ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਪ)

ਵਿਕੀਸਰੋਤ ਤੋਂ

ਨੂਟ: ਮੀਚ
ਅੱਖਾਂ ਨੂਟ ਕੇ ਕੌੜੀ ਦਵਾ ਲੰਘਾ, ਨਿੰਦਰ ਆ ਵੈਸੀ।
(ਅੱਖਾਂ ਮੀਚ ਕੇ ਕੌੜੀ ਦਵਾ ਲੰਘਾ ਲੈ, ਨੀਂਦ ਆ ਜਾਊ)
ਨੇਸ਼ ਪੱਟੀ: ਨਾਸ ਪੱਟਣੀ/ਫੇਟੀ ਪਾਉਣ ਵਾਲੀ ਫੇਟਣ
ਨੇਸ ਪੱਟੀ ਜਡੂੰ ਦੀ ਆਈ ਹੇ, ਪਰਵਾਰ ਪਾੜ ਸਟਿਅਸ।
(ਨਾਸ ਪੱਟੀ-ਫੇਟਣ- ਜਦੋਂ ਦੀ ਆਈ ਹੈ, ਪਰਵਾਰ ਪਾੜ੍ਹ ਦਿੱਤਾ ਹੈਸ)
ਨੇਜਾ ਨਿਉਜਾ
ਚੰਗੇ ਨੇਜੇ ਕੋਈ ਨਿਨ੍ਹੀ, ਹੇ ਤਾਂ ਹੌਕੇ ਪਏ ਹਿਨ।
(ਚੰਗੇ ਨਿਉਜੇ ਤੇਰੇ ਕੋਲ ਨਹੀਂ ਹਨ, ਇਹ ਤਾਂ ਹੌਕੇ ਦੇ ਰਹੇ ਨੇ)
ਨੌਬਤ: ਮੌਕਾ
ਡਰ ਨਾਹੀਂ, ਫੜੀਚੇ ਜਾਣ ਦੀ ਨੌਬਤ ਹੀ ਨਹੀਂ ਆਵਣੀ।
(ਡਰ ਨਾ, ਫੜੇ ਜਾਣ ਦਾ ਮੌਕਾ ਹੀ ਨਹੀਂ ਆਣਾ)

(ਪ)


ਪਉਸੀ: ਪਊਗੀ
ਓੜਕ ਤਾਂ ਗਲ ਨਿਪਟਾ ਕੇ ਝੇੜਾ ਮੁਕਾਵਣਾ ਪਉਸੀ।
(ਆਖਰ ਤਾਂ ਗਲ ਨਿਪਟਾ ਕੇ ਝਗੜਾ ਮੁਕਾਣਾ ਪਊਗਾ)
ਪਊਏ: ਖੜਾਵਾਂ
ਭਰਤ ਨੇ ਰਾਮ ਦੇ ਪਊਏ ਤਖਤ ਤੇ ਸਜਾਏ ਤੇ ਰਾਜਾਂ ਨਾ ਹੋਆ।
(ਭਰਤ ਨੇ ਰਾਮ ਦੀਆਂ ਖੜਾਵਾਂ ਤਖਤ ਤੇ ਸਜਾਈਆਂ ਤੇ ਰਾਜਾ ਨਾ ਬਣਿਆ)
ਪਸ: ਪੱਖ, ਪਸ ਚਾਵਣੀ: ਪੱਖ ਕਰਨਾ
ਡੇਧਾ ਵੰਞ, ਵੈਰੀ ਦੀ ਪਸ ਚਾਈ ਹੇਈ, ਸਵਾਦ ਡੇਸੂੰ।
(ਵੇਖਦਾ ਜਾ, ਦੁਸ਼ਮਣ ਦਾ ਪੱਖ ਕੀਤਾ ਹਈ, ਸੁਆਦ ਚਖਾਵਾਂਗੇ)
ਪਸ਼ਤੋ: ਔਖੀ ਲਿਖਿਤ/ਬੋਲੀ/ ਭਾਸ਼ਾ
ਢੇਰ ਭੈੜਾ ਲਿਖਿਐ, ਕਾਈ ਪਸ਼ਤੋ ਲਗਦੀ ਹੇ, ਪੜ੍ਹੀਦੀ ਹੀ ਨਹੀਂ।
(ਬਹੁਤ ਭੈੜੀ ਲਿਖਿਤ ਹੈ, ਕੋਈ ਪਸ਼ਤੋ ਲਗਦੀ ਹੈ, ਪੜ੍ਹਦੀ ਹੀ ਨਹੀਂ)
ਪਸੀਜਣਾ: ਹਮਦਰਦ ਹੋਣਾ
ਡੂੰਨ ਥਏ ਬੈਠੇ ਦੀ ਦਰਦ ਭਰੀ ਦਾਸਤਾਨ ਤੇ ਮਨ ਪਸੀਜ ਗਿਆ।
(ਸੁੰਨ ਹੋਏ ਬੈਠੇ ਦੀ ਦਰਦ ਭਰੀ ਕਹਾਣੀ ਤੇ ਮਨੋਂ ਹਮਦਰਦੀ ਹੋ ਗਈ)
ਪਸਲੇਟਾ: ਪਲਟੀ
ਝੋਟੇ ਪਸਲੇਟਾ ਜੋ ਘਿਧਾ, ਚਿੱਕੜ ਦੀ ਬੁਛਾੜ ਵੱਜੀ।
(ਝੋਟੇ ਨੇ ਪਲਟੀ ਜਿਉਂ ਮਾਰੀ, ਚਿੱਕੜ ਦਾ ਫੁਹਾਰਾ ਪਿਆ)
ਪਸਾਰ/ਪਸਾਰੀ: ਪੰਸਾਰ/ਪੰਸਾਰੀ
ਹਿੱਸ ਕਸਬੇ ਵਿਚ ਹਿੱਕ ਵਡੇ ਪਸਾਰੀ ਦਾ ਚੌਖਾ ਪਸਾਰ ਹੇ।
(ਇਸ ਕਸਬੇ ਵਿਚ ਇਕ ਵਡੇ ਪੰਸਾਰੀ ਦਾ ਵਾਹਵਾ ਪੰਸਾਰ ਹੈ)

ਪਸੇਰੀ: ਪੰਜ ਸੇਰਾ ਵੱਟਾ
ਮਣਾਂ ਭਾਰ ਦਾ ਮਾਲ ਹੇ, ਪਸੇਰੀਆਂ ਕਣੂੰ ਕੰਡਣ ਤੁਲਸੀ।
(ਮਣਾਂ ਭਰ ਦਾ ਮਾਲ ਹੈ, ਪਸੇਰੀ ਵੱਟੇ ਨਾਲ ਕਦੋਂ ਤੁਲੁਗਾ)
ਪਹਿਰੂਆ: ਸੰਤਰੀ
ਹੁਣ ਥੋੜਾ ਜਿਹਾ ਸੰਮ ਘਿਨਾਂ, ਰਾਤੀਂ ਪਹਿਰੂਆ ਸਾਂ।
(ਹੁਣ ਰਤਾ ਸੌਂ ਲਵਾਂ, ਰਾਤੀਂ ਸੰਤਰੀ ਰਿਹਾ ਸੀ)
ਪਹੁ: ਸਵੇਰ ਦਾ ਪਹਿਲਾ ਚਾਨਣ
ਚਿੜੀਆਂ ਚੁਕਣ ਲੱਗ ਪਈਆਂ ਹਨ, ਪਹੁ ਫੁਟ ਪਈ ਹੇ।
(ਚਿੜੀਆਂ ਬੋਲ ਰਹੀਆਂ ਨੇ, ਸਵੇਰ ਦਾ ਪਹਿਲਾ ਚਾਨਣ ਹੋ ਗਿਆ ਹੈ)
ਪੱਕ/ਪੱਕ ਠੱਕ: ਤਸੱਲੀ/ਤਹਿ ਕਰਨਾ
ਪਹਿਲੂੰ ਪੱਕ ਕਰ ਚਾ ਕਿ ਪੱਕ ਠੱਕ ਥੀ ਗਈ ਹੇ ਨਾ।
(ਪਹਿਲੋਂ ਤਸੱਲੀ ਕਰ ਲੈ ਕਿ ਮਾਮਲਾ ਤਹਿ ਕਰ ਲਿਆ ਗਿਆ ਹੈ।
ਪੰਕਜ: ਕਮਲ ਦਾ ਫੁਲ
ਪੰਕਜ ਭਾਵੇਂ ਚਿਕੜ ਚੂੰ ਨਿਕਲਦੈ ਪਰ ਕੂਲਾ ਤੇ ਸੁੱਚਾ ਕਿਤਨੈ।
(ਕਮਲ ਭਾਵੇਂ ਚਿਕੜ ਵਿਚੋਂ ਉਗਦੈ, ਪਰ ਕੋਮਲ ਤੇ ਸਾਫ਼ ਕਿੰਨਾ ਹੈ)
ਪੰਘਰਨਾ: ਪਿਘਲਣਾ
ਅੱਗ ਦਾ ਤਾਅ ਲੋਹਾ ਪੰਘਾਰੇ ਤੇ ਡੁੱਖ ਦਿਲਾਂ ਕੂੰ।
(ਅੱਗ ਦੀ ਤਪਸ਼ ਲੋਹਾ ਪਿਘਲਾਏ ਤੇ ਦੁੱਖਾਂ ਦੀ ਦਿਲਾਂ ਨੂੰ)
ਪੱਚ: ਹਜ਼ਮ
ਵੇ ਹੋਸ਼ ਕੂੰ ਹੱਥ ਪਾ, ਹਰਾਮ ਦਾ ਮਾਲ ਕਿਵੇਂ ਪਚਸੀਹਾ।
(ਵੇ ਹੋਸ਼ ਕਰ, ਹਰਾਮ ਦਾ ਮਾਲ ਕਿਵੇਂ ਹਜ਼ਮ ਹੋਊ)
ਪੱਛ: ਕੱਟ
ਫੋੜਾ ਪੱਕਿਆ ਪਿਆਈ, ਪੰਛ ਲਾ ਕੇ ਪੂੰ ਕੱਢ।
(ਫੋੜਾ ਭਰਿਆ ਪਿਆ ਹਈ, ਕਟ ਲਾ ਕੇ ਪਾਕ ਕਢ)
ਪੱਛੀ/ਠੂਲ੍ਹਾ: ਖੱਜੀ ਦੀ ਟੋਕਰੀ/ਢਕਣ ਵਾਲੀ ਟੋਕਰੀ
ਰੰਗੀਨ ਪੱਛੀ ਤੇ ਠੁਲ੍ਹਾ ਸ਼ਿੰਗਾਰ ਮਾਲ ਦੀਆਂ ਡੱਟੀਆਂ ਹਨ।
(ਰੰਗੀਨ ਖੋਜੀ ਦੀ ਟੋਕਰੀ ਤੇ ਢੱਕੀ ਹੋਈ ਟੋਕਰੀ ਸ਼ਿੰਗਾਰ ਨਾਲ ਭਰੀਆਂ ਸਨ)
ਪੰਞ: ਪੰਜ
ਪੰਞੇ ਉਂਗਲਾਂ ਹਿੱਕੋ ਜਿਹੀਆਂ ਕਡਣ ਹੂੰਦੀਆਂ ਹਿਨ।
(ਪੰਜੇ ਉਂਗਲਾਂ ਇਕੋ ਜਿਹੀਆਂ ਕਦ ਹੁੰਦੀਆਂ ਨੇ)
ਪੱਟ: ਰੇਸ਼ਮ
ਪੱਟ ਦੇ ਵਿਛਾਵਣ ਨਾਲ ਨਿੰਦਰ ਦੀ ਪਕੀ ਜ਼ਾਮਨੀ ਕਡੂੰ ਹੇ।
(ਰੇਸ਼ਮੀ ਵਿਛੌਣੇ ਨੀਂਦ ਦੀ ਪੱਕੀ ਜ਼ਾਮਨੀ ਕਦੋਂ ਹਨ)
ਪੱਟ ਸੱਟ: ਪੁੱਟ ਦੇ
ਉਠ ਜਵਾਨਾਂ, ਤੈਂਡਾ ਕੰਮ ਹੇ ਜ਼ੁਲਮ ਕੀ ਜੜ੍ਹ ਪੁੱਟ ਸੱਟ।
(ਜਾਗ ਜਵਾਨਾਂ, ਤੇਰਾ ਕੰਮ ਹੈ, ਜ਼ੁਲਮ ਦੀ ਜੜ ਪੁੱਟ ਦੇ)


ਪੱਟਰਾਣੀ: ਮੁੱਖੀ ਰਾਣੀ
ਰਾਣੀਆਂ ਪਟਰਾਣੀਆਂ ਸੱਭੋ ਕਾਲ ਦੀ ਘਿਰਾਹੀਂ ਥੀ ਵੰਞਿਣ।
(ਰਾਣੀਆਂ ਤੇ ਮੁੱਖ ਰਾਣੀਆਂ, ਸਭ ਮੌਤ ਦੀ ਬੁਰਕੀ ਹੋ ਜਾਣ)
ਪਟੰਬਰ: ਰੇਸ਼ਮੀ ਪਹਿਰਾਵੇ।
ਰਜਵਾੜਿਆਂ ਤੇ ਧਨਾਡਾਂ ਦੇ ਪਟੰਬਰ ਮੂਲੋਂ ਲੋਕਾਂ ਦੇ ਮਾਲ ਹਿਨ।
(ਰਜਵਾੜਿਆਂ ਤੇ ਧਨਾਡਾਂ ਦੇ ਰੇਸ਼ਮੀ ਪਹਿਰਾਵੇ, ਮੁੱਢੋਂ ਲੋਕਾਂ ਦਾ ਮਾਲ ਹੀ ਨੇ)
ਪਠੋਰਾ/ਪਠੋਰੀ: ਬਕਰੀ ਦੇ ਮੇਮਣੇ
ਸਭੋ ਪੱਠਾ ਵਿਚੁ ਇਹ ਪਠੋਰਾ ਤੇ ਪਠੋਰੀ ਸੂਹਣੀ ਹੈ।
(ਸਾਰੀਆਂ ਪੱਠਾਂ ਵਿਚੋਂ ਇਹ ਮੇਮਣਾ/ਮੇਮਣੀ ਸੁਹਣੇ ਨੇ)
ਪੱਡ: ਪੱਦ
ਪੇਟ ਗੈਸ ਭਰੀ ਪਈ ਹੈ, ਪੱਡ ਨਿਕਲਦੇ ਵੈਂਦੇਂਨ।
(ਪੇਟ ਵਿਚ ਗੈਸ ਭਰ ਗਈ ਹੈ, ਪੱਦ ਨਿਕਲੀ ਜਾਂਦੇ ਨੇ)
ਪੱਤ: ਗਾੜ੍ਹੀ ਚਾਸ਼ਨੀ
ਪੱਤ ਪਕ ਗਈ ਹੈ ਤਾਂ ਖੁਰਮਿਆਂ ਤੇ ਚਾੜ ਡਿਵਾਹੇਂ।
(ਗਾੜ੍ਹੀ ਚਾਸ਼ਨੀ ਪੱਕ ਗਈ ਤਾਂ ਸ਼ਕਰਪਾਰਿਆਂ ਤੇ ਚੜ੍ਹਾ ਦੇਈਏ)
ਪਤਵਾਰ: ਮਲਾਹ
ਪਤਵਾਰ ਬਹੂੰ ਜਿਲ੍ਹਾ ਲਗਦੈ, ਬੇੜੀ ਬੰਨੇ ਲੈਸੀ ਕਿ ਡੁਬੈਸੀ।
(ਮਲਾਹ ਜਿਲ੍ਹਾ ਲਗਦੈ, ਬੇੜੀ ਤਾਰੂ ਕਿ ਡੋਬੂ)
ਪਫ਼: ਪਿੰਜੀ ਹੋਈ।ਫੁਲਾਈ ਹੋਈ
ਪਫ਼ ਕੀਤੀ ਮਿਸਸ/ਜਤ/ਕਪਾਹ ਦਾ ਸੂਤਰ ਨਿਕਾ ਕਤੀਦੈ।
(ਪਿੰਜੀ ਉਠਾਂ ਦੀ ਜੱਤ/ਕਪਾਹ ਦਾ ਸੂਤ ਪਤਲਾ ਕਤਿਆ ਜਾਂਦਾ ਹੈ)
ਪਰਚਾਵਣਾ: ਮਾਤਮ ਕਰਨਾ
ਤੂੰ ਭਾਈ ਪਰਚਾਵਣ ਆਣ ਆਲਿਆਂ ਕੂੰ ਚਾਹ ਵਰਤੈਸੇ।
(ਤੂੰ ਬਾਈ, ਮਾਤਮ ਤੇ ਆਣ ਵਾਲਿਆਂ ਨੂੰ ਚਾਹ ਵਰਤਾਏਂਗਾ)
ਪਰਛੰਡਾ: ਦੁਲੱਤੀ
ਖਰਕੇ ਦੇ ਪਿਛੂੰ ਪਿਛੂੰ ਇਲਤ ਨਾ ਕਰ, ਪਰਛੰਡਾ ਖਾਈਂ।
(ਖੋਤੇ ਦੇ ਮਗਰ ਮਗਰ ਚੌੜ ਨਾ ਕਰ, ਦੁਲੱਤੀ ਖਾਏਂਗਾ)
ਪਰਾਂਠੇ/ਪੁਰਾਠੇ ਪਰੌਠੇ
ਘਿਉ ਮੁੁੱਕਾ ਪਿਐ, ਪਰਾਂਠੇ/ਪੁਰਾਠੇ ਪਾਣੀ ਨਾਲ ਬਣਸਿਨ।
(ਘਿਉ ਖਤਮ ਹੈ, ਪਰੌਠੇ ਪਾਣੀ ਨਾਲ ਬਣਨਗੇ)
ਪਰਵਾਵਣਾ/ਪਰਨਾਵਣਾ: ਵਿਆਹੁਣਾ
ਪਰਣਾਵਣ/ਪਰਨਾਵਣ ਆਏ ਹੋ ਕੇ ਸਾਕੂੰ ਪਰਤਾਵਣ।
(ਵਿਆਹੁਣ ਆਏ ਹੋ ਕਿ ਸਾਡੀ ਪਰਖ ਕਰਨ)
ਪਰਤਾਵਾ/ਪਰਤਾਵਣਾ: ਪਰਖਣਾ
ਵਲਾ ਵਲਾ ਪਰਤਾਵਾ ਕਰਨ/ਪਰਤਾਵਣ ਨਾਲ ਬੇਵਿਸਾਹੀ ਵਧਦੀ ਹੈ।
(ਮੁੜ ਮੁੜ ਪਰਖਣ ਨਾਲ ਬੇਭਰੋਸਗੀ ਵਧਦੀ ਹੈ।

ਪਰਤੀਤ: ਵਿਸਵਾਸ਼
ਖਰੇ ਖੋਟੇ ਦੀ ਕਾਈ ਪਰਤੀਤ ਨਹੀਂ, ਸੰਭਲ ਪੈਰ ਰੱਖ।
(ਖਰੇ ਖੋਟੇ ਦਾ ਕੋਈ ਵਿਸ਼ਵਾਸ਼ ਨਹੀਂ, ਸੰਭਲ ਕੇ ਚਲ)
ਪਰਾਂਹ/ਪਰੂੰਹ: ਪਰੇ ਤੋਂ/ਦੂਰੋਂ
ਨੇੜੇ ਤਾਂ ਵਾੜੀ ਹੇ ਕਾਈ ਨਾ, ਪਰਾਂਹ/ਪਰੂੰਹ ਤੂੰ ਘਿਨਾਸੀ।
(ਨੇੜੇ ਤਾਂ ਬਗੀਚੀ ਕੋਈ ਨਹੀਂ ਹੈ, ਦੂਰ ਤੋਂ ਲਿਆਊ)
ਪਲਤ: ਅਗਲਾ ਜਹਾਨ
ਇੱਥੇ ਪੜ੍ਹਤ ਹੋਈ ਤਾਂ ਅੱਖਾਂ ਪਲਤ ਵੀ ਸੰਵਰ ਵੈਸੀ।
(ਇੱਥੇ ਇਜ਼ਤ ਹੈ ਤਾਂ ਅਗਲਾ ਜਹਾਨ ਵੀ ਸੰਵਰ ਜਾਊ)
ਪਲੀਤ: ਲਿਬੜਿਆ
ਰੱਤ ਲਗਣ ਤੂੰ ਲੀੜਾ ਪਲੀਤ ਥੀਵੇ, ਇੰਵੇਂ ਮਨ ਵੀ ਤਰੱਕਦੈ।
(ਲਹੂ ਲਗਣ ਤੇ ਲੀੜਾ ਲਿਬੜਦੈ, ਇਵੇਂ ਮਨ ਵੀ ਮੁਸ਼ਕ ਜਾਂਦੈ)
ਪਲੀਤਾ: ਚੰਗਿਆੜੀ
ਭਿੜਨੇ ਕੂੰ ਪਹਿਲੂੰ ਚੋਤਾ ਵਟੀ ਬੈਠੇ, ਪਲੀਤਾ ਲਾਈ ਵੈਂਦੇ।
(ਲੜਨ ਨੂੰ ਪਹਿਲਾਂ ਹੀ ਲੱਕ ਬੰਨੀ ਫਿਰਦੈ, ਤੂੰ ਚੰਗਿਆੜੀ ਸਿੱਟੀ ਜਾਂਦਾ ਹੈ)
ਪਲੱਥਾ/ਪਥੱਲਾ: ਚੌਕੜਾ/ਗੱਤਕਾ
ਬੂਹੇ ਅਗੂੰ ਪਲੱਥਾ/ਪਥੱਲਾ ਮਾਰੀ ਬੈਠਾ ਹੈ, ਲੰਘਾ ਕੀਕੂ
(ਬੂਹੇ ਅਗੇ ਚੌਕੜਾ ਮਾਰੀ ਬੈਠਾ ਹੈ, ਲੰਘਾਂ ਕਿਵੇਂ)
ਕੇਹਾ ਪਲੱਥਾ ਖੇਡਦੈ, ਉਹ ਵੀ ਨੰਗੀ ਕਿਰਪਾਨ ਨਾਲ!
(ਕੀ ਗਤਕਾ ਖੇਡਦੈ, ਉਹ ਵੀ ਨੰਗੀ ਤਲਵਾਰ ਨਾਲ!)
ਪਲੜਾ ਪਾਸਾ
ਵੱਟਾ ਵਡੈ, ਪਲੜਾ ਭਾਰੀ ਹੈ, ਉਡਾਹੀਂ ਭੁਗਤਸਾਂ।
(ਭਾਰ ਵੱਧ ਹੈ, ਪਲੜਾ ਵੀ ਭਾਰੀ ਹੈ, ਉਧਰੈ ਭੁਗਤੂੰਗਾ)
ਪਲੂਤਾ: ਸਰਾਪ
ਤਪੀ ਕੂੰ ਨਾ ਤਪਾਓ, ਕਾਈ ਪਲੂਤਾ ਕਢੇਸੀਆ।
(ਦੁਖੀ ਨੂੰ ਨਾ ਸਤਾਓ, ਕੋਈ ਸਰਾਪ ਦੇ ਦਿਉ)
ਪਲਮਣਾ: ਲਮਕਣਾ
ਰਸੀਲੇ ਅੰਬ ਡਾਹਣੀਆਂ ਨੂੰ ਪਲਮਦੇ ਤਾਂ ਡੇਖ।
(ਰਸਦਾਰ ਅੰਬ ਟਹਿਣੀਆਂ ਤੋਂ ਲਮਕਦੇ ਤਾਂ ਤੱਕ)
ਪਵਾਂਧੀ: ਪੈਂਦ/ਪੁਆਂਧੀ
ਰੋਗੀ ਦੇ ਮੰਜੇ ਤੇ ਨਹੀਂ ਪਵਾਂਧੀ ਵੱਲ ਵੱਖ ਬੈਠ।
(ਰੋਗੀ ਦੇ ਮੰਜੇ ਤੇ ਨਹੀਂ ਪੈਂਦ/ਪੁਆਂਧੀ ਵਲ, ਵੱਖ ਬੈਠ)
ਪੜਛੱਤੀ: ਮਿਆਨੀ
ਪੜਛੱਤੀ ਛੱਤ ਚਾ, ਬਹੂੰ ਸਮਾਨ ਸੰਭ ਵੈਸੀ।
(ਮਿਆਨੀ ਛੱਤ ਲੈ, ਬਹੁਤ ਸਮਾਨ ਸੰਭ ਜਾਊ)


ਪੜਛਾ: ਖਜੂਰ ਦੇ ਪੱਤਿਆਂ ਦੀ ਚਟਾਈ
ਪੜਛਿਆਂ ਤੇ ਪਾਈਆਂ ਵੜੀਆਂ ਸੂਕ ਵੈਸਨ।
(ਖਜੂਰੀ ਪੱਤਿਆਂ ਦੀਆਂ ਚਟਾਈਆਂ ਤੇ ਪਾਈਆਂ ਵੜੀਆਂ ਸੁੱਕ ਜਾਣਗੀਆਂ)
ਪੜਪੜ ਕਰਨਾ: ਰਿੱਕ ਸਿਟਣਾ/ਮੋਕ ਮਾਰਨਾ}
ਡਾਂਦ ਪੜਪੜ ਕਰੀਂਦਾ ਪਿਐ, ਨਾਹਲ ਨਾਲ ਕਾਹੜਾ ਡੇਵੂੰ।
(ਬਲਦ ਰਿੱਕ ਸਿੱਟ ਰਿਹੈ, ਨਾਹਲ ਨਾਲ ਕਾਹੜਾ ਦੇਈਏ)
ਪੜੋਪੀ: ਪੀਲ੍ਹਾਂ ਮਿਣਨ ਵਾਲੀ ਲੱਕੜ ਦੀ ਟੋਪੀ
ਉਡੂੰ ਸਾਂਝੀਆਂ ਪੀਲ੍ਹਾਂ ਤੂੜੀਦੇਂ ਤੇ ਪੜੋਪੀਆਂ ਥੀਂ ਵੰਡੀਦੇ ਹਨ।
(ਉਦੋਂ ਰਲ ਕੇ ਪੀਲ੍ਹਾਂ ਤੋੜਦੇ ਤੇ ਲਕੜ ਦੀ ਟੋਪੀ ਨਾਲ ਵੰਡ ਲੈਂਦੇ)
ਪਾ: ਸੇਰ ਦੀ ਚੁਥਾਈ
ਮੈਕੂੰ ਹਿੱਕ ਪਾ ਮਾਖੀ ਦੀ ਲੋੜ ਹੈ, ਡਿਤੀ ਵੰਞ ਭਲਾ ਥੀਵੀ।
(ਮੈਨੂੰ ਚੁਥਾਈ ਸੇਰ ਸ਼ਹਿਦ ਦੀ ਲੋੜ ਹੈ, ਦੇਈ ਜਾਂ, ਭਲਾ ਹੋਵੀ)
ਪਾਂ/ਪੂੰ: ਪਾਕ/ਖੁੱਜਲੀ
ਫੋੜਾ ਫਿੱਸਿਐ, ਪੂੰ ਨਿਕਲ ਕੇ ਫੈਲੀ ਤੇ ਪਾਂ ਪੈ ਗਈ।
(ਫੋੜਾ ਫਿਸ ਗਿਆ, ਪਾਕ ਨਿਕਲ ਕੇ ਫੈਲੀ ਤੇ ਖੁਜਲੀ ਉਠ ਖੜੀ)
ਪਾਉਲੀ/ਪਾਵਲੀ: ਜੁਲਾਹਾ
ਪਾਉਲੀਆਂ/ਪਾਵਲੀਆਂ ਦੀ ਛੇਰ ਕਿਡਾਹੂੰ ਕੱਢ ਘਿਨਾਏ।
(ਜੁਲਾਹਿਆਂ ਦੀ ਕੁੜੀ ਕਿਤੋਂ ਉਧਾਲ ਲਿਆਇਆ ਹੈ)
ਪਾਸੰਗ/ਪਾਸਕੂ ਕਾਣੋਂ ਜਿੰਨਾ ਭਾਰ
ਤ੍ਰੱਕੜੀ ਵਿੱਚ ਕਾਣ ਹੋ, ਪਾਸੰਗ/ਪਾਸਕੂ ਤਾਂ ਪਹਿਲੂੰ ਪਾ।
(ਤਕੜੀ ਵਿਚ ਕਾਣੋਂ ਹੈ, ਪਹਿਲੋਂ ਸਾਵਾਂ ਕਰਨ ਨੂੰ ਵੱਟਾ ਤਾਂ ਪਾ)
ਪਾਹ: ਲਾਗ/ਲੱਤ
ਭੈੜੀ ਸੰਗਤ ਬਾਹਵਣ ਲਗ ਗਿਆ ਹੈ, ਨਸ਼ੇ ਦੀ ਪਾਹ ਲਗ ਵੈਸੀ।
(ਬੁਰੀ ਸੰਗਤ ਬੈਠਣ ਲਗ ਪਿਆ ਹੈ, ਨਸ਼ੇ ਦੀ ਲੱਤ ਲਗ ਜੂ)
ਪਾਹਨ: ਪੱਥਰ
ਛੇਰੀਂ ਪਾਹਨ ਆਧੇ ਤੇ ਜ਼ਿੰਮੇਵਾਰੀ ਕੂੰ ਭਾਰਾ ਪਾਹਨ।
(ਕੁੜੀਆਂ ਨੂੰ ਪੱਥਰ ਦਸਦੇ ਤੇ ਜੁੰਮੇਵਾਰੀ ਨੂੰ ਭਾਰਾ ਪੱਥਰ)
ਪਾਹਰਾ: ਪਹਿਰਾ
ਕਿੰਞ ਮਿਲਸੂੰ, ਆਵਣ ਵੰਞਣ ਤੇ ਪਾਹਰੇ ਲਗੇ ਹਿਨ।
(ਕਿਵੇਂ ਮਿਲਾਂਗੇ, ਆਉਣ ਜਾਣ ਤੇ ਪਹਿਰੇ ਲਗੇ ਹਨ)
ਪਾਕਾ: ਪਾਕ ਵਾਲਾ ਫੋੜਾ
ਇਹਕੀ ਕਛਰੌਲੀ ਤਾਂ ਪਾਕਾ ਬਣੀ ਪਈ ਹੇ।
(ਇਹਦੀ ਕੱਛ ਵਿਚਲੀ ਫਿਨਸੀ ਤਾਂ ਪਾਕ ਵਾਲਾ ਫੋੜਾ ਬਣੀ ਹੋਈ ਹੈ)
ਪਾਜ: ਟਾਂਕਾ (ਕਲੀ ਦਾ)
ਪੀਪੇ ਦੇ ਮੂੰਹ ਤੇ ਪਾਜ ਲਾ ਡੇ, ਘਿਊ ਨਾ ਵਿਟੀਚੇ।
(ਪੀਪੇ ਦੇ ਮੂੰਹ ਤੇ ਕਲੀ ਦਾ ਟਾਂਕਾ ਲਾ ਦੇ, ਘਿਉ ਨਾ ਡੁਲ੍ਹੇ)


ਪਾਟ: ਪਸਾਰ
ਦਰਿਆ ਦਾ ਪਾਟ ਫੈਲ ਗਿਆ ਹੈ, ਕਿੰਝ ਲੰਘਸੂੰ।
ਦਰਿਆ ਦਾ ਪਸਾਰ ਫੈਲ ਗਿਆ ਹੈ, ਕਿਵੇਂ ਲੰਘਾਂਗੇ।
ਪਾਣ: ਮਾਵਾ/ਤਾਪਣਾ
ਪਾਣ ਪੱਗ ਕੂੰ ਪਕਾਵੇ ਤੇ ਸਹੀ ਪਾਣ ਬਰਛੇ ਕੂੰ ਵੀ।
(ਮਾਵਾ ਪੱਗ ਨੂੰ ਪਕਾ ਕਰੇ ਤੇ ਸਹੀ ਤਾਪ ਬਰਛੇ ਨੂੰ ਵੀ)
ਪਾਣਾ: ਚਾਵਲਾਂ ਦੀ ਪਿੱਛ
ਚਾਵਲਾਂ ਦਾ ਪਾਣੀ ਪਿਲੈਸ, ਰਿੱਕ ਹੱਟ ਵੈਸੀ।
(ਚਾਵਲਾਂ ਦੀ ਉਬਾਲੀ ਪਿੱਛ ਪਿਲਾ, ਮੋਕ ਹੱਟ ਜਾਵੇਗੀ)
ਪਾਤ/ਪਾਂਤ: ਵਾਢੀ ਦੀ ਚੌੜਾਈ
ਵਾਢਾ ਡਾਢਾ ਹੇ, ਵਡੀ ਪਾਤ/ਪਾਂਤ ਵੀ ਬਰਾਬਰ ਕੱਪ ਘਿਨਸੀ।
(ਵਾਢਾ ਤਕੜੈ, ਵਡੀ ਚੌੜਾਈ ਵੀ ਬਰਾਬਰ ਵੱਢ ਲੈਸੀ)
ਪਾਂਦ ਸਿਰਾ
ਸਿਰ ਖਪੈਂਦਾ, ਉਲਝੀ ਤਾਣੀ ਦੀ ਪਾਂਦ ਪਿਆ ਲਭਦਾ।
(ਮਗਜ਼ ਪੱਚੀ ਕਰਦਾ ਹਾਂ, ਉਲਝੀ ਤਾਣੀ ਦਾ ਸਿਰਾ ਲਭ ਰਿਹਾ ਹਾਂ)
ਪਾਧਾ: ਪੰਡਤ/ਬਾਹਮਣ
ਮੌਕਾ ਦੇਈ, ਪਾਧਾ ਨਾ ਪੁੱਛ ਤੇ ਸਾਕ ਕਰ ਛੋੜ।
(ਮੌਕਾ ਮਿਲਿਆ ਹਈ, ਬਾਹਮਣ ਨਾ ਪੁੱਛ ਤੇ ਰਿਸ਼ਤਾ ਕਰ ਛੱਡ)
ਪਾਬੀਆਂ: ਤਰਾਂ
ਕੂਲੀਆਂ ਪਾਬੀਆਂ ਦਾ ਸਲਾਦ ਕੋਈ ਫੈਦੇ ਡੀਂਦੈ।
(ਲਵੀਆਂ ਤਰਾਂ ਦਾ ਸਲਾਦ ਕਈ ਲਾਭ ਦਿੰਦਾ ਹੈ)
ਪਾਲ: ਕਤਾਰ
ਲਿਖਾਈ ਤੇ ਪਰੇਡ ਸਿੱਧੀਆਂ ਪਾਲਾਂ ਵਿਚ ਸੂਹਣੀ ਹੁੰਦੀ।
(ਲਿਖਾਈ ਤੇ ਪਰੇਡ ਸਿੱਧੀਆਂ ਕਤਾਰਾਂ ਵਿਚ ਸੋਹਣੀ ਹੋਂਦੀ)
ਪਾੜਾ ਮੇਲ: ਸੰਨ੍ਹ ਰਲਾ ਦੇ
ਬਹੂੰ ਫਰਕ ਭਾਈ ਨਾਹੀ, ਤੁ ਪਾੜਾ ਮੇਲ ਡੇਸੇਂ।
(ਬਹੁਤਾ ਫਰਕ ਕੋਈ ਨਹੀਂ, ਤੂੰ ਸੰਨ੍ਹ ਰਲਾ ਦੇਵੇਂਗਾ)
ਪਿਊ/ਪਿਦਰ: ਪਿਉ/ਪਿਤਾ
ਤੈਂਡੇ ਪਿਉ ਕੂੰ ਖੱਲਾ, ਪਿਦਰ ਦਾ ਨਾਂ ਬੱਦੂ ਕੀਤਈ।
(ਤੇਰੇ ਪਿਉ ਨੂੰ ਵੀ ਲਾਹਨਤ, ਤੈਂ ਪਿਤਾ ਦੇ ਨਾਂ ਨੂੰ ਦਾਗੀ ਕੀਤਾ ਹੈ)
ਪਿਓਸ/ਪਲੈਸ: ਪਿਆ ਦੇ
ਭਾਰ ਢੋ ਕੇ ਆਇਆ ਹੈ, ਢੇਰ ਤਸਾ ਹੈ, ਪਾਣੀ ਪਿਓਸ/ਪਿਲੈਸ।
(ਭਾਰ ਢੋ ਕੇ ਆਇਆ ਹੈ, ਬਹੁਤ ਤਿਹਾਇਆ ਹੈ, ਪਾਣੀ ਪਿਲਾ ਦਿਉ)
ਪਿਸਾਚ ਪ੍ਰੇਤ
ਅਗਿਆਨਤਾ ਤੇ ਭਰਮਾ ਵਿਚੁ ਪਿਸਾਚਾਂ ਦਾ ਡਰ ਪੂੰਦੈ।
(ਆਨ ਦੀ ਘਾਟ ਤੇ ਭਰਮਾਂ ਵਿਚੋਂ ਪ੍ਰੇਤਾਂ ਦੇ ਡਰ ਪੈਦਾ ਹੁੰਦੇ ਨੇ)

ਪਿਸੁ ਪੋਵਣੇ: ਹੌਲ ਪੈਣੇ
ਤੈਂਕੂ ਕਿਉਂ ਪਿਸੂ ਪੂੰਦੇ ਹਿਨ, ਖਰਚਾ ਸਾਰਾ ਮੈਂਡੈ।
(ਤੈਨੂੰ ਕਿਉਂ ਹੌਲ ਪੈਣ ਲਗੇ ਨੇ, ਖਰਚਾ ਸਾਰਾ ਮੇਰਾ ਹੈ)
ਪਿੱਖ/ਪਿੱਛ: ਦਸਤ
ਤੂ ਧਿਆਨ ਕਰ, ਬਾਲ ਡੁੱਧ ਪੀਂਦਈ ਤੇ ਪਿੱਖ/ਪਿੱਛ ਕਰਨੈ।
(ਤੂੰ ਧਿਆਨ ਰੱਖ, ਬਚਾ ਦੁੱਧ ਚੁੰਘਦੈ ਤੇ ਦਸਤ ਕਰਦਾ ਹੈ)
ਪਿਛੂੰ: ਪਿਛਲਾ ਨਿਵਾਸ
ਬੋਲੀ ਤਾਂ ਸਾਡੀ ਬੁਲੀਂਦੇ ਹਨ, ਪਿੱਛੂ ਕਿੱਥੂੰ ਦੇ ਹਿਨ।
(ਬੋਲੀ ਤਾਂ ਸਾਡੀ ਬੋਲਦੇ ਨੇ, ਪਿਛਲਾ ਨਿਵਾਸ ਕਿਥੋਂ ਦਾ ਨੇ)
ਪਿਛਾਵੜੇ: ਪਿਛਵਾੜੇ
ਪਿਛਾਵੜੇ ਵਡਾ ਐੱਠਾ ਹੇ, ਦੋਦਾ ਖੇਡੋ ਭਾਵੇਂ ਕੌਡੀ।
(ਪਿਛਵਾੜੇ ਵਡਾ ਮੈਦਾਨ ਹੈ, ਧਕਮ-ਧੱਕੀ ਖੇਡੋ ਚਾਹੇ ਕੌਡੀ)
ਪਿੰਞ/ਪਿੰਞਣੀ: ਪਿੰਜ/ਪਿੰਜਣੀ
ਖਲੋ ਕੇ ਪਿੰਞਾਵਣਾ ਪੂੰਦੈ, ਪਿੰਞਣੀਆਂ ਡੂੱਖਣ ਲਗ ਵੈਂਦੀਆਂ ਹਿਨ।
(ਖਲੋ ਕੇ ਪਿੰਜਾਣਾ ਪੈਂਦਾ ਹੈ, ਪਿੰਜਣੀਆਂ ਦੁਖਣ ਲਗ ਜਾਂਦੀਆਂ ਨੇ)
ਪਿਤਾ/ਪਿਤੀ: ਮਤੀਰਾ/ਮਤੀਰੀ
ਚੀਚਕੇ ਵਾੜੀ ਵਿਚ ਬੀਜੇ ਹਿਨ, ਪਿਤੇ/ਪਿਤੀਆਂ ਢੇਰ
(ਮਤੀਰੇ ਦੇ ਬੀਜ ਬਗੀਚੀ ਵਿਚ ਬੀਜੇ ਨੇ, ਮਤੀਰੇ/ਮਤੀਰੀਆਂ ਬਹੁਤ)
ਪਿਤਰਸ: ਪਤੀਸ
ਸਾਹਵਰੇ ਪਿਤਰਸ ਤਾਂ ਹੇ ਭਾਈ ਨਾ, ਤੈਕੂੰ ਮਨੀਂਦੀ ਹਾਂ।
(ਸਹੁਰੀਂ ਪਤੀਸ ਤਾਂ ਕੋਈ ਹੈ ਨਹੀਂ, ਤੈਨੂੰ ਮੰਨਦੀ ਹਾਂ)
ਪਿੱਦਾ/ਪਿੱਦੀ: ਮਧਰਾ/ਮਧਰੀ
ਪਿੱਦੇ ਦਾ ਜੋੜ ਪਿੱਦੀ ਨਾਲ ਤਾਂ ਬਿਠਾ ਡਿਤਾ ਹਈ, ਉਲਾਦ ਕੇਹੀ ਥੀਸੀ।
(ਮਧਰੇ ਦਾ ਮੇਲ ਮਧਰੀ ਨਾਲ ਤਾਂ ਬੰਨ੍ਹ ਦਿਤਾ ਹੀ, ਉਲਾਦ ਕੈਸੀ ਹੋਊ)
ਪਿੰਨ: ਭੀਖ ਮੰਗ
ਪਿੰਨਣ ਗਿਆ ਤਾਂ ਮਰ ਗਿਆ, ਪਿੰਨਣ ਮੁਲ ਨਾ ਵੰਞ।
(ਭੀਖ ਮੰਗਣ ਗਿਆ ਤਾਂ ਮਰ ਗਿਆ, ਭੀਖ ਨੂੰ ਜਮਾਂ ਨਾ ਜਾ)
ਪਿੰਨਾਂ ਗੋਲਾ
ਹਿੱਕ ਪਿੰਨਾਂ ਪਸ਼ਮ ਘਟ ਗਿਆ ਹੈ, ਲਿਆ ਡੇ।
(ਇੱਕ ਗੋਲਾ ਪਸ਼ਮ ਘਟ ਗਈ ਹੈ, ਲਿਆ ਦੇ)
ਪਿੱਪੂੰ: ਖੱਟੀਆਂ ਭੂਕਾਂ
ਟਿੱਬੇ ਦੇ ਮੁੰਢ ਵਿਚੂੰ ਪਿੱਪੂੰ ਕੱਪ ਘਿਨਾ, ਚਟਣੀ ਬਣੈਸਾਂ।
(ਟਿੱਬੇ ਦੇ ਮੁੱਢਾਂ ਖੱਟੀਆਂ ਭੂਕਾਂ ਤੋੜ ਲਿਆ, ਚਟਣੀ ਬਣਾਉਂ)
ਪਿਰਾਹ: ਵੱਡਾ ਕਮਰਾ
ਘਰ ਕੇ ਹੇ, ਡੂ ਕੋਠੜੀਆਂ ਨੇ, ਪਿਰਾਹ ਕਾਈ ਨਹੀਂ।
(ਘਰ ਕੀ ਹੈ ਦੋ ਕੋਠੜੀਆਂ ਹਨ, ਵਡਾ ਕਮਰਾ ਕੋਈ ਨਹੀਂ)

ਪਿਲਦਾ: ਥਾਪੀ ਮਾਰਦਾ
ਮੈਕੂੰ ਸ਼ਰਮ ਮਾਰਦੀ ਪਈ ਤੇ ਤੂ ਭਿੜਨੇ ਕੂੰ ਪਿਲਦਾ ਪਿਐਂ।
(ਮੈਨੂੰ ਸ਼ਰਮ ਮਾਰੀ ਜਾਂਦੀ ਹੈ ਤੇ ਤੂੰ ਲੜਨ ਨੂੰ ਥਾਪੀ ਮਾਰ ਰਿਹਾ ਹੈਂ)
ਪੀਲੂ: ਪੀਲ੍ਹਾਂ
ਕਿੱਡੇ ਗਏ ਵਣ ਤੇ ਜਾਲ੍ਹਾਂ ਤੇ ਕਿੱਡੇ ਗਈਆਂ ਪੀਲੂੰ ਤੇ ਡੇਲੇ।
(ਵਣਾਂ ਤੇ ਜਾਲਾਂ ਕਿਧਰ ਗਏ ਤੇ ਪੀਲ੍ਹਾ ਤੇ ਡੇਲੇ ਕਿਧਰ)
ਪੁਸਤਾ/ਪੁਸਤੀ: ਸਹਾਰਾ
ਕੰਧ ਖੁਰਦੀ ਤੇ ਧ੍ਰੰਵਦੀ ਪਈ ਹੈ, ਪੁਸਤਾ/ਪੁਸਤੀ ਚਾੜੂੰ।
(ਕੰਧ ਖੁਰਦੀ ਤੇ ਉਲਰਦੀ ਪਈ ਹੈ, ਸਹਾਰਾ ਚੜਾਈਏ)
ਪੁਸ਼ਤੀ/ਪੁਸ਼ਤੈਨੀ: ਵਿਰਾਸਤੀ
ਇੰਤਕਾਲ ਵਿਚ ਪੁਸ਼ਤੀ/ਪੁਸ਼ਤੈਨੀ ਜ਼ਮੀਨ ਬੋਲਦੀ ਹੈ।
(ਇੰਤਕਾਲ ਵਿਚ ਵਿਰਾਸਤੀ ਜ਼ਮੀਨ ਦਰਜ ਹੈ)
ਪੁਖ਼ਤਾ ਪੱਕਾ
ਹਵਾਈ ਸਫਰ ਵਿਚ ਬਚਾਅ ਦੇ ਪੁਖਤਾ ਇੰਤਜ਼ਾਮ ਨੇ।
(ਹਵਾਈ ਸਫਰ ਵਿਚ ਬਚਾਅ ਦੇ ਪੱਕੇ ਪ੍ਰਬੰਧ ਨੇ)
ਪੁਗਣਾ: ਵਾਰਾ ਖਾਣਾ
ਸਾਕੂੰ ਇਹ ਮਾਂਘਾ ਸੌਦਾ ਨਹੀਂ ਪੁਗਦਾ।
(ਸਾਨੂੰ ਇਹ ਮਹਿੰਗਾ ਸੌਦਾ ਵਾਰਾ ਨਹੀਂ ਖਾਂਦਾ)
ਪੁੱਚ ਪੁੱਚ ਕਰਨਾ: ਲਾਰਾ ਲੱਪਾ
ਪੁੱਚ ਪੁੱਚ ਕੀਤਿਆਂ ਗਲ ਵਿਗੜ ਖੜੋਸੀਆ।
(ਲਾਰੇ ਲੱਪੇ ਨਾਲ ਗਲ ਵਿਗੜ ਜਾਊਗੀ)
ਪੁੱਠ ਚਾੜ੍ਹਨੀ: ਝੋਲ ਚੜ੍ਹਾਉਣੀ
ਸੋਨੇ ਦੀ ਪੁੱਠ ਚਾੜ੍ਹ ਕੇ ਝੂਠੇ ਗਾਹਣੇ ਢੋਏ ਹਿਨੇ।
(ਸੋਨੇ ਦੀ ਝੋਲ ਚੜ੍ਹਾ ਕੇ ਨਕਲੀ ਗਹਿਣੇ ਪਾਏ ਹੈਨ)
ਪੁਣਨਾ: ਗਾਲਾਂ ਦੇਣੀਆਂ
ਅੰਮਾ ਹਰ ਵੇਲੇ ਮੈਂਡੇ ਪਿਉ ਭਿਰਾ ਪੁਣਦੀ ਰਾਂਧੀ ਹੇ।
(ਬੇਬੇ ਹਰ ਵੇਲੇ ਮੇਰੇ ਪਿਉ ਭਰਾਵਾਂ ਦੀਆਂ ਗਾਲਾਂ ਦਿੰਦੀ ਹੈ)
ਪੁੰਨੀ: ਪੂਰੀ ਹੋਈ
ਮਿਲੀ ਹੋਈ ਮੁਹਲਤ ਪੁੰਨੀ ਪਈ ਹੈ, ਰਕਮ ਤਾਰੂੰ ਚਾ।
(ਮਿਲੀ ਹੋਈ ਮੁਹਲਤ ਪੂਰੀ ਹੋ ਗਈ ਹੈ, ਰਕਮ ਤਾਰ ਦੇਊ)
ਪੁੰਨ ਦਾ ਸਾਕ: ਬਿਨਾਂ ਬਦਲੇ ਦੇ ਰਿਸ਼ਤਾ
ਵੱਟੇ ਸੱਟੇ ਦੇ ਸਾਕਾਂ ਦਾ ਨਹੀਂ ਪੁੰਨ ਦੇ ਸਾਕ ਦਾ ਵੇਲਾ ਹੈ।
(ਅਦਲਾ-ਬਲਦੀ ਦੇ ਰਿਸ਼ਤਿਆਂ ਦਾ ਨਹੀਂ ਬਿਨਾਂ ਬਦਲੇ ਦੇ ਰਿਸ਼ਤੇ ਦਾ ਵੇਲਾ ਹੈ)
ਪੁਰਖੇ: ਵੱਡੇ ਵਡੇਰੇ
ਔਖੇ ਸੌਖੇ ਥੀਕੇ ਪੁਰਖੇ ਕੁਝ ਜ਼ਮੀਨ ਬਣਾ ਗਏ ਹਨ।
(ਔਖੇ ਸੌਖੇ ਹੋ ਕੇ ਵਡੇਰੇ ਕੁਝ ਜ਼ਮੀਨ ਬਣਾ ਗਏ ਨੇ)

ਪੁੜ: ਚੁੱਭ
ਭਜਦਾ ਕਿਵੇਂ, ਪੇਰ ਵਿਚ ਕੰਡਾ ਪੁੜ ਗਿਆ ਹਾਈ।
(ਭਜਦਾ ਕਿਵੇਂ, ਪੈਰ ਵਿਚ ਕੰਡਾ ਚੁਭ ਗਿਆ ਸੀ)
ਪੇਖ ਵੇਖ
ਕਰਤੂਤਾਂ ਨਾਲ ਹਵਾ ਪਾਣੀ ਤ੍ਰਕਾਇਐ, ਪੇਖ ਪੇਖ ਰੋ।
(ਕਰਤੂਤਾਂ ਨਾਲ ਹਵਾ ਪਾਣੀ ਦੂਸ਼ਿਤ ਕੀਤੈ, ਵੇਖ ਵੇਖ ਰੋ)
ਪੇਛਾ ਖਾਨਦਾਨ ਦਾ ਪਿਛੋਕੜ
ਲਾਣਾ ਭਾਵੇਂ ਵੱਡਾ ਤਾਂ ਹੈ ਪਰ ਪੇਛਾ ਨੇਕ ਬਖਤਾਂ ਵਾਲਾ ਹੈ।
(ਟੱਬਰ ਭਾਵੇਂ ਵੱਡਾ ਤਾਂ ਹੈ, ਪਰ ਪਿਛੋਕੜ ਚੰਗੇ ਭਾਗਾਂ ਵਾਲਿਆਂ ਦਾ ਹੈ)
ਪੇਰ/ਪੇਰੂ ਰ੍ਹਣਾ: ਪੈਰ/ਪੈਰੋਂ ਨੰਗਾ
ਪੇਰੂ ਰਾਹਣਿਆਂ ਦੇ ਪੈਰਾਂ ਦੀ ਖਲ ਮੋਟੀ ਹੇ।
(ਪੈਰੋਂ ਨੰਗਿਆਂ ਦੇ ਪੈਰਾਂ ਦੀ ਚਮੜੀ ਮੋਟੀ ਹੈ)
ਪੇਲਣਾ: ਥਾਪੀਆਂ ਮਾਰਨਾ
ਤੂ ਟਾਲਾ ਵੱਟ, ਲੁਚੜ ਭਿੜਨੇ ਕੂੰ ਪੇਲਦਾ ਵੱਦੈ।
(ਤੂੰ ਪਾਸਾ ਕਰ, ਲੰਡਰ ਲੜਨ ਨੂੰ ਥਾਪੀਆਂ ਮਾਰਦਾ ਫਿਰਦਾ ਹੈ)
ਪੇੜ: ਰੁੱਖ
ਰੇਗਿਸਤਾਨ ਵਿਚ ਪੇੜ ਪਾਲਣਾ ਪੁੰਨ ਗਿਣਦੇ ਹਨ।
(ਰੇਗਿਸਤਾਨ ਵਿਚ ਰੁੱਖ ਪਾਲਣਾ ਪੁੰਨ ਮੰਨਦੇ ਨੇ)
ਪੈ: ਘਰ ਵਾਲਾ
ਨਿਨਾਣ ਨੇ ਮੈਂਡੇ ਪੈ (ਆਪਣੇ ਭਰਾ) ਨੂੰ ਭਖਾਅ, ਮੈਨੂੰ ਮਾਰ ਪਵਾਈ।
(ਨਣਦ ਨੇ ਮੇਰੇ ਘਰ ਵਾਲੇ-ਆਪਣੇ ਭਰਾ-ਨੂੰ ਗਰਮੀ ਦੇ ਕੇ ਮੈਨੂੰ ਕੁੱਟ ਪਵਾਈ)
ਪੈਜ: ਇਜ਼ਤ
ਮੈਂ ਹੁਣ ਤੈਂਡੇ ਆਸਰੇ ਹਾਂ, ਮੈਂਡੀ ਪੈਜ ਰਖਿਆਏ।
(ਮੈਂ ਹੁਣ ਤੇਰੇ ਆਸਰੇ ਹਾਂ, ਮੇਰੀ ਇਜ਼ਤ ਰਖਿਆ ਜੇ)
ਪੋਸੀ/ਪਉਸੀ: ਪਊ
ਹੁਧਾਰ ਘਿਧਾ ਜੋ ਹਾਵੇ, ਹੁਣ ਡੇਵਣਾ ਨਾ ਪੋਸੀ/ਪਉਸੀ।
(ਉਧਾਰ ਲਿਆ ਜੋ ਸੀ, ਹੁਣ ਦੇਣਾ ਨਾ ਪਊ)
ਪੋੜ: ਚੁਭੋ
ਮੈਕੂੰ ਪੀੜ ਦਾ ਬਹੂੰ ਡਰ ਹੇ, ਸੂਈ ਹੌਲੇ ਹੌਲੇ ਪੋੜ।
(ਮੈਨੂੰ ਪੀੜ ਦਾ ਬੜਾ ਡਰ ਹੈ, ਸੂਈ ਹੌਲੀ ਜਿਹੀ ਚੁਭੋ)
ਪੌਂਚਾ/ਪੌਂਚੀ: ਗੁੱਟ/ਗੁੱਟ ਦਾ ਗਹਿਣਾ।
ਮਿੱਕਣ ਲਗਾ ਹਾਏ, ਮਿਆਂਕ ਨਾਂ, ਪੌਂਚਾ ਛੁਟਸੀ ਜੇ ਪੌਂਚੀ ਮੰਨੇਸੇ।
(ਮੁਕਾਬਲਾ ਕਰਨ ਲਗਾ ਸੈਂ, ਮਿਆਂਕ ਨਹੀਂ, ਗੁਟ ਛਡਿਆ ਜਾਉ ਜੇ ਪੌਚੀ ਮੰਨੇ)
ਪੌਲਾ: ਛਿੱਤਰ
ਵਿਗੜੈਲ ਪੌਲਿਆਂ ਦਾ ਯਾਰ ਹੇ, ਸਿੱਧਾ ਕਰ ਡੇਵਾਂ।
(ਵਿਗੜੈਲ ਛਿਤਰਾਂ ਦਾ ਯਾਰ ਹੈ, ਸਿੱਧਾ ਕਰ ਦਿਆਂ)

ਪੋਹਰਾ ਕਰਨਾ: ਸਖ਼ਤ-ਮਿਹਨਤ ਕਰਨੀ
ਸਿਰ ਦਾ ਸਾਂਈ ਟੁਰ ਗਿਆ, ਪੋਹਰਾ ਕਰਕੇ ਬਾਲ ਪਾਲੇ ਹਿਸ॥
(ਘਰਵਾਲਾ ਚਲਾ ਗਿਆ, ਸਖਤ ਮਿਹਨਤ ਕਰਕੇ ਬੱਚੇ ਪਾਲੇ ਹਨ)
ਪੋੜਨਾ/ਅਖਾਂ ਪੋੜਨਾ: ਖੁਭੋਣਾ/ਨੀਝ ਲਾਣੀ
ਲੁਚੇ ਮੈਕੂੰ ਅਖਾਂ ਪੋੜ ਪੋੜ ਡੇਧੇ ਰਾਂਧੇ ਹਿਨ।
(ਲੰਡਰ ਮੈਨੂੰ ਘੂਰ ਘੂਰ ਵੇਖਦੇ ਰਹਿੰਦੇ ਹਨ)

(ਫ)



ਫਸਕੜ/ਪਲੱਥ: ਪਸਰ ਕੇ
ਚੰਗਾ ਭਲਾ ਤਾਂ ਹੈ ਕਿਉਂ ਫਸਕੜ/ਪਲੱਥ ਮਾਰ ਕੇ ਬੈਠਾ ਰਾਹਦੈਂ।
(ਰਾਜ਼ੀ ਬਾਜ਼ੀ ਤਾਂ ਹੈਂ ਕਿਉਂ ਪਸਰ ਕੇ ਬੈਠਾ ਰਹਿੰਦਾ ਹੈਂ)
ਫਸਕਾ/ਫਟਕਾ: ਛੱਟਣ
ਅਨਾਜ ਦਾ ਫਸਕਾ/ਫਟਕਾ ਭਠੀ ਦਾ ਬਾਲਣ ਥੀਸੀ।
(ਅਨਾਜ ਦਾ ਛੱਟਣ ਭਠੀ ਦਾ ਬਾਲਣ ਬਣੂ)
ਫਸਾਦ ਦੀ ਜੜ੍ਹ: ਝਗੜੇ ਦਾ ਮੂਲ
ਘਰਾਂ ਦੇ ਸਾਰੇ ਫਸਾਦ ਦੀ ਜੜ੍ਹ ਤਾਂ ਨਸ਼ਾ ਹੇ।
(ਘਰਾਂ ਦੇ ਝਗੜਿਆਂ ਦਾ ਮੂਲ ਤਾਂ ਨਸ਼ਾ ਹੈ)
ਫਹਾ/ਫਹਿਆ: ਫੰਬਾ
ਨੱਕ 'ਚ ਕਪਾਹ ਦਾ ਫਹਾ/ਫਹਿਆ ਰੱਖ, ਨਕਸੀਰ ਰੁਕ ਵੈਸੀ।
(ਨੱਕ ਵਿਚ ਰੂੰ ਦਾ ਫੰਬਾ ਰੱਖ, ਨਕਸੀਰ ਰੁੱਕ ਜੂ)
ਫਕੜ: ਬੇਅਰਥ
ਜਾਤਾਂ ਤੇ ਜਾਤਾਂ ਦੇ ਰੱਖੇ ਨਾਂ, ਫਕੜ ਗਲ ਹਿਨ।
(ਜਾਤਾਂ ਦੇ ਉਨ੍ਹਾਂ ਦੇ ਨਾਂ, ਬੇਅਰਥ ਗਲਾਂ ਨੇ)
ਫਕੜ ਤੋਲਣਾ: ਗੰਦ ਬਕਣਾਂ
ਬਹੂੰ ਫਕੜ ਤੋਲਿਆਈ, ਚੁੱਪ ਕਰ, ਚਮਾਟਾਂ ਖਾਸੇਂ।
(ਬਹੁਤ ਗੰਦ ਬਕ ਲਿਆ ਹਈ, ਚੁੱਪ ਕਰ, ਲਫੇੜੇ ਪੈਣਗੇ)
ਫੱਕਾ: ਭੋਰਾ ਭਰ
ਭੈੜੇ ਕਾਰੇ ਕਰੀਂਦੈ, ਘਰ ਦੀ ਇਜ਼ਤ ਦਾ ਫਕਾ ਨਿਸ ਛੋੜਿਆ।
(ਭੈੜੇ ਕੰਮ ਕਰਦੈ, ਘਰ ਦੀ ਇਜ਼ਤ ਭੋਰਾ ਭਰ ਨਹੀਂ ਰੱਖੀ)
ਫ਼ਜ਼ਲ: ਮਿਹਰ
ਹੱਜੇ ਤਾਂਈਂ ਤਾਂ ਅੱਲਾ ਦਾ ਫ਼ਜ਼ਲ ਹੇ, ਜੰਗ ਨਹੀਂ ਛਿੜੀ।
(ਅਜੇ ਤੱਕ ਤਾਂ ਰੱਬ ਦੀ ਮਿਹਰ ਹੈ, ਜੰਗ ਨਹੀਂ ਛਿੜੀ)
ਫੱਟ/ਤਾਕ: ਬੂਹੇ
ਗਿਆ ਹਮ, ਘਰ ਦੇ ਫਟ/ਤਾਕ ਭਿੜੇ ਪਏ ਹਿਨ।
(ਮੈਂ ਗਿਆ ਸੀ, ਘਰ ਦੇ ਬੂਹੇ ਢੋਏ ਹੋਏ ਸਨ।