ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਧ)

ਵਿਕੀਸਰੋਤ ਤੋਂ

ਦੁਰੇ: ਲਾਹਨਤ-ਦੇਖੋ 'ਚਖ਼ਾ ਦੁਰੇ
ਦੁੜੰਗੇ/ਦੜੰਗੇ: ਟਪੂਸੀਆਂ
ਛੁੱਟੀਆਂ ਦੇ ਡੀਂਹ ਹਿਨ, ਪਾੜ੍ਹੇ ਦੁੜੰਗੇ/ਦੁੜੰਗੇ ਮਾਰਨ ਤੇ ਹਿਨ।
(ਛੁੱਟੀਆਂ ਦੇ ਦਿਨ ਨੇ, ਪਾੜ੍ਹੇ ਟਪੂਸੀਆਂ ਮਾਰਨ ਤੇ ਨੇ)
ਦੁੱਗ: ਦੂਜੀ ਵਾਰੀ
ਡੂਝੇ ਵਾਰੀ ਮੈਂ ਪੁਗਿਆਮ, ਦੁੱਗ ਮੈਂਡੀ ਬਣਦੀ ਹੇ।
(ਦੂਜੀ ਵਾਰੀ ਮੈਂ ਪੁੰਗਿਆ (ਸਫ਼ਲ) ਸੀ, ਦੂਜੀ ਵਾਰੀ ਮੇਰੀ ਬਣਦੀ ਹੈ)
ਦੂਣ ਸਵਾਇਆ: ਵੱਧੇ ਫੁੱਲੇਂ
ਡੁੱਧ ਡਿੱਤਈ ! ਸ਼ਾਲਾਂ ਤੈਂਡਾ ਵੱਗ ਦੂਣ ਸਵਾਇਆ ਥੀਵੇ।
(ਦੁਧ ਦਿਤਾ ਹੇਈ, ਰੱਬ ਕਰੇ ਤੇਰਾ ਵੱਗ ਵਧੇ ਫੁਲੇ)
ਦੇਹੁਰਾ/ਦੇਹੁਰੀ ਭਵਨ/ਡਿਊਢੀ
ਦੇਹੁਰੇ ਦੇਹੁਰੀਆਂ ਕਾਈ ਨਾਲ ਵੈਸਿਨ, ਛੋੜ ਵੰਞਣੀਆ ਹਿਨ।
(ਭਵਨ-ਡਿਉਢੀਆਂ ਕੋਈ ਨਾਲ ਜਾਣਗੇ, ਛੱਡ ਜਾਣੀਆਂ ਨੇ)
ਦੌਰੀ: ਕੂੰਡਾ
ਦੌਰੀ ਡੰਡਾ ਪੂੰਝ, ਦਵਾਈ ਕੁਟਣੀ ਹੇ।
(ਕੂੰਡਾ ਘੋਟਣਾ ਪੂੰਝ, ਦਵਾਈ ਰਗੜਨੀ ਹੈ)

(ਧ)


ਧਊਸ: ਭੈੜਿਆ-ਦੇਖੋ ਦਊਸ
ਧੱਖ ਲੀਖ
ਜੂਆਂ ਦੇ ਨਾਲ ਸਿਰ ਧੱਖਾਂ ਨਾਲ ਵੀ ਭਰਿਆ ਪਿਆ ਹੇ।
(ਜੂੰਆਂ ਦੇ ਨਾਲ ਨਾਲ ਸਿਰ ਲੀਖਾਂ ਦਾ ਭਰਿਆ ਹੈ)
ਧਗੜ/ਧਗੜਾ/ਧ੍ਰਗੜਾ/ਧਗੜੀ:ਲੁੱਚੜ
ਗਵਾਂਢੀ ਧਗੜ/ਧਗੜੇ/ਧ੍ਰਗੜੇ/ ਧ੍ਗੜੀਆਂ ਹਨ, ਮੁਹੱਲਾ ਛਡਸਾਂ।
(ਗਵਾਂਢੀ ਲੁੱਚੜ ਹਨ, ਮੁਹੱਲਾ ਛਡੂੰਗਾ)
ਧਨੰਤ੍ਰੀ: ਮਾਹਰ ਵੈਦ
ਕੇਹੜੇ ਧਨੰਤ੍ਰੀ ਕੋਲ ਵੰਞਾ, ਡਾਕਦਾਰ ਤੇ ਹਕੀਮ ਗਾਹ ਬੈਠਾਂ।
(ਕਿਹੜੇ ਮਾਹਰ ਵੈਦ ਕੋਲ ਜਾਵਾਂ, ਡਾਕਟਰ ਹਕੀਮ ਵੇਖ ਲਏ ਨੇ)
ਧ੍ਰੱਕ /ਧ੍ਰੱਪ: ਛਲਾਂਗ/ਟੱਪ ਜਾਣਾ
ਲੰਮਾ ਧ੍ਰੱਕ ਮਰੇਸਾਂ ਤੇ ਕੋਠਾ ਧ੍ਰੱਪ ਵੈਸਾਂ।
(ਲੰਮੀ ਛਲਾਂਗ ਮਾਰੂੰਗੀ ਤੇ ਕੋਠਾ ਟੱਪ ਜਾਉਂ)
ਧਮਾਣ/ਧਾਮਣ/ਧਾਵਣੀ/ਧਾਮਣੀ:ਨਹਾਈ ਪ੍ਰਸੂਤਬਾਦ
ਤੇਰਵਾਂ ਥੀ ਗਿਐ, ਧਮਾਣ/ਧਾਮਣ, ਪੈਸੂੰ, ਅਗਲੀ ਧਾਵਣੀ ਦੀ ਅਰਦਾਸ ਕਰੇਸੂੰ।
(ਤੇਰਵਾਂ ਹੋ ਗਿਐ ਨੁਹਾਈ ਕਰਾਵਾਂਗੇ ਤੇ ਅਗਲੀ ਮਾਹਵਾਰੀ ਦੀ ਆਸ ਕਰਾਂਗੇ)

ਧਮੀ ਵੇਲਾ: ਸਵੇਰਾ ਧਾਮੀ ਵੇਲਾ: ਸ਼ਾਮ
ਧਮੀ ਵੇਲੇ ਤੂੰ ਲਗ ਕੇ ਧਾਮੀ ਵੇਲੇ ਤਕ ਕੰਮ ਹੀ ਕੰਮ।
(ਸਵੇਰੇ ਤੋਂ ਸ਼ੁਰੂ ਕਰਕੇ ਸ਼ਾਮ ਤੱਕ ਕੰਮ ਹੀ ਕੰਮ ਹਨ)
ਧ੍ਰਗੜੀ: ਇਕ ਪਾਸੜ/ਅੱਧ ਪੱਕੀ ਰੋਟੀ
ਧ੍ਰਗੜੀ ਬਣਾ ਕੇ ਗਾਂ ਕੂੰ ਖਵਾ, ਵਹਿਮ ਹਟ ਵੈਸੀ।
(ਇਕ ਪੁੜੀ ਕਚੀ ਪਕੀ ਰੋਟੀ ਗਾਂ ਨੂੰ ਚਾਰ, ਵਹਿਮ ਦੂਰ ਹੋ ਜੂ)
ਧ੍ਰੰਵ ਜਾਣਾ: ਲਿਫ਼ ਜਾਣਾ
ਕਮਰੇ ਦੀ ਛੱਤ ਧ੍ਰੰਵੀ ਖੜੀ ਹੈ, ਢਾਹਿ ਨਾ ਹੋਵੇ।
(ਕਮਰੇ ਦੀ ਛੱਤ ਲਿਫ਼ੀ ਹੋਈ ਹੈ, ਡਿਗ ਨਾ ਪਵੇ)
ਧੜਾ: ਕਚੇ ਵੱਟਿਆਂ ਦਾ ਤੋਲ
ਉਬਾਹਲਾ ਹੇਂ ਤਾਂ ਵਡਾ ਧੜਾ ਕਰਕੇ ਤੋਲ ਛੱਡ।
(ਜੇ ਕਾਹਲਾ ਹੈਂ ਤਾਂ ਕੱਚੇ ਵੱਟਿਆਂ ਦਾ ਵਡਾ ਤੋਲ ਕਰਕੇ ਤੋਲ ਦੇ)
ਧੜੰਗ: ਨਗਨ
ਝੁੱਗੀਆਂ ਆਲੇ ਨੰਗ ਧੜੰਗ ਬਾਲ ਘੱਟੇ ਰੁਲ ਵੰਞਦੇਨ।
(ਝੁਗੀਆਂ ਵਾਲੇ ਨਗਨ ਬਾਲ ਘੱਟੇ ਰੁਲ ਜਾਂਦੇ ਨੇ)
ਧਾਂਕ ਬੋਰੀਆਂ ਦੀ ਚਿਣਾਈ
ਧਾਂਕਾਂ ਦੀਆਂ ਗੂਹਣੀਆਂ ਕੈਂ ਗਿਣੀਆਂ ਹਿਨ।
(ਬੋਰੀਆਂ ਦੀਆਂ ਚਿਣਾਈ ਦੀਆਂ ਬੋਰੀਆਂ ਕਿਸ ਗਿਣੀਆਂ ਨੇ)
ਧੱਕ/ਧ੍ਰੀਕ: ਖਿਚ;; ਧਿੱਕ: ਧੱਕ
ਮੰਜੇ ਕੂੰ ਤੂੰ ਧ੍ਰਿੱਕ ਤੇ ਮੈਂ ਧਿੱਕਾਂ।
(ਮੰਜੇ ਨੂੰ ਤੂੰ ਖਿੱਚ ਤੇ ਮੈਂ ਧੱਕਾਂ)
ਧ੍ਰਿੱਗ: ਲਾਹਨਤ
ਪੇਟੂ ਬਣ ਹਰ ਵੇਲੇ ਖਾਂਦੇ ਰਾਹਵਣ ਦਾ ਚਲਨ ਧ੍ਰਿੱਗ ਹੇ।
(ਪੇਟੂ ਬਣਕੇ ਹਰ ਸਮੇਂ ਖਾਂਦੇ ਰਹਿਣ ਦੇ ਵਤੀਰੇ ਨੂੰ ਲਾਹਨਤ ਹੈ)
ਧਿੰਙਾਣੇ: ਐਂਵੇ
ਸ਼ਾਦੀ ਹੈ, ਬਿਨਾਂ ਸੱਡੇ ਕਿੰਙਾਣੇ ਵੰਞੂ।
(ਵਿਆਹ ਹੈ, ਬਿਨ ਬੁਲਾਏ ਐਂਵੇਂ ਜਾ ਵੜੀਏ)
ਧਿਰਕਾਰ: ਧਿਕਾਰ
ਧਿਰਕਾਰ ਹੇਈ ਜੰਮਣ ਤੇ ਤੇ ਜੰਮਣ ਵਾਲੀ ਤੇ।
(ਧਿਕਾਰ ਹਈ ਜੰਮਣ ਤੇ ਅਤੇ ਜੰਮਣ ਵਾਲੀ ਤੇ)
ਧ੍ਰੀਕ: ਧੂ ਕੇ (ਧਰੂਕੇ)
ਚੋਰ ਕੂੰ ਸਿਪਾਹੀਆਂ ਧ੍ਰੀਕ ਕੇ ਜੀਪ 'ਚ ਸਿੱਟ ਲਿਆ।
(ਚੋਰ ਨੂੰ ਸਿਪਾਹੀਆਂ ਧੂ ਕੇ ਜੀਪ 'ਚ ਸਿੱਟ ਲਿਆ)
ਧੁਣ: ਪਿੰਜ
ਲੰਮੇ ਤੇ ਲਮਕਦੇ ਡੁੱਖਾਂ ਦੇਹੀ ਧੁਣ ਡਿਤੀ ਦੇ।
(ਲੰਮੇ ਤੇ ਲਮਕਦੇ ਦੁਖਾਂ ਦੇਹੀ ਪਿੰਜ ਸੁਟੀ ਹੈ)

ਧੁਪ: ਧੋਤੇ
ਕਪੜੇ ਧੁਪ ਗਏ ਹਿਨ, ਸੁਕਣੇ ਪਾ ਡੇਸੋ।
(ਕਪੜੇ ਧੋਤੇ ਗਏ ਹਨ, ਸੁਕਣੇ ਪਾ ਦਿਉਗੇ)
ਧੂੰ: ਧੂੰਆਂ
ਧੂੰ ਹੀ ਧੂੰ ਥੀ ਗਿਐ ਤੇ ਸਾਹ ਹੀ ਨਹੀਂ ਆਂਦਾ।
(ਧੂੰਆਂ ਹੀ ਧੂੰਆਂ ਹੋ ਗਿਆਂ ਹੈ, ਸਾਹ ਹੀ ਨਹੀਂ ਆ ਰਿਹਾ)
ਧਰੂ/ਧਰੂਈ ਵੰਞ: ਧੂ/ਧੂਈ ਜਾ
ਢੀਂਗਰ ਧਰੂ ਘਿਧਈ ਤਾਂ ਘਰ ਤੱਕ ਧਰੁਈ ਵੰਞ।
(ਝਾਫਾ ਧੂ ਲਿਆ ਹਈ ਤਾਂ ਘਰ ਤੱਕ ਧੂਈ ਜਾ)
ਧ੍ਰੇਕ: ਡੇਕ
ਧ੍ਰੇਕ ਨਿੰਮ ਵਰਗੀ ਹੇ, ਉਹੀ ਪਤੇ ਦੇ ਤ੍ਰੈ ਪਤਰ।
(ਡੇਕ ਨਿੰਮ ਵਰਗੀ ਹੈ, ਉਹੀ ਪੱਤੇ ਦੇ ਤਿੰਨ ਪਤਰ)
ਧੋਣ/ਧੋ ਵੱਟ: ਧੋਣ ਦੀ ਰਹਿੰਦ
ਕਪੜੇ ਧੋਣ ਪਿਛੂੰ ਧੋਣ/ਧੋਵਟ ਨਾ ਵੀਟੀਂ।
(ਕੱਪੜੇ ਧੋਣ ਪਿਛੋਂ ਧੋਣ ਦੀ ਰਹਿੰਦ ਖੂੰਦ ਨਾ ਡੋਲ੍ਹੀ)
ਧੌਲਰ: ਉਚੇ ਮਹਿਲ
ਨਾ ਰਹੇ ਧੌਲਰ ਤੇ ਨਾ ਉਨ੍ਹਾਂ ਕੂੰ ਬਨਾਣ ਵਾਲੇ।
(ਨਾ ਰਹੇ ਉਚੇ ਮਹਿਲ ਤੇ ਨਾਂ ਉਨ੍ਹਾਂ ਨੂੰ ਬਨਾਣ ਵਾਲੇ)

(ਨ)


ਨ :ਨਹੀਂ
ਕਰਤਾ ਸਮੇਤ: ਨਮ੍ਹ: ਉਤਮ ਪੁਰਖ ਇਕ ਵਚਨ (ਮੈਂ ਨਮ੍ਹ ਕੀਤਾ-ਨਹੀਂ ਕੀਤਾ)
ਨਿਸੈ: ਉਤਮ ਪੁਰਖ ਬਹੁਵਚਨ (ਅਸਾਂ ਨਿਸੇ ਕੀਤਾ-ਨਹੀਂ ਕੀਤਾ)
ਨਿਵੀ-ਨਹੀਂ ਕੀਤਾ ਮਧਮ ਪੁਰਖ ਇਕ ਵਚਨ
ਨਿਵੇ-ਨਹੀਂ ਕੀਤਾ ਮਧਮ ਪੁਰਖ ਬਹੁਵਚਨ
ਨਿਸ-ਨਹੀਂ ਕੀਤਾ: ਹੋਰ ਪੁਰਖ ਇਕ ਵਚਨ ਨਿਨ੍ਹੇ ਥੀਂਦਾ-ਨਹੀਂ ਹੁੰਦਾ (ਕਰਮਣੀ)
ਨਿਨ੍ਹੇ-ਨਹੀਂ ਕੀਤਾ: ਹੋਰ ਪੁਰਖ ਬਹੁਵਚਨ ਨਿਨ੍ਹ ਕਰੀਂਦੇ-ਨਹੀਂ ਨੇ ਕਰਦੇ
ਨਿਨਾਂਹੀ ਮੰਨੀਂਦੇ ਨਹੀਂ ਜੇ ਮੰਨਦੇ
ਨਹਾਰੀ/ਨਿਹਾਰੀ: ਛਾਹ ਵੇਲਾ
ਆਪਣੀ ਨਹਾਰੀ/ਨਿਹਾਰੀ ਤਾਂ ਕਰ ਘਿੱਧੀ ਹੇ, ਡੰਗਰਾਂ ਦੀ ਕਡੂੰ ਕਰੇਸੇਂ।
(ਆਪਣਾ ਛਾਹ ਵੇਲਾ ਤਾਂ ਕਰ ਲਿਆ, ਡੰਗਰਾਂ ਦਾ ਕਦੋਂ ਕਰੋਗੇ)
ਨਹਿਸ਼/ਨੈਸ਼/ਨੈਛ: ਮਾੜੀ ਘਟਨਾ ਦਾ ਸੰਦੇਸ਼ਕ
ਜੈਕੂੰ ਵਡਲੇ ਨਾਲ ਨਾਂਗ ਡਿਸੇ ਨਹਿਸ਼/ਨੈਸ਼/ਨੈਛ ਹੂੰਦੈ।
(ਜੀਹਨੂੰ ਸਵੇਰੇ ਨਾਲ ਸੱਪ ਦਿਸੇ, ਮਾੜੀ ਘਟਨਾਂ ਦਾ ਸੁਨੇਹਾ ਹੋਂਵਦੈ)