ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਭ ਤੋਂ ਵੱਡੀ ਛਾਲ

ਵਿਕੀਸਰੋਤ ਤੋਂ
Jump to navigation Jump to search

ਸਭ ਤੋਂ ਵੱਡੀ ਛਾਲ

'ਸੰਦ ਤੇਰੇ?'

'ਸੰਦ, ਬੱਸ ਆਹ ਇੱਕ........। ਇਹੀ ਸਭ ਕੁਛ ਐ।'

ਉਹਨੇ ਇੱਕ ਭਾਰੀ ਸੱਬਲ ਮੋਢਿਓਂ ਲਾਹੀ ਤੇ ਉਹਨੂੰ ਕੰਧ ਨਾਲ ਖੜ੍ਹੀ ਕਰ ਦਿੱਤਾ। ਨਲਕੇ ਕੋਲ ਪਈ ਪੀੜ੍ਹੀ ਆਪਣੇ ਵੱਲ ਖਿਸਕਾ ਕੇ ਉੱਠ ਬੈਠ ਗਿਆ। ਪੁੱਛਣ ਲੱਗਿਆ-'ਨਿੱਕੀ ਜਿਹੀ ਬਾਲਟੀ ਹੈਗੀ ਕੋਈ? ਇੱਕ ਰੱਸਾ ਚਾਹੀਦਾ ਹੈ।'

'ਬਾਲਟੀ ਹੈਗੀ। ਰੱਸਾ ਕਿੱਡਾ ਕੁ?' ਮੈਂ ਪੁੱਛਿਆ।

'ਬੋਰ ਪਾਣੀ ਤੱਕ ਲੈਕੇ ਜਾਣੈ ਕਿ ਪੰਦਰਾਂ-ਵੀਹ ਫੁੱਟ ਕਰਕੇ ਛੱਡ ਦੇਣੈ?'

'ਵੀਹ ਫੁੱਟ ਬਹੁਤ ਐ। ਊਂ ਪਾਣੀ ਐਥੇ ਪੱਚੀ-ਵੀਹ ਫੁੱਟ 'ਤੇ ਜਾ ਕੇ ਨਿੱਕਲ ਔਂਦੈ।'

'ਤਾਂ ਫੇਰ ਰੱਸਾ ਪੱਚੀ-ਛੱਬੀ ਫੁੱਟ ਮੰਗਾ ਲੈ। ਇੱਕ ਮਜ਼ਦੂਰ ਚਾਹੀਦੈ।'

'ਮਜ਼ਦੂਰ ਤਾਂ ਜ਼ਰੂਰ ਚਾਹੀਦੈ। ਜਾਂ ਫੇਰ ਆਪ ਕਰ ਲੀਂ ਕੰਮ?'

'ਕੰਮ ਕਿਹੜਾ ਐ?'

'ਉਤੋਂ ਮਿੱਟੀ ਆਲੀ ਬਾਲਟੀ ਖਿੱਚਣੀ ਐ ਬੱਸ?'

'ਉਹ ਤਾਂ ਮੈਂ ਕਰੀਂ ਜਾਊਂ।'

'ਨਹੀਂ ਮਾਸਟਰ ਤੈਥੋਂ ਨ੍ਹੀ ਹੋਣਾ ਇਹ ਕੰਮ।'

'ਕਿਉਂ?'

'ਮੈਨੂੰ ਤੇਰਾ ਸਰੀਰ ਦੱਸੀ ਜਾਂਦੈ। ਅੱਜ ਦੀ ਸਾਰੀ ਦਿਹਾੜੀ ਲੱਗ ਜਾਣੀ ਐ। ਸ਼ੈਦ ਅੱਧਾ ਦਿਨ ਕੱਲ੍ਹ ਦਾ ਵੀ ਲੱਗੇ। ਮਿੱਟੀ ਦੀਆਂ ਬਾਲਟੀਆਂ ਖਿੱਚ-ਖਿੱਚ ਮੋਢੇ ਰਹਿ ਜਾਣਗੇ। ਫੇਰ ਨਾ ਆਖੀ ਮੈਨੂੰ।'

'ਹੱਛਿਆ।'

'ਹਾਂ ਤੇਰੇ ਕਰਨ ਦਾ ਕੰਮ ਨ੍ਹੀ ਏਹੇ। ਗੋਡਿਆਂ 'ਤੇ ਹੱਥ ਧਰ ਕੇ ਤਾਂ ਖੜ੍ਹਾ ਹੁੰਨੈ ਤੂੰ।'

'ਚੰਗਾ, ਮਜ਼ਦੂਰ ਲੈ ਔਨੇ ਆਂ।

ਘਰ ਵਾਲੀ ਨੇ ਚਾਹ ਧਰ ਦਿੱਤੀ ਸੀ।

ਉੱਠ ਕੇ ਉਹ ਮੈਨੂੰ ਪਰਲੇ ਵਿਹੜੇ ਵਿੱਚ ਲੈ ਗਿਆ। ਕਹਿੰਦਾ-'ਖੜ੍ਹਾ ਹੋ, ਮਾਸਟਰ ਜਿੱਥੇ ਬੋਰ ਲੌਣੇ।'

ਮੈਂ ਇੱਕ ਖੂੰਜੇ ਵਿੱਚ ਜਾ ਕੇ ਉਹਨੂੰ ਦੱਸਿਆ ਕਿ ਇਸ ਥਾਂ 'ਤੇ ਪੁੱਟ ਲੈ। ਉਹ ਉੱਥੇ ਬੈਠ ਗਿਆ ਤੇ ਧਰਤੀ ਉੱਤੇ ਉਂਗਲ ਨਾਲ ਇੱਕ ਕੁੰਡਲ ਵਗਲ ਲਿਆ। ਕਹਿਣ ਲੱਗਿਆ-'ਸਰ੍ਹੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਆ। ਥੋੜ੍ਹਾ ਜਾ ਗੁੜ ਵੀ ਲਿਆਈਂ।' ਮੈਂ ਤੇਲ ਤੇ ਗੁੜ ਲੈਣ ਆਇਆ। ਚਾਹ ਬਣ ਚੁੱਕੀ ਸੀ।

ਕੰਡਲ ਵਾਲੀ ਥਾਂ ਉੱਤੇ ਉਹਨੇ ਤੇਲ ਚੋਇਆ ਤੇ ਗੁੜ ਦੀ ਰੋੜੀ ਰੱਖ ਕੇ ਮੱਥਾ ਟੇਕਿਆ। ਇੱਕ ਰੋੜੀ ਮੂੰਹ ਵਿੱਚ ਪਾ ਲਈ ਤੇ ਫੇਰ ਦੋਵੇਂ ਕੰਨਾਂ ਨੂੰ ਛੂਹ ਕੇ ਖੁਆਜਾ ਪੀਰ ਧਿਆਇਆ। ਦੂਜੇ ਬਿੰਦ ਹੀ ਉਹ ਸੱਬਲ ਨਾਲ ਮਿੱਟੀ ਪੁੱਟਣ ਲੱਗਿਆ। ਪਿੱਤਲ ਦੀ ਬਾਟੀ ਨਾਲ ਮਿੱਟੀ ਬਾਹਰ ਕੱਢਦਾ।

ਚਾਹ ਦਾ ਗਿਲਾਸ ਲਿਆ ਕੇ ਫੜਾਇਆ ਤਾਂ ਉਹ ਮੈਨੂੰ ਕਹਿੰਦਾ, 'ਲੈ ਮਾਸਟਰ, ਛੋਟੇ ਮੁੰਡੇ ਨੂੰ ਤਾਂ ਬਿਠਾ ਮੇਰੇ ਕੋਲ। ਕੋਈ ਜ਼ਰੂਰਤ ਪੈ ਜਾਂਦੀ ਐ। ਚਾਹ ਪੀ ਕੇ ਤੂੰ ਆਪ ਮਜ਼ਦੂਰ ਲਿਆ ਇੱਕ ਝੱਟ ਦੇ ਕੇ। ਰੱਸੇ ਦਾ ਬੰਦੋਬਸਤ ਵੀ ਕਰ ਦੇ।'

ਸਵੇਰ ਦੇ ਅੱਠ ਅਜੇ ਵਜੇ ਨਹੀਂ ਸਨ। ਮੈਂ ਸਾਈਕਲ ਲੈ ਕੇ ਦਬਾ ਸੱਟ ਛੱਤੇ ਖੂਹ ਕੋਲ ਮਜ਼ਦੂਰ-ਮੰਡੀ ਵਿੱਚ ਗਿਆ, ਤੇ ਇੱਕ ਨਰੋਆ ਜਿਹਾ ਮਜ਼ਦੂਰ-ਮੁੰਡਾ ਆਪਣੇ ਸਾਈਕਲ ਮਗਰ ਬਿਠਾ ਲਿਆਇਆ। ਮੇਰੇ ਆਉਂਦੇ ਨੂੰ ਉਹ ਆਪਣਾ ਕੁੜਤਾ-ਚਾਦਰਾ ਉਤਾਰ ਕੇ ਟੋਏ ਵਿੱਚ ਬੈਠਾ ਹੋਇਆ ਸੀ। ਸਿਰ ਦਾ ਸਾਫਾ ਨਹੀਂ ਲਾਹਿਆ ਸੀ। ਤੇੜ ਇਕੱਲੀ ਨਿੱਕਰ ਸੀ। ਸੱਬਲ ਨਾਲ ਮਿੱਟੀ ਪੁੱਟ-ਪੁੱਟ ਕੇ ਉਹ ਬਾਟੀ ਭਰਦਾ ਤੇ ਆਪਣੇ ਸਿਰ ਉੱਤੇ ਦੀ ਮਿੱਟੀ ਟੋਏ 'ਚੋਂ ਬਾਹਰ ਵਗਾਹ ਮਾਰਦਾ। ਮੈਨੂੰ ਉਹ ਉਸ ਜਾਨਵਰ ਵਰਗਾ ਲੱਗਿਆ ਜੋ ਆਪਣੀ ਖੁੱਡ ਵਿੱਚ ਵੜ ਕੇ ਆਪਣੇ ਪਿਛਲੇ ਪੈਰਾਂ ਨਾਲ ਮਿੱਟੀ ਬਾਹਰ ਕੱਢਦਾ ਤੁਰਿਆ ਜਾਂਦਾ ਹੈ। ਮੁਹਰਲੇ ਪੈਰਾਂ ਨਾਲ ਖੁਰਚਦਾ ਤੇ ਮਗਰਲੇ ਪੈਰਾਂ ਨਾਲ ਬਾਹਰ ਕੱਢਦਾ ਹੈ। ਇੰਜ ਹੀ ਖੁੱਡ ਨੂੰ ਡੂੰਘੀ ਕਰਦਾ ਤੁਰਿਆ ਜਾਂਦਾ ਹੈ।

ਵਿਹੜੇ ਵਿੱਚ ਪੰਜ ਫੁੱਟ ਭਰਤ ਪਾਈ ਹੋਈ ਸੀ। ਮੈਂ ਉਹਨੂੰ ਪੁੱਛਿਆ ਕਿ ਪੱਕੀ ਮਿੱਟੀ ਸ਼ੁਰੂ ਹੋ ਗਈ ਹੈ ਜਾਂ ਅਜੇ ਨਹੀਂ। ਉਹਨੇ ਟੋਏ ਵਿਚੋਂ ਹੀ ਜਵਾਬ ਦਿੱਤਾ ਕਿ ਅਜੇ ਤਾਂ ਓਪਰੀ ਮਿੱਟੀ ਹੀ ਚੱਲ ਰਹੀ ਹੈ।

'ਭਰਤ ਕਿੰਨੇ ਫੁੱਟ ਐ ਐਥੇ?' ਉਹਨੇ ਪੁੱਛਿਆ। ਮੈਂ ਉਹਨੂੰ ਦੱਸ ਦਿੱਤਾ।

ਉਹ ਕਹਿੰਦਾ-'ਫੇਰ ਤਾਂ ਬੱਸ....।' ਤੇ ਫੇਰ ਸੱਬਲ ਮਾਰ ਕੇ ਬੋਲਿਆ-'ਆਹਾ, ਹੁਣ ਲੱਗੀ ਐ ਪੱਕੀ ਮਿੱਟੀ 'ਚ।

ਜਦੋਂ ਮੈਂ ਇਹ ਮਕਾਨ ਬਣਵਾਇਆ ਸੀ ਤਾਂ ਦੀਵਾਰਾਂ ਦੀਆਂ ਨੀਹਾਂ ਨਹੀਂ ਪੁੱਟੀਆਂ ਗਈਆਂ ਸਨ। ਉੱਤੋਂ ਹੀ ਕੰਧਾਂ ਚੁੱਕ ਲਈਆਂ। ਰੋੜਾਂ ਵਾਲੀ ਧਰਤ ਸੀ। ਰੋੜਾਂ ਦਾ ਜੱਕ ਬਹੁਤ ਮਜ਼ਬੂਤ ਸੀ। ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਕਦੇ ਨੀਹਾਂ ਦੱਬ ਜਾਣਗੀਆਂ। ਰੋੜਾਂ ਵਾਲੀ ਨਿੱਗਰ ਤਹਿ ਦਾ ਪਤਾ ਮੈਨੂੰ ਓਦੋਂ ਹੀ ਲੱਗ ਗਿਆ ਸੀ ਜਦੋਂ ਮਕਾਨ-ਉਸਾਰੀ ਤੋਂ ਪਹਿਲਾਂ ਨਲਕਾ ਲਗਵਾਇਆ ਸੀ। ਰੋੜਾਂ ਤੋਂ ਥੱਲੇ ਚਿਕਣੀ ਮਿੱਟੀ ਤੇ ਫੇਰ ਸਖ਼ਤ ਪਾਂਡੂ ਦਾ ਵੀ ਮੈਨੂੰ ਪਤਾ ਸੀ। ਨਲਕਾ ਲਾਉਣ ਵਾਲਾ ਮਿਸਤਰੀ ਕਿੰਨਾਂ ਬੁੜਬੁੜ ਕਰਦਾ ਰਿਹਾ। ਉਹਦੀਆਂ ਦੋ ਦਿਹਾੜੀਆਂ ਲੱਗ ਗਈਆਂ। ਨਹੀਂ ਤਾਂ ਉਹ ਆਪ ਹੀ ਦੱਸਦਾ ਸੀ, ਅੱਧੇ ਦਿਨ ਵਿੱਚ ਨਲਕਾ ਚੱਲਦਾ ਕਰਕੇ ਔਹ ਮਾਰੀਦਾ ਹੈ। ਸੋ ਮੇਰੇ ਮਨ ਵਿੱਚ ਪਹਿਲਾਂ ਹੀ ਡਰ ਸੀ ਕਿ ਬੋਰ-ਟੱਟੀ ਬਣਾਉਣ ਵਾਲਾ ਇਹ ਆਦਮੀ ਜ਼ਰੂਰ ਪੈਸਿਆਂ ਪਿੱਛੇ ਝਗੜਾ ਪਾਵੇਗਾ। ਇਹਦੇ ਨਾਲ ਪੈਸਿਆਂ ਵਾਲੀ ਗੱਲ ਹੁਣੇ ਖੋਲ੍ਹ ਲੈਣੀ ਚਾਹੀਦੀ ਹੈ। ਮੈਂ ਉਹਦਾ ਨਾਉਂ ਨਹੀਂ ਜਾਣਦਾ ਸਾਂ। ਨਾ ਹੀ ਮੈਨੂੰ ਇਹ ਪਤਾ ਸੀ ਕਿ ਉਹਦਾ ਪਿੰਡ ਕਿਹੜਾ ਹੈ। ਇਹ ਬੋਰ-ਟੱਟੀ ਲਾਉਂਦਾ ਕਦੇ ਕੋਈ ਮੈਂ ਦੇਖਿਆ ਵੀ ਨਹੀਂ ਸੀ। ਉਸ ਨੂੰ ਮੇਰੇ ਕੋਲ ਮੇਰੇ ਇੱਕ ਮਿੱਤਰ ਨੇ ਭੇਜਿਆ ਸੀ। ਉਸਨੇ ਇਹਨੂੰ ਦੱਸਿਆ ਹੋਵੇਗਾ ਕਿ ਮੈਂ ਮਾਸਟਰ ਹਾਂ। ਨਹੀਂ ਤਾਂ, ਮੇਰੇ ਕੀ ਮੂੰਹ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਮਾਸਟਰ ਹਾਂ। ਫਲੱਸ਼-ਟੱਟੀ ਦਾ ਅਜੇ ਪ੍ਰਬੰਧ ਨਹੀਂ ਹੋ ਸਕਿਆ ਸੀ। ਉਸ ਉੱਤੇ ਤਾਂ ਖਰਚ ਵੀ ਬਹੁਤ ਆਉਣਾ ਸੀ। ਨਾ ਹੀ ਕੰਮ-ਸਾਰੂ ਜਿਹੀ ਟੱਟੀ ਦਾ ਕੋਈ ਮਜ਼ਾ ਸੀ। ਵਿਹੜੇ ਵਿੱਚ ਮੁਸ਼ਕ ਉੱਭਰਿਆ ਰਹਿੰਦਾ। ਚਾਰ-ਚਾਰ ਦਿਨ ਸਫ਼ਾਈ ਵਾਲੀ ਆਉਂਦੀ ਹੀ ਨਾ। ਇਸ ਲਈ ਇਹ ਬੋਰ-ਟੱਟੀ ਬਣਵਾਉਣ ਲਈ ਮੈਂ ਆਪਣੇ ਕਈ ਰਿਸ਼ਤੇਦਾਰਾਂ-ਮਿੱਤਰਾਂ ਨੂੰ ਕਹਿ ਛੱਡਿਆ ਹੋਇਆ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਬੰਦਾ, ਜਦੋਂ ਵੀ ਮਿਲੇ, ਮੇਰੇ ਕੋਲ ਭੇਜ ਦੇਣ। ਬੋਰ-ਟੱਟੀ ਬਣਾਉਣ ਵਾਲਾ ਕਿਤੇ-ਕਿਤੇ ਕਦੇ-ਕਦੇ ਹੀ ਏਧਰ ਕੋਈ ਮਿਲਦਾ ਹੈ। ਇਹ ਕੰਮ ਹਰ ਕਿਸੇ ਦੇ ਕਰਨ ਦਾ ਨਹੀਂ। ਪੈਸੇ ਤਹਿ ਕਰਨ ਦੀ ਗਰਜ਼ ਨਾਲ ਮੈਂ ਉਹਦੇ ਨਾਲ ਪਹਿਲਾਂ ਏਧਰ-ਓਧਰ ਦੀਆਂ ਗੱਲਾਂ ਮਾਰਨ ਲੱਗਿਆ। ਪੁੱਛਿਆ-'ਬਾਈ ਸਿਆਂ, ਤੇਰਾ ਪਿੰਡ ਕਿਹੜਾ ਐ?'

'ਪਿੰਡ ਤਾਂ ਐਧਰ ਮਾਨਸਾ ਕੰਨੀ ਐ ਮੇਰਾ।' ਉਹ ਬੋਲਿਆ।

'ਫੇਰ ਵੀ, ਪਿੰਡ ਦਾ ਨਾਉਂ ਕੀ ਐ।'

'ਮੌੜ ਮੰਡੀ ਤੋਂ ਉਰੇ ਜੇ ਬੱਸ।'

'ਕਿੱਥੇ ਮੌੜ ਮੰਡੀ, ਕਿੱਥੇ ਮਾਨਸਾ। ਫੇਰ ਵੀ?'

ਮਾਈਸਰ ਖਾਨੇ ਕੋਲ।'

'ਕੁੱਤੀਵਾਲ।'

ਪਿੰਡ ਦਾ ਨਾਉਂ ਸੁਣ ਕੇ ਅਸੀਂ ਸਾਰੇ ਹੱਸ ਪਏ। ਮਜ਼ਦੂਰ ਮੁੰਡਾ ਕਹਿੰਦਾ-'ਤਾਂ ਈ ਨ੍ਹੀ ਸੀ ਦੱਸਦਾ।'

'ਜਿਹੜਾ ਨੌ ਧਰ 'ਤਾ ਅਗਲਿਆਂ ਨੇ, ਧਰ 'ਤਾ। ਹੁਣ ਬਦਲਿਆ ਥੋੜ੍ਹਾ ਜਾਂਦਾ।' ਉਹਨੇ ਤਰਕ ਦਿੱਤਾ।

ਹੁਣ ਉਨ੍ਹਾਂ ਨੇ ਬਾਲਟੀ ਨਾਲ ਰੱਸਾ ਬੰਨ੍ਹ ਲਿਆ। ਥੱਲਿਓਂ ਉਹ ਮਿੱਟੀ ਦੀ ਬਾਲਟੀ ਭਰਦਾ ਤੇ ਮਜ਼ਦੂਰ ਮੁੰਡਾ ਬਾਲਟੀ ਨੂੰ ਉਤਾਂਹ ਖਿੱਚ ਕੇ ਇਕ ਪਾਸੇ ਢੇਰੀ ਕਰ ਦਿੰਦਾ।

'ਤੇਰਾ ਨਾਂ ਕੀ ਐ?' ਮੈਂ ਪੁੱਛਿਆ।

'ਕਰਨੈਲ ਵੀ ਕਹਿ ਦਿੰਦੇ ਐ, ਜਮਾਲੂ ਵੀ ਕਹਿ ਦਿੰਦੇ ਐ।' ਉਹਨੇ ਸਹਿਜ-ਭਾਅ ਜਵਾਬ ਦਿੱਤਾ।

'ਇਹ ਦੋ ਨਾਉਂ ਕਿਵੇ?'

'ਮਾਪਿਆਂ ਨੇ ਜਮਾਲੂ ਰੱਖਿਆ ਸੀ। ਵੱਢਾ-ਟੁੱਕੀ ਵੇਲੇ ਅਸੀਂ ਐਧਰ ਈ ਰਹਿ ਪੇ। ਫੇਰ ਮੇਰਾ ਨਾਉਂ ਕਰਨੈਲ ਧਰ ਲਿਆ। ਜੈਸਾ ਦੇਸ, ਵੈਸਾ ਭੇਸ। ਪਿੰਡ ਦੇ ਲੋਕ ਮੈਨੂੰ ਕਰਨੈਲ ਈ ਕਹਿੰਦੇ ਐ। ਮੇਰੀ ਮਾਂ ਮੈਨੂੰ ਜਮਾਲੂ ਆਖਦੀ ਐ।' ਉਹ ਗੱਲਾਂ ਕਰਨ ਲੱਗਿਆ ਜਿਵੇਂ ਕੋਈ ਪਰੀ-ਕਹਾਣੀ ਸੁਣਾ ਰਿਹਾ ਹੋਵੇ।

'ਪਿਓ ਹੈਗਾ?'

'ਨਾ ਜੀ, ਉਹ ਤਾਂ ਕਦੋਂ ਦਾ ਗੁਜ਼ਰ ਗਿਆ। ਮਾਂ ਐ ਬੱਸ। ਹੋਰ ਕੋਈ ਨਾ ਭੈਣ, ਨਾ ਭਾਈ।' 'ਮਾਂ ਦੀ ਉਮਰ ਖਾਸੀ ਹੋਣੀ ਐ?'

'ਹਾਂ, ਚਾਲੀ ਸਾਲ ਦਾ ਤਾਂ ਮੈਂ ਹੋ ਚੱਲਿਆਂ। ਮਾਂ ਸੱਠ ਤੋਂ ਉੱਤੇ ਦੀ ਐ। ਊਂ ਤਕੜੀ ਐ। ਰੋਟੀ-ਟੁੱਕ ਦਾ ਸਾਰਾ ਕਰ ਲੈਂਦੀ ਐ?'

'ਤੇ ਵਿਆਹ ਨ੍ਹੀ ਕਰਵਾਇਆ ਫੇਰ?'

'ਵਿਆਹ ਨ੍ਹੀ ਹੋਇਆ ਮੇਰਾ। ਸਾਡੀ ਜਾਤ-ਬਰਾਦਰੀ ਦਾ ਘਰ ਕਿਸੇ ਪਿੰਡ ਈ ਐ।'

'ਫੇਰ ਤਾਂ ਮੇਰੇ ਵਰਗਾ ਈ ਨੰਗ-ਮਲੰਗ ਐਂ।' ਮਜ਼ਦੂਰ ਮੁੰਡੇ ਨੇ ਕਿਹਾ।

'ਤੂੰ ਤਾਂ ਕਿਉਂ ਨੰਗ-ਮਲੰਗ ਐਂ ਭਾਈ। ਤੇਰੀ ਉਮਰ ਤਾਂ ਮਸਾਂ ਬਾਈ-ਤੇਈ ਸਾਲ ਹੋਣੀ ਐ। ਤੇਰੀ ਤਾਂ ਕਿਹੜੀ ਉਮਰ ਐ ਅਜੇ ਭਾਈ? ਕਰਨੈਲ ਨੇ ਉਹਦੀ ਟਿੱਚਰ ਦਾ ਗੁੱਸਾ ਨਹੀਂ ਮੰਨਿਆ।

ਰੋੜਾਂ ਵਾਲੀ ਮਿੱਟੀ ਪੁੱਟਣੀ ਬਹੁਤ ਔਖੀ ਲੱਗ ਰਹੀ ਹੋਵੇਗੀ। ਉਹ ਬਾਹਰ ਨਿਕਲਿਆ ਤੇ ਬੀੜੀ ਲਾ ਕੇ ਬੈਠ ਗਿਆ। ਗਰਮੀ ਦਾ ਮੌਸਮ ਸੀ। ਮੈਂ ਉਹਨੂੰ ਪੁੱਛਿਆ-'ਥੱਲੇ ਹਵਾ ਤਾਂ ਭੋਰਾ ਵੀ ਨ੍ਹੀ ਜਾਂਦੀ। ਸਾਹ ਘੁੱਟਦਾ ਹੋਣੈ ਤੇਰਾ?'

'ਨਹੀਂ, ਗਰਮੀ ਤਾਂ ਉੱਤੇ ਈ ਐ। ਥੱਲੇ ਤਾਂ ਠੰਢ ਰਹਿੰਦੀ ਐ। ਉੱਤੇ ਨਾਲੋਂ 'ਰਾਮ ਐ ਸਗਾਂ ਦੀ।' ਬੀੜੀ ਪੀ ਰਿਹਾ ਉਹ ਮੈਨੂੰ ਬਾਂਦਰ ਜਿਹਾ ਲੱਗ ਰਿਹਾ ਸੀ। ਕਾਲਾ ਬਾਂਦਰ। ਉਹਦਾ ਸਰੀਰ ਛੀਂਟਕਾ ਸੀ। ਅੱਖਾਂ ਨਿੱਕੀਆਂ ਨਿੱਕੀਆਂ। ਮਿੱਟੀ ਪੁੱਟਦੇ ਦਾ ਜ਼ੋਰ ਲੱਗਣ ਕਰਕੇ ਉਹਦੀਆਂ ਅੱਖਾਂ ਗਹਿਰੀਆਂ ਹੋ ਚੁੱਕੀਆਂ ਸਨ। ਮੇਰੇ ਮਨ ਵਿੱਚ ਇੱਕ ਤੌਖ਼ਲਾ ਜਿਹਾ ਬੈਠਾ ਹੋਇਆ ਸੀ ਕਿ ਮਿੱਟੀ ਰੋੜਾਂ ਵਾਲੀ ਹੈ ਤੇ ਸਖ਼ਤ ਹੈ। ਰੋੜਾਂ ਤੋਂ ਅੱਗੇ ਜੋ ਚਿੱਕਣੀ ਮਿੱਟੀ ਆਵੇਗੀ ਤੇ ਫੇਰ ਪਾਂਡੂ ਦਾ ਜੱਕ। ਇਹਨੂੰ ਦੋ ਦਿਨ ਤਾਂ ਸੋਬਤੀ ਲੱਗ ਜਾਣਗੇ। ਤੇ ਫੇਰ ਪਤਾ ਨਹੀਂ, ਕਿੰਨੇ ਕੁ ਪੈਸੇ ਮੰਗ ਬੈਠੇ। ਬੀੜੀ ਮੁਕਾ ਕੇ ਉਹ ਮਜ਼ਦੂਰ ਮੁੰਡੇ ਵੱਲ ਝਾਕਿਆ, 'ਤੇ ਚੱਲ ਬਈ' ਕਹਿ ਕੇ ਬੋਰ ਵਿੱਚ ਉਤਰ ਗਿਆ। ਮੈਂ ਮਲਵੀ ਜਿਹੀ ਜੀਭ ਨਾਲ ਪੁੱਛਣ ਲੱਗਿਆ-'ਕਿਉਂ ਬਈ ਕਰਨੈਲ......'

'ਹਾਂ ਜੀ।' ਉਹ ਬੋਰ ਵਿਚੋਂ ਬੋਲਿਆ।

'ਤੂੰ ਦਿਹਾੜੀ ਦੇ ਪੈਸੇ ਲੈਨਾ ਐ ਕਿ ਠੇਕਾ ਹੁੰਦੈ ਤੇਰਾ?'

'ਨਾ ਜੀ, ਠੇਕਾ ਹੁੰਦੈ।'

'ਕਿੰਨੇ ਰੁਪਏ?' ਮੈਂ ਝੱਟ ਦੇ ਕੇ ਪੁੱਛ ਲਿਆ।

'ਚਾਲੀ ਰੁਪਈਏ।'

ਦਿਨ ਚਾਹੇ ਕਿੰਨੇ ਲੱਗ ਜਾਣ?'

'ਹਾਂ, ਦਿਨ ਤਾਂ ਚਾਹੇ ਇੱਕ ਲੱਗੇ, ਦੋ ਲੱਗਣ, ਪਰ ਪਾਣੀ-ਹਾਂਡੇ ਕਰਨ ਦੀ ਸ਼ਰਤ ਐ। ਪਾਣੀ ਨਾ ਨਿਕਲੇ ਤਾਂ ਪੱਚੀ ਫੁੱਟ 'ਤੇ ਛੱਡ ਦੇਈਦੀ ਐ।'

ਮੈਨੂੰ ਪਤਾ ਸੀ, ਪਾਣੀ ਐਡੀ ਛੇਤੀ ਨਹੀਂ ਨਿਕਲੇਗਾ। ਮੈਂ ਪੁੱਛਿਆ-'ਪਾਣੀ ਨਾ ਨਿੱਕਲੇ ਤਾਂ ਪੱਚੀ ਫੁੱਟ ਬੋਰ ਬਹੁਤ ਹੁੰਦੈ?'

'ਹਾਂ ਜੀ, ਪੱਚੀ ਫੁੱਟ ਤਾਂ ਵਾਧੂ ਐ। ਦਸ ਸਾਲ ਦੀ ਗਰੰਟੀ ਐ। ਵੱਧ ਵੀ ਚੱਲ ਜਾਂਦੀ ਐ।' ਮੇਰਾ ਸੰਸਾ ਮੁੱਕ ਗਿਆ। ਚੱਲ, ਪੱਚੀ ਫੁੱਟ ਤਾਂ ਕਰੇਗਾ ਹੀ। ਪਾਣੀ ਨਹੀਂ ਨਿਕਲਦਾ, ਨਾ ਨਿਕਲੇ। ਦਿਨ ਇੱਕ ਲਾਵੇ। ਦੋ ਲਾਵੇ। ਪਰ ਨਾਲ ਦੀ ਨਾਲ ਸੋਚਿਆ, ਦਿਹਾੜੀ ਜੇ ਦੂਜੀ ਵੀ ਲੱਗ ਗਈ ਤਾਂ ਮਜ਼ਦੂਰ ਤਾਂ ਰੱਖਣਾ ਹੀ ਪਵੇਗਾ।

ਦਸ ਵਜੇ ਦੀ ਚਾਹ ਦਾ ਵੇਲਾ ਹੋ ਗਿਆ। ਚਾਹ ਬਣਵਾ ਕੇ ਤੇ ਗਿਲਾਸਾਂ ਵਿੱਚ ਪਾ ਕੇ ਮੈਂ ਓਧਰ ਲੈ ਗਿਆ। ਮੈਂ ਖ਼ੁਦ ਵੀ ਇੱਕ ਗਿਲਾਸ ਲੈ ਕੇ ਉਨ੍ਹਾਂ ਕੋਲ ਬੈਠ ਗਿਆ। ਕਰਨੈਲ ਨੇ ਗੱਲ ਛੇੜੀ-'ਮਾਸਟਰ, ਸੋਭਾ ਤਾਂ ਬੜੀ ਸੁਣੀ ਐ ਤੇਰੀ।'

'ਕਿਵੇਂ?' ਮੈਂ ਪੁੱਛਿਆ।'

'ਕਹਿੰਦੇ, ਖ਼ਬਰਾਂ 'ਚ ਬੜੇ ਲੇਖ ਛਪਦੇ ਨੇ ਤੇਰੇ। ਕਿਤਾਬਾਂ ਵੀ ਲਿਖਦੈ ਤੂੰ।'

'ਹਾਂ ਤੈਨੂੰ ਕੀਹਨੇ ਦੱਸਿਐ?'

'ਨਾਮਾਜਾਦੀ ਕਿਤੇ ਲੁਕੀ-ਛਿਪੀ ਰਹਿੰਦੀ ਐ ਭਰਾਵਾ? ਤੇਰਾ ਨਾਂ ਤਾਂ ਸਾਰੇ ਉੱਘਾ ਐ। ਆਪ ਨ੍ਹੀ ਪੜ੍ਹਨਾ ਔਂਦਾ ਤਾਂ ਲੋਕਾਂ ਕੋਲੋਂ ਸੁਣ ਲੈਈਦੈ ਖ਼ਬਾਰ।'

ਮੈਂ ਅੰਦਾਜ਼ਾ ਲਾਇਆ ਕਿ ਮੇਰੇ ਦੋਸਤ ਨੇ ਇਹਦੇ ਕੋਲ ਮੇਰੀ ਠੁੱਕ ਬੰਨ੍ਹੀ ਹੋਵੇਗੀ।

ਉਹ ਫਿਰ ਪੁੱਛਣ ਲੱਗਿਆ-'ਫੇਰ ਤਾਂ ਸਾਰੇ ਅਫ਼ਸਰ ਜਾਣਦੇ ਹੋਣਗੇ ਤੈਨੂੰ?' ਆਪ ਹੀ ਜਵਾਬ ਵੀ ਦੇ ਲਿਆ-'ਕਿਵੇਂ ਨਾ ਜਾਣਦੇ ਹੋਣ, ਜਦੋਂ ਐਨੀ ਪਰਸਿੱਧੀ ਐ।'

ਮੈਂ ਚੁੱਪ ਕੀਤਾ ਚਾਹ ਪੀਂਦਾ ਰਿਹਾ। ਬੋਲਿਆ ਕੁਝ ਨਾ।

ਚਾਹ ਪੀ ਕੇ ਉਹਨੇ ਬੀੜੀ ਲਾ ਲਈ। ਮੈਂ ਖਾਲੀ ਗਿਲਾਸ ਚੁੱਕੇ ਤੇ ਏਧਰ ਆ ਗਿਆ। ਉਹ ਆਪਣੇ ਕੰਮ ਵਿੱਚ ਜੁੱਟ ਗਏ।

ਬਾਰਾਂ ਵਜੇ ਮਜ਼ਦੂਰ ਦੋ ਘੰਟਿਆਂ ਦੀ ਛੁੱਟੀ ਕਰਕੇ ਚਲਿਆ ਗਿਆ ਤਾਂ ਮੈਂ ਕਰਨੈਲ ਨੂੰ ਰੋਟੀ ਖਵਾ ਦਿੱਤੀ। ਰੋਟੀ ਖਾ ਕੇ ਉਹਨੇ ਬੀੜੀ ਪੀਤੀ ਤੇ ਫੇਰ ਓਧਰ ਹੀ ਵਿਹੜੇ ਵਿੱਚ ਕੰਧ ਦੀ ਛਾਂ ਹੇਠ ਆਪਣਾ ਚਾਦਰਾ ਵਿਛਾ ਕੇ ਪੈ ਗਿਆ। ਮੈਂ ਚੋਰ ਅੱਖ ਨਾਲ ਮਿੱਟੀ ਦਾ ਢੇਰ ਦੇਖਿਆ, ਮਿੱਟੀ ਅਜੇ ਵੀ ਰੋੜਾਂ ਵਾਲੀ ਸੀ। ਮੈਂ ਉਸ ਪਤਲੇ ਸੀਖ ਜਿਹੇ ਬੰਦੇ ਵੱਲ ਦੇਖਕੇ ਹੈਰਾਨ ਹੋਇਆ। ਬੰਦਾ ਕਾਹਦਾ, ਇਹ ਤਾਂ ਲੋਹੇ ਦੀ ਵਰਮੀ ਹੈ। ਕਿਵੇਂ ਲੋਹੇ ਵਰਗੀ ਰੋੜਾਂ ਵਾਲੀ ਧਰਤੀ ਨੂੰ ਚੀਰਦਾ ਤੁਰਿਆ ਜਾ ਰਿਹਾ ਹੈ। ਰੱਸਾ ਲੈ ਕੇ ਮੈਂ ਬੋਰ ਵਿੱਚ ਵਗਾਇਆ ਤੇ ਫੇਰ ਉਸਨੂੰ ਬਾਹਰ ਕੱਢ ਕੇ ਮਿਣਿਆ। ਬੋਰ ਤਾਂ ਅਜੇ ਮਸਾਂ ਨੌਂ ਫੁੱਟ ਹੀ ਪੁੱਟਿਆ ਗਿਆ ਸੀ।

ਕਰਨੈਲ ਡੇਢ ਕੁ ਵਜੇ ਹੀ ਉੱਠ ਬੈਠਾ। ਪਾਣੀ ਮੰਗਿਆ ਤੇ ਫੇਰ ਬੀੜੀ ਲਾ ਲਈ। ਮੈਂ ਉਹਦੇ ਕੋਲ ਜਾ ਬੈਠਾ। ਪੁੱਛਣ ਲੱਗਿਆ-'ਕਿਉਂ ਕਰਨੈਲ, ਮਹੀਨੇ 'ਚ ਕਿੰਨੀਆਂ ਟੱਟੀਆਂ ਬਣਾ ਦਿੰਨੈ?'

'ਕੰਮ ਮਿਲਦਾ ਰਹੇ, ਤਾਂ ਦਸ-ਦਸ, ਬਾਰਾਂ-ਬਾਰਾਂ ਬਣਾ ਲਈਦੀਆਂ ਨੇ। ਮੌਕਾ ਲੱਗੇ ਦੀ ਗੱਲ ਐ, ਭਰਾਵਾ। ਕਦੇ-ਕਦੇ ਤਿੰਨ ਤਿੰਨ ਮਹੀਨੇ ਵਿਹਲਾ ਈ ਰਹੀਦੈ। ਇੱਕ ਵੀ ਬੋਰ ਨ੍ਹੀ ਮਿਲਦਾ।'

'ਕੰਮ ਇਹ ਔਖਾ ਬਹੁਤ ਐ।' ਮੈਂ ਕਿਹਾ।

'ਇਹ ਕੱਚੀ-ਕੁਹਾਰ ਹੁੰਦੀ ਹੈ। ਜਦੋਂ ਖਾਸੀ ਡੂੰਘੀ ਚਲੀ ਜਾਂਦੀ ਐ, ਥੋਨੂੰ ਡਰ ਨ੍ਹੀ ਲੱਗਦਾ?' 'ਡਰ ਕਿਵੇਂ?'

'ਜੇ ਢਿੱਗ ਡਿੱਗ ਪਏ, ਫੇਰ?'

'ਅੱਜ ਤਾਈ ਤਾਂ ਡਿੱਗੀ ਨ੍ਹੀ ਢਿੱਗ, ਕੱਲ੍ਹ ਦਾ ਪਤਾ ਨ੍ਹੀ। ਐਧਰ ਰਾਜਸਥਾਨ 'ਚ ਗੰਗਾਨਗਰ ਕੰਨੀ ਜਿੱਥੇ ਰੇਤਾ ਈ ਰੇਤਾ ਐ, ਓਧਰ ਤਾਂ ਢਿੱਗਾਂ ਡਿੱਗਣ ਦਾ ਖ਼ਤਰਾ ਰਹਿੰਦੈ। ਪਰ ਨਹੀਂ, ਥੱਲੇ ਗਿੱਲੀ ਮਿੱਟੀ ਹੁੰਦੀ ਐ। ਛੇਤੀ-ਛੇਤੀ ਢਿੱਗ ਡਿੱਗਦੀ ਨ੍ਹੀ।'

'ਊਂ 'ਜੇ ਡਿੱਗ ਪਵੇ, ਬੰਦਾ ਬਚਦਾ ਤਾਂ ਨ੍ਹੀ।'

'ਬਚਣਾ, ਕਾਹਦਾ ਜੀ।'

'ਤੂੰ ਸੁਣਿਐ ਕੋਈ, ਇਉਂ ਮਰਿਆ?'

'ਹਾਂ, ਕਦੇ ਕਦੇ, ਹੋ ਜਾਂਦੀ ਐ ਕੁਦਰਤ।' ਉਹ ਉਦਾਸ ਹੋ ਗਿਆ।

ਅਸੀਂ ਗੱਲਾਂ ਕਰ ਰਹੇ ਸਾਂ ਕਿ ਮਜ਼ਦੂਰ ਆ ਗਿਆ। ਉਹ ਕੰਮ ਕਰਨ ਲੱਗੇ ਤੇ ਮੈਂ ਕਮਰੇ ਵਿੱਚ ਪੱਖਾਂ ਛੱਡ ਕੇ ਪੈ ਗਿਆ। ਮੇਰੇ ਸੁੱਤੇ ਪਏ ਹੀ ਤਿੰਨ ਕੁ ਵਜੇ ਘਰ ਵਾਲੀ ਨੇ ਚਾਹ ਬਣਾਈ। ਛੋਟੇ ਮੁੰਡੇ ਨੇ ਉਨ੍ਹਾਂ ਦੋਵਾਂ ਨੂੰ ਚਾਹ ਪਿਆ ਦਿੱਤੀ। ਮੈਂ ਅਚਾਨਕ ਹੀ ਉੱਠਿਆ। ਚਾਹ ਬਣੀ ਦੇਖ ਕੇ, ਚਾਹ ਪੀ ਲਈ। ਬੋਰ ਵੱਲ ਗੇੜਾ ਮਾਰਿਆ ਤੇ ਕਮਰੇ ਵਿੱਚ ਆ ਕੇ ਦੁਬਾਰਾ ਪੱਖਾ ਛੱਡ ਲਿਆ। ਆਲਸ ਜਿਹੀ ਚੜ੍ਹੀ ਹੋਈ ਸੀ। ਅੱਖ ਲੱਗਦੀ ਸੀ, ਨਹੀਂ ਵੀ ਲੱਗਦੀ ਸੀ। ਆਲਸ ਬੇਚੈਨੀ ਵਿੱਚ ਬਦਲਣ ਲੱਗੀ। ਮੰਜੇ ਉੱਤੇ ਪਏ-ਪਏ ਮੇਰੇ ਮਨ ਵਿੱਚ ਇੱਕ ਡਰ ਜਿਹਾ ਜਾਗਣ ਲੱਗਿਆ। ਕਿਤੇ ਕਰਨੈਲ ਉੱਤੇ ਕੋਈ ਢਿੱਗ ਨਾ ਡਿੱਗ ਪਏ। ਮੈਂ ਕਮਰੇ ਵਿਚੋਂ ਬਾਹਰ ਹੋਇਆ ਤੇ ਏਧਰ ਓਧਰ ਵਿਹੜੇ ਵਿੱਚ ਜਾ ਕੇ ਬੋਰ ਵਿੱਚ ਨਿਗਾਹ ਮਾਰੀ। ਸੱਬਲ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਕਰਨੈਲ ਕਿਧਰੇ ਨਹੀਂ ਦਿਸ ਰਿਹਾ ਸੀ। ਅੱਖਾਂ ਉੱਤੇ ਹੱਥ ਦਾ ਛੱਪਰ ਬਣਾ ਕੇ ਮੈਂ ਗਹੁ ਨਾਲ ਦੇਖਿਆ, ਉਹ ਬਹੁਤ ਦੂਰ ਥੱਲੇ ਹਿੱਲ ਜਿਹਾ ਰਿਹਾ ਸੀ। ਮੈਂ ਪੁੱਛਿਆ-ਕਿੰਨੇ ਕੁ ਫੁੱਟ ਹੋ ਗਿਆ?'

'ਮਿਣ ਲੈਨੇ ਆ। ਥੱਲਿਓਂ ਉਹਦਾ ਹਫਦਾ ਹੋਇਆ ਬੋਲ ਆਇਆ ਤੇ ਫੇਰ ਬੋਰ ਵਿਚੋਂ ਹੀ ਡੇਢ-ਡੇਢ, ਦੋ-ਦੋ ਫੁੱਟ ਦੀ ਵਿਥ ਉੱਤੇ ਬਣਾਏ ਫੌਢਿਆਂ ਵਿੱਚ ਪੈਰ ਅੜਾ ਕੇ ਉਤਾਂਹ ਚੜ੍ਹਦਾ ਉਹ ਬਾਹਰ ਆ ਗਿਆ। ਰੱਸਾ ਲੈ ਕੇ ਥੱਲੇ ਵਗਾਇਆ ਤੇ ਫੇਰ ਨਿਸ਼ਾਨੀ ਰੱਖ ਕੇ ਕੂਹਣੀ ਤੋਂ ਹਿੱਕ ਤੱਕ ਦੇ ਪੈਮਾਨੇ ਨਾਲ ਰੱਸੇ ਨੂੰ ਮਿਣਨ ਲੱਗਿਆ। ਉਹਦੇ ਹਿਸਾਬ ਨਾਲ ਸੋਲਾਂ ਫੁੱਟ ਬੋਰ ਹੋ ਗਿਆ ਸੀ।

'ਫੇਰ ਤਾਂ ਮਾਰ ਲਿਆ ਮੋਰਚਾ।' ਮੈਂ ਉਸਦਾ ਹੌਂਸਲਾ ਵਧਾਇਆ।

ਉਹਨੇ ਪਾਣੀ ਦਾ ਗਿਲਾਸ ਮੰਗਿਆ। ਪਾਣੀ ਪੀ ਕੇ ਬੀੜੀ ਸੁਲਗਾ ਲਈ। ਮਿੱਟੀ ਵਿਚੋਂ ਇੱਕ ਡਲੀ ਚੁੱਕ ਕੇ ਕਹਿਣ ਲੱਗਿਆ-'ਬੱਸ ਹੁਣ ਪਾਂਡੂ ਔਣ ਵਾਲੈ। ਪਾਂਡੂ ਤੋਂ ਬਾਅਦ ਬਰੇਤੀ ਆਊ ਫੇਰ। ਬਰੇਤੀ ਪਿੱਛੋਂ ਪਾਣੀ।'

ਮੈਂ ਦੇਖਿਆ, ਉਹਦੀਆਂ ਅੱਖਾਂ ਹੁਣ ਲਾਲ-ਝਰੰਗ ਸਨ। ਉਹਦੇ ਚੇਹਰੇ ਦਾ ਲਹੂ ਜਿਵੇਂ ਸੂਤਿਆ ਗਿਆ ਹੋਵੇ। ਡੱਡੂ ਵਰਗਾ ਪੀਲਾ ਨਿੱਕਲ ਆਇਆ ਸੀ। ਬੋਰ ਮਸਾਂ ਡੇਢ ਫੁੱਟ ਚੌੜਾ ਹੋਵੇਗਾ। ਮੈਂ ਉਹਨੂੰ ਪੁੱਛਿਆ-'ਕਰਨੈਲ, ਐਨੇ ਕੁ ਥਾਂ 'ਚ ਤਾਂ ਤੂੰ ਥੱਲੇ ਬੈਠਦਾ ਮਸਾਂ ਹੋਵੇਂਗਾ। ਸੱਬਲ ਕਿੱਥੇ ਦੀ ਚਲੌਨੇ ਤੇ ਫੇਰ ਬਾਲਟੀ ਕਿਵੇਂ ਭਰਦੈ?' 'ਅਹਿ ਗੋਡਿਆਂ ਨੂੰ ਹਿੱਕ ਨਾਲ ਜੋੜ ਲਈਦੈ। ਪੈਰਾਂ ਵਿੱਚ ਸੱਬਲ ਮਾਰੀਂ ਜਾਨਾਂ, ਨਾਲ ਦੀ ਨਾਲ ਘੁੰਮਦੇ ਵੀ ਰਹੀਦੈ। ਖੂੰਜਿਆਂ 'ਚੋਂ ਵੀ ਮਿੱਟੀ ਖੁਰਚੀਂ ਦੀ ਐ। ਫੇਰ ਪੱਟਾਂ ਵਿਚਾਲੇ ਬਾਲਟੀ ਲੈ ਕੇ ਤੇ ਘੁੰਮ ਘੁੰਮ ਕੇ ਬਾਟੀ ਨਾਲ ਮਿੱਟੀ ਚੱਕ ਚੱਕ ਪੌਂਦਾ ਜਾਨਾਂ।'

ਉਹਦੀ ਕਠਨ-ਤਪੱਸਿਆ ਵਾਲੀ ਇਸ ਕਮਾਈ ਨੂੰ ਦੇਖ ਕੇ ਮੈਂ ਹੈਰਾਨ ਸਾਂ। ਢਿੱਡ ਦੀ ਖ਼ਾਤਰ ਬੰਦੇ ਨੂੰ ਕੀ ਕੁਝ ਕਰਨਾ ਪੈਂਦਾ ਹੈ।

ਸ਼ਾਮ ਦੇ ਛੇ ਵਜੇ ਤੱਕ ਉਹ ਬਾਈ ਫੁੱਟ ਬੋਰ ਕਰ ਚੁੱਕਿਆ ਸੀ। ਮਜ਼ਦੂਰ ਮੁੰਡਾ ਛੁੱਟੀ ਕਰ ਗਿਆ। ਕਰਨੈਲ ਨੇ ਅੱਗੇ ਵਰਗਾ ਪਾਣੀ ਤੱਤਾ ਕਰਵਾਇਆ। ਵੱਡੀ ਬਾਲਟੀ ਭਰ ਕੇ ਵਿੱਚ ਲੂਣ ਸੁੱਟ ਲਿਆ। ਗੁਸਲਖਾਨੇ ਵਿੱਚ ਵੜ ਕੇ ਮਲ-ਮਲ ਕੇ ਨ੍ਹਾਤਾ। ਤੇ ਫੇਰ ਸਾਰੇ ਪਿੰਡੇ ਉੱਤੇ ਸਰੋਂ ਦਾ ਤੇਲ ਮਿਲਿਆ। ਸਿਰ ਨੂੰ ਤੇਲ ਲਾ ਕੇ ਇੱਕ-ਇੱਕ ਉਂਗਲ ਕੰਨਾਂ ਵਿੱਚ ਵੀ ਲਾ ਲਈ। ਰੋਟੀ ਬਣ ਚੁੱਕੀ ਸੀ। ਰੋਟੀ ਖਾ ਕੇ ਉਹਨੇ ਕੁੜਤਾ ਝਾੜਿਆ ਤੇ ਗਲ ਪਾ ਲਿਆ। ਚਾਦਰਾ ਪਹਿਲਾਂ ਹੀ ਬੰਨ੍ਹਿਆ ਹੋਇਆ ਸੀ। ਝਾੜ-ਸੰਵਾਰ ਕੇ ਸਾਫਾ ਵੀ ਬੰਨ੍ਹ ਲਿਆ। ਬੀੜੀ ਲਾਈ ਤੇ ਪੈਰੀਂ ਜੋੜੇ ਪਾ ਕੇ ਬਾਹਰ ਹੋ ਗਿਆ।

'ਬੋਰ ਨੇੜੇ ਕਿਸੇ ਜਵਾਕ ਨੂੰ ਨਾ ਜਾਣ ਦਈਂ ਮਾਸਟਰ' ਜਾਂਦਾ ਜਾਂਦਾ ਉਹ ਮੈਨੂੰ ਕਹਿ ਗਿਆ।

ਦੋ ਘੰਟੇ ਲਾ ਕੇ ਉਹ ਮੁੜਿਆ ਤਾਂ ਮੈਂ ਪੁੱਛਿਆ-'ਕਿਧਰ ਗੇੜਾ ਮਾਰ ਆਇਆ?'

'ਬੱਸ ਐਮੇਂ, ਮਖਿਆ, ਬਾਜ਼ਾਰ ਦੀ ਸੈਰ ਕਰ ਲੀਏ।'

'ਕੀ ਕੀ ਦੇਖਿਆ, ਫੇਰ?'

'ਬੱਸ' ਟੇਸ਼ਨ ਤੇ ਬੈਠਾ ਰਹਿਆ ਮੈਂ ਤਾਂ। ਗੱਡੀ ਦੀਆਂ ਸਵਾਰੀਆਂ ਦੇਖ ਲੀਆਂ।'

ਉਹਦੀਆਂ ਗੱਲਾਂ ਸੁਣ ਕੇ ਮੈਂ ਹੱਸਣ ਲੱਗਿਆ। ਓਧਰ ਵਿਹੜੇ ਵਿੱਚ ਹੀ ਉਹਦਾ ਮੰਜਾ-ਬਿਸਤਰਾ ਸੀ।ਉਹਨੂੰ ਮੈਂ ਦੁੱਧ ਦਾ ਅੱਧਾ ਗਿਲਾਸ ਫੜਾਇਆ ਤਾਂ ਉਹ ਕਹਿੰਦਾ- 'ਐਨੀ ਖੇਚਲ ਕਾਹਨੂੰ ਕਰਨੀ ਸੀ, ਮਾਸਟਰ?'

ਉਹਦੇ ਕੋਲੋਂ ਖ਼ਾਲੀ ਗਿਲਾਸ ਲੈ ਕੇ ਮੈਂ ਆਉਣ ਲੱਗਿਆ ਤਾਂ ਉਹ ਕਹਿੰਦਾ-'ਕੱਲ ਨੂੰ ਮਜ਼ਦੂਰ ਤਾਂ ਕੀ ਕਰਨੈ, ਮਾਸਟਰ। ਪਾਂਡੂ 'ਚ ਬਰੇਤੀ ਦੀ ਅਣਸ ਔਣ ਲੱਗ ਪੀ। ਪਾਣੀ ਨਾ ਥਿਆਇਆ ਤਾਂ ਪੱਚੀ ਫੁੱਟ ਤੇ ਬੰਦ ਕਰ ਦਿਆਂਗੇ। ਤਿੰਨ ਕੁ ਫੁੱਟ ਹੋਰ ਐ। ਤੂੰ ਈ ਕਰ ਲਈਂ ਖੇਚਲ। ਐਡਾ ਔਖਾ ਕੰਮ ਨੀ। ਛੋਟਾ ਕਾਕਾ ਹੈਗਾ। ਇਹ ਵੀ ਪਵਾਊ ਹੱਥ। ਅੱਡਾ ਵੀ ਆਪਾਂ ਈ ਬਣਾ ਲਾਂਗੇ। ਤੈਨੂੰ ਬਹੁਤਾ ਔਖਾ ਨ੍ਹੀ ਕਰਦੇ।'

ਦੂਜੇ ਦਿਨ ਦੁਪਹਿਰ ਤੱਕ ਅਸੀਂ ਸਾਰਾ ਕੰਮ ਨਿਬੇੜ ਲਿਆ। ਉਹ ਨਹਾ ਲਿਆ। ਮੈਂ ਰੋਟੀ ਪਾ ਦਿੱਤੀ। ਰੋਟੀ ਖਾ ਕੇ ਪੈਸੇ ਲੈਣ ਤੋਂ ਪਹਿਲਾਂ ਉਹਨੇ ਗੱਲ ਛੇੜੀ।

'ਮਾਸਟਰ' ਖਬਾਰਾਂ 'ਚ ਤੇਰੇ ਲੇਖ ਛਪਦੇ ਨੇ। ਸਾਰੇ ਅਬਸਰ ਤੈਨੂੰ ਜਾਣਦੇ ਨੇ। ਇੱਕ ਸਾਡਾ ਵੀ ਕੰਮ ਕਰ ਦੇ। ਲਾ ਦੇ ਦਮਰਦਾ।'

'ਕੀ ਦੱਸ?' ਮੈਂ ਪੁੱਛਿਆ।

'ਜੇ ਮੈਂ ਕਿਸੇ ਸਕੂਲ 'ਚ ਮਾਲੀ ਲੱਗ ਜਾਂ ਤਾਂ ਵਧੀਆ ਰਹੇ। ਸਾਡੇ ਪਿੰਡ ਬਜ਼ੀਰ ਆਇਆ ਸੀ, ਮੈਂ ਉਹਨੂੰ ਵੀ ਅਰਜ ਕੀਤੀ ਸੀ। ਸਾਡੇ ਲਾਕੇ ਦੇ ਐਮ. ਐਲੇ ਨੂੰ ਤਾਂ ਕਈ ਵਾਰੀ ਮਿਲਿਆ ਮੈਂ। ਰੋਜ਼ਗਾਰ ਦਫ਼ਤਰ ਨੂੰ ਵੀ ਨਾ ਦਿੱਤਾ ਵਿਐ। ਤੂੰ ਜੇ ਮੇਰਾ ਇਹ ਕੰਮ ਕਰਵਾਏਂ ਤਾਂ ਇਹ ਸਭ ਤੋਂ ਵੱਡੀ ਛਾਲ ਐ। ਦਿਨ ਸੁਖਾਲੇ ਨਿੱਕਲ ਜਾਣ। ਮੈਥੋਂ ਹੁਣ ਸੱਬਲ ਚਲਦੀ ਨ੍ਹੀ। ਅਣ-ਸਰਦੇ ਨੂੰ ਕਰੀਦੈ।'

ਪੈਸੇ ਦੇ ਕੇ ਮੈਂ ਉਹਦੇ ਦਿਲ ਧਰਾਇਆ-'ਚੰਗਾ, ਮੈਂ ਪੁੱਛੂੰਗਾ ਕਿਸੇ ਨੂੰ। ਕਿਸੇ ਹੈਡ ਮਾਸਟਰ ਨਾਲ ਗੱਲ ਕਰੂੰਗਾ। ਕੰਮ ਬਣਦਾ ਦਿੱਸਿਆ ਤਾਂ ਤੈਨੂੰ ਪਤਾ ਕਰ ਦੂੰ।'

ਪੈਸੇ ਗਿਣਕੇ ਉਹਨੇ ਪਲਾਸਟਿਕ ਦੇ ਇੱਕ ਨਿੱਕੇ ਲਿਫ਼ਾਫ਼ੇ ਵਿੱਚ ਪਾਏ। ਲਿਫ਼ਾਫ਼ੇ ਦੀ ਦੂਹਰੀ ਤਹਿ ਕੀਤੀ ਤੇ ਉਹਨੂੰ ਜੇਬ ਵਿੱਚ ਪਾ ਲਿਆ। ਉੱਤੇ ਬਕਸੂਆ ਲਾ ਲਿਆ।

ਅਗਲੇ ਪਲ ਹੀ ਉਹ ਆਪਣੀ ਮੋਟੀ-ਭਾਰੀ ਸੱਬਲ ਮੋਢੇ ਧਰੀ ਸਾਡੇ ਘਰੋਂ ਬਾਹਰ ਜਾ ਰਿਹਾ ਸੀ। ਬਾਰ ਵਿੱਚ ਖੜ੍ਹ ਕੇ ਦੂਰ ਤੱਕ ਉਹਨੂੰ ਤੁਰੇ ਜਾਂਦੇ ਨੂੰ ਮੈਂ ਦੇਖਦਾ ਰਿਹਾ।♦