ਰੇਤ ਦੇ ਘਰ/ਰੇਤ ਦੇ ਘਰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰੇਤ ਦੇ ਘਰ

ਭੀੜ ਤੋਂ ਪਰੇ ਇੱਕ ਪਾਸੇ ਨੂੰ ਬੈਠੀ ਉਹ ਰੇਤ ਨਾਲ ਖੇਡ ਰਹੀ ਸੀ। ਚਿਹਰੇ ’ਤੇ ਮਾਸੂਮੀਅਤ ਤੇ ਆਪਣੇ ਆਪ ’ਚ ਮਸਤ, ਉਹ ਕਲਾ ਦੀ ਕੋਈ ਵਸਤੂ ਲੱਗਦੀ ਸੀ। ਗਿੱਲੀ ਰੇਤ ਨਾਲ ਖੇਡਦੀ ਉਹ ਬੱਚੀਆਂ ਵਰਗੀ ਲੱਗਦੀ ਸੀ ਪਰ ਉਹ ਬੱਚੀ ਨਹੀਂ ਸੀ।

ਕਈ ਦਿਨਾਂ ਦੇ ਥਕਾਨ ਭਰੇ ਸਮੁੰਦਰੀ ਸਫ਼ਰ ਤੋਂ ਬਾਅਦ ਮੈਂ ਬੀਚ ਵੱਲ ਘੁੰਮਣ ਆਇਆ। ਸੋਚ ਰਿਹਾ ਸੀ, ‘ਕਿੰਨੇ ਆਦੀ ਹੋ ਗਏ ਹਾਂ ਅਸੀਂ ਇਨ੍ਹਾਂ ਜਹਾਜ਼ਾਂ ਦੇ। ਏਸ ਜ਼ਿੰਦਗੀ ਦੇ। ਜਹਾਜ਼ ਦੀ ਮਸ਼ੀਨਰੀ ਦੀ ਰਿਦਮਿੱਕ ਆਵਾਜ਼ ਦੇ। ਸੁੱਤੇ ਪਿਆਂ ਦੇ ਕੰਨ ਵੀ ਉਸ ਆਵਾਜ਼ ਦੇ ਆਦੀ ਹੋ ਗਏ ਹਨ। ਇੰਜਣ ਜਾਂ ਕਿਸੇ ਹੋਰ ਮਸ਼ੀਨਰੀ ’ਚ ਜ਼ਰਾ ਵੀ ਨੁਕਸ ਪਿਆ, ਸਭ ਤੋਂ ਪਹਿਲਾਂ ਕੰਨ ਨੋਟ ਕਰਦੇ ਹਨ। ਆਵਾਜ਼ ਬਦਲੀ ਤਾਂ ਤ੍ਰਬਕ ਕੇ ਉੱਠ ਬਹਿੰਦੇ ਹਾਂ। ਝੱਟ ਉਸ ਬਦਲੀ ਆਵਾਜ਼ ਵੱਲ ਭੱਜਦੇ ਹਾਂ ਤੇ ਉਸ ਮਸ਼ੀਨਰੀ ਕੋਲ ਪਹੁੰਚ ਜਾਂਦੇ ਹਾਂ। ਹਰ ਵਕਤ ਫ਼ਿਕਰ ਤੇ ਅੱਗੇ ਦਿੱਤੇ ਹੋਏ ਵਕਤ ਤੇ ਬੰਦਰਗਾਹ ਪਹੁੰਚਣ ਦੀ ਟੈਂਸ਼ਨ।’

ਕੁੱਝ ਪਲ ਟੈਂਸ਼ਨ ਮੁਕਤ ਹੋਣ ਲਈ ਹੀ ਬਾਹਰ ਨਿਕਲਦੇ ਹਾਂ। ਫੇਰ ਸਿੱਧਾ ਕੋਈ ਬਾਰ, ਕੋਈ ਕਲੱਬ, ਕੋਈ ਸੁੰਦਰ ਬੀਚ, ਕੋਈ ਸੁੰਦਰ ਪਾਰਕ ’ਚ ਪਹੁੰਚ ਕੇ ਤਰੋ-ਤਾਜ਼ਾ ਹੋ ਜਾਂਦੇ ਹਾਂ। ਅੱਜ ਵੀ ਤਰੋ-ਤਾਜ਼ਾ ਹੋਣ ਹੀ ਆਇਆ ਹਾਂ। ਵਾਪਸ ਜਾ ਕੇ ਤਾਂ ਫੇਰ ਉਹੀ ਵੀਹ ਕੁ ਚਿਹਰੇ। ਜਿਨ੍ਹਾਂ ’ਚ ਵਾਰੀ-ਵਾਰੀ ਅੱਧੇ ਸੁੱਤੇ ਅੱਧੇ ਜਾਗਦੇ। ਮਤਲਬ ਅੱਧੇ ਡਿਊਟੀ ’ਤੇ, ਅੱਧੇ ਰੈਸਟ ’ਤੇ।

ਮੇਰੀ ਨਜ਼ਰ ਗਿੱਲੀ ਰੇਤ ਨਾਲ ਖੇਡ ਰਹੀ ਉਸ ਕੁੜੀ ’ਤੇ ਪਈ। ਦੇਖ ਮਨ ਨੂੰ ਸਕੂਨ ਜਿਹਾ ਮਿਲਿਆ। ਕਾਫ਼ੀ ਦੇਰ ਤੱਕ ਉਸ ਨੂੰ ਹੀ ਦੇਖਦਾ ਰਿਹਾ। ਫਿਰ ਅਚਾਨਕ ਹੀ ਮੇਰੇ ਕਦਮ ਉਸ ਪਾਸੇ ਵੱਲ ਨੂੰ ਤੁਰ ਪਏ। ਮੈਂ ਬੇ-ਪਰਵਾਹ ਹੋ ਇਸ ਤਰ੍ਹਾਂ ਚੱਲਣ ਲੱਗਾ, ਜਿਵੇਂ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ। ਨਾ ਉਸ ਵੱਲ ਸਿਰ ਘੁਮਾਇਆ, ਨਾ ਆਪਣੀ ਚਾਲ ਹੌਲੀ ਕੀਤੀ। ਅੱਖਾਂ ਦੇ ਕੋਇਆਂ ਰਾਹੀਂ ਵੇਖਦਾ-ਵੇਖਦਾ ਅੱਗੇ ਲੰਘ ਗਿਆ।

ਜੀਨਜ਼ ਪੈਂਟ ਨਾਲ ਉਸਨੇ ਖੁੱਲ੍ਹੀ ਜਿਹੀ ਟੀ-ਸ਼ਰਟ ਪਾਈ ਹੋਈ ਸੀ। ਗਰਦਨ ਦੇ ਦੁਆਲੇ ਚਮੜੀ ਬਹੁਤ ਗੋਰੀ ਸੀ। ਉਹ ਬਹੁਤ ਸੋਹਣੀ ਲੱਗੀ। ਸੋਚਣ ਲੱਗਾ, ‘ਐਨੀ ਸੋਹਣੀ ਤੇ ਜਵਾਨ ਕੁੜੀ, ਉਹ ਵੀ ਸਮੁੰਦਰੀ ਬੀਚ ’ਤੇ, ਇਕੱਲੀ ਤਾਂ ਨੀ ਹੋ ਸਕਦੀ। ਨਾਲ ਕੋਈ ਜ਼ਰੂਰ ਹੋਏਗਾ। ਕੋਈ ਬੁਆਏ-ਫਰੈਂਡ ਜਾਂ ਸਹੇਲੀ ਪਰ ਨਜ਼ਦੀਕ ਕੋਈ ਨਜ਼ਰ ਵੀ ਨੀ ਆ ਰਿਹਾ। ਹੋ ਸਕਦੈ ਕਿਸੇ ਸਟਾਲ ਤੋਂ ਖਾਣ-ਪੀਣ ਲਈ ਕੁੱਝ ਲੈਣ ਗਿਆ ਹੋਵੇ।’

ਮਨ ’ਚ ਕਈ ਤਰ੍ਹਾਂ ਦੇ ਖ਼ਿਆਲ ਆ ਰਹੇ ਸਨ। ਮੈਂ ਵਾਪਸ ਮੁੜ ਪਿਆ। ਦੂਰ ਬੰਦਰਗਾਹ ਵਿੱਚ ਕੁੱਝ ਜਹਾਜ਼ ਖੜ੍ਹੇ ਸਨ। ਕਦੀ ਮੈਂ ਉਨ੍ਹਾਂ ਵੱਲ ਵੇਖਣ ਲੱਗਦਾ, ਕਦੀ ਸਮੁੰਦਰ ਦੀਆਂ ਲਹਿਰਾਂ ਵੱਲ, ਕਦੀ ਹੋਰ ਏਧਰ-ਓਧਰ ਪਰ ਇਹ ਸਭ ਇੱਕ ਨਾਟਕ-ਨੁਮਾ ਸੀ। ਅਸਲ ’ਚ ਚੋਰ ਅੱਖਾਂ ਨਾਲ ਮੈਂ ਉਸ ਨੂੰ ਹੀ ਦੇਖ ਰਿਹਾ ਸੀ। ਅੰਦਰ ਕੋਈ ਹਲਚਲ ਜਿਹੀ ਮੱਚੀ ਹੋਈ ਸੀ। ਮਨ ਬੁਰੀ ਤਰ੍ਹਾਂ ਅਸ਼ਾਂਤ। ਮਨ ਤਾਂ ਕਹਿ ਰਿਹਾ ਸੀ, ‘ਕਾਸ਼! ਮੈਂ ਇਸ ਦੇ ਕੋਲ ਬੈਠ ਜਾਵਾਂ। ਇਸ ਨਾਲ ਕੋਈ ਮਿੱਠੀਆਂ-ਪਿਆਰੀਆਂ ਗੱਲਾਂ ਕਰਾਂ।’ ਇਹ ਮਨ ਵੀ ਬੜੀ ਪਤੰਦਰ ਚੀਜ਼ ਹੈ। ਬੰਦੇ ਦੇ ਬਾਅਦ ’ਚ ਭਾਵੇਂ ਜੁੱਤੀਆਂ ਪੈਣ, ਇੱਕ ਵਾਰੀ ਤਾਂ ਮੱਤ ਹੀ ਮਾਰ ਦਿੰਦੈ।

ਤੁਰਦਾ-ਤੁਰਦਾ ਮੈਂ ਫਿਰ ਮੇਨ ਬੀਚ ਵਾਲੇ ਪਾਸੇ ਆ ਗਿਆ। ਭਾਵੇਂ ਬੀਚ ’ਤੇ ਹੋਰ ਬਥੇਰੀ ਰੌਣਕ ਸੀ ਪਰ ਮਨ ਦੀ ਸੂਈ ਅੱਜ ਉਸ ਕੁੜੀ ਉੱਪਰ ਹੀ ਅਟਕ ਗਈ। ਮਨ ਬੜਾ ਉਚਾਟ, ਮੈਂ ਬੀਅਰ ਦਾ ਕੇਨ ਲਿਆ ਤੇ ਇੱਕ ਪਾਸੇ ਬੈਠ ਚੁਸਕੀਆਂ ਲੈਣ ਲੱਗਾ। ਨਾਲ-ਨਾਲ ਉਸ ਵੱਲ ਵੇਖ ਲੈਂਦਾ। ਉਹ ਅਜੇ ਤੱਕ ਵੀ ਇਕੱਲੀ ਬੈਠੀ ਸੀ। ਉਸੇ ਤਰ੍ਹਾਂ ਰੇਤ ਨਾਲ ਖੇਡ ਰਹੀ ਸੀ। ਮੈਥੋਂ ਰਿਹਾ ਨਾ ਗਿਆ। ਉੱਠ ਕੇ ਫੇਰ ਉਸ ਵੱਲ ਨੂੰ ਚੱਲ ਪਿਆ।

ਉਹ ਰੇਤ ਦਾ ਕੋਈ ਘਰ ਨੁਮਾ ਬਣਾ ਰਹੀ ਸੀ। ਉਸਨੇ ਕੋਈ ਧਿਆਨ ਨਾ ਦਿੱਤਾ। ਮੈਂ ਥੋੜ੍ਹਾ ਅੱਗੇ ਲੰਘ ਗਿਆ ਪਰ ਦਿਲ ਮਚਲ ਰਿਹਾ ਸੀ। ਜੀਅ ਕਰਦਾ ਸੀ, ਜਲਦੀ ਨਾਲ ਉਸ ਕੋਲ ਜਾ ਰੁਕਾਂ। ਉਸ ਨਾਲ ਗੱਲਾਂ ਕਰਾਂ, ਪਰ ਕਿਵੇਂ, ਸਮਝ ਨਹੀਂ ਸੀ ਪੈ ਰਿਹਾ। ਹੁਣ ਤੱਕ ਯਕੀਨ ਹੋਣ ਲੱਗਾ ਸੀ ਕਿ ਉਹ ਇਕੱਲੀ ਹੈ।

ਉਤਸੁਕਤਾ ਵਧਦੀ ਗਈ। ਡਰ ਵੀ ਰਿਹਾ ਸੀ, ‘ਕਿਤੇ ਹੋਰ ਨਾ ਕੋਈ ਪੰਗਾ ਖੜ੍ਹਾ ਹੋ ਜਾਵੇ। ਇਹ ਪੁਲਿਸ ਨੂੰ ਸੱਦ ਲਵੇ। ਮੈਂ ਜਹਾਜ਼ ਵਿੱਚ ਵਾਪਸ ਜਾਣ ਦੀ ਬਜਾਏ ਠਾਣੇ ਜਾਂ ਜੇਲ੍ਹ ’ਚ।’ ਪਤਾ ਸੀ ਬਾਹਰਲੇ ਮੁਲਕਾਂ ਦੇ ਲੋਕ ਨਿੱਜਤਾ ਪਸੰਦ ਹਨ। ਉਹ ਕਿਸੇ ਦਾ ਬੇਮਤਲਬ ਦਖ਼ਲ ਬਿਲਕੁਲ ਬਰਦਾਸ਼ਤ ਨਹੀਂ ਕਰਦੇ।

ਪਰ ਮਨ ਐਨਾ ਬੇਚੈਨ ਕਿ ਮੇਰੀ ਕੋਈ ਦਲੀਲ ਮੰਨਣ ਨੂੰ ਤਿਆਰ ਹੀ ਨਹੀਂ। ਮੈਂ ਵਾਪਸ ਮੁੜਿਆ ਤੇ ਉਸਦੇ ਨਜ਼ਦੀਕ ਆ ਕੇ ਰੁਕਦਾ-ਰੁਕਦਾ, ਬੱਸ ਰੁਕ ਹੀ ਗਿਆ। ਉਹ ਬੜੇ ਪਿਆਰ ਨਾਲ ਰੇਤ ਦਾ ਘਰ ਨੁਮਾ ਆਕਾਰ ਬਣਾਉਂਦੀ ਤੇ ਤੋੜ ਦਿੰਦੀ। ਜਿਵੇਂ ਉਸਦੀ ਤਸੱਲੀ ਨਾ ਹੋ ਰਹੀ ਹੋਵੇ। ਉਸਨੇ ਅਜੇ ਤੱਕ ਵੀ ਕੋਈ ਧਿਆਨ ਨਾ ਦਿੱਤਾ। ਰੇਤ ਦਾ ਇੱਕ ਹੋਰ ਘਰ ਬਣਾਇਆ। ਮੈਂ ਵੇਖ ਰਿਹਾ ਸੀ ਕਿ ਉਹ ਫਿਰ ਉਸਨੂੰ ਤੋੜਨ ਲੱਗੀ।

ਪਿੱਛੇ ਖੜ੍ਹੇ-ਖੜ੍ਹੇ ਮੈਨੂੰ ਪਤਾ ਨੀ ਕੀ ਹੋਇਆ, ਅਚਾਨਕ ਉੱਚੀ ਆਵਾਜ਼ ’ਚ ਕਹਿ ਹੋ ਗਿਆ, “ਪਲੀਜ਼ ਡੌਂਟ ਬਰੇਕ ਇਟ।”

ਉਹ ਇਕਦਮ ਹੈਰਾਨ ਹੋ ਕੇ ਖੜ੍ਹੀ ਹੋ ਗਈ। ਪਿੱਛੇ ਮੁੜ ਕੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ। ਪੰਜ ਫੁੱਟ ਤੋਂ ਉੱਪਰ ਕੱਦ ਦੀ ਗੋਰੀ ਸੁਨੱਖੀ ਕੁੜੀ, ਇਕਦਮ ਮੇਰੇ ਸਾਹਮਣੇ ਖੜ੍ਹੀ ਸੀ। ਘੂਰ-ਘੂਰ ਮੈਨੂੰ ਵੇਖ ਰਹੀ ਸੀ। ਮੈਂ ਪੂਰਾ ਡਰ ਗਿਆ। ‘ਸੋਚਿਆ ਪੈ ਗਿਆ ਪੰਗਾ। ਹੁਣ ਪੁਲਿਸ ਆਏਗੀ।’ ਪ੍ਰੇਸ਼ਾਨ ਖੜ੍ਹਾ ਚੁੱਪ-ਚਾਪ ਰੇਤ ਦੇ ਉਸ ਘਰ ਵੱਲ ਵੇਖਣ ਲੱਗਾ।

“ਹੂਅ ਆਰ ਯੂ?” ਉਹ ਅਚਾਨਕ ਕੜ੍ਹਕੀ।

ਸੁਣ ਕੇ ਇੱਕ ਵਾਰ ਤਾਂ ਸੁੰਨ ਜਿਹਾ ਹੋ ਗਿਆ। ਸਭ ਕੁੱਝ ਗੜਬੜਾਉਂਦਾ ਨਜ਼ਰ ਆਇਆ ਪਰ ਅੱਗੇ ਕੀ ਹੋਇਆ, ਉਹ ਮੈਥੋਂ ਲਿਖ ਨਹੀਂ ਹੋ ਰਿਹਾ।

ਕਈ ਸਾਲ ਤੱਕ ਮੈਂ ਉਸ ਦੇ ਬਣਾਏ ਉਸ ਰੇਤ ਦੇ ਘਰ ਨੂੰ ਪੱਕਾ ਬਣਾਉਣ ਦੇ ਸੁਪਨੇ ਲੈਂਦਾ ਰਿਹਾ। ਆਪਣੇ ਟੁੱਟੇ ਘਰ ਨੂੰ ਮੁੜ ਵਸਾਉਣ ਦੇ ਸੁਪਨੇ ਲੈਂਦਾ ਰਿਹਾ। ਖ਼ਿਆਲਾਂ 'ਚ ਹੀ ਉਸ ਨੂੰ ਨਾਲ ਲੈ, ਆਕਾਸ਼ ’ਚ ਉਡਾਰੀਆਂ ਲਾਉਂਦਾ ਰਿਹਾ। ਕਿੰਨੇ ਸਾਲਾਂ ਤੋਂ ਇਹੀ ਤਾਂ ਕਰ ਰਿਹਾ ਸੀ, ਇੰਤਜ਼ਾਰ ....ਇੰਤਜ਼ਾਰ....ਤੇ ਸਿਰਫ਼ ਇੰਤਜ਼ਾਰ।

ਉਸ ਇੰਤਜ਼ਾਰ ਦਾ ਅੰਤਲਾ ਸੀਨ ਐਸਾ ਭਿਆਨਕ ਹੋਵੇਗਾ, ਇਹ ਤਾਂ ਕਦੇ ਸੋਚਿਆ ਹੀ ਨਹੀਂ। ਹੁਣ ਤਾਂ ਆਹ ਉਸਦੀ ਇੱਕ ਚਿੱਠੀ ਹੈ। ਪਹਿਲੀ ਤੇ ਆਖ਼ਰੀ। ਮੈਂ ਕੀ ਦੱਸਾਂ....ਇਸੇ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ। ਤੁਹਾਨੂੰ ਸਭ ਕੁੱਝ ਹੀ ਪਤਾ ਲੱਗ ਜਾਏਗਾ।

-0-

ਪਿਆਰੇ ਰਵੀ....ਜ਼ਿੰਦਗੀ ਮੇਰੇ ਲਈ ਇੱਕ ਬੋਝ ਬਣ ਗਈ ਸੀ। ਮਨ ਦੇ ਸਾਰੇ ਚਾਅ ਤੇ ਖ਼ੁਸ਼ੀਆਂ ਮਰ ਚੁੱਕੀਆਂ ਸਨ। ਜਿਉਣ ਦਾ ਕੋਈ ਮਕਸਦ ਨਹੀਂ ਸੀ ਮਿਲ ਰਿਹਾ। ਕੁੱਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਇੱਕ ਜਿੰਦਾ ਲਾਸ਼ ਬਣ ਕੇ ਘੁੰਮਦੀ ਫਿਰਦੀ ਸੀ। ਅਚਾਨਕ ਬੜੀਆਂ ਅਜੀਬ ਪ੍ਰਸਥਿਤੀਆਂ ’ਚ ਇੱਕ ਟਾਪੂ ਤੇ ਮੈਨੂੰ ਤੂੰ ਮਿਲਿਆ। ਤੇਰੇ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ’ਚ ਜਬਰਦਸਤ ਮੋੜ ਆਇਆ। ਸਭ ਕੁੱਝ ਹੀ ਬਦਲ ਗਿਆ। ਮੈਂ ਵੀ ਹੈਰਾਨ ਤੇ ਮਾਂ-ਬਾਪ ਵੀ ਹੈਰਾਨ।

ਪਿਛਾਂਹ ਵੱਲ ਨਜ਼ਰ ਮਾਰਦੀ ਹਾਂ। ਉਹ ਹਰਿਆ-ਭਰਿਆ ਟਾਪੂ ਨਜ਼ਰ ਪੈਂਦਾ, ਜਿੱਥੇ ਆਪਾਂ ਪਹਿਲੀ ਵਾਰ ਮਿਲੇ। ਦੂਰ ਇੱਕ ਪਾਸੇ ਬੈਠੀ ਮੈਂ ਠੰਢੀ ਤੇ ਗਿੱਲੀ ਰੇਤ ਨਾਲ ਖੇਡ ਰਹੀ ਸੀ। ਆਪਣੇ ਹੀ ਖ਼ਿਆਲਾਂ ਵਿੱਚ ਗੁਆਚੀ, ਰੇਤ ਦਾ ਘਰ ਬਣਾਉਂਦੀ ਤੇ ਢਾਹ ਦਿੰਦੀ। ਬਣਾ ਲੈਂਦੀ, ਢਾਹ ਦਿੰਦੀ। ਤੂੰ ਚੁੱਪ-ਚਾਪ ਕਦ ਮੇਰੇ ਪਿੱਛੇ ਆ ਕੇ ਖੜੋ ਗਿਆ, ਮੈਨੂੰ ਪਤਾ ਨਹੀਂ ਸੀ ਲੱਗਾ। ਮੈਂ ਰੇਤ ਦਾ ਘਰ ਬਣਾ ਉਸ ਨੂੰ ਤੋੜਨ ਲੱਗੀ। ਤੂੰ ਅਚਾਨਕ ਬੋਲ ਪਿਆ, “ਪਲੀਜ਼ ਡੌਂਟ ਬਰੇਕ ਇਟ।”

ਮੈਂ ਹੈਰਾਨ ਹੋ ਗਈ। ਗਰਦਨ ਘੁਮਾ ਕੇ ਦੇਖਿਆ, ਪਿੱਛੇ ਤੂੰ ਖੜ੍ਹਾ ਸੀ। ਗੁੰਮ ਤੇ ਕਿਧਰੇ ਗੁਆਚਿਆ ਹੋਇਆ। ਤੂੰ ਲਗਾਤਾਰ ਉਸ ਰੇਤ ਦੇ ਘਰ ਵੱਲ ਵੇਖੀ ਜਾ ਰਿਹਾ ਸੀ। ਮੈਨੂੰ ਬੜਾ ਗੁੱਸਾ ਆਇਆ। ਕੋਈ ਮੇਰੀ ਪ੍ਰਾਈਵੇਸੀ ਵਿੱਚ ਇਸ ਤਰ੍ਹਾਂ ਦਖ਼ਲ ਕਿਵੇਂ ਦੇ ਸਕਦਾ ਹੈ। ਮੈਂ ਗੁੱਸੇ 'ਚ ਚਿੱਲਾਈ ਸੀ, “ਹੂ ਆਰ ਯੂ?”

ਤੇਰੇ ਚਿਹਰੇ ’ਤੇ ਘਬਰਾਹਟ ਸੀ। ਸ਼ਾਇਦ ਕੋਈ ਡਰ ਵੀ। ਕੁੱਝ ਚਿਰ ਤੱਕ ਤੂੰ ਉਸੇ ਤਰ੍ਹਾਂ ਸਥਿਰ ਖੜ੍ਹਾ ਰਿਹਾ। ਮੈਂ ਬੇ-ਸਬਰੀ ਨਾਲ ਤੇਰਾ ਕੋਈ ਜਵਾਬ ਸੁਣਨ ਲਈ ਤੇਰੇ ਮੂੰਹ ਵੱਲ ਵੇਖਦੀ ਰਹੀ। ਫੇਰ ਬੜੀ ਹੀ ਪਿਆਰੀ ਤੇ ਸਹਿਜ ਆਵਾਜ਼ ਵਿੱਚ ਤੂੰ ਬੋਲਿਆ, “ਇਹ ਬਹੁਤ ਸੋਹਣਾ ਬਣਿਆ ਹੈ, ਬੜਾ ਪਿਆਰਾ ਲੱਗਦਾ ਹੈ, ਇਸ ਨੂੰ ਇਸੇ ਤਰ੍ਹਾਂ ਰਹਿਣ ਦਿਓ, ਪਲੀਜ਼ ਤੋੜੋ ਨਾ।”

ਤੇਰੇ ਸ਼ਬਦਾਂ ’ਚ ਕੋਈ ਜਾਦੂ ਸੀ। ਆਵਾਜ਼ ਜਿਵੇਂ ਕੋਈ ਆਕਾਸ਼ਬਾਣੀ ਹੋ ਰਹੀ ਹੋਵੇ। ਤੈਨੂੰ ਵੀ ਪਤਾ ਨਹੀਂ ਸੀ, ਤੂੰ ਕੀ ਬੋਲ ਰਿਹਾ ਹੈਂ। ਸ਼ਬਦ ਤੇਰੇ ਧੁਰ ਅੰਦਰੋਂ ਆਪ-ਮੁਹਾਰੇ ਨਿਕਲੇ ਸਨ। ਤੂੰ ਪੰਜਾਬੀ ਵਿੱਚ ਬੋਲ ਰਿਹਾ ਸੀ।

ਐਸੀਆਂ ਥਾਂਵਾਂ ਹਰ ਕੋਈ ਅੰਗਰੇਜ਼ੀ ’ਚ ਹੀ ਗੱਲ ਕਰਦਾ ਹੈ। ਪਹਿਲਾਂ ਤੂੰ ਵੀ ਅੰਗਰੇਜ਼ੀ ’ਚ ਹੀ ਬੋਲਿਆ ਸੀ। ਖ਼ੈਰ, ਜੋ ਵੀ ਸੀ, ਕੈਰੇਬੀਅਨ ਸਮੁੰਦਰ ਵਿਚਲੇ ਇਸ ਟਾਪੂ ਉੱਪਰ ਤੇਰਾ ਇਹ, “ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਂ ਵਾਲਾ ਦਖ਼ਲ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਾ। ਮੈਂ ਹੋਰ ਘੂਰ ਕੇ ਤੇਰੇ ਵੱਲ ਵੇਖਿਆ।

ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਤੂੰ ਕਾਹਲੀ-ਕਾਹਲੀ ਬੋਲ ਆਪਣੀ ਸਫ਼ਾਈ ਪੇਸ਼ ਕਰਨ ਲੱਗਾ, “ਆਈ ਐਮ ਸੌਰੀ, ਆਈ ਐਮ ਵੈਰੀ ਸੌਰੀ, ਆਈ ਡੌਟ ਮੀਨ ਟੂ ਡਿਸਟਰਬ ਯੂ, ਆਈ ਡੌਟ ਮੀਨ ਟੂ ਹਾਰਾਸ਼ ਯੂ, ਇਟ ਜਸਟ ਹੈਂਪਨਡ, ਜਸਟ ਸਡਨਲੀ।”

ਤੂੰ ਵਾਰ-ਵਾਰ ਸੌਰੀ ਕਹਿ ਕੇ ਮਾਫ਼ੀ ਮੰਗੀ। ਤੇਰੀ ਆਵਾਜ਼ ਕੰਬ ਰਹੀ ਸੀ। ਮੈਂ ਚੁੱਪ-ਚਾਪ ਖੜ੍ਹੀ ਤੇਰੇ ਮੂੰਹ ਵੱਲ ਵੇਖ ਰਹੀ ਸੀ। ਤੇਰੀਆਂ ਨਜ਼ਰਾਂ ਤੇ ਚਿਹਰੇ ਉੱਪਰਲੀ ਮਾਸੂਮੀਅਤ ਦੱਸ ਰਹੀ ਸੀ ਤੂੰ ਸੱਚ ਬੋਲ ਰਿਹਾ ਹੈਂ। ਉਸ ਟੋਕਾ-ਟਾਕੀ ਦਾ ਤੈਨੂੰ ਪਛਤਾਵਾ ਹੈ।

ਮੈਂ ਤੇਰੀ ਪ੍ਰੇਸ਼ਾਨੀ ਨੂੰ ਸਮਝਿਆ। ਚਿਹਰੇ ਉੱਪਰਲੀ ਮਾਸੂਮੀਅਤ ਦਾ ਮੇਰੇ ’ਤੇ ਕੋਈ ਜਾਦੂਮਈ ਅਸਰ ਹੋਇਆ। ਭੁੱਲ ਗਈ ਕਿੱਥੇ ਖੜ੍ਹੀ ਹਾਂ। ਅਚਾਨਕ ਮੇਰੇ ਮੂੰਹੋਂ ਇਹ ਬੋਲ ਹੋ ਗਿਆ, “ਕੋਈ ਗੱਲ ਨਹੀਂ।” ਤੇ ਮੈਂ ਚੁੱਪ-ਚਾਪ ਰੇਤ ਦੀ ਉਸ ਢੇਰੀ ਕੋਲ ਦੁਬਾਰਾ ਬੈਠ ਗਈ। ਬੈਠਣ ਸਾਰ ਖ਼ਿਆਲ ਆਇਆ, “ਹੈਂਅ! ਆਹ ਕੀ! ਮੈਂ ਤਾਂ ਖ਼ੁਦ ਪੰਜਾਬੀ ਬੋਲ ਗਈ। ਐਨੇ ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਹਾਂ, ਆਹ ਕੀ ਕਰ ਬੈਠੀ।' ਤੇ ਮੈਂ ਪ੍ਰੇਸ਼ਾਨੀ ਮਹਿਸੂਸ ਕਰਨ ਲੱਗੀ।

ਮੇਰੇ ਮੂੰਹੋਂ ਪੰਜਾਬੀ ਸੁਣ ਕੇ ਤੂੰ ਜਾਣ ਦੀ ਬਜਾਏ ਉੱਥੇ ਹੀ ਖੜੋ ਗਿਆ। ਤੇਰੀ ਪ੍ਰੇਸ਼ਾਨੀ ਕਾਫ਼ੀ ਹੱਦ ਤੱਕ ਗਾਇਬ ਹੋ ਗਈ। ਤੂੰ ਮੁਸਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਇੱਕ ਬੇਹੂਦਾ ਸਵਾਲ ਵੀ ਪੁੱਛਿਆ, “ਮੈਂ ਪਾਕਿਸਤਾਨੀ ਹਾਂ ਜਾਂ ਇੰਡੀਅਨ?”

ਮੈਂ ਕੋਈ ਜਵਾਬ ਨਹੀਂ ਸੀ ਦਿੱਤਾ। ਗੁੱਸੇ ਭਰੀਆਂ ਨਜ਼ਰਾਂ ਨਾਲ ਤੇਰੇ ਵੱਲ ਵੇਖਿਆ ਸੀ। ਤੂੰ ਫਿਰ ਸੌਰੀ ਕਹਿ ਦਿੱਤਾ। ਫੇਰ ਮੇਰੇ ਸਾਹਮਣੇ ਕੁੱਝ ਫਾਸਲੇ ਤੇ ਰੇਤ ਉੱਪਰ ਬੈਠ ਗਿਆ। ਸੋਚਣ ਲੱਗੀ, ‘ਹੁਣ ਕੀ ਕਰਾਂ, ਕਿਵੇਂ ਖਹਿੜਾ ਛੁਡਾਵਾਂ।’ ਫੇਰ ਪਤਾ ਨੀ ਮੈਨੂੰ ਕੀ ਹੋਇਆ ਕਿ ਅਚਾਨਕ ਰੇਤ ਦੇ ਬਣੇ ਘਰ ਵੱਲ ਇਸ਼ਾਰਾ ਕਰਕੇ ਪੁੱਛ ਬੈਠੀ, “ਰੇਤ ਦੇ ਇਸ ਘਰ ਵਿੱਚ ਤੈਨੂੰ ਕੀ ਸੋਹਣਾ ਲੱਗਾ?”

“ਘਰ, ਮਹਿਲ ਹੋਵੇ ਜਾਂ ਝੌੰਪੜੀ, ਇੱਟਾਂ ਦਾ ਹੋਵੇ ਜਾਂ ਰੇਤ ਮਿੱਟੀ ਦਾ, ਘਰ ਤਾਂ ਬੱਸ ਘਰ ਹੁੰਦਾ ਹੈ। ਜਦ ਢਹਿੰਦਾ ਹੈ, ਟੁੱਟਦਾ ਹੈ, ਦਰਦ ਤਾਂ ਹੁੰਦਾ ਹੀ ਹੈ। ਟੁੱਟੇ ਘਰਾਂ ਦਾ ਦਰਦ ਉਹੀ ਸਮਝ ਸਕਦੇ ਨੇ, ਜਿਨ੍ਹਾਂ ਦੇ ਆਪਣੇ ਘਰ ਟੁੱਟੇ ਹੋਣ।” ਐਨੀ ਗੱਲ ਕਹਿ ਤੂੰ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਜ਼ਮੀਨ ਵੱਲ ਦੇਖਣ ਲੱਗ ਪਿਆ।

ਤੇਰੀਆਂ ਗੱਲਾਂ ’ਚ ਕੋਈ ਦਰਦ ਸੀ। ਫਿਲਾਸਫ਼ਰਾਂ ਵਰਗੀ ਬੋਲੀ ਤੇ ਭਾਰੀ ਆਵਾਜ਼ ਨੇ ਮੈਨੂੰ ਹੈਰਾਨ ਕੀਤਾ। ਸੋਚਣ ਲੱਗੀ, ‘ਕੀ ਤੇਰਾ ਵੀ ਕੋਈ ਘਰ ਸੀ, ਜੋ ਟੁੱਟ ਚੁੱਕਾ ਹੈ।’ ਕੁੱਝ ਸੋਚ ਕੇ ਮੈਂ ਰੇਤ ਦਾ ਉਹ ਘਰ ਉਸੇ ਤਰ੍ਹਾਂ ਛੱਡ ਦਿੱਤਾ।

‘ਚਲੋ....ਬਾਕੀ ਛੱਡੋ। ਆਪਾਂ ਛੋਟੀਆਂ-ਛੋਟੀਆਂ ਗੱਲਾਂ ਕਰਨ ਲੱਗੇ। ਤੂੰ ਬੋਲਦਾ ਰਿਹਾ। ਮੈਂ ਸੁਣਦੀ ਰਹੀ। ਗੱਲਾਂ ਕਰਦਾ-ਕਰਦਾ ਤੂੰ ਐਨਾ ਭਾਵੁਕ ਹੋ ਗਿਆ, ਜ਼ਿੰਦਗੀ ਦੀਆਂ ਉਹ ਪਰਤਾਂ ਵੀ ਖੋਲ੍ਹ ਦਿੱਤੀਆਂ, ਜੋ ਸਿਰਫ਼ ਖ਼ਾਸ ਆਪਣਿਆਂ ਕੋਲ ਹੀ ਖੋਲ੍ਹੀਆਂ ਜਾਂਦੀਆਂ ਨੇ।

ਮੈਂ ਹੈਰਾਨ, ‘ਬੜਾ ਅਜੀਬ ਇਨਸਾਨ ਹੈ। ਨਾ ਮੇਰਾ ਨਾਮ ਜਾਣਦਾ ਹੈ, ਨਾ ਘਰ, ਪਿੰਡ, ਸ਼ਹਿਰ, ਜਾਤ, ਕੰਮਕਾਰ। ਆਪਣਾ ਸਭ ਕੁੱਝ ਮੇਰੇ ਸਾਹਮਣੇ ਇੰਝ ਖਿਲਾਰ ਦਿੱਤਾ, ਜਿਵੇਂ ਚਿਰਾਂ ਤੋਂ ਮੈਨੂੰ ਜਾਣਦਾ ਹੋਵੇ।’

ਤੇਰੀ ਦੁੱਖਾਂ ਭਰੀ ਕਹਾਣੀ ਮੇਰੇ ’ਤੇ ਅਸਰ ਕਰਨ ਲੱਗੀ। ਤੇਰੇ ਦੁੱਖਾਂ ਸਾਹਮਣੇ ਆਪਣੇ ਦੁੱਖ ਹੌਲੇ ਜਾਪਣ ਲੱਗੇ। ਬਹੁਤ ਦੇਰ ਚੁੱਪ ਬੈਠੀ ਤੇਰੇ ਬਾਰੇ ਸੋਚਦੀ ਰਹੀ ਤੇ ਸ਼ਾਇਦ ਤੂੰ ਮੇਰੇ ਬਾਰੇ। ਸੋਚਿਆ, ‘ਐਡਾ ਵੱਡਾ ਦਰਦ ਢਿੱਡ ’ਚ ਲਈ ਫਿਰਦਾ ਹੈ, ਇਹ ਜੀਅ ਕਿਸ ਤਰ੍ਹਾਂ ਰਿਹਾ ਹੈ। ਫਿਰ ਦਰਦ ਵੀ ਉਹ, ਜੋ ਇਸਨੇ ਆਪ ਨਹੀਂ ਸਹੇੜਿਆ। ਜਬਰਦਸਤੀ ਕਿਸੇ ਨੇ ਇਸ ਦੇ ਗਲ ਮੜ੍ਹ ਦਿੱਤਾ ਤੇ ਮੈਂ... ਮੈਂ ਤਾਂ ਸਾਰੇ ਦਰਦ ਆਪ ਸਹੇੜੇ ਨੇ। ਜਾਣੇ-ਅਣਜਾਣੇ ਆਪ ਗਲਤੀ ਕੀਤੀ ਹੈ। ਹੁਣ ਆਪ ਵੀ ਦੁਖੀ ਤੇ ਮਾਂ-ਬਾਪ ਵੀ।’

ਕਾਫ਼ੀ ਦੇਰ ਚੁੱਪ ਬੈਠੇ ਰਹੇ। ਫੇਰ ਤੂੰ ਬੋਲਿਆ, “ਆਪਣੇ ਬਾਰੇ ਕੁੱਝ ਨੀ ਦੱਸੇਂਗੀ?”

ਮੈਂ ਸਮੁੰਦਰ ਵੱਲ ਵੇਖਣ ਲੱਗੀ। ਰੇਤ ਵਿੱਚ ਉਂਗਲਾਂ ਮਾਰਨ ਲੱਗੀ। ਸੋਚਿਆ, ‘ਕੀ ਦੱਸਾਂ!’ ਮੇਰੀ ਜ਼ਿੰਦਗੀ ਬਾਰੇ ਤੇ ਚੱਲ ਰਹੇ ਵਰਤਾਰੇ ਬਾਰੇ ਮੈਂ ਖ਼ੁਦ ਹੀ ਸਪੱਸ਼ਟ ਨਹੀਂ ਸੀ, ਕੀ ਦਸਦੀ। ਤੂੰ ਲਗਾਤਾਰ ਮੇਰੇ ਵੱਲ ਵੇਖ ਰਿਹਾ ਸੀ। ਮੇਰੀਆਂ ਅੱਖਾਂ ਜਾਂ ਚਿਹਰੇ ’ਤੇ ਕੁੱਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਚੁੱਪ ਹੀ ਬੈਠੀ ਰਹੀ।

ਤੂੰ ਫਿਰ ਕਿਹਾ, ‘ਕੁੱਝ ਤਾਂ ਬੋਲ....ਕੁੱਝ ਤਾਂ ਕਹਿ। ਸੱਚ ਨਹੀਂ ਦੱਸਣਾ ਤਾਂ ਕੁਝ ਝੂਠ-ਮੂਠ ਹੀ ਸਹੀ।’

ਇਹ ਸੁਣ ਮੇਰੇ ਮਨ ’ਚ ਇੱਕ ਚੀਸ ਜਿਹੀ ਉੱਠੀ। ਹਉਕਾ ਜਿਹਾ ਲਿਆ ਤੇ ਕੁੱਝ ਬੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਮੈਥੋਂ ਬੋਲ ਨਾ ਹੋਇਆ। ਤੂੰ ਮੇਰੇ ਵੱਲ ਵੇਖ ਰਿਹਾ ਸੀ। ਤੇਰੀਆਂ ਸ਼ਾਂਤ ਅੱਖਾਂ ਵਿੱਚ ਹਮਦਰਦੀ ਸੀ, ਪਿਆਰ ਸੀ, ਦਿਲਾਸਾ ਸੀ, ਹੋਰ ਬੜਾ ਕੁੱਝ ਸੀ। ਮੇਰੀ ਹਾਲਤ ਐਸੀ ਹੋ ਗਈ, ਨਾ ਕੁੱਝ ਬੋਲ ਹੋਵੇ, ਨਾ ਤੇਰੀਆਂ ਅੱਖਾਂ ਵੱਲ ਵੇਖ ਹੋਵੇ। ਮੈਂ ਬਹੁਤ ਭਾਵੁਕ ਹੋ ਗਈ, ਬਹੁਤ ਭਾਵੁਕ। ਬੱਸ ਫੇਰ ਤਾਂ ਪਤਾ ਹੀ ਨਾ ਲੱਗਾ, ਕਦ ਮੇਰੀਆਂ ਬਾਹਾਂ ਤੇਰੇ ਗਲ ਦੁਆਲੇ ਵਲੀਆਂ ਗਈਆਂ। ਅੱਖਾਂ ’ਚੋਂ ਪਾਣੀ ਵਗਣ ਲੱਗਾ।

ਤੂੰ ਮੈਨੂੰ ਆਪਣੀਆਂ ਬਾਹਾਂ ’ਚ ਘੁੱਟ ਲਿਆ। ਮੇਰੇ ਮੋਢਿਆਂ ਨੂੰ ਥਪ-ਥਪਾ ਕੇ ਹੌਸਲਾ ਦੇਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਬੜਾ ਹੀ ਚੰਗਾ ਲੱਗਾ। ਮਨ ਨੂੰ ਕੋਈ ਅਜੀਬ ਸਕੂਨ ਮਿਲਿਆ। ਕਿੰਨਾ ਹੀ ਚਿਰ ਅਸੀਂ ਚੁੱਪ-ਚਾਪ ਇਸੇ ਤਰ੍ਹਾਂ ਬੈਠੇ ਰਹੇ।

ਬਾਅਦ ਵਿੱਚ ਕੁੱਝ ਸੰਭਲੇ। ਭਾਵੁਕਤਾ ਤੋਂ ਬਾਹਰ ਆਏ। ਅਸੀਂ ਹੋਰ ਗੱਲਾਂ ਕਰਨ ਲੱਗੇ। ਆਪਾਂ ਬਹੁਤ ਗੱਲਾਂ ਕੀਤੀਆਂ ਪਰ ਫਿਰ ਵੀ ਤੂੰ ਹੀ ਬੋਲਦਾ ਰਿਹਾ ਤੇ ਮੈਂ ਹੁੰਗਾਰਾ ਭਰਦੀ ਰਹੀ। ਆਪਣੇ ਬਾਰੇ ਮੈਂ ਤੈਨੂੰ ਕੁੱਝ ਵੀ ਨਾ ਦੱਸਿਆ। ਮੈਂ ਖੁਸ਼ ਸੀ, ਤੂੰ ਇਸਦਾ ਬੁਰਾ ਨਹੀਂ ਮਨਾਇਆ। ਕੁੱਝ ਚਿਰ ਬਾਅਦ ਤੂੰ ਜਹਾਜ਼ ’ਚ ਜਾਣਾ ਸੀ। ਮੈਂ ਹੋਟਲ ਵਾਪਸ ਮੁੜਨਾ ਸੀ। ਆਪਾਂ ਇੱਕ ਦੂਜੇ ਤੋਂ ਵਿਦਾ ਹੋਣ ਲੱਗੇ। ਵਿਦਾ ਹੋਣ ਵੇਲੇ ਬੜੇ ਭਾਵੁਕ ਸ਼ਬਦਾਂ ’ਚ ਤੂੰ ਕਿਹਾ, “ਮੈਨੂੰ ਨਹੀਂ ਪਤਾ ਤੂੰ ਕੌਣ ਹੈਂ, ਕੀ ਹੈਂ ਤੇ ਕਿੱਥੋਂ ਹੈਂ, ਦੱਸੋ ਕੀ ਮੇਰੇ ਨਾਲ ਸ਼ਾਦੀ ਕਰਨਾ ਚਾਹੇਂਗੀ? ਅਗਰ ਤੂੰ ਹਾਂ ਕਹੇਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।”

ਤੂੰ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ। ਤੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਨੂੰ ਅਜੀਬ ਖ਼ੁਸ਼ੀ ਹੋਈ। ਅੰਦਰ ਪੂਰਾ ਹੀ ਠਰ ਗਿਆ। ਐਨਾ ਚੰਗਾ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਪਰ ਮੈਂ ਚੁੱਪ ਸੀ। ਇੱਕ ਵਾਰ ਫਿਰ ਤੂੰ ਮੈਨੂੰ ਬਾਹਾਂ ’ਚ ਲੈ ਲਿਆ। ਮੇਰੀਆਂ ਬਾਹਾਂ ਵੀ ਆਪੇ ਹੀ ਤੇਰੇ ਲੱਕ ਦੁਆਲੇ ਕਸੀਆਂ ਗਈਆਂ। ਤੇਰੀ ਉਹ ਗੱਲ ਤੇ ਪਿਆਰ ਭਰੀ ਗਲਵੱਕੜੀ ਨੇ, ਮੈਨੂੰ ਜ਼ਿੰਦਗੀ ਦਾ ਕੋਈ ਮਕਸਦ ਦੇ ਦਿੱਤਾ।

ਰਵੀ ਮੈਂ ਅੰਦਰੋਂ ਬਹੁਤ ਖ਼ੁਸ਼ ਸਾਂ, ਬਹੁਤ ਖ਼ੁਸ਼ ਪਰ ਫਿਰ ਵੀ ਸ਼ਾਦੀ ਲਈ ਨਾਂਹ ਕੀਤੀ ਸੀ, ‘ਨਹੀਂ....ਅਜੇ ਨਹੀਂ।’

ਮੈਂ ਤਾਂ ਖ਼ੁਦ ਇੱਕ ਉਲਝੀ ਤਾਣੀ ਸੀ, ਤੈਨੂੰ ਕਿਉਂ ਉਲਝਾਉਂਦੀ। ਹਾਂ ਵਾਅਦਾ ਕੀਤਾ ਸੀ। ਅਗਰ ਫਿਰ ਮਿਲੇ ਤਾਂ ਇਸ ਦਾ ਜਵਾਬ ਦੇਵਾਂਗੀ। ਆਪਣੇ ਬਾਰੇ ਵੀ ਸਭ ਕੁੱਝ ਦੱਸਾਂਗੀ। ਤੂੰ ਫਿਰ ਕੋਈ ਗਿਲਾ ਨਹੀਂ ਕੀਤਾ।

ਆਪਾਂ ਦੁਬਾਰਾ ਮਿਲ ਨਹੀਂ ਸਕੇ। ਸ਼ਾਇਦ ਤੇਰਾ ਜਹਾਜ਼ ਦੁਬਾਰਾ ਕੈਰੇਬੀਅਨ ਟਾਪੂ ਜਾਂ ਅਮਰੀਕਾ ਵੱਲ ਨਾ ਆਇਆ ਹੋਵੇ। ਤੇਰੀ ਚਿੱਠੀ ਮਿਲੀ ਸੀ। ਉਸ ਵਕਤ ਤੱਕ ਵੀ ਮੇਰੀ ਤਾਣੀ ਸੁਲਝੀ ਨਹੀਂ ਸੀ। ਮੈਂ ਉਸਦਾ ਜਵਾਬ ਦੇਣਾ ਠੀਕ ਨਹੀਂ ਸਮਝਿਆ। ਹੁਣ ਸਭ ਕੁੱਝ ਸਾਫ਼ ਹੋ ਗਿਆ ਹੈ। ਸਮਾਂ ਆ ਗਿਆ ਹੈ। ਸਾਰੀ ਗੱਲ ਤੈਨੂੰ ਦੱਸਾਂ ਤੇ ਜ਼ਿੰਦਗੀ ਤੋਂ ਸੁਰਖੁਰੂ ਹੋ ਜਾਵਾਂ।

ਅਮਰੀਕਾ ਆਇਆਂ ਨੂੰ ਕਈ ਸਾਲ ਹੋ ਗਏ ਸਨ। ਸਭ ਬੜਾ ਠੀਕ-ਠਾਕ ਚੱਲ ਰਿਹਾ ਸੀ। ਸਾਰੇ ਖ਼ੁਸ਼ ਸਾਂ। ਪਰਿਵਾਰ ਬੜੀ ਚੰਗੀ ਤਰ੍ਹਾਂ ਸੈਟਲ ਸੀ। ਸ਼ਾਂਤ ਖੜ੍ਹੇ ਪਾਣੀਆਂ ਵਿੱਚ ਅਚਾਨਕ ਭੁਚਾਲ ਆ ਗਿਆ। ਮੈਨੂੰ ਬੁਖ਼ਾਰ ਦੀ ਸ਼ਿਕਾਇਤ ਹੋਣ ਲੱਗੀ। ਫਿਰ ਕੋਈ ਨਾ ਕੋਈ ਇਨਫੈਕਸ਼ਨ ਝੱਟ ਹੀ ਹੋ ਜਾਂਦੀ। ਕੰਪਲੀਟ ਟੈਸਟ ਹੋਏ। ਡਾਕਟਰ ਨੇ ਪਤਾ ਨਹੀਂ ਮੰਮੀ-ਪਾਪਾ ਨੂੰ ਕੀ ਦੱਸਿਆ, ਸੁਣ ਉਨ੍ਹਾਂ ਦੇ ਹੋਸ਼ ਉੱਡ ਗਏ ਪਰ ਮੈਨੂੰ ਮੇਰੀ ਬਿਮਾਰੀ ਬਾਰੇ ਕੁੱਝ ਨਾ ਦੱਸਿਆ ਗਿਆ।

ਮੰਮੀ-ਪਾਪਾ ਦੇ ਵਿਵਹਾਰ ਵਿੱਚ ਤਬਦੀਲੀ ਆ ਗਈ। ਘਰ ਦਾ ਬਹੁਤ ਹੀ ਖ਼ੁਸ਼ਗਵਾਰ ਤੇ ਪਿਆਰਾ ਮਾਹੌਲ, ਅਚਾਨਕ ਬਹੁਤ ਹੀ ਖੁਸ਼ਕ ਤੇ ਗਮਗੀਨ ਹੋ ਗਿਆ। ਕੁੱਝ ਪੁੱਛਦੀ ਤਾਂ ਦੱਸਣ ਦੀ ਬਜਾਏ, ਮੰਮੀ-ਪਾਪਾ ਰੁੱਖੀਆਂ ਗੱਲਾਂ ਕਰਨ ਲੱਗ ਜਾਂਦੇ। ਗੁੱਸੇ ’ਚ ਬੋਲਦੇ। ਮੈਂ ਹੈਰਾਨ ਸਾਂ ਤੇ ਪ੍ਰੇਸ਼ਾਨ ਵੀ। ਸਰੀਰਕ ਕਮਜ਼ੋਰੀ ਵੀ ਮਹਿਸੂਸ ਹੋਣ ਲੱਗੀ।

ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਕਿਸੇ ਭਿਆਨਕ ਬਿਮਾਰੀ ਦੀ ਸ਼ਿਕਾਰ ਹੋ ਗਈ ਹਾਂ। ਮੈਂ ਬਹੁਤ ਰੋਈ। ਘਰ ਦਾ ਮਾਹੌਲ ਐਨਾ ਘੁਟਣ ਭਰਿਆ ਕਿ ਇੱਕ ਦੂਜੇ ਦੇ ਮੱਥੇ ਲੱਗਣਾ ਵੀ ਮੁਸ਼ਕਿਲ। ਕਾਲਜ ਜਾਣ ਜਾਂ ਕਿਸੇ ਹੋਰ ਕੰਮ ਕਰਨ ਦਾ ਹੁਣ ਕੋਈ ਮਕਸਦ ਨਹੀਂ ਸੀ ਰਹਿ ਗਿਆ। ਮੰਮੀ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਘਰ ਰਹਿਣਾ ਹੋਰ ਵੀ ਔਖਾ ਲੱਗੇ। ਮੈਂ ਵੱਧ ਤੋਂ ਵੱਧ ਘਰ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ।

ਜਦੋਂ ਮੈਂ ਤੈਨੂੰ ਮਿਲੀ, ਉਹ ਵੀ ਮਾਂ-ਬਾਪ ਤੋਂ ਦੂਰ ਰਹਿਣ ਦਾ ਇੱਕ ਬਹਾਨਾ ਸੀ। ਕੁੱਝ ਦਿਨਾਂ ਲਈ ਉਸ ਕੈਰੇਬੀਅਨ ਟਾਪੂ ’ਤੇ ਰਹਿਣ ਲਈ ਗਈ ਸਾਂ। ਮੈਨੂੰ ਇਹ ਅਹਿਸਾਸ ਹੋਣ ਲੱਗਾ ਸੀ ਕਿ ਹੁਣ ਕਦੀ ਵੀ ਮੇਰਾ ਆਪਣਾ ਕੋਈ ਘਰ ਪਰਿਵਾਰ ਨਹੀਂ ਹੋਵੇਗਾ। ਇਸੇ ਲਈ ਹਰ ਰੋਜ਼ ਬੀਚ ’ਤੇ ਜਾ, ਰੇਤ ਦੇ ਘਰ ਬਣਾ-ਬਣਾ ਮਨ ਪਰਚਾਉਂਦੀ ਰਹਿੰਦੀ। ਜ਼ਿੰਦਗੀ ਬਾਰੇ ਸੋਚਦੀ ਤਾਂ ਅੱਗੇ ਕੋਈ ਹਨੇਰੀ ਖਾਈ ਦਿਖਾਈ ਦਿੰਦੀ। ਪਿੱਛੇ ਨੂੰ ਸੋਚਦੀ ਤਾਂ ਆਪਣੀ ਬੇ-ਅਕਲੀ ਸਾਹਮਣੇ ਆ ਜਾਂਦੀ। ਭਾਵੇਂ ਮੰਮੀ-ਪਾਪਾ ਨੇ ਮੈਨੂੰ ਕੁੱਝ ਵੀ ਸਪੱਸ਼ਟ ਨਹੀਂ ਸੀ ਕੀਤਾ ਤੇ ਮੈਂ ਵੀ ਆਪਣੀ ਕੋਈ ਗੱਲ ਮੰਮੀ-ਪਾਪਾ ਨੂੰ ਨਹੀਂ ਸੀ ਦੱਸੀ, ਫਿਰ ਵੀ ਮੈਂ ਮੌਤ ਦਾ ਇੰਤਜ਼ਾਰ ਕਰਨ ਲੱਗ ਪਈ ਸਾਂ ਤੇ ਇਹ ਇੰਤਜ਼ਾਰ ਦਾ ਸਮਾਂ ਬੜਾ ਔਖਾ ਲੱਗਦਾ ਸੀ।

ਅਚਾਨਕ ਤੂੰ ਮਿਲ ਪਿਆ। ਤੇਰੀ ਕਹਾਣੀ ਸੁਣੀ ਤਾਂ ਸਭ ਕੁੱਝ ਹੀ ਬਦਲ ਗਿਆ। ਮੌਤ ਦਾ ਉਹ ਔਖਾ ਤੇ ਦੁਖਦਾਈ ਇੰਤਜ਼ਾਰ, ਸੌਖਾ ਲੱਗਣ ਲੱਗਾ। ਸੋਚਿਆ, ‘ਲੋਕ ਪਹਾੜ ਜਿੱਡੇ ਦੁੱਖ ਆਪਣੇ ਸੀਨੇ ਵਿੱਚ ਲਈ ਫਿਰਦੇ ਹਨ ਤੇ ਜੀਅ ਰਹੇ ਹਨ।’ ਇਸ ਗੱਲ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰੇ ਅੰਦਰ ਜਬਰਦਸਤ ਤਬਦੀਲੀ ਆਈ।

ਮੈਂ ਆਪਣੇ ਸੀਨੇ ਨੂੰ ਪੱਥਰ ਬਣਾ ਲਿਆ। ਹੁਣ ਮੰਮੀ-ਪਾਪਾ ਜਾਂ ਕਿਸੇ ਦੀ ਗੱਲ ਦਾ ਬੁਰਾ ਨਹੀਂ ਮਨਾਉਂਦੀ। ਕਈ ਵਾਰ ਮੰਮੀ ਘੁੱਟ ਕੇ ਸੀਨੇ ਨਾਲ ਲਾ ਕਿੰਨਾ-ਕਿੰਨਾ ਚਿਰ ਦੁਲਾਰਦੀ ਰਹਿੰਦੀ ਹੈ। ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਜਾਂਦਾ ਹੈ। ਜੋ ਮੈਥੋਂ ਵੇਖਿਆ ਨਹੀਂ ਜਾਂਦਾ। ਪਾਪਾ ਦੇ ਵਤੀਰੇ ਵਿੱਚ ਵੀ ਤਬਦੀਲੀ ਹੈ। ਮੈਂ ਜਾਣਦੀ ਹਾਂ, ਉਨਾਂ ਦੇ ਮਨ ਵਿੱਚ ਬਹੁਤ ਵੱਡਾ ਦੁੱਖ ਹੈ, ਜਿਸ ਨੂੰ ਉਨ੍ਹਾਂ ਪ੍ਰਮਾਤਮਾ ਦੀ ਹੋਣੀ ਮੰਨ ਲਿਆ ਹੈ।

ਮੇਰੇ ਅੰਦਰ ਆਈ ਤਬਦੀਲੀ ਤੇਰੇ ਮਿਲਣ ਕਰਕੇ ਹੈ। ਤੇਰੀ ਦਰਦਾਂ ਭਰੀ ਕਹਾਣੀ ਸੁਣਨ ਕਰਕੇ ਹੈ। ਤੇਰੇ ਨਾਲ ਕੀਤੀਆਂ ਗੱਲਾਂ ਕਰਕੇ ਹੈ। ਤੇਰੀ ਉਹ ਘੁੱਟ ਕੇ ਪਾਈ ਜੱਫੀ, ਜਤਾਏ ਮੋਹ ਤੇ ਪਿਆਰ ਕਰਕੇ ਹੈ। ਵਰਨਾ ਮੇਰੀ ਰੂਹ ਭਟਕ ਹੀ ਰਹੀ ਸੀ। ਪਹਿਲਾਂ ਜਿਸ ਇਨਸਾਨ ਦੀਆਂ ਅੱਖਾਂ ਤੇ ਦਿਲ ’ਚ ਮੈਂ ਪਿਆਰ ਦੇਖਦੀ ਰਹੀ, ਉਹ ਸਭ ਛਲਾਵਾ ਜੁ ਸਾਬਤ ਹੋਇਆ ਸੀ।

ਪਿਆਰ ਤਾਂ ਤੇਰੀਆਂ ਅੱਖਾਂ ’ਚ ਸੀ। ਕੋਈ ਰੂਹਾਨੀ ਪਿਆਰ। ਵਿਡੰਬਨਾ....ਹੁਣ ਮੈਂ ਇਸ ਪਿਆਰ ਨੂੰ ਪਾਉਣ ਦੀ ਸਥਿਤੀ ’ਚ ਨਹੀਂ ਸੀ। ਫਿਰ ਵੀ ਤੇਰੇ ਇਸ ਪਿਆਰ ਨੇ ਮੇਰੇ ਅੰਦਰ ਉਹ ਟੌਨਿਕ, ਉਹ ਸ਼ਕਤੀ, ਉਹ ਐਨਰਜੀ ਭਰ ਦਿੱਤੀ ਸੀ ਕਿ ਹੁਣ ਮੈਂ ਇੱਕ ਬਦਲੀ ਹੋਈ ਔਰਤ ਸਾਂ।

ਹੁਣ ਕਿਸੇ ਨਾਲ ਵੀ ਕੋਈ ਗ਼ਿਲਾ ਨਹੀਂ। ਫਿਰ ਵੀ ਇੱਕ ਗੱਲ ਵਾਰ-ਵਾਰ ਮਨ ’ਚ ਆਉਂਦੀ ਹੈ। ਜੋ ਕੁੱਝ ਵੀ ਮੈਂ ਭੁਗਤ ਰਹੀ ਹਾਂ, “ਉਸ ਵਿੱਚ ਮੇਰਾ ਕਸੂਰ ਕਿਵੇਂ ਹੈ? ਠੀਕ ਹੈ ਪਿਆਰ ਕੀਤਾ। ਕੀ ਪਿਆਰ ਕਰਨਾ ਪਾਪ ਹੈ? ਕਿਸੇ ’ਤੇ ਵਿਸ਼ਵਾਸ ਕਰਨਾ ਪਾਪ ਹੈ?”

ਯੂਨੀਵਰਸਿਟੀ 'ਚ ਪੜ੍ਹਦੀ ਸੀ। ਡੈਨੀਅਲ ਵੀ ਉੱਥੇ ਹੀ ਪੜ੍ਹਦਾ ਸੀ। ਚੰਗਾ ਲੱਗਣ ਲੱਗਾ। ਉਸ ਨਾਲ ਪਿਆਰ ਹੋ ਗਿਆ। ਪਿਆਰ ਕਰਨਾ ਕੋਈ ਜੁਰਮ ਨਹੀਂ। ਫੇਰ ਡੈਨੀਅਲ ਬੜੇ ਤਕੜੇ ਤੇ ਵਧੀਆ ਪਰਿਵਾਰ ਤੋਂ ਸੀ। ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਅਸੀਂ ਕਾਲਜ ਪੂਰਾ ਹੋਣ ਤੋਂ ਬਾਅਦ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਮਨ ਹੀ ਮਨ ਡੈਨੀਅਲ ਨੂੰ ਆਪਣਾ ਸਭ ਕੁੱਝ ਮੰਨਣ ਲੱਗ ਪਈ ਪਰ ਅਜੇ ਤੱਕ ਮੰਮੀ-ਡੈਡੀ ਨੂੰ ਕੁੱਝ ਵੀ ਨਹੀਂ ਸੀ ਦੱਸਿਆ, ਸੋਚਿਆ ਮੌਕਾ ਆਉਣ 'ਤੇ ਦੱਸ ਦੇਵਾਂਗੀ।

ਸ਼ਾਦੀ ਦੇ ਫੈਸਲੇ ਤੋਂ ਬਾਅਦ ਡੈਨੀਅਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ, “ਰਜਨੀ ਆਪਾਂ ਇੱਕ-ਦੂਜੇ ਨੂੰ ਪਤੀ-ਪਤਨੀ ਮੰਨ ਚੁੱਕੇ ਹਾਂ। ਸ਼ਾਦੀ!....ਉਹ ਤਾਂ ਇੱਕ ਸਮਾਜਿਕ ਰਸਮ ਹੈ। ਜਦ ਮਰਜ਼ੀ ਪੂਰੀ ਕਰ ਲਈਏ। ਆਈ ਲਵ ਯੂ ਡਾਰਲਿੰਗ।”

ਪੱਛਮ ਦਾ ਪ੍ਰਭਾਵ ਕਹਿ ਲਵੋ, ਕੁਆਰੇ ਮਨ ਦੀ ਸੁੱਚੀ ਭਾਵਨਾ ਕਹਿ ਲਵੋ, ਉਸ ਨਾਲ ਸਰੀਰਕ ਸਬੰਧ ਬਣਾ ਲਏ। ਮਨ ਨੂੰ ਇਹੀ ਤਸੱਲੀ ਦਿੰਦੀ ਰਹੀ, ‘ਸ਼ਾਦੀ ਵੀ ਤਾਂ ਡੈਨੀਅਲ ਨਾਲ ਹੀ ਕਰਨੀ ਹੈ....ਕੀ ਗਲਤ ਹੈ।’ ਬਸ ਏਥੇ ਹੀ ਮੈਂ ਧੋਖਾ ਖਾ ਬੈਠੀ।

ਹੁਣ ਸੋਚਦੀ ਹਾਂ ਮੈਂ ਗਲਤ ਸੀ। ਕਦੇ-ਕਦੇ ਇਹ ਵੀ ਸੋਚਦੀ ਹਾਂ, ‘ਮੈਂ ਗਲਤ ਸੀ ਜਾਂ ਡੈਨੀਅਲ?’

ਪਰ ਹੁਣ ਸੋਚਣ ਦਾ ਕੀ ਫਾਇਦਾ। ਇੱਕ ਦਿਨ ਪਤਾ ਲੱਗਾ ਉਹ ਡਰੱਗਜ਼ ਦੀ ਵਰਤੋਂ ਕਰਦਾ ਹੈ। ਮੈਂ ਗੁੱਸਾ ਜ਼ਾਹਰ ਕੀਤਾ ਪਰ ਉਹ ਮੈਨੂੰ ਹੀ ਸਮਝਾਉਣ ਲੱਗ ਪਿਆ, ‘ਕਮ ਆਨ ਡਾਰਲਿੰਗ, ਬੀ ਬਰੇਵ, ਇਹ ਕੋਈ ਖ਼ਾਸ ਗੱਲ ਨੀ।”

ਹੌਲੀ-ਹੌਲੀ ਹੋਰ ਪਤਾ ਲੱਗਣ ਲੱਗਾ। ਅਮੀਰ ਮਾਂ-ਬਾਪ ਦੇ ਮੁੰਡੇ-ਕੁੜੀਆਂ ਦਾ ਇੱਕ ਗਰੁੱਪ ਹੈ, ਜੋ ਰਲ ਕੇ ਡਰੱਗ ਲੈਂਦੇ ਹਨ। ਗਰੁੱਪ-ਸੈਕਸ ਵੀ ਕਰਦੇ ਹਨ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਜਦ ਮੈਂ ਹੋਰ ਗੁੱਸਾ ਦਿਖਾਉਣ ਲੱਗੀ ਤਾਂ ਡੈਨੀਅਲ ਉਲਟਾ ਮੇਰੇ ’ਤੇ ਭੜਕ ਪਿਆ ਤੇ ਨਾਲ ਇੱਕ ਲੇਬਲ ਵੀ ਥੋਪ ਦਿੱਤਾ, ‘ਸ਼ਟ ਅੱਪ....ਮੀਨ ਮਾਈਂਡਿਡ ਇੰਡੀਅਨ। ਛੋਟੀ-ਛੋਟੀ ਗੱਲ ’ਤੇ ਵਾਧੂ ਰੌਲਾ।”

“ਹੈਂਅ! ਮੈਂ ਮੀਨ ਮਾਈਂਡਿਡ। ਮੈਂ ਘਟੀਆ ਸੋਚ ਦੀ ਭਾਰਤੀ?” ਸੋਚ-ਸੋਚ ਹੋਰ ਪ੍ਰੇਸ਼ਾਨ ਤੇ ਅੱਖਾਂ ’ਚ ਹੰਝੂ ਭਰ ਆਏ।

ਮੈਂ ਹੈਰਾਨ ਸੀ ਪਰ ਡੈਨੀਅਲ ਲਈ ਇਹ ਸਭ ਆਮ ਗੱਲ ਸੀ। ਉਸਨੇ ਆਪਣੇ ਗਰੁੱਪ ’ਚ ਤੇ ਇਸ ਖੇਡ ’ਚ ਸ਼ਾਮਿਲ ਹੋਣ ਲਈ ਵੀ ਮੇਰੇ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਹੋਰ ਪ੍ਰੇਸ਼ਾਨ ਹੋ ਗਈ। ਅਖੀਰ ਮੈਂ ਸ਼ਾਮਿਲ ਹੋਣ ਤੋਂ ਕੋਰਾ ਜਵਾਬ ਦੇ ਦਿੱਤਾ। ਫਿਰ ਆਪਣੀ ਜ਼ਿੰਦਗੀ ’ਚੋਂ ਉਸ ਮੈਨੂੰ ਇੰਝ ਬਾਹਰ ਕਰ ਦਿੱਤਾ, ਜਿਵੇਂ ਦੁੱਧ ’ਚੋਂ ਮੱਖੀ। ਉਹ ਖੁੱਲ੍ਹੇਆਮ ਕਿਸੇ ਹੋਰ ਗੋਰੀ ਲੜਕੀ ਨਾਲ ਘੁੰਮਣ ਲਗਾ। ਮੈਂ ਅੰਦਰ ਹੀ ਅੰਦਰ ਤੜਫ਼ ਕੇ ਰਹਿ ਗਈ।

ਖ਼ੈਰ! ਇਹ ਸਭ ਗੱਲਾਂ ਸੋਚਣ ਤੇ ਕਰਨ ਦਾ ਹੁਣ ਕੋਈ ਲਾਭ ਤੇ ਫ਼ਾਇਦਾ ਨਹੀਂ। ਇਹ ਤਾਂ ਇਸ ਲਿਖ ਰਹੀ ਹਾਂ ਕਿ ਇਕੱਲਾ ਲੇਬਲ ਤਾਂ ਕਿਸੇ ਤਰ੍ਹਾਂ ਲਾਹ ਵੀ ਦਿੰਦੀ। ਜ਼ਿੰਦਗੀ ਨੂੰ ਫਿਰ ਰਾਹ ’ਤੇ ਪਾ ਲੈਂਦੀ। ਮੈਨੂੰ ਤਾਂ ਬਾਅਦ ’ਚ ਪਤਾ ਲੱਗਾ ਉਹ ਤਾਂ ਇੱਕ ਨਾ-ਮੁਰਾਦ ਬਿਮਾਰੀ ਵੀ ਮੇਰੀ ਝੋਲੀ ਪਾ ਗਿਆ। ਜਿਸ ਬਾਰੇ ਮੰਮੀ-ਪਾਪਾ ਗੁੱਸੇ ਸਨ ਪਰ ਮੈਨੂੰ ਦੱਸਿਆ ਨਹੀਂ ਸੀ। ਓਹਲਾ ਰੱਖ ਰਹੇ ਸਨ। ਸੋਚਦੇ ਹੋਣਗੇ, ‘ਸੁਣ ਕੇ ਬੇਟੀ ਕਿਤੇ ਹੋਰ ਟੈਂਸ਼ਨ ਨਾ ਪਾ ਲਵੇ। ਕਿਤੇ ਸੂਸਾਈਡ ਹੀ ਨਾ ਕਰ ਲਵੇ। ਮਾਪੇ ਤਾਂ ਬਥੇਰਾ ਕੁੱਝ ਸੋਚਦੇ ਨੇ।’

ਮਨ ਤੋਂ ਭਾਵੇਂ ਦੁਖੀ ਸਨ ਪਰ ਉਨ੍ਹਾਂ ਇਲਾਜ ਦੀ ਪੂਰੀ ਵਾਹ ਲਾਈ ਰੱਖੀ। ਡਾਕਟਰਾਂ ਵੀ ਬਥੇਰਾ ਜ਼ੋਰ ਲਾਇਆ। ਰੋਟੀ ਨਾਲੋਂ ਵੱਧ ਮੈਂ ਦਵਾਈਆਂ ਖਾਧੀਆਂ। ਕੁੱਝ ਚਿਰ ਅਸਰ ਵੀ ਹੋਇਆ ਪਰ ਬਾਅਦ ’ਚ ਦਵਾਈਆਂ ਵੀ ਅਸਰ ਕਰਨ ਤੋਂ ਅਸਮਰੱਥ ਹੋ ਗਈਆਂ। ਹੁਣ ਤਾਂ ਸਰੀਰ ਵੀ ਸੁੱਕ ਕੇ ਤਾਂਬੜ ਬਣ ਗਿਆ ਹੈ। ਤੇਰੇ ਸਾਹਮਣੇ ਵੀ ਆ ਜਾਵਾਂ ਤੂੰ ਪਹਿਚਾਣ ਨਹੀਂ ਸਕੇਂਗਾ। ਹੁਣ ਤਾਂ ਮੈਂ ਚੰਦ ਦਿਨਾਂ ਦੀ ਹੀ ਪ੍ਰਾਹੁਣੀ ਹਾਂ।

ਰਵੀ....ਭਾਵੇਂ ਮੈਂ ਅੱਜ ਵੀ ਸਮਝਦੀ ਹਾਂ ਪਿਆਰ ਕਰਨਾ ਕੋਈ ਪਾਪ ਨਹੀਂ ਪਰ ਮਾਂ-ਬਾਪ ਤੋਂ ਓਹਲਾ, ਇਹ ਪਾਪ ਹੀ ਸੀ। ਉਹ ਮਾਂ-ਬਾਪ, ਜਿਨ੍ਹਾਂ ਆਪਣਾ ਸਭ ਕੁੱਝ ਮੇਰੇ ’ਤੇ ਨਿਛਾਵਰ ਕੀਤਾ, ਮੈਂ ਉਨ੍ਹਾਂ ਨੂੰ ਹੀ ਧੋਖਾ ਦਿੱਤਾ। ਉਨ੍ਹਾਂ ਦੇ ਲਾਡ-ਪਿਆਰ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਰੱਬ ਵਰਗੇ ਮਾਪਿਆਂ ’ਤੇ ਵਿਸ਼ਵਾਸ ਕਰਨ ਦੀ ਬਜਾਏ, ਉਸ ਡੈਨੀਅਲ ’ਤੇ ਵਿਸ਼ਵਾਸ ਕੀਤਾ, ਜਿਸ ਨੇ ਮੇਰੇ ਅਰਮਾਨਾਂ ਨੂੰ ਬੁਰੀ ਤਰ੍ਹਾਂ ਪੈਰਾਂ ਹੇਠ ਕੁਚਲਿਆ। ਮੇਰੀਆਂ ਖ਼ੁਸ਼ੀਆਂ ਦਾ ਕਤਲ ਕੀਤਾ। ਸੱਚੀਆਂ-ਸੁੱਚੀਆਂ ਭਾਵਨਾਵਾਂ ਦਾ ਕਤਲ ਕੀਤਾ। ਕੁਆਰੇ ਮਨ ਦੀ ਸੋਚ, ਇਮਾਨਦਾਰੀ, ਵਫ਼ਾਦਾਰੀ ਦਾ ਮਜ਼ਾਕ ਉਡਾਇਆ। ਮੈਨੂੰ ਗੰਦੀ ਨਾਲੀ ਦਾ ਕੀੜਾ ਸਮਝ ਉਸ ਚਿੱਕੜ ਵਿੱਚ ਸੁੱਟ ਦਿੱਤਾ, ਜਿਸ ਵਿੱਚ ਮੈਂ ਧਸਦੀ-ਧਸਦੀ, ਹੋਰ ਧਸਦੀ ਹੀ ਗਈ ਤੇ ਹੁਣ ਸਾਹ ਵੀ ਬੰਦ ਹੋਣ ਲੱਗਾ ਹੈ।

ਰਵੀ, ਮੈਂ ਤੇਰੇ ਲਈ ਕੁੱਝ ਨਹੀਂ ਕਰ ਸਕੀ। ਇਸ ਗੱਲ ਦਾ ਅਫ਼ਸੋਸ ਹੈ ਤੇ ਦੁੱਖ ਵੀ। ਹੁਣ ਆਪਾਂ ਕਦੇ ਵੀ ਮਿਲ ਨਹੀਂ ਸਕਣਾ। ਮੌਤ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ। ਤੇਰੇ ਮਿਲਣ ਤੋਂ ਬਾਅਦ ਮੇਰਾ ਮਨ ਹੋਰ ਪਾਸਿਆਂ ਤੋਂ ਤਾਂ ਸ਼ਾਂਤ ਹੋ ਗਿਆ ਸੀ ਪਰ ਤੈਨੂੰ ਮਿਲਣ ਦੀ ਤਾਂਘ ਇਸ ਮਨ ਦੀ ਨਵੀਂ ਭਟਕਣ ਬਣ ਗਈ। ਉਹ ਅੱਜ ਵੀ ਹੈ ਤੇ ਸ਼ਾਇਦ ਮੇਰੀ ਮੌਤ ਤੋਂ ਬਾਅਦ ਇਹ ਮਨ ਦੀ ਭਟਕਣ, ਮੇਰੀ ਰੂਹ ਦੀ ਭਟਕਣ ਬਣ ਜਾਵੇ। ਮੇਰੀ ਇਸ ਰੂਹ ਦੀ ਸ਼ਾਂਤੀ ਲਈ, ਤੂੰ ਮੇਰੇ ਲਈ ਇੱਕ ਕੰਮ ਕਰੀਂ। ਤੂੰ ਇਸ ਅਭਾਗੀ ਰਜਨੀ ਦੀ ਕਹਾਣੀ ਲਿਖੀਂ। ਤੂੰ ਲਿਖ ਸਕਦਾ ਹੈਂ। ਇਸੇ ਲਈ ਤੈਨੂੰ ਚਿੱਠੀ ਲਿਖ ਰਹੀ ਹਾਂ। ਸ਼ਾਇਦ ਇਸ ਕਹਾਣੀ ਨੂੰ ਪੜ੍ਹ ਕੇ, ਕੋਈ ਹੋਰ ਜਿੰਦ ਮੌਤ ਦੇ ਮੂੰਹ ਪੈਣ ਤੋਂ ਬਚ ਸਕੇ। ਕੋਈ ਹੋਰ ਅਣਭੋਲ ਲੜਕੀ ਰੇਤ ਦੇ ਘਰਾਂ ਨਾਲ ਨਾ ਖੇਡੇ। ਆਪਣੇ ਮਾਂ-ਬਾਪ ਨੂੰ ਅਜਿਹਾ ਕੋਈ ਦੁੱਖ ਨਾ ਦੇਵੇ, ਜੋ ਮੈਂ ਦੇ ਕੇ ਜਾ ਰਹੀ ਹਾਂ। ਤੇਰੀ ਉਸ ਕਹਾਣੀ ਨਾਲ ਮੇਰੀ ਰੂਹ ਨੂੰ ਸ਼ਾਂਤੀ ਮਿਲੇਗੀ... ਅਲਵਿਦਾ।”