ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਖ)

ਵਿਕੀਸਰੋਤ ਤੋਂ
Jump to navigation Jump to search

(ਖ)


ਖੱਸ: ਖੋਹ
ਸਾਥੂ ਸਾਰਾ ਕੁੱਝ ਖੱਸ ਘਿਧਾ ਹਿਨੇ।
(ਸਾਥੋਂ ਸਾਰਾ ਕੁਝ ਉਨ੍ਹਾਂ ਖੋਹ ਲਿਆ ਹੈ)
ਖਿਸਖਾਸ ਖਸਖਸ
ਰਗੜਿਆ ਖਿਸਖਾਸ ਠੰਢਾ ਹੁੰਦੈ।
(ਰਗੜੀ ਖਸਖਸ ਠੰਡੀ ਹੁੰਦੀ ਹੈ)
ਖਸਲਤ: ਵਿਸ਼ੇਸ਼ਤਾ
ਜ਼ੁਲਮ ਤੇ ਲੜਾਈ ਰਾਜਾਸ਼ਾਹੀ ਦੀ ਖਸਲਤ ਹੁੰਦੀ ਹਾਈ।
(ਜ਼ੁਲਮ ਤੇ ਜੰਗ ਰਾਜਾਸ਼ਾਹੀ ਦੀ ਵਿਸ਼ੇਸ਼ਤਾ ਹੁੰਦੀ ਸੀ)
ਖਸੜ: ਬੇਉਲਾਦ
ਦੁਹਾਜੂ ਹੈ ਪਰ ਕਾਈ ਖਸੜ ਸਵਾਣੀ ਗੁਨੀਂਦੈ।
(ਦੁਹਾਜੂ ਹੈ ਪਰ ਕੋਈ ਬੇ ਔਲਾਦ ਔਰਤ ਲਭਦਾ ਹੈ)
ਖੱਗਲ: ਫਰਵਾਂਹ ਵਰਗਾ ਝਾੜ
ਖੱਗਲ ਰੇਤਲੇ ਖਿੱਤੇ ਵਿਚ ਥਾਂਦੈ ਤੇ ਉਨਾਂ ਦਾ ਭੋਜਨ ਹੈ।
(ਫਰਵਾਂਹ ਝਾੜ-ਖਗਲ, ਰੇਤਲੇ ਇਲਾਕੇ ਹੁੰਦਾ ਹੈ ਤੇ ਉਨਾਂ ਦੀ ਖੁਰਾਕ ਹੈ)
ਖੱਜੀ: ਖਜੂਰ ਦੇ ਪਤੇ
ਪੰਛੀਆਂ ਠੁਲ੍ਹੇ ਖੱਜੀ ਦੇ ਅੰਮਾ ਬਣੇਂਦੀ ਹਾਈ।
(ਖਜੂਰ ਦੇ ਪੱਤਿਆਂ ਨਾਲ ਬੇਬੇ ਪੱਛੀਆਂ ਨੂਲ੍ਹੇ ਬਣਾਂਦੀ ਸੀ)
ਖੱਟ/ਖਾਟ: ਵੱਡਾ ਚੌੜਾ ਮੰਜਾ
ਮੁਕਲਾਵੇ ਖਟ ਡੀਂਦੇ ਤੇ ਰਸਮ ਸੀ ਖੱਟ ਡੇਵਣੀ।
(ਮੁਕਲਾਵੇ ਪਲੰਘ ਵਰਗਾ ਮੰਜਾ ਦਿੰਦੇ ਤੇ ਰਸਮ ਵੀ ਇਸੇ ਦੇ ਨਾਂ ਤੇ ਹੈ)
ਖਤਾ: ਕਸੂਰ
ਮਾਰ ਭਾਵੇਂ ਟੋਰ, ਖਤਾ ਤਾਂ ਡਸ।
(ਮਾਰ ਭਾਵੇਂ ਭੋਰ, ਕਸੂਰ ਤਾਂ ਦੱਸ)
ਖਨੀ: ਰੋਟੀ ਦਾ ਟੁਕੜਾ
ਜ਼ਾਲ ਤਾਂ ਖਨੀ ਦੀ ਮੁਥਾਜ ਥੀ ਗਈ।
(ਪਤਨੀ ਤਾਂ ਰੋਟੀ ਦੇ ਟੁਕੜੇ ਲਈ ਵੀ ਮਜਬੂਰ ਹੋ ਗਈ)
ਖਫਗੀ/ਖ਼ਫ਼ਾ: ਗੁੱਸਾ/ਗੁੱਸੇ
ਖਫ਼ਾ ਉਸਤਾਦ ਨਾ ਥੀਵੇ, ਸ਼ਗਿਰਦ ਕੂੰ ਖਫਗੀ ਮਾਂਘੀ ਪੋਵੇ।
(ਉਸਤਾਦ ਗੁੱਸੇ ਨਾ ਹੋਵੇ, ਗੁੱਸਾ ਸ਼ਗਿਰਦ ਨੂੰ ਮਹਿੰਗਾ ਪੈਂਦੇ)

ਖ਼ਫ਼ਣੀ: ਫ਼ਕੀਰ ਦੀ ਝੱਗੀ
ਫੂਕ ਚਾ ਖ਼ਫ਼ਨੀ ਭੰਨ ਸੱਟ ਕਾਸਾ।
(ਝੱਗੀ ਸਾੜ ਦੇ ਤੇ ਕਾਸਾ ਤੋੜ ਸਿੱਟ-ਚੀਜ਼ਾਂ ਦੀ ਮੇਰ ਤਿਆਗ)
ਖ਼ਬਤ: ਧੁੰਨ
ਖ਼ਬਤ ਸਵਾਰ ਥੀ ਵੰਞੇ ਤਾਂ ਮੰਜ਼ਿਲ ਮਿਲ ਵੈਸੀ।
(ਧੁੰਨ ਸਵਾਰ ਹੋ ਜਾਵੇ ਤਾਂ ਮੰਜ਼ਿਲ ਮਿਲ ਜਾਉ)
ਖਬੜਾ/ਖੱਲਾ: ਛਿੱਤਰ/ਖੌਸੜਾ/ਪੌਲਾ
ਲੁੱਚੇ ਲੰਡੇ ਖਬੜੇ/ਖੱਲੇ ਖਾਂਦੇਨ ਪਰ ਸੁਧਰਦੇ ਨਿਨ੍ਹ।
(ਲੁੱੱਚੇ ਲੰਡੇ ਛਿੱਤਰ ਖੌਸੜੇ/ ਪੌਲੇ ਖਾਂਦੇ ਨੇ ਪਰ ਸੁਧਰਦੇ ਨਹੀਂ)
ਖਬੀ ਖਾਂ/ਨਾਢੂ ਖਾਂ: ਕਹਿੰਦੇ ਕਹਾਉਂਦੇ
ਕਚਾਹਰੀ ਵਿਚ ਡੇਖੋ, ਖਬੀ ਖਾਨਾਂ/ਨਾਢੂ ਖਾਨਾਂ ਤੂੰ ਕਿਵੇਂ ਨਿਵਣਾ ਹੁੰਦੈ।
(ਕਚਹਿਰੀ ਵਿਚ ਵੇਖੀ, ਕਹਿੰਦੇ ਕਹਾਉਂਦੇ ਕਿਵੇਂ ਝੁਕਦੇ ਹੈਣ)
ਖ਼ਮ ਵਿੰਗ
ਤ੍ਰਕਲੇ ਦੇ ਖ਼ਮ ਲਿੱਤਰ ਨਾਲ ਨਿਕਲ ਰੈਂਦੇ ਹਿਨ।
(ਤਕਲੇ ਦੇ ਵਿੰਗ, ਛਿੱਤਰਾਂ ਨਾਲ ਨਿਕਲ ਜਾਂਦੇ ਹਨ)
ਖਰ/ਖਰਕਾ/ਖਰਦੁਮ: ਗਧਾ/ਫੇਟੀ ਪਾਣ ਵਾਲਾ
ਖਰਕਾ/ਖਰ ਦਿਮਾਗ ਤਾਂ ਸਿੱਖ ਸੰਗਦੈ ਪਰ ਖਰਦੁਮ ਕਾਰਾ ਕਰ ਡੀਂਦੈ।
(ਗੱਧਾ/ਗੱਧੇ ਦਿਮਾਗ ਵਾਲਾ ਸਿੱਖ ਸਕਦੇ,ਫੇਟੀ ਪਾਊ ਕਰਤੂਤ ਕਰ ਦਿੰਦੈ)
ਖਰੈਤ: ਦਾਨ
ਫਕੀਰਾਂ ਕੂੰ ਜੇ ਖਰੈਤ ਨਹੀਂ ਡੇਵਣੀ ਤਾਂ ਧੱਕਾ ਨਾ ਡੇ।
(ਫ਼ਕੀਰਾਂ ਨੂੰ ਜੇ ਦਾਨ ਨਹੀਂ ਦੇਣਾ ਤਾਂ ਧੱਕਾ ਤਾਂ ਨਾ ਦੇ)
ਖ਼ਲੀਫ਼ਾ: ਕੰਮ ਚੋਰ / ਇਸਲਾਮੀ ਮੁੱਖੀ
ਖਲੀਫਾ ਹੂੰਦਾ ਹਾਈ ਤੇ ਹੁਣ ਅਲ੍ਹਾ ਦੇ ਫ਼ਜ਼ਲ ਨਾਲ ਖਲੀਫਾ ਥੀ ਗਿਐ।
(ਕੰਮ ਚੋਰ ਹੁੰਦਾ ਸੀ, ਰੱਬ ਦੀ ਕ੍ਰਿਪਾ ਨਾਲ ਇਸਲਾਮੀ ਮੁੱਖੀ ਬਣ ਗਿਐ)
ਖਲੋ: ਖੜ
ਕਤਰਾ ਖਲੋ ਵੰਞ, ਨਾਲ ਤਾਂ ਰਲਣ ਗੇ।
(ਜ਼ਰਾ ਖੜ ਜਾ, ਨਾਲ ਤੇ ਰਲਣ ਦੇ)
ਖੜੱਪਾ: ਉਡਣਾ ਸੱਪ
ਤੇਜ਼ ਤਰਾਰ ਕੀ ਕਿਹਾ, ਛੋਹਰ ਖੜੱਪਾ ਥੀ ਗਿਐ।
(ਤੇਜ਼ ਤਰਾਰ ਕੀ ਕਿਹਾ, ਮੁੰਡਾ ਉਡਣਾ ਸੱਪ ਬਣ ਗਿਆ ਹੈ)
ਖੜਦੂੰਬਾ/ਖੜਦੂੰਬੀ: ਛਤਰਾ/ਮਾਦਾ ਛਤਰਾ
ਛੇੜੂਆਂ ਕੀ ਖੜਦੂੰਬੇ ਤੇ ਖੜਦੂੰਬੀ ਕੀ ਪਛਾਣ ਹੋਵੇ।
(ਵਾਗੀਆਂ ਨੂੰ ਨਰ ਤੇ ਮਾਦਾ ਛਤਰੇ ਦੀ ਪਛਾਣ ਹੁੰਦੀ ਹੈ)

ਖੰਨ-ਖੰਨ ਕੇ: ਖੁਰਕ ਖੁਰਕ ਕੇ
ਖੰਨ ਖੰਨ ਕੇ ਚਮੜੀ ਪੱਟ ਘਿਧੀ।
(ਖੁਰਕ ਖੁਰਕ ਕੇ ਚਮੜੀ ਉਚੇੜ ਲਈਹਿਸ)
ਖਾਸ-ਉਲ-ਖ਼ਾਸ/ਖ਼ਸੂਸੀ ਬਹੁਤ ਵਿਸ਼ੇਸ਼
ਸਾਹਿਬ ਦਾ ਖਾਸ-ਉਲ-ਖਾਸ/ਖਸੁਸੀ ਬੰਦਾ ਲਭ ਕੇ ਕੰਮ ਕਢਾ।
(ਅਫ਼ਸਰ ਦਾ ਬਹੁਤ ਵਿਸ਼ੇਸ਼ ਬੰਦਾ ਲੱਭ ਤੇ ਕੰਮ ਲੈ)
ਖ਼ਾਕ: ਮਿੱਟੀ
ਖਾਕ ਚੁ ਜੰਮੇਂ ਹਾਏਂ ਤੇ ਖਾਕ ਕੁ ਨਿੰਦਦੇ ਪਏ ਹਾਏ।
(ਮਿੱਟੀ ਵਿਚੋਂ ਜੰਮੇ ਹਾਂ ਤੇ ਮਿੱਟੀ ਨੂੰ ਨਿੰਦ ਰਹੇ ਹਾਂ)
ਖਾਸੇ ਖਾਏਂਗਾ
ਟਰ ਟਰ ਨਾ ਕਰਦਾ ਰਾਹਿ, ਮੈਥੁ ਕੁੱਟ ਖਾਸੇਂ।
(ਬੜ ਬੜ ਨਾ ਕਰਦਾ ਰਹਿ, ਮੈਥੋਂ ਕੁੱਟ ਖਾਏਂਗਾ)
ਖ਼ਾਕਸਾਰ: ਆਮ ਆਦਮੀ
ਮੈਂ ਖ਼ਾਕਸਾਰ ਤੈਂਡਾ ਮੁਕਾਬਲਾ ਕਿੱਥੇ ਕਰਸਾਂ।
(ਮੈਂ ਆਮ ਬੰਦਾ ਤੇਰਾ ਮੁਕਾਬਲਾ ਕਿੱਥੇ ਕਰੂੰ)
ਖਾਖ/ਖਾਖਾਂ ਜਬਾੜੇ
ਹੁਣ ਉਬਰਿਉਂ ਤਾਂ ਖਾਖਾਂ ਚੀਰ ਡੇਸਾਂ।
(ਹੁਣ ਬੋਲਿਆਂ ਤਾਂ ਜਬਾੜੇ ਚੀਰ ਦਿਆਂਗਾ)
ਖਾਜਾ: ਖੁਰਾਕ/ਖਾਧ
ਮੁਰਦਿਆਂ ਦੀ ਕਬਰੀਂ ਦੱਬੀ ਦੇਹ, ਕੀੜਿਆਂ ਦਾ ਖਾਜਾ।
(ਕਬਰਾਂ ਵਿਚ ਦੱਬੇ ਸਰੀਰ, ਕੀੜਿਆਂ ਦੀ ਖਾਧ)
ਖਾਤੂੰਨ: ਔਰਤ
ਬੁਰਕਾ ਪਾਵਣਾ ਮੁਸਲਿਮ ਖਾਤੂਨਾਂ ਕੀ ਲਾਜ਼ਮੀ ਹੁੰਦੈ।
(ਬੁਰਕਾ ਪਾਣਾ ਮੁਸਲਿਮ ਔਰਤਾਂ ਨੂੰ ਜ਼ਰੂਰੀ ਹੋਵੇ)
ਖ਼ਾਦਮ: ਸੇਵਾਦਾਰ
ਚੌਧਰੀ ਸੈਬ, ਮੈਂ ਤੈਂਡਾ ਖਾਦਮ ਥਿਆ, ਮੈਕੁੰ ਬਚਾ ਘਿਨ।
(ਚੌਧਰੀ ਸਾਹਿਬ ਮੈਂ ਤੁਹਾਡਾ ਸੇਵਾਦਾਰ ਹੋਇਆ, ਮੈਨੂੰ ਬਚਾ ਲੈ)
ਖਾਧਾ ਮਾਰਿਆ
ਮੈਂਡਾ ਖਾਧਾ ਮਾਲ-ਧਨ ਤੈਨੂੰ ਕੋਈ ਨਾ ਪਚਸੀ।
(ਮੇਰਾ ਮਾਰਿਆ ਧਨ-ਮਾਲ ਤੈਨੂੰ ਕੋਈ ਨਹੀਂ ਪਚਣਾ)
ਖਾਨਸਾਮਾ: ਰਸੋਈਆ
ਆਧੇ ਹਨ ਖਾਨਸਾਮੇ ਦਾ ਖੋਰ, ਮੌਤ ਦਾ ਪੈਗਾਮ।
(ਕਹਿੰਦੇ ਨੇ, ਰਸੋਈਏ ਦਾ ਵੈਰ, ਮੌਤ ਦਾ ਬੁਲਾਵਾ)

ਖਾਨਾ ਖ਼ਰਾਬ: ਬਦਨਾਮੀ
ਬਦਕਲਾਮੀ ਨਾਲ ਨੇਕੀ ਫੁਨਾਹ ਤੇ ਖਾਨਾ ਖਰਾਬੀ ਬਈ।
(ਮਾੜੇ ਬੋਲਾਂ ਨਾਲ ਭੱਲ ਮੌਕੇ ਤੇ ਬਦਨਾਮੀ ਵੱਖ)
ਖ਼ਾਨਗਾਹ: ਫ਼ਕੀਰ ਦਾ ਠਿਕਾਣਾ
ਜੁੰਮੇ ਦੇ ਡਿਹਾੜੇ ਖਾਨਗਾਹ ਲੈਂਦੇ ਹਨ, ਜੁਲਿਆ ਕਰੀਂ।
(ਸ਼ੁਕਰਵਾਰ ਦੇ ਦਿਨ, ਫ਼ਕੀਰ ਦੇ ਠਿਕਾਣੇ ਜਾਂਦੇ ਹਨ, ਚਲਿਆ ਕਰੀਂ)
ਖ਼ਾਬ/ਖੁਵਾਬ: ਸੁਫਨੇ
ਖਾਬਾ/ਖਵਾਬਾਂ/ਖੁਆਬਾਂ ਦੇ ਪੰਖ, ਉਡਣ ਕੁੰ ਹੁਲਾਰੇ।
(ਸੁਫਨਿਆਂ ਦੇ ਖੰਭ, ਉਡਾਰੀਆਂ ਨੂੰ ਹੁਲਾਰੇ।
ਖ਼ਾਮ ਖਿਆਲੀ: ਹਵਾਈ ਕਿਲੇ
ਸ਼ੇਰਨੀ ਦਾ ਡੁੱਧ ਘਿਨਾਸੇਂ, ਤੈਡੀ ਖਾਮ ਖਿਆਲੀ ਹੈ।
(ਸ਼ੇਰਨੀ ਦਾ ਦੁੱਧ ਲਿਆਏਂਗਾ, ਤੇਰੇ ਹਵਾਈ ਕਿਲੇ ਨੇ)
ਖਾਰ: ਧੁਆਈ ਲਈ ਭਸਮ/ਈਰਖਾ
ਦਿਲਾਂ ਦੀ ਖਾਰ ਤੂੰ ਕਪੜੇ ਧੂਵਣ ਵਾਲੀ ਖਾਰ ਨਾਲ ਧੋ ਸੰਗਦੈ।
(ਦਿਲ ਦੀ ਈਰਖਾ ਨੂੰ ਲੀੜੇ ਧੋਣੀ ਭਸਮ ਨਾਲ ਧੋ ਸਕਦਾ ਹੈਂ)
ਖ਼ਾਰਜ਼: ਕੱਟ ਦੇਣਾ
ਫੈਂਸਲੇ ਵਿਚ ਸੱਭੋ ਦਲੀਲਾਂ ਖਾਰਜ ਹਨ।
(ਫ਼ੈਸਲੇ ਵਿਚ ਸਾਰੀਆਂ ਦਲੀਲਾਂ ਕੱਟੀਆਂ ਹੋਈਆਂ ਹਨ)
ਖਾਰਾ/ਖਾਰੇ ਬਾਹਵਣਾ: ਵੇਦੀ ਕੋਲ ਥਾਂ
ਕਦੀਮ ਵੇਲੇ, ਬਾਲੜੀਆਂ ਨੂੰ ਝੋਲੀ ਪਾ ਖਾਰੇ ਬਾਂਧੇ।
(ਪੁਰਾਣੇ ਯੁੱਗ ਵਿੱਚ ਬਾਲੜੀਆਂ ਨੂੰ ਗੋਦੀ ਲੈ ਕੇ ਵੇਦੀ ਕੋਲ ਬੈਠਦੇ ਸਨ)
ਖਾਲਸ: ਸ਼ੁੱਧ
ਮੈਂਕੂੰ ਤਾਂ ਖਾਲਸ ਮਾਖੀ ਤੇ ਸੰਗਸੋ।
(ਮੈਨੂੰ ਤਾਂ ਸ਼ੁਧ ਸ਼ਹਿਦ ਦੇ ਸਕੇਂਗਾ)
ਖ਼ਾਲਸਾ: ਰਾਜੇ ਦੀ ਆਪਣੀ ਮਾਮਲਾ ਰਹਿਤ ਜ਼ਮੀਨ
ਖਾਲਸਾ ਜ਼ਮੀਨ ਦਾ ਮਾਲਕ ਰਾਜਾ ਤੇ ਖਾਲਸੇ ਦਾ ਵਾਹਿਗੁਰੂ।
(ਮਾਮਲਾ ਰਹਿਤ ਜ਼ਮੀਨ ਦਾ ਮਾਲਕ ਰਾਜਾ ਤੇ ਖਾਲਸੇ ਦਾ ਵਾਹਿਗੁਰੂ)
ਖ਼ਾਲਾਜਾਨ: ਮਾਸੀ (ਮਾਂ ਦੀ ਭੈਣ)
ਫੌਤ ਮਾਰ ਦੇ ਬਚੜੇ ਖਾਲਾਜਾਨ ਦੀ ਝੋਲੀ।
(ਮਰੀ ਮਾਂ ਦੇ ਬਾਲ ਉਸ ਦੀ ਭੈਣ-ਮਾਸੀ ਦੀ ਗੋਦ ਵਿਚ)
ਖਾਲਾ ਜੀ ਦਾ ਵਾੜਾ: ਸੌਖਾ ਕੰਮ
ਜੀਵੇਂ ਏਡੀ ਟਬਰੀ ਪਾਲਣਾ ਖਾਲਾ ਜੀ ਦਾ ਵਾੜਾ ਕੋਈ ਨਾ।
(ਜਿਉਂਦਾ ਰਹੇਂ, ਐਡਾ ਟਬਰ ਪਾਲਣਾ ਸੌਖਾ ਕੰਮ ਤਾਂ ਨਹੀਂ)

ਖਾਂਵਦ/ਖੌਦ: ਪਤੀ
ਭਾਈ ਖਾਂਵਦਖੌਦ ਕੁ ਛਿਕਲ ਚਾੜੀ ਰੱਖ।
(ਬੀਬਾ, ਪਤੀ ਦੀ ਜ਼ੁਬਾਨ ਨੂੰ ਬੰਨ੍ਹ ਮਾਰੀ ਰੱਖ)
ਖਿਜ਼ਾਬ: ਵਾਲਾਂ ਲਈ ਰੰਗ
ਜੇ ਹਜੇ ਪਰਨੀਵਣਾ ਮੰਗ ਤਾਂ ਡਾਹੜੀ ਤੇ ਖਿਜ਼ਾਬ ਮੇਲ।
(ਜੇ ਅਜੇ ਸ਼ਾਦੀ ਚਾਹੁੰਦੈ ਤਾਂ ਦਾਹੜੀ ਤੇ ਰੰਗ ਲਾ ਲੈ)
ਖਿਤਾਬ: ਉਚਾ ਅਹੁਦਾ
ਸਾਧ ਸੰਤ ਕਡਣ ਖਿਤਾਬਾਂ ਦੇ ਮੁਥਾਜ ਹੁੰਦੇ।
(ਸਾਧੂ ਸੰਤ ਕਦੋ ਉਚੇ ਅਹੁਦਿਆਂ ਦੇ ਲੋੜਵੰਦ ਹੁੰਦੇ ਨੇ)
ਖਿੰਥਾ: ਸਾਧ ਦੀ ਜੁੱਲੀ
ਆਪਣੀ ਖਿੰਥਾ ਬਾਲ ਕੇ ਸਾਧ ਨੇ ਮੇਮਣਾ ਠੰਢ ਤੂੰ ਬਚਾ ਘਿਧਾ।
(ਆਪਣੀ ਜੁਲੀ ਮਚਾ ਕੇ ਸੰਤਾਂ ਮੇਮਣੇ ਨੂੰ ਠੰਡ ਤੋਂ ਬਚਾ ਲਿਆ)
ਖਿਦਮਤ: ਸੇਵਾ
ਮੈਂ ਬਾਂਦੀ ਮਾਲਕ ਦੀ, ਖਿਦਮਤ ਵਿਚ ਰਾਤ ਭਰ ਖਲੋਤੀ।
(ਮੈਂ ਗੁਲਾਮ ਮਾਲਕ ਦੀ, ਰਾਤ ਭਰ ਸੇਵਾ ਵਿੱਚ ਖੜੀ)
ਖਿੱਲ: ਹਸ
ਖਿਲਦੀ ਜਵਾਨੀ ਦੀ ਲੈਅ ਨਾਲ ਕੋਈ ਦਿਲ ਜ਼ਿਬਾਹ।
(ਹਸਦੀ ਜਵਾਨੀ ਦੀ ਤਰੰਗ ਨੇ ਬੜੇ ਦਿਲ ਕਤਲ ਕੀਤੇ)
ਖਿਲਤ: ਸਿਰੋਪਾ/ਸਨਮਾਨ
ਸਰਕਾਰੂੰ ਮਿਲੀ ਖਿਲਤ ਨਾਲ ਸਿਰ ਫਿਰ ਗਿਆ।
(ਸਰਕਾਰੋਂ ਪ੍ਰਾਪਤ ਸਨਮਾਨ ਨਾਲ ਹੰਕਾਰਿਆ ਗਿਆ ਸੀ)
ਖਿੱਲਾਂ: ਮਾਮੂਲੀ ਇਨਾਮ
ਖਿੱਲਾਂ ਪਿਛੈ ਧਰਮ ਵੰਞਾਵੇਂ, ਬਾਦਰਾਂ ਵਾਲਾ ਚਲਨ।
(ਮਾਮੂਲੀ ਇਨਾਮ ਬਦਲੇ ਫਰਜ਼ ਛੱਡੇ, ਬਾਦਰਾਂ ਦਾ ਚਾਲਾ)
ਖਿਵਣਾ: ਪ੍ਰਸੰਨ ਰਹਿਣਾ
ਨਿਵਣੁ ਸੁ ਅਖਰ ਖਿਵਣ ਗੁਣ, ਸਫਲ ਸੁਆਣੀ ਥੀਵੇ।
(ਨਿਮਰ ਬੋਲ ਤੇ ਪ੍ਰਸੰਨ ਮੁਦਰਾ, ਪਤਨੀ ਦੀ ਸਫਲਤਾ ਦੇ ਗੁਰ)
ਖਿੜਾਂਦ: ਮਨ ਪ੍ਰਚਾਵੇ ਦੀ ਖੇਡ ਵਿਚ
ਅੰਵਾਣੇ ਚਿੰਦਿਆਂ ਦੀ ਖਿੜਾਂਦੇ ਲਗੇ ਹਨ, ਕੰਮ ਨਿਬੇੜੁ।
(ਜੁਆਕ ਬੰਟਿਆਂ ਦੀ ਖੇਡ ਵਿਚ ਮਸਤ ਨੇ, ਕੰਮ ਸਿਰੇ ਲਾਈਏ)
ਖੀਸਾ: ਜੇਬ
ਖੁਲ੍ਹਾ ਹੱਥ ਪਰ ਪਾਟਾ ਖੀਸਾ ਡੇਖ ਭਾਊ ਦੀ ਸ਼ਾਨ।
(ਸਖੀ ਸੁਭਾਅ ਪਰ ਖਾਲੀ ਜੇਬ, ਵੇਖ ਭਾਊ ਦੀ ਸ਼ਾਨ)

ਖੀਣ: ਕਮਜ਼ੋਰ
ਕਾਈ ਚਾਰਾ ਨਾਹੀਂ, ਨੈਣਾਂ ਦੀ ਜੋਤ ਖੀਣ ਥੀ ਗਈ ਹੈ।
(ਕੋਈ ਇਲਾਜ ਨਹੀਂ, ਅਖਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੈ)
ਖੁਆਰੀ: ਫਜ਼ੂਲ ਮਿਹਨਤ
ਖੁਆਰੀ ਪੱਲੇ ਪਈ, ਕੇ ਕੁਝ ਲੱਭਾ ਭਲਾ।
(ਫ਼ਜ਼ੂਲ ਮਿਹਨਤ ਕਰਨੀ ਪਈ, ਕੀ ਕੁੱਝ ਮਿਲਿਆ ਭਲਾ)
ਖੁਸੀ: ਖੋਹੀ
ਸਾਕੂੰ ਖੁਸ਼ੀ ਹੋਈ ਰਕਮ ਵਲਾ ਡਿੱਤੀ ਨੇ।
(ਉਨ੍ਹਾਂ ਸਾਨੂੰ ਖੋਹੀ ਹੋਈ ਰਕਮ ਮੋੜ ਦਿਤੀ ਹੈ)
ਖੁਸ਼ਾਮਦ/ਖੁਸ਼ਆਮਦੀਦ: ਸਿਫ਼ਤਾਂ ਕਰਨਾ/ਸਵਾਗਤ/ਸੁਆਗਤ
ਖੁਸ਼ਾਮਦ ਨਾਨੂੰ ਨੇਕ ਚਲਨੀ ਤੁੰ ਖੁਸ਼ਆਮਦੀਦ ਆਖੂ
(ਝੂਠੀਆਂ ਸਿਫ਼ਤਾਂ ਨਾਲੋਂ ਨੇਕ ਚਲਨੀ ਦਾ ਸੁਆਗਤ ਕਰੀਏ)
ਖੁਸ਼ਨਸੀਬ: ਭਾਗਾਂ ਵਾਲੇ
ਉਹ ਖੁਸ਼ਨਸੀਬ ਹਨ ਜਿੰਨ੍ਹਾਂ ਤੂੰ ਇਲਮ ਲੱਧੈ।
(ਉਹ ਭਾਗਾਂ ਵਾਲੇ ਨੇ ਜਿੰਨ੍ਹਾਂ ਨੂੰ ਵਿਦਿਆ ਲੱਭ ਗਈ ਹੈ)
ਖੁਸ਼ਨੁਮਾ: ਸੁਹਾਵਣਾ
ਵਿਛੜਿਆਂ ਟੱਬਰਾਂ ਦਾ ਮੇਲ, ਖੁਸ਼ਨੁਮਾ ਵੇਲਾ ਸੀ।
(ਵਿਛੜਿਆਂ ਟੱਬਰਾਂ ਦਾ ਮੇਲ, ਸੁਹਾਵਣਾ ਮੌਕਾ ਸੀ)
ਖੁਸ਼ਮਿਜ਼ਾਜ: ਪ੍ਰਸੰਨ ਸੁਭਾਅ
ਖੁਸ਼ਮਿਜ਼ਾਜੀ ਇੰਞ ਨਹੀਂ ਆਂਦੀ, ਸਿੱਖਣੀ ਪੈਂਦੀ ਹੈ।
(ਪ੍ਰਸੰਨ ਸੁਭਾਅ ਐਂਵੇ ਨਹੀਂ ਬਣਦਾ, ਸਿਖਣਾ ਪੈਂਦਾ ਹੈ)
ਖੁਜਲੀ: ਖੁਰਕ
ਖੁਜਲੀ ਮਾਰੇ ਕਤੂਰੇ ਕੁੰ ਤਾਂ ਪੈ ਗਈ ਹੇ।
(ਖੁਰਕ ਮਾਰੇ ਕਤੂਰੇ ਨੂੰ ਪਾਕ ਪੈ ਗਈ ਹੈ)
ਖੁੰਞ: ਖੁੰਜ/ਖੁੰਝ
ਹਨੇਰੀ ਵਿਚ ਰਾਹ ਖੁੰਞ ਕੇ, ਗੱਡੀ ਖੁੰਝਾ ਲਈ ਤੇ ਅਗੂੰ ਦਾਖਲਾ ਵੀ।
(ਹਨੇਰੀ ਕਰਕੇ ਰਾਹ ਭੁਲ ਗੱਡੀ ਤੋਂ ਖੁੰਜ ਖੁੰਝ ਗਿਆ ਤੇ ਅਗੇ ਦਾਖਲੇ ਤੋਂ ਵੀ)
ਖੁੱਟ: ਖ਼ਤਮ
ਸ਼ਕਰ ਖੁੱਟੀ ਪਈ ਹੈ, ਨਾਨੂੰ ਤਾਂ ਚਾਹ ਥੀਸੀ।
(ਖੰਡ ਖਤਮ ਹੋਈ ਪਈ ਹੈ, ਲਿਆਵਾਂਗੇ ਤਾਂ ਚਾਹ ਹੋਊ)
ਖੁਣਨਾ/ਖੁਣਾਵਣਾ: ਉਕਰਨਾ/ ਉਕਰਾਉਣਾ
ਪੱਟਾਂ ਤੇ ਮੋਰਨੀਆਂ ਖੁਣ। ਖੁਣਵਾ ਘਿਨ।
(ਪੱਟਾਂ ਤੇ ਮੋਰਨੀਆਂ ਉਕਰ/ਉਕਰਾ ਲੈ)

ਖੁਣਸ: ਵੈਰ/ਮੰਦੀ ਈਰਖਾ
ਡਾਢੀ ਖੁਣਸ ਢਿੱਢ ਵਿਚ ਪਾਈ ਦਾ ਹਾਈ।
(ਬਹੁਤ ਈਰਖਾਲੂ ਵੈਰ ਢਿੱਡ ਵਿਚ ਲਈ ਫਿਰਦਾ ਸੀ)
ਖੁਣੂੰ/ਖੁਣੋਂ: ਬਿਨਾਂ
ਲੱਡੂਆਂ ਆਲੀ ਕਚੀ ਯਾਰੀ ਖੁਣੁੰ/ਖੁਣੋਂ ਕੇ ਥੁੜਿਆ ਪਿਆ ਹਾਈ।
(ਲੱਡੂਆਂ ਦੀ ਕਚੀ ਯਾਰੀ ਬਿਨਾਂ ਕੀ ਘਾਟ ਪਈ ਸੀ)
ਖੁੱਤੀ ਗੁੱਤੀ
ਚਿੱਦਿਆਂ ਦੀ ਖੇਡ ਕੁ ਖੁੱਤੀ ਪੱਟੀ ਹਾਸੇ।
(ਅਸੀਂ ਬੰਟਿਆਂ ਦੀ ਖੇਡ ਨੂੰ ਗੁੱਤੀ ਪੁੱਟੀ ਸੀ)
ਖੁੱਥੀ: ਭਟਕੀ ਹੋਈ
ਤਾਲੂੰ ਖੁੱਥੀ ਡੂੰਮਣੀ ਬੋਲੇ ਤਾਲ ਬੇਤਾਲ।
(ਲੈ ਤੋਂ ਭਟਕੀ ਹੋਈ ਮਿਰਾਸਣ, ਅਬਾ-ਤਬਾ ਬੋਲ ਰਹੀ ਹੈ)
ਖੁਦ ਆਪ
ਕਾਤਲ ਖੁਦ ਚਲਕੇ ਠਾਣੇ ਪੇਸ਼ ਥੀ ਗਿਆ।
(ਕਾਤਲ ਆਪ ਚਲ ਕੇ ਥਾਣੇ ਪੇਸ਼ ਹੋ ਗਿਆ)
ਖੁਨਾਮੀ: ਬਦਨਾਮੀ
ਨਸ਼ੇਬਾਜ਼ੀ ਨਾਲ ਪੰਜਾਬ ਦੀ ਢੇਰ ਖੁਨਾਮੀ ਥਈ ਹੈ।
(ਨਸ਼ੇ ਦੇ ਚਲਨ ਨਾਲ ਪੰਜਾਬ ਦੀ ਬੜੀ ਬਦਨਾਮੀ ਹੋਈ ਹੈ)
ਖੁੰਭ/ਪੁੜ ਚੁੱਭ
ਪੇਰ ਵਿਚ ਵੱਡਾ ਕੰਡਾ ਖੁੱਭ/ਪੁੜ ਗਿਐ।
(ਪੈਰ ਵਿੱਚ ਵੱਡੀ ਸੂਲ ਚੁੱਭ ਗਈ ਹੈ)
ਖੁਮਾਰ: ਮਸਤੀ
ਜੁਆਨੀ ਦਾ ਖੁਮਾਰ ਅੰਨਾ ਕਰ ਸਟੈਂਦੈ।
(ਜਵਾਨੀ ਦੀ ਮਸਤੀ ਅੰਨ੍ਹਾਂ ਕਰ ਸੁਟਦੀ ਹੈ)
ਖੁਰਸੀ: ਕੁਰਸੀ
ਬ੍ਹਾਵਣ ਤੂੰ ਖੁਰਸੀ ਤੇ ਸੰਮਣ ਕੂੰ ਖੱਟ, ਬਿਆ ਕੇ ਹੋਵੇ।
(ਬਹਿਣ ਨੂੰ ਕੁਰਸੀ, ਸੌਣ ਨੂੰ ਪਲੰਘ, ਹੋਰ ਕੀ ਚਾਹੀਦੈ)
ਖੁਰਜੀ: ਪੱਲੀ ਦੇ ਬੁਗਚੇ
ਭਾਜੀਆਂ ਨਾਲ ਖੁਰਜੀ ਭਰ, ਗਡੋਹ ਲਡ ਘਿਨਾਏ।
(ਸਬਜ਼ੀਆਂ ਦੇ ਬੁਗਚੇ ਭਰ, ਗੱਦੋਂ ਲੱਦ ਲਿਆਇਆ ਹੈ)
ਖੁਰਮੇ: ਸਕਰਪਾਰੇ
ਗਰੀਬ ਦੇ ਕਾਜ ਵਾਲੇ ਖੁਰਮੇ ਬਾਲਾਂ ਕੂੰ ਵਿਲਾ ਡੀਂਦੇ ਹਨ।
(ਗਰੀਬ ਦੇ ਵਿਆਹ ਵਾਲੇ ਸ਼ਕਰਪਾਰੇ ਬਚਿਆਂ ਨੂੰ ਵਰਾ ਦਿੰਦੇ ਨੇ)

ਖੂਬ/ਖੂਬਸੂਰਤ: ਵਧੀਆ/ਵਧੀਆ ਸ਼ਕਲ/ਸੋਹਣਾ
ਖੂਬ ਤੈਂਡੀ ਲਿੱਟਕ ਤੇ ਖੂਬਸੂਰਤ ਮੂੰਹ, ਮਾਂਹ ਸ਼ਾ ਅਲਾ।
(ਤੇਰਾ ਲਟਕਾਅ ਵਧੀਆ ਹੈ ਤੇ ਮੂੰਹ ਸੋਹਣਾ, ਵਾਹ ਸੋਹਣੇ ਰੱਬਾ)
ਖੇਹ ਖਰਾਬੀ: ਬਲਾਤਕਾਰ
ਕੁਰਾਹੇ ਪਏ ਵਿਹਲੜ ਖੇਹ ਖਰਾਬੀਆਂ ਤੇ ਥੀ ਗਏ ਹਨ।
(ਭਟਕੇ ਬੇਰੁਜ਼ਗਾਰ ਬਲਾਤਕਾਰਾਂ ਵਲ ਹੋ ਗਏ ਨੇ)
ਖੇਨੂੰ/ਖੀਨੂੰ: ਈਨੂੰ
ਹਜੇ ਵੀ ਢੇਰ ਝਾਈਂ ਰੰਨਾਂ ਸਿਰੂੰ ਖੇਨੂੰ/ਖੀਨੂੰ ਨਹੀਂ ਲੱਥੇ।
(ਅੱਜੇ ਵੀ ਬੜੀ ਥਾਈਂ ਨਾਰਾਂ ਸਿਰੋਂ ਈਨੂੰ ਨਹੀਂ ਲਥੇ)
ਖੇਪ: ਤਿਜਾਰਤੀ ਗੇੜਾ/ਵਪਾਰੀ ਮੁਹਿੰਮ
ਇਬਕੇ ਕਿਹੜੀ ਖੇਪ ਭਰ ਕੇ ਵੰਞਸੇ।
(ਇਸ ਵਾਰੀ ਕਿਹੜੀ ਜਿਨਸ ਦੀ ਵਪਾਰੀ ਗੇੜੀ ਭਰ ਕੇ ਜਾਉਗੇ)
ਖੈ: ਹਾਰ/ਬਰਬਾਦੀ
ਜ਼ਾਲਮਾਂ ਤੇ ਪਾਪੀਆਂ ਦੀ ਓੜਕ ਖੈ ਥੀਸੀ।
(ਜ਼ਾਲਮਾਂ ਤੇ ਪਾਪੀਆਂ ਦੀ ਆਖਰ ਹਾਰ/ਬਰਬਾਦੀ ਹੋਊ)
ਖ਼ੈਂਸ: ਘਾਸਾ
ਅਧੋਰਾਣਾ ਕਪੜਾ ਹੇ ਕਤਰਾ ਖ਼ੈਂਸ ਨਾ ਝਲੇਸੀ।
(ਅੱਧ ਘੱਸਿਆ ਕਪੜਾ ਹੈ, ਜ਼ਰਾ ਜਿੰਨਾ ਘਾਸਾ ਨਹੀਂ ਝਲੇਗਾ)
ਖ਼ੈਮਾ: ਤੰਬੂ/ਧਿਰ
ਸਾਡੇ ਖੈਮੇਂ ਵਿਚ ਤਾਂ ਸਾਰੇ ਖੈਮੇ ਪਾਟੇ ਹੋਏ ਹਨ।
(ਸਾਡੀ ਧਿਰ ਕੋਲ ਤਾਂ ਸਾਰੇ ਤੰਬੂ ਫਟੇ ਹੋਏ ਨੇ)
ਖੈਰ ਸਲਾ/ਕੁਲੀ ਖੈਰ: ਅਮਨ ਅਮਾਨ
ਫਸਾਦ ਥਏ ਤਾਂ ਸਨ ਪਰ ਹੁਣ ਖੈਰ ਸੱਲਾ/ਕੁਲੀ ਖੈਰ ਹੇ।
(ਫ਼ਸਾਦ ਹੋਏ ਸਨ ਪਰ ਹੁਣ ਅਮਨ ਅਮਾਨ ਹੈ।
ਖੋਹ: ਹੌਲ
ਭੁੱਖ ਨਾਲ ਕਾਲਜੇ ਕੂੰ ਖੋਹ ਪਈ ਪੂੰਦੀ ਹੈ।
(ਭੁੱਖ ਨਾਲ ਕਾਲਜੇ ਨੂੰ ਹੌਲ ਪਏ ਰਹੇ ਨੇ)
ਖੋਡ/ਖੋਲ: ਖੁੰਡ/ਪੋਲ
ਜਾੜ੍ਹ ਵਿਚ ਖੋਡ ਥਈ ਪਈ ਹੈ, ਖੋਲ ਭਰਾਣੀ ਪੋਸੀ।
(ਜਾੜ੍ਹ ਵਿਚ ਖੁੱਡ ਬਣੀ ਹੋਈ ਹੈ, ਪੋਲ ਭਰਨਾ ਪਊ)
ਖੋਚਰੀ: ਮੀਣ ਮੇਖ ਕੱਢਣ ਵਾਲਾ
ਖ਼ਬਰਦਾਰ, ਬੰਦਾ ਬਹੂੰ ਖੋਰੀ ਹਿਵੇ ਜੀ।
(ਸਾਵਧਾਨ, ਬੰਦਾ ਬਹੁਤ ਮੀਣ ਮੇਖ ਕੱਢਣ ਵਾਲਾ ਹੈ, ਜੀ)

ਖੋਜਾ: ਪੈੜ ਪਕੜਨ ਵਾਲਾ
ਖੋਜੇ ਕੂੰ ਘਿਨਾਏ ਤੇ ਪੈੜ ਨੱਪੀ, ਚੋਰ ਠੱਪ ਘਿੱਧਾ।
(ਪੈੜ ਫੜਨ ਵਾਲਾ ਲਿਆਏ, ਪੈੜ ਫੜੀ ਤੇ ਚੋਰ ਫੜ ਲਿਆ)
ਖੋਜੇ ਜਾਤੀ (ਹਿੰਦੂ ਜੋ ਇਸਲਾਮੀ ਹੋਏ)
ਖੋਜੇ ਮੁਸਲਮਾਨਾਂ ਵਿਚ ਹੱਜੇ ਵੀ ਹਿੰਦੂ ਰੀਤਾਂ ਹਨ।
(ਖੋਜਿਆਂ ਵਿਚ ਅਜੇ ਵੀ ਹਿੰਦੂ ਰੀਤਾਂ ਨੇ, ਮੁਸਲਮਾਨ ਹੋ ਕੇ ਵੀ)
ਖੋਦਾ: ਦਾਹੜੀ ਤੋਂ ਵਿਰਵਾ
ਖੋਦੇ ਤੂੰ ਜ਼ਨਾਨਾ ਭੂਮਕਾ ਕਰਨੀ ਸੌਖੀ ਹੁੰਦੀ ਹੈ।
(ਦਾਹੜੀ ਵਿਰਵੇ ਨੂੰ ਨਾਰੀ ਰੋਲ ਕਰਨਾ ਸੌਖਾ ਹੁੰਦਾ ਹੈ)
ਖੋਭ/ਖੋਭਾ: ਦਲਦਲ
ਬਹੂੰ ਬਰਸਿਐ, ਗੱਲੀਆਂ ਵਿਚ ਖੋਭ/ਖੋਭਾ ਥਿਆ ਪਿਐ।
(ਬਹੁਤ ਵਰ੍ਹਿਐ, ਗੱਲੀਆਂ ਵਿਚ ਦਲਦਲ ਹੋਈ ਪਈ ਹੈ)
ਖੋਰ: ਵੈਰ-ਦੇਖੋ /ਖਾਰ
ਖੌਸੜੇ/ਪੌਲੇ: ਛਿਤਰ
ਹੱਥ ਪੁਰਾਣੇ ਖੌਂਸੜੇ ਪੌਲੇ, ਡੁਪਾਹਰੇ ਵੇਲੇ ਵੱਲੇ।
(ਪੁਰਾਣੇ ਛਿਤਰ ਹੱਥ ਫੜੀ, ਦੁਪਹਿਰ ਨੂੰ ਮੁੜੇ)
ਖੋਜਣਾ: ਖੱਪਣਾ
ਜਿਤਨਾ ਮਰਜ਼ੀ ਖੌਜਦਾ ਰਾਹਿ, ਕੁਝ ਨਾ ਲੱਭਸੀ।
(ਜਿੰਨਾ ਮਰਜ਼ੀ ਖਪੀ ਜਾ, ਕੁਝ ਨਾ ਮਿਲੂ)
ਖੌਦ: ਪਤੀ-ਦੇਖੋ ਖਾਵੰਦ
ਖੌਫ: ਡਰ ਭੈਅ
ਖੌਫ ਕੋਲੂੰ ਮੈਂਡਾ ਤ੍ਰਾਹ ਨਿਕਲ ਗਿਆ।
(ਡਰ-ਭੈਅ ਕਰਕੇ ਮੇਰੀ ਰੂਹ ਕੰਬ ਗਈ)
ਖੌਲ ਉਬਾਲਾ/ਜੋਸ਼
ਜਵਾਨਾ ਦਾ ਹਿਰਖ ਖੌਲਿਆ ਪਰ ਡੁੱਧ ਦੇ ਖੋਲ ਵਰਗਾ।
(ਜੁਆਨਾਂ ਦੇ ਯੁੱਧ ਜੋਸ਼ ਮਾਰਿਆ ਪਰ ਦੁੱਧ ਦੇ ਉਬਾਲੇ ਵਰਗਾ)
ਖੁੰਬ: ਅਪਮਾਨ
ਵਿਚ ਪਰ੍ਹਾ ਖੁੰਬ ਠੱਪੀ ਤਾਂ ਉਸ ਕੂੰ ਗਲ ਨਾ ਆਈ।
(ਸੱਥ ਵਿੱਚ ਉਸਦਾ ਅਪਮਾਨ ਕੀਤਾ ਤਾਂ ਉਸ ਨੂੰ ਗਲ ਨਾ ਆਈ)

(ਗ)


ਗਸ਼/ਗ਼ਸ਼: ਬੇਹੋਸ਼ੀ
ਧੀ ਦੀ ਫੌਤ ਦੀ ਖ਼ਬਰ ਪਾ ਉਸਭੂੰ ਗਸ਼/ਗ਼ਸ਼ ਪੈ ਗਈ।
(ਧੀ ਦੀ ਮੌਤ ਦੀ ਖ਼ਬਰ ਮਿਲੀ ਤੇ ਉਹ ਬੇਹੋਸ਼ ਹੋ ਗਈ)