਰੀ ਨਹੀਂ ਸੀ ਤੇ ਨਾ ਹੀ ਕੋਈ ਦੋਸਤ-ਮਿੱਤਰ ਜਿਸ ਕੋਲ ਉਹ ਬੇਫ਼ਿਕਰ ਹੋ ਕੇ ਰਾਤ ਕੱਟ ਸਕੇ। ਤੇ ਫੇਰ ਉਹਨੇ ਇੱਕ ਦਮ ਫ਼ੈਸਲਾ ਕਰ ਲਿਆ ਕਿ ਉਹ ਅਗਲੇ ਅੱਡੇ ਉੱਤੇ ਹੀ ਉਤਰ ਜਾਵੇਗਾ। ਉਥੋਂ ਧੂਰਕੋਟ ਨੇੜੇ ਹੀ ਹੈ। ਵੱਧ ਤੋਂ ਵੱਧ ਅੱਧੇ ਘੰਟੇ ਦਾ ਰਾਹ ਹੋਵੇਗਾ। ਧੂਰਕੋਟ ਉਹ ਕਦੇ ਵੀ ਨਹੀਂ ਗਿਆ ਸੀ। ਪਰ ਉਥੇ ਉਹਦੀ ਠਹਿਰ ਪੱਕੀ ਸੀ। ਉਥੇ ਤਾਂ ਉਹਦੀ ਪੂਰੀ ਸੇਵਾ ਹੋਵੇਗੀ। ਉਥੇ ਜਾ ਕੇ ਉਹਨੂੰ ਫ਼ਿਕਰ ਵੀ ਕੋਈ ਨਹੀਂ ਰਹੇਗਾ। ਉਹਨੇ ਡਰਾਈਵਰ ਨੂੰ ਕਿਹਾ ਕਿ ਉਹ ਅਗਲੇ ਅੱਡੇ ਉਤੇ ਹੀ ਉਹਨੂੰ ਉਤਾਰ ਦੇਵੇ।

ਬੱਸ ਚੱਲੀ। ਅਗਲੇ ਅੱਡੇ ਉੱਤੇ ਅੱਧੀਆਂ ਕੁ ਸਵਾਰੀਆਂ ਰਹਿ ਗਈਆਂ। ਅੱਧੀਆਂ ਸੀਟਾਂ ਖਾਲੀ ਪਈਆਂ ਸਨ। ਉਹ ਆਪਣੀ ਸੀਟ ਤੋਂ ਉੱਠ ਕੇ ਮੂਹਰਲੀ ਬਾਰੀ ਦੇ ਨਾਲ ਲੱਗਦੀ ਸੀਟ ਉਤੇ ਜਾ ਬੈਠਾ। ਬੱਸ ਦਾ ਇੰਜਣ ਚੱਲ ਰਿਹਾ ਸੀ। ਸਾਰੀਆਂ ਸਵਾਰੀਆਂ ਜਦੋਂ ਉੱਤਰ ਗਈਆਂ, ਡਰਾਈਵਰ ਨੇ ਬੱਸ ਹੌਲੀ ਦੇ ਕੇ ਤੋਰ ਲਈ। ਤੇ ਫੇਰ ਡਰਾਈਵਰ ਅੱਖਾਂ ਦੀ ਗੰਭੀਰ ਤੱਕਣੀ ਵਿੱਚ ਗਰਦਨ ਭੰਵਾ ਕੇ ਸੁਰਜੀਤ ਵੱਲ ਝਾਕਿਆ। ਉਹ ਅੱਖ ਦੇ ਫੋਰ ਵਿੱਚ ਥੱਲੇ ਉੱਤਰ ਗਿਆ। ਡਰਾਈਵਰ ਨੇ ਐਕਸੀਲੇਟਰ ਪੂਰਾ ਦੱਬ ਦਿੱਤਾ। ਬੱਸ ਵਿੱਚ ਮਚਲੇ ਜਿਹੇ ਬਣ ਕੇ ਬੈਠੇ ਦੋਵੇਂ ਬੰਦੇ ਕਰੰਟ ਲੱਗਣ ਵਾਂਗ ਖੜ੍ਹੇ ਹੋ ਗਏ ਤੇ ਸੰਘ ਪਾਟਵੀਂ ਆਵਾਜ਼ ਵਿੱਚ ਰੌਲਾ ਪਾਉਣ ਲੱਗੇ। ਡਰਾਈਵਰ ਬੋਲਾ ਬਣਿਆ ਹੋਇਆ ਸੀ। ਉਹ ਉੱਠੇ ਤੇ ਡਰਾਈਵਰ ਦੇ ਕੋਲ ਆ ਖੜ੍ਹੇ। ਉਹਦਾ ਮੋਢਾ ਝੰਜੋੜਿਆ।

ਡਰਾਈਵਰ ਕੜਕਿਆ- 'ਕੀ ਗੱਲ ਐ?'

'ਅਸੀਂ ਉੱਤਰਨਾ ਸੀ ਯਾਰ। ਤੂੰ ਤਾਂ ਮੀਲ ਭਰ ਗਾਹਾਂ ਦੱਬ ਲਿਆਇਆ।' ਇੱਕ ਬੋਲਿਆ।

'ਥੋਡੇ ਕੋਲ ਟਿਕਟ ਕਿੱਥੋਂ ਦਾ ਐ? ਡਰਾਈਵਰ ਨੇ ਪੁੱਛਿਆ।

'ਟਿਕਟ ਤਾਂ ਖਾਨਪੁਰ ਦਾ ਐ। ਪਰ ਅਸੀਂ ਐਥੇ ਈ ਉਤਰਨਾ ਸੀ।'

'ਫੇਰ ਸੁਪਨਾ ਔਂਦੈ ਸਾਨੂੰ ਕੋਈ। ਪਹਿਲਾਂ ਕਹਿਣਾ ਸੀ ਕੰਡਕਟਰ ਨੂੰ।'

ਗੱਲਾਂ ਵਿੱਚ ਹੀ ਡਰਾਈਵਰ ਦੋ ਮੀਲ ਨਿਕਲ ਆਇਆ। ਦੋਵੇਂ ਬੰਦੇ ਕਚੀਚੀਆਂ ਵੱਟਦੇ ਤੇ ਦੰਦ ਪੀਂਹਦੇ ਮੁੜ ਆਪਣੀਆਂ ਸੀਟਾਂ ਉੱਤੇ ਆ ਬੈਠੇ।

ਪਿੰਡ ਵੜਨ ਤੋਂ ਪਹਿਲਾਂ ਹੀ ਬਾਹਰਵਾਰ ਘੁਲਾੜੇ ਉੱਤੇ ਤੁਰਦੇ-ਫਿਰਦੇ ਬੰਦਿਆਂ 'ਚੋਂ ਇੱਕ ਤੋਂ ਉਹਨੇ ਹੌਲੀ ਦੇ ਕੇ ਪੁੱਛਿਆ। ਉਹਨੇ ਦੱਸਿਆ ਕਿ ਉਹਨਾਂ ਦਾ ਅੰਦਰਲਾ ਘਰ ਤਾਂ ਖਾਸੀ ਦੂਰ ਜਾ ਕੇ ਪਿੰਡ ਵਿੱਚ ਹੈ, ਬਾਹਰਲਾ ਘਰ ਔਹ ਸਾਹਮਣਾ ਹੈ- ਜਿੱਥੇ ਕਿੱਕਰ ਖੜ੍ਹੀ ਹੈ। ਹਨੇਰਾ ਹੋ ਚੁੱਕਿਆ ਸੀ। ਪਰ ਚੰਦ ਦੇ ਚਾਨਣ ਵਿੱਚ ਦਰਖ਼ਤਾਂ ਦੇ ਆਕਾਰ ਜਿਹੇ ਦਿਸਦੇ। ਉਹ ਛੇਤੀ ਹੀ ਉਨ੍ਹਾਂ ਦੇ ਬਾਹਰਲੇ ਘਰ ਅੱਗੇ ਜਾ ਖੜ੍ਹਾ। ਲੱਕੜ ਦਾ ਫਾਟਕ ਖੁੱਲ੍ਹਾ ਸੀ। ਇੱਕ ਕੋਈ ਪਸ਼ੂਆਂ ਨੂੰ ਕੱਖ-ਕੰਡਾ ਪਾ ਕੇ ਹਟਿਆ ਸੀ ਤੇ ਕੁੱਤਾ-ਪੰਪ ਉੱਤੇ ਆਪਣੇ ਹੱਥ ਧੋ ਰਿਹਾ ਸੀ। ਸੁਰਜੀਤ ਨੇ ਖੰਘੂਰ ਮਾਰੀ ਤਾਂ ਉਹ ਉਹਦੇ ਵੱਲ ਚੱਲ ਕੇ ਆਇਆ ਤੇ ਉਹਦੇ ਚਿਹਰੇ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗਿਆ। 'ਆਓ ਭਾਈ ਸਾਅਬ' ਕਹਿ ਕੇ ਉਹਨੂੰ ਬੈਠਕ ਵਿੱਚ ਲੈ ਗਿਆ। ਬਿਜਲੀ ਦਾ ਚਾਨਣ ਕੀਤਾ ਤਾਂ ਉਹਦਾ ਹਾਲ-ਚਾਲ ਪੁੱਛਣ ਲੱਗਿਆ। ਇਹ ਮੁੰਡਾ ਉਹਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ-'ਕਿੱਥੇ ਘਰ ਨੇ ਚੋਬਰ ਦੇ?' ਗਿੰਦਰ ਨੇ ਅਖ਼ੀਰ ਪੱਛ ਹੀ ਲਿਆ।

'ਘਰ ਤਾਂ ਮੇਰੇ ਧਰਮਗੜ੍ਹ ਨੇ। ਮੈਂ ਹੌਲਦਾਰ ਨਿੱਕਾ ਸੂੰ ਦਾ ਮੁੰਡਾ ਆਂ।' ਸੁਰਜੀਤ ਨੇ ਦੱਸਿਆ ਤੇ ਫੇਰ ਸ਼ਰਮਾਉਣ ਜਿਹਾ ਲੱਗਿਆ।

ਗਿੰਦਰ ਹੈਰਾਨ ਸੀ ਕਿ ਉਹ ਕੰਵਾਰੇ-ਨਾਤੇ ਹੀ ਉੱਥੇ ਕਿਉਂ ਆ ਗਿਆ ਹੈ?

ਗਿੰਦਰ ਹੋਰੀਂ ਦੋ ਭਰਾ ਸਨ। ਦੂਜਾ ਭਰਾ ਸੁਖਦੇਵ ਉਹਤੋਂ ਦਸ ਸਾਲ ਛੋਟਾ ਸੀ। ਸੁਖਦੇਵ ਤੋਂ ਅਗਾਂਹ ਦਸ ਸਾਲ ਛੋਟੀ ਉਨ੍ਹਾਂ ਦੀ ਭੈਣ ਸੀ। ਭੈਣ ਹਮੀਰੋ ਇਸ ਮੁੰਡੇ ਸੁਰਜੀਤ ਨੂੰ ਮੰਗੀ ਹੋਈ ਸੀ। ਉਹ ਵੀਹ-ਸਾਲ ਦੀ ਸੀ। ਦਸਵੀਂ ਜਮਾਤ ਪਾਸ ਕਰ ਲਈ ਸੀ। ਹੁਣ ਉਹ ਦਰੀਆਂ-ਖੇਸ ਬੁਣਦੀ ਤੇ ਚਾਦਰਾਂ-ਸਰ੍ਹਾਣੇ ਕੱਢਦੀ। ਉਹ ਦਸ ਸਾਲ ਦੀ ਸੀ ਜਦੋਂ ਉਨ੍ਹਾਂ ਦਾ ਪਿਓ ਧਰਮਗੜ ਜਾ ਕੇ ਉਹਨੂੰ ਮੰਗ ਆਇਆ। ਮੁੰਡਾ ਇਕੱਲਾ ਤੇ ਜ਼ਮੀਨ ਤੱਕੜੀ ਸੀ। ਸੱਤਵੀਂ ਅੱਠਵੀਂ ਵਿੱਚ ਪੜ੍ਹਦਾ ਸੀ ਅਜੇ। ਹੁਣ ਉਹ ਬੀ. ਏ. ਕਰ ਚੁੱਕਿਆ ਸੀ। ਨੌਕਰੀ ਨਾਲੋਂ ਘਰ ਦਾ ਕੰਮ ਚੰਗਾ ਸਮਝਿਆ। ਗਿੰਦਰ ਹੋਰਾਂ ਦਾ ਪਿਓ ਦੋ-ਤਿੰਨ ਸਾਲ ਪਹਿਲਾਂ ਗੁਜ਼ਰ ਗਿਆ ਸੀ। ਉਨ੍ਹਾਂ ਦੀ ਮਾਂ ਝੁਰਦੀ ਸੀ ਕਿ ਪਿਓ ਦੇ ਜਿਉਂਦੇ-ਜਿਉਂਦੇ ਜੇ ਹਮੀਰੋ ਦੇ ਹੱਥ ਪੀਲੇ ਹੋ ਜਾਂਦੇ ਤਾਂ ਚੰਗਾ ਸੀ। ਗਿੰਦਰ ਨੂੰ ਉਹ ਕਿੰਨੀ ਵਾਰੀ ਕਹਿ ਚੁੱਕੀ ਸੀ ਕਿ ਕੁੜੀ ਜਵਾਨ-ਜਹਾਨ ਹੈ, ਵਿਆਹ ਕਰੋ ਤੇ ਉਹ ਆਪਣੇ ਘਰ ਜਾਵੇ। ਪਰ ਗਿੰਦਰ ਉੱਤਾ ਨਹੀਂ ਵਾਚਦਾ ਸੀ। ਦੋਵੇਂ ਭਰਾ ਖੇਤੀ ਦਾ ਕੰਮ ਜ਼ੋਰ-ਸ਼ੋਰ ਨਾਲ ਕਰਦੇ। ਇੱਕ ਸੀਰੀ ਰੱਖਦੇ। ਕਮਾਈ ਵੱਲ ਬਹੁਤਾ ਧਿਆਨ ਸੀ। ਕੁੜੀ ਦੇ ਵਿਆਹ ਦਾ ਤਾਂ ਕੋਈ ਨਾਉਂ ਹੀ ਨਹੀਂ ਲੈਂਦਾ ਸੀ। ਹਰ ਸਾਲ ਉਹ ਕਿੱਲਾ-ਦੋ ਕਿੱਲੇ ਜ਼ਮੀਨ ਗਹਿਣੇ ਲੈ ਲੈਂਦੇ। ਗਿੰਦਰ ਨੂੰ ਆਪਣੀ ਜਾਇਦਾਦ ਬਣਾਉਣ ਤੇ ਵਧਾਉਣ ਦਾ ਨਸ਼ਾ ਬਹੁਤਾ ਰਹਿੰਦਾ।

'ਤੂੰ ਬਾਈ ਕਿਵੇਂ ਫੇਰ ਐਸ ਵੇਲੇ?' ਗਿੰਦਰ ਨੇ ਸਿੱਧਾ ਹੀ ਸਵਾਲ ਕਰ ਦਿੱਤਾ।

'ਮੈਨੂੰ ਤਾਂ ਬਾਈ ਜੀ ਭੀੜ ਪੈ 'ਗੀ। ਮੈਂ ਤਾਂ ਟਰੈਕਟਰ ਲੈਣ ਆਇਆ ਸੀ ਸ਼ਹਿਰ। ਅਹਿ ਸੱਠ ਹਜ਼ਾਰ ਦੀ ਰਕਮ ਕੋਲੇ ਸੀ। ਟਰੈਕਟਰ ਮਿਲਿਆ ਨ੍ਹੀਂ। ਸਾਰੇ ਦਿਨ ਦੀ ਭਕਾਈ ਐਵੇਂ ਗਈ। ਬੱਸ 'ਚ ਬਦਮਾਸ਼ ਮੇਰੇ ਮਗਰ ਲੱਗ ਲੇ। ਜਾਣਾ ਤਾਂ ਮੈਂ ਖਾਨਪੁਰ ਸੀ ਅਗਾਂਹ ਮਾਸੀ ਦੇ ਪਿੰਡ ਪਰ ਐਥੇ ਆ ਗਿਆ। ਖਾਨਪੁਰ ਦੇ ਅੱਡੇ 'ਤੇ ਉੱਤਰਦਾ ਤਾਂ ਮੇਰੀ ਖ਼ੈਰ ਨ੍ਹੀ ਸੀ।' ਸੁਰਜੀਤ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ।

ਸੱਠ ਹਜ਼ਾਰ ਦਾ ਨਾਉਂ ਸੁਣ ਕੇ ਗਿੰਦਰ ਦੀਆਂ ਅੱਖਾਂ ਟੱਡੀਆਂ ਗਈਆਂ। ਉਹਨੇ ਸੁਰਜੀਤ ਨੂੰ ਧੀਰਜ਼ ਦਿੱਤਾ ਤੇ ਬੈਠਕ ਦੀ ਬੱਤੀ ਬੁਝਾ ਦਿੱਤੀ। ਕਿਹਾ-'ਤੂੰ ਭਾਈ ਐਥੇ ਈ ਬੈਠਾ ਰਹਿ ਚੁੱਪ ਕਰਕੇ। ਮੈਂ ਰੋਟੀ ਲੈ ਕੇ ਔਨਾਂ। ਕਿਸੇ ਕੋਲ ਗੱਲ ਨਾ ਕਰੀਂ। ਕੱਚਾ ਰਿਸ਼ਤਾ ਐ। ਸਾਡੀ ਬਦਨਾਮੀ ਹੋਊ। ਰੋਟੀ ਖਾ ਕੇ ਐਥੇ ਈ ਪੈ ਜੀਂ। ਤੜਕੇ ਸੰਦੇਹਾਂ ਉੱਠ ਕੇ ਵਗ ਜੀਂ।'

ਸੁਰਜੀਤ ਦਾ ਸਾਹ ਟਿਕਾਣੇ ਸਿਰ ਆ ਗਿਆ। ਗਿੰਦਰ ਨੇ ਪਹਿਲਾਂ ਤਾਂ ਚਾਹ ਲਿਆਂਦੀ। ਤੱਤੇ ਪਾਣੀ ਦਾ ਡੋਲੂ ਲਿਆ ਕੇ ਉਹਦਾ ਹੱਥ-ਮੂੰਹ ਧੁਆਇਆ। ਤੇ ਫੇਰ ਰੋਟੀ ਲੈ ਆਇਆ। ਬੈਠਕ ਦੀ ਬਿਜਲੀ ਬੱਤੀ ਨਹੀਂ ਜਗਾਈ। ਇੱਕ ਨਿੱਕੀ ਜਿਹੀ ਮੋਮਬੱਤੀ ਹੀ ਬਾਲ ਛੱਡੀ।

ਰੋਟੀ ਖਾ ਕੇ ਸੁਰਜੀਤ ਪ੍ਰਸੰਨ-ਚਿੱਤ ਹੋ ਗਿਆ। ਫੱਗਣ-ਚੇਤ ਦੀ ਰੁੱਤ ਸੀ। ਠੰਢ ਘਟ ਚੱਲੀ ਸੀ। ਬੈਠਕ ਵਿੱਚ ਪਿਆ ਇੱਕ ਬਿਸਤਰਾ ਗਿੰਦਰ ਨੇ ਖੋਲ੍ਹਿਆਂ ਤੇ ਮੰਜੇ ਉੱਤੇ ਵਿਛਾ ਦਿੱਤਾ। ਰਜ਼ਾਈ ਪਰ੍ਹਾਂ ਕੁਰਸੀ ਉਤੇ ਰੱਖ ਕੇ ਇੱਕ ਘਸਮੈਲਾ ਜਿਹਾ ਕੰਬਲ ਉਹਨੂੰ ਦੇ ਦਿੱਤਾ। 'ਲੈ ਭਾਈ, ਠੰਢ ਲੱਗੀ ਤਾਂ ਇਹ ਰਜ਼ਾਈ ਕੁਰਸੀ 'ਤੇ ਪਈ ਐ। ਬੈਠਕ ਦਾ ਬਾਰ ਭੇੜ ਲੀਂ। ਅੰਦਰੋਂ ਕੁੰਡਾ ਨਾ ਲਾਈਂ। ਮੈਂ ਖੇਤ ਨੂੰ ਚੱਲਿਆਂ। ਪਾਣੀ ਥਿਉਣੈ ਮੋਘੇ ਦਾ। ਅੱਧੀ ਰਾਤ ਤੋਂ ਪਿੱਛੋਂ ਮੈਂ ਆਊਂ। ਤੂੰ ਬੇਫ਼ਿਕਰ ਹੋ ਕੇ ਸੌਂ ਜਾ। ਪਰ ਕੋਈ ਆਵੇ ਤਾਂ ਗੱਲ ਨਾ ਕਰੀਂ ਕੋਈ ਉਹਦੇ ਨਾਲ।' ਗਿੰਦਰ ਚਲਿਆ ਗਿਆ।

ਉਹ ਖੇਤ ਗਿਆ। ਉਹਦੇ ਦਿਮਾਗ਼ ਵਿੱਚ ਸੱਠ ਹਜ਼ਾਰ ਰੁਪਿਆ ਘੁੰਮ ਰਿਹਾ ਸੀ। ਮੋਘੇ ਦਾ ਪਾਣੀ ਮਰਿਆ-ਮਰਿਆ ਸੀ। ਸੀਰੀ ਤੇ ਉਹਨੇ ਕਣਕ ਰਮਾ ਲਈ। ਸਾਰੇ ਖੇਤ ਵਿੱਚ ਪਤਲਾ ਪਤਲਾ ਪਾਣੀ ਫੇਰ ਲਿਆ। ਬਹੁਤੇ ਪਾਣੀ ਦੀ ਹੁਣ ਲੋੜ ਨਹੀਂ ਸੀ। ਉਹ ਪੰਦਰਾਂ ਕੁ ਦਿਨ ਪਹਿਲਾਂ ਡੱਕਵਾਂ ਪਾਣੀ ਲਾ ਕੇ ਹਟੇ ਸਨ। ਗਿੰਦਰ ਸੋਚ ਰਿਹਾ ਸੀ-'ਕੁੜੀ ਦਾ ਕੀ ਐ, ਕਿਸੇ ਹੋਰ ਥਾਂ ਮੰਗ ਦਿਆਂਗੇ। ਸੱਠ ਹਜ਼ਾਰ ਕਿਤੇ ਨੀਂ ਬਣਦਾ।' ਉਸ ਨੇ ਕੋਈ ਫ਼ੈਸਲਾ ਕਰ ਲਿਆ।

ਸੀਰੀ ਨੂੰ ਭੇਜ ਕੇ ਉਹ ਪੋਲੇ ਪੈਰੀਂ ਆਪਣੇ ਬਾਹਰਲੇ ਘਰ ਆਇਆ ਤੇ ਕਹੀ ਲੈ ਕੇ ਪਰ੍ਹਾਂ ਕਿੱਕਰ ਥੱਲੇ ਇੱਕ ਖੂੰਜੇ ਵਿੱਚ ਹੌਲੀ-ਹੌਲੀ, ਟੋਆ ਪੁੱਟਣ ਲੱਗਿਆ। ਦੂਜੇ ਘਰ ਟੱਕ ਦੀ ਆਵਾਜ਼ ਨਹੀਂ ਜਾ ਰਹੀ ਸੀ। ਲੱਕ ਜਿੱਡਾ ਡੂੰਘਾ ਟੋਆ ਪੁੱਟ ਲਿਆ। ਪੰਜ-ਛੇ ਫੁੱਟ ਲੰਬਾ, ਦੋ ਫੁੱਟ ਚੌੜਾ। ਪਾਣੀ ਲਾ ਕੇ ਭਾਵੇਂ ਉਹਦਾ ਸਰੀਰ ਪਹਿਲਾਂ ਹੀ ਥੱਕਿਆ ਟੁੱਟਿਆ ਸੀ, ਪਰ ਉਸਨੇ ਕਿਸੇ ਨਸ਼ੇ ਜਿਹੇ ਵਿੱਚ ਇਹ ਟੋਆ ਅੱਧੇ-ਪੌਣੇ ਘੰਟੇ ਵਿੱਚ ਹੀ ਪੱਟ ਲਿਆ। ਮਿੱਟੀ ਪੋਲੀ ਸੀ। ਚੇਪਾ ਭਰਦਾ ਤੇ ਬਾਹਰ ਸੁੱਟੀ ਜਾਂਦਾ। ਤੇ ਫੇਰ ਉਹ ਹੌਲੀ-ਹੌਲੀ ਬੈਠਕ ਵੱਲ ਵਧਿਆ। ਹੌਲੀ ਦੇ ਕੇ ਬੈਠਕ ਦਾ ਬਾਰ ਖੋਲ੍ਹਿਆ। ਬੰਦਾ ਕੰਬਲ ਲੈ ਕੇ ਓਵੇਂ ਜਿਵੇਂ ਸੁੱਤਾ ਪਿਆ ਸੀ। ਬੈਠਕ ਵਿੱਚ ਚੰਦ ਦਾ ਚਾਨਣ ਸੀ। ਉਹਨੇ ਕਿੱਲੇ ਉਤੇ ਲਟਕਦੀ ਕਿਰਪਾਨ ਲਾਹੀ। ਮਿਆਨ ਵਿਚੋਂ ਕੱਢ ਕੇ ਤੇ ਰੱਬ ਦਾ ਨਾਉਂ ਲੈ ਕੇ ਇਕੋ ਵਾਰ ਨਾਲ ਬੰਦੇ ਦਾ ਸਿਰ ਕੱਟ ਕੇ ਔਹ ਮਾਰਿਆ। ਧੜ ਡੱਡੂ ਵਾਂਗ ਤੜਫਣ ਲੱਗਿਆ। ਉਹ ਖੜ੍ਹਾ ਦੇਖਦਾ ਰਿਹਾ। ਟੱਪ ਟੱਪ ਕੇ ਧੜ ਸ਼ਾਂਤ ਹੋ ਗਿਆ। ਤਾਂ ਉਹਨੇ ਕੰਬਲ ਪਰਾਂ ਕੀਤਾ। ਉਹਦੇ ਤਾਂ ਹਸ਼ ਹੀ ਮਾਰੇ ਗਏ। ਇਹ ਉਹ ਮੁੰਡਾ ਤਾਂ ਨਹੀਂ ਹੈ। ਉਹਦੇ ਤਾਂ ਚਿੱਟੀ ਬੁਰਸ਼ਟ ਪਹਿਨੀ ਹੋਈ ਸੀ। ਆਸਮਾਨੀ ਰੰਗ ਦਾ ਸਵੈਟਰ ਸੀ। ਉਹਨੇ ਬਿਜਲੀ-ਬੱਤੀ ਜਗਾਈ। ਮੰਜੇ ਦੇ ਸਿਰਹਾਣੇ ਕੋਲ ਪਿਆ ਸਿਰ ਉਲਟਾ ਕੇ ਦੇਖਿਆ, ਇਹ ਤਾਂ ਸੁਖਦੇਵ ਐ। ਉਹਦਾ ਆਪਣਾ ਛੋਟਾ ਭਾਈ। ਉਹ ਥਾਂ ਦੀ ਥਾਂ ਡਿੱਗ ਪਿਆ। ਉਹਨੂੰ ਚੱਕਰ ਆ ਗਿਆ ਸੀ। ਉਹ ਬੋਲ ਨਹੀਂ ਸਕਦਾ ਸੀ। ਉਹ ਹੌਲੀ-ਹੌਲੀ ਬੈਠਕ ਤੋਂ ਬਾਹਰ ਹੋਇਆ। ਤੇ ਆਪਣਾ ਅੰਗਾਂ ਵਿੱਚ ਪੂਰਾ ਤਾਣ ਲਿਆਕੇ ਬਹੁਤ ਉੱਚੀ ਚੀਕ ਮਾਰੀ। ਬੋਲਿਆ-'ਪੱਟੇ ਗਏ ਓਏ ਜਹਾਨਾ। ਹਾਏ ਓਏ, ਮਰ 'ਗੇ ਓਏ, ਕੋਈ ਬਹੁੜੋ ਓਏ।' ਸੁਰਜੀਤ ਨੂੰ ਰੋਟੀ ਖਵਾ ਕੇ ਗਿੰਦਰ ਜਦੋਂ ਖੇਤ ਨੂੰ ਚਲਿਆ ਗਿਆ ਸੀ ਤਾਂ ਬਾਅਦ ਵਿੱਚ ਉਹਦੀ ਮਾਂ ਬਾਹਰਲੇ ਘਰ ਬੈਠਕ ਵਿੱਚ ਆਈ ਸੀ। ਆਈ ਤਾਂ ਉਹ ਸੁਭਾਇਕੀ ਹੀ ਕਿਸੇ ਹੋਰ ਕੰਮ ਸੀ, ਪਰ ਜਿਵੇਂ ਕਿ ਬੁੜ੍ਹੀਆਂ ਨੂੰ ਵਾਣ ਹੁੰਦੀ ਹੈ, ਉਹ ਬੈਠਕ ਵਿੱਚ ਪਏ ਮੁੰਡੇ ਨਾਲ ਗੱਲਾਂ ਕਰਨ ਲੱਗੀ। ਕਿੱਥੇ ਨੇ ਭਾਈ ਘਰ ਤੇਰੇ? ਕੌਣ ਐ ਤੂੰ? ਜਦ ਉਹਨੂੰ ਪਤਾ ਲੱਗਿਆ ਤਾਂ ਉਹ ਖਿੜ ਉੱਠੀ। ਹੈਰਾਨ ਵੀ ਹੋਈ। ਫੇਰ ਫਿਕਰ ਕਰਨ ਲੱਗੀ। ਗਿੰਦਰ ਉੱਤੇ ਗੁੱਸਾ ਕੀਤਾ, ਲੈ ਚੰਦਰੇ ਨੇ ਮੈਨੂੰ ਤਾਂ ਦੱਸਿਆ ਹੀ ਨਾ। ਭੋਰਾ ਵੀ ਗੱਲ ਨਹੀਂ ਕੀਤੀ ਘਰੇ। ਅਖ਼ੀਰ ਬੁੜ੍ਹੀ ਨੇ ਸਿਆਣਪ ਸੋਚੀ 'ਤੂੰ ਭਾਈ ਐਥੇ ਨਾ ਪੈ ਬਾਹਰਵਾਰ ਘਰ ਐ। ਐਨੀ ਰਕਮ ਤੇਰੇ ਕੋਲ। ਨਾ ਜਾਣੀਏ ਕੋਈ ਗੱਲ ਹੋ ਜੇ।'

'ਲਓ ਮਾਂ ਜੀ, ਕੀ ਡਰ ਐ। ਠੀਕ ਐ ਬੱਸ।' ਸੁਰਜੀਤ ਨੇ ਆਖਿਆ।

'ਜੇ ਤੈਨੂੰ ਅੰਦਰਲੇ ਘਰ ਲੈ ਕੇ ਜਾਨੀਂ ਆਂ ਤਾਂ ਲੋਕ ਗੱਲਾਂ ਬਣੌਣਗੇ। ਕੰਵਾਰਾ-ਨਾਤੈ ਭਾਈ। ਤੂੰ ਉਠ, ਤੈਨੂੰ ਸਰਪੰਚ ਦੇ ਘਰ ਛੱਡ ਔਨੀ ਆਂ। ਸਰਪੰਚ ਸਾਡਾ ਘਰ ਦਾ ਬੰਦੈ। ਦੇਵਤਾ ਆਦਮੀ ਐ ਵਚਾਰਾ, ਚੁਬਾਰੇ 'ਚ ਪਿਆ ਹੁੰਦੈ 'ਕੱਲਾ ਈ। ਤੂੰ ਉਹਦੇ ਕੋਲ ਪੈ ਜੀਂ। ਤੜਕੇ ਤੂੰ ਚਾਹ ਪੀ ਕੇ 'ਰਾਮ ਨਾਲ ਵਗ ਜੀਂ ਭਾਈ।' ਉਹ ਲਗਾਤਾਰ ਬੋਲੀ ਜਾ ਰਹੀ ਸੀ।

ਸੁਰਜੀਤ ਨੇ ਦੇਖਿਆ, ਬੁੜ੍ਹੀ ਖਹਿੜਾ ਨਹੀਂ ਛੱਡਦੀ। ਉਠਾ ਕੇ ਦਮ ਲਵੇਗੀ। ਉਹ ਖੜ੍ਹਾ ਹੋ ਗਿਆ। ਆਪਣਾ ਬੈਗ ਸੰਭਾਲਿਆ। ਬੁੜ੍ਹੀ ਦੇ ਮਗਰ ਲੱਗ ਪਿਆ। ਚੁੱਪ ਕੀਤੇ ਹੀ ਉਹ ਸਰਪੰਚ ਦੇ ਚੁਬਾਰੇ ਜਾ ਚੜ੍ਹੇ। ਬੁੜੀ ਨੇ ਸਰਪੰਚ ਨੂੰ ਹੌਲੀ-ਹੌਲੀ ਸਾਰੀ ਗੱਲ ਸਮਝਾਈ ਤੇ ਫੇਰ ਚੁੱਪ ਕੀਤੀ ਉਹ ਚੁਬਾਰੇ ਦੀਆਂ ਪੌੜੀਆਂ ਉੱਤਰ ਆਈ। ਸਰਪੰਚ ਨੇ ਸੁਰਜੀਤ ਦਾ ਪੂਰਾ ਸੁਆਗਤ ਕੀਤਾ। ਥੱਲੇ ਜਾ ਕੇ ਉਹਦੇ ਵਾਸਤੇ ਦੁੱਧ ਤੱਤਾ ਕਰਵਾ ਕੇ ਲਿਆਇਆ।

ਓਧਰ ਸੁਖਦੇਵ ਡੀਜ਼ਲ ਦੇ ਢੋਲ ਦਾ ਪਤਾ ਕਰਨ ਸਵੇਰ ਦਾ ਹੀ ਸ਼ਹਿਰ ਗਿਆ ਹੋਇਆ ਸੀ। ਆਥਣ ਤੱਕ ਮੁੜਿਆ ਨਹੀਂ ਸੀ। ਸ਼ਹਿਰ ਵਿੱਚ ਉਹ ਸਾਰਾ ਦਿਨ ਕੁੱਤੇ-ਝਾਕ 'ਚ ਪਟਰੌਲ ਪੰਪ ਉੱਤੇ ਬੈਠਾ ਰਿਹਾ। ਢੋਲ ਦਾ ਕੋਈ ਪ੍ਰਬੰਧ ਨਹੀਂ ਬਣਿਆ। ਦਿਨ ਛਿਪਣ ਉੱਤੇ ਆਇਆ ਤਾਂ ਉਹਨੂੰ ਪਿੰਡ ਦੀ ਟਰਾਲੀ ਮਿਲ ਗਈ। ਉਹਨੇ ਸੋਚਿਆ, ਬੱਸ ਉਤੇ ਕੀ ਜਾਵਾਂਗੇ, ਟਰਾਲੀ ਉਤੇ ਹੁਣ ਜਾ ਵੜਦੇ ਹਾਂ ਪਿੰਡ। ਪਰ ਉਹ ਸ਼ਹਿਰੋਂ ਚੱਲੇ ਤਾਂ ਅੱਧ ਮੀਲ ਉਤੇ ਆ ਕੇ ਟਰੈਕਟਰ ਖਰਾਬ ਹੋ ਗਿਆ। ਦੋ ਤਿੰਨ ਘੰਟੇ ਉਹ ਮੱਥਾ ਮਾਰਦੇ ਰਹੇ, ਇੰਜਣ ਸੂਤ ਹੀ ਨਾ ਆਵੇ, ਅਖ਼ੀਰ ਇੱਕ ਬੰਦਾ ਮੁੜ ਕੇ ਸ਼ਹਿਰ ਗਿਆ ਤੇ ਸਾਈਕਲ ਉਤੇ ਮਕੈਨਿਕ ਨੂੰ ਲੈ ਕੇ ਆਇਆ। ਮਕੈਨਿਕ ਨੇ ਵੀ ਇੱਕ ਘੰਟਾ ਲਾ ਦਿੱਤਾ। ਉਨ੍ਹਾਂ ਨੂੰ ਤਾਂ ਓਥੇ ਹੀ ਬਹੁਤ ਹਨੇਰਾ ਹੋ ਗਿਆ। ਪਿੰਡ ਉਹ ਬਹੁਤ ਕੁਵੇਲੇ ਪਹੁੰਚੇ। ਪਿੰਡ ਦੇ ਬੱਸ ਅੱਡੇ ਉਤੇ ਆ ਕੇ ਟਰਾਲੀ ਵਾਲੇ ਮੁੰਡੇ ਨੇ ਬੋਤਲ ਲੈ ਲਈ। ਕਹਿੰਦਾ- 'ਅੱਜ ਤਾਂ ਹੱਡ ਟੱਸ-ਟੱਸ ਕਰੀ ਜਾਂਦੇ ਨੇ, ਜਿਵੇਂ ਪੁਲਸ ਦੇ ਕੁੱਟੇ ਹੋਈਏ। ਦਾਰੂ ਪੀਤੇ ਬਗੈਰ ਅੱਜ ਨ੍ਹੀਂ ਨਰਬਾਹ।' ਉਹ ਤਿੰਨ ਜਣੇ ਸਨ। ਅੱਡੇ ਉਤੇ ਹੀ ਅੱਧੀ ਬੋਤਲ ਖਤਮ ਕੀਤੀ ਤੇ ਫੇਰ ਘਰ ਨੂੰ ਚੱਲ ਪਏ। ਟਰਾਲੀ ਵਾਲਾ ਮੁੰਡਾ ਮੱਲੋਮੱਲੀ ਸੁਖਦੇਵ ਨੂੰ ਆਪਣੇ ਘਰ ਲੈ ਗਿਆ। ਰੋਟੀ ਖਵਾ ਕੇ ਖਹਿੜਾ ਛੱਡਿਆ। ਅੱਧੀ ਰਾਤ ਹੋ ਚੁੱਕੀ ਸੀ। ਸੁਖਦੇਵ ਨੇ ਸੋਚਿਆ, ਹੁਣ ਅੰਦਰਲੇ ਘਰ ਕੀ ਜਾਵਾਂਗੇ। ਮਾਂ ਨੂੰ ਦੁਖੀ ਕਰਾਂਗੇ। ਬਾਹਰਲੇ ਘਰ ਹੀ ਜਾ ਸੌਨੇ ਆਂ।ਉਹਨੂੰ ਪਾਣੀ ਦੀ ਵਾਰੀ ਦਾ ਪਤਾ ਸੀ। ਪਾਲੀ ਚਾਰ-ਪੰਜ ਦਿਨਾਂ ਦੀ ਛੁੱਟੀ ਲੈ ਕੇ ਮਾਸੀ ਦੀ ਕੁੜੀ ਦੇ ਵਿਆਹ ਗਿਆ ਹੋਇਆ ਸੀ। ਸੋ ਬਾਹਰਲੇ ਘਰ ਕੋਈ ਨਹੀਂ ਸੀ। ਸੁਖਦੇਵ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਹਦੀ ਘਰ ਵਾਲੀ ਪਹਿਲਾ ਜਵਾਕ ਜੰਮਣ ਪੇਕੀਂ ਗਈ ਹੋਈ ਸੀ। ਜਦ ਤੋਂ ਉਹਦਾ ਵਿਆਹ ਹੋਇਆ ਸੀ, ਉਹ ਬਾਹਰਲੇ ਘਰ ਕਦੇ ਨਹੀਂ ਪਿਆ ਸੀ। ਹੁਣ ਬਹੂ ਪੇਕੀਂ ਚਲੀ ਗਈ ਸੀ, ਉਹ ਫੇਰ ਵੀ ਅੰਦਰਲੇ ਘਰ ਹੀ ਪੈਂਦਾ। ਉਸ ਰਾਤ ਉਹ ਬਾਹਰਲੇ ਘਰ ਆਇਆ। ਲੱਕੜ ਦਾ ਫਾਟਕ ਖੋਲ੍ਹਿਆ। ਸਿੱਧਾ ਹੀ ਬੈਠਕ ਵਿੱਚ ਗਿਆ ਤੇ ਖਾਲੀ ਮੰਜਾ ਦੇਖ ਕੇ ਪੈ ਗਿਆ। ਸ਼ਰਾਬ ਦਾ ਨਸ਼ਾ ਪੂਰਾ ਸੀ। ਰੋਟੀ ਖਾਧੀ ਹੋਈ ਸੀ। ਉਹਨੂੰ ਪੈਣ ਸਾਰ ਹੀ ਨੀਂਦ ਆ ਗਈ।

ਗਿੰਦਰ ਦੀਆਂ ਚਾਂਗਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਸਭ ਨੇ ਭਾਣਾ ਦੇਖਿਆ। ਗਿੰਦਰ ਨੂੰ ਦੰਦਲਾਂ ਪੈ ਰਹੀਆਂ ਸਨ। ਉਹ ਵਿਹੜੇ ਵਿੱਚ ਭੁੰਜੇ ਲੇਟਿਆ ਪਿਆ ਸੀ। ਲੋਕ ਉਹਦੀ ਦੰਦਲ ਭੰਨਦੇ, ਉਹ ਫੇਰ ਬੇਹੋਸ਼ ਹੋ ਜਾਂਦਾ। ਅੰਦਰਲੇ ਘਰੋਂ ਬੁੜ੍ਹੀ ਆਈ ਤਾਂ ਗੁੰਮ-ਸੁੰਮ ਹੋ ਕੇ ਬੈਠ ਗਈ। ਉਹਦੇ ਕੋਲੋਂ ਰੋਇਆ ਨਹੀਂ ਜਾ ਰਿਹਾ ਸੀ। ਇੱਕ ਤਿੱਖੀ ਕੌੜੀ ਗੱਲ ਉਹਦੀ ਸਮਝ ਵਿੱਚ ਆਉਂਦੀ, ਪਰ ਉਹਦਾ ਮਨ ਕਿਤੇ ਵੀ ਨਾ ਠਹਿਰਦਾ। ਰੋਂਦਿਆ-ਪਿੱਟਦਿਆਂ ਨੂੰ ਪਹੁ ਫਟਣ ਲੱਗੀ। ਗਿੰਦਰ ਦੀ ਘਰ ਵਾਲੀ ਨਾ ਰੋਂਦੀ ਤੇ ਨਾ ਕੋਈ ਗੱਲ ਕਰਦੀ। ਉਹ ਤਾਂ ਗਿੰਦਰ ਨੂੰ ਸੰਭਾਲਣ ਉਤੇ ਸੀ।

ਹਮੀਰੋ ਨੂੰ ਉਹਦੀ ਮਾਂ ਨੇ ਰਾਤ ਹੀ ਘਰ ਜਾ ਕੇ ਸਭ ਕੁਝ ਦੱਸ ਦਿੱਤਾ ਸੀ। ਬੁੜ੍ਹੀ ਦੀ ਗੱਲ ਹਮੀਰੋ ਦੀ ਭਰਜਾਈ ਨੇ ਵੀ ਸੁਣੀ ਸੀ। ਹਮੀਰੋ ਸਿਆਣੀ ਸੀ। ਉਹ ਸਭ ਕੁਝ ਸਮਝ ਬੈਠੀ ਸੀ। ਉਹ ਗਿੰਦਰ ਦੇ ਲਾਲਚੀ ਤੇ ਕਮੀਨੇ ਸਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇੱਕ ਪਲ ਸੁਖਦੇਵ ਲਈ ਉਹਦੀਆਂ ਅੱਖਾਂ ਗਿੱਲੀਆਂ ਹੁੰਦੀਆਂ, ਪਰ ਦੂਜੇ ਪਲ ਹੀ ਉਹਦੀਆਂ ਅੱਖਾਂ ਦਾ ਪਾਣੀ ਸੁੱਕ ਜਾਂਦਾ। ਉਹਦੀਆਂ ਅੱਖਾਂ ਵਿਚ ਚੰਗਿਆੜੇ ਬਲਣ ਲੱਗਦੇ। ਉਹਦਾ ਜੀਅ ਕਰਦਾ ਕਿ ਉਹੀ ਕਿਰਪਾਨ ਲੈ ਕੇ ਉਹ ਆਪਣੇ ਭਾਈ ਗਿੰਦਰ ਦੀ ਗਰਦਨ ਵੱਢ ਦੇਵੇ। ਉਹ ਖਿੱਝਦੀ, ਹੁਣ ਦੇਖ ਕਿਵੇਂ ਖੇਖਣ ਕਰਦਾ ਐ।

ਸਰਪੰਚ ਵੀ ਆ ਗਿਆ। ਚੁੱਪ ਕੀਤਾ ਜਿਹਾ ਉਨ੍ਹਾਂ ਦੇ ਬਾਹਰਲੇ ਘਰ ਵਿੱਚ ਏਧਰ-ਓਧਰ ਫਿਰ-ਤੁਰ ਰਿਹਾ ਸੀ। ਕਿੱਕਰ ਥੱਲੇ ਇੱਕ ਖੂੰਜੇ ਵਿੱਚ ਉਹਨੇ ਟੋਆ ਪੁੱਟਿਆ ਹੋਇਆ ਦੇਖਿਆ ਤਾਂ ਉਹਦੀ ਸਮਝ ਵਿੱਚ ਸਾਰੀ ਗੱਲ ਆ ਗਈ। ਉਹਨੇ ਅੱਡ ਹੋ ਕੇ ਸ਼ਰੀਕੇ ਦੇ ਚਾਰ-ਪੰਜ ਬੰਦਿਆਂ ਨੂੰ ਕੋਈ ਗੱਲ ਆਖੀ ਤਾਂ ਉਹ ਫਟਾ ਫਟ ਉਥੋਂ ਤੁਰ ਗਏ।ਸੂਰਜ ਦੇ ਉਭਾਰ ਨਾਲ ਸੁਖਦੇਵ ਦੀ ਲੋਥ ਸਿਵਿਆਂ ਵਿੱਚ ਪਹੁੰਚਾ ਦਿੱਤੀ ਗਈ।

ਗਿੰਦਰ ਵਾਰ ਵਾਰ ਪੁਲਿਸ ਦਾ ਨਾਉਂ ਲੈਂਦਾ। ਉਹਦੀ ਕੋਈ ਗੱਲ ਨਹੀਂ ਸੁਣਦਾ ਸੀ ਤਾਂ ਉਹ ਉੱਚੀ ਉੱਚੀ ਰੋਣ ਲੱਗਦਾ। ਅਖ਼ੀਰ ਸਰਪੰਚ ਨੇ ਉਹਦੇ ਜੁੰਡੇ ਖਿੱਚੇ ਤੇ ਦਾਹੜੀ ਨੂੰ ਹੱਥ ਪਾ ਕੇ ਆਖਿਆ-'ਕਿਉਂ ਪਖੰਡ ਕਰਦੈਂ ਪਾਪੀਆਂ, ਸਭ ਨੂੰ ਪਤੈ ਤੇਰੀ ਕਰਤੂਤ ਦਾ। ਮੁੰਡੇ ਦੀ ਮਿੱਟੀ ਕਿਉਂਟੀ ਗਈ। ਸੁੱਖ ਰਹਿ 'ਗੀ। ਭਰਾ ਦੀ ਜਾਨ ਤਾਂ ਗਈ, ਹੁਣ ਘਰ ਵੀ ਪੱਟਣੈ?' ਗਿੰਦਰ ਫੇਰ ਨਹੀਂ ਬੋਲਿਆ।

ਸੁਰਜੀਤ ਚੁਬਾਰੇ ਵਿਚੋਂ ਅਜੇ ਗਿਆ ਨਹੀਂ ਸੀ। ਸਰਪੰਚ ਨੇ ਘਰ ਆ ਕੇ ਉਹਨੂੰ ਸਾਰੀ ਗੱਲ ਦੱਸੀ ਤਾਂ ਉਹ ਚੁੱਪ ਕੀਤਾ ਹੀ ਰਹਿ ਗਿਆ। ਉਹਦੇ ਤਾਂ ਜਿਵੇਂ ਹੋਸ਼ ਹੀ ਮਾਰੇ ਗਏ ਹੋਣ। ਉਹ ਸੋਚਣ ਲੱਗਿਆ, ਰਾਤ ਪਿੰਡ ਵਿੱਚ ਰੌਲਾ ਏਸੇ ਕਰਕੇ ਪੈਂਦਾ ਹੋਵੇਗਾ। ਰਾਤ ਸਰਪੰਚ ਉਹਨੂੰ ਬਿਨਾਂ ਦੱਸੇ ਹੀ ਪੌੜੀਆਂ ਉੱਤਰ ਗਿਆ ਸੀ।

ਹਮੀਰੋ ਦੀਆਂ ਅੱਖਾਂ ਲਾਲ ਝਰੰਗ ਸਨ। ਉਹਦੀਆਂ ਅੱਖਾਂ ਵਿਚੋਂ ਲਹੂ ਚਿਉਂਦਾ ਸੀ। ਉਹ ਰੋ ਵੀ ਨਹੀਂ ਰਹੀ ਸੀ। ਸਰਪੰਚ ਦੇ ਘਰ ਆ ਕੇ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹੀ। ਸੁਰਜੀਤ ਦੇ ਮੰਜੇ ਕੋਲ ਭੁੰਜੇ ਬੈਠ ਕੇ ਉਹਨੇ ਦੋ ਗੱਲਾਂ ਹੀ ਕੀਤੀਆਂ। ਸਰਪੰਚ ਨੇ ਅੱਧੇ-ਪੌਣੇ ਘੰਟੇ ਵਿੱਚ ਹੀ ਉਨ੍ਹਾਂ ਦੇ ਜਾਣ ਦਾ ਪ੍ਰਬੰਧ ਕਰ ਦਿੱਤਾ।

ਟਰੈਕਟਰ ਦੇ ਇੱਕ ਮੱਡ-ਗਾਰਡ ਉਤੇ ਸੁਰਜੀਤ ਆਪਣਾ ਬੈਗ ਸੰਭਾਲੀ ਬੈਠਾ ਸੀ, ਦੂਜੇ ਮੱਡ-ਗਾਰਡ ਉੱਤੇ ਹਮੀਰੋ। ਸਰਪੰਚ ਦਾ ਮੁੰਡਾ ਸਟੇਅਰਿੰਗ ਉੱਤੇ ਸੀ। ਟਰੈਕਟਰ ਫਰਾਟੇ ਛੱਡਦਾ ਪਿੰਡ ਦੀ ਫਿਰਨੀ ਪੈ ਕੇ ਪੱਕੀ ਸੜਕ ਉੱਤੇ ਜਾ ਚੜ੍ਹਿਆ। *