ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਲ)

ਵਿਕੀਸਰੋਤ ਤੋਂ

ਰੋਕ: ਨਕਦ
ਰੋਕ ਦੇ ਸੌਦੇ ਵਿਚ ਰਿਐਤ ਹੂੰਦੀ ਹੇ।
(ਨਕਦਾਂ ਦੇ ਸੌਦੇ ਵਿਚ ਰਿਆਇਤ ਹੁੰਦੀ ਹੈ)
ਰੋਜ਼ਨਾਮਚਾ ਰੋਜ਼ ਰੋਜ਼ ਲਿਖਤ
ਰੋਜ਼ਨਾਮਚੇ ਵਿਚ ਰਵਾਨਗੀ ਦਰਜ ਕਰੋ ਤੇ ਜੁਲੋ।
(ਰੋਜ਼ ਦੀ ਲਿਖਤ ਵਿਚ ਚਲਣਾ ਦਰਜ ਕਰੋ ਤੇ ਚਲੋ)
ਰੋਂਡੀ/ਰੌਂਡੀ: ਰੌਲੀ
ਅਸਾਕੂੰ ਹਿੱਸ ਨਾਲ ਖੇਡਣਾ ਨਹੀਂ ਹੇ, ਹੇ ਰੋਂਡੀ/ਰੌਂਡੀ ਹੇ।
(ਅਸਾਂ ਇਸ ਨਾਲ ਖੇਡਣਾ ਨਹੀਂ: ਇਹ ਰੌਲੀ ਹੈ)
ਰੋਬੜਾ: ਸੋਜਾ
ਵੱਟਾ ਸਿਰ ਵਿਚ ਵੱਜਾ ਤੇ ਰੋਬੜਾ ਥੀ ਗਿਐ।
(ਵੱਟਾ ਸਿਰ ਵਿਚ ਵੱਜਾ ਤੇ ਸੋਜਾ ਹੋ ਗਿਆ ਹੈ)
ਰੋੜ ਰੋੜ੍ਹ: ਕੰਕਰ/ਡੋਲ੍ਹ ਦੇ
ਡਾਲ ਵਿਚ ਰੋੜ ਹਿਨ, ਰੋੜ੍ਹ ਦੇ।
(ਦਾਲ ਵਿਚ ਕੰਕਰ ਨੇ, ਡੋਲ੍ਹ ਦੇ)

(ਲ)


ਲਉ/ਲੌ: ਵਾਢੀ
ਸਾਰੇ ਮਰਦ ਲਉ/ਲੌ ਕਰਨ ਰੋਹੀ ਵਿਚ ਗਏ ਹਿਨ।
(ਸਾਰੇ ਮਰਦ ਵਾਢੀ ਕਰਨ ਮਾਲਵੇ ਵਿਚ ਗਏ ਹਨ)
ਲਉਂਡਾ/ਲੌਂਡਾ: ਲੁੱਟਰ ਮੁੰਡਾ/ਨੌਕਰ/ਮੁੰਡੇ ਬਾਜ਼ੀ ਵਿਚ ਲੜਕਾ
ਲਉਂਡੇ/ਲੌਂਡੇ ਲਭਦੈ ਕਿ ਲੁੰਡੇ, ਮੁੰਡੇਬਾਜ਼ੀ ਦੀ ਵਹਿਬਤ ਲੋੜ ਹੇਈ।
(ਲੁੱਟਰ ਮੁੰਡਾ ਕਿ ਨੌਕਰ ਭਾਲਦੈਂ, ਮੁੰਡੇ ਬਾਜ਼ੀ ਦੀ ਬੁਰੀ ਆਦਤ ਨੂੰ ਚਾਹੀਦੈ)
ਲਉਂਦਾ ਕੁਰਲਾਉਂਦਾ
ਕੋਠੇ ਤੇ ਕਾਂ ਪਿਆ ਲਉਂਦੈ, ਲਗਦੈ ਮਾਹੀ ਆਵਣੈ।
(ਕੋਠੇ ਤੇ ਕਾਂ ਕੁਰਲਾਉਂਦਾ ਹੈ, ਜਾਪਦਾ ਹੈ ਪ੍ਰੀਤਮ ਆਵੇਗਾ)
ਲਾਓ ਲਸ਼ਕਰ/ਲਾਮ ਲਸ਼ਕਰ: ਭਰਵੀਂ ਗਿਣਤੀ
ਮਿਜ਼ਮਾਨ ਤਾਂ ਲਾਓ ਲਸ਼ਕਰ/ਲਾਮ ਲਸ਼ਕਰ ਸਣੇ ਆਣ ਲਥੇ ਹਿਨ।
(ਮਹਿਮਾਨ ਤਾਂ ਭਰਵੀਂ ਗਿਣਤੀ ਵਿਚ ਆਣ ਪੁਜੇ ਨੇ)
ਲਹਾ: ਲਾਹ
ਤੈਕੂੰ ਪਹਿਲੂੰ ਲਹਾਵਾਂ ਤੇ ਉੱਠ ਤੂੰ ਭਾਰ ਵੀ ਲਹਾ ਡੇਸਾਂ।
(ਤੈਨੂੰ ਪਹਿਲੋਂ ਲਾਹਵਾਂ ਤੇ ਉਠ ਤੋਂ ਭਾਰ ਵੀ ਲਾਹ ਦੇਊ)
ਲੱਕ: ਜੂਠ ਬੰਦੇ/ਖਾਣ ਦੇ ਭੁੱਖੇ
ਕੇਡੇ ਲੱਕਾਂ ਕੂੰ ਨਾਲ ਲਾਈ ਵੱਦੈ, ਆਪਣੀ ਪਰਤੀਤ ਵੰਞੈਸੇਂ।
(ਕਿੰਨੀਆਂ ਜੂਠਾਂ ਨੂੰ ਨਾਲ ਲਾਈ ਫਿਰਦੈ, ਆਪਣਾ ਭਰੋਸਾ ਗੁਆ ਲਵੇਂਗਾ)


ਲੱਕਾ: ਤਕੜੀ ਦਾ ਫ਼ਰਕ/ਡੰਡੀ ਦਾ ਟੇਢ
ਡੇਖ ਡੇਖ, ਤ੍ਰੱਕੜੀ ਤ੍ਰੇਡੀ ਹੇ, ਲੱਕਾ ਹਿਸ, ਹਿੱਕੋ ਜਿਹੀ ਕਰ।
(ਵੇਖ ਵੇਖ, ਤਕੜੀ ਟੇਢੀ ਹੈ, ਡੰਡੀ ਸਿੱਧੀ ਨਹੀਂ, ਇਕੋ ਜਿਹੀ ਕਰ)
ਲੱਖਣ: ਨਿਸ਼ਾਨੀਆਂ/ਅੰਦਾਜ਼ਾ
ਮਰਜ਼ ਦੇ ਲੱਖਣ ਤਾਂ ਡਿਸ ਪਏ ਹਿਨ, ਕੈਂਹ ਬਏ ਨੁਸਖੇ ਦਾ ਲੱਖਣ ਲਾ
(ਰੋਗ ਦੀਆਂ ਨਿਸ਼ਾਨੀਆਂ ਦਿਸ ਪਈਆਂ ਨੇ, ਕਿਸੇ ਹੋਰ ਨੁਸਖੇ ਦਾ ਅੰਦਾਜ਼ਾ ਕਰ)
ਲੰਙ: ਲੰਗ
ਊਞੰ ਤਾਂ ਚਾਲ ਢਾਲ ਠੀਕ ਹੇ, ਕਤਰਾਂ ਲੰਙ ਮਰੀਂਦੈ।
(ਊਂ ਤਾਂ ਚਾਲ ਢਾਲ ਠੀਕ ਹੈ, ਜ਼ਰਾ ਕੁ ਲੰਗ ਮਾਰਦੈ)
ਲੰਗਾਰ: ਲੀਰਾਂ
ਗਲ ਆਲਾ ਚੋਲਾ ਲੰਗਾਰ ਥਿਆ ਪਿਐ, ਹੁਣ ਤਾਂ ਲਹਾ ਚਾ।
(ਗਲ ਵਾਲਾ ਕੁੜਤਾ ਲੀਰਾਂ ਹੋਇਆ ਪਿਆ ਹੈ, ਹੁਣ ਤਾਂ ਲਾਹ ਦੇ)
ਲੰਘਣ: ਵਰਤ
ਭੱਤ ਪਿਛੂੰ ਲੰਘਣ ਕਾਹਦਾ, ਨਿਰਾ ਪਖੰਡ ਹੇ।
(ਭਾਤ ਖਾ ਲੈਣ ਪਿਛੋਂ ਵਰਤ ਰਖਣਾ ਨਿਰਾ ਪਖੰਡ ਹੋਵੇ)
ਲੰਘਾ/ਲਾਂਘਾ: ਟਪਾ/ਰਸਤਾ
ਈਹੋ ਲਾਂਘਾ ਡਾਢਾ ਭੈੜਾ ਹੇ, ਡਰ ਆਂਦੈ, ਮੈਕੂੰ ਲੰਘਾ ਆ।
(ਇਹੀ ਰਾਸਤਾ ਬੜਾ ਖਤਰਕਾਨ ਹੈ, ਡਰ ਲਗਦੈ, ਮੈਨੂੰ ਟਪਾ ਆ)
ਲਚਕੇ: ਠੁਮਕੇ
ਠਿਗਣੀ ਜਿਹੀ ਨਚਾਰ ਹੇ, ਡੇਖ ਕਿਵੇਂ ਲਚਕੇ ਖਾਂਦੀ ਹੇ।
(ਠਿਗਣੀ ਜਿਹੀ ਹੈ ਨਚਾਰ, ਵੇਖ ਕਿਵੇਂ ਠੁਮਕੇ ਮਾਰਦੀ ਹੈ)
ਲੱਛ ਉਠਣੀ: ਝੱਲ ਉਠਣੀ
ਜਿਹੜਲੇ ਲੱਛ ਉਠਦੀ ਹਿਸ, ਭੌਂਕਦੇ ਤੇ ਭੱਜ ਖਲੂੰਦੈ।
(ਜਦੋਂ ਕੁ ਝੱਲ ਉਠਦੀ ਹੈਸ, ਭੌਂਕਦਾ ਹੈ ਤੇ ਭੱਜ ਉਠਦੈ)
ਲੱਟ ਬੌਰਾ: ਮਸਤ
ਨਾਂਗ ਬੀਨ ਦੀ ਲੈ ਤੇ ਲੱਟ ਬੌਰਾ ਨਹੀਂ ਥੀਂਦਾ, ਡਰਦਾ ਅਗੂੰ ਅਗੂੰ ਟੱਪਦੈ।
(ਸੱਪ ਬੀਨ ਦੇ ਰਾਗ ਤੇ ਮਸਤ ਨਹੀਂ ਹੁੰਦਾ, ਡਰਦਾ ਅਗੋਂ ਅਗੋਂ ਨਚਦਾ ਲਗਦੇ)
ਲਟੌਰ: ਲੁੱਟਰ
ਲਟੌਰ ਜਵਾਨ ਭਰਤੀ ਚਾ ਕਰਾਓ, ਨਾਲੇ ਕੰਮ ਲਗਣ ਨਾਲੇ ਸੇਵਾ।
(ਲੁੱਟਰ ਜੁਆਨ ਭਰਤੀ ਕਰਾ ਦਿਉ, ਕੰਮ ਲਗਣ ਨਾਲੇ ਸੇਵਾ)
ਲੱਠ: ਧੁਰੀ
ਚਰਖੇ ਦੀ ਲੱਠ ਘਸੀ ਪਈ ਹੇ, ਕਹੇਂਲੇ ਤਰੁੱਟ ਪੋਸੀ।
(ਚਰਖੇ ਦੀ ਧੁਰੀ ਘਸ ਚੁਕੀ ਹੈ, ਕਿਸੇ ਵੇਲੇ ਟੁਟ ਜਾਊ)
ਲੰਡੇ: ਮਹਾਜਨੀ ਲਿਖਾਈ/ਲਗਾਂ ਮਾਤਰਾਂ ਬਿਨਾਂ
ਚਿੱਠੀ ਲੰਡਿਆਂ ਵਿਚ ਲਿਖੀ ਹੋਈ ਹੇ, ਮਹਾਜਨ ਹੀ ਪੜ੍ਹਸੀ।
(ਚਿਠੀ ਮਹਾਜਨੀ-ਬਿਨਾਂ ਲਗਾਂ ਮਾਤਰਾਂ ਦੇ ਲਿਖੀ ਹੋਈ ਹੈ ਮਹਾਜਨ ਹੀ ਪੜ੍ਹੇ)


ਲੰਡੂਰਾ: ਲੰਡਾ/ਪੂਛ ਰਹਿਤ
ਡਾਂਦ ਦੀ ਪੂਛ ਲੰਮੀ ਹੇ, ਡਾਢੀ ਲਗਦੀ ਹੇ, ਲੰਡੂਰਾ ਕਰਾ ਡਿਵਾਂਹੈਂ।
(ਬਲਦ ਦੀ ਪੂਛ ਲੰਬੀ ਹੈ, ਜ਼ੋਰ ਦੀ ਵਜਦੀ ਹੈ, ਲੰਡਾ ਕਰਾ ਲਈਏ)
ਲਤੀਫ਼: ਅਕਲ ਭਰਪੂਰ
ਜੇ ਤੂ ਅਕਲ ਲਤੀਫ਼ ਹੇ ਤਾਂ ਭਲੇ ਵਿਚਾਰ ਵੰਡ।
(ਜੇ ਤੂੰ ਅਕਲ ਭਰਪੂਰ ਹੈਂ ਤਾਂ ਭਲੇ ਵਿਚਾਰ ਵੰਡ)
ਲੱਥੀ ਚੜ੍ਹੀ: ਵਾਧਾ ਘਾਟਾ
ਜੈਕੂੰ ਲਥੀ ਚੜ੍ਹੀ ਦੀ ਨਾਹੀਂ, ਊਕੂੰ ਹੱਟੀ ਡੇ ਡਿਤੀ ਹਿਸ।
(ਜੀਹਨੂੰ ਵਾਧੇ ਘਾਟੇ ਦੀ ਪਰਵਾਹ ਨਹੀਂ, ਉਹਨੂੰ ਹੱਟੀ ਦੇ ਦਿਤੀ ਹੈ)
ਲੱਧਾ: ਲੱਭਿਆ
ਚਾਰੇ ਚੁੰਡਾ ਫੋਲ/ਗੋਲ ਘਿੱਧੀਆਂ ਹਿਨ, ਲੱਧਾ ਕੁਝ ਨਹੀਂ।
(ਚਾਰੇ ਕੋਨੇ ਫਰੋਲ ਲਏ ਨੇ, ਲੱਭਿਆਂ ਕੁਝ ਨਹੀਂ)
ਲੱਪ: ਮੁੱਠੀ ਭਰ
ਭੁੱਖ ਲਹਾਵਣ ਕੂੰ ਲੱਪ ਲੱਪ ਛੋਲੇ ਵਰਤੈਂਦੇ ਹਿਨ।
(ਭੁੱਖ ਲਾਹਣੁ ਨੂੰ ਮੁੱਠੀ ਭਰ ਛੋਲੇ ਵਰਤੌਂਦੇ ਸਨ)
ਲਫ਼ਜ਼: ਸ਼ਬਦ
ਲਫ਼ਜ਼ ਹਿੱਕ ਵੀ ਜੇ ਗਲਤ ਥਿਆ, ਸਾਰਾ ਕਰਾਰਨਾਮਾ ਮਿੱਟ ਵੈਸੀ।
(ਸ਼ਬਦ ਇਕ ਵੀ ਜੇ ਗਲਤ ਹੋਇਆ, ਸਾਰਾ ਕਰਾਰਨਾਮਾ ਖਤਮ ਹੋਜੂ)
ਲੱਬ: ਥੁੱਕ/ਲਾਲਚ
ਨੋਟਾਂ ਦੇ ਲੱਬ ਪਿਛੂੰ ਲੱਬ ਲਾ ਕੇ ਤ੍ਰਿਖਾ ਤ੍ਰਿਖਾ ਗਿਣੀ ਗਿਆ।
(ਨੋਟਾਂ ਦੇ ਲਾਲਚ ਨੂੰ ਥੁੱਕ ਲਾ ਕੇ ਛੇਤੀ ਛੇਤੀ ਗਿਣਦਾ ਰਿਹਾ)
ਲੰਮ ਢੀਂਗ: ਝਾਫੇ ਜਿਡੀ ਲੰਮੀ/ਵੱਡਾ ਕਦ
ਕੇ ਖਵੈਂਦੇ ਹੋ, ਡੀਹਾਂ ਵਿਚ ਹੀ ਲੰਮ ਢੀਂਗ ਥੀ ਗਈ ਹੇ।
(ਕੀ ਖੁਆਂਦੇ ਹੋ, ਦਿਨਾਂ ਵਿਚ ਹੀ ਵਡੇ ਕਦ ਦੀ ਹੋ ਗਈ ਹੈ)
ਲੰਮਾਂ: ਦਖਣ
ਪੈੜ ਲੰਮੇ ਧਿਰ ਨਿਕਲੀ ਹੇ ਤੇ ਵਾਹਰ ਉਡਾਹੀਂ ਗਈ ਹੇ।
(ਪੈੜ ਦਖਣ ਵਲ ਗਈ ਹੈ ਤੇ ਵਾਹਰ ਉਧਰੇ ਗਈ ਹੈ)
ਲਲਾਟ/ਲਿਲਾਟ: ਮੱਥਾ
ਫਕੀਰ ਦੇ ਲਲਾਟ/ਲਿਲਾਟ ਚੋਂ ਨੂਰ ਟਪਕਦੈ।
(ਫਕੀਰ ਦੇ ਮੱਥੇ ਤੋਂ ਨੂਰ ਟਪਕਦਾ ਹੈ)
ਲਵਣਾ: ਬਹੁਤ ਬੋਲਣਾ
ਜੇਤਾ ਭਵਿਆਂ ਤੇਤਾ ਲਵਿਆਂ, ਸਚ ਪਿਆ ਨਾ ਪੱਲੇ।
(ਜਿੰਨਾ ਘੁੰਮ ਲਵੋ, ਉਨਾਂ ਵਧ ਬੋਲੋ, ਸੱਚ ਤਾਂ ਪਾ ਨਹੀਂ ਸਕਦੇ)
ਲੜ: ਸਿਰਾ/ਵਿਆਹੇ ਜਾਣਾ
ਕਾਈ ਲੜ ਫੜਾ, ਤੈਂ ਲੜ ਲਗਣੈ ਕਿ ਨਾਹੀਂ।
(ਕੋਈ ਸਿਰਾ ਤਾਂ ਫੜਾ, ਤੈਂ ਵਿਆਹ ਕਰਾਣੈ ਕਿ ਨਹੀਂ)

ਲਾਂ/ਲਾਂਹ:ਲੱਜ (ਖੂਹ ਦੀ)
ਲਾਂ/ਲਾਂਹ ਦੇ ਲੜ ਨਾਲ ਡੋਲ ਪੱਕਾ ਬੰਨ, ਛੁੱਟ ਨਾ ਵੰਞੇਂ।
(ਲਜ ਦੇ ਸਿਰੇ ਨਾਲ ਡੋਲ ਪੱਕਾ ਬੰਨ, ਖੁਲ੍ਹ ਨਾ ਜਾਵੇ)
ਲਾਈ ਲਬੋਧਰ: ਜੋਗੀ ਜੰਗਮ
ਲੋਕ ਸਾਖੀਆਂ ਵਿਚ ਲਾਈ ਲਬੋਧਰ, ਮਿਹਰਵਾਨ ਪਾਤਰ ਹਿਨ।
(ਲੋਕ-ਕਥਾਵਾਂ ਵਿਚ ਜੋਗੀ ਜੰਗਮ, ਕ੍ਰਿਪਾਲੂ ਪਾਤਰ ਹਨ)
ਲਾਹਾ: ਲਵੇਰੀ ਦਾ ਦੁੱਧ
ਲੇਵਾ ਤਾਂ ਡੇਖ ਕਿਡਾ ਭਾਰਾ ਹੇ, ਲਾਹਾ ਬਹੂੰ ਲਾਹਸੀ।
(ਲੇਵਾ ਤਾਂ ਵੇਖ, ਕਿੰਨਾ ਭਾਰਾ ਹੈ, ਦੁਧ ਬਹੁਤ ਲਹੂ)
ਲਾਂਗੜ: ਪਿੱਛੇ ਟੰਗਿਆ ਲੜ/ਲੁੰਡੀ ਧੋਤੀ
ਲਾਂਗੜ ਕਸ ਕੇ ਲਗ ਵੰਞ, ਡੱਲੇ ਕੂੰ ਉਚਾ ਨਾ ਕਰੋ, ਲਾਂਗੜ ਲਗਸੀ।
(ਲੜ ਮਗਰ ਕਸ ਕੇ ਟੰਗ ਤੇ ਜੁੱਟ ਜਾ, ਚਾਦਰੀ ਉਚੀ ਹੋਈ ਤਾਂ ਲੁੰਡੀ ਲਗੂ)
ਲਾਚੀ: ਲੈਚੀ/ਇਲੈਚੀ
ਕਿਹੜਾ ਤੈਡੀ ਪੈਲੀ ਚੂੰ ਲਾਚੀਆਂ ਪੱਟ ਘਿਧੀਅਮ।
(ਮੈਂ ਕਿਹੜਾ ਤੇਰੇ ਖੇਤੋਂ ਲੈਚੀਆਂ ਪੁੱਟ ਲਈਆਂ ਨੇ)
ਲਾਛਣ: ਦੋਸ਼
ਉਂਞੇ ਜੂਠੇ ਲਾਛਣ ਨਾ ਲਾ, ਡਸ ਕੇ ਘਿਨਣਈ।
(ਐਂਵੇ ਝੂਠੇ ਦੋਸ਼ ਨਾ ਮੜ੍ਹ, ਦਸ ਕੀ ਲੈਣਾ ਹਈ)
ਲਾਟੀ: ਮੁਹਾਰ ਬੰਨਣ ਦੀ ਗਿੱਟੀ/ਮੀਂਹ ਵਿਚ ਪਾਣੀ ਫੀਂਗਾਂ
ਮੋਟੀ ਲਾਟੀ ਨੇ ਡਾਚੀ ਦੀ ਨਾਸ ਤੇ ਸੋਜਾ ਕਰ ਡਿੱਤੈ।
(ਮੋਟੀ ਗਿੱਟੀ ਨੇ ਬੋਤੀ ਦੀ ਨਾਸ ਤੇ ਸੋਜਾ ਕਰ ਦਿੱਤੈ)
ਬਰਸਾਤ ਦੇ ਜ਼ੋਰ ਨਾਲ ਪਾਣੀ ਲਾਟੀਆਂ ਬਣਾ ਰਿਹੈ।
(ਬਰਸਾਤ ਦੇ ਜ਼ੋਰ ਕਰਕੇ ਪਾਣੀ ਵਿਚੋਂ ਗਿੱਟੀਆਂ ਉਠ ਰਹੀਆਂ ਲਗਦੀਆਂ ਨੇ)
ਲਾਣਾ: ਬਰੂਟੇ (ਉੱਠਾਂ ਦਾ ਖਾਜਾ)
ਝੰਗੀ ਵਿਚ ਲਾਣਾ ਬਹੂੰ ਹਾਈ, ਉਠ ਰਜੇ ਗਏ ਹਿਨ।
(ਝਿੜੀ ਵਿਚ ਬਰੂਟੇ ਬਹੁਤ ਸੀ, ਉਠ ਰਜ ਗਏ ਨੇ)
ਲਾਧਾ: ਲਭਿਆ
ਗੁਰੂ ਲਾਧੋ ਰੇ ਲੋਕਾ, ਮੈਕੂੰ ਹੁਣ ਵੰਞ ਲਧੈ।
(ਵੇ ਲੋਕੋ, ਗੁਰੂ ਲਭ ਗਿਆ ਹੈ, ਮੈਨੂੰ ਹੁਣ ਜਾ ਲਭਿਆ ਹੈ)
ਲਾਰ/ਲਾਲ/ਲਾਲਾਂ ਵਹਿੰਦੀ ਥੁੱਕ
ਮੂੰਹ 'ਚ ਛਾਲੇ ਹਿਨ, ਲਾਰ/ਲਾਲ/ਲਾਲਾਂ ਵਗੀ ਜਾ ਰਹੀਆਂ ਹਿਨ।
(ਮੂੰਹ 'ਚ ਛਾਲੇ ਨੇ, ਥੁੱਕ ਦੀਆਂ ਲਾਲਾਂ ਵਗ ਰਹੀਆਂ ਨੇ)
ਲਾਲਾ: ਪਿਉ/ਬਾਪੂ
ਅੰਮੀ, ਮੈਕੂੰ ਲਾਲਾ ਸਡੀਂਦਾ ਪਿਆ ਹਾਈ।
(ਅੰਬੜੀਏ, ਮੈਨੂੰ ਬਾਪੂ ਸਦੀ ਜਾਂਦਾ ਸੀ)


ਲਿਉੜ: ਖਲੇਪੜ
ਲੇਪੇ ਦੇ ਲਿਉਣ ਹੁਣੇ ਲਾਹਵਣ ਲਗ ਪਏ ਹਿਨ।
(ਲਿਪਾਈ ਦੇ ਖਲੇਪੜ ਹੁਣੇ ਲਹਿਣ ਲਗੇ ਨੇ)
ਲਿੱਸਾ: ਬੇ ਸੁਆਦ/ਕਮਜ਼ੋਰ
ਲਿੱਸਾ ਖਾਵਣ ਮਿਲਦਾ ਰਿਹਸ, ਲਿੱਸਾ ਥੀ ਗਿਐ।
(ਬੇਸੁਆਦ ਭੋਜਨ ਮਿਲਦਾ ਰਿਹਾ ਹੈ, ਕਮਜ਼ੋਰ ਹੋ ਗਿਆ ਹੈ)
ਲਿਖਤਮ/ਲਿਖਤੁਮ: ਲਿਖਣ ਵਾਲਾ
ਚਿੱਠੀ ਹੇਠੂੰ ਲਿਖਿਆ ਹਿਸ, ਲਿਖਤਮ/ਲਿਖਤੁਮ 'ਬਿਕਲਮ ਖੁਦ'।
(ਚਿੱਠੀ ਹੇਠਾਂ ਲਿਖਿਆ ਹੈ, ਲਿਖਣ ਵਾਲਾ ਮੈਂ ਆਪ ਹਾਂ)
ਲਿੱਡ: ਲਿੱਦ
ਨੌਕਰੀ ਕਰੇਸਾਂ ਰਾਜੇ ਦੀ, ਭਾਵੇ ਲਿੱਡ ਮੇਲਣੀ ਪੋਵੇ।
(ਨੌਕਰੀ ਕਰੂੰਗਾ ਰਾਜੇ ਦੀ, ਬੇਸ਼ਕ ਲਿੱਦ ਹੂੰਝਣੀ ਪਵੇ)
ਲਿੰਬਣਾ: ਪੋਚਣਾ
ਫੱਟੀਆਂ ਲਿੰਬਣ ਗਏ ਹਾਸੇ, ਧੁੱਪ ਤੇ ਰੱਖ ਆਏ ਹਾਂ।
(ਫਟੀਆਂ ਪੋਚਣ ਗਏ ਸੀ, ਧੁੱਪੇ ਰੱਖ ਆਏ ਹਾਂ)
ਲਿੰਮ/ਲਿੰਮਲ: ਸੀਂਢ/ਸੀਂਢਲ
ਲਿੰਮਿਲ ਤੂੰ ਲਿੰਮ ਤਾਂ ਪੁੰਝੀਦੀ ਨਹੀਂ, ਮੈਡੀ ਰੀਸ ਕਰੇਸੀ।
(ਸੀਢਲ ਕੋਲੋਂ ਸੀਂਢ ਤਾਂ ਪੂੰਝਿਆ ਨਹੀਂ ਜਾਂਦਾ, ਮੇਰੀ ਰੀਸ ਕਰੂ)
ਲਿਲੂੰਹ: ਲਵੇ ਬੇਰ
ਲਿਲੂੰਹ ਖਾ ਖਾ ਕੇ ਢੇਰ ਗਲ ਪਕਾਈ ਵੱਦੈ।
(ਲਵੇ ਲਵੇ ਬੇਰ ਖਾ ਖਾ ਕੇ ਬੜਾ ਗਲਾ ਪਕਾਈ ਫਿਰਦੈ)
ਲੁੱਕ/ਲੁਕਾਅ/ਲੁੱਕੀ: ਉਹਲਾ/ਛੁੱਪੀ
ਹੁਣ ਤਾਂ ਲੁੱਕ/ਲੁਕਾਅ ਹੇ ਕਾਈ ਗਲ ਦਾ, ਬਦਨੀਤੀ ਲੁੱਕੀ ਨਹੀਂ।
(ਹੁਣ ਤਾ ਕਿਸੇ ਗੱਲ ਦਾ ਉਹਲਾ ਨਹੀਂ, ਮਾੜੀ ਨੀਤ ਛੁਪੀ ਨਹੀਂ ਰਹੀ)
ਲੁਕਾਰ: ਉਨ ਦਾ ਖੇਸ
ਘਰੇ ਤੁੰਬੀ ਕਤੀ ਉਨ ਦੀ ਲੁਕਾਰ ਜੁਲਾਹੇ ਬਣਾ ਡਿਤੀ ਹੇ।
(ਘਰੇ ਤੁੰਬੀ ਕਤੀ ਉਨ ਦਾ ਖੇਸ ਜੁਲਾਹੇ ਬੁਣ ਦਿੱਤੈ)
ਲੁੱਗ: ਉਜਾੜ
ਡਾਢਾ ਬੇਲੀ ਹੇਂ, ਮੈਕੂੰ ਲੁੱਗ ਵਿਚ ਛੋੜ ਕੇ ਭਜ ਆਇਉਂ।
(ਚੰਗਾ ਯਾਰ ਹੈਂ, ਮੈਨੂੰ ਉਜਾੜ ਵਿਚ ਛੱਡ ਕੇ ਭੱਜ ਆਇਉਂ)
ਲੁੰਙ/ਲੁੰਗ: ਜੰਡ ਦੇ ਪੱਤੇ
ਫੋੜੇ ਦਾ ਮੂੰਹ ਬਣਦਾ ਪਿਆ ਹੇ, ਲੁਙ/ਲੁੰਗ ਦੀ ਪੁਲਟਸ ਬੰਨ੍ਹ, ਵਿਸ ਵੈਸੀ।
(ਫੋੜੇ ਦਾ ਮੂੰਹ ਬਣ ਰਿਹਾ ਹੈ, ਜੰਡ ਦੇ ਪੱਤਿਆਂ ਦੀ ਲੁਪਰੀ ਬੰਨ੍ਹ, ਫਿਸ ਜੂ)
ਲੁੰਙੀ/ਲੁੰਗੀ: ਛੋਟੀ ਚਦਰ
ਨਿਕੜਾ ਸੰਭਲ ਜੁਲਿਆਈ, ਲੁੰਙੀ/ਲੁੰਗੀ ਬੰਨਣ ਲਗੈ।
(ਨਿਕੜਾ ਸੰਭਲ ਗਿਆ ਹਈ, ਹੁਣ ਤਾਂ ਚਦਰੀ ਬੰਨਦੈ)

ਲੁੱਛ ਤਾਂਘ
ਮਿਲਣੇ ਕੂੰ ਡਾਢਾ ਦਿਲ ਲੁੱਛਦੈ, ਕੇ ਕਰਾਂ ਨਿਕਲ ਨਾਹ ਸੰਗਦੀ।
(ਮਿਲਣ ਨੂੰ ਦਿਲ ਬਹੁਤ ਤਾਂਘਦੈ, ਪਰ ਕੀ ਕਰਾਂ ਨਿਕਲ ਨਹੀਂ ਸਕਦੀ)
ਲੁੰਞਾਂ/ਲੁੰਜਾ: ਹਥੋਂ ਆਰੀ
ਦੁਰਘਟਨਾ 'ਚ ਹੱਥ ਮਾਰੇ ਗਏ ਹਿਨ, ਲੁੰਞਾ/ਲੁੰਜਾ ਥੀ ਗਿਐ।
(ਦੁਰਘਟਨਾ ਵਿਚ ਹੱਥ ਮਾਰੇ ਗਏ, ਹਥੋਂ ਆਰੀ ਹੋ ਗਿਐ)
ਲੁੱਡਣਾ ਝੂਲਨਾ
ਪੀੜ੍ਹਾ ਟੰਗ ਡਿਤਮ, ਜੇਡਾ ਮਰਜ਼ੀ ਹੇਈ ਲੁਡ ਘਿਨ।
(ਮੈਂ ਪੀੜ੍ਹਾ ਟੰਗ ਦਿਤੈ, ਜਿਨਾਂ ਮਰਜ਼ੀ ਝੂਲ ਲੈ)
ਲੁਡਾਵਣਾ: ਝੂਟੇ ਦੁਆਉਣੇ
ਪੀਂਘ ਅੱਡੀ ਖੜੀ ਹੇ, ਲੁਡਾਵਣ ਆਸਤੇ ਹੇ, ਲੁਡੈਸ, ਦਿਲ ਵਧਸੀ।
(ਪੀਂਘ ਪਈ ਹੋਈ ਹੈ, ਝੂਟੇ ਦੁਆਉਣ ਨੂੰ ਹੈ, ਝੂਟੇ ਦੁਆ, ਦਿਲ ਵਧੂ)
ਲੁੰਡਾ: ਛੜਾ
ਉਮਰ ਲੰਘਾ ਬੈਠੇ, ਵਿਆਹ ਨਹੀਂ ਥਿਆ, ਸਾਰੀ ਉਮਰੇ ਲੁੰਡਾ ਰਾਹਸੀ।
(ਉਮਰ ਲੰਘਾ ਬੈਠੇ, ਵਿਆਹ ਨਹੀਂ ਹੋਇਆ, ਉਮਰ ਭਰ ਛੜਾ ਰਹੂ)
ਲੁਫ਼ਤ ਮਜ਼ਾ
ਤੈਂ ਆਙੂੰ ਕਾਈ ਗਲਾਂ ਕਰੀਂਦੈ, ਗਲਾਂ ਸੁਣ ਲੁਤਫ਼ ਆ ਗਿਐ।
(ਤੇਰੇ ਵਾਂਗ ਕੋਈ ਗਲਾਂ ਕਰਦੈ, ਗਲਾਂ ਸੁਣ ਮਜ਼ਾ ਆ ਗਿਆ ਹੈ)
ਲੁੱਧੜੀ: ਘਾਹ ਦੇ ਕੰਡੇ/ਚਿੰਬੜਵਾਂ
ਤੈਂਡਾ ਬੇਲੀ ਤਾਂ ਕਾਈ ਲੁਧੜੀ ਹੇ, ਚਿੰਬੜੇ ਤਾਂ ਲਾਂਧਾ ਨਹੀਂ।
(ਤੇਰਾ ਯਾਰ ਲੁਧੜੀ ਜਿਹਾ ਚਿੰਬੜਦੈ, ਲਹਿੰਦਾ ਹੀ ਨਹੀਂ)
ਲੁੰਧਾ: ਭੁੱਖੜ
ਖਾਵਣ ਕੂੰ ਬਹੂੰ ਕੁਝ ਮਿਲਸੀ, ਸਬਰ ਨਾਲ ਖਾ, ਲੁੰਧਾ ਨਾ ਬਣ।
(ਖਾਣ ਨੂੰ ਬਹੁਤ ਮਿਲੂ, ਜੇਰਾ ਰੱਖ ਕੇ ਖਾ, ਭੁੱਖੜ ਨਾ ਬਣ)
ਲੁਪਰੀ: ਪੁਲਟਸ/ਛਿੱਲ
ਹਕੀਮ ਤਾਂ ਫੁੱਟ ਤੂੰ ਲਪਰੀ ਲਾਂਧੈ ਤੇ ਸ਼ਾਹ ਸਾਮੀਆਂ ਦੀ ਲੁਪਰੀ।
(ਹਕੀਮ ਤਾਂ ਜ਼ਖ਼ਮ ਤੋਂ ਪੁਲਟਸ ਲਾਹੂ ਪਰ ਸੇਠ ਸਾਮੀਆਂ ਦੀ ਛਿੱਲ ਪਟਦੈ)
ਲੁਬਾਣਾ: ਪਸ਼ੂ ਪਾਲਕਾਂ ਦੀ ਗੋਤ
ਹੁਣ ਤਾਂ ਲੁਬਾਣੇ ਮਿਲਖਾਂ ਦੇ ਮਾਲਕ ਥੀ ਗਏ ਹਿਨ।
(ਹੁਣ ਤਾਂ ਪਸ਼ੂ ਪਾਲਕ ਲਬਾਣੇ ਜਾਇਦਾਦਾਂ ਵਾਲੇ ਹੋ ਗਏ ਨੇ)
ਲੁਰ ਜਾਣਾ/ਲੁਰਾਕ:ਰਲ ਜਾਣਾ/ਰੁਲਿਆ ਹੋਇਆ
ਯਤੀਮ ਜੋ ਹਾਈ, ਲਰ ਗਿਆ ਤੇ ਲੁਰਾਕ ਬਣਿਆਂ ਵੱਦੈ।
(ਯਤੀਮ ਜੋ ਸੀ, ਰਲ ਗਿਆ ਤੇ ਰੁਲਿਆਂ ਵਾਂਗ ਫਿਰਦੈ)
ਲੜਨਾ: ਰੁੜ੍ਹਨਾ/ਡੁਲ੍ਹਣਾ/ਤੇਜ਼ ਤਲਬ
ਹਾਂ ਲੁੜ੍ਹਦਾ ਪਿਆ ਹਾਈ, ਉਬਾਹਲ ਵਿਚ ਮੈਥੂ ਲੁੜ੍ਹ ਗਿਆ ਹੇ।
(ਭੁੱਖ ਤੇਜ਼ ਸੀ, ਕਾਹਲ ਵਿਚ ਮੈਥੋਂ ਰੁੜ ਡੁਲ੍ਹ ਗਿਐ)

ਲੂ/ਲੂੰ: ਤਤੀ ਵਾ/ਰੂਈ ਦੇ ਰੇਸ਼ੇ
ਲੂ ਚਲਦੀ ਤੇ ਕਰੂੰਬਲਾਂ ਸੜ ਲੈਂਦੀਆਂ ਪੇਂਜੇ ਤੇ ਗਿਆ, ਲੂਆਂ ਲਗ ਗਈਆਂ।
(ਤਤੀ ਵਾ ਚਲਦੀ, ਕਰੂੰਬਲਾਂ ਮਚ ਜਾਂਦੀਆਂ/ਪੇਂਜੇ ਤੇ ਗਿਆ,ਰੂਈ ਰੇਸ਼ੇ ਲਗ ਗਏ)
ਲੂਕਣ: ਨਕੈਣ/ਨੱਕ ਦੀ ਵਾਜ ਵਿਚ ਬੋਲਦੀ
ਲੂਕਣ ਹੈ, ਨਾਲੇ ਤ੍ਰਿਖਾ ਤ੍ਰਿਖਾ ਬੋਲਦੀ ਹੇ, ਸਮਝ ਨਹੀਂ ਪੂੰਦੀ।
(ਨਕੈਣ ਹੈ ਤੇ ਕਾਹਲੀ ਕਾਹਲੀ ਬੋਲਦੀ ਹੈ, ਸਮਝ ਨਹੀਂ ਪੈਂਦੀ)
ਲੂਣਕ ਨਮਕੀਨ ਬੂਟੀ
ਡਾਲ ਵਿਚ ਕਤਰਾ ਲੂਣ ਪਾਵੇਂ ਤਾਂ ਸਵਾਦ ਡੇਖ।
(ਦਾਲ ਵਿਚ ਜ਼ਰਾ ਨਮਕੀਨ ਬੂਟੀ ਪਾ ਤੇ ਸੁਆਦ ਵੇਖ)
ਲੂਤ: ਅਣਚਾਹਿਆ ਬਾਲ
ਮੋਇਆਂ ਦੀਆਂ ਲੂਤਾਂ ਪੱਲੇ ਪੈ ਗਈਆਂ ਹਿਨ।
(ਮਰਨਿਆਂ ਦੇ ਵਾਧੂ ਦੇ ਬੱਚੇ ਮੇਰੇ ਜੁੰਮੇ ਪੈ ਗਏ ਨੇ)
ਲੂਤੀ: ਚੁਗਲੀ
ਤੈਂਡਾ ਬੇਲੀ ਲੂਤੀਆਂ ਲਾਵਣ ਵਿਚ ਬੜਾ ਸ਼ਾਤਰ ਹੇ।
(ਤੇਰਾ ਯਾਰ, ਚੁਗਲੀਆਂ ਕਰਨ ਵਿਚ ਬੜਾ ਹੁਸ਼ਿਆਰ ਹੈ)
ਲੂਰ ਲੂਰ ਕਰਨਾ: ਤਰਲੇ ਲੈਣਾ
ਲੋੜਵੰਦ ਲੂਰ ਲੂਰ ਕਰਦੇ ਫਿਰਦੇ ਹਿਨ, ਕੋਈ ਮਦਤ ਕਰੇਨੇ।
(ਲੋੜਵੰਦ ਤਰਲੇ ਲੈਂਦੇ ਫਿਰਦੇ ਨੇ, ਕੋਈ ਮਦਦ ਕਰ ਦਿਉ)
ਲੂਲ੍ਹਾ: ਅਪਾਹਜ
ਲੂਲ੍ਹਾ ਤਾਂ ਨਹੀਂ ਥਿਆ ਬੈਠਾ ਜੋ ਰੋਟੀ ਨਹੀਂ ਪਾ ਸੰਗਦਾ।
(ਅਪਾਹਜ ਤਾਂ ਨਹੀਂ ਹੋਇਆ ਬੈਠਾ ਜੋ ਰੋਟੀ ਨਹੀਂ ਪਾ ਸਕਦਾ)
ਲੇਸ: ਚਿਪਕਣ ਯੋਗਤਾ
ਲੇਵੀ ਵਿੱਚ ਲੇਸ ਘਟ ਹੇ, ਕਤੇਰਾ ਬਿਆ ਪਕਾ।
(ਮਾਵੇ ਵਿਚ ਚਿਪਕਣ ਯੋਗਤਾ ਘਟ ਹੈ, ਜ਼ਰਾ ਹੋਰ ਪਕਾ)
ਲੇਹਣਾ: ਚੁੰਘ ਜਾਣਾ
ਵੱਛਾ ਖੁਲ੍ਹਾ ਨਾ ਰਹਿ ਵੰਞੇ, ਸਾਰਾ ਡੁੱਧ ਲੇਹ ਵੈਸੀ।
(ਵੱਛਾ ਖੁਲ੍ਹਾ ਨਾ ਰਹਿ ਜਾਵੇ, ਸਾਰਾ ਦੁੱਧ ਚੁੰਘ ਜਾਊ)
ਲੇਡੇ: ਊਠਾਂ ਦੀ ਵਿਸ਼ਾਠਾ
ਉਠਾਂ ਦੀ ਹੇੜ ਲਗੀ ਵੈਸੀ, ਲੇਡੇ ਚੁਣ/ਘਿਨਾਵੇਂ, ਧੂੰ ਕਰੇਸੂੰ।
(ਉਠਾਂ ਦੀ ਹੇੜ ਚਲੀ ਜਾਊ, ਵਿਸ਼ਠਾ ਚੁਗ ਲਿਆਈਂ, ਧੂੰਆਂ ਕਰਾਂਗੇ)
ਲੇਪਾ: ਪੋਚਾ
ਬਚੜਾ, ਲੇਪਾ ਕਤਰਾ ਸਫਾਈ ਨਾਲ ਡਿੱਤਾ ਕਰ।
(ਬਚੂ, ਪੋਚਾ ਜ਼ਰਾ ਸਫ਼ਾਈ ਨਾਲ ਮਾਰਿਆ ਕਰ)
ਲੇਬੇ: ਧੱਬੇ
ਕਲਮ ਵੱਤ ਚਾ ਘੜ, ਲੇਬੇ ਡੀਂਦੀ ਪਈ ਹੇ।
(ਕਲਮ ਦੁਬਾਰਾ ਘੜ ਲੈ, ਧਬੇ ਪਾਈ ਜਾਂਦੀ ਹੈ)

ਲੇਰ: ਚੰਘਿਆੜ
ਸ਼ੇਰ ਕੂੰ ਡੇਹਧੇ ਹੀ ਬੰਦੇ ਦੀ ਲੇਰ ਨਿਕਲੀ।
(ਸ਼ੇਰ ਨੂੰ ਵੇਖਦੇ ਹੀ ਬੰਦੇ ਦੀ ਚੰਘਿਆੜ ਨਿਕਲੀ)
ਲੇੜ੍ਹ: ਸਿਉਣ
ਭੀੜਾ ਹੇ ਨਾ, ਹੇ ਲੇੜ੍ਹ ਉਧੇੜ ਸਟ, ਖੁਲ੍ਹ ਵੈਸੀ।
(ਭੀੜਾ ਹੈ ਨਾ, ਇਹ ਸਿਉਣ ਉਧੇੜਦੇ, ਖੁਲ੍ਹਾ ਹੋ ਜਾਊ)
ਲੋ: ਰੋਸ਼ਨੀ; ਲੋਇਣ/ਲੋਚਣ: ਨੈਣ
ਲੋ ਘਟ ਹੇ, ਲੋਇਣ/ਲੋਚਣ ਡੇਖ ਨਹੀਂ ਸੰਗਦੇ।
(ਰੋਸ਼ਨੀ ਘਟ ਹੈ, ਨੈਣ ਦੇਖ ਨਹੀਂ ਸਕਦੇ)
ਲੋਟ: ਨੋਟ:
ਲੋਟ ਗਿਣਦਾ ਬੁੱਢਾ ਥੀ ਗਿਆ ਪਰ ਖਜ਼ਾਨਚੀ ਰਿਹਾ ਨਿਰਧਨ।
(ਨੋਟ ਗਿਣਦਾ ਬੁੱਢਾ ਹੋ ਗਿਆ ਪਰ ਖਜ਼ਾਨਚੀ ਰਿਹਾ ਗਰੀਬ)
ਲੋਥ: ਲਾਸ਼
ਜਿਹੜਾ ਕਾਈ ਕੰਮ ਕਾਰ ਨਾ ਕਰੇ, ਲੋਥ ਹੀ ਆਖਸਾਂ।
(ਜੋ ਕੋਈ ਕੰਮ ਨਾ ਕਰੇ, ਲੋਥ/ਲਾਸ਼ ਹੀ ਆਖੂੰ)
ਲੋਲਾ/ਲੋਲੇ/ਟਿਕੜੇ: ਮੱਠੀਆਂ
ਅੰਮਾਂ ਦੇ ਖਵਾਏ ਲੋਲੇ/ਟਿਕੜੇ ਹਜੇ ਤਕ ਯਾਦ ਹਿਨ।
(ਬੇਬੇ ਦੀਆਂ ਖੁਆਈਆਂ ਮੱਠੀਆਂ ਅਜੇ ਤਕ ਯਾਦ ਨੇ)
ਲੋਲ੍ਹਾ: ਝੁਡੂ
ਕਿਹਾ ਲੋਲ੍ਹਾ ਜਣਿਆ ਹੇਈ, ਕੈਂਹ ਕੰਮ ਦਾ ਨਹੀਂ।
(ਕੀ ਝੁਡੁ ਜੰਮਿਆ ਹਈ, ਕਿਸੇ ਕੰਮ ਦਾ ਨਹੀਂ ਹੈ)

(ਵ)


ਵਸਮਾ: ਵਾਲਾਂ ਦਾ ਰੰਗ
ਵਸਮਾ ਮਲ ਮਲ ਉਮਰ ਲੁਕੈਸੇਂ, ਹਯਾਤੀ ਕੂੰ ਕਿੰਝ ਭਰਮੈਸੇਂ।
(ਵਾਲਾ ਦਾ ਰੰਗ ਲਾ ਕੇ ਉਮਰ ਲਕੋਏਂਗਾ, ਮੌਤ ਨੂੰ ਕਿਵੇਂ ਭੁਲੇਖਾ ਦੇਵੇਂਗਾ)
ਵਸਾਰ/ਵਿਸਾਰ: ਹਲਦੀ/ਭੁਲਾਉਣਾ
ਵਿਸਾਰ ਬੈਠੀ ਹੇ ਨਾ, ਢੇਰ ਵਿਸਾਰ/ਵਿਸਾਰ ਡਾਲ ਵਿਗਾੜ ਸਟੇ।
(ਭੁਲਾ ਬੈਠੀ ਹੈਂ ਨਾ, ਜ਼ਿਆਦਾ ਹਲਦੀ ਦਾਲ ਵਿਗਾੜ ਦੇਵੇ)
ਵਸੋਆ: ਵਿਸਾਖੀ
ਹੋਵੇ ਕੀਰਤਨ ਤਾਂ ਸਮਝੋ ਸਦਾ ਵਸੋਆ ਹੋਵੇ।
(ਕੀਰਤਨ ਹੋਵੇ ਤਾਂ ਸਮਝੋ ਹਰ ਸਮਾਂ ਵਿਸਾਖੀ ਦੀ ਖੁਸ਼ੀ ਹੈ)
ਵਹਿਲਾ ਕਰ: ਚਲ ਜਾਣ ਦੇ
ਭਲਾ ਲੋਕ ਅੰਦਰਲੀ ਗਲ ਕਢ ਬੈਠੇ, ਵਹਿਲਾ ਕਰੋ, ਕੁਝ ਨਾ ਆਖ।
(ਸਿੱਧਾ ਬੰਦਾ, ਗੁਪਤ ਗਲ ਕਢ ਬੈਠੇ, ਚਲ ਜਾਣ ਦੇ, ਕੁਝ ਨਾ ਕਹੀਂ)