ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੈਂ ਦੋਸ਼ੀ ਨਹੀਂ ਹੋਵਾਂਗਾ

ਵਿਕੀਸਰੋਤ ਤੋਂ


ਮੈਂ ਦੋਸ਼ੀ ਨਹੀਂ ਹੋਵਾਂਗਾ


ਦਸੰਬਰ ਦਾ ਮਹੀਨਾ। ਠੰਡੀ ਸ਼ਾਮ ਦਾ ਅਸਰ ਧੁਰ ਕਾਲਜੇ 'ਤੇ ਹੈ। ਸਾਈਕਲ 'ਤੇ ਦਫ਼ਤਰੋਂ ਘਰ ਨੂੰ ਆ ਰਿਹਾ ਹਾਂ। ਇਕ ਕਿਲੋਮੀਟਰ ਦਾ ਰਾਹ ਹੈ।

ਸਾਰੇ ਦਫ਼ਤਰ ਦੀਆਂ ਅੱਖਾਂ ਅੱਜ ਨਵੀਂ ਲੱਗੀ ਟਾਈਪਿਸਟ ਕੁੜੀ 'ਤੇ ਹੀ ਰਹੀਆਂ। ਲੰਬਾ ਕਹਿਰਾ ਸਰੀਰ, ਟੋਪੀ ਵਾਲੀ ਮੋਟੀ ਮੋਟੀ ਅੱਖ। ਮਾਮੂਲੀ ਜਿਹਾ ਪੱਕਾ ਰੰਗ। ਗਜ਼ਬ ਇਹ ਕਿ ਸੁਪਰਡੈਂਟ ਨੇ ਉਸ ਦੀ ਸੀਟ ਮੇਰੇ ਸੱਜੇ ਹੱਥ ਲਾ ਦਿੱਤੀ ਹੈ। ਖੱਬੇ ਹੱਥ ਬੈਠੇ 'ਸ਼ਰਮਾ' ਨੇ ਅੱਜ ਤਾਂ ਦੋ ਵਾਰ ਉਚੇਚਾ ਪੁੱਛਿਆ, "ਪਾਨ ਖਾਓ, ਵਿਨੋਦ ਸਾਹਿਬ। ਅਪਨੇ ਹਾਥੋਂ ਤਿਆਰ ਕਰਕੇ ਲਾਇਆ ਹੂੰ, ਮਾਲੇਰਕੋਟਲਾ ਹੀ ਸੇ। ਲੀਜੀਏ ਨਾ, ਏਕ ਪੀਸ।" ਅੱਗੇ ਤਾਂ ਹਰਾਮਜ਼ਾਦਾ ਬੋਲਿਆ ਨਹੀਂ ਸੀ ਚੱਜ ਨਾਲ ਕਦੇ, ਅੱਜ ਕਿਉਂ ਪੇਸ਼ ਕਰ ਰਿਹਾ ਸੀ, ਪਾਨ? ਮੈਂ ਸੋਚ ਰਿਹਾ ਹਾਂ ਤੇ ਸਭ ਜਾਣਦਾ ਹਾਂ। ਪਰਲੇ ਖੂੰਜੇ ਬੈਠਾ ਛੀਟਕਾ ਜਿਹਾ ਚਤਰੰਜਣ ਸਿੰਘ ਲੰਚ ਟਾਈਮ ਹੋਣ ਸਾਰ ਰੋਟੀ ਵਾਲਾ ਡੱਬਾ ਲੈ ਕੇ ਮੇਰੀ ਸੀਟ ਕੋਲ ਆਇਆ ਸੀ ਤੇ ਮੁੱਛਾਂ ਫ਼ਰਕਾ ਰਿਹਾ ਸੀ, "ਆਓ ਵਿਨੋਦ ਜੀ, ਆਵੇ ਨੇ ਮੁੱਕਣਾ ਨਹੀਂ, ਗਧੇ ਨੇ ਛੁੱਟਣਾ ਨਹੀਂ। ਆਓ ਪਰੌਂਠੇ ਖਵਾਵਾਂ ਦੇਸੀ ਘੀ ਵਿਚ ਤਲੇ ਹੋਏ।' ਤੇ ਫਿਰ 'ਉਸ' ਵੱਲ ਟੇਢੀ ਨਿਗਾਹ ਕਰਕੇ ਹੌਲੀ ਦੇ ਕੇ ਉਸ ਨੇ ਆਖਿਆ ਸੀ, 'ਗਾੜੀ ਤਰੀ ਵਾਲੀ ਕਲੇਜੀ ਵੀ ਏ।' ਬੈਂਕਸ ਕਹਿ ਕੇ ਮੈਂ ਉਸ ਨੂੰ ਮਨ ਵਿਚ ਗਾਲ਼ ਕੱਢੀ ਸੀ, 'ਸਾਲਾ ਕਲੇਜੀ ਦਾ, ਨੰਗ। ਟਹੁਰ ਈ ਟਹੁਰ ਐ ਪੱਲੇ। ਬੌਸ ਦੇ ਬੇਬੀ ਨੂੰ ਸਾਈਕਲ 'ਤੇ ਬਹਾ ਕੇ 'ਇੰਦਰਾ ਗਾਰਡਨ' ਦੀ ਸੈਰ ਕਰਵਾਉਣ ਤੋਂ ਵਿਹਲ ਵੀ ਮਿਲੇ ਤੈਨੂੰ, ਊਤ ਦੇ ਬੀਜ।'

ਦੋ ਧੀਆਂ ਬਤਾਰੂ ਬਣੀਆਂ ਫਿਰਦੀਆਂ ਨੇ, ਕੰਜਰ ਦੀਆਂ। ਵਿਆਹੁਣ ਦਾ ਨਾਂ ਨਹੀਂ ਲੈਂਦਾ। ਰਵੀ ਕਾਂਤ ਵਾਲੀਆ। ਦਫ਼ਤਰ ਦੇ ਅੱਧ ਵਿਚਾਲੇ ਬੈਠਾ ਕਿਵੇਂ ਉੱਚੀ ਉੱਚੀ ਭੌਂਕ ਰਿਹਾ ਸੀ, "ਵਿਨੋਦ ਬਾਬੂ, ਸਿਰਗਟ ਨੋਸ਼ ਫਰਮਾਓ। ਘੋਲਾਂ ਇਕ? 'ਲਾਈਟਰ' ਤਾਂ ਤੇਰੇ ਕੋਲ ਹੈਗਾ ਈ।' ਸਾਰਾ ਦਫ਼ਤਰ ਜਾਣਦਾ ਹੈ ਕਿ ਮੈਂ ਸਮੋਕ ਨਹੀਂ ਕਰਦਾ।

ਸਾਈਕਲ ਨੂੰ ਵਰਾਂਡੇ ਵਿਚ ਖੜ੍ਹਾ ਕਰਕੇ ਮੂੰਹ ਦੀ ਵਿਸਲ ਵਜਾ ਰਿਹਾ ਮੈਂ ਸਿੱਧਾ ਹੀ ਆਪਣੇ ਬੈਠਣ ਕਮਰੇ ਵਿਚ ਚਲਿਆ ਜਾਂਦਾ ਹਾਂ। ਰੰਜਨਾ ਫ਼ਰਸ਼ 'ਤੇ ਬੋਰਾ ਵਿਛਾ ਕੇ ਬੈਠੀ ਮੋਠਾਂ ਵਿਚੋਂ ਰੋੜ ਚੁਗ ਰਹੀ ਹੈ। ਮੈਨੂੰ ਅੰਦਰ ਆਇਆ ਦੇਖ ਕੇ ਉਸ ਨੇ ਮੋਠਾਂ ਵਾਲੀ ਚੌੜੀ ਪਲੇਟ ਕਾਰਨਿਸ 'ਤੇ ਰੱਖ ਦਿੱਤੀ ਹੈ। ਰਸੋਈ ਵੱਲ ਉਸ ਦੇ ਕਦਮ ਵਧੇ ਹਨ। 'ਲਿਆ, ਚਾਹ ਗਰਮ ਗਰਮ।' ਉਸ ਦੇ ਡੌਲੇ 'ਤੇ ਚੂੰਢੀ ਵੱਢ ਕੇ ਮੈਂ ਆਖਿਆ ਹੈ। ਉਹ ਤੜਫ਼ ਉੱਠੀ ਹੈ, 'ਕਿਉਂ ਧੌਲੇ ਠਰਕ 'ਗੇ, ਪੁੱਤ ਖਾਣੇ ਦੇ। ਇਉਂ ਚੂੰਢੀ ਨਾ ਵੱਢਿਆ ਕਰੋ ਮੇਰੇ। ਬੱਸ ਕੋਈ ਜ਼ਰੂਰਤ ਨੀ। ਐ-ਹਾਏ, ਅੱਗ ਦੀ ਅੰਗਿਆਰੀ ਧਰ 'ਤੀ। ਚੂੰਢੀ ਵੱਢਣ ਦਾ ਕੋਈ ਕੰਮ ਨੀ ਬੱਸ।' ਡੌਲੇ ਨੂੰ ਦੂਜੇ ਹੱਥ ਨਾਲ ਫੜੀ ਉਹ ਰਸੋਈ ਵਿਚ ਜਾ ਪਹੁੰਚੀ ਹੈ। ਸਟੋਵ ਵਿਚ ਹਵਾ ਭਰਨੀ ਸ਼ੁਰੂ ਕਰ ਦਿੱਤੀ ਹੈ।

ਮੈਂ ਆਰਾਮ ਕੁਰਸੀ 'ਤੇ ਬੈਠਾ ਬੂਟ ਜੁਰਾਬਾਂ ਲਾਹ ਰਿਹਾ ਹਾਂ। ਸੋਚ ਰਿਹਾ ਹਾਂ, ਰੰਜਨਾ ਤਿੜਕਦੀ ਕਿਉਂ ਹੈ ਹੁਣ ਐਨੀ? ਨਿੱਕੀ ਜਿਹੀ, ਪੋਲੀ ਜਿਹੀ ਚੂੰਢੀ ਵੀ ਹੁਣ ਇਸ ਨੂੰ ਅੱਗ ਦੀ ਅੰਗਿਆਰੀ ਲੱਗਦੀ ਹੈ। ਕਦੇ ਸਮਾਂ ਸੀ, ਇਸ ਦੇ ਮਾਸ ਦੀ ਬੋਟੀ ਕੱਢ ਕੇ ਵੀ ਮੈਂ ਰੱਖ ਦਿੰਦਾ ਤਾਂ ਵੀ ਇਹ ਸੀਅ ਨਹੀਂ ਸੀ ਕਰਦੀ।

'ਕਤੂਬਰ ਘਰ ਨਹੀਂ ਹੈ। ਇਹ ਲਫ਼ਜ਼ ਅਕਤੂਬਰ ਹੈ। ਇਸ ਮਹੀਨੇ ਰੰਜਨਾ ਮੇਰੇ ਨਾਲ ਪਹਿਲੀ ਮੁਲਾਕਾਤ ਹੋਈ ਸੀ। ਸੋ, ਅਸੀਂ ਆਪਣੇ ਪਹਿਲੇ ਬੱਚੇ ਦਾ ਨਾਂ ਲਾਡ ਨਾਲ ਅਕਤੁਬਰ ਹੀ ਰੱਖ ਲਿਆ ਸੀ। ਅਸਲੀ ਨਾਂ ਤਾਂ ਉਸ ਦਾ 'ਅਰੁਣ' ਨੂੰ ਵੀ ਪਤਾ ਨਹੀਂ ਕਿ ਉਸ ਦਾ ਘਰੇਲੂ ਨਾਂ 'ਕਤੂਬਰ' ਕਿਉਂ ਹੈ।

ਕੰਦਲਾ ਵੀ ਕਿਤਾਬਾਂ ਕਾਪੀਆਂ ਦਾ ਬੋਝ ਮੰਜੇ 'ਤੇ ਹੀ ਸੁੱਟ ਕੇ ਕਿਸੇ ਸਹੇਲੀ ਦੇ ਘਰ ਜਾ ਪਹੁੰਚੀ ਹੈ। ਘਰ ਵਿਚ ਹੋਰ ਕੋਈ ਨਹੀਂ ਹੈ। ਘਰ ਵਿਚ ਹੋਰ ਕਿਸੇ ਦੇ ਨਾ ਹੋਣ ਦਾ ਅਹਿਸਾਸ ਮੇਰੇ ਵਿਚ ਇੱਕ ਹਲਚਲ ਪੈਦਾ ਕਰ ਰਿਹਾ ਹੈ। ਮਿੱਠੀ ਮਿੱਠੀ ਹਲਚਲ। ਨਾਇਲੀਨ ਦੀਆਂ ਚੱਪਲਾਂ ਪਾ ਕੇ ਪੈਂਟ ਲਾਹ ਰਿਹਾ ਹਾਂ। ਪਜਾਮਾਂ ਪਾਉਣ ਦੀ ਕੋਸ਼ਿਸ਼ ਵਿਚ ਹਾਂ। ਹੈਂਗਰ ਤੋਂ ਪਜਾਮਾ ਉਤਾਰਦਾ ਹਾਂ ਤੇ ਸੋਚਦਾ ਹਾਂ, ਪਜਾਮਾ ਠਹਿਰ ਕੇ ਹੀ ਪਾ ਲਵਾਂ। ਰੰਜਨਾ ਚਾਹ ਦੀ ਕੇਤਲੀ ਮੇਜ਼ 'ਤੇ ਰੱਖ ਕੇ ਇੱਕਦਮ ਕਮਰੇ ਵਿਚੋਂ ਬਾਹਰ ਹੋ ਗਈ ਹੈ। ਮੈਂ ਪਜਾਮਾ ਪਾ ਲਿਆ ਹੈ ਤੇ ਚਾਹ ਪੀਣ ਬੈਠ ਗਿਆ ਹਾਂ। ਰੰਜਨਾ ਨੂੰ ਆਵਾਜ਼ ਦਿੱਤੀ ਹੈ, 'ਤੂੰ ਵੀ ਲੈ ਲੈ, ਇੱਕ ਪਿਆਲੀ।'

'ਤੁਸੀਂ ਪੀਓ, ਬਸ ਮੈਨੂੰ ਕੀ ਐ ਚਾਹ ਨੂੰ। ਸਕੂਲ 'ਚ ਸਾਰਾ ਦਿਨ ਚਾਹ ਈ ਚਲਦੀ ਐ। ਬਚ 'ਗੀ ਤਾਂ ਪਈ ਰਹਿਣ ਦਿਓ। 'ਕਤੂਬਰ' ਆ ਕੇ ਪੀ ਲੂ ਗਾ।' ਠੱਕ ਠੱਕ ਕਰਦੀ ਉਹ ਦੂਰੋਂ ਹੀ ਉੱਚੀ ਉੱਚੀ ਬੋਲੀ ਹੈ। ਸ਼ਾਇਦ ਪਾਥੀਆਂ ਭੰਨ ਰਹੀ ਹੈ। ਹਾਰੀ ਵਿਚ ਦਾਲ ਧਰ ਰਹੀ ਹੋਵੇਗੀ। ਪੜ੍ਹ ਲਿਖ ਕੇ ਵੀ ਐਨੇ ਸਾਲ ਸ਼ਹਿਰ ਵਿਚ ਰਹਿ ਕੇ ਤੇ ਨੌਕਰੀ ਕਰਕੇ ਵੀ ਚੁੱਲ੍ਹੇ ਚੌਂਕੇ ਦਾ ਕੰਮ ਤੇ ਬੋਲਣ ਦਾ ਤਰੀਕਾ ਉਸ ਦਾ ਪੇਂਡੂ ਹੀ ਰਿਹਾ।

ਚਾਹ ਪੀ ਕੇ ਮੈਂ ਬਿਸਤਰੇ ਵਿਚ ਵੜ ਗਿਆ ਹਾਂ। ਹਿੱਕ ਤੀਕ ਰਜ਼ਾਈ ਖਿੱਚ ਕੇ ਟੇਬਲ ਲੈਂਪ ਬਾਲ ਲਿਆ ਹੈ। ਤੜਕੇ ਦੇ ਪੜ੍ਹੇ ਅਖ਼ਬਾਰ ਦਾ ਐਡੀਟੋਰੀਅਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।

ਹੁਣ 'ਲੈਟਰਜ਼ ਟੂ ਦਾ ਐਡੀਟਰ' ਪੜ੍ਹ ਰਿਹਾ ਹਾਂ। ਰੰਜਨਾ ਕਮਰੇ ਵਿਚ ਆਈ ਹੈ। ਸ਼ਕਾਇਤ ਕਰ ਰਹੀ ਹੈ, 'ਕੰਦਲਾ ਨੂੰ ਦੇਖੋ, ਤੁਸੀਂ ਬਿਲਕੁਲ ਨਹੀਂ ਝਿੜਕਦੇ। ਹੁਣ ਤਾਈਂ ਕੀ ਮਤਲਬ ਬਿਗਾਨੇ ਘਰ ਬੈਠਣ ਦਾ? ਦਸਵੀਂ 'ਚ ਹੈਗੀ, ਹੁਣ ਹੋਰ ਕੀ ਉਹਦੇ ਵਣ ਵਧਣਗੇ?'

'ਕੁੜੀ ਨੂੰ ਸਮਝਾਉਣਾ ਤੇਰਾ ਕੰਮ ਐ। ਮੈਂ ਕਹਿ ਦਿੱਤਾ ਹੈ। 'ਮੁੰਡਾ ਸਮਝਾਇਆ ਤਾਂ ਥੋਡਾ ਬੜਾ ਸਮਝਦੈ। ਕਾਲਜ 'ਚ ਹੜਤਾਲ ਕਾਹਦੀ ਹੋਈ ਐ, ਘਰੇ ਈ ਨੀ ਵੜਦਾ ਪਿਓ ਦਾ ਪੁੱਤ।' ਕਹਿ ਕੇ ਉਹ ਮੇਰੇ ਮੰਜੇ ਦੀਆਂ ਪੈਂਦਾ 'ਤੇ ਬੈਠ ਗਈ ਹੈ।

'ਪਿਓ ਦਾ ਪੁੱਤ ਨੀ, ਮਾਂ ਦਾ ਪੁੱਤ।' ਮੈਂ ਸ਼ਰਾਰਤ ਨਾਲ ਆਖਿਆ ਹੈ।

'ਦੇਖ, ਇਹ ਕੁੜੀ 'ਮਿਸ ਯੂਨੀਵਰਸਿਟੀ' ਚੁਣੀ ਗਈ ਐ।' ਅਖ਼ਬਾਰ ਦੀ ਇੱਕ ਤਸਵੀਰ 'ਤੇ ਉਂਗਲ ਰੱਖ ਕੇ ਮੈਂ ਉਸ ਨੂੰ ਦਿਖਾਉਂਦਾ ਹਾਂ। ਅਖ਼ਬਾਰ ਮੇਰੀ ਸੱਜੀ ਵੱਖੀ 'ਤੇ ਹੈ। ਮੈਂ ਅੱਧ ਲੇਟਿਆ ਜਿਹਾ ਸਿਰਹਾਣੇ ਨਾਲ ਸਿਰ ਉੱਚਾ ਕਰੀਂ ਪਿਆ ਹਾਂ। ਰੰਜਨਾ ਮੇਰੇ ਖੱਬੇ ਪਾਸੇ ਵੱਲ ਦੀ ਹੋ ਕੇ ਤਸਵੀਰ ਦੇਖਣ ਉੱਠੀ ਹੈ। ਉਸ ਦੀਆਂ ਛਾਤੀਆਂ ਮੇਰੇ 'ਤੇ ਝੁਕੀਆਂ ਹਨ। ਤਸਵੀਰ ਨੂੰ ਉਹ ਬਹੁਤ ਧਿਆਨ ਨਾਲ ਦੇਖ ਰਹੀ ਹੈ। ਕਹਿ ਰਹੀ ਹੈ, ਤੀਵੀਆਂ ਵਰਗੀ ਤੀਵੀਂ ਐ ਹੋਰ ਕੀ ਐ ਏਹਦੇ 'ਚ?' ਮੇਰੀ ਹਿੱਕ ਵਿਚ ਕੋਈ ਜਲੂਣ ਜਿਹੀ ਉੱਠੀ ਹੈ। ਬਾਹਾਂ ਵਿਚ ਇੱਕ ਕਾਹਲ ਜਿਹੀ। ਅਖ਼ਬਾਰ ਥਾਂ ਦੀ ਥਾਂ ਸੁੱਟ ਕੇ ਰੰਜਨਾ ਨੂੰ ਮੈਂ ਆਪਣੀ ਹਿੱਕ ਨਾਲ ਕੱਸ ਲਿਆ ਹੈ। ਉਹ ਤੜਫ਼ੀ ਹੈ, ਕੀ ਹੋ ਗਿਐ ਥੋਨੂੰ ਅੱਜ? ਛੱਡੋ ਪਰ੍ਹੇ।

ਬਾਹਾਂ ਦੀ ਪਕੜ ਮੈਂ ਢਿੱਲੀ ਕਰ ਦਿੱਤੀ ਹੈ। ਉਹ ਇਕਦਮ ਮੈਨੂੰ ਝਟਕਾ ਦੇ ਕੇ ਕਹਿੰਦੀ ਹੈ, 'ਤਪਲੇ' 'ਚ ਸਾਰਾ ਪਾਣੀ ਮੱਚ ਗਿਆ ਹੋਣੈ। ਛੱਡੋ ਬੱਸ।' ਕਾਰਨਿਸ ਤੋਂ ਮੋਠਾਂ ਵਾਲੀ ਪਲੇਟ ਚੁੱਕ ਕੇ ਉਹ ਕਮਰੇ 'ਚੋਂ ਬਾਹਰ ਹੋ ਗਈ ਹੈ। ਮੈਂ ਅਖ਼ਬਾਰ ਨੂੰ ਆਪਣੀਆਂ ਅੱਖਾਂ ਮੂਹਰੇ ਕਰ ਲਿਆ ਹੈ। ਸਰਸਰੀ ਤੌਰ 'ਤੇ ਕਿਸੇ ਖ਼ਬਰ ਨੂੰ ਪੜ੍ਹਨ ਲੱਗ ਪਿਆ ਹਾਂ।

'ਕਤੂਬਰ' ਬਾਹਰੋਂ ਆ ਗਿਆ ਹੈ। ਕੋਟ ਪੈਂਟ ਉਤਾਰ ਕੇ ਨਾਈਟ ਸੂਟ ਪਹਿਨ ਲਿਆ ਹੈ। ਬੁੱਕ ਸੈਲਫ਼ ਵਿਚੋਂ 'ਕੈਂਸਰ ਵਾਰਡ' ਚੁੱਕਿਆ ਹੈ ਤੇ ਦੂਜੇ ਕਮਰੇ ਵਿਚ ਚਲਿਆ ਗਿਆ ਹੈ। ਕੰਦਲਾ ਰਸੋਈ ਵਿਚ ਆਪਣੀ ਮਾਂ ਨਾਲ ਰੋਟੀ ਟੁੱਕ ਦਾ ਆਹਰ ਕਰਨ ਲੱਗੀ ਹੋਈ ਹੈ।

ਚਾਰ ਤਹਿਆਂ ਕਰਕੇ ਮੈਂ ਅਖ਼ਬਾਰ ਨੂੰ ਮੰਜੇ ਥੱਲੇ ਸੁੱਟ ਦਿੱਤਾ ਹੈ। ਕਮਰੇ ਦੀ ਛੱਤ ਵੱਲ ਦੇਖ ਰਿਹਾ ਹਾਂ। ਸੋਚ ਰਿਹਾ ਹਾਂ ਰੰਜਨਾ ਜੇ ਸਕੂਲ ਟੀਚਰ ਨਾ ਹੋਵੇ ਤਾਂ ਕਿਵੇਂ ਚੱਲੇ ਇਸ ਘਰ ਦਾ ਖ਼ਰਚ? ਕਿਵੇਂ ਹੋਵੇ ਬੱਚਿਆਂ ਦੀ ਪੜ੍ਹਾਈ? ਮਕਾਨ ਦਾ ਕਿਰਾਇਆ, ਦੁੱਧ, ਲੱਕੜਾਂ ਤੇ ਚੜ੍ਹੇ ਮਹੀਨੇ ਹੋਰ ਕਿੰਨੇ ਹੀ ਖ਼ਰਚ? ਇਹ ਖਿਆਲ ਪਰ ਮੇਰੇ ਦਿਮਾਗ਼ ਵਿਚ ਬਹੁਤਾ ਚਿਰ ਨਹੀਂ ਰਹਿੰਦਾ।

ਹੁਣ ਮੈਂ ਦਫ਼ਤਰ ਵਾਲੀ ਨਵੀਂ ਟਾਈਪਿਸਟ ਬਾਰੇ ਸੋਚਦਾ ਹਾਂ। ਆਪਣੇ ਹੀ ਮਨ ਵਿਚ ਆਪਣੇ ਆਪ ਤੋਂ ਜਿਵੇਂ ਚੋਰੀ ਜਿਹਾ। ਉਸ ਦਾ ਪਿਆਰਾ ਪਿਆਰਾ ਸਾਂਵਲਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਉਸ ਦੀਆਂ ਸ਼ਾਹ ਕਾਲੀਆਂ ਅੱਖਾਂ ਦੀ ਖਿੱਚ ਦਫ਼ਤਰੋਂ ਮੇਰੇ ਨਾਲ ਹੀ ਜਿਵੇਂ ਮੇਰੇ ਘਰ ਤੱਕ ਪਹੁੰਚ ਗਈ ਹੋਵੇ। ਮੇਰਾ ਉਸ ਦੇ ਕੋਲ ਬੈਠਣਾ ਜਾਂ ਮੇਰੇ ਕੋਲ ਉਸ ਦਾ ਬੈਠਣਾ ਮੇਰੇ ਲਈ ਇੱਕ ਮਿੱਠਾ ਮਿੱਠਾ ਅਹਿਸਾਸ ਹੈ। ਦਫ਼ਤਰ ਦੇ ਦਿਲ ਜਲੇ ਬਾਬੂ ਮੇਰੇ ਵਿਚ ਹੀ ਉਸ ਨੂੰ ਛੇੜਦੇ ਹਨ। ਬੋਲੀਆਂ ਮਾਰਦੇ ਹਨ। ਇੱਕ ਮਿੱਠਾ ਮਿੱਠਾ ਘੁਮੰਡ ਹੈ। ਉਂਝ ਉਸ ਕੁੜੀ ਦੇ ਨਾਲ ਬਾਤ ਵੀ ਅਪਣੱਤ ਭਰੀ ਹੈ। ਹੋਰਾਂ ਨਾਲ ਤਾਂ ਉਹ ਰੁੱਖਾ ਰੁੱਖਾ ਬੋਲਦੀ ਹੈ, ਕੌੜਾ ਕੌੜਾ ਝਾਕਦੀ ਹੈ। ਉਮਰ ਵਿਚ ਤਿੰਨ ਚੌਥਾਈ ਬਾਬੂਆਂ ਨਾਲੋਂ ਮੈਂ ਵੱਡਾ ਹਾਂ। ਸੋਚਦਾ ਹਾਂ ਨਵੀਂ ਟਾਈਪਿਸਟ 'ਤੇ ਮੇਰਾ ਹੱਕ ਬਿਲਕੁੱਲ ਨਹੀਂ। ਪਰ ਉਸ ਦੇ ਆਪਣੇ ਹੀ ਮਨ ਵਿਚ ਸੋਚ ਲੈਣ ਨਾਲ ਤਾਂ ਕੋਈ ਭੂਚਾਲ ਨਹੀਂ ਆਉਂਦਾ। ਉਸ ਬਾਰੇ ਸੋਚ ਲੈਣਾ ਹੀ ਇੱਕ ਸੁਆਦ ਹੈ। ਕਿਸੇ ਵੀ ਔਰਤ ਬਾਰੇ ਸੋਚਣਾ ਇੱਕ ਗੁੱਝੀ ਗੁੱਝੀ ਦਿਲਚਸਪੀ ਹੈ।

ਔਰਤ ਨਹੀਂ ਮੇਰੇ ਸਰੀਰ ਵਿਚ ਇਕ ਅੱਗ ਭਖ਼ ਉੱਠਦੀ ਹੈ। ਰੰਜਨਾ ਵੀ ਤਾਂ ਔਰਤ ਹੀ ਹੈ। ਮੇਰੀ ਆਪਣੀ ਔਰਤ।

ਕੰਦਲਾ ਰੋਟੀ ਲੈ ਕੇ ਆਈ ਹੈ। ਮੇਰੇ ਮੱਥੇ 'ਤੇ ਰੇਖਾਵਾਂ ਉੱਭਰ ਆਈਆਂ ਹਨ। ਉਹ ਫੁਲਕਿਆਂ ਵਾਲੀ ਪਲੇਟ ਤੇ ਮੋਠਾਂ ਦੀ ਦਾਲ ਵਾਲੀ ਕੌਲੀ ਮੇਜ਼ 'ਤੇ ਧਰ ਗਈ ਹੈ। ਮੇਰੇ ਦਿਮਾਗ਼ ਵਿਚ ਨਿੱਕਾ ਜਿਹਾ ਗੁੱਸਾ ਭੜਕਿਆ ਹੈ। ਤਲਖ਼ੀ ਨਾਲ ਮੈਂ ਚੀਕਿਆ ਹਾਂ, 'ਕੰਦਲਾ, ਪਾਣੀ....।' ਉਹ ਪਾਣੀ ਦਾ ਗਲਾਸ ਲਿਆਈ ਹੈ। ਮੇਰੇ ਹੱਥ ਧੁਆ ਕੇ ਗਲਾਸ ਨੂੰ ਮੇਜ਼ 'ਤੇ ਹੀ ਰੱਖ ਦਿੱਤਾ ਹੈ। 'ਤੇਰੀ ਮਾਂ?' ਮੈਂ ਉਸ ਤੋਂ ਪੁੱਛਿਆ ਹੈ। ਮੇਰਾ ਭਾਵ ਹੈ, ਰੰਜਨਾ ਕਿਉਂ ਨਹੀਂ ਲੈ ਕੇ ਆਈ ਰੋਟੀ?

'ਮੰਮੀ ਤਾਂ ਰੋਟੀ ਪਕਾਂਦੇ ਨੇ।' ਕੰਦਲਾ ਨੇ ਸਾਊ ਜਿਹੀ ਆਵਾਜ਼ ਕੱਢੀ ਹੈ। ਉਹ ਰਸੋਈ ਵਿਚ ਜਾ ਬੈਠੀ ਹੈ।

'ਕੰਦਲਾ, ਤੇਰੀ ਮੰਮੀ ਨੂੰ ਭੇਜੀ।' ਮੈਂ ਫਿਰ ਚੀਕਿਆ ਆਟੇ ਦੇ ਲਿੱਬੜੇ ਹੱਥੀਂ ਰੰਜਨਾ ਮੇਰੇ ਕੋਲ ਆਈ ਹੈ। ਕੜਕ ਕੇ ਮੈਨੂੰ ਪੁੱਛਿਆ, "ਦੱਸੋ, ਕੀ ਕਹਿਨੇ ਓਂ? ਉੱਚੀ ਉੱਚੀ ਚਾਂਗਾਂ ਮਾਰਦੇ ਓਂ! ਖੂਹ 'ਚ ਤਾਂ ਨੀ ਉੱਤਰੇ ਹੋਏ?'

ਐਨਾ ਲੂਣ ਕਿਉਂ ਪਾਇਆ ਦਾਲ 'ਚ?' ਹਥਲੀ ਬੁਰਕੀ ਕੌਲੀ ਵਿਚ ਹੀ ਛੱਡ ਕੇ ਮੈਂ ਉਸ ਤੋਂ ਪੁੱਛਿਆ ਹੈ॥

'ਅੱਜ ਕੋਈ ਨਵਾਂ ਪਾਇਐ? ਨਿੱਤ ਹੀ ਐਨਾ ਹੁੰਦੈ। ਅੱਗੇ ਤਾਂ ਕਦੇ ਟੋਕਿਆ ਨੀ। ਉਹ ਵਾਪਸ ਰਸੋਈ ਵਿਚ ਗਈ ਹੈ। ਤੇ ਦੇਸੀ ਘਿਓ ਦਾ ਚਮਚਾ ਲਿਆ ਕੇ ਪਾ ਦਿੱਤਾ ਹੈ। 'ਲਓ, ਹੁਣ ਦੇਖੋ ਉਸ ਨੇ ਕਿਹਾ। ਮੈਂ ਉਸ ਦੀ ਬਾਂਹ ਮੁਰਚੇ ਕੋਲੋਂ ਫੜ ਲਈ ਹੈ। ਹੌਲੀ ਦੇ ਕੇ ਪੁੱਛਿਆ ਹੈ, "ਆਏਂਗੀ?'

'ਚੰਗਾ ਬਾਬਾ ਗੁਰੂ' ਕਹਿ ਕੇ ਉਸ ਨੇ ਮੁਰਚਾ ਛੁਡਾਇਆ ਹੈ ਤੇ ਕਮਰੇ 'ਚੋਂ ਬਾਹਰ ਹੋ ਗਈ ਹੈ।

ਇਕ ਹਿੰਦੀ ਮਾਸਕ ਪੱਤਰ ਮੇਰੇ ਹੱਥਾਂ ਵਿਚ ਹੈ। ਕਹਾਣੀ ਪੜ੍ਹ ਰਿਹਾ ਹਾਂ। 'ਕਤੂਬਰ' ਤੇ ਕੰਦਲਾ ਨੇ ਰੋਟੀ ਖਾ ਲਈ ਹੈ। ਰੰਜਨਾ ਨੇ ਵੀ।

ਵਿਹੜੇ ਵਿਚ ਗੇੜਾ ਕੱਢ ਕੇ ਆਇਆ ਹਾਂ। ਦੂਜੇ ਕਮਰੇ ਵਿਚ 'ਕਤੂਬਰ' ਸੁੱਤਾ ਪਿਆ ਹੈ। ਕੰਦਲਾ ਪੜ੍ਹ ਰਹੀ ਹੈ। ਰੰਜਨਾ ਆਪਣਾ ਬਿਸਤਰਾ ਵਿਛਾ ਰਹੀ ਹੈ।

ਆਪਣਾ ਟੇਬਲ ਲੈਂਪ ਬੁਝਾ ਕੇ ਮੈਂ ਰਜ਼ਾਈ ਦੇ ਲੜਾਂ ਨੂੰ ਦੱਬ ਲਿਆ ਹੈ। ਸੌਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸੌਣ ਦੀ ਨਹੀਂ, ਅਸਲ ਵਿਚ ਜਾਗਦਾ ਰਹਿਣ ਦੀ ਕੋਸ਼ਿਸ਼ ਵਿਚ ਹਾਂ।

ਘੰਟਾ, ਡੇਢ ਘੰਟਾ, ਦੋ ਘੰਟੇ ਮੈਂ ਜਾਗ ਰਿਹਾ ਹਾਂ। ਦੂਜੇ ਕਮਰੇ ਦੀ ਸਵਿੱਚ ਖੜਕੀ ਹੈ। ਦੋਵੇਂ ਕਮਰਿਆਂ ਵਿਚਕਾਰਲੀ ਕੰਧ ਵਿਚ ਇਕ ਨਿੱਕੀ ਜਿਹੀ ਮੋਰੀ ਨੇ ਅੱਖ ਮੀਟ ਲਈ ਹੈ। ਸ਼ੁਕਰ ਹੈ, ਕੰਦਲਾ ਹੁਣ ਸੌਂ ਜਾਏਗੀ। ਅੱਧਾ ਘੰਟਾ ਬੀਤ ਗਿਆ ਹੈ। ਰੰਜਨਾ ਨਹੀਂ ਆਈ। ਮੈਨੂੰ ਅੱਚਵੀ ਲੱਗੀ ਹੋਈ ਹੈ। ਆਪਣੇ ਬਿਸਤਰੇ ਵਿਚੋਂ ਨਿਕਲਦਾ ਹਾਂ। ਪੋਲੇ ਪੈਰੀਂ ਵਿਹੜੇ ਵਿਚ ਆਉਂਦਾ ਹਾਂ। ਦੇਖਦਾ ਹਾਂ, ਦੂਜੇ ਕਮਰੇ ਦਾ ਦਰਵਾਜ਼ਾ ਬੰਦਾ ਹੈ। ਦਰਵਾਜ਼ੇ 'ਤੇ ਦਸਤਕ ਦੇਣ ਦੀ ਮੇਰੇ ਵਿਚ ਹਿੰਮਤ ਨਹੀਂ। ਮੁੰਡੇ ਕੁੜੀ 'ਚੋਂ ਕੋਈ ਜਾਗ ਪਿਆ? ਤਖ਼ਤਿਆਂ ਨਾਲ ਕੰਨ ਲਾ ਕੇ ਮੈਂ ਸੁਣਦਾ ਹਾਂ। ਨਿੱਕੇ ਨਿੱਕੇ ਘੁਰਾੜੇ ਵੱਜ ਰਹੇ ਹਨ। ਕਦੇ ਕਦੇ ਕੋਈ ਘੁਰਾੜਾ ਉੱਚਾ ਵੀ ਹੋ ਜਾਂਦਾ ਹੈ। ਮੈਨੂੰ ਸਾਫ਼ ਪਤਾ ਲੱਗ ਗਿਆ ਹੈ, ਇਹ ਘੁਰਾੜੇ ਰੰਜਨਾ ਦੇ ਹਨ। ਮੈਨੂੰ ਦੇਖ ਕੇ ਕੋਠੇ 'ਤੋਂ ਗਵਾਂਢੀਆਂ ਦਾ ਕੁੱਤਾ ਭੌਂਕਿਆ ਹੈ। ਐਨੀ ਠੰਡ ਵਿਚ ਕੁੱਤਾ ਕੋਠੇ 'ਤੇ ਕੀ ਕਰਦਾ ਫਿਰਦਾ ਹੈ? ਮੈਨੂੰ ਖਿੱਝ ਚੜ੍ਹਦੀ ਹੈ। ਵਿਹੜੇ ਵਿਚ ਮੈਂ ਖੜ੍ਹਾ ਸ਼ਰਮ ਮਹਿਸੂਸ ਕਰ ਰਿਹਾ ਹਾਂ ਤੇ ਠੰਡ ਵੀ। ਆਪਣੇ ਕਮਰੇ ਵਿਚ ਆ ਕੇ ਬਿਸਤਰੇ ਵਿਚ ਵੜ ਜਾਂਦਾ ਹਾਂ। ਟੇਬਲ ਲੈਂਪ ਜਗਾ ਕੇ ਮਾਸਕ ਪੱਤਰ ਵਿਚੋਂ ਕੋਈ ਹੋਰ ਕਹਾਣੀ ਪੜ੍ਹਨ ਲੱਗਦਾ ਹਾਂ। ਰੰਜਨਾ ਦੇ ਘੁਰਾੜੇ ਹੁਣ ਮੈਨੂੰ ਇਸ ਕਮਰੇ ਵਿਚ ਵੀ ਸੁਣ ਰਹੇ ਹਨ। ਕਹਾਣੀ ਖ਼ਤਮ ਕਰਕੇ ਟੇਬਲ ਲੈਂਪ ਬੁਝਾਉਂਦਾ ਹਾਂ ਤੇ ਸੌਂ ਜਾਂਦਾ ਹਾਂ। *