ਵਿਚਕਾਰਲੀ ਭੈਣ/ਪਰਿਣੀਤਾ!

ਵਿਕੀਸਰੋਤ ਤੋਂ

ਪਰਿਣੀਤਾ!

ਛਾਤੀ ਵਿਚ ਸ਼ਕਤੀ ਬਾਣ ਲੱਗਣ ਨਾਲ ਸ੍ਰੀ ਲਛਮਣ ਜੀ ਦਾ ਚਿਹਰਾ ਵੀ ਕੁਮਲਾ ਗਿਆ ਹੋਵੇਗਾ, ਪਰ 'ਗੁਰਚਰਣ' ਦਾ ਚਿਹਰਾ ਸ੍ਰੀ ਲਛਮਣ ਜੀ ਨਾਲੋਂ ਵੀ ਵੱਧ ਕੁਮਲਾ ਗਿਆ ਜਦ ਉਹਨੇ ਇਹ ਸੁਣਿਆਂ ਕਿ ਉਹਨਾਂ ਦੇ ਘਰ ਪੰਜਵੀਂ ਕੰਨਿਆਂ ਨੇ ਜਨਮ ਲਿਆ ਹੈ।

ਗੁਰਚਰਣ ਬੈਂਕ ਵਿਚ ਸੱਠ ਰੁਪੈ ਮਹੀਨੇ ਦੀ ਨੌਕਰੀ ਕਰਦੇ ਹਨ। ਕਲਰਕ ਬਾਬੂ ਹੋਣ ਕਰਕੇ ਉਹਨਾਂ ਦਾ ਸਰੀਰ ਸੁਕੜੂ ਜਿਹਾ ਹੈ। ਅੱਖਾਂ, ਚਿਹਰਾ, ਸਭ ਅੰਗਾਂ ਤੋਂ ਟਾਂਗੇ ਦੇ ਘੋੜੇ ਵਾਂਗੂ ਮੱਚ ਮਰਿਆ ਹੋਇਆ ਮਲੂਮ ਹੁੰਦਾ ਹੈ। ਇਹ ਦੁਖਦਾਈ ਖਬਰ ਸੁਣ ਕੇ ਉਨਾਂ ਦੇ ਹੁੱਕੇ ਦੀ ਨਲੀ ਹੱਥ ਵਿੱਚ ਹੀ ਫੜੀ ਰਹਿ ਗਈ। ਦਾਦੇ ਬਾਬੇ ਦੇ ਵੇਲੇ ਦੇ ਪੁਰਾਣੇ ਸਿਰਹਾਣੇ ਦੇ ਸਹਾਰੇ ਉਹ ਮੁਰਦੇ ਜਹੇ ਵਾਂਗ ਡਿਗ ਪਏ ਤੇ ਉਨਾਂ ਦੀ ਹਿੰਮਤ ਹੌਕਾ ਲੈਣ ਦੀ ਵੀ ਨ ਰਹੀ।

ਇਹ ਸ਼ੁਭ ਖਬਰ ਉਨਾਂ ਦੀ ਤੀਸਰੀ ਲੜਕੀ, ਜੋ ਦਸਾਂ ਸਾਲਾਂ ਦੀ ਸੀ, ਲਿਆਈ ਸੀ। ਇਹਦਾ ਨਾਂ 'ਐਨਾਕਾਲੀ' ਸੀ। ਉਸਨੇ ਆਖਿਆ, "ਬਾਬੂ ਜੀ ਚਲੋ ਨ ਵੇਖ ਆਓ।"

ਗੁਰਚਰਨ ਨੇ ਉਸਦੇ ਚਿਹਰੇ ਵੱਲ ਵੇਖਕੇ ਆਖਿਆ, "ਬੇਟੀ ਇੱਕ ਗਲਾਸ ਪਾਣੀ ਤਾਂ ਲੈ ਆ, ਮੈਂ ਪੀਣਾ ਹੈ।"

ਲੜਕੀ ਪਾਣੀ ਲੈਣ ਚਲੀ ਗਈ, ਉਹਦੇ ਚਲੇ ਜਾਣ ਪਿੱਛੋਂ ਗੁਰਚਰਨ ਨੂੰ ਸਭ ਤੋਂ ਪਹਿਲਾਂ ਸੌਰੀ ਦੇ ਕਈ ਤਰ੍ਹਾਂ ਦੇ ਖਰਚਾਂ ਦਾ ਚੇਤਾ ਆਇਆ ਫੇਰ ਜਿਦਾਂ ਭੀੜ ਹੋਣ ਤੇ ਗੱਡੀ ਸਟੇਸ਼ਨ ਤੇ ਆਉਂਦਿਆਂ ਹੀ ਬਰਡ ਕਲਾਸ ਦੀਆਂ ਸਵਾਰੀਆਂ, ਆਪਣਾ ਲਟਾ ਪਟਾ ਲੈ ਕੇ ਦਬਾ ਸੱਟ ਵਿਚ ਚੜ੍ਹ ਆਉਂਦੀਆਂ ਹਨ, ਏਸੇ ਤਰ੍ਹਾਂ ਉਹਦੇ ਦਿਮਾਗ ਵਿਚ ਸੋਚਾਂ ਦਾ ਹੜ ਆਗਿਆ। ਯਾਦ ਆਗਿਆ ਕਿ ਪਿਛਲੇ ਸਾਲ, ਦੂਜੀ ਕੰਨਿਆਂ ਦੇ ਵਿਵਾਹ ਤੇ ਆਪਣਾ ਇੱਕ ਪਿਓ ਦਾਦੇ ਦਾ ਦੋ ਮੰਜ਼ਲਾ ਮਕਾਨ ਗਹਿਣੇ ਪੌਣਾ ਪਿਆ ਸੀ। ਇਸਦਾ ਅੱਜੇ ਛੇ ਮਹੀਨਿਆਂ ਦਾ ਬਿਆਜ ਬਾਕੀ ਸੀ! ਮਹੀਨੇ ਤੱਕ ਦੁਰਗਾ ਪੂਜਾ ਆਉਣ ਵਾਲੀ ਸੀ, ਵਿਚਕਾਰਲੀ ਲੜਕੀ ਦੇ ਘਰ ਸੌਗਾਤ ਭੇਜਣੀ ਹੈ। ਦਫਤਰ ਵਿਚ ਇਸ ਵੇਲੇ ਤਾਂ ਜਮਾ ਖਰਚ ਦਾ ਜੋੜ ਨਹੀਂ ਮਿਲ ਸਕਿਆ। ਅੱਜ ਬਾਰਾਂ ਵੱਜੇ ਤੱਕ ਵਲਾਇਤ ਨੂੰ ਹਿਸਾਬ ਭੇਜਣਾ ਹੈ। ਸਾਹਿਬ ਨੇ ਹੁਕਮ ਦਿੱਤਾ ਹੈ ਕਿ ਕੋਈ ਮੈਲੇ ਕਪੜੇ ਪਾਕੇ ਦਫਤਰ ਨਹੀਂ ਆ ਸਕਦਾ। ਸੁਆਦੀ ਗਲ ਇਹ ਹੈ ਕਿ ਪਿਛਲੇ ਹਫਤੇ ਤੋਂ ਧੋਬੀ ਦਾ ਪਤਾ ਨਹੀਂ, ਖਬਰੇ ਕਪੜੇ ਮਾਰ ਕੇ ਹੀ ਨ ਨੱਠ ਗਿਆ ਹੋਵੇ? ਅਧਿਉਂ ਵੱਧ ਕਪੜੇ ਉਸ ਪਾਸ ਹਨ।

ਗੁਰਚਰਣ ਪਾਸੋਂ ਸਿਰ੍ਹਾਣੇ ਦੇ ਆਸਰੇ ਬੈਠਾ ਨਹੀਂ ਗਿਆ, ਹੁੱਕਾ ਇਕ ਪਾਸੇ ਰੱਖ ਕੇ ਲੰਮੇ ਪੈ ਗਏ। ਮਨ ਹੀ ਮਨ ਵਿਚ ਆਖਣ ਲੱਗਾ, "ਭਗਵਾਨ! ਇਸ ਕਲਕਤੇ ਵਰਗੇ ਸ਼ਹਿਰ ਵਿਚ, ਪਤਾ ਨਹੀਂ ਹਰ ਰੋਜ਼ ਕਿੰਨੇ ਆਦਮੀ, ਗੱਡੀਆਂ ਮੋਟਰਾਂ ਥੱਲੇ ਆ ਕੇ ਮਰਦੇ ਹੋਣਗੇ। ਕੀ ਮੈਂ ਉਹਨਾਂ ਨਾਲੋਂ ਵੀ ਪਾਪੀ ਹਾਂ ਜੋ ਦੁਖ ਭੋਗਣ ਲਈ ਜੀਊਂਦਾ ਬੈਠਾ ਹੋਇਆ ਹਾਂ। ਕ੍ਰਿਪਾਲੂ ਪਿਤਾ, ਕਿਰਪਾ ਕਰ ਤੇ ਕੋਈ ਭਾਰਾ ਜਿਹਾ ਟਰੱਕ ਮੇਰੀ ਛਾਤੀ ਉਤੋਂ ਦੀ ਵੀ ਲੰਘਾ ਦਿਹ।"

ਅਨਾਕਾਲੀ ਪਾਣੀ ਲੈ ਆਈ। ਕਹਿਣ ਲੱਗੀ, "ਉਠੋ ਪਾਣੀ ਪੀ ਲਓ।"
ਗੁਰਚਰਨ ਨੂੰ ਉਠ ਕੇ ਸਾਰਾ ਪਾਣੀ ਇਕੋ ਸਾਹੇ ਪੀ ਲਿਆ। ਕਹਿਣ ਲੱਗੇ, “ਆ, ਫੂੰੰ! ਜਾ ਬੱਚੀ ਗਲਾਸ ਲੈ ਜਾ।” ਇਹਦੇ ਜਾਣ ਪਿਛੋਂ ਫੇਰ ਲੰਮਾ ਪੈ ਗਿਆ।
ਲਲਿਤਾ ਨੇ ਕਮਰੇ ਵਿਚ ਆ ਕੇ ਆਖਿਆ, “ਮਾਮਾ ਜੀ ਚਾਹ ਲਿਆਈ ਹਾਂ, ਉਠੋ।"
ਚਾਹ ਦਾ ਨਾਂ ਸੁਣ ਕੇ ਗੁਰਚਰਣ ਇਕ ਵਾਰੀ ਫੇਰ ਉਠ ਬੈਠਾ। ਲਲਿਤਾ ਦੇ ਮੂੰਹ ਵਲ ਵੇਖ ਕੇ ਉਹਦੀ ਅੱਧੀ ਅੱੱਗ ਬੁਝ ਗਈ। ਕਹਿਣ ਲੱਗਾ, ਰਾਤ ਜਾਗਦੀ ਰਹੀ ਏਂ ਆ ਬਚੀ ਜ਼ਰਾ ਮੇਰੇ ਕੋਲ ਬਹਿਜਾ।"
ਲਲਿਤਾ ਸੰਗਾਊ ਹਾਸਾ ਹਸ ਦੀ ਹੋਈ ਕੋਲ ਆ ਕੇ ਬਹਿ ਗਈ ਆਖਣ ਲੱਗੀ, "ਮਾਮਾ ਜੀ ਮੈਂ ਰਾਤ ਨੂੰ ਬਹੁਤਾ ਨਹੀਂ ਜਾਗੀ।”

ਇਸ ਦੁਖ ਦਰਦ ਦੇ ਭਾਰੀ ਬੋਝ ਥੱਲੇ ਦਬਾਏ ਹੋਏ, ਘੁਣ ਖਾਧੇ ਆਦਮੀ ਦੀ ਹਾਲਤ ਨੂੰ ਇਸ ਲੜਕੀ ਤੋਂ ਵੱਧ ਕੋਈ ਨਹੀਂ ਸਮਝਦਾ। ਇਹਦੇ ਹਿਰਦੇ ਵਿਚ ਛਿਪੇ ਹੋਏ ਚਿੰਤਾ ਦੇ ਰੋਗ ਨੂੰ ਇਹੋ ਹੀ ਜਾਣਦੀ ਹੈ।

ਗੁਰਚਰਨ ਨੇ ਆਖਿਆ, “ਨਾ ਸਹੀ ਤੂੰ ਓਦਾਂ ਹੀ ਮੇਰੇ ਕੋਲ ਆ ਬਹੁ। ਲਲਿਤਾ ਦੇ ਪਾਸ ਬਹਿਣ ਤੇ ਗੁਰਚਰਣ ਨੇ ਉਸਦੇ ਮੱਥੇ ਤੇ ਹੱਥ ਰੱਖ ਕੇ ਆਖਿਆ, “ਆਪਣੀ ਏਸ ਧੀ ਨੂੰ ਜੇ ਰਾਜੇ ਦੇ ਘਰ ਮੰਗ ਸਕਦਾ ਤਾਂ ਸਮਝਦਾ ਕਿ ਮੈਂ ਇਕ ਚੰਗਾ ਕੰਮ ਕੀਤਾ ਹੈ।"

ਲਲਿਤਾ ਸਿਰ ਨੀਵਾਂ ਕਰਕੇ ਚਾਹ ਪਾਉਣ ਲੱਗ ਪਈ। ਗੁਰਚਰਣ ਆਖਣ ਲੱਗਾ, ਕਿਉਂ ਧੀਏ, ਤੈਨੂੰ ਏਸ ਦੁਖੀ ਮਾਮੇ ਦੇ ਘਰ ਆਕੇ ਰਾਤ ਦਿਨ ਮਿਹਨਤ ਹੀ ਕਰਨੀ ਪੈਂਦੀ ਹੈ, ਇਹ ਕਿਉਂ?
ਲਲਿਤਾ ਨੇ ਸਿਰ ਹਿਲਾਕੇ ਆਖਿਆ, “ਮਾਮਾ ਜੀ ਮੈਂ ਕੋਈ ਇਕੱਲੀ ਕੰਮ ਕਰਦੀ ਹਾਂ ਸਾਰੇ ਲੋਕੀ ਹੀ ਕਰਦੇ ਹਨ।"
ਹੁਣ ਗੁਰਚਰਣ ਦੇ ਬੁਲ੍ਹਾਂ ਤੇ ਥੋੜਾ ਹਾਸਾ ਆ ਗਿਆ। ਚਾਹ ਪੀਂਦਿਆਂ ਹੋਇਆਂ ਕਹਿਣ ਲੱਗਾ! ਹੱਛਾ ਲਲਿਤਾ ਅਜ ਰੋਟੀ ਦਾ ਕੀ ਬਣੇਗਾ?
ਲਲਿਤਾ ਨੇ ਮੂੰਹ ਚੱਕ ਕੇ ਆਖਿਆ, “ਮਾਮਾਂਂ ਮੈਂ ਬਣਾਉਂਗੀ?"
ਗੁਰਚਰਣ ਨੇ ਹੈਰਾਨ ਹੋ ਕੇ ਪੁਛਿਆ, ਤੂੰ ਕਿੱਦਾਂ ਬਣਾਏਂਂਗੀ ਧੀਏ, ਤੈਨੂੰ ਕੀ ਕੀ ਬਣਾਉਣਾ ਆਉਂਦਾ ਹੈ?
“ਸਭ ਕੁਝ ਆਉਂਦਾ ਹੈ ਮਾਮਾਂ ਜੀ, ਮੈਂ ਭਾਬੀ ਪਾਸੋਂ ਸਭ ਸਿਖ ਲਿਆ ਹੈ।"
ਗੁਰਚਰਣ ਨੇ ਚਾਹ ਦਾ ਗਿਲਾਸ ਥੱਲੇ ਰੱਖ ਕੇ ਆਖਿਆ, “ਸੱਚੀਂ?"
'ਸੱਚੀਂ, ਮੈਂ ਤਾਂ ਕਈ ਵਾਰੀ ਰਸੋਈ ਕਰ ਚੁਕੀ ਹਾਂ।'
ਇਹ ਆਖ ਕੇ ਉਹਨੇ ਨੀਵੀਂ ਪਾ ਲਈ। ਉਹਦੇ ਝੁਕੇ ਹੋਏ ਸਿਰ ਤੇ ਹੱਥ ਰੱਖ ਕੇ ਗੁਰਚਰਣ ਨੇ ਅਸ਼ੀਰਵਾਦ

ਦਿੱਤੀ। ਉਹਦੀ ਇਕ ਭਾਰੀ ਚਿੰਤਾ ਹਟ ਗਈ।

ਇਹਦਾ ਮਕਾਨ ਗਲੀ ਦੇ ਉਤੇ ਹੀ ਹੈ। ਚਾਹ ਪੀਂਦਿਆਂ ਪੀਂਦਿਆਂ ਬਾਰੀ ਤੋਂ ਬਾਹਰ ਨਜ਼ਰ ਪੈਂਦਿਆਂ ਹੀ ਉਸ ਨੇ ਚਿੱਲਾਅ ਕੇ ਆਖਿਆ, "ਸ਼ੇਖਰ ਏਂ? ਸੁਣੋ! ਸਣੋ!"
ਇਕ ਲੰਮੇ ਕੱਦ ਕਾਠ ਦਾ ਸੁਹਣਾ ਜਿਹਾ ਗਭਰੂ ਅੰਦਰ ਆ ਗਿਆ।
ਗੁਰਚਰਨ ਨੇ ਆਖਿਆ, “ਬਹਿ ਜਾਹ! ਅਜ ਤੂੰ ਆਪਣੀ ਚਾਚੀ ਦੀ ਸੁਵੇਰ ਦੀ ਕਰਤੂਤ ਤਾਂ ਸੁਣ ਹੀ ਲਈ ਹੋਵੇਗੀ?
ਸ਼ੇਖਰ ਨੇ ਮੁਸਕ੍ਰਾਉਂਦਿਆਂ ਹੋਇਆਂ ਕਿਹਾ, ਕੀ ਕਰਤੂਤ? ਲੜਕੀ ਹੋਈ ਹੈ?
ਗੁਰਚਰਣ ਨੇ ਹੌਕਾ ਲੈ ਕੇ ਆਖਿਆ, “ਤੇਰੇ ਭਾ ਦੀ ਤਾਂ ਕੋਈ ਗਲ ਨਹੀਂ। ਪਰ ਜੋ ਕੁਝ ਹੋਇਆ ਹੈ, ਇਹ ਮੈਂ ਹੀ ਜਾਣਦਾ ਹਾਂ।"
ਸ਼ੇਖਰ ਨੇ ਆਖਿਆ, “ਚਾਚਾ ਜੀ ਏਦਾਂ ਨਾ ਆਖੋ,"ਚਾਚੀ ਸੁਣੇਗੀ ਤਾਂ ਉਹਨੂੰ ਬੜਾ ਹਿਰਖ ਹੋਵੇਗਾ।" ਇਸ ਤੋਂ ਬਿਨਾਂ ਜੇ ਰੱਬ ਨੇ ਜੀ ਭੇਜਿਆ ਹੈ, ਉਸ ਨੂੰ ਜੀ ਆਇਆਂ ਆਖਣਾ ਚਾਹੀਦਾ ਹੈ।

ਗੁਰਚਰਣ ਥੋੜਾ ਚਿਰ ਚੁੱਪ ਹੋਕੇ ਬੋਲਿਆ, “ਲਾਡ ਪਿਆਰ ਕਰਨਾ ਚਾਹੀਦਾ ਹੈ ਜਾਂ ਜੀ ਆਇਆਂ ਨੂੰ ਆਖਣਾ ਚਾਹੀਦਾ ਹੈ ਇਹ ਤਾਂ ਮੈਂ ਹੀ ਚੰਗੀ ਤਰ੍ਹਾਂ ਜਾਣਦਾ ਹਾਂ। ਪਰ ਕਾਕਾ ਭਗਵਾਨ ਵੀ ਤਾਂ ਇਨਸਾਫ ਨਹੀਂ ਕਰਦੇ। ਮੈਂ ਗਰੀਬ ਹਾਂ ਮੇਰੇ ਘਰ ਇਹ ਕੁੜੀਆਂ ਦੀ ਧਾੜ ਕਿਉਂ? ਰਹਿਣ ਦਾ ਮਕਾਨ ਤਾਂ ਤੇਰੇ ਪਿਓ ਪਾਸ ਗਹਿਣੇ ਰੱਖ ਚੁੱਕਾ ਹਾਂ। ਪਰ ਕੋਈ ਗਲ ਨਹੀਂ। ਇਹਦਾ ਮੈਨੂੰ ਕੋਈ ਦੁਖ ਨਹੀਂ। ਪਰ ਇਹ ਤਾਂ ਸੋਚ ਕਾਕਾ? ਇਹ ਜੋ ਸਾਡੀ ਲਲਿਤਾ ਹੈ, ਜਿਹਦਾ ਮਾਂ ਪਿਉ ਕੋਈ ਨਹੀਂ, ਇਹ ਸੋਨੇ ਦੀ ਪੁਤਲੀ ਤਾਂ ਕਿਸੇ ਰਾਜ ਘਰਾਣੇ ਅੰਦਰ ਹੀ ਸੋਭਾ ਪਾ ਸਕਦੀ ਹੈ। ਮੈਂ ਕਿੱਦਾਂ ਇਸਨੂੰ ਥਾਂ ਕੁਥਾਂ ਦੇ ਦਿਆਂ? ਰਾਜਾ ਦੇ ਮੁਕਟ ਤੇ ਜੋ ਕੋਹਨੂਰ ਹੀਰਾ ਚਮਕਦਾ ਹੈ, ਐਹੋ ਜਹੇ ਹਜ਼ਾਰਾਂ ਹੀਰੇ ਵੀ ਮੇਰੀ ਇਸ ਬੇਟੀ ਦਾ ਟਾਕਰਾ ਨਹੀਂ ਕਰ ਸਕਦੇ, ਇਹ ਗੱਲ ਕੌਣ ਸਮਝੇਗਾ? ਪੈਸਿਆਂ ਦੇ ਘਾਟੇ ਕਰਕੇ ਮੈਨੂੰ ਇਹ ਜਹੇ ਰਤਨ ਵੀ ਗੁਆਉਣੇ ਪੈਣਗੇ? ਤੂੰਹੀ ਦੱਸ ਬੇਟਾ, ਇਸ ਹਾਲਤ ਵਿਚ ਕਿੱਡਾ ਵੱਡਾ ਤੀਰ ਕਲੇਜੇ ਵਿਚ ਲਗਦਾ ਹੈ? ਇਹ ਤੇਰਾਂ ਸਾਲਾਂ ਦੀ ਹੋ ਚੁੱਕੀ ਹੈ, ਪਰ ਇਸ ਵੇਲੇ ਮੇਰੇ ਹੱਥ ਵਿਚ ਤੇਰ੍ਹਾਂ ਪੈਸੇ ਵੀ ਨਹੀਂ ਹਨ ਤਾਂ ਜੋ ਮੈਂ ਇਸਦਾ ਕੋਈ ਸਬੰਧ ਹੀ ਬਣਾ ਸਕਾਂ।

ਗੁਰਚਰਨ ਦੀਆਂ ਅੱਖਾਂ ਵਿਚ ਅਥਰੂ ਭਰ ਆਏ। ਸ਼ੇਖਰ ਚੁੱਪ ਚਾਪ ਬੈਠਾ ਰਿਹਾ। ਗੁਰਚਰਨ ਆਖਣ ਲੱਗਾ, ਸ਼ੇਖਰ ਨਾਥ ਵੇਖਣਾ ਤਾਂ ਸਹੀ ਜੇ ਮਿੱਤਰਾਂ ਵਿੱਚੋਂ ਕੋਈ ਇਸ ਲੜਕੀ ਦੀ ਬਾਂਹ ਫੜ ਸਕੇ। ਸੁਣਿਆਂ ਹੈ ਕਿ ਅੱਜ ਕੱਲ ਬਹੁਤ ਸਾਰੇ ਲੜਕੇ ਸਿਰਫ ਲੜਕੀ ਨੂੰ ਵੇਖ ਕੇ ਹੀ ਪਸੰਦ ਕਰ ਲੈਂਦੇ ਹਨ ਤੇ ਰੁਪੈ ਪੈਸੇ ਦਾ ਖਿਆਲ ਨਹੀਂ ਕਰਦੇ। ਜੇ ਇਹੋ ਜਿਹਾ ਕੋਈ ਲੜਕਾ ਮੇਰੇ ਮੱਥੇ ਲਾ ਦਿਉ ਤਾਂ ਮੈਂ ਸੱਚ ਆਖਦਾ ਹਾਂ ਕਿ ਮੇਰੀ ਅਸੀਸ ਨਾਲ ਤੁਸੀਂ ਰਾਜਾ ਬਣ ਜਾਉਗੇ। ਹੋਰ ਕੀ ਆਖਾਂ ਕਾਕਾ, ਤੇਰਾ ਪਿਉ ਮੈਨੂੰ ਛੋਟਾ ਭਰਾ ਹੀ ਸਮਝਦਾ ਹੈ।"

ਸ਼ੇਖਰ ਨੇ ਸਿਰ ਹਿਲਾ ਕੇ ਆਖਿਆ, “ਚੰਗਾ ਮੈਂ ਲਭਾਂਗਾ।"

ਗੁਰਚਰਨ ਨੇ ਆਖਿਆ, ਭੁਲਣਾ ਨਹੀਂ ਬੱਚਾ, ਧਿਆਨ ਰੱਖਣਾ। ਲਲਿਤਾ ਤਾਂ ਅੱਠਾਂ ਸਾਲਾਂ ਤੋਂ ਤੇਰੇ ਕੋਲ ਹੀ ਪੜ੍ਹ ਲਿਖ ਕੇ ਮੁਟਿਆਰ ਹੋਈ ਹੈ। ਤੂੰ ਤਾਂ ਜਾਣਦਾ ਈਏਂ ਕਿਹੋ ਜਹੀ ਸਿਆਣੀ ਤੇ ਸ਼ਾਂਤ ਸੁਭਾ ਦੀ ਹੈ। ਭਾਵੇਂ ਉਮਰ ਦੀ ਛੋਟੀ ਹੈ, ਪਰ ਅੱਜ ਤੋਂ ਇਹੋ ਰੋਟੀ ਪਾਣੀ ਕਰੇਗੀ। ਖ਼ੁਆਏਗੀ, ਪਿਲਾਏਗੀ, ਸਭ ਘਰ ਇਸੇ ਦੇ ਜੁੰਮੇ ਹੈ!"

ਇਸ ਵੇਲੇ ਲਲਿਤਾ ਨੇ ਅੱਖਾਂ ਚੁੱਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ। ਉਸਦੇ ਬੁਲ੍ਹਾਂ ਦੇ ਦੋਵੇਂ ਕੰਢੇ ਕੁਝ ਚੌੜੇ ੨ ਹੋ ਗਏ। ਗੁਰਚਰਨ ਨੇ ਇਕ ਹੌਕਾ ਲਿਆ, ਇਸਦੇ ਪਿਉ ਨੇ ਕੋਈ ਘੱਟ ਕਮਾਈ ਕੀਤੀ ਸੀ, ਪਰ ਸਭ ਕੁਝ ਏਦਾਂ ਪੁੰਨ ਕਰ ਗਏ ਕਿ ਆਪਣੀ ਲੜਕੀ ਵਾਸਤੇ ਵੀ ਕੁਝ ਨਹੀਂ ਛਡਿਆ।

ਸ਼ੇਖਰ ਚੁਪ ਕਰ ਰਿਹਾ। ਗੁਰਚਰਨ ਆਪਣੇ ਆਪ ਹੀ ਕਹਿਣ ਲੱਗਾ, ਇਹ ਵੀ ਕਿੱਦਾਂ ਕਿਹਾ ਜਾਏ ਕਿ ਕੁਝ ਨਹੀਂ ਛੱਡ ਗਏ? ਉਹਨਾਂ ਜਿੰਨੇ ਦੁਖੀਆਂ ਦੇ ਦੁਖ ਦੂਰ ਕੀਤੇ ਹਨ, ਸਭ ਦਾ ਫਲ ਵੀ ਤਾਂ ਇਸ ਧੀ ਲਈ ਹੀ, ਛਡ ਗਏ ਹਨ। ਨਹੀਂ ਤਾਂ ਐਡੀ ਛੋਟੀ ਉਮਰ ਦੀ ਲੜਕੀ ਐਹੋ ਜਹੀ ਸੁਘੜ ਹੋਸਕਦੀ ਸੀ? ਤੂੰ ਹੀ ਸੋਚ ਕੇ ਦੱਸ,ਠੀਕ ਹੈ ਕਿ ਨਹੀਂ? ਸ਼ੇਖਰ ਹੱਸ ਪਿਆ ਤੇ ਕੋਈ ਜੁਵਾਬ ਨ ਦਿੱਤਾ।

ਉਹ ਉਠਣ ਲੱਗਾ ਤਾਂ ਗੁਰਚਰਨ ਨੇ ਪੁਛਿਆ: ਐਨੇ ਸੁਵੇਰੇ ਕਿਧਰ ਚਲੇ ਓ?

ਸ਼ੇਖਰ ਨੇ ਆਖਿਆ, 'ਬੈਰਿਸਟਰ ਦੇ ਘਰ, ਇਕ ਮੁਕਦਮਾਂ ਹੈ।' ਇਹ ਆਖਕੇ ਉਹ ਉਠ ਖਲੋਤਾ, ਗੁਰਬਚਨ ਨੇ ਫੇਰ ਇਕ ਵਾਰੀ ਯਾਦ ਕਰਵਾਕੇ ਆਖਿਆ, 'ਜ਼ਰਾ ਧਿਆਨ ਰੱਖ’ ਕਾਕਾ! ਲਲਤਾ ਵੇਖਣ ਵਿਚ ਕੁਝ ਪੱਕੇ ਰੰਗ ਦੀ ਜਰੂਰ ਹੈ, ਪਰ ਐਹੋ ਜਹੀਆਂ ਅਖੀਆਂ ਐਹੋ ਜਿਹਾ ਚਿਹਰਾ, ਇਹੋ ਜਹੀ ਮੁਸਕਰਾਹਟ, ਐਨੀ ਦਇਆ ਭਰਪੂਰ ਲੜਕੀ ਦੁਨੀਆਂ ਵਿਚ ਢੂੰਡਿਆਂ ਵੀ ਨਹੀਂ ਮਿਲੇਗੀ।'

ਸ਼ੇਖਰ ਸਿਰ ਹਿਲਾਂਦਾ ਤੇ ਹੱਸਦਾ ਹੋਇਆ ਬਾਹਰ ਚਲਿਆ ਗਿਆ।

ਇਸ ਮੁੰਡੇ ਦੀ ਉਮਰ ਪੰਝੀ ਛਬੀ ਵਰ੍ਹੇ ਦੀ ਹੋਵੇਗੀ, ਐਮ. ਏ. ਪਾਸ ਕਰਕੇ ਅਜੇ ਤੱਕ ਹੋਰ ਵਧ ਲਿਖ ਪੜ੍ਹ ਰਿਹਾ ਜੀ, ਪਿਛਲੇ ਸਾਲ ਤੋਂ ਅਟਰਨੀ ਹੋਇਆ ਹੈ, ਇਹਦੇ ਪਿਤਾ ਨਵੀਨ ਚੰਦਰ ਗੁੜ ਦੇ ਕੰਮ ਵਿਚੋਂ ਲਖਪਤੀ ਹੋ ਕੇ ਹੁਣ ਕੁਝ ਸਾਲਾਂ ਤੋਂ ਘਰ ਬੈਠੇ ਹੀ ਬਪਾਰ ਦਾ ਕੰਮ ਕਰ ਰਹੇ ਹਨ, ਵਡਾ ਲੜਕਾ ਅਵਨਾਸ ਚੰਦ੍ਰ ਵਕੀਲ ਹੈ। ਛੋਟਾ ਸ਼ੇਖਰ ਅਟਰਨੀ ਹੋ ਗਿਆ ਹੈ। ਇਹਨਾਂ ਦਾ ਤਿੰਨਮਜ਼ਲਾ ਮਕਾਨ ਮਹੱਲੇ ਵਿਚੋਂ ਸਭ ਤੋਂ ਉੱਚਾ ਹੈ, ਗੁਰਚਰਣ ਦੀ ਛੱਤ ਤੇ ਓਸਦੀ ਛੱਤ ਦੋਵੇਂ ਮਿਲੀਆਂ ਹੋਈਆਂ ਹੋਣ ਕਰਕੇ ਦੋਹਾਂ ਪਰਵਾਰਾਂ ਵਿਚ ਪੱਕੀ ਮਿੱਤਰਤਾ ਹੋ ਗਈ ਹੈ, ਘਰਦੀਆਂ ਜਨਾਨੀਆਂ ਏਸ ਛੱਤ ਤੋਂ ਹੀ ਇਕ ਦੂਜੇ ਵਲ ਆਉਂਦੀਆਂ ਜਾਂਦੀਆਂ ਹਨ।