ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਲਗਾਓ

ਵਿਕੀਸਰੋਤ ਤੋਂ

ਲਗਾਓ

ਤੇ ਫਿਰ ਇੱਕ ਦਿਨ ਉਹ ਮੇਰੇ ਸ਼ਹਿਰ ਆ ਗਿਆ।

ਉਹੀ ਪਹਿਲਾਂ ਵਾਲੇ ਢੰਗ ਦੇ ਲੰਬੇ-ਲੰਬੇ ਵਾਲ਼, ਪਿੱਛੇ ਨੂੰ ਸਿੱਧੇ ਵਾਹੇ ਹੋਏ। ਕੋਈ ਕੋਈ ਚਿੱਟਾ ਵਾਲ਼ ਵੀ ਨਿੱਕਲ ਆਇਆ ਸੀ। ਦਾਹੜੀ ਸ਼ੇਵ ਕੀਤੀ ਹੋਈ, ਮੁੱਛਾਂ ਨਿੱਕੀਆਂ ਨਿੱਕੀਆਂ। ਸਿਗਰਟ ਦੇ ਕਸ਼ ਲੈਂਦਾ, ਮੁੱਛਾਂ ਦੇ ਨਿੱਕੇ-ਨਿੱਕੇ ਸਿਰਿਆਂ ਨੂੰ ਮਰੋੜਾ ਦਿੰਦਾ ਰਹਿੰਦਾ, ਕਾਲ਼ੀ ਗੁਰਗਾਬੀ ਤੇ ਚਿੱਟੀ ਪੈਂਟ ਬੁਸ਼ਰਟ, ਸੱਜੇ ਹੱਥ ਵਿੱਚ ਲੋਹੇ ਦਾ ਮੋਟਾ ਕੜਾ ਤੇ ਖੱਬੇ ਹੱਥ ਦੀ ਚੀਚੀ ਨਾਲ ਲੱਗਦੀ ਉਂਗਲ ਵਿੱਚ ਵੀਰ-ਵਹੁਟੀ ਰੰਗ ਦੀ ਨਗ ਵਾਲੀ ਸੋਨੇ ਦੀ ਛਾਪ, ਖੱਬੇ ਗੁਟ ਉੱਤੇ ਮਹਿੰਗੇ ਮੁੱਲ ਦੀ ਘੜੀ। ਘੜੀ ਤਾਂ ਉਹ ਦੂਜੇ-ਤੀਜੇ ਸਾਲ ਹੀ ਬਦਲ ਲੈਂਦਾ। ਉਹ ਹੱਸਦਾ ਤਾਂ ਹੱਸੀ ਜਾਂਦਾ ਤੇ ਜੇ ਗੰਭੀਰ ਹੋਵੇ ਤਾਂ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕੱਢਣਾ, ਅੱਖਾਂ ਦੇ ਇਸ਼ਾਰਿਆਂ ਨਾਲ ਹੀ ਗੱਲ ਕਰਦਾ।

ਪਹਿਲਾਂ ਉਹ ਜਦ ਵੀ ਕਦੇ ਮੇਰੇ ਕੋਲ ਆਇਆ ਸੀ, ਬੂ-ਮਾਣਸ, ਬੂ-ਮਾਣਸ ਕਰਦਾ ਆਉਂਦਾ ਤੇ ਸਕੂਲ ਵੜਦਿਆਂ ਹੀ ਚਪੜਾਸੀ ਤੋਂ ਮੇਰੇ ਬਾਰੇ ਪੁੱਛਦਾ, ਜਿੱਥੇ ਵੀ ਮੈਂ ਹੁੰਦਾ ਉਹ ਸਿੱਧਾ ਮੇਰੇ ਕੋਲ ਪਹੁੰਚਦਾ। ਕਲਾਸ ਰੂਮ ਵਿੱਚ ਹੋਵਾਂ, ਸਟਾਫ਼-ਕਮਰੇ ਵਿੱਚ ਜਾਂ ਕਲਰਕ ਕੋਲ ਬੈਠਾ। ਆਉਣਸਾਰ ਹੁਕਮ ਚਾੜ੍ਹ ਦਿੰਦਾ- 'ਛੁੱਟੀ ਦੇ ਦੇ, ਬੱਸ ਉੱਠ ਖੜ੍ਹ।' ਤੁਰੰਤ ਹੀ ਮੇਰੇ ਹੱਥ ਕਾਗ਼ਜ਼ ਲੱਭਣ ਲੱਗਦੇ। ਮਿੰਟਾਂ-ਸਕਿੰਟਾਂ ਵਿੱਚ ਹੀ ਉਹ ਮੈਨੂੰ ਸਕੂਲੋਂ ਉਖਾੜ ਕੇ ਇਉਂ ਲੈ ਜਾਂਦਾ ਜਿਵੇਂ ਕੋਈ ਕਿਸੇ ਨੂੰ ਅਗਵਾ ਕਰਕੇ ਲੈ ਗਿਆ ਹੋਵੇ। ਅਸੀਂ ਕਿਤੇ ਵੀ ਜਾ ਬੈਠਦੇ ਤੇ ਸ਼ਰਾਬ ਪੀਂਦੇ। ਮੈਨੂੰ ਉਹ ਨਵੀਂ ਕੁੜੀ ਦੀਆਂ ਗੱਲਾਂ ਸੁਣਾਉਣ ਲੱਗਦਾ। ਤੇ ਫੇਰ ਜਾਣ ਵੇਲੇ ਉਹ ਮੈਨੂੰ ਇੱਕ ਦਮ ਹੀ ਛੱਡ ਜਾਂਦਾ। ਜੇ ਰਾਤ ਰਹਿੰਦਾ ਤਾਂ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਅੱਗ ਲੱਗੀ ਵਾਲਿਆਂ ਵਾਂਗ ਫਟਾ-ਫਟ ਤਿਆਰ ਹੁੰਦਾ। ਨਾ ਲੈਟਰਿਨ, ਨਾ ਚਾਹ, ਬੁਰਸ਼ ਕਰਨ ਜਾਂ ਨ੍ਹਾਉਣ-ਧੌਣ ਦਾ ਸਵਾਲ ਹੀ ਨਹੀਂ, 'ਅੱਛਾ ਬਈ' ਕਹਿ ਕੇ ਘਰੋਂ ਨਿੱਕਲ ਤੁਰਦਾ। ਗਰਮੀ ਦੀ ਰੁੱਤ ਵਿੱਚ ਇੱਕ ਤੇਜ਼ ਠੰਢੇ ਹਵਾ ਦੇ ਬੁੱਲ੍ਹੇ ਵਰਗਾ ਉਹਦਾ ਅਹਿਸਾਸ ਹੀ ਮੇਰੇ ਕੋਲ ਰਹਿ ਜਾਂਦਾ।

ਇਸ ਵਾਰ ਵੀ ਉਹ ਮੇਰੇ ਕੋਲ ਆਪਣੇ ਮਖਸੂਸ ਅੰਦਾਜ਼ ਵਿੱਚ ਆਇਆ। ਮੈਨੂੰ ਛੁੱਟੀ ਦਿਵਾਈ ਤੇ ਲੈ ਤੁਰਿਆ।

ਇਸ ਸ਼ਹਿਰ ਵਿੱਚ ਉਹ ਮੇਰੇ ਕੋਲ ਪਹਿਲੀ ਵਾਰ ਆਇਆ ਸੀ। ਇਸ ਤੋਂ ਸੱਤ ਸਾਲ ਪਹਿਲਾਂ ਉਹ ਮੇਰੇ ਕੋਲ ਆਇਆ ਸੀ। ਉਨ੍ਹਾਂ ਦਿਨਾਂ ਵਿੱਚ ਮੈਂ ਇੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਉਂਦਾ ਸਾਂ ਤੇ ਇੱਕ ਖੌਫ਼ਨਾਕ ਹਾਦਸੇ ਵਿੱਚ ਦੀ ਲੰਘ ਰਿਹਾ ਸਾਂ। ਓਦੋਂ ਉਹ ਆਇਆ ਸੀ ਤਾਂ ਦਿਨ ਦੇ ਦਿਨ ਮੈਨੂੰ ਮੇਰਾ ਦੁੱਖ ਭੁੱਲ ਗਿਆ। ਲੱਗਿਆ ਜਿਵੇਂ ਨਰਕ ਵਿਚੋਂ ਕੱਢ ਕੇ ਕਿਸੇ ਨੇ ਮੈਨੂੰ ਸ਼ੀਸ਼ ਮਹਿਲਾਂ ਵਿੱਚ ਬਿਠਾ ਦਿੱਤਾ ਹੋਵੇ।

ਸਕੂਲੋਂ ਬਾਹਰ ਆ ਕੇ ਮੈਂ ਉਹਨੂੰ ਆਖਿਆ-'ਪਹਿਲਾਂ ਆਪਾਂ ਡਾਕਖਾਨੇ ਚਲਦੇ ਆਂ। ਮੈਂ ਆਪਣੀ ਡਾਕ ਲੈ ਲਵਾਂ। ਫੇਰ ਕਿਤੇ ਬੈਠਾਂਗੇ।'

ਡਾਕਖਾਨਿਓਂ ਨਿੱਕਲ ਕੇ ਮੈਂ ਉਹਨੂੰ ਭਾਈਆਂ ਦੀ ਦੁਕਾਨ ਵਿੱਚ ਲੈ ਗਿਆ। ਕਾਊਂਟਰ ਤੇ ਖੜ੍ਹੇ ਮੁੰਡੇ ਨੂੰ ਆਖਿਆ ਕਿ ਉਹ ਦੋ ਗਿਲਾਸ ਗਾਜਰ ਦਾ ਰਸ ਬਣਾ ਦੇਵੇ। ਸੋਚਿਆ ਤਾਂ ਸੀ ਕਿ ਸੰਗਤਰਾ ਹੀ ਕਿਉਂ ਨਾ ਲਈਏ। ਗਾਜਰ ਦਾ ਰਸ ਸਸਤਾ ਸਮਝਕੇ ਗੁਰੂ ਕਿਤੇ ਬੁਰਾ ਮਹਿਸੂਸ ਨਾ ਕਰ ਜਾਵੇ। ਪਰ ਮੈਂ ਆਪਣੀ ਚੋਣ ਹੀ ਠੀਕ ਸਮਝੀ। ਗਾਜਰ ਦਾ ਰਸ ਉਹ ਬਣਾਉਂਦਾ ਵੀ ਪ੍ਰੇਮ ਨਾਲ ਸੀ, ਵਿੱਚ ਨਿੰਬੂ ਤੇ ਪੁਦੀਨਾ ਵੀ ਪਾ ਦਿੰਦਾ। ਇੱਕ ਟੁਕੜਾ ਚੁਕੰਦਰ ਦਾ ਕੱਟ ਕੇ ਵੀ, ਡੀਜ਼ਾਈਨਦਾਰ ਕੱਚ ਦੇ ਮੱਗਾਂ ਵਿੱਚ ਗਾਜਰ ਦਾ ਰਸ ਪੀਂਦਿਆਂ ਇੰਜ ਮਹਿਸੂਸ ਹੁੰਦਾ ਜਿਵੇਂ ਨਿਰਾ ਖ਼ੂਨ ਪੀ ਰਹੇ ਹੋਈਏ।

ਗਾਜਰ ਦੇ ਰਸ ਨੂੰ ਖ਼ੂਨ ਕਹਿਣ ਵਾਲੀ ਗੱਲ ਜਦੋਂ ਮੈਂ ਉਹਨੂੰ ਸੁਣਾਈ ਤਾਂ ਉਹ ਖਿੜਖਿੜਾ ਕੇ ਹੱਸਿਆ। ਮੇਰੇ ਕੋਲ ਸਕੂਲ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਉਹ ਚੁੱਪ-ਚਾਪ ਹੀ ਰਿਹਾ ਸੀ। ਉਹ ਉਹਦਾ ਪਹਿਲਾਂ ਠਹਾਕਾ ਸੀ, ਉਹਦੇ ਚਿਹਰੇ ਉੱਤੇ ਗੁਲਾਬ ਖਿੜੇ ਹੋਏ ਸਨ। ਪਰ ਮੈਂ ਦੇਖਿਆ, ਉਹਦੀਆਂ ਅੱਖਾਂ ਵਿਚਲੀ ਤਰਲ ਰੇਖਾ ਨੇ, ਉਹਦੇ ਠਹਾਕੇ ਨਾਲੋਂ ਕੋਈ ਇੱਕ ਚਿੱਪਰ ਝਾੜ ਕੇ ਰੱਖ ਲਈ, ਜਿਸ ਕਰਕੇ ਉਹਦਾ ਹਾਸਾ ਮੈਨੂੰ ਨਾਮੁਕੰਮਲ ਜਿਹਾ ਹੀ ਲੱਗਿਆ। ਪਰ ਮੈਂ ਉਹਤੋਂ ਪੁੱਛਿਆ ਕੁਝ ਨਹੀਂ। ਸੋਚਿਆ, ਹੋ ਸਕਦਾ ਹੈ ਕਿ ਇਹ ਮੇਰਾ ਭਰਮ ਹੋਵੇ।

ਰਸ ਦੇ ਮੱਗ ਮੇਜ਼ ਉੱਤੇ ਆ ਟਿਕੇ ਤਾਂ ਮੈਂ ਉਹਨੂੰ ਪੁੱਛਿਆ-'ਇੱਕ ਅਧੀਆ ਫੜ ਨਾ ਲਿਆਵਾਂ, ਅੰਗ੍ਰੇਜ਼ੀ ਦਾ। ਮੱਗਾਂ ਵਿੱਚ ਪਾ ਲਵਾਂਗੇ, ਥੋੜ੍ਹੀ ਥੋੜ੍ਹੀ। ਜ਼ਾਇਕਾ ਦੇਖੀ।'

ਪਰ ਉਹਨੇ ਮੈਨੂੰ ਇੱਕ ਦਮ ਰੋਕ ਦਿੱਤਾ-'ਲਹੂ ਵਿੱਚ ਸ਼ਰਾਬ ਦਾ ਕੀ ਕੰਮ? ਅੱਜ ਤੇਰੇ ਲਹੂ ਦਾ ਨਸ਼ਾ ਈ ਦੇਖਾਂਗੇ।' ਉਹ ਫੇਰ ਹੱਸਿਆ ਤੇ ਰਸ ਪੀਣ ਲੱਗਿਆ।

ਓਥੋਂ ਉੱਠ ਕੇ ਮੈਂ ਉਹਨੂੰ ਛੱਤਾ ਖੂਹ ਚੌਕ ਵੱਲ ਲੈ ਗਿਆ। ਦੱਸਿਆ- ਰੋਟੀ ਅਜੇ ਮੈਂ ਵੀ ਨੀ ਖਾਧੀ। ਕੋਈ ਸਬਜ਼ੀ ਲੈ ਕੇ ਤੇਰੀ ਭਰਜਾਈ ਨੂੰ ਦੇ ਆਈਏ।'

'ਥੋੜ੍ਹੀ ਦੂਰ ਜਾ ਕੇ ਉਹ ਤਿੜਕ ਉੱਠਿਆ- 'ਯਾਰ, ਰੋਟੀ ਦੇ ਮਾਰ ਗੋਲ਼ੀ। ਰੋਟੀ ਖਾ ਲਾਂਗੇ। ਕੋਈ ਰਿਕਸ਼ਾ ਲੈ, ਅੱਡੇ ਤੇ ਚਲਦੇ ਆਂ।'

'ਕਿਉਂ, ਅੱਡੇ ਤੇ ਕੀਹ ਐ?' ਮੈਂ ਵੀ ਖੜ੍ਹ ਕੇ ਉਹਨੂੰ ਪੁੱਛਿਆ।

'ਤੂੰ ਚੱਲ ਤਾਂ ਸਹੀ।' ਕਹਿ ਕੇ ਉਹਨੇ ਕੋਲ ਹੀ ਜਾਂਦੇ ਇੱਕ ਖਾਲੀ ਰਿਕਸ਼ੇ ਨੂੰ ਰੋਕ ਲਿਆ ਤੇ ਛਾਲ ਮਾਰ ਕੇ ਬੈਠ ਗਿਆ। ਮੈਨੂੰ ਵੀ ਬਿਠਾ ਲਿਆ। ਰਾਹ ਵਿੱਚ ਅਸੀਂ ਇੱਕ ਦੂਜੇ ਨਾਲ ਕੋਈ ਖ਼ਾਸ ਗੱਲ ਨਾ ਕੀਤੀ। ਆਉਂਦੇ ਜਾਂਦੇ ਲੋਕਾਂ ਦੇ ਚਿਹਰਿਆਂ ਨੂੰ ਤੱਕਦੇ। ਉਹ ਵੀ ਤੇ ਮੈਂ ਵੀ। ਕਦੇ-ਕਦੇ ਉਹ ਕਿਸੇ ਜਨਾਨੀ ਨੂੰ ਦੇਖਦਾ ਤੇ ਹੌਲੀ ਦੇ ਕੇ ਕੋਈ ਰਿਮਾਰਕ ਛੱਡ ਦਿੰਦਾ। ਸਿਰਫ਼ ਮੈਨੂੰ ਸੁਣਾਉਣ ਲਈ ਹੀ। ਮੈਂ ਪੋਲਾ ਜਿਹਾ ਮੁਸਕਰਾਉਂਦਾ ਤੇ ਚੁੱਪ ਰਹਿੰਦਾ। ਬੱਸ ਅੱਡੇ ਉੱਤੇ ਜਾ ਕੇ ਅਸੀਂ ਰਿਕਸ਼ਾ ਵਿੱਚੋਂ ਉਤਰੇ। ਮੈਂ ਰਿਕਸ਼ਾ ਵਾਲੇ ਨੂੰ ਪੈਸੇ ਦੇਣ ਲੱਗਿਆ ਤਾਂ ਗੁਰੂ ਟੈਕਸੀਆਂ ਵੱਲ ਚਲਿਆ ਗਿਆ। ਜਾਂਦੇ ਹੀ ਇੱਕ ਟੈਕਸੀ ਡਰਾਈਵਰ ਨਾਲ ਦੋ ਚਾਰ ਗੱਲਾਂ ਕੀਤੀਆਂ ਤੇ ਤਾਕੀ ਖੋਲ੍ਹ ਕੇ ਕਾਰ ਵਿੱਚ ਬੈਠ ਗਿਆ। ਓਦੋਂ ਤੱਕ ਮੈਂ ਵੀ ਉਹਦੇ ਕੋਲ ਜਾ ਖੜ੍ਹਾ ਸਾਂ। ਕਿਸੇ ਜਾਦੂ ਦੇ ਅਸਰ ਵਾਂਗ ਮੈਂ ਕਾਰ ਵਿੱਚ ਉਹਦੇ ਨਾਲ ਜਾ ਬੈਠਾ। ਸੋਚਿਆ, ਟੈਕਸੀ ਵਾਲਾ ਇਹਦਾ ਕੋਈ ਜਾਣੂ ਪਛਾਣੂ ਹੋਵੇਗਾ। ਮਿਲਿਆ ਹੈ ਤੇ ਕਾਰ ਵਿੱਚ ਬੈਠ ਗਿਆ ਹੈ।

ਸ਼ਹਿਰ ਵਿਚੋਂ ਦੋ ਮੀਲ ਬਾਹਰ ਨਿਕਲ ਕੇ ਮੈਂ ਉਹਨੂੰ ਪੁੱਛਿਆ-'ਗੁਰੂ, ਦੱਸ ਤਾਂ ਦੇਹ ਆਪਾਂ ਜਾ ਕਿੱਥੇ ਰਹੇ ਹਾਂ?'

ਉਹਨਾਂ ਮੇਰੇ ਪੱਟ ਉੱਤੇ ਜ਼ੋਰ ਦਾ ਧੱਫਾ ਮਾਰਿਆ ਤੇ ਕਹਿੰਦਾ-'ਤੇਰਾ ਲਹੂ ਤਾਂ ਪੀ ਲਿਆ, ਅੱਜ ਤੇਰੀ ਜਾਨ ਵੀ ਖਾਵਾਂਗਾ।' ਉਹਦੇ ਜਵਾਬ ਦੀ ਦਿਲਚਸਪੀ ਮੈਨੂੰ ਵਿਸਰ ਗਈ ਤੇ ਮੈਂ ਆਪਣਾ ਪੱਟ ਘੁੱਟਣ ਲਗਿਆ। ਉਹ ਹੱਸ ਰਿਹਾ ਸੀ।

ਦਸ ਮੀਲ ਉੱਤੇ ਜਾ ਕੇ ਇੱਕ ਪਿੰਡ ਆਇਆ। ਟੈਕਸੀ ਪਿੰਡ ਦੀ ਲਿੰਕ ਰੋਡ ਉੱਤੇ ਚੱਲਣ ਲੱਗੀ। ਗੁਰੂ ਡਰਾਈਵਰ ਦੇ ਕੰਨ ਕੋਲ ਹੋ ਕੇ ਕੁਝ ਦੱਸੀ ਜਾ ਰਿਹਾ ਸੀ ਤੇ ਟੈਕਸੀ ਪਿੰਡ ਦੀਆਂ ਪੱਕੀਆਂ ਗਲ਼ੀਆਂ ਉੱਤੇ ਏਧਰ-ਓਧਰ ਡੋਲਦੀ ਖੜਕਦੀ ਧੂੜ ਉਡਾਉਂਦੀ ਤੁਰੀ ਜਾ ਰਹੀ ਸੀ। ਪਿੰਡ ਦੇ ਪਰਲੇ ਪਾਸੇ ਇੱਕ ਚੌੜੇ ਜਿਹੇ ਦਰਵਾਜ਼ੇ ਅੱਗੇ ਟੈਕਸੀ ਜਾ ਰੁਕੀ। ਉਹ ਮੁਸਕਰਾਇਆ ਤੇ ਮੈਨੂੰ ਕਹਿੰਦਾ-'ਉਠ ਹੁਣ।'

ਦਰਵਾਜ਼ੇ ਵਿੱਚ ਇੱਕ ਬੁੜ੍ਹੀ ਮੰਜੇ ਉੱਤੇ ਬੈਠੀ ਸੂਤ ਅਟੇਰ ਰਹੀ ਸੀ। ਗੁਰੂ ਨੇ ਉਹਨੂੰ ਮੱਥਾ ਟੇਕਿਆ ਤੇ ਉਹਦੇ ਕੋਲ ਹੀ ਮੰਜੇ ਉੱਤੇ ਬੈਠ ਗਿਆ। ਬੁੜ੍ਹੀ ਨੇ ਉਹਨੂੰ ਸਿਆਣ ਲਿਆ। ਉਹ ਅਸੀਸਾਂ ਦੇਣ ਲੱਗੀ। ਮੈਂ ਦੂਜੇ ਮੰਜੇ ਉੱਤੇ ਬੈਠ ਗਿਆ। ਡਰਾਈਵਰ ਟੈਕਸੀ ਵਿੱਚ ਮਗਰਲੀ ਸੀਟ ਉੱਤੇ ਲੰਮਾ ਪੈ ਗਿਆ ਸੀ। ਮੈਂ ਅੰਦਾਜ਼ਾ ਲਾਇਆ ਕਿ ਗੁਰੂ ਨੇ ਛੇਤੀ ਹੀ ਵਾਪਸ ਏਸੇ ਟੈਕਸੀ ਵਿੱਚ ਮੁੜਨਾ ਹੋਵੇਗਾ।

ਬੁੜ੍ਹੀ ਉੱਠ ਕੇ ਵਿਹੜੇ ਵਿੱਚ ਗਈ ਤਾਂ ਉਹ ਮੇਰੇ ਮੰਜੇ ਉੱਤੇ ਆ ਬੈਠਾ। ਹੌਲੀ ਦੇ ਕੇ ਮੈਨੂੰ ਸਮਝਾਉਣ ਲੱਗਿਆ-'ਬੁੜ੍ਹੀ ਹੁਣ ਮੁੜ ਕੇ ਆ ਕੇ ਤੇਰੇ ਕੋਲ ਦਰਵਾਜ਼ੇ 'ਚ ਬੈਠੂਗੀ, ਤੂੰ ਇਹਦੇ ਨਾਲ ਇਹਦੇ ਮੁੰਡੇ ਦੀਆਂ ਗੱਲਾਂ ਕਰੀਂ, ਉਹ ਬਿਜਲੀ ਬੋਰਡ ਵਿੱਚ ਕਲਰਕ ਐ। ਦਾਰੂ ਬਹੁਤ ਪੀਂਦੈ, ਤੂੰ ਉਹਦੀ ਦਾਰੂ ਦੀ ਨਿੰਦਿਆਂ ਕਰੀਂ। ਫੇਰ ਨੀ ਬੁੜ੍ਹੀ ਤੇਰੇ ਕੋਲੋਂ ਉਠਦੀ।'

ਬੁੜ੍ਹੀ ਦੀ ਨੂੰਹ ਕਾਹਲੇ ਕਦਮੀਂ ਸਾਡੇ ਕੋਲ ਦਰਵਾਜ਼ੇ ਵਿੱਚ ਆਈ ਤੇ ਮੰਜੇ ਉੱਤੇ ਬੈਠ ਕੇ ਗੁਰੂ ਦਾ ਹਾਲ-ਚਾਲ ਪੁੱਛਣ ਲੱਗੀ। ਲਗਦੇ ਹੱਥ ਗੁਰੂ ਨੇ ਮੇਰੀ ਜਾਣਕਾਰੀ ਵੀ ਉਹਨੂੰ ਦੇ ਦਿੱਤੀ। ਮਗਰ ਦੀ ਮਗਰ ਬੁੜ੍ਹੀ ਵੀ ਦਰਵਾਜ਼ੇ ਵਿੱਚ ਆ ਬੈਠੀ।

ਅਸੀਂ ਚਾਰੇ ਏਧਰ ਓਧਰ ਦੀਆਂ ਗੱਲਾਂ ਕਰਨ ਲੱਗੇ। ਬਾਰ ਵਿੱਚ ਖੜ੍ਹੀ ਟੈਕਸੀ ਦੇਖ ਕੇ ਦੋ ਤਿੰਨ ਗਵਾਂਢੀ ਬੁੜ੍ਹੀਆਂ ਸਾਨੂੰ ਦੇਖਣ ਆਈਆਂ ਤੇ ਗੁਰੂ ਨੂੰ ਪਛਾਣ ਕੇ ਮੁੜ ਗਈਆਂ। ਗੁਰੂ ਪਹਿਲਾਂ ਵੀ ਓਥੇ ਕਈ ਵਾਰ ਆਇਆ ਹੋਵੇਗਾ। ਬਹੂ ਦੇ ਤਾਏ ਚਾਚੇ ਦਾ ਮੁੰਡਾ ਸਮਝ ਕੇ ਉਨ੍ਹਾਂ ਬੁੜ੍ਹੀਆਂ ਦੀ ਤਸੱਲੀ ਹੋ ਗਈ ਹੋਵੇਗੀ। ਨਿੱਕੇ ਨਿੱਕੇ ਮੁੰਡੇ ਕੁੜੀਆਂ ਟੈਕਸੀ ਦੇ ਆਲੇ-ਦੁਆਲੇ ਫਿਰ ਰਹੇ ਸਨ। ਇੱਕ ਦੂਜੇ ਨਾਲ ਛੇੜ ਛਾੜ ਕਰ ਰਹੇ ਸਨ। ਬੁੜ੍ਹੀ ਦੀ ਨੂੰਹ ਅੰਦਰ ਰਸੋਈ ਵਿੱਚ ਚਾਹ ਧਰਨ ਗਈ ਤਾਂ ਗੁਰੂ ਵੀ ਥੋੜ੍ਹੀ ਦੇਰ ਬਾਅਦ ਦਰਵਾਜ਼ੇ ਵਿਚੋਂ ਉਠ ਕੇ ਉਹਦੇ ਮਗਰ ਚਲਿਆ ਗਿਆ। ਮੈਂ ਬੁੜ੍ਹੀ ਨਾਲ ਉਹਦੇ ਮੁੰਡੇ ਦੀਆਂ ਗੱਲਾਂ ਛੇੜ ਲਈਆਂ।

ਕਦੇ-ਕਦੇ ਗੁਰੂ ਦੇ ਚੀਕ ਮਾਰਨ ਵਾਂਗ ਹੱਸਣ ਦੀ ਆਵਾਜ਼ ਦਰਵਾਜ਼ੇ ਤੱਕ ਪਹੁੰਚ ਜਾਂਦੀ। ਉਨ੍ਹਾਂ ਦੀਆਂ ਗੱਲਾਂ ਦੀ ਗੁਣ-ਗੁਣ ਤਾਂ ਲਗਾਤਾਰ ਹੀ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਅਸਲ ਵਿੱਚ ਮੇਰੇ ਕੰਨ ਤਾਂ ਰਸੋਈ ਵੱਲ ਹੀ ਲੱਗੇ ਹੋਏ ਸਨ। ਬੁੜ੍ਹੀ ਦੀ ਗੱਲ ਦਾ ਹੁੰਗਾਰਾ ਤਾਂ ਮੈ ਹੂੰ-ਹਾਂ ਕਰਕੇ ਹੀ ਭਰ ਰਿਹਾ ਸਾਂ। ਇੱਕ ਗੱਲ ਉਹ ਖ਼ਤਮ ਕਰਦੀ ਤਾਂ ਮੈਂ ਨਾਲ ਲੱਗਦਾ ਦੂਜਾ ਸਵਾਲ ਕਰ ਦਿੰਦਾ। ਬੁੜ੍ਹੀ ਬੋਲਦੀ ਰਹਿੰਦੀ।

ਬੁੜ੍ਹੀ ਦੀ ਨੂੰਹ ਮੇਰੇ ਤੇ ਬੁੜ੍ਹੀ ਵਾਸਤੇ ਚਾਹ ਦੇ ਦੋ ਗਲਾਸ ਲੈ ਆਈ। ਗੁਰੂ ਆਪਣਾ ਗਿਲਾਸ ਆਪ ਚੁੱਕ ਲਿਆਇਆ। ਅਸੀਂ ਚਾਹ ਪੀਣ ਲੱਗੇ। ਨੂੰਹ ਅੰਦਰ ਕਮਰੇ ਵਿੱਚ ਚਲੀ ਗਈ। ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਬੱਚਾ ਸੁੱਤਾ ਪਿਆ ਜਾਗ ਉੱਠਿਆ ਹੋਵੇਗਾ। ਉਹ ਓਸੇ ਨੂੰ ਸੰਭਾਲਣ ਗਈ ਹੋਵੇਗੀ।

ਗੁਰੂ ਨੇ ਆਪਣੇ ਗਿਲਾਸ ਵਿਚੋਂ ਇੱਕ ਘੁੱਟ ਭਰੀ। ਉਹ ਅੰਦਰ ਰਸੋਈ ਵਿੱਚ ਗਿਆ ਤੇ ਇੱਕ ਗਿਲਾਸ ਹੋਰ ਲਿਆ ਕੇ ਬਾਹਰ ਡਰਾਈਵਰ ਨੂੰ ਦੇ ਆਇਆ। ਪਹਿਲਾਂ ਉਹ ਭੁੱਲ ਗਿਆ ਹੋਵੇਗਾ।

ਏਸ ਦੌਰਾਨ ਬੁੜ੍ਹੀ ਨੇ ਮੈਨੂੰ ਦੱਸਿਆ- 'ਸਵੇਰ ਦਾ ਈ ਸੁੱਤਾ ਪਿਐ ਜਿਉਣ ਜੋਗਾ। ਪਤਾ ਨ੍ਹੀ, ਢਿੱਲੇ ਕੁੱਛ, ਭਾਈ।' ਤੇ ਫੇਰ ਬੁੜ੍ਹੀ ਦਰਵਾਜ਼ੇ ਵਿਚੋਂ ਹੀ ਉੱਚਾ ਬੋਲੀ-'ਕੁੜੇ ਬਹੂ, ਇਹਨੂੰ ਦੁੱਧ ਚੁੰਘਾ ਦੇ। ਹੁਣ ਉੱਠ ਖੜ੍ਹਨ ਦੇ। ਐਂ ਨ੍ਹੀ ਟਿਕਦਾ ਹੁਣ ਏਹ। ਨਹੀਂ ਲਿਆ ਮੈਨੂੰ ਦੇ ਜਾ।'

ਬੱਚਾ ਅਜੇ ਵੀ ਰੋਈ ਜਾ ਰਿਹਾ ਸੀ।

ਅਸੀਂ ਚਾਹ ਖ਼ਤਮ ਕੀਤੀ ਤੇ ਬਾਹਰੋਂ ਪੰਜ-ਛੇ ਸਾਲ ਦੀ ਇੱਕ ਕੁੜੀ ਆਈ ਤੇ ਬੁੜ੍ਹੀ ਦੀ ਗੋਦੀ ਵਿੱਚ ਲਿਟ ਗਈ। ਗੁਰੂ ਨੇ ਉਹਨੂੰ ਆਪਣੀ ਬੁੱਕਲ ਵਿੱਚ ਖਿੱਚ ਲਿਆ। ਪਿਆਰ ਕਰਨ ਲੱਗਿਆ।

ਹੁਣ ਬੱਚਾ ਚੁੱਪ ਹੋ ਚੁੱਕਿਆ ਸੀ। ਗੁਰੂ ਨੇ ਕੁੜੀ ਨੂੰ ਮੇਰੇ ਕੋਲ ਬਿਠਾਇਆ ਤੇ ਅੱਖਾਂ ਵਿੱਚ ਹੀ ਕੁਝ ਸਮਝਾ ਕੇ ਉਹ ਅੰਦਰ ਕਮਰੇ ਵਿੱਚ ਚਲਿਆ ਗਿਆ। ਮੈਂ ਹੁਣ ਕੁੜੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਿਆ। ਬੁੜ੍ਹੀ ਨੇ ਆਪਣਾ ਅਟੇਰਨ ਚੁੱਕ ਲਿਆ। ਬੁੜ੍ਹੀ ਦੀ ਨੂੰਹ ਅੰਦਰੋਂ ਆਈ ਤੇ ਚਾਹ ਦਾ ਗਿਲਾਸ ਕੁੜੀ ਨੂੰ ਦੇ ਗਈ। ਉਸਨੇ ਖ਼ੁਦ ਸ਼ਾਇਦ ਚਾਹ ਨਹੀਂ ਪੀਤੀ ਹੋਵੇਗੀ। ਗੁਰੂ ਇੱਕ ਵਾਰ ਮੁੰਡੇ ਨੂੰ ਹੱਥਾਂ ਵਿੱਚ ਚੁੱਕੀ ਦਰਵਾਜ਼ੇ ਵਿੱਚ ਆਇਆ ਤੇ ਉਹਨੂੰ ਪਿਆਰ ਕਰਦਾ ਕਰਦਾ ਫੇਰ ਅੰਦਰ ਕਮਰੇ ਵਿੱਚ ਚਲਿਆ ਗਿਆ।

ਮੈਂ ਕੁੜੀ ਨਾਲ ਲਗਾਤਾਰ ਹੀ ਬੇ-ਸਿਰ ਪੈਰੀਆਂ ਜਿਹੀਆਂ ਗੱਲਾਂ ਕਰਦਾ ਜਾ ਰਿਹਾ ਸਾਂ। ਉਹ ਮੇਰੇ ਨਾਲ ਪੂਰਾ ਪਰਚ ਗਈ। ਮੇਰਾ ਕੰਨ ਅੰਦਰ ਕਮਰੇ ਵੱਲ ਸੀ। ਮੁੰਡਾ ਚੁੱਪ ਸੀ। ਗੁਰੂ ਤੇ ਬੁੜ੍ਹੀ ਦੀ ਨੂੰਹ ਦੀ ਵੀ ਕੋਈ ਆਵਾਜ਼ ਨਹੀਂ ਆ ਰਹੀ ਸੀ।

ਥੋੜ੍ਹੀ ਦੇਰ ਬਾਅਦ ਗੁਰੂ ਓਵੇਂ ਜਿਵੇਂ ਹੱਥਾਂ ਵਿੱਚ ਮੁੰਡੇ ਨੂੰ ਚੁੱਕੀ ਸਾਡੇ ਕੋਲ ਦਰਵਾਜ਼ੇ ਵਿੱਚ ਆਇਆ ਤੇ ਮੁੰਡੇ ਨੂੰ ਬੁੜ੍ਹੀ ਦੀ ਗੋਦੀ ਵਿੱਚ ਬਿਠਾ ਕੇ ਮੈਨੂੰ ਇੱਕ ਦਮ ਹੁਕਮ ਜਿਹਾ ਕੀਤਾ-ਚੱਲ ਬਈ। ਖੜ੍ਹਾ ਹੋਜਾ।' ਅਸੀਂ ਟੈਕਸੀ ਵਿੱਚ ਬੈਠੇ ਤਾਂ ਬੁੜ੍ਹੀ ਦੀ ਨੂੰਹ ਮੈਨੂੰ ਦਰਵਾਜ਼ੇ ਵਿੱਚ ਆਈ ਖੜ੍ਹੀ ਦਿਸੀ। ਉਹ ਬੁੜ੍ਹੀ ਤੋਂ ਮੁੰਡਾ ਲੈ ਕੇ ਉਦਾਸ ਜਿਹਾ ਮੁਸਕਰਾ ਰਹੀ ਸੀ। ਮੁੰਡੇ ਨੂੰ ਟੈਕਸੀ ਵੱਲ ਝੁਕਾਅ ਕੇ ਉਸ ਨੇ ਸਾਡੇ ਕੰਨੀਂ ਉਂਗਲ ਦਾ ਇਸ਼ਾਰਾ ਵੀ ਕੀਤਾ।

ਮੁੜ ਕੇ ਅਸੀਂ ਸ਼ਹਿਰ ਦੇ ਬੱਸ ਅੱਡੇ ਉੱਤੇ ਆਏ ਤਾਂ ਉਹਨੇ ਟੈਕਸੀ ਵਾਲੇ ਨੂੰ ਕਿਹਾ ਕਿ ਰੇਲਵੇ ਸਟੇਸ਼ਨ ਤੱਕ ਸਾਨੂੰ ਛੱਡ ਆਵੇ।

ਟੈਕਸੀ ਡਰਾਈਵਰ ਨੂੰ ਉਹਨੇ ਆਪਣੇ ਪਰਸ ਵਿਚੋਂ ਸੱਠ ਰੁਪਏ ਕੱਢ ਕੇ ਦਿੱਤੇ ਤੇ ਉਹਨੂੰ ਤੁਰਦਾ ਕੀਤਾ। ਸ਼ਾਮ ਦੀ ਗੱਡੀ ਆਉਣ ਵਿੱਚ ਇੱਕ ਘੰਟਾ ਬਾਕੀ ਸੀ। ਗੁਰੂ ਨੇ ਏਸੇ ਗੱਡੀ ਵਾਪਸ ਆਪਣੇ ਸ਼ਹਿਰ ਮੁੜਨ ਦਾ ਪ੍ਰੋਗਰਾਮ ਬਣਾ ਲਿਆ।

ਗੱਡੀ ਆਉਣ ਤੱਕ ਮੈਂ ਉਹਦੇ ਨਾਲ ਰਿਹਾ। ਅਸੀਂ ਰੇਲਵੇ ਕੰਟੀਨ ਉੱਤੇ ਚਾਹ ਪੀਤੀ ਤੇ ਪਲੇਟ-ਫਾਰਮ ਦੇ ਸਿਰੇ ਵਾਲੇ ਬੈਂਚ ਉੱਤੇ ਬੈਠ ਕੇ ਏਧਰ-ਓਧਰ ਦੀਆਂ ਗੱਲਾਂ ਕਰਨ ਲੱਗੇ। ਉਹ ਖੁੱਲ੍ਹ-ਖੁੱਲ੍ਹ ਕੇ ਹੱਸ ਰਿਹਾ ਸੀ, ਹੱਸਣ ਵਾਲੀਆਂ ਹੀ ਗੱਲਾਂ ਸੁਣਾ ਰਿਹਾ ਸੀ। ਮੈਂ ਕੋਈ ਗੱਲ ਕਰਦਾ ਤਾਂ ਉਹ ਪੂਰੇ ਧਿਆਨ ਨਾਲ ਸੁਣਦਾ। ਵੀਹ ਕੁ ਮਿੰਟ ਜਦੋਂ ਏਦਾਂ ਲੰਘ ਗਏ ਤਾਂ ਮੈਂ ਉਹਦੇ ਅੱਗੇ ਹੱਥ ਜੋੜ ਦਿੱਤੇ-'ਸ਼ਿਵਾ ਦੀ ਸਮਾਧੀ ਹੁਣ ਤਾਂ ਖੋਲ੍ਹ ਦੇ ਗੁਰੂ, ਉਹ ਕੌਣ ਸੀ? ਪਹਿਲਾਂ ਤਾਂ ਤੂੰ ਕਦੇ ਉਹਨੂੰ ਮਿਲਾਇਆ ਨ੍ਹੀ।'

ਮੇਰੀਆਂ ਅੱਖਾਂ ਵਿੱਚ ਉਹਨੇ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਗੱਡ ਦਿੱਤੀਆਂ ਤੇ ਏਦਾਂ ਹੀ ਅੱਧਾ ਮਿੰਟ ਪਾਗਲਾਂ ਵਾਂਗ ਦੇਖਦਾ ਰਿਹਾ। ਇਹ ਅੱਧਾ ਮਿੰਟ ਜਿਵੇਂ ਮੇਰੇ ਲਈ ਕੋਈ ਤਲਵਾਰ ਦਾ ਫੱਟ ਹੋਵੇ। ਮੈਂ ਕਤਲ ਹੋ ਕੇ ਰਹਿ ਗਿਆ ਤੇ ਫੇਰ ਉਹਦੇ ਬੁੱਲ੍ਹ ਫਰਕੇ-ਦੱਸਾਂ?'

ਮੈਂ ਸਿਰ ਝੁਕਾਇਆ।

'ਇਹ ਸਿਮ੍ਰਿਤੀ ਸੀ।' ਕਹਿ ਕੇ ਉਹਨੇ ਆਪਣਾ ਮੂੰਹ ਪਰ੍ਹਾਂ ਕਰ ਲਿਆ ਤੇ ਚੁੱਪ ਹੋ ਗਿਆ। ਉਹ ਕੁਝ ਵੀ ਨਹੀਂ ਬੋਲ ਰਿਹਾ ਸੀ। ਲੱਗਿਆ, ਜਿਵੇਂ ਉਹ ਮੇਰੇ ਕੋਲ ਬੈਠਾ ਹੀ ਨਾ ਹੋਵੇ। ਹੁਣ ਮੈਨੂੰ ਉਹਦੀ ਇਹ ਚੁੱਪ ਮਾਰ ਰਹੀ ਸੀ।

ਸਿਮ੍ਰਿਤੀ ਬਾਰੇ ਮੈਂ ਕਾਫ਼ੀ ਸਾਰਾ ਜਾਣਦਾ ਸੀ ਪਰ ਮੈਂ ਉਹਨੂੰ ਕਦੇ ਦੇਖਿਆ ਨਹੀਂ ਸੀ।

ਜਦੋਂ ਮੈਂ ਗੁਰੂ ਦੇ ਸ਼ਹਿਰ ਐਮ. ਏ. ਦਾ ਇਮਤਿਹਾਨ ਦੇਣ ਗਿਆ ਤਾਂ ਸਬੱਬ ਨਾਲ ਹੀ ਮੈਨੂੰ ਉਹਦੇ ਨਾਲ ਲੱਗਦਾ ਇੱਕ ਚੁਬਾਰਾ ਕਿਰਾਏ ਉੱਤੇ ਮਿਲ ਗਿਆ ਸੀ। ਦੂਜੇ ਚੁਬਾਰੇ ਵਿੱਚ ਉਹ ਆਪਣੇ ਬਾਲ-ਬੱਚੇ ਸਮੇਤ ਖ਼ੁਦ ਰਹਿੰਦਾ ਸੀ। ਉਹਦੇ ਕੋਲ ਵੀ ਇਹ ਚੁਬਾਰਾ ਕਿਰਾਏ ਉੱਤੇ ਸੀ। ਦੋਵਾਂ ਚੁਬਾਰਿਆਂ ਲਈ ਪੌੜੀਆਂ ਹੀ ਸਾਂਝੀਆਂ ਸਨ। ਨਹੀਂ ਤਾਂ ਸਭ ਕੁਝ ਵੱਖਰਾ ਵੱਖਰਾ ਸੀ। ਰਸੋਈ, ਗੁਸਲਖਾਨਾ ਤੇ ਲੈਟਰਿਨ। ਦੋਵੇਂ ਚੁਬਾਰਿਆਂ ਦੇ ਵਿਹੜੇ ਵਿਚਕਾਰਲੀ ਕੰਧ ਆਦਮੀ ਤੋਂ ਉੱਚੀ ਸੀ।

ਗੁਰੂ ਦੀ ਵਹੁਟੀ ਕੋਲ ਇੱਕ ਕੁੜੀ ਸੀ। ਇੱਕ ਕੁੜੀ ਉਸ ਤੋਂ ਵੱਡੀ ਹੋਰ ਵੀ ਸੀ ਜਿਹੜੀ ਨਾਨੀ ਕੋਲ ਰਹਿੰਦੀ ਸੀ। ਗੁਰੂ ਦੇ ਹੱਸਣ ਖੇਡਣ ਵਾਲੇ ਸੁਭਾਉ ਨੇ ਮੈਨੂੰ ਉਹਦੇ ਬਹੁਤ ਨੇੜੇ ਕਰ ਦਿੱਤਾ। ਸਵੇਰੇ ਸਵੇਰੇ ਜਦੋਂ ਮੈਂ ਰਾਤ ਦੀ ਪੜ੍ਹਾਈ ਦਾ ਭੰਨਿਆ ਨਹਾ ਧੋ ਕੇ ਚਾਹ ਪੀ ਰਿਹਾ ਹੁੰਦਾ ਤਾਂ ਉਹ ਮੇਰੇ ਕੋਲ ਆ ਬੈਠਦਾ। ਚਾਹ ਨਾ ਪੀਂਦਾ, ਬੱਸ ਗੱਲਾਂ ਹੀ ਸੁਣਾਉਂਦਾ। ਭੰਨਿਆ ਉਹ ਵੀ ਹੁੰਦਾ ਪਰ ਸ਼ਰਾਬ ਦਾ। ਮੈਨੂੰ ਉਹ ਕੁੜੀਆਂ ਦੀਆਂ ਗੱਲਾਂ ਹੀ ਸੁਣਾਉਂਦਾ ਪਰ ਉਹਨੂੰ ਮੇਰੀ ਪੜ੍ਹਾਈ ਦਾ ਖ਼ਿਆਲ ਵੀ ਰਹਿੰਦਾ। ਮੇਰੇ ਕੋਲ ਉਹ ਅੱਧੇ ਘੰਟੇ ਤੋਂ ਵੱਧ ਨਾ ਬੈਠਦਾ। ਰਾਤ ਨੂੰ ਨੌਂ ਦਸ ਵਜੇ ਮੁੜਦਾ ਤਾਂ ਮੇਰੇ ਕੋਲ ਆਉਂਦਾ ਹੀ ਨਾ। ਮੈਨੂੰ ਤਾਂ ਦੂਜੇ ਚੁਬਾਰੇ ਵਿਚੋਂ ਉਹਦੇ ਬੋਲਣ ਤੋਂ ਪਤਾ ਲੱਗਦਾ ਕਿ ਉਹ ਆ ਗਿਆ ਹੈ। ਉਹਨੂੰ ਰੋਟੀ ਖਵਾਣ ਦੇ ਆਹਰ ਵਿੱਚ ਘਰ ਦੇ ਭਾਂਡੇ ਖੜਕਦੇ।

ਇਮਤਿਹਾਨ ਦੀ ਤਿਆਰੀ ਲਈ ਇੱਕ ਮਹੀਨਾ ਪਹਿਲਾਂ ਹੀ ਮੈਂ ਓਥੇ ਜਾ ਠਹਿਰਿਆ ਸਾਂ। ਮੇਰਾ ਸੈਂਟਰ ਗੁਰੂ ਦੀ ਵਰਕਸ਼ਾਪ ਦੇ ਨੇੜੇ ਹੀ ਸੀ। ਓਥੇ ਉਹ ਕਾਰਾਂ ਦੀ ਮੁਰੰਮਤ ਦਾ ਹੈੱਡ ਮਿਸਤਰੀ ਸੀ। ਜਿਨ੍ਹਾਂ ਦਿਨਾਂ ਵਿੱਚ ਮੇਰੇ ਪਰਚੇ ਸਨ, ਪਰਚਾ ਦੇਣ ਤੋਂ ਬਾਅਦ ਮੈਂ ਗੁਰੂ ਕੋਲ ਵਰਕਸ਼ਾਪ ਵਿੱਚ ਜਾ ਬੈਠਦਾ। ਇੱਕ ਘੰਟਾ ਅੱਧਾ ਘੰਟਾ ਬੈਠ ਕੇ ਓਥੇ ਮਕੈਨਿਕਾਂ ਦੀਆਂ ਗੱਲਾਂ ਸੁਣਦਾ ਤੇ ਆਪਣੇ ਆਪ ਨੂੰ ਹੌਲਾ ਕਰ ਲੈਂਦਾ। ਗੁਰੂ ਦਾ ਅਸਲੀ ਨਾਉਂ ਤਾਂ ਰਾਜ ਕੁਮਾਰ ਸੀ ਪਰ ਉਹਨੂੰ ਵਰਕਸ਼ਾਪ ਦੇ ਸਾਰੇ ਲੋਕ ਗੁਰੂ ਕਹਿੰਦੇ ਸਨ, ਵਰਕਸ਼ਾਪ ਦਾ ਮਾਲਕ ਵੀ। ਸ਼ਹਿਰ ਦੀ ਇਹ ਇੱਕ ਵੱਡੀ ਵਰਕਸ਼ਾਪ ਸੀ। ਵੱਡੇ-ਵੱਡੇ ਲੋਕਾਂ ਦੀਆਂ ਕਾਰਾਂ ਆਉਂਦੀਆਂ। ਮਕੈਨਿਕ ਮੁੰਡੇ ਬਹੁਤਾ ਕਰਕੇ ਔਰਤਾਂ ਦੀਆਂ ਗੱਲਾਂ ਕਰਦੇ। ਅਜੀਬ ਕਿਸਮ ਦੀਆਂ ਗੱਲਾਂ,ਮੈਂ ਸੁਣਦਾ ਤੇ ਹੈਰਾਨ ਹੁੰਦਾ। ਪੈਸੇ ਦੀ ਖ਼ਾਤਰ ਚੰਗੇ ਚੰਗੇ ਖਾਨਦਾਨਾਂ ਦੀਆਂ ਕੁੜੀਆਂ ਕਿੰਨਾ ਗਿਰ ਜਾਂਦੀਆਂ ਹਨ, ਫੈਸ਼ਨ ਪੂਰਾ ਕਰਨ ਲਈ ਹੀ ਜਾਂ ਗ਼ਰੀਬ ਘਰਾਂ ਦੀਆਂ ਕੁੜੀਆਂ ਨੂੰ ਪੈਸੇ ਲਈ ਕਿੱਥੇ ਤੱਕ ਥੱਲੇ ਉੱਤਰ ਜਾਣਾ ਪੈਂਦਾ ਹੈ।

ਗੁਰੂ ਮਕੈਨਿਕ ਮੁੰਡਿਆਂ ਦਾ ਹਰ ਗੱਲ ਵਿੱਚ ਗੁਰੂ ਸੀ। ਹਰ ਕੋਈ ਆ ਕੇ ਆਪਣਾ ਕਿੱਸਾ ਸੁਣਾਉਂਦਾ ਤੇ ਉਹਦੇ ਕੋਲੋਂ ਸਲਾਹਾਂ ਲੈਂਦਾ। ਗੁਰੂ ਉਨ੍ਹਾਂ ਮੁੰਡਿਆਂ ਦੇ ਘਰਾਂ ਤੱਕ ਵੀ ਪਹੁੰਚਿਆ ਹੋਇਆ ਸੀ। ਉਨ੍ਹਾਂ ਦੀਆਂ ਆਰਥਿਕ ਔਕੜਾਂ ਨੂੰ ਵੀ ਜਾਣਦਾ। ਉਹਨੂੰ ਪਤਾ ਸੀ, ਕਿਸ ਦੇ ਘਰ ਵਿੱਚ ਕੀ ਲੋੜ ਹੈ ਤੇ ਉਹ ਕਿਵੇਂ ਪੂਰੀ ਹੋਵੇਗੀ। ਮੁੰਡੇ ਨੂੰ ਗਾਲ੍ਹਾਂ ਦੇਣ ਲੱਗਦਾ-'ਸਾਲ਼ਿਆ, ਇੱਕ ਰਾਤ ਦੇ ਪੰਜਾਹ ਪੰਜਾਹ ਚੱਬ ਦਿੰਨੈ, ਲਾਲੇ ਤੋਂ ਸੌ ਰੁਪਈਆ ਐਡਵਾਂਸ ਲੈ ਅੱਜ ਈ ਤੇ ਬੁੜ੍ਹੀ ਨੂੰ ਦੇ ਕੇ ਆ।'

ਐਮ. ਏ. ਦੇ ਚਾਰ ਪਰਚੇ ਸਨ। ਚਾਰਾਂ ਪਰਚਿਆਂ ਵਿਚਕਾਰ ਤਿੰਨ ਤਿੰਨ, ਚਾਰ ਚਾਰ ਦਿਨਾਂ ਦੀਆਂ ਛੁੱਟੀਆਂ ਸਨ। ਸੋ ਮੈਂ ਲਗਭਗ ਡੇਢ ਮਹੀਨਾ ਉਸ ਚੁਬਾਰੇ ਵਿੱਚ ਠਹਿਰਿਆ ਸਾਂ।

ਗੁਰੂ ਦੀ ਵਰਕਸ਼ਾਪ ਦੇ ਸਾਹਮਣੇ ਵਾਲਾ ਮਕਾਨ ਇੱਕ ਰਿਟਾਇਰਡ ਖ਼ਜ਼ਾਨਚੀ ਦਾ ਸੀ। ਸਿਮ੍ਰਿਤੀ ਏਸੇ ਖ਼ਜ਼ਾਨਚੀ ਦੀ ਕੁੜੀ ਸੀ।

ਜਿਸ ਦਿਨ ਮੇਰਾ ਚੌਥਾ ਪਰਚਾ ਸੀ, ਗੁਰੂ ਬੋਤਲ ਲੈ ਕੇ ਮੇਰੇ ਚੁਬਾਰੇ ਵਿੱਚ ਆਇਆ ਤੇ ਅਸੀਂ ਇਕੱਠੇ ਬੈਠਕੇ ਸ਼ਰਾਬ ਪੀਤੀ। ਉਸ ਦਿਨ ਉਹਨੇ ਸਿਮ੍ਰਿਤੀ ਦੀ ਕਥਾ ਮੈਨੂੰ ਸੁਣਾਈ ਸੀ।

ਸਿਮ੍ਰਿਤੀ ਤੇ ਉਹ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਗੁਰੂ ਦਾ ਜੱਦੀ ਘਰ ਵੀ ਸਿਮ੍ਰਿਤੀ ਦੇ ਗਵਾਂਢ ਵਿੱਚ ਸੀ। ਦੋਵਾਂ ਵਿੱਚ ਪਿਆਰ ਦੀ ਗੰਢ ਬਹੁਤ ਕਸੀ ਜਾ ਚੁੱਕੀ ਸੀ। ਕਾਲਜ ਵਿੱਚ ਤਾਂ ਉਹ ਘੱਟ ਮਿਲਦੇ ਪਰ ਰਾਤ ਨੂੰ ਗੁਰੂ ਸਿਮ੍ਰਿਤੀ ਕੋਲ ਹਮੇਸ਼ਾਂ ਜਾਂਦਾ। ਉਹ ਅੱਡ ਹੀ ਇੱਕ ਕਮਰੇ ਵਿੱਚ ਇਕੱਲੀ ਪੜ੍ਹਦੀ ਤੇ ਓਥੇ ਹੀ ਸੌਂ ਜਾਂਦੀ। ਅੱਧੀ ਰਾਤ ਗੁਰੂ ਕਮਰੇ ਵਿੱਚ ਜਾਂਦਾ ਤੇ ਉਹ ਪੰਜ ਵਜੇ ਤੱਕ ਜਾਗਦੇ ਰਹਿੰਦੇ ਤੇ ਫੇਰ ਘਰਦਿਆਂ ਦੇ ਉੱਠਣ ਤੋਂ ਪਹਿਲਾਂ ਉਹ ਮਲਕੜੇ ਜਿਹੇ ਕਮਰੇ ਤੋਂ ਬਾਹਰ ਹੋ ਜਾਂਦਾ।

ਇੱਕ ਵਾਰ ਦੀ ਉਹਨੇ ਗੱਲ ਸੁਣਾਈ। ਕਮਰੇ ਦਾ ਖੜਕਾ ਸੁਣਕੇ ਖ਼ਜ਼ਾਨਚੀ ਜਾਗ ਉੱਠਿਆ। ਕਮਰੇ ਦਾ ਬਾਰ ਖੁਲ੍ਹਵਾਇਆ ਤਾਂ ਗੁਰੂ ਅੰਦਰ ਸੀ। ਖ਼ਜ਼ਾਨਚੀ ਨੇ ਪਛਾਣ ਲਿਆ ਪਰ ਬੋਲਿਆ ਕੁਝ ਨਾ। ਸੁੰਨ ਦਾ ਸੁੰਨ ਬਣਿਆ ਖੜ੍ਹਾ ਰਿਹਾ। ਗੁਰੂ ਨੇ ਧੀਰਜ ਨਾਲ ਕਮਰੇ ਦਾ ਗਲੀ ਵਾਲਾ ਬਾਰ ਖੋਲ੍ਹਿਆ ਤੇ ਬਾਹਰ ਹੋ ਗਿਆ। ਖ਼ਜ਼ਾਨਚੀ ਨੇ ਗਲੀ ਵਿੱਚ ਆ ਕੇ ਰੌਲਾ ਪਾ ਦਿੱਤਾ-ਚੋਰ ... ਚੋਰ ....ਸਾਰਾ ਮੁਹੱਲਾ ਇਕੱਠਾ ਹੋ ਗਿਆ। ਕਿਸੇ ਕੋਲ ਹਾਕੀ, ਕਿਸੇ ਕੋਲ ਬੰਦੂਕ, ਬਹੁਤੇ ਖ਼ਾਲੀ ਹੱਥ ਹੀ ਕੰਬਲਾਂ ਦੀਆਂ ਬੁੱਕਲਾਂ ਮਾਰੀ ਖ਼ਜ਼ਾਨਚੀ ਦੇ ਦਰਵਾਜ਼ੇ ਅੱਗੇ ਆ ਖੜ੍ਹੇ ਤੇ ਉਹਦੇ ਕੋਲੋਂ ਚੋਰ ਬਾਰੇ ਪੁੱਛਣ ਲੱਗੇ। ਲੋਕ ਜੋਸ਼ ਵਿੱਚ ਸਨ, 'ਦੱਸ ਕਿੱਧਰ ਨੂੰ ਗਿਐ ਚੋਰ? ਕਿੱਥੋਂ ਦੀ ਆਇਆ? ਕੁਛ ਲੈ ਤਾਂ ਨ੍ਹੀ ਗਿਆ? 'ਬੋਲਣ ਵਾਲਿਆਂ ਵਿੱਚ ਗੁਰੂ ਵੀ ਗੰਡਾਸਾ ਲਈ ਖੜ੍ਹਾ ਸੀ। ਖ਼ਜ਼ਾਨਚੀ ਇੰਜ ਸਾਰੀ ਕਹਾਣੀ ਬਿਆਨ ਕਰ ਰਿਹਾ ਸੀ ਜਿਵੇਂ ਹੁਣੇ ਚੋਰ ਗਿਆ ਹੋਵੇ। ਦਰਵਾਜ਼ੇ ਅੱਗੇ ਖਲੋਤੇ ਲੋਕਾਂ ਦੇ ਮਨਾਂ ਉੱਤੇ ਚੋਰ ਦਾ ਪ੍ਰਛਾਵਾਂ ਪ੍ਰਤੱਖ ਦਿਸ ਰਿਹਾ ਸੀ। ਗੁਰੂ ਜਾਣਦਾ ਸੀ, ਬੁੜ੍ਹਾ ਕਿਸੇ ਨਾਟਕ ਪਾਰਟੀ ਵਿੱਚ ਕੰਮ ਕਰਦਾ ਰਿਹਾ ਹੋਵੇਗਾ ਪਰ ਗੁਰੂ ਵੱਲ ਉਂਗਲ ਕਰਨ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ।

ਤੇ ਫੇਰ ਦੋ ਮਹੀਨਿਆਂ ਦੇ ਅੰਦਰ ਅੰਦਰ ਖ਼ਜ਼ਾਨਚੀ ਨੇ ਇੱਕ ਮੁੰਡਾ ਲੱਭਿਆ ਤੇ ਸਿਮ੍ਰਿਤੀ ਨੂੰ ਕਾਲਜੋਂ ਹਟਾ ਕੇ ਵਿਆਹ ਦਿੱਤਾ। ਉਹ ਵਿਆਹੀ ਗਈ ਤਾਂ ਗੁਰੂ ਵੀ ਕਾਲਜੋਂ ਹਟ ਗਿਆ। ਅਵਾਰਾ ਫਿਰਨ ਲੱਗਿਆ।

ਸਿਮ੍ਰਿਤੀ ਦੇ ਵਿਆਹ ਤੋਂ ਪਹਿਲਾਂ ਗੁਰੂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਹੀ ਉਸ ਦਾ ਵਿਆਹ ਹੋ ਜਾਵੇ ਪਰ ਗੱਲ ਤੁਰ ਹੀ ਨਹੀਂ ਸਕੀ ਸੀ। ਸਿਮ੍ਰਿਤੀ ਦੇ ਬਾਪ ਨੇ ਤਾਂ ਮੰਨਣਾ ਕੀ ਸੀ, ਗੁਰੂ ਦਾ ਬਾਪ ਵੀ ਡੰਡਾ ਲੈ ਕੇ ਦੌੜਿਆ ਸੀ। ਅਸਲ ਰੁਕਾਵਟ ਜ਼ਾਤ ਬਰਾਦਰੀ ਦਾ ਫ਼ਰਕ ਸੀ। ਸਿਮ੍ਰਿਤੀ ਬਾਪ ਦੀ ਮਰਜ਼ੀ ਦੇ ਉਲਟ ਨਹੀਂ ਜਾ ਸਕਦੀ ਸੀ।

ਉਸ ਆਖ਼ਰੀ ਦਿਨ ਜਦੋਂ ਅਸੀਂ ਚੁਬਾਰੇ ਵਿੱਚ ਬੈਠੇ ਪੀ ਰਹੇ ਸਾਂ ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਸਿਮ੍ਰਿਤੀ ਨਾਲ ਪਵਿੱਤਰ ਰਿਹਾ ਸੀ। ਉਹਦੇ ਲਈ ਉਹ ਸਦਾ ਹੀ ਦੇਵੀ ਬਣੀ ਰਹੀ। ਉਹਨੇ ਤਾਂ ਬੱਸ ਉਹਦੀ ਪੂਜਾ ਹੀ ਕੀਤੀ।

ਮੈਂ ਤਿੜਕ ਕੇ ਕਿਹਾ-'ਆਂ, ਦੇਵੀ ਤੂੰ ਉਹਨੂੰ ਕਿਹੜਾ ਸਮਝਿਆ ਹੋਣੈ? ਕੁੜੀਆਂ ਨਾਲ ਤੇਰੇ ਸੰਬੰਧ ਰਹੇ, ਉਹਦੇ ਨਾਲ ਫੇਰ ਏਸ ਤਰ੍ਹਾਂ ਕਿਉਂ?'

'ਨਾ, ਸਿਮ੍ਰਿਤੀ ਪਹਿਲੀ ਕੁੜੀ ਸੀ ਜਿਸ ਨੂੰ ਮੈਂ ਪਾਕ ਮੁਹੱਬਤ ਕੀਤੀ। ਵਿਆਹ ਪਿੱਛੋਂ ਮਨ ਭੜਕ ਉੱਠਿਆ। ਸੋਚਿਆ, ਜਿਸਨੂੰ ਚਾਹਿਆ, ਉਹ ਮਿਲੀ ਨਾ, ਹੁਣ ਕੀ ਐ। ਤੇ ਫਿਰ ਮੇਰੇ ਵਾਸਤੇ ਹੋਰ ਕੋਈ ਵੀ ਕੁੜੀ ਪਵਿੱਤਰ ਨਾ ਰਹੀ।' ਤੇ ਫੇਰ ਉਹਨੇ ਦੱਸਿਆ ਕਿ ਉਸਦੇ ਵਿਆਹ ਪਿੱਛੋਂ ਵੀ ਉਹ ਉਹਨੂੰ ਮਿਲਦਾ ਰਿਹਾ। ਜਦੋਂ ਵੀ ਉਹ ਉਸ ਸ਼ਹਿਰ ਬਾਪ ਦੇ ਘਰ ਆਈ ਹੁੰਦੀ, ਉਹ ਮਿਲਦੇ। ਸਿਮ੍ਰਿਤੀ ਦੇ ਸਹੁਰੇ ਪਿੰਡ ਵੀ ਉਹ ਦੋ ਵਾਰੀ ਜਾ ਕੇ ਆਇਆ ਸੀ। ਉਹ ਮਿਲਦੇ ਤਾਂ ਗੱਲਾਂ ਹੀ ਕਰਦੇ। ਗੁਰੂ ਨੇ ਕਦੇ ਉਹਦਾ ਹੱਥ ਫੜ ਕੇ ਵੀ ਨਹੀਂ ਦੇਖਿਆ। ਗੱਲਾਂ ਕਰਨ ਨਾਲ ਹੀ ਇੱਕ ਰੱਜ ਜਿਹਾ ਆ ਜਾਂਦਾ। ਉਸ ਦਿਨ ਗੁਰੂ ਨੇ ਮੈਨੂੰ ਸਿਮ੍ਰਿਤੀ ਦੇ ਪਿੰਡ ਦਾ ਨਾਉਂ ਨਹੀਂ ਦੱਸਿਆ ਸੀ। ਮੈਂ ਵੀ ਉਚੇਚ ਨਾਲ ਨਹੀਂ ਪੁੱਛਿਆ ਹੋਵੇਗਾ। ਉਹ ਤਾਂ ਆਪ-ਮੁਹਾਰਾ ਹੀ ਬੋਲਦਾ ਜਾ ਰਿਹਾ ਸੀ ਤੇ ਮੈਂ ਸੁਣਦਾ ਰਿਹਾ। ਇੱਕ ਆਮ ਕਿੱਸੇ ਵਾਂਗ ਹੀ, ਜਿਸ ਤਰ੍ਹਾਂ ਦੇ ਕਿੱਸੇ ਉਹ ਹੋਰ ਕੁੜੀਆਂ ਦੇ ਸੁਣਾਇਆ ਕਰਦਾ ਤੇ ਮੈਂ ਸਿਰ ਸੁੱਟ ਕੇ ਸੁਣ ਲੈਂਦਾ। ਉਹਨੇ ਦੱਸਿਆ ਕਿ ਉਹ ਫੇਰ ਜਦੋਂ ਵੀ ਸਿਮ੍ਰਿਤੀ ਨੂੰ ਮਿਲਦਾ ਤਾਂ ਇੱਕ ਅਜੀਬ ਜਿਹਾ ਪਵਿੱਤਰਤਾ ਦਾ ਜਾਦੂ ਅਸਰ ਉਹਦੇ ਉੱਤੇ ਹੋਣ ਲਗਦਾ ਤੇ ਉਹ ਉਹਦੇ ਨਾਲ ਊਟ-ਪਟਾਂਗ ਜਿਹੀਆਂ ਗੱਲਾਂ ਹੀ ਕਰਦਾ। ਗੱਲਾਂ ਜਿਹੜੀਆਂ ਬਾਅਦ ਵਿੱਚ ਉਹਨੂੰ ਯਾਦ ਤੱਕ ਵੀ ਨਹੀਂ ਰਹਿ ਜਾਂਦੀਆਂ ਸਨ। ਤੇ ਜਿਨ੍ਹਾਂ ਗੱਲਾਂ ਦਾ ਉਸਨੂੰ ਖੁਰਾ ਵੀ ਨਹੀਂ ਲੱਭਦਾ ਸੀ। ਕਿੱਥੋਂ ਸ਼ੁਰੂ ਹੋਈਆਂ ਜਿੱਥੇ ਮੁੱਕ ਗਈਆਂ। ਫੇਰ ਵੀ ਸਿਮ੍ਰਿਤੀ ਨੂੰ ਦੁਬਾਰਾ ਮਿਲਣ ਦੀ ਇੱਕ ਤਲਬ ਜਿਹੀ ਹਮੇਸ਼ਾ ਹੀ ਲੱਗੀ ਰਹਿੰਦੀ।

ਉਸ ਦਿਨ ਸ਼ਾਮ ਦੀ ਗੱਡੀ ਜਦ ਉਹ ਮੇਰੇ ਸ਼ਹਿਰੋਂ ਮੇਰੇ ਕੋਲੋਂ ਜਾ ਰਿਹਾ ਸੀ ਤੇ ਬਿਲਕੁਲ ਖ਼ਾਮੋਸ਼ ਬੈਠਾ ਹੋਇਆ ਸੀ। ਮੈਂ ਉਹਨੂੰ ਹੌਲੀ ਦੇ ਕੇ ਪੁੱਛਿਆ, 'ਤੂੰ ਹੁਣ ਐਨੇ ਵਰ੍ਹਿਆਂ ਮਗਰੋਂ ਸਿਮ੍ਰਿਤੀ ਕੋਲ ਕੀ ਲੈਣ ਆਇਆ ਸੀ?'

'ਬੱਸ, ਉਹਨੂੰ ਦੇਖਣ।' ਅਗਾਂਹ ਜਿਵੇਂ ਉਹਦੇ ਬੁੱਲ੍ਹ ਹੀ ਸੀਉਂਤੇ ਗਏ ਹੋਣ। ਉਹ ਭੁੱਬਾਂ ਮਾਰ ਮਾਰ ਕੇ ਰੋਣ ਲੱਗਿਆ। ਬੱਚਿਆਂ ਵਾਂਗ ਉਹਦੀ ਹਿਚਕੀ ਬੱਝ ਗਈ। ਮੈਂ ਉਹਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਉਹਦੇ ਸਿਰ ਦੇ ਵਾਲ਼ਾਂ ਨੂੰ ਸਹਿਲਾਉਣ ਲੱਗਿਆ।

ਗੱਡੀ ਆਉਣ ਦਾ ਵਕਤ ਹੋ ਗਿਆ। ਅਸੀਂ ਉਸ ਬੈਂਚ ਤੋਂ ਉੱਠੇ ਤੇ ਟਿਕਟ ਲੈ ਆਏ। ਤੇ ਫੇਰ ਓਸੇ ਬੈਂਚ ਉੱਤੇ ਆ ਕੇ ਬੈਠ ਗਏ। ਹੁਣ ਸਾਡੇ ਵਿਚਕਾਰ ਕੋਈ ਵੀ ਗੱਲ ਨਹੀਂ ਹੋ ਰਹੀ ਸੀ। ਇੱਕ ਬੋਝਲ ਚੁੱਪ। ਮੈਂ ਉਹਨੂੰ ਸਮਝਾਉਣਾ ਚਾਹੁੰਦਾ ਸਾਂ ਕਿ ਉਹ ਸਿਮ੍ਰਿਤੀ ਦਾ ਖ਼ਿਆਲ ਹਣ ਛੱਡ ਦੇਵੇ। ਇਹ ਜ਼ਿੰਦਗੀ ਹੈ। ਜ਼ਿੰਦਗੀ ਵਿੱਚ ਪਰਛਾਵਿਆਂ ਦੀ ਪਕੜ ਕੌਣ ਕਰ ਸਕਿਆ ਹੈ। ਸੁਪਨਿਆਂ ਦਾ ਵਜੂਦ ਕੋਈ ਨਹੀਂ ਹੁੰਦਾ। ਤੇ ਫੇਰ ਉਹਨੇ ਖ਼ੁਦ ਹੀ ਚੁੱਪ ਤੋੜੀ-'ਇੱਕ ਲਗਾਓ ਐ, ਯਾਰ। ਇਹ ਟੁੱਟਦਾ ਨਹੀਂ। ਮੈਂ ਇਹਦੇ ਨਾਲ ਹੁਣ ਵੀ ਵਿਆਹ ਕਰਵੌਣ ਨੂੰ ਤਿਆਰ ਆਂ। ਮੈਂ ਸਾਰੀ ਦੁਨੀਆਂ ਛੱਡ ਦਿਆਂ ਜੇ ਮੈਨੂੰ ਸਿਮ੍ਰਿਤੀ ਮਿਲ ਜਾਵੇ।'

ਪਲੇਟਫਾਰਮ ਉੱਤੇ ਸਵਾਰੀਆਂ ਦੀ ਭੀੜ ਸੰਘਣੀ ਹੋਣ ਲੱਗੀ। ਗੱਡੀ ਆਉਣ ਦੇ ਸਮੇਂ ਨੂੰ ਪਲ਼-ਪਲ਼ ਕਰਕੇ ਉਡੀਕਿਆ ਜਾ ਰਿਹਾ ਸੀ। ਗੁਰੂ ਨੇ ਮੇਰੇ ਮੋਢੇ ਉੱਤੇ ਜ਼ੋਰ ਦਾ ਧੱਫਾ ਜਮਾਇਆ ਤੇ ਆਪਣਾ ਮਖਸੂਸ ਠਹਾਕਾ ਮਾਰ ਕੇ ਬਹੁਤ ਉੱਚਾ ਹੱਸਣ ਲੱਗਿਆ, ਸਿਗਰਟ ਸੁਲਗਾ ਲਈ। ਸਿਰ ਦੇ ਵਾਲ਼ਾਂ ਨੂੰ ਪਿਛਾਂਹ ਵੱਲ ਛੱਡਿਆ। ਪੁੱਛਣ ਲੱਗਿਆ-'ਤੂੰ ਸੁਣਾ ਯਾਰ, ਤੇਰਾ ਕੀ ਹਾਲ ਐ?'

ਮੈਂ ਕੀ ਦੱਸਦਾ। ਮੈਂ ਤਾਂ ਹੁਣ ਤੱਕ ਉਸਦੇ ਇਸ ਨਾਟਕੀ ਜਿਹੇ ਮਾਹੌਲ ਵਿੱਚ ਬੌਂਦਲਿਆ ਹੋਇਆ ਸਾਂ। ਗੱਡੀ ਆਈ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਤੁਰੀ ਜਾ ਰਹੀ ਗੱਡੀ ਵਿਚੋਂ ਉਹਦਾ ਹੱਥ ਦੂਰ ਤੱਕ ਉਤਾਂਹ ਉਠਿਆ ਰਿਹਾ। ਮੇਰੇ ਜ਼ਿਹਨ ਵਿੱਚ ਉਹਦਾ ਠਹਾਕਾ ਤੇ ਉਹਦੀਆਂ ਅੱਖਾਂ ਵਿਚਲੀ ਉਦਾਸ ਤਰਲ ਰੇਖਾ ਕਈ ਦਿਨਾਂ ਤੱਕ ਅਟਕੀ ਰਹੀ।♦