ਵਿਚਕਾਰਲੀ ਭੈਣ/ਪਰਿਣੀਤਾ!/੧੨.

ਵਿਕੀਸਰੋਤ ਤੋਂ

੧੨.

ਸ਼ੇਖਰ ਜਿਸ ਵੇਲੇ ਮਾਂ ਨੂੰ ਲੈ ਕੇ ਮੁੜਿਆ ਉਸ ਦਿਨ ਵੀ ਉਹਦੇ ਵਿਆਹ ਵਿਚ ਦਸ ਬਾਰਾਂ ਦਿਨਾਂ ਦੀ ਦੇਰ ਸੀ।

ਤਿੰਨ ਚਾਰ ਦਿਨ ਪਿਛੋਂ ਇਕ ਦਿਨ ਸਵੇਰੇ ਲਲਿਤਾ ਸ਼ੇਖਰ ਦੀ ਮਾਂ ਕੋਲ ਬੈਠੀ ਇਕ ਟੋਕਰੀ ਵਿਚ ਕੁਝ ਰੱਖ ਰਹੀ ਸੀ । ਸ਼ੇਖਰ ਨੂੰ ਪਤਾ ਨਹੀਂ ਸੀ ਇਸ ਕਰਕੇ ਉਹ ਕਿਸੇ ਕੰਮ ਲਈ 'ਮਾਂ' ਆਖ ਕੇ ਅੰਦਰ ਆ ਈ ਵੜਿਆ ਤੇ ਠਠੰਬਰ ਕੇ ਖਲੋ ਗਿਆ। ਲਲਿਤਾ ਥੱਲੇ ਮੂੰਹ ਕੀਤੇ ਕੰਮ ਕਰੀ ਗਈ।

ਮਾਂ ਨੇ ਪੁਛਿਆ, "ਕੀ ਗੱਲ ਹੈ?"

ਉਹ ਜਿਸ ਕੰਮ ਵਾਸਤੇ ਆਇਆ ਸੀ, ਉਹ ਉਸਨੂੰ ਭੁਲ ਗਿਆ । 'ਨਹੀ ਹੁਣ ਰਹਿਣ ਦੇਹ' ਆਖ ਕੇ ਛੇਤੀ ਨਾਲ ਬਾਹਰ ਨਿਕਲ ਗਿਆ। ਲਲਿਤਾ ਦਾ ਚਿਹਰਾ ਉਹਨੂੰ ਨਹੀਂ ਦਿਸਿਆ, ਪਰ ਦੋਵੇਂ ਹੱਥ ਦਿਸ ਪਏ। ਉਹਬਿਲਕੁਲ ਸੁੰਞੇ ਸਨ ਸਿਰਫ ਕੱਚ ਦੀਆਂ ਦੋ ਦੋ ਚੂੜੀਆਂ ਪਈਆਂ ਹੋਈਆਂ ਸਨ। ਸ਼ੇਖਰ ਮਨ ਹੀ ਮਨ ਵਿਚ ਗੁੱਸੇ ਨਾਲ ਹੱਸਣ ਲੱਗਾ, ਇਹ ਵੀ ਇਕ ਤਰਾਂ ਦਾ ਪਖੰਡ ਹੈ। ਗਰੀਨ ਪੈਸੇ ਵਾਲਾ ਹੈ, ਉਸਦੀ ਘਰ ਵਾਲੀ ਦੇ ਏਦਾਂ ਗਹਿਣੇ ਤੇ ਖਾਲੀ ਹੱਥ ਹੋਣ ਦਾ ਉਹਨੂੰ ਕੋਈ ਪੱਕਾ ਸਬੂਤ ਨਾ ਸੁਝ ਸਕਿਆ। ਉਸਦਿਨ ਸ਼ਾਮ ਨੂੰ ਉਹ ਛੇਤੀ ਛੇਤੀ ਪੌੜੀਆਂ ਤੋਂ ਥੱਲੇ ਉਤਰ ਰਿਹਾ ਸੀ ਤੇ ਲਲਿਤਾ ਥਲਿਉਂ ਉਤੇ ਜਾ ਰਹੀ ਸੀ। ਉਹ ਇਕ ਪਾਸੇ ਕੰਧ ਨਾਲ ਲੱਗ ਕੇ ਖਲੋ ਗਈ, ਮਗਰ ਸ਼ੇਖਰ ਦੇ ਕੋਲ ਆਉਣ ਤੇ ਉਸਨੇ ਬਿਲਕੁਲ ਮੱਠੀ ਜਹੀ ਅਵਾਜ਼ ਨਾਲ ਆਖਿਆ, "ਤੁਹਾਨੂੰ ਇਕ ਗੱਲ ਆਖਣੀ ਹੈ।"

ਸ਼ੇਖਰ ਪਲ ਭਰ ਚੁੱਪ ਰਹਿਕੇ ਹਰਾਨੀ ਨਾਲ ਬੋਲਿਆ, “ਕਿਸਨੂੰ, ਮੈਨੂੰ ?"

ਲਲਿਤਾ ਪਹਿਲੇ ਵਾਂਗੂੰ ਹੀ ਹੌਲੀ ਜਹੀ ਬੋਲੀ, ਹਾਂ, ਤੁਹਾਨੂੰ?"

“ਮੈਨੂੰ ਤੁਸਾਂ ਕੀ ਆਖਣਾ ਹੈ।" ਇਹ ਆਖ ਕੇ ਸ਼ੇਖਰ ਪਹਿਲਾਂ ਨਾਲੋਂ ਵੀ ਤੇਜ਼ ਤੇਜ਼ ਪੌੜੀਆਂ ਉਤਰ ਗਿਆ।

ਲਲਿਤਾ ਕੁਝ ਚਿਰ ਉਥੇ ਹੀ ਬੁੱਤ ਬਣੀ ਖਲੋਤੀ ਰਹੀਂ ਤੇ ਮਾੜਾ ਜਿਹਾ ਹੌਕਾ ਲੈ ਕੇ ਚਲੀ ਗਈ ।

ਦੂਜੇ ਦਿਨ ਸ਼ੇਖਰ ਆਪਣੇ ਬਾਹਰ ਦੇ ਕਮਰੇ ਵਿਚ ਖਲੋਤਾ ਅੱਜ ਦਾ ਅਖਬਾਰ ਪੜ੍ਹ ਰਿਹਾ ਸੀ । ਪੜ੍ਹਦਿਆਂ ੨ ਉਸਨੇ ਬੜੀ ਹੈਰਾਨੀ ਨਾਲ ਵੇਖਿਆ ਕਿ ਗਿਰੀ ਨੰਦ ਉਹਦੇ ਕਮਰੇ ਵਿਚ ਆ ਰਿਹਾ ਸੀ । ਗਿਰੀ ਨੰਦ ਨਮਸਕਾਰ ਕਰਕੇ ਇਕ ਕੁਰਸੀ ਤੇ ਬਹਿਗਿਆ, ਸ਼ੇਖਰ ਨੇ ਵੀ ਮੋੜਵੀਂ ਨਮਸਕਾਰ ਕਹਿਕੇ ਅਖਬਾਰ ਨੂੰ ਇਕ ਪਾਸੇ ਕਰਕੇ, ਕੁਝ ਸਮਝਣ ਜਾਂ ਪੁਛਣ ਵਾਲੀ ਤੱਕਣੀ ਨਾਲ ਉਸ ਵੱਲ ਤੱਕਣ ਲਗ ਪਿਆ । ਦੋਹਾਂ ਦੀ ਜਾਣ ਪਛਾਣ ਅੱਖਾਂ ਕਰਕੇ ਹੀ ਸੀ, ਪਰ ਅਜ ਤਕ ਕੋਈ ਗਲ ਬਾਤ ਨਹੀਂ ਹੋ ਸਕੀ ਸੀ । ਨਾਹੀ ਕਿਸੇ ਨੇ ਇਕ ਦੂਜੇ ਨਾਲ ਗਲ ਬਾਤ ਕਰਨ ਦਾ ਸ਼ੌਕ ਹੀ ਪ੍ਰਗਟ ਕੀਤਾ ਸੀ ।

ਗਿਰੀ ਨੰਦ ਨੇ ਇਕ ਵੇਰਾਂ ਹੀ ਕੰਮ ਦੀ ਗਲ ਛੁਹ ਦਿਤੀ। ਕਹਿਣ ਲੱਗਾ, ਇਕ ਖਾਸ ਜ਼ਰੂਰੀ ਕੰਮ ਵਾਸਤੇ ਤੁਹਾਨੂੰ ਖੇਚਲ ਦੇਣ ਆਇਆ ਹਾਂ । ਮੇਰੀ ਸਸ ਦਾ ਇਰਾਦਾ ਤਾਂ ਤੁਸਾਂ ਸੁਣ ਹੀ ਲਿਆ ਹੋਵੇਗਾ। ਆਪਣਾ ਮਕਾਨ ਉਹ ਤੁਹਾਡੇ ਪਾਸ ਵੇਚ ਦੇਣਾ ਚਾਹੁੰਦੀ ਹੈ ।

ਅੱਜ ਮੇਰੀ ਰਾਹੀਂ ਉਸਨੇ ਤੁਹਾਨੂੰ ਅਖਵਾ ਭੇਜਿਆ ਹੈ ਕਿ ਛੇਤੀ ਹੀ ਜੇ ਇਸਦਾ ਕੋਈ ਉਪਾ ਹੋ ਜਾਵੇ ਤਾਂ ਇਹ ਮੁੰਗੇਰ ਚਲੀ ਜਾਏ ।

ਗਿਰੀ ਨੰਦ ਨੂੰ ਵੇਖਦਿਆਂ ਹੀ ਉਹਦੀ ਛਾਤੀ ਵਿਚ ਇਕ ਤੁਫਾਨ ਉਠ ਖਲੋਤਾ ਸੀ । ਉਹਦੀਆਂ ਗਲਾਂ ਉਹਨੂੰ ਜਰਾ ਵੀ ਚੰਗੀਆਂ ਨਹੀਂ ਸਨ ਲੱਗ ਰਹੀਆਂ, ਉਸਨੇ ਗੁਸੇ ਜਹੇ ਨਾਲ ਆਖਿਆ, ਹੈ ਤਾਂ ਠੀਕ, ਪਰ ਪਿਤਾ ਜੀ ਦੇ ਥਾਂ ਹੁਣ ਤਾਂ ਭਾਬੀ ਜੀ ਹੀ ਮਾਲਕ ਹਨ। ਤੁਹਾਨੂੰ ਉਹਨਾਂ ਨੂੰ ਆਖਣਾ ਚਾਹੀਦਾ ਹੈ।

ਗਿਰੀ ਨੰਦ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, ਇਹ ਤਾਂ ਮੈਂ ਵੀ ਜਾਣਦਾ ਹਾਂ ਪਰ ਜੇ ਉਹਨਾਂ ਨੂੰ ਤੁਸੀ ਭੀ ਆਖੋ ਤਾਂ ਚੰਗਾ ਹੈ ।

ਸ਼ੇਖਰ ਨੇ ਉਸੇ ਤਰਾਂ ਜਵਾਬ ਦਿੱਤਾ। ਤੁਸੀਂ ਆਪ ਹੀ ਆਖੋ ਤਾਂ ਇਹ ਕੰਮ ਹੋ ਸਕਦਾ ਹੈ, ਓਸ ਪਾਸੇ ਵਲੋਂ ਕਾਰ ਮੁਖਤਾਰ ਤਾਂ ਤੁਸੀਂ ਹੀ ਹੋ ।

ਗਿਰੀ ਨੰਦ ਨੇ ਆਖਿਆ, ਜੇ ਮੇਰੇ ਕਹਿਣ ਦੀ ਲੋੜ ਹੋਵੇ ਤਾਂ ਮੈਂ ਵੀ ਆਖ ਸਕਦਾ ਹਾਂ । ਪਰ ਕੋਲ ਭੈਣ ਜੀ ਕਹਿ ਰਹੇ ਸਨ ਕਿ ਜੇ ਤੁਸੀਂ ਧਿਆਨ ਦਿਉ ਤਾਂ ਕੰਮ ਛੇਤੀ ਹੋ ਸਕਦਾ ਹੈ ।

ਸ਼ੇਖਰ ਹੁਣ ਤੱਕ ਇਕ ਮੋਟੇ ਸਿਰਹਾਣੇ ਦੇ ਆਸਰੇ ਬੈਠਾ ਗੱਲ ਬਾਤ ਕਰ ਰਿਹਾ ਸੀ, ਇਹ ਸੁਣਦਿਆਂ ਹੀ ਸੰਭਲ ਕੇ ਬਹਿ ਗਿਆ, ਕਹਿਣ ਲੱਗਾ, ਕੌਣ ਆਖਦੀ ਸੀ ?

ਗਿਰੀਨੰਦ ਨੇ ਕਿਹਾ, ਲਲਿਤਾ ਭੈਣ ਜੀ ਆਖ ਰਹੀ ਸੀ ।

ਸ਼ੇਖਰ ਅਸਚਰਜ ਨਾਲ ਬੁੱਤ ਜਿਹਾ ਬਣ ਗਿਆ । ਅੱਗੇ ਜੋ ਜੋ ਗਿਰੀ ਨੰਦ ਆਖਦਾ ਗਿਆ ਉਹ ਭੋਰਾ ਵੀ ਨਾ ਸੁਣ ਸਕਿਆ। ਓਹ ਹਰਾਨੀ ਨਾਲ ਇਕ ਟੱਕ ਉਹਦੇ ਮੂੰਹ ਵੱਲ ਵੇਖਦਾ ਰਿਹਾ, ਫੇਰ ਕਹਿਣ ਲੱਗਾ, ਮੈਨੂੰ ਮੁਆਫ ਕਰਨਾ ਗਿਰੀਨ ਬਾਬੂ, ਕੀ ਤੁਹਾਡੇ ਨਾਲ ਲਲਿਤਾ ਵਿਆਹੀ ਨਹੀਂ?

ਗਿਰੀ ਨੰਦ ਨੇ ਦੰਦਾਂ ਥਲੇ ਜਬਾਨ ਦੇਕੇ ਆਖਿਆ, ‘ਜੀ ਨਹੀਂ ! ਉਹਨਾਂਦੇ ਘਰ ਦੇ ਸਾਰੇ ਜੀਆਂ ਨੂੰ ਤੁਸੀਂ ਜਾਣਦੇ ਹੋ। ਮੇਰਾ ਵਿਆਹ ਤਾਂ ਕਾਲੀ ਨਾਲ ਹੋਇਆ ਹੈ ।'

'ਪਰ ਇਹ ਗੱਲ ਤਾਂ ਨਹੀਂ ਸੀ ।'

ਗਿਰੀ ਨੰਦ ਨੇ ਲਲਿਤਾ ਦੇ ਮੂੰਹੋਂ ਸਾਰੀਆਂ ਗਲਾਂ ਸੁਣ ਰਖੀਆਂ ਸਨ, ਉਸਨੇ ਆਖਿਆ, 'ਨਹੀਂ ਇਹ ਠੀਕ ਹੈ ਕਿ ਇਹ ਗਲ ਬਾਤ ਨਹੀਂ ਸੀ, ਗੁਰਚਰਨ ਬਾਬੂ ਮਰਨ ਸਮੇਂ ਮੈਨੂੰ ਕਹਿ ਗਏ ਸਨ ਕਿ ਸ਼ਾਦੀ ਦੂਸਰੇ ਥਾਂ ਨਹੀਂ ਕਰਨੀ, ਮੈਂ ਵੀ ਇਹ ਬਚਨ ਦੇ ਚੁੱਕਾ ਸਾਂ । ਉਹਨਾਂ ਦੇ ਮਰਨ ਤੋਂ ਪਿਛੋਂ ਭੈਣ ਜੀ ਨੇ ਮੈਨੂੰ ਸਾਰੀਆਂ ਗਲਾਂ ਸਮਝਾਕੇ ਕਿਹਾ, ਹਾਲਾਂ ਕਿ ਇਹ ਸਾਰੀਆਂ ਗਲਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਵਿਆਹ ਪਹਿਲਾਂ ਹੋ ਚੁੱਕਾ ਹੈ, ਤੇ ਉਹਨਾ ਦੇ ਪਤੀ ਜੀਉਂਦੇ ਹਨ, ਇਹਨਾਂ ਗੱਲਾਂ ਨੂੰ ਸ਼ਾਇਦ ਕੋਈ ਵੀ ਨ ਮੰਨਦਾ, ਪਰ ਮੈਂ ਉਹਨਾਂ ਦੀ ਕਿਸੇ ਗਲ ਤੇ ਬੇ ਪ੍ਰਤੀਤੀ ਨਹੀਂ ਕੀਤੀ, ਇਸ ਤੋਂ ਬਿਨਾਂ ਇਸਤਰੀਆਂ ਦਾ ਇਕ ਵਾਰੀ ਹੀ ਵਿਆਹ ਹੁੰਦਾ ਹੈ, ਘੜੀ ਮੁੜੀ ਨਹੀਂ। 'ਓਹ ਇਹ ਕੀ?'

ਸ਼ੇਖਰ ਦੀਆਂ ਅੱਖਾਂ ਅਥਰੂਆਂ ਨਾਲ ਭਰ ਆਈਆਂ ਤੇ ਉਹਨਾਂ ਵਿਚੋਂ ਗਰੀਨ ਦੇ ਸਾਹਮਣੇ ਹੀ ਕੜ ਪਾਟ ਗਏ! ਉਹਨਾਂ ਨੂੰ ਇਹ ਖਿਆਲ ਹੀ ਨਾ ਰਿਹਾ ਕਿ ਆਦਮੀ ਦੇ ਸਾਹਮਣੇ ਆਦਮੀ ਦੀ ਇਹ ਕਮਜ਼ੋਰੀ ਜ਼ਾਹਿਰ ਹੋ ਜਾਣੀ ਕਿੰਨੀ ਸ਼ਰਮ ਦੀ ਗੱਲ ਹੈ ।

ਗਿਰੀ ਨੰਦ ਚੁਪਚਾਪ ਬੈਠਾ ਉਸ ਵਲ ਵੇਖਦਾ ਰਿਹਾ। ਉਸਦੇ ਮਨ ਵਿਚ ਸ਼ੱਕ ਤਾਂ ਸੀ, ਅੱਜ ਉਸਨੇ ਲਲਿਤਾ ਦੇ ਪਤੀ ਨੂੰ ਸਿਆਣ ਲਿਆ, ਸ਼ੇਖਰ ਨੇ ਭਰੇ ਹੋਏ ਗਲੇ ਨਾਲ ਆਖਿਆ,ਤੁਸੀ ਤਾਂ ਲਲਿਤਾ ਨੂੰ ਪਿਆਰ ਕਰਦੇ ਹੋ ?

ਗਿਰੀ ਨੰਦ ਦੇ ਚਿਹਰੇ ਤੇ ਉਸ ਦੀ ਦਿਲੀ ਪੀੜ ਦਾ ਅਕਸ ਆਗਿਆ। ਪਰ ਦੂਜੇ ਪਲ ਹੀ ਫੇਰ ਹੌਲੀ ਹੌਲੀ ਮੁਸਕਰਾਉਣ ਲੱਗ ਪਿਆ, ਹੌਲੀ ਹੌਲੀ ਆਖਣ ਲੱਗਾ, ਇਸ ਗਲ ਦਾ ਜੁਆਬ ਦੇਣਾ ਕੋਈ ਜਰੂਰੀ ਨਹੀਂ । ਪਿਆਰ ਭਾਵੇਂ ਕਿੰਨਾ ਹੀ ਡੂੰਘਾ ਕਿਉਂ ਨ ਹੋਵੇ, ਜਾਣ ਬੁੱਝ ਕੇ ਕੋਈ ਪਰਾਈ ਇਸਤ੍ਰੀ ਨਾਲ ਸ਼ਾਦੀ ਨਹੀਂ ਕਰ ਸਕਦਾ। ਪਰ ਖੈਰ ਵਡਿਆਂ ਦੀ ਬਾਬਤ ਮੈਂ ਇਹੋ ਜਹੀ ਗੱਲ ਬਾਤ ਕਰਨਾ ਨਹੀਂ ਚਾਹੁੰਦਾ, ਇਹ ਆਖਕੇ ਉਹ ਮੁਸਕਰਾਉਂਦਾ ਹੋਇਆ ਉਠ ਖਲੋਤਾ ਕਹਿਣ ਲੱਗਾ, ਅੱਜ ਜਾਂਦਾ ਹਾਂ ਫੇਰ ਕਦੇ ਮੁਲਾਕਾਤ ਕਰਾਂਗਾ । ਇਹ ਆਖਕੇ ਉਹ ਨਮਸਕਾਰ ਕਰਕੇ ਚਲਿਆ ਗਿਆ।

ਗਿਰੀ ਨੰਦ ਨਾਲ ਸ਼ੇਖਰ ਮੁੱਢ ਤੋਂ ਦਵੈਤ ਰਖਦਾ ਆਇਆ ਸੀ ਤੇ ਇਹ ਦਵੈਤ ਹੁਣ ਘਿਰਣਾ ਵਿਚ ਬਦਲ ਚੁੱਕੀ ਸੀ । ਪਰ ਅੱਜ ਉਸਦੇ ਚਲੇ ਜਾਣ ਪਿਛੋਂ ਸ਼ੇਖਰ ਉਸ ਨੌਜਵਾਨ ਨੂੰ ਜ਼ਮੀਨ ਤੇ ਮੱਥਾ ਰਗੜਨ ਨਮਸਕਾਰ ਕਰਨ ਲਗ ਪਿਆ। ਸਚ ਮੁੱਚ ਕਿੰਨਾ ਸਵਾਰਥ ਤਿਆਗ ਕੋਈ ਕਰ ਸਕਦਾ ਹੈ, ਹਸਦਿਆਂ ਹਸਦਿਆਂ ਆਪਣੇ ਬਚਨਾ ਨੂੰ ਕਿੰਨੀ ਸਖਤੀ ਨਾਲ ਕੋਈ ਪਾਲ ਸਕਦਾ ਹੈ, ਇਹ ਉਸਨੇ ਅੱਜ ਵੀ ਵੇਖਿਆ ਸੀ ।

ਦੁਪਹਿਰ ਨੂੰ ਭਵਨੇਸ਼ਵਰੀ ਫਰਸ਼ ਤੇ ਬੈਠੀ ਲਲਿਤਾ ਦੀ ਮਦਦ ਨਾਲ ਢੇਰ ਸਾਰਾ ਕਪੜਿਆਂ ਦਾ ਸੰਭਾਲ ਸੰਭਾਲਕੇ ਰੱਖ ਰਹੀ ਸੀ । ਸ਼ੇਖਰ ਅੰਦਰ ਆਕੇ ਮਾਂ ਦੇ ਬਿਸਤਰੇ ਤੇ ਬਹਿ ਗਿਆ ਅੱਜ ਉਹ ਲਲਿਤਾ ਨੂੰ ਵੇਖਕੇ ਬੇਚੈਨ ਹੋਕੇ ਭੱਜਾ ਨਹੀਂ। ਮਾਂ ਨੇ ਉਹਨੂੰ ਵੇਖ ਕੇ ਆਖਿਆ, ਕੀ ਗੱਲ ਹੈ ?

ਸ਼ੇਖਰ ਨੇ ਕੋਈ ਜਵਾਬ ਨ ਦਿੱਤਾ ਚੁੱਪ ਚਾਪ ਬਹਿਕੇ ਕਪੜਿਆਂ ਦੀਆਂ ਤਹਿਆ ਲੱਗਦੀਆਂ ਦੇਖਦਾ ਰਿਹਾ, ਬੜੇ ਚਿਰ ਪਿਛੋਂ ਬੋਲਿਆ, ਇਹ ਕੀ ਹੋ ਰਿਹਾ ਏ ਮਾਂ ?

ਮਾਂ ਨੇ ਆਖਿਆ। ਨਵੇਂ ਕਪੜਿਆਂ ਵਿਚੋਂ ਕਿਸੇ ਨੂੰ ਕੀ ਦੇਣਾ ਹੈ, ਹਿਸਾਬ ਲਾਕੇ ਵੇਖ ਰਹੀ ਹਾਂ। ਸ਼ਾਇਦ ਹੋਰ ਵੀ ਬਣਾਉਣੇ ਪੈਣਗੇ ।

ਲਲਿਤਾ ਨੇ ਸਿਰ ਹਲਾਕੇ ਪ੍ਰੋੜਤਾ ਕੀਤੀ ।

ਸ਼ੇਖਰ ਨੇ ਹਸਦਿਆਂ ਹਸਦਿਆਂ ਆਖਿਆ, ਜੇ ਮੈਂ ਵਿਆਹ ਹੀ ਨ ਕਰਵਾਵਾਂ ਤਾਂ ?

ਭਵਨੇਸ਼ਵਰੀ ਹੱਸ ਪਈ । ਬੋਲੀ ਤੂੰ ਕਰ ਸਕਦਾ ਏ ਬੇਟਾ, ਤੇਰੇ ਵਿਚ ਕਿਹੜੀ ਗੱਲ ਦਾ ਘਾਟਾ ਹੈ ?

ਸ਼ੇਖਰ ਹੱਸ ਕੇ ਬੋਲਿਆ, ਸ਼ਾਇਦ ਕੋਈ , ਘਾਟਾ ਹੋਵੇ ਈ ਮਾਂ ?

ਮਾਂ ਗੰਭੀਰ ਹੋਕੇ ਆਖਣ ਲੱਗੇ, ਇਹ ਕਿਹੋ ਜਹੀਆਂ ਗੱਲਾਂ ਕਰ ਰਿਹਾ ਏਂ ਇਹੋ ਜਹੀਆਂ ਗੱਲਾਂ ਜ਼ਬਾਨੋਂ ਨ ਕੱਢ

ਸ਼ੇਖਰ ਨੇ ਆਖਿਆ, ਐਨਾਂ ਚਿਰ ਤਾਂ ਮੈਂ ਮੂੰਹੋਂ ਕੱਢੀ ਨਹੀਂ ਮਾਂ, ਪਰ ਹੁਣ ਬਿਨਾਂ ਕੱਢੇ ਰਿਹਾ ਨਹੀਂ ਜਾਂਦਾ। ਜੇ ਮੈਂ ਹੁਣ ਵੀ ਨਾ ਕੱਢਾਂ ਤਾਂ ਇਹ ਬੜਾ ਭਾਰੀ ਪਾਪ ਹੋਵੇਗਾ।

ਭਵਨੇਸ਼ਵਰੀ ਨਾ ਸਮਝ ਸਕਣ ਦੇ ਕਾਰਨ ਉਸ ਦੇ ਮੂੰਹ ਵਲ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਈ ।

ਸ਼ੇਖਰ ਨੇ ਆਖਿਆ, ਤੁਸੀ ਆਪਣੇ ਏਸ ਲੜਕੇ ਦੇ ਕਈ ਕਸੂਰ ਮਾਫ ਕਰਦੇ ਆਏ ਹੋ । ਮੇਰਾ ਇਹ ਕਸੂਰ ਵੀ ਮਾਫ ਕਰਨਾ ਪਵੇਗਾ। ਮਾਂ ਮੈਂ ਸੱਚ ਮੁਚ ਹੀ ਇਹ ਵਿਆਹ ਨਹੀਂ ਕਰਾਂਗਾ।

ਪੁਤ੍ਰ ਦੀ ਗੱਲ ਤੇ ਉਹਦੇ ਚੇਹਰੇ ਦੇ ਭਾਵ ਨੂੰ ਵੇਖਕੇ ਭਵਨੇਸ਼ਵਰੀ ਸੱਚ ਮੁੱਚ ਹੀ ਤਲਖ ਹੋ ਪਈ।ਪਰ ਉਹ ਗੁੱਸੇ ਨੂੰ ਰੋਕਕੇ ਕਹਿਣ ਲੱਗੀ, ਚੰਗਾ ਚੰਗਾ ! ਨਾ ਕਰੀਂ, ਪਰ ਹੁਣ ਤੂੰ ਇੱਥੋਂ ਚਲਿਆ ਜਾਹ । ਮੈਨੂੰ ਪਰੇਸ਼ਾਨ ਨਾ ਕਰ ਸ਼ੇਖਰ, ਤੈਨੂੰ ਪਤਾ ਨਹੀਂ ਮੈਂ ਕਿੰਨੇ ਕੰਮ ਕਰਨੇ ਹਨ ?

ਸ਼ੇਖਰ ਫੇਰ ਇਕ ਵਾਰੀ ਹੱਸਣ ਦੀ ਕੋਸ਼ਸ਼ ਕਰਦਾ ਸੁਕੇ ਜਹੇ ਗਲ ਨਾਲ ਬੋਲ ਪਿਆ, "ਨਹੀਂ ਮਾਂ ਮੈਂ ਸੱਚ ਆਖਦਾ ਹਾਂ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ।”

"ਕਿਉਂ ! ਕੀ ਵਿਆਹ ਬੱਚਿਆਂ ਦਾ ਖੇਲ ਹੈ ?"

“ਖੇਲ ਨਹੀਂ, ਏਸੇ ਕਰਕੇ ਤਾਂ ਆਖਦਾ ਹਾਂ ।"

ਭਵਨੇਸ਼ਵਰੀ ਇਸ ਵਾਰੀ ਕ੍ਰੋਧ ਵਿਚ ਆ ਗਈ । ਗੁੱਸੇ ਨਾਲ ਆਖਣ ਲੱਗੀ, "ਵਿੱਚੋਂ ਗੱਲ ਕੀਏ ਖੋਲ ਕੇ ਦੱਸ।" ਇਹ ਸਾਰੀਆਂ ਗੜਬੜੀ ਦੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲਗਦੀਆਂ ।

ਸ਼ੇਖਰ ਨੇ ਹੌਲੀ ਜਹੀ ਆਖਿਆ, “ਫੇਰ ਕਿਸੇ ਦਿਨ ਸੁਣਨਾ ਮਾਂ ਫੇਰ ਦੱਸਾਂਗਾ।” "ਫੇਰ ਕਿਸ ਦਿਨ ਦੱਸੇਂਗਾ ।" ਉਹਨੇ ਕਪੜੇ ਦੀ ਤਹਿ ਦੂਜੇ ਪਾਸੇ ਕਰਦੀ ਹੋਈ ਨੇ ਕਿਹਾ, ਹੁਣ ਹੀ ਮੈਨੂੰ ਕਾਂਸ਼ੀ ਭੇਜ ਦਿਹ, ਇਹੋ ਜਹੇ ਟੱਬਰ ਵਿਚ ਮੈਂ ਇਕ ਰਾਤ ਵੀ ਨਹੀਂ ਰਹਿਣਾ ਚਾਹੁੰਦੀ ।”

ਸ਼ੇਖਰ ਨੀਵੀਂ ਪਾਈ ਬੈਠਾ ਰਿਹਾ । ਭਵਨੇਸ਼ਵਰੀ ਹੋਰ ਭੀ ਭੜਕ ਕੇ ਕਹਿਣ ਲੱਗੀ, ਲਲਿਤਾ ਵੀ ਮੇਰੇ ਨਾਲ ਜਾਣਾ ਚਾਹੁੰਦੀ ਹੈ। ਮੈਂ ਵੇਖਾਂਗੀ ਕਿ ਇਸਦਾ ਬੰਦੋਬਸਤ ਕਰ ਸਕੀ ਤਾਂ ਜ਼ਰੂਰ ਕਰ ਦਿਆਂਗੀ।

ਇਸ ਵਾਰੀ ਸ਼ੇਖਰ ਸਿਰ ਉਠਾ ਕੇ ਹੱਸ ਪਿਆ । ਕਹਿਣ ਲੱਗਾ, ਤੁਸੀਂ ਇਹਨੂੰ ਨਾਲ ਲੈ ਜਾਉਗੇ ਤੇ ਇਹਦਾ ਹੋਰ ਬੰਦੋਬਸਤ ਕਿੱਥੇ ਕਰ ਦਿਉਗੇ ? ਮਾਂ ਇਸਨੂੰ ਤੇਰੀ ਗੋਦੀ ਤੋਂ ਬਿਨਾਂ ਹੋਰ ਕਿੱਥੇ ਥਾਂ ਮਿਲ ਸਕੇਗਾ?"

ਲੜਕੇ ਦੇ ਮੂੰਹ ਤੇ ਹਾਸਾ ਵੇਖ ਕੇ ਮਾਂ ਕੁਝ ਮਨ ਹੀ ਮਨ ਵਿਚ ਅਸ਼ਾਂਤ ਜਹੀ ਹੋਈ । ਲਲਿਤਾ ਵੱਲ ਵੇਖ ਕੇ ਕਹਿਣ ਲੱਗੀ, “ਸੁਣ ਲਈ ਧੀਏ ਇਹਦੀ ਗੱਲ ਸੁਣ ਲਈ ? ਇਹ ਸਮਝਦਾ ਹੈ ਕਿ ਜੇ ਮੈਂ ਚਾਹਾਂ ਤਾਂ ਤੈਨੂੰ ਜਿਥੇ ਮਰਜ਼ੀ ਹੋਵੇ ਲੈ ਜਾ ਸਕਦੀ ਹਾਂ ! ਇਹਦੀ ਮਾਮੀ ਪਾਸੋਂ ਨਹੀਂ ਪੁਛਣਾ ਪਏਗਾ?"

ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ੇਖਰ ਦੀ ਗੱਲ ਬਾਤ ਦੇ ਢੰਗ ਤੋਂ ਉਹ ਮਨ ਹੀ ਮਨ ਵਿਚ ਬਹੁਤ ਸ਼ਰਮਾ ਰਹੀ ਸੀ।

ਸ਼ੇਖਰ ਨੇ ਅਖੀਰ ਨੂੰ ਆਖ ਹੀ ਦਿੱਤਾ, “ਜੇ ਇਹਦੀ ਮਾਮੀ ਨੂੰ ਪੁਛਣਾ ਹੈ ਤਾਂ ਪੁਛ ਲੈ ਤੇਰੀ ਮਰਜ਼ੀ। ਪਰ ਜੋ ਤੂੰ ਆਖੇਂਗੀ ਉਹੋ ਹੀ ਹੋਵੇਗਾ। ਮਾਂ-ਮੈਂ ਵੀ ਸਮਝਦਾ ਹਾਂ ਤੇ ਜਿਸਨੂੰ ਨਾਲ ਖੜਨਾ ਚਾਹੁੰਦੀ ਹੈ, ਉਹ ਵੀ ਜਾਣਦੀ ਹੈ, ਇਹ ਤੇਰੀ ਹੀ ਨੂੰਹ ਹੈ, ਇਹ ਆਖ ਕੇ ਉਹਨੇ ਨੀਵੀਂ ਪਾ ਲਈ ।

ਭਵਨੇਸ਼ਵਰੀ ਅਸਚਰਜ ਰਹਿਗਈ। ਮਾਂ ਦੇ ਸਾਹਮਣੇ ਉਲਾਦ ਦਾ ਇਹ ਮਖੌਲ ? ਇਕ ਟੱਕ ਉਸ ਵੱਲ ਵੇਖਦੀ ਹੋਈ ਬੋਲੀ, ਕੀ ਕਿਹਾ ਈ, ਇਹ ਕੀ ਹੈ ਮੇਰੀ ?"

ਸ਼ੇਖਰ ਮੂੰਹ ਉਤਾਂਹ ਨ ਕਰ ਸਕਿਆ, ਪਰ ਹੌਲੀ ਜਹੀ ਜਵਾਬ ਦਿੱਤਾ, “ਇਕ ਵਾਰੀ ਆਖ ਜੁ ਦਿੱਤਾ ਹੈ। ਅੱਜ ਨਹੀਂ ਚਾਰ ਸਾਲ ਤੋਂ ਵੱਧ ਹੋ ਗਏ ਹਨ ਜਦੋਂ ਦੀ ਤੂੰ ਸੱਚ ਮੁੱਚ ਹੀ ਉਸ ਦੀ ਮਾਂ (ਸੱਸ) ਹੋ, ਮਾਂ ਮੇਰੇ ਕੋਲੋਂ ਕਿਹਾ ਨਹੀਂ ਜਾਂਦਾ ਉਸ ਕੋਲੋਂ ਪੁਛ ਲੈ, ਓਹੋ ਹੀ ਦਸੇਗੀ ।' ਆਖਕੇ ਜਿਉਂ ਹੀ ਉਸ ਨੇ ਲਲਿਤਾ ਵਲ ਵੇਖਿਆ ਕਿ ਲਲਿਤਾ ਗਲ ਵਿਚ ਕਪੜਾ ਪਾਕੇ ਮਾਂ ਨੂੰ ਪ੍ਰਨਾਮ ਕਰਨ ਲਈ ਤਿਆਰ ਹੋ ਰਹੀ ਹੈ । ਉਹ ਉਠਕੇ ਉਸਦੇ ਪਾਸ ਆ ਖਲੋਤਾ, ਅਰ ਦੋਹਾਂ ਨੇ ਇਕਠੇ ਹੋਕੇ ਮਾਂ ਦੇ ਚਰਨਾਂ ਤੇ ਸਿਰ ਰਖਕੇ ਪ੍ਰਣਾਮ ਕੀਤਾ । ਇਸ ਦੇ ਪਿਛੋਂ ਸ਼ੇਖਰ ਚੁਪ ਚਾਪ ਹੌਲੀ ਜਹੀ ਬਾਹਰ ਚਲਾ ਗਿਆ।

ਤਦ ਭਵਨੇਸ਼ਵਰੀ ਦੀਆਂ ਦੋਹਾਂ ਅਖਾਂ ਵਿਚੋਂ ਖੁਸ਼ੀ ਦੇ ਅਥਰੂ ਡਿਗਣ ਲਗ ਪਏ। ਉਹ ਲਲਿਤਾ ਨੂੰ ਬਹੁਤ ਹੀ ਪਿਆਰ ਕਰਦੀ ਹੁੰਦੀ ਸੀ । ਸੰਦੂਕ ਖੋਹਲਕੇ ਆਪਣੇ ਸਭ ਦੇ ਸਭ ਗਹਿਣੇ ਕੱਢ ਕੇ ਉਨ੍ਹਾਂ ਨੇ ਉਸਨੂੰ ਪੁਆਕੇ ਹੌਲੀ ਹੌਲੀ ਇਕ ਇਕ ਕਰਕੇ ਸਭ ਗੱਲਾਂ ਜਾਣ ਲਈਆਂ। ਸਭ ਸੁਣ ਸੁਣਾ ਕੇ ਉਨਾਂ ਨੇ ਕਿਹਾ "ਇਸੇ ਕਰਕੇ ਸ਼ਾਇਦ ਗਰੀਨ ਦਾ ਵਿਆਹ ਕਾਲੀ ਨਾਲ ਹੋਇਆ ਸੀ।"

ਲਲਿਤਾ ਨੇ ਕਿਹਾ-"ਹਾਂ ਮਾਂ ਇਸੀ ਨਾਲ ਹੀ। ਗਰੀਨ ਬਾਬੂ ਜਹੇ ਆਦਮੀ ਦੁਨੀਆਂ ਵਿਚ ਹੋਰ ਹਨ ਜਾ ਨਹੀਂ, ਮਾਲੂਮ ਨਹੀਂ। ਮੈਂ ਉਸ ਨੂੰ ਸਮਝਾ ਕੇ ਕਿਹਾ ਅਤੇ ਸੁਣਦੇ ਹੀ ਉਨਾ ਨੇ ਵਿਸ਼ਵਾਸ ਕਰ ਲਿਆ ਕਿ ਸਚ ਮੁਚ ਹੀ ਮੇਰਾ ਵਿਆਹ ਹੋ ਚੁਕਾ ਹੈ, ਪਤੀ ਮੈਨੂੰ ਸਵੀਕਾਰ ਕਰਨ ਜਾ ਨਾ ਕਰਨ, ਇਹ ਉਨਾਂ ਦੀ ਇੱਛਾ ਪਰ ਉਹ ਮੇਰੇ ਪਤੀ ਜ਼ਰੂਰ ਹਨ।"

ਭਵਨੇਸ਼ਰੀ ਨੇ ਲਲਿਤਾ ਦੇ ਮਥੇ ਤੇ ਹਥ ਰਖ ਕੇ ਕਿਹਾ - 'ਜ਼ਰੂਰ ਹੈ ਬੇਟੀ ਮੈਂ ਅਸ਼ੀਰਬਾਦ ਦਿੰਦੀ ਹਾਂ ਕਿ ਜਨਮ ਜਨਮ ਵਡੀ ਉਮਰ ਵਾਲੀ ਹੋਕੇ ਰਹੇਂ। ਜ਼ਰਾ ਠਹਿਰਨਾ ਬੇਟੀ! ਅਬਨਾਸ਼ ਨੂੰ ਖਬਰ ਦੇ ਆਵਾਂ ਕਿ ਵਿਆਹ ਦੀ ਵਹੁਟੀ ਬਦਲ ਗਈ ਹੈ।" ਇਤਨਾ ਆਖ ਕੇ ਉਹ ਹਸਦੀ ਹੋਈ ਵਡੇ ਲੜਕੇ ਦੇ ਕਮਰੇ ਵਲ ਚਲੀ ਗਈ।

-ਸਮਾਪਤ-