ਸਮੱਗਰੀ 'ਤੇ ਜਾਓ

ਸਤਵੰਤ ਕੌਰ

ਵਿਕੀਸਰੋਤ ਤੋਂ
←
ਸਤਵੰਤ ਕੌਰ (1973)
 ਭਾਈ ਵੀਰ ਸਿੰਘ
→
75544ਸਤਵੰਤ ਕੌਰ1973ਭਾਈ ਵੀਰ ਸਿੰਘ

​

ਸਭ ਹੱਕ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਰਾਖਵੇਂ ਹਨ।

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ॥

ਕਹੁ ਨਾਨਕ ਗੁਰਿ ਬੰਧਨ ਕਾਟ}}
ਬਿਛੁਰਤ ਆਨਿ ਮਿਲਾਇਆ॥



ਸ਼੍ਰੀ ਮਤੀ

ਸਤਵੰਤ ਕੌਰ
ਦੀ
*ਜੀਵਨ ਵਿਥ੍ਯਾ*

ਇਕ ਸਿਖ ਕੰਨ੍ਯਾ ਦਾ ਅਸਹਿ ਕਸ਼ਟ ਝਲਦਿਆਂ
ਹੋਇਆ ਬਹਾਦਰੀ ਤੇ ਸਿਦਕ ਨਾਲ ਧਰਮ ਪਾਲਣ।

ਕ੍ਰਿਤ-ਪਦਮ ਭੂਸ਼ਨ
ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ
['ਸੁੰਦਰੀ' ਕਰਤਾ]
ਸੰ: ਗ: ਨਾ: ੫੦੪ ਮਾਰਚ, ੧੯੭੩ ਈ:


ਮਿਲਣ ਦਾ ਪਤਾ:-

ਮੈਨੇਜਰ ਖਾਲਸਾ ਸਮਾਚਾਰ
ਹਾਲ ਬਾਜ਼ਾਰ, ਅੰਮ੍ਰਿਤਸਰ।

ਕੀਮਤ ਬਿਨਾ ਜਿਲਦ

​

All Rights Reserved by

Bhai Vir Singh Sahitya Sadan, New Delhi.


Printed by Sardarni Lajwant Kaur at the Wazir-l-Hind Press, situated at Hall Bazar, Amritsar and published by Gyani Mahan Singh Editor the Khalsa Samachar, Hall Bazar, Amritsar for Bhai Vir Singh Sahitya Sadar,

Delhi.

​

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

—————

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ॥

ਸਤਵੰਤ ਕੌਰ

੧. ਕਾਂਡ।

ਹੇ ਅਕਾਲ ਪੁਰਖ! ਮੈਂ ਕੀ ਕਰਾਂ? ਮੈਂ ਐਡੇ ਕਸ਼ਟਾਂ ਦੇ ਮੂੰਹ ਕਿਉਂ ਆ ਗਈ? ਤੂੰ ਬਖ਼ਸ਼ੰਦ ਹੈ, ਬਖਸ਼! ਬਖ਼ਸ਼! ਮੈਂ ਕੀ ਕਰਾਂ, ਹਾਇ! ਮੈਂ ਕੀ ਕਰਾਂ, ਕੀ ਕਰਾਂ, ਕੀ ਕਰਾਂ? ਸ੍ਰੀ ਵਾਹਿਗੁਰੂ! ਇਹ ਕੀ ਉਬਾਲ ਉਠਿਆ? ਮੇਰੀ ਸਮਝ ਬੀ ਹੁਣ ਕੰਮ ਨਹੀਂ ਕਰਦੀ! ਮੈਂ ਗਈ, ਕਰਤਾਰ! ਮੈਂ ਗਈ, ਉਫੁ...... ਹਾਇ! ਕਲਗੀਆਂ ਵਾਲਿਆ!......ਕ੍ਰਿਪਾ......।

ਹਾਇ! ਮੈਂ ਕੀ ਕਰਾਂ, ਮੈਂ ਕੀ ਕਰਾਂ। ਹੁਣ ਤਾਂ ਪ੍ਰਾਣ ਬੀ ਚੱਲੇ ਹਨ।

ਮੈਂ ਕਿਨਾਂ ਦੁਖਾਂ ਨੂੰ ਫੜੀ ਗਈ? ਆਪ ਵਿਹਾਜੇ ਮਾਮਲੇ ਆਪੇ ਹੱਡ ਪਏ। ਹੇ ਦਇਆ! ਤੂੰ ਕਸਾਇਣ ਹੋ ਢੁੱਕੀ। ਮੈਂ ਦਇਆ ਹੀ ਕੀਤੀ ਤਾਂ ਮੈਂ ਫਸੀ, ਹੁਣ ਕੋਈ ਰਸਤਾ ਨਹੀਂ। ਹੈਂ......, ਆਹ ਜਿੰਦ! ਤੂੰਹੋਂ ਪਿੰਜਰੇ ਨੂੰ ਛਡ ਨਿਕਲ। ਉਫ਼ ਫੇਰ ਡੋਬ ਆਇਆ, ਮੈਂ ਗਈ।......(ਡੋਬ ਪੈ ਗਿਆ)।

​(ਫੇਰ ਹੋਸ਼ ਕਰਕੇ) ਉਫ...ਹੇ ਕਰਤਾਰ ...ਛੇਤੀ ਨਿਬੇੜਾ ਕਰੋ, ਹਾਇ! ਮੈਂ ਕਿੱਥੇ ਪਈ ਕੁੱਸਦੀ ਹਾਂ? ਮੇਰੇ ਘਰ ਐਸ ਵੇਲੇ ਜਗਮਗ ਹੋ ਰਹੀ ਹੈ, ਪਿਤਾ ਜੀ ਕਥਾ ਕਰ ਰਹੇ ਹਨ, ਪਿਆਰੀ ਮਾਂ, ਮੇਰੇ ਅਖਾਂ ਦੇ ਤਾਰੇ ਵੀਰ, ਮੇਰੀ ਜਿਗਰ ਜਾਨ ਭੈਣਾਂ ਬੈਠੀਆਂ ਸੁਣਦੀਆਂ ਹਨ। ਹੁਣ ਸਾਰੇ ਅਰਦਾਸ ਕਰ ਰਹੇ ਹਨ, ਮੇਰੇ ਦੈਵੀ ਵੀਰ ਦੀਆਂ ਗੱਲ੍ਹਾਂ ਪਰ ਮੋਤੀ ਹੰਝੂ ਕਿਰ ਰਹੇ ਹਨ, ਕਿਹਾ ਮੋਮ ਦਿਲ ਹੈ, ਕਿਹਾ ਗੁਰੂ ਦਾ ਪਿਆਰਾ ਹੈ, ਉਸਨੂੰ ਸਤਿਗੁਰ ਐਸੇ ਪਿਆਰੇ ਹਨ, ਜੈਸੇ ਜਿੰਦ। ਵਾਹ ਵਾਹ! ਹੁਣ ਸਾਰੇ ਸ਼ਬਦ ਗਾਉਂਦੇ ਹਨ, ਔਹ ਆਵਾਜ਼ ਆਈ, ਕੰਨ ਲਾਵਾਂ, ਸੁਣਾਂ:―

ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥

ਆਹਾ! ਕੈਸੀ ਪਿਆਰੀ ਸੁਰ ਹੈ! ਹੈਂ! ਮੈਂ ਤਾਂ ਸੌਂ ਗਈ ਸਾਂ, ਨਹੀਂ, ਹੁਣ ਤਾਂ ਮੈਂ ਸੁਦੈਣ ਹੋ ਚੱਲੀ, ਮੈਂ ਕੀ ਬਰੜਾ ਰਹੀ ਹਾਂ ਕਿ ਝੱਲੀ ਹੋ ਬਕ ਰਹੀ ਹਾਂ? ਕੋਈ ਤਰਸ ਨਹੀਂ ਕਰਦਾ। ਕੰਨ੍ਯਾਂ ਪਰ ਭੀ ਕੋਈ ਜ਼ੁਲਮ ਕਰਦਾ ਹੈ? ਹਾਇ! ਮੈਂ ਤਾਂ ਤੇਰੀ ਰੱਖ੍ਯਾ ਕੀਤੀ, ਤੂੰ ਮੈਨੂੰ ਫਸਾ ਦਿਤਾ, ਹੱਛਾ......ਗੁਰੂ ਤੇਰਾ ਭਲਾ ਕਰੇ। ਧੰਨ ਗੁਰੂ! ਮੈਂ ਕਲਗੀਆਂ ਵਾਲੇ ਦੇ ਆਸਰੇ ਸਭ ਦੁੱਖਾਂ ਨੂੰ ਝਾਗ ਲੰਘਾਂਗੀ। ਮੈਂ ਕਿੰਨੇ ਦੁਖ ਭੋਗ ਚੁੱਕੀ ਹਾਂ, ਭੋਗਦਿਆਂ ਤਾਂ ਲੰਘ ਗਏ, ਪਰ ਚੇਤਾ ਕਰਦਿਆਂ ਜਾਨ ਸੁਕਦੀ ਹੈ। ਕਿਸ ਤਰ੍ਹਾਂ ਵਿਸਾਹਘਾਤ ਨਾਲ ਮੈਂ ਕੈਦ ਹੋਈ! ਹਾਇ,......। ਫੇਰ ਡੋਬ ਆਯਾ......।

(ਫਿਰ ਤ੍ਰਬ੍ਹਕ ਕੇ ਅੱਖਾਂ ਖੋਹਲਕੇ) ਊਈ ਰੱਬਾ! ਕਿਸ ਪ੍ਰਕਾਰ ਮੇਰੀਆਂ ਮੁਸ਼ਕਾਂ ਕੱਸੀਆਂ ਗਈਆਂ ਤੇ ਗਊਆਂ ਵਾਂਙ ਕੈਦੀਆਂ ਦੇ ਵੱਗਾਂ ਵਿਚ ਰੱਖੀ ਗਈ? ਕਿਥੇ ਖੰਨਾ ਕਿੱਥੇ ਕਾਬਲ? ਡਾਢਿਆਂ ਦੀ ਕੈਦ ਵਿਚ ਮੈਂ ਐਂਨਾ ਪੈਂਡਾ ਕੀਕੂੰ ਪੈਦਲ ​ਕੱਟਿਆ? ਪਰ ਦੇਸ਼-ਭੈਣਾਂ ਦੇ ਸੰਗ ਵਿਚ ਦੁਖੜੇ ਲੰਘ ਗਏ। ਹੋਰ ਨਹੀਂ ਤਾਂ ਦੋ ਰਲਕੇ ਰੋ ਲੈਂਦੀਆਂ ਸਾਂ, ਰੋਟੀ ਪਕਾ ਲੈਂਦੀਆਂ ਸਾਂ, ਪਰ ਹੁਣ ਤਾਂ ਰੋਣ ਦੀ ਭੀ ਕੋਈ ਸਾਥਣ ਨਹੀਂ, ਡੰਗਰਾਂ ਵਾਂਙ ਸਾਰੀਆਂ ਵਿਕ ਗਈਆਂ। ਪਿਤਾ ਜੀ ਕਿਹਾ ਕਰਦੇ ਸਨ ਕਿ ਆਦਮੀ ਦਾ ਪੁੱਤਰ ਅਮੋਲਕ ਹੁੰਦਾ ਹੈ, ਇਥੇ ਖੋਤੇ ਤੋਂ ਬੀ ਸਸਤਾ ਵਿਕਦਾ ਹੈ। ਹੱਛਾ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਲੰਘ ਗਿਆ, ਹੁਣ ਇਸ ਨਵੀਂ ਬਿਪਤਾ ਨੂੰ ਕੀ ਕਰਾਂ? ਮੈਂ ਪਰਸੋਂ ਦੀ ਭੁਖੀ ਹਾਂ, ਹਾਇ! ਤਿੰਨ ਦਿਨ ਅੰਨ ਜਲ ਅੰਗੀਕਾਰ ਕੀਤਿਆਂ ਲੰਘ ਗਏ। ਮੇਰੀਆਂ ਅੱਖਾਂ ਕਿਸਤਰ੍ਹਾਂ ਰਕੇਬੀ ਵਲ ਤੱਕਦੀਆਂ ਹਨ, ਚਾਰ ਬੋਟੀਆਂ ਤੇ ਅੱਧੀ ਰੋਟੀ ਪਈ ਹੈ। ਕਲੇਜੇ ਨੂੰ ਲੂਹਾ ਫਿਰਦਾ ਹੈ, ਢਿੱਡ ਨੂੰ ਛੁਰੀ ਵੱਜਦੀ ਹੈ, ਜੀ ਕਹਿੰਦਾ ਹੈ ਖਾ ਲੈ। ਖਾ ਲਵਾਂ, ਸੱਚੀਂ ਖਾ ਲਵਾਂ? ਹਾਇ! ਕਿੱਕੁਰ ਖਾਵਾਂ? ਇਹ ਕੁੱਠਾ ਹੈ, ਖਬਰੇ ਕਿਸ ਚੀਜ਼ ਦਾ ਮਾਸ ਹੈ, ਮੈਂ ਸਿੱਖ ਦੀ ਪੁੱਤ੍ਰੀ ਹਾਂ, ਮੈਂ ਸਿੱਖਣੀ ਹਾਂ, ਮੈਂ ਕਿੱਕੁਰ ਖਾ ਲਵਾਂ? ਹੇ ਮਨ! ਖਾ ਲਵਾਂ?...ਪ੍ਰਾਣ ਜਾਣ ਤਾਂ ਜਾਣ, ਪਰ ਧਰਮ ਨਾ ਜਾਏ। ਹੁਣ ਕੀ ਹੋਵੇ? ਖ਼ਬਰੇ ਪ੍ਰਾਣ ਜਾਣ ਵੇਲੇ ਅੰਨ ਕੁਅੰਨ ਖਾ ਲਈਦਾ ਹੈ, ਪਰ ਪਤਾ ਨਹੀਂ। ਜੇ ਮੈਂ ਜਾਣਦੀ ਕਿ ਏਹ ਵਖਤ ਪੈਣੇ ਹਨ ਤਾਂ ਸਭ ਗੱਲਾਂ ਪੁੱਛ ਛਡਦੀ; ਪਰ 'ਜੇ' ਦੀ ਕਿਸਨੂੰ ਖਬਰ ਸੀ।...ਮੈਂ ਕੀ ਕਰਾਂ? ਖਾਵਾਂ, ਨਾ ਖਾਵਾਂ? ਫੇਰ ਡੋਬ ਆਇਆ।... ਹਾਇ! ਮੈਂ ਗਈ...(ਤ੍ਰਬ੍ਹਕ ਕੇ ਅੱਖਾਂ ਖੁਹਲਕੇ) ਮੈਨੂੰ ਕੁਝ ਥਹੁ ਨਹੀਂ ਲਗਦਾ, ਪਰ ਧਰਮ ਰੱਖਣਾ ਹੈ; ਧਰਮ ਰੱਖਣਾ ਹੈ। ਜੇ ਖਾਵਾਂ ਤਾਂ ਪਤਾ ਨਹੀਂ ਧਰਮ ਰਹਿੰਦਾ ਹੈ ਕਿ ਨਹੀਂ, ਜੇ ਨਾਂ ਖਾਵਾਂ ਤਾਂ ਮੇਰਾ ਨਿਸ਼ਚਾ ਹੈ ਕਿ ਧਰਮ ਨਹੀਂ ਜਾਏਗਾ। ਚੱਲ ਮਨ! ਉੱਠ ਭੁਆਕੇ ਮਾਰ ਇਨ੍ਹਾਂ ਮਾਸ ਦੀਆਂ ਬੋਟੀਆਂ ਨੂੰ, ਜੋ ਹੋਵੇ ਸੋ ਹੋਵੇ। ਚੱਲ, ਜਾਹ ਪਰੇ ਹੋ, ਹੇ ਕੁਅੰਸ! ਮੇਰੇ ਅੱਗੋਂ (ਬੋਟੀਆਂ ਪਰੇ ਸਿੱਟਕੇ); ਚੜ੍ਹਦੀਆਂ ਕਲਾਂ ਜੀ! ਆਓ ​ਸ਼ੇਰ ਬੱਚੀ ਨੂੰ ਸ਼ੇਰ ਬਣਾਓ, ਪਰ ਹਾਇ! ਮੈਂ ਤਾਂ ਗਈ, ਹਾਇ! ਡੋਬ ਪਿਆ, ਮੈਂ ਗਈ, ਗਈ...... (ਕਹਿੰਦੀ ਬੇਹੋਸ਼ ਹੋਕੇ ਡਿਗ ਹੀ ਪਈ)।

――○――

੨. ਕਾਂਡ।

ਇਕ ਸੱਚੇ ਸਿੰਘ ਦੀ ਕੰਨ੍ਯਾਂ ਬਿਦੇਸ਼ ਵਿਚ ਭੁੱਖ ਦੇ ਡੋਬੇ ਖਾਂਦੀ ਘਰ ਤੋਂ ਬਾਹਰ ਬੇਹੋਸ਼ ਪਈ ਹੈ, ਘਰ ਦੇ ਅੰਦਰ ਉਡੀਕਦੇ ਹਨ ਕਿ ਰੋਟੀ ਖਾਕੇ ਆਉਂਦੀ ਹੈ, ਪਰ ਜਦ ਚਿਰ ਹੋ ਗਿਆ ਤਦ ਨੌਕਰਾਂ ਦਾ ਜਮਾਂਦਾਰ ਬਾਹਰ ਨਿਕਲਿਆ ਅਰ ਉਸਨੂੰ ਮਚਲੀ ਜਾਣਕੇ ਮਾਰਨ ਡਹਿ ਪਿਆ। ਭੁਖ ਨਾਲ ਟੁੱਟੀ ਹੋਈ ਦੀਆਂ ਡਾਡਾਂ ਨਿਕਲ ਗਈਆਂ, ਥਰ ਥਰ ਕੰਬਦੀ, ਪੈਰ ਪੈਰ ਤੇ ਥਿੜਕਦੀ, ਅੱਖਾਂ ਅੱਗੇ ਚੱਕਰਾਂ ਦੇ ਆਉਣ ਕਰਕੇ ਠੁੱਡੇ ਖਾਂਦੀ ਅੰਦਰ ਗਈ। ਬਾਵਰਚੀ ਖਾਨੇ ਦੇ ਸਾਰੇ ਜੂਠੇ ਭਾਂਡੇ ਅੱਗੇ ਰੱਖੇ ਗਏ ਕਿ ਉਨ੍ਹਾਂ ਨੂੰ ਸਾਫ ਕਰੇ, ਪਰ ਉਸ ਨੂੰ ਫੇਰ ਡੋਬ ਪੈ ਗਿਆ।

ਇਸ ਵੇਲੇ ਮਾਲਕ ਦਾ ਛੋਟਾ ਪੁੱਤ੍ਰ ਬਾਵਰਚੀ ਖਾਨੇ ਵਿਚ ਆ ਗਿਆ ਅਰ ਨੌਕਰਾਂ ਨਾਲ ਲਾਡੀਆਂ ਕਰਨ ਲਗ ਗਿਆ। ਉਧਰ ਜਦ ਨੌਕਰ ਨੇ ਸਤਵੰਤ ਕੌਰ ਨੂੰ ਬੇਹੋਸ਼ ਡਿੱਠਾ ਤਦ ਫੇਰ ਮਾਰਨ ਲੱਗਾ, ਪਰ ਨਿਆਣੇ ਬਾਲ ਨੇ ਤਰਸ ਖਾਧਾ, ਕੰਬਿਆ ਤੇ ਨੌਕਰ ਨੂੰ ਫੜਕੇ ਬੋਲਿਆ―'ਇਸ ਨੂੰ ਨਾ ਮਾਰ'। ਇਉਂ ਕਹਿੰਦਾ ਮੱਲੋ ਮੱਲੀ ਅਨਾਥ ਕੰਨ੍ਯਾਂ ਨੂੰ ਛੁਡਾਕੇ ਦੂਜੇ ਕਮਰੇ ਵਿਚ ਲੈ ਗਿਆ। ਇਕ ਗੁੱਛਾ ਅੰਗੂਰਾਂ ਦਾ ਲਿਆਕੇ ਅੱਗੇ ਧਰ ਦਿੱਤਾ ਤੇ ਬੋਲਿਆ―'ਬੀਬੇ ਭੈਣ ਜੀ! ਖਾਓ ਤੇ ਰੋਵੋ ਨਾ।' ਇਉਂ ਪਿਆਰ ਨਾਲ ਲਾਡੀਆਂ ਕਰਦਾ ਅੰਗੂਰ ਖੁਆਕੇ ਅਪਣੀ ਮਾਂ ਕੋਲ ਜਾਕੇ ਕੁੜੀ ਦੇ ਰੋਣ ਤੇ ਨੌਕਰ ਦੇ ਮਾਰਨ ਦਾ ਸਾਰਾ ਹਾਲ ਕਹਿ ਸੁਣਾਇਆ। ਬਾਲਾਂ ਦੀ ਜੀਭ ਵਿਚ ਕੁਝ ਅਚਰਜ ​ਅਸਰ ਹੋਇਆ ਕਰਦੇ ਹਨ, ਬੱਚੇ ਦੇ ਵਾਕ ਸੁਣਕੇ ਮਾਂ ਦੇ ਜੀ ਵਿਚ ਭੀ ਕੁਝ ਤਰਸ ਆ ਗਿਆ ਅਰ ਕੰਨ੍ਯਾਂ ਨੂੰ ਆਪਣੇ ਪਾਸ ਬੁਲਾ ਲਿਆ ਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਘਰ ਦੇ ਕਮੀਨਾਂ ਵਿਚ ਇਹ ਨਾ ਰਹੇ, ਮੇਰੇ ਕਮਰੇ ਵਿਚ ਸੁੱਤਾ ਕਰੇ ਤੇ ਮੇਰੀ ਨਿਜ ਦੀ ਟਹਿਲ ਲਈ ਮੇਰੇ ਪਾਸ ਹੀ ਰਿਹਾ ਕਰੇ।

ਸਤਵੰਤ ਕੌਰ ਨੂੰ ਅੰਗੂਰ ਖਾਕੇ ਕੁਝ ਹੋਸ਼ ਆ ਗਈ ਸੀ ਪਰ ਫੇਰ ਭੀ ਅਤਿ ਥਕਾਨ ਤੇ ਟੋਟ ਦੇ ਕਾਰਣ ਉਥੇ ਹੀ ਬੈਠੀ ਸੌਂ ਗਈ।

ਰਾਤ ਬੀਤੀ, ਦਿਨ ਹੋਇਆ, ਸਾਰੇ ਉੱਠੇ, ਸਤਵੰਤ ਵੀ ਉਠੀ। ਬੱਚਾ ਫੇਰ ਅੰਗੂਰ ਲੈਕੇ ਆ ਗਿਆ ਤੇ ਕੁੜੀ ਨੂੰ ਦੇ ਕੇ ਬੋਲਿਆ: 'ਖਾਓ' ਮਾਂ ਨੇ ਪੁੱਤ ਦਾ ਇਹ ਰੁਖ਼ ਦੇਖਕੇ ਬੱਚੇ ਦੀ ਖਿਡਾਵੀ ਦਾ ਕੰਮ ਉਸ ਨੂੰ ਦੇ ਦਿੱਤਾ। ਸੁਆਣੀ ਨੂੰ ਜਾਂ ਸਮਝ ਪਈ ਕਿ ਇਹ ਸਾਡੇ ਘਰ ਦਾ ਮਾਸ ਨਹੀਂ ਖਾਂਦੀ ਤਾਂ ਉਸਨੂੰ ਫਲ ਦੇ ਦਿੰਦੀ ਤੇ ਰੋਟੀ ਆਪੇ ਪਕਾ ਲੈਣ ਦੀ ਖੁੱਲ੍ਹ ਬੀ ਦੇ ਦਿੱਤੀ। ਨਾਲ ਇਕ ਸਹਿਜਧਾਰੀ ਦਾ ਘਰ ਸੀ, ਓਥੇ ਜਾਣ ਆਉਣ ਤੇ ਉਹਨਾਂ ਦੇ ਖਾ ਪੀ ਲੈਣ ਦੀ ਬੀ ਖੁੱਲ੍ਹ ਮਿਲ ਗਈ। ਸੋ ਉਸ ਬਾਲਕ ਦੇ ਖਿਡਾਉਣ ਵਿਚ ਸਤਵੰਤ ਕੌਰ ਨੌਕਰਾਂ ਦੇ ਜ਼ੁਲਮ ਤੋਂ ਤਾਂ ਛੁੱਟੀ, ਪਰ ਬੋਲੀ ਨਾ ਜਾਣਨੇ ਦਾ ਦੁਖ ਐਸਾ ਸੀ ਕਿ ਸੁਆਣੀ ਅਰ ਖੇਡਣ ਵਾਲੇ ਬਾਲਕ ਦੇ ਗੁੱਸੇ ਹੋ ਜਾਣ ਦਾ ਡਰ ਹਰ ਵੇਲੇ ਰਹਿੰਦਾ ਸੀ। ਸ਼ੇਰ ਦੀ ਜਾਈ ਐਡੀ ਕਠਨ ਬਿਪਤਾ ਵਿਚ ਬੀ ਨਿਰਾਸਾ ਵਿਚੋਂ ਨਿਕਲੀ, ਜਿਸ ਹਾਲ ਵਿਚ ਸਾਂਈਂ ਨੇ ਪੁਚਾਇਆ ਹੈ ਉਸੇ ਵਿਚ ਆਪ ਨੂੰ ਉਚਿਆਂ, ਸੁਖੀ ਤੇ ਹੌਸਲੇ ਭਰੀ ਕਰਨ ਦੇ ਫਿਕਰ ਵਿਚ ਲਗ ਪਈ। ਆਪਣੇ ਹੀ ਗੁਆਂਢ ਜੋ ਸਹਿਜਧਾਰੀਆਂ ਦਾ ਘਰ ਸੀ ਉਹਨਾਂ ਨਾਲ ਪਿਆਰ ਪਾਇਆ ਤੇ ਉਥੋਂ ਦੀ ਬੋਲੀ ਸਿੱਖਣੀ ਸ਼ੁਰੂ ਕੀਤੀ। ਥੋੜੇ ਹੀ ਚਿਰ ਵਿਚ ਬੋਲੀ ਬੀ ਸਮਝਣ ਲੱਗ ਪਈ। ਇਸ ਕੰਨ੍ਯਾਂ ਦੀ ਨਿਮਕੀ, ​ਮਿੱਠਤ ਤੇ ਸ਼ੀਲ ਸੁਭਾਵ ਨੇ ਦੁੱਖਾਂ ਨਾਲ ਭਰੀ ਸੁਆਣੀ ਦੇ ਜੀ ਵਿਚ ਬੀ ਤਰਸ ਵਧਾਇਆ। ਹੌਲੀ ਹੌਲੀ ਸੁਆਣੀ ਦੀ ਮਿਹਰ ਦੀ ਨਜ਼ਰ ਵਧਣ ਲਗੀ। ਉਸਦਾ ਕਾਰਣ ਇਹ ਸੀ ਕਿ ਸੁਆਣੀ ਪੇਕੇ ਪਾਸਿਓਂ ਊਣੀਂ ਸੀ ਅਰ ਦੁਨੀਆਂ ਪੁਰ ਸਿਵਾ ਘਰ ਵਾਲੇ ਦੇ ਕੋਈ ਉਸਦਾ ਨੇੜੇ ਦਾ ਸਾਕ ਨਹੀਂ ਸੀਗਾ। ਪਤੀ ਬੜਾ ਮੰਦ ਕਰਮੀ ਸੀ, ਮਾੜੇ ਕਰਮਾਂ ਵਿਚ ਬਹੁਤ ਪਰਚਦਾ ਸੀ, ਇਸ ਕਰਕੇ ਸੁਆਣੀ (ਫਾਤਮਾ) ਬੜੀ ਦੁਖੀ ਰਹਿੰਦੀ ਸੀ। ਸੁਭਾਉ ਫਾਤਮਾ ਦਾ ਕੁਛ ਅਣਖੀਲਾ ਸੀ। ਦੁੱਖਾਂ ਨੇ ਇਸ ਦੇ ਮਨ ਨੂੰ ਤੋੜਿਆ ਨਹੀਂ, ਸਗੋਂ ਇਕ ਤਰ੍ਹਾਂ ਦੀ ਛਿਥਿਹਾਣ ਚੜ੍ਹਾ ਛੱਡੀ ਸੀ। ਪਤੀ ਦਾ ਪਿਆਰ ਘੱਟ ਹੋਣ ਕਰਕੇ ਸਹੁਰੇ ਸਾਕਾਂ ਵਿਚ ਬੀ ਪੂਰਾ ਆਦਰ ਨਹੀਂ ਸੀ ਮਿਲਦਾ ਤੇ ਨੌਕਰ ਬਾਂਦੀਆਂ ਗੋਲੀਆਂ ਬੀ ਘੱਟ ਪਰਵਾਹ ਕਰਦੀਆਂ ਸਨ। ਇਕੋ ਅੱਖਾਂ ਦਾ ਤਾਰਾ ਬੱਚਾ ਸੀ, ਜਿਸ ਨਾਲ ਦਿਲ ਪਰਚਾਉਂਦੀ ਸੀ। ਇਹੋ ਲਾਲ ਵਿਚਾਰੀ ਦੀਆਂ ਖੁਸ਼ੀਆਂ ਦਾ ਇਕ ਸਹਾਰਾ ਸੰਸਾਰ ਪੁਰ ਸੀ। ਅੱਠਾਂ ਪਹਿਰਾਂ ਵਿਚ ਜੇ ਕਦੇ ਕੋਈ ਖੁਸ਼ੀ ਦੀ ਘੜੀ ਉਸਨੂੰ ਆਉਂਦੀ ਤਾਂ ਉਹ ਅਪਣੇ ਦੁਲਾਰੇ ਦੇ ਪਿਆਰ ਵਿਚ ਬਿਹਬਲ ਹੋ ਜਾਣਦੀ ਹੁੰਦੀ ਸੀ। ਸਤਵੰਤ ਕੌਰ ਦੇ ਸ਼ੀਲ ਸੁਭਾਵ ਅਤੇ ਕੁਦਰਤੀ ਪਿਆਰ ਵਾਲੇ ਵਰਤਾਉ ਕਰਕੇ ਬਾਲਕ ਦਾ (ਜਿਸ ਨੂੰ ਲਾਡ ਨਾਲ ਗ਼ਨੀ ਕਿਹਾ ਕਰਦੇ ਸਨ) ਉਸ ਨਾਲ ਬਹੁਤ ਮੋਹ ਪੈ ਗਿਆ ਅਰ ਇਸੇ ਮੋਹ ਨੇ ਫਾਤਮਾ ਨੂੰ ਸਤਵੰਤ ਵੱਲ ਹੋਰ ਝੁਕਾਇਆ। ਫਾਤਮਾ ਦੀਆਂ ਉਦਾਸੀਆਂ ਦੇ ਵੇਲੇ ਸਤਵੰਤ ਕੌਰ ਦਾ ਨਾ ਅੱਕਣਾ ਅਰ ਉਸ ਦੇ ਚਿੜਚਿੜੇ ਸੁਭਾਉ ਤੋਂ ਪਰੇ ਨਾ ਹੋਣਾ ਏਹ ਹੋਰ ਕਾਰਨ ਸਨ ਕਿ ਇਕ ਸਿੱਖ ਕੰਨ੍ਯਾਂ ਆਪਣੀ ਅਨਮਤੀ ਸੁਆਣੀ ਨੂੰ ਭਾਉਣ ਲੱਗ ਗਈ।

――○――

​ਫਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇਕ ਦਿਨ ਇਸਨੇ ਕਾਬਲ ਦੀ ਪਟਰਾਣੀ ਨੂੰ ਮਿਲਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੇ ਕੰਮਾਂ ਦੀ ਖਬਰ ਪੁਚਾਈ। ਅਮੀਰ ਨੇ ਉਸਨੂੰ ਬੁਲਾਕੇ ਕਰੜੀ ਝਾੜ ਪਾਈ। ਝਾੜ ਖਾਕੇ ਸਿੱਧੇ ਹੋਣ ਦੀ ਥਾਂ ਖਾਂ ਸਾਹਬ ਨੂੰ ਇਸ ਗੱਲ ਦੀ ਖੋਜ ਦੀ ਧੁਨ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖ਼ਬਰ ਪੁਚਾਉਣ ਵਾਲੇ ਦਾ ਥਹੁ ਕੱਢਾਂ, ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਕਾਰਾ ਹੈ।

ਇਹ ਖਬਰ ਪਾ ਕੇ ਇਕ ਦਿਨ ਰਾਤ ਵੇਲੇ ਨਸ਼ੇ ਵਿਚ ਚੂਰ ਹੋਏ ਹੋਏ ਨੇ ਵਹੁਟੀ ਦੇ ਅੰਦਰ ਵੜਕੇ ਤਲਵਾਰ ਧੂ ਲਈ। ਭਾਗਾਂ ਨੂੰ ਫਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਡਾਂ ਨਿਕਲ ਗਈਆਂ। ਉਧਰੋਂ ਸਤਵੰਤ ਕੌਰ ਜਾਗ ਉੱਠੀ, ਉਸ ਜਰਵਾਣੇ ਨੂੰ ਤੀਵੀਂ ਪੁਰ ਤਲਵਾਰ ਚੁਕੇ ਹੋਏ ਦੇਖਕੇ ਸਿਖ ਕੰਨ੍ਯਾਂ ਨੂੰ ਧਰਮ ਦਾ ਰੋਹ ਉੱਮਲ ਪਿਆ, ਝੱਟ ਪੱਟ ਪਿਛੇ ਵਾਰ ਹੋਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਅਰ ਤਲਵਾਰ ਹਥੋਂ ਨਿਕਲ ਗਈ। ਕੰਨ੍ਯਾਂ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਯਾ ਕਿ ਉਠਣੇ ਜੋਗਾ ਨਾ ਰਹੇ। ਇਸ ਹਿੰਮਤ ਨੂੰ ਦੇਖਕੇ ਪਠਾਣੀ ਨੂੰ ਬੀ ਹੌਂਸਲਾ ਭਰ ਆਇਆ ਤੇ ਉਸ ਬੀ ਆ ਦਬਾਇਆ। ਦੁਹਾਂ ਨੇ ਰਲਕੇ ਉਸਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਅਰ ਘੁਰਾੜੇ ਮਾਰਦੇ ਦੀ ਰਾਤ ਬਿਤੀਤ ਹੋਣ ਲੱਗੀ। ਪਰ ਦਿਨ ਹੋਣ ਤੋਂ ਪਹਿਲੇ ਤ੍ਰੀਮਤਾਂ ਨੇ ਉਸਦੀਆਂ ਮੁਸ਼ਕਾਂ ਖੁਹਲ ਦਿੱਤੀਆਂ, ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸਨੂੰ ਚੇਤੇ ਨਾ ਆਵੇ। ​ਸੱਚਮੁਚ ਨਸ਼ੇ ਦੀ ਟੋਟ ਵਿਚ ਜਾਗੇ ਹੋਏ ਨੂੰ ਰਾਤ ਦੀ ਬੀਤੀ ਚੇਤ ਨਾ ਆਈ, ਆਪਣੀ ਟੋਟ ਦੀ ਧੁਨ ਵਿਚ ਹੋਰ ਪੀਤੀ ਅਰ ਬਾਗ਼ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿਚ ਬੀਤਿਆ, ਰਾਤ ਨੂੰ ਫੇਰ ਘਰ ਆਇਆ, ਵਹੁਟੀ ਨੂੰ ਦੇਖਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਸਾਹਿਬ ਨੂੰ ਖਬਰ ਪੁਚਾਈ ਸੀ, ਫੇਰ ਵਾਰ ਕੀਤੋਸੁ ਪਰ ਬਹਾਦਰ ਸਿੰਘਣੀ ਤੇ ਫਾਤਮਾ ਅੱਜ ਅੱਗੇ ਹੀ ਤਿਆਰ ਸਨ। ਹਿੰਮਤ ਤੇ ਹੌਸਲੇ ਨੇ ਮਦਦ ਦਿੱਤੀ। ਸਿੰਘ ਕੰਨ੍ਯਾਂ ਦੀ ਮਦਦ ਨੇ ਪਠਾਣੀ ਨੂੰ ਫੇਰ ਬਚਾ ਲਿਆ।

ਤੀਸਰੇ ਦਿਨ ਆਪ ਘਰ ਹੀ ਨਾ ਵੜੇ ਤੇ ਕਈ ਦਿਨ ਨਾ ਵੜੇ। ਗੱਲ ਕੀ ਵੈਲਦਾਰੀਆਂ ਵਿਚ ਰੁਪੱਯਾ ਅਪਣਾ ਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣੇ ਦਾ ਬੀ ਅਸਰ ਨਾ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਤੇ ਫੇਰ ਛੇਤੀ ਛੁੱਟ ਜਾਏ, ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇਕ ਵੇਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲਹਿੰਦੀ। ਜੋ ਲੋਕ ਇਸ ਦੇ ਮੰਦਰ ਪੁਰ ਗਏ, ਜਾਨ, ਮਾਲ, ਇੱਜ਼ਤ, ਧਰਮ, ਲੋਕ, ਪ੍ਰਲੋਕ ਸਭ ਕੁਝ ਮਣਸਕੇ ਬੀ ਨਹੀਂ ਮੁੜੇ।

ਇਸੇ ਤਰ੍ਹਾਂ ਖਾਨ ਦਾ ਹਾਲ ਹੋਇਆ। ਜਦ ਤੱਕ ਰੁਪੱਯਾ ਖੁੱਲ੍ਹਾ ਰਿਹਾ ਨਿਭਦੀ ਗਈ, ਤਦ ਤਕ ਵਿਰੋਧੀ ਬੀ ਨਾ ਕੁਝ ਬੋਲ ਸਕੇ, ਪਰ ਜਦ ਹੁਣ ਆਪਣਾ ਰੁਪੱਯਾ ਮੁੱਕਕੇ ਸਰਕਾਰੀ ਰੁਪਏ ਨੂੰ ਹੱਥ ਪੈਣ ਲੱਗਾ, ਤਦ ਕੀ ਬਣੇ? ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ, ਅਰ ਵੈਰੀ ਬਦਲੇ ਲੈਣ ਦਾ ਸਮਾਂ ਸਮਝਕੇ ਵਾਰ ਕਰਨ ਲੱਗੇ। ਇਥੋਂ ਤੀਕ ਕਿ ਸਰਕਾਰੀ ਗ਼ਬਨ ਦਾ ਹਾਲ ਸਰਕਾਰੇ ਮਲੂਮ ਹੋ ਗਿਆ। ਖ਼ਾਨ ਸਾਹਿਬ ਫੜੇ ਗਏ ਅਰ ਹਵਾਲਾਤ ਪਹੁੰਚੇ। ਘਰ ਬਾਰ ਜ਼ਬਤ ਹੋ ਗਏ ਤੇ ਫਾਤਮਾ ਨੂੰ (ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਕ ਹੋਣ ਕਰਕੇ) ਘਰ, ਮਿਲਿਆ ਰਿਹਾ ਤੇ ਗੁਜ਼ਾਰੇ ਵਾਸਤੇ ਕੁਝ ਰੁਪੱਯਾ ਮਿਲਦਾ ਰਿਹਾ, ​ਬਾਕੀ ਦਾ ਸਭ ਮਾਲ ਮਤਾ ਸਰਕਾਰੀ ਖਜ਼ਾਨੇ ਵਿਚ ਜਾ ਪਿਆ। ਇਕ ਖਾਸ ਹਾਕਮ ਪੜਤਾਲ ਕਰਨੇ ਪਰ ਲੱਗਾ। ਪੜਤਾਲ ਵਿਚ ਖ਼ੁਨਾਮੀਆਂ ਨਿਕਲੀਆਂ, ਉੱਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਅਰ ਖ਼ਾਨ ਸਾਹਿਬ ਨੇ ਨਿਮਕਹਰਾਮੀ ਵਿਚ ਕਤਲ ਕਰਨੇ ਦਾ ਹੁਕਮ ਹੋ ਗਿਆ।

ਜਦ ਇਹ ਹੁਕਮ ਹੋਇਆ ਕਿ ਖ਼ਾਨ ਸਾਹਿਬ ਕਤਲ ਕੀਤੇ ਜਾਣ, ਤਦ ਫਾਤਮਾਂ ਦੇ ਤਾਂ ਸੁਣਦਿਆਂ ਹੀ ਹੱਥਾਂ ਦੇ ਤੋਤੇ ਉਡ ਗਏ। ਭਾਵੇਂ ਪਤੀ ਦੇ ਕੁਕਰਮਾਂ ਕਰਕੇ ਦੁਖਿਤ ਸੀ, ਪਰ ਉਸਦੀ ਮੌਤ ਦੀ ਇੱਛਾਵਾਨ ਉਹ ਕਦੇ ਬੀ ਨਹੀਂ ਸੀ। ਬੜੇ ਕਰੜੇ ਦਿਲ ਵਾਲੀ ਕੌਮ ਵਿਚੋਂ ਸੀ, ਪਰ ਆਪ ਨਰਮ ਦਿਲ ਵਾਲੀ ਸੀ ਤੇ ਸਤਵੰਤ ਕੌਰ ਦੀ ਸੰਗਤ ਨੇ ਸੁਹਣੀ ਰੰਗਤ ਚਾੜ੍ਹ ਦਿੱਤੀ ਸੀ ਤੇ ਇਹ ਮੱਤ ਸਿਖਾ ਦਿੱਤੀ ਸੀ:―

'ਜੇ ਪਿਰ ਬਹੁ ਘਰ ਹੰਢਣਾ ਸਤ ਰੱਖੇ ਨਾਰੇ॥' [ਵਾ: ਭਾ:ਗੁ:

ਸੋ ਵਿਚਾਰੀ ਸੁਣਦੇ ਸਾਰ ਸੋਚ ਸਮੁੰਦਰ ਵਿਚ ਗ਼ਰਕ ਹੋ ਗਈ। ਕੋਈ ਦਰਦੀ ਨਹੀਂ, ਕੋਈ ਸੱਜਣ ਨਹੀਂ, ਕਿਸਨੂੰ ਸੁਣਾਵੇ? ਕਿਸਦੀ ਸਹਾਇਤਾ ਲਵੇ? ਇਕ ਸਿੱਖ ਕੰਨ੍ਯਾਂ ਹੈ ਸੋ ਪਰਦੇਸਣ ਅਰ ਗ਼ੁਲਾਮੀ ਦੀ ਦਸ਼ਾ ਵਿਚ। ਪਰ ਡੁਬਦੇ ਨੂੰ ਤੀਲੇ ਦਾ ਸਹਾਰਾ, ਸੋ ਇਸੇ ਨੂੰ ਅਪਣੀ ਸਜਨੀ ਤੇ ਦਰਦਣ ਜਾਣਕੇ ਦਿਲ ਦੀ ਵਿਥ੍ਯਾ ਕਹਿ ਸੁਣਾਉਂਦੀ ਅਰ ਰੋ ਰੋ ਕੇ ਪੁੱਛਦੀ ਕਿ ਦੱਸ ਸਹੀਏ! ਹੁਣ ਕੀ ਕਰਾਂ, ਜਦ ਕਿ ਮਾਲਕ ਦੇ ਸਿਰ ਦੀ ਖ਼ੈਰ ਨਹੀਂ? ਸਤਵੰਤ ਨੇ ਦਰਦ ਵੰਡਾਇਆ, ਫਿਰ ਸੋਚ ਸੋਚਕੇ ਸਮਝਾਇਆ ਕਿ ਭਾਵੀ ਅਮਿਟ ਹੈ ਜੋ ਹੋਣਹਾਰ ਹੈ ਸੋ ਹੋਵੇਗੀ, ਪਰ ਉੱਦਮ ਤੇ ਹੀਲਾ ਕਰਨਾ ਲੋੜੀਦਾ ਹੈ। ਵੱਡੀ ਰਾਣੀ ਤਕ ਆਪ ਦੀ ਪਹੁੰਚ ਹੈ, ਉਸਨੂੰ ਮਿਲੋ ਤੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ, ਭਲਾ ਜੇ ਉਸ ਦੇ ਮਨ ਮਿਹਰ ਪਵੇ, ਤੇ ਅਮੀਰ ​ਨੂੰ ਕਹਿਕੇ ਬਖਸ਼ਵਾ ਦੇਵੇ; ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸ ਹੋ ਜਾਵੇ। ਫਾਤਮਾ ਨੂੰ ਇਹ ਸਿਖ੍ਯਾ ਪਸਿੰਦ ਆਈ ਅਰ ਬੇਗ਼ਮ ਨੂੰ ਮਿਲਣੇ ਦਾ ਉਪਰਾਲਾ ਕੀਤਾ। ਦੂਸਰੇ ਦਿਨ ਉਸਦੇ ਮਹਿਲੀਂ ਗਈ। ਉਸਨੇ ਆਦਰ ਦਿੱਤਾ ਅਰ ਪਾਸ ਬਿਠਾਇਆ ਤੇ ਪਿਆਰ ਨਾਲ ਉਸਦੇ ਦੁਖੀ ਹੋਣ ਦਾ ਕਾਰਨ ਪੁੱਛਿਆ।

ਫਾਤਮਾ ਨੇ ਸਾਰਾ ਹਾਲ ਸੁਣਾਕੇ ਕਿਹਾ―'ਵਾਸਤੇ ਖ਼ੁਦਾ ਰਸੂਲ ਦੇ, ਅਮੀਰ ਸਾਹਿਬ ਪਾਸ ਸਫਾਰਸ਼ ਕਰੋ, ਜੋ ਮੇਰੇ ਘਰ ਵਾਲੇ ਦੀ ਜਾਨ ਬਖਸ਼ੀ ਹੋਵੇ'। ਬੇਗ਼ਮ ਦਾ ਦਿਲ ਭੀ ਭਰ ਆਯਾ ਔਰ ਉਸਨੇ ਦਿਲਾਸਾ ਦੇਕੇ ਕਿਹਾ ਕਿ ਫਾਤਮਾਂ! ਤੂੰ ਉਦਾਸ ਨਾ ਹੋ, ਮੈਂ ਸਿਰੋਂ ਪਰੇ ਇਸ ਗਲ ਦਾ ਜਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖਲਾਸੀ ਹੋਵੇ, ਤੂੰ ਅੱਲਾ ਤੇ ਭਰੋਸਾ ਕਰ। ਫਾਤਮਾ ਘਰ ਆਈ, ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ। ਜਾਂ ਰਾਤ ਹੋਈ ਤਦ ਨੀਂਦ ਕਿੱਥੇ? ਫਾਤਮਾ ਤਾਂ ਗਿਣਤੀਆਂ ਤੇ ਵਿਚਾਰਾਂ ਵਿਚ ਨੀਮ ਸ਼ੁਦੈਣ ਵਾਂਗ ਬੜਾਉਂਦੀ, ਜਾਗਦੀ, ਸੌਂਦੀ ਤੇ ਊਂਘਦੀ ਰਹੀ, ਪਰ ਸਤਵੰਤ ਕੌਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੁੜਾਉਂਦੀ ਰਹੀ ਕਿ ਜਿਸ ਤਰ੍ਹਾਂ ਕੋਈ ਭਾਰਾ ਦਾਨਾ ਮਨੁੱਖ ਔਖਿਆਈਆਂ ਵੇਲੇ ਸੋਚਾਂ ਸੋਚਦਾ ਹੈ। ਇਸ ਨੇ ਛੇਕੜ ਇਹ ਸਿੱਟਾ ਕੱਢ ਲਿਆ ਕਿ ਰਾਣੀ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ ਸੋਟੇ ਨੂੰ ਸੋਨਾ ਹੈ। ਜੇ ਸੋਟੇ ਨੂੰ ਸੋਨਾ ਨਾ ਚੜ੍ਹੇ, ਤਦ ਕੀ ਕੀਤਾ ਜਾਵੇ? ਇਹ ਵਿਚਾਰਦੀ ਕੰਨ੍ਯਾਂ ਐਸੀ ਡੂੰਘੀਂ ਸੋਚੀਂ ਉੱਤਰੀ ਕਿ ਅੰਦਰ ਆਸਾ ਤੇ ਨਿਰਾਸਤਾ ਦਾ ਘੋਲ ਹੋਣ ਲਗ ਪਿਆ। ਇਸਦੀ ਸੋਚ ਆਸ ਨੂੰ ਤਕੜਿਆਂ ਕਰਨ ਦੇ ਕਈ ਉਪਰਾਲੇ ਸੋਚੇ ਅਰ ਨਿਰਾਸਤਾ ਨੂੰ ਹਟਾਵੇ, ਪਰ ਅੰਤ ਨਿਰਾਸਤਾ ਮਰਦੀ ਨਾ ਦਿੱਸੇ। ਇਸੇ ਤਰ੍ਹਾਂ ਦੀਆਂ ਸੋਚਾਂ ਵਿਚ ਸਤਵੰਤ ਕੌਰ ਆਮੁਹਾਰੀ ਬੋਲ ਉਠੀ―'ਹੇ ਨਿਰਾਸਤਾ! ਜੇ ਤੂੰ ਇੱਕੁਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉਤੇ ਅਪਣੇ ਪੈਰ ਟਿਕਾ ਤੇ ਉਸਦੇ ​ਬਦਲੇ ਮੇਰੇ ਜਤਨ ਦੇ ਰਸਤੇ ਨੂੰ ਛੱਡ ਦੇਹ, ਅਦਲਾ ਬਦਲੀ ਕਰ ਲੈ।' ਇਹ ਕਹਿ ਹਟੀ ਤਾਂ ਇਸਦੇ ਉਪਰਾਲੇ ਦਾ ਰਸਤਾ ਸਾਫ ਹੋ ਗਿਆ ਅਰ ਜੋ ਕੁਝ ਦਿਨੇ ਉੱਠਕੇ ਕਰਨਾ ਚਾਹੀਏ, ਐਸ ਤਰ੍ਹਾਂ ਉਸ ਨੇ ਮਿਥ ਲਿਆ ਜਿੱਕੁਰ ਕੋਈ ਨਕਸ਼ਾ ਖਿੱਚ ਲਈਦਾ ਹੈ।

ਸਵੇਰੇ ਉਠੀ ਅਰ ਸੁਆਣੀ ਪਾਸ ਗਈ। ਉਸਨੂੰ ਉਠਾਲਿਆ, ਕਪੜੇ ਪਵਾਏ, ਉਪਦੇਸ਼ ਦੇ ਕੇ ਧੀਰਜ ਬਨ੍ਹਵਾਇਆ ਅਰ ਇਹ ਅਕਲ ਦੇ ਕੇ ਬੇਗ਼ਮ ਵਲ ਘੱਲਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖਸ਼ੀ ਨਾ ਹੋਵੇ ਤਦ ਬੇਗ਼ਮ ਨੂੰ ਕਹੀਂ ਕਿ ਇਤਨੀ ਆਗ੍ਯਾ ਤਾਂ ਤੈਨੂੰ ਲੈ ਦੇਵੇ ਕਿ ਇਕ ਵੇਰੀ ਤੂੰ ਪਤੀ ਨੂੰ ਉਸਦੇ ਮਰਨ ਤੋਂ ਪਹਿਲੇ ਮਿਲ ਸਕੇਂ। ਇਹ ਗਲ ਬੇਗ਼ਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀਂ, ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਏਸ ਗਲ ਨੂੰ ਜ਼ਰੂਰ ਮੰਨ ਲੈਣਗੇ। ਟੁੱਟੇ ਦਿਲ, ਪਰ ਔੜ ਮਾਰੀ ਪਰਜਾ ਦੀ ਉਸ ਦਸ਼ਾ ਵਾਂਙ ਜੋ ਬਰਸਾਤ ਦੇ ਅੰਤ ਤਕ ਆਸ ਬੰਨ੍ਹੀ ਰਖਦੀ ਹੈ ਕਿ ਖ਼ਬਰੇ ਹੁਣ ਬੀ ਮੀਂਹ ਪੈ ਜਾਏ, ਫਾਤਮਾ ਦਿਲ ਨੂੰ ਦਿਲਬਰੀਆਂ ਦਿੰਦੀ ਡੋਲੀ ਵਿਚ ਬੈਠਕੇ ਤੁਰੀ ਅਰ ਅਮੀਰ ਦੇ ਘਰ ਪਹੁੰਚੀ। ਅਗੋਂ ਬੇਗ਼ਮ ਨੇ ਆਦਰ ਨਾਲ ਬਿਠਾਇਆ, ਸੁੱਖ ਪੁੱਛੀ, ਫਾਤਮਾ ਨੇ ਅਦਬ ਨਾਲ ਉਤਰ ਦਿੱਤੇ, ਪਰ ਜਦ ਮਤਲਬ ਦੀ ਗਲ ਛਿੜੀ ਤਦ ਬੇਗ਼ਮ ਨੇ ਸਿਰ ਫੇਰਕੇ ਕਿਹਾ ਕਿ ਬੀਬੀਏ! ਜਿੰਨਾਂ ਜ਼ੋਰ ਮੇਰੇ ਵਿਚ ਸੀ ਮੈਂ ਲਾ ਥੱਕੀ ਹਾਂ, ਪਰ ਅਮੀਰ ਸਾਹਿਬ ਇਕ ਨਹੀਂ ਮੰਨਦੇ। ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ, ਇਸ ਲਈ ਕੁਝ ਪੇਸ਼ ਨਹੀਂ ਜਾਂਦੀ। ਫਾਤਮਾ ਸੁਣਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਥੋੜ੍ਹੀ ਬਹੁਤ ਆਸਾ ਜੋ ਕੁਝ ਸੀ ਸਭ ਟੁੱਟ ਗਈ ਅਰ ਡੋਬ ਪੈਣ ਲਗਾ ਸੀ ਕਿ ਫੇਰ ਸਮਾਂ ਵਿਚਾਰ ਕੇ ਫਾਤਮਾ ਸੰਭਲੀ ਤੇ ਦੂਸਰੀ ਬੇਨਤੀ ਕੀਤੀ, ਉਹ ਬੇਗ਼ਮ ਨੇ ਕਿਹਾ ਕਿ ਮੈਂ ਜ਼ਰੂਰ ਮਨਾ ​ਲਵਾਂਗੀ। ਤਸੱਲੀ ਲੈਕੇ ਅਰ ਬੇਗ਼ਮ ਤੋਂ ਵਿਦਾ ਹੋਕੇ ਫਾਤਮਾਂ ਘਰ ਆਈ ਅਰ ਸਤਵੰਤ ਕੌਰ ਨੂੰ ਹਾਲ ਸੁਣਾਇਆ। ਉਸ ਬੀਰ ਕੁੜੀ ਦੇ ਚਿਹਰੇ ਦਾ ਰੰਗ ਨਾ ਵਟੀਜਿਆ, ਉਹੋ ਜਿਹੀ ਦੀ ਉਹੋ ਜਿਹੀ ਰਹੀ। ਬੜੇ ਪੱਕੇ ਜਿਗਰੇ ਨਾਲ ਪੁੱਛਣ ਲਗੀ ਕਿ ਕੀ ਤੁਸਾਂ ਦੂਸਰੀ ਬੇਨਤੀ ਕੀਤੀ ਸੀ? ਫਾਤਮਾ ਬੋਲੀ: 'ਹਾਂ, ਬੇਗਮ ਨੇ ਕਿਹਾ ਸੀ ਕਿ ਇਹ ਗਲ ਮੈਂ ਜ਼ਰੂਰ ਮਨਾ ਲਵਾਂਗੀ ਅਰ ਅੱਜ ਦੁਪਹਿਰੇ ਹੀ ਤੈਨੂੰ ਖਬਰ ਦੱਸ ਭੇਜਾਂਗੀ, ਕਿਉਂਕਿ ਅਮੀਰ ਨੇ ਹੁਣੇ ਮਹਿਲਾਂ ਵਿਚ ਆਉਣਾ ਹੈ।' ਇਹ ਸੁਣਕੇ ਸਤਵੰਤ ਕੌਰ ਦੂਸਰੇ ਕਮਰੇ ਵਿਚ ਜਾਕੇ ਪਾਠ ਕਰਨ ਲਗ ਗਈ ਅਰ ਕਰਦੀ ਕਰਦੀ ਕਿੰਨਾਂ ਚਿਰ ਲੱਗੀ ਰਹੀ, ਜਦ ਦੋ ਵਜੇ ਦਾ ਵੇਲਾ ਹੋ ਗਿਆ ਤਦ ਫਾਤਮਾਂ ਨੇ ਆ ਬੁਲਾਇਆ ਅਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ, ਪਰ ਇਕੱਲੀ ਵਾਸਤੇ ਅਰ ਇਹ ਬੀ ਕਹਿ ਭੇਜਿਆ ਹੈ ਕਿ ਕੱਲ ਹੀ ਮਿਲ ਲਓ, ਕਿਉਂਕਿ ਪਰਸੋਂ ਉਸ ਨੇ ਮਾਰੇ ਜਾਣਾ ਹੈ। ਇਹ ਗੱਲ ਬੀ ਬੇਗ਼ਮ ਨੇ ਦੱਸ ਭੇਜੀ ਹੈ ਕਿ ਕੈਦਖਾਨੇ ਦੇ ਅਫਸਰ ਨੂੰ ਹੁਕਮ ਹੈ, ਜਿਸ ਵੇਲੇ ਮੈਂ ਚਾਹਾਂ ਚਲੀ ਜਾਂਵਾਂ।

ਸਤਵੰਤ ਕੌਰ ਬੋਲੀ―ਬੀਬੀ! ਬਹੁਤ ਭਲਾ ਹੋਇਆ, ਹੁਣ ਅਕਾਲ ਪੁਰਖ ਭਲੀ ਕਰੇਗਾ।

ਫਾਤਮਾ―ਪਿਆਰੀ! ਕੀ ਭਲੀ ਕਰੇਗਾ? ਹੁਣ ਤਾਂ ਸਭ ਇਲਾਜ ਦੂਰ ਹੋ ਚੁਕੇ, ਹੁਣ ਕੀ ਹੋਵੇਗਾ?

ਸਤਵੰਤ ਕੌਰ―ਬੀਬੀ! ਤੂੰ ਕੁਝ ਨਾ ਕਰ, ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ, ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ, ਪਰ ਮੈਂ ਸਿੰਘ ਹਾਂ 'ਅਰ ਮੈਂ ਤੁਹਾਡਾ ਨਿਮਕ ਖਾਧਾ ਹੈ, ਅਤੇ ਤੁਸੀਂ ਮੇਰੀ ਬਿਪਤਾ ਵਿਚ ਮੇਰੇ ਨਾਲ ਪਿਆਰ ਕੀਤਾ ਹੈ, ਇਸ ਲਈ ਮੈਂ ਆਪ ਦੀ ਸੇਵਾ ਵਿਚ ਜਿੰਦ ਵਾਰਨੋਂ ਫਰਕ ਨਹੀਂ ਕਰਾਂਗੀ, ਤੁਸੀਂ ਪੁੱਛੋ ਕੁਝ ਨਾ, ਜੋ ਕਹਾਂ ਕਰੀ ਚਲੋ।

​ਡੋਲੇ ਦਾ ਬੰਦੋਬਸਤ ਕਰੋ ਕਿ ਜਿਸ ਵਿਚ ਬੈਠਕੇ ਪਰਦੇ ਨਾਲ ਅੰਦਰ ਪਹੁੰਚ ਹੋਵੇ।

ਗੱਲ ਕੀ ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ। ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਾ, ਅੰਦਰ ਕੈਦੀ ਦੀ ਕੋਠੀ ਵਿਚ ਉਤਾਰਿਆ ਗਿਆ, ਚੁੱਕਣ ਵਾਲੇ ਅਰ ਸਿਪਾਹੀ ਸਭ ਬਾਹਰ ਹੋਏ। ਕੈਦੀ ਨੂੰ ਬੀ ਖ਼ਬਰ ਸੀ ਕਿ ਮੇਰੀ ਉਹ ਵਹੁਟੀ-ਜਿਸਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ-ਮੇਰੀ ਮੁਖ-ਯਾਤ੍ਰਾ ਕਰਨੇ ਨੂੰ ਆਈ ਹੈ। ਇਸ ਵੇਲੇ ਸ਼ਰਾਬ ਅਰ ਪਦਾਰਥਾਂ ਦਾ ਨਸ਼ਾ ਉਡ ਚੁਕਾ ਹੋਇਆ ਸੀ, ਖਾਨ ਬਹਾਦਰ ਸੁੱਕ ਕੇ ਤੀਲਾ ਹੋ ਰਿਹਾ ਸੀ ਔਰ ਅੱਖਾਂ ਟੋਏ ਲਹਿ ਚੁਕੀਆਂ ਸਨ, ਹੁਣ ਤਾਂ ਉਸਨੂੰ ਇਹ ਬੀ ਸਮਝ ਪੈ ਚੁੱਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ, ਅਰ ਮੇਰੇ ਕਰਮਾਂ ਦਾ ਫਲ ਦੇਣ ਲਈ ਮੇਰੇ ਸਿਰ ਤੇ ਤਲਵਾਰ ਚਮਕ ਰਹੀ ਹੈ।

੪. ਕਾਂਡ।

ਇਕ ਤੰਗ ਕੋਠੜੀ ਵਿਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ, ਜਿਸ ਵਿਚੋਂ ਇਕ ਸੁੰਦਰ ਜੁਵਾਨ ਇਸਤ੍ਰੀ ਨਿਕਲੀ ਅਰ ਨਿਕਲਦੇ ਸਾਰ ਕਮਰੇ ਦੇ ਅੰਦਰ ਜਾ ਵੜੀ। ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੁੜਾਕੇ ਤੱਕਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ ਬੋਲੀ: ਕਿ ਹੁਣ ਵਕਤ ਹੈ ਬੜਾ ਨਾਜ਼ਕ, ਗੱਲ ਕਰਨੇ ਦਾ ਸਮਾਂ ਨਹੀਂ, ਤੁਸੀਂ ਮਰਦਾਵੇਂ ਲਾਹ ਦਿਓ ਤੇ ਜ਼ਨਾਨੇ ਪਹਿਨ ਲਵੋ, ਜੋ ਮੈਂ ਆਂਦੇ ਹਨ ਤੇ ਤੁਸੀਂ ਡੋਲੇ ਵਿਚ ਬੈਠ ਜਾਓ। ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਤੁਸੀਂ ਇੰਞ ਤ੍ਰੀਮਤ ਦੇ ਵੇਸ ਵਿਚ ਘਰ ਪਹੁੰਚ ਜਾਓਗੇ, ਤਦ ਡੋਲਿਓਂ ਉਤਰਦੇ ਹੀ ਭੇਸ ਵਟਾ ਲਿਓ ਅਰ ਹਿੰਦੁਸਤਾਨ ਨੂੰ ਨਿਕਲ ਜਾਓ ਹੋਰ ਸਲਾਹ ਘਰ ਪਹੁੰਚਕੇ ਕਰ ਲੈਣੀ, ਛੇਤੀ ਕਰੋ।

​ਖਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ, ਮੌਤ ਦੇ ਮੂੰਹੋਂ ਬਚਣੇ ਦਾ ਰਸਤਾ ਨਿਕਲ ਪਿਆ। ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨ੍ਯਾਂ ਦੀ ਕਾਹਲੀ ਨੇ ਉਸਨੂੰ ਕੁਝ ਨਾ ਪੁੱਛਣ ਦਿਤਾ। ਤ੍ਰੀਮਤ ਦਾ ਭੇਸ ਵਟਾਕੇ ਉਤੋਂ ਬੁਰਕਾ ਪਾ ਕੇ ਡੋਲੇ ਵਿਚ ਹੋ ਬੈਠਾ। ਕੁਛ ਸਮੇਂ ਮਗਰੋਂ ਟਹਿਲੀਏ ਆਏ, ਡੋਲਾ ਚੁੱਕ ਕੇ ਲੈ ਗਏ। ਪਹਿਰੇਦਾਰਾਂ ਨੂੰ ਕੀ ਸੁਬਹ ਹੋ ਸਕਦਾ ਸੀ ਕਿ ਇੰਨੇ ਚਿਰ ਵਿਚ ਕੀਹ ਹਨੇਰ ਵਰਤ ਗਿਆ ਹੈ। ਬੇਖਟਕੇ ਡੋਲਾ ਚੁਕਵਾਕੇ ਤੇ ਕੋਠੜੀ ਨੂੰ ਜੰਦਰਾ ਮਾਰਕੇ ਸਹਜ ਸੁਭਾ ਸਾਰੇ ਵਿਦਾ ਹੋ ਗਏ।

ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ, ਬਾਹਰਲੇ ਮੈਦਾਨ ਵਿਚ ਤਿਆਰੀ ਕੀਤੀ ਗਈ, ਜੱਲਾਦ ਤਲਵਾਰ ਲੈਕੇ ਆ ਪਹੁੰਚਾ। ਇਧਰ ਦੋ ਸਿਪਾਹੀ ਕੋਠੜੀ ਵਿਚੋਂ ਕੈਦੀ ਨੂੰ ਕੱਢਣ ਵਾਸਤੇ ਗਏ, ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ, ਇਕ ਮੁਟਿਆਰ ਬੈਠੀ ਹੈ ਤੇ ਮਰਦਾਵੇਂ ਕਪੜੇ ਕੋਲ ਪਏ ਹਨ। ਹੱਕੇ ਬੱਕੇ ਹੋ ਕੇ ਉਨ੍ਹਾਂ ਨੇ ਦਰੋਗੇ ਨੂੰ ਅਵਾਜ਼ ਦਿੱਤੀ, ਉਸ ਨੇ ਭੀ ਹੈਰਾਨੀ ਨਾਲ ਅਚਰਜ ਕੌਤਕ ਦੇਖਕੇ ਆਪਣਾ ਬੁੱਲ੍ਹ ਟੁੱਕਿਆ ਅਰ ਕਚੀਚੀ ਵੱਟੀ, ਪਰ ਨਿਰਭੈ ਇਸਤ੍ਰੀ ਡਰੀ ਨਹੀਂ, ਗੰਭੀਰ ਬੈਠੀ ਉਨ੍ਹਾਂ ਦੇ ਚਿਹਰੇ ਵੱਲ ਤੱਕ ਰਹੀ ਹੈ।

ਦਰੋਗਾ―ਹੇ ਤ੍ਰੀਮਤ! ਤੂੰ ਕੌਣ ਹੈਂ? ਅਰ ਖਾਂ ਸਾਹਿਬ ਕਿੱਥੇ ਹਨ?

ਤ੍ਰੀਮਤ—ਮੈਂ ਉਹ ਹਾਂ ਜੋ ਕਲ ਡੋਲੇ ਵਿਚ ਆਈ ਸਾਂ, ਅਰ ਖਾਂ ਸਾਹਿਬ ਡੋਲੇ ਵਿਚ ਬੈਠਕੇ ਚਲੇ ਗਏ, ਤੁਸੀਂ ਉਨ੍ਹਾਂ ਦੀ ਥਾਂ ਮੈਨੂੰ ਕਤਲ ਕਰ ਦਿਓ।

ਦਰੋਗਾ―ਗ਼ਜ਼ਬ! ਕਹਿਰ ਇਲਾਹੀ!! ਐ ਔਰਤ! ਤੂੰ ਹਨੇਰ ਮਾਰਿਆ, ਮਰਦਾਂ ਦੇ ਕੰਨ ਕੁਤਰੇ, ਸਾਰੀ ਅਕਲ ਮੇਟ ​ਦਿੱਤੀ। ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡੱਕਰੇ ਡੱਕਰੇ ਕਰ ਦਿੱਤਾ ਜਾਵੇ।

ਤ੍ਰੀਮਤ―ਠੀਕ ਹੈ, ਮੈਂ ਤਾਂ ਆਪਣਾ ਨਿਮਕ ਹਲਾਲ ਕੀਤਾ ਹੈ: ਇਕ ਜਾਨ ਬਚਾਈ ਹੈ, ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁਖ ਹੈ। ਚਲਾਓ ਤਲਵਾਰ ਅਰ ਮਾਰੋ ਇਕ ਤ੍ਰੀਮਤ ਨੂੰ।

ਦਰੋਗਾ―ਠੀਕ!.....ਹੱਛਾ.....। ਹੈਂ! ਕੀਹ ਮੈਂ ਤ੍ਰੀਮਤ ਦੇ ਲਹੂ ਨਾਲ ਹੱਥ ਰੰਗਾਂ? ਨਹੀਂ ਨਹੀਂ, ਕਦੇ ਨਹੀਂ। ਮੈਂ ਆਪਣੇ ਹੱਥ ਤੀਵੀਂ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ। ਪਰ ਮੈਂ ਮਾਲਕ ਨੂੰ ਕੀਹ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀ ਦੇ ਹਥੋਂ ਛਲਿਆ ਗਿਆ। ਤ੍ਰੀਮਤੇ! ਜੇ ਤੈਨੂੰ ਮਾਰਾਂ ਤਦ ਕਾਇਰ, ਜੇ ਛੱਡਾਂ, ਨਿਮਕ ਹਰਾਮ, ਜੇ ਮਾਲਕ ਦੱਸਾਂ ਤਦ ਉੱਲੂ।

ਤ੍ਰੀਮਤ―ਹੇ ਬਜ਼ੁਰਗ ਦਰੋਗੇ! ਘਬਰਾ ਨਹੀਂ, ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ, ਤੇਰਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਤੂੰ ਮਾਲਕ ਨੂੰ ਛੇਤੀ ਖ਼ਬਰ ਕਰ, ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘੁਰੇ ਵਿਚ ਆਪ ਨਾ ਆ ਵੜਦੀ, ਮੈਂ ਮਰਨਾ ਬਿਦ ਕੇ ਆਈ ਹਾਂ, ਮੈਂ ਕਿਸੇ ਦੁੱਖ ਤੋਂ, ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ। ਜੋ ਬਹਾਦੁਰ ਸ਼ਸਤ੍ਰ ਪਹਿਨਦਾ ਜੰਗ ਨੂੰ ਤੁਰਦਾ ਹੈ, ਉਹ ਦੁੱਖਾਂ ਨੂੰ ਸੱਜੇ ਹੱਥ ਅਰ ਮੌਤ ਨੂੰ ਖੱਬੇ ਹੱਥ ਪਰ ਧਰ ਲੈਂਦਾ ਹੈ। ਮੈਂ ਬਹਾਦੁਰ ਹਾਂ, ਕਿਉਂਕਿ ਮੈਂ ਇਕ ਜਾਨ ਬਚਾਈ ਹੈ, ਕਿਸੇ ਨੇ ਬੇਕਸੀ ਵਿਚ ਮੇਰੇ ਨਾਲ ਪਿਆਰ ਕੀਤਾ ਸੀ, ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲਕੇ ਨੇਕੀ ਕੀਤੀ ਹੈ।

ਇਸ ਤਰ੍ਹਾਂ ਦੇ ਵਾਕ ਸੁਣਕੇ ਦਰੋਗਾ ਹੱਕਾ ਬੱਕਾ ਰਹਿ ਗਿਆ, ਬਹੁਤ ਕੁਝ ਸੋਚਿਆ, ਪਰ ਕੁਝ ਨਾ ਫੁਰਿਆ, ਛੇਕੜ ​ਦਰਬਾਰ ਵਿਚ ਹਾਜ਼ਰ ਹੋਇਆ ਅਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿਸਾ ਅਮੀਰ ਸਾਹਿਬ ਦੇ ਕੰਨਾਂ ਤੱਕ ਪੁਚਾਇਆ। ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ, ਹੁਕਮ ਦਿੱਤਾ ਕਿ ਉਸ ਔਰਤ ਨੂੰ, ਜਿਸ ਵਿਚ ਇਤਨੀ ਕੁਰਬਾਨੀ ਹੈ, ਦਰਬਾਰ ਵਿਚ ਹਾਜ਼ਰ ਕਰੋ। ਉਸੇ ਵੇਲੇ ਦਰੋਗਾ ਦੌੜਿਆ ਗਿਆ ਅਰ ਤ੍ਰੀਮਤ ਦਰਬਾਰ ਵਿਚ ਲਿਆ ਹਾਜ਼ਰ ਕੀਤੀ। ਭਰੀ ਸਭਾ ਵਿਚ ਇਕੱਲੀ ਤ੍ਰੀਮਤ ਅਦਬ ਨਾਲ ਸਿਰ ਨੀਵਾਂ ਕਰ ਖੜੋ ਗਈ। ਅਮੀਰ ਸਾਹਿਬ ਨੇ ਪੁੱਛਿਆ "ਤੂੰ ਕੌਣ ਹੈਂ ਅਰ ਇਹ ਕੀ ਮਾਜਰਾ ਹੈ ਜੋ ਤੂੰ ਇਸਤਰ੍ਹਾਂ ਆਪਣੀ ਜਾਨ ਜੋਖੋਂ ਵਿਚ ਪਾਈ ਹੈ?"

ਤ੍ਰੀਮਤ―ਮੈਂ ਪੰਜਾਬ ਦੇਸ਼ ਦੇ ਇਕ ਸਿੱਖ ਦੀ ਪੁੱਤਰੀ ਹਾਂ, ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਅਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿਚ ਪਾਕੇ ਇਥੇ ਪੁਚਾਇਆ ਅਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ। ਇਸ ਕਹਿਰ ਹੇਠ ਵਿਕ ਕੇ ਮੈਂ ਇਸ ਖਾਨ ਸਾਹਿਬ ਦੇ ਘਰ ਪਹੁੰਚੀ, ਜਿਸਨੂੰ ਆਪ ਨੇ ਕਤਲ ਦੀ ਸਜ਼ਾ ਦਿੱਤੀ ਸੀ ਅਰੁ ਉਸਦੀ ਵਹੁਟੀ ਫਾਤਮਾ ਦੀ ਟਹਿਲਣ ਬਣੀ। ਭਾਵੇਂ ਉਹ ਮੇਰਾ ਮਾਲਕ ਨਹੀਂ, ਮੈਂ ਉਸ ਦੀ ਦਾਸੀ ਨਹੀਂ, ਮੈਂ ਇਕ ਬੇਗੁਨਾਹ ਦੁਖੀਆ ਹਾਂ, ਮਜ਼ਲੂਮ ਹਾਂ, ਪਰ ਫੇਰ ਬੀ ਉਸ ਦੀ ਵਹੁਟੀ ਦੇ ਨੇਕ ਸਲੂਕ ਦੀ ਹਿਸਾਨਵੰਦ ਹੋਕੇ ਮੈਂ ਉਸ ਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁੰਨ ਸਮਝਿਆ ਅਰ ਛੁਡਾਉਣ ਦੇ ਬੰਦੋਬਸਤ ਕੀਤੇ, ਪਰ ਕੁਝ ਪੇਸ਼ ਨਾ ਗਈ, ਛੇਕੜ ਆਪ ਤੋਂ ਇਹ ਆਗ੍ਯਾ ਮੰਗਵਾਈ ਕਿ ਫਾਤਮਾ ਖਾਂ ਸਾਹਿਬ ਨੂੰ ਮਿਲ ਲਵੇ। ਉਹ ਤ੍ਰੀਮਤ ਡਰਪੋਕ ਹੈ ਅਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਮੈਂ ਆਪ ਉਸਦੀ ਥਾਂ ਬੰਦੀ ਖਾਨੇ ਗਈ, ਖਾਂ ਨੂੰ ਜ਼ਨਾਨਾ ਭੇਸ ਕਰਾਕੇ ਬਾਹਰ ਭੇਜ ਦਿਤਾ ਅਰ ਮਰਦਾਨਾ ਭੇਸ ਕਰ ਬੈਠ ਰਹੀ, ਫੇਰ ਮੈਂ ਮਰਦਾਨਾ ਲਿਬਾਸ ਲਾਹਕੇ ਦੂਸਰਾ ਜ਼ਨਾਨਾ ਵੇਸ, ਜੋ ਨਾਲ ਲਿਆਈ ਸਾਂ, ਪਾ ਲਿਆ।

​ਅਮੀਰ―ਐ ਦਲੇਰ ਔਰਤ! ਤੂੰ ਬੜੀ ਬਹਾਦੁਰ ਹੈਂ ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ, ਮੇਰੀ ਅਕਲ ਹੈਰਾਨ ਹੈ ਤੇਰੇ ਕਰਤਬ ਉੱਤੇ, ਪਰ ਤੂੰ ਸਿੱਖ ਦੀ ਧੀ ਹੈਂ ਇਸ ਲਈ ਤੇਰਾ ਮਾਰਨਾ ਹੀ ਚੰਗਾ ਹੈ, ਪਰ ਤੇਰੀ ਬਹਾਦਰੀ ਦਾ ਇਨਾਮ ਨ ਦੇਵਾਂ ਤਦ ਬੀ ਹੈਫ਼ ਹੈ, ਸੋ ਮੰਗ ਕਿ ਮੈਂ ਤੈਨੂੰ ਕੀ ਦੇਵਾਂ?

ਤ੍ਰੀਮਤ―ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ, ਮੈਂ ਕੁਛ ਨਹੀਂ ਮੰਗਦੀ। ਹਾਂ, ਕੁਝ ਪੁੱਛਿਆ ਚਾਹੁੰਦੀ ਹਾਂ।

ਅਮੀਰ―ਕੀ ਪੁੱਛਿਆ ਚਾਹੁੰਦੀ ਹੈਂ?

ਤ੍ਰੀਮਤ―ਮੈਂ ਇਹ ਪੁੱਛਿਆ ਚਾਹੁੰਦੀ ਹਾਂ ਕਿ ਸਿੱਖਾਂ ਪਰ ਇੱਡਾ ਜ਼ੁਲਮ ਕਿਉਂ ਹੁੰਦਾ ਹੈ? ਕਿਆ ਸਿੱਖ ਆਦਮੀ ਨਹੀਂ?

ਅਮੀਰ―ਸਿਖ ਆਦਮੀ ਤਾਂ ਹਨ, ਪਰ ਲੁਟੇਰੇ ਹਨ। ਮੇਰੇ ਪੰਜਾਬ ਖੋਹਣ ਦੇ ਰਸਤੇ ਵਿਚ ਅਟਕਦੇ ਹਨ। ਵੈਸੇ ਓਹ ਕਾਫਰ ਹਨ, ਇਸ ਕਰਕੇ ਮਾਰਦਾ ਹਾਂ।

ਤ੍ਰੀਮਤ―ਸਿੱਖ ਲੁਟੇਰੇ ਨਹੀਂ ਹਨ। ਲੁਟੇਰੇ ਤੇਰੇ ਹਾਕਮ ਹਨ, ਜੋ ਪੰਜਾਬ ਵਿਚ ਪਰਜਾ ਨੂੰ ਲੁਟਦੇ ਹਨ। ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੈ। ਹਾਕਮਾਂ ਨੇ ਤੇ ਚੌਧਰੀਆਂ ਨੇ ਕਈ ਤ੍ਰੀਕੇ ਰੱਖੇ ਹੋਏ ਹਨ, ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁਟਦੇ ਅਰ ਪਰਜਾ ਨੂੰ ਵਰਾਨ ਕਰਦੇ ਹਨ। ਜਦ ਦੁਹਾਈ ਮਚਦੀ ਹੈ ਤਦ ਦੋਸ਼ ਸਿਖਾਂ ਦੇ ਸਿਰ ਥੱਪ ਦਿੰਦੇ ਹਨ ਅਰ ਬੇਗੁਨਾਹਾਂ ਨੂੰ ਫੜਕੇ ਮਾਰ ਦਿੰਦੇ ਹਨ। ਫਰਿਆਦ ਕੋਈ ਸੁਣਦਾ ਨਹੀਂ, ਜਿਸਨੂੰ ਕਹੋ ਉਹ ਆਪ ਉਹੋ ਜਿਹਾ ਉਪੱਦਰੀ ਹੁੰਦਾ ਹੈ। ਸਭ ਤੋਂ ਵੱਡੇ ਦਿੱਲੀ ਵਾਲੇ ਹਨ ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ। ਪਰਜਾ ਦੀ ਦੂਜੀ ਪਹੁੰਚ ਆਪ ਦੇ ਥਾਪੇ ਹਾਕਮਾਂ ਤਕ ਹੁੰਦੀ ਹੈ, ਉਹ ਵੀ ਉਹੋ ਜੇਹੇ ਹਨ। ਤੁਸੀਂ ਜਿੰਨੀ ਵੇਰ ਪੰਜਾਬ ਹਿੰਦੁਸਤਾਨ ਵਿਚ ਗਏ ਪਰਜਾਂ ਨੂੰ ਲੁੱਟ ਲੁੱਟ ਕੇ ​ਨਾਸ਼ ਕੀਤਾ ਅਰ ਆਪਣੇ ਖੀਸੇ ਭਰਕੇ ਕਾਬਲ ਦਾ ਰਸਤਾ ਫੜਿਆ। ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ। ਜੇ ਨਿਆਊਂ ਨਾਲ ਦੇਖੋ ਤਾਂ ਸਿਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ, ਉਨ੍ਹਾਂ ਨੂੰ ਲੁੱਟਦੇ ਅਰ ਉਨ੍ਹਾਂ ਦੀ ਮਿੱਟੀ ਪੁੱਟਦੇ ਹਨ। ਪੰਜਾਬ ਸਾਡਾ ਘਰ ਹੈ, ਵਤਨ ਹੈ, ਦੇਸ਼ ਹੈ। ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁਟੋ ਤੇ ਉਸ ਤੇ ਰਾਜ ਕਰੋ। ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪ੍ਰਾਧ ਨਹੀਂ। ਮੈਂ ਸੱਚ ਕਹਿ ਦਿੱਤਾ ਹੈ ਅਰ ਨਿਡਰ ਹੋਕੇ ਕਿਹਾ ਹੈ। ਜੋ ਮੌਤ ਤੋਂ ਨਿਡਰ ਹੈ ਓਹ ਕਾਸ ਤੋਂ ਡਰੇ? ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ, ਸੋ ਮੈਂ ਆਪ ਮੌਤ ਦੇ ਮੂੰਹ ਪਈ ਹਾਂ। ਮੇਰੀ ਇਕੋ ਡੰਝ ਬਾਕੀ ਸੀ ਕਿ ਆਪ ਦੇ ਕੰਨੀਂ ਇਹ ਸੱਚ ਦੀ ਅਵਾਜ਼ ਪੈ ਜਾਵੇ, ਸੋ ਮੈਂ ਪਾ ਦਿੱਤੀ ਹੈ। ਹੁਣ ਸੱਚ ਦੇ ਬੱਦਲੇ ਜੋ ਸਜ਼ਾ ਜੀ ਆਵੇ ਦਿਓ, ਮੈਂ ਹਾਜ਼ਰ ਖੜੀ ਹਾਂ। ਮੌਤ ਮੈਨੂੰ ਜੱਫੀ ਪਾਏ ਖੜੋਤੀ ਹੈ, ਮੈਂ ਮੌਤ ਦੀ ਗੋਦੀ ਵਿਚ ਬੈਠੀ ਹਾਂ, ਇਸ ਲਈ ਮੈਂ ਨਿਡਰ ਹਾਂ। ਜਿੰਦਾਂ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ, ਜਿੰਦ ਤੋਂ ਹੱਥ ਧੋਤੇ ਤਾਂ ਬੀਰ ਹੋ ਗਏ। ਆਪ ਬੜੇ ਬਲਵਾਨ ਹੋ, ਮੈਂ ਕੈਦੀ ਹਾਂ, ਪਰ ਮੈਂ ਸਿੱਖ ਦੀ ਧੀ ਹਾਂ, ਬਹਾਦਰਾਂ ਦੇ ਘਰ ਜੰਮੀ ਪਲੀ ਹਾਂ, ਮੈਂ ਸੱਚ ਨੂੰ ਪਿਆਰ ਕਰਦੀ ਹਾਂ। ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ।

ਦਰਬਾਰ ਦੇ ਮੁਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ ਥਰ ਕੰਬਦੇ ਹੁੰਦੇ ਸਨ ਅਰ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਇਸ ਦਲੇਰ ਕੰਨ੍ਯਾ ਦੇ ਬਚਨ ਸੁਣਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਲਾਇਤ ਅਰ ਕਿਸ ਜਿਨਸ ਵਿਚੋਂ ਹੈ ਕਿ ਇਸ ਤਰ੍ਹਾਂ ਨਿਡਰ ਹੋਕੇ ਐਡੇ ਸਖਤ ਪਾਤਸ਼ਾਹ ਦੇ ਸਾਹਮਣੇ ਬੋਲਦੀ ਹੈ। ਅਮੀਰ ਸਾਹਿਬ ਨੂੰ ਕੁੱਝ ਗੁੱਸਾ ਉਪਜਦਾ ਸੀ, ਕੁਝ ਦਯਾ ਆਉਂਦੀ ਸੀ ਤੇ ਕਿਸੇ ਵੇਲੇ ਪ੍ਯਾਰ ਬੀ ​ਉਪਜਦਾ ਸੀ। ਢੇਰ ਚਿਰ ਇਕਰ ਅਚੰਭਿਤ ਰਹਿਕੇ ਅਮੀਰ ਨੇ ਪੁਛਿਆ; ਐ ਦਲੇਰ ਔਰਤ! ਤੂੰ ਕੈਦ ਕਿੱਕੁਰ ਪੈ ਗਈ? ਇਹ ਸਮਝ, ਇਹ ਹੌਸਲਾ ਅਰ ਕੈਦ!

ਤ੍ਰੀਮਤ-ਅਮੀਰ ਸਾਹਿਬ! ਕੀ ਦੱਸਾਂ? ਆਪ ਦਾ ਇਕ ਫੌਜੀ ਅਫਸਰ ਘੋੜਾ ਦੁੜਾਏ ਜਾਂਦਾ ਸੀ, ਇਕ ਢੱਠੇ ਹੋਏ ਖੂਹ ਵਿਚ ਡਿਗ ਪਿਆ, ਮੈਂ ਉਸ ਨੂੰ ਡਿਗਦੇ ਡਿੱਠਾ, ਪਿੰਡੋਂ ਵਾਹਰ ਸੱਦ ਕੇ ਉਸ ਨੂੰ ਕਢਵਾਇਆ, ਅਠ ਦਸ ਦਿਨ ਉਸਦੀ ਖਾਤਰ ਇਲਾਜ ਮਾਲਜਾ ਕੀਤਾ, ਜਾਂ ਤਕੜਾ ਹੋਇਆ ਤਦ ਉਹ ਤੁਰ ਪਿਆ ਅਰ ਲੁਧਿਆਣੇ ਚਲਾ ਗਿਆ, ਜੋ ਸਾਡੇ ਪਿੰਡੋਂ ਕੁਛ ਦੂਰ ਵਾਟ ਪੁਰ ਹੈ। ਇਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕ੍ਰਿਪਾ ਦਾ ਮੈਂ ਧੰਨਵਾਦੀ ਹਾਂ, ਮੇਰੀ ਬੇਗ਼ਮ ਉਸਨੂੰ ਮਿਲਿਆ ਚਾਹੁੰਦੀ ਹੈ, ਜੇਕਰ ਤੁਸੀਂ ਉਸ ਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ। ਮੇਰੇ ਪਿਤਾ ਨੇ ਨਾਂਹ ਕਰ ਭੇਜੀ। ਫੇਰ ਦਸ ਦਿਨ ਮਗਰੋਂ ਉਹ ਆਪਣੀ ਵਹੁਟੀ ਸਮੇਤ ਸਾਡੇ ਪਿੰਡ ਪਹੁੰਚਾ ਅਰ ਵਹੁਟੀ ਉਸਦੀ ਮੈਨੂੰ ਮਿਲਣੇ ਆਈ। ਮੇਰਾ ਉਸਦਾ ਪਿਆਰ ਪੈ ਗਿਆ। ਇਕ ਦਿਨ ਮੈਂ ਉਸਨੂੰ ਮਿਲਣ ਉਸਦੇ ਤੰਬੂ ਵਿਚ ਗਈ, ਉਸ ਵੇਲੇ ਮੈਨੂੰ ਉਨ੍ਹਾਂ ਕੈਦ ਕਰ ਲਿਆ ਅਰ ਮੈਨੂੰ ਲੈਕੇ ਨੱਸ ਆਏ। ਉਹ ਤੀਮੀ ਜੋ ਉਸਦੀ ਵਹੁਟੀ ਸੀ ਕੋਈ ਓਪਰੀ ਤ੍ਰੀਮਤ ਸੀ, ਵਹੁਟੀ ਨਹੀਂ ਸੀ। ਸੋ ਉਹ ਤ੍ਰੀਮਤ ਤਾਂ ਖਿਸਕ ਗਈ, ਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਹਾ। ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਨੂੰ ਤੋਰ ਦਿਤਾ, ਇਸ ਹਫਲਾ ਤਫਲੀ ਵਿਚ ਮੈਂ ਪਿਛੇ ਰਹਿ ਗਈ। ਮੈਨੂੰ ਆਪ ਦੇ ਸਿਪਾਹੀਆਂ ਨੇ ਬੱਧੀ ਹੋਈ ਦੇਖ਼ਕੇ ਉਨ੍ਹਾਂ ਕੈਦੀਆਂ ਵਿਚ ਰਲਾ ਦਿਤਾ ਜੋ ਆਪ ਨੇ ਸਾਡੇ ਦੇਸ਼ ਵਿਚੋਂ (ਮਰਦ ਤ੍ਰੀਮਤਾਂ) ਫੜ ਆਂਦੇ ਸਨ, ਇਸ ਪਾਪ ਕਰਕੇ ਕਿ ਆਪਦਾ ਜੀ ਕਰ ਆਇਆ ਸੀ ਕਿ ਕੁਝ ​ਗੁਲਾਮ ਫੜ ਲਿਚੱਲੀਏ। ਮੈਂ ਬੀ ਹੋਰਨਾਂ ਵਾਂਗ ਇਥੇ ਵਿਕ ਗਈ ਉਸ ਦੁਸ਼ਟ ਦਾ ਫੇਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ, ਅਜ ਆਪ ਦੇ ਦਰਬਾਰ ਵਿਚ ਉਸਦੀ ਸੂਰਤ ਫਿਰ ਨਜ਼ਰ ਪਈ ਹੈ।

ਅਮੀਰ—ਕਿਹੜਾ ਹੈ?

ਤ੍ਰੀਮਤ (ਉਂਗਲ ਕਰਕੇ)—ਔਹ?

ਅਮੀਰ (ਉਸ ਵੱਲ ਮੂੰਹ ਕਰਕੇ)—ਫਿਟਕਾਰ ਹੈ ਤੈਨੂੰ ਐ ਮਲਊਨ (ਫਿਟਕਾਰੇ ਹੋਏ)! ਮਿਹਰਬਾਨੀ ਦਾ ਇਹ ਬਦਲਾ ਸੀ? ਲਾਅਨਤੇ ਖ਼ੁਦਾ ਬਰ ਤੋਂ (ਖ਼ੁਦਾ ਦੀ ਫਿਟਕਾਰ ਤੇਰੇ ਉਤੇ) ਅਰ ਹੋਰ ਬੀ ਗਾਲ੍ਹਾਂ ਦਿੱਤੀਆਂ ਅਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖ਼ਸ਼ੀ ਕੀਤੀ ਤੇ ਉਸ ਦੀ ਥਾਂ ਅੱਜ ਇਸ ਨੂੰ ਗੋਲੀ ਨਾਲ ਉਡਾ ਦਿਓ।

ਤ੍ਰੀਮਤ—ਅਮੀਰ ਸਾਹਿਬ! ਇਨ੍ਹਾਂ ਦੀ ਜਾਨ ਬਖਸ਼ੀ ਕਰੋ ਇਨ੍ਹਾਂ ਦੇ ਮਾਰੇ ਜਾਣ ਨਾਲ ਮੇਰੇ ਦੁਖੜੇ ਮੋੜੇ ਨਹੀਂ ਜਾ ਸਕਦੇ, ਖਾਂ ਸਾਹਿਬ ਦੀ ਥਾਂ ਮੈਨੂੰ ਮਾਰੋ, ਕਿਉਂਕਿ ਹੁਣ ਹੋਰ ਦੁਖੜੇ ਸਹਿਣੇ ਦੀ ਤਾਕਤ ਮੇਰੇ ਵਿਚ ਨਹੀਂ। ਮੇਰਾ ਮਾਰ ਦੇਣਾ ਬੀ ਐਸ ਵੇਲੇ ਪੁੰਨ ਹੈ, ਕਿਉਂਕਿ ਮਰਨੇ ਨਾਲ ਮੇਰੇ ਦੁਖ ਮੁੱਕ ਜਾਣਗੇ।

ਕਿ ਏਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਭਰ ਆਇਆ ਪਰ ਬੋਲਿਆ:—"ਹੇ ਤ੍ਰੀਮਤ! ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ, ਮੈਨੂੰ ਤੇਰੇ ਤੇ ਤਰਸ ਆ ਗਿਆ ਹੈ।"

ਤ੍ਰੀਮਤ—ਮੇਰੀ ਫਾਤਮਾ ਦੇ ਸੁਆਮੀ ਖਾਂ ਸਾਹਿਬ ਦੀ ਜਾਨ ਬਖਸ਼ੀ ਕਰੋ ਅਰ ਕੈਦਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ। ਬੱਸ ਹੋਰ ਮੈਨੂੰ ਕੁਝ ਲੋੜ ਨਹੀਂ। ਜੇਕਰ ਆਪ ਬਹੁਤ ਦਿਆਲ ਹੋਏ ਹੋ ਤਾਂ ਮੈਨੂੰ ਮੇਰੇ ਘਰ ਪੁਚਾ ਦਿਓ।

ਅਮੀਰ—ਐ ਸ਼ੇਰ ਦਿਲ ਕੰਨ੍ਯਾ ਤੇਰੇ ਗੁਣ ਦੇਖਕੇ ਮੇਰੀ ​ਅਕਲ ਦੰਗ ਹੋ ਗਈ ਹੈ, ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ, ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ ਕਿਉਂਕਿ ਤੇਰੇ ਜੇਹੀ ਜਾਂ-ਨਿਸਾਰ (ਆਪਾ ਵਾਰੂ) ਕੁੜੀ ਮਿਲਨੀ ਕਠਨ ਹੈ, ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁਖਾਂ ਦੇ ਭੰਡਾਰ ਖੋਲ੍ਹ ਦਿੰਦਾ ਹਾਂ, ਤੂੰ ਮੇਰੀ ਬੇਗ਼ਮ ਹੋਕੇ ਸੰਸਾਰ ਪੁਰ ਬਿਰਾਜ ਅਰ ਆਪਣੇ ਜੀਵਨ ਦੀ ਮੌਜ ਲੈ।

ਇਹ ਕਹਿੰਦੇ ਹੀ ਸੈਨਤ ਕੀਤੀ, ਝੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਏ, ਹਰਮਸਰਾ (ਜ਼ਨਾਨੇ ਮਹਲ) ਵਿਚ ਜਾ ਪਚਾਇਆ। ਅਗੇ ਗੋਲੀਆਂ ਹਾਜ਼ਰ ਹੋ ਗਈਆਂ। ਇਕ ਉਤਮ ਮਕਾਨ ਵਿਚ ਵਾਸਾ ਮਿਲਿਆ, ਧਨ ਪਦਾਰਥ ਗਹਿਣੇ ਕਪੜੇ ਸਭ ਅੱਗੇ ਧਰੇ ਗਏ ਤੇ ਸਤਵੰਤ ਕੌਰ ਜੋ ਪੰਜ ਰੁਪਏ ਦੀ ਦਾਸੀ ਬਣਕੇ ਬੱਕਰੀ ਵਾਂਗ ਵਿਕੀ ਸੀ, ਅੱਜ ਮਹਿਲਾਂ ਵਿਚ ਪਹੁੰਚੀ ਹੈ।

ਕਾਂਡ ੫.

ਸਤਵੰਤ ਕੌਰ ਮਹਿਲੀਂ ਪਹੁੰਚ ਗਈ, ਪਰ ਉਥੇ ਕੀ ਕੀਤੋ ਸੁ, ਰੋਈ ਪਿੱਟੀ ਉਦਾਸ ਹੋਈ? ਹਾਂ ਪਹਿਲੇ ਤਾਂ ਕੁਛ ਦਿਲਗੀਰ ਹੋਈ, ਪਰ ਫੇਰ ਤਾਂ ਉਸਦਾ ਚਿਹਰਾ ਟਹਿਕ ਆਇਆ, ਜਿੱਕੁਰ ਬੱਦਲੀ ਸੂਰਜ ਅਗੋਂ ਹਟ ਜਾਵੇ ਤਾਂ ਧੁੱਪ ਚਮਕ ਉਠਦੀ ਹੈ। ਪੱਕੇ ਦਿਲ ਤੋਂ ਬੇਪਰਵਾਹੀ ਦੀ ਸੁਰ ਨਾਲ ਮਹਿਲ ਵਿਚ ਜਾ ਬੈਠੀ। ਕਪੜੇ ਬਦਲ ਲਏ, ਸੂਰਤ ਵਟਾ ਲਈ। ਗੋਲੀਆਂ ਬਾਂਦੀਆਂ ਨੂੰ ਹੁਕਮ ਹੇਠ ਕਰ ਲਿਆ। ਸਾਰੇ ਮਹਿਲ ਦੇ ਕਮਰੇ ਫਿਰ ਫਿਰ ਕੇ ਝਟ ਪਟ ਦੇਖ ਲਏ। ਕੋਈ ਜਾਣੇ ਜੋ ਸਦਾ ਦੀ ਇਥੇ ਰਹਿੰਦੀ ਸੀ। ਟਹਿਲ ਵਾਲੀਆਂ ਨੂੰ ਅੱਡ ਅੱਡ ਕੰਮੀ ਲਾ ਦਿੱਤਾ ਤੇ ਆਪ ਇਕੱਲੀ ਹੋਕੇ ਕੁਝ ਅਸਚਰਜ ਕੰਮ ਕਰਦੀ ਰਹੀ। ਜਦ ਰਾਤ ਹੋਈ ਅਮੀਰ ਸਾਹਿਬ ਮਹਿਲੀਂ ਆਏ, ਆਕੇ ਬੈਠ ਗਏ, ਸਤਵੰਤ ਕੌਰ ਨੂੰ ਵੇਖਕੇ ​ਪ੍ਰਸੰਨ ਹੋਏ। ਸਿਆਣੀ ਮਾਲਣ ਬੀ ਫੁੱਲਾਂ ਦੀ ਟੋਕਰੀ ਲੈ ਆਈ ਉਧਰ ਨਿਕਾਹ ਪੜਨ ਵਾਸਤੇ ਕਾਜ਼ੀ ਆ ਗਿਆ ਅਚਾਨਕ ਸਾਰਾ ਕਮਰਾ ਧੂੰਏਂ ਨਾਲ ਭਰ ਗਿਆ। ਅਮੀਰ ਸਾਹਿਬ ਬੀ ਘਬਰਾ ਗਏ ਅਰ ਸਤਵੰਤ ਕੌਰ ਬੀ ਘਾਬਰੀ। ਘਾਬਰੀ ਬੀ ਐਸੀ ਕਿ ਕਦੀ ਕਿਧਰੇ ਅਰ ਕਦੀ ਕਿਧਰੇ ਦੇਖਦੀ ਫਿਰੇ ਛੇਕੜ ਇਕ ਕਮਰੇ ਦਾ ਬੂਹਾ ਖੋਲ੍ਹਿਆ, ਤਦ ਤਾਂ ਧੂੰਏਂ ਦਾ ਬੱਦਲ ਹੀ ਉਧਰੋਂ ਆ ਵੜਿਆ ਅਰ ਦੂਜੀ ਪਲ ਵਿਚ ਭਬਾਕੇ ਮਾਰਦੀ ਅੱਗ ਦਾ ਭਾਰਾ ਭਾਂਬੜ ਇਸ ਕਮਰੇ ਵੱਲ ਆਇਆ ਅਰ ਏਧਰ ਬੀ ਅੱਗ ਫੈਲੀ। ਇਸ ਵੇਲੇ ਐਸੀ ਹਫਲਾ ਤਫਲੀ ਮਚੀ ਅਤੇ ਹਲਚਲ ਪਈ ਕਿ ਕਿਸੇ ਨੂੰ ਕੁਝ ਨਾ ਸੁੱਝਾ, ਆਪਣੀ ਆਪਣੀ ਜਿੰਦ ਬਦਲੇ ਸਭ ਉਠ ਨਸੇ। ਗੋਲੀਆਂ ਕਿਤੇ ਤੇ ਬਾਂਦੀਆਂ ਕਿਤੇ, ਅਮੀਰ ਸਾਹਿਬ ਕਿਤੇ ਤੇ ਸਤਵੰਤ ਕੌਰ ਕਿਤੇ। ਇਸ ਭੜਥੂ ਤਤੇ ਨੇ ਸਾਰੇ ਮਹਿਲ ਦੇ ਪਹਿਰੇਦਾਰਾਂ ਤੇ ਫੌਜੀਆਂ ਵਿਚ ਹਫਲਾ ਤਫਲੀ ਪਾ ਦਿਤੀ। ਸਭ ਉਧਰ ਨੂੰ ਦੌੜੇ, ਕਿਉਂਕਿ ਅਮੀਰ ਸਾਹਿਬ ਦੇ ਉਧਰ ਹੋਣ ਦਾ ਪਤਾ ਸਭ ਨੂੰ ਸੀ। ਸਤਵੰਤ ਕੌਰ ਇਸ ਹਫਲਾ ਤਫਲੀ ਵਿਚ ਦਾਉ ਬਚਾਉਂਦੀ ਕਿਤੇ ਚੁੱਪ ਕਿਤੇ ਰੌਲਾ ਮਚਾਉਂਦੀ ਪਾਤਸ਼ਾਹੀ ਮਹਿਲ ਵਿਚੋਂ ਨਿਕਲ ਗਈ। ਬਹੁਤ ਚਿਰ ਬਾਦ ਅੱਗ ਬੁਝੀ ਤੇ ਸਾਰੇ ਟਿਕਾਣੇ ਸਿਰ ਦੂਸਰੇ ਪਾਸੇ ਜਾ ਟਿਕੇ ਤਾਂ ਅਮੀਰ ਨੇ ਕੁੜੀ ਬਾਬਤ ਪੁਛਿਆ, ਪਰ ਕੋਈ ਉੱਤਰ ਨਾ ਦੇ ਸਕਿਆ। ਕਹਿਰਵਾਨ ਹੋ ਕੇ ਅਮੀਰ ਨੇ ਤਲਾਸ਼ ਕਰਨ ਦਾ ਹੁਕਮ ਦਿੱਤਾ। ਸਭ ਮਕਾਨ ਕਮਰੇ ਦੇਖੇ ਗਏ, ਪਤਾ ਨ ਲੱਗਾ; ਆਸ ਪਾਸ ਢੂੰਡਿਆ, ਥਹੁ ਨਾ ਲੱਗਾ। ਹੁਣ ਸੜੇ ਹੋਏ ਮਕਾਨ ਦੀ ਤਲਾਸ਼ ਸ਼ੁਰੂ ਹੋਈ, ਸੁਆਹ ਪੱਟੀ ਗਈ। ਨਾ ਸਤਵੰਤ ਕੌਰ ਨਾ ਉਸਦੀ ਹਡੀ ਹੀ ਲੱਭੀ। ਅਮੀਰ ਸਾਹਿਬ ਬੜੇ ਘਾਬਰੇ, ਸਾਰੇ ਨੌਕਰ ਚਾਕ੍ਰ ਚੱਕ੍ਰਾਏ ਕਿਸੇ ਦੀ ਅਕਲ ਕੰਮ ਨਾ ਕਰੇ ਕਿ ਕੀਹ ਹੋ ਗਿਆ ਅਰ ਕੀਹ ਨਹੀਂ ਹੋਇਆ, ਬਾਰੇ ਸੋਚਣ, ਪਰ ਸਿਰ ਧੁਨ ​ਧੁਨ ਕੇ ਰਹਿ ਜਾਣ। ਛੇਕੜ ਸਿਆਣਿਆਂ ਨੇ ਸੋਚਿਆ ਕਿ ਮਤਾ ਕਿਤੇ ਬਾਹਰ ਨਿਕਲ ਗਈ ਹੋਵੇ, ਇਸ ਲਈ ਚਾਰ ਚੁਫੇਰੇ ਸਵਾਰ ਦੁੜਾਏ। ਕੁਝ ਸਵਾਰ ਹਵਾ ਵਾਂਗ ਉਡ ਗਏ ਅਰ ਦੂਰ ਦੂਰ ਤਕ ਭਾਲ ਕਰਦੇ ਫਿਰੇ, ਪਰ ਇਕ ਜਣੇ ਨੂੰ ਨੇੜੇ ਵਾਰ ਹੀ ਸਤਵੰਤ ਕੌਰ ਦਾ ਰੇਸ਼ਮੀ ਦੁਪੱਟਾ ਸੜਿਆ ਲੱਭਾ, ਇਕ ਗਹਿਣਾ ਭੀ ਧੁਆਂਖਿਆ ਹੋਇਆ ਹੱਥ ਆਇਆ। ਜਦ ਏਹ ਚੀਜ਼ਾਂ ਅਮੀਰ ਪਾਸ ਪਹੁੰਚਾਈਆਂ ਗਈਆਂ ਅਰ ਪਛਾਣੀਆਂ ਗਈਆਂ ਤਾਂ ਸਭ ਨੇ ਇਹ ਸਿੱਟਾ ਕੱਢਿਆ ਕਿ ਉਸ ਦੇ ਕਪੜਿਆਂ ਨੂੰ ਅੱਗ ਲੱਗ ਗਈ ਅਰ ਘਬਰਾ ਵਿਚ ਦੌੜੀ ਫਿਰੀ ਹੈ ਤੇ ਸੜਕੇ ਕਿਸੇ ਟੋਏ ਖੁੜੱਲ ਵਿਚ ਡਿਗ ਪਈ ਹੋਣੀ ਹੈ, ਇਸ ਲਈ ਹੋਰ ਮਿਹਨਤ ਨਾਲ ਤਲਾਸ਼ ਅਰੰਭ ਹੋਈ।

ਇਧਰ ਦਾ ਹਾਲ ਸੁਣੋ ਕਿ ਸਤਵੰਤ ਕੌਰ ਮਹਿਲੋਂ ਨਿਕਲਦੀ ਇਕ ਉਜਾੜ ਬੀਆਬਾਨ ਵਿਚ ਪਹੁੰਚੀ ਤੇ ਉਥੇ ਬੈਠੀ ਮਨ ਨਾਲ ਗਿਣਤੀਆਂ ਗਿਣ ਰਹੀ ਹੈ:— ਮੈਂ ਕੀਹ ਕੀਤਾ? ਚੰਗਾ ਹੀ ਕੀਤਾ। ਦੁਸ਼ਟ ਦੇ ਪੰਜਿਓਂ ਨਿਕਲ ਆਈ। ਮੈਂ ਅਞਾਣੀ ਕੁੜੀ ਸਾਂ। ਮੈਂ ਐਸੀਆਂ ਅਕਲਾਂ ਕਿਥੋਂ ਸਿਖ ਗਈ? ਲੋੜਾਂ ਨੇ ਸਭ ਕੁਝ ਸਿਖਾ ਦਿੱਤਾ, ਔਕੜਾਂ ਨੇ ਮੈਨੂੰ ਛਲੀਆ ਤੇ ਚਲਾਕ ਬਣਾ ਦਿੱਤਾ, ਪਰ ਹੁਣ ਸੋਚ ਵਾਲੀ ਗਲ ਇਹ ਹੈ ਕਿ ਮੈਂ ਪਾਪ ਤਾਂ ਨਹੀਂ ਕਰ ਬੈਠੀ?

ਪਹਿਲੇ ਮੈਂ ਆਪਣੀ ਪਿਆਰੀ ਦੇ ਮਾਲਕ ਦੀ ਜਿੰਦ ਬਚਾਈ, ਮੈਂ ਕੋਈ ਪਾਪ ਨਹੀਂ ਕੀਤਾ। ਜਿਸ ਦਾ ਲੂਣ ਖਾਧਾ ਉਸਦਾ ਭਲਾ ਕਰਨਾ ਚਾਹੀਏ। ਪਿਤਾ ਜੀ ਕਿਹਾ ਕਰਦੇ ਸਨ ਕਿ ਸਿੱਖਾਂ ਦਾ ਧਰਮ ਇਹ ਹੈ ਕਿ ਕਿਰਤ ਕਰਕੇ, ਕਮਾਕੇ ਖਾਣ, ਜੇ ਨੌਕਰੀ ਕਰਨ ਤਾਂ ਮਾਲਕ ਦੇ ਪਾਣੀ ਦੀ ਥਾਂ ਲਹੂ ਡੋਲ੍ਹਣ, ਸੋ ਮੈਂ ਤਾਂ ਭਾਵੇਂ ਨੌਕਰ ਬੀ ਨਹੀਂ ਸਾਂ ਤਾਂ ਬੀ ਅੰਗ ਪਾਲਿਆ ਹੈ। ਦੂਜਾ ਕੰਮ ਅਜ ਮਹਿਲ ਨੂੰ ਮੈਂ ਅੱਗ ਲਾਈ, ਪਰ ਅੱਗ ਲਾਉਣ ​ਵਿਚ ਮੈਂ ਕਿਸੇ ਦੀ ਜਿੰਦ ਨੂੰ ਦੁੱਖ ਨਹੀਂ ਦਿਤਾ। ਮੈਂ ਮਹਿਲ ਦੇ ਸੜਨ ਵਾਲੇ ਕਮਰੇ ਏਸ ਤਰ੍ਹਾਂ ਖਾਲੀ ਕਰਾ ਦਿਤੇ ਸਨ ਕਿ ਕਿਸੇ ਜਾਨ ਨੂੰ ਔਖ ਨਾ ਪਹੁੰਚੇ। ਮਕਾਨ ਸੜਿਆ, ਪਰ ਇਹ ਪਾਪ ਨਹੀਂ। ਮੈਂ ਆਪਣਾ ਜਤ ਸਤ ਬਚਾ ਲਿਆ। ਮੇਰੇ ਵਿਚ ਐਨੀ ਹਿੰਮਤ ਕਿਥੇ ਸੀ, ਐਨੀ ਅਕਲ ਕਿਥੇ ਸੀ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਸੋਚਣ ਦੀ ਗਲ ਇਹ ਹੈ ਕਿ ਮੈਂ ਕੀ ਕਰਾਂ? ਐਸ ਵੇਲੇ ਮੈਂ ਸੁਤੰਤ੍ਰ ਹਾਂ, ਮੈਂ ਪੰਜਾਬ ਵਿਚ ਕਿੱਕੁਰ ਜਾਵਾਂ? ਕਿੱਕੁਰ ਵਲਿੱਖਾਂ ਨੂੰ ਚੀਰਾਂ? ਕਿਥੇ ਕਾਬਲ ਕਿਥੇ ਪੰਜਾਬ! ਐਡਾ ਪੈਂਡਾ ਕੌਣ ਮੁਕਾਵੇ? ਫੇਰ ਰਸਤਾ ਬੜਾ ਔਖਾ, ਖੂੰਖਾਰ ਲੋਕ, ਰਸਤੇ ਵਿਚ ਚੋਰ ਧਾੜਵੀ ਦਾ ਡਰ। ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲਏ। ਮੈਂ ਕੀ ਕਰਾਂ? ਫਾਤਮਾ ਦੇ ਘਰ ਗਈ ਤਦ ਉਨ੍ਹਾਂ ਨੇ ਢੋਈ ਨਹੀਂ ਦੇਣੀ, ਕਹਿਣਗੇ ਇਹ ਪਾਤਸ਼ਾਹ ਦੀ ਗੁਨਾਹਗਾਰ ਹੈ, ਮਤਾਂ ਮੈਨੂੰ ਫੜਾ ਦੇਣ। ਹੋਰ ਕੋਈ ਵਾਕਫ ਨਹੀਂ, ਜਾਣੂੰ ਨਹੀਂ, ਕਿਸ ਪਾਸ ਫਰਿਆਦ ਕਰਾਂ? ਕਿਸਦਾ ਆਸਰਾ ਲਵਾਂ? ਹੇ ਅਕਾਲ ਪੁਰਖ! ਮੈਂ ਕਿਥੇ ਫਸ ਗਈ? ਤੂੰ ਬੜਾ ਦਿਆਲੂ ਹੈਂ, ਕੋਈ ਮੇਰਾ ਉਪਰਾਲਾ ਕਰ ਜੋ ਇਸ ਔਕੜ ਵਿਚੋਂ ਨਿਕਲਾਂ। ਜਾਂ ਮੇਰਾ ਸ਼ਰੀਰ ਹੀ ਚਲ ਜਾਵੇ ਜੋ ਦੁਖੜਿਆਂ ਤੋਂ ਛੱਟਾਂ।

ਸਤਵੰਤ ਕੌਰ ਇਸ ਤਰ੍ਹਾਂ ਸੋਚਾਂ ਵਿਚ ਡੁੱਬੀ ਹੋਈ ਢੇਰ ਸਾਰਾ ਚਿਰ ਪਈ ਰਹੀ, ਪਰ ਕੋਈ ਗਲ ਨਾ ਆਹੁੜੀ। ਛੇਕੜ ਵਿਚਾਰੀ ਨੂੰ ਇਕੋ ਹੀ ਰਸਤਾ ਨਜ਼ਰ ਆਵੇ ਕਿ ਫਾਤਮਾ ਦੇ ਘਰ ਜਾਕੇ ਯਤਨ ਕਰਾਂ, ਜੋ ਖ਼ਬਰੇ ਤਰਸ ਖਾਕੇ ਉਹ ਕੁਝ ਸਹੈਤਾ ਕਰੇ। ਇਸ ਗਲ ਪੁਰ ਉਸਨੂੰ ਪੱਕਾ ਨਿਸਚਾ ਸੀ ਕਿ ਖਾਨ ਸਾਹਿਬ ਸ਼ਾਇਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਤਸ਼ਾਹ ਤੋਂ ਡਰਨਗੇ। ਪਰ ਉਸ ਨੂੰ ਫਾਤਮਾ ਪਰ ਕੁਛ ਭਰੋਸਾ ਪੈਂਦਾ ਸੀ, ਇਸ ਲਈ ਹੁਣ ਜੁਗਤਾਂ ਸੋਚਣ ਲਗੀ ਕਿ ਐਸੇ ਢੰਗ ਨਾਲ ਘਰ ​ਪਹੁੰਚਾਂ, ਜੋ ਬਿਨਾਂ ਫਾਤਮਾਂ ਦੇ ਕਿਸੇ ਨੂੰ ਪਤਾ ਨਾਂ ਲਗੇ। ਸੋ ਵਿਚਾਰੀ ਢੰਗ ਸੋਚਦੀ ਉਸਦੇ ਘਰ ਨੂੰ ਗਈ, ਅਗੋਂ ਬੂਹੇ ਬੰਦ ਸਨ। ਇਹ ਵਿਚਾਰੀ ਇਕ ਵਧਾ ਦੇ ਹੇਠਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋਕੇ ਪੈ ਰਹੀ, ਐਉਂ ਜਾਪਦਾ ਸੀ ਕਿ ਕੋਈ ਪੱਥਰ ਪਿਆ ਹੈ। ਕਈ ਤ੍ਰੈ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ। ਦੂਰੋਂ ਚਾਨਣਾਂ ਦਿਸਿਆ, ਸਤਵੰਤ ਕੌਰ ਦਾ ਕਲੇਜਾ ਮੁੱਠ ਵਿਚ ਆ ਗਿਆ ਅਰ ਸਮਝ ਗਈ ਕਿ ਮੇਰੀ ਭਾਲ ਵਿਚ ਕੋਈ ਆਇਆ ਹੈ। ਇਹ ਸੋਚਕੇ ਉਥੋਂ ਉਠੀ ਅਰ ਸਾਮ੍ਹਣੇ ਜਾ ਖਲੋਤੀ। ਇਕ ਘਰ ਬੜਾ ਪੁਰਾਣਾ ਜਿਹਾ ਸੀ ਅਰ ਇਸ ਦਾ ਇਕ ਬੁਖਾਰਚੇ ਦੀ ਵਜ੍ਹਾ ਦਾ ਵਧਿਆ ਹੋਇਆ ਹਿੱਸਾ ਸੱਖਣਾ ਤੇ ਉਹਲੇ ਵਾਰ ਸੀ, ਪਰ ਇਸ ਪੂਰ ਚੜ੍ਹਨਾ ਕਠਨ ਸੀ। ਸਤਵੰਤ ਕੌਰ ਦੇਖਦੀ ਸੀ ਕਿ ਇਹ ਥਾਂ ਤਾਂ ਬਚਾਉ ਦੀ ਹੈ ਪ੍ਰੰਤੂ ਚੜ੍ਹਨੇ ਦਾ ਢਬ ਨਾ ਲੱਭੇ। ਜਿੰਦ ਬੜੀ ਪਿਆਰੀ ਚੀਜ਼ ਹੈ, ਆਪਣਾ ਬਚਾਉ ਆਪ ਕੱਢ ਲੈਂਦੀ ਹੈ। ਆਪਣੇ ਉਪਰਲੇ ਤਿੰਨ ਕਪੜੇ ਇਕ ਦੂਜੇ ਨੂੰ ਬੰਨ੍ਹਕੇ, ਇਕ ਸਿਰੇ ਤੇ ਇੱਟ ਜਿਹਾ ਰੋੜਾ ਬੰਨ੍ਹਿਆਂ, ਅਰ ਉਸ ਵਧਾ ਦੇ ਥੰਮੇ ਦੇ ਦੁਆਲੇ ਐਕੁਰ ਸਿਟਿਆ ਕਿ ਦੂਜਾ ਸਿਰਾ ਆਪਣੇ ਹੱਥ ਆ ਗਿਆ, ਉਸ ਨੂੰ ਕਾਬੂ ਕਰਕੇ ਤੇ ਪੈਰ ਕੰਧ ਨੂੰ ਦੇਕੇ ਚੜ੍ਹ ਗਈ ਅਰ ਉਤੇ ਲੁਕਕੇ ਹੋ ਬੈਠੀ। ਹੁਣ ਸਤਵੰਤ ਕੌਰ ਹੇਠਲਾ ਹਾਲ ਦੇਖਦੀ ਸੀ, ਪਰ ਉਸ ਨੂੰ ਕੋਈ ਨਹੀਂ ਸੀ ਦੇਖਦਾ।

ਪਲੋ ਪਲੀ ਵਿਚ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਿਸਾਲਾਂ ਲਈ ਆ ਗਏ ਹਨ। ਇਨ੍ਹਾਂ ਨੇ ਖਾਨ ਸਾਹਿਬ ਦਾ ਬੂਹਾ ਖੁਲ੍ਹਾਕੇ ਪੁੱਛਿਆ ਕਿ ਸਿੱਖ ਲੜਕੀ ਏਧਰ ਤਾਂ ਨਹੀਂ ਆਈ? ਉਨ੍ਹਾਂ ਨੇ ਸਾਰੇ ਘਰ ਦੀ ਤਲਾਸ਼ੀ ਬੀ ਲਈ, ਪੱਤਾ ਪੱਤਾ ਢੂੰਡਿਆ, ਹਰ ਨੁੱਕਰ, ਹਰ ਥਾਂ ਦੇਖਿਆ ਪਰ ਸਿੱਖ ਕੰਨ੍ਯਾਂ ਦਾ ਮੁਸ਼ਕ ਨਾ ਪਾਇਆ। ਅੱਕਕੇ ਹਾਰਕੇ ਤੁਰ ਗਏ। ਸਤਵੰਤ ਕੌਰ ​ਸਾਹ ਵੱਟ ਕੇ ਦੇਖਦੀ ਰਹੀ। ਦਿਲ ਧੜਕਦਾ ਹੈ; ਸਹਿਮ ਚਿੰਤਾ ਨੇ ਡੇਰੇ ਲਾ ਰਖੇ ਹਨ, ਨਿਰਾਸ਼ਾ ਤੇ ਆਸਾ ਦਾ ਘੋਲ ਹੋ ਰਿਹਾ ਹੈ।

ਤਾਰੇ ਗਿਣਦਿਆਂ ਤੇ ਗਿਣਤੀਆਂ ਕਰਦਿਆਂ ਰਾਤ ਦਾ ਹਨੇਰਾ ਘਟ ਗਿਆ ਤੇ ਪਹੁ ਫੁਟਾਲਾ ਆ ਗਿਆ। ਸਤਵੰਤ ਕੌਰ ਨੇ ਡਿੱਠਾ ਕਿ ਖਾਨ ਸਾਹਿਬ ਬੰਦੂਕ ਲੈਕੇ ਤੇ ਪੰਜ ਚਾਰ ਟਹਿਲ ਵਾਲੇ ਨਾਲ ਕਰਕੇ ਘਰੋਂ ਨਿਕਲੇ ਹਨ, ਇਨ੍ਹਾਂ ਦੇ ਮਗਰੋਂ ਦੋ ਕੁ ਨੌਕਰ ਬਜ਼ਾਰ ਨੂੰ ਗਏ। ਹੁਣ ਸਤਵੰਤ ਕੌਰ ਨੇ ਲੇਖਾ ਲਾਕੇ ਸਮਝ ਲਿਆ ਕਿ ਆਦਮੀ ਨੌਕਰ ਘਰ ਵਿਚ ਕੋਈ ਨਹੀਂ ਰਿਹਾ ਤ੍ਰੀਮਤਾਂ ਹਨ, ਸੋ ਆਪੋ ਆਪਣਿਆਂ ਕਮਰਿਆਂ ਵਿਚ ਹੋਣਗੀਆਂ ਫਾਤਮਾ ਦੇ ਅੰਦਰ ਕੋਈ ਨਹੀਂ ਹੋਣਾ, ਇਹ ਵੇਲਾ ਹੈ ਸੋ ਮੈਂ ਆਪਣੀ ਸੁਆਣੀ ਨੂੰ ਜਾ ਮਿਲਾਂ ਤਾਂ। ਇਹ ਵਿਚਾਰ ਕਰਕੇ ਹੇਠ ਉਤਰੀ ਅਰ ਅਪਣੇ ਕਪੜੇ ਵਲ੍ਹੇਟ ਵਲ੍ਹਾਟ ਹੋਰ ਤਰ੍ਹਾਂ ਦਾ ਮੂੰਹ ਕਰਕੇ ਸਿਰ ਤੇ ਬੀ ਕਪੜਾ ਵਲ੍ਹੇਟ ਕੇ ਚੁਪ ਕੀਤੀ ਅੰਦਰ ਵੜ ਗਈ ਅਰ ਸਾਹ ਵੱਟਕੇ ਕਦਮ ਰੱਖਦੀ ਗੋਲੀਆਂ ਦੀ ਨਜ਼ਰੋਂ ਬਚਦੀ ਫਾਤਮਾ ਦੇ ਅੰਦਰ ਜਾ ਵੜੀ। ਨੀਂਗਰ ਤਾਂ ਸੁੱਤਾ ਪਿਆ ਸੀ, ਪਰ ਫਾਤਮਾ ਉਠੀ ਬੈਠੀ ਸੀ।

ਇਹ ਅਚਰਜ ਸੂਰਤ ਵੇਖਕੇ ਫਾਤਮਾ ਡਰ ਗਈ ਅਰ ਚੀਕ ਮਾਰਕੇ ਦੁਹਾਈ ਦੇਣ ਲਗੀ ਹੀ ਸੀ ਕਿ ਸਤਵੰਤ ਕੌਰ ਨੇ ਸੈਨਤ ਮਾਰੀ ਔਰ ਛੇਤੀ ਨਾਲ ਮੂੰਹ ਨੰਗਾ ਕਰਕੇ ਦਿਖਾਲਿਆ, ਜਿਸ ਤੋਂ ਫਾਤਮਾ ਨੂੰ ਠੰਢ ਤਾਂ ਪੈ ਗਈ, ਪਰ ਹੈਰਾਨੀ ਲਗ ਗਈ ਕਿ ਇਹ ਤਾਂ ਅਮੀਰ ਸਾਹਿਬ ਦੀ ਬੇਗਮ ਬਣਦੀ ਸੁਣੀ ਸੀ ਐਥੇ ਮੇਰੇ ਪਾਸ ਕੀਕੂੰ ਆ ਗਈ ਹੈ! ਰਾਤੀਂ ਸਿਪਾਹੀ ਇਸੇ ਦੀ ਭਾਲ ਵਿਚ ਆਏ ਸਨ! ਅਚੰਭਾ ਹੋਕੇ ਪੁੱਛਣ ਲੱਗੀ:—

ਫਾਤਮਾ—ਪਿਆਰੀ! ਤੂੰ ਕਿੱਥੋਂ?

ਸਤਵੰਤ ਕੌਰ—ਸੁਆਣੀ ਜੀ ਆਪ ਪਾਸ ਸਿਰ ਲੁਕਾਉਣ ​ਆਈ ਹਾਂ।

ਫਾਤਮਾ—ਕੀ ਤੈਨੂੰ ਅਮੀਰ ਸਾਹਿਬ ਨੇ ਕੱਢ ਦਿੱਤਾ ਹੈ?

ਸਤਵੰਤ—ਨਹੀਂ, ਮੈਂ ਤਾਂ ਨੱਸਕੇ ਆ ਗਈ ਹਾਂ!

ਫਾਤਮਾ—ਕਿਉਂ, ਬੇਗ਼ਮ ਹੋਣਾ ਛੱਡਕੇ ਨੱਸੀ ਹੈਂ?

ਸਤਵੰਤ ਕੌਰ—ਮੈਂ ਸਿੱਖ ਕੰਨ੍ਯਾਂ ਹਾਂ, ਮੇਰਾ ਸਰੀਰ ਪਵਿੱਤ੍ਰ ਹੈ। ਮੈਂ ਕਿਸੇ ਦੇ ਜ਼ੋਰ ਜ਼ੁਲਮ ਹੇਠ ਧਰਮ ਨਹੀਂ ਹਾਰ ਸਕਦੀ।

ਫਾਤਮਾ(ਹੈਰਾਨ ਹੋਕੇ)—ਸਤਵੰਤ ਕੌਰ, ਤੇਰੀ ਰਾਤ ਤੂੰਹੋਂ ਜੰਮੀਂ ਹੈਂ, ਤੇਰੇ ਜੈਸੀ ਕਨੀਜ (ਗੋਲੀ) ਕਦੇ ਹਿੰਦੁਸਤਾਨ ਵਿਚੋਂ ਨਹੀਂ ਆਈ, ਤੂੰ ਤਾਂ ਕਾਜ਼ੀਆਂ ਮੁੱਲਾਂ ਨਾਲੋਂ ਬੀ ਵਧੀਕ ਦੀਨ ਦਾਰ ਹੈਂ, ਅਕਲ ਤੇਰੀ ਲੁਕਮਾਨ ਤੋਂ ਉਤੇ ਹੈ। ਮੇਰੇ ਸਿਰ ਉਪਕਾਰ ਕੀਤਾ ਹੈ, ਮੈਂ ਤੇਰੀ ਰਿਣੀ ਹਾਂ, ਕੁਝ ਸੇਵਾ ਦੱਸ ਕਿ ਮੈਂ ਤੇਰੀ ਟਹਿਲ ਕਰਾਂ।

ਸਤਵੰਤ ਕੌਰ—ਮੈਂ ਕੁਝ ਨਹੀਂ ਕੀਤਾ, ਜੋ ਹੋਇਆ ਤੇਰੇ ਭਾਗਾਂ ਨਾਲ। ਮੈਂ ਬੜੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਐਤਨੀ ਕਿਰਪਾ ਕਰਦੇ ਹੋ। ਹੁਣ ਮੇਰੇ ਪਰ ਦਯਾ ਕਰਨੇ ਦਾ ਵੇਲਾ ਹੈ, ਕਿਉਂਕਿ ਮੈਂ ਅਮੀਰ ਦੇ ਮਹਿਲਾਂ ਤੋਂ ਨੱਸੀ ਹਾਂ ਅਰ ਮੇਰੇ ਫੜਨੇ ਲਈ ਆਦਮੀ ਫਿਰ ਰਹੇ ਹਨ, ਮੈਨੂੰ ਕੁਝ ਚਿਰ ਆਪਣੇ ਘਰ ਵਿਚ ਐਉਂ ਲੁਕਾ ਰਖੋ ਕਿ ਤੇਰੇ ਬਾਝ ਹੋਰ ਕੋਈ ਨਾ ਜਾਣੇ।

ਫਾਤਮਾ—ਠੀਕ ਹੈ! ਅੱਧੀ ਰਾਤ ਸਰਕਾਰੀ ਸਵਾਰ ਐਥੇ ਭੀ ਭਾਲ ਕਰ ਗਏ ਹਨ, ਮੈਂ ਤੇਰੀ ਸਹਾਇਤਾ ਖੁਸ਼ੀ ਨਾਲ ਕਰਾਂਗੀ ਅਰ ਤੇਰੇ ਲੁਕਾਉਣ ਦਾ ਪੂਰਾ ਬਾਨ੍ਹਣੂ ਬੰਨ੍ਹਾਂਗੀ, ਤੂੰ ਘਾਬਰ ਨਹੀਂ। ਇਹ ਕਹਿਕੇ ਫਾਤਮਾ ਨੇ ਅਪਣੇ ਕਮਰੇ ਦੇ ਨਾਲ ਦਾ ਬੂਹਾ ਖੋਲ੍ਹਿਆ, ਅਰ ਉਥੋਂ ਇਕ ਹੋਰ ਪਾਸੇ ਦਾ ਤਖਤਾ ਕਿਸੇ ਹਿਕਮਤ ਨਾਲ ਹਿਲਾਕੇ ਪਰੇ ਕੀਤਾ ਤੇ ਅੰਦਰ ਜਾਕੇ ਕਿਹਾ ਕਿ ਸਤਵੰਤ ਕੌਰ ਇਹ ਕਮਰਾ ਤੇਰੇ ਵੱਸਣ ਦੀ ਥਾਂ ​ਹੋਵੇਗਾ। ਇਥੇ ਕੋਈ ਨਹੀਂ ਆਉਂਦਾ, ਨਾ ਕਿਸੇ ਨੂੰ ਇਸ ਕਮਰੇ ਦਾ ਪਤਾ ਹੈ। ਏਹ ਸਾਡੇ ਵਡਿਆਂ ਦੇ ਵੇਲੇ ਕੁਵੇਲੇ ਲਈ ਬਣਾਏ ਹੋਏ ਚੋਰ ਥਾਂ ਹਨ। ਮੈਂ ਸੰਝ ਸਵੇਰੇ ਦੁਪਹਿਰੇ ਤੇ ਹਰ ਵਿਹਲ ਦੇ ਵੇਲੇ ਬਾਹਰਲੇ ਬੂਹੇ ਮਾਰਕੇ ਤੇਰੇ ਪਾਸ ਆ ਬੈਠਿਆ ਕਰਾਂਗੀ ਅਰ ਮੇਰੇ ਸਿਵਾ ਇਸ ਭੇਤ ਨੂੰ ਕੋਈ ਨਹੀਂ ਜਾਣੇਗਾ, ਤੈਨੂੰ ਖਾਣੇ ਵਾਸਤੇ ਫਲ ਤੇ ਹੋਰ ਜੋ ਚਾਹੇਂ ਮੈਂ ਪੁਚਾਇਆ ਕਰਾਂਗੀ। ਜੋ ਤੂੰ ਬਾਹਰ ਘਰ ਵਿਚ ਲੋੜੇਂ ਤਾਂ ਅੱਧੀ ਰਾਤ ਆਕੇ ਲੈ ਚਲਿਆ ਕਰਾਂਗੀ। ਹੋਰ ਜੋ ਕੁਝ ਕਹੇਂ ਮੈਂ ਤੇਰੇ ਲਈ ਕਰਨੇ ਨੂੰ ਹਾਜ਼ਰ ਹਾਂ। ਤੂੰ ਮੇਰੇ ਸਿਰ ਬੜਾ ਉਪਕਾਰ ਕੀਤਾ ਹੈ, ਤੇਰੀਆਂ ਦੇਣੀਆਂ ਮੈਂ ਦੇ ਨਹੀਂ ਸਕਦੀ। ਧੰਨ ਤੂੰ ਹੈਂ! ਧੰਨ ਤੇਰਾ ਜਨਮ ਹੈ! ਮੈਨੂੰ ਤੂੰ ਬਿਨਾਂ ਦੰਮਾਂ ਤੋਂ ਮੁੱਲ ਲੈ ਲਿਆ ਹੈ। ਅੱਗੇ ਤਾਂ ਤੂੰ ਮੇਰੀ ਦਾਸੀ ਸੈਂ, ਅਰ ਮੈਂ ਤੇਰੀ ਮਾਲਕ ਸਾਂ, ਹੁਣ ਤੂੰ ਮੇਰੀ ਮਾਲਕ ਹੈਂ ਅਰ ਮੈਂ ਤੇਰੀ ਦਾਸੀ ਹਾਂ। ਤੇਰੀ ਕਿਰਪਾ ਨਾਲ ਮੇਰਾ ਉਜੜਿਆ ਘਰ ਵਸਿਆ, ਤੇਰੀ ਕਿਰਪਾ ਨਾਲ ਮੇਰੇ ਪਤੀ ਦੀ ਜਾਨ ਬਖਸ਼ੀ ਹੋਈ, ਤੇਰੀ ਕਿਰਪਾ ਨਾਲ ਮੇਰਾ ਪਤੀ ਮੇਰਾ ਹੋ ਗਿਆ, ਜੋ ਹੁਣ ਮੈਨੂੰ ਬੜਾ ਪਿਆਰ ਕਰਦਾ ਹੈ! ਤੇਰੀ ਕ੍ਰਿਪਾ ਨਾਲ ਸੰਸਾਰ ਵਿੱਚ ਮੂੰਹ ਦੇਣ ਜੋਗੇ ਰਹਿ ਗਏ। ਹੁਣ ਤੈਨੂੰ ਲੋੜ ਪਈ ਹੈ, ਮੇਰਾ ਸਰੀਰ, ਮੇਰੀ ਦੌਲਤ ਸਭ ਤੇਰੇ ਅੱਗੇ ਹਾਜ਼ਰ ਹੈ।

ਸਤਵੰਤ ਕੌਰ—ਪ੍ਯਾਰੀ ਸੁਆਣੀ ਜੀ! ਮੇਰਾ ਲੂੰ ਲੂੰ ਤੁਹਾਥੋਂ ਵਾਰਨੇ ਜਾਂਦਾ ਹੈ, ਜੋ ਤੁਸਾਂ ਮੇਰੇ ਪਰ ਉਪਕਾਰ ਕੀਤਾ ਅਰ ਐਡਾ ਦਿਲਾਸਾ ਦਿਤਾ ਹੈ, ਧੰਨ ਤੁਸੀਂ ਹੋ, ਜਿਨ੍ਹਾਂ ਐਤਨੀ ਕ੍ਰਿਪਾ ਕੀਤੀ ਹੈ। ਸ਼ੁਕਰ ਹੈ ਅਕਾਲ ਪੁਰਖ ਦਾ, ਮੈਂ ਬੀ ਆਪ ਨੂੰ ਬਹੁਤ ਤਕਲੀਫ ਨਹੀਂ ਦੇਵਾਂਗੀ, ਇਕੱਲੀ ਬੈਠੀ ਮੈਂ ਦਿਨ ਰਾਤ ਬਿਤਾਂਵਗੀ, ਅੱਕਾਂਗੀ ਨਹੀਂ। ਅੱਠ ਪਹਿਰੀਂ ਇਕ ਫੇਰਾ ਕਰ ਜਾਇਆ ਕਰਨਾ ਅਰ ਇਕ ਅੱਧ ਸੇਰ ਅੰਗੂਰ ਤੇ ਕੁਛ ਦੁੱਧ ਆਦਿਕ ਦੇ ਜਾਇਆ ਕਰਨਾ। ਮੇਰੇ ਵਾਸਤੇ ਇਹ ਕੁਝ ਬੱਸ ਹੈ, ​ਪਰ ਇਹ ਕਿਰਪਾ ਕਰਨੀ ਕਿ ਕਿਸੇ ਦੂਜੇ ਦੇ ਕੰਨੀਂ ਖਬਰ ਨਾ ਪਵੇ, ਨਾ ਤੁਹਾਡੇ ਪਤੀ ਦੇ, ਨਾ ਕਿਸੇ ਨੌਕਰ ਦੇ, ਐਥੋਂ ਤੀਕ ਕਿ ਕਾਕੇ ਨੂੰ ਬੀ ਖਬਰ ਨਾ ਹੋਵੇ, ਕਿਉਂਕਿ ਇਸ ਭੇਤ ਦੇ ਖੁੱਲ੍ਹਿਆਂ ਨਾ ਕੇਵਲ ਮੈਨੂੰ ਅਪਦਾ ਪਵੇਗੀ, ਸਗੋਂ ਤੁਸੀਂ ਬੜੇ ਦੁਖ ਵਿਚ ਫਸ ਜਾਓਗੇ।

ਫਾਤਮਾ—ਰਬ ਚੰਗੀ ਕਰੇਗਾ। ਆਹ ਇਕ ਹੋਰ ਬੂਹਾ ਹੈ, ਜੇ ਕਦੇ ਕੋਈ ਮੁਸੀਬਤ ਪਹੁੰਚੀ ਦੇਖੋ ਤਦ ਇਸ ਨੂੰ ਖੋਲ੍ਹ ਦੇਣਾ ਇਥੋਂ ਬਾਹਰ ਜੰਗਲ ਨੂੰ ਸੁਰੰਗੋ ਸੁਰੰਗ ਰਾਹ ਨਿਕਲ ਜਾਂਦਾ ਹੈ, ਅਗੇ ਕੁਛ ਪੱਥਰ ਹਨ ਜੋ ਛੇਤੀ ਰਾਹ ਦੇਂਦੇ ਹਨ, ਸੋ ਝੱਟ ਏਧਰੋਂ ਨਿਕਲ ਜਾਣਾ।

੬. ਕਾਂਡ।

ਹੁਣ ਸਤਵੰਤ ਕੌਰ ਆਪਣੀ ਆਪੇ ਪਾਈ ਕੈਦ ਭੋਗਣ ਲਗ ਗਈ। ਸਾਰਾ ਦਿਨ ਅੰਦਰ ਨਾਲ ਵਿਹਾਰ ਹੋ ਗਿਆ। ਫਾਤਮਾ ਦਿਨ ਵਿਚ ਕਈ ਫੇਰੇ ਪਾਉਂਦੀ, ਪਰ ਜਦ ਘਰ ਵਿਚ ਕੋਈ ਨਾ ਹੁੰਦਾ ਤਾਂ। ਇਸਨੇ ਕੀਤੇ ਦਾ ਬਦਲਾ ਖੂਬ ਲਾਹਿਆ। ਆਪਣੀ ਮੁੱਲ ਲਈ ਗੋਲੀ ਦੀ ਸੇਵਾ ਪੂਰੀ ਪੂਰੀ ਕੀਤੀ, ਪਰ ਹੁਣ ਫਾਤਮਾ ਨੂੰ ਇਕ ਹੈਰਾਨਗੀ ਲਗੀ ਕਿ ਮੈਂ ਤਾਂ ਘੜੀ ਭਰ ਇਕੱਲੀ ਨਹੀਂ ਬੈਠ ਸਕਦੀ, ਇਹ ਕੁੜੀ ਕਿੱਕਰ ਅੱਠ ਪਹਿਰ ਕੱਲਿਆਂ ਬਿਤਾ ਲੈਂਦੀ ਹੈ। ਬਹੁਤ ਸੋਚੇ ਪਰ ਸਮਝ ਨਾ ਪਵੇ। ਇਕ ਦਿਨ ਰਹਿ ਨਾ ਸਕੀ ਪੁੱਛਣ ਲਗੀ, 'ਬੀਬੀ! ਕੀ ਕਾਰਨ ਹੈ, ਕਿ ਤੂੰ ਸਾਰਾ ਦਿਨ ਇਕੱਲੀ ਉਦਾਸ ਨਹੀਂ ਹੁੰਦੀ?'

ਸਤਵੰਤ ਕੌਰ—ਬੀਬੀ! ਮੈਂ ਇਕੱਲੀ ਕਦੇ ਨਹੀਂ ਹੋਈ।

ਫਾਤਮਾ (ਹੈਰਾਨ ਹੋ ਕੇ)—ਤੇਰੇ ਪਾਸ ਆਉਂਦਾ ਕੋਈ ਦਿੱਸਦਾ ਤਾਂ ਨਹੀਂ।

​ਸਤਵੰਤ ਕੌਰ-ਠੀਕ ਹੈ, ਪਰ ਜਿਹੜਾ ਮੇਰੇ ਨਾਲ ਰਹਿੰਦਾ ਹੈ, ਉਹ ਅੱਖਾਂ ਨਾਲ ਨਹੀਂ ਦਿੱਸਦਾ।

ਫਾਤਮਾ (ਡਰਕੇ)-ਹੈਂ! ਉਹ ਕੌਣ ਹੈ? ਕੀ ਤੈਂ ਕੋਈ ਭੂਤ ਵੱਸ ਕਰ ਰੱਖਿਆ ਹੈ?

ਸਤਵੰਤ ਕੌਰ-ਨਹੀਂ ਜੀ, ਭੂਤ ਨਹੀਂ ਬੀਬੀ! ਮੇਰਾ ਗੁਰੂ ਮੇਰੇ ਨਾਲ ਰਹਿੰਦਾ ਹੈ।

ਫਾਤਮਾ (ਹੋਰ ਬੀ ਅਚੰਭਾ ਹੋਕੇ)—ਗੁਰੂ ਕਿਥੇ ਰਹਿੰਦਾ ਹੈ, ਤੇ ਕਿਸ ਤਰ੍ਹਾਂ?

ਸਤਵੰਤ ਕੌਰ-ਬੀਬੀ! ਮੈਂ ਗੁਰੂ ਕੀ ਬਾਣੀ ਦਾ ਪਾਠ ਕਰਦੀ ਰਹਿੰਦੀ ਹਾਂ ਤੇ ਇਹ ਪਿਤਾ ਜੀ ਨੇ ਦੱਸਿਆ ਹੋਇਆ ਹੈ ਕਿ ਜਿਥੇ ਬਾਣੀ ਦਾ ਪਾਠ ਮਨ ਲਾਕੇ ਕੀਤਾ ਜਾਵੇ ਉਥੇ ਗੁਰੂ ਹੁੰਦਾ ਹੈ। ਉਹ ਬਾਣੀ ਬੀ ਗੁਰੂ ਦਾ ਪਰਤੱਖ ਰੂਪ ਹੈ।

ਫਾਤਮਾ-ਬਾਣੀ ਗੁਰੂ ਕਿੱਕੁਰ ਹੁੰਦੀ ਹੈ?

ਸਤਵੰਤ ਕੌਰ-ਇਹ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਧਰਮ ਦਾ ਨੇਮ ਹੈ ਕਿ ਬਾਣੀ ਗੁਰੂ ਹੈ, ਪ੍ਰੰਤੂ ਇੰਨਾਂ ਮੈਂ ਭੀ ਜਾਣਦੀ ਹਾਂ ਕਿ ਬਾਣੀ ਪੜ੍ਹਦਿਆਂ ਦਿਲ ਬੜਾ ਪ੍ਰਸੰਨ ਹੋ ਜਾਂਦਾ ਹੈ ਅਰ ਕੋਈ ਚਿੰਤਾ ਦੁੱਖ ਦਿਲ ਵਿਚ ਨਹੀਂ ਰਹਿੰਦਾ। ਇਕੱਲ ਦੁਕੱਲ ਕੁਛ ਮਲੂਮ ਨਹੀਂ ਹੁੰਦੀ, ਇਸ ਤੋਂ ਮੈਂ ਸਮਝਦੀ ਹਾਂ ਕਿ ਗੁਰੂ ਮੇਰੇ ਨਾਲ ਹੈ, ਕਿਉਂਕਿ ਗੁਰੂ ਤੇ ਪਰਮੇਸ਼ੁਰ ਦਾ ਰੂਪ ਹੈ ਆਨੰਦ, ਖੁਸ਼ੀ। ਜਦ ਪੜ੍ਹਕੇ ਮੈਨੂੰ ਆਨੰਦ ਹੁੰਦਾ ਹੈ ਤਦ ਜ਼ਰੂਰ ਹੈ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਹੈਨ। ਜਿੱਕੁਰ ਠੰਢੀ ਪੌਣ ਤੋਂ ਜਲ ਦਾ ਹੋਣਾ ਸਮਝ ਲਈਦਾ ਹੈ, ਇੱਕੁਰ ਅੰਦਰ ਆਨੰਦ ਆ ਜਾਣ ਤੋਂ ਮੈਂ ਸਮਝ ਲੈਂਦੀ ਹਾਂ ਕਿ ਠੀਕ ਬਾਣੀ ਗੁਰੂ ਹੀ ਹੈ, ਲੱਛਣ ਜੋ ਗੁਰੂ ਮਹਾਰਾਜ ਦੇ ਹਨ। ਬੀਬੀ ਜੀ! ਇਸ ਕਰਕੇ ਮੈਂ ਕਦੇ ਆਪਣੇ ਆਪ ਨੂੰ ਇਕੱਲੀ ਨਹੀਂ ਸਮਝਦੀ, ਨਾਲੇ ਗੁਰੂ ਸਾਡੇ ਸਦਾ ਜੀਉਂਦੇ ਹਨ ਤੇ ਅਸੀਂ ਅਰਦਾਸ ਵਿਚ ਕਹਿੰਦੇ ਹਾਂ ​ਕਿ 'ਸਭ ਥਾਈਂ ਹੋਇ ਸਹਾਇ।' ਸਾਡੇ ਗੁਰੂ ਸਾਡੇ ਸਹਾਈ ਹਨ ਸਭ ਥਾਵੇਂ। ਹਾਂ, ਉਸ ਵੇਲੇ ਘਾਬਰਦੀ ਹਾਂ ਕਿ ਜਦ ਬਾਣੀ ਛੁੱਟ ਜਾਵੇ, ਜਾਂ ਮੈਂ ਦਿਲ ਲਾਕੇ ਪਾਠ ਨਾ ਕਰਾਂ ਤਾਂ। ਪਰ ਪ੍ਰਾਰਥਨਾ ਕਰਦਿਆਂ ਤੇ ਬੇਨਤੀ ਕਰਦਿਆਂ ਤੇ ਮਨ ਲਾਕੇ ਪਾਠ ਕਰਦਿਆਂ ਦਿਲ ਲਗ ਜਾਂਦਾ ਹੈ ਅਰ ਦਿਲ ਲੱਗਦੇ ਹੀ ਆਨੰਦ ਆ ਜਾਂਦਾ ਹੈ, ਪਰ ਇਹ ਪਿਤਾ ਜੀ ਦੀ ਕ੍ਰਿਪਾ ਹੈ। ਪਿਤਾ ਜੀ ਨੂੰ ਪਰਮੇਸ਼ੁਰ ਸਦਾ ਆਨੰਦ ਰੱਖੇ, ਜੇ ਓਹ ਛੋਟੇ ਹੁੰਦੇ ਹੀ ਮੇਰੇ ਨਾਲ ਮਿਹਨਤ ਨਾ ਕਰਦੇ ਅਰ ਇਹ ਦਾਤ ਨਾ ਬਖਸ਼ਦੇ ਤਦ ਏਨ੍ਹਾਂ ਦੁਖਾਂ ਨੂੰ ਮੈਂ ਕਦੇ ਝੱਲ ਨਾ ਸਕਦੀ।

ਫਾਤਮਾ ਨੇ ਮਿੱਠਤ ਨਾਲ ਪੁੱਛਿਆ ਕਿ ਬੀਬੀ! ਕੀ ਤੇਰੇ ਪਿਤਾ ਜੀ ਨੇ ਮਾਪਿਆਂ ਵਾਲੇ ਮੋਹ ਵਿਚ ਕਿਰਪਾ ਕਰ ਦਿੱਤੀ ਸੀ ਕਿ ਤੈਂ ਬੀ ਕੁਝ ਐਸਾ ਕੰਮ ਕੀਤਾ ਸੀ ਕਿ ਜਿਸ ਕਰਕੇ ਓਹ ਤੇਰੇ ਉਤੇ ਤ੍ਰਠ ਪਏ ਸਨ।

ਸਤਵੰਤ ਕੌਰ-ਬੀਬੀ ਜੀ! ਤੁਸੀਂ ਐਸ ਤਰ੍ਹਾਂ ਦੀਆਂ ਪੁੱਛਾਂ ਕਿਉਂ ਪੁੱਛਦੇ ਹੋ? ਮੈਂ ਕਦੇ ਅੱਗੇ ਤੁਹਾਡੇ ਪਾਸੋਂ ਐਸੀਆਂ ਗੱਲਾਂ ਨਹੀਂ ਸੁਣੀਆਂ ਸਨ।

ਫਾਤਮਾ-ਮੈਨੂੰ ਕੁਛ ਸਮਝ ਨਹੀਂ ਹੈ, ਪਰ ਮੈਂ ਛੋਟੇ ਹੁੰਦਿਆਂ ਐਸੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਹਨ। ਮੇਰੇ ਪਿਤਾ ਫਕੀਰਾਂ ਦੇ ਮੇਲੀ ਸਨ ਅਰ ਘਰ ਵਿਚ ਜਦ ਕੋਈ ਆਉਂਦਾ ਸੀ ਤਦ ਮੈਂ ਬੀ ਫਕੀਰਾਂ ਦੇ ਬਚਨ ਕਦੇ ਕਦੇ ਸੁਣੇ ਹਨ, ਪਰ ਮੈਂ ਪਿਤਾ ਜੀ ਤੋਂ ਕੁਝ ਲਾਭ ਨਾ ਉਠਾਇਆ, ਇਸੇ ਕਰਕੇ ਮੈਂ ਤੈਥੋਂ ਪੁੱਛਦੀ ਹਾਂ ਕਿ ਤੂੰ ਕਿੱਕੁਰ ਲਾਭ ਉਠਾ ਲਿਆ?

ਸਤਵੰਤ ਕੌਰ-ਬੀਬੀ! ਸਾਡੇ ਧਰਮ ਵਿੱਚ ਮਾਤਾ ਪਿਤਾ ਦਾ ਇਹ ਧਰਮ ਹੈ ਕਿ ਸੰਤਾਨ ਨੂੰ ਧਰਮ ਦੀ ਸਿੱਖ੍ਯਾ ਦੇਣ। ਨਿਰਾ ਪਾਲਣਾ ਪੋਸਣਾ ਹੀ ਨਹੀਂ, ਸਗੋਂ ਭਲੇਮਾਣਸ, ਨੇਕ ਤੇ ਧਰਮੀ ਬਨਾਉਣਾ ਬੀ ਉਨ੍ਹਾਂ ਦਾ ਧਰਮ ਹੈ, ਇਸ ਕਰਕੇ ਜੋ ਕੁਝ ​ਮੈਨੂੰ ਲੱਭਾ ਹੈ ਪਿਤਾ ਜੀ ਦੀ ਕਿਰਪਾ ਕਰਕੇ, ਕਿਸੇ ਮੇਰੇ ਗੁਣ ਕਰਕੇ ਨਹੀਂ। ਹਾਂ ਇਕ ਦਿਨ ਮੈਂ ਪਿਤਾ ਜੀ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਸਤਵੰਤ ਕੌਰ! ਮੈਂ ਤੈਨੂੰ ਦੇਖਕੇ ਕਰਤਾਰ ਦਾ ਸ਼ੁਕਰ ਕਰਦਾ ਹਾਂ ਅਰ ਬੜਾ ਆਨੰਦ ਹੁੰਦਾ ਹਾਂ। ਉਸ ਦਿਨ ਇਹ ਗਲ ਹੋਈ ਸੀ ਕਿ ਮੈਂ ਵਰ੍ਹਾ ਦਿਨ ਲਾਕੇ ਇਕ ਪੋਥੀ ਪੰਜ ਗ੍ਰੰਥੀ ਦੀ ਹੱਥੀਂ ਲਿਖੀ ਸੀ, ਉਹ ਪੋਥੀ ਇਕ ਲੋੜਵੰਦ ਵਿਧਵਾ ਨੇ ਮੈਥੋਂ ਮੰਗੀ, ਮੈਂ ਉਸਨੂੰ ਤਰਸ ਕਰਕੇ ਦੇ ਦਿੱਤੀ। ਇਹ ਗੱਲ ਸੁਣਕੇ ਪਿਤਾ ਜੀ ਬੜੇ ਪ੍ਰਸੰਨ ਹੋਏ ਸਨ। ਸਾਡੇ ਧਰਮ ਵਿਚ ਪੋਥੀ ਕਿਸੇ ਨੂੰ ਦੇਣੀ ਬੜਾ ਭਾਰਾ ਪੁੰਨ ਹੈ, ਪਰ ਮੈਨੂੰ ਏਸ ਗੱਲ ਦੀ ਖ਼ਬਰ ਬੀ ਪਿਛੋਂ ਲੱਗੀ ਸੀ।

ਫਾਤਮਾ—ਬੀਬੀ! ਮੈਂ ਹੁਣ ਸਮਝੀ ਕਿ ਤੇਰਾ ਹੌਸਲਾ ਕਿਉਂ ਹਰ ਦੁਖ ਸੁਖ ਵਿਚ ਤੈਨੂੰ ਹਾਰ ਨਹੀਂ ਦੇਂਦਾ ਅਰ ਕਿਉਂ ਤੂੰ ਦੁਖੀ ਹੋ ਹੋ ਕੇ ਬੀ ਸਦਾ ਪ੍ਰਸੰਨ ਹੋ ਹੋ ਜਾਂਦੀ ਹੈ ਅਰ ਇਕੱਲੀ ਬੀ ਨਹੀਂ ਘਾਬਰਦੀ। ਪਰ ਕੀ ਮੈਂ ਇਹ ਗਲ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਬੀ ਇਸ ਸੁਖ ਦਾ ਭਾਗੀ ਕਰ ਲਓ?

ਸਤਵੰਤ ਕੌਰ-ਮੈਨੂੰ ਆਪ ਤੋਂ ਕਿਸੇ ਗੱਲ ਦਾ ਲੁਕਾਉ ਨਹੀਂ, ਜੇਕਰ ਆਪਦੀ ਆਤਮਾ ਨੂੰ ਠੰਢ ਪਹੁੰਚ ਸਕੇ ਤਦ ਮੈਂ ਹਾਜ਼ਰ ਹਾਂ, ਪਰ ਇਹ ਗਲ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਵੋ।

ਫਾਤਮਾ-ਜਿੱਕੁਰ ਕਹੋ।

ਸਤਵੰਤ ਕੌਰ-ਐਉਂ ਕਰੋ ਕਿ ਹਰ ਰੋਜ਼ ਇਕ ਤੁਕ ਬਾਣੀ ਦੀ ਮੈਥੋਂ ਸੁਣ ਲਿਆ ਕਰੋ ਅਰ ਅਰਥ ਸਮਝ ਲਿਆ ਕਰੋ। ਫੇਰ ਪਿਆਰੀ ਲੱਗੇ ਤਾਂ ਯਾਦ ਕਰਲਿਆ ਕਰੋ ਤੇ ਨਾਲੇ ਜੋ ਜੋ ਊਣਾਂ ਤੇ ਔਗੁਣ ਤੁਹਾਨੂੰ ਅਪਣੇ ਵਿਚ ਦਿੱਸਣ ਉਨ੍ਹਾਂ ਨੂੰ ਕੱਢਣੇ ਦਾ ਜਤਨ ਕਰੋ ਅਰ ਐਸਾ ਸੁਭਾਉ ਬਣਾਓ ਕਿ ਜੋ ਦੂਸਰੇ ਨੂੰ ਦੁੱਖ ਦਾਤਾ ਨਾ ਹੋਵੇ। ​ਜਦ ਫਾਤਮਾ ਨੇ ਇਹ ਉਪਦੇਸ਼ ਸੁਣਿਆ, ਤਦ ਉੱਦਮ ਨਾਲ ਉਸਦੇ ਕਹੇ ਪਰ ਤੁਰਨੇ ਲੱਗ ਗਈ। ਇੱਧਰ ਸਤਵੰਤ ਕੌਰ ਨੇ ਉਸਨੂੰ ਜਪੁਜੀ ਸਾਹਿਬ ਦੀ ਇਕ ਤੁਕ ਰੋਜ਼ ਕੰਠ ਕਰਾਉਣੀ ਸ਼ੁਰੂ ਕਰਾ ਦਿੱਤੀ, ਨਾਲੇ ਅਰਥ ਸਮਝਾਵੇ ਨਾਲੇ ਯਾਦ ਕਰਾਵੇ। ਉਸ ਵਿਚਾਰੀ ਦੀ ਜ਼ੁਬਾਨ ਉਤੇ ਬਹੁਤ ਔਖੀ ਤੁਕ ਚੜ੍ਹੀ ਤੇ ਸਮਝ ਬੀ ਔਖ ਨਾਲ ਪਵੇ, ਪਰ ਸਤਵੰਤ ਕੌਰ ਦੀ ਅਥੱਕ ਮਿਹਨਤ ਨੇ ਸਭ ਮੁਸ਼ਕਲਾਂ ਨੂੰ ਹੱਲ ਕੀਤਾ ਅਰ ਕਿੰਨੇ ਚਿਰ ਦੀ ਮਿਹਨਤ ਦੇ ਮਗਰੋਂ ਉਸਨੂੰ ਜਪੁਜੀ ਸਾਹਿਬ ਕੰਠ ਹੋ ਗਈ। ਹੁਣ ਸਤਵੰਤ ਕੌਰ ਨੇ ਉਸ ਨੂੰ ਪਾਠ ਕਰਨੇ ਦਾ ਵੱਲ ਸਿਖਾਲਿਆ। ਫਾਤਮਾ ਜਦ ਪਾਠ ਕਰੇ ਤਦ ਆਨੰਦ ਆਵੇ, ਸਦਾ ਲਈ ਸੁਖੀ ਰਹੇ, ਭਲਾ ਕਰਨ ਦੀ ਚਾਹ ਰਹੇ। ਸਤਵੰਤ ਕੌਰ ਦੀ ਪਤ ਉਸਦੀਆਂ ਅੱਖਾਂ ਵਿਚ ਬਹੁਤ ਵਧ ਗਈ, ਉਹ ਉਸਨੂੰ ਇਕ ਉੱਚਾ ਫਕੀਰ ਮੰਨਣ ਲਗ ਗਈ। ਅਰ ਉਸਦੀ ਸੇਵਾ ਨੂੰ ਆਪਣੇ ਧੰਨ ਭਾਗ ਜਾਣਨੇ ਲਗ ਗਈ, ਪਰ ਸਤਵੰਤ ਸਮਝੇ ਕਿ ਇਹ ਗੁਰੂ ਦੀ ਮਿਹਰ ਹੈ, ਗੁਰੂ ਦਾ ਪ੍ਰਤਾਪ ਹੈ ਕਿ ਕੈਦ ਪਿਆਂ ਬੀ ਮੈਨੂੰ ਕਿਸ ਸੁਖ ਵਿਚ ਪੁਚਾ ਦਿੱਤਾ ਹੈ ਸੁ, ਨਹੀਂ ਤਾਂ ਪੰਜ ਰੁਪੈ ਤੋਂ ਵਿਕੀ ਹੋਈ ਗ਼ੁਲਾਮ ਕੁੜੀ ਕਿਸੇ ਬਾਵਰਚੀ ਖਾਨੇ ਵਿਚ ਭਾਂਡੇ ਮਾਂਜਦੀ ਹੁੰਦੀ, ਪਰ ਇਹ ਗੁਰੂ ਕੀ ਬਾਣੀ ਦਾ ਪਰਤਾਪ ਹੈ ਕਿ ਮੈਨੂੰ ਕੈਦ ਵਿਚ ਬੀ ਸੁਖ ਤੇ ਸ਼ੋਭਾ ਪਰਦਾਨ ਕੀਤੀ ਹੈ, ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਕੈਸੀ ਸੁਹਣੀ ਆਖੀ ਹੈ: ਧੰਨ ਗੁਰੂ, ਧੰਨ ਨਾਮ, ਧੰਨ ਬਾਣੀ!:—

ਛੂਟਤ ਨਹੀ ਕੋਟਿ ਲਖ ਬਾਹੀ॥ ਨਾਮੁ ਜਪਤ
ਤਹ ਪਾਰਿ ਪਰਾਹੀ॥ ਅਨਿਕ ਬਿਘਨ ਜਹ ਆਇ
ਸੰਘਾਰੈ॥ ਹਰਿ ਕਾ ਨਾਮੁ ਤਤਕਾਲ ਉਧਾਰੈ॥
ਅਨਿਕ ਜੋਨਿ ਜਨਮੈ ਮਰਿਜਾਮ॥ ਨਾਮੁ ਜਪਤ
ਪਾਵੈ ਬਿਸ੍ਰਾਮ॥ ਹਉ ਮੈਲਾ ਮਲੁ ਕਬਹੁ ਨ ਧੋਵੈ॥

​

ਹਰਿ ਕਾ ਨਾਮੁ ਕੋਟਿ ਪਾਪ ਖੋਵੈ॥ ਐਸਾ ਨਾਮੁ
ਜਪਹੁ ਮਨ ਰੰਗਿ॥ ਨਾਨਕ ਪਾਈਐ ਸਾਧ ਕੈ
ਸੰਗਿ॥੩॥[ਗਉ: ਸੁਖਮਨੀ-੨

————

੭. ਕਾਂਡ।

ਫਾਤਮਾ ਦੀ ਦੂਸਰੀ ਸੌਂਕਣ ਦੇ ਜੀ ਨੂੰ ਬਹੁਤ ਦੁਖ ਪਹੁੰਚ ਰਿਹਾ ਸੀ, ਦਿਨ ਰਾਤ ਮਨਸੂਬੇ ਸੋਚਦੀ ਕਿ ਕਿਸ ਪ੍ਰਕਾਰ ਉਸਨੂੰ ਦੁੱਖ ਦੇਵੇ। ਜਿਸ ਦਿਨ ਤੋਂ ਸਤਵੰਤ ਕੌਰ ਨੇ ਉਸ ਦੇ ਪਤੀ ਦੀ ਜਿੰਦ ਬਚਾਈ ਸੀ, ਉਸ ਦਿਨ ਤੋਂ ਪਤੀ ਨੇ ਖੋਟੇ ਕੰਮ ਤੇ ਸ਼ਰਾਬਾਂ ਛੱਡ ਦਿੱਤੀਆਂ ਸਨ ਅਰ ਦੂਸਰੀ ਵਹੁਟੀ ਦੇ ਘਰ ਨੂੰ ਬੀ ਛੱਡ ਦਿੱਤਾ ਸੀ, ਕੇਵਲ ਖਰਚ ਮਾਤ੍ਰ ਉਸਨੂੰ ਭੇਜ ਛੱਡਦਾ ਸੀ। ਕਾਰਣ ਇਹ ਸੀ ਕਿ ਉਸਨੂੰ ਸਮਝ ਪੈ ਗਈ ਸੀ ਕਿ ਇਹ ਵਹੁਟੀ ਹੀ ਮੇਰੀ ਤਬਾਹੀ ਦਾ ਕਾਰਨ ਹੋਈ ਹੈ, ਜਿਸਨੇ ਘਰ ਦੇ ਖਰਚ ਅੰਨ੍ਹੇ ਵਾਹ ਵਧਾਕੇ ਅਰ ਦਿਨ ਰਾਤ ਐਸ਼ ਵਿਚ ਪਾਕੇ ਮੈਨੂੰ ਸਰਕਾਰੀ ਦਰੋਹੀ ਬਣਾ ਦਿੱਤਾ। ਖਰਚ ਦੇ ਬੇਹੱਦ ਹੋਣ ਨੇ ਐਥੋਂ ਤੋੜੀ ਮੈਨੂੰ ਬੇਈਮਾਨ ਬਣਾ ਦਿੱਤਾ ਕਿ ਮਾਲਕ ਨਾਲ ਤਰ੍ਹਾਂ ਤਰ੍ਹਾਂ ਦੇ ਛਲ ਕਰਨੇ ਪਏ ਅਰ ਛੇਕੜ ਕਤਲ ਹੋਣ ਤਕ ਨੌਬਤ ਆ ਪਹੁੰਚੀ ਸੀ। ਉਸ ਵਹੁਟੀ ਦੇ ਔਗੁਣਾਂ ਨੇ ਤਾਹ ਦਿਤਾ, ਪਰ ਫਾਤਮਾ ਦੇ ਗੁਣਾਂ ਨੇ ਖਿੱਚ ਕੀਤੀ। ਕਿਉਂਕਿ ਖਾਨ ਦੇ ਕਰੜੇ ਜ਼ੁਲਮਾਂ ਅਰ ਧੱਕਿਆਂ ਦੀ ਹਾਲਤ ਵਿਚ ਬੀ ਫਾਤਮਾ ਸ਼ਰਮ ਧਰਮ ਵਿਚ ਪੱਕੀ ਰਹੀ ਅਰ ਸਦਾ ਪਤੀ ਦੀ ਸੇਵਾ ਕਰਨੇ ਦਾ ਜਤਨ ਕਰਦੀ ਰਹੀ। ਛੇਕੜ ਜੋ ਵਾਹ ਪਤੀ ਦੀ ਜਿੰਦ ਬਚਾਉਣੇ ਲਈ ਉਸ ਨੇ ਲਾਈ ਉਹ ਬੀ ਉਸ ਨੂੰ ਸਾਰੀ ਮਲੂੰਮ ਹੋ ਗਈ ਸੀ ਅਰ ਸਤਵੰਤ ਕੌਰ ਦੀ ਹਿੰਮਤ ਦਾ ਕਾਰਣ ਬੀ ਉਹ ਅਪਣੀ ਵਹੁਟੀ ਨੂੰ ਹੀ ਸਮਝਦਾ ਸੀ। ਇਨ੍ਹਾਂ ਗਲਾਂ ਕਰਕੇ ਫਾਤਮਾ ਫਰਿਸ਼ਤਾ ਭਾਸਦੀ ​ਸੀ ਅਰ ਦੂਸਰੀ ਵਹੁਟੀ ਠੀਕ ਸ਼ੈਤਾਨ ਲਗਦੀ ਸੀ, ਜਿਸ ਤੋਂ ਉਸਨੂੰ ਹੁਣ ਕਰੜੀ ਸੂਗ ਹੋ ਚੁਕੀ ਸੀ।

ਦੂਸਰੀ ਵਹੁਟੀ ਦਾ ਨਾਮ ਜ਼ੈਨਬ ਸੀ। ਇਹ ਇਕ ਛੋਟੇ ਘਰਾਣੇ ਦੀ ਕੁੜੀ ਸੀ ਅਰ ਬੜੇ ਬੁਰੇ ਲੋਕਾਂ ਵਿਚ ਪਲੀ ਸੀ, ਪਰ ਸੁੰਦਰ ਬਹੁਤ ਹੋਣ ਕਰਕੇ ਖਾਂ ਸਾਹਿਬ ਨੇ ਪਰਨਾ ਲਈ ਸੀ। ਇਸ ਤ੍ਰੀਮਤ ਦਾ ਦਿਲ ਇਸਦੇ ਚਿਹਰੇ ਵਰਗਾ ਸੁਹਣਾ ਨਹੀਂ ਸੀ, ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਸੂਰਤ ਤੇ ਭੁੱਲਣਾ ਬੜੀ ਭੁਲ ਹੈ, ਗੁਰੂ ਮਹਾਰਾਜ ਜੀ ਫੁਰਮਾਉਂਦੇ ਹਨ:—

ਸੂਰਤਿ ਦੇਖਿ ਨ ਭੂਲੁ ਗਵਾਰਾ॥
ਮਿਥਨ ਮੋਹਾਰਾ ਝੂਠੁ ਪਸਾਰਾ॥ [ਮਾਰੂ ਮ: ੫

ਬਹੁਤ ਸਾਰੇ ਨੌਜਵਾਨ ਨਿਰੀਆਂ ਸੁਹਣੀਆਂ ਵਹੁਟੀਆਂ ਢੂੰਡਦੇ ਹਨ, ਪਰ ਨਿਰੀ ਸੁਹੱਪਣ ਵਾਲੀ ਵਹੁਟੀ ਥੋੜ੍ਹੇ ਦਿਨ ਹੀ ਚੰਗੀ ਲਗਦੀ ਹੈ। ਜਦ ਪਹਿਲੇ ਚਾਉ ਦੇ ਦਿਨ ਲੰਘ ਜਾਂਦੇ ਹਨ, ਤਦ ਗੁਣਾਂ ਦੀ ਖਿੱਚ ਹੀ ਇਸਤ੍ਰੀ ਭਰਤਾ ਦੇ ਸਦਾ ਸੁਖੀ ਨਿਭਣ ਦਾ ਕਾਰਨ ਬਣਦੀ ਹੈ। ਜੇ ਗੁਣ ਨਾ ਹੋਣ ਤਾਂ ਚਿੱਟੇ ਰੰਗ ਦੀ ਵਹੁਟੀ ਬੀ ਮਾੜੀ ਲੱਗਣ ਲੱਗ ਜਾਂਦੀ ਹੈ; ਤਾਂਤੇ ਗੁਣਾਂ ਦੀ ਸੁੰਦਰਤਾ ਪ੍ਰਾਪਤ ਕਰਨੀ ਸਭ ਤੋਂ ਵੱਡੀ ਸੁੰਦਰਤਾ ਹੈ। ਚਿਹਰੇ ਦੀ ਸੁੰਦਰਤਾ ਨੂੰ ਹੀ ਇਕੱਲਾ ਲੱਛਣ ਚੰਗਿਆਈ ਦਾ ਨਹੀਂ ਸਮਝ ਲੈਣਾ ਚਾਹੀਦਾ ਜੋ ਇਕ ਫਿਨਸੀ ਨਾਲ ਵਿਗੜ ਜਾ ਸਕਦੀ ਹੈ ਅਰ ਸੀਤਲਾ ਦੇ ਇਕ ਧੱਪੇ ਨਾਲ ਕੁਰੂਪਤਾ ਵਿਚ ਬਦਲ ਜਾ ਸਕਦੀ ਹੈ, ਪਰ ਗੁਣਾਂ ਦੀ ਸੁੰਦਰਤਾ ਹੀ ਹੈ ਜੋ ਵਧੇਰੇ ਨਾਲ ਨਿਭਦੀ ਹੈ। ਮਹਾਰਾਜ ਜੀ ਦਾ ਵਾਕ ਹੈ:—

ਗੁਣ ਕਾਮਣ ਕਰਿ ਕੰਤ ਰੀਝਾਇਆ॥

ਸੋ ਇਸ ਸੁਹਣੀ ਪਰ ਦਿਲ ਦੀ ਕੁਰੂਪ ਜ਼ੈਨਬ ਦੇ ਔਗੁਣਾਂ ਨੇ ਜਦ ਪਤੀ ਨੂੰ ਉਸ ਤੋਂ ਦੂਰ ਕਰ ਦਿੱਤਾ, ਤਦ ਉਹ ਕੁਟਿਲ ਇਸਤ੍ਰੀ ਆਪਣੀਆਂ ਚਲਾਕੀਆਂ ਨਾਲ ਆਪਣੀ ਸੌਂਕਣ ਤੇ ​ਪਤੀ ਤੋਂ ਬਦਲ ਲੈਣ ਦੇ ਮਨਸੂਬੇ ਬੰਨ੍ਹਣ ਲੱਗੀ। ਸਭ ਤੋਂ ਪਹਿਲਾ ਕੰਮ ਉਸਨੇ ਇਹ ਕੀਤਾ ਕਿ ਇਕ ਫਫੇਕੁੱਟਣੀ ਚਲਾਕ ਤ੍ਰੀਮਤ ਨੂੰ, ਜੋ ਉਸਦੀ ਭੇਤਣ ਸੀ ਸੌਂਕਣ ਦੇ ਘਰ ਕਿਸੇ ਬਹਾਨੇ ਨੌਕਰ ਕਰਵਾ ਦਿੱਤਾ। ਇਸਦਾ ਨਾਮ 'ਸੈਦ' ਸੀ। ਸੈਦ ਬੜੀ ਚਲਾਕ ਤ੍ਰੀਮਤ ਸੀ। ਨੌਕਰ ਹੁੰਦੇ ਸਾਰ ਹੀ ਇਸ ਨੇ ਫਾਤਮਾ ਦੀ ਐਸੀ ਸੇਵਾ ਚੱਕੀ ਕਿ ਜਿਸ ਨਾਲ ਉਸਦੇ ਢਿੱਡ ਵਿਚ ਵੜ ਜਾਵੇ ਅਰ ਉਸਨੂੰ ਹੱਥਾਂ ਉਤੇ ਪਾ ਲਵੇ।

ਸੈਦ ਜਦ ਨੌਕਰ ਹੋਈ, ਤਦ ਹੀ ਸਤਵੰਤ ਕੌਰ ਨੂੰ ਫਾਤਮਾ ਨੇ ਦੱਸਿਆ ਸੀ, ਪਰ ਸਤਵੰਤ ਕੌਰ ਨੇ ਕੁਝ ਲੰਮੀ ਗਹੁ ਨਾ ਕੀਤੀ। ਪਰ ਜਦ ਕੁਝ ਦਿਨ ਪਾਕੇ ਫਾਤਮਾ ਜਦ ਮਿਲੇ ਤਦ ਹੀ ਸੈਦ ਦੀ ਕੁਝ ਉਪਮਾ ਕਰੇ ਤਾਂ ਸਤਵੰਤ ਕੌਰ ਨੂੰ ਕੁਝ ਖਟਕਾ ਹੋਇਆ ਅਰ ਉਸਦੀ ਡੂੰਘੀ ਸੋਚ ਗੋਤੇ ਮਾਰ ਮਾਰ ਵਿਚਾਰਨ ਲਗੀ ਕਿ ਐਡੀ ਨੇਕ, ਪਰਉਪਕਾਰਨ ਤੇ ਲਾਇਕ ਨੌਕਰਾਣੀ ਏਥੇ ਕਿੱਥੋਂ ਆ ਗਈ ਅਰ ਐਡੀ ਛੇਤੀ ਕਿੱਕੁਰ ਭੇਤਣ ਬਣ ਗਈ, ਜੋ ਨਾਲੇ ਤਾਂ ਸੇਵਾ ਕਰਦੀ ਹੈ ਨਾਲੇ ਐਸੇ ਲੱਛਣ ਦਿਖਾਲਦੀ ਹੈ ਕਿ ਜਿਨ੍ਹਾਂ ਤੋਂ ਸ਼ੱਕ ਹੁੰਦਾ ਹੈ ਕਿ ਉਹ ਦਿਲੋਂ ਸਾਫ ਨਹੀਂ।

ਇਕ ਵੇਰ ਫਾਤਮਾ ਤੇ ਖ਼ਾਂ ਸਾਹਿਬ ਅੱਧੀ ਰਾਤ ਨੂੰ ਅਪਣੇ ਕਮਰੇ ਵਿਚ ਗੱਲਾਂ ਕਰਦੇ ਸਨ ਉਸ ਵੇਲੇ ਸਤਵੰਤ ਕੌਰ ਚੁੱਪ ਕਰੀਤੀ ਮਲਕੜੇ ਜਿਹੇ ਬੂਹਾ ਖੋਲ੍ਹਕੇ ਜੋ ਅਪਣੇ ਲੁਕਵੇਂ ਥਾਂ ਤੋਂ ਬਾਹਰ ਆਈ ਅਰ ਉਰੇ ਅਪਣੇ ਬੂਹੇ ਕੋਲ ਹੀ ਖਲੋਕੇ ਦੇਖੇ ਤਾਂ ਦੀਵੇ ਦੀ ਮੱਧਮ ਲੋ ਵਿਚ ਸੈਦ ਖੜੀ ਦਿੱਸੀ, ਜੋ ਕੰਨ ਲਾਕੇ ਵਹੁਟੀ ਗੱਭਰੂ ਦੇ ਬਚਨ ਬਿਲਾਸ ਸੁਣ ਰਹੀ ਸੀ। ਸਤਵੰਤ ਕੌਰ ਪਿਛਲੇ ਪੈਰੀਂ ਮੁੜ ਗਈ, ਪਰ ਸਵੇਰੇ ਉਸ ਨੇ ਫਾਤਮਾ ਨੂੰ ਕਹਿ ਦਿਤਾ ਕਿ ਸੈਦ ਦਾ ਘਰ ਵਿਚ ਰੱਖਣਾ ਮੁਨਾਸਬ ਨਹੀਂ, ਜਿੰਨੀ ਛੇਤੀ ਕੱਢ ਦਿੱਤੀ ਜਾਵੇ ਚੰਗੀ ਹੈ। ਫਾਤਮਾ ਦਾ ਦਿਲ ਤਾਂ ਨਹੀਂ ​ਸੀ ਚਾਹੁੰਦਾ, ਪਰ ਸਤਵੰਤ ਦਾ ਆਖਿਆ ਮੋੜਨਾ ਬੀ ਔਖਾ ਸੀ। ਉਸਨੇ ਗੱਭਰੂ ਨੂੰ ਕਿਹਾ, ਗੱਭਰੂ ਸੈਦ ਦੀ ਸੇਵਾ ਪੁਰ ਖੁਸ਼ ਸੀ, ਉਹ ਉਸਨੂੰ ਕੱਢਣੋਂ ਨਾਂਹ ਨੁੱਕਰ ਕਰਨ ਲੱਗਾ। ਜਦ ਵਹੁਟੀ ਨੇ ਬਹੁਤ ਕਿਹਾ ਤਦ ਕਹਿਣੇ ਲੱਗਾ ਸਬੱਬ ਦੱਸੋ? ਹੁਣ ਫਾਤਮਾ ਸਬੱਬ ਕੀ ਦੱਸੇ? ਗੱਲ ਕੀ ਕੁਝ ਚਿਰ ਗੱਲਬਾਤ ਹੋਕੇ ਚੁਪ ਹੋ ਗਈ। ਇਹ ਸਾਰੀ ਬਾਤਚੀਤ ਕਪਟਣ ਸੈਦ ਸੁਣਦੀ ਰਹੀ, ਹੁਣ ਉਹ ਪੱਕ ਜਾਣ ਗਈ ਕਿ ਮੇਰੀ ਵੱਲੋਂ ਕੁਝ ਭਰਮ ਫਾਤਮਾ ਨੂੰ ਪੈ ਗਿਆ ਹੈ, ਪਰ ਉਸਨੂੰ ਪਤਾ ਨਾ ਲੱਗੇ ਕਿ ਕਿੱਕੁਰ ਭਰਮ ਪਿਆ ਹੈ, ਕਿਉਂਕਿ ਸੈਦ ਦੇ ਸਾਰੇ ਚਾਲੇ ਐਸੇ ਪੱਕੇ ਅਰ ਲੁਕੇ ਹੋਏ ਸਨ ਕਿ ਉਨ੍ਹਾਂ ਦਾ ਧੂੰ ਨਿਕਲਣਾ ਬੀ ਕਠਨ ਸੀ। ਬਹੁਤ ਸੋਚਕੇ ਸੈਦ ਨੂੰ ਆਪਣੇ ਸ਼ੱਕ ਹੀ ਪੱਕੇ ਹੁੰਦੇ ਦਿੱਸੇ। ਓਹ ਸ਼ੁਭੇ ਏਹ ਸਨ ਕਿ ਕਈ ਵੇਰ ਫਾਤਮਾ ਅਚਾਨਕ ਗੁੰਮ ਹੋ ਜਾਂਦੀ, ਸੈਦ ਸਾਰਾ ਘਰ ਟੋਲਦੀ, ਪਰ ਪਤਾ ਨਾ ਲੱਗਦਾ। ਨੌਕਰਾਂ ਬਾਂਦੀਆਂ ਨੂੰ ਪੁੱਛਦੀ ਕੋਈ ਥਹੁ ਨਾ ਦੱਸਦਾ। ਉਸ ਕੁਟਨੀ ਦਾ ਚੰਚਲ ਮਨ ਹੈਰਾਨ ਰਹਿੰਦਾ ਕਿ ਇਹ ਕੀਹ ਭੇਤ ਹੈ, ਖ਼ਬਰੇ ਇਹ ਕਿਸੇ ਓਪਰੇ ਪਾਸ ਚਲੀ ਜਾਂਦੀ ਹੈ, ਖ਼ਬਰੇ ਕਿਸੇ ਜਾਦੂ ਨਾਲ ਉਡ ਜਾਂਦੀ ਹੈ, ਖ਼ਬਰੇ ਕਿਤੇ ਲੁਕ ਬੈਠਦੀ ਹੈ। ਹੁਣ ਸੈਦ ਨੇ ਆਪਣੀ ਸੁਆਣੀ ਦਾ ਪਿਛਾ ਕਰਨਾ ਆਰੰਭ ਦਿੱਤਾ, ਉਹ ਸਾਰਾ ਦਿਨ ਘਰ ਕੰਮ ਕਰੇ, ਪਰ ਉਸਦੀ ਸੁਰਤ ਫਾਤਮਾ ਵਿਚ ਰਹੇ। ਜਦ ਫਾਤਮਾ ਗੁੰਮ ਹੋ ਜਾਏ ਉਹ ਝਟ ਟੋਲ ਕਰੇ, ਪਰ ਪਤਾ ਨਾ ਲਗੇ। ਭਲਾ ਘਰ ਦੇ ਵਿਚ ਹੀ ਗੁੰਮ ਹੁੰਦੀ ਦਾ ਕੀ ਥਹੁ ਲਗੇ? ਇਕ ਦਿਨ ਸੈਦ ਉਸ ਦੇ ਮਗਰ ਮਗਰ ਹੀ ਸਾਰਾ ਦਿਨ ਰਹੀ, ਪਰ ਅਕਾਰਥ। ਰਾਤ ਪੈ ਗਈ, ਸਭ ਸੌਂ ਗਏ, ਸੈਦ ਉਸ ਦੇ ਬੂਹੇ ਅੱਗੇ ਦੀਵਾ ਬਝਾਕੇ ਦਮ ਵੱਟਕੇ ਬਹਿ ਰਹੀ। ਜਦ ਅੱਧੀ ਰਾਤ ਹੋਈ ਫਾਤਮਾ ਉੱਠੀ ਮਗਰ ਸੈਦ ਤੁਰੀ, ਦੂਜੇ ਕਮਰੇ ਜਾ ਵੜੀ, ਮਗਰੇ ਸੈਦ ਗਈ, ਜਾਂ ਉਸ ਨੇ ਕੰਧ ਵਿਚ ਕਲਾ ਦੱਬੀ, ਬੂਹਾ ਖੁੱਲ੍ਹਿਆ ਉਹ ​ਅੰਦਰ ਵੜ ਗਈ, ਝਟ ਬੂਹਾ ਬੰਦ ਹੋ ਗਿਆ। ਹਨੇਰੇ ਕਰਕੇ ਸੈਦ ਨੂੰ ਦਿੱਸਿਆ ਤਾਂ ਕੁਝ ਨਾ, ਪਰ ਬੂਹੇ ਖੁਲ੍ਹਣ ਵੱਜਣ ਦਾ ਖੜਾਕ ਜ਼ਰੂਰ ਸੁਣਿਆਂ। ਜਾਂ ਤਿੰਨ ਪਹਿਰਾ ਵਜਿਆ ਫੇਰ ਅਵਾਜ਼ ਆਈ, ਫਾਤਮਾ ਨਿਕਲਕੇ ਆਪਣੇ ਕਮਰੇ ਚਲੀ ਗਈ, ਮਗਰੋਂ ਸੈਦ ਆਪਣੇ ਥਾਂ ਜਾ ਸੁੱਤੀ, ਪਰ ਉਸ ਨੂੰ ਨੀਂਦ ਕਿਥੋਂ? ਉਹ ਸਾਰੀ ਰਾਤ ਸੋਚਾਂ ਸੋਚਦੀ ਰਹੀ। ਦਿਨ ਚੜ੍ਹੇ ਉਸਨੇ ਸਫਾਈ ਕਰਨ ਦੇ ਬਹਾਨੇ ਪਹਿਲਾ ਕੰਮ ਉਸ ਕਮਰੇ ਦੀ ਦੇਖ ਭਾਲ ਦਾ ਕੀਤਾ, ਭਈ ਮੈਂ ਉਸ ਖੜਕਾਰ ਵਾਲੀ ਥਾਂ ਨੂੰ ਲੱਭ ਲਵਾਂ, ਪਰ ਸਭ ਵਿਅਰਥ। ਪਹਿਰ ਭਰ ਸੈਦ ਨੇ ਟੱਕਰਾਂ ਮਾਰੀਆਂ, ਕੁਝ ਸਿਰ ਪੈਰ ਨਾ ਆਇਆ। ਛੇਕੜ ਹਫ ਗਈ, ਸਿਰ ਦੁਖਣ ਲਗ ਗਿਆ ਅਰ ਚਾਹ ਦੀ ਪਿਆਲੀ ਪੀਕੇ ਲੇਟ ਗਈ।

_______

੮. ਕਾਂਡ।

ਸਤਵੰਤ ਕੋਰ ਦੀ ਸੁਣੋਂ। ਉਹ ਉਸ ਘੁਰੇ ਵਿਚ ਸਮਾਂ ਕੱਟਦੀ ਰਹੀ, ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ, ਜਾਂ ਇਸ ਬੰਦੀ ਖਾਨੇ ਵਿਚ ਉਮਰ, ਕੱਟਾਂਗੀ। ਉਹ ਪਿਤਾ ਦਾ ਘਰ, ਉਹ ਧਰਮਸਾਲਾ ਦੀ ਕੀਰਤਨ ਦੀ ਝਰਨਾਟ, ਉਹ ਸਤਿਸੰਗਤਾਂ ਦੀ ਠੰਢੀ ਰੌਣਕ, ਜੋੜ ਮੇਲ, ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੁਕ ਕੇ ਬੀ ਹੁੰਦੇ ਸਨ, ਦਿਲ ਨੂੰ ਖਿਚਦੇ ਰਹਿੰਦੇ ਹਨ। ਉਹ ਦਿਨ ਰਾਤ ਆਪਣੇ ਵਤਨ ਪਹੁੰਚਣੇ ਦੀ ਧੁਨਿ ਵਿਚ ਰਹਿੰਦੀ, ਸਾਧਨ ਸੋਚਦੀ ਤੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ। ਸਤਵੰਤ ਕੌਰ ਨੇ ਉਨ੍ਹਾਂ ਦਿਨਾਂ ਵਿਚ ਹੀ ਫਾਤਮਾ ਦੀ ਰਾਹੀਂ ਆਪਣੇ ਮੇਚੇ ਦੇ ਮਰਦਾਵੇਂ ਕਪੜੇ ਬੀ ਬਨਵਾ ਲਏ ਹੋਏ ਸਨ; ਕਿਉਂਕਿ ਉਸਨੂੰ ਇਕੋ ਇਹੋ ਸੂਰਤ ਬਚਾਉ ਦੀ ਦਿੱਸਦੀ ਸੀ ਕਿ ਮਰਦਾਵੇਂ ਭੇਸ ਵਿਚ ਦੇਸ਼ ਅੱਪੜੇ। ​ਇਕ ਕੁਦਰਤੀ ਮੌਜ ਬੀ ਉਸਨੂੰ ਸੀ ਕਿ ਸਰੀਰ ਲੰਮੇਰਾ ਸੀ ਤੇ ਚਿਹਰੇ ਪਰ ਸਾਵੀਆਂ ਬਿੰਦੀਆਂ ਬੀ ਨਹੀਂ ਸਨ, ਜੋ ਕੁਛ ਸਮੇਂ ਤੋਂ ਰੀਸੋ ਰੀਸੀ ਚਮੜਾ ਪੱਛਕੇ ਸਿੰਘਣੀਆਂ ਬੀ ਕੱਢ ਲੈਂਦੀਆਂ ਹਨ। ਪੁਰਾਤਨ ਸਮੇਂ ਵਿਚ ਭਾਰਤ ਵਰਸ਼ ਦੀਆਂ ਇਸਤ੍ਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਧੋਤਿਆਂ ਲਹਿ ਜਾਂਦੀ ਸੀ। ਇਹ ਸਦਾ ਦਾ ਦਾਗ਼ ਹਿੰਦ ਦੇ ਜੰਗਲੀ ਲੋਕਾਂ ਵਿਚ ਹੁੰਦਾ ਸੀ, ਜਿਸ ਦੇ ਸਬੂਤ ਲਈ ਅੱਜ ਕੱਲ ਦੀਆਂ ਪੁਰਾਤਨ ਅਸਲੀ ਅਵਿੱਦ੍ਯ ਕੌਮਾਂ ਵੱਲ ਦੇਖ ਲਵੋ ਕਿ ਸਾਰਾ ਸਰੀਰ ਇਕੁਰ ਪੱਛਕੇ ਕਈ ਸ਼ਕਲਾਂ ਬਣਾਕੇ ਆਪਣੇ ਆਪ ਨੂੰ ਕੋਝਿਆਂ ਕਰਦੀਆਂ ਹਨ। ਮੁਸਲਮਾਨਾਂ ਦੇ ਵੇਲੇ ਕੁਝ ਤਾਂ ਡਰਦਿਆਂ ਕਿ ਚਿਹਰਾ ਕੁਰੂਪ ਹੋ ਜਾਵੇ, ਕੁਝ ਇਸ ਸੋਚ ਪਰ ਕਿ ਨੀਚ ਮਲੂਮ ਹੋਣ ਤੇ ਹੋ ਮੁਸਲਮਾਨ ਸਰਦਾਰ ਖੋਹ ਨਾ ਲੈਣ, ਇਹ ਮੁਕਾਲਕ ਦਾ ਟਿੱਕਾ ਪਰਧਾਨ ਹੋ ਗਿਆ ਸੀ, ਪਰ ਖਾਲਸੇ ਜੀ ਨੇ ਤਾਂ ਗ਼ੁਲਾਮੀ ਨੂੰ ਸੁਰੰਗ ਲਾਈ ਤੇ ਸੁਤੰਤਰਤਾ ਦਾ ਡੰਕਾ ਵਜਾਇਆ, ਤਦ ਕੰਨ ਪੜਾਉਣ ਆਦਿ ਜੋ ਗੁਲਾਮੀ ਦੇ ਲੱਛਣ ਸਨ, ਸ਼ੁਰੂ ਵਿਚ ਹੀ ਛੱਡੇ ਗਏ ਅਰ ਨਾਲ ਸਿੰਘਣੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣੇ ਦੀ ਆਗਿਆ ਪਾਈ[1]। ਜੇ ਸਤਵੰਤ ਕੌਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਦ ਖ਼ਤਰਾ ਸੀ ਕਿ ਮਰਦਾਵੇਂ ਭੇਸ ਵਿਚ ਬੀ ਪਛਾਣ ਹੋ ਜਾਂਦੀ।

ਉਧਰ ਹੁਣ ਸੈਦ ਨੂੰ ਚਉ ਕਿਥੇ? ਭੇਤ ਦੇ ਨੇੜੇ ਨੇੜੇ ਤਾਂ ਅੱਪੜ ਪਈ, ਪਰ ਤੋੜ ਨਾ ਪਹੁੰਚੀ, ਹਰ ਵੇਲੇ ਇਸ ਗਲ ਦੀ ਧੁਨ ਵਿਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾਂ। ਇਕ ਦਿਨ ਉਹ ਕਮਰੇ ਦੇ ਅੰਦਰ ਇਕ ਨੁਕਰ ਵਿਚ ਮੈਲੇ ​ਕਪੜਿਆਂ ਦੇ ਢੇਰ ਹੇਠ ਲੁਕ ਰਹੀ। ਜਦ ਦੁਪਹਿਰ ਵੇਲੇ ਫਾਤਮਾ ਵਿਹਲੀ ਹੋਕੇ ਆਈ ਅਰ ਸਤਵੰਤ ਕੌਰ ਦੇ ਅੰਦਰ ਵੜੀ ਤਦ ਸ਼ੈਤਾਨ ਸੈਦ ਨੇ ਸਾਰਾ ਭੇਤ ਦੇਖ ਲਿਆ ਅਰ ਬੜੇ ਖੁਸ਼ ਦਿਲ ਬਾਹਰ ਚਲੀ ਗਈ। ਇਸ ਪ੍ਰਕਾਰ ਕਈ ਵੇਰ ਉਸ ਨੇ ਲੁਕ ਕੇ ਦੇਖ ਦੇਖ ਕੇ ਪੱਕਾ ਵੱਲ ਸਿਖ ਲਿਆ ਤੇ ਕੁੰਜੀ ਦੀ ਗੁਪਤ ਥਾਂ ਬੀ ਤਾੜ ਲਈ। ਇਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ, ਤਦ ਉਸ ਨੇ ਬੂਹੇ ਖੋਲ੍ਹਣ ਦਾ ਜਤਨ ਕੀਤਾ, ਜਤਨ ਕੀ ਕੀਤਾ ਖੋਲ੍ਹ ਹੀ ਲੀਤਾ, ਪਰ ਬੰਦ ਕਰਕੇ ਫੇਰ ਸਵੇਰੇ ਚਾਰ ਵਜੇ ਜਾ ਖੋਲ੍ਹਿਆ, ਔਰ ਇਕ ਕਦਮ ਅੰਦਰ ਬੀ ਵੜੀ। ਹਨੇਰੇ ਕਰਕੇ ਦਿੱਸਿਆ ਤਾਂ ਕੁਝ ਨਾ, ਪਰ ਮੱਧਮ ਜਿਹੀ ਆਵਾਜ਼ ਸ੍ਵਾਸਾਂ ਦੀ ਆਈ। ਉਸ ਨੇ ਜਾਤਾ ਕਿ ਕੋਈ ਸੌਂ ਰਿਹਾ ਹੈ। ਤਦ ਜ਼ਰਾ ਕੁ ਠਿਠੰਬਰ ਕੇ ਡਿੱਠੋ ਸੁ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ, ਜੋ ਮੱਧਮ ਜੇਹੀ ਉਸ ਅੰਦਰ ਪੈ ਰਹੀ ਸੀ, ਚੌਕੜੀ ਲਗੀ ਹੋਈ ਕੋਈ ਸੂਰਤ ਬੈਠੀ ਭਾਸੀ, ਜਿਸ ਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲਗਦਾ ਸੀ ਕਿ ਕੌਣ ਹੈ? ਸੈਦ ਜ਼ਰਾ ਕੁ ਖੜੀ ਰਹੀ। ਪਲਕੁ ਮਗਰੋਂ ਉਹ ਸੂਰਤ ਹਿੱਲੀ, ਹਿਲਦੀ ਦੇਖਕੇ ਉਹ ਪਿਛਲੀ ਪੈਰੀਂ ਮੁੜੀ ਅਰ ਬੂਹਾ ਬੰਦ ਕਰ ਦਿੱਤਾ। ਸਤਵੰਤ ਕੌਰ ਉੱਠੀ ਅਰ ਘਾਬਰੀ ਕਿ ਅਜ ਦੋ ਵੇਰ ਬੂਹਾ ਖੁੱਲ੍ਹਕੇ ਵੱਜ ਗਿਆ ਹੈ ਤੇ ਫਾਤਮਾ ਨਹੀਂ ਆਈ, ਜ਼ਰੂਰ ਭੇਤ ਪਾਟ ਗਿਆ ਹੈ ਅਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ। ਦਿਨ ਹੋਏ ਜਦ ਫਾਤਮਾ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸਨੂੰ ਕਮਰਕਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ। ਇਹ ਦੇਖ ਫਾਤਮਾ ਅਚਰਜ ਹੋ ਪੁਛਣ ਲੱਗੀ ਕਿ 'ਕੀ ਕਾਰਣ ਹੈ?' ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੁਹਾਂ ਲਈ ਦੁੱਖ ਦਾ ਕਾਰਣ ਹੈ, ਕਿਸੇ ਤੀਸਰੇ ਨੂੰ ਭੇਤ ਪਤਾ ਲੱਗ ਗਿਆ ਹੈ। ਅੱਜ ਰਾਤ ਦੋ ਵੇਰ ਬੇਵਕਤ ਬੂਹਾ ਖੁੱਲ੍ਹਾ ਅਰ ਓਪਰੇ ਦੀ ਆਹਟ ​ਮੈਂ ਸੁਣੀ ਹੈ। ਭਾਵੇਂ ਸੂਰਤ ਨਹੀਂ ਡਿੱਠੀ, ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਗੇ'। ਫਾਤਮਾ ਨੇ ਅਚੰਭਾ ਹੋਕੇ ਕਿਹਾ ਕਿ "ਹਾਂ, ਮੈਂ ਨਹੀਂ ਸਾਂ, ਪਰ ਕੀ ਪਤਾ ਲੱਗੇ ਕਿ ਉਹ ਕੌਣ ਸੀ?"

ਸਤਵੰਤ ਕੌਰ ਬੋਲੀ-ਬੀਬੀ ਜੀ! ਭਾਵੇਂ ਮੈਂ ਵਾਕਫ ਨਹੀਂ, ਸੂਰਤ ਨਹੀਂ ਡਿੱਠੀ, ਪਰ ਮੇਰਾ ਸ਼ੁਬਹ ਪੱਕ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ। ਸੈਦ ਦੇ ਲੱਛਣ ਚੰਗੇ ਨਹੀਂ। ਤੁਸਾਡੇ ਘਰ ਵਿਚ ਇਸ ਨੇ ਵੈਰਾਨੀ ਪੈਦਾ ਕਰਨੀ ਹੈ।

ਫਾਤਮਾ-ਮੈਨੂੰ ਇੰਨੀ ਸਮਝ ਨਹੀਂ, ਪਰ ਸ਼ੱਕ ਉਸ ਉਤੇ ਮੈਨੂੰ ਬੀ ਪੈਂਦਾ ਹੈ ਅਰ ਤੁਹਾਡੇ ਕਹੇ ਪਰ ਮੈਂ ਇਸਨੂੰ ਕੱਢਣੇ ਦਾ ਬੰਦੋਬਸਤ ਕੀਤਾ ਬੀ ਸੀ, ਪਰ ਖਾਂ ਸਾਹਿਬ ਮੰਨਦੇ ਨਹੀਂ ਸਨ, ਹੁਣ ਉਨ੍ਹਾਂ ਦੀ ਮਰਜ਼ੀ ਰੱਦਕੇ ਮੈਂ ਕਿਸ ਪ੍ਰਕਾਰ ਧੱਕਾ ਕਰਾਂ?

ਸਤਵੰਤ ਕੌਰ-ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ ਅਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ, ਪਰ ਤੁਸੀਂ ਆਪਣੇ ਸੁਖ ਪਿਛੇ ਗੰਦੀ ਉਂਗਲ ਵੱਢੋ ਅਰ ਮੈਂ ਹੁਣ ਕਿਨਾਰਾ ਕਰਿਆ ਚਾਹੁੰਦੀ ਹਾਂ। ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫੇਰ ਇਥੇ ਵੇਖੇ।

ਫਾਤਮਾ-ਆਪ ਦਾ ਕਥਨ ਠੀਕ ਹੈ, ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜਦੀ, ਆਪ ਇਸ ਕਮਰੇ ਨੂੰ ਛੱਡ ਦਿਓ, ਇਕ ਹੋਰ ਕਮਰਾ ਹੈ ਜਿਸਦੀ ਬਣਤ ਇਸੇ ਤਰ੍ਹਾਂ ਦੀ ਹੈ ਅਰ ਅੱਗੇ ਜਾਕੇ ਇਸਦੇ ਰਸਤੇ ਨਾਲ ਮਿਲ ਜਾਂਦਾ ਹੈ ਅਰ ਉਧਰੋਂ ਪਤਾ ਨਹੀਂ ਲਗ ਸਕਦਾ। ਮੇਰੀ ਸੋਚ ਵਿਚ ਚੰਗੀ ਗਲ ਇਹ ਹੈ ਕਿ ਤੁਸੀਂ ਉੱਧਰ ਚਲੇ ਜਾਓ।

ਸਤਵੰਤ ਕੌਰਾ-ਹਾਲੇ ਸਲਾਹ ਇਹੋ ਨੇਕ ਹੈ, ਕਿਉਂਕਿ ਇਸ ਵਿਚ ਸੈਦ ਨੂੰ ਕੱਢਣੇ ਦਾ ਮੌਕਾ ਮਿਲੇਗਾ। ਸੈਦ ਨੇ ਕੁਝ ਨਾ ਕੁਝ ਕਰਨਾ ਹੈ ਅਰ ਕਿਸੇ ਵੇਲੇ ਝੂਠੀ ਪਵੇਗੀ। ਗਲ ਕਾਹਦੀ ਢੇਰ ਚਿਰ ਦੀ ਸੋਚ ਮਗਰੋਂ ਇਹੋ ਸਲਾਹ ਪੱਕੀ ਠਹਿਰ ਗਈ।

​ਸੈਦ ਨੇ ਦੂਜੇ ਦਿਨ ਹੀ ਖਾਂ ਸਾਹਿਬ ਨੂੰ ਕੱਲਿਆਂ ਦੇਖ ਕੇ ਜਾ ਸੀਖਿਆ -'ਮਹਾਰਾਜ ਆਪ ਦੇ ਘਰ ਵਿਚ ਗ਼ੈਰ ਆਦਮੀ ਰਹਿੰਦਾ ਹੈ ਅਰ ਆਪਦੀ ਇਸਤ੍ਰੀ ਉਸ ਨਾਲ ਵਿਗੜੀ ਹੋਈ ਹੈ ਤੇ ਆਪਨੂੰ ਕੁਝ ਪਤਾ ਨਹੀਂ ਲਗਦਾ।' ਸੁਣਦੇ ਸਾਰ ਖਾਂ ਦਾ ਹੱਥ ਤਲਵਾਰ ਪੁਰ ਗਿਆ। ਕੜਕ ਕੇ ਬੋਲੇ, 'ਬੁਲਾਓ!' ਸੈਦ ਫਾਤਮਾ ਨੂੰ ਲੱਭਣ ਗਈ, ਪਰ ਉਹ ਲੱਭੀ ਨਾ। ਇਹ ਸਮਝ ਗਈ ਕਿ ਹੁਣ ਅੰਦਰ ਹੋਣੀ ਹੈ ਚੰਗਾ ਹੋਯਾ ਸਿਰੋਂ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਏਗਾ। ਦੌੜੀ ਗਈ ਅਰ ਬੋਲੀ:— 'ਆਓ ਖਾਂ ਸਾਹਿਬ ਜੀ ਸਿਰੋਂ ਫੜਾਵਾਂ।' ਖਾਂ ਸਾਹਿਬ ਲੋਹੇ ਲਾਖੇ ਹੋ ਤਲਵਾਰ ਫੜੀ ਆਏ। ਸੈਦ ਨੇ ਗੁਪਤ ਬੂਹੇ ਖੋਲ੍ਹੇ, ਖੁਸ਼ੀ ਨਾਲ ਉਛਲਦੇ ਦਿਲ ਅੰਦਰ ਵੜੀ, ਪਰ ਤੱਤੀ ਦੇ ਲੇਖ ਸੜ ਗਏ, ਉਥੇ ਤਾਂ ਬੰਦੇ ਦਾ ਮੁਸਕ ਬੀ ਨਹੀਂ ਸੀ। ਅੱਗੇ ਪਿਛੇ ਢੂੰਡਿਆ, ਪਰ ਕੁਛ ਨਾ ਲੱਭਾ। ਖਾਂ ਸਾਹਿਬ ਚੱਕ੍ਰਾਏ, ਘਬਰਾਏ, ਸ਼ਰਮਾਏ ਤੇ ਪਿੱਛੇ ਮੁੜੇ। ਫੇਰ ਸੈਦ ਦੀ ਗੁਤੜੀ ਭੁਆਈ ਅਰ ਦੋ ਚਾਰ ਹੂਰੇ ਲਾਏ। ਛਿੱਥੇ ਹੋਏ ਹੋਏ ਬਾਹਰ ਨਿਕਲੇ, ਤਦ ਖਾਂ ਸਾਹਿਬ ਲਗੇ ਢੂੰਡਣ। ਸੌਣ ਵਾਲੇ ਕਮਰੇ ਗਏ ਤਦ ਫਾਤਮਾ ਇਬਾਦਤ ਵਿਚ ਬੈਠੀ ਪਾਈ। ਬੇਵਸ ਹੋ ਖਾਂ ਸਾਹਬ ਨੇ ਉਸ ਨੂੰ ਗਲ ਨਾਲ ਲਾ ਲਿਆ ਅਰ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ। ਫਾਤਮਾ ਸੁਣਕੇ ਬੋਲੀ: 'ਖਾਂ ਸਾਹਿਬ ਮੈਂ ਕਹਿੰਦੀ ਸਾਂ ਕਿ ਨਹੀਂ ਕਿ ਇਹ ਸੈਦ ਸ਼ੈਤਾਨ ਦੀ ਧੀ ਹੈ? ਸਾਡਾ ਘਰ ਖ਼ਰਾਬ ਕਰੇਗੀ, ਇਸ ਨੂੰ ਰੱਖਣਾ ਠੀਕ ਨਹੀਂ, ਹੁਣ ਬੀ ਜੇ ਆਪ ਕੱਢ ਦਿਓ ਤਾਂ ਠੀਕ ਹੈ'। ਖਾਂ ਸਾਹਿਬ ਸਹਾਰ ਨ ਸਕੇ। ਦੌੜੇ ਗਏ, ਗੁੱਤੋਂ ਫੜਕੇ ਸੈਦ ਨੂੰ ਬਾਹਰ ਕੀਤਾ। ਸਾਰੇ ਘਰ ਵਿਚ ਇਹ ਹਾਲ ਮਲੂਮ ਹੋ ਗਿਆ, ਸਾਰੇ ਨੌਕਰ ਖੁਸ਼ ਹੋਏ ਕਿ ਬਲਾ ਗਈ, ਕਿਉਂਕਿ ਹੁਣ ਉਹ ਹਰ ਇਕ ਨਾਲ ਨਹੁਂ ਲੈਂਦੀ ਹੁੰਦੀ ਸੀ।

______

​

੯. ਕਾਂਡ।

ਰਾਤ ਨੂੰ ਜਦ ਦੋ ਪਹਿਰ ਬੀਤੇ ਤਦ ਫਾਤਮਾ ਚੁੱਪ ਕਰੀਤੀ ਉੱਠੀ, ਦੂਜੇ ਪਾਸਿਓਂ ਗੁਪਤ ਬੂਹਾ ਖੋਲ੍ਹਿਆ ਅਰ ਸਤਵੰਤ ਕੌਰ ਪਾਸ ਪਹੁੰਚੀ। ਜਾਕੇ ਅਚਰਜ ਕੌਤਕ ਡਿੱਠਾ, ਸਤਵੰਤ ਕੌਰ ਨਾ ਪਾਈ। ਕਲੇਜਾ ਧਕ ਧਕ ਕਰਨ ਲੱਗ ਪਿਆ, ਜਿੰਦ ਮੁੱਠ ਵਿਚ ਆ ਗਈ, ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ: ਹੱਥਾਂ ਦੇ ਤੋਤੇ ਉਡਦੇ ਜਾਣ, ਇਕ ਰੰਗ ਆਵੇ ਇਕ ਜਾਵੇ। ਦਿਲ ਵਿਚ ਸੋਚੇ, ਘਾਬਰੇ, ਐਧਰ ਉਧਰ ਤੱਕੇ, ਭਾਲੇ, ਫੇਰ ਗੋਤੇ ਲਹਿ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿਚ ਅੱਧਾ ਘੰਟਾ ਲੰਘਿਆ, ਫਾਤਮਾ ਬੇਸੁਧ ਹੋਕੇ ਕੋਈ ਘੜੀ ਭਰ ਪਈ ਰਹੀ ਹੋਊ ਕਿ ਫੇਰ ਇਸ ਦੀ ਅੱਖ ਖੁਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ ਤੇ ਰੱਖਿਆ ਹੋਇਆ ਹੈ ਅਰ ਪਾਣੀ ਦੇ ਛੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਭਰ ਆਇਆ। ਹੰਭਲਾ ਮਾਰਕੇ ਉੱਠੀ ਅਰ ਐਉਂ ਗਲ ਮਿਲੀ ਕਿ ਸਾਰਾ ਜ਼ੋਰ ਲਾਕੇ ਗਲ ਨਾਲ ਘੁੱਟ ਲਿਆ ਅਰ ਛੱਡੇ ਨਾ। ਕਿੰਨੇ ਚਿਰ ਪਿਛੋਂ ਛੱਡਕੇ ਪਾਸ ਹੋ ਬੈਠੀ ਅਰ ਲੱਗੀ ਪੁੱਛਣ ਕਿ ਇਹ ਕੀ ਕੌਤਕ ਹੋਇਆ ਸੀ?

ਸਤਵੰਤ ਕੌਰ-ਬੀਬੀ! ਕੀ ਦੱਸਾਂ! ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁੱਖਣਾ ਸੁਖੇਗੀ। ਇਕ ਦਿਨ ਇਹ ਪੋਲ ਖੁਲ੍ਹ ਜਾਏਗਾ ਅਰ ਜਦ ਖੁੱਲ੍ਹੇਗਾ ਤੇਰੇ ਸਿਰ ਅਪਦਾ ਪਏਗੀ। ਮੈਂ ਬੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀਹ ਹੈ, ਮੈਂ ਤਾਂ ਇਸ ਧਰਤੀ ਵਿਚ ਪੰਜ ਰੁਪੱਯੇ ਦੀ ਚੀਜ਼ ਹਾਂ, ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕ ਕਾਹਨੂੰ ਮੇਰੇ ਨਾਲ ਪਿਸ ਜਾਓ। ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ।

​ਫਾਤਮਾ-ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ? ਇਸ ਥਾਂ ਨੂੰ ਕੋਈ ਜਾਣਦਾ ਨਹੀਂ ਅਰ ਫੇਰ ਇਸ ਵਿਚੋਂ ਬਚ ਜਾਣੇ ਦਾ ਰਸਤਾ ਜੰਗਲ ਨੂੰ ਹੈ। ਘਰ ਵਿਚ ਇਕ ਸੈਦ ਫਿੱਟਣੀਆਂ ਦਾ ਫੇਟ ਸੀ, ਸੌ ਨਿਕਲ ਗਈ, ਬਾਕੀ ਨੌਕਰ ਮੇਰੇ ਥਾਂ ਲਹੂ ਡੋਹਲਦੇ ਹਨ।

ਸਤਵੰਤ ਕੌਰ-ਸੱਚ ਹੈ, ਪਰ ਕੁਦਰਤ ਦੇ ਕਾਰਖਾਨੇ ਨਿਆਰੇ ਹਨ। ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ, ਇਸੇ ਕਰਕੇ ਮੈਂ ਅੱਜ ਚਾਹਿਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ, ਸੋ ਬੱਤੀ ਲੈਕੇ ਚਲੀ ਗਈ ਅਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿਚ ਜਾਂਦਾ ਹੈ ਸੁਰੰਗੋਂ ਬਾਹਰ ਨਿਕਲ ਗਈ। ਜੰਗਲ ਸੁੰਨਸਾਨ ਪਿਆ ਸੀ। ਮੈਂ ਕੁਝ ਦੂਰ ਚਲੀ ਗਈ, ਇਕ ਪੱਥਰ ਦੇ ਉਹਲੇ ਦੋ ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜੋਕੇ ਸੁਣਿਆਂ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ, ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ, ਇਸ ਕਰਕੇ ਲੱਭਣ ਵਾਲੇ ਵਾਸਤੇ ਇਨਾਮ ਮੁਕੱਰਰ ਹੋਇਆ ਹੈ। ਇਹ ਗੱਲਾਂ ਸੁਣਕੇ ਮੈਂ ਮੁੜ ਆਈ ਅਰ ਆਕੇ ਤੁਹਾਨੂੰ ਬੇਹੋਸ਼ ਡਿੱਠਾ। ਫੇਰ ਛੱਟੇ ਮਾਰ ਮਾਰ ਕੇ ਹੋਸ਼ ਆਂਦੀ।

ਫਾਤਮਾ-ਤੁਸੀਂ ਬੜਾ ਹੌਂਸਲਾ ਕਰਦੇ ਹੋ!

ਸਤਵੰਤ ਕੌਰ-ਕੀ ਕਰਾਂ, ਦੁਖੜੇ ਝੱਲ ਝੱਲਕੇ ਦਿਲ ਕੁਝ ਕਰੜਾ ਹੋ ਗਿਆ ਹੈ।

ਫਾਤਮਾ-ਤੁਸੀਂ ਨੱਸੇ ਹੋਏ ਹੋ, ਪਰ ਐਥੋਂ ਨਾਲੋਂ ਵਧੀਕ ਬਚਾਉ ਦੀ ਜਗਾ ਹੋਰ ਮੈਨੂੰ ਬੀ ਕੋਈ ਨਹੀਂ ਦਿੱਸਦੀ।

ਸਤਵੰਤ ਕੌਰ-ਸੱਚ ਹੈ, ਇਸ ਗੱਲ ਨੂੰ ਤਾਂ ਮੈਂ ਬੀ ਜਾਣਦੀ ਹਾਂ, ਪਰ ਕੇਵਲ ਜਿੰਦ ਹੀ ਨਹੀਂ ਨਾਂ ਬਚਾਈ ਚਾਹੁੰਦੀ, ਮੈਂ ਜੀਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ।

ਫਾਤਮਾ-ਕੀ ਪੰਜਾਬ ਜਾਣੇ ਦਾ ਸੰਕਲਪ ਹੈ?

​ਸਤਵੰਤ ਕੌਰ-ਜੀ ਹਾਂ।

ਫਾਤਮਾ-ਇਹ ਬੜੀ ਕਠਨ ਗੱਲ ਹੈ, ਤੀਮੀਂ ਜਾਤ, ਕੋਈ ਸਾਥੀ ਨਹੀਂ, ਫੇਰ ਪਾਤਸ਼ਾਹ ਦਾ ਡਰ। ਪਹੁੰਚਣਾ ਬੜਾ ਕਠਨ ਹੈ।

ਸਤਵੰਤ ਕੌਰ-ਇਹ ਮੈਂ ਬੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ, ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਝਾਗਣੀ ਕੋਈ ਬੜੀ ਗੱਲ ਨਹੀਂ।

ਫਾਤਮਾਂ-ਬੀਬੀ! ਤੁਹਾਡਾ ਹੌਸਲਾ ਹੈ ਕਿ ਕਹਿਰ ਹੈ, ਜਦ ਕਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟਕੇ ਆਉਂਦਾ ਸੀ, ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀਦੀਆਂ ਸਨ ਤਾਂ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿਥੋਂ ਉਪਜ ਪਏ ਹਨ। ਕਈ ਕਈ ਅਚਰਜ ਬਾਤਾਂ ਲੋਕੀਂ ਕਰਨ ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਨ, ਪਰ ਹੁਣ ਤਾਂ ਤੁਹਾਨੂੰ ਦੇਖਕੇ ਨਿਸ਼ਚਾ ਹੋ ਗਿਆ ਹੈ ਕਿ ਸਿਖ ਸੱਚ ਮੁੱਚ ਅਚਰਜ ਬਹਾਦਰ, ਹਠੀ ਤੇ ਧਰਮੀ ਹਨ।

ਸਤਵੰਤ ਕੌਰ-ਬੀਬੀ! ਕੀਹ ਦੱਸਾਂ? ਨਾ ਸਾਡੇ ਪਾਸ ਰਾਜ ਨਾ ਕਿਲ੍ਹਾ, ਨਾ ਦੇਸ਼, ਨਾ ਖਜ਼ਾਨੇ, ਇਕ ਰੱਬ ਦੀ ਆਸ ਜਿਸ ਪੁਰ ਸਾਰਾ ਪੰਥ ਜਾਨਾਂ ਪਰ ਖੇਡਦਾ ਹੈ। ਅਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਤੇ ਧੰਨ ਧੰਨ ਕਰਾਉਂਦਾ ਹੈ।

ਫਾਤਮਾ-ਸੱਚ ਹੈ, ਮੈਂ ਪਰਤੱਖ ਦੇਖ ਲਿਆ ਹੈ।

ਇੰਨੇ ਨੂੰ ਕੁਝ 'ਰਸਲ' ਜਿਹੀ ਆਵਾਜ਼ ਆਈ। ਫਾਤਮਾ ਤਾਂ ਚਲੀ ਗਈ ਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲਾਂ ਹੀ ਮਰਦਾਵੇਂ ਕੱਪੜੇ ਪਾਕੇ ਪਠਾਣੀ ਸ਼ਕਲ ਬਣਾਕੇ ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ।

—————

​ਕਾਬਲ ਸ਼ਹਿਰ ਤੋਂ ਥੋੜ੍ਹੀ ਦੂਰ ਕੋਈ ਤ੍ਰੈ ਕੁ ਘੜੀ ਦਿਨ ਚੜ੍ਹੇ ਇਕ ਰੁੱਖ ਹੇਠ ਦੋ ਜੁਆਨ ਜੋ ਲਾਲ ਪੱਗ ਤੋਂ ਹਿੰਦੂ ਜਾਪਦੇ ਹਨ ਬੈਠੇ ਗੱਲਾਂ ਕਰ ਰਹੇ ਹਨ:—

ਪਹਿਲਾ—ਫੇਰ, ਮੈਂ ਕੀ ਕਰਾਂ?

ਦੂਜਾ—ਭਰਾ ਜੀ, ਮੈਂ ਕੀ ਦੱਸਾਂ?

ਪਹਿਲਾ—ਮੰਗਵੀਂ ਹੀ ਚਾ ਦਿਓ।

ਦੂਜਾ—ਔਖੀ ਗੱਲ।

ਪਹਿਲਾ—ਮੈਂ ਫੇਰ ਅੰਨ ਕਿੱਕੁਰ ਅੰਗੀਕਾਰ ਕਰਾਂ?

ਦੂਜਾ—ਇਸ ਗਲ ਦਾ ਫਿਕਰ ਮੈਨੂੰ ਬੀ ਹੈ, ਪਰ ਤੁਸੀਂ ਰੋਜ਼ ਆ ਜਾਇਆ ਕਰੋ।

ਪਹਿਲਾ—ਐਡੀ ਦੂਰੋਂ ਆ ਨਹੀਂ ਹੁੰਦਾ। ਜੇ ਤੁਸੀਂ ਪੰਜ ਦਿਨ ਵਾਸਤੇ ਹੋਰ ਦੇ ਦਿਓ ਤਦ ਮੈਂ ਦਿਨ ਰਾਤ ਲਾਕੇ ਕੰਠ ਕਰ ਲਵਾਂ।

ਦੂਜਾ—ਮੈਂ ਬਥੇਰਾ ਪਿਤਾ ਨੂੰ ਕਿਹਾ ਹੈ,ਓਹ ਨਹੀਂ ਮੰਨਦੇ।

ਪਹਿਲਾ—ਮੈਨੂੰ ਚੋਰੀ ਕੱਢ ਦਿਓ।

ਦੂਜਾ—ਚੌਰੀ ਕਿੱਕੁਰ ਕੱਢ ਦਿਆਂ? ਲੋਹੇ ਦੇ ਸੰਦੂਕਾਂ ਦੇ ਜੰਦਰੇ ਕੋਣ ਤੋੜ ਸਕੇ?

ਪਹਿਲਾ—ਹੱਛਾ ਮੇਰੇ ਭਰਾ! ਜੇ ਤੁਹਾਡੇ ਵਿਚ ਹਿੰਮਤ ਨਹੀਂ ਸੀ ਤਾਂ ਮੈਨੂੰ ਚਾਟ ਹੀ ਕਿਉਂ ਲਾਈ?

ਦੂਜਾ—ਮਾੜਾ ਤਾਂ ਨਹੀਂ ਕੀਤਾ, ਭਲਾ ਹੀ ਹੈ ਨਾ।

ਪਹਿਲਾ—ਹਾਂ, ਕਿਸੇ ਨੂੰ ਅਫੀਮ ਖਾਣੀ ਸਿਖਾਲ ਕੇ ਫੇਰ ਡੱਬੀ ਲੁਕਾ ਲੈਣੀ ਕਿਹੀ ਭਲਿਆਈ ਹੈ?

ਦੂਜਾ—ਤੂੰ ਦੱਸ ਮੇਰੇ ਕੀ ਵੱਸ ਹੈ?

ਪਹਿਲਾ—ਠੀਕ ਹੈ, ਪਰ ਅਮਲੀ ਬੀ ਕੀ ਕਰੇ?

​ਦੂਜਾ—ਕੀ ਦੱਸਾਂ ਕੁਝ ਵਾਹ ਨਹੀਂ ਚਲਦੀ।

ਪਹਿਲਾ—ਅੱਛਾ ਤੁਸੀਂ ਚਾਰ ਦਿਨ ਮੇਰੇ ਕੋਲ ਚੱਲ ਰਹੋ।

ਦੂਜਾ—ਇਹ ਪਿਤਾ ਜੀ ਨਹੀਂ ਮੰਨਦੇ, ਓਹ ਡਰਦੇ ਹਨ, ਰਾਤੀਂ ਕਹਿੰਦੇ ਸਨ ਕਿ ਪੰਜਾਬ ਵਿਚੋਂ ਸਿੱਖਾਂ ਦੇ ਰਾਮ ਰੌਲੇ ਦੀ ਖਬਰ ਆਈ ਹੈ ਅਰ ਅਮੀਰ ਬੜਾ ਤਪ ਰਿਹਾ ਹੈ, ਆਸ ਤਾਂ ਨਹੀਂ, ਪਰ ਖਬਰੇ ਐਥੋਂ ਦੇ ਸਿਖਾਂ ਪਰ ਬੀ ਕੁਝ ਕਹਿਰ ਉਤਰ ਪਵੇ, ਇਸ ਕਰਕੇ ਲੁਕ ਕੇ ਗੁਜ਼ਾਰਾ ਕਰਨਾ ਚਾਹੀਏ।

ਪਹਿਲਾ—ਹੱਛਾ ਫੇਰ, ਭੁੱਖ ਹੋਟੇ ਪ੍ਰਾਣ ਦੇ ਛੱਡਾਂਗੇ।

ਇਨ੍ਹਾਂ ਦੀਆ ਗੱਲਾਂ ਇਕ ਨੱਢਾ ਸੁਣ ਰਿਹਾ ਸੀ, ਉਹ ਹਥ ਜੋੜਕੇ ਅੱਗੇ ਆ ਖੜੋਤਾ ਅਰ ਬੋਲਿਆ ਕਿ ਮੈਂ ਅਣ-ਬੁਲਾਇਆ ਬੋਲਦਾ ਹਾਂ, ਪਰ ਤੁਹਾਡੇ ਲਾਭ ਲਈ। ਤੁਸੀਂ ਪੰਜ ਗ੍ਰੰਥੀ ਪੋਥੀ ਮੰਗਦੇ ਹੋ, ਤੁਹਾਨੂੰ ਪਾਠ ਦਾ ਰਸ ਪੈ ਗਿਆ ਹੈ ਤੇ ਇਹ ਦੇ ਨਹੀਂ ਸਕਦੇ। ਤੁਸਾਂ ਇਕ ਭੁੱਲ ਕੀਤੀ ਹੈ, ਜੇ ਕਦੀ ਜਪੁਜੀ ਹੀ ਕੰਠ ਕਰ ਲੈਂਦੇ ਤਾਂ ਬੀ ਪਾਠ ਦੀ ਬਹਾਰ ਤਾਂ ਲਗੀ ਰਹਿੰਦੀ, ਹੁਣ ਜੇ ਤੁਸੀਂ ਮੇਰੀ ਗੱਲ ਪਰਵਾਨ ਕਰੋ ਤਾਂ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਕਾਗਤ ਕਲਮ ਦਵਾਤ ਲਿਆ ਦਿਓ ਤਾਂ ਮੈਂ ਤੁਹਾਨੂੰ ਹੱਥੀਂ ਲਿਖ ਦਿਆਂਗਾ। ਜਪੁਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰਹੁਰਾਸ, ਸੋਹਿਲਾ, ਸੁਖਮਨੀ ਤੇ ਆਸਾ ਦੀ ਵਾਰ ਮੇਰੇ ਕੰਠ ਹਨ, ਬਾਕੀ ਬਾਣੀਆਂ ਨਹੀਂ। ਜੇ ਇੰਨੀਆਂ ਬਾਣੀਆਂ ਚਾਹੋ ਤਦ ਮੈਂ ਤੁਹਾਨੂੰ ਪੋਥੀ ਲਿਖਕੇ ਦੇ ਸਕਦਾ ਹਾਂ।

ਇਹ ਖੁਸ਼ੀ ਦੀ ਖਬਰ ਸੁਣਕੇ ਦੋਹਾਂ ਨੇ ਚਰਨ ਫੜ ਲਏ ਅਰ ਚਾਉ ਨਾਲ ਬਿਹਬਲ ਹੋਕੇ ਬੋਲੇ:—ਧੰਨ ਜਨਮ, ਧੰਨ ਜਨਮ! ਕੋਈ ਸ਼ਹੀਦ ਸਿੰਘ ਆ ਬਹੁੜੇ, ਧੰਨ ਜਨਮ, ਧੰਨ ਜਨਮ, ਵਾਰਨੇ ਥੀਂ ਵੰਞਾਂ, ਕੁਰਬਾਨ ਥੀਂ ਵੰਞਾਂ।

ਨੱਢਾ—ਮੇਰੇ ਪੈਰ ਨਾ ਫੜੋ, ਮੈਂ ਸ਼ਹੀਦ ਨਹੀਂ, ਤੁਹਾਡਾ ਹੀ ਸਿਖ ਭਰਾ ਸਾਧ ਸੰਗਤ ਦਾ ਸੇਵਕ ਹਾਂ।

​ਪਹਿਲੇ ਮਨੁੱਖ ਦਾ ਨਾਉਂ ਤੋਤਾ ਰਾਮ ਸੀ ਅਰ ਸਿੰਘ ਸਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਉਂ ਮੰਗਲ ਸਿੰਘ ਸੀ, ਜਿਸਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ। ਤੋਤੇ ਨੂੰ ਇਸ ਨੇ ਪੰਜ ਗ੍ਰੰਥੀ ਦਿੱਤੀ ਸੀ, ਜੋ ਉਸ ਸਮੇਂ ਬੜੀ ਅਮੋਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਅਰ ਫੇਰ ਨਾ ਦਿੱਤੀ। ਇਸੇ ਗੱਲੋਂ ਤੋਤਾ ਰਾਮ ਉਦਾਸ ਹੋ ਰਿਹਾ ਸੀ ਕਿ ਪਰਮੇਸ਼ੁਰ ਨੇ ਉਸਦੀ ਸੁਣ ਲਈ ਅਰ ਉਸ ਦੇ ਪਾਸ ਇਹ ਸਿੱਖ ਲਿਖਾਰੀ ਘੱਲ ਦਿੱਤਾ। ਹੁਣ ਸਲਾਹ ਇਹ ਹੋਈ: ਇਹ ਤੋਤਾ ਰਾਮ ਉਸ ਨੱਢੇ ਨੂੰ ਨਾਲ ਅਪਣੇ ਪਿੰਡ ਲੈ ਜਾਵੇ ਅਰ ਅਪਣੇ ਘਰ ਰੱਖੇ, ਪਰ ਉਨ੍ਹਾਂ ਨੇ ਡਿੱਠਾ ਕਿ ਬਾਲਕੇ ਸਿਰ ਪੱਗ ਚਿੱਟੀ ਹੈ, ਸੋ ਮੰਗਲ ਸਿੰਘ ਨੇ ਅਪਣੀ ਪੱਗ ਨਾਲੋਂ ਦੋ ਗਜ਼ ਕੱਪੜਾ ਪਾੜ ਦਿੱਤਾ ਕਿ ਅਪਣੇ ਸਿਰ ਤੇ ਵਲ੍ਹੇਟ ਲਵੇ। ਕਾਰਨ ਇਹ ਸੀ ਕਿ ਕਾਬਲ ਵਿਚ ਤ੍ਰੀਕਾ ਸੀ ਕਿ ਜੋ ਮੁਸਲਮਾਨ ਨਹੀਂ, ਲਾਲ ਪੱਗ ਰਖੇ, ਤਾਂ ਜੋ ਪਛਾਣਿਆ ਜਾਵੇ।

ਗਲ ਕੀ, ਦੋਵੇਂ ਮਿੱਤ੍ਰ ਵਿਦਾ ਹੋਏ ਅਰ ਤੋਤਾ ਰਾਮ ਤੇ ਲਿਖਾਰੀ ਨੱਢਾ ਪਿੰਡ ਚਲੇ ਗਏ। ਉੱਥੇ ਜਾਕੇ ਉਸ ਨੇ ਅਪਣੇ ਘਰ ਵਿਚ ਇਕ ਨਵੇਕਲਾ ਕੋਠਾ ਦੇ ਦਿੱਤਾ, ਕਲਮ ਦੁਆਤ ਕਾਗਤ ਬੀ ਮੰਗਾ ਦਿੱਤਾ। ਇਸ ਸਿੱਖ ਗੱਭਰੂ ਨੇ ਜਪੁਜੀ ਤਾਂ ਤਿੰਨਾਂ ਦਿਨਾਂ ਵਿਚ ਲਿਖ ਲਈ, ਮੋਤੀਆਂ ਵਰਗੇ ਅੱਖਰ ਦੇਖਕੇ ਤੋਤਾ ਰਾਮ ਬਾਗ਼ ਬਾਗ਼ ਹੋ ਗਿਆ। ਉਸਨੂੰ ਆ ਮੁਹਾਰਾ ਪਿਆਰ ਆਵੇ ਤੇ ਵਧੀਕ ਤੋਂ ਵਧੀਕ ਆਦਰ ਭਾ ਕਰੇ। ਮਹੀਨਾ ਕੁ ਲੱਗਕੇ ਸਾਰੀ ਬਾਣੀ ਲਿਖੀ ਗਈ ਅਰ ਪੋਥੀ ਤਿਆਰ ਹੋ ਗਈ। ਤੋਤਾ ਰਾਮ ਦੀ, ਚਾਹ ਪੂਰੀ ਹੋ ਗਈ। ਬਾਣੀ ਦਾ ਅਨੰਦ ਆ ਗਿਆ ਅਰ ਨਿੱਤਨੇਮ ਦਾ ਨਿਰਬਾਹ ਹੋਣ ਲਗਾ। ਕੁਝ ਚਿਰ ਪਾਕੇ ਚੋਰੀ ਚੋਰੀ ਅੰਮ੍ਰਿਤ ਛਕਕੇ ਤੋਤਾ ਰਾਮ ਸਿੰਘ ਸਜ ਗਿਆ। ਹੁਣ ਉਸ ਬਾਲਕ ਦੀ ਖਾਤਰ ਦਿਨੋਂ ਦਿਨ ਵਧਣ ਲੱਗੀ, ​ਕਿਉਂਕਿ ਪੋਥੀਆਂ ਦੀ ਲੋੜ ਹਰ ਕਿਸੇ ਨੂੰ ਸੀ, ਪਰ ਲੱਭਦੀ ਬੜੀ ਔਖੀ ਹੁੰਦੀ ਸੀ। ਕਾਬਲ ਵਿਚ ਕਈ ਵੇਰ ਪੰਜ ਗ੍ਰੰਥੀ ਪੰਜ ਸੌ ਨੂੰ ਹੱਥ ਨਹੀਂ ਸੀ ਆਉਂਦੀ; ਪਰ ਇਸ ਭੁਜੰਗੀ ਨੇ ਬਿਨਾਂ ਪੈਸੇ ਲੀਤੇ ਦੇ ਕੇਵਲ ਅੰਨ ਬਸਤਰ ਦਾ ਗੁਜ਼ਾਰਾ ਤੋਰਕੇ ਕਈ ਪੋਥੀਆਂ ਲਿਖ ਦਿੱਤੀਆਂ। ਇਸ ਕਰਕੇ ਹੌਲੇ ਹੌਲੇ ਸਾਰੇ ਸਿੰਘਾਂ ਵਿਚ ਇਸਦਾ ਜਸ ਫੈਲ ਗਿਆ; ਜਿਸਦਾ ਨਾਮ 'ਜਸਵੰਤ ਸਿੰਘ' ਸੀ। ਜਸਵੰਤ ਸਿੰਘ ਦੀ ਚੰਗੀ ਆਗਤ ਭਾਗਤ ਹੋਣ ਲੱਗ ਪਈ। ਇਕ ਦਿਨ ਇਕ ਸ਼ਾਹੂਕਾਰ ਦਾ ਪਿਤਾ ਬੀਮਾਰ ਸੀ, ਉਸਨੇ ਪੁੱਤ ਨੂੰ ਕਿਹਾ ਕੋਈ ਐਸਾ ਸਿਖ ਲਿਆ ਜੋ ਸੁਖਮਨੀ ਸਾਹਿਬ ਦਾ ਪਾਠ ਸੁਣਾਵੇ। ਭਾਗਾਂ ਨੂੰ ਜਸਵੰਤ ਸਿੰਘ ਉਥੇ ਸੀ, ਉਸਨੂੰ ਲੈ ਗਏ। ਜਸਵੰਤ ਸਿੰਘ ਨੇ ਐਸੀ ਮਧੁਰ ਸੁਰ ਨਾਲ ਪਾਠ ਕੀਤਾ ਕਿ ਉਸਦਾ ਤਨ ਮਨ ਠਰ ਗਿਆ। ਉਸੇ ਦਿਨ ਉਸਨੂੰ ਕੁਝ ਫ਼ਰਕ ਬੀ ਪੈ ਗਿਆ ਅਰ ਕੁਛ ਦਿਨਾਂ ਮਗਰੋਂ ਰਾਜ਼ੀ ਬੀ ਹੋ ਗਿਆ। ਜਸਵੰਤ ਸਿੰਘ ਉਸ ਬ੍ਰਿੱਧ ਨੂੰ ਐਸਾ ਪਿਆਰਾ ਲੱਗਾ ਕਿ ਉਸਨੇ ਇਸਨੂੰ ਘਰ ਆਪਣੇ ਪਾਸ ਰੱਖ ਲਿਆ। ਜਸਵੰਤ ਸਿੰਘ ਸੁਖਮਨੀ ਜੀ ਦਾ ਰੋਜ਼ ਪਾਠ ਕਰਿਆ ਕਰੇ ਤੇ ਬ੍ਰਿੱਧ ਸੁਣਿਆਂ ਕਰੇ। ਇਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਮੈਂ ਆਪਦੀ ਕੀ ਸੇਵਾ ਕਰ ਸਕਦਾ ਹਾਂ, ਪਰ ਫੇਰ ਬੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ?

ਜਸਵੰਤ ਸਿੰਘ—ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਇੱਛਾ ਨਹੀਂ। ਇਕ ਹੈ, ਜੋ ਪੂਰੀ ਨਹੀਂ ਹੋ ਸਕਦੀ।

ਬ੍ਰਿਧ—ਉਹ ਕੀਹ ਹੈ?

ਜਸਵੰਤ ਸਿੰਘ—ਕੀ ਦੱਸਾਂ? ਦੱਸਕੇ ਗੁਆਉਣੀ ਹੈ।

ਬ੍ਰਿਧ—ਨਹੀਂ ਨਹੀਂ, ਜ਼ਰੂਰ ਦੱਸੋ?

ਜਸਵੰਤ ਸਿੰਘ—ਮੇਰਾ ਜੀ ਇਕ ਵੇਰ ਪੰਜਾਬ ਜਾਣੇ ਨੂੰ ਕਰਦਾ ਹੈ।

​ਬ੍ਰਿਧ—ਇਹ ਕੀ ਅਨਹੋਣੀ ਗਲ ਹੈ? ਜਦ ਕੋਈ ਕਾਫਲਾ ਜਾਵੇਗਾ ਤੁਹਾਨੂੰ ਨਾਲ ਤੋਰ ਦਿਆਂਗੇ, ਚਲੇ ਜਾਣਾ। ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਅਨੰਦ ਲੈਕੇ ਜਦ ਕਾਫਲਾ ਮੁੜੇ, ਮੁੜ ਆਉਣਾ।

ਜਸਵੰਤ ਸਿੰਘ—ਮੁੜ ਆਵਣੇ ਦਾ ਮੇਰਾ ਸੰਕਲਪ ਨਹੀਂ।

ਬ੍ਰਿਧ—ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ, ਤੁਸੀਂ ਗਏ ਤਾਂ ਮੈਂ ਕੀ ਕਰਸਾਂ?

ਜਸਵੰਤ ਸਿੰਘ—ਮੇਰਾ ਮੂੰਹ ਛੋਟਾ ਗੱਲ ਵੱਡੀ ਹੈ, ਪਰ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਆਪ ਨੇ ਉਮਰ ਭੋਗ ਲਈ, ਸਭ ਆਨੰਦ ਲੈ ਲਏ, ਪੁਤ੍ਰ ਸਿਆਣੇ ਹੋ ਗਏ, ਵਿਹਾਰ ਸਾਂਭ ਬੈਠੇ ਹਨ। ਕਿਉਂ ਨਾ ਹੁਣ ਇਨ੍ਹਾਂ ਨੂੰ ਛੱਡ ਦਿਓ ਤੇ ਸ੍ਰੀ ਅੰਮ੍ਰਿਤਸਰ ਜੀ ਹੀ ਚੱਲ ਬੈਠੋ ਅਰ ਆਪਣਾ ਅੰਤ ਸਵਾਰ ਲਵੋ!

ਬ੍ਰਿਧ—ਬਰਖੁਰਦਾਰ! ਕਹਿੰਦੇ ਤਾਂ ਸੱਚ ਹੋ, ਪਰ ਮੈਂ ਟੱਬਰ ਵਿਚ ਬੁਹਾਰੀ ਦਾ ਬੰਨ੍ਹ ਬੈਠਾ ਹਾਂ।

ਜਸਵੰਤ ਸਿੰਘ—ਸੱਚ ਹੈ, ਪਰ ਇਕ ਦਿਨ ਬੁਹਾਰੀ ਦੇ ਬੰਨ੍ਹ ਨੇ ਟੁੱਟਣਾ ਹੀ ਹੈ, ਚਾਰ ਦਿਨ ਪਹਿਲੋਂ ਸਹੀ।

ਬ੍ਰਿਧ—ਦਿਲ ਤਾਂ ਚਿਰੋਕਣਾ ਕਰਦਾ ਹੈ, ਪਰ ਇਹੋ ਬਾਲ ਬਚੇ ਦੀ ਮਮਤਾ ਕਰਕੇ ਅਟਕ ਜਾਈਦਾ ਹੈ ਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ ਤਦ ਫੇਰ ਜੀ ਕਰ ਆਉਂਦਾ ਹੈ। ਇੱਕੁਰ ਜੱਕੋ ਤੱਕੇ ਵਿਚ ਹੀ ਰਹੀਦਾ ਹੈ।

ਜਸਵੰਤ ਸਿੰਘ—ਜੱਕੋ ਤੱਕੇ ਛੱਡਣੇ ਚਾਹੀਦੇ ਹਨ।

ਬ੍ਰਿਧ—ਅੱਛਾ, ਅੱਜ ਗੱਲ ਟੱਬਰ ਵਿਚ ਕਰਸਾਂ।

ਉਸ ਦਿਨ ਟੱਬਰ ਵਿਚ ਗੱਲ ਤੁਰੀ। ਭਲਾ ਕੌਣ ਮੰਨੇ। ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ, 'ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ' ਤੇ ਬਾਪੂ ਹੁਰੀਂ ਕੁਝ ਹਠ ਵਿਚ ਹੋ ਗਏ। ਗਲ ਕੀ ਇਸਤਰ੍ਹਾਂ ਕਈ ਦਿਨ ਛੇੜਖਾਨੀ ਰਹੀ। ਇਕ ​ਦਿਨ ਬ੍ਰਿੱਧ ਨੂੰ ਢਿਡ ਵਿਚ ਐਸਾ ਸੂਲ ਉੱਠਿਆ ਕਿ ਠੱਲ੍ਹਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮਾਲਜੇ ਕੀਤੇ। ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇਕ ਵੇਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ। ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਬੀ ਇਹ ਗੱਲ ਮੰਨ ਲਈ, ਪਰ ਤਾਂ ਜੇ ਬਾਪੂ ਹੁਰੀਂ ਜਾਕੇ ਉਥੇ ਰਹਿ ਨਾ ਪੈਣ, ਮੁੜ ਆਉਣ।

ਬ੍ਰਿਧ ਨੇ ਜਸਵੰਤ ਸਿੰਘ ਨੂੰ ਇਹ ਗਲ ਦਸ ਦਿੱਤੀ ਕਿ ਮੈਂ ਉਥੇ ਜਾਕੇ ਨਾ ਮੁੜਾਂਗਾ। ਇਹ ਗੱਲ ਸੁਣਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਭਾਉਂਦੀ ਕਿ ਲਾਰਾ ਲਾਓ। ਭਾਵੇਂ ਆਪਦਾ ਸੰਕਲਪ ਸ਼ੁਭ ਹੈ ਤੇ ਇਸ ਕੂੜ ਵਿਚ ਸ੍ਵਾਰਥ ਦੀ ਕੋਈ ਲੇਸ਼ ਜਿੰਨੀ ਬੀ ਨਹੀਂ, ਪਰ ਤਦ ਵੀ ਸੱਚ ਸੱਚ ਹੈ ਤੇ 'ਨਾ ਸੱਚ' ਕੂੜ ਹੀ ਹੈ, ਇਸ ਲਈ ਟੱਬਰ ਨਾਲ ਸੁੱਚਾ ਬਚਨ ਕਰੋ।

ਬ੍ਰਿਧ—ਇਨ੍ਹਾਂ ਤਾਂ ਐਵੇਂ ਜਾਣੇ ਨਹੀਂ ਦੇਣਾ।

ਜਸਵੰਤ ਸਿੰਘ—ਫੇਰ ਤੁਸਾਂ ਮੁੜ ਆਉਣਾ, ਦੋ ਚਾਰ ਮਹੀਨੇ ਉਥੇ ਲਾ ਆਉਣੇ।

ਬ੍ਰਿਧ—ਕੀ ਤੁਸੀਂ ਨਾਲ ਮੁੜ ਆਓਗੇ।

ਜਸਵੰਤ ਸਿੰਘ—ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦੇਂਦਾ। ਪਰ ਜੇ ਤੁਹਾਨੂੰ ਉਥੇ ਪਹੁੰਚਕੇ ਮੇਰੇ ਉਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਭਾਸੇ, ਤਦ ਮੈਂ ਬੀ ਆ ਜਾਵਾਂਗਾ। ਪਰ ਜੇ ਤੁਸਾਂ ਹੀ ਉਥੇ ਜਾਕੇ ਕਿਹਾ ਭਾਈ ਸੱਜਣਾ ਤੂੰ ਪੰਜਾਬ ਵਿਚ ਹੀ ਰਹੁ, ਤਦ ਤਾਂ ਤੁਸਾਡੇ ਨਾਲ ਨਾ ਮੁੜਨ ਵਿਚ ਮੇਰਾ ਕੋਈ ਦੋਸ਼ ਨਾ ਹੋਊ।

—————

​ਉਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਅਰ ਸਤਵੰਤ ਕੌਰ ਵਲ ਗਈ, ਤਦ ਅੰਦਰ ਖਾਲੀ ਪਾਇਆ। ਪੰਖੀ ਉਡ ਗਿਆ, ਪਿੰਜਰਾ ਸੱਖਣਾ। ਕੀ ਕਰਦੀ? ਪਹਿਲੇ ਤਾਂ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕਪੜੇ ਨਾ ਡਿੱਠੇ ਤਦ ਦਿਲ ਨੂੰ ਘਾਟ ਪਈ, ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂੰਏਂ ਵਾਂਗ ਉੱਡ ਖੜੋਤੀ ਅਰ ਦਿਮਾਗ ਨੂੰ ਚੱਕਰ ਦੇਕੇ ਧੜਾ ਕਰਕੇ ਡੇਗਿਆ। ਡਿੱਗੀ ਪਈ ਰਹੀ, ਕਿੰਨਾਂ ਚਿਰ ਲੰਘ ਗਿਆ। ਬੇਹੋਸ਼ ਤਾਂ ਨਹੀਂ ਹੋਈ ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣੇ ਦੀ ਆਸੰਙ ਨਾ ਰਹੀ। ਕਿੰਨੇ ਚਿਰ ਪਿਛੋਂ ਉਠੀ, ਪਰ ਲੱਤਾਂ ਥਿੜਕਨ, ਫੇਰ ਸਾਹਸਹੀਨ ਹੋਕੇ ਬੈਠ ਗਈ। ਇੱਕੁਰ ਕਿੰਨੇ ਚਿਰ ਮਗਰੋ ਉਠੀ, ਬਾਹਰ ਗਈ, ਜਾਕੇ ਅੰਗੂਰਾਂ ਦਾ ਰਸ ਪੀਤਾ, ਜ਼ਰਾਕੁ ਢਾਰਸ ਹੋਈ, ਸਰੀਰ ਖਲੋਤਾ ਪਰ ਦਿਲ ਦੀ ਖੁੱਸਣ ਨੂੰ ਕੌਣ ਹਟਾਵੇ? ਫੇਰ ਅੰਦਰ ਗਈ। ਦੀਵਾ ਜਗਾਕੇ ਸਾਰੀ ਸੁਰੰਗ ਦੇਖੀ, ਖੋਲ੍ਹਕੇ ਬਾਹਰ ਗਈ। ਸੱਜਰੀ ਮਿੱਟੀ ਢੱਠੀ ਦੇਖਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉਡ ਗਈ। ਨਿਰਾਸ ਹੋਕੇ ਆਪਣੇ ਅੰਦਰ ਬੈਠੀ ਤੇ ਗਿਣਤੀਆਂ ਗਿਣਨ ਲੱਗੀ। ਪੁਤ੍ਰ ਬੁਲਾਵੇ, ਇਸ ਨੂੰ ਮੂਲੋਂ ਨਾ ਭਾਵੇ। ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾਂ ਆਵੇ। ਆਪਣੀ ਵੱਲੋਂ ਬਥੇਰਾ ਹੌਂਸਲਾ ਕਰੇ, ਪਰ ਦਿਲ ਨੂੰ ਐਸੀ ਧ੍ਰੀਕ ਪਵੇ ਜੋ ਕਿਸੇ ਬਿਧ ਨਾ ਠੱਲ੍ਹੀ ਜਾਵੇ। ਅੱਗੇ ਬਿਪਤਾ ਵੇਲੇ ਜਪੁ ਸਾਹਿਬ ਦਾ ਪਾਠ, ਜਿੱਕੁਰ ਸਤਵੰਤ ਕੌਰ ਨੇ ਦੱਸਿਆ ਸੀ, ਇਸ ਨੂੰ ਰੁੜਨੋਂ ਠੱਲ੍ਹ ਲੈਂਦਾ ਸੀ, ਪਰ ਹੁਣ ਪਾਠ ਕਰੇ ਇਕ ਪੌੜੀ ਦਾ ਤੇ ਮਨ ਸੋਚਾਂ ਦੇ ਪਰ ਲਾਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ ਵਿਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ? ​ਬੈਠੀ ਬੈਠੀ ਦੇ ਅੱਥਰੂ ਵਗ ਤੁਰਨ, ਇਹ ਉਨ੍ਹਾਂ ਨੂੰ ਰੋਕੇ, ਪਰ ਜਿੱਕੁਰ ਪਿਚਕਾਰੀ ਦੇ ਮੂੰਹ ਅੱਗੇ ਤਾਂ ਦੇਈਏ ਉਂਗਲ ਤੇ ਪਿਛੋਂ ਦਬਾਈਏ ਡੱਕਾ, ਤਦ ਪਾਣੀ ਉਂਗਲ ਨੂੰ ਪਰੇ ਧੱਕਕੇ ਜ਼ੋਰ ਨਾਲ ਨਿਕਲਦਾ ਹੈ, ਤਿਵੇਂ ਵਿਛੋੜੇ ਦੀ ਪੀੜਾ ਦੇ ਧੱਕੇ ਨਾਲ ਏਸ ਦੀ ਅਕਲ ਦੀ ਉਂਗਲ ਜੋ ਅੱਥਰੂਆਂ ਨੂੰ ਰੋਕੇ ਪਰੇ ਜਾ ਜਾ ਪਵੇ ਅਰ ਹੰਝੂਆਂ ਦੀ ਤਾਰ ਤ੍ਰਿੱਖੀ ਹੋ ਹੋ ਕੇ ਵਗੇ। ਇਹ ਹਾਰਕੇ ਪਾਣੀ ਦੀ ਬਾਟੀ ਉਪਰ ਮੂੰਹ ਕਰਕੇ ਛੱਟੇ ਮਾਰੇ, ਜੋ ਅੱਖਾਂ ਦਾ ਸੋਮਾਂ ਸੁਕੜ ਕੇ ਹੀ ਪਾਣੀ ਨੂੰ ਬੰਦ ਕਰੇ, ਪਰ ਕਿੱਥੋਂ? ਸਗੋਂ ਉਲਟਾ ਅਸਰ ਹੋਵੇ, ਅੰਦਰੋਂ ਸੜਦੇ ਪਾਣੀ ਨੂੰ ਜਦ ਠੰਢੇ ਪਾਣੀ ਦੇ ਛੱਟਿਆਂ ਨਾਲ ਸਪਰਸ਼ ਹੋਵੇ ਤਦ ਆਪਣੀ ਅੱਗ ਬੁਝਾਉਣੇ ਲਈ ਅੰਝੂਆਂ ਦਾ ਤੱਤਾ ਪਾਣੀ ਉਛਲ ਉਛਲ ਕੇ ਵੱਧ ਨਿਕਲੇ। ਵਿਚਾਰੀ ਫਾਤਮਾ ਦੇ ਹੱਥ ਪੁਰ ਠੰਢੀਆਂ ਤੇ ਤੱਤੀਆਂ ਬੂੰਦਾਂ ਜਲ ਦੀਆਂ ਅੱਡ ਅੱਡ ਐਉਂ ਪ੍ਰਤੀਤ ਦੇਣ, ਜਿੱਕੁਰ ਅਟਕ ਤੇ ਲੰਡਾ ਨਾਲੋ ਨਾਲ ਵਗਦੇ ਅਡੋ ਅੱਡ ਰੰਗ ਦਿਖਾਲਦੇ ਹਨ।

ਫਾਤਮਾ ਦੇ ਘਰ ਵਾਲੇ ਨੂੰ ਅੱਜ ਕਿਸੇ ਭਾਰੀ ਸੇਵਾ ਦੇ ਬਦਲੇ ਸਰਕਾਰੋਂ ਇਕ ਪਿੰਡ ਇਨਾਮ ਮਿਲਿਆ ਸੀ, ਉਸ ਨੇ ਆਕੇ ਦੱਸਿਆ, ਪਰ ਫਾਤਮਾ ਦੇ ਚਿਹਰੇ ਨੇ ਹਾਸੇ ਵਿਚ ਰੰਗ ਨਾ ਵਟਾਇਆ। ਬੰਨ੍ਹ ਬੰਨ੍ਹ ਕੇ ਹੱਸੇ, ਪਰ ਅੱਖਾਂ ਬੁੱਲ੍ਹਾਂ ਦੇ ਕਹੇ ਪੂਰੀ ਤਰ੍ਹਾਂ ਆਖੇ ਨਾ ਲੱਗਣ, ਬੁੱਲ੍ਹ ਮੁਸਕਰਾਉਣ, ਪਰ ਅੱਖਾਂ ਤਰਬਤਰ ਹੋ ਹੋ ਜਾਣ। ਖਾਂ ਪੁੱਛੇ ਕਿ ਅੱਜ ਕਿਹੀ ਉਦਾਸੀ ਹੈ, ਪਰ ਓਹ ਕੀ ਦੱਸੇ? ਉਥੇ ਤਾਂ ਇਹ ਮਾਮਲਾ ਵਰਤ ਰਿਹਾ ਸੀ:—

ਹੇ ਦਿਲ ਦੇ ਸਾੜ! ਇਕ ਸੁਣ ਬੇਨਤੀ ਤੂੰ,
ਇਸ਼ਕ ਦੇ ਭੇਤ ਦੀ ਨਿਕਲੇ ਨ ਟੁਕ ਸੂੰ,
ਵਿਚੋ ਵਿਚ ਫੂਕ, ਛਡ ਬਾਕੀ ਨ ਇਕ ਲੂੰ,
ਪਰ ਐਸੀ ਅੱਗ ਹੈ ਜਿਸ ਦਾ ਨਾ ਹੋ ਧੂੰ।

ਇਹ ਮਾਮਲਾ ਫਾਤਮਾ ਨੂੰ ਆ ਵਾਪਰਿਆ ਸੀ, ਸੋ ਘਰ ​ਵਾਲੇ ਨੂੰ ਕੀਹ ਦੱਸੋ? ਬਹਾਨੇ ਕਰ ਕਰ ਟਾਲੇ, ਪਰ ਉਹ ਵਧੀਕ ਹਿਤ ਕਰ ਕਰ ਪੁੱਛੇ? ਛੇਕੜ ਨੀਂਦ ਨੇ ਆ ਛੁਡਾਇਆ। ਸਭ ਸੌਂ ਗਏ, ਇਕ ਫਾਤਮਾ ਸਿਰਹਾਣੇ ਤੇ ਸਿਰ ਰੱਖੀ ਰੋ ਰੋ ਕੇ ਉਸਨੂੰ ਗਿੱਲਿਆਂ ਕਰ ਰਹੀ ਹੈ। ਕਿੰਨੀ ਰਾਤ ਤਾਂ ਬੀਤੀ, ਪਰ ਹੁਣ ਥਕਾਨ ਨੇ ਥਕਾ ਦਿੱਤਾ ਸੀ, ਬਾਣੀ ਦੇ ਪਾਠ ਨੇ ਬੀ ਠਰ੍ਹੰਮਾ ਦਿੱਤਾ, ਕੁਝਕੁ ਆਲਸ ਜਿਹਾ ਆ ਗਿਆ।

ਜਾਂ ਫਾਤਮਾ ਦਿਨੇ ਉੱਠੀ ਤਦ ਸਰੀਰ ਨਿਰਬਲ, ਦਿਲ ਕਮਜ਼ੋਰ ਤੇ ਓਹੋ ਵਿਛੜੇ ਦਾ ਸੱਲ ਬਾਕੀ। ਵਿਚਾਰੀ ਸੋਚਾਂ ਸੋਚੇ ਕਿ ਕੀਕੁਰ ਸਤਵੰਤ ਕੌਰ ਲੱਭੇ। ਆਪ ਪਰਦੇਦਾਰ, ਘਰੋਂ ਬਾਹਰ ਪੈਰ ਨਾ ਕੱਢਣਾ, ਭੇਤ ਐਸਾ ਜੋ ਕਿਸੇ ਨੂੰ ਦੱਸ ਨਾ ਸਕੇ, ਢੂੰਡ ਭਾਲ ਹੋਵੇ ਤਾਂ ਕਿੱਕੁਰ? ਫੇਰ ਜਦ ਸੋਚੇ ਕਿ ਸਤਵੰਤ ਕੌਰ ਬੜੀ ਹਠੀਆ ਹੈ ਅਰ ਜ਼ਰੂਰ ਪੰਜਾਬ ਨੂੰ ਧਾਈ ਕਰੇਗੀ, ਤਦ ਰਸਤੇ ਦੇ ਔਖ ਅਰ ਉਸ ਦੀ ਗ਼ਰੀਬੀ ਤੇ ਤੀਵੀਂ ਦੇ ਆਲਮ ਦਾ ਖਿਆਲ ਉਸਨੂੰ ਗੜੇ ਗੜੇ ਦੀ ਹੰਝੁ ਰੁਆਵੇ ਕਿ ਕਿੱਕੁਰ ਐਡਾ ਭਾਰਾ ਜੱਫਰ ਜਾਲੇਗੀ; ਖਬਰੇ ਕਿਸ ਮੁਸੀਬਤ ਵਿਚ ਫਸੇਗੀ, ਕਿਨ੍ਹਾਂ ਔਕੜਾਂ ਦੇ ਮੂੰਹ ਆਵੇਗੀ। ਇਨ੍ਹਾਂ ਸੋਚਾਂ ਤੇ ਫਿਕਰਾਂ ਵਿਚ ਕਈ ਦਿਨ ਬੀਤੇ, ਪਰ ਬਣਿਆਂ ਕੁਝ ਨਾ। ਇਕ ਦਿਨ ਘਰ ਵਾਲੇ ਨੇ ਆਕੇ ਦੱਸਿਆ ਕਿ ਉਹ ਲੜਕੀ, ਜੋ ਸਾਡੇ ਘਰ ਰਹੀ ਸੀ ਅਰ ਜਿਸ ਨੇ ਮੈਨੂੰ ਕੈਦੋਂ ਛੁਡਾਇਆ ਸੀ (ਅਰਥਾਤ ਸਤਵੰਤ ਕੌਰ) ਫੜੀ ਗਈ ਹੈ ਅਰ ਅਮੀਰ ਦੇ ਮਹਿਲੀਂ ਪੁਚਾਈ ਗਈ ਹੈ। ਇਕ ਪਠਾਣ ਦੇ ਪਾਸ ਸੀ ਅਰ ਉਹ ਮੰਡੀ ਵਿਚ ਵੇਚ ਰਿਹਾ ਸੀ। ਸਿਪਾਹੀਆਂ ਪਛਾਣ ਕੀਤੀ ਅਰ ਸਰਕਾਰੇ ਪੁਚਾਇਆ। ਓਥੇ ਗੋਲੀਆਂ ਬਾਂਦੀਆਂ ਨੇ ਭੀ ਪਛਾਣ ਲਿਆ ਹੈ। ਅਮੀਰ ਸਾਹਿਬ ਭੀ ਕੁਝ ਕੁਝ ਪਛਾਣ ਕਰਦੇ ਹਨ। ਉਸਨੂੰ ਜੇ ਕੁਝ ਪੁੱਛੋ ਤਾਂ ਉੱਤਰ ਨਹੀਂ ਦੇਂਦੀ, ਬਿਟਰ ਬਿਟਰ ਤੱਕਦੀ ਤੇ ਫਰਨ ਫਰਨ ਰੋ ਪੈਂਦੀ ਹੈ। ਅਮੀਰ ਸਾਹਿਬ ਨੇ ਕੈਦ ਦਾ ਹੁਕਮ ​ਦਿੱਤਾ ਸੀ, ਪਰ ਮੈਂ ਰਹਿ ਨਾ ਸਕਿਆ, ਅਰਜ਼ ਕੀਤੀ ਕਿ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਲੜਕੀ ਉਹ ਨਹੀਂ ਹੈ, ਬਿਹਤਰ ਹੋਵੇ ਜੋ ਇਹ ਮੇਰੀ ਵਹੁਟੀ ਪਾਸ ਘੱਲੀ ਜਾਵੇ, ਉਹ ਠੀਕ ਤਰ੍ਹਾਂ ਪਛਾਣ ਸਕੇਗੀ, ਜਿਸ ਪਾਸ ਇਸ ਨੇ ਮੁੱਦਤ ਕੱਟੀ ਹੈ, ਤੇ ਹੁਣ ਜੋ ਲੋਕ ਪਛਾਣਦੇ ਹਨ ਉਨ੍ਹਾਂ ਨੇ ਕੇਵਲ ਇਕ ਵੇਰ ਹੀ ਡਿੱਠੀ ਹੈ। ਅਮੀਰ ਨੇ ਇਹ ਗੱਲ ਮੰਨ ਲਈ ਹੈ ਅਰ ਕੱਲ ਉਹ ਤੁਹਾਡੇ ਪਾਸ ਆਂਦੀ ਜਾਵੇਗੀ। ਮੇਰਾ ਤਾਤ੍ਪਰਜ ਇਹ ਸੀ ਕਿ ਮੈਂ ਭੀ ਹਸਾਨ ਲਾਹ ਲਵਾਂ, ਜੇ ਉਹ ਹੋਈ, ਤੁਸਾਂ ਕਹਿ ਦੇਣਾ ਕਿ ਇਹ ਉਹ ਨਹੀਂ ਹੈ, ਅਮੀਰ ਛੱਡ ਦੇਵੇਗਾ, ਤਦ ਵਿਚਾਰੀ ਬਚ ਰਹੇਗੀ, ਅਸੀਂ ਫੇਰ ਉਸਨੂੰ ਲੈ ਆਵਾਂਗੇ ਤੇ ਲੁਕਾਕੇ ਕਿਤੇ ਸੁਖ ਦੇ ਥਾਂ ਪੁਚਾ ਦਿਆਂਗੇ।

ਫਾਤਮਾ ਪਹਿਲੇ ਤਾਂ ਗ਼ੋਤੇ ਗਈ ਸੀ, ਪਰ ਫੇਰ ਪਤੀ ਦੀ ਦਨਾਈ ਦੀ ਚਾਲ ਨੂੰ ਦੇਖਕੇ ਬੜੀ ਪ੍ਰਸੰਨ ਹੋਈ ਕਿ ਸ਼ੁਕਰ ਹੈ ਫੇਰ ਪ੍ਯਾਰੀ ਲੱਭ ਪਈ ਅਰ ਮੈਨੂੰ ਉਸਦੀ ਸੇਵਾ ਕਰਨੇ ਦਾ ਸਮਾਂ ਹੱਥ ਲਗੇਗਾ।

ਦੂਸਰੇ ਦਿਨ ਫਾਤਮਾ ਪਾਤਸ਼ਾਹੀ ਮਹਿਲਾਂ ਨੂੰ ਸੱਦੀ ਗਈ। ਉਥੇ ਜਾ ਕੇ ਉਹ ਫੜੀ ਹੋਈ ਕੁੜੀ ਉਸ ਦੇ ਸਾਮ੍ਹਣੇ ਆਂਦੀ ਗਈ। ਫਾਤਮਾ ਦਾ ਦਿਲ ਸ਼ੌਕ ਨਾਲ ਧਕ ਧਕ ਕਰ ਰਿਹਾ ਸੀ, ਪਰ ਸ਼ੌਕ ਦੇਖਦੇ ਸਾਰ ਹੀ ਸਾਰਾ ਦੂਰ ਹੋ ਗਿਆ। ਉਹ ਕੋਈ ਹੋਰ ਦੁਖਿਆਰਨ ਸੀ, ਸਤਵੰਤ ਕੌਰ ਨਹੀਂ ਸੀ। ਫਾਤਮਾ ਨੇ ਦੇਖਦੇ ਹੀ ਸਿਰ ਫੇਰਿਆ ਕਿ ਇਹ ਉਹ ਨਹੀਂ ਹੈ। ਅਰ ਦਿਲ ਵਿਚ ਬੀ ਨਿਰਾਸ ਹੋ ਗਈ। ਫੇਰ ਕੁਝ ਸ਼ੱਕ ਫੁਰਿਆ ਤਾਂ ਦੋ ਚਾਰ ਗੱਲਾਂ ਉਸ ਨਾਲ ਕੀਤੀਆਂ, ਪਰ ਉਹ ਕੋਈ ਹੋਰ ਹੀ ਨਿਕਲੀ। ਜਦ ਉਸ ਨੇ ਕਹਿ ਦਿਤਾ ਕਿ ਇਹ ਉਹ ਕੁੜੀ ਨਹੀਂ ਹੈ, ਤਦ ਉਹ ਦਰੋਗੇ ਪਾਸ ਫੇਰ ਭੇਜੀ ਗਈ। ਪਾਤਸ਼ਾਹ ਦੀ ਤਸੱਲੀ ਹੋ ਗਈ ਅਰ ਉਸ ਕੁੜੀ ਨੂੰ ਛਡ ਦੇਣੇ ਦਾ ਹੁਕਮ ​ਹੋਇਆ। ਪਰ ਰਾਸ਼ੇ ਪਠਾਣ ਕੁਟਵਾਲ ਨੂੰ, ਜਿਸ ਨੇ ਉਸਨੂੰ ਫੜਿਆ ਸੀ, ਕ੍ਰੋਧ ਆ ਗਿਆ, ਕਿ ਕਮਬਖਤ ਨੇ ਮੇਰੀ ਮਿਹਨਤ ਹੀ ਔਤ ਕੀਤੀ; ਇਸ ਰੋਹ ਵਿਚ ਬੰਦੂਕ ਦੇ ਕੁੰਦੇ ਨਾਲ ਹੁੱਜ ਦਿੱਤੀ, ਉਹ ਵਿਚਾਰੀ ਫਾਕਿਆਂ ਦੀ ਮਾਰੀ, ਬੇਨਸੀਬ ਹਿੰਦੁਸਤਾਨ ਦੀ ਕੈਦਣ, ਦੁੱਖਾਂ ਤੋਂ ਨਿਰਬਲ ਹੋਈ ਹੋਈ ਡਿੱਗ ਪਈ ਅਰ ਰਿੜ੍ਹਦੀ ਰਿੜ੍ਹਦੀ ਹੇਠ ਜਾ ਪਈ, ਸਿਰ ਪਾਟ ਗਿਆ ਅਰ ਭੌਰ ਉਡੰਤ ਹੋ ਗਿਆ।

ਉਨ੍ਹਾਂ ਦੁਖਾਂ ਦੇ ਸਮੇਂ ਹਿੰਦੂਆਂ ਦਾ ਇਹ ਹਾਲ ਹੁੰਦਾ ਸੀ ਅਰ ਇਸ ਬੇਤਰਸੀ ਨਾਲ ਤੁਰਕ ਪਠਾਣ ਹਾਕਮ ਲੋਕ ਉਨ੍ਹਾਂ ਨਾਲ ਵਰਤਾਉ ਕਰਦੇ ਸਨ। ਹਿੰਦੂ ਨੂੰ ਤਾਂ ਬਸ ਪਸ਼ੂ ਤੁੱਲ ਬੀ ਨਹੀਂ ਜਾਣਦੇ ਸਨ। ਜੀ ਆਇਆ ਮਾਰ ਸਿੱਟਿਆ, ਜੀ ਆਇਆ ਦਾਸ ਬਣਾ ਲਿਆ, ਜੀ ਆਇਆ ਕਰੜੇ ਕੰਮੀਂ ਜੋ ਲਿਆ, ਜੀ ਆਇਆ ਪਸ਼ੂਆਂ ਵਾਙ ਵੇਚ ਛੱਡਿਆ*।[2] ਐਸੇ ਜ਼ਾਲਮ ਵਿਦੇਸ਼ੀ ਪਾਤਸ਼ਾਹਾਂ ਨਾਲ ਲੜ ਲੜ ਕੇ ਸਿਖ ਬਹਾਦਰਾਂ ਨੇ ਆਪਣਾ ਆਪ ਕੁਰਬਾਨ ਕਰ ਕਰਕੇ ਦੇਸ਼ ਨੂੰ ਉਨ੍ਹਾਂ ਤੋਂ ਸਾਫ ਕੀਤਾ ਸੀ।

______

੧੨. ਕਾਂਡ।

ਇਕ ਦਿਨ ਦੀ ਗੱਲ ਹੈ ਖਾਂ ਸਾਹਿਬ ਰਾਤ ਕਿਤੇ ਦੌਰੇ ਬਾਹਰ ਗਏ, ਘਰ ਦੇ ਨੌਕਰ ਚਾਕਰ ਸਭ ਸੌਂ ਗਏ। ਫਾਤਮਾ ਆਪਣੇ ਕਮਰੇ ਵਿਚ ਲੰਮੀ ਪਈ ਹੋਈ ਸੀ, ਪਹਿਲੇ ਤਾਂ ਨੀਂਦ ਨੇ ​ਦਰਸ਼ਨ ਨਾ ਦਿੱਤਾ, ਪਰ ਜਦ ਛੇਕੜ ਆਈ ਹੀ ਆਈ ਤਾਂ ਫਾਤਮਾ ਐਸੀ ਗੁੱਟ ਹੋ ਗਈ ਕਿ ਉਸ ਨੂੰ ਨੀਂਦ ਆਈ ਦੀ ਖਬਰ ਹੀ ਨਾ ਰਹੀ। ਨੀਂਦ ਨੇ ਆਕੇ ਉਸ ਨੂੰ ਥਾਪੜਿਆ, ਅੱਖਾਂ ਦੇ ਛੱਪਰ ਮੇਲ ਦਿਤੇ, ਝੋਲੀ ਵਿਚ ਪਾਕੇ ਸੁਆਲ ਲਿਆ। ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਘਾਬਰ ਕੇ ਸਿਰ ਪਟਕਦੀ ਹਾਂ, ਫੇਰ ਰੋਂਦੀ ਹਾਂ ਤੇ ਕਹਿੰਦੀ ਹਾਂ ਕਿ ਹੇ ਸਤਵੰਤ ਕੌਰ! ਤੂੰ ਕਿੱਕੁਰ ਐਡੀ ਨਿਰਮੋਹੀ ਹੋ ਗਈ? ਤੂੰ ਤਾਂ ਮੇਰੀ ਨੀਂਦਰ ਤੇ ਭੁੱਖ ਬੀ ਨਾਲ ਹੀ ਲੈ ਗਈ। ਇਹ ਕਹਿੰਦੀ ਕਹਿੰਦੀ ਰੋ ਪਈ। ਰੋਂਦੀ ਰੋਂਦੀ ਕੀ ਦੇਖਦੀ ਹੈ ਕਿ ਚੰਦ ਦੀ ਚਾਂਦਨੀ ਕੱਠੀ ਹੁੰਦੀ ਜਾਂਦੀ ਹੈ ਅਰ ਇਕ ਪੁਤਲਾ ਜਿਹਾ ਬਣਾਈ ਜਾਂਦੀ ਹੈ। ਸਹਿਜੇ ਸਹਿਜੇ ਕੀ ਹੋਯਾ ਕਿ ਉਹ ਚਾਂਦਨੀ ਤੀਵੀਂ ਬਣ ਗਈ ਅਰ ਅੰਤ ਫਾਤਮਾ ਨੇ ਕੀ ਪਛਾਣਿਆਂ ਕਿ ਉਹ ਤਾਂ ਸਤਵੰਤ ਕੌਰ ਹੈ। ਸਤਵੰਤ ਕੌਰ ਨੇ ਆਕੇ ਮੋਢਾ ਹਿਲਾਯਾ, ਜਾਂ ਹਿਲਾਯਾ ਤਾਂ ਫਾਤਮਾ ਜਾਗ ਪਈ। ਸੱਚ ਮੁਚ ਜਾਗ ਪਈ ਤੇ ਕੀ ਦੇਖਦੀ ਹੈ ਕਿ ਸੱਚਮੁਚ ਸਤਵੰਤ ਕੌਰ ਸਿਰਹਾਣੇ ਬੈਠੀ ਹੈ। ਉਹ ਹੱਕੀ ਬੱਕੀ ਰਹਿ ਗਈ। ਚਾਰ ਚੁਫੇਰੇ ਤੱਕੇ, ਦੀਵੇ ਨੂੰ ਦੇਖੇ, ਆਪਣੇ ਹਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਾਮਰਤੱਖ ਹੈ। ਕਦੀ ਡੌਰ ਭੌਰੀ ਹੋਕੇ ਅੱਖਾਂ ਮੀਟ ਲਵੇ। ਛੇਕੜ ਸਤਵੰਤ ਕੌਰ ਨੇ ਕਿਹਾ 'ਫਾਤਮਾ! ਘਬਰਾ ਨਹੀਂ, ਤੂੰ ਸੁਪਨਾ ਨਹੀਂ ਦੇਖਦੀ ਜਾਗਦੀ ਹੈਂ, ਅਰ ਮੈਂ ਸੁਪਨੇ ਦੀ ਦੇਵੀ ਨਹੀਂ, ਸੱਚ ਮੁਚ ਸਤਵੰਤ ਕੌਰ ਤੇਰੇ ਕੋਲ ਬੈਠੀ ਹਾਂ। ਹੁਣ ਤਾਂ ਬੇਵੱਸ ਹੋਕੇ ਫਾਤਮਾ ਨੇ ਜੱਫੀ ਪਾ ਲਈ ਅਰ ਦੋਵੇਂ ਜਣੀਆਂ ਇਕ ਦੂਜੇ ਨੂੰ ਚੰਬੜ ਗਈਆਂ।

ਐਨੇ ਚਿਰ ਮਗਰੋਂ ਅਚਾਨਕ ਸਤਵੰਤ ਕੌਰ ਦਾ ਫਾਤਮਾ ਨੂੰ ਮਿਲ ਪੈਣਾ ਇਕ ਭਾਰਾ ਅਚੰਭਾ ਸੀ, ਉਹ ਅਚਰਜ ਸੀ ਕਿ ਉਹ ਕਿਥੇ ਰਹੀ, ਕਿਥੋਂ ਆਈ ਅਰ ਕੀ ਕਾਰਨ ਉਸਨੂੰ ਖਿੱਚਕੇ ​ਲਿਆਇਆ, ਪਰ ਸਤਵੰਤ ਕੌਰ ਨੇ ਉਹਦੀ ਪਹਿਲੀ ਹਰਿਆਨੀ ਦੇ ਉੱਡ ਜਾਣ ਦੇ ਮਗਰੋਂ ਹਿਤ ਪਿਆਰ ਦੀ ਪੋਥੀ ਨਹੀਂ ਖੋਲ੍ਹੀ, ਕੇਵਲ ਏਨੀ ਗਲ ਹੀ ਕਹੀ ਕਿ ਉਸ ਰਸਤਿਓਂ ਬਾਹਰ ਕਿਸੇ ਕੰਮ ਗਈ ਸਾਂ ਅਰ ਅਪਣੇ ਵਤਨ ਪਹੁੰਚਣੇ ਦੇ ਫਿਕਰ ਵਿਚ ਸਾਂ ਕਿ ਤੁਹਾਡੇ ਘਰ ਵਿਚ ਮੁਸੀਬਤ ਪਹੁੰਚਦੀ ਵੇਖਕੇ ਜਿੰਦ ਹੂਲਕੇ ਅਰ ਬੜੀ ਮੁਸ਼ਕਲ ਨਾਲ ਉਹੋ ਪੁਰਾਣਾ ਰਸਤਾ ਲੱਭਕੇ ਸੁਰੰਗ ਦੇ ਰਸਤੇ ਥਾਣੀਂ ਫਿਰ ਆਈ ਹਾਂ। ਲੈ ਹੁਣ ਤਕੜੀ ਹੋ, ਸੋਚਾਂ ਦਾ ਵੇਲਾ ਨਹੀਂ, ਕੁਝ ਕਰਨੇ ਦਾ ਵੇਲਾ ਹੈ। ਤੇਰੀ ਸੌਂਕਣ ਇਕ ਡਾਕੂ ਦੇ ਨਾਲ ਰਲ ਗਈ ਹੈ ਅਰ ਅੱਜ ਰਾਤ ਨੂੰ ਤੇਰੇ ਪਤੀ ਨਾ ਹੋਣੇ ਕਰਕੇ ਤੇਰੇ ਘਰ ਲੁੱਟਣੇ ਅਰ ਤੈਨੂੰ ਬਦੋਬਦੀ ਚੁੱਕ ਲਿਜਾਣੇ ਦਾ ਬਾਨ੍ਹਣੂ ਬੱਝ ਗਿਆ ਹੈ। ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ, ਅਚਾਨਕ ਤੇਰੀ ਗੋਲੀ 'ਹਸਨਾ' ਬੂਹਾ ਖੋਲ੍ਹ ਦੇਵੇਗੀ, ਚੋਰ ਅੰਦਰ ਆ ਜਾਣਗੇ ਅਰ ਘਰ ਲੁੱਟਕੇ ਤੈਨੂੰ ਚੁੱਕ ਲੈ ਜਾਣਗੇ ਅਰ ਕੰਨੋਂ ਸੰਨੇ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਤੈਨੂੰ ਲੈਕੇ ਉਨ੍ਹਾਂ ਸ਼ਹਿਰ ਦੇ ਵਿਚ ਹੀ ਸੌਂਕਣ ਤੇਰੀ ਦੇ ਘਰ ਗੁੰਮ ਹੋ ਜਾਣਾ ਹੈ ਅਰ ਉਥੋਂ ਫੇਰ ਸਹਿਜ ਨਾਲ ਨਿਕਲ ਕੇ ਹੋਰ ਰਾਹ ਫੜਨਗੇ।

ਫਾਤਮਾ ਘਾਬਰੀ, ਡੋਲੀ, ਡਰੀ ਤੇ ਚੱਕਰ ਜਿਹਾ ਖਾਕੇ ਭਚੱਕ ਰਹਿ ਗਈ, ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੂੰਢੀ ਵੱਢਕੇ ਕਿਹਾ:— ਤਕੜੀ ਹੋ, ਪਠਾਣੀ ਹੋ ਕੇ ਐਸ ਤਰ੍ਹਾਂ ਹਿਰਾਸੀ ਉਠ ਛੇਤੀ ਕਰ ਅਰ ਉਸ ਗੋਲੀ ਨੂੰ ਗੁਪਤ ਕੋਠੜੀ ਵਿਚ ਲਿਜਾ ਕੇ ਬਿਠਾ ਦੇਹ ਅਰ ਬੂਹਾ ਮਾਰ ਦੇਹ। ਫੇਰ ਜੀਲਾਨੀ ਨੌਕਰ ਨੂੰ ਜਗਾ ਕੇ ਕੁਤਵਾਲੀ ਭੇਜ ਕਿ ਉਥੋਂ ਦਸ ਅਹਿਦੀਏ ਆ ਜਾਣ ਅਰ ਰਾਤ ਭਰ ਮਕਾਨ ਉਤੇ ਪਹਿਰਾ ਦੇਣ। ਕੁਤਵਾਲ ਭਾਵੇਂ ਤੇਰੇ ਪਤੀ ਦਾ ਮੇਲੀ ਹੈ ਪਰ ਪੰਜਾਹ ਕੁ ਰੁਪੱਯੇ ਨਾਲ ਭੇਜ ਦੋਵੇਂ ਤਾਂ ਛੇਤੀ ਕੰਮ ਕਰੇਗਾ, ਪਰ ਠਹਿਰ ਜ਼ਰਾ ਦਮ ਲੈ। ਹੱਛਾ ਜਾਹ, ​ਪਹਿਲੇ 'ਹਸਨਾ' ਨੂੰ ਕਾਬੂ ਕਰ, ਫੇਰ ਮੈਂ ਕੁਝ ਹੋਰ ਸੋਚਦੀ ਹਾਂ।

ਫਾਤਮਾ ਗਈ, ਹਸਨਾ ਨੂੰ ਜਗਾਇਆ, ਉਹ ਸੁੱਤੀ ਹੋਈ ਤਾਂ ਸੀ ਹੀ ਨਹੀਂ, ਘੜੀਆਂ ਗਿਣ ਰਹੀ ਸੀ ਪਰ ਮਚਲੀ ਜਿਹੀ ਹੋਕੇ ਜਾਗੀ। ਫਾਤਮਾ ਨੇ ਕਿਹਾ 'ਹਸਨਾ! ਤੂ ਅੱਜ ਬੜੀ ਛੇਤੀ ਸੌਂ ਗਈ। ਦੁੱਧ ਨਹੀਂ ਰੱਖ ਆਈ, ਕਾਕਾ ਰੋਂਦਾ ਤੇ ਦੁੱਧ ਮੰਗਦਾ ਹੈ'। ਹਸਨਾ ਉੱਠੀ, ਦੇਖੇ ਤਾਂ ਦੁੱਧ ਦਾ ਗਲਾਸ ਬਵਰਚੀਖਾਨੇ ਹੀ ਪਿਆ ਹੈ, ਸਚ ਮੁਚ ਅਪਣੇ ਪਾਪਾਂ ਦੀ ਧੁਨ ਵਿਚ ਦੁੱਧ ਭੁਲ ਗਈ ਸੀ। ਸੁਆਣੀ ਦੇ ਕਹੇ ਦੁੱਧ ਦਾ ਛੰਨਾ ਚੁਕਕੇ ਮਗਰ ਹੋ ਤੁਰੀ। ਫਾਤਮਾ ਉਸ ਨੂੰ ਇਕ ਗੁਪਤ ਕੋਠੜੀ ਵਲ ਲੈ ਗਈ ਅਰ ਬੋਲੀ ਦੁੱਧ ਮੈਨੂੰ ਫੜਾ ਦੇਹ ਤੇ ਦੋ ਪੌੜੀਆਂ ਹੇਠਾਂ ਉਤਰ ਕੇ ਹੇਠਲੇ ਚੁਬੱਚੇ ਵਿਚੋਂ ਗਹਿਣੇ ਦਾ ਡੱਬੀ ਚੁਕ ਲਿਆ, ਮੈਂ ਸਿਰ੍ਹਾਣੇ ਰੱਖ ਕੇ ਸਵਾਂਗੀ, ਅੱਜ ਘਰ ਇਕੱਲਾ ਹੈ। ਕਾਹਲੀ ਕਾਹਲੀ ਹਸਨਾ ਹੇਠ ਉਤਰੀ। ਫਾਤਮਾ ਅਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਅਰ ਉਸ ਚੁਬੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟਕੇ ਜੜ ਦਿੱਤਾ ਅਰ ਆਪ ਉਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ, ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਮਾ ਬੋਲੀ: ਹਸਨਾ! ਨਿਮਕ ਹਰਾਮੀ ਦਾ ਅਨੰਦ ਇਥੇ ਬੈਠਕੇ ਤੂੰ ਤਾਂ ਭੋਗ ਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹਾਂ।

ਉਧਰੋਂ ਆਕੇ ਸਤਵੰਤ ਨੇ ਫਾਤਮਾ ਨੂੰ ਕਿਹਾ ਕਿ ਕੁਤਵਾਲ ਨੂੰ ਖਬਰ ਕਰਨੀਂ ਚੰਗੀ ਨਹੀਂ, ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਅਹਿਦੀਆਂ (ਸਿਪਾਹੀਆਂ) ਨਾਲ ਰਲੇ ਹੋਏ ਹੋਣੇ ਹਨ, ਉਨ੍ਹਾਂ ਦੀ ਮਦਦ ਲੈਣੀ ਠੀਕ ਨਹੀਂ ਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ, ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ? ਫਾਤਮਾ ਨੇ ਦੱਸਿਆ ਕਿ ਇਨ੍ਹਾਂ ਵਿਚ ਤਾਂ ਐਸਾ ਕੋਈ ਨਹੀਂ ਹੈ, ਪਰ ਜਿੱਕਰ ਤੁਸੀਂ ਕਹੋ। ਸਤਵੰਤ ਆਪ ਸਭਨਾਂ ​ਨੂੰ ਜਾਣਦੀ ਸੀ, ਅਰ ਉਨ੍ਹਾਂ ਦੀ ਈਮਾਨਦਾਰੀ ਪਰ ਭਰੋਸਾ ਰੱਖਦੀ ਸੀ, ਇਸ ਲਈ ਇਹ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਜਗਾ ਦੇਹ ਅਰ ਕਹੁ ਸਾਰੇ ਉਠਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਅਰ ਗੱਲਾਂ ਬਾਤਾਂ ਕਰਨ ਤੇ ਭਾਂਡਿਆਂ ਦਾ ਖੜਾਕ ਰੱਖਣ ਤੇ ਭੇਤ ਉਨ੍ਹਾਂ ਨੂੰ ਬੀ ਨਾ ਦੱਸੀਂ, ਕੇਵਲ ਇੰਨੀ ਗਲ ਆਖ ਕਿ ਮੇਰਾ ਜੀ ਡਰਦਾ ਹੈ, ਤੁਸੀਂ ਘਰ ਵਿਚ ਰੌਣਕ ਰਖੋ, ਚਾਨਣਾ ਕਰ ਦਿਓ ਜੋ ਚਹਿਲ ਪਹਿਲ ਬਣੀ ਰਹੇ। ਬਾਹਰਲੇ ਦੋਹਾਂ ਬੂਹਿਆਂ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਤੇ ਮੈਨੂੰ ਹਥ੍ਯਾਰਾਂ ਵਾਲੇ ਅੰਦਰ ਜਾਣ ਦੇਹ। ਤੂੰ ਕਿਸੇ ਗੋਲੀ ਨੂੰ ਨਾਲ ਲੈਕੇ ਬੈਠੀ ਗੱਲਾਂ ਬਾਤਾਂ ਕਰਦੀ ਰਹੁ। ਜਦ ਦਿਲ ਉਦਾਸ ਹੋਵੀ, ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ ਤੇ ਜੇ ਮੈਨੂੰ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁਤਰਨ ਵਰਗਾ ਖੜਾਕ ਕਰੂੰ, ਤੂੰ ਚੁਪਾਤੇ ਮੇਰੇ ਅੰਦਰ ਆ ਵੜੀਂ, ਇੰਨੇ ਚਿਰ ਵਿਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਕੌਰ ਦੇ ਕਹੇ ਮੂਜਬ ਫਾਤਮਾ ਨੇ ਕੀਤਾ। ਨੌਕਰ ਇਸ ਭੋਲੀ ਭਾਲੀ ਸ੍ਵਾਣੀ ਪਰ ਖੁਸ਼ ਸਨ, ਉਨ੍ਹਾਂ ਨੂੰ ਸੰਸਾ ਬੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਆਣੀ ਦਾ ਹੁਕਮ ਪਾਕੇ ਸਾਰੇ ਉਠ ਬੈਠੇ। ਦੀਵੇ ਜਗ ਗਏ ਅਰ ਘਰ ਵਿਚ ਗਹਿਮਾ ਗਹਿਮ ਹੋ ਗਈ। ਗੱਲਾਂ ਬਾਤਾਂ ਤੇ ਹੋਰ ਰੌਣਕ ਦੇ ਕਾਰਣ ਐਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਟੱਪ ਗਈ, ਤਾਂ ਡਾਕੂ ਬਾਹਰ ਆਏ, ਓਹ ਸਾਰੇ ਘਰ ਨੂੰ ਜਾਗਦਿਆਂ ਮਲੂਮ ਕਰਕੇ ਬਹੁਤ ਅਚੰਭਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ, ਪਰ ਉਥੇ ਸੌਂਦਾ ਕੌਣ? ਉਹ ਬਾਹਰ ਖੜੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧ੍ਰੋਹ ਕੀਤਾ, ਜਾਂ ਖਾਂ ਸਾਹਿਬ ਮੁੜ ਆਏ, ਜਾਂ ਸਾਡੀ ਖ਼ਬਰ ਹੋ ਗਈ, ਪਰ ਕੁਝ ਹੀ ਹੋਵੇ ਇੰਨਾਂ ਤਾਂ ਜ਼ਰੂਰੀ ਸੀ ਕਿ ਹਸਨਾ ਕਿਸੇ ​ਬਹਾਨੇ ਬਾਹਰ ਆਕੇ ਸਾਨੂੰ ਪਤਾ ਤਾਂ ਦੇ ਜਾਂਦੀ। ਹਸਨਾ ਨਾਲ ਉਨ੍ਹਾਂ ਨੇ ਅਪਣੇ ਆਉਣੇ ਦੀ ਖਬਰ ਦੇਣ ਦਾ ਇਹ ਢੰਗ ਨਿਯਤ ਕੀਤਾ ਸੀ ਕਿ ਅਸੀਂ ਉਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵੇਰੀਂ ਉਲੂ ਬੋਲੀ ਬੋਲ ਚੁਕੇ, ਲੋਹੇ ਦੇ ਜੰਗਲੇ ਵਿਚ ਬੈਠੀ ਹਸਨਾ ਉਲੂਆਂ ਦੀਆਂ ਆਵਾਜ਼ਾਂ ਕਿਥੋਂ ਸੁਣਦੀ? ਪਰ ਘੜੀ ਮੁੜੀ ਇਹ ਭ੍ਯਾਨਕ ਸ਼ਬਦ ਸੁਣਕੇ ਫਾਤਮਾ ਦਾ ਕਲੇਜਾ ਬੈਠਦਾ ਜਾਂਦਾ ਸੀ, ਅੰਤ ਘਾਬਰਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁਖ਼ੇ ਇਕ ਨਿੱਕੇ ਕਮਰੇ ਵੱਲ ਲੁਕੀ ਬੈਠੀ ਹੈ ਤੇ ਝਰਨੇ ਵਿਚ ਇਕ ਬੰਦੂਕ ਦਾ ਮੂੰਹ ਰੱਖਕੇ ਟਕ ਲਾਈ ਤੱਕਦੀ ਹੈ। ਫਾਤਮਾ ਨੇ ਕਿਹਾ ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ: ਕੁਝ ਨਹੀਂ ਤੁਹਾਡੇ ਡਾਕੂਆਂ ਦੇ ਕਰਤਬ ਦੇਖ ਰਹੀ ਹਾਂ। ਫਾਤਮਾ ਨੇ ਬੜੇ ਸ਼ੌਕ ਨਾਲ ਝਰਨੇ ਵਿਚ ਮੂੰਹ ਕਰਕੇ ਬਾਹਰ ਡਿਠਾ ਤਾਂ ਹਨੇਰੇ ਵਿਚ ਪੰਜ ਛੇ ਦੇਉ ਵਰਗੇ ਜੁਆਨ ਡਿੱਠੇ ਅਰ ਡਰ ਖਾਕੇ ਪਿਛੇ ਹਟ ਗਈ। ਸਤਵੰਤ ਕੌਰ ਨੇ ਕਿਹਾ—ਬੀਬੀ ਜੀ! ਤੁਸੀਂ ਅਰਮਾਨ ਨਾਲ ਅਪਣੀ ਥਾਂ ਜਾ ਬੈਠੋ, ਮੈਂ ਇਥੇ ਮੋਰਚਾ ਲਾਈ ਬੈਠੀ ਹਾਂ। ਜੇ ਇਨ੍ਹਾਂ ਡਾਕੂਆਂ ਨੇ ਰਤਾ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ। ਤੁਹਾਡੇ ਅੰਦਰ ਛੀ ਬੰਦੂਕਾਂ ਸਨ, ਮੈਂ ਛੀਏ ਭਰ ਰਖੀਆਂ ਹਨ, ਸੋਈ ਏਹ ਪੰਜ ਸੱਤ ਆਦਮੀ ਹਨ, ਇਨ੍ਹਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਤੇ ਹੌਂਸਲਾ ਦੇਖ ਕੇ ਫਾਤਮਾ ਦਿਲ ਹੀ ਦਿਲ ਵਿਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕਿੱਕੁਰ ਹੋ ਗਈ ਅਰ ਇਥੇ ਕਿੱਕੁਰ ਆ ਕੇ ਬਲਦਾਂ ਵਾਂਗ ਵਿਕੀ! ਇਹ ਤਾਂ ਕਿਤੇ ਰਾਣੀ ਚਾਹੀਦੀ ਸੀ, ਕੈਸੀ ਨਿਡਰ ਅਰ ਸਾਹਸ ਵਾਲੀ ਹੈ! ਮੇਰੇ ਤਾਂ ਹੱਥਾਂ ਦੇ ਤੋਤੇ ਉਡਦੇ ਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ ਪਰ ਇਹ ਤੋਪਖਾਨਾ ਬੀੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ, ​ਪਰ ਮੇਰੀ ਥੁੜ-ਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫਾਤਮਾ ਗੋਲੀਆਂ ਵਿਚ ਜਾ ਬੈਠੀ।

ਉਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ ਦੋ ਡਾਕੂ ਹੋਰ ਆ ਮਿਲੇ ਸਨ ਜੋ ਇਸ ਗਲ ਦੀ ਪੱਕੀ ਖਬਰ ਲੈ ਆਏ ਸਨ ਕਿ ਖ਼ਾਂ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ। ਜਦ ਉਨ੍ਹਾਂ ਨੇ ਬੂਹੇ ਨੂੰ ਹੁੱਜ ਦਿਤੀ, ਤਦ ਫਾਤਮਾ ਡਰੀ ਕਿ ਬੱਸ ਹੁਣ ਆ ਵੜੇ, ਮੈਂ ਕੀ ਕਰਾਂਗੀ? ਨੌਕਰ ਬੀ ਸਾਰੇ ਕੋਈ ਬੂਹੇ ਵੱਲ ਕੋਈ ਸੁਆਣੀ ਵੱਲ ਦੌੜੇ, ਪਰ ਘਰ ਦੇ ਕਿਲ੍ਹੇ ਵਿਚ ਡਟੀ ਬੈਠੀ ਸਤਵੰਤ ਨੇ ਝਰਨੇ ਵਿਚੋਂ ਹੀ ਫਾਰਸੀ ਬੋਲੀ ਤੇ ਅਫ਼ਗਾਨੀ ਲਹਿਜ਼ੇ ਵਿਚ ਲਲਕਾਰਾ ਦਿੱਤਾ 'ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ?' ਇਹ ਅਵਾਜ਼ ਸੁਣਕੇ ਡਾਕੂ ਡਰਨ ਦੀ ਥਾਂ ਭੂਏ ਹੋ ਗਏ ਅਰ ਇਕ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉਧਰੋਂ ਉਹ ਬੂਹੇ ਨੂੰ ਪਏ, ਇਧਰੋਂ ਸਤਵੰਤ ਕੌਰ ਦੀ ਬੰਦੂਕ ਸਰ ਹੋਈ, ਅਰ ਠਾਹ ਕਰਦੀ ਗੋਲੀ ਇਕ ਡਾਕੂ ਦੀ ਲੱਤ ਤੇ ਵੱਜੀ ਜੋ ਢਹਿ ਪਿਆ, ਬਾਕੀ ਦੇ ਤ੍ਰਬ੍ਹਕ ਕੇ ਰਹਿ ਗਏ, ਏਧਰ ਉਧਰ ਦੇਖਣ, ਪਰ ਪਤਾ ਨਾ ਲੱਗੇ। ਹੁਣ ਉਨ੍ਹਾਂ ਨੇ ਰੌਸ਼ਨੀ ਕਰ ਲਈ ਕਿਉਂਕਿ ਕੁਤਵਾਲ ਨਾਲ ਮਿਲੇ ਹੋਏ ਹੋਣੇ ਕਰਕੇ ਉਨ੍ਹਾਂ ਦਾ ਡਰ ਭੈ ਦੂਰ ਹੋ ਚੁਕਾ ਹੋਇਆ ਸੀ, ਪਰ ਉਨ੍ਹਾਂ ਨੂੰ ਅਚੰਭਾ ਇਹੋ ਹੋ ਰਿਹਾ ਸੀ ਕਿ ਗੋਲੀ ਕਿਧਰੋਂ ਆ ਵੱਜੀ? ਹੁਣ ਦੋ ਜਣੇ ਤਾਂ ਬੰਦੂਕਾਂ ਭਰਕੇ ਰਾਖੀ ਖੜੋ ਗਏ ਤੇ ਬਾਕੀ ਦੇ ਬੂਹਾ ਭੰਨਣ ਲੱਗੇ, ਪਰ ਫੇਰ ਉਪਰੋਂ ਬੰਦੂਕ ਚੱਲੀ ਅਰ ਇਕ ਹੋਰ ਦੀ ਬਾਂਹ ਵਿਚ ਐਸੀ ਲੱਗੀ ਕਿ ਬਾਂਹ ਨਿਕਾਰੀ ਹੋ ਗਈ। ਹੁਣ ਉਨ੍ਹਾਂ ਨੇ ਬੀ ਕੰਧ ਵਲ ਬੰਦੂਕ ਸਰ ਕੀਤੀ, ਪਰ ਉਹ ਉਪਰ ਨੂੰ ਗਈ। ਇਸ ਵੇਲੇ ਸਤਵੰਤ ਕੌਰ ਕੋਲ ਕੰਬਦੀ ਕੰਬਦੀ ਤੇ ਹਿਰਾਸੀ ਹੋਈ ਹੋਈ ਫਾਤਮਾ ਆਈ। ਸਤਵੰਤ ਨੂੰ ਬੀਰ ਰਸ ਵਿਚ ਮੱਤੀ ਡਟੀ ​ਬੈਠੀ ਨੂੰ ਦੇਖਕੇ ਕੁਝ ਬੋਲੀ, ਪਰ ਸਤਵੰਤ ਨੇ ਨਾ ਸਮਝਿਆ ਅਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ, ਉਨ੍ਹਾਂ ਨੂੰ ਕਹੁ ਦੂਜੇ ਪਾਸੇ ਬਵਰਚੀ ਖਾਨੇ ਦੇ ਝਰੋਖੇ ਵਿਚੋਂ ਦੋ ਚਾਰ ਤੀਰ ਚਲਾ ਦੇਣ ਤੀਰ ਕਮਾਨ ਐਥੋਂ ਲੈ ਜਾਹ। ਗੱਲ ਕੀ ਥਿਬਕਦੀ ਪਰ ਕਾਹਲੀ ਕਾਹਲੀ ਫਾਤਮਾ ਨੇ ਇਹੋ ਕੀਤਾ। ਉਧਰ ਸਤਵੰਤ ਨੇ ਬਾਕੀ ਚਾਰ ਬਦੂਕਾਂ ਉਪਰੋਥਲੀ ਸਰ ਕਰ ਦਿੱਤੀਆਂ। ਉਹ ਉਨ੍ਹਾਂ ਦੇ ਵਿਚ ਪਈਆਂ ਅਰ ਚੌਹਾਂ ਨੂੰ ਜ਼ਖਮੀ ਕਰ ਗਈਆਂ, ਉਧਰੋਂ ਦੂਜੇ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਤੇ ਕੋਈ ਨਿਸ਼ਾਨੇ ਆ ਡਿਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ ਦਸ ਵੀਹ ਆਦਮੀ ਹਨ, ਇਕ ਦੋਂਹ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਤੇ ਛੇਤੀ ਛੇਤੀ ਚਲਾਉਣੀ ਕਠਨ ਹੁੰਦੀ ਸੀ। ਨਾਲੇ ਦੋ ਰੁਖ਼ਾਂ ਤੋਂ ਦੋ ਮਾਰਾਂ ਪਈਆਂ ਇਹ ਦੇਖਕੇ ਸੱਟਾਂ ਪੇਟਾਂ ਖਾਂਦੇ ਉੱਠ ਨੱਸੇ।

ਹੁਣ ਜਦ ਸਤਵੰਤ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਅਰ ਘਰ ਉਨ੍ਹਾਂ ਤੋਂ ਬਚਾ ਲਿਆ ਤਦ ਉਸਨੂੰ ਅਪਣੇ ਬਚਾਉ ਦਾ ਖਿਆਲ ਆਇਆ। ਅਪਣੀ ਦੱਸੀ ਹੋਈ ਸੈਨਤ ਨਾਲ ਉਸ ਨੇ ਫਾਤਮਾ ਨੂੰ ਸੱਦਿਆ ਅਰ ਕਿਹਾ ਕਿ ਹੁਣ ਤੇਰੇ ਘਰ ਰੌਲਾ ਪੈਣ ਵਾਲਾ ਹੈ ਇਸ ਨੂੰ ਹੁਣ ਤੂੰ ਅਪ ਨਜਿੱਠਣਾ ਹੋਵੇਗਾ। ਮੈਂ ਤੇਰੀ ਉਸੇ ਗੁਪਤ ਕੁਟੀਆ ਵਿਚ ਜਾਂਦੀ ਹਾਂ। ਦਿਨ ਬੀ ਆ ਰਿਹਾ ਹੈ, ਇਕ ਆਦਮੀ ਕੁਤਵਾਲੀ ਭੇਜ ਤੇ ਜਦ ਸਿਪਾਹੀ ਆ ਜਾਣ ਤਦ ਇਕ ਆਦਮੀ ਨੂੰ ਖ਼ਾਂ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗਲ ਦਾ ਨਾਂ ਨਾ ਲਵੀਂ ਕਿ ਅਸੀਂ ਅੰਦਰ ਕੀ ਕੀਤਾ ਹੈ, ਨਾ ਹਸਨਾ ਦਾ ਨਾਮ ਲਵੀਂ, ਉਸਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ। ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਥ੍ਯਾਰ ਆਪੋ ਆਪਣੀ ਥਾਂ ਤੇ ਸਾਂਭੇ ਗਏ ਅਰ ਬੂਹਾ ਦੇਕੇ ਦੋਵੇਂ ਜਣੀਆਂ ਹੇਠ ਉਤਰੀਆਂ। ​ਸਤਵੰਤ ਕੌਰ ਤਾਂ ਚੁਪ ਕੀਤੀ ਆਪਣੀ ਗੁਪਤ ਕੁਟੀ ਵਿਚ ਜਾ ਵੜੀ ਤੇ ਉਧਰੋਂ ਫਾਤਮਾ ਨੇ ਇਕ ਆਦਮੀ ਕੁਤਵਾਲੀ ਭੇਜਿਆ। ਇਕ ਪਲ ਵਿਚ ਅਹਿਦੀਏ ਆ ਜੁੜੇ, ਕੁਤਵਾਲ ਆਪ ਆਇਆ, ਬੜੀ ਸਰਗਰਮੀ ਨਾਲ ਤਫਤੀਸ਼ ਹੋਣ ਲਗੀ। ਇਕ ਦਸਤਾ ਸਵਾਰਾਂ ਦਾ ਕਿਸੇ ਪਾਸੇ, ਇਕ ਕਿਸੇ ਪਾਸੇ ਦੌੜਾਇਆ ਗਿਆ। ਦੋ ਆਦਮੀ ਖਾਂ ਸਾਹਿਬ ਵੱਲ ਦੁੜਾਏ ਅਰ ਹੋਰ ਕੋਸ਼ਸ਼ ਹੋਣ ਲੱਗੀ, ਕੋਈ ਜਾਣੇ ਕਿ ਇਹ ਸੱਚ ਮੁਚ ਹੀ ਤਲਾਸ਼ ਵਿਚ ਲੱਗੇ ਹਨ। ਅੰਦਰਲੀ ਕੀ ਖਬਰ ਕਿ ਰਾਤ ਭਰ ਤਾਂ ਖਬਰ ਨੂੰ ਜਾਣਕੇ ਵੱਢੀ ਖਾਕੇ ਮਚਲੇ ਹੋਇਆਂ ਨੇ ਗੱਲ ਨੂੰ ਲੁਕਾਈ ਰੱਖਿਆ, ਜੇ ਹੁਣ ਬੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ? ਗਲ ਕਾਹਦੀ ਦੁਪਹਿਰ ਤੱਕ ਖੂਬ ਊਧਮ ਮਚਿਆ ਰਿਹਾ, ਪਰ ਚੋਰਾਂ ਦਾ ਥਹੁ ਨਾ ਲੱਗਾ। ਲੱਗਦਾ ਕਿੱਕੁਰ? ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲਗਾ ਪਿਆ ਸੀ, ਜਦ ਨੀਯਤ ਹੀ ਹੋਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ? ਦੁਪਹਿਰ ਤੋਂ ਪਿਛੋਂ ਖਾਂ ਸਾਹਿਬ ਆ ਗਏ। ਉਨ੍ਹਾਂ ਨੂੰ ਬੜਾ ਅਫਸੋਸ ਹੋਇਆ ਪਰ ਘਰ ਨੂੰ ਸਬੂਤ ਪਾਕੇ ਅਰ ਇਹ ਦੇਖਕੇ ਕਿ ਤਖਤਿਆਂ ਤੋਂ ਛੁਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ ਚਿਤ ਦਾ ਖੋਭ ਬਹੁਤ ਦੂਰ ਹੋਇਆ। ਇਸਨੇ ਪਹਿਲੇ ਤਾਂ ਕੁਤਵਾਲ ਤੇ ਅਹਿਦੀਆਂ ਨਾਲ ਗਲ ਬਾਤ ਕੀਤੀ ਅਰ ਟੋਹ ਲਾਉਣੇ ਦਾ ਇੰਤਜ਼ਾਮ ਕੀਤਾ, ਫੇਰ ਤਰਖਾਨ ਬੁਲਾਕੇ ਬੂਹਾ ਮੁਰੰਮਤ ਕਰਵਾਇਆ, ਛੇ ਸਿਪਾਹੀ ਪਹਿਰੇ ਵਾਸਤੇ ਰੱਖ ਲਏ ਅਰ ਫੇਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿਤੀ, ਫੇਰ ਵਹੁਟੀ ਨੂੰ ਮਿਲਕੇ ਦਿਲ ਦੀਆਂ ਲੀਤੀਆਂ ਦਿੱਤੀਆਂ ਅਰ ਸਾਰਾ ਸਮਾਚਾਰ ਸੁਣਿਆਂ। ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ; ਸਤਵੰਤ ਕੌਰ ਦਾ ਜ਼ਿਕਰ ਲੁਕਾਵੇ ਗਲ ਟੁੱਟ ਟੁੱਟ ਜਾਵੇ, ਫੇਰ ਬਣਾਵੇ, ਪਰ ਸੂਤ ਨਾ ਆਵੇ, ਤਿਵੇਂ ਤਿਵੇਂ ਉਸ ਦੇ ਘਰ ਵਾਲੇ ਦੀ ਹੈਰਾਨੀ ​ਵਧਦੀ ਜਾਵੇ, ਪਰ ਉਸ ਨੇ ਆਪਣੇ ਚਿਤ ਦੀ ਆਪ ਹੀ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰੀਮਤ ਸਿੱਧੀ ਸਾਦੀ ਹੈ, ਇੱਡੇ ਭਾਰੇ ਡਰ ਨੂੰ ਦੇਖਕੇ ਘਾਬਰ ਗਈ ਹੈ, ਅਜੇ ਤਕ ਸਿਰ ਟਿਕਾਣੇ ਨਹੀਂ ਸੁ ਹੋਇਆ, ਤਦੇ ਵਿਚ ਵਿਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ।

______

੧੩. ਕਾਂਡ।

ਹੁਣ ਸਤਵੰਤ ਕੌਰ ਨੂੰ ਆਪਣੇ ਨਿਕਲਣੇ ਦਾ ਫਿਕਰ ਹੋਇਆ। ਉਸ ਦੀ ਸਲਾਹ ਹੋਈ ਕਿ ਮੈਂ ਚੁਪਾਤੇ ਨਿਕਲ ਜਾਂਵਾਂ, ਪਰ ਫੇਰ ਫਾਤਮਾ ਨੂੰ ਮਿਲੇ ਬਾਝ ਜਾਣਾ ਬੁਰਾ ਜਾਣ ਕੇ ਠਹਿਰੀ ਰਹੀ, ਦੂਸਰੇ ਦਿਨ ਫਾਤਮਾ ਉਸ ਨੂੰ ਅੰਦਰ ਆਕੇ ਮਿਲੀ। ਹੁਣ ਦੁਹਾਂ ਵਿਚ ਗਲ ਬਾਤ ਹੋਈ। ਸਤਵੰਤ ਕੌਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਤੇ ਫਾਤਮਾ ਚਾਹੇ ਕਿ ਇਹ ਮੇਰੇ ਪਾਸ ਰਹੇ। ਫਾਤਮਾ ਆਪਣੇ ਸੁਖ ਦੀ ਬੱਧੀ ਤੇ ਸਤਵੰਤ ਕੌਰ ਨੂੰ ਆਪਣੇ ਵਤਨ, ਪਿਤਾ ਤੇ ਕੌਮੀ ਜੋਸ਼ ਦੀ ਖਿੱਚ। ਉਹ ਉਹਨਾਂ ਹਿੰਦੀ ਤ੍ਰੀਮਤਾਂ ਵਿਚੋਂ ਨਹੀਂ ਸੀ ਜੋ ਪਰਦੇਸ਼ਾਂ ਵਿਚ ਜਾਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਸਨ। ਉਹ ਆਪਣੇ ਅਸਲੇ ਨੂੰ ਜਾਣਦੀ ਅਰ ਉਥੇ ਪਹੁੰਚਣੇ ਦੀ ਚਾਹਵਾਨ ਸੀ ਅਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ। ਪਾਤਸ਼ਾਹ ਦੀ ਬੇਗਮ ਬਣਨੋਂ ਜਿਸ ਨੇ ਸਿਰ ਫੇਰਿਆ, ਉਹ ਹੋਰ ਕਿਸ ਲਾਲਚ ਵਿਚ ਆ ਸਕਦੀ ਸੀ? ਪਰ ਉਧਰ ਫਾਤਮਾ ਚਰਨ ਫੜੀ ਜਗ੍ਯਾਸੂ ਵਾਂਙ ਹੰਝੂਆਂ ਦੀ ਤਾਰ ਵਹਾ ਰਹੀ ਸੀ ਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡਕੇ ਕਿਤੇ ਨਾ ਜਾਵੀਂ। ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਨ ਸੀ। ਕਸ਼ਟਾਂ ਤੇ ਬਿਪਤਾ ਨੂੰ ਸਤਵੰਤ ਝਾਗ ਨਿਕਲੀ ਸੀ, ਪਾਤਸ਼ਾਹੀ ਲਾਲਚਾਂ ਨੂੰ ਤਰ ਨਿਕਲੀ ਸੀ, ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲ੍ਹਣ ਦਾ ਔਖਾ ਕੰਮ ਆ ਪਿਆ ਅਰ ਪ੍ਰੇਮ ​ਬੀ ਪਵਿੱਤ੍ਰ, ਗੁਰ ਸਿੱਖੀ ਯਾ ਸੰਤ ਭਗਤੀ ਦੀ ਅੰਸ਼ ਸਤਿਸੰਗ ਵਾਲਾ। ਫਾਤਮਾ ਦਾ ਉਸ ਦੇ ਚਰਨਾਂ ਨੂੰ ਵਾਰ ਵਾਰ ਚੁੰਮਣਾ, ਹੱਥ ਜੋੜਨੇ, ਮੱਥੇ ਟੇਕਣੇ, ਸਤਵੰਤ ਕੌਰ ਦਾ ਬਚਣਾ, ਨਾਂਹ ਨਾਂਹ ਕਰਣੀ, ਦਿਲਾਸਾ ਦੇਣਾ ਇਕ ਅਸਚਰਜ ਨਕਸ਼ਾ ਬੰਨ੍ਹ ਰਹੇ ਸਨ। ਬਹੁਤ ਚਿਰ ਇੱਕੁਰ ਦਾ ਹਾਲ ਰਿਹਾ, ਛੇਕੜ ਪ੍ਰੇਮ ਨੇ ਸਤਵੰਤ ਕੌਰ ਦੀ ਉਪਰਾਮਤਾ ਦੇ ਡੌਲੇ ਥਕਾ ਦਿਤੇ, ਡੋਬਿਆ ਤਾਂ ਨਹੀਂ, ਪਰ ਅੱਗੇ ਵਧਣੋਂ ਰੋਕ ਦਿਤਾ। ਸਤਵੰਤ ਕੌਰ ਨੂੰ ਮਜਬੂਰ ਹੋਕੇ ਇਹ ਕਰਾਰ ਕਰਨਾ ਪਿਆ ਕਿ ਮੈਂ ਅੱਠ ਦਿਨ ਤੇਰੇ ਪਾਸ ਜ਼ਰੂਰ ਰਹਾਂਗੀ। ਫਾਤਮਾ ਨੂੰ ਕੁਝਕੁ ਢਾਰਸ ਹੋਈ, ਹੁਣ ਫਾਤਮਾ ਬੜੀ ਹੀ ਖਾਤਰ ਕਰਨ ਲੱਗੀ। ਮਾਲਕ ਵਾਲੀ ਬੋ ਸਾਰੀ ਨਿਕਲ ਗਈ ਹੋਈ ਸੀ, ਇਕ ਮੁਰੀਦ ਵਾਂਙ ਆਕੇ ਉਸ ਦੀ ਸੇਵਾ ਕਰੇ ਅਰ ਉਸ ਦਾ ਅਦਬ ਲਿਹਾਜ਼ ਰੱਖੇ। ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਭਣ ਤੋਂ ਦੇਖੀਏ ਕਿੱਕਰ ਨਿਕਾਸ ਹੋਵੇ?

ਅੱਠ ਦਿਨ ਬੀਤ ਗਏ, ਜਿਵੇਂ ਬੀਤਦੇ ਹਨ ਦਿਨ ਸਦਾ। ਸਤਵੰਤ ਫਿਰ ਤੁਰਨੇ ਲਈ ਤ੍ਯਾਰ ਹੋਈ, ਪਰ ਫਾਤਮਾ ਤੁਰਨ ਨਾ ਦੇਵੇ।

ਸਤਵੰਤ ਕੌਰ ਨੇ ਕਿਹਾ, ਬੀਬੀ ਜੀ! ਮੈਂ ਕਿਸੇ ਪ੍ਰਕਾਰ ਅਟਕ ਨਹੀਂ ਸਕਦੀ, ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ। ਮੈਨੂੰ ਅਪਣੀ ਮਾਂ ਦਾ ਦਰਸ਼ਨ ਹੁੰਦਾ ਹੈ, ਜੋ ਕਰਤਾਰ ਦੇ ਭਾਣੇ ਪਰ ਸ਼ਾਕਰ ਹੋਣੇ ਦਾ ਅਤਿ ਜਤਨ ਕਰਦੀ ਹੈ, ਪਰ ਕੁਦਰਤੀ ਮੋਹ ਦਾ ਸੋਮਾ ਕਿਸੇ ਵੇਲੇ ਐਸਾ ਪਾਟਦਾ ਹੈ ਕਿ ਉਹ ਆਪਣਾ ਆਪ ਸੰਭਲ ਨਹੀਂ ਸਕਦੀ, ਮੈਂ ਕੀ ਕਰਾਂ? ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ। ਤੂੰ ਪੱਕ ਜਾਣ, ਜੇ ਮੈਂ ਮਾਤਾ ਪਿਤਾ ਦੇ ਰੂਬਰੂ ਮਰ ਜਾਂਦੀ ਤਦ ਉਹ ਮੇਰੇ ਵਲੋਂ ਕਦੇ ਸ਼ੋਕਾਤੁਰ ਨਾ ਹੁੰਦੇ, ਪਰ ਹੁਣ ਉਨ੍ਹਾਂ ਨੂੰ ਇਹ ਸੱਲ ਉੱਠ ਖਲੋਂਦਾ ਹੈ ਕਿ ਕਿਆ ਸਾਡੀ ਪੁੱਤ੍ਰੀ ਜ਼ਾਲਮਾਂ ਦੇ ਪਾਪਾਂ ਦਾ ਹਿੱਸਾ ਵੰਡ ਰਹੀ ਹੋਵੇਗੀ?

​ਉਨ੍ਹਾਂ ਦੀ ਬੁੱਧਿ ਮੰਨਦੀ ਨਹੀਂ, ਪਰ ਭਰਮ ਦਾ ਦਾਰੂ ਲੁਕਮਾਨ ਨੂੰ ਬੀ ਨਹੀਂ ਲੱਭਾ ਸੀ। ਇਸ ਕਰਕੇ ਮੇਰੇ ਚਿੱਤ ਵਿਚ ਉਮੰਗ ਹੈ ਕਿ ਮੈਂ ਇਕੇਰਾਂ ਉਨ੍ਹਾਂ ਦੇ ਚਰਨਾਂ ਵਿਚ ਪਹੁੰਚਾਂ ਅਰ ਉਨ੍ਹਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈਕੇ ਮੈਂ ਆਪ ਤੱਕ ਅੱਪੜ ਪਈ ਹਾਂ। ਫਾਤਮਾ ਕਹੇ ਕਿ ਮੈਂ ਕੀ ਕਰਾਂ? ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਣ ਦਾ ਨਾਉਂ ਸੁਣਕੇ ਮੇਰੀ ਜਾਨ ਨਿਕਲਦੀ ਹੈ।

ਸਤਵੰਤ ਕੌਰ—ਦੇਖ ਬੀਬੀ! ਅੱਗੇ ਤੈਨੂੰ ਬਾਣੀ ਪੜ੍ਹਨੇ ਦਾ ਵੱਲ ਦੱਸਿਆ ਸੀ, ਜਿਸਨੇ ਤੈਨੂੰ ਐਤਨਾ ਲਾਭ ਪੁਚਾਇਆ ਕਿ ਤੂੰ ਹੁਣ ਧਰਮ, ਦਯਾ, ਦਾਨ ਆਦਿ ਨੂੰ ਸਮਝਦੀ ਹੈ ਅਰ ਅੰਤ੍ਰੀਵ ਸੁਖ ਨੂੰ ਬੀ ਪ੍ਰਤੀਤ ਕਰਦੀ ਹੈਂ। ਹੁਣ ਇਹ ਸੱਚ ਕਿ ਅੰਤ ਨੂੰ ਇਕੱਲੇ ਹੋ ਜਾਣਾ ਹੈ, ਚਾਹੇ ਆਪ ਕੱਲੇ ਟੁਰ ਗਏ, ਚਾਹੋ ਸਾਰਾ ਪਰਵਾਰ ਮਰ ਜਾਏ ਤੇ ਇਕੱਲੀ ਰਹਿ ਜਾਏਂ। ਉਸ ਵੇਲੇ ਕੌਣ ਭੈਣ, ਪਤੀ, ਪੁੱਤ ਤੇਰੇ ਨਾਲ ਨਿਭੇਗਾ? ਉਸ ਇਕੱਲ ਨੂੰ ਬੀ ਕਿਸੇ ਤਰ੍ਹਾਂ ਕੱਟੇਂਗੀ ਕਿ ਨਹੀਂ? ਤਿਵੇਂ ਹੁਣ ਸੋਚ ਕੇ ਉਸ ਇਕੱਲ ਨੂੰ ਪਹੁੰਚੀ ਹੋਈ ਸਮਝ ਲੈ ਅਰ ਸਭ ਤੋਂ ਟੁੱਟਕੇ ਅਪਣੇ ਵਿਚ ਮਗਨ ਹੋ ਜਾਹ। ਸਭਨਾਂ ਵਿਚ ਵੱਸ, ਪਰ ਆਪਣੀਆਂ ਆਸਾਂ ਤੇ ਉਮੈਦਾਂ ਦਾ ਸਹਾਰਾ ਕਿਸੇ ਪਰ ਨਾ ਰੱਖ, ਕਿਉਂਕਿ ਅੰਤ ਨੂੰ ਨਿਰਾਧਾਰ ਅਪਣੇ ਆਪ ਦੇ ਆਸਰੇ ਸਿਰ ਹੋ ਜਾਣਾ ਹੈ। ਸੋ ਜਿਸ ਗਲ ਨੂੰ ਸਮੇਂ ਨੇ ਬਦੋਬਦੀ ਸਾਡੇ ਗਲ ਮੜ੍ਹਨਾ ਹੈ, ਕਿਉਂ ਨਾ ਆਪ ਅਪਣੇ ਤੇ ਪਹਿਲੇ ਵਰਤਾ ਲਈਏ। ਇਸ ਪਰ ਮੈਂ ਤੈਨੂੰ ਇਕ ਵਾਰਤਾ ਸੁਣਾਉਂਦੀ ਹਾਂ:— ਇਕ ਸਿੰਘ ਸਾਧੂ ਇਕ ਬਨ ਵਿਚ ਵੱਸਦੇ ਸਨ। ਉਸ ਬਨ ਵਿਚ ਵੱਡੇ ਬ੍ਰਿੱਛ ਤਾਂ ਘੱਟ ਸਨ, ਪਰ ਝਾੜੀਆਂ ਅਰ ਕਈ ਪ੍ਰਕਾਰ ਦੇ ਘਾਹ ਬਹੁਤ ਸਨ ਕਿ ਦਾਵਾਨਲ (ਬਨ ਦੀ ਅੱਗ) ਭੜਕ ਉੱਠੀ, ਅਰਥਾਤ ਉਸ ਸਾਰੇ ਬਨ ਨੂੰ ਅੱਗ ਲਗ ਉੱਠੀ। ਪੂਰਬ ਰੁਖੋਂ ਅੱਗ ਲੱਗੀ ​ਤੇ ਨਾਲ ਹੀ ਪੁਰਾ ਵਗ ਪਿਆ। ਦਿਨ ਵਿਸਾਖ ਦੇ ਸਨ, ਇਸ ਮਹਾਤਮਾ ਦੀ ਕੁਟੀ ਦੇ ਉਦਾਲੇ ਸੰਘਣੀਆਂ ਪੈਲੀਆਂ ਪੱਕੀਆਂ ਖੜੀਆਂ ਸਨ, ਘਰ ਇਕ ਤ੍ਰੀਮਤ ਤੇ ਪੁੱਤ੍ਰ ਸੀ ਅਰ ਕਈ ਕੁ ਤ੍ਰੀਮਤਾਂ ਭਟਕੀਆਂ ਹੋਈਆਂ ਉਨ੍ਹਾਂ ਦੀ ਛਤ੍ਰ ਛਾਇਆ ਹੇਠ ਆ ਉੱਤਰੀਆਂ ਸਨ। ਇਹ ਮੈਂ ਤੈਨੂੰ ਕਹਾਣੀ ਨਹੀਂ ਪਈ ਸੁਣਾਉਂਦੀ, ਇਹ ਬੀਤੀ ਹੋਈ ਵਾਰਤਾ ਹੈ ਅਰ ਜਿਨ੍ਹਾਂ ਦੇ ਸਿਰ ਬੀਤੀ ਸੀ ਓਹ ਸਾਡੇ ਘਰ ਆਏ ਸਨ ਅਰ ਪਿਤਾ ਜੀ ਨੂੰ ਉਨ੍ਹਾਂ ਇਹ ਵਿਥਿਆ ਸੁਣਾਈ ਸੀ, ਜੋ ਮੈਂ ਸੁਣਾਉਂਦੀ ਪਈ ਹਾਂ। ਸੋ ਬੀਬੀ! ਤੇ ਓਹ ਸਾਧ, ਜੋ ਭਜਨੀਕ ਸਿੱਖ ਸੀ, ਬਨ ਵਿਚ ਇਸ ਕਰਕੇ ਰਹਿੰਦਾ ਸੀ ਕਿ ਔਕੜ ਬਣੀ ਤੇ ਆਪਣੇ ਵੀਹ ਤੀਹ ਭਰਾਵਾਂ ਨੂੰ ਆਸਰਾ ਦਿੰਦਾ ਅਰ ਅਪਣੀ ਕਮਾਈ ਦੇ ਦਾਣੇ ਫੱਕੇ ਦਾ ਉਥੇ ਸ਼ਰਣ ਆਏ ਭਰਾਵਾਂ ਲਈ ਲੰਗਰ ਜਾਰੀ ਰੱਖਦਾ ਸੀ। ਭਾਵੇਂ ਅੱਗ ਅਜੇ ਡਾਢੀ ਦੂਰ ਸੀ, ਪਰ ਹਵਾ ਦੀ ਮੁਸ਼ਕ ਤੋਂ ਉਸ ਸਾਧੂ ਨੇ ਪਰਖ ਲਿਆ ਕਿ ਦਾਵਾਨਲ ਲੱਗੀ ਪਈ ਹੈ, ਇਹ ਆਕੇ ਸਾਨੂੰ ਸਾੜੇਗੀ। ਇਸਦਾ ਤਾਂ ਧੂੰ ਹੀ ਨੇੜੇ ਆਯਾ ਦਮ ਘੁੱਟ ਘੱਤੇਗਾ। ਫਿਰ ਸੋਚਣ ਲਗਾ ਕਿ ਕੀਹ ਅੱਗ ਤੋਂ ਬਚਣੇ ਦਾ ਕੋਈ ਉਪਾ ਬੀ ਹੋ ਸਕਦਾ ਹੈ? ਵਾਹਿਗੁਰੂ ਦੀਨਦਿਆਲ ਨੇ ਉਸਦੀ ਸੁਰਤਿ ਸਮਝ ਬਖਸ਼ੀ ਕਿ ਅੱਗ ਦਾ ਇਲਾਜ ਅੱਗ ਹੈ। ਉਸਨੇ ਤੁਰਤ ਅੱਗ ਬਾਲਕੇ ਆਪਣੇ ਇਰਦ ਗਿਰਦ ਦੀਆਂ ਪੈਲੀਆਂ ਨੂੰ ਲਾ ਦਿਤੀ। ਪਲੋ ਪਲੀ ਵਿਚ ਇਹ ਅੱਗ ਫੈਲ ਗਈ ਅਰ ਚਾਰ ਚੁਫੇਰੇ ਸਾੜਦੀ ਤੁਰੀ ਗਈ। ਜਿਉਂ ਜਿਉਂ ਇਹ ਅਗ ਖੇਤ ਸਾੜਦੀ ਗਈ ਪਰੇ ਤੋਂ ਪਰੇ ਹੁੰਦੀ ਗਈ ਤੇ ਕੁਟੀ ਦੇ ਦੁਆਲੇ ਖੇਤਾਂ, ਘਾਹਾਂ ਤੋਂ ਧਰਤੀ ਸਫ਼ਾ ਹੁੰਦੀ ਗਈ। ਇਹ ਭਬਾਕਾ ਪੈਲੀਆਂ ਦਾ ਝਟ ਪਟ ਮਿਲਦਾ ਬੀ ਗਿਆ। ਗੱਲ ਕੀ ਉਸ ਵਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਪਹਿਲੇ ਉਸ ਕੁਟੀਆ ਦੇ ਇਰਦ ਗਿਰਦ ਅੱਧ ਅੱਧ ਮੀਲ ਤੋਂ ਵਧੀਕ ਥਾਂ ਸੜ ਚੁਕੀ ਸੀ ​ਅਰ ਸੜਨੇ ਯੋਗ ਪਦਾਰਥ ਕਈ ਬਾਕੀ ਨਹੀਂ ਸੀ, ਸੋ ਉਹ ਵੱਡੀ ਅੱਗ ਅੱਧ ਅੱਧ ਕੋਹ ਕੁਟੀਆ ਤੋਂ ਦੂਰ ਰਹਿਕੇ ਲੰਘ ਗਈ, ਅਰ ਸਾਰਾ ਪਰਵਾਰ ਸੜਕੇ ਮਰਨੋਂ ਬਚ ਰਿਹਾ। ਜੇ ਬੀਬੀ ਜੀ! ਉਹ ਸਿੱਖ ਅਕਲ ਨਾਂ ਕਰਦਾ ਤਦ ਉਸ ਵੱਡੀ ਅੱਗ ਨੇ ਤਾਂ ਕਿਤੇ ਰਿਹਾ ਨੇੜੇ ਆਈ ਦੇ ਧੂੰਏਂ ਨੇ ਹੀ ਮਾਰ ਕੱਢਣਾ ਸੀ। ਇਸੀ ਪ੍ਰਕਾਰ ਬੀਬੀ ਜੀ! ਸਾਡੇ ਸਭਨਾਂ ਦੇ ਸਿਰ ਇਕ ਤਰ੍ਹਾਂ ਦੀ ਇਕੱਲ ਆ ਰਹੀ ਹੈ ਕਿ ਜਿਸ ਨੇ ਸਾਨੂੰ ਸਭ ਦਿਸਦੇ ਸਾਕਾਂ ਮਿਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ, ਉਹ ਇਕਲ ਸਾਨੂੰ ਐਸਾ ਬਿਹਬਲ ਕਰੇਗੀ ਕਿ ਉਹ ਇਕੱਲ ਹੀ ਨਰਕ ਹੋਵੇਗੀ। ਸੋ ਹੁਣ ਸਮਾਂ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਚ ਸਿਖ ਲਵੀਏ ਅਰ ਆਪਣੇ ਆਲੇ ਦੁਆਲੇ ਇਕੱਲ ਹੀ ਸਮਝੀਏ ਅਰ ਆਪਣੀਆਂ ਵਾਸ਼ਨਾਂ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰੱਖੀਏ ਤਾਂ ਜੋ ਉਸ ਵਡੀ ਇਕਲ ਤੋਂ ਪਹਿਲਾਂ ਅਸੀਂ ਇਸ ਇਕੱਲ ਨੂੰ ਜਾਣ ਜਾਈਏ ਇਹ ਇਕੱਲ ਉਸ ਤੋਂ ਰੱਖ ਲਵੇਗੀ। ਇਸ ਇਕੱਲ ਵਿਚ ਅਸੀਂ ਸੁਖੀ ਹੋਈਏ, ਇਕੱਲ ਵਿਚ ਰੱਬ ਦੀ ਟੇਕਤੇ ਰਹੀਏ, ਫਿਰ ਇਕੱਲ ਭਾਗੇ ਭਰੀ ਹੋ ਜਾਂਦੀ ਹੈ। ਅਸੀਂ ਫੇਰ ਇਕੱਲੇ ਨਹੀਂ ਰਹਿੰਦੇ, ਸਾਡੇ ਨਾਲ ਮਾਲਕ ਆਪ ਆ ਵਸਦਾ ਹੈ।

ਫਾਤਮਾ—ਤੁਸੀਂ ਸੱਚ ਆਖਦੇ ਹੋ ਅਰ ਕਈ ਵਾਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ! ਮੇਰਾ ਦਿਲ ਸਮਝਦਾ ਤਾਂ ਹੈ, ਪਰ ਪ੍ਰਤੀਤ ਨਹੀਂ ਕਰਦਾ, ਕੋਈ ਐਸੀ ਕ੍ਰਿਪਾ ਕਰੋ ਕਿ ਜੋ ਸਮਝਦੀ ਹਾਂ ਉਹੋ ਹਾਲਤ (ਅਵਸਥਾ) ਹੋ ਜਾਵੇ।

ਸਤਵੰਤ ਕੌਰ—ਸਾਡੇ ਧਰਮ ਵਿਚ ਇਹ ਉਪਦੇਸ਼ ਹੈ:—

'ਜੀਵਤ ਮਰੈ ਮਰੈ ਫੁਨਿ ਜੀਵੈ'

ਜੀਉਂਦਾ ਮਰੈ ਤੇ ਮਰਕੇ ਫੇਰ ਜੀਵੇ, ਉਸ ਨੂੰ ਇਸ ਮਨੁੱਖਾ ਦੇਹ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ ​ਹੈ, ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ, ਪਰ ਸਿਆਣਿਆਂ ਨੇ ਉਸ ਦਾ ਇਕ ਉਪਾਉ ਲੱਭਾ ਹੈ। ਸਿਆਲੇ ਵਿਚ ਪਹਾੜਾਂ ਤੋਂ ਕਈ ਲੋਕ ਆਉਂਦੇ ਹਨ, ਉਨ੍ਹਾਂ ਪਾਸ ਸੀਤਲਾ ਦੇ ਸੁੱਕੇ ਹੋਏ ਚੀਚਕਿਆਂ ਦਾ ਪੀਠਾ ਹੋਇਆ ਧੂੜਾ ਹੁੰਦਾ ਹੈ, ਉਹ ਕੀ ਕਰਦੇ ਹਨ, ਕਿ ਵੀਣੀ ਉਪਰ ਇਕ ਸੂਈਆਂ ਦਾ ਗੁੱਛਾ ਮਾਰਕੇ ਪਛ ਲਾਉਂਦੇ ਹਨ ਅਰ ਉਸ ਪੱਛ ਪੁਰ ਧੂੜਾ ਧੂੜਦੇ ਹਨ, ਜਿਸ ਨਾਲ ਇਕ ਵਡਾ ਸਾਰਾ ਛਾਲਾ ਹੋ ਪੈਂਦਾ ਹੈ। ਕੋਈ ਪੰਦਰਾਂ ਵੀਹ ਦਿਨ ਔਖ ਹੁੰਦਾ ਹੈ, ਪਰ ਫੇਰ ਉਸ ਨੂੰ ਸੀਤਲਾ ਨਹੀਂ ਨਿਕਲਦੀ। ਇਨ੍ਹਾਂ ਗਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁੱਖ ਤੋਂ ਜੇ ਬਚਣਾ ਲੋੜੀਏ ਤਦ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੀ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜਿੱਕੁਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ ਅਰ ਫੇਰ ਮੌਤ ਦਾ ਦੁੱਖ ਦੀਹਦਾ ਹੈ, ਜੇ ਤੂੰ ਜੀਉਂਦੀ ਹੀ ਆਪੇ ਨੂੰ ਵੱਖ ਕਰਨ ਦੀ ਜਾਚ ਸਿੱਖ ਲਵੇਂ ਤਦ ਵਿਛੋੜੇ, ਇਕੱਲ ਤੇ ਮੌਤ ਦਾ ਦੁੱਖ ਤੈਨੂੰ ਕੀਹ ਕਹੇਗਾ? ਤੈਨੂੰ ਤਾਂ ਫੇਰ ਕੋਈ ਦੁੱਖ ਬੀ ਡੋਲਣ ਨਾ ਦੇਵੇਗਾ।

ਫਾਤਮਾ—ਕਿਰਪਾ ਕਰਕੇ ਮੈਨੂੰ ਉਪਾਉ ਦੱਸੋ?

ਸਤਵੰਤ ਕੌਰ—ਉਪਾਉ ਕਠਨ ਨਹੀਂ। ਬਾਣੀ ਦੇ ਆਨੰਦ ਨੂੰ ਤੂੰ ਦੇਖ ਚੁੱਕੀ ਹੈਂ, ਇਹ ਆਨੰਦ ਤੇਰੇ ਅੰਦਰ ਦੀਆਂ ਮੈਲਾਂ ਕੱਢਣੇ ਨੂੰ ਸਮਰੱਥ ਹੈ ਅਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ ਅਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ ਅਰ ਦੇਖ ਕਿ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ। ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ, ਕੋਈ ਖੁਸ਼ੀ ਬਿਨਾਂ ਆਸਰੇ ਨਹੀਂ, ਅਰਥਾਤ ਨਿਰੇ ਆਪਣੇ ਆਧਾਰ ਤੇ ਨਹੀਂ। ਜੋ ਖੁਸ਼ੀ ਦੂਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀ ਹੈ ਉਹ ਇਕ ਰਸ ਰਹਿਣ ਵਾਲੀ ​ਨਹੀਂ ਹੋ ਸਕਦੀ, ਕਿਉਂਕਿ ਉਹ ਜਿਨ੍ਹਾਂ ਪਦਾਰਥਾਂ ਤੇ ਜੀਵਾਂ ਦੇ ਆਸਰੇ, ਸੇਤੀ ਹੈ, ਓਹ ਸਾਰੇ ਅਟੱਲ ਨਹੀਂ, ਮਰਨਾਊ ਜਾਂ ਨਾਸ਼ਵੰਤ ਹਨ। ਤਾਂਤੇ ਐਸੀ ਖ਼ੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਹੋ ਜਿਹੇ ਕਿ ਏਹ ਹਨ ਉਹੋ ਜੇਹੇ ਸਮਝਕੇ ਇਨ੍ਹਾਂ ਵਲੋਂ ਮਨ ਦਾ ਮੂੰਹ ਮੋੜੀਏ। ਨੱਸ ਨਾ ਜਾਈਏ, ਵਿਚੇ ਰਹੀਏ ਵਰਤੀਏ ਪਰ ਓਪਰੀਆਂ ਜਾਣਕੇ। ਸ਼ਹਿਤ ਦੀ ਮੱਖੀ ਵਾਂਙ ਫੁੱਲਾਂ ਦੀ ਮਿਠਾਸ ਲਈਏ, ਫੁੱਲਾਂ ਵਿਚ ਫਸ ਨਾ ਜਾਈਏ, ਜੀਕੂੰ ਘਰ ਦੀ ਮੁੱਖੀ ਮਰਤਬਾਨ ਵਿਚ ਬੈਠਕੇ ਮਿੱਠੇ ਵਿਚ ਫਸ ਜਾਂਦੀ ਹੈ। ਐਉਂ ਅਸੀਂ ਇਨ੍ਹਾਂ ਦੇ 'ਵਿਛੁੜਨ ਦੇ ਦੁੱਖ' ਤੋਂ ਛੁੱਟ ਜਾਵਾਂਗੇ, ਸਾਡੇ ਜੀਉਣ ਦੇ ਦਿਨ ਚੰਗੇ ਲੰਘਣਗੇ ਅਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਯਾ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇਕ ਰਸ ਅਰ ਸਦਾ ਅਟੱਲ ਰਹਿਣੇ ਵਾਲਾ ਹੋਵੇ ਤਾਂ ਜੋ ਸਾਡਾ ਆਨੰਦ ਬੀ ਇਕ ਰਸ ਅਰ ਅਟੱਲ ਹੋਵੇ, ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ। ਸੋ ਉਹ ਅਨੰਦ ਆਪਣੇ ਅੰਦਰ ਹੈ ਅਰ ਉਹ ਆਧਾਰ ਬੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜੁਆਨੀ ਚੜ੍ਹੇ ਖੁਸ਼ਬੂ ਦੀ ਮਸਤੀ ਜੰਗਲਾਂ ਵਿਚ ਭਟਕਾਉਂਦੀ ਹੈ, ਪਰ ਜਦ ਦੈਵਨੇਤ ਨਾਲ ਕਦੇ ਥੱਕਕੇ ਡਿੱਗਦੇ ਦੀ ਬੂਥੀ ਆਪਣੀ ਹੀ ਧੁਨੀ ਨਾਲ ਵੱਜ ਜਾਵੇ ਤਦ ਆਪਣੇ ਆਪ ਵਿਚ ਮਸਤ ਹੋਕੇ ਝਾੜੀਆਂ ਵਿਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰੋਂ ਅਨੰਦ ਅਰ ਅਨੰਦ ਦਾ ਆਸਰਾ ਦਿੱਸ ਪੈਂਦਾ ਹੈ, ਤਦ ਅਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ। ਸਾਡੇ ਸਤਿਗੁਰਾਂ ਦਾ ਵਾਕ ਹੈ:—

'ਬਾਹਰਿ ਢੂਢਨ ਤੇ ਛੂਟਿ ਪਰੇ
ਗੁਰਿ ਘਰ ਹੀ ਮਾਹਿ ਦਿਖਾਇਆ ਥਾ॥'

​ਫਾਤਮਾ—ਬੀਬੀ ਜੀ! ਆਪਦੀਆਂ ਬਾਤਾਂ ਬਹੁਤ ਮਨ-ਮੋਹਣੇ ਵਾਲੀਆਂ ਹਨ, ਅਰ ਸੁਣ ਸੁਣਕੇ ਮੇਰਾ ਮਨ ਆਪਣੇ ਆਪੇ ਵਿਚ ਕੱਠਾ ਹੁੰਦਾ ਜਾਂਦਾ ਹੈ ਅਰ ਮੈਨੂੰ ਮਲੂਮ ਪੈਂਦਾ ਹੈ ਕਿ ਜੇ ਬਾਹਰਲੀਆਂ ਖਿੱਚਾ ਟੁੱਟ ਕੇ ਆਪਣੇ ਆਪ ਨਾਲ ਅੰਦਰ ਗੰਢ ਪੈ ਜਾਵੇ ਤਦ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ, ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ। ਹੇ ਪਰਮੇਸੁਰ ਦੀ ਪ੍ਯਾਰੀ! ਮੈਂ ਤੇਰੀ ਭਾਰੀ ਰਿਣੀ ਹਾਂ, ਮੇਰੇ ਸਿਰ ਜੋ ਜੋ ਉਪਕਾਰ ਤੂੰ ਕੀਤੇ ਹਨ, ਮੈਂ ਦੇ ਨਹੀਂ ਸਕਦੀ, ਮੈਂ ਕਿਸੇ ਜੁਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ। ਜਿੱਥੇ ਅੱਗੇ ਮੇਰੇ ਔਗੁਣਾਂ ਵੱਲ ਅੱਖਾਂ ਮੀਟਕੇ ਅਰ ਆਪਣੀ ਦਿਆਲਤਾ ਵੱਲ ਤੱਕਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈਂ ਹੁਣ ਬੀ ਮੇਰੇ ਤੇ ਮਿਹਰ ਕਰ ਤੇ ਮੇਰੇ ਭਰਮ ਦੇ ਛੇੜ ਕੱਟ ਦੇਹ।

ਸਤਵੰਤ ਕੌਰ—ਸੁਣ ਬੀਬੀ! ਮੈਂ ਕੋਈ ਉਪਕਾਰ ਨਹੀਂ ਕੀਤਾ, ਉਪਕਾਰ ਕਰਨੇ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਹੋ ਜਾਵੇ ਤਦ ਦੇਹ ਦੀ ਸਫਲਤਾ ਹੈ। ਹੁਣ ਮੈਂ ਤੈਨੂੰ ਇਕ ਭੇਦ ਦੱਸਦੀ ਹਾਂ। ਮੇਰੇ ਨਾਲ ਕਰਾਰ ਕਰ ਕਿ ਤੂੰ ਸਿਰ ਜਾਏ ਪਰ ਤਦ ਬੀ ਇਹ ਭੇਤ ਕਿਸੇ ‘ਨਾ-ਤਿਆਰ ਬੰਦੇ' ਨੂੰ ਨਹੀਂ ਦੱਸੇਂਗੀ।

ਫਾਤਮਾ—ਮੈਂ ਨੇਮ ਕਰਦੀ ਹਾਂ, ਪਰ ਇਕ ਬੇਨਤੀ ਹੈ ਕਿ ਜਿੱਕੁਰ ਤੁਸਾਂ ਮੇਰੇ ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ?

ਸਤਵੰਤ ਕੌਰ—ਸਮਾਂ ਆ ਲੱਗੇ ਤਦ ਵਰਤੋ। ਇਹ ਕੋਈ ਸ਼ੂਮ ਦਾ ਧਨ ਥੋੜ੍ਹਾ ਹੈ? ਇਹ ਸੱਚੇ ਸਤਿਗੁਰੂ ਜਗਤ ਦਾਤੇ ਦੀ ਦਾਤ ਹੈ ਜੋ ਹਰੇਕ ਲਈ ਖੁੱਲ੍ਹੀ ਤੇ ਅਮੁੱਲ ਪਈ ਹੈ, ਕੋਈ ਖਾਏ ਵਰਤੇ, ਵੰਡੇ। ਪਰ ਇੰਨੀ ਵਿਚਾਰ ਆਪ ਨੂੰ ਲੋੜੀਂਦੀ ਹੈ ਕਿ ਮੋਤੀਆਂ ਦੀ ਕਦਰ ਅੰਨ੍ਹੇ ਨਹੀਂ ਕਰ ਸਕਦੇ। ਅਰਧ ਏਹ ਕਿ ​ਨਕਦਰਿਆਂ ਅਗੇ ਅਮੋਲਕ ਸਾਮਾਨ ਰੱਖੇ ਐਵੇਂ ਜਾਂਦੇ ਹਨ, ਉਥੇ ਸੱਚੇ ਸਤਿਗੁਰੂ ਦਾ ਇਹ ਹੁਕਮ ਹੈ ਕਿ ਪਹਿਲੇ ਨਕਦਰਿਆਂ ਕਦਰ ਕਰਨੀ ਸਿਖਾਲੋ, ਜਦ ਕਦਰ ਸਿੱਖ ਜਾਣ, ਫੇਰ ਦਾਤ ਗੁਰੂ ਕੀ ਵੰਡੀ ਹੀ ਜਾ ਰਹੀ ਹੈ ਆਪੇ ਕੜਛਾ ਮਿਲ ਜਾਂਦਾ ਹੈ, ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ:—

ਇਕ ਅਨਪੜ੍ਹ ਪੰਡਤ ਨੇ ਇਕ ਰਾਜਾ ਨੂੰ ਵੱਸ ਕਰ ਲਿਆ। ਇਸ ਪੰਡਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। 'ਰਾਜਾ ਮੇਰੇ ਵੱਸ ਵਿਚ ਰਹੇ' ਇਹ ਸੋਚਕੇ ਪੰਡਤ ਜਾਂਦਾ ਹੋਇਆ ਇਕ ਸਲੋਕ ਰਾਜਾ ਨੂੰ ਕੰਠ ਕਰਾ ਗਿਆ ਤੇ ਕਹਿ ਗਿਆ ਕਿ ਜੋ ਪੰਡਿਤ ਆਵੇ ਇਸ ਦੇ ਅਰਥ ਪੁੱਛੀਂ, ਜੋ ਦੱਸੇ ਕਿ 'ਦੇਵੀ ਪੀੜ੍ਹੇ ਤੇ ਬੈਠੀ ਮਰੂੰਡੇ ਖਾਂਦੀ ਹੈ' ਉਸ ਨੂੰ ਪੰਡਿਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਿਤ ਰਾਜਾ ਪਾਸ ਆਵੇ ਏਹ ਅਰਥ ਨਾ ਕਰ ਸਕਣ ਕਰਕੇ ਰਾਜਾ ਤੋਂ ਅਨਾਦਰ ਲੈਕੇ ਜਾਵੇ, ਕਿਉਂਕਿ ਉਹ ਸਾਰੇ ਦਰੁਸਤ ਅਰਥ ਦੱਸਦੇ ਸਨ, ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ ਸੋ ਗ਼ਲਤ ਸਨ। ਇਕ ਵੇਰ ਉਥੇ ਪੰਡਿਤ ਕਾਲੀਦਾਸ ਜੀ ਆ ਗਏ। ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ। ਐਵੇਂ ਵਿਦਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ ਨੇ ਅਰਥ ਉਸ ਤੋਂ ਬੀ ਪੁੱਛਿਆ, ਤਦ ਕਾਲੀਦਾਸ ਨੇ ਕਿਹਾ ਕਿ ਇਸ ਦੇ ਅਰਥ ਵਾਸਤੇ ਛੇ ਮਹੀਨੇ ਚਾਹੀਦੇ ਹਨ ਅਰ ਹਰ ਦਿਨ ਆਪ ਦੋ ਚਾਰ ਘੜੀਆਂ ਮੇਰੇ ਨਾਲ ਰਹੋ, ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ। ਗੱਲ ਕੀਹ ਛੇ ਮਹੀਨੇ ਵਿਚ ਕਾਲੀਦਾਸ ਨੇ ਰਾਜਾ ਨੂੰ ਵ੍ਯਾਕਰਣ ਵਿਦ੍ਯਾ ਤੇ ਕੁਛ ਕਾਵ੍ਯ ਕੋਸ਼ ਪੜ੍ਹਾ ਦਿੱਤੇ ਤੇ ਕਹਿਣ ਲੱਗਾ: ਲਓ ਰਾਜਾ ਜੀ! ਹੁਣ ਆਪ ਇਸ ਸ਼ਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੇ ਅਰਥ ਕੀਤਾ ਤਦ ਠੀਕ ਅਰਥ ਉਹੋ ਕੀਤਾ ਜੋ ਸਾਰੇ ਪੰਡਿਤ ਕਰਦੇ ​ਹੁੰਦੇ ਸਨ, ਨਾ ਦੇਵੀ ਨਿਕਲੀ, ਨਾ ਪੀੜ੍ਹਾ ਤੇ ਨਾ ਮਰੂੰਡੇ। ਭਾਵ ਇਸ ਦਾ ਇਹ ਹੈ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਤੇ ਕਦਰ ਨਹੀਂ ਸੀ, ਕਾਲੀਦਾਸ ਨੇ ਉਸ ਨੂੰ ਪਛਾਣ ਤੇ ਕਦਰ ਕਰਨੀ ਸਿਖਾਲ ਦਿੱਤੀ। ਜਦ ਪਛਾਣ ਤੇ ਕਦਰ ਕਰਨੀ ਸਿੱਖ ਗਿਆ ਤਦ ਅਰਥ ਸਪਸ਼ਟ ਸਨ, ਕਿਤੇ ਲੁਕੇ ਸਨ ਹੀ ਨਹੀਂ।

ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ
—
"ਰਾਮ ਪਦਾਰਥੁ ਪਾਇਕੈ ਕਬੀਰਾ ਗਾਂਠਿ ਨ ਖੋਲ॥
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲ"॥
"ਕਬੀਰ ਰਾਮਰਤਨੁ ਮੁਖੁ ਕੋਥਰੀਪਾਰਖ ਆਗੈ ਖੋਲਿ॥
ਕੋਈ ਆਇ ਮਿਲੈਗੇ ਗਾਹਕੀ ਲੇਗੋ ਮਹਗੇ ਮੋਲਿ"॥

ਇਸ ਦਾ ਇਹ ਅਰਥ ਨਹੀਂ ਕਿ ਇਸ ਨੂੰ ਰੁਪਈਏ ਲੈਕੇ ਸੱਚੀ ਮੁੱਚੀ ਮਹਿੰਗੇ ਮੁੱਲ ਤੇ ਵੇਚਣਾ ਹੈ। ਮਹਿੰਗੇ ਮੁਲ ਦਾ ਤਾਤ-ਪਰਜ ਕੇਵਲ ਕਦਰ ਹੈ। ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨ੍ਹੇ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹਠ ਤੇ ਅਵਿੱਦ੍ਯਾ ਦੇ ਛੋੜ ਕੱਟਣ ਅਰ ਕਦਰ ਦਾ ਦੀਵਾ ਜਗਾ ਦੇਣ। ਫੇਰ ਇਹ ਪਦਾਰਥ ਬਖਸ਼ਿਆ ਗੁਣਕਾਰ ਹੁੰਦਾ ਹੈ। ਸਤਿ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ[3] ਉਤਪਤ ਕਰਨੀ ਚਾਹੀਏ। ਜਦ ਤਕ ਲੋੜ ਨਹੀਂ, ਕਦਰ ਨਹੀਂ, ਤਦ ਤਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ। ਨਕਦਰੇ ਨੂੰ ਦੱਸਿਆਂ ਪਦਾਰਥ ਦਾ ਅਨਾਦਰ ਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇਕ ਕਹਾਣੀ ਪਾਕੇ ਸਿਆਣੇ ਦੱਸਿਆ ਕਰਦੇ ਹਨ ਕਿ ਇਕ ਉੱਚੇ ਬ੍ਰਿੱਛ ਪਰ ਇਕ ਬਿੱਜੜੇ ਨੇ ਆਲ੍ਹਣਾ ​ਬਣਾਇਆ। ਇਕ ਦਿਨ ਮੀਂਹ ਟੁੱਟਕੇ ਲੱਥਾ। ਬਿੱਜੜਾ ਬਿੱਜੜੀ ਨਿੱਘੇ ਹੋਏ ਘਰ ਵਿਚ ਬੈਠੇ ਸਨ ਅਰ ਦੋ ਟਟੈਣੇ ਵਿਚ ਰੱਖੇ ਹੋਏ ਸਨ, ਜਿਨ੍ਹਾਂ ਕਰਕੇ ਘਰ ਚਾਨਣਾ ਚਰਾਗ਼ ਹੋ ਰਿਹਾ ਸੀ। ਇਸ ਵੇਲੇ ਇਕ ਬਾਂਦਰ ਠੁਰੂ ਠੁਰੂ ਕਰਦਾ ਇਕ ਟਾਹਣੀ ਤੋਂ ਦੂਜੀ ਟਾਹਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ। ਦੁਖੀ ਦੇਖਕੇ ਬਿੱਜੜੇ ਨੇ ਉਪਦੇਸ਼ ਦਿਤਾ ਕਿ ਹੇ ਮਨੁੱਖ ਸੂਰਤ ਜੰਤੂ, ਦੋ ਹੱਥਾਂ ਪੈਰਾਂ ਵਾਲੇ! ਜੇ ਤੂੰ ਪਹਿਲੇ ਘਰ ਬਣਾ ਛੱਡਦੋਂ ਤਾਂ ਅੱਜ ਕਿਉਂ ਦੁਖੀ ਹੁੰਦੋਂ। ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ। ਝੁੰਜਲਾਕੇ ਝੱਟ ਬਿੱਜੜੇ ਦਾ ਆਲ੍ਹਣਾ ਵਲੂੰਧਰ ਦਿੱਤਾ। ਸੋ ਬੀਬੀ! ਨਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਉਸ ਲਈ ਪਹਿਲਾਂ 'ਧਰਮ ਦੀ ਕਦਰ ਕਰਨੇ ਦਾ' ਉਪਦੇਸ਼ ਠੀਕ ਹੈ।

ਸੁਣ ਬੀਬੀ! ਸਭ ਤੋਂ ਪਹਿਲੇ ਲੋੜ ਹੈ ਇਹ ਕਿ ਸਾਡਾ ਸੁਭਾਉ ਨੇਕੀ ਸਿੱਖੇ, ਬੁਰਾ ਕਰਨੋਂ ਰੁਕੇ, ਪਾਪ ਤੋਂ ਡਰੇ, ਮਾੜੀਆ ਰੁਚੀਆਂ ਉਤੇ ਕਾਬੂ ਪਾਵੇ, ਆਪਣੇ ਆਪ ਤੇ ਵੱਸ ਪਾਉਣ ਦੀ ਜਾਚ ਸਿੱਖੇ, ਇਸ ਕੰਮ ਲਈ ਬਾਣੀ ਦੀ ਸਹੈਤਾ ਲਵੇ। ਮਨ ਸਫਾ ਹੋਵੇ ਤੇ ਬਦੀ ਵਲੋਂ ਸਹਿਜਾਂ ਨਾਲ ਮੁੜੇ, ਇਸੇ ਕਰਕੇ ਗੁਰੂ ਜੀ ਨੇ ਬਾਣੀ ਦਾ ਅਭ੍ਯਾਸ ਮੁੱਖ ਰੱਖਿਆ ਹੈ। ਬਾਣੀ ਹ੍ਰਿਦੇ ਨੂੰ ਸ਼ੁਧ ਕਰਦੀ ਹੈ, ਅਰ ਵਿਕਾਰਾਂ ਨੂੰ ਦੂਰ ਕਰਦੀ ਹੈ, ਇਨ੍ਹਾਂ ਦੁਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਏਹ ਤਰੀਫਾਂ ਹੋਰ ਕਿਸੇ ਕਰਮ ਵਿਚ ਨਹੀਂ ਹਨ। ਇਸ ਕਰਕੇ ਇਹ ਮੁੱਖ ਕਰਮਾਂ ਵਿਚੋਂ ਚੋਟੀ ਦਾ ਮੁੱਖ ਕਰਮ ਹੈ ਅਰ ਇਸੇ ਕਰਕੇ ਹੁਣ ਤਕ ਤੈਨੂੰ ਬਾਣੀ ਦੇ ਅਭ੍ਯਾਸ ਵਿਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਤ ਦੱਸਦੀ ਹਾਂ ਜਿਸ ਕਰਕੇ ਤੇਰਾ ਹ੍ਰਿਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿਚ ਪਰਮੇਸ਼ੁਰ ਦਾ ਪ੍ਰਤਿਬਿੰਬ ਝਲਕ ਪਵੇ ਅਰ ਤੂੰ ਅੱਠ ਪਹਿਰ ਉਸ ਦੇ ਮੇਲ ਵਿਚ ਰਹੇਂ।

​ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ, ਯਾ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿਚ ਸਫਾਈ ਦੀ ਝਲਕ ਦੇਖਦੀ ਹਾਂ, ਇਸ ਕਰਕੇ ਮੈਂ ਬੇਵਸੀ ਹੋਈ ਹੋਈ ਦੱਸਦੀ ਹਾਂ। ਤੁਹਾਡੀ ਦਸ਼ਾ ਵੈਰਾਗ ਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਝ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਨ ਹੈ। (ਜ਼ਰਾ ਅਝਕ ਕੇ) ਪਰ ਮੈਂ ਕੀ ਕਰਾਂ? ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਦੱਸਕੇ ਕੁਛ ਕਰਵਾਈਆਂ ਹੋਈਆਂ ਸਨ। ...ਹਾਂ ਸੱਚੀ...ਹੁਣ ਮੌਕਾ ਹੈ...ਹਾਂ, ਪਰ ਫੇਰ ਬੀ ਅਞਾਣੀ ਹਾਂ,...ਅਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ, ਇਕ ਗੁਰਮੁਖ ਪਿਆਰੇ ਦੇਸ਼ ਤੋਂ ਏਥੇ ਆਏ ਹੋਏ ਹਨ, ਉਨ੍ਹਾਂ ਨੂੰ ਪੁੱਛਕੇ ਕੱਲ ਪਰਸੋਂ ਤੈਨੂੰ ਆ ਦੱਸਾਂਗੀ।

ਇਹ ਸੁਣਕੇ ਫਾਤਮਾ ਬੋਲੀ-ਬੀਬੀ ਜੀ! ਜਿਵੇਂ ਆਪਦੀ ਰਜ਼ਾ, ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ, ਕਿਤੇ ਆਪ ਜਾਕੇ ਮੁੜ ਨਾ ਆਏ ਤਾਂ ਮੈਂ ਕੀ ਕਰਸਾਂ।

ਸਤਵੰਤ ਕੌਰ-ਬੀਬੀ ਜੀ! ਸਿੱਖ ਝੂਠ ਨਹੀਂ ਬੋਲਿਆ ਕਰਦੇ, ਮੈਂ ਜਦ ਦੇਸ਼ ਨੂੰ ਜਾਵਾਂਗੀ ਖਬਰ ਕਰਕੇ ਜਾਵਾਂਗੀ, ਚੁੱਪ ਕੀਤੇ ਤੇ ਚੋਰੀ ਨਹੀਂ ਜਾਵਾਂਗੀ।

ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ, ਜਿਨ੍ਹਾਂ ਨੇ ਮੇਰੇ ਪਰ ਬੜੀ ਕ੍ਰਿਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੁੜਕੇ ਬਾਹਰ ਰਹੀ ਹਾਂ, ਬਹੁਤ ਦਿਨ ਉਨ੍ਹਾਂ ਦੀ ਸੰਗਤ ਕਰਦੀ ਰਹੀ ਹਾਂ। ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਨ੍ਹਾਂ ਨੇ ਪ੍ਰਫੁੱਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ ਉਨ੍ਹਾਂ ਦੀ ਮਿਹਰ ਹੋਈ ਹੈ। ਇੱਕ ਗੱਲ ਦੀ ਮੈਨੂੰ ਸ਼ੰਕਾ ਹੈ ਉਹ ਮੈਂ ਉਨ੍ਹਾਂ ਤੋਂ ਨਵਿਰਤ ਕਰਕੇ ਤੁਹਾਨੂੰ ਫੇਰ ਆਕੇ ਦੱਸਾਂਗੀ?

ਇਸ ਪ੍ਰਕਾਰ ਦੇ ਬਚਨ ਬਿਲਾਸ ਦੇ ਮਗਰੋਂ ਸਤਵੰਤ ਕੌਰ ​ਨੇ ਆਗ੍ਯਾ ਲਈ, ਅਰ ਮੁੜਕੇ ਮਰਦਾਨਾ ਭੇਸ ਕਰਕੇ ਚੁਪਾਤੀ ਬਾਹਰ ਨਿਕਲ ਗਈ ਅਰ ਇਕ ਲੁਕਵੇਂ ਟਿਕਾਣੇ ਵਿਚ, ਜਿਥੇ ਉਹ ਗੁਰੂ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ।

—○—

੧੪. ਕਾਂਡ।

ਆਪਣੇ ਠੀਕ ਇਕਰਾਰ ਸਿਰ ਦੋ ਦਿਨ ਮਗਰੋਂ ਸਤਵੰਤ ਕੌਰ ਆਪਣੇ ਬਚਨਾਂ ਦੀ ਬੱਧੀ ਫੇਰ ਫਾਤਮਾ ਦੇ ਘਰ ਗੁਪਤ ਰਸਤੇ ਥਾਣੀਂ ਆਈ। ਫਾਤਮਾ ਨੂੰ ਵੇਖਕੇ ਚੰਦ ਚੜ੍ਹ ਗਿਆ, ਕਈ ਵਾਰਨੇ ਤੇ ਫੇਰੇ ਗਈ। ਸਤਵੰਤ ਕੌਰ ਨੇ ਭੀ ਹਿਤ ਨਾਲ ਵਰਤਾਉ ਕੀਤਾ। ਇਹ ਵੇਲਾ ਸੰਝ ਦਾ ਸੀ। ਸੋ ਰਾਤ ਤਾਂ ਬੀਤੀ। ਤੜਕੇ ਚਾਰ ਵਜੇ ਉੱਠਕੇ ਫਾਤਮਾ ਇਸ਼ਨਾਨ ਕਰਕੇ ਸ੍ਵਛ ਬਸਤ੍ਰ ਪਹਿਨਕੇ ਚੁੱਪ ਚੁਪਾਤੀ ਸਤਵੰਤ ਕੌਰ ਪਾਸ ਗਈ। ਅੱਗੋਂ ਉਹ ਪ੍ਰੇਮ ਦੀ ਪੁਤਲੀ ਆਪਣੇ ਆਪ ਵਿਚ ਮਗਨ ਬੈਠੀ ਸੀ। ਇਹ ਬੀ ਪਾਸ ਬੈਠ ਗਈ। ਸਹਿਜੇ ਸਹਿਜੇ ਪਾਠ ਕਰਦੀ ਰਹੀ। ਕੋਈ ਪੰਜ ਵਜੇ ਸਤਵੰਤ ਕੌਰ ਨੇ ਅੱਖਾਂ ਖੋਲ੍ਹੀਆਂ, ਚਿਹਰਾ ਲਾਲ ਭਖ ਭਖ ਕਰਦਾ ਸੀ, ਨੇਤ੍ਰਾਂ ਦੀ ਜੋਤ ਝੱਲੀ ਨਹੀਂ ਜਾਂਦੀ ਸੀ।

ਫਾਤਮਾ ਵੱਲ ਤੱਕਕੇ ਬੋਲੀ-ਭੈਣ ਜੀ! ਗੁਰੂ ਨਾਨਕ ਦੇਵ ਜੀ ਨੇ ਕਲਜੁਗ ਦੇ ਵਿਚ ਇਕ ਅਗੰਮ ਦਾ ਖੂਹ ਪੱਟਿਆ, ਉਸ ਸੋਮੇ ਪਰ ਸੁੰਦਰ ਮੰਦਰ ਪਵਾਇਆ, ਉਸ ਵਿਚ ਜਲ ਦਾ ਸੁੰਦਰ ਹੌਜ਼ ਬਣਾਕੇ ਐਸੀ ਕਲਾ ਲਾ ਦਿੱਤੀ ਕਿ ਉਹ ਹੌਜ਼ ਹਰ ਵੇਲੇ ਭਰਪੂਰ ਰਹਿੰਦਾ ਹੈ, ਕੋਲ ਛੰਨੇ ਗੜਵੀਆਂ ਪਾਸ ਧਰੇ ਹਨ ਤਾਂ ਜੋ ਥੱਕਿਆ ਟੁੱਟਿਆ ਦੁਖੀ ਜੋ ਆਵੇ ਸੋ ਪੀਕੇ ਸੁਖੀ ਹੋਵੇ। ਸੋ ਜਿਹੜਾ ਕੋਈ ਪਿਛੋਂ ਦਾ ਬਲੀ ਇਥੇ ਆਕੇ ਉਹਨਾਂ ਦੇ ਇਸ ਹੁਕਮ ਪਰ ਖੜਾ ਹੋ ਜਾਵੇ ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ' ਉਹ ਤਾਂ ਆਪ ਇਸ ਪਾਣੀ ਨੂੰ ਪੀਵੇ, ਨ੍ਹਾਵੇ, ​ਉਡਾਵੇ, ਕੁਝ ਕਰੇ ਉਸ ਦੇ ਵੱਸ ਸਭੋ ਕੁਝ ਹੈ, ਪਰ ਐਸਾ ਜੀਵ ਕ੍ਰੋੜਾਂ ਵਿਚ ਕੋਈ ਹੁੰਦਾ ਹੈ। ਦੂਸਰੇ ਹਮਾਤੜ ਜੀਵਾਂ ਲਈ ਸਤਿਸੰਗਤ ਦੀ ਸਹਾਇਤਾ ਦੀ ਲੋੜ ਹੈ। ਓਹ ਸਤਿਸੰਗਤ ਦੇ ਨਾਲ ਇਥੇ ਅੱਪੜਦੇ ਹਨ। ਸਤਿਸੰਗਤ ਉਹਨਾਂ ਨੂੰ ਕੌਲ ਭਰ ਭਰ ਕੇ ਪਿਲਾਉਂਦੀ ਹੈ ਅਰ ਸਨੇ ਸਨੇ ਉਹ ਰਸਲੀਨ ਤੇ ਰਜ਼ਾ ਪਰ ਖੜੇ ਹੋ ਜਾਂਦੇ ਹਨ। ਸੋ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ, ਧੁਰਾਂ ਦੇ ਗੁਰੂ ਹਨ, ਅਕਾਲ ਪੁਰਖ ਦੇ ਸਾਜੇ ਨਿਵਾਜੇ ਗੁਰੂ ਗੋਬਿੰਦ ਰੂਪ ਹਨ। ਮਾਲਕ ਰਖ੍ਯਕ ਓਹ ਹਨ। ਮੇਰਾ ਤੇਰਾ ਸੰਬੰਧ ਸਤਿਸੰਗਤ ਦਾ ਹੈ, ਜਿੱਕਰ ਸਤਿਸੰਗਤ ਵਿਚੋਂ ਮੈਂ ਕ੍ਰਿਤਾਰਥ ਹੋਈ ਹਾਂ ਇਕੁਰ ਹੀ ਤੂੰ ਹੁੰਦੀ ਹੈਂ, ਜੋ ਪਿਆਲਾ ਮੈਨੂੰ ਖੁੱਲੇ ਦਿਲ ਪੀਣ ਨੂੰ ਸਤਸੰਗਤ ਵਲੋਂ ਦਿੱਤਾ ਗਿਆ ਸੀ ਉਹ ਪਿਆਲਾ ਤੈਨੂੰ ਮੈਂ ਦਿੰਦੀ ਹਾਂ, ਗੁਰ ਨਾਨਕ ਦੀ ਦਾਤ ਅਤੁੱਟ ਹੈ। 'ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ'॥ 'ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੇ ਜਾਈ'॥ ਸੋ ਉਹ ਪਿਆਲਾ ਤੁਹਾਡੇ ਲਈ ਹਾਜ਼ਰ ਹੈ, ਪੀਓ, ਦਿਨ ਰਾਤ ਪੀਓ ਅਰ ਸਦਾ ਖੀਵੇ ਬਣੇ ਰਹੋ। ਇਹ ਕਹਿਕੇ ਸਤਵੰਤ ਕੌਰ ਨੇ ਖਾਲਸੇ ਵਿਚ ਅੰਮ੍ਰਿਤ ਦੀ ਮਰਿਯਾਦਾ ਦਾ ਵੇਰਵਾ ਦੱਸਿਆ। ਫਿਰ ਸਮਝਾਇਆ ਕਿ ਉਹ ਮਰਿਯਾਦਾ ਤੇਰੇ ਲਈ ਹੋ ਸਕਣੀ ਕਠਨ ਹੈ, ਇਸ ਕਰਕੇ ਹਾਲੇ ਮੈਂ ਤੈਨੂੰ ਨਾਮ ਵਿਚ ਲਾ ਦਿੰਦੀ ਹਾਂ, ਉਹ ਸਮਾਂ ਬੀ ਗੁਰੂ ਲੈ ਆਵੇਗਾ ਜਦ ਸਹਿਜਧਾਰੀਆਂ ਨੂੰ ਸਾਡੇ ਵਿਚ ਨਾਮ ਦੀ ਦਾਤ ਮਿਲ ਜਾਵੇਗੀ।

ਇਹ ਕਹਿਕੇ ਸਤਵੰਤ ਕੌਰ ਨੇ ਉਸ ਨੂੰ ਫੇਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਲਾ ਦਿਤਾ। ਫਾਤਮਾ ਅੱਗੇ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ ਤੇ ਮੂਲਮੰਤ੍ਰ ਦਾ ਜਾਪ ਕਰਦੀ ਸੀ।

ਸਤਵੰਤ ਕੌਰ-ਫਾਤਮਾ ਬੀਬੀ, ਸਾਡਾ ਮਨ ਸੋਚਾਂ ਵਿਚ ​ਰਹਿੰਦਾ ਹੈ। ਜਿਹੀਆਂ ਸੋਚਾਂ ਤੇਹਾ ਸੁਭਾਵ, ਜਾਂ ਜੇਹਾ ਸੁਭਾਵ ਤੇਹੀ ਸੋਚ। ਸਾਡਾ ਸੁਭਾਵ ਚੰਗਾ ਨਹੀਂ। ਜੇ ਅਸੀਂ ਚੰਗੇ ਤੋਂ ਚੰਗੇ ਅਰਥਾਤ ਪਰਮੇਸ਼ੁਰ ਦੀ ਸੋਚ ਹਰ ਵੇਲੇ ਰੱਖੀਏ ਅਸੀਂ ਚੰਗੇ ਹੋ ਜਾਵਾਂਗੇ। ਸੋਂ ਸਾਡੀ ਸੋਚ ਵਿਚ ਸਦਾ ਰੱਬ ਰਹੇ, ਅਰਥਾਤ ਅਸੀਂ ਰੱਬ ਨੂੰ ਯਾਦ ਰੱਖੀਏ, ਸਿਮਰਦੇ ਰਹੀਏ। ‘ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।' ਜੇ ਮਨ ਕਰਕੇ ਅਸੀਂ ਸਿਮਰਨ ਵਿਚ ਰਹਿ ਨਹੀਂ ਸਕਦੇ ਤਾਂ ਅਸੀਂ ਪਰਮੇਸ਼ਰ ਦੇ ਨਾਮ ਦਾ ਜਪੁ ਕਰੀਏ। ਜਪੁ ਕਰਨ ਨਾਲ 'ਨਾਮ' ਸਿਮਰਨ ਵਿਚ ਆ ਜਾਂਦਾ ਹੈ। ਸੋ ਤੁਸੀਂ ਪਰਮੇਸ਼ੁਰ ਦਾ ਨਾਮ, ਜੋ ਮੈਂ ਦੱਸਿਆ ਹੈ 'ਵਾਹਿਗੁਰੂ', ਇਸਦਾ ਜਪ ਕਰਨਾ ਹੈ। ਰਸਨਾ ਨਾਲ ਜਪਣ ਨੂੰ ਨਾਮ ਜਪਣਾ ਕਹਿੰਦੇ ਹਨ। ਧਿਆਨ ਯਾ ਖਿਆਲ ਯਾ ਤਵੱਜੋ ਇਸ ਨਾਮ ਵਿਚ ਰੱਖਣੀ। ਹੋਰ ਸੋਚਾਂ ਵਿਚ ਜਾਂਦੇ ਮਨ ਨੂੰ ਵਰਜਦੇ ਰਹਿਣਾ। ਐਉਂ ਜਪ ਨਾਲ 'ਸਾਈਂ ਦੀ ਯਾਦ' ਅੰਦਰ ਘਰ ਕਰ ਲਏਗੀ। ਇਸਦਾ ਅਸਰ ਇਹ ਹੋਵੇਗਾ ਕਿ ਮਨ ਆਪੇ ਵਿਚ ਜੁੜੇਗਾ। ਰੱਬ ਦੀ 'ਹੈ' ਅੰਦਰ ਪ੍ਰਤੀਤ ਹੋਇਆ ਕਰੇਗੀ। ਮਨ ਇੰਦ੍ਰਿਆਂ ਨੂੰ ਬਾਹਰ ਧਾਵਨੋਂ ਵਰਜੇਗਾ ਤੇ ਸਰੀਰਕ ਰਸ ਜ਼ੋਰ ਘੱਟ ਪਾ ਸਕਿਆ ਕਰਨਗੇ। ਫੇਰ ਇਕ ਸ੍ਵੱਛਤਾ ਜੈਸੀ ਅੰਦਰ ਭਾਸੇਗੀ, ਆਪਾ ਨਿਰਮਲ ਨਿਰਮਲ ਤੇ ਸੁਹਣਾ ਸੁਹਣਾ ਲੱਗੇਗਾ। ਅੰਤ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਲੱਖਤਾ ਹੋਣ ਲਗ ਜਾਏਗੀ। ਇਹ ਘਾਲ ਤੇਰੀ ਥਾਂ ਪਵੇਗੀ, ਕਰਤਾਰ ਕ੍ਰਿਪਾ ਕਰੇਗਾ ਅਰ ਮੈਨੂੰ ਭਰੋਸਾ ਹੈ ਕਿ ਫੇਰ ਅੰਮ੍ਰਿਤ ਛਕਾਕੇ ਤੈਨੂੰ ਸਿੰਘ ਦਾਨ ਪ੍ਰਾਪਤ ਹੋਵੇਗਾ। ਤੇਰਾ ਜਨਮ ਕਿਸ ਕੁਲ ਵਿੱਚ! ਤੇਰਾ ਪਤੀ ਅਨਮਤੀ! ਵਾਸ ਅਨਮਤ ਵਿਚ। ਅੰਮ੍ਰਿਤ! ਪਰ ਹਛਾ ਸਮਾਂ ਗੁਰੂ ਜੀ ਲਿਆਉਣਗੇ ਕਿ ਤੇਰੀ ਦਰਗਾਹ ਵਿਚ ਪੂਰੀ ਪੈ ਜਾਵੇਗੀ। ਜੋ ਕੁਝ ਦੱਸਿਆ ਹੈ ਸੰਭਾਲਕੇ ਰੱਖੀਂ। ਬੀਜ ਦਾ ​ਦਾਣਾ ਚੁਰਾਹੇ ਵਿਚ ਰੁਲਦਾ ਕੌਡੀ ਨੂੰ ਨਹੀਂ ਵਿਕਦਾ, ਪਰ ਧਰਤੀ ਵਿਚ ਜਾਕੇ ਤੇ ਪਾਣੀ ਪਾਕੇ ਉਹੋ ਦਾਣਾ ਬੂਟਾ ਬਣਦਾ ਹੈ ਤੇ ਫੁਲਦਾ ਹੈ। ਇੱਕੁਰ ਹੀ ਗੁਰੂ ਨਾਨਕ ਦੇਵ ਦੀ ਦਾਤ ਦੀ ਕਠੋਰ ਲੋਕ ਕਦਰ ਨਹੀਂ ਕਰਦੇ ਪਰ ਅਧਿਕਾਰੀ ਹਿਰਦੇ ਅਸਥਾਨਾਂ ਵਿਚ ਜੰਮਕੇ ਉਹੋ ਫੇਰ ਅੰਮ੍ਰਿਤ ਦਾ ਬ੍ਰਿੱਛ ਹੋ ਜਾਂਦਾ ਹੈ। ਅਸਲ ਕਲਪ ਬ੍ਰਿੱਛ ਇਹੋ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਲੁਕੋ ਨਹੀਂ ਰੱਖਿਆ ਅਰ ਨਾ ਸਤਿਸੰਗ ਵਿਚ ਕੋਈ ਲੁਕੋ ਹੈ। ਇਹ ਪ੍ਰਗਟ ਪਦਾਰਥ ਆਪਣੀ ਪ੍ਰਗਟਤਾਈ ਦੀ ਬਹੁੱਲਤਾ ਵਿਚ ਹੀ ਗੁੰਮ ਹੈ, ਜੈਸੇ ਬਿਜਲੀ ਦੇ ਅਤਯੰਤ ਤੇਜ਼ ਝਲਕੇ ਵਿਚ ਅੱਖਾਂ ਮਿਟ ਜਾਂਦੀਆਂ ਹਨ। ਐਸੇ ਪਦਾਰਥ ਨੂੰ ਜੋ ਲੋਕ ਮੂਰਖਾਂ ਦੀ ਹਾਸੀ ਵਿਚ ਲਿਆਉਂਦੇ ਹਨ, ਉਹ ਗੁਰੂ ਪਰਮੇਸ਼ੁਰ ਦੀ ਬੇਅਦਬੀ ਕਰਦੇ ਹਨ।

ਕੁਝ ਚਿਰ ਤੱਕ ਹੁਣ ਦੁਵੱਲੀ ਚੁਪ ਰਹੀ! ਫੇਰ ਸਤਵੰਤ ਕੋਰ ਨੇ ਫਾਰਸੀ ਬੋਲੀ ਵਿਚ ਉਲਟਾਕੇ ਹੇਠ ਲਿਖਿਆ "ਪ੍ਰਸ਼ਨੋਤ੍ਰ ਭਾਈ ਨੰਦ ਲਾਲ ਜੀ ਦਾ" ਜੋ ਲਿਖਵਾਕੇ ਨਾਲ ਲਿਆਈ ਸੀ ਉਸਨੂੰ ਦਿੱਤਾ ਤੇ ਤਾਕੀਦ ਕਰ ਦਿੱਤੀ ਕਿ ਤੇਰਾ ਆਗੂ ਤੇ ਸਹਾਈ ਇਹ ਉਪਦੇਸ਼ ਰਹੇਗਾ:-

‘ਸ਼੍ਰੀ ਗੁਰੁ ਵਾਕਨ ਕੋਤਜਕੈ,ਪੁਨ ਔਰਨ ਵਾਕਰਿਦੇ ਜੁ ਲਿਆਵੈਂ।
ਲੋਕ ਪ੍ਰਲੋਕ ਸੁ ਠੋਰ ਨਹੀਂ ਤਿਨ, ਸੋ ਨਰਕਾਂਤਰ ਬੀਚ ਭ੍ਰਮਾਵੈਂ।
ਤਾਂ ਨਰ ਸੋ ਯਮਧਾਮ ਭਰੋ, ਦਿਨ ਰਾਤ ਹਮੇਸ਼ਹਿ ਸੋ ਦੁਖ ਪਾਵੈਂ।
ਆਵਨ ਜਾਵਨ ਬੀਚ ਫਿਰੈਂ, ਯਮ ਕੀ ਸਦਹੀ ਪੁਨ ਚੋਟਨ ਖਾਵੈਂ।

ਗੁਰਸਿਖ ਰਹਿਤ ਸੁਨਹੁ ਮੇਰੇ ਮੀਤ।
ਪਰਭਾਤੇ ਉਠ ਕਰ ਹਿਤ ਚੀਤ।
ਵਾਹਿਗੁਰੂ ਪੁਨ ਮੰਤ੍ਰ ਸੁ ਜਾਪ।
ਕਰ ਇਸ਼ਨਾਨ ਪੜ੍ਹੇ ਜਪ ਜਾਪ।
ਸੰਧਯਾ ਸਮੇਂ ਸੁਨੈ ਰਹਿਰਾਸ।

​

ਕੀਰਤਨ ਕਥਾ ਸੁਨੈ ਹਰਿ ਜਾਸ।
ਇਨ ਮੈਂ ਨੇਮ ਜੁ ਏਕ ਕਰਾਇ।
ਸੋ ਸਿਖ ਅਮਰ ਪੁਰੀ ਮਹਿੰ ਜਾਇ।

ਤੀਨ ਰੂਪ ਹੈਂ ਮੋਹਿ ਕੇ ਸੁਨੋ ਨੰਦ ਚਿਤੁ ਲਾਇ।
ਨਿਰਗੁਣ, ਸਰਗੁਣ, ਗੁਰਸ਼ਬਦ, ਕਹੋਂ ਤੋਹਿ ਸਮਝਾਇ।

ਏਕ ਰੂਪ ਤਿੰਹ ਗੁਣ ਤੇ ਪਰੇ। ਨੇਤਿ ਨੇਤਿ ਜਿਹ ਨਿਗਮ ਉਚਰੇ। ਘਟ ਘਟ ਵ੍ਯਾਪਕ ਅੰਤਰਜਾਮੀ। ਪੂਰ ਰਹ੍ਯੋ ਜ੍ਯੋਂ ਜਲ ਘਟ ਭਾਨੀਂ। ਦੂਸਰ ਰੂਪ ਗ੍ਰੰਥ ਜੀ ਜਾਨਹੁ। ਅਪਨ ਅੰਗ ਮੇਰੇ ਕਰ ਮਾਨਹੁ। ਰੋਮ ਰੋਮ ਅੱਖਰ ਸੋ ਲਹੈ। ਬਾਤ ਯਥਾਰਥ ਤੁਮ ਸੋ ਕਹੋਂ। ਸ਼ਬਦ ਸੁਨੋ ਗੁਰ ਹਿਤ ਚਿਤੁ ਲਾਇ। ਗਯਾਨ ਸ਼ਬਦ ਗੁਰ ਸਨੇ ਸੁਨਾਇ। ਜੋ ਮਮ ਸਾਥ ਚਾਹਿ ਕਰ ਬਾਤ। ਪੜ੍ਹੈ ਗਰੰਥ ਬਿਚਾਰਹਿ ਸਾਥ। ਤੀਸਰ ਰੂਪ ਸਿੱਖ ਹੈ ਮੋਗ ਗੁਰ ਬਾਣੀ ਰਤ ਜਿਨ ਨਿਸ ਭੋਰ। ਵਿਸ਼੍ਵਾਸ ਪ੍ਰੀਤ ਗੁਰ ਸ਼ਬਦ ਜੁ ਧਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ। ਗੁਰਦ੍ਵਾਰਨ ਕਾ ਦਰਸਨ ਕਰੇ। ਪਰਦਾਰਾ ਕਾ ਤ੍ਯਾਗਨ ਧਰੇ। ਗੁਰ ਸਿਖ ਸੇਵ ਕਰੇ ਚਿਤ ਲਾਇ। ਆਪਾ ਪਰ ਕਾ ਸਗਲ ਮਿਟਾਇ।

ਐਸੇ ਗੁਰ ਸਿਖ ਸੇਵ ਕੀ ਮੋਹਿ ਪਹੁੰਚੇ ਆਇ।
ਸੁਨਹੁ ਨੰਦ ਚਿਤ ਦੇ ਇਕੇ ਮੁਕਤ ਬੈਕੁੰਠੇ ਜਾਇ।"

ਫਾਤਮਾ ਭਾਗਵਾਨ ਦੇ ਧੰਨ ਭਾਗ ਜੋ ਹੁਣ ਤਿੰਨ ਪਦਾਰਥਾਂ ਦੀ ਮਾਲਕ ਹੋ ਗਈ, ਇਕ ਤਾਂ ਬਾਣੀ ਤੇ ਮੂਲ ਮੰਤ੍ਰ ਦੀ ਗਯਾਤਾ ਆ ਗਈ, ਦੂਜੇ ਗੁਰ ਮੰਤ੍ਰ, ਅਰਥਾਤ ਨਾਮ ਦੀ, ਘਾਲ ਮਿਲ ਗਈ, ਤੀਜੇ ਰਹਿਤ ਸਿੱਖੀ ਦੀ ਮਲੂਮ ਹੋ ਗਈ। ਫਾਤਮਾ ਪਦਾਰਥ ਦੇ ਰਾਹੇ ਪੈ ਗਈ ਤੇ ਸਾਈਂ ਵਿਚ ਯਾਦ ਨੂੰ ਲਗਾਈ ਰੱਖਣ ਵਾਲਾ 'ਨਾਮ ਦਾ ਅਭ੍ਯਾਸ' ਫਾਤਮਾ ਨੂੰ ਪ੍ਰਾਪਤ ਹੋ ਗਿਆ। ਹਾਂ, ਅੰਤਰ ਆਤਮੇ ‘ਜਗਤ ਦੇ ਮੂਲ' ਨਾਲ ਲੱਗੇ ​ਰਹਿਣ ਵਾਲਾ ਰੁਖ ਉਸਨੂੰ ਮਿਲ ਗਿਆ।

ਸਤਵੰਤ ਨੇ ਫੇਰ ਇਨ੍ਹਾਂ ਤਿੰਨਾਂ ਦਾਤਾਂ ਤੋਂ ਰੱਖ੍ਯਾ ਕਰਨੇ ਹਿਤ ਤਿੰਨ ਸ਼ਸਤ੍ਰ ਬੀ ਦੱਸ ਦਿੱਤੇ—ਇਕ ਬਾਣੀ ਦਾ ਨਿੱਤ ਨੇਮ, ਦੂਜੇ ਬੇਨਤੀ ਦੀ ਜਾਚ, ਤੀਸਰੇ ਸ਼ੁਕਰ ਦਾ ਸੁਭਾਵ। ਫਾਤਮਾ ਨੂੰ ਉਸ ਨੇ ਇਹ ਬੀ ਸਮਝਾ ਦਿਤਾ ਕਿ ‘ਯਾਦ ਰੱਖਣਾ ਪਿਆਰ ਵਾਹਿਗੁਰੂ ਨੂੰ' ਉਸ ਨਾਲ ਪ੍ਰੇਮ ਵਿਚ ਰਹਿਣਾ ਹੈ, ਮਾਨੋਂ ਮਿਲੇ ਰਹਿਣਾ ਹੈ, ਪਰ ‘ਯਾਦ ਰੱਖਣਾ' ਇਕ ਸੂਖਮ ਗਤੀ ਹੈ, ਇਸ ਸੂਖਮ ਗਤੀ ਨੂੰ ਪਾਉਣ ਲਈ ਨਾਮ ਜਪੀਦਾ ਹੈ, ਨਾਮ ਜੀਭ ਤੋਂ ਜਪਿਆ ਸਹਿਜੇ ਸਹਿਜੇ ਮਨ ਨੂੰ ਏਕਾਗ੍ਰਤਾ ਵਿਚ ਲਿਜਾਂਦਾ ਹੈ। ਇਸ ਤਰ੍ਹਾਂ ਜਪਿਆ ਨਾਮ ਆਪੇ ਪ੍ਰਾਣਾਂ ਵਿਚ ਪ੍ਰਵੇਸ਼ ਕਰਦਾ ਹੈ, ਫਿਰ ਦਿਲ ਵਿਚ ਜਾਕੇ ਸਦਾ ‘ਯਾਦ’ ਦਾ ਰੂਪ ਧਾਰ ਲੈਂਦਾ ਹੈ[4], ਫਿਰ ਐਉਂ ਜਾਪਦਾ ਹੈ ਕਿ ਲੂੰ ਲੂੰ ਵਿਚ ਸਿਮਰਨ ਹੈ[5], ਫਿਰ ਐਉਂ ਕਿ ਧਰਤ ਅਕਾਸ਼ ਸਾਰੇ ਨਾਮ ਵਿਆਪਕ ਹੈ। ਪਰ ਹਾਂ, ਮੂਲ ਨਾਮ ਦਾ 'ਜਪਣਾ ਹੈ'

ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ॥
ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨ ਘਟੀਐ॥

ਰਸਨਾ ਦੇ ਜਾਪ ਨੂੰ ਸਾਰੇ ਫਲ ਲਗਦੇ ਹਨ, ਇਸਨੂੰ ਛੱਡਣਾ ਨਹੀਂ ਚਾਹੀਏ। ਇਥੋਂ ਨਾਮ ਆਪੇ ਹਿਰਦੇ ਪ੍ਰਾਣਾਂ ਵਿਚ ਜਾਂਦਾ ਹੈ।

ਇਸ ਪ੍ਰਕਾਰ ਫਾਤਮਾ ਜਦ ਜਾਣ ਗਈ ਤਦ 'ਗੁਰਮੁਖਿ ਗਾਡੀ ਰਾਹੁ ਚਲਾਇਆ ਪਰ ਪੱਕੀ ਤੁਰਾਉ ਬਣ ਗਈ।

ਪਿਆਰੇ ਖਾਲਸਾ ਜੀ! ਪਰਸਪਰ ਹਮਦਰਦੀ ਦੇ ਅਸੂਲ ​ਨੂੰ ਸਮਝਕੇ ਅਧਿਕਾਰੀ ਭਰਾਵਾਂ ਨਾਲ ਰਲ ਵਰਤੋ। ਭੇਖ ਤੋਂ ਬਚੋਂ, ਭਰਮ ਨਾ ਕਰੋ, ਨਾ ਭਰਮ ਵਿਚ ਪਵੋ। ਯਥਾ-ਗੁਰੂ ਜੀ ਦੇ ਨਿਜ ਕਵੀ ਸੈਨਾਪਤ ਨੇ ਗੁਰ ਸੋਭਾ ਵਿਚ ਲਿਖਿਆ ਹੈ:-

ਖਾਲਸਾ ਖਾਸ ਕਹਾਵੈ ਸੋਈ। ਜਾਂਕੈ ਹਿਰਦੈ ਭਰਮੁ ਨ ਹੋਈ॥
ਭਰਮ ਭੇਖ ਤੇ ਰਹੈ ਨਿਆਰਾ। ਸੋ ਖਾਲਸ ਸਤਿਗੁਰੂ ਹਮਾਰਾ॥

ਦੂਜੇ ਪਾਸੇ ਅੱਜ ਕਲ ਸਤਿਸੰਗ ਤੋਂ ਨਫਰਤ ਤੇ ਆਪੇ ਤੀਸ ਮਾਰ ਖਾਂ ਬਣ ਬੈਠਣ ਦੀ ਆਕੜ ਆ ਰਹੀ ਹੈ। ਨਾਮ ਰਸੀਏ ਕਰਨੀ ਵਾਲੇ, ਕਣੀ ਵਾਲੇ ਦੀ ਕਦਰ ਨਹੀਂ। ਖੋਟੇ ਕਰਮੀ ਤੇ ਉੱਚੀ ਕਰਨੀ ਵਾਲੇ ਨੂੰ ਇਕ ਬਰੋਬਰ ਸਮਝਣੇ ਦੀ ਭੁੱਲ ਵਾਪਰ ਰਹੀ ਹੈ। ਸ਼ੁਭ ਸੰਗਤ ਦੀ ਢੂੰਡ ਨਹੀਂ, ਇਨ੍ਹਾਂ ਭੁੱਲਾਂ ਨਾਲ ਸਿੱਖੀ ਜੀਵਨ ਘਟ ਰਿਹਾ ਤੇ ਪੰਥ ਦੀ ਰੂਹਾਨੀਅਤ ਤਬਾਹ ਹੋ ਰਹੀ ਹੈ। ਦੂਜੇ ਪਾਸੇ ਮਾਮੂਲੀ ਜੀਵ ਥੋੜ੍ਹੀ ਘਾਲ ਯਾ ਸਮਝ ਦੇ ਮਗਰੋਂ ਦਸਾਂ ਪਾਤਸ਼ਾਹੀਆਂ ਦੀ ਤੁੱਲਤਾ ਦਾ ਦਾਵਾ ਕਰਦੇ ਹਨ, ਗੁਰੂ ਸਾਹਿਬ ਤੋਂ ਦੂਰੀ ਤੇ ਲੈ ਜਾਂਦੇ ਹਨ। ਐਸੇ ਭੇਖ ਧਾਰੀਆਂ ਤੇ ਪਾਜ ਵਾਲਿਆਂ ਤੋਂ ਬਚਣਾ ਲੋੜੀਏ ‘ਗੁਰਮੁਖ ਦਾ ਮੇਲ ਸਾਧ ਦਾ ਸੰਗ' ਸਦਾ ਚੰਗਾ ਹੈ, ਸਦਾ ਮੰਗੋ।

ਫਾਤਮਾ ਹੁਣ ਕ੍ਰਿਤ ਕ੍ਰਿਤ ਹੋ ਗਈ। ਦਿਨ ਹੁਣ ਚੜ੍ਹਨੇ ਵਾਲਾ ਸੀ, ਇਸ ਕਰਕੇ ਫਾਤਮਾ ਦਾ ਘਰ ਵਿਚ ਸਭ ਦੇ ਜਾਗਣ ਥੋਂ ਪਹਿਲਾਂ ਵੜ ਜਾਣਾ ਜ਼ਰੂਰੀ ਸੀ। ਸੋ ਹੁਣ ਉੱਠੀ, ਪਰ ਕੈਸੇ ਅਨੰਦ ਨੂੰ ਅਨੁਭਵ ਕਰ ਰਹੀ ਹੈ ਅਰ ਉਸ ਤੋਂ ਕੈਸਾ ਸ਼ੁਕਰ ਦਾ ਸੋਮਾ ਫੁੱਟਿਆ ਹੈ। ਨੇਤ੍ਰ ਜਲ ਨਾਲ ਭਰ ਗਏ, ਸਰੀਰ ਪਰ ਲੂੰ ਖੜੇ ਹੋ ਗਏ ਅਰ ਬੇਵਸੇ ਹੋ ਕੇ ਸਤਵੰਤ ਕੌਰ ਦੇ ਚਰਨਾਂ ਪਰ ਡਿੱਗ ਪਈ। ਸਤਵੰਤ ਨੇ ਬੜੀ ਛੇਤੀ ਚੁੱਕਿਆ ਅਰ ਗਲਵੱਕੜੀ ਪਾ ਕੇ ਕਿਹਾ, ਬੀਬੀ! ਤੂੰ ਜੋ ਮੇਰੀ ਸੱਜਣ ਹੈਂ, ਤਾਂ ਸੱਜਣ ਲਈ ਤਾਂ ਸੱਜਣ ਦੀ ਰੁਚੀ ਤੋਂ ਓਪਰਾ ਕੰਮ ਨਹੀਂ ਕਰੀਦਾ, ਤਕੜੀ ਹੋ, ਨਾਮ ਜਪ। ਕਰਨੀ ਪਰਵਾਨ, ਕਰਨੀ ਪਰਵਾਨ।

​ਇਹ ਸੁਣਕੇ ਫਾਤਮਾ ਨੇ ਹੋਰ ਭੀ ਨੀਵੀਂ ਹੋਕੇ ਮਾਫੀ ਮੰਗੀ ਤੇ ਕਿਹਾ ਕਿ ਪਿਆਰ ਤੇ ਸ਼ੁਕਰ ਦੇ ਵਲਵਲੇ ਕਈ ਬੇ-ਅਦਬੀਆਂ ਕਰਾ ਦੇਂਦੇ ਹਨ। ਸਜਣੀ! ਦਿਲ ਦੀਆਂ ਲਗੀਆਂ ਦੇ ਮਾਮਲੇ ਨਿਆਰੇ ਜੁ ਹੋਏ।

ਕੁਝ ਚਿਰ ਮਗਰੋਂ ਫਾਤਮਾ ਤਾਂ ਚਲੀ ਗਈ ਤੇ ਸਤਵੰਤ ਕੌਰ ਹੁਣ ਤੁਰਨ ਦੇ ਆਹਰ ਸੋਚਣ ਲਗੀ। ਇਸ ਵੇਲੇ ਉਸਨੂੰ ਕੁਝ ਕੁ ਮੋਹ ਫਾਤਮਾ ਦਾ ਫੁਰ ਪਿਆ, ਤਦ ਆਪਣੇ ਮਨ ਨੂੰ ਸਮਝਾਉਣ ਲੱਗੀ, ਕਿ ਹੇ ਮਨ! ਇਹ ਮੋਹ ਹਾਨੀ ਦਾ ਮੂਲ ਹੈ। ਇਸੇ ਪਰ ਕਬੀਰ ਜੀ ਦਾ ਵਾਕ ਹੈ:—

"ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ॥"

ਹੇ ਮਨ! ਮੈਨੂੰ ਜੇ ਪਿਆਰ ਨਾ ਫੁਰਦਾ ਤਾਂ ਇਸਦਾ ਲਾਭ ਕੀਕੂੰ ਹੁੰਦਾ। ਪ੍ਰੇਮ ਤਾਂ ਫੁਰਨਾ ਮਾੜਾ ਨਹੀਂ, ਪਰ ਮੈਨੂੰ ਹਉਮੈਂ ਤੇ ਮੋਹ ਨਾ ਫੁਰੇ। ਇਸ ਤਰ੍ਹਾਂ ਵਿਚਾਰ ਨਾਲ ਸਤਵੰਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਵਿਚ ਉਛਾਲਾ ਖਾਧਾ ਤੇ ਜੋ ਉਪਕਾਰ ਕੀਤਾ ਸੀ ਉਸਨੂੰ ਗੁਰੂ ਕੇ ਹੁਕਮ ਵਿਚ ਪੂਰਾ ਕਰਨਾ ਆਪਣਾ ਫਰਜ਼ ਸਮਝ ਲਿਆ। ਉਹ ‘ਧੰਨ ਗੁਰੂ ਨਾਨਕ’ ਦੀ ਧੁਨਿ ਵਿਚ ਮਗਨ ਹੋ ਕੇ ਉੱਚੀ ਹੋ ਗਈ ਅਤੇ ਗੁਰੂ ਚਰਨਾਂ ਨੂੰ ਚੰਬੜ ਕੇ ਉਸ ਪ੍ਰੇਮ ਵਿਚ ਉਛਲੀ ਕਿ ਸਾਰੇ ਪਿਆਰ ਨੀਵੇਂ ਰਹਿ ਗਏ। ਕੁਝ ਦਿਨ ਸਤਵੰਤ ਕੌਰ ਉੱਥੇ ਰਹੀ ਅਰ ਫਾਤਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਣ ਇਸਨੂੰ ਚੜਾਈ ਗਈ ਹੈ, ਕੀ ਅਸਰ ਕਰਦੀ ਹੈ? ਸੋ ਉਸ ਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ। ਫਾਤਮਾ ਦਾ ਸਿਦਕ ਦਿਨੋ ਦਿਨ ਤ੍ਰੱਕੀ ਕਰਦਾ ਹੈ, ਬਾਣੀ ਨਾਮ ਦਾ ਪ੍ਰੇਮ ਵਧ ਰਿਹਾ ਹੈ, ਈਰਖਾ ਮਾਨ ਛੱਡ ਗਏ ਹਨ, ਹਰ ਵੇਲੇ ਪ੍ਰਸੰਨ ਬਦਨ ਦਿੱਸਦੀ, ਬੋਲ ਮਿੱਠਾ ਹੋ ਗਿਆ ਹੈ ਤੇ ਦਿਲ ਦੀ ਜਮਾਂਦਰੂ ਕਰੜਾਈ ਘਟ ਰਹੀ ਹੈ। ਇਕ ਹੋਰ ਵਾਧਾ ਇਹ ਹੋਯਾ ਹੈ ਕਿ ​ਪੁੱਤ੍ਰ ਨੂੰ ਬੀ ਇਸੇ ਰਸਤੇ ਪਾਉਣੇ ਦੇ ਆਹਰ ਵਿਚ ਹੈ। ਉਸਨੂੰ ਤੜਕੇ ਉਠਾਉਂਦੀ ਹੈ ਅਰ ਬੇਨਤੀ ਕਰਨ ਦਾ ਵਲ ਸਿਖਾਉਂਦੀ ਹੈ। ਇੱਥੇ ਹੀ ਬੱਸ ਨਹੀਂ, ਪਤੀ ਦੇ ਕੰਨੀਂ ਕਈ ਵਾਰੀਂ ਇਹ ਗਲ ਬੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ, ਤੁਸੀਂ ਐਵੇਂ ਕਤਰਾ ਦੇਂਦੇ ਹੋ, ਜੋ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ, ਕਦੀ ‘ਹਾਂ' ਕਹਿ ਛੱਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿਚੋਂ ਖਬਰ ਆਉਂਦੀ ਹੈ ਤਦ ਖਾਂ ਗੱਲ ਕਰਦਾ ਹੈ ਅਰ ਕੁਝ ਵੱਧ ਘੱਟ ਕਹਿੰਦਾ ਹੈ, ਤਦ ਬੇਵਸੇ ਹੰਝੂ ਫਾਤਮਾ ਦੇ ਨੇਤ੍ਰਾਂ ਵਿਚ ਆ ਜਾਂਦੇ ਹਨ ਅਰ ਕਹਿੰਦੀ ਹੈ ਕਿ ਕਿਉਂ ਉਨ੍ਹਾਂ ਨੂੰ ਐਡਾ ਦੁੱਖ ਦੇਂਦੇ ਹੋ? ਭਲਾ ਜੇ ਕੋਈ ਸਾਨੂੰ ਆਕੇ ਏਸੇ ਤਰ੍ਹਾਂ ਸਾਡੇ ਘਰ ਵਿਚ ਦੁੱਖ ਦੇਵੇ ਤਾਂ ਅਸੀਂ ਕੇਡਾ ਬੁਰਾ ਮੰਨੀਏ? ਇਸੇ ਤਰ੍ਹਾਂ ਤੁਹਾਨੂੰ ਉਨ੍ਹਾਂ ਦੇ ਘਰ ਜਾਕੇ ਉਨ੍ਹਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਅਪਣੇ ਅਪਣੇ ਦੇਸ਼ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੁਹਣ? ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੁਹਣ ਜਾ ਪਵੇ। ਹਰ ਦੇਸ਼ ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ। ਜਦੋਂ ਕੋਈ ਕਿਸੇ ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸਦੀ ਰੱਖ੍ਯਾ ਕਰਨ। ਕਿਸੇ ਦਾ ਘਰ ਖੁਹਣਾ, ਕਿਸੇ ਦਾ ਦੇਸ਼ ਖੁਹਣਾ ਇਕ ਬਰੱਬਰ ਪਾਪ ਕਰਮ ਹਨ। ਜੋ ਪਾਤਸ਼ਾਹ ਕਿਸੇ ਦੂਸਰੇ ਦੇਸ਼ ਨੂੰ ਗ਼ੁਲਾਮੀ ਵਿਚ ਪਾਉਂਦਾ ਹੈ ਉਹ ਸਾਰੀ ਦੁਨੀਆਂ ਦੀ ਸਾਂਝੀ ਤ੍ਰੱਕੀ ਦੇ ਰਸਤੇ ਵਿਚ ਪੱਥਰ ਰੱਖ ਰਿਹਾ ਹੈ ਅਰਥਾਤ ਮਨੁੱਖ ਮਾਤ੍ਰ ਨੂੰ ਅੱਗੇ ਵੱਧਣੋਂ ਰੋਕ ਰਿਹਾ ਹੈ।

ਗੱਲ ਕੀ ਇਸ ਪ੍ਰਕਾਰ ਦੋ ਮਹੀਨੇ ਲੰਘ ਗਏ। ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਏ, ਸੋ ਤਿਆਰੀ ਕੀਤੀ। ਫਾਤਮਾ ਨੂੰ ਕਹਿ ਦਿੱਤਾ ​ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ? ਛੇਕੜ ਇਕ ਦਿਨ ਉਸਨੇ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁਪ ਕੀਤੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫਾਤਮਾ ਬਥੇਰੇ ਜ਼ੋਰ ਲਾ ਰਹੀ, ਪਰ ‘ਬਧੇ ਕਦੀ ਨ ਰਹਿ ਸਕੇ ਪੰਛੀ ਤੇ ਦਰਵੇਸ਼, ਸਮਾਂ ਦਾਉ ਜਦ ਫਬ ਗਿਆ ਨਿਕਲ ਤੁਰੇ ਪਰਦੇਸ਼'।

ਸੋ ਇਕ ਦਿਨ ਰਾਤ ਦੇ ਦੋ ਬਜੇ ਜਦ ਫਾਤਮਾ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਅਰ ਮਰਦਾਵਾਂ ਭੇਸ ਕਰਕੇ ਜਿਕੁਰ ਪਹਿਲੇ ਨਿਕਲੀ ਸੀ, ਹੁਣ ਫੇਰ ਨਿਕਲ ਤੁਰੀ। ਉਸ ਘਰ ਵਿਚੋਂ ਜਿੱਥੇ ਕੈਦ ਹੋਕੇ ਆਈ ਸੀ ਜਿਨ੍ਹਾਂ ਨੂੰ ਕੈਦੋਂ, ਮੌਤੋਂ ਤੇ ਨਰਕੋਂ ਛੁਡਾ ਦਿੱਤਾ ਸੀ, ਸਤਵੰਤ ਕੌਰ ਛੇਕੜਲਾ ਗੁੱਛਾ ਅੰਗੂਰਾਂ ਦਾ ਛਕਕੇ ਅਪਣੇ ਰਸਤੇ ਪਈ। ਫਾਤਮਾ ਨੇ ਦੋ ਕੁ ਸੌ ਮੋਹਰ ਅਰ ਹੋਰ ਮਾਲ ਮਤਾ ਏਸਦੇ ਅਰਪਨ ਕੀਤਾ ਹੋਯਾ ਸੀ, ਜੋ ਇਹ ਲੈਂਦੀ ਨਹੀਂ ਸੀ, ਪਰ ਉਹ ਧਿੰਗੋ ਜ਼ੋਰੀ ਸਟ ਗਈ ਸੀ, ਸੋ ਸਭ ਕੁਝ ਪਿਆ ਛੱਡਕੇ ਕੇਵਲ ਆਪਣੇ ਦੋ ਹੱਥ ਤੇ ਪੈਰਾਂ ਸਮੇਤ ਸਤਵੰਤੀ ਸਤਵੰਤ ਕੌਰ ਤੁਰ ਗਈ।

ਇੱਥੋਂ ਨਿਕਲ ਕੇ ਸਤਵੰਤ ਕੌਰ ਦਬੇ ਪੈਰ ਉਸ ਕੰਦਰਾ ਵਿਚ ਅੱਪੜੀ ਜਿਥੇ ਮਹਾਤਮਾ ਰਹਿੰਦੇ ਸਨ। ਇਹ ਇਕ ਖੱਡ ਜਿਹੀ ਦੇ ਵਿਚ ਇਕ ਟਿੱਬੇ ਜਿਹੇ ਦੇ ਉਹਲੇ ਥਾਉਂ ਸੀ, ਅੰਦਰ ਵਾਰ ਲੰਘਕੇ ਕੁਝ ਹੇਰ ਫੇਰ ਦੇ ਮਗਰੋਂ ਇਕ ਖੁੱਲੀ ਥਾਂ ਸੀ, ਜਿਸ ਨੂੰ ਪਰਲੇ ਪਾਸੇ ਵਲੋਂ ਇਕ ਹੋਰ ਐਸਾ ਹੀ ਗੁਪਤ ਜੇਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਕੀਹ ਦੇਖਦੀ ਹੈ ਕਿ ਨਿੰਮ੍ਹਾ ਜਿਹਾ ਦੀਵਾ ਜਗ ਰਿਹਾ ਹੈ ਅਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ। ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲ੍ਹੀਆਂ, ਬੀਬੀ ਨੂੰ ਦੇਖਕੇ ਮੁਸਕਰਾਏ, ਫੇਰ ਬੋਲੇ ‘ਸੁਣਾ ਬੱਚੜਾ! ਗੁਰੂ ਕਾ ਕਾਰਜ ਸੁਆਰ ​ਆਈ ਹੈਂ?' ਸਿਰ ਨਿਵਾਕੇ ਬਿਹਬਲਤਾ ਨਾਲ ਰੋਕੇ ਸਤਵੰਤ ਕੌਰ ਨੇ ਕਿਹਾ, 'ਮਹਾਰਾਜ! ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ, ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ, "ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਟ॥ ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ॥" ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ'।

ਇਹ ਉੱਤਰ ਸੁਣਕੇ ਆਪ ਨੇ ਪ੍ਰਸੰਨਤਾ ਪੂਰਬਕ ਕਿਹਾ 'ਪੁੱਤ੍ਰੀ! ਤੂੰ ਧਨ੍ਯ ਹੈਂ! ਤੇਰਾ ਜਨਮ ਧੰਨ੍ਯ ਹੈ! ਸਾਡੀ ਸਿੱਖਯਾ ਯਾਦ ਰੱਖੀਂ: ਭਾਵੇਂ ਪਰਮੇਸ਼ੁਰ ਦੀ ਪ੍ਰਾਪਤੀ ਤਕ ਪਹੁੰਚ ਜਾਵੇਂ ਬੰਦਗੀ ਨਹੀਂ ਛੱਡਣੀ[6] ਤੇ ਪਰਮੇਸ਼ੁਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ, ਨਾਮ ਤੋਂ ਕਦੇ ਨਹੀਂ ਉੱਕਣਾ ਕਲਜੁਗ ਵਿਚ ਇਨ੍ਹਾਂ ਦੋਹਾਂ ਸਾਧਨਾਂ ਬਿਨਾਂ ਸਾਧ ਮਾਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ "ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ"। ਉਹ ਪਾਰਬ੍ਰਹਮ ਦਾ ਨਿਰਮਲ ਭਉ ਸੁੱਖਾਂ ਦਾ ਮੂਲ ਹੈ, ਅਕਸਰ ਮਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਯਾ ਖ੍ਯਾਲ ਕਰਕੇ ਕਿ ਆ ਗਏ ਹਾਂ, ਨਿਡਰ ਤੇ ਗੁਸਤਾਖ ਹੋ ਜਾਂਦੇ ਹਨ, ਇਹ ਅਸਲ ਵਿਚ ਡਿਗਣ ਦੇ ਸਾਮਾਨ ਹੁੰਦੇ ਹਨ। ਉਸ ਵੇਲੇ ਇਕ ਅਤੀ ਸੂਖਮ ਹਉਮੈ ਅਵੱਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸ੍ਵੈ ਸਰੂਪ ਇਸਥਿਤ ਹਾਂ ਕਿ ਹਉਮੈ ਦੇ ਇਕ ਪਾਰਦਰਸ਼ਕ[7]ਸੂਖਮ ਪਰਦੇ ਵਿਚ ਹਾਂ, ਜਿਸ ​ਪਰਦੇ ਨੂੰ ਮਹਾਰਾਜ ਨੇ ਭੰਬੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ। ਜਦ ਤਕ ਦੇਹ ਤਦ ਤਕ ਕਰਤਾ ਪੁਰਖ ਦਾ ਅਦਬ ਰੱਖਣਾ ਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ। ਸਾਈਂ ਦਾ ਮੇਲ ਤਾਂ ਅਭੈਤਾ ਹੈ, ਪਰ ਹਉਂਮੈ ਸੂਖਮ ਬੀ ਵਿੱਥ ਦੀ ਨਿਸ਼ਾਨੀ ਹੈ। ਦੇਖੋ ਜਿਸ ਇਸਤ੍ਰੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਹੁਕਮ ਹਾਸਲ ਕਰਾ ਦੇਵੇ, ਆਪ ਭੀ ਉਸ ਦੇ ਕਹੇ ਚੱਲੇ ਅਰ ਲਾਡ ਭੀ ਸਹਾਰੇ ਉਸ ਪਟਰਾਣੀ ਦਾ ਧਰਮ ਤਦ ਭੀ ਅਦਬ ਹੈ ਕਿਉਂਕਿ ਉਹ ਅਦਬ ਨੇ ਉਥੋਂ ਤਕ ਪਹੁੰਚਾਈ ਸੀ। ਜੇ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਭੀ ਜਾਵੇ ਤਦ ਬੀ ਬੇਅਦਬੀ ਵਿੱਥ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿਚ ਹਉਮੈਂ ਹੁੰਦੀ ਹੈ।

ਇਹ ਉਪਦੇਸ਼ ਸੁਣਕੇ ਸਤਵੰਤ ਕੌਰ ਨੇ ਉਨ੍ਹਾਂ ਦਾ ਸੱਚੇ ਦਿਲੋਂ ਧੰਨਯਵਾਦ ਕੀਤਾ ਅਰ ਕਿਹਾ ਕਿ 'ਮਹਾਰਾਜ ਜੀ! ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ, ਆਪ ਖੁਸ਼ੀ ਕਰੋ'। ਗੁਰਮੁਖ ਜੀ ਨੇ ਕਿਹਾ, 'ਬੱਚੜਾ! ਜੇ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬ੍ਰਿਧ ਪੁਰਖ ਨਾਲ, ਜਿਨ੍ਹਾਂ ਦਾ ਨਾਉਂ ਲੱਧਾ ਸਿੰਘ ਹੈ, ਤਿਆਰਾ ਕੀਤਾ ਸੀ ਸੋ ਠੀਕ ਹੈ। ਹੁਣ ਉਹ ਤਿਆਰ ਹੈ, ਤੁਹਾਡੀ ਭਾਲ ਬਹੁਤ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਊ ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ। ਪੰਦਰਾਂ ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ। ਅਸੀਂ ਭੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁਕਾ। ਕਾਬਲ ਦੀ ਸਿੱਖੀ ਨੂੰ ਦੇਖ ਭਾਲ ਸੰਭਾਲ ਲੀਤਾ ਹੈ, ਹੁਣ ਕੰਧਾਰ ਵਲ ਜਾਣਾ ਹੈ, ਫੇਰ ਚਿਮਨ ਦੇ ਰਸਤਿਓਂ ਅਸੀਂ ਮੁੜਕੇ ਪੰਜਾਬ ਅੱਪੜਾਂਗੇ'।

ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪਹੁ ਫੁੱਟ ਪਈ, ਬਾਬਾ ਲੱਧਾ ਸਿੰਘ ਬੀ ਆ ਪਹੁੰਚਾ। ਸੰਤਾਂ ਨੇ ​ਸਤਵੰਤ (ਜੋ ਇਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਖ ਵਿਚ ਸੀ) ਦੀ ਬਾਂਹ ਉਸ ਦੇ ਹੱਥ ਦੇ ਕੇ ਕਿਹਾ ਕਿ 'ਇਨ੍ਹਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ, ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤਕ ਤੁਸਾਂ ਬੀ ਉੱਥੇ ਹੀ ਰਹਿਣਾ।' ਗੱਲ ਕੀ ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ ਅਰ ਤੁਰਨ ਦੀਆਂ ਤਿਆਰੀਆਂ ਲਗੀਆਂ ਹੋਣ।

ਸਾਧੂ ਜਨ ਤਾਂ ਦੋ ਚਾਰ ਦਿਨ ਮਗਰੋ ਕੰਧਾਰ ਪਧਾਰ ਗਏ ਤੇ ਇੱਧਰ ਟੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਅਰ ਵਕਤ ਨਿਯਤ ਹੋ ਚੁਕਾ ਸੀ, ਸੌ ਹੁਣ ਕੇਵਲ ਬੰਨ੍ਹ ਬੰਨ੍ਹਾ ਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰਦਾਵਾਂ ਸੀ ਅਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿਚ ਪ੍ਰਸਿੱਧ ਸੀ। ਬਾਬਾ ਲੱਧਾ ਸਿੰਘ ਹੁਰੀਂ ਉਂਞ ਹੀ ਉਸ ਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਅਰ ਉਹ ਉਸ ਦੀ ਹੱਦੋਂ ਵੱਧ ਖਾਤਰ ਕਰਨ ਲਗ ਪਿਆ। ਆਦਰ ਪਾਕੇ ਉਹ ਸਿੰਘ ਦੀ ਪੁੱਤ੍ਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਅਰ ਇਹੋ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਬਿਰਦ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਂਹਿ ਗਹੇ ਕੀ ਲਾਜ' ਹੈ, ਮੈਂ ਨਿਕਰਮਣ ਤਾਂ ਐਸੀ ਮੰਦਭਾਗਣ ਹਾਂ ਕਿ ਪਸ਼ੂਆਂ ਵਾਂਙੂ ਵਿਕ ਗਈ ਤੇ ਗ਼ੁਲਾਮੀ ਵਿਚ ਪੈ ਗਈ। ਇਸ ਗ਼ੁਲਾਮੀ ਵਿਚ ਭੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਨ ਤੇ ਵਡਿਆਈ ਬਖਸ਼ੀ, ਕਿਨ੍ਹਾਂ ਕਿਨ੍ਹਾਂ ਬਿਪਤਾਂ ਵਿਚੋਂ ਕੱਢਿਆ? ਕੀ ਕੀ ਔਕੜਾਂ ਕੱਟੀਆਂ ਤੇ ਹੁਣ ਕਿਸ ਆਰਾਮ ਵਿਚ ਪੁਚਾ ਦਿੱਤਾ ਹੈ? ਮੇਰਾ ਇਸ ਵਿਚ ਕੁਝ ਨਹੀਂ ਹੈ। ਸ਼ੁਕਰ ਹੈ ਉਸ ਸੱਚੇ ਮਾਲਿਕ ਦਾ!

ਗੱਲ ਕੀ ਜਿਉਂ ਜਿਉਂ ਆਰਾਮ ਮਿਲਿਆ, ਤਿਉਂ ​ਤਿਉਂ ਸਤਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ, ਸਗੋਂ ਜਿਹੜੇ ਉਸ ਦਾ ਮਾਨ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਬੀ ਰਿਣੀ ਸਮਝਦੀ ਅਰ ਕਹਿੰਦੀ ਮੇਰੇ ਵਿਚ ਕੋਈ ਗੁਣ ਨਹੀਂ। ਮੈਂ ਤਾਂ ਇਨ੍ਹਾਂ ਸੱਜਣਾਂ ਨੂੰ ਬੀ ਧੋਖਾ ਦੇ ਰਹੀ ਹਾਂ ਕਿ ਹਾਂ ਤੀਮਤ ਤੇ ਬਣੀ ਹਾਂ ਮਰਦ, ਪਰ ਧੰਨ ਹਨ ਏਹ ਜੋ ਗੁਰੂ ਜੀ ਦੇ ਨਾਮ ਪਿੱਛੇ ਮੇਰੇ ਜਿਹੀ ਦਾ ਸਤਿਕਾਰ ਕਰਦੇ ਹਨ। ਇਨ੍ਹਾਂ ਦੇ ਹਿਰਦੇ ਕੈਸੇ ਉੱਤਮ ਹਨ ਕਿ ਮੇਰੇ ਤੇ ਉਪਕਾਰ ਕਰ ਰਹੇ ਹਨ। ਸਤਵੰਤ ਵਾਹਿਗੁਰੂ ਦੀ ਮਿਹਰ ਨੂੰ ਸਭਨਾਂ ਦੀ ਮਿਹਰ ਦਾ ਕਾਰਨ ਜਾਣਕੇ, ਸੁਰਤ ਵਿਚ ਅੰਦਰੋਂ ਉਚੀ ਤੇ ਸਿਮਰਨ ਦੇ ਸਹਿਜ ਰੰਗ ਵਿਚ ਰਹਿੰਦੀ।

ਪਿਆਰੇ ਸੱਜਣੋਂ! ਸਾਡੇ ਪਿਛਲੇ ਬਜ਼ੁਰਗਾਂ ਵਿਚ ਏਹ ਗੁਣ ਹੁੰਦੇ ਸੇ ਕਿ ਉਹ ਮਾਨ ਪਾ ਕੇ ਬੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ, ਤਦੇ ਤਾਂ ਪੰਥ ਵਿਚ ਪਰਸਪਰ ਪਿਆਰ ਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ। ਅਜ ਕਲ ਤਾਂ ਜਿਸ ਨੂੰ ਚਾਰ ਸ਼ਰੀਰ ਵੱਡਾ ਯਾ ਆਗੂ ਕਹਿਣ ਉਸ ਦੀ ਆਕੜ ਦਾ ਅੰਤ ਨਹੀਂ ਰਹਿੰਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਬਹੁਤ ਵੱਡਾ ਹੋ ਗਿਆ ਹਾਂ। ਨਹੀਂ ਸੋਚਦਾ ਕਿ ਉਹੋ ਮੇਰੀ ਦੇਹੀ ਹੈ, ਉਹੋ ਮਨ ਬੁੱਧੀ ਅੰਗ ਮੇਰੇ ਹਨ ਜੋ ਇਨ੍ਹਾਂ ਦੇ ਹਨ, ਜੇ ਆਤਮ ਸੱਤਾ ਕਹਾਂ ਤਾਂ ਸਭ ਵਿਚ ਇਕ ਹੈ; ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ ਏਹ ਅਗ੍ਯਾਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹਉਮੈ ਦਾ ਤਿਆਗ ਹੈ[8]। ਜੇ ਗੁਣ ਕਹੋ ਤਦ ਹਰੇਕ ਵਿਚ ਇਕ ਨਾ ਇਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਏਹ ਨੀਚਾਂ ਦੇ ਬੀ ਅਮਿੱਤ ਹੁੰਦੀ ਹੈ। ਜੇ ਕਹੋ ਕਿ ਲੋਕ ​ਜੁ ਮੈਨੂੰ ਆਗੂ ਤੇ ਵੱਡਾ ਕਹਿਂਦੇ ਹਨ ਤਦ ਜਾਣੋ ਕਿ ਏਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈਂ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿਚ ਹਉਮੈ ਘਟੀ ਤੇ ਸਾਨੂੰ ਮਾਨ ਨੇ ਘੇਰਿਆ ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ? ਤੇ ਜੇ ਕਹੋ ਕਿ ਸਾਨੂੰ ਬਾਣੀ ਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੋ ਜੋ ਇਕ ਸੇਵਾ, ਸਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤ੍ਰੀ ਵਿਚ ਵਰਤੋ। ਉਚੇ ਰਹੋ ਮਤਿ ਵਿਚ, ਸੁਰਤ ਵਿਚ ਦਾਤੇ ਰਹੋ, ‘ਵਾਹਿਗੁਰੂ ਦੀ ਰਖਵਾਲੀ ਵਿਚ ਰਹਿਣ ਵਾਲੀ ਮਤਿ' ਵਿਚ ਟਿਕੇ ਹੋਏ, ਪਰ ਮਨ ਵਿਚ ਰਹੇ ‘ਸਗਲ ਚਰਨ ਕੀ ਇਹੁ ਮਨੁ ਰਾਲਾ'। ਗੁਰਮੁਖ ਦਾ ਧਰਮ, ਮਨ ਨੀਵਾਂ ਮਤਿ ਉਚੀ। ਇਹ ਸਮਝ ਦੇ ਸੰਸਾਰਕ ਪਰਮਾਰਥਕ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਚਿੱਤ ਵਿਚ ਰਹੇ ਤਦ ਤਾਂ ਆਪ ਬੀ ਤਰ ਜਾਂਦੇ ਹਨ, ਸੰਸਾਰ ਵੀ ਤਰਦਾ ਹੈ। ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ।

ਹੁਣ ਪਰਮਾਰਥ ਵਿਚ ਜਗਯਾਸੂਆਂ ਦੀ ਸ਼ਰਧਾ, ਪ੍ਰੇਮ ਤੇ ਨਿੰਮ੍ਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕੀਂ ਪਿਆਰ ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ[9]ਜੋ ਜਪਦਾ ਤੇ ਜਪਾਉਂਦਾ ਹੈ, ਪਰ ਪੱਛਮੀ ਵਿਦ੍ਯਾ ਪੜ੍ਹਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈਆਂ ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਨੂੰ ਇਕ ਤੁੱਲ ਕਹਿਕੇ ਹਉਮੈ ਨਾਲ ਸਤਿਸੰਗ ਵਿਚ ਈਰਖਾ ਦ੍ਵੈਖ ​ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਤੇ ਫਾਤਮਾ ਵਾਂਙੂ ਦਿਆਲੂ ਤੇ ਨਿਰਮਾਣ ਹੁੰਦੇ ਸਨ ਅਤੇ ਸਤਿਕਾਰ, ਸ਼ੁਕਰ ਤੇ ਆਦਰ ਨਾਲ ਸ਼ਰਧਾਲੂ ਹੋ ਕੇ ਕ੍ਰਿਤ ਕ੍ਰਿਤ ਹੁੰਦੇ ਸਨ। ਗੁਰੂਆਈ ਗੁਰੂ ਸਾਹਿਬਾਨ ਵਿਚ ਮੰਨ ਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ।

ਗੱਲ ਕਾਹਦੀ ਕਾਫਲਾ ਤੁਰਿਆ ਅਰ ਸਤਵੰਤ ਕੌਰ ਦੀਆਂ ਮੁੜ ਵਤਨ ਨੂੰ ਮੁਹਾਰਾਂ ਮੁੜੀਆਂ। ਇਕ ਬ੍ਰਿਧ ਪੁਰਖ, ਜਸਵੰਤ ਸਿੰਘ ਤੇ ਇਕ ਨੌਕਰ ਤਿੰਨੇ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ। ਅਜੇ ਦੋ ਕੁ ਮੰਜ਼ਲਾਂ ਹੀ ਗਏ ਸਨ ਕਿ ਪਿਛੋਂ ਅਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੋ। ਕਾਫਲਾ ਰੁਕ ਗਿਆ ਅਰ ਸਰਕਾਰੀ ਅਹਿਦੀਏ ਆਕੇ ਲੱਗੇ ਤਲਾਸ਼ੀ ਲੈਣ, ਹਜ਼ਾਰਾਂ ਰੁਪੱਯਾਂ ਦਾ ਸਾਮਾਨ ਪਿੱਠੂ, ਗੰਢਾਂ, ਬਿਸਤਰੇ, ਸੰਦੂਕ, ਯਖਦਾਨ ਲੱਗੇ ਫੁਲੀਜਨ। ਕਾਰਨ ਇਹ ਸੀ ਕਿ ਅਮੀਰ ਦਾ ਇਕ ਹੀਰਾ ਜਾਂਦਾ ਰਿਹਾ ਸੀ। ਚੋਰ ਦਰਬਾਰ ਦੇ ਵਿਚ ਹੀ ਸੀ, ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ, ਮਤਾਂ ਚੋਰ ਇਸ ਕਾਫਲੇ ਵਿਚ ਹਿੰਦੁਸਤਾਨ ਨੂੰ ਭੱਜਾ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ, ਸੋ ਹੁਣ ਲੱਗੇ ਫਰੋਲਾ ਫਰਾਲੀ ਕਰਨ। ਪਾਤਸ਼ਾਹ ਜੇ ਹੁਕਮ ਦੇਵੇ ਕਿ ਇਕ ਪੈਸੇ ਦੀ ਚੀਜ਼ ਚੁਕ ਲਿਆਓ ਤਦ ਨੌਕਰ ਹਜ਼ਾਰਾਂ ਰੁਪੱਯਾਂ ਨੂੰ ਹਥ ਫੇਰਦੇ ਹਨ, ਸੋਈਓ ਇਥੇ ਹੋਈ। ਹੁਕਮ ਤਾਂ ਮਾਲ ਤਲਾਸ਼ੀ ਦਾ ਸੀ, ਨੌਕਰਾਂ ਜਾਮੇ ਤਲਾਸ਼ੀ ਬੀ ਸ਼ੁਰੂ ਕੀਤੀ। ਕਪੜੇ ਲੁਹਾਕੇ ਸ਼ਰੀਰ ਦੀ ਬੀ ਤਲਾਸ਼ੀ ਕਰਨ, ਤ੍ਰੀਮਤਾਂ ਨੂੰ ਤ੍ਰੀਮਤਾਂ ਦੇਖਣ। ਏਹ ਹਾਲ ਦੇਖਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕਿੱਕੁਰ ਹੋਊ। ਜੇ ਮੈਂ ਜ਼ਨਾਨੇ ਲਿਬਾਸ ਵਿਚ ਹੁੰਦੀ ਤਦ ਬੀ ਖੈਰ ਸੀ, ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਤੇ ਮੇਰਾ ਪਰਦਾ ਉਘੜ ਜਾਣਾ ਹੈ।

​ਨਾ ਫੜੀਂਦੀ ਬੀ ਫੜੀ ਜਾਵਾਂਗੀ। ਕਰਾਂ ਤੇ ਕੀ ਕਰਾਂ? ਕਿਸ ਉਪਾਉ ਨਾਲ ਬਚਾਂ? ਸਾਰਾ ਦਿਨ ਉਧਰ ਤਲਾਸ਼ੀ ਹੁੰਦੀ ਰਹੀ, ਉਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ। ਉਸ ਦਾ ਉੱਚਾ ਹੋ ਗਿਆ ਮਨ, ਉਸਦੀ ਦੁਖਾਂ ਦੀ ਸਾਣ ਤੇ ਚੜ੍ਹਕੇ ਤ੍ਰਿੱਖੀ ਹੋ ਗਈ ਅਕਲ ਸਾਰਾ ਦਿਨ ਸੋਚਦੀ ਰਹੀ। ਨਾਂ ਤਾਂ ਕੋਈ ਸੁਲਝਾਉ ਸੁੱਝਾ ਤੇ ਨਾ ਹੀ ਦਿਲ ਨੇ ਨਿਰਾਸਤਾ ਦਾ ਲੜ ਫੜਿਆ। ਸੰਝਾਂ ਪੈ ਗਈਆਂ ਤੇ ਕਾਫਲੇ ਤੋਂ ਦੂਰ ਦੂਰ ਚੁਫੇਰੇ ਪਹਿਰੇ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿਚ ਅੱਧੀ ਬੀ ਨਾ ਮੁੱਕੀ ਸੀ, ਸੋ ਘੇਰਾ ਘੱਤਿਆ ਗਿਆ ਅਤੇ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ।

-0-

੧੫ ਕਾਂਡ।

ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ, ਪੰਛੀ ਘੁਰਿਆਂ ਵਿਚ ਜਾ ਲੁਕੇ, ਲੋਕੀਂ ਘਰਾਂ ਵਿਚ ਜਾ ਵੜੇ, ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ, ਅਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿੱਸਣ ਵਾਲੀਆਂ ਜੋਤਾਂ ਨੇ ਰੋਸ਼ਨ ਕਰ ਦਿੱਤਾ। ਚੰਦ੍ਰਮਾਂ ਚੜ੍ਹ ਪਿਆ; ਸਰਦ ਚਾਂਦਨੀ ਵਰਗੀ ਨਿੱਖਰੀ ਹੋਈ ਚਾਂਦਨੀ ਫੈਲ ਗਈ। ਅੱਖਾਂ ਅਸਮਾਨਾਂ ਨੂੰ ਦੇਖਕੇ ਠਰਦੀਆਂ ਤੇ ਸੁਹਾਉ ਦੇ ਕਾਰਨ ਤਰੌਤੀਆਂ ਹੁੰਦੀਆਂ ਜਾਂਦੀਆਂ ਹਨ। ਪਰ ਹਾਇ! ਮਾਂ ਦੀ ਮਮਤਾ ਐਸੇ ਸੀਤਲ ਸਮੇਂ ਗਰਮ ਹਾਹੁਕੇ ਤੇ ਠੰਢੇ ਸ੍ਵਾਸ ਲੇ ਲੈ ਕੇ ਅਪਣੇ ਗ਼ਮਾਂ ਦੇ ਗੋਤਿਆਂ ਵਿਚ ਡਿੱਗਦੇ ਮਨ ਨੂੰ ਢਾਰਸਾਂ ਦੇ ਦੇ ਕੇ ਪ੍ਰਾਰਥਨਾਂ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ‘ਅਕਾਲ ਪੁਰਖ ਤੇਰੀ ਸ਼ਰਣ' ਕਹਿੰਦੀ ਹੈ। ਗਿੱਲੀਆਂ ਝਿੰਮਣੀਆਂ ਨੂੰ ਪੂੰਝਦੀ ਹੈ ਤੇ ਦਿਲ ਵਿਚ ਭਾਣਾ ਮੰਨਣ ਦਾ ਉਦਮ ​ਕਰਦੀ ਹੈ। ਪਰ ਮਮਤਾਂ ਦੀ ਲਹਿਰ ਉਮਡ ਕੇ ਸਿਰ ਨੂੰ ਰੁਖ਼ ਕਰਦੀ, ਤਪਦੇ ਤਪਦੇ ਹੰਝੂ ਤ੍ਰੱਪ ਤ੍ਰੱਪ ਕੇਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਅਵਾਜ਼ ਪੈਦਾ ਹੁੰਦੀ ਹੈ, ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫੇਰ ਚਿੰਤਾ ਦੇ ਖੂਹ ਵਿਚੋਂ ਹੰਭਲਾ ਮਾਰਕੇ ਭਾਣੇ ਦੀ ਮਣ ਤੇ ਚੜ੍ਹਦਾ ਹੈ, ‘ਸ਼ੁਕਰ, ਭਾਣਾ, ਰਜ਼ਾ' ਮੂੰਹੋਂ ਨਿਕਲਦਾ ਹੈ, ਅੱਖਾਂ ਦੇ ਹੰਝੂ ਅੱਖਾਂ ਵਿਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਅਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦ੍ਰਮਾਂ ਦੀ ਖਿੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤੇ ਫੇਰ ਆਹ ਭਰਕੇ ਕਹਿਂਦੀ ਹੈ:—'ਪ੍ਯਾਰੀ ਦੁਲਾਰੀ! ਕਿਸੇ ਧਰਤੀ ਤੇ ਬੈਠੀ ਖ਼ਬਰੇ ਤੂੰ ਬੀ ਐਸ ਵੇਲੇ ਚੰਦ ਨੂੰ ਦੇਖਦੀ ਹੋਵੇਂ: ਮੈਂ ਬੀ ਇਸੇ ਨੂੰ ਦੇਖ ਰਹੀ ਹਾਂ, ਨਜ਼ਰਾਂ ਤਾਂ ਇਸ ਮੰਡਲ ਤੇ ਕੱਠੀਆਂ ਹੋ ਗਈਆਂ, ਪਰ ਹਾਇ ਵਿਛੋੜਾ! ਪਾਪੀ ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ! ਮੈਂ ਕੈਸੀ ਸਿਦਕ ਹੀਨ ਸਿੱਖ ਹਾਂ, ਭਾਣੇ ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਹੀਂ ਸੱਕੀ।...... ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜਾ ਕਸੈਲਾ ਹੋ ਕੇ ਲੰਘ ਜਾਂਦਾ, ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ..... ਹਾਇ, ਕਈ ਸੌ ਧੀ ਦੀ ਨਹੀਂ ਪੈ ਦੀ।...... ਬੱਚੀ, ਚੰਗੀ ਗਈਓ! ਕਹਿੰਦੇ ਹਨ ‘ਜਾਹ ਧੀਆ ਰਾਵੀਂ, ਨਾ ਕੋਈ ਆਵੀ ਤੇ ਨਾ ਕੋਈ ਜਾਵੀਂ'। ਤੇ ਇਥੇ ਤਾਂ 'ਧੀ ਗਈ ਅਟਕੋਂ ਪਾਰ, ਨਾ ਕੋਈ ਖਬਰ ਤੇ ਨਾ ਕੋਈ ਸਾਰ'। ਉਸ ਦੇਸ਼ ਵਲੂੰਧਰੀ ਗਈਓਂ ਜਿਧਰੋਂ ਗਿਆ ਕੋਈ ਨਹੀਂ ਮੁੜਦਾ। ਕੋਈ ਐਨੀ ਖਬਰ ਹੀ ਆ ਦੱਸੇ, ਜੋ ਸ਼ਰਮ ਧਰਮ ਵਿਚ ਬਚੜੀ ਮਰ ਗਈ ਹੈ। ਵਾਹ! ਕੋਈ ਮਰਣੇ ਦੀ ਸੁਨਾਉਣੀ ਹੀ ਆ ਸੁਣਾਵੇ ਤਾਂ ਸ਼ਦੀਆਨੇ ਕਰਾਂ, ਦੁੱਧ ਦਾ ਕਟੋਰਾ ਪੀਆਂ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜ਼ੂਰ ਸਾਹਿਬ ਜੀ ਦੀ ਯਾਤ੍ਰਾ ਦੇ ਤੁੱਲ ਜਾਣਾ, ਪਰ ਕੌਣ ਦੱਸੋ ਕਿ ਬੱਚੀ ​ਫਰਸ਼ਾਂ ਤੇ ਰੁਲ ਰਹੀ ਹੈ ਕਿ ਅਰਸ਼ਾਂ ਤੇ ਕੁਰਸੀ ਨਸ਼ੀਨ ਹੋ ਰਹੀ ਹੈ। ........ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ! ਮੈਥੋਂ ਕਿਕੁਰ ਧ੍ਰੀਕਿਆ ਗਿਆ। ........ਕੇਹੀਆਂ ਵਿਲਿੱਖਾਂ ਪੈ ਗਈਆਂ:—

ਵਿੱਛੁੜ ਕੇ ਤੂੰ ਸੁਹਣੀਏਂ!
ਮੱਲਿਆ ਕਿਹੜਾ ਮੁੱਖ[10] ਨੀ?
ਨਿੱਜ ਜੰਮਦੀਓਂ ਤੂੰ ਬਚੜੀਏ!
ਅੰਤ ਚੰਗੇਰੀ ਕੁੱਖ ਨੀ!

...............

ਕਿਹਾ ਭੁਲਾਵਾ ਛਲ ਗਿਆ,
ਹੋ ਗਈ ਕੇਹੀ ਚੁੱਖ ਨੀ!
ਹਾਵੇ ਖਾ ਗਏ ਜਿੰਦੜੀ,
ਦਿਲ ਨੂੰ ਖਾ ਗਈ ਧੁੱਖ ਨੀ।

...............

ਡੋਲੇ ਬੇੜੀ ਸਿਦਕ ਦੀ,
ਲੱਦ ਗਏ 'ਦਿਲ ਸੁੱਖ' ਨੀਂ।
ਸੁਪਨੇ ਵਿਚ ਹੀ ਆ ਮਿਲੇਂ,
ਦੇਖਾਂ ਤੇਰਾ ਮੁੱਖ ਨੀ।

...............

ਸੋ ਕਨਸੋ ਕੁਈ ਘੱਲ ਦੇਇ,
ਠਰੇ ਦਿਲੇ ਦੀ ਝੁੱਖ ਨੀ।
ਕਿਵੇਂ ਕਦੇ ਤੂੰ ਆ ਮਿਲੇਂ,
ਮਿਟੇ ਤੜਫਵੀਂ ਭੁੱਖ ਨੀ।

​ਇਸ ਤਰ੍ਹਾਂ ਦਾ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਪਏ। ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁਕ ਗਿਆ, ਅੱਖਾਂ ਅੱਗੇ ਛੱਪਰ ਢਹਿ ਪਏ, ਬੈਠੀ ਬੈਠੀ ਦੀ ਮਾਨੋਂ ਅੱਖ ਲੱਗ ਗਈ। ਅੱਖ ਲੱਗੀ ਵਿਚ ਮਾਂ ਕੀ ਦੇਖਦੀ ਹੈ ਕਿ ਇਕ ਪਹਾੜੀ ਜਿਹੀ ਦੇ ਲਾਗੇ ਇਕ ਪਾਣੀ ਦੀ ਕੂਲ ਵਗ ਰਹੀ ਹੈ, ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਅਵਾਜ਼ ‘ਵਿਪਲ ਵਿਪਲ' ਵਾਂਗੂ ਆ ਰਹੀ ਹੈ। ਇਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿੱਛਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜ੍ਹੀ ਹੋਈ ਹੈ; ਸਾਵੇ ਸਾਵੇ ਪੱਤਿਆਂ ਵਿਚੋਂ ਗੁੱਛਿਆਂ ਦੇ ਗੁੱਛੇ ਲੱਟਕ ਰਹੇ ਹਨ। ਹੇਠਾਂ ਏਸ ਦੇ ਪਿਆਰੀ ਸਤਵੰਤ ਕੌਰ ਬੈਠੀ ਹੈ, ਅੱਖਾਂ ਧਰਤੀ ਵਿਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤ੍ਰੋੜ ਰਹੀ ਹੈ, ਕਿਸੇ ਵੇਲੇ ਹਾਹੁਕਾ ਲੈਂਦੀ, ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫੇਰ ਚੁੱਪ ਹੋ ਜਾਂਦੀ ਹੈ। ਧ੍ਯਾਨ ਲਾਕੇ ਜੋ ਮਾਉਂ ਨੇ ਸੁਣਿਆਂ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਂਵਿਆਂ, ਇਸ ਦਰਦ ਵੈਰਾਗ ਨਾਲ ਕਿ ਪੱਥਰ ਬੀ ਪੰਘਰ ਪੈਣ—

ਕਿਸੇ ਗੁਆਂਢਣ ਨੇ ਆਖਿਆ ਮਾਏ!
'ਤੇਰਾ ਪਿਉ ਭਰਾ ਗਿਆ ਆਇ!'
ਜੀ ਵਿਚ ਹੋਈਆਂ ਸ਼ਾਦੀਆਂ, ਮਾਏ!
ਮੇਰੇ ਮਨ ਵਿਚ ਹੋਇਆ ਏ ਚਾਇ!
ਮੇਰੀ ਰਾਣੀਏਂ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,
ਪੁੱਤ੍ਰਾਂ ਵਾਲੀਏ ਮਾਏ! ੧,
ਪੱਕੀ ਖੂਹੀ ਘੜਾ-ਰੰਗਲਾ,
ਨੀ ਜਿੱਥੋਂ ਅੰਬੜਿ ਪਾਣੀ ਭਰੇ!
ਇਕ ਭਰ ਧਰੇ ਦੂਜਾ ਸਿਰ ਧਰੇ!

​

ਨੀ ਸਾਨੂੰ ਧੀਆਂ ਨੂੰ ਯਾਦ ਕਰੇ।
ਮੇਰੀ ਰਾਣੀਏ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,
ਪੁੱਤ੍ਰਾਂ ਵਾਲੀਏ ਮਾਏ! ੨.
ਜਾਂ ਢੁਲ ਪਰਛਾਵੇਂ ਬਹਿੰਦੀਆਂ, ਮਾਏ!
ਅਸੀਂ ਮਾਵਾਂ ਤੇ ਧੀਵੜੀਆਂ!
ਨੀ ਮੈਂ ਸਿਰ ਗੁੰਦਾਂ ਤੈਂਡੜਾ ਮਾਏ!
ਤੂੰ ਕਰੇ ਗੱਲਾਂ ਮਿੱਠੜੀਆਂ!
ਮੇਰੀ ਰਾਣੀਏਂ ... ... ... ...! ੩.
ਅੰਬੜਿ ਅੰਬੜਿ ਕਰਾਂ ਮੈਂ ਮਾਏ!
ਮੇਰੀ ਅੰਬੜੀ ਕੇਡਾ ਹਿੱਤ ਨੀ!
ਮਨੋ ਵਿਸਾਰੀ ਧੀਵੜੀ ਮਾਏ!
ਮੇਰੀ ਅੰਮੀ ਸੁਖਾਲੜਾ ਚਿੱਤ ਨੀ!
ਮੇਰੀ ਰਾਣੀਏਂ ... ... ... ...! ੪.
ਕੰਧ ਕੰਧਾਰੀ ਬੈਠੀ ਹਾਂ ਮਾਏ!
ਮੇਰਾ ਚਿੱਤ ਭਰਾਵਾਂ ਦੇ ਵਿਚ ਨੀ!
ਮੇਰੇ ਨੈਣ ਛਮਾਂ ਛਮ ਰੋਂਵਦੇ!
ਮੇਰਾ ਕਾਲਜਾ ਧੂਹਦੀ ਖਿੱਚ ਨੀ!
ਮੇਰੀ ਰਾਣੀਏਂ ... ... ... ...੫.

ਇਹ ਸੁਣਦੀ ਮਾਂ ਅੱਗੇ ਨੂੰ ਵਧੀ ਅਰ ਧੀ ਨੂੰ ਘੁੱਟਕੇ ਜੱਫੀ ਪਾ ਲਈ ਪਰ ਕਲਾਈ ਵਿਚ ਕੁਛ ਬੀ ਨਾ ਆਇਆ, ਸਗੋਂ ਜੋ ਅੱਖਾ ਨਾਲ ਧੀ ਦਿੱਸ ਰਹੀ ਸੀ ਉਹ ਬੀ ਦਿੱਸਣੋਂ ਰਹਿ ਗਈ। ਐਧਰ ਤੱਕ, ਔਧਰ ਦੇਖ, ਪਰ ਧੀ ਦਿੱਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿੱਸਦਾ ਹੈ-ਉਹ ਵੇਹੜਾ, ਜਿਥੇ ਪਯਾਰੀ ਪੁਤ੍ਰੀ ਹਰਨੋਟਿਆਂ ਵਾਂਙ ਚੌਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿਥੇ ਨਿੱਕੀ ਹੁੰਦੀ ਗੀਟੇ ਖਿੱਧੂ ਖੇਡਦੀ ਥਾਲ ਪਾਇਆ ਕਰਦੀ ਸੀ, ਮਾਂ ਦੀ ਨਜ਼ਰ ਦੇ ਸਾਹਮਣੇ ਸੁੰਞਾ ਪਿਆ ਹੈ। ਬੜਾ ਲੰਮਾਂ ​ਡੂੰਘਾ ਸਾਹ ਭਰਿਓਸੁ। ‘ਹਾਇ ਸੁਫਨਾ! ‘ਬੱਚੀ! ਤੂ ਜੀਉਂਦੀ ਹੈਂ? ਅਰ ਹਾਵਿਆਂ ਵਿਚ ਦਿਨ ਕੱਟ ਰਹੀ ਹੈਂ? ਮੈਂ ਕੀ ਕਰਾਂ? ਕੀ ਬਨਾਵਾਂ? ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੁੰਧਕ ਨਾ ਪਈ। ਗੁਰੂ ਸੁਆਰੇ ਭਾਈ ਜੀ ਨੇ ਬੀ ਕੋਈ ਪਤਾ ਨਾ ਭੇਜਿਆ। ਹੇ ਗੁਰੂ! ਹੁਣ ਮੈਂ ਆਪ ਕਾਬਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ। ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆ, ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂੰ। ਹੇ ਸਾਈਂ! ਜਾਂ ਬਚੜੀ ਭੇਜ, ਜਾਂ ਮੈਨੂੰ ਮੇਟ'।

"ਹੈਂ! ‘ਮੈਨੂੰ ਮੇਟ' ਇਹ ਕੀ ਨਾਸ਼ੁਕਰੀ ਹੈ?" ਇਕ ਭਾਰੀ ਗੰਭੀਰ ਅਵਾਜ਼ ਨੇ ਡੇਉਢੀ ਵਿਚੋਂ ਆਖਿਆ। ਤ੍ਰਬ੍ਹਕ ਕੇ ਕੇ ਮਾਤਾ (ਅਰਥਾਤ ਬਸੰਤ ਕੌਰ) ਉਠ ਖੜੋਤੀ, ਅਰ ਅਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿਚ ਆ ਪਹੁੰਚੇ ਸੇ, ਸਿਰ ਨਿਵਾਉਂਦੀ ਨਾਰ ਦੇ ਮੋਢੇ ਤੇ ਹੱਥ ਧਰਕੇ ਕਹਿਣ ਲੱਗੇ "ਪ੍ਰਿਯ! ਇਹ ਕੀ ਬੇ ਸਿਦਕੀ ਹੈ? ਸਾਈਂ ਸਾਨੂੰ ਰਚੇ, ਸਾਈਂ ਮੇਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ‘ਸਾਨੂੰ ਮੇਟ'? ਕੀ ਸਾਡੀ ਮਰਜ਼ੀ ਉਸ ਤੋਂ ਵਧੀਕ ਠੀਕ ਹੈ? ਤੁਸੀਂ ਤਾਂ ਬੜੇ ਧੀਰਜੀ ਸੇ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਝੱਲਦੇ ਰਹੇ ਸੇ, ਪਰ ਅਜ ਕੀ ਹੋਇਆ?"

ਬਸੰਤ ਕੌਰ-ਖਿਮਾਂ ਕਰਨੀ ਸਿੰਘ ਜੀ! ਜ਼ਨਾਨੀ ਦਾ ਆਲਮ ਬਹੁਤ ਖੋਟਾ ਹੈ, ਅਸੀਂ ਪਸ਼ੂ ਹਾਂ। ਮਹਾਰਾਜ ਜੀ ਦਾ ਵਾਕ ਹੈ:-‘ਚਉਣੇ[11]ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸ'। ਕਿੰਨਾ ਸਮਝਾਓ ਬੁਝਾਓ ਸਾਡਾ ਅਸਲਾ ਨਹੀਂ ਸੌਰਦਾ। ਜੋ ਦਿਨ ਚੰਗੇ ਲੰਘੇ ਆਪਦੀ ਕ੍ਰਿਪਾ ਨਾਲ ਲੰਘੇ, ਦੋ ਹੀ ਦਿਨ ਤੁਸੀਂ ਵਾਂਢੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ। ਮੇਰੇ ​ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰੀਂਘਣਵਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿਚ ਹੀ ਪਿੰਗਲਾ ਹੋ ਢੱਠਾ। ਅਜ ਮੈਂ ਆਮ ਤ੍ਰੀਮਤਾਂ ਵਾਂਗ ਹਾਵੇ ਕੱਢੇ ਹਨ, ਵੈਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਧ੍ਰੀਕਾਰਿਆ ਹੈ, ਜੀਵਨ ਨੂੰ ਕੌੜਾ ਜਾਣਕੇ ਮੌਤ ਮੰਗੀ ਹੈ, ਅਰ 'ਸਦਾ ਪਿਆਰ' ਸਿਰਜਣਹਾਰ ਦੀ ਬੇ ਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾਂ, ਮੈਨੂੰ ਕਾਬਲ ਤੋਰ ਦਿਓ ਜੋ ਜਾਂ ਤਾਂ ਧੀ ਨੂੰ ਲੱਭ ਲਵਾਂ, ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ। (ਇਹ ਕਹਿਂਦੀ ਫੇਰ ਫੁਟ ਫੁਟ ਕੇ ਰੋਈ)।

ਹਿੰਮਤ ਸਿੰਘ (ਕੋਮਲਤਾ ਨਾਲ)-ਪ੍ਰਿਯ ਜੀ! ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ। ਕੁਸੰਗ ਬਹੁਤ ਵੇਰ ਤ੍ਰੀਮਤਾਂ ਦੇ ਉਦਾਲੇ ਛੇਤੀ ਆ ਜਾਂਦਾ ਹੈ, ਇਸ ਕਰਕੇ ਸੁਭਾਉ ਕਾਹਲਾ, ਹੌਲਾ ਤੇ ਨੀਵਾਂ ਹੋ ਜਾਂਦਾ ਹੈ, ਸੋ ਸਤਿਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ। ਮੋਹ ਦਾ ਜਿੱਤਣਾ ਖੇਡ ਨਹੀਂ, ਮਾਂ ਦੀ ਮਮਤਾ ਜਿੱਤਣੀ ਤਾਂ ਬਹੁਤ ਹੀ ਕਰੜੀ ਖੇਡ ਹੈ। ਤੁਸੀਂ ਰੋਏ ਹੋ, ਪਰ ਪ੍ਯਾਰ ਨਾਲ ਰੋਏ ਹੋ, ਤੁਹਾਨੂੰ ਕੋਈ ਵਲੇਵਾ ਨਹੀਂ ਹੈ ਜਿਸਨੇ ਰੁਆਇਆ ਹੋਵੇ। ਤੁਹਾਡੀ ਧੀ ਦੇ ਦੁਖਾਂ ਦਾ ਕਸ਼ਟ ਰੁਆਉਂਦਾ ਹੈ, ਹਾਂ, ਪਰ ਤੁਸੀਂ ਹੋਏ ਉਨ੍ਹਾਂ ਵਾਂਙ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ। ਤੁਸੀਂ ਵਿਰਾਗ ਉਨ੍ਹਾਂ ਵਾਂਗ ਕੀਤਾ ਹੈ, ਜੋ ‘ਗੁਰੂ ਪਿਆਰ’ ਦੀ ਛਾਂ ਤੋਂ ਖਾਲੀ ਮਨਮਤਿ ਦੇ ਰੜੇ ਵਿਚ ਤਪ ਰਹੇ ਹਨ। ਤੁਸੀਂ ਓਹਨਾਂ ਵਾਂਙ ਹਾਵੇ ਕੀਤੇ ਹਨ, ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਿਸੰਗ ਦੇ ਆਸਰੇ ਸੱਖਣੇ ਡਾਂਵਾਂਡੋਲ ਰਹਿਣ ਵਾਲੇ ਲੋਕ ਕੱਢਦੇ ਹਨ। (ਕੁਛ ਚਿਰ ਚੁਪ ​ਰਹਿਕੇ ਤੇ ਸੋਚਕੇ) ਹਾਂ, ਇਸਤ੍ਰੀ ਅਰਧੰਗਿ ਹੈ, ਜੇ ਸੁਖੀ ਹੈ ਤਾ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ।

ਫੇਰ ਵਹੁਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ:— ਲਓ ਵਿਚਾਰ ਕਰੋ। ਇਕ ਤਾਂ ਪੀ ਗਈ, ਇਕ ਅਸਾਂ ਅੱਜ ਸਿੱਖੀ ਸਿਦਕ ਨੂੰ ਵਿਦੈਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ੁਰ ਦੀ ਦਾਤ ਸੀ ਅਪਣੀ ਦਾਤ ਉਸਨੇ ਲੈ ਲਈ। ਦੁੱਖ ਹੈ ਤਾਂ ਇਹ ਹੈ ਕਿ ਖਬਰੇ ਕਿਹੜੇ ਦੁਖਾਂ ਨੂੰ ਫੜੀ ਹੋਈ ਹੋਊ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿੰਨਾਂ ਦੁਖਾਂ ਨੂੰ ਫੜੀ ਹੋਈ ਆਈ ਸੀ। ਜੇ ਓਹਨਾਂ ਦਾ ਉਪਰਾਲਾ ਸਾਡੇ ਵਸੋਂ ਬਾਹਰ ਸੀ ਤਦ ਹੁਣ ਦਾ ਬੀ ਉਸੇ ਤਰ੍ਹਾਂ ਦਾ ਹੈ। ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਘੱਤਿਆ ਹੈ। ਸੋਚ ਬਾਹਲੀ ਇਹ ਪੈਂਦੀ ਹੈ ਕਿ ਉਸਦਾ ਸਤਿ ਧਰਮ, ਉਸਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜੀਉਂਦੀ ਹੋਵੇ ਤਾਂ ਨਿਸ਼ੰਗ ਹੋਵੇ, ਇਹ ਲੈ ਕੇ ਮਰ ਗਈ ਹੋਵੇ ਤਾਂ ਨਿਸ਼ੰਗ, ਪਰ ਇਹ ਲਾਲ ਨਾ ਗੁਆ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸ ਕਦੇ ਕਮਜ਼ੋਰੀ ਨਹੀਂ ਖਾਣੀ। ਉਸ ਦੀਆਂ ਰਗਾਂ ਵਿਚ ਪਵਿੱਤ੍ਰ ਖੂਨ ਹੈ, ਉਸ ਦੇ ਦਿਲ ਵਿਚ ਸਿੱਖੀ ਦੀ ਗ਼ੈਰਤ ਤੇ ਅਣਖ ਹੈ। ਤੁਸੀਂ ਬੀ ਸਿਦਕ ਰਖੋ, ਵੇਖੋ ਜੇ ਤੁਸੀਂ ਅਪਣੇ ਜੀ ਵਿਚ ਸ਼ੱਕ ਕੀਤਾ ਕਿ ਧੀ ਖ਼ਬਰੇ ਢੈ ਪਈ ਹੋਵੇ, ਤਦ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ, ਉਸਨੂੰ ਢਹਿੰਦੀਆਂ ਕਲਾਂ ਦੀ ਲਹਿਰ ਮਾਰੇਗਾ। ਤੁਸੀਂ ਮਨ ਵਿਚ ਚੜ੍ਹਦੀ ਕਲਾ ਨੂੰ ਵਾਸ ਦਿਓ,-ਜਦ ਧੀ ਯਾਦ ਆਵੇ ਤਾਂ ਇਹ ਖਯਾਲ ਬੰਨ੍ਹੋਂ ਕਿ ਸਿਦਕ ਵਿਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾਂ ਕਰੋ ਕਿ ਹੇ ਗੁਰੂ ਜੀ! ਸਹਾਇਤਾ ਕਰੋ। ਆਖੋ 'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ'। ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾ ਦੀ ਡੋਰ ​ਚੜ੍ਹਦੀ ਕਲਾ ਵਿਚ ਰਹੇਗੀ।

'ਦਿੱਸਣ ਵਾਲੇ ਸੰਸਾਰ' ਨੂੰ ਸਭ ਕੁਛ ਨਾ ਜਾਣੋ; ‘ਨਾ ਦਿੱਸਣ ਵਾਲਾ' 'ਦਿੱਸਣ ਵਾਲੇ' ਤੋਂ ਬਹੁਤ ਵਿਸ਼ਾਲ ਹੈ। ਉਸ ਦੇ ਤ੍ਰੀਕੇ ਤੇ ਤਾਕਤਾਂ ਸੂਖਮ ਹਨ, ਪਰ ਬਲਵਾਨ। ਤੁਹਾਡੇ ਸੰਕਲਪ ‘ਨਾ ਦਿੱਸਣ ਵਾਲੇ' ਜਗਤ ਵਿਚ ਕੋਈ ਸੱਤਿਆ ਤੇ ਸਰੂਪ ਰੱਖਦੇ ਹਨ ਅਰ ਅਕਾਸ਼ ਮੰਡਲ ਵਿਚ ਤੀਰਾਂ ਵਾਙੂੰ ਚਾਲ ਰੱਖਦੇ ਤੇ ਨਿਸ਼ਾਨੇ ਤੇ ਅੱਪੜਦੇ ਹਨ, ਪੁੰਹਦੇ, ਪੁੜਦੇ ਤੇ ਅਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡਗਦੇ ਹਨ, ਸੁਆਰਦੇ ਹਨ, ਵਿਗਾੜਦੇ ਹਨ, ਚਾਹੋ ਬਹੁਤ, ਚਾਹੋ ਥੋੜ੍ਹਾ।

ਜੋ ਕੁਝ ਤੁਸਾਂ ਅੱਜ ਕੀਤਾ ਹੈ, ਉਸ ਨਾਲ ਤੁਸਾਂ ਧੀ ਬੀ ਰੋਂਦੀ ਦੇਖੀ ਹੈ। ਪ੍ਯਾਰੀ ਧੀ ਨੂੰ ਜਦ ਦੇਖੀਦਾ ਹੈ, ਚੜ੍ਹਦੀਆਂ ਕਲਾਂ ਵਿਚ ਦੇਖੀਦਾ ਹੈ। ਉਸ ਵੇਲੇ ਅਸੀਸ ਦੇਈਦੀ ਹੈ-‘ਬੱਚੀ! ਤੂੰ ਕਦੇ ਢਹਿੰਦੀਆਂ ਕਲਾਂ ਵਿਚ ਨਾ ਪਵੇਂ।' ਸਤਿਸੰਗ ਵਿਚ ਰੋਜ਼ ਏਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤੇ ਤ੍ਰੀਮਤਾਂ (ਚਾਹੋਂ ਕਿੰਨੇ ਥੋੜੇ ਹਨ) ਕੈਦ ਪਏ ਹਨ ਓਹ ਸਿੱਖੀ ਸਿਦਕ ਵਿਚ ਪੱਕੇ ਰਹਿਣ। ਸਾਨੂੰ ਸ਼ੱਕ ਨਹੀਂ ਕਿ ਸਾਡਾ ਇਕ ਬਾਲ ਬੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆਂ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੈ? ਬਾਬੇ ਬੰਦੇ ਦੇ ਨਾਲ ਅੱਠ ਸੌ ਕਿ ਹਜ਼ਾਰ ਸਿੱਖ ਕੈਦ ਪਏ ਸਨ। ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜਕੇ ਵਿਚ ਪਾ ਦਿਤੇ ਗਏ ਸਨ, ਪਰ ਕਿਸੇ ਧਰਮ ਨਹੀਂ ਸੀ ਹਾਰਿਆ। ਮੈਂ ਨਹੀਂ ਕਹਿੰਦਾ ਹੰਕਾਰ ਦਾ ਹੰਮਾਂ ਬੰਨ੍ਹੋਂ ਪਰ ਸਿਦਕ ਤੇ ਭਰੋਸਾ ਬੰਨ੍ਹੋਂ ਅਰ ‘ਸ਼ੱਕ, ਭੈ ਤੇ ਭਰਮ’ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ, ਆਪਣੇ ਆਤਮਾ ਨੂੰ ਭਰੋਸੇ ਵਿਚ ਰੱਖਦੇ ਹੋਏ ਚੜ੍ਹਦੀਆਂ ਕਲਾਂ ਵਿਚ ਹੋ ਕੇ ਉਹੋ ਪੱਕੇ ਸੰਕਲਪ ਕਰੋ, ਗੁਰੂ ਚਾਹੇ ਤਾਂ ਉਹੋ ਕੁਛ ​ਹੋਵੇਗਾ।

ਬਸੰਤ ਕੌਰ-ਸੱਚ ਹੈ, ਸੁਆਮੀ ਜੀ! ਪਰ ਆ ਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ| ਦੇਖੋ ਕੋਈ ਸੱਜਰੇ ਕੱਥੇ ਦਿਨ ਨਹੀਂ, ਪਰ ਜਿਸ ਵੇਲੇ ਰੋਟੀ ਖਾਣ ਬੈਠਾਂ ਜੀ ਕਹਿੰਦਾ ਹੈ, 'ਖਬਰੇ ਧੀ ਖਾ ਬੈਠੀ ਹੈ ਕਿ ਭੁੱਖੀ ਹੈ?' ਜਦ ਸੌਣ ਲਗਾਂ ਜੀ ਕਹਿੰਦਾ ਹੈ, 'ਖਬਰੇ ਧੀ ਰੜੇ ਵਿਚ ਹੈ ਕਿ ਸੋੜੇ?' ਦੁੱਧ ਚੋਂਦੀ ਹਾਂ ਤਾਂ ਕਹਿਂਦੀ ਹਾਂ 'ਬੱਚੀ! ਤੇਰਾ ਰਲਿਆ ਹੋ ਚੁਕਾ।' ਰੇੜਕਾ ਪਾਉਂਦੀ ਹਾਂ ਤਾਂ ਕਹਿਂਦੀ ਹਾਂ ਹੁਣ ਮੈਨੂੰ ਕੌਣ ਆਖੇ-

'ਅੰਮਾਂ ਨੀ ਤੂੰ ਘੁੰਮ ਮਧਾਣੀ,
 ਆਨੀ ਹਾਂ, ਮੈਂ, ਆਨੀ ਹਾਂ,
ਬੇਹੀ ਰੋਟੀ ਸਜਰਾ ਮੱਖਣ,
ਪੀਹੜੇ ਬਹਿਕੇ ਖਾਨੀ ਹਾਂ।

ਪਤੀ ਜੀ! ਫੇਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ, ਝੱਟ ਵਿਚਾਰ ਵਿਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰਚ ਦਿੱਤਾ ਸੀ, ਜਿਸਨੇ ਦੁੱਧ ਮੁੱਕਣ ਤੋਂ ਮੁਹਰੇ ਉਸਦੇ ਦੰਦ ਕੱਢ ਦਿੱਤੇ ਸਨ, ਉਸ ਪਰਮੇਸ਼ੁਰ ਨੇ ਕੈਦ ਪੈਣ ਤੋਂ ਪਹਿਲਾਂ ਉਸਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫੇਰ ਮੈਂ ਸੋਚਦੀ ਹਾਂ ਉਹ ਸ਼ੇਰ ਪੁਤ੍ਰੀ ਦੁੱਖਾਂ ਨੂੰ ਕੱਟ ਜਾਵੇਗੀ। ਮੈਨੂੰ ਉਸ ਪੁਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖਬਰੇ ਇਸ ਕਸ਼ਟਣੀ ਵਿਚ ਕੋਈ ਭਲਿਆਈ ਹੋਵੇ, ਵਾਹਿਗੁਰੂ ਜੋ ਕੁਝ ਕਰਦਾ ਹੈ ਸਾਡਾ ਭਲਾ ਕਰਦਾ ਹੈ, ਕੀ ਜਾਣੀਏਂ ਕਾਬਲ ਵਿਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤ ਹੀ ਕਰ ਸਕਦੀ ਹੋਵੇ, ਗੁਰੂ ਨੇ ਇਸੇ ਕਰਕੇ ਉਸ ਨੂੰ ਓਥੇ ਭੇਜਿਆ ਹੋਵੇ। ਗੁਰੂ ਦੇ ਕਾਰਜ ਗੁਰੂ ਜਾਣਦਾ ਹੈ, ਸਾਨੂੰ ਸਿਦਕ ਲੌੜੀਏ, ਐਉਂ ਸੋਚਾਂ ਤਾਂ ਮੈਂ ਤਕੜੀ ਰਹਿੰਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ ਬਹੁਤ ਦੁੱਖ ਇਸੇ ਕਰਕੇ ਕਰਦੀ ਹਾਂ ਨਾ, ਜੋ ​ਮੇਰੀ ਧੀ ਹੈ। ਅੱਗੇ ਵੀ ਕਈ ਵੇਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ, ਮੇਰੇ ਜੀ ਨੂੰ ਕੁਝ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਛ ਮੈਨੂੰ ‘ਮੇਰੀ' ਕਰਕੇ ਹੋਇਆ ਤੇ ਗੁਰੂ ਗ੍ਰੰਥ ਜੀ ਦਾ ਵਾਕ ਹੈ:-

ਜਬ ਲਗੁ ਮੇਰੀ ਮੇਰੀ ਕਰੈ॥
ਤਬ ਲਗੁ ਕਾਜੁ ਏਕ ਨਹੀ ਸਰੈ॥ [ਭੈਰ: ਕਬੀਰ

ਪਤੀ-ਸੱਚ ਹੈ ਦੁੱਖ ਤਾਂ ‘ਮੈਂ ਮੇਰੀ' ਦਾ ਹੀ ਹੈ, ਪਰ 'ਮੈਂ ਮੇਰੀ' ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ। ਪਰ ਭੁਲੇਖਾ ਬੀ ਇਕ ਏਥੇ ਹੈ ‘ਮੈਂ ਮੇਰੀ' ਦਾ ਝੂਠਾ ਤਿਆਗ ਜੋ ਲੋਕੀਂ ਜਾਣਦੇ ਹਨ, ਓਹ ਕਮਜ਼ੋਰ ਤੇ ਨਿਤਾਣੇ ਹੋ ਰਹੇ ਹਨ। ਲੋਕੀਂ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ 'ਮੈਂ ਮੇਰੀ' ਤਿਆਗ ਬੈਠੇ ਹਾਂ। 'ਮੈਂ ਮੇਰੀ ਜੋ ਦੁੱਖ ਦਾਤੀ ਹੈ ਉਸ ਦਾ ਤਿਆਗ ਕਰੀਦਾ ਹੈ। ਅਸਲ 'ਮੈਂ' ‘ਸੁੱਧ ਮੈਂ' ਤਾਂ ਆਪੇ ਦਾ ਧੁਰਾ ਹੈ, ਕੇਂਦਰ ਹੈ, ਉਸ ਨੂੰ ਵਞਾਕੇ ਕਾਹਦਾ ਸੁੱਖ।

ਤੁਹਾਨੂੰ ਜੋ ਦੁੱਖ ਉੱਠਦਾ ਹੈ, ਉਸ ਨੂੰ 'ਸ੍ਵੈ ਸਤਿਕਾਰ' ਤੋਂ ਉਸ 'ਸੁੱਚੀ ਅਣਖ' ਤੋਂ ਉਠਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਹਿੰਦੀਆਂ ਦੇ ਮਰ ਚੁਕੇ ਮਨਾਂ ਵਿਚੋਂ ਜਗਾਈ ਹੈ। ਤੁਹਾਡਾ ਜੋਸ਼ ਤੇ ਪਿਆਰ ਕਿ ਧੀ ਧਰਮ ਸ਼ਰਮ ਵਿਚ ਮਰੇ, ਇਹ ਇਕ ਸੁਹਣੀ ਉਚੀ ਅਣਖ ਹੈ, ਧਰਮ ਸਰੂਪੀ ਅਣਖ ਹੈ। ਇਹ ਇਕ ਮਾਨਸਿਕ ਜਿੰਦ ਹੈ। ਇਹ ਨਾਂ ਹੋਵੇ ਤਾਂ ਉਹ ਤੁਸਾਂ 'ਮੈਂ ਮੇਰੀ' ਨਹੀਂ ਜਿੱਤੀ, ਉਹ ਤਾਂ ਤੁਸਾਂ ਵਿਚ ਤਾਣ ਨਹੀਂ ਰਿਹਾ, ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ। ਬਾਕੀ ਰਹੀ ‘ਮੈਂ ਮੇਰੀ' ਦੀ ਅਸਲ ਜਿੱਤ, ਉਹ ਬੀ ਸਮਝ ਲਓ। 'ਮੈਂ ਮੇਰੀ' ਗੱਲਾਂ ਨਾਲ ਨਹੀਂ ਮਰ ਸਕਦੀ, ਅਨੇਕ ਸਾਧਨ ਕਰੋ ਇਹ ਜੀਉਂਦੀ ਰਹਿੰਦੀ ਹੈ। ਕਿਉਂਕਿ ​ਸਰੀਰ ਸੁਖ ਲੋੜਦਾ ਤੇ ਦੁੱਖ ਤੋਂ ਪਰੇ ਹਟਦਾ ਹੈ। ਸੁਖ ਦੇਣ ਵਾਲਿਆਂ ਨਾਲ 'ਮੈਂ' ਪਿਆਰ ਕਰਦੀ ਹੈ। ਦੁਖ ਦੇਣ ਵਾਲਿਆਂ ਨਾਲ ਸੂਗ। ਇਸ ਕਰਕੇ ਸੁਖਦਾਈ 'ਮੈਂ' ਤੇ 'ਮੇਰੀਆਂ' ਵਿਚ ਸਾਡਾ ਪਿਆਰ ਗਠਿਆ ਪਿਆ ਹੈ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਤੋਂ ਹੀ ਇਸ ਦਾ ਦਾਰੂ ਕਰਨਾ ਦੱਸਿਆ ਤੇ ਸਾਨੂੰ ਇਲਾਹੀ ਭੇਤ ਓਸ ਪਿਆਰੇ ਵਾਹਿਗੁਰੂ ਨੂੰ ਪ੍ਰੇਮ ਕਰਨ ਦਾ ਸਿਖਾਇਆ, ਜੋ ਸਾਨੂੰ ਓਸ 'ਪਿਆਰ ਸੋਮੇ' ਨਾਲ ਪਿਆਰ ਪੈ ਜਾਵੇ, ਓਸ ਨੂੰ ਅਸੀਂ ਪਿਆਰ ਕਰਦੇ ਕਰਦੇ ਓਪਰਾ ਜਾਣਨੋਂ ਹਟ ਜਾਵੀਏ ਤੇ ਹੁਣ ਜੋ ਸਾਡੇ ਤੇ ਉਹਦੇ ਵਿਚ ਵਿੱਥ ਹੈ ਦੂਰ ਹੋ ਜਾਵੇ ਤੇ ਉਸ ਨੂੰ ਅਸੀਂ ਮੇਰਾ ਯਾ ਆਪਣਾ ਸਮਝਣ ਲਗ ਪਈਏ। ਜਦੋਂ ਸਾਡੀ 'ਮੇਰੀ' ਦੀ ਤਣਾਂਵ ਉਸ ਪਿਆਰੇ ਨਾਲ ਲਗ ਗਈ ਤਦ ਉਹਨਾਂ ਪਦਾਰਥਾਂ ਦੀ 'ਮੇਰੀ' ਤੋਂ-ਜੋ ਨਹੀਂ ਰਹਿਣੇ'-ਉਚੇ ਹੋ ਕੇ 'ਵਾਹਿਗੁਰੂ ਮੇਰਾ ਹੈ' ਇਸ ਉੱਚੀ 'ਮੇਰੀ' ਵਿਚ ਪਹੁੰਚ ਪਵਾਂਗੇ। ਵਾਹਿਗੁਰੂ ਨੂੰ 'ਮੇਰਾ ਮੇਰਾ' ਕਹਿੰਦਿਆ ਜਦ ਉਸ ਪਿਆਰੇ ਦਾ ਪ੍ਰੇਮ ਸਾਡੇ ਤੇ ਆਕੇ ਨਿੱਝਰ ਧਾਰ ਵਸੇਗਾ, ਤਦੋਂ ਸਾਡੀ ਸ਼ੁੱਧ ਮੈਂ ਉਤੇ ਜੋ ਹਉਂ ਦਾ ਪਰਦਾ ਹੈ, ਹਟ ਜਾਵੇਗਾ ਅਰ ਸ਼ੁੱਧ ਹੋ ਗਈ 'ਮੈਂ' ਉਸ ਪ੍ਰੇਮ ਪੁੰਜ ਦੇ ਨਾਲ ਜੁੜ ਜਾਵੇਗੀ। ਐਉਂ ਉਹ ਬਲਵਾਨ ਹੋ ਜਾਵੇਗੀ ਅਤੇ ਉਸ ਦੇ ਮੇਲ ਦੇ ਰਸ ਵਿਚ ਸੁਖ ਮਾਣੇਗੀ। ਸੁਖੀ ਹੋ ਕੇ ਜੁੜ ਜਾਏਗੀ ਅਰ ਫੇਰ ਵਿਛੋੜਾ ਨਹੀਂ ਹੋਵੇਗਾ।

ਜੋ ਸਾਡੀ ਹੁਣ ਦੀ ਅਵਸਥਾ ਹੈ ਇਹ ਜਤਨ ਦੀ ਅਵਸਥਾ ਹੈ, ਅਰਥਾਤ ਹੰਭਲੇ ਮਾਰਨ ਦੀ ਹਾਲਤ ਹੈ। ਸਤਿਸੰਗ ਸਾਨੂੰ ਸਦਾ ਇਹੋ ਸਿਖਾਲਦਾ ਹੈ ਕਿ ਪਿਆਰੇ ਵਾਹਿਗੁਰੂ ਨੂੰ ਪਿਆਰ ਕਰੋ ਤਾਂ ਜੋ ਹੋਰ ਸਭ ਕੁਛ ਆਪੇ ਓਪਰਾ ਹੋ ਜਾਵੇ। ਦੁਨੀਆ ਦੇ ਲੋਕਾਂ ਦਾਤਾਂ ਇਹ ਹਾਲ ਹੈ 'ਸਭ ਕੁਛ ਆਪਣਾ ਇਕ ਰਾਮ ਪਰਾਇਆ' ਤੇ ਗੁਰੂ ਸਾਹਿਬ ਦੇ ਪ੍ਰੇਮਾ ਭਗਤੀ ਦੇ ਤ੍ਰੀਕੇ ਨਾਲ ਸਭ ਕਿਛ ਓਪਰਾ ਹੋ ਜਾਂਦਾ ਹੈ ਤੇ ਵਾਹਿਗੁਰੂ ​ਪਿਆਰਾ ਲੱਗਦਾ ਹੈ। ਜਦ ਵਾਹਿਗੁਰੂ ਵਧੀਕ ਪਿਆਰਾ ਹੋ ਗਿਆ ਤਦ ਹੋਰਨਾਂ ਪਿਆਰਿਆਂ ਦੀ ਖਿੱਚ ਸਾਨੂੰ ਉਸ ਤੋਂ ਵਿੱਥ ਤੇ ਲੈ ਜਾਣੋਂ ਅਸਮਰਥ ਹੋ ਜਾਂਦੀ ਹੈ। ਤੁਸੀਂ ਅਜੇ ਵਾਹਿਗੁਰੂ ਨੂੰ ਮੁੱਖ ਕਰਕੇ, ਅਰਥਾਤ ਹੋਰਨਾਂ ਪਿਆਰਿਆਂ ਤੋਂ ਵਧੀਕ ਪਿਆਰਾ ਸਮਝਕੇ ਪਿਆਰ ਘੱਟ ਕਰਦੇ ਹੋ, ਇਸੇ ਕਰਕੇ ਬੇ ਮੁਖਤਾਈ ਫੇਰੇ ਪਾ ਜਾਂਦੀ ਹੈ। ਤੁਸੀਂ ਮੋਹ ਗ੍ਰਸਿਆਂ ਦੇ ਹਾਵੇ ਨਾ ਸੁਣਿਆਂ ਕਰੋ ਤੇ ਨਾਂਹੀ ਫੋਕੇ ਗਿਆਨ ਦੀਆਂ ਗੱਲਾਂ ਸੁਣਿਆਂ ਕਰੋ। ਨੀਵੇਂ ਪਾਸੇ ਤੋਂ ਸ਼ੁਰੂ ਕਰੀਏ ਤੇ ਸਹਿਜੇ ਸਹਿਜੇ ਚੜ੍ਹੀਏ। ਤੁਸੀਂ ਸਾਰਾ ਦਿਨ ਇਸ ਵਿਚਾਰ ਵਿਚ ਰਿਹਾ ਕਰੋ ਕਿ 'ਨਾ ਦਿੱਸਣ ਵਾਲਾ ਵਾਹਿਗੁਰੂ ਹੈ'। ਤਾਂ ਜੋ ਉਸ ਦੇ 'ਹੋਣ' ਦਾ ਸੰਕਲਪ ਮਾਤ੍ਰ ਦਿਨ ਰਾਤ ਯਾਦ ਰਹਿਣ ਲੱਗ ਜਾਵੇ। ਫਿਰ ਸੋਚਿਆ ਕਰੋ 'ਕਿੱਥੇ ਹੈ!' ਤਦ ਵੀਚਾਰਿਆ ਕਰੋ 'ਜੋ ਮੇਰੇ ਨਾਲ ਹੈ', 'ਅੰਗ ਸੰਗ ਵੱਸਦਾ ਹੈ'। ਫੇਰ ਕਿਸੇ ਵੇਲੇ ਖਿਆਲ ਕੀਤਾ ਕਰੋ ‘ਸਾਡੇ ਨਾਲ ਉਸ ਦਾ ਕੀਹ ਸਨਬੰਧ ਹੈ?' ਤਦ ਸੋਚਿਆ ਕਰੋ ਜੋ 'ਉਹ ਪਿਤਾ ਹੈ, ਸਾਨੂੰ ਪਿਆਰ ਕਰਦਾ ਹੈ'। ਜਦ ਉਸ ਦੇ ਪਿਆਰ ਕਰਨੇ ਦਾ ਸੰਕਲਪ ਅੰਦਰ ਦ੍ਰਿੜ ਹੋ ਜਾਏਗਾ, ਤਦ ਸ਼ਰਧਾ ਤੇ ਪ੍ਰੇਮ ਪੱਕ ਜਾਏਗਾ, ਫੇਰ ਐਸਾ ਜੀ ਜੁੜਿਆ ਕਰੇਗਾ ਕਿ ਤੁਸੀਂ ਇਸ ਰੰਗ ਵਿਚ ਰੱਤੇ ਰਿਹਾ ਕਰੋਗੇ ਕਿ ਮਾਨੋ ਉਸ ਵਾਹਿਗੁਰੂ ਦੀ ਪ੍ਰਕਾਸ਼ ਤੇ ਆਨੰਦ ਭਰੀ ਹਜ਼ੂਰੀ ਹਰ ਵੇਲੇ ਮੇਰੇ ਉਦਾਲੇ ਹੈ। ਮਨ ਵਿਚ ਚਾਉ ਤੇ ਰਸ ਭਰਿਆ ਰਿਹਾ ਕਰੇਗਾ। ਇਸ ਤਰ੍ਹਾਂ ਨਾਲ ਜਿਸ ਨੇ 'ਮੈਂ ਮੇਰੀ' ਜਿੱਤੀ ਹੈ, ਉਸ ਤੋਂ ਸੁਤੇ ਹੀ ਜਗਤ ਦਾ ਭਲਾ ਹੁੰਦਾ ਹੈ, ਉਸ ਦਾ ਮਨ ਉੱਚਾ ਰਹਿੰਦਾ ਹੈ, ਉਸ ਦੇ ਅੰਦਰ ‘ਆਪੇ' ਦਾ ਟਿਕਾਉ ਤੇ ‘ਆਪੇ' ਦਾ ਸਤਿਕਾਰ ਵੱਸਦੇ ਹਨ। ਉਹ ‘ਜੀਉਂਦਾ’ ਹੈ, ‘ਜੀਵਾ’ ਹੋ ਜਾਂਦਾ ਹੈ, ਉੱਚੀ ਜ਼ਿਦ ਉਸ ਵਿਚ ਵੱਸਦੀ ਹੈ। ਪਰ ਇਹ ਗੱਲਾਂ ਤਾਂ ਹੀ ਫੁਰਦੀਆਂ ਤੇ ਹੋ ਆਉਂਦੀਆਂ ਹਨ ਜੇ ​ਪਹਿਲਾਂ ਬਾਣੀ ਨਾਲ ਮਨ ਸ਼ੁੱਧ ਹੋਵੇ ਤੇ ਫੇਰ ਨਾਮ ਨਾਲ ਪਿਆਰ ਪਵੇ।

ਬਸੰਤ ਕੌਰ-ਸੱਚ ਹੈ ਪਤੀ ਜੀ! ਜਿਕੂੰ ਬ੍ਰਿੱਛ ਦੇ ਚਰਨਾਂ ਵਿਚ ਕਮਜ਼ੋਰ ਵੇਲ ਉਗਦੀ ਹੈ ਤੇ ਬ੍ਰਿੱਛ ਦਾ ਆਸਰਾ ਪਾ ਕੇ ਬ੍ਰਿੱਛ ਜੇਡੀ ਉਚੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਰਬਲ ਜਗਯਾਸੂ ਆਪਣੇ ਸਤਿਸੰਗੀ ਦੇ ਲੜ ਲਗ ਕੇ ਉਸ ਦੇ ਆਸਰੇ ਹੋਕੇ ਉਚਾ ਹੋ ਜਾਂਦਾ ਹੈ। ਆਪ ਦੇ ਸਤਿਸੰਗ ਨੇ ਮੇਰਾ ਹਾਲ ਸੁਆਰਿਆ ਤੇ ਸੁਆਰਨਾ ਹੈ। ਮੈਂ ਸੱਚਮੁਚ ਮੂਰਖ ਹਾਂ ਤੇ ਅਜੇ ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਹਰਦਮ ਆਪਣੇ ਨਾਲ ਪਛਾਣਨ ਵਾਲੀ ਨਹੀਂ ਹੋਈ ਹਾਂ, ਪਰ ਆਪ ਦੀ ਦਿਆਲਤਾ, ਆਸ਼ਾ ਹੈ ਕਿ ਬਲ ਭਰ ਦੇਵੇਗੀ।

ਹਿੰਮਤ ਸਿੰਘ-ਮੈਂ ਤੇ ਆਪ ਅਜੇ ਪੱਕਾ ਨਹੀਂ, ਪਰ ਸਾਡੇ ਸਿਰ ਪਰ ਸਤਿਸੰਗ ਦੀ ਛਾਂਉਂ ਹੈ, ਇਸ ਕਰਕੇ ਘਾਬਰਨ ਦੀ ਲੋੜ ਨਹੀਂ, ਗੁਰੂ ਆਪ ਸਿਰੇ ਚਾੜ੍ਹੇਗਾ।

ਬਸੰਤ ਕੌਰ—ਜਿਸ ਘੜੀ ਬਾਣੀ ਦਾ ਰਸ ਆ ਜਾਵੇ, ਜਾਂ ਮਨ ਨਾਮ ਨਾਲ ਗੁਰੂ ਦੇ ਚਰਨਾਂ ਵਿਚ ਲੱਗਾ ਰਹੇ, ਜਾਂ ਤੁਸੀਂ ਨੇੜੇ ਹੋਵੋ, ਤਾਂ ਚਿੱਤ ਘੱਟ ਡੋਲਦਾ ਹੈ। ਜੇਕਰ ਪਿਆਰੀ ਸਤਵੰਤ ਯਾਦ ਆਉਂਦੀ ਹੈ ਤਾਂ ਪਿਆਰੀ ਲਗਦੀ ਹੈ, ਅਸੀਸ ਮੂੰਹੋਂ ਨਿਕਲਦੀ ਹੈ ਤੇ ਗੁਰੂ ਚਰਨਾਂ ਵਿਚ ਬੇਨਤੀ ਹੁੰਦੀ ਹੈ, ਦਿਲ ਢਹਿੰਦਾ ਨਹੀਂ ਤੇ ਨਹੀਂ ਆਖਦਾ 'ਕੀਹ ਹੋਵੇਗਾ?' ਪਰ ਜਦੋਂ ਸੁਰਤ ਨੀਵੀਂ ਹੋਈ ਤਦੋਂ ਹੀ ਕਟਕ ਟੁੱਟ ਪੈਂਦਾ ਹੈ, ਹਨੇਰਾ ਛਾ ਜਾਂਦਾ ਹੈ, ਕਲੇਜੇ ਖੋਹ ਪੈਂਦੀ ਹੈ ਤੇ ਕਹਿਂਦੀ ਹਾਂ ‘ਹਾਇ! ਕੀਹ ਹੋ ਗਿਆ? ਕੀਹ ਹੋ ਰਿਹਾ ਹੈ? ਕੀਹ ਹੋਵੇਗਾ?'

ਹਿੰਮਤ ਸਿੰਘ-ਪਰਮੇਸ਼ੁਰ ਨਾਲ ਪ੍ਰੀਤ ਦਾ ਇਹ ਗੁਣ ਹੈ ਜੋ ਸੁਰਤ ਉੱਚੀ ਰਹਿਣ ਲਗ ਪੈਂਦੀ ਹੈ, ਮਨ ਖੇੜੇ ਵਿਚ ਵਸਦਾ ਹੈ। ਅਸਲ ਵਿਚ ਜੋਗੀ ਜਨ ਜੋਗ ਨੂੰ ਟੋਲਦੇ ਹਨ, ਉਹ ਜੋਗ ​ਗ੍ਰਿਹਸਤ ਤੋਂ ਨਿਰਜੋਗ ਹੋਣ ਅਰਥਾਤ ਟੁੱਟ ਜਾਣ ਵਿਚ ਨਹੀਂ, ਸਗੋਂ 'ਸਾਈਂ ਸੰਗੋਗ' ਵਿਚ ਹੈ, ਅਰਥਾਤ ਪ੍ਰੀਤ ਦੀ ਇਕ ਤਾਰ ਵਿਚ ਹੈ।

ਬਸੰਤ ਕੌਰ-ਮੈਂ ਨਹੀਂ ਸਮਝੀ ਪਤੀ ਜੀ! ਜੋਗੀ ਕੌਣ ਲੋਕ? ਜੋਗੀ ਕੰਨ ਪਾਟੇ ਮੁੰਦਰਾਂ ਵਾਲੇ? ਜਾਂ ਜੋ ਸੱਪਾਂ ਦੇ ਮਾਂਦਰੀ ਬੀਨ ਵਜਾਉਂਦੇ ਗਲੀਆਂ ਵਿਚ ਆਉਂਦੇ ਹਨ?

ਪਤੀ-ਨਹੀਂ, ਤੁਸੀਂ ਕਿਸ ਪਾਸੇ ਗਏ, ਇਹ ਕੰਨ ਪਾਟੇ ਤਾਂ ਅਸਲੀ ਜੋਗੀ ਨਹੀਂ। ਇਨ੍ਹਾਂ ਦੀ ਸੰਪ੍ਰਦਾ ਗੋਰਖ ਨਾਥ ਤੋਂ ਟੁਰਕੇ ਪਹਿਲੇ ਤਪੱਸ੍ਯਾ ਹਠ ਜੋਗ ਕਰਦੀ, ਫੇਰ ਸਿੱਧੀਆਂ ਕਰਾਮਾਤਾਂ ਦੇ ਫੇਰ ਵਿਚ ਫਸਕੇ ਸ਼ਰਾਬ ਆਦੀ ਮਸਤੀਆਂ ਵਿਚ ਡਿਗਦੀ, ਉਲਟ ਫੇਰ ਖਾਂਦੀ, ਹੁਣ ਕੇਵਲ ਕਿੰਗ ਵਜਾਉਂਦੀ, ਮੰਗਤ ਹੱਦ ਤਕ ਰਹਿ ਗਈ ਹੈ। ਦੂਜੇ ਸਪਾਧੇ ਹਨ, ਓਹ ਬੀ ਜੋਗੀਆਂ ਦੇ ਹੀ ਚੇਲੇ ਸਨ, ਜੋ ਗੁੱਗੇ ਚੁਹਾਨ ਰਾਜਪੂਤ ਦੇ ਜੋਗ ਦੀ ਮਹਿਮਾ ਕਰਦੇ ਲੋਕਾਂ ਨੂੰ ਉਸ ਦੀ ਪੂਜਾ ਵਿਚ ਲਾਉਂਦੇ ਹੁੰਦੇ ਸਨ, ਪਰ ਹੁਣ ਬੇਖ਼ਬਰ ਹੋਕੇ ਨਿਰੇ ਸੱਪਾਂ ਦੇ ਖੇਲ ਦਿਖਾਕੇ ਗੁਜਾਰਾ ਟੋਰਦੇ ਹਨ। ਇਹ ਬੀ ਇਕ ਤਰ੍ਹਾਂ ਦੇ ਮੰਗਤੇ ਹੀ ਰਹਿ ਗਏ ਜਾਪਦੇ ਹਨ। ਮੈਂ ਇਹ ਯੋਗੀ ਨਹੀਂ ਆਖੇ, ਮੈਂ ਜਿਹੜੇ ਜੋਗੀ ਆਖੇ ਹਨ ਓਹ ਲੋਕ ਹਨ ਜੋ ਅਪਣੇ ਮਨ ਦੀਆਂ ਬਿਰਤੀਆਂ ਨੂੰ ਰੋਕਦੇ ਹਨ ਅਤੇ ਆਪਣੇ ਆਪੇ ਵਿਚ ਜੁੜ ਜਾਣ ਦਾ ਯਤਨ ਕਰਦੇ ਹਨ—ਯੋਗੀ।

ਬਸੰਤ ਕੌਰ-ਹੱਛਾ ਜੀ, ਮੈਂ ਹੁਣ ਸਮਝੀ, ਓਹ ਜੋ ਗੀਤਾ ਵਿਚ ਜੋਗ ਦਾ ਵੇਰਵਾ ਹੈ, ਓਹ ਜੋਗੀ ਹੈ?

ਪਤੀ-ਹਾਂ, ਓਥੇ ਕਈ ਪ੍ਰਕਾਰ ਦੇ ਯੋਗੀ ਦੱਸੇ ਹਨ। ਪਰ ਇਕ ‘ਜੋਗ ਮਾਰਗ' ਪਾਤੰਜਲ ਵਾਲਾ ਹੈ, ਤੇ ਇਕ 'ਹਠ ਯੋਗੀ' ਵੀ ਹੁੰਦੇ ਹਨ। ਇਕ ‘ਸਾਂਖ ਜੋਗੀ' ਅਰਥਾਤ 'ਗਯਾਨ ਯੋਗੀ' ਹਨ ਜੋ ਤੱਤਾਂ ਦਾ ਵਿਚਾਰ ਕਰ ਕਰਕੇ ‘ਭੋਗ ਅਨਿੱਤ ​ਹਨ’, ‘ਦੁੱਖ ਦਾ ਹੇਤੂ ਹਨ’ ਇਹ ਸੋਚ ਕਰ ਕਰਕੇ ਚਿਤ ਨੂੰ ਸਾਰੇ ਵਿਸ਼ਿਆਂ ਤੋਂ ਖਿੱਚਕੇ ਵੱਸ ਵਿਚ ਕਰਨ ਦਾ ਤਰਲਾ ਲੈਂਦੇ ਹਨ। ਓਹ ਕਹਿੰਦੇ ਹਨ ਕਿ ਦ੍ਰਿੜ੍ਹ ਤੇ ਪੱਕੇ ਸੰਸਕਾਰਾਂ ਨਾਲ ਹੀ ਸੰਸਾਰ ਤੇ ਇਹ ਸਰੀਰ ਬਣਿਆਂ ਹੈ, ਹੁਣ ਪੱਕਾ ਵੈਰਾਗ ਇਸ ਵੱਲੋਂ ਕਰਕੇ ਉਨ੍ਹਾਂ ਸੰਸਕਾਰਾਂ ਨੂੰ ਮੇਟ ਦੇਣਾ ਹੈ। ਦੂਸਰੇ ਓਹ ਯੋਗੀ, ਜੋ ਸਰੀਰ ਦੇ ਇੰਦ੍ਰਿਆਂ ਨੂੰ ਰੋਕਦੇ ਰੋਕਦੇ ਮਨ ਦੀਆਂ ਬ੍ਰਿਤੀਆਂ ਮਾਰਨ ਦਾ ਜਤਨ ਕਰਦੇ ਹਨ। ਤੁਹਾਨੂੰ ਐਉਂ ਠੀਕ ਸਮਝ ਵਿਚ ਆ ਜਾਵੇਗਾ ਕਿ ਜੇ ਮਨ ਟਿਕੇ ਤਾਂ ਸਰੀਰ ਟਿਕ ਜਾਂਦਾ ਹੈ ਤੇ ਜੇ ਸਰੀਰ ਟਿਕੇ ਤਾਂ ਮਨ ਦਾ ਟਿਕਾਉ ਹੋ ਪੈਂਦਾ ਹੈ। ਕਈ ਵੈਰਾਗ ਕਰਕੇ ਮਨ ਨੂੰ ਉਪਰਾਮਤਾ ਵਿਚ ਲਿਜਾਂਦੇ ਤੇ ਵਿਵੇਕ ਯਾ ਸੋਚ ਵਿਚ ਵਿਚਾਰ ਨੂੰ ਉੱਚਾ ਕਰਨ ਦਾ ਤਰਲਾ ਲੈਂਦੇ ਸਨ। ਖਬਰੇ ਇਸੇ ਗੱਲ ਨੂੰ ਜਪੁਜੀ ਸਾਹਿਬ ਵਿਚ 'ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ' ਲਿਖਿਆ ਹੋਵੇ। ਇਸੇ ਤਰ੍ਹਾਂ ਕ੍ਰਿਯਾ ਯੋਗ ਵਾਲੇ ਕਾਂਇਆਂ ਨੂੰ ਮਾਂਜਕੇ ਸਵਾਸਾਂ ਨੂੰ ਰੋਕਦੇ, ਚਿਤ ਦੀਆਂ ਬ੍ਰਿਤੀਆਂ ਨੂੰ ਰੋਕਣ ਦਾ ਜਤਨ ਕਰਦੇ ਸਨ। ਇਸ ਕ੍ਰਿਯਾ ਯੋਗ ਦੇ ਕਈ ਪ੍ਰਕਾਰ ਹਨ, ਹਠ, ਜੋਗ ਬੀ ਇਸੇ ਵਿਚ ਹੈ। ਜਿਸ ਦੇ ਅਨੇਕਾਂ ਸਾਧਨ ਸਰੀਰ ਦੇ ਅੰਗਾਂ ਪਰ ਵਸੀਕਾਰ ਪਾਉਣ ਦੇ ਹਨ। ਰਾਜ ਜੋਗ, ਮੰਤ੍ਰ ਜੋਗ ਆਦਿ ਬੀ ਜੋਗ ਹਨ। ਰਾਜ ਜੋਗ ਵਿਚ ਬੀ ਪ੍ਰਾਣਾਯਾਮ ਆਦਿਕ ਸਾਧਨ ਹਨ। ਪਰ ਸਾਰਿਆਂ ਜੋਗਾਂ ਦਾ ਛੇਕੜਲਾ ਜਤਨ ਇਹ ਹੈ ਕਿ ਮਨ ਦੀਆਂ ਬ੍ਰਿਤੀਆਂ ਦਾ ਟਿਕਾਉ ਹੋ ਜਾਵੇ, ਅੰਦਰ ਉਠਦੀਆਂ ਲਹਿਰਾਂ ਦੇ ਤ੍ਰੰਗ ਚੁਪ ਹੋ ਜਾਣ। ਏਸੇ ਨੂੰ ਖਬਰੇ ਜਪੁਜੀ ਸਾਹਿਬ ਵਿਚ ‘ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ' ਵਾਲੀ ਤੁਕ ਵਿਚ ਦੱਸਿਆ ਹੋਵੇ।

ਫਿਰ ਓਹ ਤਪੱਸ੍ਵੀ ਹੁੰਦੇ ਹਨ ਜੋ ਨਾਨਾਂ ਤਰ੍ਹਾਂ ਦੇ ਬ੍ਰਤ ਧਾਰਨ ਕਰਕੇ ਸਰੀਰ ਦੇ ਇੰਦ੍ਰਿਆਂ ਨੂੰ ਸਿਥਲ ਕਰਦੇ ਹਨ ਤੇ ​ਮਨ ਨੂੰ ਨਾਨਾਂ ਪ੍ਰਕਾਰਾਂ ਦੇ ਸਰੀਰਕ ਤੇ ਮਾਨਸਕ ਭੋਗਾਂ ਤੋਂ ਭੁੱਖਾਂ ਦੇ ਦੇ ਕੇ, ਤਪ ਕਰਵਾ ਕਰਵਾ ਕੇ ਜਤਨ ਕਰਦੇ ਹਨ 'ਆਪਾ' 'ਆਪੇ' ਵਿਚ ਟਿਕ ਜਾਵੇ। ਖਬਰੇ ਏਸ ਜਤਨ ਨੂੰ ਆਖਿਆ ਹੋਵੇ 'ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ'।

ਇਨ੍ਹਾਂ ਸਾਰੇ ਜਤਨਾਂ ਨਾਲ ਮਨੁੱਖ ਦਾ ਜਤਨ ਮਨੁੱਖ ਦੇ ਆਪਣੇ ਵਿਚਾਰਾਂ ਦੇ ਮੰਡਲ ਵਿਚ ਹੁੰਦਾ ਸੀ, ਮਨੁੱਖ ਆਪਣੀ ਸੋਚ ਸਮਝ ਦੀ ਹੱਦ ਦੇ ਵਿਚ ਵਿਚ ਤੇ ਨਿਰੀ ਆਪਣੀ ਟੇਕ ਦੇ ਆਸਰੇ ਆਪਣੀ ਸੱਤਯਾ, ਤਾਕਤ, ਸਮਰੱਥਾ ਦੇ ਬਲ ਜਿਤਨਾਂ ਤਾਣ ਲਾ ਲਾ ਕੇ ਜਤਨ ਕਰਦਾ ਸੀ। ਮਨ ਵਿਚ ਕਦੇ ਥੋੜ੍ਹਾ ਟਿਕਾਉ ਮਾਤ੍ਰ, ਕਦ ਉਪਰਾਮਤਾ ਦਾ ਭਾਵ, ਕਦੇ ਬੇਮਲੂਮ ਸੂਗ ਜਾਂ ਕਦੇ ਵਿਰਾਗ ਜਿਹਾ ਟਿਕ ਜਾਂਦਾ ਸੀ। ਆਪਾ ਉੱਚਾ ਹੋਕੇ ਉਚੇ ਵਿਕਾਸ਼ ਵਿਚ ਨਹੀਂ ਸੀ ਜਾਂਦਾ। ਕਿਉਂਕਿ ਮੂਲ ਵਿਚ ਲਈ ਉਦਾਸੀ ਤੇ ਗ਼ਮੀ ਜੇਹੀ ਦਾ ਰੂਪ ਲੈਕੇ ਮਨ ਦੀ ਤਹਿ ਵਿਚ ਬੈਠ ਜਾਈਦਾ ਹੈ। ਆਪਾ ਜੀਵਨ ਕਣੀ ਪਾਕੇ ਕਿ ਮਾਨੋਂ ਨਵੀਂ ਜਨਮ ਵਿਚ ਆ ਕੇ ਖੇੜਾ, ਰਜ, ਸੁਆਦ ਹਲਕਾਪਨ ਕਿਸੇ 'ਨਾ-ਦਿੱਸਦੇ' ਸੁਹਣੇ ਦੇ ਪਿਆਰ, ਲਗਾਉ, ਛੁਹ ਵਿਚ ਆਪੇ ਨੂੰ ਨਹੀਂ ਸੀ ਪ੍ਰਤੀਤ ਕਰਦਾ। ਇਹਨਾਂ ਜਤਨਾਂ ਵਿਚ ਕਈ ਵੇਰ ਭਾਰੀ ਉਖੇੜ ਵੀ ਵੱਜ ਜਾਂਦੇ ਸਨ। ਸੋਚਾਂ ਸੋਚਕੇ ਮਨ ਜੋੜਨ ਵਾਲੇ ਤਾਂ ਇਕ ਸ਼ੂਨ ਜੇਹੀ ਨੂੰ ਟਿਕਾਉ ਸਮਝਦੇ ਸਨ ਅਤੇ ਕ੍ਰਿਯਾ ਯੋਗੀ ਤਾਂ ਰਤਾ ਉਕਾਈ ਖਾਕੇ ਰੋਗੀ ਹੋ ਜਾਂਦੇ ਸੇ, ਜਾਂ ਸਿੱਧੀਆਂ ਵਿਚ ਫਸ ਨਾਟਕਾਂ ਚੇਟਕਾਂ ਵਿਚ ਰਹਿ ਜਾਂਦੇ ਸੇ ਤੇ ਕੋਈ ਇਸ ਤੋਂ ਅੱਗੇ ਲੰਘੇ ਬੀ ਤਾਂ ਮੰਨ ਲਓ ਕਿ ਉਹ ਮਾਯਾ ਤੋਂ ਛਟਕੇ ਸੁਤੰਤ੍ਰ ਪੁਰਖ ਬਣ ਜਾਵੇ ਤਾਂ ‘ਪੁਰਖ ਵਿਸ਼ੇਸ਼[12]' ​ਅਰਥਾਤ ਵਾਹਿਗੁਰੂ ਨਾਲ (ਜੋ ਕਦੇ ਬੀ ਮਾਯਾ ਵਿਚ ਨਹੀਂ ਆਯਾ) ਨਹੀਂ ਜੁੜ ਸਕਦੇ ਸਨ। ਤੀਸਰੇ ਇਕ ਭਗਤੀ ਮਾਰਗ ਵਾਲੇ ਟੁਰੇ; ਇਹ ਮੂਰਤੀ ਪੂਜਾ ਵਿਚ ਫਸਕੇ ਰਹਿ ਗਏ। ਫਿਰ ਇਨ੍ਹਾਂ ਵਿਚ ਰਾਸਾਂ, ਲੀਲ੍ਹਾ ਟੁਰ ਪਈਆਂ ਤੇ ਨਿਰੋਲ ਵਾਹਿਗੁਰੂ ਦੀ ਥੁੜ ਇਨ੍ਹਾਂ ਵਿਚ ਜਾਨ ਨਹੀਂ ਭਰਦੀ ਸੀ। ਰਸ, ਸੁਆਦ, ਅਕਹਿ ਖੇੜਾ, ਅਰਥਾਤ ਆਪੇ ਦਾ ਸਾਈਂ ਵਿਚ ਮੇਲ ਤੇ ਉਸ ਦਾ ਜੀਂਵਦਾ ਅਸਰ ਪੈਦਾ ਨਹੀਂ ਸੀ ਹੁੰਦਾ, ਇਸ ਕਰਕੇ ਸ੍ਰੀ ਗੁਰੂ ਜੀ ਨੇ ਇਕ ਤ੍ਰੀਕਾ ਐਸਾ ਸਿਖਾਇਆ ਕਿ ਜਿਸ ਨਾਲ ਠੀਕ ਤੀਰ ਨਿਸ਼ਾਨੇ ਤੇ ਬੈਠੇ, ਇਸ ਨੂੰ ਅਸੀਂ ਪ੍ਰੇਮਾ ਭਗਤੀ ਆਖਦੇ ਹਾਂ। ਇਹ ਇਕ ਨਵਾਂ ਬ੍ਰਿੱਛ ਹੈ, ਪਰ ਇਸ ਵਿਚ ਸਾਰੀ ਤਰ੍ਹਾਂ ਦੇ ਯੋਗਾਂ ਦੇ ਉਤਮ ਅੰਗ ਆਉਂਦੇ ਹਨ, ਮਾਨੋਂ ਇਕ ਬ੍ਰਿੱਛ ਨੂੰ ਜਾਨ ਪਾਕੇ ਹਰੀਆਂ ਭਰੀਆਂ ਸ਼ਾਖਾਂ ਲਾਕੇ ਸਤਿਗੁਰਾਂ ਨੇ ਫਲ ਦਾਰ ਤੇ ਫੁੱਲਦਾਰ ਕਰ ਦਿੱਤਾ ਹੈ।

ਬਸੰਤ ਕੌਰ-ਜ਼ਰਾ ਉਖੇਰੀ ਗੱਲ ਜਾਪਦੀ ਹੈ, ਕੁਛ ਸੌਖਾ ਕਰਕੇ ਸਮਝਾਓ ਨਾ ਜੀਓ, ਤ੍ਰੀਕਾ ਸਮਝਾਓ ਕਿੰਞ ਕੀਤਾ ਲੋੜੀਏ?

ਹਿੰਮਤ ਸਿੰਘ-ਸਾਰਿਆਂ ਤੋਂ ਉਚਾ ਤੇ ਸਭ ਗੁਣਾਂ ਤੋਂ ਪਰੇ ਤੇ ਪਰੇ ਤੋਂ ਬੀ ਪਰੇ ਪਰਮੇਸ਼ੁਰ ਹੈ। ਉਹ ਵਾਹਿਗੁਰੂ ਸਾਡਾ ਪਿਆਰਾ ਪਿਤਾ ਹੈ, ਸੋ ਉਸ ਨੂੰ ਸਦਾ ਮਿਹਰ ਕਰਨ ਵਾਲਾ, ਸਦਾ ਪ੍ਰੇਮ ਕਰਨ ਵਾਲਾ ਪਤਿਤ ਪਾਵਨ ਜਾਣਕੇ ਉਸ ਨਾਲ ਪਿਆਰ ਕਰਨਾ, ਇਹ ਆਪਣੇ ਜੀਵਨ ਦਾ ਲਾਹਾ ਜੀਵਨ ਦਾ ਪਰੋਜਨ-ਸਮਝਣਾ, ਇਹ ਪਹਿਲਾ ਕਦਮ ਹੈ। ਜਦ ਇਹ ਪਰੋਜਨ ਸਮਝਿਆ, ਅਰਥਾਤ ਇਹ ਕਿ ਪਰਮੇਸ਼ੁਰ ਪਿਆਰ ਸਰੂਪ ਹੈ ਅਰ ਸਾਡਾ ਪ੍ਰੀਤਮ ਹੈ, ਤਦ ਪਿਆਰੇ ਦੇ ਪਿਆਰ ਦਾ ਪਹਿਲਾ ਸਰੂਪ ਇਹ ਹੈ ਕਿ 'ਉਹ ਹਰ ਵੇਲੇ ਪਾਸ ਰਹੇ' ਜੇ ਕਦੇ ਪਿਆਰਾ ਪਾਸ ਨਾ ਹੋਵੇ ਤਦ ਫੇਰ ‘ਮਨ ਤੋਂ ਕਦੇ ਨਹੀਂ ​ਵਿਸਰਦਾ।' ਅਰਥਾਤ ਜਦ ਕਿਸੇ ਮਨੁੱਖ ਦੇ ਅੰਦਰ ਕਿਸੇ ਦਾ ਪਿਆਰ ਹੋਵੇ ਤਾਂ ਉਸ ਦੇ ਦੋ ਸਰੂਪ ਹਨ:- ੧. ਜੇ ਪਿਆਰਾ ਪਾਸ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਨਜ਼ਰੋਂ ਉਹਲੇ ਨਾ ਹੋਵੋ ਤੇ ੨, ਜੇ ਪਿਆਰਾ ਉਹਲੇ ਹੋ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਮਨੋਂ ਨਾ ਵਿਸਰੇ, ਸੋ ਪਤਾ ਲੱਗਾ ਕਿ ਵਿਛੋੜੇ ਵੇਲੇ ਯਾ ਵਿੱਥ ਵੇਲੇ ਪਿਆਰ ਦੀ ਪੱਕੀ ਨਿਸ਼ਾਨੀ, 'ਯਾਦ' ਯਾ ਸਿਮਰਨ’ ਹੈ। ਇਹ ਦੂਜੀ ਗਲ ਹੈ।

ਸੋ ਜਦ ਅਸੀਂ ਇਸ ਪਾਸੇ ਲਗੇ ਤਾਂ ਪਹਿਲੇ ਵਾਹਿਗਰੂ ਪਿਆਰੇ ਦੇ 'ਹੋਣ' ਦਾ ਫੇਰ ਉਸ ਦੇ 'ਅੰਗ ਸੰਗ ਹੋਣ' ਦਾ, ਫਰ 'ਸਾਨੂੰ ਪਿਆਰ ਕਰਨ ਵਾਲਾ ਹੋਣ' ਦਾ ਚੇਤਾ ਰਹੇਗਾ, ਉਹ ਮਾਨੋ ਸਾਨੂੰ ਵਿਸਰੇਗਾ ਨਹੀਂ।

ਬਸੰਤ ਕੌਰ-ਪਰ ਅਸਾਂ ਉਸ ਨੂੰ ਡਿੱਠਾ ਨਹੀਂ ਨਾ ਹੋਇਆ।

ਹਿੰਮਤ ਸਿੰਘ-ਇਹੋ ਤਾਂ ਮੈਂ ਦੱਸਿਆ ਹੈ ਕਿ ਡਿੱਠਾ ਨਾ ਹੋਣ ਕਰਕੇ ਸਮਝ ਲਓ ਕਿ ਪਰਦੇਸ਼ ਹੈ, ਯਾ ਐਉਂ ਸਮਝ ਲਓ ਕਿ ਉਸ ਦਾ ਰੂਪ ਰੰਗ ਨਾ ਹੋਣ ਕਰਕੇ ਸਾਨੂੰ ਉਹ ਮਾਨੋਂ ਉਹਲੇ ਹੈ। ਉਂਞ ਤਾਂ ਨੇੜੇ ਹੈ, ਪਰ ਦੀਹਦਾ ਨਹੀਂ, ਇਸ ਕਰਕੇ ਉਹ 'ਪਿਆਰਾ' ਮਾਨੋਂ 'ਪਰਦੇਸ਼ ਹੈ' ਅਰਥਾਤ ਅਸੀਂ ਪਿਆਰੇ ਤੋਂ ਵਿਛੁੜੇ ਹੋਏ ਹਾਂ। ਹੁਣ ਸੋਚ ਲਓ ਕਿ ਜੇ ਸਾਡੇ ਅੰਦਰ ਪਿਆਰ ਹੋਵੇ ਤਾਂ ਪਿਆਰਾ ਸਾਨੂੰ ਆਪਣੇ ਦਿਲੋਂ ਭੁੱਲੇਗਾ ਨਹੀਂ, ਇਸ ਗੱਲ ਨੂੰ ਉਲਟ ਲਓ ਕਿ ਜੇ ਅਸੀਂ ਉਸ ਨੂੰ ਭੁੱਲੀਏ ਨਾ ਤਾਂ ਉਹੀ 'ਯਾਦ' ਮਾਨੋਂ ‘ਪਿਆਰ' ਹੈ। ਤਾਂ ਤੇ ਯਾਦ ਵਿਚ ਰਹਿਣਾ-ਪਰਮੇਸ਼ੁਰ ਦੀ ਯਾਦ ਵਿਚ ਰਹਿਣਾ- ਉਸ ਨਾਲ ਪ੍ਰੇਮ ਕਰਨਾ ਹੈ ਕਿ ਉਹ ਹੈ, ਅੰਗ ਸੰਗ ਹੈ ਅਰ ਪਿਆਰ ਕਰਦਾ ਹੈ, ਐਉਂ ਉਸ ਨੂੰ ਯਾਦ ਰੱਖਣਾ ਚਿੱਤ ਵਿਚ ਪ੍ਰੇਮ ਨੂੰ ਵਸਾਉਣਾ ਹੈ।

ਬਸੰਤ ਕੌਰ-ਕਿਸੇ ਹੋਰ ਤਰ੍ਹਾਂ ਸਮਝਾਓ ਨਾ।

​ਹਿੰਮਤ ਸਿੰਘ--ਜੇ ਸਾਡੇ ਘਰ 'ਧ੍ਰੇਕ' ਹੈ ਤਾਂ ਇਸ ਨੂੰ ਬੀਜ ਪਵੇਗਾ 'ਧ੍ਰਿਕੋਨਾ'। ਜੋ ਸਾਡੇ ਪਾਸ ‘ਧ੍ਰਿਕੋਨਾ' ਹੈ ਇਹ ਬੀਜ ਦੇਈਏ ਤਾਂ 'ਧ੍ਰੇਕ' ਦਾ ਬੂਟਾ ਹੋ ਆਵੇਗਾ। ਇਸੇ ਤਰ੍ਹਾਂ ਜੇ ਪ੍ਰੇਮ ਸਾਡੇ ਅੰਦਰ ਲਗਾ ਹੋਇਆ ਹੈ ਤਾਂ ਉਸ ਦਾ ਸਰੂਪ ਕੀ ਹੈ ਪ੍ਰੀਤਮ ਹਰਦਮ ਯਾਦ ਰਹਿੰਦਾ ਹੈ ਤੇ ਜੇ ਅਸੀਂ ਕਿਸੇ ਦੀ ਯਾਦ ਲਗਾਤਾਰ ਅੰਦਰ ਵਸਾ ਲਈਏ ਤਾਂ ਇਹ ਯਾਦ ਪ੍ਰੇਮ ਬਣ ਜਾਏਗੀ। ਇਸ ਕਰਕੇ ਗੁਰੂ ਜੀ ਨੇ ਫੁਰਮਾਇਆ ਹੈ:-

'ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ
ਕਾ ਇਕੁ ਦਾਤਾ ਸੋ ਮੈਂ ਵਿਸਰਿ ਨ ਜਾਈ॥'

ਜੇ ਸਾਨੂੰ ਸਾਡਾ ਰੱਬ ਯਾਦ ਰਹਿਣ ਲੱਗ ਜਾਵੇ ਤਾਂ ਕਾਰਜ ਹੋ ਗਿਆ। ਜੇ ਯਾਦ ਨਾ ਰਹੇ ਤਾਂ ਫਿਰ ਉਸਦਾ ਨਾਮ ਜਪੀਦਾ ਹੈ। ਨਾਮ ਜਪਦਿਆਂ ਉਹ ਫਿਰ ਯਾਦ ਰਹਿਣ ਲੱਗ ਜਾਂਦਾ ਹੈ, ਯਾ ਇਉਂ ਕਹੋ ਕਿ ਮਨ ਵਿਚ ਵਸ ਜਾਂਦਾ ਹੈ। ਮਨ ਵਿਚ ਸਾਈਂ ਆਪਣੇ ਦੀ ਯਾਦ ਰੱਖਣਾ ਨਾਮ ਦਾ ਸਿਮਰਨ ਹੈ। ਸਿਮਰਨ ਕਰਦਿਆਂ ਉਸ ਨਾਲ ਜਾ ਮਿਲੀਦਾ ਹੈ, ਫੇਰ ਵਿੱਥ ਨਹੀਂ ਰਹਿੰਦੀ। ਇਸੇ ਸਾਰੀ ਗੱਲ ਬਾਤ ਨੂੰ ‘ਨਾਮ' ਆਖੀਦਾ ਹੈ।

ਬਸੰਤ ਕੌਰ-ਪਰ ਜੀ, ਜੋ ਕੋਈ ਐਵੇਂ ਪਿਆ ਨਾਮ ਰਟ।

ਹਿੰਮਤ ਸਿੰਘ-ਭੋਲੀਏ! ਨਾਮ ਜਪਣਾ ਜੀਉਂਦੇ ਜਾਗਦੇ ਬੰਦੇ ਨੇ ਹੈ, ਕਿਸੇ ਨਿਰਜਿੰਦ ਕੋਲੂ ਚਰਖੇ ਨੇ ਤਾਂ ਨਹੀਂ ਨਾ ਜਪਣਾ। ਜੋ ਕੰਮ ਜਿੰਦ ਵਾਲਾ ਕਰੇਗਾ ਮਨ ਤੇ ਅਸਰ ਪਏਗਾ। ਜਦ ਕਿ ਅਸਾਂ ਇਹ ਸਮਝ ਕੇ ਨਾਮ ਜਪਣਾ ਹੈ ਕਿ ਇਹ ਸਿਮਰਨ ਬਣ ਜਾਵੇ ਤੇ ਪ੍ਰੇਮ ਬਣ ਜਾਵੇ ਤਾਂ ਸਾਡੀ ਨੀਯਤ ਮਨੋਰਥ ਨੂੰ ਪਾਵੇਗੀ। ਹਾਂ, ਜੋ ਪਖੰਡ ਲਈ ਕਰਦਾ ਹੈ ਉਹ ਵੱਖਰੀ ਗਲ ਹੈ।

ਬਸੰਤ ਕੌਰ-ਊਂਈ! ਕੀਕੂੰ ਮੈਂ ਭੁਲੇਵਿਆਂ ਵਿਚ ਪੈ ਜਾਂਦੀ ਹਾਂ ਭਲਾ ਜੀ ਰੱਬ ਜ ਨਾਲ ਪ੍ਯਾਰ ਕਿਉਂ ਨਹੀਂ ਪੈਂਦਾ?

​ਹਿੰਮਤ ਸਿੰਘ—ਇਕ ਨੁਕਤਾ ਹੋਰ ਬੀ ਹੈ, ਲੋਕਾਂ ਨੇ ਵਾਹਿਗੁਰੂ ਨੂੰ ਭੈ ਦਾਤਾ, ਨਾ ਬਖਸ਼ਣ ਵਾਲਾ ਤੇ ਕਰੜਾ ਹਾਕਮ ਜਾਣ ਰੱਖਿਆ ਹੈ, ਇਸ ਕਰਕੇ ਉਸ ਨਾਲ ਪਿਆਰ ਨਹੀਂ ਪੈਦਾ ਹੁੰਦਾ। ਗੁਰੂ ਜੀ ਨੇ ਉਸਨੂੰ ਨਿਰਭਉ, ਨਿਰਵੈਰ, ਬਖਸ਼ਿੰਦ, ਪਿਤਾ, ਭਰਾਤਾ, ਸਖਾ, ਮਿਤ੍ਰ ਵਾਂਙੂ ਸਦਾ ਪਿਆਰ ਕਰਨ ਵਾਲਾ ਤੇ ਪਤਿਤ ਪਾਵਨ ਦੱਸਿਆ ਹੈ। ਇਸ ਤਰ੍ਹਾਂ ਪਰਮੇਸ਼ੁਰ ਨੂੰ ‘ਆਪੇ ਪ੍ਰੀਤਿ ਪ੍ਰੇਮ ਪਰਮੇਸਰੁ' ਸਮਝਿਆਂ ਪਰਮੇਸ਼ੁਰ ਨਾਲ ਪ੍ਯਾਰ ਪੈਣ ਵਿਚ ਸੌਖ ਹੋ ਜਾਂਦਾ ਹੈ ਤੇ ਸਾਡਾ ਝੱਕ ਖੁਲ੍ਹ ਜਾਂਦਾ ਹੈ, ਅਸੀਂ 'ਪਿਆਰ ਸਰੂਪ' ਤੋਂ ਝੱਕ, ਡਰ, ਸੰਗ ਨਾਲ ਜੋ ਦੂਰ ਰਹਿੰਦੇ ਹਾਂ ਉਸਨੂੰ ਨੇੜੇ ਹੋਕੇ ਪਿਆਰ ਕਰਨ ਲੱਗ ਪੈਂਦੇ ਹਾਂ ਅਰ ਇਸ ‘ਭੈ' ਕਰਕੇ ਕਿ ਉਹ ਕਰੜਾ ਹਾਕਮ ਹੈ, ਉਸਦੇ ਪ੍ਰੇਮ ਤੋਂ ਵਾਂਜੇ ਨਹੀਂ ਰਹਿ ਜਾਂਦੇ।

ਬਸੰਤ ਕੌਰ—ਸਾਨੂੰ ਵਾਹਿਗੁਰੂ ਸਾਈਂ ਤੋਂ ਝੱਕ ਕੇਹਾ ਹੈ? ਮੈਂ ਨਹੀਂ ਸਮਝੀ?

ਹਿੰਮਤ ਸਿੰਘ—ਉਹ ਇਹ ਗੱਲ ਹੈ ਕਿ ਪਰਮੇਸ਼ੁਰ ਨੂੰ ਅਸੀਂ ਭੈ ਦਾਤਾ, ਡਰਾਵਣਾ, ਬਦਲੇ ਲੈਣ ਵਾਲਾ ਜੇ ਸਮਝ ਬਹੀਏ ਤੇ ਆਪਣੇ ਔਗੁਣਾਂ ਨੂੰ ਅਸੀਂ ਜਾਣਦੇ ਹੀ ਹਾਂ, ਸੋ ਅੰਦਰ ਝੱਕ ਬਹਿ ਜਾਂਦਾ ਹੈ। ਸ਼ਰਮ ਆਉਂਦੀ ਹੈ ਉਸ ਅਗੇ ਅਰਦਾਸ ਕਰਦਿਆਂ, ਉਸਦਾ ਨਾਮ ਜਪਦਿਆਂ ਤੇ ਇਹ ਸਮਝਦਿਆਂ ਕਿ ਉਹ ਪ੍ਯਾਰ ਕਰੇਗਾ। ਮੰਨ ਲਓ ਕਿ ਸ਼ੇਰਨੀ ਨੂੰ ਮਨੁੱਖਾਂ ਵਾਲੀ ਸਮਝ ਮਿਲ ਜਾਵੇ। ਉਸਦਾ ਬੱਚਾ ਬੀਮਾਰ ਹੋ ਜਾਵੇ। ਦਾਰੂਆਂ ਨਾਲ ਵੱਲ ਨਾ ਹੋਵੇ। ਉਸਨੂੰ ਕੋਈ ਆਖੇ ਕਿ ਪਰਮੇਸ਼ੁਰ ਅਗੇ ਅਰਦਾਸ ਕਰ ਤਾਂ ਉਸਨੂੰ ਝੱਕ ਆਵੇਗਾ। ਪੁੱਛੋ ਤਾਂ ਕਹੇਗੀ ਕਿ ਮੈਂ ਪਰਮੇਸ਼ੁਰ ਦੇ ਅਨੇਕਾਂ ਜੀਵ ਘਾਤ ਕੀਤੇ ਹਨ, ਉਹ ਦੰਡ ਦਾਤਾ ਹੈ, ਕਰੜਾ ਨਿਆਇਕਾਰੀ ਹੈ, ਕੀਤੇ ਕਰਮਾਂ ਦੇ ਬਦਲੇ ਪੀਹੜੀਆਂ ਤਕ ਲੈਂਦਾ ਹੈ, ਮੈਂ ਕਿਸ ਮੂੰਹ ਉਸ ਅੱਗੇ ਅਰਦਾਸ ​ਕਰਾਂ। ਇਹ ਝੱਕ ਹੈ। ਤੇ ਜੇ ਸਾਨੂੰ ਸੁਮੱਤ ਹੋਵੇ ਕਿ ਪਰਮੇਸ਼ੁਰ ਇਕ ਵ੍ਯਾਪਕ ਤੇ ਚੇਤਨ ਸ਼ਕਤੀ ਹੈ ਤੇ ਉਹ ਸੁਧੀ ਨੇਕੀ ਹੈ ਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸ ਦੇ ਨੇੜੇ ਗਿਆਂ ਸਾਨੂੰ ਉਸਦੀ ਠੰਢ, ਪਯਾਰ ਦੀ ਛਾਂ ਮਿਲਦੀ ਹੈ ਤੇ ਆਪਣੇ ਕਰਮਾਂ ਦੇ ਸਾੜ ਠਰਦੇ ਹਨ ਤਦ ਸਾਨੂੰ ਅਰਦਾਸ ਕਰਦਿਆਂ, ਨਾਮ ਜਪਦਿਆਂ, ਗੁਣ ਗਾਉਦਿਆਂ, ਸ਼ੁਕਰ ਕਰਦਿਆਂ ਝੱਕ ਨਹੀਂ ਆਵੇਗਾ। ਸਮਝੇ ਹੋ?

ਬਸੰਤ ਕੌਰ―ਜੀ ਹਾਂ! ਸੁਆਦ ਆ ਗਿਆ ਹੈ।

ਹਿੰਮਤ ਸਿੰਘ―ਸੋ ਜਦੋਂ ਅਸੀਂ ਉਸਨੂੰ ਪਯਾਰ ਦਾ ਸੋਮਾ ਸਮਝ ਲਿਆ ਤਾਂ ਪਹਿਲਾ ਕਦਮ ਇਹ ਸਿਰੇ ਚੜ੍ਹ ਗਿਆ ਕਿ ਜਨਮ ਮਰਨ ਦੇ ਵਿਛੁੜੇ ਨੂੰ ਪਰਮੇਸ਼ੁਰ ਦੇ 'ਸਦ-ਬਖਸ਼ਿੰਦ' ਤੇ 'ਸੁਧਾ―ਪਯਾਰ' ਹੋਣ ਦੀ ਢਾਰਸ ਹੋ ਗਈ। ਜਦ ਸਭ ਤੋਂ ਪਿਆਰੀ ਚੀਜ਼ ਪਿਆਰੀ ਲਗੀ ਤਦ ਚਿੱਤ ਦੀ ਰੁਚੀ ਉਸ ਦੇ ਚਰਨਾਂ ਵੱਲ ਰੁਖ਼ ਕਰ ਗਈ ਤੇ ਉਸ ਨਾਲ ਅੱਠ ਪਹਿਰੀ ਲਗਾਉ ਅੰਦਰਲੇ ਦਾ ਹੋ ਗਿਆ। ਇਉਂ ਸਮਝੋ ਕਿ ਜਦੋਂ ਸਾਡਾ ਅੰਦਰਲਾ―ਸਾਡਾ ਆਪਾ―ਸਾਂਈਂ ਦੀ ਯਾਦ (ਪ੍ਯਾਰ) ਦੇ ਲਗਾਉ ਵਿਚ ਰਹਿਣ ਲੱਗ ਪਿਆ ਤਾਂ ਪਰਮੇਸ਼ੁਰ ਜੀ ਨਾਲ ਜਾ ਲੱਗਾ। ਫਿਰ ਪਰਮੇਸ਼ੁਰ ਜੀ ਦੀ ਸੁਖਭਰੀ ਰੌ ਸਾਡੇ ਵਿਚ ਆਉਣ ਲੱਗ ਪਈ। ਅਰਥਾਂਤ ਸਾਡੇ ਪਿਆਰ ਉਪਰ ਉਸਦਾ ਪਿਆਰ ਢੁਰ ਪਿਆ। ਗੁਰੂ ਜੀ ਦੇ 'ਪ੍ਰੇਮ-ਦਰਸ਼ਨ' ਦਾ ਇਹ ਸੂਤ੍ਰ ਸੁਣੋਂ ਤੇ ਸਮਝੋਂ:―

'ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭ ਵਿਸਾਰਣਾ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ॥੨॥'

​ਅਰਥਾਤ—ਹੇ ਮੇਰੇ ਮਨ! ਤੂੰ ਸਦਾ ਪਰਮੇਸ਼ੁਰ ਜੀ ਦੇ ਨਾਲ ਰਹੁ। ਨਾਲ ਰਹੀਦਾ ਹੈ 'ਯਾਦ' ਨਾਲ। ਜਿਵੇਂ ਮੈਂ ਹੁਣ ਦੱਸ ਚੁਕਾ ਹਾਂ ਕਿ 'ਯਾਦ' ਨਾਲ ਸੁਰਤ ਭੈ ਤੇ ਭਰਮ ਦੇ ਖੂਹ ਵਿਚੋਂ ਨਿਕਲਕੇ, ਸਿਦਕ, ਭਰੋਸੇ ਦੇ ਖੰਭਾਂ ਨਾਲ ਉੱਡਕੇ ਚੜ੍ਹਦੀ ਕਲਾ ਦੇ ਵੇਗ ਨਾਲ ਪ੍ਰੇਮ ਅਟਾਰੀ ਤੇ ਜਾ ਚੜ੍ਹਦੀ ਹੈ ਤੇ ਜੀਵਨ ਦਾ ਰਸ ਆ ਜਾਂਦਾ ਹੈ[13]।

ਪ੍ਰੇਮ ਦਾ ਸਰੂਪ ਹੈ 'ਯਾਦ', 'ਯਾਦ' ਦਾ ਫਲ ਹੈ 'ਪ੍ਰੇਮ'। ਅਰਥਾਤ ਜੇ ਅੰਦਰ ‘ਪ੍ਰੇਮ' ਹੈ ਤਾਂ ਪਿਆਰਾ 'ਯਾਦ' ਰਹਿੰਦਾ ਹੈ ਤੇ ਜੋ ਅੰਦਰ 'ਯਾਦ' ਹੈ ਤਾਂ ਪਿਆਰੇ ਦਾ 'ਪਿਆਰ' ਅੰਦਰ ਆ ਰਿਹਾ ਹੈ। ਪਿਆਰਾ ਅਸਲ ਵਿਚ ਕਦੇ ਦੂਰ ਨਹੀਂ ਸੀ। ਕੇਵਲ ‘ਭੁੱਲ ਦੇ ਪਰਦੇ’ ਕਰਕੇ ਦੂਰ ਜਾਪਦਾ ਸੀ, 'ਭੁੱਲ' ਹਉਮੈਂ ਤੋਂ ਪੈਂਦੀ ਹੈ, ‘ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ[14]। ਸੋ ਜਦ ਭੁੱਲ ਨੂੰ ਯਾਦ ਨੇ ਤੋੜਿਆ ਤਾਂ ਪਿਆਰਾ ਜੋ ਪਾਸ, ਸੀ ਪਾਸ ਹੀ ਮਿਲ ਪਿਆ। ‘ਯਾਦ` ਨਾਲ ਵਿੱਥ ਹਟੀ ਤਾਂ ਮੇਲ ਹੋ ਗਿਆ। ਸੋ 'ਯਾਦ'—‘ਲਗਾਤਾਰੀ ਯਾਦ'—'ਮੇਲ' ਹੈ।

ਜੀਕੂੰ ਸੱਜਣ ਸੱਜਣ ਦਾ ਅੰਗ ਪਾਲਦਾ ਹੈ ਤਿਵੇਂ ਪਰਮੇਸ਼ੁਰ ਅਪਣੇ ਪਿਆਰੇ ਦਾ ਅੰਗ ਕਰਦਾ ਹੈ ਪ੍ਰੇਮ ਕਰਦਾ ਹੈ,ਅਰਥਾਤ ਜਦ ਅਸੀਂ ਮਨ ਨੂੰ ਉਸ ਸਾਈਂ ਨਾਲ ਲਾਈ ਰੱਖਿਆ ਤਾਂ ਉਸਨੇ ਅਪਣਾ ਪਿਆਰ ਤੇ ਸੁਖ ਰਸ ਸਾਨੂੰ ਆਪੇ ਦੇਣਾ ਹੈ[15]। ​ਫੇਰ ਸਾਡੇ ਦੁਖ ਦੂਰ ਹੋ ਜਾਣਗੇ। ਓਹ ਦੁਖ ਜੋ ਉਸ ਨਾਲ ਵਿਛੋੜੇ ਕਰਕੇ ਪਏ ਹਨ, ਨਾਲੇ ਓਹ ਦੁੱਖ ਜੋ ਜਗਤ ਵਿਚ ਸਾਨੂੰ ਵਾਪਰਦੇ ਹਨ, ਸਭ ਦੂਰ ਹੋਣਗੇ, ਕਿਉਕਿ ਉਹ ਸਾਡੇ ਨਾਲ ਅੰਗੀਕਾਰ ਕਰੇਗਾ, ਦਾਸ ਜਾਣਕੇ ਅੰਗ ਪਾਲੇਗਾ, ਸਾਡੇ ਸਾਰੇ ਕੰਮ ਸਵਾਰੇਗਾ, ਕਿਉਕਿ ਉਹ ਸਮਰੱਥ ਹੈ। ਇਸ ਸੰਸੇ ਦੀ ਲੌੜ ਹੀ ਨਹੀਂ ਕਿ 'ਸੁਆਰ ਸਕੇਗਾ ਕਿ ਨਹੀਂ', ਉਹ 'ਸਦਾ ਸਮਰੱਥ' ਸਦਾ ਸੁਆਰੇਗਾ। ਤਾਂ ਤੇ ਏਸ ਪਰੇਮ ਯੋਗ ਨਾਲ, ਯਾਦ ਦੁਆਰੇ ਸਾਈਂ ਨਾਲ ਜੁੜੇ ਰਹਿਣ ਨਾਲ, ਅਰਥਾਤ ਪਰਮੇਸ਼ੁਰ ਨਾਲ ਅੰਦਰੋਂ ਲੱਗੇ ਰਹਿਣ ਕਰਕੇ ਹੋਰਨਾਂ ਨਾਲ-ਜੋ ਪਰਮੇਸ਼ੁਰ ਦੀ ਪ੍ਰੀਤਿ ਤੋਂ ਰੋਕਣ ਵਾਲੇ ਹਨ-ਆਪੇ ਮਨ ਵਿਚ ਵਿੱਥ ਪੈ ਜਾਵੇਗੀ। ਇਹ ਜੋ ਪਰਮੇਸ਼ੁਰ ਤੋਂ ਛੁੱਟ ਦੂਏ ਹਨ, ਇਨ੍ਹਾਂ ਨਾਲ ਵਿੱਥ ਦਾ ਨਾਮ ਹੀ ਵੈਰਾਗ ਹੈ[16]। ਇਸ ਵੈਰਾਗ ਨਾਲ ਬਾਹਰਲੇ ਸੰਨ੍ਯਾਸ ਦੀ ਲੋੜ ਬੀ ਉੱਡ ਗਈ। ਸੁਖ ਦਾ ਰਸਤਾ ਤੇ ਸਾਈਂ ਦਾ ਰਾਹ ਜੋ ਅੱਗੇ ਖੁਸ਼ਕ ਤੇ ਖ਼ਤਰਿਆਂ ਵਾਲਾ ਸੀ, ਠੰਢਾ, ਛਾਂ ਦਾਰ, ਮਿੱਠਾ, ਰਸਦਾਰ ਤੇ ਪਿਆਰਾ ਬਣ ਗਿਆ।

ਬਸੰਤ ਕੌਰ-ਹੁਣ ਸਮਝਿਆ, 'ਇਸ ਅੰਦਰਲੇ ਦੇ ਸਾਂਈਂ ਨਾਲ ਲਗਾਤਾਰੀ ਲਗਾਉ ਲੱਗੇ ਰਹਿਣ ਨਾਲ' ਹੋਰ ਸਾਰੇ ਗੁਣ ਆ ਜਾਣਗੇ ਤੇ ਸਾਰੇ ਫਲ ਲਗ ਪੈਣਗੇ।

ਹਿੰਮਤ ਸਿੰਘ-ਹਾਂ! ਜਦ ਵਾਹਿਗੁਰੂ ਨਾਲ ਪ੍ਰੀਤ ਹੋਈ ਤਾਂ ਸੰਸਾਰ ਨੂੰ ਮਾੜਾ ਤੇ ਭੈੜਾ ਕਹਿਣ ਤੋਂ ਬਿਨਾਂ ਹੀ ਸੰਸਾਰ ਵਿੱਥ ਤੇ ਹੋ ਗਿਆ, ਅਰਥਾਤ ਮਨੁੱਖ ਜਗਤ ਦੇ ਕੰਮ ਕਰਦਾ ​ਹੋਇਆ ਇਸ ਦੀ ਕਾਲਖ ਵਿਚ ਫੇਰ ਫਸਦਾ ਨਹੀਂ। ਇਹ ਸੁਤੇ ਵੈਰਾਗ ਹੋ ਗਿਆ। ਪਰ ਨਾ ਘਰ ਬਾਰ, ਇਸਤ੍ਰੀ, ਪਦਾਰਥ ਛੱਡਣੇ ਪਏ, ਨਾ ਬਨਾਂ ਵਿਚ ਜਾਕੇ ਦੁੱਖ ਭੋਗਣੇ ਪਏ। ਘਰ ਬੈਠਿਆਂ ਵੈਰਾਗ ਹੋ ਗਿਆ। ਇਸ ਤਰ੍ਹਾਂ ਸਮਝ ਲਓ ਕਿ ਜਦ ਅੰਦਰਲੇ ਦਾ ਰੁਖ਼ ਯਾ ਝੁਕਾਉ ਯਾ ਲਗਨ ਪਰਮੇਸ਼ੁਰ ਵੱਲ ਰਹਿੰਦੀ ਹੈ ਤਾਂ ਇਹ ਹੋਇਆ ਕੀਹ? ‘ਧਿਆਨ'। ਹਠ ਵਾਲਾ, ਮੂਰਤ ਬੰਨ੍ਹਣ ਵਾਲਾ ਧਿਆਨ ਨਾ, ਸਗੋਂ ਸਹਿਜ ਧ੍ਯਾਨ- ਜੀਉਂਦਾ ਜਾਗਦਾ, ਖਿੱਚ ਵਾਲਾ, ਪਿਆਰ ਵਾਲਾ ਧਿਆਨ- ਰੱਬ ਵਲ ਲੱਗਾ ਰਿਹਾ:—

'ਗੁਰਮੁਖਿ ਲਾਗੈ ਸਹਜਿ ਧਿਆਨੁ॥'

ਇਹ ਧਿਆਨ ਅੰਦਰਲੇ ਦਾ ਰੌ ਹੋਵੇਗਾ ਸਾਈਂ ਵਲ। ਤਵੱਜੋ ਕਹੋ, ਫਿਕਰ ਕਹੋ, ਖ੍ਯਾਲ ਦਾ ਰੋ ਕਹੋ, ਇਹ ਸਾਈਂ ਵਲ ਟੁਰਿਆ ਰਹੇਗਾ। ਜੋ ਲਗਾਤਾਰੀ ਹੋਕੇ ਲਿਵ ਅਖਵਾਏਗਾ।

ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਤੇ ਐਬ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤ੍ਰ ਹੈ, ਓਸ ਨੂੰ ਮਾੜੇ ਕੰਮ ਪਸੰਦ ਨਹੀਂ ਹਨ, ਇਸ ਲਈ ਪਿਆਰੇ ਦੇ ਸੁਭਾਵ ਅਨੁਸਾਰ ਵਰਤਾਉ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦਿਆਂ ਅੰਦਰ ਇਕ ਸਫਾਈ, ਸਵੱਛਤਾਈ ਦਾ ਭਾਵ ਉਪਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੁਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘਟਦੀ ਹੈ ਤੇ ਮੈਲ ਮੈਲ, ਧੂੜ ਧੂੜ ਆ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਤੇ ਪੀੜ ਦੇਂਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝੱਕਦਾ, ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ ਦੇ ਸਾਰੇ ਸਾਧਨ ਸੁਖ ਨਾਲ ਹੁੰਦੇ ਜਾਂਦੇ ਹਨ, ਵਿਚਾਰ ਲਓ ਕਿ ​ਜਦੋਂ ਪਰੇਮੀ ਪਿਆਰੇ ਦੇ ਰੰਗ ਵਿਚ ਰੱਤੇ ਜਾਂਦੇ ਹਨ, ਸੁਰਤ ਸਦਾ ਚੜ੍ਹੀ ਰਹਿੰਦੀ ਹੈ, ਚੜ੍ਹੀ ਸੁਰਤ ਵਾਲਾ ਬਿਨਾਂ ਜਤਨ ਦੇ ਮਾੜੇ ਕਰਮਾਂ ਤੋਂ ਅਲੇਪ ਰਹਿੰਦਾ ਹੈ। ਵੈਰਾਗ ਉਸਦੇ ਅੰਗ ਅੰਗ ਵਿਚ ਹੁੰਦਾ ਹੈ, ਪਰ ਬੇਮਲੂਮ ਹਰਦਮ ਲਗੇ ਰਹਿਣ ਕਰਕੇ ਅੱਭਯਾਸ ਉਸਦੀ ਰਗ ਰਗ ਵਿਚ ਵੱਸਦਾ ਹੈ, ਪਰ ਸਹਿਜ ਸੁਭਾ। ਉਸ ਪਰੇਮ ਰੰਗ ਦੇ ਮੱਤੇ ਨੂੰ ਗਿੜਾ ਘੱਟ ਹੁੰਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜ੍ਹਤਾ ਵਿਚ ਨਹੀਂ ਢਹਿੰਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ:—‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ॥' ਸਿੱਧੀਆਂ ਨੂੰ ਧ੍ਰਿਗ ਧ੍ਰਿਗ ਕਹਿ ਕੇ ਇਨ੍ਹਾਂ ਵਿਚ ਫਸਦਾ ਨਹੀਂ, ਸਗੋਂ ਅੱਗੇ ਟੁਰੀ ਜਾਂਦਾ ਹੈ, ਸੋ ਇਸ ਮਾਰਗ ਦੇ ਟੁਰਨ ਵਾਲੇ ਦਾ ਆਚਰਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਹ ਉਸਨੂੰ ਦੂਰ ਕਰਦਾ ਹੈ। ਉਹ ਉਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਨ ਦੀ ਬਣਾਉਂਦਾ ਹੈ। ਫਿਰ ਉਸਨੂੰ ਇਕ ਹੋਰ ਤਜਰਬਾ ਉਸਤਾਦ ਹੋ ਢੁੱਕਦਾ ਹੈ। ਉਸ ਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀਆਂ ਦੁੱਖ ਹੁੰਦੇ ਹਨ, ਉਹ ਉਸਨੂੰ ਬੜੇ ਚੁਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਨਾਲ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸ ਨੂੰ ਹੋਰਨਾਂ ਰਸਾਂ ਵਿਚ ਪੈਣ ਨਹੀਂ ਦੇਂਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕੇ ਹਨ:—

"ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ॥”

ਸੋ ਉਚੇ ਰਸ ਵਿਚ ਰੱਤਾ ਓਹ ਇਨ੍ਹਾਂ ਨੀਵੇਂ ਰਸਾਂ ਕਸਾਂ ਵਿਚ ਨਹੀਂ ਫਸਦਾ। ਇਸ ਤਰ੍ਹਾਂ ਇਹ ਗੁਰਮੁਖਾਂ ਦਾ ਗਾਡੀ ਰਾਹ ਬਹੁਤ ਸੁਆਦਲਾ, ਖ਼ਤਰੇ ਤੋਂ ਸਾਫ ਤੇ ਸਿੱਧਾ ਪੱਧਰਾ, ਖੇੜੇ ਵਾਲੇ ਸਾਈਂ ਦੇਸ਼ ਨੂੰ ਲੈ ਜਾਂਦਾ ਹੈ।

ਬਸੰਤ ਕੌਰ-ਪਤੀ ਜੀ! ਜਿਸ ਰਸਤੇ ਵਿਚ ਪ੍ਰੇਮ ਨਹੀਂ ​ਉਸ ਵਿਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸਦੇ ਮਿਲਨ ਦੇ ਸਾਧਨਾਂ ਵਿਚ ਰਸ ਤੇ ਉਤਸ਼ਾਹ ਕਿੱਥੇ ਹੈ?

ਹਿੰਮਤ ਸਿੰਘ-ਸਿੱਧੀ ਗਲ ਹੈ, ਜਦ ‘ਚੇਤੰਨ ਆਤਮਾ' (ਸਾਡੀ ਰੂਹ) ਨੇ 'ਚੇਤੰਨ ਵਾਹਿਗੁਰੂ' ਨੂੰ ਮਿਲਨਾ ਹੈ ਤਾਂ ਉਸਦਾ ਮਿਲਾਪ ਕਿਸੇ 'ਚੇਤੰਨ ਸਾਧਨ' ਬਿਨਾਂ ਕੀਕੂੰ ਹੋ ਸਕਦਾ ਹੈ? ‘ਚੇਤੰਨ ਸਾਧਨ' ਹੈ ‘ਪਰੇਮ' ਸੋ ਪਰੇਮ ਤੋਂ ਬਿਨਾਂ ਮਿਲਾਪ ਹੀ ਕੀਹ ਹੈ?

ਬਸੰਤ ਕੌਰ-ਠੀਕ ਹੈ ਜੀ। ਹਾਂ ਮੈਨੂੰ ਸਮਝ ਤਾਂ ਨਹੀਂ ਹੈ, ਪਰ ਮੋਟੀ ਜੇਹੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ ਕਿ ਜੇ ਇਕ ਤੀਮੀਂ ਤੇ ਇਕ ਪੁਰਖ ਕੋਲੋ ਕੋਲੋ ਬਹਾ ਦਿਤੇ ਜਾਣ ਤਦ ਉਸਦਾ ਨਾਉਂ ਮਿਲਾਪ ਤਾਂ ਨਹੀਂ ਹੈ। ਜੇ ਦੁਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿਚੇ ਹੋਏ ਹੋਣ ਤਦ ਪਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਤੇ ਉਸਦਾ ਸਾਧਨ ਇਕ ਖੁਸ਼ਕ ਕੰਮ ਹੈ ਅਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ‘ਮੁਰਦਾ ਸਾਧਨ' ਹੈ, ਜਿਸ ਵਿਚ ਜਿੰਦ ਜਾਨ ਜਾਂ ਰੂਹ ਨਹੀਂ ਹੈ, ਉਹ ਸਾਡੇ ਗਯਾਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖਲਾ ਨਹੀਂ ਹੈ ਨਾ।

ਹਿੰਮਤ ਸਿੰਘ-ਠੀਕ ਹੈ। ਇਸ ‘ਨਾਮ' ਤੋਂ ਬਿਨਾ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟਪਲੇ ਖਾਂਦੇ ਤੇ ਦੇਂਦੇ ਹਨ। ਓਹ ਖ੍ਯਾਲ ਕਰਦੇ ਹਨ ਕਿ ਬਸ ਐਉਂ ਜਾਣ ਲਿਆ ਕਿ ਮੈਂ ਤੇ ਪਰਮੇਸ਼ੁਰ ਜਾਗਤੀ ਜੋਤ ਹਾਂ, ਕਲ੍ਯਾਨ ਹੈ। ਪਰ ਗ੍ਯਾਨ ਤਾਂ ਹੈ ਜਾਣ ਲੈਣਾ ਤੇ ਪਰੇਮ ਹੈ ਪਾ ਲੈਣਾ। ਗ੍ਯਾਨ ਨਾਲ ਪਾਇਆ ਤਾਂ ਨਹੀਂ ਜਾਂਦਾ ਕਿਉਂਕਿ ਸੋਚਣਾ, ਜਾਣਨਾ ਤਾਂ ਮਨ ਦੇ ਧਰਮ ਹੈਨ। ਮਨ ਦਾ ਜਾਣਨਾ ਤਾਂ ਹਦਬੰਦੀ ਵਾਲਾ ਗ੍ਯਾਨ ਹੈ। ​ਨਾਮ ਦੇ ਅਭਯਾਸ ਨਾਲ ਮਨ ਦਾ ਰੁਖ਼ ਪਲਟੇ, ਜੋ ਬਾਹਰ ਨੂੰ ਦੇਖਦਾ ਹੈ ਅੰਦਰ ਨੂੰ ਉਲਟੇ ਤਾਂ ਆਪਣਾ ਟਿਕਿਆ ਹੋਇਆ ਆਪਾ ਸਾਈਂ ਨੂੰ ਅਨੁਭਵ ਕਰੇ, ਅਰਥਾਤ ਅਸਲੀ ਗ੍ਯਾਨ ਨੂੰ ਪਾਵੇ ਜੋ ਗ੍ਯਾਨ ਕਿ ਆਤਮਾ ਦਾ ਗ੍ਯਾਨ ਹੈ। ਉਹ ਜਾਣਨਾ ਮਾਤ੍ਰ ਤਾਂ ਨਹੀਂ, ਉਹ ਤਾਂ 'ਤੱਤ' ਦਾ ‘ਪਰਮ ਤੱਤ' ਨੂੰ ਮਿਲ ਪੈਣਾ ਹੈ, ਜੈਸੇ ਮਹਾਂ ਵਾਕ ਹੈ:- ‘ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ'। ਸਾਈਂ ਦ੍ਰਿਸ਼ਟਮਾਨ ਨਹੀਂ ਨਾਂ, ਦ੍ਰਿਸ਼ਟਮਾਨ ਤਾਂ ਸਤਿਗੁਰ ਨੇ ਮਿਥਿਆ ਕਿਹਾ ਹੈ ਤੇ ਉਹ ਸੱਤ ਹੈ।

ਬਸੰਤ ਕੌਰ-ਕਿਸੇ ਮੋਟੀ ਤਰ੍ਹਾਂ ਸਮਝਾਓ ਨਾ।

ਹਿੰਮਤ ਸਿੰਘ-ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿਚ ਬੱਚਾ ਬੈਠਾ ਹੈ, ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖਕੇ ਉਨ੍ਹਾਂ ਵਿਚ ਮੋਹਿਤ ਤੇ ਮਸਤ ਬੈਠਾ ਹੈ। ਉਸਨੂੰ ਮਾਂ ਦਾ ਚੇਤਾ ਬੀ ਨਹੀਂ ਰਿਹਾ। ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੁਰਤ ਨੂੰ ਖਿਡੌਣਿਆਂ ਵਿਚੋਂ ਕੱਢੀਏ, ਪਿਛਲੇ ਪਾਸੇ ਉਲਟਾਈਏ ਤਾਂ ਉਸਨੂੰ ਸੋਝੀ ਆਵੇ ਕਿ ਮਾਂ ਹੈ, ਮੈਨੂੰ ਪ੍ਯਾਰ ਕਰ ਰਹੀ ਹੈ, ਤੇ ਮੈਂ ਉਸਦੀ ਗੋਦ ਵਿਚ ਬੈਠਾ ਹਾਂ, ਮੇਰੀ ਪਿੱਠ ਉਸਦੇ ਨਾਲ ਲੱਗ ਕੇ ਸੁਖ ਲੈ ਰਹੀ ਹੈ। ਉਸਨੂੰ ਮਾਂ ਦਾ ਹੁਣ ਗ੍ਯਾਨ ਹੋਇਆ ਹੈ, ਇਹ ਗ੍ਯਾਨ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਕਿ ਜਿਸ ਤਰ੍ਹਾਂ ਨਾਲ ਕਿ ਉਸ ਨੂੰ ਖਿਡਾਉਣਿਆਂ ਦਾ ਹੋ ਰਿਹਾ ਸੀ। ਇਸ ਤੋਂ ਸਮਝ ਲਓ ਕਿ ਪਰਮੇਸ਼ੁਰ ਦਾ ਗਿਆਨ, ਖਿਡਾਉਣਿਆਂ ਦੇ ਗਯਾਨ ਵਰਗਾ ਨਹੀਂ ਪਰ ਬੱਚੇ ਨੂੰ ਖਿਡਾਉਣਿਆਂ ਤੋਂ ਪਰਤਕੇ ਪਿਛਲੇ ਪਾਸੇ (ਅੰਤਰ ਮੁਖ ਹੋ ਕੇ) ਪ੍ਰਾਪਤ ਹੋਏ ਮਾਂ ਦੇ ਗ੍ਯਾਨ ਵਰਗਾ ਗ੍ਯਾਨ ਹੈ। ਇਕ ਹੋਰ ਤਰ੍ਹਾਂ ਸਮਝੋ।

ਬਸੰਤ ਕੌਰ-ਓਹ ਕਿੱਕੂੰ।

ਹਿੰਮਤ ਸਿੰਘ-ਜਿਕੂੰ ਨਜ਼ਰ ਸਭ ਕੁਝ ਦੇਖਦੀ ਹੈ, ਪਰ ​ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਙੂ ਅੱਖਾਂ ਦੇ ਸਾਹਮਣੇ ਕਰਕੇ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ‘ਦੇਖਣਹਾਰ' ਹਾਂ, ਇਸ ਕਰਕੇ ਨਜ਼ਰ ਦਾ ਗ੍ਯਾਨ ਤਾਂ ਦੇਖਣ ਵਾਲੇ ਨੂੰ ਅਪਣੀ ਦੇਖਣਹਾਰੀ ਦਸ਼ਾ ਵਿਚ ਹੈ। ਸੋ ਇਸੇ ਤਰ੍ਹਾਂ ਪ੍ਰਿਯਾ ਜੀ! ਪਹਿਲੇ ‘ਅਪਣੇ ਸਰੂਪ ਦਾ' ਟਿਕਾਉ ਹੁੰਦਾ ਹੈ। ਇਥੇ ਜੋਗ ਵਾਲੇ ਅਟਕ ਜਾਂਦੇ ਹਨ। ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਐਉਂ ਟਿਕਿਆ ਹੈ, ਇਸ ਦੇ ਪਿਛੇ ਕੋਈ ਹੋਰ ਦੇਖਣਹਾਰ ਹੈ।

ਬਸੰਤ ਕੌਰ-ਮੋਟਾ ਕਰਕੇ ਦੱਸੋ?

ਹਿੰਮਤ ਸਿੰਘ-ਤੁਸੀਂ ਇਕ ਮੂਰਤ ਨੂੰ ਤੱਕ ਰਹੇ ਹੋ। ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਅਪਣੀ ਅੱਖ ਨਹੀਂ ਦੇਖ ਰਹੇ ਹੋ, ਉਂਞ ਅਨੁਭਵ ਕਰ ਰਹੇ ਹੋ ਕਿ ਅੱਖ ਹੈ। ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡ ਕੇ ਆਪੇ ਵਿਚ ਟਿਕ ਗਏ, ਜੋਗ ਏਥੇ ਬੱਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਅਪਣਾ ਆਪ ਹੈ, ਜੋ ਨਜ਼ਰ ਸ਼ਕਤੀ ਨੂੰ ਅੱਖ ਵਿਚ ਭੇਜਕੇ ਅੱਖ ਨੂੰ ਦ੍ਰਿਸ਼ਟਮਾਨ ਦਾ ਦੇਖਣਹਾਰ ਬਣਾਉਂਦਾ ਹੈ, ਪਰ ਆਪ ਉਹ ਉਸ ਦੇ ਬੀ ਪਿਛੇ ਦੇਖਣਹਾਰ ਹੈ, ਅਰਥਾਤ ਸਾਡਾ ਆਪਾ ਜਗਤ ਦਾ ਦੇਖਣਹਾਰ ਹੈ ਤੇ ਸਾਡੇ ਪਿੱਛੇ ਸਾਡਾ ਤੇ ਜਗਤ ਦਾ ਦੇਖਣਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸ ਤਰ੍ਹਾਂ ਸਾਡੇ ‘ਆਪੇ’ ਨੂੰ ‘ਤੱਤ' ਤੇ ਵਾਹਿਗੁਰੂ ਦੇ ਆਪੇ ਨੂੰ ‘ਪਰਮ ਤੱਤ' ਕਹਿਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਯਥਾ-'ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ'। ਸੋ ਅਸਾਂ ਸਿਮਰਨ ਦੁਆਰਾ ਦ੍ਰਿਸ਼ਟਮਾਨ ਤੋਂ ਉੱਠਕੇ ਆਪੇ ਵਿਚ ਟਿਕਣਾ ਹੈ ਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ ਤੇ ਇਹ ਮਿਲਾਪ ਕਹੋ ਯਾ ਅਨੁਭਵੀ ਗ੍ਯਾਨ ਕਹੋ ਉਸ ਤਰ੍ਹਾ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡਾਉਣੇ ਦੇਖ ਰਿਹਾ ਹੈ ​ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦ ਵਿਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ‘ਮਨ ਮਾਤ੍ਰ ਨਾਲ ਜਾਣ ਲੈਣ ਨੂੰ' ਨਹੀਂ ਪਰ ‘ਨਾਮ ਦੁਆਰਾ ਮਿਲ ਪੈਣ' ਨੂੰ ਈਸ਼੍ਵਰ ਪ੍ਰਾਪਤੀ ਆਖਿਆ ਹੈ:—

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥
ਬਸੰਤ ਕੌਰ-ਅਸਲ ਗਲ ਜ਼ਰਾ ਹੋਰ ਸੌਖੀ ਕਰਕੇ ਸਮਝਾਓ।

ਹਿੰਮਤ ਸਿੰਘ-ਇਹ ‘ਸਾਡਾ ਆਪਾ' ਅੰਸ਼ ਹੈ ਉਸ ਚੇਤਨ ਦੀ, ਜਿਸ ਨੂੰ ਪਰਮੇਸ਼ੁਰ ਆਖਦੇ ਹਾਂ। ਓਸ ਚੇਤਨ ਦਾ ਸਰੂਪ ‘ਪ੍ਰੇਮ ਹੈ, ਇੰਜ ਅੰਸ਼ ਦਾ ਸਰੂਪ ਬੀ ‘ਪ੍ਰੇਮ' ਹੈ। ਵਿਛੋੜਾ ਇਸ ਗਲ ਵਿਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ (ਦਿੱਸ ਰਹੇ ਜਗਤ) ਦੇ ਪ੍ਰੇਮ ਵਿਚ ਫਸ ਗਈ ਹੈ, ਇਸ ਕਰਕੇ ਅਪਣੇ ਕਾਰਨ, ਅਪਣੇ ਮਾਲਕ ‘ਪ੍ਰੇਮ ਸਰੂਪ ਦ੍ਰਿਸ਼ਟੇ' ਤੋਂ ਵਿਛੁੜ ਗਈ ਹੈ। ਹੁਣ ਮਰਦੇ ਸਾਧਨ 'ਪਰੇਮ ਦੀ ਸ਼ਕਤੀ, ਪਰੇਮ ਦੀ ਰੂਹ ਤੇ ਤ੍ਰਾਣ ਵਾਲਿਆਂ ਨੂੰ' ਕਿੱਕੂ ਮਿਲਾ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ (ਪਰਮੇਸ਼ੁਰ) ਨੂੰ ਪ੍ਰਾਪਤ ਹੋਵੀਏ ਤਦ ਸਾਫ ਗੱਲ ਇਹ ਹੈ ਕਿ ਸਾਡੇ ਪਰੇਮ ਦਾ ਵੇਗ, ਜੋ ਦ੍ਰਿਸ਼ਟਮਾਨ ਵੱਲ ਹੋ ਗਿਆ ਹੈ, ਉਸ ਨੂੰ ਵਾਹਿਗੁਰੂ (ਦ੍ਰਿਸ਼ਟਾ) ਵੱਲ ਲਾ ਦੇਈਏ। ਦੁਹਾਂ ਵਿਚ ਪਰੇਮ ਦਾ ਗੁਣ ਹੈ, ਯਾ ਦੁਹਾਂ ਦਾ ਅਸਲ ਸਰੂਪ 'ਪਰੇਮ' ਹੈ, ਜਦ ਸਜਾਤੀ[17] ਤੇ ਸਜਾਤੀ ਵਸਤਾਂ, ਜਿਨ੍ਹਾਂ ਦਾ ਸਰੂਪ ਖਿੱਚ (ਪਰੇਮ) ਹੈ, ਆਮੋਂ ਸਾਹਮਣੇ ਆਉਂਦੀਆਂ ਹਨ ਤਦ ਉਹੋ ਖਿੱਚ ਉਹਨਾਂ ​ਨੂੰ ਮੇਲ ਦੇਂਦੀ ਹੈ, ਤਾਂ ਤੇ ਪਰਮ ਉੱਤਮ ਕੰਮ ਇਹ ਹੈ ਕਿ ਅਪਣੇ ਪਰੇਮ ਦੇ ਪ੍ਰਵਾਹ ਨੂੰ ਜੋ ਜਗਤ (ਦ੍ਰਿਸ਼ਟਮਾਨ) ਵਿਚ ਖਚਿਤ ਹੋਕੇ ਪਰਮੇਸ਼ੁਰ (ਦ੍ਰਿਸ਼ਟਾ) ਤੋਂ ਵਿਛੁੜ ਗਿਆ ਹੈ, ਮੋੜਕੇ ਪਰਮੇਸ਼ੁਰ (ਦ੍ਰਿਸ਼ਟਾ) ਵਲ ਲਗਾ ਦੇਈਏ। ਇਹ ਸਾਂਈਂ ਮਿਲਾਪ ਦਾ ਸਿੱਧਾ ਤੇ ਜੀਉਂਦਾ ਸਾਧਨ ਹੈ।

ਬਸੰਤ ਕੌਰ-ਬਹੁਤ ਬਰੀਕ ਗੱਲਾਂ ਹਨ, ਆਪ ਨੇ ਬਹੁਤ ਸਾਫ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧੀ ਮੋਟੀ ਹੈ, ਇਸ ਕਰਕੇ ਆਪ ਨੂੰ ਸੁਣਾ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ: (੧) ਵਾਹਿਗੁਰੂ ਆਪ ਪਰੇਮ ਦਾ ਸਰੂਪ ਹੈ। (੨) ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿਚ ਬੀ ਪਰੇਮ ਹੈ; ਪਰ (੩) ਇਸ ਨੇ ਅਪਣੇ ਇਸ ਗੁਣ ਨੂੰ ਦੁਨੀਆਂ ਦੇ ਵਿਚ ਲਾ ਲਿਆ ਹੈ। (੪) ਇਧਰ ਲਗਣ ਕਰਕੇ ਇਸ ਦੇ ਅੰਦਰਲੀ ਪ੍ਯਾਰ ਵਾਲੀ ਤਾਕਤ ਦ੍ਰਿਸ਼ਟਮਾਨ ਦੇ ਪ੍ਯਾਰ ਵਿਚ ਲਗ ਰਹੀ ਹੈ। (੫) ਤੇ ਆਪਣੇ ਕਾਰਨ ਵਾਹਿਗੁਰੂ ਦੇ ਪਰੇਮ ਸਰੂਪ ਤੋਂ ਵਿਛੁੜ ਰਹੀ ਹੈ। (੬) ਹੁਣ ਜੇ ਇਸ ਦੇ ਇਸ ਸੁਭਾਉ ਨੂੰ, ਜੋ ਪੱਠਾ ਹੋ ਗਿਆ ਹੈ, ਫੇਰ ਅਸਲ ਪਾਸੇ ਵਲ ਮੋੜ ਦੇਈਏ ਕਿ ਭੁੱਲ ਵਿਚ ਰਹਿਣ ਦੀ ਥਾਂ-ਨਿਰਾ ਦੁਨੀਆਂ ਦੇ ਮੋਹ ਵਿਚ ਰਹਿਣ ਦੀ ਥਾਂ-ਪਰਮੇਸ਼ੁਰ ਨਾਲ ਪ੍ਯਾਰ ਕਰਨ ਵਿਚ, ਅਰਥਾਤ ਉਸ ਦੀ ‘ਯਾਦ' ਵਿਚ ਲਾ ਦੇਈਏ, ਤਦ ਸੁਭਾਉ ਸਿੱਧਾ ਹੋ ਜਾਵੇਗਾ।

ਜਿਕੁਰ ਸੰਸਾਰ ਦੀਆਂ ਲੋੜਾਂ ਪੈਣ ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ ਤੇ ਉਨ੍ਹਾਂ ਨਮਿੱਤ ਤਰਲੇ ਲੈਂਦੇ ਹਾਂ, ਇਹ ਸਾਡੇ ਮੋਹ ਦੇ ਕਾਰਨ ਸਾਥੋਂ ਜਤਨ ਹੁੰਦੇ ਹਨ। ਜੇ ਅਸੀਂ ਸਤਿਸੰਗੀ ਬੀ ਹੋਈਏ ਤਾਂ ਪ੍ਰਾਰਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ! ਮੇਰਾ ਬਾਲ ਰਾਜ਼ੀ ਹੋ ਜਾਏ, ਮੇਰੀ ਭੋਂ ਬਹੁਤੇ ਦਾਣੇ ਦੇਵੇ। ਇਸ ਵਿਚ ਬੀ ਅਸੀਂ ਪਰਮੇਸ਼ੁਰ ਦੇ ਨੇੜੇ ਤਾਂ ਹੋਏ ਪਰ ਓਸ ਨੂੰ ਅਜੇ ਕੁਛ ਓਪਰਾ ਤੇ ਇਨ੍ਹਾਂ ਚੀਜ਼ਾਂ ਨੂੰ ਕੁਛ ਵਧੇਰੇ ਆਪਣਾ ਜਾਣਕੇ ਉਸ ​ਤੋਂ ਆਪਣੀਆਂ ਚੀਜ਼ਾਂ ਦਾ ਸੁਖ ਤੇ ਵਾਧਾ ਮੰਗਦੇ ਹਾਂ। ਤੇ ਜੇ ਅਸੀਂ ਸੰਸਾਰ ਦੇ ਮੋਹ ਵਿਚ ਨਾ ਹੋਵੀਏ ਤਾਂ ਅਸੀਂ ਭਗਵੰਤ ਜੀ ਨੂੰ ਪਿਆਰ ਕਰੀਏ ਤੇ ਜੋ ਕੁਛ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣ ਕੇ ਪ੍ਰਸੰਨ ਹੋਵੀਏ, ਭਈ ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਤੇ ਇਸ ਵਿਚ ਜੋ ਕੁਛ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ, ਤਾਂ ਤੇ ਪਿਆਰਾ ਜੋ ਕੁਛ ਕਰਦਾ ਹੈ, ਚੰਗਾ ਕਰਦਾ ਹੈ। ਐਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਾਂ। ਇਹੋ ‘ਹੁਕਮਿ ਰਜਾਈ ਚਲਣਾ' ਹੈ। ਪਤੀ ਜੀ! ਮੇਰੀ ਸਮਝ ਵਿਚ ਤਾਂ ਏਸ ਤਰ੍ਹਾਂ ਕੁਛ ਆਇਆ ਹੈ।

ਹਿੰਮਤ ਸਿੰਘ-ਠੀਕ ਹੈ।

ਬਸੰਤ-ਪਰੰਤੂ ਇਕ ਸੰਸਾ ਹੈ। ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਹਨ-'ਵੇ ਢੋਲਾ! ਨੇਹੁੰ ਨ ਲਗਦੇ ਜੋਰੀਂ ਤੇ ਪੁੱਛ ਨਾ ਪੈਂਦੇ ਮਾਮਲੇ'। ਸੋ ਇਹ ਜੌ ਵਾਹਿਗੁਰੂ ਜੀ ਨਾਲ ਪਰੇਮ ਕਰਨਾ ਹੈ, ਅਰਥਾਤ ਨੇਹੁੰ ਲਾਉਣਾ ਹੈ, ਇਹ ਜੋਰੀਂ ਕੀਕੂੰ ਲੱਗ ਸਕਦਾ ਹੈ? ਦਿੱਸਣ ਵਾਲੀਆਂ ਚੀਜ਼ਾਂ ਵਿਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਅਰ ਫਬਵੀਂ ਨੁਹਾਰ, ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਤੇ ਨੇਹੁੰ ਲੱਗ ਜਾਂਦਾ ਹੈ। ਜਿਸ ਭਗਵੰਤ ਜੀ ਨੂੰ ਡਿੱਠਾ ਨਹੀਂ ਹੈ, ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਨਹੀਂ ਤੱਕਿਆ ਤੇ ਗੁਣਾਂ ਤੋਂ ਮਨ ਨੇ ਖਿਚ ਨਹੀਂ ਖਾਧੀ ਉਸ ਨਾਲ ਜ਼ੋਰੀਂ ਨੇਹੁੰ ਕੀਕੂੰ ਲੱਗ ਪੈਂਦਾ ਹੈ?

ਹਿੰਮਤ ਸਿੰਘ-ਇਹ ਗੱਲ ਠੀਕ ਹੈ, ਪਰ ਦੁਨੀਆਂ ਵਿਚ ਬੀ ਨੇਹੁੰ ਸਦਾ ਗੁਣ ਤੇ ਸੁੰਦਰਤਾ ਕਰਕੇ ਨਹੀਂ ਲੱਗਦੇ। ਕਈ ਵੇਰ ਮਨਾਂ ਨੂੰ ਅਕਾਰਨ ਖਿੱਚ ਬੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ, ਜਾਂ ਕੋਈ ਰੂਹਾਂ ਦੇ ਆਪੋ ਵਿਚ ਕੁਦਰਤੀ ਖਿੱਚਾਂ ਦੇ ਢੋ ਢੁਕਦੇ ਹਨ, ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ, ਸੋ ਪ੍ਯਾਰੀ ਜੀ! ਅਕਸਰ ਤਾਂ ਪਿਛਲੇ ​ਜਨਮਾਂ ਦੇ ਲੱਗੇ ਹੋਏ ਲੋਕ ਇਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਤੇ ਪਰੇਮ ਕਰਦੇ ਹਨ। ਇਨ੍ਹਾਂ ਦੇ ਅੰਦਰ ਕੋਈ ਸੋਝੀ ਜੇਹੀ ਹੁੰਦੀ ਹੈ ਜੋ ਮੱਲੋ-ਮੱਲੀ ਇਸ ਰਾਹੇ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦੇਂਦੇ ਹਨ। ਕੁਛ ਘੱਟ ਕਰਨੀ ਵਾਲੇ ਪਿਛੋਂ ਆਉਂਦੇ ਹਨ, ਓਹ ਕਿਸੇ ਠੁਹਕਰ ਨਾਲ, ਕਿਸੇ ਬਹਾਨੇ ਨਾਲ, ਲੱਗ ਪੈਂਦੇ ਹਨ। ਗੁਰ ਸਿੱਖੀ ਵਿਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲਗਦੇ ਹਨ। ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਤੇ ਹੁਣ ਲਾਵਣਾ ਹੈ, ਸੋ ਉਹ ਭਲੇ ਦੇ ਸੰਗ ਤੋਂ ਲੱਗਦੇ ਹਨ, ਜਿਕੂੰ ਐਬ ਕੁਸੰਗ ਨਾਲ ਲੱਗਦੇ ਹਨ ਤਿੱਕੂੰ ਸਾਈਂ ਦਾ ਨੇਹੁੰ ਨੇਹੁੰ ਵਾਲੇ ਸਤਿਸੰਗੀ ਦੀ ਸੰਗਤ ਵਿਚ ਬੈਠਿਆਂ ਲਗਦਾ ਹੈ।

ਬਸੰਤ ਕੌਰ-ਪਰ ਕੋਈ ਸਤਿਸੰਗੀਆਂ ਦੀ ਗੋਸ਼ਟ ਵਿਚ ਬੈਠਣ ਦੀ ਖਿੱਚ ਕੀਕੂੰ ਖਾਵੇ?

ਪਤੀ—ਇਹ ਗੱਲ ਆਪਣੇ ਉੱਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ੍ਰੀ ਗੁਰੂ ਜੀ ਨੇ ਇਸਦਾ ਦਾਰੂ ‘ਦੁਖ' ਭੀ ਲਿਖਿਆ ਹੈ। ਸੰਸਾਰ ਜੜ, ਦੁੱਖ ਰੂਪ ਤੇ ਨਾਸ਼ਮਾਨ ਸਭ ਕਿਸੇ ਨੂੰ ਦਿੱਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਵਸਤਾਂ ਨੂੰ ਜੋੜ ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦੋਂ ਹਾਵਾ ਲਗਦਾ ਹੈ ਕਿ ਹਾਇ ਕੀ ਹੋ ਗਿਆ, ਏਹ ਪਿਆਰੇ ਕਿੱਥੇ ਗਏ? ਸੰਸਾਰ ਦੇ ਮੋਹ ਵਿਚ ਸੱਟਾਂ ਵਜਦੀਆਂ ਹਨ, ਓਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇਨ੍ਹਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫੇਰ ਆਪਣੀ ਅਕਲ ਦੇ ਸਾਰੇ ਉਪਰਾਲੇ ਦੇ ਤੇ ਹੀਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ ਤੇ ਸੱਟਾਂ ਤੇ ਧੱਕੇ ਲਗਦੇ ਹਨ, ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰਥੇ ਹੀ ਨਾ ਸੁਖ ਹੋਵੇ।

​ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ, ਜਿਸਨੂੰ ਓਹ ਦੁੱਖ ਕਲੇਸ਼ ਨਹੀਂ ਦੇਂਦੇ ਜੋ ਸਾਨੂੰ ਦੇਂਦੇ ਹਨ ਤਦ ਹਰਿਆਨ ਹਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ; ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿੱਸਦਾ ਹੈ ‘ਜਗਤ' ਉਹ ਜ਼ਰੂਰ ਪਲਟੇ ਖਾਂਦਾ ਹੈ, ਜੋ ਇਸ ਨਾਲ ਮੋਹ ਹੈ, ਉਹ ਇਸ ਦੇ ਹਰ ਪਲਟੇ ਤੇ ਸੱਟ ਖਾਵੇਗਾ। ਜੇ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸਦਾ ਕਾਰਨ ਹੈ, ਜਿਸਦਾ ਇਹ ਪ੍ਰਕਾਸ਼ ਹੈ ਤਦ ਸੁਖ ਹੋਵੇ, ਕਿਉਂਕਿ ਉਹ ਸਦਾ ਇਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਛ ਸਮਝ ਪੈਂਦੀ ਹੈ, ਤਦ ਫੇਰ ਗੁਰਮੁਖਾਂ ਦਾ ਮੇਲ ਗੇਲ ਚੰਗਾ ਲਗਦਾ ਹੈ। ਜਦ ਉਨ੍ਹਾਂ ਨੂੰ ਮਿਲੀ ਗਿਲੀਦਾ ਹੈ, ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ, ਐਉਂ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਉਸ ਸਤਿਸੰਗ ਵਾਲੇ ਪਾਸੇ ਵਲ ਭੇਜਦੇ ਹਨ।

ਬਸੰਤ ਕੌਰ-ਠੀਕ ਹੈ, ਪਰ ਉਨ੍ਹਾਂ ਦੇ ਕੋਲ ਬੈਠਿਆਂ ਉਠਿਆਂ ਦੇਖਾ ਦੇਖੀ ਨੇਹੁੰ ਲੱਗ ਜਾਂਦਾ ਹੈ, ਜਾਂ ਓਹ ਵਾਹਿਗੁਰੂ ਦਾ ਦਰਸ਼ਨ ਕਰਾ ਦੇਂਦੇ ਹਨ ਤੇ ਉਹ ਸੁੰਦਰਤਾ ਮੋਹ ਲੈਂਦੀ ਹੈ?

ਪਤੀ-ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ, ਪਰ ਗੁਰਮੁਖ ਜਦ ਦਿਆਲ ਹੁੰਦੇ ਹਨ ਤਦ ਪਰਮੇਸ਼ੁਰ ਦੀ ਸੇਵਾ ਦੀ ਜਾਚ ਸਿਖਾਲਦੇ ਹਨ ਤੇ ਪਰਮੇਸ਼ੁਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਤੇ ਉਸਦੇ ਜਸ ਵਰਣਨ ਕਰਦੇ ਹਨ, ਇਸ ਤਰ੍ਹਾਂ ਮਨ ਤੇ ਅਸਰ ਹੁੰਦਾ ਹੈ। ਫੇਰ ਉਹ ਬਾਣੀ ਪੜ੍ਹਨ ਵਿਚ ਲਾਉਂਦੇ ਹਨ। ਬਾਣੀ ਵਿਚ ਪਰਮੇਸ਼ੁਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚਰੀ ਹੋਈ ਹੋਣ ਕਰਕੇ ਬਾਣੀ ਵਿਚ ਇਕ ਸੱਤਯਾ ਹੁੰਦੀ ਹੈ, ਉਸ ਦੇ ਅਸਰ ਨਾਲ ਮਨ ਉਤੇ ਪਿਆਰ ਲੀਹਾਂ ਪੈਂਦੀਆਂ ਹਨ। ਫੇਰ ਗੁਰਮੁਖ ਸ੍ਰੀ ਪਰਮੇਸ਼ੁਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਉ ਪਾਉਂਦੇ ਹਨ ਅਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ। ਐਸ ਤਰ੍ਹਾਂ ਨਾਲ ​ਮਨ ਦੇ ਮੋਹ ਦੀਆਂ ਵਾਗਾਂ ਪਰਤਾ ਖਾ ਜਾਂਦੀਆਂ ਹਨ, ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ, ਮੰਦੀਆਂ ਦਾ ਮੰਦ ਦਿੱਸਕੇ ਮਾੜਾ ਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉੱਚਾ ਤੇ ਕੁਛ ਉਮੰਗ ਜੇਹ ਨਾਲ ਭਰਕੇ ਚਾਹਵਾਨ ਹੋ ਜਾਂਦਾ ਹੈ। ਤਦੋਂ ਗੁਰਮੁਖ ਪਰਮੇਸ਼ੁਰ ਦੀ ਯਾਦ ਦੀ ਜਾਚ ਸਿਖਾਲਦੇ ਹਨ। ਜਦੋਂ ਯਾਦ ਅਰਥਾਤ ਸਿਮਰਨ ਦੇ ਸੁਆਦ ਦਾ ਝਲਕਾ ਪੈ ਗਿਆ, ਸਮਝੋ ਕਿ ਪਰੇਮ ਅੰਦਰ ਵੜ ਗਿਆ, ਇਹ ਪਰੇਮ ‘ਨਾਮ’ ਹੈ, ਪ੍ਯਾਰੇ ਦਾ ਮੇਲ ਹੈ।

ਬਸੰਤ ਕੌਰ-ਡਾਢਾ ਸਾਫ ਰਸਤਾ ਹੈ, ਪਰ ਗੁਰਮੁਖਾਂ ਦੀ ਕੀਹ ਪਛਾਣ ਹੈ? ਕੀਹ ਜਾਣੀਏ ਕਈ ਲੱਬ ਵਾਲਾ ਮਿਲ ਪਵੇ ਤੇ ਭੁਲੇਖੇ ਵਿਚ ਪਾ ਦੇਵੇ? ਕਿਉਂਕਿ ਜਿਸ ਨੇ ਸੁਣਿਆਂ ਹੈ, ਪਰ ਡਿੱਠਾ ਨਹੀਂ ਹੈ, ਉਸ ਨੂੰ ਬਗਲਿਆਂ ਤੇ ਹੰਸਾਂ ਦੀ ਪਛਾਣ ਕੀਕੂੰ ਹੋ ਸਕਦੀ ਹੈ।

ਪਤੀ-ਇਹ ਤਾਂ ਠੀਕ ਹੈ, ਪਰ ਸੋਚ ਲਵੋ; ਸਰੋਵਰਾਂ ਵੱਲੋਂ ਪੌਣ ਠੰਢੀ ਹੀ ਝਲਦੀ ਹੈ, ਭਲਿਆਂ ਦਾ ਪ੍ਰਭਾਉ ਭਲਾ ਹੁੰਦਾ ਹੈ। ਫੇਰ ਵਾਹਿਗੁਰੂ ਦਿਆਲ ਮੂਰਤੀ ਹੈ, ਜੇ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ੁਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫੇਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿਚ ਲਿਖੀ ਹੈ। ਆਪੇ ਵਿਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖਾਂ ਵਿਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਤੇ ਉਸ ਨਾਲ ਅੰਤਰ ਆਤਮੇ ਸਦਾ ਮੇਲਾ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤ੍ਰ ਹੁੰਦੇ ਹਨ। ਜਿਕੂੰ ਅੱਖਾਂ ਦੀ ਪੀਲੱਤਣ ਰੋਗ ਨਹੀਂ, ਪਰ ਜਿਗਰ ਵਿਚ ਪਿੱਤਾ ਦਾ ਰੋਗ ਹੋ ਜਾਂਦਾ ਹੈ ਅਰ ਅੱਖਾਂ ਦਾ ਪੀਲਾ ਹੋਣਾ ਤਾਂ ਸੁਤੇ ਹੀ ਹੋ ਜਾਏਗਾ ਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਖਾਏਗਾ। ਸੋ ਗੁਰਮੁਖਾਂ ਦੇ ਅੰਦਰਲੇ ​ਪਿਆਰ ਨੂੰ-ਸਦਾ ਯਾਦ ਨਾਲ ਸਾਈਂ ਵਿਚ ਲਗੇ ਰਹਿਣ ਦੀ ਹਾਲਤ ਨੂੰ-ਤਾਂ ਗੁਰਮੁਖ ਆਪ ਹੀ ਜਾਣਦੇ ਹਨ, ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ ਉਹ ਕੁਛ ਪਛਾਣ ਵਿਚ ਮਦਦ ਕਰਦੇ ਹਨ। ਗੁਰਮੁਖਾਂ ਦੀ (੧) ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਉ ਸਦਾ ਰੱਬ ਵੱਲ ਹੁੰਦਾ ਹੈ, ਉਸ ਦੀ ਯਾਦ ਕਦੇ ਨਹੀਂ ਵਿੱਸਰਦੀ, ਉਸ ਵਿਚ ਇਕ ਸੁਆਦ ਆਉਂਦਾ ਹੈ। ਚੜ੍ਹਦੀ ਕਲਾ ਵਿਚ ਖੇਡਦੇ ਹਨ, ਭੈ ਤੇ ਭਰਮ ਵਿਚ ਨਹੀਂ ਪੈਂਦੇ। (੨) ਵਰਤਣ ਐਸ ਤਰ੍ਹਾਂ ਦੀ ਹੁੰਦੀ ਹੈ, ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ ਤੇ ਦਇਆ ਕਰਦੇ ਹਨ, ਭਲੇ ਤੇ ਉਪਕਾਰ ਦੇ ਕੰਮ ਵਿਚ ਉਹਨਾਂ ਤੋਂ ਸਹਿ-ਸੁਭਾ ਭਲਿਆਈ ਹੁੰਦੀ ਹੈ। ਮਾੜੇ ਕੰਮਾਂ ਤੇ ਕੁਸੰਗਾਂ ਤੋਂ ਉਪ੍ਰਾਮ ਰਹਿੰਦੇ ਹਨ। ਕੰਮ ਉਨ੍ਹਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। (੩) ਪ੍ਰਭਾਉ ਐਉਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ। ਕੋਲ ਬੈਠਿਆਂ ਚਿੱਤ ਖਿੜਦਾ ਯਾ ਨਿਰਮਲ ਭੈ ਵਿਚ ਆਉਂਦਾ ਹੈ, ਸੰਗ ਕੀਤਿਆਂ ਠੰਢ ਪੈਂਦੀ ਹੈ। (੪) ਉਪਰ (ਰੱਬ ਜੀ ਵੱਲ) ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਨ੍ਹਾਂ ਨੂੰ ਪਿਆਰ ਕਰਦਾ ਹੈ। ਇਸ ਕਰਕੇ ਸੁਰਤ ਉਨ੍ਹਾਂ ਦੀ ਦਾਤਾ ਪਦ ਵਿਚ ਸਾਂਈਂ ਵਲ ਝੁਕ ਪੈਂਦੀ ਹੈ[18]। (੫) ਸਤਿਗੁਰ ਜੀ ਨੇ ਦੱਸਿਆ ਹੈ:-‘ਸਾਧ ਕੈ ਸੰਗਿ ਨਹੀ ਕਛੁ ਘਾਲ॥ ਦਰਸਨੁ ਭੇਟਤ ਹੋਤ ਨਿਹਾਲ'। ਸਾਧੂ ਦੇ ਸੰਗ ਨਾਲ ਸੁਤੇ ਹੀ ਇਹ ਅਸਰ ਹੁੰਦਾ ਹੈ ਕਿ ਉਸ ਦੇ ਦਰਸ਼ਨ ਮਾਤ੍ਰ ਨਾਲ ਚਿਤ ਨਿਹਾਲ ਹੋ ਜਾਂਦਾ, ਭਾਵ ਖਿੜ ਜਾਂਦਾ ਹੈ। ਅਸਲ ਵਿਚ ਗੁਰ ਸਿਖੀ ਦੀ ਪਹਿਲੀ ਗੱਲ ਹੈ ‘ਗੁਰ ਦੀਖਯਾ’ ਜੋ ਪ੍ਰਾਪਤ ਹੁੰਦੀ ਹੈ ​ਅੰਮ੍ਰਿਤਛਕਣ ਨਾਲ। ਅੰਮ੍ਰਿਤ ਛਕ ਕੇ ਰਹਿਣੀ ਰੱਖੀਦੀ ਹੈ, ਬਾਣੀ ਪੜ੍ਹੀ, ਗਾਵੀਂ ਵੀਚਾਰੀ ਤੇ ਖੋਜੀ ਦੀ ਹੈ। ਮੂਲ ਮੰਤ੍ਰ ਉਚਾਰੀਦਾ ਹੈ, ਗੁਰਮੰਤ੍ਰ ਦਾ ਅਭਯਾਸ ਕਰੀਦਾ ਹੈ[19]। ਜੇ ਸੁਤੇ ਰੌ ਟੁਰ ਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪਰੇਮੀ ਗੁਰਮੁਖ ਦਾ ਸਤਿਸੰਗ ਕਰੀਦਾ ਹੈ। ਕੀਰਤਨ, ਕਥਾ, ਗੁਰਦੁਆਰੇ, ਬਾਣੀ ਦਾ ਪਾਠ, ਗੁਰਮੁਖ ਦਾ ਸਤਿਸੰਗ ਸਾਰੇ ਸਹਾਇਕ ਹਨ।

ਬਸੰਤ ਕੌਰ-ਭਲਾ ਜੇ ਚਿੱਤ ਸੰਸਾਰ ਦੇ ਦੁੱਖ ਪਾਕੇ ਇਸ ਤੋਂ ਮੁੜੇ, ਨਾਮ ਅਭਯਾਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਿਸੰਗ ਕਰੇ, ਆਪ ਦੇ ਕਹੇ ਮੂਜਬ, ਓਹ ਰਾਹੇ ਵੀ ਪਾ ਦੇਣ, ਫੇਰ ਤਾਂ ਕਈ ਤੌਖਲਾ ਨਹੀਂ ਹੈ? ਕਿਉਂਕਿ ਮੈਂ ਆਪਣੇ ਵਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ, ਆਪ ਗੁਰਮੁਖ ਹੋ, ਆਪ ਨੇ ਰਸਤੇ ਬੀ ਪਾਇਆ ਹੈ, ਪਰ ਮੈਂ ਫੇਰ ਫੇਰ ਓਸੇ ਹੀ ਅਪਣੇ ਚੱਕ੍ਰਾਂ, ਵਹਿਣਾਂ, ਮਨ ਦੀਆਂ ਲਹਿਰਾਂ ਵਿਚ ਜਾ ਜਾ ਪੈਂਨੀ ਹਾਂ, ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ।

ਹਿੰਮਤ ਸਿੰਘ-ਤੌਖਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਯਤ ਰਾਸ ਹੋਵੇ। ਜੇ ਨੀਯਤ ਉਚੇ ਹੋਣ ਦੀ ਹੈ, ਮਨ ਨੇ ਸੇਧ ਸਤਿਗੁਰ ਨਾਨਕ ਦੀ ਧਾਰ ਲਈ ਹੈ ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ ਇਹ ਸਭ ਉੱਨਤੀ ਦੀ ਪੌੜੀ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੁੱਖ ਲਿਆਉਂਦੀ ਹੈ। ਹਰ ਦੁੱਖ ਮਨ ਨੂੰ ਮਤ ਦੇਂਦਾ ਹੈ। ਮਨੁੱਖ ਨੇ ਜੋ ਕੁਝ ਸਿਖਿਆ ਹੈ ਦੁੱਖ ਦੀ ਭੱਠੀ ਵਿਚ ਹੀ ਤਪ ਤਪ ਕੇ ਸਿੱਖਿਆ ਹੈ। ਸਤਿਸੰਗ ਦਾ ਵਾਧਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਘੱਟ ਦੇਂਦੀ ਹੈ। ਜੇ ਭੁੱਲ ਪਵੇ ਬੀ ਤਾਂ ਝੱਟ ਕੱਢ ਲੈਂਦੀ ਹੈ, ਇਸੇ ਕਰਕੇ ਗੁਰੂ ਜੀ ਨੇ ਸ਼ੁਭ ਸੰਗਤ ਲਈ ​ਆਗਯਾ ਕੀਤੀ ਹੈ—

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੇ ਪਾਪੂ ਪੁੰਨ ਬੀਚਾਰੀਐ ਕੂੜੈ ਘਟੈ ਰਾਸਿ॥

ਬਸੰਤ ਕੌਰ-ਸੱਚ ਹੈ, ਪਤੀ ਜੀ! ਜਿ਼ਕੁੱਰ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁਖ ਧੁਖ ਕੇ ਦੁੱਖ ਪਾਕੇ ਮੋੜਾ ਖਾਂਦੀ; ਕੀਹ ਜਾਣੀਏਂ ਨਾਂ ਹੀ ਮੋੜਾ ਖਾਂਦੀ।

ਪਤੀ-ਸਤਿਸੰਗ ਤਾਂ ਡਾਢੀ ਹੀ ਲੋੜੀਂਦੀ ਸ਼ੈ ਹੈ ਤੇ ਇਸ ਗਲ ਦੀ ਬੀ ਖ਼ਬਰਦਾਰੀ ਚਾਹੀਏ ਕਿ ਸਤਿਸੰਗ ਅਸਲੀ ਹੋਵੇ। ਸਾਡੇ ਵਿਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰ ਸਿੱਖੀ ਵਿਚ ਬਹੁਤ ਹਨ, ਪਰ ਉਂਞ ਗੁਰਮੁਖ ਆਮ ਨਹੀਂ ਹੁੰਦੇ। ਆਮ ਜੋ ਸਾਧ ਸੰਤ ਦਿੱਸਦੇ ਹਨ, ਕੋਈ ਤਪੀਏ, ਕੋਈ ਨੇਮੀ ਤੇ ਬਹੁਤੇ ਪਖੰਡੀ। ਸਤਿਗੁਰ ਨੇ ਕਿਹਾ ਹੈ, ‘ਢੂੰਡਿ ਸਜਨ ਸੰਤ ਪਕਿਆ’। ਕਬੀਰ ਜੀ ਨੇ ਕਿਹਾ ਹੈ, ‘ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ॥ ਕਾਚੀ ਸਰਸਉ ਪੇਲਿਕੈ ਨਾ ਖਲਿ ਭਈ ਨ ਤੇਲੁ॥' ਸੋ ਪ੍ਰਿਯ! ਕਿਵੇਂ ਹੋਵੇ, ਦੁੱਖ ਨਾਲ ਚਾਹੋ ਅੰਦਰਲੇ ਦੀ ਚਾਹ ਨਾਲ, ਚਾਹੋ ਹੋਰ ਤਰ੍ਹਾਂ, ਜਦ ਅੰਦਰੋਂ ਉਮਾਹ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ਼ ਮਨ ਬਾਣੀ ਵਿਚ ਲਾਕੇ ਪਾਠ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਤੇ ਪਾਠ ਕਰਨਾ ਵੀਚਾਰ ਨਾਲ ਅਰ ਆਪਣੇ ਬਚਾਉ ਲਈ ਗੁਰੂ ਜੀ ਦੇ ਚਰਨਾਂ ਵਿਚ ਪ੍ਰਾਰਥਨਾ ਕਰਨੀ ਕਿ ‘ਸੱਚੇ ਪਾਤਸ਼ਾਹ ਜੀ ਆਪਣੀ ਅਗੁਵਾਨੀ ਵਿਚ ਆਪ ਟੋਰੋਂ'। ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰਦਾਸਾ ਕਰਦੇ ਹਾਂ: ‘ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸੇਈ ਪਯਾਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ'। ਅਰਥਾਤ ਗੁਰਮੁਖ-ਸੱਚੇ ਗੁਰਮੁਖ-ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਉਂ ਹੈ। ਸਾਧ ਦਾ ਸੰਗ ਹੋਵੇ, ​ਅਰਥਾਤ ਜੋ ਸਾਂਈਂ ਰਸਤੇ ਸਾਧਨ ਕਰ ਰਿਹਾ ਹੋਵੇ ਸੰਗਤ ਉਸ ਦੀ ਹੋਵੇ ਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆਂ ਰਹੇ। ਕਿਉਂਕਿ ਜੋ ਆਪ ਜਪਦੇ ਹਨ ਉਨ੍ਹਾਂ ਦੇ ਪਾਸ ਬੈਠਿਆਂ ਨਾਮ ਚਿੱਤ ਆਉਂਦਾ ਹੈ।

ਬਸੰਤ ਕੌਰ-ਪਤੀ ਜੀ! ਮੈਂ ਇਹ ਗੱਲ ਏਸ ਕਰਕੇ ਪੁੱਛੀ ਹੈ ਕਿ ਕਾਕੀ ਸਤਵੰਤ ਕੈਦ ਪੈ ਗਈ, ਬਿਦੇਸ਼ ਚਲੀ ਗਈ, ਗੁਰਮੁਖ ਪਿਤਾ ਤੋਂ ਵਿੱਛੁੜ ਗਈ, ਹੁਣ ਉਸ ਨੂੰ ‘ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ' ਕਿੱਥੇ ਨਸੀਬ ਹਨ? ਅੱਠੇ ਪਹਿਰ ਕੁਸੰਗ, ਵਿਛੋੜਾ, ਬੰਦੀ, ਭੁੱਖ, ਗਰੀਬੀ ਉਸ ਨੂੰ ਕੀਕੂੰ ਪਰਮੇਸ਼ੁਰ ਜੀ ਦੇ ਪਿਆਰ ਤੋਂ ਨਾ ਵਿਛੋੜਾ ਦੀ ਹੋਵੇਗੀ? ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਜੀ ਨੇ ਕੀਹ ਕ੍ਰਿਪਾ ਕੀਤੀ ਹੈ, ਸੋ ਪ੍ਰਕਾਰ ਦਇਆ ਕਰਕੇ ਸਮਝਾਓ?

ਪਤੀ-ਪਰਮੇਸ਼ੁਰ ਦੇ ਬਿਰਦ ਦੀ ਤੁਸਾਂ ਗੱਲ ਨਹੀਂ ਸੁਣੀ:- 'ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥' ਸਾਈਂ ਅਪਣਿਆਂ ਦੇ ਅੰਦਰ ਆਪ ਆ ਬਹਿੰਦਾ ਹੈ।

ਫਿਰ ਉਹੋ ‘ਦੁਖ ਦਾਰੂ' ਤੇ ‘ਨੀਯਤ ਰਾਸ' ਵਾਲੀ ਗੱਲ ਚੇਤੇ ਕਰੋ! ਜਿਸ ਦੀ ਨੀਯਤ ਮਿਲਨੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਤੇ ਡਿੱਗਦਾ ਹੈ, ਵਾਹਿਗੁਰੂ ਉਸ ਦਾ ਆਪ ਰਾਖਾ ਹੁੰਦਾ ਹੈ। ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ੁਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿਚ ਪੈਂਦੇ ਹਨ ਤਦ ਉਨ੍ਹਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ, ਅਰ ਸੁਰਤ ਵਿਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਦਾ ਵਧੀਕ ਪੈਦਾ ਹੋ ਜਾਂਦਾ ਹੈ। ਉਨ੍ਹਾਂ ਦੀ ਸੁਰਤ ਟਾਕਰਿਆਂ ਵਿਚ ਆਕੇ ਕੱਸੀ ਜਾਂਦੀ ਤੇ ਉੱਚੀ ਹੋਕੇ ਹੋਰ ਚੜ੍ਹਦੀ ਹੈ। ਮਰਨ ਚਾਹੇ ਜੀਉਣ ਕਾਂਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਦ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ ਵਿਚ ਜਿਤਨੇ ਸਿਖ ਕਦ ​ਹੋਕੇ ਕਾਬਲ ਗਏ ਹਨ, ਸਭਨਾਂ ਦੀ ਰੱਖਿਆ ਵਾਸਤੇ ਰੋਜ਼ ਦੇ ਵੇਲੇ ਹਰ ਧਰਮਸਾਲ, ਗੁਰਦੁਆਰੇ, ਜੱਥੇ ਤੇ ਹਰ ਸਿੱਖ ਵਲੋਂ ਅਰਦਾਸਾ ਹੁੰਦਾ ਹੈ। ਇਹ ਜੋ ਗੁਰਮੁਖਾਂ ਤੇ ਪ੍ਰੇਮੀਆਂ ਵਲੋਂ ਨਿਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ, ਇਹ ਉਨ੍ਹਾਂ ਦੇ ਆਤਮਾ ਨੂੰ ਬਲ ਦੇਂਦੀ ਹੈ, ਵਾਹਿਗੁਰੂ ਦੀ ਵ੍ਯਾਪਕ ਸਤ੍ਯਾ ਨੂੰ ਸਹਾਯਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ਼ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿਚੋਂ ਸਲਾਮਤ ਵਾਪਸ ਆਉਣਗੇ। ਅੱਗੇ ਲਗ ਪਗ ਸਾਰੇ ਆ ਚੁਕੇ ਹਨ। ਇਸੇ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ? ਕਾਕੀ ਦਾ ਤੌਖਲਾ ਨਾ ਕਰੋ, ਸਗੋਂ ਸਿਦਕ ਧਾਰੋ ਤੋ ਰੋਜ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿਚ ਤਕੜਾਈ ਭਰੋ। ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ 'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛ੍ਯਾ ਰਿਆਇਤ', ਸੋਚ ਲਓ ਕਿ ਇਹ ਸਾਡੇ ਪੰਥਕ ਪਿਆਰ ਦੀ ਕੇਡੀ ਡੂੰਘੀ ਗੰਢ ਹੈ। ਤੁਸੀਂ ਜਾਣਦੇ ਹੋ ਕਿ ਪੰਥ ਵਿਚ ਗੁਰੂ ਪਰਮੇਸ਼ੁਰ ਦਾ ਪਿਆਰ ਤੇ ਸਿਦਕ ਕਿਤਨਾ ਹੈ। ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿਚ ਪਏ ਪਿਆਰਿਆਂ ਦੀ ਰੱਛਿਆ ਤੇ ਰਿਐਤ ਨਾ ਹੁੰਦੀ ਹੋਵੇਗੀ? ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਨ੍ਹਾਂ ਅਰਦਾਸਿਆਂ ਨਾਲ ਸਾਡੇ ਬੰਦੀਖਾਨੇ ਪਏ, ਦੂਰ ਗਏ, ਕਿਸੇ ਤਰ੍ਹਾਂ ਵਿਛੁੜੇ ਤੇ ਬੇਬਸ ਹੋਏ, ਯਾ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੁਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ?

ਬਸੰਤ ਕੌਰ-ਸੱਚ ਹੈ, ਸਾਡੀ ਗੁਰ ਸਿੱਖੀ ਧੰਨ ਹੈ, ਸਾਡਾ ਪੰਥਕ ਪ੍ਰੇਮ ਧੰਨ ਹੈ ਕਿ ਸਾਰੇ ਸਿਖ ਇਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ ਅਰ ਫੇਰ ਦੇਖ ਕਰਨੀਆਂ ਵਾਲੇ ਤੇ ਚੰਗੇ ਚੰਗੇ ਪੁਰਖ ਅਪਣਿਆਂ ਦੇ ਮਗਰ ਜਾਂਦੇ ਹਨ ਅਰ ਇਕ ਇਕ ਬੱਚਾ ਢੂੰਡਕੇ ਵਾਪਸ ਲਿਆਉਂਦੇ ਹਨ। ਧੰਨ ਸਿਖੀ, ਧੰਨ ​ਸਿੱਖੀ ਪ੍ਰੇਮ! ਪਰ ਪਤੀ ਜੀ ਆਪ ਦਾ ਬੀ ਧਨ ਜਨਮ ਹੈ! ਦੇਖ ਆਪ ਦੇ ਇਸ ਸਾਰੇ ਉੱਤਮ ਉਪਦੇਸ਼ ਵਿਚ ਐਸਾ ਜੀ ਲੱਗਾ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਐਸਾ ਰਹੇ।

ਪਤੀ-ਸ੍ਰੀ ਗੁਰੂ ਜੀ ਨੇ ਸੁਰਤ ਦੇ ਲਹਾਉ ਚੜ੍ਹਾਉ ਪਰ ਸੁਖਮਨੀ ਸਾਹਿਬ ਵਿਚ ਸਾਫ ਦੱਸਿਆ ਹੈ ਕਿ ਇਹ ਹੇਠਾਂ ਉਤਾਹਾਂ ਹੁੰਦੀ ਰਹਿੰਦੀ ਹੈ, ਇਸ ਗਲ ਤੋਂ ਨਿਰਾਸ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿਚ ਰਹਿਣਾ ਹੈ ਅਤੇ ਸਤਿਸੰਗ ਕਰਨਾ ਹੈ, ਜੈਸਾ ਓਥੇ ਹੀ ਦੱਸਿਆ ਹੈ:—

ਕਬਹੂ ਸਾਧ ਸੰਗਤਿ ਇਹੁ ਪਾਵੈ॥
ਉਸ ਅਸਥਾਨ ਤੇ ਬਹੁਰਿ ਨ ਆਵੈ॥

[ਸੁਖਮਨੀ

ਬਸੰਤ ਕੌਰ-ਸਿਰਤਾਜ ਜੀ! ਅੱਜ ਕੱਲ ਜੇ ਹੋ ਸਕੇ ਤਾਂ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿਚ ਰਹੇ।

ਪਤੀ-ਸਤਿ ਬਚਨ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਅਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ।

ਬਸੰਤ ਕੌਰ-ਵਾਹ ਵਾਹ, ਬਹੁਤ ਹੀ ਚੰਗਾ ਹੈ।

ਅਗਲੇ ਦਿਨ ਦੂਰ ਨੇੜੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਅਰ ਸਤਿਗੁਰੂ ਉਨ੍ਹਾਂ ਦੂਰ ਗਿਆਂ ਦਾ ਅਤੇ ਉਨ੍ਹਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿਚ ਆਪ ਸਹਾਈ ਹੋਵੇ। ਪੰਜ ਭੋਗ ਪਾਕੇ ਸੰਗਤ ਵਿਦਾ ਹੋ ਗਈ। ਇਹ ਪੰਦਰਾਂ ਵੀਹ ਦਿਨ ਭਾਈ ਸਾਹਿਬ ਦਾ ਘਰ ਸੱਚ ਖੰਡ ਬਣਿਆਂ ਰਿਹਾ। ਦਿਨ ਰਾਤ ਇਕ ਰਸ ਈ ਆਰਾਧਨਾ ਬਣੀ ​ਰਹੀ, ਆਰਾਧਨਾ ਵਾਲ ਸੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ, ਸੱਚੇ, ਸੁੱਚੇ ਤੇ ਸਾਫ ਲੋਕ ਸਨ। ਲਗਾਤਾਰ ਸਤਿਸੰਗ ਨੇ ਬਸੰਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸ ਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਤੇ ਸਿਦਕ ਵਿਚ ਉਚੇਰਾ ਹੋ ਗਿਆ।

-੦-

੧੬. ਕਾਂਡ।

ਖ੍ਯਾਲ ਕੀਤਾ ਜਾਂਦਾ ਹੈ ਕਿ ਮੀਰ ਮੰਨੂ ਨੇ ਮਰਨ ਤੋਂ ਪਹਿਲਾਂ ਦਿੱਲੀ ਦਰਬਾਰ ਵਿਚ ਅਪਣਾ ਤਅੱਲਕ ਵਧਾਉਣ ਲਈ ਅਪਣੀ ਧੀ ਦਿੱਲੀ ਦੇ ਵਜ਼ੀਰ ਗ਼ਾਜ਼ੀਉੱਦੀਨ ਨਾਲ ਮੰਗਾਈ ਸੀ, ਪਰ ਮੁਰਾਦ ਬੇਗ਼ਮ ਤੇ ਉਸ ਦੀ ਧੀ ਇਸ ਗੱਲ ਦੇ ਵਿਰੁੱਧ ਸਨ। ਜਦੋਂ ਬੇਗ਼ਮ ਤੇ ਉਮਰਾਵਾਂ ਦੀ ਅਣਬਣ ਹੋ ਗਈ ਤਾਂ ਗ਼ਾਜ਼ੀਉੱਦੀਨ ਨੇ ਸੱਯਦ ਜਮੀਲ ਨੂੰ ਉਸਦੀ ਸਹਾਯਤਾ ਲਈ ਲਾਹੋਰ ਘੱਲਿਆ। ਪਰ ਬੇਗ਼ਮ ਦੀ ਇਸ ਦੇ ਨਾਲ ਵੀ ਵਿਗੜ ਗਈ। ਬੇਗ਼ਮ ਨੇ ਅਬਦਾਲੀ ਨੂੰ ਅਪਣੀ ਸਹਾਇਤਾ ਲਈ ਚੋਰੀ ਸੱਦ ਘੱਲਿਆ। ਗਾਜ਼ੀਉੱਦੀਨ ਇਹ ਚਲਾਕੀ ਮਲੂਮ ਕਰਕੇ ੧੮੧੨ ਬਿ: ਵਿਚ ਫੌਜ ਲੈਕੇ ਦਿੱਲੀਓਂ ਟੁਰਿਆ। ਬਹੁਤੀ ਫੌਜ ਮਾਛੀਵਾੜੇ ਛੱਡ ਕੇ ਥੋੜ੍ਹੀ ਜੇਹੀ ਨਾਲ ਲੈਕੇ ਇਸ ਬਹਾਨੇ ਤੱਤਫਟ ਲਾਹੌਰ ਪੁੱਜਾ ਕਿ ਮਾਨੋ ਅਪਣਾ ਵਿਆਹ ਕਰਨ ਆਇਆ ਹੈ। ਇਸ ਬਹਾਨੇ ਉਸ ਨੇ ਲਾਹੌਰ ਪਹੁੰਚਕੇ ਸ਼ਹਿਰ ਤੇ ਬੇਗ਼ਮ ਦਾ ਮੰਨੀ ਤਾਂ ਮਹਿਲ ਅਚਾਨਕ ਘੇਰ ਲਿਆ। ਜਦ ਬੇਗ਼ਮ ਨਾ ਮੰਨੀ ਤਾਂ ਉਸ ਨੂੰ ਕੈਦ ਕਰਕੇ ਦਿੱਲੀ ਟੋਰ ਦਿਤਾ ਤੇ ਲਾਹੌਰ ਦੀ ਸੂਬੇਦਾਰੀ ੩੦ ਲੱਖ ਨਜ਼ਰਾਨਾ ਲੈਕੇ ਆਦੀਨਾ ਬੇਗ ਦੁਆਬੇ ਦੇ ਹਾਕਮ ਨੂੰ ਦੇ ਦਿਤੀ। ਵਜ਼ੀਰ ਤੇ ਦਿੱਲੀ ਮੁੜ ਗਿਆ ਤੇ ਬੇਗ਼ਮ ਦੀ ਧੀ ਵੀ ਉਸ ਨੇ ਵਿਆਹ ਲਈ, ਪਰ ਅਹਿਮਦਸ਼ਾਹ ਅਬਦਾਲੀ ਇਹ ​ਖਬਰਾਂ ਸੁਣਕੇ ਕੰਧਾਂਰ ਤੋ ਪੰਜਾਬ ਤੇ ਸੰ: ੧੮੧੩ ਬਿ: ਵਿਚ ਚੜ੍ਹ ਆਇਆ। ਆਦੀਨਾ ਬੇਗ ਉਸ ਦੇ ਅੱਗੇ ਲਗਕੇ ਭੱਜ ਉਠਾ ਤੇ ਪਹਾੜੀ ਜਾ ਲੁਕਿਆ[20]। ਲਾਹੌਰ ਵਿਚ ਅਪਣੀ ਕੁਛ ਫੌਜ ਛੋੜਕੇ ਅਬਦਾਲੀ ਅੱਗੇ ਟੁਰਿਆ। ਦੁਆਬੇ ਪੁੱਜਕੇ ਉਸ ਨੇ ਨਾਸਰੁੱਦੀਨ ਨੂੰ ਇੱਥੋਂ ਦਾ ਹਾਕਮ ਥਾਪਿਆ ਤੇ ਫੇਰ ਆਪ ਸਰਹਿੰਦ ਹੁੰਦਾ ਹੋਇਆ ਦਿੱਲੀ ਅੱਪੜਿਆ। ਨਵਾਬ ਨਜੀਬੁੱਦੌਲਾ, ਜੋ ਅੰਦਰਖਾਨੇ ਅਬਦਾਲੀ ਨਾਲ ਰਲਿਆ ਹੋਇਆ ਸੀ[21], ਕਰਨਾਲ ਅਬਦਾਲੀ ਨੂੰ ਆ ਮਿਲਿਆ। ਓਧਰੋਂ ਪਾਤਸ਼ਾਹ ਆਲਮਗੀਰ ਤੇ ਗ਼ਾਜ਼ੀਉੱਦੀਨ ਵਜ਼ੀਰ ਬੀ ਅਬਦਾਲੀ ਨੂੰ ਦਸ ਕੋਹ ਅੱਗੇ ਆ ਮਿਲੇ ਤੇ ਹਮਲਾਆਵਰ ਨੂੰ ਬੜੇ ਆਦਰ ਨਾਲ ਸ਼ਹਿਰ ਲੈ ਗਏ। ਵਜ਼ੀਰ ਨੇ ਪਹਿਲਾਂ ਸੱਸ ਨਾਲ ਸੁਲਹ ਕੀਤੀ ਤੇ ਫੇਰ ਉਸ ਦੀ ਸਿਪਾਰਸ਼ ਨਾਲ ਅਬਦਾਲੀ ਤੋਂ ਮਾਫੀ ਲਈ[22]। ਹੁਣ ਅਬਦਾਲੀ ਨੇ ਅਮੀਰਾਂ ਉਮਰਾਵਾਂ ਤੇ ਚੱਟੀਆਂ ਲਾਈਆਂ, ਤਲਾਸ਼ੀਆਂ ਲਈਆਂ, ਲੱਖਾਂ ਹੀ ਰੁਪੱਯੇ ਕਢਵਾਏ। ਫੇਰ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ। ਦੋ ਮਹੀਨੇ ਸ਼ਹਿਰ ਤੇ ਲੁੱਟ ਦੀ ਉਹ ਬਿਪਤਾ ਰਹੀ ਜੋ ਨਾਦਰ ਦੀ ਲੁੱਟ ਭੁੱਲ ਗਈ, ਵਡੇ ਵਡੇ ਅਮੀਰਾਂ ਦੇ ਘਰਾਂ ਵਿਚ ਝਾੜੂ ਦਾ ਤੀਲਾ ਤਕ ਨਾ ਛਡਿਆ[23]। ਅੰਤ ਅਬਦਾਲੀ ਨੇ ਆਪਣੇ ਪੁਤ੍ਰ ਤੈਮੂਰ ਸ਼ਾਹ ਦਾ ਵਿਆਹ ਮੁਹੰਮਦ ਸ਼ਾਹ ਦੇ ਪੁਤ੍ਰ ਅਹਿਮਦਸ਼ਾਹ ਦੀ ਲੜਕੀ ਨਾਲ ਕੀਤਾ। ਫਿਰ ਬਲਬ ਗੜ ਕਤਲ ਕਰਕੇ ਮਥੁਰਾ ਲੁੱਟੀ ਤੇ ਕਤਲਾਮ ਕੀਤੀ () ਫੇਰ ਆਗਰੇ ਤੇ ਕਹਿਰ ਟੁੱਟਾ ਤੇ ਗਿਰਦੇ ਦਾ ਦੇਸ਼ ਵਿਰਾਨ ਕੀਤਾ। ਹਜ਼ਾਰਾਂ ਹਿੰਦੂ ਗ਼ੁਲਾਮ ਬਣਾਕੇ ਨਾਲ ਲੈ ਟੁਰਿਆ, ਵਹਿਸ਼ੀਆਨਾ ਜ਼ੁਲਮ ​ਤੇ ਕਤਲਾਂ ਦੇ ਮਗਰੋਂ ਅਬਦਾਲੀ ਦਿੱਲੀ ਆਇਆ ਤੇ ਮੁਹੰਮਦ ਸ਼ਾਹ ਦੀ ਬੇਟੀ ਹਜ਼ਰਤ ਬੇਗ਼ਮ ਨਾਲ ਵਿਆਹ ਕਰਕੇ ਪਾਤਸ਼ਾਹ ਆਲਮਗੀਰ ਤੋਂ ਬਹੁਤ ਧਨ ਲੀਤਾ ਤੇ ਉਸ ਨੂੰ ਤਖਤ ਤੇ ਬਿਠਾਕੇ ਕੰਧਾਰ ਵੱਲ ਨੂੰ ਮੁੜ ਗਿਆ। ਲਾਹੌਰ ਨੂੰ ਮੁੜਦਿਆਂ ਰਸਤੇ ਉਹ ਹੋਣੀ ਹੋਈ ਸੀ ਕਿ ਜਿਸ ਵਿਚ ਸਤਵੰਤ ਕੌਰ ਕੈਦ ਪਈ ਸੀ।

ਉਪਰ ਦੱਸੇ ਹਾਲਾਤ ਮੂਜਬ ਜਦੋਂ ਅਬਦਾਲੀ ਦਿੱਲੀ ਨੂੰ ਗਿਆ ਸੀ ਤਾਂ ਮਗਰੋਂ ਆਦੀਨਾ ਬੇਗ ਪਹਾੜਾਂ ਤੋਂ ਉਤਰਿਆ ਸੀ। ਜਲੰਧਰ ਦੇ ਇਲਾਕੇ ਵਿਚ ਨਾਸਰੁੱਦੀਨ ਇਸ ਵੇਲੇ ਸਿਖਾਂ ਤੇ ਕਹਿਰ ਦੇ ਜੁਲਮ ਢਾ ਰਿਹਾ ਸੀ। ਨਾਸਰੁੱਦੀਨ ਨੇ ਹੁਣ ਸੋਢੀ ਵਡਭਾਗ ਸਿੰਘ ਸਾਹਿਬ ਨੂੰ ਐਸਾ ਤੰਗ ਕੀਤਾ ਕਿ ਉਹਨਾਂ ਨੂੰ ਬੀ ਨੱਸਣਾ ਪਿਆ[24]। ਗੁਰਦੁਆਰੇ ਤੇ ਨਾਸਰੁੱਦੀਨ ਨੇ ਕਬਜ਼ਾ ਕਰਕੇ ਥੰਮ੍ਹ ਸਾਹਿਬ ਨੂੰ ਸਾੜ ਦਿਤਾ। ਉਥੇ ਗਊਆਂ ਕੁਹਾਈਆਂ, ਇਸਤ੍ਰੀਆਂ ਤੇ ਜ਼ੁਲਮ ਕਰਾਏ ਤੇ ਤਰ੍ਹਾਂ ਤਰ੍ਹਾਂ ਦੇ ਕਹਿਰ ਕਮਾਏ[25]। ਇਨ੍ਹਾਂ ਵਿਚ ਪਿੰਡ ਭੇੜੀ (ਹੁਸ਼ਯਾਰ ਪੁਰ) ਦੇ ਲਾਗੇ ਸੋਢੀ ਸਾਹਿਬ ਤੇ ਆਦੀਨਾਬੇਗ ਦਾ ਮਿਲਾਪ ਹੋ ਗਿਆ। ਦੋਹਾਂ ਦਾ ਇਕ ਦੁੱਖ ਵਿਚ ਦੁਖੀ ਹੋਣ ਕਰਕੇ ਤੇ ਤੌਖਲਿਆਂ ਦੀ ਏਕਤਾ ਦੇ ਕਾਰਣ 'ਇਕ ਆਸ਼ਾ' ਹੋ ਗਿਆ। ਏਥੇ ਹੀ ਹੁਣ ਇਹ ਗੋਂਦ ਗੁੰਦੀ ਗਈ ਕਿ ਜਲੰਧਰ ਤੋਂ ਨਾਸਰੁੱਦੀਨ ਨੂੰ ਕੱਢ ਦਿਤਾ ਜਾਵੇ। ਇਸ ਲਈ ਸੋਢੀ ਸਾਹਿਬ ਨੇ ਜੰਗਲਾਂ, ਬਨਾਂ, ਪਹਾੜਾਂ, ਤੇ ਬਾਰਾਂ ਵਿਚ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ। ਖਾਲਸੇ ਦੇ ਦਲ ਮੱਤੇ ਹੋਏ ਸ਼ੇਰਾਂ ਵਾਂਗੂੰ ਉਮੰਡ ਆਏ। ਇਕ ਭਾਰੀ ਫੌਜ ਇਕੱਤ੍ਰ ਹੋ ਗਈ। ਗੁਰਮਤਾ ਹੋਕੇ ਆਦੀਨਾ ਬੇਗ ਨਾਲ ਸ਼ਰਤਾਂ ਦਾ ਫੈਸਲਾ ਹੋਇਆ ਤੇ ​ਖਾਲਸੇ ਦੇ ਜੱਥੇਦਾਰ ਨਵਾਬ ਸਾਹਿਬ ਕਪੂਰ ਸਿੰਘ ਜੀ ਇਸ ਜੰਗ ਦੀ ਸਰਕਰਦਗੀ ਕਰਨੇ ਲਈ ਤੁਰਕੀ ਤੇ ਸਿੰਘ ਦੁਹਾਂ ਦਲਾਂ ਪਰ ਥਾਪੇ ਗਏ। ਇਸ ਵੇਲੇ ਦੀ ਇਕ ਹਾਸੇ ਦੀ ਗੱਲ ਅੱਜ ਤੱਕ ਚਲੀ ਆਉਂਦੀ ਹੈ, ਉਹ ਇਹ ਹੈ ਕਿ ਆਦੀਨਾਬੇਗ ਦੇ ਮੁਸਲਮਾਨ ਸਿਪਾਹੀਆਂ ਤੇ ਨਾਸਰੁੱਦੀਨ ਦੀ ਮੁਸਲਮਾਨ ਸੈਨਾਂ ਦੀ ਪੁਸ਼ਾਕ ਨੀਲੀ ਜੇਹੀ ਇਕ ਰੰਗੀ ਸੀ, ਤਾਂ ਤੇ ਖ਼ਤਰਾ ਸੀ ਕਿ ਖਾਲਸਾ ਜੀ ਕਿਤੇ ਨਾਸਰੁੱਦੀਨ ਦੀ ਸੈਨਾਂ ਨਾਲ ਲੜਦੇ ਘਰ ਵਿਚ ਖਾਨਾ ਜੰਗੀ ਤੇ ਹੀ ਭੁਲੇਖੇ ਸਿਰ ਨਾ ਉਤਰ ਪੈਣ, ਇਸ ਕਰਕੇ ਜਥੇਦਾਰ ਨੇ ਹਰੇਕ ਮੁਸਲਮਾਨ ਨੂੰ ਹੁਕਮ ਦਿਤਾ ਕਿ ਆਪਣੀ ਕਿ ਆਪਣੀ ਦਸਤਾਰ ਵਿੱਚ ਕਣਕ ਦੇ ਸਿੱਟੇ ਕੱਸਕੇ ਬੰਨ੍ਹ ਲਵੇ, ਜੋ ਖਾਲਸਾ ਜੀ ਆਪਣੇ ਵੱਲ ਦਿਆਂ ਤੁਰਕਾਂ ਨੂੰ ਪਛਾਣ ਸੱਕਣ। ਨਵਾਬ ਸਾਹਿਬ ਨੇ ਸ਼ੁਰੂ ਕਰਨ ਲਈ ਆਪਣੀ ਹੱਥੀਂ ਕੁਛ ਸਿੱਟੇ ਆਦੀਨਾਂ ਬੇਗ ਦੀ ਪੱਗ ਵਿਚ ਅੜੁੰਬ ਦਿਤੇ। ਆਖਦੇ ਹਨ ਕਿ ਆਦੀਨਾ ਬੇਗ ਨੇ ਇਸ ਗਲ ਨੂੰ ਆਪਣੀ ਫਤੇ ਦਾ ਸ਼ਗਨ ਸਮਝ ਕੇ ਸ਼ੁਕਰੀਆ ਕੀਤਾ, ਪਰੰਤੂ ਇਸ ਨਿਸ਼ਾਨ ਨੇ ਵੈਰੀ ਨੂੰ ਬੀ ਲਾਭ ਪਹੁੰਚਾਇਆ। ਘੋਰ ਜ਼ੁੱਧ ਸ਼ੁਰੂ ਹੋ ਗਿਆ ਸਿਖਾਂ ਦੇ ਹਮਲੇ ਦੀ ਤੁੰਦੀ ਤੇ ਕੌਮੀ ਜੋਸ਼ ਅਰ ਬੇਗੁਨਾਹਾਂ ਦੇ ਕਤਲ ਹੋਣ ਤੇ ਗੁਰਦੁਆਰਿਆਂ ਦੀ ਬੇਅਬਦੀ ਦਾ ਗੁੱਸਾ ਕਟਕ ਕੇ ਸਿਰਾਂ ਨੂੰ ਜਾ ਚੜ੍ਹਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਇਕ ਦਸਤਾ ਫੌਜ ਦਾ ਲੈਕੇ ਸੱਜੇ ਪਰ੍ਹੇ ਪਰ ਇਸ ਜ਼ੋਰ ਨਾਲ ਜਾਕੇ ਪਏ ਕਿ ਚਲਦੀਆਂ ਤੋਪਾਂ ਦੇ ਸਿਰ ਤੇ ਪਹੁੰਚ ਕੇ ਮੂੰਹ ਬੰਦ ਕਰ ਦਿਤੇ ਅਰ ਸ਼ਮਸ਼ੇਰ ਖਾਂ ਸੈਨਾਪਤੀ ਦਾ ਸਿਰ ਉਡਾ ਦਿਤਾ। ਦੂਸਰੇ ਪਾਸੇ ਸੱਯਦ ਖ਼ੈਰਸ਼ਾਹ ਸਰਦਾਰ ਕਰਮ ਸਿੰਘ ਜੀ ਪੰਜ ਗੜ੍ਹੀਏ ਦੇ ਹਥੋਂ ਕਤਲ ਹੋ ਗਿਆ। ਜਦ ਦੋ ਵੱਡੇ ਸਰਦਾਰ ਗਾਜਰਾਂ ਦੀ ਤਰ੍ਹਾਂ ਕੱਟੇ ਗਏ ਤਦ ਕੀਹ ਸੀ? ਨਾਸਰੁੱਦੀਨ ਦੀ ਫੌਜ ਉਠ ਨੱਸੀ। ਸਿੱਖ ਸ਼ਹਿਰ ਜਲੰਧਰ ਵਿਚ ਜਾ ਵੜੇ ਤੇ ​ਪਲੋ ਪਲੀ ਵਿਚ ਕਬਜ਼ਾ ਕਰ ਲਿਆ। ਇਸ ਵੇਲੇ ਨਾਸਰੁੱਦੀਨ ਬੀ ਇਕ ਦਸਤੇ ਦੇ ਹੱਥ ਆ ਗਿਆ। ਗੁਰਦੁਆਰਾ ਸਾੜਨ ਦੇ ਜੁਰਮ ਵਿਚ ਉਸ ਨੂੰ ਆਪਣੀ ਜਾਨ ਦੇਣੀ ਪਈ[26]। ਆਦੀਨਾ ਬੇਗ ਨੇ ਇਸ ਵੇਲੇ ਪੰਜ ਹਜ਼ਾਰ ਦਾ ਕੜਾਹ ਪ੍ਰਸ਼ਾਦ ਕਰਵਾਕੇ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟ ਕੀਤਾ, ਅਤੇ ਕੁਛ ਹਜ਼ਾਰ ਰੁਪਯਾ ਗੁਰਦੁਆਰੇ ਦੀ ਮੁਰੰਮਤ ਵਾਸਤੇ ਨਜ਼ਰ ਕੀਤਾ, ਜੋ ਖਾਲਸੇ ਨੇ ਦਿਨਾਂ ਵਿਚ ਹੀ ਬਣਾ ਲਿਆ। ਆਦੀਨਾ ਬੇਗ ਨੇ ਇਸ ਮੰਦਰ ਨਾਲ ਜਾਗੀਰ ਲਾਈ, ਜਿਸ ਦਾ ਕੁਛ ਹਿੱਸਾ ਅਜ ਤਕ ਮੰਦਰ ਨਾਲ ਟੁਰਿਆ ਆਉਂਦਾ ਹੈ। ਜਿਨ੍ਹਾਂ ਜਿਨ੍ਹਾਂ ਸਿਖਾਂ ਦੇ ਘਰ ਬਾਰ ਬਰਬਾਦ ਹੋਏ ਸੇ, ਆਦੀਨਾ ਬੇਗ ਨੇ ਸਭ ਦੇ ਨੁਕਸਾਨ ਭਰ ਦਿਤੇ ਤੇ ਖਾਲਸੇ ਨਾਲ ਮੇਲ ਵਧਾ ਲਿਆ।

ਅਹਿਮਦ ਸ਼ਾਹ ਤਾਂ ਕਾਹਲੀ ਦਾ ਮਾਰਿਆ ਕੰਧਾਰ ਨੂੰ ਟੁਰ ਗਿਆ ਸੀ ਆਪਣੇ ਪੁਤ੍ਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬਾ ਥਾਪ ਗਿਆ ਸੀ ਤੇ ਜਹਾਂਖਾਂ ਨੂੰ ਉਸਦਾ ਵਜ਼ੀਰ ਅਤੇ ਪੁੱਤ ਨੂੰ ਕਹਿ ਗਿਆ ਸੀ ਕਿ ਸਿੱਖਾਂ ਨੂੰ ਦੰਡ ਦੇਣਾ। ਸੋ ਤੈਮੂਰ ਨੇ ਸਿੱਖਾਂ ਤੇ ਬੜੀ ਸਖਤੀ ਸ਼ੁਰੂ ਕੀਤੀ, ਪਰ ਸਿੱਖ ਕਦ ਦਾਉ ਹੇਠ ਆਉਦੇ ਸੇ? ਵੱਸਦਾ ਪੰਜਾਬ ਫੇਰ ਖਾਲੀ ਹੋ ਗਿਆ ਅਰ ਖਾਲਸਾ ਜੀ ਬਨਾਂ ਤੇ ਬਾਰਾਂ ਵਿਚ ਜਾ ਵੜੇ।

ਸ਼ਾਹਜ਼ਾਦਾ ਤੈਮੂਰ ਨੂੰ ਇਕ ਦਿਨ ਆਪਣੇ ਦੇਸ਼ ਤੋਂ ਪਾਤਸ਼ਾਹੀ ਖ਼ਤਾਂ ਵਿਚ ਇਕ ਨਿਜ ਦਾ ਰੁੱਕਾ ਆਇਆ, ਜਿਸ ​ਵਿੱਚ ਸਤਵੰਤ ਕੌਰ ਦੇ ਪਿੰਡ ਦਾ ਪਤਾ ਲਿਖਿਆ ਸੀ ਅਰ ਇਹ ਹੁਕਮ ਸੀ ਕਿ 'ਉਸ ਪਿੰਡ ਤੋਂ ਪਤਾ ਕਰੋ ਕਿ ਹਿੰਮਤ ਸਿੰਘ ਦੀ ਲੜਕੀ, ਜੋ ਮੀਰ ਜਾਅਫਰ ਦਾਉ ਨਾਲ ਕੈਦ ਕਰਕੇ ਲੈ ਆਇਆ ਸੀ, ਮੁੜਕੇ ਘਰ ਪਹੁੰਚ ਗਈ ਹੈ ਕਿ ਨਹੀਂ। ਜੇ ਪਹੁੰਚ ਗਈ ਹੋਵੇ ਤਾਂ ਕੈਦ ਕਰਕੇ ਕਾਬਲ ਵਾਪਸ ਭੇਜੀ ਜਾਵੇ ਤੇ ਜੇ ਨਾ ਪਹੁੰਚੀ ਹੋਵੇ ਤਾਂ ਕਿਸੇ ਨਾਲ ਕੋਈ ਸਖਤੀ ਨਰਮੀ ਨਾ ਕੀਤੀ ਜਾਵੇ। ਪੁਛ ਗਿੱਛ ਵੀ ਚੁਪ ਚਾਪ ਹੋਵੇ, ਆਮ ਤੌਰ ਤੇ ਨਾ ਹੋਵੇ'। ਤੈਮੂਰਸ਼ਾਹ ਨੇ ਇਸ ਕੰਮ ਪਰ ਆਪਣੇ ਇਕ ਇਤਬਾਰੀ ਆਦਮੀ ਨੂੰ ਲਗਾਇਆ, ਜੋ ਆਪਣਾ ਪ੍ਰਬੰਧ ਕਰਕੇ ਟੁਰ ਗਿਆ। ਦੋ ਇਕ ਜ਼ਨਾਨੀਆਂ ਨੇ ਪਿੰਡ ਵਿਚ ਜਾਕੇ ਚੁਪ ਚੁਪਾਤੇ ਪਤੇ ਕੀਤੇ ਤਾਂ ਇਤਨਾ ਪਤਾ ਲੱਗਾ ਕਿ ਇਸ ਨਾਮ ਦੀ ਇਕ ਅਤਿ ਨੇਕ ਪਰਮਾਤਮਾ ਤੇ ਦੇਵੀ ਕੰਨਯਾਂ ਇਕ ਕਾਬਲੀ ਸਰਦਾਰ ਨੇਕੀ ਦੇ ਬਦਲੇ ਬਦੀ ਕ਼ਰਦਾ ਹੋਇਆ ਕੈਦ ਕਰਕੇ ਲੈ ਗਿਆ ਸੀ, ਪਰ ਉਸ ਦੇ ਮਾਂ ਬਾਪ ਨੂੰ ਮੁੜਕੇ ਕੁਛ ਸੁਧ ਨਹੀਂ ਆਈ ਕਿ ਲੜਕੀ ਦਾ ਕੀ ਹੋਇਆ।

ਭਾਵੇਂ ਜ਼ਨਾਨੀਆਂ ਨੇ ਸ਼ਹਿਰ ਤੋਂ ਹਾਲ ਚੁਪ ਚੁਪਾਤੇ ਕੱਢਿਆ, ਪਰ ਬਸੰਤ ਕੌਰ ਨੂੰ ਪਤਾ ਲੱਗ ਗਿਆ ਸੀ ਕਿ ਸਤਵੰਤ ਕੌਰ ਦੀ ਪੁੱਛ ਗਿੱਛ ਹੋ ਰਹੀ ਹੈ, ਮਾਂ ਦੀ ਮਮਤਾ ਕਦ ਅਟਕਣ ਦੇਂਦੀ ਹੈ? ਥਹੁ ਥਿੱਤਾ ਲੈਂਦੀ ਉਹਨਾਂ ਸੂੰਹੀਆਂ ਤ੍ਰੀਮਤਾਂ ਨੂੰ ਜਾ ਹੀ ਮਿਲੀ ਅਰ ਇਸਤਰ੍ਹਾਂ ਨਾਲ ਧੀ ਦੇ ਹਾਲਾਤ ਕਹੇ ਕਿ ਉਹ ਪੱਥਰ ਬੀ ਮੋਮ ਹੋ ਗਈਆਂ। ਵਿਸ਼ੇਸ਼ ਪਤਾ ਤਾਂ ਉਹਨਾਂ ਨੂੰ ਬੀ ਕੁਛ ਨਹੀਂ ਸੀ, ਪਰ ਇੰਨਾਂ ਬਸੰਤ ਕੌਰ ਥਹੁ ਲੈ ਆਈ ਸੀ ਕਿ ਕਾਬਲ ਤੋਂ ਪੁੱਛ ਕੀਤੀ ਗਈ ਹੈ ਕਿ ਕਾਕੀ ਘਰ ਪਹੁੰਚੀ ਹੈ ਕਿ ਨਹੀਂ?

ਹੁਣ ਘਰ ਵਿਚ ਵੀਚਾਰ ਸ਼ੁਰੂ ਹੋਈ, ਸਭਨਾਂ ਨੇ ਇਹ ਸਿੱਟਾ ਕੱਢਿਆ ਕਿ ਸਤਵੰਤ ਕੌਰ ਉਥੇ ਜਰੂਰ ਕਿਸੇ ਵੱਡੇ ​ਆਦਮੀ ਦੇ ਹੱਥ ਚੜ੍ਹੀ ਹੈ, ਨਹੀ ਤਾਂ ਇਤਨੀ ਭਾਲ ਕਿੱਕੂੰ ਹੋਣੀ ਸੀ ਤੇ ਇਹ ਜੋ ਭਾਲ ਹੋ ਰਹੀ ਹੈ ਇਸ ਦਾ ਸਾਫ ਮਤਲਬ ਹੈ ਕਿ ਉਹ ਬੰਦੀ ਵਿਚੋਂ ਨੱਸ ਟੁਰੀ ਹੈ। ਉਸਦਾ ਨੱਸ ਟੁਰਨਾ ਦਸਦਾ ਹੈ ਕਿ ਉਸ ਦਾ ਧਰਮ ਕਾਇਮ ਹੈ ਅਰ ਉਸ ਨੂੰ ਆਪਣੇ ਘਰ ਪਹੁੰਚਣ ਦੀ ਸਿੱਕ ਹੈ। ਉਸ ਧਰਮ ਪਿਆਰੀ ਮਾਂ ਨੂੰ ਅੱਜ ਇਕ ਠੰਢ ਤਾਂ ਪੈ ਗਈ ਕਿ ਮੇਰੀ ਪਿਆਰੀ ਆਪਣੇ ਧਰਮ ਵਿਚ ਹਰੀ ਕੈਮ ਹੈ। ਦੁਖ ਚਾਹੇ ਪਾਉਦੀ ਹੋਵੇ, ਪਰ ਧਰਮ ਰੱਖਯਾ ਲਈ ਜੋਧਨ ਕਰ ਰਹੀ ਹੈ। ਮਾਂ ਦੀਆਂ ਆਂਦਰਾਂ ਦਾ ਸੰਸਾਰੀ ਹਿੱਸਾ ਤਾਂ ਤੜਫਨੀ ਵਿਚ ਹੈ, ਪਰ ਵੱਡੀ ਤੜਫਨੀ ਜੋ ਧਰਮ ਦੀ ਆਨ ਨੂੰ ਵੱਜਦੀ ਸੀ ਦੂਰ ਹੋ ਗਈ, ਕਿਉਂਕਿ ਇਹ ਨਿਸ਼ਚਾ ਬਹੁਤ ਸੁਖਦਾਈ ਸੀ ਕਿ ਜੋ ਕਾਬਲੋਂ ਉੱਠ ਨੱਸੀ ਹੈ ਅਰ ਫੇਰ ਹੱਥ ਨਹੀ' ਆਈ, ਜੇ ਕਦੇ ਫਸ ਬੀ ਗਈ ਤਾਂ ਜਾਨ ਪਰ ਖੇਡੇਗੀ, ਧਰਮ ਪਰ ਕਦੇ ਨਹੀਂ ਖੇਡੇਗੀ। ਅੱਜ ਬਸੰਤ ਕੌਰ ਦੇ ਘਰ ਕੀਰਨੇ ਨਹੀਂ ਪਏ, ਪੱਲੇ ਨਹੀਂ ਪਾਏ ਗਏ, ਸਹੇਲੀਆਂ ਤੇ ਸਾਕਾਂ ਦੀਆਂ ਤ੍ਰੀਮਤਾਂ ਵੈਣ ਪਾਉਣ ਨਹੀਂ ਆਈਆਂ, ਪਰਚਾਉਣੀ ਤੇ ਜਣਾਉਣੀ ਨਹੀ ਹੋਈ। ਅੱਜ ਖੁਸ਼ੀ ਮਨਾਈ ਗਈ ਹੈ, ਅਰਦਾਸਾ ਸੋਧਿਆ ਗਿਆ ਹੈ, ਸ਼ੁਕਰ ਕੀਤਾ ਗਿਆ ਹੈ। ਲੋਹੇ ਦੀ ਖਾਣ ਵਿਚ ਇਸ ਗਲ ਦੀ ਖੁਸ਼ੀ ਹੋਈ ਹੈ ਕਿ ਖਾਣ ਤੋਂ ਵਿਛੁੜੇ ਲੋਹੇ ਨੇ ਆਪਣੀ ਲੋਹਸਾਰੀ ਕਰੜਾਈ ਨਹੀਂ ਛੱਡੀ। ਜਿਥੇ ਜਿੱਥੇ ਸਿੱਖਾਂ ਵਿਚ ਖਬਰ ਹੁੰਦੀ ਹੈ ਵਧਾਈ ਆਉਂਦੀ ਹੈ, ਅਰ ਹਰ ਸਿੱਖ ਸੁਣਦੇ ਸਾਰ ਹੱਥ ਜੋੜਕੇ ਉਠ ਖੜੋਂਦਾ ਤੇ ਸ਼ੁਕਰੀਆ ਕਰਦਾ ਹੈ ਕਿ ਹੇ ਵਾਹਿਗੁਰੂ! ਤੂੰ ਧੰਨ ਹੈਂ ਜੋ ਸਾਡੇ ਬੱਚਿਆਂ ਦਾ ਬਾਟ ਘਾਟ, ਦੁਖ ਸੁਖ, ਦੁਸ਼ਮਨਾਂ ਦੇ ਘੁਰਿਆਂ ਵਿਚ ਬੀ ਸਹਾਈ ਹੋ ਰਿਹਾ ਹੈਂ। ਫੇਰ ਅਰਦਾਸਾ ਸੋਧਿਆ ਜਾਂਦਾ ਹੈ ਕਿ ਹੇ ਗੁਰੂ ਜੀ! ਪਯਾਰੀ ਦੀ ਸਹਾਇਤਾ ਕਰੋ, ਉਸਦੇ ਰਸਤੇ ਦੇ ਆਗੂ ਹੋਵੋ ਅਰ ਬਚਾਕੇ ਘਰੀਂ ਲਿਆਓ: ​'ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ'। ਇਹ ਅਰਦਾਸਾ ਉਨ੍ਹਾਂ ਸਮਿਆਂ ਦਾ ਸਿੱਖਾਂ ਦਾ ਜੀਉੱਦਾ ਇਤਿਹਾਸ ਹੈ।

ਲਾਹੌਰ ਦੇ ਤਖਤ ਤੇ ਬੈਠਾ ਤੈਮੂਰ ਸ਼ਾਹ ਆਦੀਨਾ ਬੇਗ ਨੂੰ ਆਪਣੇ ਤਾਬੇ ਪੱਕੀ ਤਰ੍ਹਾਂ ਕਰਨ ਦੇ ਫਿਕਰ ਵਿਚ ਸੀ[27]। ਇਕ ਵੇਰ ਬਹਾਨਾ ਪਾਕੇ ਸ਼ਾਹਜ਼ਾਦੇ ਨੇ ਆਦੀਨਾ ਬੇਗ ਨੂੰ ਕਿਸੇ ਮਸ਼ਵਰੇ ਲਈ ਲਹੌਰ ਸੱਦ ਭੇਜਿਆ। ਉਸ ਉੱਤਰ ਦਿੱਤਾ ਕਿ ਮੇਰੇ ਇਲਾਕੇ ਵਿਚ ਸਿੱਖਾਂ ਨੇ ਫਸਾਦ ਪਾ ਰੱਖਿਆ ਹੈ। ਮੈਂ ਇਸ ਕਰਕੇ ਅਜੇ ਨਹੀਂ ਆ ਸਕਦਾ। ਇਸ ਪਰ ਸ਼ਾਹਜ਼ਾਦੇ ਨੇ ਨੀਤੀ ਤੋਂ ਕੰਮ ਨਾ ਲਿਆ, ਪਠਾਣੀ ਗੁੱਜੇ ਵਿਚ ਆਕੇ ਉਸਦੇ ਫੜਨੇ ਲਈ ਫੋਜ ਭੇਜ ਦਿੱਤੀ। ਅੱਗੇ ਆਦੀਨਾਬੇਗ ਸੀ, ਜਿਸ ਦੀਆਂ ਚਾਲਾਂ ਦਾ ਜਾਣੂੰ ਨਿਰਾ ਇਕੋ ਉਹ ਆਪ ਸੀ। ਜਦ ਲਾਹੌਰ ਦੀ ਫੋਜ ਜਲੰਧਰ ਪਹੁੰਚੀ ਤਦੋ ਆਦੀਨਾਬੇਗ (ਲਤੀਫ ਲਿਖਦਾ ਹੈ ਕਿ) ਸਿੱਖ ਸੈਨਾ ਲੈ ਕੇ ਉਸ ਨਾਲ ਲੜਿਆ ਤੇ ਉਹ ਹਾਰ ਖਾਕੇ ਵਟਾਲੇ ਨੂੰ ਮੁੜ ਗਈ। ਹਾਰ ਦਾ ਹਾਲ ਸੁਣਕੇ ਜਹਾਂ ਖਾਂ ਆਪ ਦੁਆਬੇ ਵਲ ਵਧਿਆ ਤੇ ਆਪ ਵਟਾਲੇ ਅੱਪੜਕੇ ਉਸ ਨੇ ਮੁਰਾਦ ਖਾਂ ਨੂੰ-ਜੋ ਹਾਰ ਖਾਕੇ ਜਲੰਧਰ ਤੋਂ ਮੁੜਿਆ ਸੀ, ਮਰਵਾ ਦਿੱਤਾ, ਇਸ ਸ਼ੁਭੇ ਵਿਚ ਕਿ ਉਹ ਆਦੀਨਾ ਬੇਗ ਨਾਲ ਰਲ ਗਿਆ ਸੀ। ਲਾਹੌਰੋਂ ਵਡੀ ਸੈਨਾਂ ਦੀ ਖ਼ਬਰ ਪਾਕੇ ਆਦੀਨਾ ਬੇਗ ਪਹਾੜਾਂ ਨੂੰ ਫੇਰ ਨੱਸ ਗਿਆ। ਹੁਣ ਜਹਾਂ ​ਖਾਂ ਤੇ ਸ਼ਾਹਜਾਦਾ ਤੈਮੂਰ ਸਿੱਖਾਂ ਦੇ ਮਗਰ ਪੈ ਗਏ ਤੇ ਰਾਮਰੌਣੀ ਤੇ ਹਮਲਾ ਕਰ ਦਿੱਤਾ[28] ਰਾਮਰੌਣੀ ਢਾਹ ਦਿੱਤੀ ਤੇ ਗੁਰਦੁਆਰਿਆਂ ਦੀ ਬੇਅਦਬੀ ਵੀ ਕੀਤੀ। ਇਹ ਖਬਰ ਸੁਣਕੇ ਖਾਲਸਾ ਚਾਰ ਚੁਫੇਰਿਓਂ ਉਮਡ ਆਇਆ। ਖੂਬ ਜੰਗ ਹੋਏ। ਪੰਜਾਬ ਵਿਚ ਤੜਥੱਲ ਮਚ ਗਿਆ। ਹਾਲ ਲੰਮੇ ਹਨ, ਪਰ ਸੰਖੇਪ ਗਲ ਇਹ ਹੈ ਕਿ ਸਿੱਖਾਂ ਦਾ ਹੱਥ ਉੱਚਾ ਰਿਹਾ ਤੇ ਲਤੀਫ ਲਿਖਦਾ ਹੈ ਕਿ ਪਹਿਲੀ ਪੂਰੀ ਫਤੇ ਸਿੱਖਾਂ ਨੂੰ ਇਸ ਸਮੇਂ ਹੋਈ। ੧੭੫੮ [੧੮੧੫ ਬਿ:] ਦੇ ਅੱਧ ਦੇ ਲਗ ਪਗ ਤੈਮੂਰ ਸ਼ਾਹ ਤੇਂ ਜਹਾਂ ਖਾਂ ਚੁਪਾਤੇ ਲਾਹੌਰ ਖਾਲੀ ਕਰਕੇ ਅਹਿਮਦ ਸ਼ਾਹ ਪਾਸ ਟੁਰ ਗਏ। ਸਿਖਾਂ ਦੀ ਕਾਮਯਾਬੀ ਨਾਲ ਦੁਖਕੇ ​ਆਦੀਨਾ ਬੇਗ ਨੇ ਹੁਣ ਮਰਹਟੇ ਪੰਜਾਬ ਵਿਚ ਬੁਲਾਏ।

ਦੱਖਣ ਤੇ ਹਿੰਦੁਸਤਾਨ ਦੇ ਹਰ ਇਲਾਕੇ ਵਿਚ ਮਰਹੱਟਿਆਂ ਦਾ ਜ਼ੋਰ ਫੈਲ ਰਿਹਾ ਸੀ, ਇਨ੍ਹਾ ਵੱਲ ਆਦੀਨਾ ਬੇਗ ਨੇ ਇਕ ਏਲਚੀ ਭੇਜਿਆ ਕਿ ਤੁਸੀ ਕਿੱਧਰ ਭੁਲੇ ਫਿਰ ਰਹੇ ਹੋ, ਪੰਜਾਬ ਸੁੰਞਾ ਪਿਆ ਹੈ, ਕੋਈ ਮਾਲਕ ਨਹੀਂ ਹੈ, ਇੱਧਰ ਮੁਹਾੜਾਂ ਮੋੜੋ ਅਰ ਆਕੇ ਦੇਸ਼ ਨੂੰ ਸਾਂਭ ਲਵੋ, ਮੈਂ ਮੱਦਦ ਲਈ ਤਿਆਰ ਹਾਂ। ਸਗੋਂ ਜਿਸ ਦਿਨ ਤੁਸੀਂ ਸਤਲੁਜ ਟੱਪੋ ਲਾਹੌਰ ਤੋੜੀ ਲੱਖ ਰੁਪੱਯਾ ਪੜਾ ਲਓ, ਦੇਸ਼ ਫਤਹਿ ਕਰੋ। ਮੈਨੂੰ ਲਾਲਚ ਏਨਾਂ ਹੈ ਕਿ ਜਲੰਧਰ ਦੀ ਸੂਬੇਦਾਰੀ ਮੇਰੀ ਨਾ ਖੋਹੀ ਜਾਵੇ। ਜਦ ਇਹ ਖ਼ਬਰ ਪਹੁੰਚੀ ਤਦੋਂ ਮਰਹੱਟੇ ਇੱਧਰ ਝੁਕੇ। ਮਲਹਾਰ ਰਾਓ ਤੇ ਰਾਘੋ ਰਾਏ[29]ਆਦਿਕ ਸਰਦਾਰ ਆਪਣੇ ਤਾਬੇ ਬਹੁਤੀ ਫੌਜ ਤੇ ਤੋਪਖਾਨਾ ਲੈਕੇ ਪੰਜਾਬ ਵਲ ਟੁਰੇ। ਸੰਮਤ ੧੮੧੩-੧੪[30] ਵਿਚ ਸਰਹਿੰਦ ਦੇ ਨਵਾਬ ਨਾਲ ਮੁਕਾਬਲਾ ਪਿਆ, ਇਧਰੋਂ ਆਦੀਨਾ ਬੇਗ ਤੇ ਸਿੱਖ ਪਹੁੰਚ ਪਏ। ਇਹ ਗਲ ਅਨਹੋਣੀ ਸੀ ਕਿ ਸਰਹਿੰਦ ਉਤੇ ਹਮਲਾ ਹੋਵੇ ਤੇ ਸਿਖ ਅਝਕਣ, ਵਗਦੀ ਅੱਗ ਵਿਚ ਪੌੜੀਆਂ ਲਾਕੇ ਸ਼ਹਿਰ ਦੀ ਫ਼ਸੀਲ ਤੇ ਜਾ ਚੜ੍ਹੇ ਤੇ ਸੀਨਾਜ਼ੋਰੀ ਨਾਲ ਅੰਦਰ ਕੁੱਦ ਪਏ, ਦੇਖਦੇ ਦੇਖਦੇ ਸ਼ਹਿਰ ਸਰ ਹੋ ਗਿਆ। ਹੰਕਰੀ ਮਰਹੱਟੇ ਸਿੱਖਾਂ ਦੀ ਇਹ ਬਹਾਦਰੀ ਦੇਖ ਕੇ ਅਸ਼ ਅਸ਼ ਕਰ ਉਠੇ। ਸਰਹਿੰਦ ਹੱਥ ਆ ਗਿਆ, ਮਰਹੱਟਿਆਂ ਨੇ ਕਬਜ਼ਾ ਕਰਕੇ ਸਦੀਕ ਬੇਗ ਖਾਂ ਨੂੰ ਆਪਣਾ ਹਾਕਮ ਥਾਪਿਆ ਤੇ ਅੱਗੇ ਟੁਰੇ। ਖੰਨੇ ਕੋਲ ਜਦ ਪਹੁੰਚੇ ਤਦ ਮਰਹੱਟੇ ਇਕ ਮੂਰਖਤਾ ਵਿਚ ਆ ਗਏ। ਜੇ ਕਦੇ ਇਸ ਵੇਲੇ ਮਰਹੱਟੇ ਅਰ ਸਿੱਖ ਇਕ ਜਾਨ ਹੋ ਜਾਂਦੇ ਤਾਂ ਸਾਰਾ ਦੇਸ਼ ਇਨ੍ਹਾਂ ਦੋਹਾਂ ਤਾਕਤਾਂ ਦੇ ਹਥ ਆ ਜਾਂਦਾ ​ਅਰ ਹਿੰਦੁਸਤਾਨ ਵਿਚ ਇਕ ਵੇਰ ਤਾਂ 'ਹਿੰਦੀ ਹਿੰਦ' ਹੋ ਕੇ ਆਜ਼ਾਦੀ ਦਾ ਪੰਘੂੜਾ ਝੂਟ ਲੈਂਦਾ, ਪਰ ਮਰਹੱਟਿਆਂ ਨੇ ਸਰਹਿੰਦ ਦੇ ਖਜ਼ਾਨੇ ਤੇ ਸ਼ਹਿਰ ਦੀ ਲੁੱਟ ਦਾ ਮਾਲ ਸਿੱਖਾਂ ਤੋਂ ਵਾਪਸ ਮੰਗਿਆ, ਜਦ ਉਨ੍ਹਾਂ ਨਾਂਹ ਕੀਤੀ ਤੇ ਦੱਸਿਆ ਕਿ ਅਸਾਂ ਜੋ ਕੁਛ ਲਿਆ ਹੈ ਇਹ ਆਦੀਨਾ ਬੇਗ ਨਾਲ ਸਾਡੀ ਸ਼ਰਤ ਸੀ ਅਰ ਅਸਾਂ ਇਸ ਮਾਲ ਨਾਲ ਦੇਸ਼ ਦੇ ਵੈਰਾਨ ਹੋ ਗਏ ਗਰੀਬਾਂ ਤੇ ਮਜ਼ਲੂਮ ਸਿੱਖਾਂ ਨੂੰ ਪਾਲਣਾ ਹੈ ਅਰ ਆਪਣੀ ਜੰਗੀ ਤਾਕਤ ਦੇ ਸਾਮਾਨ ਖਰੀਦਣੇ ਹਨ, ਅਸੀਂ ਕਦੇ ਨਹੀਂ ਮੋੜਾਂਗੇ। ਇਹ ਝਗੜਾ ਉਸ ਪਿੰਡ ਹੋ ਰਿਹਾ ਹੈ, ਜਿਥੇ ਗਰੀਬ ਸਤਵੰਤ ਕੌਰ ਨੇ ਜਨਮ ਧਾਰਿਆ ਸੀ, ਜਿੱਥੋਂ ਦੀ ਮਿਟੀ ਨੇ ਉਸ ਦੀ ਕਾਂਯਾਂ ਡੌਲੀ ਸੀ, ਜਿਥੋਂ ਦ ਪਾਣੀ ਤੇ ਪੌਣ ਨੇ ਉਸ ਨੂੰ ਖਿਡਾਇਆ ਸੀ। ਖਾਲਸੇ ਦੇ ਦਲ ਇਥੇ ਉਤਰੇ ਪਏ ਸੇ, ਸਤਿਸੰਗ ਲਗ ਰਿਹਾ ਸੀ, ਸਿੱਖ, ਹਿੰਦੂ ਸਭ ਖੁਸ਼ ਸੇ ਕਿ ਹੁਣ ਇਹ ਦੋ ਤਾਕਤਾਂ, ਜੋ ਪਛਮੋਤਰ ਨੂੰ ਚੱਲੀਆ ਹਨ, ਸਦਾ ਲਈ ਕਾਬਲ ਦਾ ਕਿੱਲਾ ਪੱਟਕੇ ਦੱਰਾ ਖ਼ੈਬਰ ਦੀ ਧੌਣ ਤੋੜ ਆਉਣਗੀਆਂ, ਪਰ ਅਭਾਗੇ ਦੇਸ਼ ਦੇ ਅਭਾਗੇ ਲੱਛਣ, ਐਨ ਦੀਵਾਨ ਸਜੇ ਵਿਚ ਖ਼ਬਰ ਆਈ ਕਿ ਰਾਘੋ ਰਾਊ ਫੋਜ ਲਈ ਸਿੱਖਾਂ ਨੂੰ ਮਾਰਨ ਆ ਰਿਹਾ ਹੈ। ਭੋਗ ਪਾਉਂਦੇ ਹੀ ਖ਼ਾਲਸਾ ਜੀ ਉਠ ਤੁਰੇ, ਖਾਲੀ ਤੰਬੂ ਤੇ ਸਾਏਬਾਨ ਪਿਛੇ ਰਹਿ ਗਏ, ਜਿਨ੍ਹਾਂ ਪਰ ਰਾਘੋ ਨੇ ਆਕੇ ਧਾਵਾ ਕੀਤਾ ਤੇ ਸ਼ਰਮ ਉਠਾਈ। ਖਾਲਸਾ ਜੀ ਪੈਰ ਉਠਾਉਂਦਾ ਸਿੱਧਾ ਅੰਮ੍ਰਿਤਸਰ ਨੂੰ ਹੋਇਆ ਤੇ ਉਥੇ ਗੁਰਮਤੇ ਲਈ ਸਾਹ ਲੀਤਾ। ਦੇਸ਼ ਸਾਰੇ ਸੱਦੇ ਫਿਰ ਗਏ ਕਿ ਇਕ ਭਾਰੇ ਗੁਰਮਤੇ ਲਈ ਪ੍ਰਬੰਧ ਹੋਯਾ ਹੈ ਕਿ ਪੰਥ ਨੇ ਮਰਹੱਟਿਆਂ ਨਾਲ ਕੀਕੂੰ ਵਰਤਣਾ ਹੈ।

ਹੁਣ ਮਰਹਟੇ ਸਤਲੁਜ ਪਾਰ ਹੋ ਆਏ, ਸਰਹਿੰਦ ਸਰ ਕਰ ਆਏ ਸਨ, ਦੁਆਬੇ ਨੇ ਤਾਂ ਉਸ ਨੂੰ ਨੇਉਂਦਰਿਆਂ ਹੀ ਸੀ। ਮਾਰੋ ​ਮਾਰ ਕਰਦੇ ਮਰਹੱਟੇ ਲਾਹੌਰ ਪਹੁੰਚ ਪਏ। ਪਿੱਛੇ ਦੱਸ ਆਏ ਹਾਂ ਕਿ ਤੈਮੂਰ ਸ਼ਾਹ ਨੱਸ ਚੁਕਾ ਸੀ, ਪਰ ਇਹ ਬੀ ਖਿਆਲ ਹੈ ਕਿ ਉਹ ਅਜੇ ਲਾਹੌਰ ਹੈਸੀ। ਕੱਚੀ ਸਰਾਂ ਕੋਲ ਤੈਮੂਰ ਸ਼ਾਹ ਨਾਲ ਮਰਹੱਟਿਆਂ ਦਾ ਟਾਕਰਾ ਹੋਇਆ। ਦੁਰਾਨੀ ਹਾਰ ਖਾਕੇ ਨੱਸੇ ਤੇ ਅਟਕ ਪਾਰ ਹੋ ਗਏ। ਤੈਮੂਰ ਸ਼ਾਹ ਦਾ ਮਾਲ ਮਤਾ ਸਾਰਾ ਮਰਹੱਟਿਆਂ ਨੇ ਸਾਂਭਿਆ। ੭੫ ਲੱਖ ਰੁਪੱਯਾ ਸਾਲਾਨਾ ਨਜ਼ਰਾਨਾ ਲੈਣਾ ਕਰਕੇ ਇਨ੍ਹਾਂ ਨੇ ਆਦੀਨਾ ਬੇਗ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਅਤੇ ਖ੍ਵਾਜਾ ਮੀਰਜ਼ਾ ਨੂੰ ਆਦੀਨਾ ਬੇਗ ਦਾ ਨਾਇਬ ਥਾਪਿਆ। ਸ਼ਾਮ ਜੀ ਰਾਮ ਜੀ ਦੇ ਮਰਹੱਟੇ ਸਰਦਾਰ ਮੁਲਤਾਨ ਤੇ ਪਹੁੰਚਕੇ ਹਾਕਮ ਬਣੇ। ਇਕ ਜ਼ਬਰਦਸਤ ਫੌਜ ਸਾਹਬੋ (ਯਾ ਸਾਹਿਬਾ ਪਤੇਲ) ਮਰਹੱਟੇ ਦੇ ਤਾਬਿਆ ਕਿਲ੍ਹੇ ਅਟਕ ਤੇ ਕਬਜ਼ਾ ਕਰਨ ਲਈ ਟੋਰੀ ਗਈ, ਰਸਤੇ ਵਿਚ ਕਿਤੇ ਲੰਮਾ ਟਾਕਰਾ ਨਹੀਂ ਹੋਇਆ। ਅਟਕ ਤੋਂ ਸਰਹਿੰਦ ਤਕ ਇਕ ਹੀ ਵਰ੍ਹੇ ਵਿਚ ਦੁਰਾਨੀ ਹੁਕਮ ਉਠ ਗਿਆ ਅਰ ਮਰਹੱਟੇ ਮਾਲਕ ਬਣ ਬੈਠੇ। ਪੰਜਾਬ, ਦੁੱਖਾਂ ਦੀ ਮਾਰੀ ਪੰਜਾਬ, ਦਾ ਇਹ ਹਾਲ ਸੀ। ਪਰ ਕੀਹ ਸੱਚੀ ਮੁੱਚੀ ਪਿਛਲੇ ਸਾਲ ਦੁਰਾਨੀ ਤੇ ਅੱਜ ਮਰਹੱਟੇ ਮਾਲਕ ਹਨ? ਨਹੀਂ, ਇਹ ਤਾਂ ਹੜ੍ਹ ਦੀ ਤਰ੍ਹਾਂ ਕਾਂਗਾਂ ਆਈਆਂ, ਸਾਰੇ ਦੇਸ਼ ਨੂੰ ਡੋਬਿਆ ਤੇ ਗੁੰਮ। ਅਸਲੀ ਮਾਲਕੀ ਦੀਆਂ ਜੜ੍ਹਾਂ ਤਾਂ ਥਾਂ ਥਾਂ ਸਿੱਖ ਫੈਲ ਰਹੇ ਸਨ ਜੋ ਹੜ੍ਹ ਆਏ ਤੇ ਲਾਂਭੇ ਹੋ ਜਾਂਦੇ ਤੇ ਮਗਰੋਂ ਫੇਰ ਥਾਂ ਥਾਂ ਦੇ ਮਾਲਕ ਤੇ ਹਾਕਮ ਬਣ ਜਾਂਦੇ ਸਨ।

ਖਾਲਸੇ ਦੇ ਇਸ ਗੁਰਮਤੇ ਦਾ, ਜੋ ਅੰਮ੍ਰਿਤਸਰ ਹੋਇਆ ਸੀ, ਇਹ ਫੈਸਲਾ ਹੋਇਆ ਕਿ ਮਰਹੱਟਿਆਂ ਨਾਲ ਲੜਨਾ ਨਹੀਂ ਹੈ, ਮੇਲ ਕਰਨ ਤਾਂ ਕਰ ਲੈਣਾ ਹੈ, ਪਰ ਜੇ ਸ਼ਰਨ ਮੰਗਣ ਤਾਂ ਨਹੀਂ ਲੈਣੀ। ਆਕੜਨ, ਮੁਕਾਬਲਾ ਕਰਨ ਤਾਂ ਡਟ ਕੇ ਲੜਨਾ ਹੈ, ਬਹੂੰ ਬਲ ਪੈ ਜਾਏ ਤਾਂ ਬਾਰਾਂ ਵਿਚ ਜਾ ਵੜਨਾ ਹੈ। ਇਸ ਫੈਸਲੇ ਪਰ ਸਿੱਖਾਂ ਦੇ ਦਲ ਥਾਂ ਥਾਂ ਫੈਲ ਗਏ। ਆਦੀਨਾ ​ਬੇਗ ਨੇ ਮਰਹੱਟਿਆਂ ਦੀ ਸ਼ਹਿ ਸਮਝਕੇ ਖਾਲਸੇ ਨੂੰ ਅੱਖ ਦਿਖਾਈ। ਸੋ ਖਾਲਸੇ ਦੀ ਪਹਿਲੀ ਚੜ੍ਹਾਈ ਉਸੇ ਤੇ ਹੋਈ, ਜਿਸ ਵਿਚ ਆਦੀਨਾ ਬੇਗ ਨੇ ਸਿੱਖਾਂ ਤੋਂ ਉਹ ਉੱਲਰਵਾਂ ਧੱਪਾ ਦੋ ਹੀ ਘੰਟੇ ਵਿਚ ਖਾਧਾ ਤੇ ਵੀਹ ਹਜ਼ਾਰ ਜੁਰਮਾਨਾਂ ਦੇ ਕੇ ਸ਼ਰਨ ਮੰਨੀ ਤਾਂ ਖਹਿੜਾ ਛੁੱਟਾ। ਬਾਰਾਂ ਤੇ ਬਨ ਖਾਲਸੇ ਛੱਡ ਦਿਤੇ, ਥਾਂ ਥਾਂ ਕਬਜ਼ੇ ਜਮਾ ਲਏ ਤੇ ਲਗੇ ਰਾਜ ਕਰਨ। ਮੈਨਦਾਬ ਵਿਚ ਵੀ ਭਾਰੀ ਕੱਠ ਹੋ ਗਿਆ ਅਰ ਫੇਰ ਸਰਹਿੰਦ ਨਾਲ ਜੰਗ ਸ਼ੁਰੂ ਹੋ ਗਿਆ। ਇਸ ਜੰਗ ਵਿਚ ਤੋਪਾਂ ਦੇ ਸਾਹਮਣੇ ਖਾਲਸੇ ਨੇ ਪਾਰ ਹੋ ਜਾਣਾ ਸੀ ਕਿ ਆਨੰਦਪੁਰ ਦੇ ਪਹਾੜਾਂ ਤੋਂ ਪਹਾੜਾਂ ਵਿਚ ਲੁਕੇ ਵੀਰਾਂ ਦੇ ਜੱਥੇ ਕਟਕ ਦੀ ਤਰ੍ਹਾਂ ਆ ਉਤਰੇ। ਸਦੀਕਬੇਗ ਹਾਕਮ ਸਰਹਿੰਦ ਨੂੰ ਹਾਰ ਹੋਈ, ਉਸ ਨੇ ਸਿੱਖਾਂ ਦਾ ਸਾਰਾ ਨੁਕਸਾਨ ਭਰਕੇ ਦੋ ਲੱਖ ਰੁਪੱਯਾ ਦੇਕੇ ਸ਼ਰਨ ਮੰਨਕੇ ਸੁਲਹ ਕੀਤੀ ਤੇ ਫੇਰ ਰਾਜ ਕਰਨ ਲੱਗਾ। ਇਸ ਨਿਰਭੈਤਾ ਤੇ ਸੂਰਬੀਰਤਾ ਦੇ ਵਰਤਾਉ ਅੱਗੇ ਪੰਜਾਬ ਵਿਚ ਆਏ ਮਰਹੱਟੇ ਨਾ ਤਾਂ ਮੁਕਾਬਲਾ ਕਰਦੇ ਸਨ ਤੇ ਨਾ ਟੁਰਦੇ ਸਨ, ਚੰਗੇ ਚੰਗੇ ਥਾਂਈਂ ਕਬਜ਼ੇ ਜਮਾਈ ਕੁਛ ਸੋਚਾਂ ਵਿਚ ਬੈਠੇ ਤੱਕਦੇ ਸਨ। ਸਿੱਖਾਂ ਦੀ ਦਲੇਰੀ ਐਥੋਂ ਤੱਕ ਸੀ ਕਿ ਲਾਹੌਰ ਦੀਆਂ ਕੰਧਾਂ ਕੀ ਬਜ਼ਾਰਾਂ ਤੱਕ ਵਿਚ ਆਕੇ ਆਪਣੇ ਖੂਨੀਆਂ ਨੂੰ ਫੜ ਲੈ ਗਏ ਅਰ ਮਰਹੱਟਿਆਂ ਦੇ ਕਿਲ੍ਹੇ ਤੋਂ ਇਕ ਗੋਲੀ ਤਕ ਨਾਂ ਝੜੀ।

----

੧੭. ਕਾਂਡ।

ਚੁਪ ਚਾਪ ਰਾਤ ਛਾ ਗਈ, ਲੋਕੀਂ ਨੀਂਦ ਦੀ ਗੋਦ ਵਿਚ ਹਨ। ਜੀ ਨਹੀਂ ਸਰਕਦਾ, ਪੰਛੀ ਨਹੀਂ ਡੋਲਦਾ, ਹਵਾ ਤਕ ਨਹੀਂ ਰੁਮਕਦੀ, ਸਨਾਟਾ ਛਾ ਰਿਹਾ ਹੈ, ਅਕਾਸ਼ ਵਿਚ ਡਲ੍ਹਕ ਡਲ੍ਹਕ ਕਰਦੇ ਤਾਰੇ ਚੁਪ ਚਾਪ ਟੁਰੇ ਜਾ ਰਹੇ ਹਨ। ਕਾਬਲ ਦੇ ​ਰੜੇ ਵਿਚ ਕਾਫਲਾ ਪਿਆ ਹੈ, ਜਿਸ ਨੇ ਪਸ਼ੌਰ ਤਕ ਵਪਾਰ ਕਰਕੇ ਮੁੜਨਾ ਸੀ, ਅੱਜ ਦੂਸਰੀ ਮੰਜ਼ਲੇ ਹੀ ਪਹਿਰੇਦਾਰਾਂ ਵਿਚ ਘੇਰਿਆ ਪਿਆ ਹੈ। ਜਿਸ ਹਿੱਸੇ ਦੀ ਤਲਾਸ਼ੀ ਹੋ ਚੁਕੀ ਹੈ ਉਹ ਹਿੱਸਾ ਤਾਂ ਬੇਫਿਕਰ ਸੌਂ ਗਿਆ ਹੈ, ਪਰ ਜਿਸ ਹਿੱਸੇ ਦੀ ਨਹੀਂ ਹੋਈ ਉਸ ਵਿਚ ਬੇਚੈਨੀ ਜੇਹੀ ਹੈ। ਜ਼ਾਲਮ ਨੀਂਦ ਨੇ ਤਦ ਬੀ ਅੱਖਾਂ ਮੇਲ ਕੇ ਸੁਆਲ ਦਿਤਾ ਹੈ। ਨੀਂਦ ਦੀ ਐਡੀ ਜ਼ੋਰਾਵਰੀ ਦੇ ਹੁੰਦਿਆਂ ਜਸਵੰਤ ਸਿੰਘ ਹੁਰੀਂ ਬੇਚੈਨ ਹਨ, ਸੁੱਤੇ ਨਹੀਂ, ਅਰ ਨੈਣ ਅਕਾਸ਼ ਵਲ ਤੇ ਸੁਰਤ ਅਕਾਸ਼ਾਂ ਦੇ ਸਾਂਈਂ ਵੱਲ ਲੱਗੀ ਹੋਈ ਹੈ, ਪਰਦੇ ਖੁੱਲ ਜਾਣ ਦਾ ਭੈ ਹੈ। ਸਵੇਰੇ ਤਲਾਸ਼ੀ ਹੋਣੀ ਹੈ ਤੇ ਜਾਮਾ ਤਲਾਸ਼ੀ ਹੋਣੀ ਹੈ, ਉਸ ਵੇਲੇ ਪਤਾ ਲੱਗ ਜਾਣਾ ਹੈ ਕਿ ਮੈਂ ਜ਼ਨਾਨੀ ਹਾਂ ਅਰ ਮਵਦਾਵੇਂ ਭੇਸ ਵਿਚ ਹਾਂ, ਉਸ ਵੇਲੇ ਪਤਾ ਲਗ ਜਾਣਾ ਹੈ ਕਿ ਮੈਂ ਅਮੀਰ ਦੇ ਮਹਿਲੋਂ ਨੱਠੀ ਹੋਈ ਹਾਂ,ਬਸ ਫੇਰ ਬੰਦੀ ਤੇ ਬੰਦੀਦੇ ਨਾਲ ਤਸੀਹੇ ਤੇ ਮੌਤ।

ਸਤਵੰਤ ਇਸ ਆਪਣੇ ਮਰਦਾਵੇਂ ਜਾਮੇ ਵਿਚ ਸਲਾਮਤੀ ਸਮਝਦੀ ਸੀ, ਪਰ ਇਸ ਵੇਲੇ ਔਕੜ ਦੇ ਮੂੰਹ ਆ ਗਈ ਹੈ। ਪਹਿਲਾਂ ਤਾਂ ਕੁਛ ਘਾਬਰ ਗਈ ਸੀ,ਪਰ ਹੁਣ ਜੀ ਸਗੋਂ ਕੁਝ ਕੱਠਾ ਹੁੰਦਾ ਜਾਂਦਾ ਹੈ ਤੇ ਸੁਰਤ ਜੁੜਦੀ ਜਾਂਦੀ ਹੈ। ਪਰ ਸੋਚਾਂ ਰੋੜ੍ਹਣ ਲਗਦੀਆਂ ਹਨ, ਤਦ ਮਾਨੋਂ ਅਵਾਜ਼ ਆਉਂਦੀਹੈ 'ਅੰਗੀਕਾਰ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ।' ਹਾਂ, ‘ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।' ਇਨ੍ਹਾਂ ਸੋਚਾਂ ਦੀਆਂ ਫੋਟਾਂ ਤੇ ਸਿਦਕ ਦੇ ਹੰਭਲਿਆਂ ਤੇ ਸੁਰਤ ਦੇ ਲਹਾਵਾਂ ਚੜ੍ਹਾਵਾਂ ਵਿਚ ਅੱਧੀਰਾਤ ਲੰਘ ਗਈ, ਅਜੇ ਤੱਕ ਕੋਈ ਡੌਲ ਨਹੀਂ ਸੁੱਝੀ। ਸਿਦਕ ਵਾਲੀ ਭਰੋਸੇ ਵਿਚ ਜੁੜ ਜੁੜ ਅੰਦਰੋਂ ਉਠਦੀ ਹੈ ਕਿ ਗੁਰੂ ਕੋਈ ਰਸਤਾ ਕੱਢੇਗਾ। ਹੌਸਲਿਆਂ ਵਾਲੀ ਅੰਦਰੋਂ ਹਿੰਮਤਾਂ ਦੇ ਤਾਣ ਲਾ ਲਾ ਉਠਦੀ ਹੈ, ਪਰ ਚਾਰ ਚੁਫੇਰੇ ਨਜ਼ਰ ਮਾਰਕੇ ਫੇਰ ਬੈਠ ਜਾਂਦੀ ਹੈ। ਅਖੀਰ ਉਠੀ ਅਰ ਇਕ ਪਾਸੇ ਵੱਲੋਂ ਖਿਸਕ ਜਾਣ ਦੀ ਸੋਚੀ ਪਰ ਥੋੜ੍ਹੇ ਹੀ ​ਕਦਮਾਂ ਤੇ ਪਹਿਰਾ ਖੜਾ ਸੀ, ਦਬਕ ਕੇ ਬੈਠ ਗਈ। ਮਲਕੜੇ ਜੇਹੇ ਫ਼ੇਰ ਮੁੜੀ, ਇਕ ਹੋਰ ਪਾਸੇਵਲੋਂ ਤਿਲਕਣ ਦੀ ਕੀਤੀ, ਪਰ ਇਕ ਉਹਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫੇਰ ਮਲਕੜੇ ਪੈਰੀਂ ਆਪਣੇ ਬਿਸਤਰੇ ਤੇ ਆਟਿਕੀ। ਇਹ ਉਹਦੇਦਾਰ ਜੀ ਫਿਰਦੇਫਿਰਦੇ ਨੇੜੇ ਕੁ ਆਕੇ ਖੜੇ ਹੋ ਗਏ। ਚਾਰਿ ਚੁਫੇਰੇ ਨਜ਼ਰ ਮਾਰੀ, ਸਾਰੇ ਸੁੱਤੇ ਪਏ ਭਾਸੇ। ਫੇਰ ਇਸ ਨੇ ਆਪਣੇ ਆਪ ਨੂੰ ਹੌਲੇ ਜਿਹੇ ਆਖਿਆ "ਸਭ ਸੁਤੇ ਪਏ ਹਨ, ਸਾਰੇ ਪਠਾਣ ਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲਗੇ ਕਿ ਬੁਤਾਲਾ ਕੀ ਹੈ ਤੇ ਕਿੱਥੇ ਹੈ, ਪਤਾ ਨਹੀਂ ਸੱਚ ਹੈ ਕਿ ਝੂਠ? ਉਫ! ਕੀ!.....? ਕੁਛ.....,ਪਤਾ ਨਹੀ ਕੀ ਕਰਾਂ? ਅੱਛਾ ਖ਼ੈਰ! ਅਜੇ ਤਕ ਕੋਈ ਡੌਲ ਨਹੀਂ.....,ਕੱਲ ਟੁਰਪਏ ਅੱਗੇ, ਤਾਂ ਫੇਰ ਕੀ ਬਣਨਾ ਹੈ?"

ਇਸ ਪਠਾਣ ਹੁੱਦੇਦਾਰ ਨੂੰ ਮਨ ਨਾਲ ਗਲਾਂ ਕਰਦਿਆਂ ਕੁਛ ਬਰੀਕ ਜਿਹੀ ਅਵਾਜ਼ ਕੰਨੀ ਪਈ। ਖਿਆਲ ਕੀਤਾ ਤਾਂ ਇਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ੍ਹ ਰਹੀ ਹੈ। ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗ਼ੈਰ ਜ਼ਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕੋਈ ਸਿੱਖ ਹੈ ਅਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੁ ਮਗਰੋਂ ਇਸ ਨੂੰ ਸਾਫ ਸਮਝ ਪੈਣ ਲਗ ਪਈ ਕਿ ਠੀਕ ਇਹ ਉਹੋ ਸ਼ੈ ਹੈ ਜਿਸਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਹੁ ਕੱਢਣ ਦਾ ਸ਼ੌਕ, ਕਾਹਲਾ ਹੋ ਗਿਆ। ਵੇਲਾ ਏਕਾਂਤ ਦਾ ਸੀ, ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰਵੀਂ ਪੜਤਾਲ ਕਰ ਰਿਹਾ ਸੀ। ਅੱਗੇ ਵਧ ਕੇ ਜੁਆਨ ਨੂੰ ਆ ਹਿਲਾਇਓਸੁ ਤੇ ਕਹਿਣ ਲਗਾ-ਤੂੰ ਕੌਣ ਹੈਂ ਭਾਈ?'

ਜਸਵੰਤ-ਮੁਸਾਫਰ ਹਾਂ।

ਹੁੱਦੇਦਾਰ-ਕਿਥੇ ਜਾਂਦਾ ਹੈਂ?

ਜਸਵੰਤ-ਹਿੰਦੁਸਤਾਨ ਵਲ।

​ਹੁੱਦੇਦਾਰ-ਕਦੇ ਅੱਗੇ ਬੀ ਗਿਆ ਹੈਂ, ਯਾ ਪਹਿਲੀ ਵੇਰ?

ਜਸਵੰਤ-ਮੈਂ ਸਰਹਿੰਦ ਤਕ ਦਾ ਜਾਣੂੰ ਹਾਂ।

ਹੁੱਦੇਦਾਰ-ਬੁਤਾਲਾ ਬੀ ਡਿੱਠਾ ਹੈ?

ਜਸਵੰਤ-ਬੁਤਾਲਾ ਤਾਂ ਨਹੀਂ ਵਟਾਲਾ ਹੈ।

ਹੁੱਦੇਦਾਰ-ਹਾਂ ਵਤਾਲਾ, ਵਟਾਲਾ ਉਹ ਕੀ ਥਾਂ ਹੈ?

ਜਸਵੰਤ-ਮੁਸਲਮਾਨਾਂ ਦੇ ਮਦਰੱਸੇ ਤੇ ਪੁਸਤਕਾਲੇ ਉਥੇ ਹਨ।

ਹੁੱਦੇਦਾਰ-ਹਾਂ, ਠੀਕ, ਤੈਨੂੰ ਪੰਜਾਬ ਦੀ ਖ਼ਬਰ ਹੈ?

ਜਸਵੰਤ-ਕੁਛ ਥ੍ਹੋੜੀ ਬਹੁਤੀ ਹੈ ਹੀ?

ਹੁੱਦੇਦਾਰ-ਕੀ ਸਬੱਬ?

ਜਸਵੰਤ-ਪਿੱਛਾ ਪੰਜਾਬ ਦਾ ਜੁ ਹੋਇਆ।

ਹੁੱਦੇਦਾਰ-ਨਾਦਰਸ਼ਾਹ ਕੈਦ ਕਰਕੇ ਲਿਆਇਆ ਸੀ?

ਜਸਵੰਤ-ਜੀ ਨਹੀਂ, ਪਰ ਉਂਞ ਅਸੀਂ ਉਧਰ ਦੇ ਹੀ ਹਾਂ।

ਹੁੱਦੇਦਾਰ-ਪੰਜਾਬ ਵਿਚ ਤੂੰ ਕਿਸੇ ਦਾ ਜਾਣੂੰ ਹੈਂ?

ਜਸਵੰਤ-ਕਿਸੇ ਕਿਸੇ ਦਾ।

ਹੁੱਦੇਦਾਰ-ਆਸਕੁਰ ਨਾਮ ਸੁਣਿਆ ਹੈ।

ਜਸਵੰਤ-(ਬੜੀ ਡੂੰਘੀ ਸੋਚ ਸੋਚ ਕੇ ਤੇ ਵਟਾਲੇ ਦਾ ਧਿਆਨ ਆਕੇ) ਜੀ ਹਾਂ, ਵਟਾਲੇ ਤੋਂ ਇਹ ਮਾਈ ਆਸਕੌਰ ਆਪਣੇ ਦੋ ਤ੍ਰੈ ਵਰ੍ਹੇ ਦੇ ਬੱਚੇ ਸਣੇ ਨਾਦਰ ਸ਼ਾਹ ਦੇ ਹਿੰਦੂ ਗ਼ੁਲਾਮਾਂ ਵਿਚ ਕਿਸੇ ਧੋਖੇ ਨਾਲ ਫਸਗਈ ਸੀ ਤੇ ਜਕੜਬੰਦ ਕੀਤੀ ਇਧਰ ਆਂਦੀ ਗਈ ਸੀ।

ਹੁੱਦੇਦਾਰ-ਫੇਰ ਉਸ ਦਾ ਕੀ ਹੋਇਆ ਸੀ?

ਜਸਵੰਤ ਅਟਕ ਪਾਸ ਸਿਖ ਆਕੇ ਹਿੰਦੂਕੈਦੀ ਛੁਡਾਕੇ ਲੈ ਗਏ ਸਨ, ਪਰ ਇਹ ਮਾਈ ਨਹੀਂ ਲਭੀ ਸੀ, ਪਤਾ ਨਹੀ ਲਗਾ ਕਿ ਉਸ ਦਾ ਕੀ ਹਾਲ ਹੋਇਆ। ਇਉਂ ਬੀ ਸੁਣਿਆਂ ਸੀ ਕਿ ਆਸਕੌਰ ਨਾਲ ਇਕ ਪਹਾੜਨ ਖਿਡਾਵੀ ਨੌਕਰ ਸੀ, ‘ਨੁਕਰੋ' ਉਸਦਾ ਨਾਮ ​ਸੀ, ਉਹ ਬੀ ਨਾਲ ਹੀ ਕੈਦ ਪਈ ਸੀ, ਪਰ ਤਿੰਨਾਂ ਸਰੀਰਾਂ ਦਾ ਫੇਰ ਕੁਛ ਪਤਾ ਨਹੀਂ ਲੱਗਾ।

ਹੁੱਦੇਦਾਰ (ਤੇਵਰ ਬਦਲ ਕੇ ਤੇ ਬੁੱਲ੍ਹ ਟੁੱਕਕੇ)-ਐ ਨੌ ਜੁਆਨ! ਤੈਨੂੰ ਐਤਨੇ ਹਾਲ ਕਿਸ ਤਰ੍ਹਾਂ ਮਾਲੂਮ ਹਨ?

ਜਸਵੰਤ-ਸੁਣੇ ਸੁਣਾਏ।

ਹੁੱਦੇਦਾਰ-ਤੂੰ ਇਸ ਵੇਲੇ ਤੱਕ ਜਾਗ ਕਿਉਂ ਰਿਹਾ ਹੈਂ?

ਜਸਵੰਤ-ਆਪਣੇ ਅੱਲਾ ਨੂੰ ਯਾਦ ਕਰ ਰਿਹਾ ਹਾਂ।

ਹੁੱਦੇਦਾਰ-ਕਿਉਂ?

ਜਸਵੰਤ-ਗੁਰੂ ਨਾਨਕ ਦਾ ਹੁਕਮ ਹੈਕਿ ਦਿਲ ਨਾਲ ਅੱਲਾ ਨੂੰ ਯਾਦ ਕਰੋ ਤੇ ਹੱਥਾਂ ਨਾਲ ਕੰਮ ਕਰੋ। ਜੋ ਮਾਲਕ ਨੂੰ ਯਾਦ ਨਹੀਂ ਕਰਦਾ ਉਹ ਹਰਾਮ ਖਾਂਦਾ ਹੈ।

ਹੁੱਦੇਦਾਰ-ਤੂੰ ਬੜਾ ਨੇਕ ਬੰਦਾ ਮਾਲੂਮ ਹੁੰਦਾ ਹੈਂ। (ਦਿਲ ਨਾਲ-ਮੱਥਾ ਡਾਢਾ ਹੀ ਪਿਆਰਾ ਹੈ। ਬੋਲੀ ਬਹੁਤ ਹੀ ਮਿੱਠੀ ਤੇ ਅਕਲ ਬਹੁਤ ਹੀ ਸੁਥਰੀ ਹੈ) ਭਲਾ ਇਹ ਦੱਸ ਖਾਂ ਆਸਕੌਰ ਦਾ ਪਤੀ ਹੈ ਅਰ ਉਸ ਦਾ ਕੁਛ ਨਾਮ ਹੈ?

ਜਸਵੰਤ-ਹੈ। ਉਸ ਦਾ ਨਾਮ ਸ਼ਤ੍ਰ ਜੀਤ ਸਿੰਘ ਹੈ, ਇਕ ਓਸ ਦੀ ਕਾਕੀ ਹੈ, ਓਹ ਬੜੀ ਸੁੰਦਰ, ਪਰਮੇਸ਼ੁਰ ਦੀ ਪਿਆਰੀ ਤੇ ਨੇਕ ਹੈ, ਨਿਰੀ ਆਪਣੀ ਮਾਂ ਦੀ ਨੁਹਾਰ ਦੀ ਸੁਣੀ ਦੀ ਹੈ।

ਹੁੱਦੇਦਾਰ-ਦੇਖੀ ਨਹੀਂ?

ਜਸਵੰਤ-ਸੁਣੀ ਹੈ।

ਹੁੱਦੇਦਾਰ-ਕੀਹ ਤੂੰ ਹਿੰਦੁਸਤਾਨ ਵਿਚ ਹੋਵੇਂ ਤਾਂ ਉਸ ਕਾਕੀ ਦਾ ਪਤਾ ਕਰ ਲਵੇਂ?

ਜਸਵੰਤ-ਠੀਕ ਨਹੀਂ ਕਹਿ ਸਕਦਾ, ਜੇ ਕਿਸੇ ਨੇਕ ਕੰਮ ਲਈ ਲੋੜ ਪਵੇ ਤਾਂ ਜਤਨ ਕਰ ਸਕਾਂ।

ਹੁੱਦੇਦਾਰ-ਹੂੰ, ਦਾਨਾ ਹੈ।

ਜਸਵੰਤ-ਹਾਂ ਜੀ, ਸੁਣਿਆਂ ਹੈ ਕਿ ਆਪਣੇ ਵੀਰ ਤੇ ਮਾਂ ਨੂੰ ​ਯਾਦਕਰਕਰਕੇ ਜਦ ਗੀਤਗਾਂਉਦੀ ਹੈ ਤਾਂ ਪੱਥਰਪੰਘਰ ਜਾਂਦੇ ਹਨ।

ਹੁੱਦੇਦਾਰ-ਉਰੇ ਆ ਜਾ।

ਜਸਵੰਤ(ਉਰੇ ਆਕੇ)-ਹੁਕਮ?

ਹੁੱਦੇਦਾਰ-ਤੇਰੇ ਪਾਸ ਕੋਈ ਹਥਿਆਰ ਹੈ?

ਜਸਵੰਤ-ਕਟਾਰ ਹੈ।

ਹੁੱਦੇਦਾਰ-ਮੈਨੂੰ ਦੇ ਦੇਹ।

ਜਸਵੰਤ-ਮੈਂ ਆਪਣੀ ਰੱਖਿਆ ਲਈ ਪਾਸ ਕੀ ਰੱਖਾਂ?

ਹੁੱਦੇਦਾਰ-ਮੇਰਾ ਹੁਕਮ ਮੋੜਨਾ ਕਿਤਨਾ ਬੁਰਾ ਹੈ?

ਜਸਵੰਤ-ਨੀਕ ਹੈ, ਪਰ ਮੈਨੂੰ ਕਾਰਨ ਤਾਂ ਦੱਸੋ?

ਹੁੱਦੇਦਾਰ-ਮੈਂ ਤੈਨੂੰ ਕੈਦ ਕਰਨਾ ਹੈ।

ਜਸਵੰਤ-ਕਿਸ ਕਸੂਰ ਬਦਲੇ?

ਹੁੱਦੇਦਾਰ-ਕਸੂਰ ਕੋਈ ਨਹੀਂ, ਮੈਨੂੰ ਤੇਰੀ ਕੁਛ ਲੋੜ ਹੈ; ਜਦ ਮੇਰਾ ਕੰਮ ਹੋ ਜਾਏਗਾ ਛੱਡ ਦਿਆਂਗਾ।

ਜਸਵੰਤ-ਫੇਰ ਕੈਦ ਦੀ ਕੀ ਲੋੜ ਹੈ, ਹੁਕਮ ਦਿਓ, ਕੰਮ ਨੇਕ ਹੈ ਤਾਂ ਮੈਂ ਕਰ ਦਿਆਂਗਾ।

ਹੁੱਦੇਦਾਰ-ਮੈਂ ਕੁਛ ਕਹਿ ਨਹੀਂ ਸਕਦਾ। ਮੈਂ ਮੁੱਦਤ ਤੋਂ ਤੇਰੇ ਵਰਗੇ ਦੀ ਢੂੰਡ ਵਿਚ ਸਾਂ, ਖ਼ਬਰੇ ਤੇਥੋਂ ਕੰਮ ਚੱਲੇ।

ਜਸਵੰਤ-ਫੇਰ ਮੈਨੂੰ ਬੇਗੁਨਾਹ ਨੂੰ ਆਪਣੀ ਲੋੜ ਬਦਲੇ ਕੈਦ ਕਿਉਂ ਕਰਨਾ?

ਹੱਦੇਦਾਰ-ਮੇਰੀ ਮਰਜ਼ੀ।

ਜਸਵੰਤ-ਇਨਸਾਫ...ਇਨਸਾਫ.. ਇਨ...।

ਹੁੱਦੇਦਾਰ-ਇਨਸਾਫ, ਇਨਸਾਫ, ਇਨਸਾਫ ਹੁੰਦਾ ਤਾਂ ਤੇਰੀ ਲੋੜ ਕਿਉਂ ਪੈਂਦੀ? ਹੁਣ ਬੋਲਣ ਦਾ ਵੇਲਾ ਨਹੀਂ, ਚੁਪਚਾਪ ਟੂਰ ਪਓ, ਨਹੀਂ ਤਾਂ ਖ਼ੈਰ ਨਹੀਂ ਹੈ।

ਜਸਵੰਤ-ਇਕ ਗਲ ਸੁਣ ਲਓ ਤੇ ਵਿਚਾਰ ਲਓ। ਮਲੂਮ ਹੁੰਦਾ ਹੈ ਕਿ ਤੁਸੀਂ ਕਿਸੇ ਭਾਲ ਵਿਚ ਹੋ ਅਰ ਜਿਸ ਮਾਮਲੇ ਦੀ ​ਭਾਲ ਹੈ ਉਹ ਕੋਈ ਮਾਮਲਾ ਗੁੱਝਾ ਭੇਤ ਹੈ, ਜਿਸ ਦੇ ਪ੍ਰਗਟ ਹੋਣ ਦਾ ਤੁਹਾਨੂੰ ਡਰ ਹੈ ਅਰ ਉਸ ਮਾਮਲੇ ਦੇ ਸਨਬੰਧ ਵਿੱਚ ਬਹੁਤ ਸਾਰੇ ਨਾਮ ਤੁਹਾਡੇ ਪੁੱਛਣ ਤੋਂ ਮੈਨੂੰ ਮਲੂੰਮ ਹੇ ਗਏ ਹਨ। ਜੇਕਰ ਤੁਸਾਂ ਮੇਰੇ ਨਾਲ ਜਬਰ ਕੀਤਾ, ਕੈਦ ਪਾਇਆ ਤਦ ਮੈਂ ਖ਼ੈਰ ਕੈਦ ਝੱਲ ਲਈ ਸਹੀ, ਪਰ ਜਦ ਕਿਸੇ ਅੱਗੇ ਉਹ ਸਾਰੇ ਨਾਉਂ ਕਹਿਕੇ ਮੈਂ ਕੁਛ ਆਪ ਦਾ ਭੇਤ ਦੱਸ ਦਿੱਤਾ ਤਦ ਉਹ ਗੱਲ ਪ੍ਰਗਟ ਹੋ ਕੇ ਇਸ ਤਰ੍ਹਾਂ ਫੁਟੇਗੀ ਕਿ ਤੁਹਾਡਾ ਸਾਰਾ ਮਾਮਲਾ ਚੌੜ ਹੋ ਜਾਏਗਾ। ਭਾਵੇ ਮੈ ਮਰ ਜਾਵਾਂ, ਪਰ ਤੁਹਾਡਾ ਇਸ ਕੰਮ ਤੇ ਤੁਸੀ ਚੌੜ ਹੋ ਜਾਸੋ। ਇਸ ਤਰ੍ਹਾਂ ਦੇ ਕਰਨ ਨਾਲ ਤੁਹਾਨੂੰ ਕੁਛ ਨਾ ਲੱਭਾ ਤੇ ਜੇ ਤੁਸੀਂ ਮੈਨੂੰ ਕੈਦ ਨਾ ਪਾਓ, ਪਿਆਰ ਕਰੋ, ਮੈ ਦੁਖੀ ਹਾਂ, ਇਸ ਵੇਲੇ ਮੇਰਾ ਦਰਦ ਕਰੋ, ਆਪਣਾ ਸ਼ੁਕਰਗੁਜ਼ਾਰ ਬਣਾਓ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆ ਮੈ ਖੁਸ਼ੀ ਨਾਲ ਆਪ ਦੀ ਸੇਵਾ ਬੀ ਕਰਾਂ ਤੇ ਆਪ ਦਾ ਭੇਤ ਬੀ ਰੱਖਾਂ। ਮੈਨੂੰ ਤੁਹਾਡੀ ਗੱਲ ਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ, ਤੁਹਾਡੀ ਅਵਾਜ਼ ਨਰਮ ਹੈ, ਵਿਚ ਕੁਛ ਸੋਚ ਤੇ ਵਿਚਾਰ ਦਾ ਮਾਦਾ ਹੈ, ਤ੍ਰਬ੍ਹਕਦੇ ਹੋ, ਕੋਈ ਭੈ ਬੀ ਹੈ, ਐਸੇ ਹਾਲ ਵਿਚ ਹੋਰ ਦੁੱਖ ਕਾਸਨੂੰ ਦੇਦੇ ਹੋ?

ਹੁੱਦੇਦਾਰ ਡੂੰਘੀਆਂ ਸੋਚਾਂ ਵਿਚ ਲਹਿ ਗਿਆ, ਮਨ ਨੇ ਸੋਚਿਆ ਕਿ ਮੇਰੇ ਭੇਤ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਅਰ ਜੇ ਇਹ ਇਨ੍ਹਾਂ ਨੂੰ ਪ੍ਰਗਟ ਕਰ ਦੇਵੇ ਤਦ ਸਚ ਮੁਚ ਮੇਰਾ ਸਾਰਾ ਮਨਸੂਬਾ ਮਿੱਟੀ ਵਿਚ ਮਿਲ ਜਾਏਗਾ, ਮੈਂ ਆਪਣੇ ਸ਼ੌਕ ਤੇ ਬੇਚੈਨੀ ਦੀ ਕਾਹਲ ਵਿਚ ਮੂਰਖਤਾ ਕਰ ਬੈਠਾ ਸਾਂ। ਏਸ ਨੂੰ ਕੈਦ ਪਾਉਣਾ ਮਾਰ ਦੇਣਾ ਮੇਰੇ ਵੱਸ ਵਿਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਕ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜੀਉਦੇਂ ਰਹਿਣਾ, ਮੈਨੂੰ ਮੇਰੇ ਕੰਮ ਵਿਚ ਮੱਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ, ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤ੍ਰ ਬਣਾਈਏ ਤੇ ਕੰਮ ਸੁਆਰੀਏ। ਏਸ ​ਤਰ੍ਹਾਂ ਦੇ ਡੂੰਘੇ ਵਹਿਣਾਂ ਵਿਚ ਡੁਬ ਡੁਬ ਕੇ ਹੱਸਿਆ ਤੇ ਕਹਿਣ ਲੱਗਾ:—

ਨੌਜਵਾਨ! ਤੂੰ ਬਹੁਤ ਸ਼ਾਤਰ[31] ਹੈਂ? ਦੱਸ ਜੋ ਤੈਨੂੰ ਕੀ ਖੇਚਲ ਹੈ; ਜਿਸ ਵਿਚ ਮੈਂ ਤੇਰੀ ਮੱਦਦ ਕਰਾਂ ਤਾਂ ਤੂੰ ਮੇਰਾ ਅਹਿਸਾਨ ਮੰਨੇ।

ਜਸਵੰਤ-ਮੈਂ ਦੱਸਣ ਨੂੰ ਹਾਜ਼ਰ ਹਾਂ, ਪਰ ਪਹਿਲੇ ਮੇਰੇ ਨਾਲ ਇਕਰਾਰ ਕਰੋ ਕਿ ਮੇਰੇ ਨਾਲ ਮਿੱਤ੍ਰਤਾ ਕਰੋਗੇ?

ਹੁੱਦੇਦਾਰ-ਅਗਰ ਤੂੰ ਮੇਰੇ ਕੰਮ ਵਿਚ ਮੱਦਦ ਕਰੇਂਗਾਤਾਂ।

ਜਸਵੰਤ-ਜੇ ਆਪ ਦਾ ਕੰਮ ਪਾਪ ਦਾ ਨਹੀਂ ਹੈ ਤਾਂ।

ਹੁੱਦੇਦਾਰ-ਮੇਰਾ ਕੰਮ ਪਾਪ ਦਾ ਨਹੀਂ, ਸਗੋਂ ਨੇਕੀ ਦਾ ਹੈ।

ਜਸਵੰਤ-ਕੁਛ ਦੱਸ ਸਕਦੇ ਹੋ?

ਹੁੱਦੇਦਾਰ-ਨਹੀਂ, ਇਸ ਵੇਲੇ ਨਹੀਂ, ਪਰ ਜੇ ਮੇਰੀ ਮੱਦਦ ਕੀਤੀ ਤਾਂ ਜ਼ਰੂਰ।

ਜਸਵੰਤ-ਮੇਰਾ ਭਰਮ ਹੈ ਕਿ ਤੁਸੀਂ ਜਿਸ ਭੈ ਕਰਕੇ ਮੇਰਾ ਇਤਬਾਰ ਨਹੀਂ ਕਰਦੇ ਉਹ ਹੀ ਭੈ ਗ਼ਲਤ ਹੈ, ਸਗੋਂ ਆਪ ਦੇ ਪਿਆਰ ਦਾ ਕਾਰਨ ਉਥੇ ਹੈ।

ਹੁੱਦੇਦਾਰ-ਸ਼ਾਯਦ(ਬੇਵਸਾ ਹਾਹੁਕਾ ਆ ਗਿਆ)।

ਜਸਵੰਤ-ਫੇਰ ਕੌਲ ਦਿਓ।

ਹੁੱਦੇਦਾਰ-ਤੂੰ ਨੁਕਰੋ ਦਾ ਜਾਣੂੰ ਹੈਂ?

ਜਸਵੰਤ-ਨਹੀਂ।

ਹੁੱਦੇਦਾਰ-ਕਾਬਲ ਵਿਚ ਉਸ ਨੂੰ ਕਦੇ ਡਿੱਠਾ ਹੈ?

ਜਸਵੰਤ-ਸਿਆਣ ਨਹੀਂ ਭਾਵੇਂ ਡਿੱਠਾ ਹੋਵੇ।

ਹੁੱਦੇਦਾਰ-ਹੱਛਾ। ਮੈਂ ਫੇਰ ਆਉਦਾ ਹਾਂ।

ਇਹ ਕਹਿਕੇ ਆਪ ਟੁਰ ਗਿਆ। ਪਤਾ ਨਹੀਂ ਕਿਉਂ?

​ਪਰ ਇਸ ਵੇਲੇ ਜਸਵੰਤ ਨੂੰ ਉਸ ਦੀਆਂ ਗੱਲ੍ਹਾਂ ਤੇ ਅੱਥਰੂ ਮਲੂੰਮ ਹੁੰਦੇ ਸਨ ਅਰ ਜਸਵੰਤ ਦੇ ਭਾਣੇ ਉਹ ਨਾ ਰੁਕਦੇ ਅੱਥਰੂ ਹੀ ਛਿਪਾਉਣ ਵਾਸਤੇ ਚਲਾ ਗਿਆ ਸੀ। ਥੋੜ੍ਹੀ ਦੇਰ ਬਾਦ ਉਹ ਫੇਰ ਆ ਗਿਆ। ਚੰਦਰਮਾਂ ਚੜ੍ਹ ਪਿਆ ਸੀ, ਚਾਂਦਨੀ ਦੀ ਡਲ੍ਹਕ ਦੱਸਦੀ ਸੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੈ ਹਾਕਮ ਪਰ ਕਿਸੇ ਡਾਢੀ ਖਿੱਚ ਅਰ ਭਾਰ ਹੇਠ ਦੱਬਿਆ ਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇਕ ਦਾਉ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸੱਕਾਂ, ਨਹੀ ਤਾਂ ਹੁਣ ਦਿਨ ਹੋਣ ਵਾਲਾ ਹੈ, ਹੋਰ ਕੀਹ ਉਪਰਾਲਾ ਹੋ ਸਕਦਾ ਹੈ। ਵਾਹਿਗੁਰੂ ਅਗੇ ਪ੍ਰਾਰਥਨਾ ਕੀਤੀ ਕਿ ਜਿਕੂੰ ਗਜ ਜੈਸੇ ਮੂਢ ਦੇ ਬੰਧਨ ਆਪ ਨੇ ਕੱਟ ਦਿੱਤੇ ਤਿਵੇਂ ਹੇ ਦੀਨ ਦਿਆਲ! ਇਸ ਨੌਜਵਾਨ ਦੇ ਮਨ ਮਿਹਰ ਪਾ ਅਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰ ਦਹ, ਯਾ ਜਿਵੇਂ ਤੇਰੀ ਰਜ਼ਾ ਹੋਵੇ ਮਿਹਰ ਕਰ!

ਹੁੱਦੇਦਾਰ-ਦੇਖ ਨੌਜੁਵਾਨ! ਇਹ ਕੀ ਹੈ?

ਜਸਵੰਤ-ਇਹ ਗੋਲ ਚੀਜ਼ ਕੜਾ ਹੈ ਤੇ ਇਹ ਨਿਕੀ ਜੇਹੀ ਕ੍ਰਿਪਾਨ ਹੈ।

ਹੁੱਦੇਦਾਰ-ਕੀਹ ਸਿੱਖ ਬੱਚੇ ਇਸ ਨਾਲ ਖੇਲਦੇ ਹਨ।

ਜਸਵੰਤ-ਨਹੀਂ, ਇਹ ਬੱਚੇ ਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਪਰ ਇਹ ਜੋ ਆਪ ਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ, ਕਿਉਂਕਿ ਇਨ੍ਹਾਂ ਦੀ ਸਿਕਲ ਬਹੁਤ ਹੀ ਵਧੀਆ ਹੈ।

ਹੁੱਦੇਦਾਰ (ਇਕ ਗੁਟਕਾ ਦਿਖਾਕੇ)-ਇਹ ਕੀ ਹੈ?

ਜਸਵੰਤ(ਨੀਝ ਲਗਾਕੇ)-ਸਿੱਖਾਂ ਦੀ ਸਵੇਰ ਦੀ ਨਿਮਾਜ਼ ਹੈ।

ਹੁੱਦੇਦਾਰ-ਜਪ ਨੀਸਾਣ ਹੈ?

ਜਸਵੰਤ ਜੀ ਹਾਂ, ਜਪ ਨੀਸਾਣ ਹੈ, ਬਹੁਤ ਸੁੰਦਰ ਲਿਖਿਆ ਹੈ।

​ਜਸਵੰਤ ਨੇ ਫੁਰਤੀ ਨਾਲ ਪੁੱਤਰ ਉਥੱਲਦਿਆਂ ਛੇਕੜ ਦਾ ਪੱਤਰਾ ਤੱਕਿਆ, ਚੰਦ ਦੇ ਚਾਨਣੇ ਡੂੰਘੀ ਨਜ਼ਰ ਜਮਾਈ। 'ਸ਼ੱਤੂਜੀਤ ਸਿੰਘ ਲਿਖਤ ਸਤਵੰਤੀ ਆਸ ਕੌਰ ਲਈ' ਇਹ ਹਰਫ਼ ਪੜ੍ਹ ਲਏ, ਫੇਰ ਕਹਿਣ ਲੱਗਾ:—

ਇਹ, ਆਪ ਦੇ, ਜੋ ਮੁਸਲਮਾਨ ਹੋ, ਕਿਸ ਕੰਮ ਹਨ?

ਹੱਦੇਦਾਰ (ਛੇਤੀ ਨਾਲ ਲੈਕੇ)-ਕੰਮ ਹਨ, ਫੇਰ ਕੀ ਮਰਜ਼ੀ ਹੈ?

ਜਸਵੰਤ-ਕੌਲ ਕਰੋ।

ਹੁੱਦੇਦਾਰ-ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਅਰ ਉਸ ਦੇ ਛਿਪਾ ਵਾਸਤੇ ਮਦਦ ਚਾਹੁੰਦਾ ਹੋਵੇਂ?

ਜਸਵੰਤ-ਨਹੀਂ।

ਹੁੱਦੇਦਾਰ-ਫੇਰ ਮੈਂ ਕੌਲ ਕਰਦਾ ਹਾਂ, ਅਰ ਅੱਲਾ ਨੂੰ ਜ਼ਾਮਨ ਦੇਂਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤ੍ਰ ਦੀ ਤਰ੍ਹਾਂ ਅੰਗ ਪਾਲਾਂਗਾ, ਤੂੰ ਬੀ ਕੌਲ ਦੇਹ।

ਜਸਵੰਤ-ਮੈਂ ਕੌਲ ਕਰਦਾਹਾਂ ਅਰ ਬਹੈਸੀਅਤ ਸਿੱਖ ਦੇ ਕੌਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ ਅਰ ਆਪ ਦੇ ਭੇਤ ਸੰਭਾਲਾਂਗਾ।

ਹੁੱਦੇਦਾਰ ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ, ਕਿ ਸਿੱਖ ਸਦਾ ਸੱਚਾ ਹੈ ਇਸ ਦੀ ਜ਼ਬਾਨ ਝੂਠ ਨਾਲ ਆਸ਼ਨਾ ਨਹੀਂ ਹੈ, ਪਰ ਫਿਰ ਪੁੱਛਦਾ ਹਾਂ ਕਿ ਕੀ ਇਸ ਕੌਲ ਵਿਚ ਤੂੰ ਆਪਣਾ ਅੱਲਾ ਜ਼ਾਮਨ ਦੇਂਦਾ ਹੈਂ?

ਜਸਵੰਤ-ਜਿਸ ਵੇਲੇ ਸਿੱਖ ਬਹੈਸੀਅਤ ਸਿੱਖ ਕੌਲ ਕਰਦਾ ਹੈ, ਉਸ ਵਿਚ ਅੱਲਾ ਆਪੇ ਜ਼ਾਮਨ ਹੁੰਦਾ ਹੈ, ਕਿਉਕਿ ਸਿਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿਚ ਵੱਸਦਾ ਹੈ।

ਹੁੱਦੇਦਾਰ-ਅੱਛਾ, ਤੇਰਾ ਅੱਲਾ ਜ਼ਾਮਨ ਹੈ, ਲੈ ਹੁਣ ਤੂੰ ਦੱਸ ਕਿ ਤੈਨੂੰ ਕੀਹ ਲੋੜ ਹੈ?

​ਜਸਵੰਤ—ਮੇਰੀ ਜਾਮਾ ਤਲਾਸ਼ੀ ਨਾ ਹੋਵੇ।

ਹੁੱਦੇਦਾਰ—ਕਿਸ ਕਰਕੇ?

ਜਸਵੰਤ—ਮੈਂ ਆਪਣੇ ਸਰੀਰ ਨੂੰ ਗ਼ੈਰਾਂ ਦੇ ਹੱਥ ਲੱਗਣ ਦੇਣੋਂ ਨਫ਼ਰਤ ਖਾਂਦਾ ਹਾਂ।

ਹੁੱਦੇਦਾਰ—ਸ਼ਾਬਾਸ਼! ਠੀਕ, ਪਰ ਤਲਾਸ਼ੀ ਦਾ ਹਰਜ ਤਾਂ ਕੋਈ ਨਹੀਂ।

ਜਸਵੰਤ—ਜ਼ਾਹਰਾ ਤਾਂ ਕੋਈ ਨਹੀਂ, ਪਰ ਪ੍ਰਣ ਜੁ ਐਸਾ ਹੀ ਹੈ। ਹੋਰ ਤੁਸੀਂ ਇਹ ਭਰਮ ਨਾ ਕਰੋ ਕਿ ਮੈਂ ਚੋਰ ਹਾਂ, ਜਾਂ ਕੋਈ ਖੁਨਾਮੀਆਂ ਹਾਂ, ਮੈਂ ਆਪ ਇਕ ਇਕ ਕਰਕੇ ਆਪ ਨੂੰ ਆਪਣੇ ਕਪੜੇ ਦੱਸ ਦੇਂਦਾ ਹਾਂ। ਤੱਸਲੀ ਕਰ ਲਵੋ ਯਾ ਮੇਰੇ ਬਚਨ ਤੇ ਅਮੰਨਾਂ ਕਰੋ ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਇਸ ਸਿੱਖ ਪਾਸ ਹੀਰਾ ਨਹੀਂ ਹੈ।

ਹੁੱਦੇਦਾਰ—ਮੈਂ ਨਹੀਂ ਸਮਝਦਾ ਦੋਸ਼ ਕੀਹ ਹੈ?

ਜਸਵੰਤ—ਤੁਸੀਂ ਸਿੱਖ ਨਹੀਂ ਹੋ, ਮੁਸਲਮਾਨ ਹੋ, ਸਾਡੇ ਅਰ ਖਾਸ ਕਰ ਮੇਰੇ ਅਜੇ ਭੇਤੀ ਨਹੀਂ ਹੋ, ਇਸ ਕਰਕੇ ਸਮਝ ਨਹੀਂ ਸਕਦੇ।

ਹੁੱਦੇਦਾਰ—ਨਹੀਂ, ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲਮਾਨ ਨਾਲ ਛੁਹਣੋਂ ਪ੍ਰਹੇਜ਼ ਕਰਦੇ ਹੋ, ਪਰ ਭਲਾ ਜੇ ਕੋਈ ਛੋਹਿਆ ਜਾਵੇ, ਯਾ ਸਾਡਾ ਖਾਂ ਪੀ ਬੈਠੇ ਤਾਂ ਬੱਸ ਗਿਆ?

ਜਸਵੰਤ—ਨਹੀਂ ਜੀ, ਅਸੀਂ ਆਪਣੇ ਵਿਛੁੜਿਆਂ ਨੂੰ ਮੇਲ ਲੈਂਦੇ ਹਾਂ ਤੇ ਭਟਕ ਗਿਆਂ ਨੂੰ ਫੇਰ ਵਾੜੇ ਵਾੜ ਲੈਂਦੇ ਹਾਂ।

ਹੁੱਦੇਦਾਰ(ਲੰਮਾ ਸਾਹ ਲੈਕੇ)—ਹੱਛਾ, ਤੁਸੀਂ ਮੈਥੋਂ ਬੱਸ ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ?

ਜਸਵੰਤ—ਬਸ ਏਤਨੀ।

ਹੁੱਦੇਦਾਰ—ਫੇਰ ਹੋਰ ਡੌਲ ਬਚਾਉ ਦੀ ਕੋਈ ਨਹੀਂ ਸਿਵਾ ਇਸ ਦੇ ਕਿ ਮੇਰੇ ਨਾਲ ਆਓ ਤੇ ਚੱਲ ਕੇ ਇਹ ਕੱਪੜੇ ਲਾਹ ਕੇ ​ਮੁਸਲਮਾਨਾਂ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਤੇ ਮੇਰੇ ਤੰਬੂ ਵਿਚ ਘੋੜੇ ਦੀ ਸੇਵਾ ਵਿਚ ਲਗ ਜਾਓ। ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨ ਲਈ ਲਾ ਲਵਾਂਗਾ, ਐਉਂ ਪਤਾ ਨਾ ਲੱਗੇਗਾ। ਹੋਰ ਕਾਫਲੇ ਵਿਚ ਰਹਿਕੇ ਬਚਾਉ ਕਠਨ ਹੈ। ਨਾਲੇ ਪਤਾ ਨਹੀਂ ਹੈ ਕਿ ਚੋਰ ਮਿਲ ਗਿਆ ਤਾਂ ਸਾਰੇ ਕਾਫਲੇ ਨਾਲ ਕੀ ਬਣੇ ਤੇ ਮੇਰੇ ਨੌਕਰਾਂ ਵਿਚ ਤਾਂ ਸਲਾਮਤ ਰਹੇਂਗਾ।

ਇਹ ਕਹਿਕੇ ਉਸ ਨੇ ਇਸ਼ਾਰਾ ਕੀਤਾ ਤੇ ਪਰੇ ਜਾ ਖਲੌਤਾ। ਇਧਰ ਜਸਵੰਤ ਨੇ ਬੁੱਢੇ ਨੂੰ ਜਗਾਕੇ ਕਿਹਾ ਕਿ ਮੈਂ ਕਿਤੇ ਜਾਣਾ ਹੈ, ਪਰਸੋਂ ਤੁਹਾਨੂੰ ਮਿਲ ਪੈਸਾਂ, ਨਾ ਮੇਰੀ ਤਲਾਸ਼ ਕਰਨੀ ਨਾ ਫਿਕਰ ਕਰਨਾ।

ਬਿਰਧ--ਹੈਂ ਹੈਂ!

ਜਸਵੰਤ-ਚੁੱਪ। ਬੋਲਣ ਦਾ ਵੇਲਾ ਨਹੀਂ ਹੈ, ਮੈਂ ਅੱਗੇ ਸਦਾ ਬਚਨ ਪੂਰੇ ਕੀਤੇ ਹਨ, ਹੁਣ ਬੀ ਕਰਸਾਂ, ਤੁਸੀਂ ਬੇ-ਗ਼ਮ ਹੋ ਜਾਓ।

ਇਹ ਕਹਿਕੇ ਜਸਵੰਤ ਸਿੰਘ ਉਸ ਹੁੱਦੇਦਾਰ ਦੇ ਨਾਲ ਨਿਰਭੈ ਚਲਾ ਗਿਆ। ਉਸ ਦੇ ਤੰਬੂ ਵਿਚ ਜਾ ਕੇ ਸਾਈਸ ਦੇ ਕੱਪੜੇ ਮੁਸਲੱਕੇ ਪਠਾਣ ਮੁੰਡੇ ਦੇ ਪਾ ਲਏ ਤੇ ਆਪਣੇ ਲਾਹ ਕੇ ਸਾਂਭ ਦਿੱਤੇ। ਹੁੱਦੇਦਾਰ ਨੂੰ ਯਕੀਨ ਤਾਂ ਪਹਿਲੇ ਹੀ ਆ ਗਿਆ ਸੀ, ਪਰ ਲੱਥੇ ਕੱਪੜਿਆਂ ਤੋਂ ਹੋਰ ਤੱਸਲੀ ਹੋ ਗਈ ਕਿ ਇਸ ਨੌਜਵਾਨ ਪਾਸ ਹੀਰਾ ਨਹੀਂ ਹੈ। ਘੋੜੇ ਦੇ ਪਾਸ ਜ਼ੋ ਸਾਈਸ ਸੁੱਤਾ ਪਿਆ ਸੀ, ਉਸ ਨੂੰ ਜਗਾਕੇ ਉਹ ਨਾਲ ਲੈ ਗਿਆ ਤੇ ਫਿਰ ਗਸ਼ਤ ਕਰਨ ਚੜ੍ਹ ਪਿਆ। ਦੂਸਰੀ ਚੌਕੀ ਤੇ ਜਾਕੇ ਉਸ ਨੇ ਆਪਣੇ ਬਾਲਗੀਰ ਨੂੰ ਇਕ ਕੰਮ ਤੇ ਲਗਾ ਦਿਤਾ ਤੇ ਆਪ ਡੇਰੇ ਆ ਗਿਆ।

ਜਸਵੰਤ ਦੇ ਜੀਵਨ ਦੇ ਖਖੇੜ ਬਖੇੜ ਦੇਖੋ, ਕਿਸੇ ਵੇਲੇ ਦੈਵੀ ਮਾਪਿਆਂ ਦੀ ਲਾਡਲੀ ਧੀ, ਸਤਿਸੰਗੀਆਂ ਦੇ ਪਰਵਾਰ ਵਿਚ ​ਪਿਛਲੇ ਜਨਮ ਦੀ ਮਾਨੋ ਯਗੀ ਲੜਕੀ ਆਨੰਦ ਹੁਲਾਰੇ ਲੈ ਰਹੀ ਹੈ। ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿਚ ਵਿਕ ਰਹੀ ਹੈ, ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾ ਰਹੀ ਹੈ, ਕਿਸੇ ਵੇਲੇ ਕੈਦਾਂ ਕੱਟ ਰਹੀ ਹੈ, ਕਿਸੇ ਵੇਲੇ ਸਤਿਸੰਗ ਲਾ ਰਹੀ ਹੈ, ਅੱਜ ਗ਼ਰੀਬ ਦੁਖੀਆ ਸਾਈਸ ਬਣਕੇ ਘੋੜੇ ਦੇ ਪਾਸ ਘਾਸ ਦੇ ਬਿਸਤਰੇ ਤੇ ਲੇਟ ਰਹੀ ਹੈ।

ਅਫਸਰ ਨੂੰ ਜੋ ਆਗ਼ਾ ਖਾਂ ਕਰਕੇ ਕਹਿਲਾਉਂਦਾ ਹੈ ਤੇ ਜੋ ਦੋ ਸੌ ਸਵਾਰ ਦਾ ਵੱਡਾ ਹੈ ਅਰ ਇਸ ਕਾਫਲੇ ਨੂੰ ਪਿਸ਼ਾਵਰ ਅਪੜਾਉਣ ਚੱਲਿਆ ਹੈ, ਇਕ ਅਚਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ। ਹੈ ਨੌਕਰੀ, ਪਰੰਤੂ ਉਪਰ ਕਿਹਾ ਮਾਜਰਾ ਦੱਸਦਾ ਹੈ ਕਿ ਕੁਛ ਪਾਗਲ ਹੈ, ਜਾਂ ਘੱਟ ਤੋਂ ਘਟ ਮੂਰਖ ਹੈ, ਪਰ ਨਹੀਂ ਦਿਲਾਂ ਦੇ ਸਾੜ ਬੁਰੇ। ਦਿਲ ਜਦੋਂ ਠੁਹਕਰ ਖਾ ਜਾਵੇ ਤਦੋਂ ਇਹੋ ਹੀ ਹਾਂਲ ਹੁੰਦਾ ਹੈ।

ਰਾਤ ਹੁਣ ਥੋੜੀ ਜੇਹੀ ਸੀ, ਆਗ਼ਾ ਖਾਂ ਥੱਕ ਗਿਆ ਸੀ, ਆ ਕੇ ਲੇਟ ਗਿਆ। ਬੇਚੈਨੀ ਬਹੁਤ ਵੱਧ ਗਈ ਸੀ; ਭਾਵੇਂ ਉਸ ਨੂੰ ਆਪਣੇ ਕੰਮ ਵਿਚ ਇਕ ਮੱਦਦਗਰ ਮਿਲ ਗਿਆ ਸੀ, ਪਰ ਅਜੇ ਮੁਸ਼ਕਲਾਂ ਦਾ ਸਾਮ੍ਹਣਾ ਸੀ। ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ ਅਤੇ ਰੋ ਰੋ ਪੈਂਦਾ ਸੀ। ਕਦੀ ਕਿਸੇ ਵੇਲੇ ਠੰਢੇ ਸਾਹ ਲੈ ਉਠਦਾ ਸੀ, ਕਦੇ ਡਾਢੇ ਕ੍ਰੋਧ ਵਿਚ ਆ ਮੁਹਾਰੇ ਦੰਦ ਕਰੀਚ ਉਠਦਾ ਸੀ। ਇਸੇ ਰੰਗ ਵਿਚ ਹੀ ਨੀਂਦ ਆ ਗਈ, ਸੂਰਜ ਚੜ੍ਹੇ ਤਕ ਇਸ ਦੇ ਥੱਕੇ ਸਰੀਰ ਨੇ ਆਰਾਮ ਕੀਤਾ। ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ। ਆਗ਼ਾ ਖਾਂ ਨੂੰ ਕੂਚ ਦੀ ਕਾਹਲੀ ਸੀ, ਓਸ ਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰਵਾਈ। ਦੁਪਹਿਰ ਤੋਂ ਬਾਦ ਵੇਹਲ ਹੋ ਗਈ। ਅਮੀਰ ਪਾਸ ਖ਼ਬਰ ਗਈ ਕਿ ਕਾਫ਼ਲੇ ਵਿਚ ਚੀਜ਼ ਨਹੀਂ ਹੈ, ਹੁਕਮ ਹੋਵੇ ਤਾਂ ਕਾਫ਼ਲਾ ਟੁਰੇ, ਸੰਝ ਵੇਲੇ ਟੁਰਨ ਦਾ ਹੁਕਮ ਆ ਰਿਆ। ਐਡੀ ਛੇਤੀ ਭਾਵੇਂ ਹੁਕਮ ਨਾ ​ਆਉਂਦਾ ਪਰ ਚੋਰ ਕਿਸੇ ਹੋਰ ਤਰ੍ਹਾਂ ਨਾਲ ਤੇ ਹੋਰ ਥਾਂਉਂ ਤੋਂ ਅੱਜ ਹੀ ਫੜਿਆ ਗਿਆ ਸੀ ਅਰ ਉਹ ਹੀਰਾ ਮਿਲ ਗਿਆ ਸੀ।

ਰਾਤ ਨੂੰ ਡੇਰਾ ਓਥੇ ਹੀ ਰਿਹਾ। ਆਗ਼ਾ ਖਾਂ ਨੂੰ ਬੇਚੈਨੀ ਖਾ ਰਹੀ ਸੀ, ਉਸ ਦੀ ਵਿਉਂਤ ਦਾ ਅੱਧਾ ਹਿੱਸਾ ਅੱਜ ਹੀ ਫੈਸਲਾ ਹੋਣਾ ਚਾਹੀਦਾ ਸੀ, ਪਰ ਜਦ ਤੱਕ ਕਿ ਕੋਈ ਸੱਜਣ ਭੇਤੀ ਬੀ ਮਦਦਗਾਰ ਨਾ ਬਣੇ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ। ਜਸਵੰਤ ਸਿੰਘ ਉਸ ਨੇ ਮਦਦਗਾਰ ਲੱਭ ਤਾਂ ਲਿਆ ਸੀ, ਤੇ ਭੇਤੀ ਬੀ ਬਣਾ ਲਿਆ ਸੀ; ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾਂ? ਕਿ ਜਿੰਨਾਂ ਕਰ ਚੁਕਾ ਹਾਂ ਉੱਨਾਂ ਹੀ ਬਹੁਤ ਹੈ। ਇਹ ਸੋਚ ਸੀ ਜੋ ਉਸ ਨੂੰ ਖਾ ਰਹੀ ਸੀ। ਜੇਕਰ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਐਤਨਾ ਕਿਉਂ ਡਰ ਹੈ ਤਦ ਓਸ ਨੂੰ ਇਕ ਐਸਾ ਭੇਤ ਮਲੂਮ ਹੋ ਜਾਂਦਾ ਜਿਸਦੀ ਜ਼ਮਾਨਤ ਉਤੇ ਉਹ ਆਪਣਾ ਭੇਤ ਉਸ ਨਾਲ ਹੋਰ ਛੇਤੀ ਸਾਂਝਾ ਕਰ ਲੈਂਦਾ। ਭਾਵੇਂ ਉਸ ਦੀ ਨੇਕੀ ਤੇ ਸਫਾਈ ਉਸ ਦੇ ਮਨ ਨੂੰ ਖਿੱਚ ਰਹੀ ਸੀ, ਪਰ ਅਜੇ ਕਲੇਜੇ ਵਿਚ ਡਰ ਉਠ ਹੀ ਖੜੋਂਦਾ ਸੀ।

--੦--

੧੮. ਕਾਂਡ।

ਸਮੇਂ ਦਾ ਫੇਰਵਾਂ ਚੱਕਰ ਫੇਰ ਰਾਤ ਲੈ ਆਇਆ। ਅੱਜ ਕਾਫਲੇ ਵਿਚ ਉਹ ਰੰਜ, ਦੁੱਖ, ਬੇਚੈਨੀ ਤੇ ਘਬਰਾ ਨਹੀਂ ਹੈ, ਜੋ ਕੱਲ ਰਾਤ ਸੀ। ਸਾਰੇ ਖੁਸ਼ੀ ਖੁਸ਼ੀ ਅੰਨ ਛਕ ਛਕਾ ਰਹੇ ਹਨ। ਸਵੇਰੇ ਕੂਚ ਦਾ ਨਗਾਰਾ ਵੱਜੇਗਾ ਤੇ ਘੜਿਆਲ ਤਿਆਰੀ ਦੀ ਟਨ ਟਨ ਸੁਣਾਏਗਾ, ਪਰ ਦੇਖੋ ਆਗ਼ਾ ਖਾਂ ਬੇਚੈਨ ਹੈ। ਕਾਫਲੇ ਤੋਂ ਮੀਲ ਕੁ ਵਾਟ ਦੂਰ ਇਕ ਰੁੱਖ ਨਾਲ ਘੋੜਾ ਬੱਧਾ ਹੋਇਆ ਹੈ ਤੇ ਆਪ ਇਕ ਉਚੇ ਜਿਹੇ ਪੱਥਰ ਤੇ ਬੈਠਾ ਹੈ। ਅੱਗੇ ਇਕ ਸਿਲ ਤੇ ਜਸਵੰਤ ਸਿੰਘ ਸਾਈਸ ਦੇ ਰੂਪ ਵਿਚ ਬੈਠਾ ਹੈ।

​ਆਗ਼ਾ ਖਾਂ-ਫੇਰ ਜਸਵੰਤ ਸਿੰਘ! ਅਸਲ ਭੇਤ ਤੇਰੇ ਤਲਾਸ਼ੀ ਤੋਂ ਝੇਪਣ ਦਾ ਕੀਹ ਸੀ?

ਜਸਵੰਤ-ਖਾਂ ਸਾਹਿਬ, ਸੱਚੀ ਤੇ ਨਿਰਭੈ ਗੱਲ ਇਹ ਹੈ ਕਿ ਤੁਸਾਂ ਤੇ ਮੈਂ ਪਰਸਪਰ ਸਹਾਇਤਾ ਦਾ ਕੌਲ ਕੀਤਾ ਹੈ, ਪਰ ਪਰਸਪਰ ਭੇਤ ਖੋਲ੍ਹਣ ਦਾ ਨਹੀਂ ਕੀਤਾ। ਜੇ ਆਪ ਮੇਰਾ ਭੇਤ ਲੈਣਾ ਚਾਹੁੰਦੇ ਹੋ ਤਾਂ ਮੇਰੇ ਮਨ ਉਤੇ ਆਪਣੇ ਇਤਬਾਰ ਦਾ ਅਸਰ ਪਾਓ, ਜਿਸ ਤੋਂ ਮੈਂ ਸਮਝਾਂ ਕਿ ਤੁਸੀਂ ਮੇਰੇ ਤੇ ਭਰੋਸਾ ਕਰਦੇ ਹੋ। ਹਾਂ, ਇਹ ਮੈਂ ਨਿਸ਼ਚਾ ਕਰਾਉਂਦਾ ਹਾਂ ਕਿ ਆਪ ਦਾ ਭੇਤ ਕਦੇ ਨਹੀਂ ਖੁੱਲ੍ਹੇਗਾ ਅਰ ਆਪ ਨੂੰ ਮੈਂ ਪੂਰੀ ਪੂਰੀ ਮਦਦ ਦੇਵਾਂਗਾ। ਬਾਕੀ ਰਹੀ ਇਹ ਗੱਲ ਕਿ ਸਿੱਖ ਬਚਨ ਦੇ ਪੂਰੇ ਹੁੰਦੇ ਹਨ ਕਿ ਨਹੀਂ, ਇਹ ਗੱਲ ਤੁਸੀਂ ਇਥੋਂ ਦੇ ਸਿੱਖਾਂ ਤੋਂ ਪੁੱਛ ਲਓ, ਉਨ੍ਹਾਂ ਪਠਾਣਾਂ ਤੋਂ, ਜੋ ਕਦੀ ਹਿੰਦੁਸਤਾਨ ਗਏ ਹਨ ਯਾ ਇਥੋਂ ਦੇ ਸਿੱਖਾਂ ਨਾਲ ਜਿਨ੍ਹਾਂ ਨੂੰ ਵਾਹ ਪਿਆ ਹੋਵੇ, ਉਨ੍ਹਾਂ ਤੋਂ ਪੁੱਛ ਲਵੋ।

ਆਗ਼ਾ ਖਾਂ-ਇਹ ਮੈਨੂੰ ਪਤਾ ਹੈ, ਜੇ ਮੈਨੂੰ ਸਿੱਖਾਂ ਦੀ ਕੌਮ ਦੇ ਸਤਿਵਾਦੀ ਹੋਣ ਦਾ ਪੱਕਾ ਪਤਾ ਨਾ ਹੁੰਦਾ ਤਾਂ ਤੇਰੇ ਨਾਲ ਗੱਲ ਹੀ ਨਾ ਕਰਦਾ। ਜੇ ਤੂੰ ਸਿੱਖ ਨਾ ਹੁੰਦਾ ਤਾਂ ਮੇਰੇ ਹੋਠਾਂ ਦੀ ਮੋਹਰ ਕੌਣ ਤੋੜ ਸਕਦਾ ਸੀ?

ਜਸਵੰਤ-ਫੇਰ ਦੱਸੋ ਕੀਹ ਬਾਤ ਹੈ ਜਿਸ ਵਿਚ ਮੈਂ ਮਦਦ ਕਰਾਂ?

ਆਗ਼ਾ ਖਾਂ-ਮੈਂ, ਹੇ ਸਿੱਖ! ਤੇਰੇ ਤੇ ਪੂਰੀ ਮਿੱਤ੍ਰਤਾ ਦਾ ਇਤਬਾਰ ਕਰਕੇ ਭੇਤ ਦੱਸਦਾ ਹਾਂ। ਅੱਲਾ ਮੇਰਾ ਸਹਾਈ ਹੋਵੇ। ਅਮਾਨਤ ਹੈ ਇਹ ਭੇਤ ਮੇਰਾ ਤੇਰੇ ਪਾਸ, ਕਹੁ ਅੱਲਾ ਜ਼ਾਮਨ ਹੈ।

ਜਸਵੰਤ-ਮੇਰਾ ਵਾਹਿਗੁਰੂ ਧਰਮ ਨਿਭਾਵੇਗਾ।

ਆਗ਼ਾ ਖਾਂ-ਮੈਂ ਪਿਸ਼ੌਰ ਤਕ ਜਾਣਾ ਹੈ, ਇਸ ਕਾਫਲੇ ​ਦੀ ਰਾਖੀ ਦਾ ਕੰਮ ਮੇਰੇ ਸਪੁਰਦ ਹੈ, ਪਰ ਮੈਨੂੰ ਇਕ ਔਕੜ ਹੈ। ਮੇਰੀ ਇਕ ਦਾਈ ਹੈ ਜਿਸ ਨੇ ਮੈਨੂੰ ਪਾਲਿਆ ਤੇ ਖਿਡਾਇਆ ਹੈ, ਉਹ ਵਿਚਾਰੀ ਕੈਦ ਹੈ ਅਰ ਉਸ ਬੇਗੁਨਾਹ ਨੇ ਬੇਗੁਨਾਹੀ ਵਿਚ ਕਤਲ ਹੋ ਜਾਣਾ ਹੈ। ਮੈਨੂੰ ਉਹ ਅਤਿ ਪਿਆਰੀ ਹੈ, ਇਸ ਕਰਕੇ ਮੈਂ ਉਸ ਦੀ ਜਾਨ ਬਚਾਉਣੀ ਚਾਹੁੰਦਾ ਹਾਂ। ਕਾਫਲੇ ਨੇ ਕੱਲ ਟੁਰ ਪੈਣਾ ਹੈ ਤੇ ਮੈਂ ਅਜੇ ਤਕ ਉਸ ਦੇ ਬਚਾਉ ਦਾ ਕੋਈ ਬਾਨ੍ਹਣੂ ਨਹੀਂ ਬੰਨ੍ਹ ਸਕਿਆ। ਮੈਨੂੰ ਇਸ ਨੌਕਰੀ ਤੇ ਖਾਸ ਇਸੇ ਮਤਲਬ ਲਈ ਏਥੋਂ ਟੋਰਿਆ ਗਿਆ ਹੈ ਕਿ ਮੇਰੇ ਪਿਛੋਂ ਉਸ ਨੂੰ ਮਾਰ ਕੇ ਦਫਾ ਕਰ ਛੱਡਿਆ ਜਾਵੇ ਅਰ ਮੁੜਕੇ ਆਉਂਦੇ ਨੂੰ ਕੋਈ ਪਤਾ ਨਾ ਲੱਗੇ। ਮਾਰਨ ਦੇ ਸੰਕਲਪ ਵਾਲੇ ਸਮਝਦੇ ਹਨ ਕਿ ਮੈਂ ਜਦੋਂ ਮੁੜ ਕੇ ਆਊਂ ਰੋ ਧੋ ਕੇ ਆਪੇ ਚੁੱਪ ਕਰ ਰਹੂੰ।

ਜਸਵੰਤ-ਐਸੀ ਕੌਣ ਜ਼ਬਰਦਸਤ ਤਾਕਤ ਹੈ ਜੋ ਆਪ ਦੀ ਦਾਈ ਨੂੰ ਆਪ ਦੀ ਮਰਜ਼ੀ ਤੋਂ ਉਲਟ ਮਾਰ ਸਕਦੀ ਹੈ?

ਆਗ਼ਾ ਖਾਂ-ਮੇਰਾ ਆਪਣਾ ਪਿਤਾ।

ਜਸਵੰਤ-ਕੁਛ ਖੋਟ।

ਆਗ਼ਾ-ਉਨ੍ਹਾਂ ਦਾ ਕੋਈ ਭੇਤ ਦਾਈ ਪਾਸ ਹੈ, ਦਾਈ ਨਾਲ ਮੇਰੀ ਮਤੇਈ ਮਾਂ ਦੀ ਕੁਛ ਖਟਪਟ ਹੋ ਗਈ ਹੈ, ਮੇਰੇ ਨਾਲ ਬੀ ਕਿਸੇ ਗਲੋਂ ਵਿਗਾੜ ਹੋਇਆ ਹੈ। ਉਨ੍ਹਾਂ ਨੇ ਦੋ ਵੇਰ ਦਾਈ ਨੂੰ ਮੇਰੇ ਨਾਲ ਕੁਛ ਗੱਲਾਂ ਕਰਦੇ ਡਿੱਠਾ ਹੈ, ਉਸ ਤੋਂ ਉਨ੍ਹਾਂ ਨੂ ਸ਼ੱਕ ਪੈ ਗਿਆ ਹੈ ਕਿ ਮਤਾਂ ਦਾਈ ਉਹ ਭੇਤ ਮੈਨੂੰ ਦੱਸ ਦੇਵੇ, ਇਸ ਕਰਕੇ ਮੈਨੂੰ ਉਸ ਤੋਂ ਜੁਦਾ ਕੀਤਾ ਗਿਆ ਹੈ। ਫਿਰ ਮੇਰੀ ਗ਼ੈਰ ਹਾਜ਼ਰੀ ਉਸ ਦੀ ਮੌਤ ਦਾ ਪੜਦਾ ਹੈ ਕਿ ਉਸ ਦੇ ਮਰਨ ਦੇ ਕਾਰਨ ਦਾ ਮੈਨੂੰ ਪਤਾ ਨਾ ਲੱਗਸੀ, ਪਰ ਓਹ ਨਹੀਂ ਜਾਣਦੇ ਕਿ ਜਿਸ ਭੇਤ ਦੇ ਮੈਨੂੰ ਪਤਾ ਲੱਗਣ ਤੋਂ ਉਹ ਡਰਦੇ ਹਨ ਉਹ ਮੈਨੂੰ ਮੇਰੀ ਦਾਈ ਹੁਣ ਤਕ ਦੱਸ ਚੁਕੀ ਹੋਈ ਹੈ। ਹੁਣ ਉਸ ਦੇ ਮਰ ਜਾਣ ਨਾਲ ਮੇਰੇ ਪਿਤਾ ਨੂੰ ਕੋਈ ਲਾਭ ਨਹੀਂ ਹੈ। ਪਿਆਰ ਮੇਰੇ ​ਨਾਲ ਬਾਪ ਦਾ ਇਤਨਾ ਅਤੁੱਟ ਹੈ ਕਿ ਓਹ ਮੈਥੋਂ ਜੁਦਾ ਨਹੀਂ ਹੋ ਸਕਦੇ, ਪਰ ਏਸ ਕੰਮ ਦੀ ਖ਼ਾਤਰ ਉਹਨਾਂ ਨੂੰ ਇਹ ਜੁਦਾਈ ਬੀ ਝੱਲਣੀ ਪਈ ਹੈ। ਬੱਸ ਏਤਨਾਂ ਹੀ ਖੋਟ ਹੈ।

ਜਸਵੰਤ-ਤੁਹਾਡੀ ਆਪਣੀ ਮਤੇਈ ਮਾਂ ਨਾਲ ਕਿਉਂ ਅਣਬਣ ਹੋਈ?

ਆਗ਼ਾ-ਏਸ ਦਾ ਕੀਹ ਪੁੱਛਣਾ ਹੋਇਆ? ਮੇਰਾ ਜੀ ਕੁਦਰਤੋਂ ਹੀ ਆਪਣੇ ਪਰਵਾਰ ਦੇ ਉਲਟ ਹੈ। ਧੱਕਾ ਕਰਨਾ, ਮਾਰਨਾ, ਪਾਪ ਕਰਨੇ ਮੈਨੂੰ ਬੂਰੇ ਲੱਗਦੇ ਹਨ ਤੇ ਸਮੇਂ ਦਾ ਹਾਲ ਇਹ ਹੈ ਕਿ ਉਤੋਂ ਰੰਗ ਹੋਰ, ਅੰਦਰੋਂ ਹੋਰ। ਅਸਲ ਵਿਚ ਮੈਨੂੰ ਕੀਹ ਥਹੁ ਲੱਗਣਾ ਸੀ, ਮੇਰੀ ਦਾਈ ਨੇ ਹੀ ਮੈਨੂੰ ਭਿਣਕ ਪਾ ਦਿੱਤੀ ਸੀ ਕਿ ਮਤੇਈ ਮਾਂ ਦੇ ਬਹੁਤੇ ਪਿਆਰ ਤੋਂ ਸੰਭਲਕੇ ਰਹੀਂ ਇਹ ਪਿਆਰ ਕੁਛ ਖੋਟਾ ਹੈ।

ਜਸਵੰਤ—ਤਦ ਤਾਂ ਦਾਈ ਦੀ ਸ਼ਾਮਤ ਆਪੇ ਸਿਰ ਚੜ੍ਹਕੇ ਆਈ ਸੀ ਅੱਛਾ ਹੂਣ......।

ਆਗ਼ਾ (ਕਾਹਲਾ ਹੋਕੇ)-ਫੇਰ ਹੁਣ ਕੀਕੂੰ ਕਰੀਏ?

ਜਸਵੰਤ-ਕੀ ਉਸ ਨੂੰ ਤੁਸੀਂ ਘਰੋਂ ਕੱਢਕੇ ਲਿਆ ਸਕਦੇ ਹੋ?

ਆਗ਼ਾ-ਘਰੋਂ ਕੱਢਣਾ ਤਾਂ ਕੀਹ ਔਖਾ ਹੈ? ਅੱਗੋਂ ਸੰਭਾਲਣਾ ਔਖਾ ਹੈ। ਮੇਰਾ ਕੋਈ ਦਰਦੀ ਨਹੀਂ ਹੈ ਕਿ ਜਿੱਥੇ ਮੈਂ ਉਸ ਨੂੰ ਲੁਕਾਵਾਂ। ਪਿਤਾ ਜੀ ਨੇ ਮੈਨੂੰ ਐਨਾ ਪਿਆਰ ਕੀਤਾ ਹੈ ਕਿ ਕਿਸੇ ਦੀ ਬੈਠਕੇ ਬੈਠਣ ਹੀ ਨਹੀਂ ਦਿੱਤਾ। ਜੇ ਮੈਂ ਨਾਲ ਲੈ ਟੁਰਾਂ ਤਾਂ ਛਿਪਾਉ ਹੋ ਨਹੀਂ ਸਕਦਾ, ਜੇ ਵੱਖਰਿਆਂ ਟੋਰਾਂ ਤਾਂ ਖ਼ੈਬਰ ਦਾ ਦੱਰਾ ਐਸਾ ਇਲਾਕਾ ਹੈ ਕਿ ਉਥੋਂ ਕੌਣ ਇਕੱਲਾ ਲੰਘ ਸਕਦਾ ਹੈ? ਇਸ ਦੇ ਦੁਵੱਲੀ ਉਚੇ ਉਚੇ ਪਹਾੜ ਹਨ ਤੇ ਐਸੀਆਂ ਖ਼ੂੰਖ਼ਾਰ ਕੌਮਾਂ ਦਾ ਵਾਸ ਹੈ ਕਿ ਇਕੱਲਾ ਟੁਰਦਾ ਮਿਲਿਆ ਨਹੀਂ ਤੇ ਮਾਰਿਆ ਨਹੀਂ। ​ਜਸਵੰਤ-ਜੇਕਰ ਤੁਸੀਂ ਐਥੇ ਲੈ ਆਓ, ਤਦ ਕਾਫਲੇ ਵਿਚ ਛਿਪਾਕੇ ਨਿਬਾਹੀ ਲਈ ਚੱਲਣਾ ਮੇਰੇ ਜ਼ਿੰਮੇਂ ਛੱਡ ਦਿਓ।

ਆਗ਼ਾ-ਕੀਕੂੰ?

ਜਸਵੰਤ-ਮਰਦਾਨਾ ਲਿਬਾਸ ਸਿੱਖਾਂ ਵਾਲਾ ਪਹਿਨਾਕੇ ਸਾਡੇ ਸਪੁਰਦ ਕਰ ਦੇਣਾ, ਅਸੀਂ ਆਪਣੇ ਅਸਬਾਬ ਦੀ ਰਾਖੀ ਲਈ ਨੌਕਰ ਦੇ ਬਹਾਨੇ ਲਈ ਚੱਲਾਂਗੇ। ਆਪਣੇ ਸਾਥੀਆਂ ਨੂੰ ਮੈਂ ਨਜਿੱਠ ਲਵਾਂਗਾ। ਮਜਾਲ ਹੈ ਜੋ ਉਹਨਾਂ ਨੂੰ ਭੇਤ ਮਿਲੇ ਯਾ ਕੋਈ ਗੱਲ ਬਾਹਰ ਨਿਕਲ ਸਕੇ। ਖ਼ਾਤਰ ਜਮਾ ਰੱਖੀਓ।

ਆਗ਼ਾ (ਅਚਰਜ ਹੋਕੇ)-ਤੇ ਜੇ ਗੱਲ ਨਿਕਲ ਗਈ, ਤਦ ਮੇਰੇ ਇਸ ਗੋਰੇ ਬਦਨ ਦਾ ਫੀਤਾ ਫੀਤਾ ਹੋ ਉਡੇਗਾ।

ਜਸਵੰਤ-ਗਲ ਨਿਕਲੇ ਹੀ ਕੀਕੂੰ? ਤੇ ਜੇ ਨਿਕਲੇ ਤਾਂ ਆਪਣੇ ਬਦਨ ਦੇ ਫੀਤਾ ਫੀਤਾ ਹੋਣ ਤੋ ਪਹਿਲਾਂ ਤੁਸੀਂ ਮੇਰੇ ਬਦਨ ਦਾ ਫੀਤਾ ਫੀਤਾ ਕਰਵਾ ਸਕਦੇ ਹੋ, ਸਮਝਦੇ ਹੋ! ਫਿਰ ਸੋਚੋ ਤੁਹਾਡੇ ਵਲ ਤੱਕਣ ਵਾਲਾ ਜੰਮਿਆਂ ਕੌਣ ਹੈ? ਕੁਛ ਆਪਣੇ ਤੇ ਭਰੋਸਾ ਬੀ ਕਰੋ। ਅਕਲ ਸਾਰੀ ਵਰਤੋ, ਪਰ ਤਕੜੇ ਬੀ ਹੋਵੋ।

ਆਗ਼ਾ-ਉਹੋ ਪਿਆਰਾ ਪਿਤਾ ਐਸਾ ਕਠੋਰ ਚਿੱਤ ਹੈ ਕਿ ਕ੍ਰੋਧ ਵਿਚ ਆਇਆ ਪਿਆਰੇ ਤੋਂ ਪਿਆਰੇ ਨੂੰ ਉਡਾ ਦੇਣ ਵਾਲਾ ਹੈ। ਅੱਠ ਨੌਂ ਵੇਰ ਹਿੰਦੁਸਤਾਨ ਜਾਕੇ ਲੱਖਾਂ ਰੁਪੱਯੇ ਲੁੱਟ ਲਿਆਇਆਂ ਹੈ ਤੇ ਬੇਗੁਨਾਹਾਂ ਦੇ ਲਹੂ ਪੀ ਪੀਕੇ ਭੂਤ ਹੋ ਚੁਕਾ ਹੈ।

ਜਸਵੰਤ-ਕੀ ਹੋਇਆ, ਤੁਸੀ ਬੀ ਕੁਛ ਹਿੰਮਤ ਕਰੋ। ਜਦੋਂ ਇਨਸਾਨ ਔਕੜਾਂ ਵਿਚ ਫਸੇ ਤਾਂ ਸਿੱਖੀ ਸਿਖਾਲਦੀ ਹੈ ਕਿ ਇਕ ਰੱਬ ਤੇ ਭਰੋਸਾ ਕਰੇ ਤੇ ਇਕ ਆਪਣੀ ਹਿੰਮਤ ਤੇ ਦਾਈਏ ਤੇ। ਢਿੱਲਾ ਤੇ ਨਿਰਾਸ ਨਾ ਹੋਵੇ।

ਆਗ਼ਾ-ਫੇਰ ਜੇ ਮੈਂ ਲੈ ਆਵਾਂ ਤਾਂ ਨਿਬਾਹ ਲਵੋਗੇ? ਇਸ ਗਲ ਦੀ ਜ਼ਮਾਨਤ?

​ਜਸਵੰਤ-ਵਾਹਿਗੁਰੂ ਨਿਬਾਹੇਗਾ। ਜ਼ਮਾਨਤ ਇਕ ਸਿੱਖ ਦੀ ਜ਼ਬਾਨ ਦਾ ਬਚਨ, ਸਚਾਈ ਨਾਲ ਦਿੱਤਾ ਕੌਲ।

ਇਹ ਸੁਣਦੇ ਹੀ 'ਹਵਾ ਰਫਤਾਰ' ਘੋੜੇ ਦੀਆਂ ਰਕਾਬਾਂ ਵਿਚ ਸੁਹਣੇ ਆਗ਼ਾ ਖਾਂ ਨੇ ਪੈਰ ਰੱਖਕੇ ਚਾਬਕ ਕੜਕਾਇਆ, ਜੋ ਅੱਖ ਦੇ ਫੋਰ ਵਿਚ ਉਡੰਤ ਹੋ ਗਿਆ।

ਸਤਵੰਤ ਓਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਦੇਖਦੀ ਹੈ ਕਿ ਮੇਰੇ ਨਸੀਬਾਂ ਵਿਚ ਮਾਮਲੇ ਦ ਬਾਦ ਮਾਮਲਾ ਲਿਖਿਆ ਹੈ। ਕੋਈ ਚਾਰ ਦਿਨ ਚੈਨ ਦੇ ਨਹੀਂ ਆਉਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ, ਪਰ ਧਨ ਹੈ ਕਰਤਾਰ! ਹਰ ਦੁੱਖ 'ਚੋਂ ਕੱਢ ਲੈਂਦਾ ਹੈ। ਇਹ ਹੁਣ ਨਵਾਂ ਕੰਮ ਹੈ, ਹੈ ਤਾਂ ਪਰਉਪਕਾਰ ਦਾ ਪਰ ਦੇਖੀਏ ਕੀ ਰੰਗ ਖਿੜਾਉਂਦਾ ਹੈ। ਇਸ ਤਰ੍ਹਾਂ ਸੋਚਦੀ ਸਤਵੰਤ ਖਿਆਲੀ ਵਹਿਮਾਂ ਵਿਚ ਅੰਦਰੇ ਅੰਦਰ ਉਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ? ਉਸਨੇ ਕਈ ਜੋੜ ਤੋੜ ਲਾਏ, ਪਰ ਛੇਕੜ ਆਪਣੇ ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ। ਗੁਰਮੁਖ ਪਿਆਰੇ ਜੀ ਦੀ ਕੀਹ ਆਗਿਆ ਸੀ ਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ, ਜੋ ਹੋ ਰਿਹਾ ਹੈ, ਸੋ ਹੋ ਰਿਹਾ ਹੈ, ਜੋ ਗੁਰੂ ਕਰੇਗਾ ਸੋ ਭਲਾ ਕਰੇਗਾ 'ਬਠ ਰੇ ਮਨ ਸਬਰ ਕੇ ਹੁਜਰੇ, ਜੇਹੀ ਜੇਹੀ ਆਵੈ ਤੇਹੀ ਤੇਹੀ ਗੁਜਰੇ'। ਤੂੰ ਵਾਹਿਗੁਰੂ ਦੇ ਨਾਲ ਰਹੁ, ਸਦਾ ਨਾਲ ਰਹੁ, ਤੇਰੇ ਕੰਮ ਆਪੇ ਸਾਂਈਂ ਸੁਆਰੇਗਾ।

ਰਾਤ ਅੱਧੀ ਤੋਂ ਵੱਧ ਲੰਘ ਗਈ, ਅਕਾਸ਼ ਦਾ ਚੱਕਰ ਭੋਂ ਗਿਆ, ਸਤਵੰਤ ਕੌਰ ਦੇ ਕੰਨਾਂ ਵਿਚ ਘੋੜੇ ਦੀਆਂ ਟਾਪਾਂ ਦੀ ਅਵਾਜ਼ ਆਈ। ਪੱਥਰਾਂ ਵਿਚ ਲੁਕੀ ਹੋਈ ਨੇ ਧਿਆਨ ਕੀਤਾ, ਅਗਲੀ ਪਲ ਨੂੰ 'ਜਸਵੰਤ' ਦੀ ਅਵਾਜ਼ ਕੰਨੀ ਪਈ ਤੇ ਆਗ਼ਾ ਖਾਂ ਦਾਈ ਸਣੇ ਆ ਗਿਆ।

ਇਹ ਇਕ ਲੰਮੀ ਪਤਲੀ ਪੰਜਤਾਲੀ ਕੁ ਵਰ੍ਹੇ ਦੀ ​ਢਲਵੀਂ, ਪਰ ਸਡੋਲ ਤੇ ਮਜ਼ਬੂਤ ਜਨਾਨੀ ਸੀ। ਚਿਹਰਾ ਪਠਾਣੀਆਂ ਵਾਂਗੂ ਗੋਲ ਨਹੀਂ ਸੀ ਸਗੋਂ ਕੁਛ ਲੰਮਾਂ ਤੇ ਪਤਲਾ ਸੀ। ਅੱਖਾਂ ਵਿਚ ਉਦਾਸੀ ਤੇ ਬੇਚੈਨੀ ਸੀ, ਪਰ ਇਹ ਸਾਫ਼ ਦਿੱਸਦਾ ਸੀ ਕਿ ਏਹ ਅੱਖਾਂ ਸਮੇਂ ਦੇ ਕਈ ਪਰਤੇ ਦੇਖਕੇ ਕੁਛ ਦਾਨੀਆਂ, ਤੇ ਕੁਛ ਕਰੜੀਆਂ ਹੋ ਚੁਕੀਆਂ ਹਨ।

ਜਸਵੰਤ-ਬੜੀ ਫੁਰਤੀ ਨਾਲ ਕੰਮ ਹੋ ਗਿਆ?

ਆਗ਼ਾ ਖਾਂ-ਕੁਛ ਅੱਲਾ ਨੇ ਮੱਦਦ ਕੀਤੀ। ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹੀਲੇ ਨਾਲ ਤੜਕਸਾਰ ਦੀ ਨਿਕਲ ਤੁਰੀ ਹੋਈ ਸੀ, ਦਿਨ ਭਰ ਲੁਕੀ ਰਹੀ ਤੇ ਰਾਤ ਭਰ ਟੁਰੀ ਰਹੀ ਸੀ। ਹੁਣ ਕਾਫਲੇ ਦੇ ਮਗਰ ਮਗਰ ਆ ਰਹੀ ਸੀ ਕਿ ਮੈਨੂੰ ਰਸਤੇ ਵਿਚਮਿਲ ਪਈ। ਇਸ ਨੂੰ ਮੇਰੇ ਟੁਰਦੇਸਾਰ ਹੀ ਭਿਣਕ ਪੈ ਗਈ ਸੀ ਕਿ ਮੇਰੇ ਪਿਛੋਂ ਕਤਲ ਹੋ ਜਾਏਗੀ, ਇਸ ਲਈ ਇਸ ਨੇ ਉਸ ਘਰ ਦੀ ਬੰਦ ਤੋਂ ਨਿਕਲ ਧੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ। ਸੋ ਹੁਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰ ਵਾਲੇ ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ ਅਰ ਸੌ ਵਿਸਵਾ ਸ਼ਕ ਏਥੇ ਹੀ ਪੈਣਾ ਹੈ। ਕਾਫਲਾ ਦੋ ਦਿਨ ਅਟਕਿਆ ਰਿਹਾ ਹੈ, ਉਹਨਾਂ ਨੇ ਸਮਝਣਾ ਹੈ ਕਿ ਦੋ ਦਿਨਾਂ ਵਿਚ ਤਾਂ ਇਹ ਟੁਰਕੇ ਬੀ ਪਹੁੰਚ ਪਈ ਹੋਵੇਗੀ। ਸੌ ਖ਼ਤਰਾ ਹੈ ਕਿ ਸਵੇਰ ਤੋਂ ਪਹਿਲੇ ਓਹ ਏਥੇ ਆ ਵੱਜਣਗੇ। ਹੁਣ ਜਸਵੰਤ ਸਿੰਘ ਜੀ! ਨਿਤਰਨ ਦਾ ਸਮਾਂ ਹੈ।

ਇਸ ਤਰ੍ਹਾਂ ਗੱਲਾਂ ਕਰਦੇ ਏਹ ਮਲਕੜੇ ਜਿਹੇ ਆਪਣੇ ਤਵੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਸਿੰਘ ਨੇ ਏਥੇ ਆਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਤੇ ਆਪਣੇ ਡੇਰੇ ਜਾਕੇ ਆਪਣੇ ਅਸਬਾਬ ਵਿਚੋਂ ਆਪਣੀ ਦੂਜੀ ਮਰਦਾਵੀਂ ਪੁਸ਼ਾਕ ਲਿਆਕੇ ਦਾਈ ਨੂੰ ਪਹਿਨਾਈ ਤੇ ਫੇਰ ਡੇਰੇ ਲੈ ਆਈ। ਬ੍ਰਿਧ ਜੀ ਨੂੰ ਜਗਾਕੇ ਸਮਝਾਇਆ ਕਿ ਇਹ ਸਾਥੀ ਇਕ ਸੱਜਣ ਹੈ ਕਿਸੇ ​ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਤੇ ਇਸ ਦੇ ਰੱਖਣ ਵਿਚ ਫੌਜਦਾਰ ਆਗ਼ਾ ਖਾਂ ਦਾ ਗੁਪਤ ਹੁਕਮ ਹੈ, ਸੋ ਪ੍ਰਗਟ ਨਹੀਂ ਕਰਨਾ ਤੇ ਗੱਲ ਨੂੰ ਨਿਬਾਹੁਣਾ ਹੈ, ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ।

ਬਿਰਧ ਪੁਰਖ ਨੇ ਕਿਹਾ-ਸਤਿ ਬਚਨ। ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗ਼ਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਾ। ਕਾਫਲੇ ਦੇ ਅਟਕ ਜਾਣ ਕਰਕੇ ਮਿਲਣੇ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ। ਫੇਰ ਸਰਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇਧਰ ਪਿਤਾ ਪੁੱਤ੍ਰ ਗੱਲਾਂ ਕਰਦੇ ਰਹੇ, ਉਧਰ ਉਸ ਦੇ ਸਾਥੀਆਂ ਨੇ ਕਾਫਲੇ ਵਿਚ ਢੂੰਡ ਭਾਲ ਕਰ ਲਈ, ਪੱਤ ਪੱਤ ਫਿਰਕੇ ਵੇਖ ਲਿਆ। ਇਸ ਗਰੀਬ ਪੁੱਤ੍ਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇਕ ਮਾਮੂਲੀ ਕੰਮ ਸੀ, ਜੋ ਬੇਮਲੂੰਮੇ ਹੋ ਗਿਆ।

ਹੁਣ ਦਿਨ ਚੋਖਾ ਚੜ੍ਹ ਪਿਆ ਸੀ, ਲੋਕੀਂ ਆਗ਼ਾ ਖਾਂ ਦੀ ਆਗ੍ਯਾ ਮੰਗ ਰਹੇ ਸਨ ਕਿ ਕੂਚ ਦਾ ਟੱਲ ਵੱਜ ਪਵੇ, ਸੋ ਉਸ ਨੇ ਪਿਤਾ ਤੋਂ ਆਗ੍ਯਾ ਲੈ ਕੇ ਕੂਚ ਦੀ ਆਗ੍ਯਾ ਦੇ ਦਿੱਤੀ। ਜਿਉਂ ਜਿਉਂ ਲੋਕੀਂ ਟੁਰੇ, ਨਾਕੇ ਤੇ ਖੜੋਕੇ ਆਗ਼ਾ ਖਾਂ ਦੇ ਪਿਤਾ ਦੇ ਸੂੰਹੀਆਂ ਨੇ ਇਕ ਇਕ ਆਦਮੀ ਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਭੀ ਆਈ, ਦਾਈ ਤੇ ਉਹ ਦੋਵੇਂ ਬੇਝੱਕ ਹੱਸਦੇ ਖੇਡਦੇ ਲੰਘ ਗਏ। ਅਹਿਦੀਆਂ ਨੇ ਵੱਟੇ ਹੋਏ ਭੇਸ ਵਿਚ ਕੁਛ ਨਾ ਲਖਿਆ ਕਿ ਕੀਹ ਹੋ ਗਿਆ ਹੈ। ਹੁਣ ਪਿਆਰ ਦਾ ਕੁੱਠਾ, ਪਰ ਨਿਰਦਈ ਪਿਤਾ ਪੁੱਤ੍ਰ ਨੂੰ ਗਲ ਲਾਕੇ ਮਿਲਦਾ ਤੇ ਅਸੀਸਾਂ ਦੇਂਦਾ ਵਿਦਾ ਹੋ ਗਿਆ, ਪਰ ਨੌਕਰਾਂ ਦੇ ਟੋਲੇ ਵਿਚੋਂ ਦੋ ਚਾਰ ਸੂੰਹੀਏ ਛੱਡ ਗਿਆ, ਜੋ ਸੁੰਧਕ ਰਖਣ ਕਿ ਪਾਪਣ ਦਾਈ ਕਿਤੇ ਅੱਗੇ ਜਾਕੇ ਆਗ਼ਾ ਖਾਂ ਦੇ ਕਾਫਲੇ ਨੂੰ ਨਾ ਆ ਮਿਲੇ ਅਰ ਪਿਤਾ ਪੁੱਤ੍ਰ ਵਿਚ ਦੁਫੇੜ ਨਾ ਪੁਆ ਦੇਵੇ।

​ਖ਼ੈਰ, ਸਿੱਕਾਂ ਸਿਕਦਿਆਂ ਤੇ ਦੁੱਖਾਂ ਦੇ ਬਨ ਝੀਲਦਿਆਂ ਗ਼ਰੀਬ ਸਤਵੰਤ ਦੀਆਂ ਵਾਗਾਂ ਵਤਨ ਨੂੰ ਪਰਤੀਆਂ ਤੇ ਲੱਗਾ ਕਾਫਲਾ ਟੁਰਨ। ਹੁਣ ਉਸ ਦੀ ਕੈਦ ਦੀ ਭੂਮ ਵੱਲ ਪਿੱਠ ਹੈ ਤੇ ਪਿਆਰੇ ਵਤਨ ਵੱਲ ਰੁਖ਼ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ।

ਤੀਸਰੀ ਮੰਜ਼ਲ ਆਈ। ਕਾਫਲੇ ਨੇ ਡੇਰੇ ਕੀਤੇ। ਸਭ ਲੋਕ ਆਪੋ ਆਪਣੇ ਆਹਰਾਂ ਵਿਚ ਲੱਗੇ। ਇਸ ਵੇਲੇ ਜਸਵੰਤ ਜੀ ਤੇ ਨਵੇਂ ਸਾਥੀ, ਜਿਸ ਦਾ ਨਾਉਂ 'ਸਾਂਈਂ' ਜੀ ਕਰਕੇ ਰੱਖਿਆ ਸੀ, ਇੱਕਲਵੰਜੇ ਬੈਠੇ ਗੱਲੀਂ ਬਾਤੀਂ ਲਗ ਰਹੇ ਹਨ:-

ਸਾਂਈਂ-ਤੁਸੀਂ ਮੇਰੇ ਆਗ਼ਾ ਦੇ ਕਦ ਕੁ ਦੇ ਜਾਣੂ ਹੋ, ਜੋ ਉਹਨਾਂ ਨੇ ਤੁਸਾਂ ਉਤੇ ਇਤਨਾ ਇਤਬਾਰ ਕਰ ਲੀਤਾ ਹੈ?

ਜਸਵੰਤ-ਵਾਕਫੀ ਤਾਂ ਪੁਰਾਣੀ ਨਹੀਂ, ਪਰ ਸ਼ਾਇਦ ਸਿੱਖ ਜਾਣਕੇ ਭਰੋਸਾ ਕਰ ਲੀਤਾ ਨੇ।

ਸਾਂਈਂ-ਹਾਂ, ਠੀਕ ਹੈ! ਮੈਨੂੰ ਖਿਆਲ ਨਹੀਂ ਆਇਆ। ਸਿਖ ਤੇ ਸੱਚ ਦੋਵੇਂ ਇਕ ਸ਼ੈ ਤੇ ਇਕ ਰੂਪ ਹਨ।

ਜਸਵੰਤ-ਗੁਰੂ ਜੀ ਦਾ ਪ੍ਰਤਾਪ ਹੈ।

ਸਾਂਈਂ-ਤੁਸੀਂ ਪਿਸ਼ੌਰ ਤਕ ਜਾਸੋ?

ਜਸਵੰਤ-ਨਹੀਂ ਅਗੇਰੇ ਜਾਣਾ ਹੈ। (ਛੇਤੀ ਨਾਲ) ਪਰ ਤੁਸੀਂ ਹੁਣ ਕੀ ਕਰੋਗੇ?

ਸਾਂਈਂ-ਕਿਉਂ?

ਜਸਵੰਤ-ਤੁਸੀਂ ਦੋਵੇਂ ਮਾਂ ਪੁੱਤ੍ਰ (ਆਖਾਂ, ਹੋਰ ਕੀ ਆਖਾਂ) ਐਸ ਤਰ੍ਹਾਂ ਟੁਰੇ ਹੋ ਕਿ ਮੁੜ ਕੇ ਇਸ ਧਰਤੀ ਵਿਚ ਆਉਣ ਜੋਗੇ ਨਹੀਂ ਹੋ, ਖਾਸ ਕਰ ਤੂੰ ਤਾਂ ਨਹੀਂ ਆ ਸਕਦੀ।

ਸਾਂਈਂ-ਹੈ ਤਾਂ ਠੀਕ, ਪਰ ਆਗ਼ਾ ਖਾਂ ਵਾਪਸ ਆ ਸਕਦਾ ਹੈ।

ਜਸਵੰਤ-ਠੀਕ ਹੈ, ਪਰ ਤੁਹਾਡਾ ਦੁਹਾਂ ਦਾ ਪਿਆਰ ​ਵਿਛੁੜਨ ਵਾਲਾ ਨਹੀਂ ਜਾਪਦਾ।

ਸਾਂਈਂ-ਇਹ ਬੀ ਸੱਚ ਹੈ ਤੇ ਹੋਵੇ ਬੀ ਕੀਕੂੰ ਨਾ। ਇਹ ਬੱਚਾ ਹੀ ਸੀ, ਤ੍ਰੈ, ਸਾਢੇ ਤ੍ਰੈ ਵਰ੍ਹੇ ਦਾ ਕਿ ਮਾਂ ਮਰ ਗਈ, ਫੇਰ ਮੈਂ ਹੀ ਇਸ ਨੂੰ ਪਾਲਿਆ ਹੈ। ਉਞੇ ਨਿਕੇ ਹੁੰਦੇ ਨੂੰ ਬੀ ਮੈਂ ਹੀ ਦੁੱਧ ਚੁੰਘਾਉਂਦੀ ਸਾਂ, ਮਾਂ ਤਾਂ ਵਿਚਾਰੀ ਅਤਿ ਸੁਹਲ ਜਿਦ ਸੀ, ਰਤਾ ਕੁ ਹਵਾ ਦਾ ਹੁਲਾਰਾ ਆਵੇ ਤਾਂ ਸਰੀਰ ਨਿੱਫਰ ਹੋ ਜਾਂਦਾ ਸਾਸੁ। ਸੋ ਇਹ ਲਾਲ ਮੇਰੇ ਹੀ ਥਣਾਂ ਤੇ ਪਲਿਆ ਤੇ ਮੇਰੀ ਹੀ ਗੋਦ ਖੇਲਿਆ ਹੈ। ਮੇਰੀਆਂ ਹੀ ਆਂਦ੍ਰਾਂ ਨੂੰ ਪੁਤ੍ਰਾਂ ਵਾਲੀ ਧੂ ਹੈ ਤੇ ਉਸ ਦੀਆਂ ਆਂਦਰਾਂ ਨੂੰ ਮਾਂ ਵਾਲੀ ਮਮਤਾ ਮੇਰੇ ਨਾਲ ਹੈ, ਦੇਖੋ ਵਿਚਾਰੇ ਨੇ ਮੇਰੇ ਪਿਛੇ ਹੁਣ ਤਕ ਕਿਤਨਾ ਦੁੱਖ ਝੱਲਿਆ ਹੈ। ਅਜੇ ਜੀਕੂੰ ਤੁਸਾਂ ਕਿਹਾ ਹੈ, ਕੀ ਪਤਾ ਹੈ ਕਿ ਦੇਸ਼ ਬੀ ਛੱਡਣਾ ਪੈ ਜਾਵੇ ਸੁ। ਅੰਗ ਪਾਲ, ਬਚਨ ਦਾ ਪੂਰਾ, ਸੱਚਾ ਤੇ ਭਰੋਸਾ ਕਰਨ ਵਾਲਾ ਹੈ। ਏਸ ਧਰਤੀ ਦੇ ਲੋਕ ਤਾਂ ਡਾਢੇ ਵਲ ਦਾਰ ਹਨ, ਪਰ ਏਸ ਨੂੰ ਵਲ ਫਲ ਨਹੀਂ ਹੈ।

ਜਸਵੰਤ-ਇਨ੍ਹਾਂ ਦੀ ਮਾਤਾ ਜੀ (ਸੁਰਗਵਾਸ ਰਹੇ ਨੇ) ਕਿਸ ਔਹਰ ਨਾਲ ਗੁਜ਼ਰੇ ਸੇ?

ਸਾਂਈਂ-ਔਹਰ ਕਾਹਦੀ ਸੀ, ਇਸੇ ਕੱਟੜ ਪਠਾਣ ਦਾ, ਜੋ ਸਵੇਰੇ ਪੁਤ ਪੁਤ ਕਰਦਾ ਮੱਥੇ ਸੁੰਘਦਾ ਤਲਾਸ਼ੀਆਂ ਲੈ ਗਿਆ ਹੈ, ਗੁੱਸਾ ਵਿਚਾਰੀ ਨੂੰ ਖਾ ਗਿਆ।

ਜਸਵੰਤ-ਡਾਢੀ ਕੂਮਲ ਹੋਣੀ ਹੈ, ਜੋ ਗੁੱਸੇ ਨਾਲ ਮਰ ਗਈ, ਕੁੜ੍ਹ ਕੁੜ੍ਹ ਕੇ ਕਿਸੇ ਖਈ ਰੋਗ ਨਾਲ ਟੁਰ ਗਈ ਹੋਉ?

ਸਾਂਈਂ (ਜ਼ਹਿਰ ਭਰੇ ਹਾਸੇ ਨਾਲ)—ਖਈ ਨਹੀਂ, ਹੈਜ਼ੇ ਨਾਲੋਂ ਬੀ ਛੇਤੀ ਨਾਲ।

ਜਸਵੰਤ-ਉਹ ਕੀਕੂੰ?

ਸਾਂਈਂ-ਤਲਵਾਰ ਦੀ ਆਬਦਾਰ ਧਾਰ ਨਾਲ।

ਜਸਵੰਤ (ਤ੍ਰਬ੍ਹਕ ਕੇ)-ਇਸਤ੍ਰੀ ਪਰ ਤਲਵਾਰ ਦਾ ਵਾਰ! ​(ਰੋ ਕੇ) ਕਿਹੇ ਕਠੋਰ ਤੇ ਜਾਂਗਲੀ ਲੋਕ ਹਨ! ਕੁਛ (ਪਰਮੇਸ਼ੁਰ ਤਰਸ ਕਰੇ ਉਸ ਦੀ ਰੂਹ ਉਤੇ) ਗ਼ਰੀਬਣੀ ਵਿਚ ਦੋਸ਼ ਸੀ?

ਸਾਂਈਂ-ਸੁਚਾ ਹੀਰਾ, ਨਿਰੀ ਨਿਰਦੋਸ਼! ਨਿਰਦੋਸ਼ ਹੋਣਾ ਹੀ ਤਾਂ ਕਤਲ ਦਾ ਕਾਰਨ ਸੀ, ਦੋਸ਼ੀ ਹੁੰਦੀ ਤਾਂ ਕੌਣ ਮਾਰਦਾ? ਏਸ ਧਰਤੀ ਵਿਚ ਧਰਮੀਆਂ ਲਈ ਕਤਲ ਹੈ। ਤੁਸੀਂ ਲੋਕ ਸਾਨੂੰ ਰਾਖਸ਼ ਏਸੇ ਅਧਰਮ ਕਰਨ ਕਰਕੇ ਆਖਦੇ ਹੋ।

ਜਸਵੰਤ-ਨਿਰਦੋਸ਼ ਨੂੰ ਕਿਉਂ ਮਰਿਆ? ਗੁੱਸਾ ਕਿਸ ਗੱਲੇ ਭੜਕਿਆ?

ਸਾਈਂ ਹੱਸ ਪਿਆ ਤੇ ਜਸਵੰਤ ਦੇ ਹੱਥ ਘੁੱਟਕੇ ਕਹਿਣ ਲੱਗਾ: ਆਓ ਕੁਛ ਕੰਮ ਕਰੀਏ, ਡੇਰੇ ਵਿਚ ਮੱਦਦ ਦੀ ਲੋੜ ਹੋਣੀ ਹੈ, ਗੱਲਾਂ ਫੇਰ ਕਰਾਂਗੇ। ਹਾਂ, ਇਕ ਗੱਲ ਹੈ, ਮੇਰਾ ਬੱਚਾ ਡਾਢਾ ਸਿੱਧਾ ਹੈ, ਉਸ ਨੇ ਮੈਨੂੰ ਹੁਣ ਮਿਲਣ ਆਉਣਾ ਹੈ। ਚੰਗਾ ਹੋਵੇ ਜੇ ਤੂੰ ਕਿਸੇ ਬਹਾਨੇ ਮਿਲ ਆਵੇਂ ਸੁ ਕਿ ਕੁਛ ਦਿਨ ਮੈਨੂੰ ਨਾ ਮਿਲ, ਉਸ ਦਾ ਕਪਟੀ ਪਿਤਾ ਜ਼ਰੂਰ ਸੂੰਹੀਏ ਛੱਡ ਗਿਆ ਹੋਣਾ ਹੈ, ਜਿਨ੍ਹਾਂ ਨੇ ਮੇਰੀ ਢੂੰਡ ਭਾਲ ਰੱਖਣੀ ਹੈ। ਜੇ ਕਿਤੇ ਉਹਨਾਂ ਨੇ ਇਧਰ ਬਹੁਤ ਆਉਂਦਾ ਜਾਂਦਾ ਤੇ ਮਿਲਦਾ ਗਿਲਦਾ ਤੱਕ ਲਿਆ, ਸ਼ੱਕ ਪੈ ਗਿਆ, ਖੋਜ ਨਿਕਲ ਗਿਆ ਤਾਂ ਮੇਰਾ ਤਾਂ ਤੱਤੜੀ ਦਾ ਕੀਹ ਹੈ, ਪਾਪੀ ਪਿਤਾ ਨੇ ਮੇਰੇ ਲਾਲ ਨੂੰ ਤੂੰਬਾ ਤੂੰਬਾ ਕਰਕੇ ਉਡਾ ਦੇਣਾ ਹੈ। ਲਾਲ ਨੂੰ ਮੇਰੀ ਜ਼ੁਬਾਨੀ ਕਹਿ ਆ ਕਿ ਆਪਣੇ ਚਾਰ ਚੁਫੇਰੇ ਖਿਆਲ ਰਖੇ ਅਰ ਬਹੁਤ ਮਿਹਨਤ ਕਰੇ ਤਾਂ ਉਸ ਨੂੰ ਜ਼ਰੂਰ ਆਪਣੇ ਉਤੇ ਛਡੇ ਹੋਏ ਜਸੂਸ ਇਸ ਕਾਫਲੇ ਵਿਚ ਲੱਝ ਪੈਣਗੇ।

ਜਸਵੰਤ ਸਿੰਘ ਨੇ ਸਮਝ ਲਿਆ ਕਿ ਦਾਈ ਗੱਲ ਵਲਾ ਗਈ ਹੈ ਅਰ ਅਸਲ ਭੇਤ ਨਹੀਂ ਦੱਸਿਆ ਸੂ, ਪਰ ਖ਼ੈਰ ਕੀਹ ਹੋਇਆ, ਸਹਿਜੇ ਸਹਿਜੇ ਗੱਲ ਖੁੱਲ੍ਹ ਜਾਏਗੀ ਤੇ ਉਞ ਪਰਾਏ ਭੇਤ ਪਾੜਨ ਲਈ ਮੈਂ ਕਿਉਂ ਜ਼ੋਰ ਲਾਵਾਂ। ਹੁਣ ਮੈਂ ਇਸ ਦਾ ​ਕੰਮ ਕਰ ਆਂਵਾਂ। ਇਹ ਸੋਚਕੇ ਕੁਛ ਆਪਣੇ ਸਫਰ ਸਬੰਧੀ ਕੰਮ ਲੈ ਕੇ ਆਗ਼ਾ ਖਾਂ ਨੂੰ ਜਾ ਮਿਲਿਆ ਅਰ ਉਚੀ ਉਚੀ ਉਹ ਕੰਮ ਦੱਸ ਕੇ ਉਸ ਨੂੰ ਮੌਕੇ ਦੇ ਦਿਖਾਉਣ ਲਈ ਕਿ ਜਿਥੋਂ ਦਾ ਕੰਮ ਦੱਸਿਆ ਸੀ ਲੈ ਆਂਦਾ ਤੇ ਰਸਤੇ ਵਿਚ ਹੌਲੋ ਹੌਲੇ ਦਾਈ ਦਾ ਸੁਨੇਹਾ ਸੁਣਾ ਦਿੱਤਾ। ਆਗ਼ਾ ਇਹ ਸੁਣਕੇ ਅਚੰਭਾ ਰਹਿ ਗਿਆ, ਪਰ ਗੱਲ ਉਸ ਦੇ ਦਿਲ ਲੱਗੀ। ਉਹ ਆਪਣੀ ਪਾਲਕ ਮਾਂ ਦੀ ਅਕਲ ਦਾ ਬੜਾ ਕਦਰ ਪਾਉਣ ਵਾਲਾ ਸੀ, ਕਿਉਂਕਿ ਉਹ ਜਦ ਬੋਲਦੀ ਪਤੇ ਦੀ ਬੋਲਦੀ ਹੁੰਦੀ ਸੀ। ਉਸ ਨੂੰ ਸੁਣਦੇ ਸਾਰ ਤਸੱਲੀ ਆ ਗਈ ਕਿ ਅੰਮਾਂ ਸੱਚ ਆਖਦੀ ਹੈ। ਸੋ ਗੱਲ ਬਾਤ ਕਰਕੇ ਉਹ ਡੇਰੇ ਨੂੰ ਮੁੜ ਗਿਆ ਅਰ ਚੁੱਪ ਚਾਪ ਏਸੇ ਤਲਾਸ਼ ਭਾਲ ਵਿਚ ਲਗ ਗਿਆ ਕਿ ਕਿਹੜਾ ਕਿਹੜਾ ਆਦਮੀ ਮੇਰੇ ਹੀ ਕਾਫਲੇ ਵਿਚ ਮੇਰੇ ਤੇ ਹੀ ਸੂੰਹੀਆਂ ਹੋ ਸਕਦਾ ਹੈ।

ਰਾਤ ਫੇਰ ਆ ਗਈ ਤੇ ਕਾਫਲੇ ਨੇ ਉਤਰਾ ਕੀਤਾ। ਜਸਵੰਤ ਤੇ ਸਾਂਈਂ ਰੋਟੀ ਖਾ ਕੇ ਇਕਲਵੰਜੇ ਜਾ ਬੈਠੇ ਤੇ ਕਈ ਗੱਲਾਂ ਬਾਤਾਂ ਛਿੜ ਪਈਆਂ।

ਸਾਂਈਂ-ਇਸ ਧਰਤੀ ਵਿਚ ਹਜ਼ਾਰਾਂ ਲੱਖਾਂ ਲੋਕ ਪਠਾਣ ਹੀ ਨਹੀਂ ਹਨ, ਪਰ ਹਿੰਦੁਸਤਾਨ ਤੋਂ ਫੜਕੇ ਆਂਦੇ ਹਿੰਦੂ ਵਿਚੇ ਹੀ ਰਲ ਮਿਲ ਜਾਂਦੇ ਹਨ।

ਜਸਵੰਤ-ਫੜਕੇ ਆਂਦੇ, ਚੁੱਪ ਕੀਤੇ ਰਲ ਜਾਂਦੇ ਹਨ?

ਸਾਂਈਂ-ਤੇ ਹੋਰ ਕਰਨ ਬੀ ਕੀਹ? ਤਲਵਾਰ ਸਿਰ ਤੇ ਸ਼ੂਕਦੀ ਹੈ, ਬਣ ਕੁਛ ਸਕਦਾ ਨਹੀਂ। ਆਪਣੇ ਦੇਸ਼ ਵਿਚ ਕੁਛ ਸਾਹਸ ਨਹੀਂ, ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਤਸ਼ਾਹ ਆਵੇਗਾ ਜੋ ਕਦੇ ਛੁਡਾਵੇਗਾ। ਨਿਰਾਸ, ਦੁਖੀ, ਭੁੱਖਾਂ ਦੁੱਖਾਂ ਦੇ ਮਾਰੇ ਕਲਿਆਨ ਕਲਮੇ ਵਿਚ ਹੀ ਸਮਝਦੇ ਹਨ।

ਜਸਵੰਤ-ਪਰ ਮੁਸਲਮਾਨ ਹੋ ਕੇ ਕੁਛ ਅਰਸ਼ ਤੇ ਤਾਂ ਨਹੀਂ ਚੜ੍ਹ ਜਾਂਦੇ ਹੋਣੇ? ​ਸਾਂਈਂ-ਇਹ ਤਾਂ ਠੀਕ ਹੈ, ਪਰ ਪੇਟ ਭਰ ਰੋਟੀ ਤਾਂ ਲੱਝ ਜਾਂਦੀ ਹੈ ਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ।

ਜਸਵੰਤ-ਇਹ ਗੱਲ ਮੰਨੀ, ਪਰ ਜੇ ਕਤਲ ਹੀ ਹੋ ਜਾਣ ਤਾਂ ਗ਼ੁਲਾਮੀ ਦੀ ਜ਼ਿੰਦਗੀ ਤੋਂ ਤਾਂ ਛੁੱਟ ਜਾਣ। ਧਰਮ ਤੇ ਖੁੱਲ੍ਹ ਗੁਆਕੇ ਜੀਉਣਾ ਬੀ ਕੀਹ ਜੀਉਣਾ ਹੈ?

ਸਾਂਈਂ-ਹਿੰਦੂਆਂ ਵਿਚ ਤਾਂ ਏਤਨਾ ਬਲ ਨਹੀਂ ਰਿਹਾ। ਹਾਂ, ਸਿੱਖ ਹਨ ਜੋ ਕੈਦ ਨਹੀਂ ਪੈਂਦੇ, ਜੇ ਕਦੇ ਕੋਈ ਫਸੇ ਤਾਂ ਰਸਤੇ ਵਿਚ ਹੀ ਇਨ੍ਹਾਂ ਨਾਲ ਲੜ ਭਿੜਕੇ ਮਰ ਜਾਂਦਾ ਹੈ। ਜੇ ਕਿਤੇ ਕੋਈ ਬੁਰੇ ਹਾਲੀਂ ਆ ਹੀ ਪਹੁੰਚੇ, ਤਾਂ ਓਹ ਜ਼ਰੂਰ ਮਰਨਾ ਹੀ ਪਸਿੰਦ ਕਰਦਾ ਹੈ। ਅਜੇ ਤਕ ਕਿਸੇ ਸਿੱਖ ਇਸਤ੍ਰੀ ਯਾਂ ਪੁਰਖ ਨੇ ਏਥੇ ਆ ਕੇ ਧਰਮ ਨਹੀਂ ਦਿੱਤਾ ਤੇ ਨਾ ਹੀ ਗ਼ੁਲਾਮੀ ਸਿਰ ਚਾਈ ਹੈ। ਖੁੱਲ੍ਹ ਦਾ ਪਿਆਰ ਤੇ ਧਰਮ ਦੀ ਆਣ ਇਹਨਾਂ ਵਿਚ ਜ਼ਰੂਰ ਹੈ। ਹਨ ਸਿੱਖ ਹਿੰਦੀ ਤੇ ਅਕਸਰ ਹਿੰਦੂ ਕੁਲ ਵਿਚੋਂ ਪਰ ਅੰਮ੍ਰਿਤ ਛਕਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ। ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੈ, ਕੀ ਤੁਸਾਂ ਕਦੇ ਕਿਸੇ ਸਿੱਖ ਦੀ ਏਥੇ ਕਤਲ ਦੀ ਚਰਚਾ ਆਪ ਨਹੀਂ ਸੁਣੀ? ਐਹ ਥੋੜਾ ਹੀ ਚਿਰ ਹੋਇਆ ਹੈ ਕਿ ਇਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾਕੇ ਸੜ ਮੋਈ, ਧਰਮੋਂ ਨਹੀਂ ਡਿੱਗੀ। ਸੁਣਿਆਂ ਸਾਜੇ ਕਿ ਨਹੀਂ?

ਜਸਵੰਤ ਸਿੰਘ-ਹਾਂ, ਇਸ ਮਾਮਲੇ ਦੀ ਮੈਨੂੰ ਖਬਰ ਹੈ। ਸਿੱਖ ਐਸੇ ਹੀ ਹੁੰਦੇ ਹਨ। ਮੈਂ ਆਪ ਈ ਸਿੱਖ ਹੀ ਹਾਂ।

ਸਾਂਈਂ-ਪਰ ਗੁੱਸਾ ਨਾ ਕਰਨਾ, ਜੋ ਸਿੱਖ ਏਥੋਂ ਦੇ ਰਹਿਣ ਵਾਲੇ ਹਨ, ਓਹ ਜ਼ਰਾ ਲਾਂਭੇ ਰਹਿਕੇ ਵਕਤ ਕੱਟਦੇ ਹਨ, ਪਰ ਜੋ ਦੇਸ਼ ਤੋਂ ਫੜੇ ਆਉਂਦੇ ਹਨ ਓਹ ਤਾਂ ਸੱਜਰੇ ਬਨੋਂ ਫੜਕੇ ਆਂਦੇ ਸ਼ੇਰ ਵਾਂਙੂ ਡਾਢੇ ਰੋਹ ਭਰੇ ਤੇ ਜੋਸ਼ ਵਾਲੇ ਹੁੰਦੇ ਹਨ। ​ਪਠਾਣ ਬੀ ਉਨ੍ਹਾਂ ਦਾ ਲੋਹਾ ਮੰਨਦੇ ਹਨ। ਪਰ ਸਿੱਖ ਫੜਿਆ ਆਵੇ? ਇਹ ਗੱਲ ਬੜੀ ਹੀ ਘੱਟ ਹੁੰਦੀ ਹੈ।

ਜਸਵੰਤ-ਤੁਸੀਂ ਠੀਕ ਆਖਦੇ ਹੋ। ਪੰਜਾਬ ਵਿਚ ਸਿੱਖ ਫਖ਼ਰ ਕਰਦੇ ਹਨ ਕਿ ਉਨ੍ਹਾਂ ਦਾ ਇਕ ਬੱਚਾ ਵੀ ਕੈਦ ਵਿਚ ਪੈ ਕੇ ਗ਼ੁਲਾਮ ਨਹੀਂ ਬਣਿਆਂ। ਯਾ ਤਾਂ ਕਤਲ ਹੋਇਆ ਹੈ ਯਾ ਕਿਵੇਂ ਨਾ ਕਿਵੇਂ ਦੇਸ਼ ਵਾਪਸ ਪਹੁੰਚਾ ਹੈ।

ਸਾਂਈਂ-ਠੀਕ ਹੈ। ਇਨ੍ਹਾਂ ਵਿਚ ਕੁਛ ਐਸਾ ਅੱਗ ਦਾ ਚੁਆੜਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਕਰ ਘੱਤੋ, ਵਰਿਹਾਂ ਬੱਧੀ ਮੁਸਲਮਾਨ ਘਰਾਂ ਵਿਚ ਪਾਲੋ, ਜਦੋਂ ਕੰਨ ਵਿਚ ਫੂਕ ਦਿਓ ਕਿ ਤੂੰ ਸਿੱਖ ਦੀ ਉਲਾਦ ਹੈਂ, ਬੱਸ ਕੋਇਲ ਦੇ ਬੱਚੇ ਵਾਂਙੂੰ ਉਡਾਰੀ ਮਾਰੀ ਤੇ ਆਪਣੀ ਮਾਂ ਕੋਲ।

ਜਸਵੰਤ (ਇਕ ਲੰਮਾ ਸਾਹ ਲੈਕੇ ਤੇ ਸਾਂਈਂ ਵੱਲ ਨੀਝ ਲਾਕੇ)-ਤੁਸੀਂ ਤਾਂ ਪਠਾਣ ਹੋ, ਸਿੱਖਾਂ ਦੀ ਐਡੀ ਮਹਿਮਾ ਕਿਉਂ?

ਸਾਂਈਂ-ਮੈਂ ਸੱਚ ਕਹਿੰਦੀ ਹਾਂ, ਝੂਠੀ ਮਹਿੰਮਾ ਨਹੀਂ ਕਰਦੀ। ਨਾ ਕੁਸ਼ਾਮਤ ਕਰਦੀ ਹਾਂ ਕਿ ਚਾਰ ਦਿਨ ਤੁਹਾਡੇ ਨਾਲ ਵਾਹ ਪਿਆ ਹੈ, ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੁਭਾ ਲਵਾਂ। ਮੈਂ ਤਾਂ ਤੋਲਵੀਂ ਗੱਲ ਆਖਦੀ ਹਾਂ, ਅਰ ਰਤਾ ਭਰ ਵਾਧਾ ਨਹੀਂ ਕਰਦੀ।

ਜਸਵੰਤ-ਸ੍ਰੀ ਵਾਹਿਗੁਰੂ! ਤੁਹਾਡਾ ਖਿਆਲ ਕਿੱਧਰ ਗਿਆ ਹੈ? ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਵ ਹੁੰਦਾ ਹੈ ਕਿ ਸੱਚ ਦਾ ਬੀ ਇਕਰਾਰ ਨਹੀਂ ਕਰਦੇ, ਜੇ ਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ ਵਿਚ ਜਾ ਕੇ ਕਿਉਂ ਮਾਰਨ? ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ, ਇਸ ਕਰਕੇ ਪਿਆਰ ਦੀ ਹੈਰਾਨੀ ਵਿਚ ਮੈਂ ਪ੍ਰਸ਼ਨ ਪੁੱਛਿਆ ਸੀ।

ਸਾਂਈਂ-ਨਹੀਂ ਜੀ, ਰੰਜ ਦੀ ਗੱਲ ਨਹੀਂ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਲੋਕ ਜੋ ਕਦੀ ਨਹੀਂ ​ਹੁੰਦਾ। ਤਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਬੀ ਮਹਿਮਾ ਕਰਨੋਂ ਨਹੀਂ ਰੁਕਦਾ। ਭਲਾ ਨਾਦਰ ਸ਼ਾਹ ਵਰਗਾ ਜ਼ਾਲਮ ਪਾਤਸ਼ਾਹ ਹੋਵੇ ਦੇਸ਼ ਵਿਚ ਲਹੂ ਦੇ ਦਰਿਯਾ ਵਗਾ ਕੇ ਤੇ ਉਹ ਥਲਕਾ ਮਚਾ ਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆਂ ਨਾ ਭੁਲੇਗੀ; ਉਸ ਜ਼ਾਲਮ ਪਾਸੋਂ ਅਟਕ ਤੇ ਆ ਕੇ ਆਪਣੇ ਦੇਸ਼ ਦੀਆਂ ੨੧੦੦ ਹਿੰਦੂ ਜ਼ਨਾਨੀਆਂ ਖੋਹ ਕੇ ਵਾਪਸ ਲੈ ਜਾਣਾ, ਇਹ ਇਨ੍ਹਾਂ ਹੀ ਮਰਦਾਂ ਦਾ ਕੰਮ ਹੈ। ਕੇਵਲ ਇਕ ਸਿਖ ਜ਼ਨਾਨੀ ਹੱਥ ਪੈਰ ਬੱਧੇ ਨਾਦਰ ਸ਼ਾਹ ਨਾਲ ਏਥੇ ਆਈ ਸੀ, ਸੌ ਬੀ ਉਸ ਹਿੰਦਣੀਆਂ ਦੇ ਟੋਲੇ ਵਿਚ ਸੀ, ਜੋ ਪਹਿਲੇ ਅੱਗੇ ਲੰਘ ਚੁਕਾ ਸੀ, ਪਰ ਉਸ ਬਹਾਦਰ ਸਿੰਘਣੀ ਦੇ ਸ਼ਾਬਾਸ਼! ਸਿਰ ਦਿੱਤਾ ਪਰ ਧਰਮ ਨਹੀਂ ਦਿੱਤਾ।

ਜਸਵੰਤ-ਕੀਹ ਤੁਸੀਂ ਉਸ ਨੂੰ ਡਿੱਠਾ ਸੀ?

ਸਾਂਈਂ-ਡਿੱਠਾ ਕੀਹ ਮੈਂ ਉਸ ਦੇ ਨਾਲ ਸਾਂ?

ਇਹ ਕਹਿਕੇ ਸਾਂਈਂ ਦੀਆਂ ਅੱਖਾਂ ਤੋਂ ਪਾਣੀ ਵੱਗ ਟੁਰਿਆ ਤੇ ਚਿਹਰਾ ਗ਼ਮ ਨਾਲ ਉੱਡ ਗਿਆ।

ਜਸਵੰਤ-ਇਸ ਸਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ, ਹੋਰ ਗੱਲ ਹੁਣ ਮੈਂ ਨਾਂਹ ਪੁੱਛਦਾ, ਫੇਰ ਸਹੀ। ਤੁਸੀਂ ਜੇਰਾ ਕਰੋ, ਜੀਓ ਜੀਓ, ਜੇਰਾ ਕਰੋ।

ਪਰ ਸਾਂਈਂ ਦਾ ਗਲ ਰੁਕ ਗਿਆ ਸੀ ਅਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ। ਰਾਤ ਹੁਣ ਰਤਾ ਡੂੰਘੀ ਹੋ ਗਈ ਸੀ ਅਤੇ ਲੋਕ ਸੋ ਰਹੇ ਸੇ। ਇਸ ਵੇਲੇ ਫਿਰਦੇ ਟੁਰਦੇ ਆਗ਼ਾ ਖਾਂ ਜੀ ਆ ਗਏ ਅਰ ਚਾਰ ਚੁਫੇਰੇ ਨਜ਼ਰ ਬਚਾਕੇ ਜਸਵੰਤ ਹੁਰਾਂ ਦੇ ਤੰਬੂ ਦੇ ਪਿਛਲੇ ਪਾਸੇ ਸਾਂਈਂ ਕੋਲ ਆ ਬੈਠੇ। ਜਸਵੰਤ ਨੇ ਇਸ਼ਾਰਾ ਸਮਝ ਲਿਆ ਅਰ ਉਸ ਨੇ ਤੰਬੂ ਦੇ ਉਦਾਲੇ ਟਹਿਲਣਾ ਸ਼ੁਰੂ ਕਰ ਦਿਤਾ ਜੋ ਮਤਾਂ ਕੋਈ ਆਗ਼ਾ ਖ਼ਾਂ ਦਾ ਸੂੰਹੀਆ ਨਾ ਫਿਰ ਰਿਹਾ ਹੋਵੇ। ਉਧਰ ਮਾਂ ਪੁੱਤ ਗੱਲੀਂ ਜੁੱਟ ਗਏ।

​ਆਗ਼ਾ ਖਾਂ-ਅੰਮੀਂ ਜੀ! ਮੈਂ ਸੂੰਹੀਏ ਲੱਭ ਲਏ ਹਨ, ਚਾਰ ਆਦਮੀ ਹਨ, ਦਿਨ ਰਾਤ ਮੇਰੇ ਮਗਰ ਰਹਿੰਦੇ ਹਨ।

ਸਾਂਈਂ-ਤੁਸੀਂ ਹੁਣ ਕਿਕੂੰ ਆ ਗਏ? ਕਿਤੇ ਓਹ ਮਗਰ ਨਾ ਹੋਣ। ਮੈਨੂੰ ਆਪਣਾ ਤਾਂ ਫਿਕਰ ਨਹੀਂ ਹੈ, ਤੁਹਾੜੀ ਜਾਨ ਦਾ ਤੌਖਲਾ ਹੈ। ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਹੂ ਪੀਣੀ ਧਰਤੀ ਵਿਚ ਮਰ ਚੁਕੀਆਂ ਹਨ।

ਆਗ਼ਾ ਖਾਂ-ਫਿਕਰ ਨਾ ਕਰੋ, ਮੈਂ ਪ੍ਰਬੰਧ ਕਰਕੇ ਆਇਆ ਹਾਂ। ਉਹਨਾ ਦੇ ਉਤੇ ਹੁਣ ਮੇਰੇ ਪਹਿਰੇ ਲਗਾਏ ਗਏ ਹਨ। ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਤੇ ਸਿਰ ਉਤੇ ਪਹਿਰਾ ਖੜਾ ਹੈ।

ਸਾਂਈਂ-ਸ਼ੁਕਰ ਹੈ!

ਆਗ਼ਾ—ਜਸਵੰਤ ਦਾ ਕੈਸਾ ਹਾਲ ਹੈ?

ਸਾਈਂ-ਬਹੁਤ ਨੇਕ ਨੌਜਵਾਨ ਹੈ। ਖ਼ਾਤਰ ਵਿਚ ਰਤਾ ਫਰਕ ਨਹੀਂ ਕਰਦਾ। ਪਿਆਰ ਐਨਾ ਕਰਦਾ ਹੈ ਕਿ ਮੱਲੋ ਮੱਲੀ ਇਤਬਾਰ ਕਰਨ ਨੂੰ ਜੀ ਕਰਦਾ ਹੈ।

ਆਗ਼ਾ-ਪਵਿਤ੍ਰ ਖ਼ੂਨ ਹੈ। ਭਲਾ ਏਹ ਪਤਾ ਕੱਢੋ ਖਾਂ, ਰਹਿਣ ਵਾਲਾ ਕਾਬਲ ਦਾ ਹੈ ਕਿ ਪੰਜਾਬ ਦਾ? ਲੱਛਣ ਸਾਰੇ ਪੰਜਾਬੀ ਦੇ ਹਨ।

ਸਾਂਈਂ-ਮੈਂ ਪੁੱਛਿਆ ਤਾਂ ਨਹੀਂ, ਪਰ ਇਹ ਬਿਰਧ ਪੁਰਖ ਜੋ ਹੈ, ਇਸ ਦਾ ਅਤਿ ਸਤਿਕਾਰ ਕਰਦਾ ਹੈ, ਏਹ ਜਾਣਦੇ ਹਨ ਕਿ ਮੈਂ ਪੰਜਾਬੀ ਨਹੀਂ ਸਮਝਦੀ, ਪਰ ਤਦ ਵੀ ਮੇਰੇ ਸਾਹਮਣੇ ਗੱਲ ਬਾਤ ਘੱਟ ਕਰਦੇ ਹਨ, ਪਰ ਜਿੰਨੀ ਕਰਦੇ ਹਨ ਉਸ ਤੋਂ ਇਹ ਮੈਂ ਸਮਝ ਚੁਕੀ ਹਾਂ, ਕਿ ਇਹ ਨੌਜਵਾਨ ਪੰਜਾਬੀ ਹੈ ਅਰ ਕਿਸੇ ਗੁਰਮੁਖ ਖਾਨਦਾਨ ਵਿਚੋਂ ਹੈ, ਕਿਉਂਕਿ ਡੇਰੇ ਦੇ ਤੇ ਹੋਰ ਹਿੰਦੂ ਤੇ ਸਿੱਖ ਲੋਕ ਇਸ ਨੂੰ ਬੜੇ ਅਦਬ ਆਦਰ ਨਾਲ ਮਿਲਦੇ ਹਨ।

​ਆਗ਼ਾ ਖਾਂ-ਬੇਸ਼ੱਕ ਪੰਜਾਬੀ ਹੈ। ਗੁਣ ਸਾਰੇ ਦੱਸਦੇ ਹਨ।

ਸਾਂਈਂ-ਮੇਰੇ ਨਾਲ ਬਹੁਤ ਪਿਆਰ ਦੀਆਂ ਤੇ ਡੂੰਘੀਆਂ ਗੱਲਾਂ ਛਿੜ ਪੈਂਦੀਆਂ ਹਨ। ਮੈਨੂੰ ਡਰ ਹੈ ਕਿਸੇ ਨਾ ਕਿਸੇ ਵੇਲੇ ਸਾਰਾ ਭੇਤ ਖੁਲ੍ਹ ਜਾਏਗਾ। ਤੁਸੀਂ ਦੱਸੋ ਲੁਕੋ ਰੱਖਾਂ ਕਿ ਨਾ?

ਆਗ਼ਾ ਖਾਂ-ਤੁਸੀਂ ਮੈਥੋਂ ਵਧੀਕ ਸਿਆਣੇ ਹੋ। ਸਿੱਖ ਬਚਨ ਦੇ ਪੂਰੇ ਹਨ, ਜੇਕਰ ਕੁਛ ਕਿਹਾ ਗਿਆ ਤਾਂ ਡਰ ਕੋਈ ਨਹੀਂ, ਸਗੋਂ ਇਤਬਾਰ ਵਧ ਜਾਏਗਾ, ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫੇਰ ਏਸ ਦੀ ਬਹੁਤ ਹੀ ਲੋੜ ਪੈਣੀ ਹੈ।

ਸਾਂਈਂ-ਜਦੋਂ ਤੁਸੀਂ ਇਕੱਲੇ ਜਾ ਰਹੇ ਸੇ, ਤਦੋਂ ਤਾਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ, ਹੁਣ ਤਾਂ ਮੈਂ ਨਾਲ ਹਾਂ, ਪੰਜਾਬ ਦੇ ਪੱਤੇ ਪੱਤੇ ਤੋਂ ਵਾਕਫ ਹਾਂ, ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ। ਉਞ ਜਿੰਨਾਂ ਵਾਹ ਪਿਆ ਹੈ, ਉਸ ਤੋਂ ਬੰਦਾ ਮਿੱਤ੍ਰਤਾ ਦੇ ਲਾਇਕ ਦੀਹਦਾ ਹੈ, ਇਸ ਕਰਕੇ ਮਿੱਤ੍ਰਤਾ ਦੀ ਖ਼ਾਤਰ ਮਿੱਤ੍ਰ ਬਣਾ ਲੈਣਾ ਬਹੁਤ ਚੰਗਾ ਹੈ ਤੇ ਮੈਂ ਇਹ ਬੀ ਡਿੱਠਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੁਛ ਪਿਆਰ ਪੈ ਗਿਆ ਹੈ, ਅਤੇ ਮੇਰਾ ਸ਼ੁਬਹ ਹੈ ਕਿ ਸਾਡੇ ਭੇਤ ਦੇ ਕੁਛ ਨਾ ਕੁਛ ਉਹ ਸਿਰ ਬੀ ਹੈ।

ਆਗ਼ਾ ਖਾਂ-ਮੈਂ ਤਾਂ ਕੁਛ ਦੱਸਿਆ ਨਹੀਂ, ਪਰ ਨਾਮ ਸਾਰੇ ਉਸ ਦੇ ਕੰਨੀਂ ਪੈ ਚੁਕੇ ਹਨ। ਉਹ ਚੀਜ਼ਾਂ ਬੀ ਵੇਖ ਚੁਕਾ ਹੈ।

ਸਾਂਈਂ ਤਦੇ ਹੀ, ਆਦਮੀ ਬਹੁਤ ਸਿਆਣਾ ਤੇ ਸੋਚ ਵਾਲਾ ਹੈ। ਰੱਬ ਨੂੰ ਯਾਦ ਕਰਨ ਵਾਲਾ ਹੈ, ਅਕਲ ਤਾਂ ਸਾਫ਼ ਹੋਣੀਓ ਹੋਈ। ਫੇਰ ਕੀ ਮਰਜ਼ੀ ਹੈ?

ਆਗ਼ਾ ਖਾਂ-ਮੇਰੀ ਜਾਚੇ ਕੁਛ ਮੰਜ਼ਲ ਲੰਘ ਕੇ ਗੱਲ ਬਾਤ ਖੋਲ੍ਹ ਦੇਣੀ।


-----

​ਪਹਾੜਾਂ ਵਿਚ ਕਣਕਾਂ ਉੱਗ ਪੈਂਦੀਆਂ ਹਨ ਤਾਂ ਉਤੇ ਬਰਫਾਂ ਪੈ ਜਾਂਦੀਆਂ ਹਨ। ਫੱਗਣ ਤੱਕ ਨਿਆਣੀ ਖੇਤੀ ਬਰਫ਼ ਦੇ ਹੇਠ ਗੁੰਮ ਰਹਿੰਦੀ ਹੈ, ਜਦ ਸੂਰਜ ਤਪਿਆ ਤੇ ਬਰਫ਼ ਪੰਘਰੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ। ਪਰ ਹੁਣ ਜਦ ਰੋਸ਼ਨੀ, ਹਵਾ ਤੇ ਨਿੱਘ ਖੁੱਲ੍ਹੀ ਮਿਲਦੀ ਹੈ, ਤਾਂ ਉਹ ਝਿਜਕਾਉ, ਉਦਾਸੀ, ਰੁਕਾਵਟ ਦੂਰ ਹੋ ਜਾਂਦੀ ਹੈ, ਨਿਸਰਾਉ, ਖਿੜਾਉੈ, ਲਹਿਲਹਾਉ ਆ ਜਾਂਦਾ ਹੈ, ਦਿਨਾਂ ਵਿਚ ਹੀ ਬੂਟੇ ਸਿੱਟਿਆਂ ਤਕ ਆ ਜਾਂਦੇ ਹਨ। ਇਸੇ ਤਰ੍ਹਾਂ ਮੁੱਦਤਾਂ ਦੀ ਕਲੇਸ਼ਾਂ ਤੇ ਦੁੱਖਾਂ ਹੇਠ ਦੱਬੀ ਸਤਵੰਤ ਦੇ ਸਿਰੋਂ ਮਾਨੋ ਬਰਫ ਢਲੀ ਹੈ। ਇਸ ਕੰਨਿਆਂ ਦੇ ਸੁਭਾਵ ਵਿਚ ਖੁਸ਼ੀ, ਬਖਿਆਲੀ, ਵੀਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ ਪਰ ਚੋਭ ਤੋਂ ਖਾਲੀ, ਹਰਨੋਟੇ ਵਾਂਙ ਬੇਪਰਵਾਹ ਫਿਰਨਾ, ਐਸੇ ਐਸੇ ਗੁਣ ਸਨ, ਪਰ ਜਦ ਤੋਂ ਇਕ ਦਮ ਕੈਦ ਪਈ ਤੇ ਦੁੱਖਾਂ ਦੇ ਮੂੰਹ ਆਈ, ਡਾਢੀ ਡੂੰਘੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਭੇਤ ਦੀ ਜਾਣੂੰ ਸੀ, ਪਰ ਦੁਖਾਂ ਨੇ ਵਰਤਣ ਦਾ ਖਿੜਾਉ ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸੇ ਗਲ ਦਾ ਪ੍ਰਤਾਪ ਸੀ ਕਿ ਸਤਵੰਤ ਕਦੇ ਦਿਲ ਤੋੜ ਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀਆਂ ਨੂੰ ਜਦ ਕਲੇਸ਼ ਤੇ ਬਿਪਤਾਂ ਪੈਂਦੀਆਂ ਹਨ ਤਾਂ ਸੁਰਤ ਅੰਦਰ ਨੂੰ ਵਧੀਕ ਰੁਖ਼ ਕਰਦੀ ਤੇ ਕੱਠੀ ਹੋ ਜਾਂਦੀ ਹੈ। ਉਸ ਵੇਲੇ ਵੀਚਾਰ, ਧੀਰਜ ਤੇ ਸਹਾਰਾ ਬਹੁਤ ਵਧ ਜਾਂਦੇ ਹਨ, ਖਿੜਾਉ ਤੇ ਬੇਪਰਵਾਰੀ ਘਟ ਜਾਂਦੇ ਹਨ। ਸੋ ਹੁਣ ਜਦ ਉਹ ਦਬਾਉ ਦੇ ਕਾਰਨ ਜ਼ਰਾ ਹਟੇ ਤਾਂ ਸਤਵੰਤ ਦੇ ਅਸਲੀ ਸੁਭਾਉ ਨੇ ਪਲਟਾ ਖਾਣਾ ਸ਼ੁਰੂ ਕੀਤਾ। ਆਪਣੇ ਡੇਰੇ ਵਿਚ ਉਸ ਦੇ ਅਸਲੀ ਹਸਮੁਖ ਸੁਭਾਉ ਨੇ ਇਕ ਹੋਰ ਤਰ੍ਹਾਂ ਦੀ ਰੌਣਕ ਪੈਦਾ ​ਕਰ ਦਿੱਤੀ। ਸਾਂਈਂ ਉਤੇ ਇਸ ਸੁਭਾਵ ਦਾ ਉਸ ਦੇ ਸੱਚ ਅਰ ਨਿਰੋਲ ਪਿਆਰ ਦੇ ਨਾਲ ਡੂੰਘਾ ਪ੍ਰੇਮ ਹੋ ਗਿਆ, ਪਰ ਅਜੇ ਤਕ ਸਾਂਈਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਗੁਣਾਂ ਦਾ ਪੁਤਲਾ ਇਸਤ੍ਰੀ ਜਾਤ ਹੈ। ਸਫ਼ਰ ਆਨੰਦ ਪੂਰਬਕ ਹੁੰਦਾ ਰਿਹਾ। ਤਦੋਂ ਅੱਜ ਕੱਲ ਵਾਂਙੂ ਸੁਖੱਲੇ ਸਫਰ ਨਹੀਂ ਸਨ, ਸੁਖੱਲੀਆਂ ਰਾਹਾਂ ਨਹੀਂ ਸਨ, ਮੁਸ਼ਕਲਾਂ ਨਾਲ ਸਫਰ ਹੁੰਦੇ ਸੇ, ਪਰ ਰਲੇ-ਸਰਬੰਧ ਗੁਜ਼ਾਰਾ ਲੰਘ ਜਾਂਦਾ ਸੀ। ਕਾਫਲਿਆਂ ਦਾ ਦਸਤੂਰ ਤਦੋਂ ਹੋਰ ਸੀ। ਕਾਫਲੇ ਦੇ ਲੋਕ ਮਿਲ ਕੇ ਕਈ ਵੇਰ ਆਪਣੀ ਰਾਖੀ ਲਈ ਪ੍ਰਬੰਧ ਕਰਦੇ ਸੇ, ਪਰ ਅਕਸਰ ਵੇਰ ਕਿਸੇ ਵਡੇ ਨਾਮੀ ਧਾਕ ਵਾਲੇ ਆਦਮੀ ਵੱਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ। ਸਭ ਤੋਂ ਵਧੀਕ ਖ਼ਤਰਨਾਕ ਹਿੱਸਾ ਖ਼ੈਬਰ ਦਾ ਸਾਰਾ ਦਰਾ ਹੁੰਦਾ ਸੀ। ਪਰ ਏਥੇ ਬੀ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖ਼ੈਬਰ ਵਿਚ ਧਾੜਵੀ ਤੱਕ ਡਰਦੇ ਸਨ। ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇਕ ਸਿੱਖ ਨਾਮ ਦੀ ਬੜੀ ਇੱਜ਼ਤ ਸੀ। ਮਿੱਠਾ ਸਿੰਘ ਦਾ ਨਾਮ ਲਵੋ ਤਾਂ ਧਾੜਵੀ ਲੁਟਦਿਆਂ ਪਰੇ ਹਟ ਜਾਂਦੇ ਸਨ*[32]। ਤਦੋਂ ਇਸ ਤਰ੍ਹਾਂ ਆਗ਼ਾ ਖਾਂ ਦੇ ਬਾਪੂ ਦੀ ਬੀ ਖ਼ੈਬਰ ਵਿਚ ਧਾਕ ਸੀ[33],ਜਿਸ ਦੇ ਕਾਰਨ ਇਹ ਬਰਖੁਰਦਾਰ ਇੰਨੇ ਵੱਡੇ ਕਾਫਲੇ ਨੂੰ ਨਿਰਭੈ ਲਈ ਜਾ ਰਿਹਾ ਸੀ। ਕਾਬਲ ਦੇ ਅਮੀਰ ​ਆਪਣੇ ਰਾਜ ਵਿਚ ਜਾਣ ਵਾਲਿਆਂ ਤੋਂ ਮਸੂਲ ਲੈਂਦੇ ਆਏ ਸਨ, ਪਰ ਰਾਖੀ ਨਹੀਂ ਕਰਦੇ ਸਨ ਤੇ ਕਈ, ਜਿਨ੍ਹਾਂ ਨੂੰ ਵਪਾਰ ਤੋਂ ਵਧੀਕ ਲਾਭ ਦਾ ਖਿਆਲ ਹੁੰਦਾ ਸੀ, ਉਹ ਨਿਜੀ ਪ੍ਰਬੰਧ ਬੀ ਕਰਦੇ ਹੁੰਦੇ ਸਨ। ਜਿਸ ਸਮੇਂ ਦੇ ਅਸੀਂ ਹਾਲ ਲਿਖ ਰਹੇ ਹਾਂ ਇਸ ਤੋਂ ਕੁਛ ਚਿਰ ਪਹਿਲੇ ਅਫਗਾਨਿਸਤਾਨ ਦਿੱਲੀ ਦੇ ਤਖ਼ਤ ਦੀ ਤਾਬਿਆ ਸੀ। ਅਕਬਰ ਤੋਂ ਲੈ ਕੇ ਮੁਗ਼ਲ ਪਾਤਸ਼ਾਹ ਇਸ ਪਰ ਆਪਣਾ ਸਿੱਕਾ ਟੋਰਦੇ ਰਹੇ ਹਨ। ਪਰ ਮੁਗ਼ਲੀਆ ਸਲਤਨਤ ਦੇ ਅਖੀਰਲੇ ਕਮਜ਼ੋਰ ਪਾਤਸ਼ਾਹ ਦੇ ਹਥੋਂ ਇਹ ਦੇਸ਼ ਨਿਕਲ ਗਿਆ ਅਰ ਨਾਦਰ ਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ। ਅਬਦਾਲੀ ਦੇ ਹਮਲੇ ਪੰਜਾਬ ਨੂੰ ਬੀ ਦਿੱਲੀ ਤੋਂ ਤੋੜਕੇ ਕਾਬਲ ਨਾਲ ਜੋੜ ਰਹੇ ਸਨ, ਪਰ ਸਿੱਖਾਂ ਨੇ ਇਸ ਵਿਚ ਸਫਲਤਾ ਨਾ ਹੋਣ ਦਿੱਤੀ। ਸੋ ਨਵਾਂ ਰਾਜ ਪੱਕਾ ਕਰਨ ਕਰਕੇ ਅਬਦਾਲੀ ਪੰਜਾਬ ਤੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ, ਪਰ ਚਿੱਤੋਂ ਅਫ਼ਗਾਨਿਸਤਾਨ ਬੈਠ ਕੇ ਬੰਗਾਲੇ ਤੱਕ ਰਾਜ ਦੀਆਂ ਧੁਨਾਂ ਰੱਖਦਾ ਸੀ, ਸ਼ਾਇਦ ਕਾਮਯਾਬ ਹੋ ਜਾਂਦਾ, ਪਰ ਪੰਜਾਬ ਵਿਚ ਸਿੱਖ ਇਸ ਦੇ ਮਨਸੂਬੇ ਪੂਰੇ ਨਹੀਂ ਸਨ ਹੋਣ ਦੇਂਦੇ। ਜਦੋਂ ਇਹ ਹਮਲਾ ਕਰਕੇ ਆਉਂਦਾ, ਸਿੱਖ ਬਨਾਂ ਪਹਾੜਾਂ ਵਿਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਟੁਰ ਜਾਂਦਾ ਤਾਂ ਓਹ ਆਪਣੇ ਲੁਕੇਵਿਆਂ ਵਿਚੋਂ ਨਿਕਲ ਪੈਂਦੇ ਤੇ ਥਾਂ ਥਾਂ ਕਬਜ਼ੇ ਕਰ ਲੈਂਦੇ, ਅਹਿਮਦ ਸ਼ਾਹ ਨੂੰ ਦਿੱਲੀ ਜਾਕੇ ਪੰਜਾਬ ਵਿਚ ਸਿੱਖਾਂ ਦੇ ਰੌਲੇ ਦੀ ਖ਼ਬਰ ਪਹੁੰਚਦੀ। ਤਦ ਉਸ ਨੂੰ ਫਿਕਰ ਪੈ ਜਾਂਦਾ ਕਿ ਕਿਤੇ ਇਹ ਜ਼ੋਰ ਪਾਕੇ ਅਫ਼ਗਾਨਿਸਤਾਨ ਤੇ ਉਸ ਦੇ ਵਿਚਾਲੇ ਉਹ ਰੋਕ ਨਾ ਪਾ ਦੇਣ ਕਿ ਜਿਸ ਕਰਕੇ ਉਸ ਨੂੰ ਦੇਸ਼ ਅੱਪੜਨ ਦੇ ਕਿਸੇ ਲੋੜ ਵੇਲੇ ਕਰੜੀ ਔਕੜ ਪੇਸ਼ ਆ ਜਾਵੇ ਤੇ ਉਸ ਦਾ ਪਿੱਛਾ ਚੌੜ ਹੋ ਜਾਵੇ। ਇਉਂ ਉਹ ਜਦ ਪੰਜਾਬ ਨੂੰ ਮੁੜਦਾ ਕਿ ਇਨ੍ਹਾਂ ਨੂੰ ਮੁਕਾ ਦਿਆਂ ​ਤਦ ਓਹ ਫੇਰ ਛੁਪ ਜਾਂਦੇ। ਪਰ ਦਾਉ ਪਾ ਪਾ ਕੇ ਸਿੱਖ ਉਸ ਦੇ ਪਿਛੇ ਤੇ ਹੱਲੇ ਕਰਦੇ ਅਰ ਲੁੱਟ ਦਾ ਮਾਲ, ਜੋ ਉਹ ਲੈ ਜਾ ਰਿਹਾ ਹੁੰਦਾ ਸੀ, ਉਸ ਵਿਚੋਂ ਕੁਛ ਨਾ ਕੁਛ ਹਿੱਸਾ ਮੋੜ ਲੈਂਦੇ ਤੇ ਕਈ ਬੰਦੀ ਬੀ ਛੁਡਾ ਲੈਂਦੇ। ਜਦੋਂ ਉਹ ਦੇਸ਼ ਜਾ ਵੜਦਾ ਸਿੱਖ ਫੇਰ ਥਾਓਂ ਥਾਈਂ ਕਬਜ਼ੇ ਜਮਾਉਣ ਦੀ ਕਰਦੇ। ਵੱਡਾ ਘੱਲੂ ਘਾਰਾ ਉਸ ਨੇ ਕੇਵਲ ਸਿੱਖਾਂ ਨੂੰ ਮੁਕਾ ਦੇਣ ਵਾਸਤੇ ਰਚਾਇਆ ਸੀ। ਸਾਲ ਕੁ ਪਹਿਲਾਂ ਜਿਹੜਾ ਅਬਦਾਲੀ ਪਾਣੀਪਤ ਦੇ ਮੈਦਾਨ ਤੇ ਮਰਹੱਟਿਆਂ ਨੂੰ ਉਹ ਮਾਰ ਕਰ ਗਿਆ ਸੀ ਕਿ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਤ੍ਰਟ ਗਿਆ, ਉਹ ਅਬਦਾਲੀ ਵੱਡੇ ਘੱਲੂਘਾਰੇ ਵਿਚ ਸਾਰਾ ਤਾਣ ਲਾਕੇ ਵੀ ਸਿੱਖਾਂ ਨੂੰ ਨਾ ਮਾਰ ਸਕਿਆ*[34]। ਬਾਰਾਂ ਘੰਟੇ ਸਿੱਖ ਪਿੱਛੇ ਹਟਦੇ ਗਏ ਤੇ ਅਬਦਾਲੀ ਦੱਬੀ ਗਿਆ, ਪਰ ਸਾਰਾਂ ਤਾਣ ਲਾਕੇ ਉਹਨਾਂ ਦੀਆਂ ਸਫਾਂ ਨਾ ਤੋੜ ਸਕਿਆ ਅਰ ਪੈਂਤੜਾ ਨਾ ਹਿਲਾ ਸਕਿਆ। ਚਾਹੋ ਹਜ਼ਾਰਾਂ ਸਿੱਖ ਮਾਰੇ ਗਏ; ਪਰ ਉਹਨਾਂ ਦੀ ਇਸ ਦਿਨ ਦੀ ਮਰਦਾਨਗੀ ਤੇ ਜੰਗ ਵਿਚਾਰ ਦੀ ਪ੍ਰਬੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ। ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿਚ ਜੰਮਦਾ ਗਿਆ ਸੀ ਤੇ ਅਬਦਾਲੀ ਦਾ ਸੁਪਨਾ ਹਿੰਦ ਪਰ ਮੁੜ ਪਠਾਣ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ। ਆਖ਼ਰੀ ਹਮਲੇ ਵਿਚ ਤਾਂ ਓਹ ਆਪ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦੇਂਦਾ ਸੀ, ਪਰ ਉਸ ਬੀਰ ਨੇ ਕਿਹਾ ਸੀ ਕਿ ਸਾਡੇ ਡੌਲੇ ਤੇ ਤਲਵਾਰ ਰਾਜ ਪੈਦਾ ਕਰਨਗੇ, ਕਿਸੇ ਦਾ ਦਿੱਤਾ ਰਾਜ ਅਸਾਂ ਨਹੀਂ ਲੈਣਾ।

ਹੁਣ ਇਹ ਕਾਫਲਾ ਜਲਾਲਾਬਾਦ ਲਾਗ ਆ ਪਹੁੰਚਾ। ​ਦਰਿਯਾ ਲੁੰਡੇ ਦੇ ਸੱਜੇ ਕਿਨਾਰੇ ਤੇ ਇਹ ਤ੍ਰੈ ਚਾਰ ਹਜ਼ਾਰ ਦੀ ਵਸੋਂ ਦਾ ਸ਼ਹਿਰ ਆਬਾਦ ਹੈ, ਇਸ ਦੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ। ਸੰਝ ਕੁ ਵੇਲੇ ਜਸਵੰਤ ਤੇ ਸਾਂਈਂ ਦਰਿਯਾ ਦੇ ਕਿਨਾਰੇ ਬੈਠੇ ਸਨ। ਜਸਵੰਤ ਨੇ ਰਹੁਰਾਸ ਦਾ ਭੋਗ ਪਾਇਆ, ਇਸ ਨੂੰ ਸਾਂਈਂ ਨੇ ਪ੍ਰੇਮ ਨਾਲ ਸੁਣਿਆਂ ਅਰ ਅਰਦਾਸੇ ਵਿਚ ਸਰੀਰ ਆਪੇ ਖੜੋ ਬੀ ਗਿਆ ਤੇ ਭੋਗ ਪਰ ਮੱਥਾ ਬੀ ਟਿਕ ਗਿਆ।

ਜਦ ਘਰ ਨੂੰ ਮੁੜੇ ਤਦ ਜਸਵੰਤ ਨੇ ਮੁਸਕ੍ਰਾ ਕੇ ਕਿਹਾ, ਸੱਜਣ ਜੀ! ਅੱਜ ਤਾਂ ਤੁਸੀਂ ਕਾਫ਼ਰ ਹੋ ਗਏ।

ਸਾਂਈਂ-ਕਿੱਕੂੰ?

ਜਸਵੰਤ-ਕਾਫਰਾਂ ਦੀ ਨਿਮਾਜ਼ ਦਿਲ ਲਾ ਕੇ ਸੁਣੀ, ਸ਼ਾਮਲ ਹੋਏ, ਫੇਰ ਕਾਫਰਾਂ ਦੇ ਖ਼ੁਦਾ ਨੂੰ ਮੱਥਾ ਬੀ ਟੇਕਿਆ।

ਸਾਂਈਂ (ਹੱਸ ਕੇ)-ਹੱਛਾ ਇਹ ਗੱਲ ਹੈ, ਮੈਂ ਤਾਂ ਨਾ ਕਾਫਰਾਂ ਦੇ ਖ਼ੁਦਾ ਨੂੰ ਮੱਥਾ ਟੇਕਿਆ ਹੈ, ਨਾ ਮੋਮਨਾਂ ਦੇ ਖ਼ੁਦਾ ਨੂੰ, ਮੈਂ ਤਾਂ ਆਪਣੇ ਜਸਵੰਤ ਦੀ ਨਿਮਾਜ਼ ਪੜ੍ਹੀ ਹੈ ਤੇ ਜਸਵੰਤ ਦੇ ਪਿਆਰ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਕੋਈ ਜੀਉਂਦਾ ਜਾਗਦਾ ਪਿਆਰਾ ਲੱਭਿਆ ਤੇ ਉਸੇ ਨੂੰ ਪਿਆਰ ਕੀਤਾ, ਇਹੋ ਮੇਰੀ ਪੂਜਾ ਤੇ ਇਹੋ ਮੇਰੀ ਇਬਾਦਤ ਰਹੀ ਹੈ। ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖ਼ੁਦਾ ਸੀ, ਮੈਂ ਅੱਠੇ ਪਹਿਰ ਉਸੇ ਦੇ ਸਦਕੜੇ ਹੁੰਦੀ ਰਹੀ। ਵਿਆਹੀ ਗਈ ਤਾਂ ਵਰ੍ਹੇ ਭਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਜ ਸੀ, ਮੈਂ ਓਸੇ ਦੀ ਪੂਜਾ ਕਰਦੀ, ਨਿਮਾਜ਼ ਗੁਜ਼ਾਰਦੀ ਰਹੀ। ਉਹ ਅੱਖਾਂ ਮੀਟ ਗਏ ਤਾਂ ਆਗ਼ਾ ਖਾਂ ਦੀ ਮਾਂ ਨੂੰ ਮਾਅਬੂਦ (ਪੂਜ) ਬਣਾਇਆ ਤੇ ਉਸ ਤੋਂ ਘੋਲੀ ਹੁੰਦੀ ਰਹੀ। ਉਹ ਮਰ ਗਈ ਤਾਂ ਆਗ਼ਾ ਖਾਂ ਨੂੰ ਪੂਜ ਤੇ ਪਿਆਰ ਦਾ ਨਿਸ਼ਾਨਾ ਬਣਾਇਆ। ਹੁਣ ਉਸੇ ਦੀ ਹੁੱਬ ਦੀ ਖਾਤਰ ਤੁਹਾਡੇ ਨਾਲ ਮੋਹ ਪੈ ਗਿਆ ਹੈ। ਮੈਂ ਕੋਹ ਜਾਣਾ ਨਿਮਾਜ਼ਾਂ ਤੇ ਰੋਜ਼ੇ, ਮੈਂ ਤਾਂ ਆਪਣੇ ​ਪਿਆਰੇ ਦੇ ਪਿਆਰ ਨੂੰ ਨਿਮਾਜ਼ ਰੋਜ਼ਾ ਜਾਣਦੀ ਹਾਂ।

ਇਹ ਲਫਜ਼ ਕੁਛ ਐਸੇ ਪਿਆਰ ਤੇ ਨਰਮੀ ਨਾਲ ਕਹੇ ਗਏ ਕਿ ਹਸਦੇ ਹਸਦੇ ਜਸਵੰਤ ਦੇ ਅੱਖਾਂ ਵਿਚ ਨੀਰ ਲੈ ਆਏ। ਹਸ ਕੇ ਪਰ ਸ਼ਾਂਤਿ ਨਾਲ:—

ਜਸਵੰਤ-ਹੈ ਤਾਂ ਡਾਢੀ ਚੰਗੀ ਗਲ, ਜਿਸਦਾ ਮੁੱਲ ਨਹੀਂ ਪੈ ਸਕਦਾ, ਪਰ ਖ਼ੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਲ ਉਸ ਤਕ ਲੈ ਜਾਂਦੀ ਹੈ ਤੇ ਹਰ ਮੰਜ਼ਲ ਉਤੇ, ਰਸਤੇ ਦੇ ਹਰ ਕਦਮ ਉਤੇ ਉਹ ਆਪ ਹੈ। ਪਰ ਮੰਜ਼ਲਾਂ ਤੇ ਰਸਤੇ ਨੂੰ ਅਦਬ ਸੁਆਰੇ ਖ਼ੁਦਾ ਕਹਿਣ ਵੇਲੇ ਚੁਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵਸਦਾ ਹੈ, ਪਰ ਵਰਤਦਾ ਅਲੇਪ ਹੈ। ਪ੍ਰੇਮ ਆਪ ਦਾ ਅਮੁੱਲ ਹੈ, ਦਿਲ ਦੀ ਜਿਸ ਅਟਾਰੀ ਵਿਚ ਪਿਤਾ, ਪਤੀ, ਸੁਆਮਣੀ, ਆਗ਼ਾ ਖਾਂ ਵੱਸਦੇ ਰਹੇ ਹਨ, ਏਥੇ ਹੀ ਉਸ ਮਾਲਕ ਨੇ ਆ ਵੱਸਣਾ ਹੈ। ਇਹ ਉਸੇ ਦੇ ਪਿਆਰ ਤਣੁੋਂਕੇ ਹਨ ਜੋ ਥਾਓਂ ਥਾਓਂ ਆ ਆ ਵਜਦੇ ਹਨ।

ਸਾਈਂ—ਇਸ ਵੇਲੇ ਕੋਈ ਕਸਰ ਨਿਕਲ ਸੱਕਣੀ ਕਠਨ ਹੈ, ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖ਼ਬਰੇ ਸ਼ੁਕਰਾਨੇਂ ਵਿਚ ਹੀ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ, ਉਹ ਤਾਂ ਬਹੁਤ ਹੀ ਉਪਕਾਰੀ ਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ।

ਜਸਵੰਤ—ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖ਼ੀ ਕਰਕੇ ਬੀ ਪੁੱਛ ਲੈਣਾ ਹੈ। ਪਿਆਰੇ ਸਾਂਈਂ ਜੀ! ਦੱਸੋ ਨਾ ਤੁਸੀਂ ਕਦ ਤਕ ਬੁਝਾਰਤਾਂ ਪਾਓਗੇ ਅਰ ਮੈਨੂੰ ਹਨੇਰੇ ਵਿਚ ਰੱਖੋਗੇ। ਜਦ ਤੁਸੀਂ ਮੈਨੂੰ ਐਨਾਂ ਪਿਆਰ ਕਰਦੇ ਹੋ, ਤਾਂ ਹਾਲ ਕਿਉਂ ਨਹੀਂ ਖੋਲ੍ਹਦੇ, ਵਲਾ ਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ ​ਥਹੁ ਨਾ ਹੁੰਦਾ ਤਾਂ ਹੋਰ ਗਲ ਸੀ, ਕੁਛ ਭਿਣਕ ਮਰੇ ਕੰਨੀਂ ਪੈ ਚੁਕੀ ਹੈ, ਮੇਰੀ ਆਪਣੀ ਅਕਲ ਜੋੜ ਤੋੜ ਬਣਉਂਦੀ ਤੇ ਚੁੱਕੀ ਢਾਹੁੰਦੀ ਰਹਿੰਦੀ ਹੈ। ਮੈਂ ਆਪਣੀ ਹਰਿਆਨੀ ਲਈ ਨਹੀਂ ਪੁੱਛਦਾ ਮੈਨੂੰ ਪਿਆਰ ਤਣੁੱਕੇ ਵਜਣ ਲਗ ਪਏ ਹਨ ਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ।

ਸਾਂਈਂ (ਠੰਢਾ ਸਾਹ ਲੈਕੇ)—ਪਿਆਰੇ ਜੀ! ਤੁਹਾਥੋਂ ਕੀ ਲੁਕਾਉ ਹੈ? ਪਰ ਦੁੱਖਾਂ ਦੀਆਂ ਗੰਢਾਂ ਖੋਲ੍ਹਿਆਂ ਚੋਭ ਹੀ ਵੱਜਣੀ ਹੈ।

ਜਸਵੰਤ-ਸੱਚ ਹੈ, ਪਰ ਅਸੀਂ ਮਿਲੇ ਹੀ ਦੁੱਖਾਂ ਵਿਚ ਹਾਂ, ਦੁੱਖਾਂ ਵਿਚ ਹੋਏ ਮੇਲੇ ਪਿਆਰ ਦੀ ਗੋਦੀ ਵਿਚ ਛੇਤੀ ਲੈ ਜਾਂਦੇ ਹਨ। ਮੈਂ ਕਿਹੜੇ ਸੁੱਖਾਂ ਵਿਚ ਹਾਂ?

ਸਾਂਈਂ-ਮੈਨੂੰ ਅੱਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ, ਅਰ ਰੱਬ ਨਾ ਭੁਲਾਵੇ ਤਾਂ ਕੈਦ ਵਿਚ ਆਏ ਹੋ ਤੇ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ।

ਜਸਵੰਤ-ਬਿਲਕੁਲ ਠੀਕ ਹੈ। ਡਾਢੀਆਂ ਮੁਸ਼ਕਲਾਂ ਨਾਲ ਛੁਟਕਾਰਾ ਹੋਇਆ ਹੈ ਤੇ ਪਰਮੇਸ਼ੁਰ ਫਜ਼ਲ ਕਰੇ, ਆਪ ਦੇ ਆਗ਼ਾ ਖਾਂ ਦੀ ਕਿਰਪਾ ਨਾਲ ਸ਼ਾਇਦ ਵਤਨ ਅੱਪੜ ਪਵਾਂ, ਪਰ ਪਠਾਣ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲ੍ਹਕੇ ਗਲ ਬਾਤ ਨਹੀਂ ਕੀਤੀ, ਪਰ ਸਾਂਈਂ ਜੀ! ਪ੍ਰੇਮ ਅੱਗੇ ਕਦ ਤਕ ਲੁਕੋ ਰਹਿ ਸਕਦੇ ਹਨ।

ਸਾਂਈਂ-ਕੋਈ ਗ਼ੈਬ ਤੋਂ ਬਲਾ ਨਾ ਆਪਵੇ, ਮੇਰਾਲਾਲ ਤਾਂ ਸਿਰ ਤਕ ਤੁਹਾਡੇ ਨਾਲ ਨਿਬਾਹੇਗਾ।

ਜਸਵੰਤ-ਉਸ ਦੀ ਜਾਤ ਤੋਂ ਅਰ ਤੁਹਾਡੇ ਤੋਂ ਇਹੋ ਉਮੈਦ ਹੈ। ਮੇਰਾ ਰੱਬ ਨਾ ਭੁਲਾਵੇ, ਮੇਰੇ ਮਿੱਠੇ ਮਿੱਠੇ ਸਾਂਈਂ ਜੀਓ! ਤੁਹਾਡੇ ਤੇ ਮੇਰੇ ਲਹੂ ਵਿਚ ਉਹ ਵਿੱਥ ਨਹੀਂ ਹੈ ਜੋ ਦਿੱਸ ਪਈ ਆਉਂਦੀ ਹੈ।

​ਸਾਂਈਂ-ਇਹ ਖਿਆਲ ਆਪ ਦਾ ਠੀਕ ਹੈ। ਮੈਂ ਪਠਾਣੀ ਨਹੀਂ ਅਰ ਨਾ ਮੁਸਲਮਾਨੀ ਹਾਂ। ਮੇਰੇ ਇਹ ਰੂਪ ਬੀ ਪ੍ਰੇਮ ਨੇ ਹੀ ਢਾਲ ਕੱਢੇ ਹਨ, ਯਾ (ਹੱਸਕੇ) ਮੇਰ ਪੂਰਬਲੇ ਕਰਮਾਂ ਨੇ।

ਜਸਵੰਤ (ਸਾਂਈਂ ਦਾ ਹੱਥ ਘੁੱਟਕੇ)-ਰਬ ਮਿਹਰ ਕਰੇ, ਛੇਤੀ ਦੱਸੋ ਜੋ ਤੁਸੀਂ ਕਿਸ ਕੁਲ ਵਿਚੋਂ ਹੋ? ਮੇਰਾ ਕਲੇਜਾ ਉਛਲ ਰਿਹਾ ਹੈ, ਇਹ ਮੁੱਠ ਵਿਚ ਨਹੀਂ ਆਉਂਦਾ।

ਸਾਂਈਂ-ਮੈਂ ਸਪਤ ਸਿੰਧੂ (ਸੱਤ ਪਾਣੀਆਂ ਵਾਲੇ) ਪੰਜਾਬ ਦੀ ਪੁੱਤ੍ਰੀ ਹਾਂ। ਹਾਂ ਮੈਂ ਰਾਜਪੂਤ ਕੁਲ ਦੀ, ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ। ਪਿਤਾ ਮੇਰੇ ਚੰਗੇ ਜ਼ਿਮੀਂਦਾਰ ਸਨ। ਨਾਦੌਣ ਵਿਚ ਮੇਰਾ ਘਰ ਸੀ, 'ਸ਼ਕਤੂ' ਮੇਰੇ ਜਨਕ ਜੀ ਦਾ ਨਾਮ ਸੀ। ਸਿਆਣੀ ਹੋਈ ਨੂੰ ਪਿਤਾ ਨੇ ਵਿਆਹ ਦਿੱਤਾ। ਥੋੜ੍ਹੇ ਹੀ ਦਿਨ ਵਿਆਹ ਦਾ ਜੀਵਨ ਡਿੱਠਾ ਕਿ ਪਤੀ ਤੇ ਪਿਤਾ ਕੱਠੇ ਹੀ ਪ੍ਰਲੋਕ ਟੁਰ ਗਏ। ਇਸ ਵੇਲੇ ਅਸੀਂ ਲਾਹੌਰ ਸਾਂ। ਜਿਸ ਮਹੱਲੇ ਵਿਚ ਵਾਸ ਸੀ ਉਥੇ ਇਕ ਬੜੇ ਗੰਭੀਰ ਆਸ਼ਯ ਲੋਕ ਵੱਸਦੇ ਸਨ। ਮੇਰੇ ਦੁੱਖ ਵਿਚ ਉਹਨਾਂ ਦੀ ਵਹੁਟੀ ਨੇ, ਜੋ ਨੇਕੀ ਦਾ ਅਵਤਾਰ ਸੀ, ਮੇਰੇ ਨਾਲ ਅੱਤਿ ਪਿਆਰ ਕੀਤਾ। ਇਸ ਪਿਆਰ ਨੇ ਪਿਤਾ ਤੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ। ਮੈਂ ਪਿਆਰ ਵਿਚ ਪ੍ਰੋਤੀ ਉਨ੍ਹਾਂ ਦੀ ਹੀ ਹੋ ਗਈ। ਸੋ ਪਿਆਰੇ ਜਸਵੰਤ ਜੀ! ਮੇਰੀਆਂ ਰਗਾਂ ਵਿਚ ਪੰਜਾਬ ਦੇ ਪਰਬਤਾਂ ਉਤੇ ਵਹਿੰਦੇ ਪਵਿੱਤ੍ਰ ਪਾਣੀਆਂ ਤੋਂ ਬਣਿਆਂ ਪਵਿੱਤ੍ਰ ਖੂਨ ਠਾਠਾਂ ਮਾਰਦਾ ਹੈ ਅਰ ਚਾਹੇ ਤੁਸੀਂ ਮਰਦ ਹੋ ਤੇ ਮੇਂ ਤੀਮੀਂ ਹਾਂ, ਤੁਸੀਂ ਮੇਰੇ ਪੁਤਾਂ ਜੇਡੇ ਹੋ, ਮੈਂ ਆਪ ਨੂੰ ਦੇਸ਼ ਵੀਰ ਤੇ ਸੱਕਾ ਵੀਰ ਜਾਣਕੇ ਇਸ ਵੇਲੇ ਮਿਲੇ ਬਿਨਾਂ ਰੁਕ ਨਹੀਂ ਸਕਦੀ। ਇਹ ਕਹਿੰਦਿਆ ਜੱਫੀ ਪਾ ਲਈ ਅਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਅੰਝੂ ਵਹਿ ਤੁਰੇ ਅਰ ਸ੍ਵਾਸ ਲੰਮੇ ਹੋ ਗਏ ਤੇ ਹੋਸ਼ ਕੱਸੀ ਪੈ ਗਈ। ਕਿਤਨਾਂ ਚਿਰ ਏਸ ਤਰ੍ਹਾਂ ਲੰਘ ਗਿਆ।

​ਜਸਵੰਤ—ਸਾਂਈਂ! ਪਿਆਰ ਦੇ ਅਵਤਾਰ ਸਾਂਈਂ! ਸ਼ੁਕਰ ਹੈ, ਇਸ ਬਿਦੇਸ਼, ਇਸ ਉਜਾੜ ਤੇ ਓਪਰੀ ਧਰਤੀ ਵਿਚ, ਇਸ ਇਕੱਲ ਦੇ ਵਿਛੋੜੇ ਵਿਚ ਮੈਨੂੰ ਦੇਸ਼-ਭੈਣ ਦਾ ਮੇਲਾ ਹੋਇਆ ਅਰ ਇਸ ਪਿਆਰ ਵਿਚ ਹੋਇਆ ਕਿ ਜਦੋਂ ਪਵਿੱਤ੍ਰ ਉਛਾਲੇ ਵਿਚ ਵਿੱਥ ਨਹੀਂ ਰਹੀ। ਜੇ ਕਦੀ ਮੇਰੀ ਇਕ ਹੋਰ ਆਸ ਬੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ। ਹਾਂ ਹੁਣ ਪਿਆਰ ਭਰੀ ਸਾਂਈਂ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਮਧੂ*[35]ਭੀ ਦਾਨ ਕਰੇ।

ਸਾਂਈਂ-ਉਹ ਕੀਹ ਹੈ?

ਜਸਵੰਤ-ਮੇਰਾ ਲਹੂ ਉਛਾਲੇ ਮਾਰਕੇ ਆਖਦਾ ਹੈ ਕਿ ਆਗ਼ਾ ਖਾਂ ਦੀਆਂ ਰਗਾਂ ਵਿਚ ਬੀ ਪੰਜਾਬ ਦੀ ਪਵਿੱਤ੍ਰ ਧਰਤੀ ਦਾ ਖੂਨ ਗੇੜੇ ਲਾ ਰਿਹਾ ਹੈ। ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿਚ ਕਠੋਰਤਾ ਦਾ ਓਪਰਾ ਓਪਰਾ ਖ਼ੂਨ ਨਹੀਂ ਹੈ! ਉਥੇ ਉਤਸ਼ਾਹ ਦੇ ਬਲ ਵਾਲੀ ਰੱਤੀ ਰੱਤ ਜੋਸ਼ ਮਾਰਦੀ ਹੈ। ਪਿਆਰੀ ਭੈਣ! ਮੇਰੀ ਆਸ 'ਨਾਂਹ' ਕਰਕੇ ਨਾਂ ਤੋੜ ਦੇਈਂ। ਪਰਮੇਸ਼ੁਰ ਕਰੇ ਤੇਰਾ ਜੁਵਾਬ ਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋਣ।

ਸਾਂਈਂ-ਪਿਆਰੇ ਵੀਰ! ਕੀਹ ਦੱਸਾਂ? ਦੁੱਖਾਂ ਦੀਆਂ ਪੰਡਾਂ ਹਨ, ਪਰ ਸੁਣ ਅਰ ਦਿਲ ਥੰਮ੍ਹ ਕਲੇਜਾ ਘੁੱਟਕੇ ਸੁਣ! ਤੁਹਾਡੀ ਪੁੱਛ ਦੇ ਸਰੇ ਉੱਤਰ ਮੇਰੀ ਅਗਲੀ ਵਿਥਿਆ ਵਿਚ ਆ ਜਾਣਗੇ।

ਮੈਂ ਆਪਣੀ ਵਿਥਿਆ ਦੀ ਪਿਛੇ ਛੱਡੀ ਲੜੀ ਫੇਰ ਅੱਗੇ ਤੋਰਦੀ ਹਾਂ: ਜਦ ਮੈਨੂੰ ਹੁਣ ਆਪਣੇ ਪਿਆਰ ਦਾ ਨਵਾਂ ਆਲੰਬ ਮਿਲ ਗਿਆ, ਤਦ ਮੈਂ ਉਸੇ ਪਿਆਰ ਵਿਚ ਲਗ ਗਈ। ਮੇਰੀ ਮਾਲਕਾਣੀ ਕਹਾਂ ਕਿ ਭੈਣ ਕਹਾਂ, ਭਲਿਆਈ ਹੀ ਭਲਿਆਈ ​ਸੀ। ਸੱਚ ਦੀ ਪੁਤਲੀ ਸੀ। ਸੁਤੇ ਸੁਭਾਵ ਹੀ ਉਸ ਨੇ ਬੁਰਾ ਕਦੀ ਕੀਤਾ ਹੀ ਨਹੀਂ ਸੀ, ਹੱਸਮੁਖ, ਸਦਾ ਸੁਖ ਦਾਤੀ। ਦਿਨ ਰਾਤ ਗਾਉਂਦੀ, ਗੁਰੂ ਜੀ ਦੀ ਬਾਣੀ ਪੜ੍ਹਦੀ ਤੇ ਗੁਰੂ ਗੁਰੂ ਕਰਦੀ ਸੀ। ਸੁੰਦਰ, ਬਾਂਕੀ, ਕੋਇਲ ਵਰਗੀ ਬਰੀਕ ਤੇ ਬੁਲਬੁਲ ਵਰਗੀ ਮਿੱਠੀ ਅਵਾਜ਼। ਪਤੀ ਉਸ ਦੇ ਬੀਰ ਬਾਂਕੁਰੇ, ਸੁਖੀ, ਨੇਕ, ਸੱਚੇ, ਧਰਮੀ ਤੇ ਸਦਾ ਉਪਕਾਰੀ। ਇਹ ਜੋੜੀ ਇਕ ਅਨੂਪਮ ਜੋੜੀ ਸੀ। ਇਕ ਕਾਕੀ ਇਨ੍ਹਾਂ ਦੇ ਘਰ ਸੀ। ਹੁਣ ਵਾਹਿਗੁਰੂ ਨੇ ਬਰਕਤ ਦਿੱਤੀ, ਇਕ ਕਾਕਾ ਜਨਮਿਆ ਜੋ ਸੁੰਦਰਤਾ ਵਿਚ ਚੰਦ ਨੂੰ ਮਾਤ ਕਰੇ। ਮੇਰੇ ਓਹ ਦਿਨ ਇਸ ਪਰਵਾਰ ਦੀਆਂ ਖੁਸ਼ੀਆ ਤੇ ਭਜਨਾਂ ਵਿਚ ਸੁਹਾਵਣੇ ਲੰਘੇ। ਮੈਨੂੰ ਓਹ ਦਿਨ ਪੇਕੇ ਘਰ ਨਾਲੋਂ ਬੀ ਵਧੀਕ ਸੁਖੀ ਬੀਤੇ ਯਾਦ ਪੈਂਦੇ ਹਨ।

ਸਾਡੇ ਘਰ ਪਰਾਹੁਣੇ ਬਹੁਤ ਆਉਂਦੇ ਸਨ। ਸੁਆਮਣੀ ਦਾ ਖਿੜਿਆ ਮੱਥਾ ਪਰਾਹੁਣਿਆਂ ਨੂੰ ਪਿਆਰ ਕਰਦਾ ਸੀ। ਉਹ ਸਦਾ ਸੇਵਾ ਵਿਚ ਰੁੱਝੀ ਰਹਿੰਦੀ ਸੀ ਤੇ ਮੈਂ ਬੱਚੇ ਦੇ ਪਾਲਣ ਪੋਸਣ ਵਿਚ ਰਹਿੰਦੀ ਸਾਂ। ਅਕਸਰ ਵੇਰ ਜਦ ਸੁਆਣੀ ਢੇਰ ਚਿਰ ਰੁੱਝੀ ਰਵ੍ਹੇ ਜਾਂ ਕਮਜ਼ੋਰੀ ਦੇ ਨਾਲ ਕੁਛ ਕੁ ਬੀਮਾਰ ਹੋ ਜਾਵੇ, ਤਾਂ ਬੱਚੇ ਨੂੰ ਮੈਂ ਆਪਣੀ ਛਾਤੀ ਤੇ ਪਾਉਣਾ। ਪਿਆਰ ਦੀ ਖਿੱਚ ਤੇ ਆਂਦਰਾਂ ਦੇ ਵਲਵਲੇ ਦਾ ਅਸਰ ਦੇਖੋ ਜੋ ਮੈਨੂੰ ਦੁੱਧ ਉਤਰ ਆਇਆ। ਫੇਰ ਤਾਂ ਸੌਖ ਹੋ ਗਿਆ, ਅੱਗੇ ਤੋਂ ਵਧੀਕ ਵਕਤ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ। ਪਿਆਰ ਦੀਆਂ ਹੋਰ ਕਥਾਂ ਕੀਂ ਸੁਣਾਵਾਂ? ਯਾਦ ਕਰਦਿਆਂ ਰੋਣ ਆਉਂਦਾ ਹੈ, ਉਸ ਸਤਿਸੰਗ, ਉਪਕਾਰ, ਖੁਸ਼ੀ ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ ਸਾਡੇ ਘਰ ਵਿਚ ਵਰਤਦਾ ਸੀ।

ਦੇਸ਼ ਦੇ ਅਭਾਗ ਆ ਗਏ, ਦਿੱਲੀ ਦੇ ਤਖ਼ਤ ਉਤੇ ਔਰੰਗਜ਼ੇਬ ਬੈਠ ਕੇ ਜੋ ਤਅੱਸਬ ਨਾਲ ਪਰਜਾ ਵਿਚ ਨਫ਼ਰਤ ਦੇ ਬੀ ਬੀਜ ਗਿਆ ਸੀ ਉਹ ਰਾਜ ਪ੍ਰਬੰਧ ਦਾ ਸੱਤਯਾਨਾਸ ਕਰਦੇ ​ਗਏ। ਅਖੀਰ ਨਿਕੰਮਾ ਤੇ ਰੰਗੀਲਾ ਪਾਤਸ਼ਾਹ ਮੁਹੰਮਦ ਸ਼ਾਹ ਓਸੇ ਤਖਤ ਉਤੇ ਬੈਠ ਗਿਆ ਤੇ ਇਧਰੋਂ ਨਾਦਰ ਸ਼ਾਹ ਸਾਡੇ ਦੇਸ਼ ਦੀ ਸ਼ਾਮਤ; ਦਲਾਂ ਦੇ ਦਲ ਲੈ ਕੇ ਆ ਗਿਆ। ਪਸ਼ੌਰ ਤੋਂ ਦਿੱਲੀ ਤੱਕ ਵੈਰਾਨੀ ਛਾ ਗਈ। ਲਹੂ ਦੇ ਦਰਿਆ ਵਹਿ ਗਏ*[36]। ਸੱਤਰ ਕ੍ਰੋੜ ਤੋਂ ਵਧੀਕ ਦਾ ਸੋਨਾ ਚਾਂਦੀ ਤੇ ਰਤਨ ਨਾਦਰ ਨੇ ਦਿੱਲੀ ਤੋਂ ਲੁੱਟੇ[37] ਗੋਲਕੁੰਡੇ ਦਾ ਕੋਹਨੂਰ ਹੀਰਾ ਤੇ ਸ਼ਾਹ ਜਹਾਂ ਦਾ ਤਖਤੇ ਤਾਉਸ ਇਸੇ ਲੁੱਟ ਵਿਚ ਹੀ ਗਏ। ਬੇ-ਗਿਣਤ ਭਾਰਤ ਵਾਸੀ ਕੈਦ ਪੈ ਕੇ ਗੋਲੇ ਬਣਾਏ ਗਏ। ਸਿੱਖਾਂ ਨੇ ਮੁੜੇ ਜਾਂਦੇ ਨਾਦਰ ਪਾਸੋਂ ਬਹੁਤ ਕੁਛ ਰਾਤਾਂ ਨੂੰ ਛਾਪੇ ਮਾਰ ਮਾਰ ਕੇ ਲੁੱਟਿਆ, ਬਹੁਤ ਕੈਦੀ ਛੁਡਾਏ, ਪਰ ਜਿਨ੍ਹਾਂ ਦੇ ਭਾਗ ਹਿਰੇ ਸਨ ਉਹਨਾਂ ਦਾ ਕੀ ਬਣਦਾ ਸੀ। ਲਾਹੌਰ ਵਿਚ ਆ ਕੇ ਨਾਦਰ ਨੇ ਸਿੱਖਾਂ ਦੇ ਹਾਲ ਪੁੱਛੇ, ਪਤਾ ਕਰਕੇ ਹੱਕਾ ਬੱਕਾ ਰਹਿ ਗਿਆ ਤੇ ਖਾਨ ਬਹਾਦਰ ਨੂੰ ਕਹਿਣ ਲਗਾ ਸੰਭਲ ਕੇ ਵਰਤੋਂ, ਇਹ ਲੋਕ ਜੋ ​ਗੁਣ ਰੱਖਦੇ ਹਨ, ਰਾਜ ਕਰਨਗੇ*[38]। ਪਰ ਕੌਣ ਸੁਣਦਾ ਸੀ ਤੇ ਉਹ ਆਪ ਸਿੱਖਾਂ ਨਾਲ ਕੀਹ ਘੱਟ ਗੁਜ਼ਾਰਦਾ ਸੀ? ਅਸੀਂ ਇਨ੍ਹੀ ਦਿਨੀਂ ਵਟਾਲੇ ਸਾਂ ਤੇ ਵਟਾਲੇਂ ਤੋਂ ਪਟਿਆਲੇ ਜਾ ਰਹੇ ਸਾਂ, ਮਹਾਰਾਜ਼ ਨੇ ਸੱਦਿਆ ਸੀ। ਲੁਧਿਆਣੇ ਕੋਲ ਇਸ ਆਗ਼ਾ ਖਾਂ ਦੇ ਪਠਾਣ ਪਿਤਾ ਦੇ ਢਹੇ ਚੜ੍ਹਗਏ ਜੋ ਕਿਸੇ ਸਰਕਾਰੀ ਕੰਮ ਕਰ ਕੇ ਬਹੁਤ ਪਿਛੇ ਆ ਰਿਹਾ ਸੀ। ਮੈਂ, ਮੇਰੀ ਸੁਆਮਣੀ, ਬੱਚੇ ਤੇ ਘਰ ਦੇ ਮਾਲਕ ਜੀ ਫਸ ਗਏ। ਲਾਹੌਰ ਤੋਂ ਪਹਿਲੇ ਪਹਿਲੀ ਰਾਤ ਦੇ ਸਿੱਖਾਂ ਵੱਲੋਂ ਕਿਸੇ ਛਾਪੇ ਪਏ ਤੇ ਮਾਲਕ ਜੀ ਤੇ ਕਾਕੀ ਤਾਂ ਸਿੱਖਾਂ ਦੇ ਹੱਥ ਚੜ੍ਹ ਗਏ ਪਰ ਅਸੀਂ ਤਿੰਨੇ ਹੱਥ ਨਾ ਆਏ। ਫੇਰ ਤਾਂ ਅਟਕ ਤਕ ਸਿੱਖਾਂ ਦੇ ਛਾਪੇ ਵੱਜਦੇ ਰਹੇ। ਸ਼ਾਇਦ ਸਾਡੇ ਛੁਡਾਉਣ ਲਈ ਮਾਲਕ ਜੀ ਬੀ ਆਉਂਦੇ ਰਹੇ ਹੋਣ, ਪਰ ਪੇਸ਼ ਕੁਛ ਨਾ ਗਈ, ਅਸੀਂ ਛੁਡਾਉਣ ਹਾਰਿਆਂ ਦੇ ਰੱਥ ਨਾ ਚੜ੍ਹੇ। ਇਸ ਵੇਲੇ ਜ਼ਾਲਮ ਹਸਨ ਖਾਂ (ਆਗ਼ਾ ਦਾ ਪਠਾਣ ਬਾਪੂ) ਫੌਜ ਦੇ ਅਗੇਰੇ ਦਲ (ਹਰਾਵਲ) ਵਿਚ ਸੀ। ਜਿਸ ਦਿਨ ਨਾਦਰ ਅਟਕ ਤੇ ਅਟਕਿਆ ਇਹ ਪਾਰ ਲੰਘ ਚੁਕਾ ਸੀ ਅਰ ਅਸੀਂ, ਇਸ ਦੇ ਬੰਧੂ ਬੀ ਮੁਸ਼ਕਾਂ ਬੱਧੀਆਂ ਪਾਰ ਪਹੁੰਚ ਚੁੱਕੇ ਸੇ। ਇਸ ਕਰਕੇ ਅਟਕ ਪਾਰ ਸਿੱਖਾਂ ਦਾ ਜੋ ਭਾਰਾ ਛਾਪਾ ਪਿਆ ਉਸ ਵਿਚ ਅਸੀਂ ਨਾ ਛੁੱਟ ਸਕੇ। ਉਂਞ ਕਈ ਸੌ ਤੋਂ ਵਧੀਕ ਹਿੰਦੂ ਜ਼ਨਾਨੀਆਂ, ਬੱਚੇ, ਗੱਭਰੂ ਸਿੱਖ ਛੁਡਾ ਕੇ ਲੈ ਗਏ ਸੀ, ਇਹ ​ਗੱਲ ਅਸਾਂ ਅੱਗੇ ਆਕੇ ਸੁਣੀ ਸੀ। ਪਰ ਸਾਡੇ ਨਸੀਬ ਦੇ ਡੱਬੇ ਨੂੰ ਮੋਹਰ ਵੱਜੀ ਰਹੀ। ਗੱਲ ਕੀਹ, ਬੁਰੇ ਹਾਲੀਂ ਕਾਬਲ ਪਹੁੰਚੇ। ਹਸਨ ਖਾਂ ਨੇ ਨਾਦਰ ਤੋਂ ਵਿਦੈਗੀ ਲੈ ਕੇ ਆਪਣੇ ਪਿੰਡ ਡੇਰੇ ਲਾਏ, ਲੁੱਟ ਸਾਂਭੀ ਤੇ ਹਿੰਦੁਸਤਾਨ ਦੇ ਬਗੀਚੇ ਦੇ ਫੁੱਲਾਂ ਨੂੰ ਮਲਣਾ ਸ਼ੁਰੂ ਕੀਤਾ। ਪੰਜ ਪੰਜ ਰੁਪੈ ਨੂੰ ਭਾਰਤ ਵਰਸ਼ ਦੀਆਂ ਪੁੱਤ੍ਰੀਆਂ ਤੇ ਪੁੱਤ੍ਰ ਮੰਡੀ ਵਿਚ ਪਸ਼ੂਆਂ ਵਾਂਗੂ ਵਿਕੇ। ਮੇਰੀ ਸੁਆਣੀ ਦੀ ਸੁੰਦਰਤਾ ਤੇ ਬਾਲਕ ਦੀ ਸ਼ਕਲ ਅਤੇ ਗੁਣਾਂ ਪਰ ਹਸਨ ਖਾਂ ਰੀਝ ਪਿਆ। ਉਹਨਾਂ ਨੂੰ ਘਰ ਰੱਖ ਲਿਓਸੁ ਤੇ ਉਹਨਾਂ ਦੀ ਸੇਵਾ ਖ਼ਾਤਰ ਮੈਂ ਬੀ ਵਿਕਣੋਂ ਬਚ ਗਈ, ਪਰ ਨਸੀਬ ਅਜੇ ਖਹਿੜਾ ਕੇਂਦ ਛੱਡਦੇ ਸੇ? ਹਸਨ ਖਾਂ ਨੇ ਮੇਰੀ ਦੇਵੀ ਸੁਆਮਣੀ ਨੂੰ ਵਹੁਟੀ ਬਣਾਉਣ ਲਈ ਕਲਮਾ ਪੜ੍ਹਾਉਣਾ ਚਾਹਿਆ। ਸਤਵੰਤੀਆ ਦੀ ਵੰਸ਼, ਬੀਰਾਂ ਦੀ ਔਲਾਦ ਤੇ ਧਰਮ ਦੀ ਪੁਤਲੀ ਇਹ ਗਿਰਾਉ ਕਦ ਖਾਂਦੀ ਸੀ? ਹਸਨ ਖਾਂ ਨੂੰ ਮੁੰਹ ਤੋੜ ਜਵਾਬ ਦਿੱਤੇ ਤੇ ਇਕ ਨਾ ਮੰਨੀ। ਕਹਿਰ ਵਿਚ ਆ ਕੇ ਹਸਨ ਖਾਂ ਨੇ ਤਲਵਾਰ ਦਿਖਾਈ ਅਰ ਡਰਾਇਆ, ਪਰ ਡਰੇ ਕੌਣ? ਜਿਨ ਨਿਰਭੈ ਨੂੰ ਪੂਜਿਆ ਹੋਵੇ ਉਹ ਡਰ ਕੀ ਜਾਣੇ? ਹਸਨ ਖਾਂ ਨੇ ਬਥੇਰਾ ਜ਼ੋਰ ਲਾਇਆ, ਪਰ ਮੇਰੀ ਪਿਆਰੀ ਭੈਣ ਨੇ ਇਕ ਨਾ ਮੰਨੀ। ਹਸਨ ਖਾਂ ਦਾ ਕਹਿਰ ਵਧਦਾ ਗਿਆ ਤੇ ਅੰਤ ਉਸ ਦੀ ਤਲਵਾਰ ਪਿਆਰੀ ਦੇ ਸਿਰ ਫਿਰ ਗਈ ਅਰ ਮੇਰੇ ਪਿਆਰ ਦਾ ਆਸਰਾ, ਮੇਰੇ ਜੀਵਨ ਦਾ ਆਧਾਰ ਧਰਤੀ ਪਰ ਲੇਟਣ ਲਗ ਪਿਆ। ਕੋਈ ਦੋ ਘੰਟੇ ਤੜਫ ਤੜਫ ਕੇ ਪਿਆਰੀ ਨੇ ਜਾਨ ਦੇ ਦਿੱਤੀ। ਉਸ ਵੇਲੇ ਮੈਂ ਤੇ ਬੱਚਾ ਕੋਲ ਸਾਂ। ਬੱਚੇ ਦਾ ਰੋਣਾਂ ਤੇ ਮਾਂ ਦੀ ਤੜਫਣੀ ਨੂੰ ਵੇਖਣਾ ਨਜ਼ਾਰੇ ਸਨ ਜੋ ਗੁਰੂ ਕਿਸੇ ਨੂੰ ਕਦੇ ਨਾ ਦਿਖਾਵੇ। ਮੇਰਾ ਇਨ੍ਹਾਂ ਰੰਗਾਂ ਨੂੰ ਵੇਖ ਵੇਖ ਕੇ ਜੀ ਇਹ ਕਰਦਾ ਸੀ ਕਿ ਛੁਰੀ ਮਾਰ ਕੇ ਮਰ ਜਾਵਾਂ, ਪਰ ਪਿਆਰੀ ਨੇ ਅਖੀਰ ਦਮਾਂ ਵਿਚ ਮੈਨੂੰ ਸੁਗੰਦ ਦੇ ਕੇ ਕਿਹਾ ਕਿ 'ਜਿਉਂ ਜਾਣੇਂ ਮੇਰੇ ਲਾਲ ਨੂੰ ਪਾਲੀਂ, ਜੋ ਸਿਰ ​ਆਵੀ ਝੱਲੀਂ, ਜੋ ਕਰਨਾ ਪਵੀ ਕਰੀਂ, ਪਰ ਏਸ ਬੱਚੇ ਨੂੰ ਪਾਲੀਂ ਤੇ ਜਦੋਂ ਇਹ ਪਲ ਖਲੋਵੇ ਤੇ ਜਦੋਂ ਫੇਰ ਤੇਰਾ ਦਾਉ ਲੱਗੇ, ਇਸ ਨੂੰ ਇਸ ਦਾ ਜਨਮ ਤੇ ਬ੍ਰਿਥਾ ਸੁਣਾ ਦੇਵੀਂ ਤੇ ਉਸ ਦਾ ਫਲ ਦੇਖੀਂ ਕਿ ਓਹ ਆਪਣੇ ਅਸਲੇ ਨੂੰ ਜਾਏਗਾ। ਜੇ ਮੇਰਾ ਬੱਚਾ ਅਸਲੇ ਪਰ ਚਮਕ ਪਵੇ ਤਾਂ ਮੇਰੀ ਇੱਛਾ ਇਹ ਦੱਸੀਂ ਕਿ ਦੇਸ਼ ਜਾ ਕੇ ਆਪਣੇ ਦੇਸ਼ ਤੇ ਕੌਮ ਦੀ ਸੇਵਾ ਕਰੇ, ਸਿਖੀ ਸਿਦਕ ਧਾਰਨ ਕਰੇ। ਬੱਸ ਇਹ ਮੇਰਾ ਕੱਰ ਹੈ, ਜੋ ਮੈਂ ਤੇਰੇ ਸਿਰ ਛੱਡਦੀ ਹਾਂ ਅਰ ਤੇਰੇ ਸਿਰ ਕੱਰ ਪਾ ਕੇ ਮੈਂ ਆਪ ਸੁਖੀ ਤੇ ਸ਼ਾਂਤਿ ਮਰਦੀ ਹਾਂ, ਇਸ ਤਰ੍ਹਾਂ ਮੈਨੂੰ ਨਿਸਚਾ ਹੈ ਕਿ ਮੇਰਾ ਬੱਚਾ ਉਸ ਆਪਣੀ ਵਾੜੀ ਵਿਚ ਜਾ ਪਹੁੰਚੇਗਾ।' ਸੋ ਰਾਤ ਤਾਂ ਮੈਂ ਰੋ ਰੋ ਕੇ ਹਨੇਰੇ ਵਿਚ ਤੜਫਦਿਆਂ ਤੇ ਲਾਲ ਨੂੰ ਪਿਆਰ ਦੇਂਦਿਆਂ ਕੱਟੀ। ਦਿਨੇ ਕੁਛ ਅਕਾਸ਼ਾਂ ਤੋਂ ਹੌਸਲਾ ਤੇ ਜ਼ੋਰ ਆ ਗਿਆ, ਮੈਂ ਬੱਚੇ ਨੂੰ ਲੈ ਕੇ ਹਸਨ ਖਾਂ ਦੇ ਚਰਨਾਂ ਵਿਚ ਜਾ ਸੁੱਟਿਆ ਤੇ ਆਖਿਆ ਕਿ 'ਮਾਂ ਤਾਂ ਇਸ ਦੀ ਮਰ ਗਈ ਹੈ, ਹੁਣ ਇਸ ਵਾਸਤੇ ਕੀਹ ਹੁਕਮ ਹੈ?' ਕਹਿਣ ਲਗਾ 'ਇਹ ਬੀ ਕਲਮਾਂ ਨਹੀਂ ਪੜ੍ਹੇਗਾ?' ਮੈਂ ਹੱਥ ਜੋੜ ਕੇ ਕਿਹਾ ਕਿ 'ਇਹ ਤਾਂ ਮਸੂਮ ਬੱਚਾ ਹੈ, ਇਹ ਪੜ੍ਹਨਾ ਤੇ ਨਾ ਪੜ੍ਹਨਾ ਕੀਹ ਜਾਣਦਾ ਹੈ? ਇੰਨਾਂ ਮੈਂ ਆਪ ਨੂੰ ਦੱਸ ਦੇਂਦੀ ਹਾਂ ਕਿ ਇਹ ਬੜੀ ਉੱਚੀ ਕੁਲ ਦਾ ਬੱਚਾ ਹੈ ਅਰ ਇਕ ਵੱਡੇ ਸਿੱਖਾਂ ਦੇ ਸਰਦਾਰ ਵਰਗੇ ਸਰਦੇ ਪੁੱਜਦੇ ਵਾਲੇ ਖਾਨਦਾਨ ਵਿਚੋਂ ਹੈ। ਇਹ ਮਾਮੂਲੀ ਵਞਾ ਦੇਣ ਲਾਇਕ ਸ਼ੈ ਨਹੀਂ ਹੈ। ਇਹ ਅਮੋਲਕ ਲਾਲ ਹੈ, ਜੋ ਰਹਿਮ ਦੇ ਯੋਗ ਹੈ'। ਪਤਾ ਨਹੀਂ ਕੀ ਕੌਤਕ ਵਰਤਿਆ, ਬੱਚੇ ਨੇ ਦੋਵੇਂ ਹੱਥ ਉਚੇ ਕਰਕੇ ਜੋ ਤੱਕਿਆ ਤਾਂ ਹਸਨ ਖਾਂ ਦੀਆਂ ਅੱਖਾਂ ਲੜ ਗਈਆਂ ਅਰ ਉਸ ਕਠੋਰ ਪੱਥਰ ਨੇ ਬੱਚੇ ਨੂੰ ਚੁੱਕ ਕੇ ਗੋਦ ਵਿਚ ਲੈ ਲਿਆ ਤੇ ਕਿਹਾ: 'ਮੇਰੀ ਗੋਦ ਸੁੰਞੀ ਸੀ, ਅੱਲਾ ਨੇ ਹਰੀ ਕੀਤੀ, ਇਹ ਮੇਰਾ ਬੇਟਾ ਹੋਇਆ। ਜੀਓ ਬੇਟਾ!' ਉਸੇ ਵੇਲੇ ਵੱਡੀ ਬੇਗਮ ਨੂੰ ਬੁਲਾ ਕੇ ਬੱਚਾ ਉਸ ਦੀ ਗੋਦੀ ​ਪਾਇਆ। ਪਰ ਬੱਚਾ ਵਿਲਚਦਾ ਨਹੀਂ ਸੀ, ਉਹ ਬਾਰ ਬਾਰ ਮੇਰੀ ਵੱਲ ਉੱਲਰਦਾ ਸੀ। ਬੇਗ਼ਮ ਨੂੰ ਜਦ ਪਤਾ ਲਗਾ ਕਿ ਮਾਂ ਇਸ ਦੀ ਕਤਲ ਹੋ ਚੁਕੀ ਹੈ, ਉਸ ਨੂੰ ਬੀ ਠੰਢ ਪੈ ਗਈ, ਬੱਚੇ ਨੂੰ ਪਤ੍ਰ ਬਣਾ ਲੈਣਾ ਬੀ ਉਸ ਦੇ ਪਸੰਦ ਆ ਗਿਆ, ਪਰ ਮੇਰੀ ਵਲੋਂ ਦੋਵੇਂ ਵਹੁਟੀ ਗੱਭਰੂ ਝਿਜਕਦੇ ਸਨ। ਉਹਨਾਂ ਦੇ ਦਿਲ ਦੀ ਗੱਲ ਤਾੜ ਕੇ ਮੈਂ ਬੇਨਤੀ ਕੀਤੀ 'ਖਾਂ ਸਾਹਿਬ! ਹੁਣ ਬਾਕੀ ਮੈਂ ਹਾਂ, ਮੈਂ ਇਨ੍ਹਾਂ ਦੀ ਨੌਕਰ ਹਾਂ ਅਰ ਇਸ ਬੱਚੇ ਦੀ ਦਾਈ ਹਾਂ, ਪਾਲਿਆ ਬੀ ਮੈਂ ਹੈ ਤੇ ਖਿਡਾਇਆ ਬੀ ਮੈਂ ਹੈ। ਜੇ ਆਪ ਮਾਰਨਾ ਚਾਹੋ ਤਾਂ ਹਾਜ਼ਰ ਹਾਂ, ਜੇ ਰਖਣਾ ਚਾਹੋ ਤਾਂ ਇਸ ਦੀ ਸੇਵਾ ਕਰਾਂਗੀ। ਰਾਤ ਇਸ ਦੀ ਮਾਂ ਮੋਈ ਹੈ ਤੇ ਜੇ ਮੈਂ ਮਾਰੀ ਗਈ ਤਾਂ ਏਹ ਦੋ ਹੇਰਵੇ ਨਹੀਂ ਝੱਲ ਸਕੇਗਾ, ਰੋ ਰੋ ਕੇ ਮਰ ਜਾਵੇਗਾ। ਹੁਣ ਤੁਸੀਂ ਇਸ ਨੂੰ ਪੁੱਤ ਬਣਾ ਚੁਕੇ ਹੋ, ਇਸ ਦੀ ਜਾਨ ਖ਼ਾਤਰ ਮੈਨੂੰ ਖਿਡਾਵੀ ਰੱਖ ਲਓਗੇ ਤਾਂ ਮੈਂ ਸੇਵਾ ਕਰਾਂਗੀ। ਹਸਨ ਖਾਂ ਕਹਿਣ ਲੱਗਾ: 'ਤੂੰ ਬੀ ਸਿੱਖਣੀ ਹੈ?' ਮੈਂ ਕਿਹਾ, 'ਮੈਂ ਤਾਂ ਪਹਾੜਨ ਹਾਂ।' ਕਹਿਣ ਲੱਗਾ 'ਤਦ ਸਖਤ ਮਾਦਾ ਨਹੀਂ ਹੈ। (ਮੇਰੇ ਵੱਲ ਘੂਰ ਕੇ) ਕੀ ਤੂੰ ਕਲਮਾਂ ਪੜ੍ਹੇਗੀ?' ਮੇਰੀ ਹਿੱਕ ਤੇ ਭੈਣ ਦਾ ਹੁਕਮ ਸੀ, ਮੈਂ ਸੋਚਿਆ ਮੇਰਾ ਧਰਮ ਤਾਂ ਪਿਆਰ ਹੈ ਹਾਂ, ਮੈਨੂੰ ਹਿੰਦੂ ਪੁਣੇ ਨਾਲ ਕੀਹ ਤੇ ਮੁਸਲਮਾਨ ਪੁਣੇ ਨਾਲ ਕੀਹ, ਮਾਂ ਤਾਂ ਪਿਆਰ ਦਾ ਅੰਗ ਪਾਲਣਾ ਹੈ, ਬੱਚੇ ਨੂੰ ਸਿਰੇ ਚੜ੍ਹਾਉਣਾ ਹੈ, ਇਸ ਮਨਤੱਵ ਲਈ ਜੋ ਬੀ ਕਰਨਾ ਪਵੇ ਸੋ ਹੀ ਮੇਰਾ ਧਰਮ ਹੈ। ਮੈਂ ਕਿਹਾ, 'ਜਿਵੇਂ ਕਹੋ ਹਾਜ਼ਰ ਹਾਂ।' ਇਹ ਸੁਣ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ, 'ਦੇਖੋ ਇਸ ਬੱਚੇ ਨੂੰ ਕਦੇ ਇਸ ਦੇ ਜਨਮ ਦਾ ਭੇਤ ਨਾ ਦੱਸਣਾ'। ਇਹ ਸੁਣ ਕੇ ਮੇਰਾ ਸਿਰ ਨਿਉਂ ਗਿਆ ਅਰ ਗ਼ਸ਼ ਜੇਹੀ ਆ ਗਈ। ਜੀਭ ਮੇਰੀ ਨੇ ਕੀਹ ਖੁੱਲ੍ਹਣਾ ਸੀ, ਕਿਉਂਕਿ ਇਹੋ ਹੀ ਤਾਂ ਮੇਰਾ ਫਰਜ਼ ਸੀ ਜਿਸ ਲਈ ਮੈਂ ਜੀਵਨ ਦਾ ਪ੍ਰਬੰਧ ਕੀਤਾ ਸੀ। ਥੋੜੀ ਦੇਰ ​ਬਾਦ ਇਕ ਮੁੱਲਾਂ ਆ ਗਿਆ। ਮੈਨੂੰ ਮੁਸਲਮਾਨ ਹੋਣ ਲਈ ਹੁਕਮ ਹੋਇਆ ਤਦ ਮੈਂ ਕਿਹਾਂ: 'ਮੈਂ ਹਾਜ਼ਰ ਹਾਂ, ਪਰ ਮੈਨੂੰ ਉਹ ਮੁਰਦਾ ਦੇਹ ਸਾੜ ਲੈਣ ਦਿਓ ਜੋ ਅੰਦਰ ਪਈ ਹੈ ਤੇ ਫੇਰ ਜੋ ਕਹੋ ਕਰਸਾਂ।' ਹਸਨ ਖਾਂ ਕਹਿਣ ਲੱਗਾ, 'ਉਸ ਦੀ ਦੇਹ ਨੂੰ ਇਸੇ ਤਰ੍ਹਾਂ ਤਰੱਕਣ ਦਿਓ'। ਤਦ ਮੈਂ ਉਸ ਨੂੰ ਸਮਝਾਇਆ ਕਿ ਮਰ ਗਏ ਨਾਲ ਬੀਰ ਲੋਕ ਵੈਰ ਨਹੀਂ ਕਰਦੇ। ਫੇਰ ਉਹ ਸਰਦਾਰਨੀ ਸੀ, ਤੁਸੀਂ ਸਰਦਾਰ ਹੋ, ਤੁਹਾਡੀ ਸਰਦਾਰੀ ਨੂੰ ਯੋਗ ਨਹੀਂ ਹੈ ਕਿ ਰਾਜ ਕੁਲ ਦੇ ਮਕਤੂਲਾਂ ਨਾਲ ਐਸਾ ਸਲੂਕ ਕਰੋ'। ਗੱਲ ਕੀਹ ਬਹੁਤ ਝਗੜੇ ਬਾਦ ਦਰਯਾ ਵਿਚ ਪਾਉਣ ਦੀ ਬੇਨਤੀ ਮੰਨੀ ਗਈ। ਸੋ ਮੈਂ ਆਪਣੇ ਝੋਲੇ ਵਿਚੋਂ ਚਾਦਰ ਤੇ ਲੀੜੇ ਕੱਢੇ ਅਰ ਉਸ ਪਿਆਰੀ, ਜਾਨ ਤੋਂ ਪਿਆਰੀ ਨੂੰ ਲਪੇਟ ਕੇ ਆਪਣੇ ਮੋਢੇ ਤੇ ਚਾ ਕੇ ਇਕ ਦਰਯਾ ਦੇ ਕਿਨਾਰੇ ਲੈ ਗਈ। ਸ੍ਰੀ ਵਾਹਿਗੁਰੂ ਕਹਿੰਦਿਆਂ ਤੇ ਰੋਂਦਿਆਂ ਇਸ਼ਨਾਨ ਕਰਵਾਇਆ, ਫੇਰ ਲੀੜੇ ਲਪੇਟੇ ਤੇ ਕੁਛ ਪੱਥਰ ਨਾਲ ਬਨ੍ਹੇ, ਜੋ ਮੁਰਦਾ ਤਰੇ ਨਾ ਤੇ ਹੇਠਾਂ ਹੇਠਾਂ ਰੁੜੇ। ਮੈਂ ਪਿਆਰੀ ਦੇ ਪਿੰਜਰੇ ਨੂੰ ਤੱਤਾਂ ਦੇ ਵਜ਼ੀਰ ਦੇਵਤਾ ਪਾਣੀ ਦੇ ਸਪੁਰਦ ਕਰਕੇ ਦਿਲ ਨੂੰ ਨੂੰ ਕਿਹਾ:-'ਲੈ ਮਨਾ! ਤ੍ਰੈ ਪਿਆਰੇ ਤਾਂ ਹੱਥੀਂ ਟੋਰੇ ਨੀਂ, ਹੁਣ ਚੌਥੇ ਪਿਆਰੈ ਦੀ ਸੇਵਾ ਕਰੋ, ਦੇਖੋ ਉਸ ਦਾ ਕੀ ਬਣਦਾ ਹੈ? ਹੇ ਹੋਣੀ ਬਲਵਾਨ! ਤੇਰੇ ਚਾਲੇ ਕੇਸੈ ਨਿਆਰੇ ਹਨ!'

ਪਿਆਰੀ ਦਾਂ ਪ੍ਰਣ ਪੂਰਾ ਕਰਨ ਲਈ ਮੈਂ ਲਿਫ ਗਈ ਅਰ ਉਸ ਘਰ ਵਿਚ ਮੈਂ ਇਸ ਤਰ੍ਹਾਂ ਧਸੀ ਕਿ ਜਿੱਕੂੰ ਕੋਈ ਨਿੱਤ ਦਾ ਘਰ ਦਾ ਆਪਣਾ ਆਦਮੀ ਹੁੰਦਾ ਹੈ। ਮੇਰਾ ਇਤਬਾਰ ਬਣ ਗਿਆ ਅਰ ਪਠਾਣੀਆਂ ਵਿਚ ਮੇਂ ਪਠਾਣੀ ਹੋ ਗਈ। ਆਪਣੇ ਲਾਲ ਨੂੰ ਪਾਲਦੀ ਰਹੀ। ਸੋ ਪਿਆਂਰੇ ਜਸਵੰਤ ਸਿੰਘ ਜੀ! ਇਸ ਆਗ਼ਾ ਖਾਂ ਦੀਆਂ ਨਾੜਾਂ ਦਾ ਲਹੂ ਤੁਹਾਨੂੰ ਬਹੁਤ ਨੇੜੇ ਹੈ, ਇਹ ਦੇਸ਼ ਵੀਰ ਬੀ ਹੈ ਤੇ ਧਰਮ ਵੀਰ ਬੀ ਹੈ।

​ਸਤਵੰਤ ਨੇ ਇਹ ਸਾਰੀ ਕਥਾ ਸਾਹ ਵੱਟ ਕੇ ਸੁਣੀ ਸੀ, ਕਈ ਵੇਰ ਰੋਈ ਤੇ ਕਈ ਵੇਰ ਹਾਹੁਕੇ ਲੈ ਹਟੀ ਸੀ। ਹੁਣ ਇਸ ਨੇ ਉੱਛਲਕੇ ਸਾਂਈਂ ਨੂੰ ਗਲ ਲਾ ਲਿਆ ਤੇ ਬੋਲੀ 'ਤੇਰੇ ਮੂੰਹ ਗੁਲਾਬਾਂ ਨਾਲ ਭਰਾਂ, ਤੂੰ ਧੰਨ ਹੈਂ, ਜਿਸ ਨੇ ਮੇਰੇ ਖਿਆਲ ਨੂੰ ਆਪਣੀ ਆਸ ਦੀ ਅਟਾਰੀ ਤੋਂ ਹੇਠਾਂ ਨਹੀਂ ਉਤਰਨ ਦਿੱਤਾ। ਸ਼ੁਕਰ ਹੈ! ਲੱਖ ਲੱਖ ਸ਼ੁਕਰ ਹੈ! ਪਯਾਰੀ ਮਾਂ ਜੀ! ਮੇਰੀ ਇਹੋ ਟੋਹ ਸੀ ਕਿ ਇਸ ਆਗ਼ਾ ਖਾਂ ਦੀਆਂ ਨੀਲੀਆਂ ਰਗਾਂ ਪੰਜਾਬੀ ਹਨ ਤੇ ਉਨ੍ਹਾਂ ਵਿਚ ਵਹਿ ਰਿਹਾ ਪਵਿੱਤ੍ਰ ਖੂਨ ਸਿੱਖੀ ਦਾ ਹੈ। ਹੁਣ ਬਾਕੀ ਵਿੱਥਿਆ ਸੁਣਾਓ।

ਸਾਂਈਂ-ਹੋਰ ਕੀਹ ਦੱਸਾਂ? ਸਤਾਰਾਂ ਕੁ ਵਰ੍ਹੇ ਇਸ ਕੈਦ ਵਿਚ ਬੀਤੇ। ਗੋਲਿਆਂ ਦੀ ਤਰ੍ਹਾਂ ਸੇਵਾ ਕੀਤੀ, ਜੀ ਜੀ ਦੀ ਕੁਸ਼ਾਮਦ ਕੀਤੀ, ਰਾਜਪੂਤ ਹੋ ਕੇ ਤੁਰਕਾਂ ਦੇ ਘਰ ਦਾ ਖਾਧਾ, ਛੱਤੀ ਖੇਖਣ ਢਾਲੇ, ਪਰ ਬੱਧੀ ਓਸ ਸੁਖਨ ਦੀ 'ਕਿ ਲਾਲ ਨੂੰ ਪਾਲਣਾ ਹੈ ਤੇ ਭੇਤ ਦੱਸਣਾ ਹੈ', ਨਹੀਂ ਤਾਂ ਸਿੱਖਾਂ ਦੇ ਘਰ ਰਹਿ ਕੇ ਮੇਰਾ ਅੱਗੇ ਹੀ ਕੁਰਾੜਾ ਰਾਜਪੂਤੀ ਮਨ ਹੋਰ ਕਰੜਾ ਹੋ ਗਿਆ ਸੀ। ਸੌ ਵਿਸਵਾ ਮੈਂ ਬੀ ਦੂਏ ਦਿਨ ਕਤਲ ਹੀ ਹੁੰਦੀ, ਪਰ ਲੱਗੀਆਂ ਦੀ ਤੋੜ ਨਿਬਾਹੁਣੀ ਕੋਈ ਖੇਡ ਨਹੀਂ ਹੁੰਦੀ। ਜਦ ਲਾਲ ਕੁਛ ਸਿਆਣਾ ਹੋ ਗਿਆ ਤੇ ਮੈਂ ਬੈਠਾਂ, ਸੋਚਾਂ,-ਲਾਲ ਨੂੰ ਭੇਤ ਦੱਸਾਂ, ਪਰ ਫੇਰ ਵਿਚਾਰਾਂ ਇਹ ਖ਼ਬਰੇ ਕੀ ਕਰੇ! ਕਿਤੇ ਮਾਂ ਦਾ ਮਤਲਬ ਹੀ ਨਾ ਉੱਡ ਜਾਵੇ। ਇਸ ਕਰਕੇ ਇਸ ਦੀ ਜੁਆਨੀ ਤੇ ਸਿਆਣੀ ਅਵਸਥਾ ਨੂੰ ਉਡੀਕਦੀ ਰਹੀ। ਹੁਣ ਜਦ ਇਹ ਭਰ ਜੁਆਨ ਹੋਇਆ, ਸਿੱਖੀਂ ਖ਼ੂਨ ਕਾਬਲੀ ਮੇਵੇ ਖਾ ਕੇ ਮੌਲਿਆ ਤਾਂ ਤੁਸਾਂ ਆਪ ਡਿੱਠਾ ਹੀ ਹੈ ਕਿ ਦੇਖਿਆਂ ਸਿੱਕ ਭੁੱਖ ਲਹਿੰਦੀ ਹੈ। ਹਾਂ, ਸੱਚੀਂ ਜਿਸ ਪਠਾਣ ਮਾਂ ਦੀ ਇਸ ਲਾਲ ਨੂੰ ਗੋਦੀ ਪਾਇਆ ਸੀ। ਉਹ ਬਹੁਤ ਭਲੀ ਤ੍ਰੀਮਤ ਸੀ। ਇਸ ਨਾਲ ਪਿਆਰ ਪੁੱਤਰਾਂ ਵਾਲਾ ਹੀ ਕਰਦੀ ਸੀ, ਮੈਨੂੰ ਬੀ ਪੂਰਾ ਸੁਖੀ ​ਰਖਦੀ ਸੀ, ਸ਼ੋਕ ਕਿ ਉਹ ਬੀ ਮਰ ਗਈ। ਹਸਨ ਖਾਂ ਨੇ ਹੋਰ ਵਿਆਹ ਕੀਤਾ। ਇਹ ਨਵੀਂ ਆਈ ਹਸਨ ਖਾਂ ਦੀ ਵਹੁਟੀਆਂ ਦੀ ਸਰਦਾਰ ਹੈ, ਮੁਟਿਆਰ ਹੈ ਤੇ ਡਾਢੀ ਸੁੰਦਰ ਹੈ। ਪਹਿਲੇ ਤਾਂ ਉਹ ਮੇਰੇ ਲਾਲ ਨਾਲ ਅੰਦਰੋਂ ਕੈਰੀ ਅੱਖ ਰੱਖਦੀ ਸੀ, ਪਰ ਕੁਛ ਸਮੇ ਤੋਂ ਉਸ ਦਾ ਲਾਲ ਨਾਲ ਪਿਆਰ ਬਹੁਤ ਵਧਦਾ ਗਿਆ। ਮੈਨੂੰ ਇਸ ਗੱਲ ਦਾ ਪਤਾ ਲਗ ਗਿਆ ਸੀ, ਪਰ ਲਾਲ ਭੋਲੇ ਨੂੰ ਪਤਾ ਨਹੀਂ ਸੀ ਕਿ ਮੇਰੀ ਮਤ੍ਰੇਈ ਮਾਂ ਦੇ ਅੰਦਰ ਖੋਟ ਹੈ ਕਿ ਲਾਲ ਨੂੰ ਕਿਸੇ ਵੇਲੇ ਪਾਰ ਬੁਲਾਵੇ। ਉਸ ਦਾ ਕਾਰਨ ਇਹ ਹੈ ਕਿ ਉਸ ਦੇ ਆਪਣੇ ਪਹਿਲੇ ਘਰ ਵਾਲੇ ਵਿਚੋਂ ਇਕ ਪੁੱਤ੍ਰ ਹੈ, ਜੋ ਪਹਿਲੇ ਤਾਂ ਪੇਕੇ ਰਿਹਾ ਤੇ ਹੁਣ ਉਸ ਨੇ ਘਰ ਲੈ ਆਂਦਾ ਹੈ। ਉਹ ਹੁਣ ਇਹ ਲੋਚਦੀ ਸੀ ਕਿ ਆਗ਼ਾ ਖਾਂ ਨੂੰ ਹੱਥਾਂ ਤੇ ਪਾਈ ਰੱਖਾਂ ਜੋ ਹਸਨ ਖਾਂ ਨਾ ਤ੍ਰਬ੍ਹਕੇ ਤੇ ਸਹਿਜੇ ਸਹਿਜ ਇਸ ਦਾ ਮੋਹ ਘਟਾ ਕੇ (ਜੋਹਸਨ ਖਾਂ ਦੇ ਅੰਦਰ ਐਤਨਾਂ ਡੂੰਘਾ ਹੈ ਕਿ ਨਿਕਲ ਨਹੀਂ ਸਕਦਾ) ਆਪਣੇ ਪੁੱਤ ਦਾ ਮੋਹ ਵਾੜਾਂ ਤੇ ਫਟ ਕਿਸੇ ਵੇਲੇ ਇਸ ਦਾ ਬੇੜਾ ਪਾਰ ਕਰਾਂ, ਫੇਰ ਹਸਨ ਖਾਂ ਆਪੇ ਮੇਰੇ ਪੁਤ ਨੂੰ ਪਿਆਰ ਕਰੇਗਾ। ਇਸ ਬੁੱਢੇ ਨੇ ਤਾਂ ਮਰ ਹੀ ਜਾਣਾ ਹੈ, ਸੋ ਇਸ ਤਰ੍ਹਾਂ ਸਾਰੇ ਸਰਬੰਸ ਦੀ ਮਾਲਕੀ ਮੇਰੇ ਹੱਥ ਆ ਜਵੇਗੀ।

ਉਸ ਦੇ ਇਨਾਂ ਮਨਸੂਬਿਆਂ ਦਾ ਪਤਾ ਲਗ ਜਾਣ ਤੇ ਮੈਂ ਲਾਲ ਨੂੰ ਸਮਝਾਇਆ। ਲਾਲ ਦਾ ਮੇਰੇ ਨਾਲ ਅਤਿ ਪਿਆਰ ਹੈ, ਉਸ ਨੇ ਸੁਣਿਆਂ ਤਾਂ ਸਹੀ, ਮੰਨਿਆਂ ਬੀ, ਪਰ ਜੁਆਂਨੀ ਦੇ ਬਲਕਾਰ ਵਿਚ ਉਸ ਨੂੰ ਇਹ ਖਿਆਲ ਸੁਣਨਾ ਬੀ ਨੀਵਾਂ ਲਗਦਾ ਸੀ ਕਿ ਮੈਨੂੰ ਕੋਈ ਮਾਰ ਸਕਦਾ ਹੈ? ਇਸ ਤਰ੍ਹਾਂ ਨਾਲ ਕੁਛ ਸਮਾਂ ਲੰਘ ਗਿਆ। ਲਾਲ ਤਾਂ ਜੁਆਂਨੀ ਦੇ ਬਲਕਾਰ ਵਿਚ ਰਹੇ, ਪਰ ਮੈਂ ਉਸਦੀਆਂ ਰਾਖੀਆਂ ਦੇ ਆਹਰਾਂ ਵਿਚ ਰਹਾਂ। ਇਕ ਦਿਨ ਮੈਂ ਫੇਰ ਸਮਝਇਆ; ਉਸ ਵੇਲੇ ਅਵਾਗੂਤ ਮੇਰੇ ਮੂੰਹੋਂ ਨਿਕਲ ਗਿਆ: 'ਲਾਲ ਜੀ! ਤੁਸੀਂ ਚੌਕਸ ਨਹੀਂ ਰਹਿੰਦੇ, ​ਪਛਤਾਓਗੇ, ਇਨ੍ਹਾਂ ਪਠਾਣਾਂ ਦਾ ਇਤਬਾਰ ਨਾ ਕਰਿਆ ਕਰੋ।' ਇਹ ਸੁਣ ਕੇ ਲਾਲ ਕਹਿਣ ਲਗਾ-'ਇਨ੍ਹਾਂ ਪਠਾਣਾਂ ਦਾ ਕੀ ਮਤਲਬ? ਤੁਸੀਂ ਤੇ ਮੈਂ ਪਠਾਣ ਹਾਂ ਕਿ ਕੁਛ ਹੋਰ?' ਮੈਂ ਹੱਸ ਪਈ ਤੇ ਜਿਕੂੰ ਕੋਈ ਕੁਛ ਲੁਕਾਉਂਦਾ ਹੈ, ਐਉਂ ਟਾਲ ਕੇ ਚਲੀ ਗਈ। ਦੂਜੇ ਦਿਨ ਸਵੇਰੇ ਹੀ ਮੈਨੂੰ ਸੁੱਤੀ ਪਈ ਨੂੰ ਲਾਲ ਨੇ ਆ ਜਗਾਇਆ। ਕਹਿਣ ਲੱਗਾ, 'ਮਾਂ! ਤੂੰ ਮੈਨੂੰ ਸਭ ਤੋਂ ਪਿਆਰੀ ਹੈਂ, ਤੂੰ ਹੀ ਰਾਤੀਂ ਮੈਨੂੰ ਇਕ ਵਾਢਵੀਂ ਗੱਲ ਕਹੀ ਹੈ ਤੇ ਫੇਰ ਕਿਸੇ ਗੱਲ ਦਾ ਲੁਕਾ ਕੀਤਾ ਹੈ। ਮੈਂ ਹੁਣ ਕੀਹ ਕਰਾਂ? ਮੈਂ ਸਾਰੀ ਰਾਤ ਸੌ ਨਹੀਂ ਸਕਿਆ, ਜੀ ਤੜਫ ਤੜਫ ਉੱਠਦਾ ਹੈ, ਕਿ ਹੈਂ ਮੈਂ ਤੇ ਮਾਂ ਵਿਚ ਕੋਈ ਪੜਦਾ ਹੈ?' ਇਹ ਸੁਣ ਕੇ ਮੈਂ ਸੋਚਿਆ ਕਿ ਲਾਲ ਨੂੰ ਸੁਨੇਹਾ ਦੇਣ ਦਾ ਹੁਣ ਵੇਲਾ ਠੀਕ ਹੈ। ਸੋ ਉਸ ਵੇਲੇ ਲਾਲ ਨੂੰ ਮੈਂ ਸੁਗੰਦਾਂ ਦੇ ਕੇ ਤੇ ਤਲਵਾਰ ਅੱਗੇ ਧਰ ਕੇ ਆਖਿਆ 'ਬੱਚਾ! ਜੇ ਮੇਰੀ ਗੱਲ ਤੋਂ ਤੈਨੂੰ ਯਕੀਨ ਨਾ ਆਵੇ, ਜਾਂ ਮੇਰੀ ਗੱਲ ਨਾ ਭਾਵੇ ਤਾਂ ਮੈਨੂੰ ਆਪਣੀ ਹੱਥੀਂ ਕਤਲ ਕਰ ਦੇਈਂ, ਪਰ ਅੱਗੇ ਗੱਲ ਨਾ ਕਰੀਂ।' ਇਸ ਤਰ੍ਹਾਂ ਲਾਲ ਤੋਂ ਕੌਲ ਲੈ ਕੇ ਫੇਰ ਮੈਂ ਸਾਰੀ ਵਿਥਿਆ ਸੁਣਾਈ। ਜਿਉਂ ਜਿਉਂ ਮੈਂ ਹਾਲ ਕਹਾਂ ਮੈਂ ਉਸ ਸ਼ੇਰ ਬੱਚੇ ਤੇ ਅਚਰਜ ਅਸਰ ਹੁੰਦਾ ਵੇਖਾਂ। ਮੈਂ ਹੈਰਾਨ ਸਾਂ ਕਿ ਸਤਾਰਾਂ ਅਠਾਰਾਂ ਵਰ੍ਹੇ ਗ਼ੈਰ ਲੋਕਾਂ ਦੇ ਵਿਚ ਅਗਯਾਤ ਪਲਕੇ, ਇਕ ਚੰਗੇ ਇਲਾਕੇ ਦਾ ਸਰਦਾਰ ਹੋ ਕੇ, ਦੌਲਤ ਮਾਲ ਦਾ ਵਾਲੀ ਹੋ ਕੇ ਜਦ ਆਪਣੇ ਅਸਲੇ ਨੂੰ ਸੁਣੇਗਾ ਤਾਂ ਸਿਵਾ ਦੱਸਣ ਵਾਲੇ ਨਾਲ ਗੁੱਸੇ ਹੋ ਪੈਣ ਦੇ ਹੋਰ ਕੀਹ ਕਰੇਗਾ? ਪਰ ਓਥੇ ਕੁਛ ਹੋਰ ਹੀ ਵਰਤਿਆ, ਓਹ ਮੁਸਲਮਾਨ ਤੇ ਪਠਾਣ ਗੱਭਰੂ ਅਪਣਾ ਅਸਲਾ ਸੁਣਦਾ, ਆਪਣੀ ਮਾਤਾ ਦੇ ਦੁਖੜੇ ਸਮਝਦਾ ਤੇ ਮੇਰੀ ਕੁਰਬਾਨੀ ਦੇ ਹਾਲ ਸੁਣਦਾ ਲੋਹਾ ਲਾਖਾ ਹੁੰਦਾ ਗਿਆ, ਛੇਕੜ ਬੁੱਲ੍ਹ ਟੁੱਕਣ ਲੱਗ ਗਿਆ, ਤੀਊਰ ਬਦਲ ਗਏ, ਅੱਖਾਂ ਅੰਗਾਰਾ ਹੋ ਗਈਆਂ ਤੇ ਤਲਵਾਰ ਚੁੱਕ ਕੇ ​ਉਠ ਤੁਰਿਆ। ਮੈਂ ਬਾਹੋਂ ਫੜ ਕੇ ਕਿਹਾ:-'ਕਿਧਰ?' ਕਹਿਣ ਲੱਗਾ 'ਆਪਣੀ ਮਾਂ ਦੇ ਕਾਤਲ ਦਾ ਕੱਸਾਸ (ਬਦਲਾ) ਲੈਣ ਜਾਂਦਾ ਹਾਂ' ਮੈਂ ਬਾਹੋਂ ਖਿੱਚ ਲਿਆ ਤੇ ਫੇਰ ਛਾਤੀ ਨਾਲ ਗਲ ਲਾਇਆ ਤੇ ਪਿਆਰ ਦੇ ਕੇ ਸਮਝਾਇਆ ਕਿ 'ਤੇਰੀ ਮਾਂ ਦੇਵਤਾ ਸੀ, ਓਹ ਬਦਲਾ ਮਾਫ ਕਰ ਗਈ ਹੈ, ਜੋ ਗੱਲ ਉਹ ਕਹਿ ਗਈ ਸੀ, ਉਹ ਗੱਲ ਤੇ ਉਸ ਦੀ ਮਰਜ਼ੀ ਸਿਰੇ ਚਾੜ੍ਹਨੀ ਇਹ ਤੇਰਾ ਧਰਮ ਹੈ'।

ਮੇਰੀ ਗੱਲ ਸੁਣ ਕੇ ਠਿਠੰਬਰ ਗਿਆ ਤੇ ਉਨ੍ਹਾਂ ਲਾਲ ਅੱਖਾਂ ਵਿਚੋਂ ਦੋ ਗਰਮ ਗਰਮ ਸੜਦੇ ਅੱਥਰੂ ਕਿਰੇ ਤੇ ਕਹਿਣ ਲੱਗਾ:-'ਛੇਤੀ ਦੱਸੋ, ਮੇਰੀ ਮਾਂ ਦੀ ਕੀਹ ਮਰਜ਼ੀ ਸੀ?' ਮੈਂ ਕਿਹਾ 'ਉਹ ਮੈਂ ਅਜੇ ਨਹੀਂ ਦੱਸਦੀ, ਮੈਂ ਉਸ ਦੀ ਵਾਕ ਸੱਤਾ ਵੇਖਣੀ ਹੈ। ਪਹਿਲੇ ਤੂੰ ਦੱਸ ਕਿ ਹੁਣ ਤੂੰ ਕੀਹ ਕਰੇਂਗਾ?' ਕਹਿਣ ਲੱਗਾ:-'ਮੈਂ ਕੀਹ ਕਰਨਾ ਹੈ ਹਸਨ ਖਾਂ ਨੂੰ ਕਤਲ ਕਰ ਕੇ ਪੰਜਾਬ ਵਿਚ ਚਲਾ ਜਾਵਾਂਗਾ ਅਰ ਆਪਣੇ ਬੁੱਢੇ ਬਾਪ ਨੂੰ ਤਲਾਸ਼ ਕਰ ਕੇ ਦੱਸਾਂਗਾ ਕਿ ਮੈਂ ਸ਼ੇਰ ਬੱਚਾ ਮਾਂ ਦਾ ਬਦਲਾ ਲੈ ਕੇ ਆਇਆ ਹਾਂ।' ਮੈਂ ਕਿਹਾ:-ਖ਼ਬਰੇ ਉਹ ਤੇਰੇ ਨਾਲ ਵਰਤੇ ਕਿ ਨਹੀਂ, ਕਿਉਂਕਿ ਮੁਸਲਮਾਨਾਂ ਨਾਲ ਸਾਡੇ ਦੇਸ਼ ਦੇ ਲੋਕ ਖਾਦੇ ਪੀਂਦੇ ਨਹੀਂ ਹਨ'। ਇਹ ਸੁਣ ਕੇ ਕਹਿਣ ਲੱਗਾ, 'ਕੀ ਮੇਰਾ ਬਾਪ ਮੈਨੂੰ ਆਪਣੇ ਘੋੜਿਆਂ ਦੇ ਘਾਸ ਕੱਟਣ ਤੇ ਬੀ ਨਾ ਰੱਖੇਗਾ ਅਰ ਕੀਹ ਮੇਰੀ ਭੈਣ ਨਹੀਂ ਹੈ, ਜੋ ਮੈਨੂੰ ਆਪਣੀ ਡੇਉਢੀ ਤੇ ਪਹਿਰੇਦਾਰ ਨਾ ਰੱਖ ਲਵੇਗੀ। ਤੂੰ ਧ੍ਰੋਹ ਕੀਤਾ ਹੈ ਜੋ ਮੈਨੂੰ ਪਹਿਲੇ ਨਹੀਂ ਦੱਸਿਆ, ਮੈਂ ਆਪਣੀ ਮਾਂ ਦੇ ਕਾਤਲਾਂ ਦੇ ਘਰ ਪਲਦਾ ਰਿਹਾ ਹਾਂ, ਮੈਂ ਕਾਤਲਾਂ ਦਾ ਅੰਨ ਪਾਣੀ ਖਾਂਦਾ ਰਿਹਾ ਹਾਂ। ਧ੍ਰਿੱਗ ਹੈ ਮੇਰੀ ਜ਼ਿੰਦਗੀ ਤੇ'।

ਇਹ ਸੁਣ ਕੇ ਮੈਂ ਰੋ ਪਈ ਅਰ ਘੜੀ ਭਰ ਮੈਨੂੰ ਹੋਸ਼ ਨਹੀਂ ਰਹੀ ਕਿ ਮੈਂ ਕਿੱਥੇ ਹਾਂ, ਮੈਂ ਆਪਣੀ ਪਿਆਰੀ ਦੀ ਵਾਕ ​ਸੱਤਾ ਵੇਖੋ ਕੇ ਅਸਚਰਜ ਵਿਚ ਡੁੱਬ ਰਹੀ ਸਾਂ। ਇਧਰ ਲਾਲ ਜੀ ਕਦੇ ਲਹੂ ਹੰਝੂ ਕੇਰਦੇ ਕਦੇ ਬੁੱਲ੍ਹ ਟਕਦੇ ਤੇ ਕਦੇ ਧਰਤੀ ਤੇ ਅੱਡੀਆਂ ਮਾਰਦੇ ਰਹੇ। ਛੇਕੜ ਮੈਨੂੰ ਟੁੰਬ ਹਿਲਾ ਕੇ ਬੋਲੇ—'ਮਾਂ! ਦਸ ਛੇਤੀ, ਮੇਰੀ ਅੰਮਾਂ ਦਾ ਕੀਹ ਹੁਕਮ ਹੈ? ਮੈਂ ਸਖਤ ਬੇਚੈਨ ਹਾਂ। ਮੇਰਾ ਖੂਨ ਉਬਲ ਰਿਹਾ ਹੈ ਅਰ ਮੇਰੇ ਵੱਸ ਤੋਂ ਬਾਹਰ ਜੋਸ਼ ਮਾਰਦਾ ਹੈ। 'ਤਦ ਮੈਂ ਦੱਸਿਆ:- ਤੇਰੇ ਲਈ ਕੋਈ ਹੁਕਮ ਨਹੀਂ, ਹੁਕਮ ਮੇਰੇ ਲਈ ਤੈਨੂੰ ਪਾਲਣਾ ਤੇ ਭੇਤ ਦੇ ਦੱਸਣ ਦਾ ਸੀ। ਹਾਂ, ਇਹ ਅਗੰਮ ਵਾਕ ਉਹ ਕਹਿ ਗਈ ਸੀ ਕਿ ਜਦੋਂ ਮੇਰਾ ਲਾਲ ਇਹ ਸੁਣੇਗਾ ਤਾਂ ਕਦੇ ਗ਼ੈਰਾਂ ਵਿਚ ਨਹੀਂ ਰਹੇਗਾ, ਆਪਣੀ ਵਾੜੀ ਵਿਚ ਜਾਏਗਾ। ਇਹੋ ਮੇਰੀ ਮਰਜ਼ੀ ਹੈ ਤੂੰ ਉਸ ਨੂੰ ਦੱਸ ਦੇਵੀਂ।' ਲਾਲ ਨੇ ਕਿਹਾ, 'ਇਸ ਤੋਂ ਉਤੇ ਹੋਰ ਕੀਹ ਹੁਕਮ ਹੈ? ਮੈਂ ਦੇਸ਼ ਅਪਣੇ ਜਾਵਾਂਗਾ ਅਰ ਅਪਣੀ ਮਾਂ ਦੇ ਕਾਤਲ ਦਾ ਸੀਸ ਨੇਜ਼ੇ ਤੇ ਟੰਗ ਕੇ ਖ਼ੈਬਰ ਦੇ ਦਰੇ ਵਿਚੋਂ ਨਿਹੱਤਾ ਲਿਜਾਂਵਾਂਗਾ ਅਰ ਪੰਜਾਬ ਦੇ ਦਰਯਾ ਇਸੇ ਤਰ੍ਹਾਂ ਪਾਰ ਕਰਾਂਗਾ। ਅਪਣੇ ਪਿਤਾ ਦੇ ਚਰਨਾਂ ਵਿਚ ਜਾ ਕੇ ਇਹ ਮਨਹੂਸ ਸਿਰ ਧਰਾਂਗਾ ਤੇ ਕਹਾਂਗਾ ਬਾਪੂ ਜੀ! ਏਹ ਮੂਜ਼ੀ ਹੈ, ਜਿਸ ਨੇ ਆਪ ਨੂੰ ਦੁੱਖ ਦਿੱਤਾ ਸੀ, ਮੈਨੂੰ ਸ਼ਾਬਾਸ਼ ਦਿਓ ਕਿ ਮੈਂ ਇੰਤਕਾਮ (ਬਦਲਾ) ਲੈ ਆਇਆ ਹਾਂ'। ਮੈਂ ਕਿਹਾ, 'ਲਾਲ ਜੀ! ਤੁਹਾਡੀ ਅੰਮੀ ਨੇ ਅਪਣੇ ਅੰਤ ਸਮੇਂ ਵੇਲੇ ਬੇਹੋਸ਼ ਹੋ ਜਾਣ ਤੋਂ ਪਹਿਲਾਂ ਇਕ ਅਪਣੇ ਪਤੀ ਤੇ ਕਾਕੀ ਦੀ ਸੁਖ ਸਲਾਮਤੀ ਲਈ ਪ੍ਰਾਰਥਨਾ ਕੀਤੀ ਸੀ, ਇਕ ਮੇਰੇ ਤੇ ਆਪਦੀ ਸੁਖ ਸਲਾਮਤੀ ਲਈ ਤੇ ਇਕ ਹਸਨ ਖਾਂ ਲਈ ਪ੍ਰਾਰਥਨਾ ਕੀਤੀ ਸੀ ਕਿ ਹੇ! ਪਰਮੇਸ਼ਰ! ਮੈਂ ਇਸ ਅਪਣੇ ਫੰਧਕ ਤੇ ਕਾਤਲ ਨੂੰ ਬੀ ਬਖਸ਼ਿਆ'। ਲਾਲ ਦੰਦ ਕ੍ਰੀਚ ਕੇ ਬੋਲਿਆ 'ਤਾਂ ਮੇਰੀ ਮਾਂ ਵਿਚ ਬਹਾਦਰੀ ਨਹੀਂ ਸੀ?' ਮੈਂ ਕਿਹਾ ਲਾਲ ਜੀ! ਤੁਸੀਂ ਅਜੇ ਸਿੱਖਾਂ ਤੋਂ ਵਾਕਫ ਨਹੀਂ ਹੋ, ਓਹ ਜਾਂਗਲੀ ਜੋਧੇ ਨਹੀਂ, ਓਹ ਉਤਸ਼ਾਹ ਭਰੇ ਬੀਰ ਹਨ। ​ਓਹ ਰੋਜ਼ 'ਸਰਬੱਤ ਦਾ ਭਲਾ' ਮੰਗਦੇ ਹਨ। ਓਹ ਫਕੀਰ ਹਨ ਜੋ ਧਰਤੀ ਦਾ ਭਾਰ ਹਰਨ ਆਏ ਹਨ। ਓਹ ਬਦਲੇ ਨਹੀਂ ਲੈਂਦੇ, ਓਹ ਨਿਰਵੈਰ ਹਨ, ਪਰ ਬਦੀ ਨਾਲ ਲੜਦੇ ਹਨ, ਪਾਪ ਜ਼ੁਲਮ ਨਾਲ ਟਾਕਰੇ ਕਰਦੇ ਹਨ। ਇਸ ਤਰ੍ਹਾਂ ਜਾਂ ਮੈਂ ਕੁਛ ਹਾਲ ਸਿਖਾਂ ਦੇ ਸੁਣਾਏ, ਤਾਂ ਗੁੱਸਾ ਪਲਟ ਗਿਆ ਅਰ ਉਸ ਦੇ ਨੈਣਾਂ ਤੋਂ ਵੈਰਾਗ ਦਾ ਮੀਂਹ ਛੁੱਟ ਪਿਆ। ਹੁਣ ਉਹ ਅਪਣੀ ਹਾਲਤ ਨੂੰ ਸਿਖਾਂ ਨਾਲ ਮੁਕਾਬਲਾ ਕਰੇ ਅਰ ਅਪਣੇ ਵਿਛੋੜੇ ਨੂੰ ਰੋਵੇ।

ਇਸ ਵੇਲੇ ਮੈਂ ਲਾਲ ਨੂੰ ਉਸ ਦਾ ਕੜਾ ਤੇ ਕ੍ਰਿਪਾਨ ਦਿੱਤੀ, ਜੋ ਹਸਨ ਖਾਂ ਦੇ ਹਵਾਲੇ ਕਰਨ ਤੋਂ ਪਹਿਲੇ ਮੈਂ ਸਾਂਭ ਲਈ ਸੀ, ਤੇ ਉਸ ਦੀ ਮਾਤਾ ਦਾ ਗੁਟਕਾ, ਜੋ ਉਸ ਦੇ ਪਤੀ ਦੇ ਹੱਥਾਂ ਦੀ ਲਿੱਖਤ ਸੀ, ਉਹ ਦਿੱਤਾ ਅਰ ਸਾਰੀ ਗੱਲ ਸਮਝਾਈ ਕਿ ਆਪਦੀ ਮਾਤਾ ਆਪਲਈ ਏਹ ਦੇ ਗਈ ਸੀ ਕਿ ਮੇਰੇ ਬੱਚੇ ਨੂੰ ਇਹ ਮੇਰਾ ਵਿਰਸਾ ਉਸ ਵੇਲੇ ਦੇਈਂ ਜਿਸ ਵੇਲੇ ਉਹ ਸਾਰੀ ਵਿਥਿਆ ਸੁਣ ਲਵੇ। ਇਸ ਤੁਹਫੇ ਨੂੰ ਉਸ ਨੇ ਸੀਸ ਤੇ ਰਖਿਆ ਅਰ ਮੈਨੂੰ ਕਿਹਾ ਕਿ 'ਹੁਣ ਤੇਰਾ ਹੁਕਮ ਤੇ ਮਾਂ ਦਾ ਹੁਕਮ ਮੰਨ ਕੇ ਮੈਂ ਹਸਨ ਖਾਂ ਨੂੰ ਮਾਰਦਾ ਨਹੀਂ, ਪਰ ਮੈਂ ਇਸ ਦੇ ਘਰ ਰਹਿਣਾ ਨਹੀਂ। ਫੇਰ ਮੈਂ ਸਮਝਾਇਆ ਕਿ 'ਕਾਹਲੀ ਕਰਨੀ ਅੱਛੀ ਨਹੀਂ, ਜ਼ਰਾ ਕੁਛ ਸਮਾਂ ਕੱਟੋ ਅਰ ਜੁਗਤ ਨਾਲ ਨਿਕਲੋ। ਸਫਰ ਖ਼ਤਰਨਾਕ ਹੈ, ਪੈਂਡਾ ਖੋਟ ਹੈ, ਕਿਸੇ ਹਿਕਮਤ ਨਾਲ ਪਹੁੰਚਣਾ ਹੈ, ਸੀਨਾ ਜ਼ੋਰੀ ਠੀਕ ਨਹੀਂ ਹੈ'। ਗੱਲ ਕੀ ਮੇਰਾ ਆਖਿਆ ਮੰਨ ਲੈਣ ਦਾ ਪਿਆਰ ਜੋ ਲਾਲ ਦੇ ਅੰਦਰ ਅੱਗੇ ਹੀ ਬੜਾ ਸੀ, ਉਸ ਨੂੰ ਰੋਕੀ ਗਿਆ ਤੇ ਲਾਲ ਹਸਨ ਖਾਂ ਦੀ ਜਾਨ ਲੈਣ ਤੋਂ ਟਲ ਗਿਆ। ਫਿਰ ਇਹ ਸਮਝ ਕੇ ਕਿ ਮੈਂ ਉਸ ਦੀ ਜਾਨ ਦੀ ਖ਼ਾਤਰ ਅਪਣਾ ਧਰਮ ਵਾਰਿਆ ਤੇ ਉਸ ਦੀ ਮਾਂ ਨਾਲ ਕੀਤਾ ਪ੍ਰਣ ਪਾਲਿਆ ਹੈ, ਉਸ ਨੂੰ ਹੋਰ ਮੇਰੇ ਪਿਆਰ ਵਿਚ ਗ਼ਰਕ ਕਰ ਗਿਆ, ਇਸ ਕਰਕੇ ਮੇਰੇ ਸਮਝਾਉਣ ਬੁਝਾਉਣ ਨਾਲ ਉਹ ​ਪਹਿਲਾ ਜੋਸ਼ ਦਾ ਉਬਾਲ ਟਲ ਗਿਆ।

ਹੁਣ ਸੁਤੇ ਹੀ ਲਾਲ ਦਾ ਖਿਆਲ ਮਾਪਿਆਂ ਵਲੋਂ ਵਟੀਣ ਲੱਗਾ, ਉਹ ਮੇਰੇ ਕਹੇ ਜ਼ੋਰ ਤਾਂ ਬੜਾ ਲਾਉਂਦਾ ਕਿ ਮਾਪਿਆਂ ਨੂੰ ਉਸ ਦੇ ਅੰਦਰਲੇ ਰੁਖ਼ ਦਾ ਪਤਾ ਨਾ ਲਗੇ, ਪਰ ਮਾਂ ਨੂੰ ਰੁਖ਼ ਪਲਟੇ ਦਾ ਥਹੁ ਪੈ ਗਿਆ ਤੇ ਉਸ ਨੂੰ ਬਹੁਤ ਦੁਖ ਹੋਇਆ, ਫੇਰ ਉਹ ਕਾਰਨ ਲੱਭਣ ਲੱਗੀ। ਹੋਰ ਤਾਂ ਕੁਛ ਪਤਾ ਨਾ ਲੱਗਾ, ਪਰ ਇਕ ਦੋ ਵੇਰੀ ਮੇਰੇ ਨਾਲ ਗੂੜ੍ਹੀਆ ਗੱਲ੍ਹਾਂ ਵਿਚ ਡਿੱਠੇ ਸੁ। ਇਹ ਗੱਲ ਉਸ ਨੇ ਹਸਨ ਖਾਂ ਨੂੰ ਦੱਸੀ। ਹਸਨ ਖਾਂ ਬੀ ਪੁੱਤਰ ਦਾ ਰੁਖ਼ ਪਲਟਿਆ ਵੇਖ ਰਿਹਾ ਸੀ। ਜਾਂ ਉਸ ਨੂੰ ਇਹ ਗੱਲ ਮਲੂਮ ਹੋਈ ਤਾਂ ਉਸ ਨੂੰ ਸ਼ੱਕ ਪੈ ਗਿਆ ਕਿ ਮਤਾਂ ਮੈਂ ਭੇਤ ਦੱਸ ਦਿਤਾ ਹਵੇ, ਯਾ ਕਈ ਭਿਣਕ ਪਾ ਦਿੱਤੀ ਹੋਵੇ। ਕਈ ਵੇਰ ਲੁਕ ਛਿਪ ਕੇ ਸਿਰੇ ਬੀ ਆਏ। ਪਤਾ ਤਾਂ ਕੁਛ ਨਾ ਲੱਗੋ ਨੇ ਪਰ ਆਗ਼ਾ ਖਾਂ ਦੀ ਕਦੇ ਕਦੇ ਅਕਾਰਨ ਉਦਾਸੀ ਨੇ ਉਸ ਨੂੰ ਬੀ ਤੌਖਲਾ ਪਾ ਦਿੱਤਾ ਕਿ ਮਤਾਂ ਮੈਂ ਭੇਤ ਦੱਸ ਕੇ ਉਸ ਦਾ ਕੰਮ ਖ਼ਰਾਬ ਨਾ ਕੀਤਾ ਹੋਵੇ ਯਾ ਕਰ ਨਾ ਦਿਆਂ, ਸੋ ਉਸ ਨੇ ਇਹ ਗੋਂਦ ਗੁੰਦੀ ਕਿ ਉਸ ਨੂੰ ਬਿਦੇਸ਼ ਭੇਜੇ ਤੇ ਪਿੱਛੋਂ ਮੈਨੂੰ ਪਾਰ ਕਰੇ ਤੇ ਆਏ ਨੂੰ ਕਹਿ ਦੇਵੇ ਕਿ ਬੀਮਾਰ ਹੋ ਕੇ ਮਰ ਗਈ ਹੈ।

ਜਸਵੰਤ-ਐਉਂ ਤੁਹਾਨੂੰ ਚੋਰੀ ਕਿਉਂ ਮਾਰਦਾ ਸੀ?

ਸਾਂਈਂ—ਉਹ ਡਰਦਾ ਸੀ ਕਿ ਆਗ਼ਾ ਦਾ ਮੇਰੇ ਨਾਲ ਅਤਿ ਪਿਆਰ ਹੈ, ਜੇਕਰ ਉਸ ਦੇ ਰੋਬਰੂ ਮਾਰਿਆ ਤਾਂ ਕੀਹ ਜਾਣੀਏ ਭੜਕ ਉਠੇ ਅਰ ਘਰ ਵਿਚ ਤਲਵਾਰ ਚੱਲ ਪਏ, ਇਸ ਕਰਕੇ ਉਸ ਨੇ ਇਹ ਵਤੀਰਾ ਸੋਚਿਆ। ਲਾਲ ਨੇ ਪੰਜਾਬ ਜਾਣਾ ਤਾਂ ਗ਼ਨੀਮਤ ਸਮਝਿਆ, ਪਰ ਮੇਰਾ ਪਿੱਛੇ ਰਹਿਣਾ ਪਸੰਦ ਨਹੀਂ ਸਾਸੁ। ਚੁੱਪਚਾਪ ਤਰਕੀਬ ਕੋਈ ਸੁੱਝਦੀ ਨਹੀਂ ਸੀ, ਇਸ ਕਰ ਕੇ ਅਤਿ ਦੁੱਖੀ ਸੀ, ਪਰ ਧੰਨ ਵਾਹਿਗੁਰੂ ਹੈ! ਤੁਹਾਡਾ ਮੇਲ ਹੋ ਗਿਆ ਤੇ ਇਹ ਵਿਉਂਤ ਮੇਰੀ ਬੱਚੇ ਦੇ ਨਾਲ ਜਾਣਦੀ ਨਿਕਲ ਪਈ।

​ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰਾਤ ਬਹੁਤ ਬੀਤ ਗਈ। ਸਾਂਈਂ ਤਾਂ ਸੌਂ ਗਈ, ਪਰ ਸਤਵੰਤ ਨੂੰ ਨੀਂਦ ਨਹੀਂ ਆਈ। ਮਨ ਵਿਚ ਵਿਚਾਰਾਂ ਕਰਦੀ ਹੈ ਕਿ ਹੇ ਪਰਮੇਸ਼ੁਰ! ਸਾਡੇ ਦੇਸ਼ ਨੂੰ ਕੀਹ ਵਗ ਗਈ ਹੈ ਕਿ ਅਪਣੇ ਆਪ ਨੂੰ ਸੰਭਾਲਦਾ ਹੀ ਨਹੀਂ। ਇਥੇ ਆ ਕੇ ਸਾਡੇ ਦੇਸ਼ ਵਾਸੀਆਂ ਦਾ ਕੀ ਕੀ ਹਾਲ ਹੁੰਦਾ ਹੈ, ਜਿਥੇ ਕਿਸੇ ਨੂੰ ਤਰਸ ਹੀ ਨਹੀਂ। ਆਪਣੇ ਦੇਸ਼ ਵਿਚ ਤਾਕਤ ਤਾਂ ਹੈ, ਪਰ ਹੰਨੇ ਹੰਨੇ ਮੀਰੀ ਹੈ। ਸਾਡਾ ਅਭਾਗ ਦੇਸ਼ ਹੋਸ਼ ਹੀ ਨਹੀਂ ਫੜਦਾ?' ਅਪਣੇ ਹਾਲਾਤ, ਗੁਰਮੁਖ ਜੀ ਤੋਂ ਹੋਰਨਾਂ ਭਰਾਵਾਂ ਭੈਣਾਂ ਦੇ ਸੁਣੇ ਹਾਲਾਤ ਤੇ ਇਹ ਆਗ਼ਾ ਖਾਂ ਤੇ ਸਾਂਈਂ ਦੇ ਹਾਲਾਤ ਅਚੰਭੇ ਤੋਂ ਅਚੰਭੇ ਵਾਲੇ ਸਨ। ਇਨ੍ਹਾਂ ਅਚੰਭਿਆਂ ਵਿਚ ਹੈਰਾਨ ਹੁੰਦਿਆਂ ਤੇ ਸੋਚਾਂ ਸੋਚਦਿਆਂ ਤੇ ਅਪਣੀ ਕੌਮ ਦੇ ਸੱਤ ਦੀ ਤਾਸੀਰ ਪਰ ਵੀਚਾਰ ਕਰਦਿਆਂ ਤਾਰਾ ਮੰਡਲ ਚੱਕਰ ਖਾ ਗਿਆ ਪਰ ਸਤਵੰਤ ਅਜੇ ਸੋਚ ਵਿਚ ਹੈ। ਮਾਈ ਆਸ ਕੌਰ ਦਾ ਪਰਦੇਸ਼ ਵਿਚ ਕਤਲ ਹੋਣਾ ਤੇ ਸਤਾਰਾਂ ਵਰ੍ਹੇ ਬਾਦ ਪੁੱਤ੍ਰ ਦਾ ਅਪਣੇ ਅਸਲੇ ਦੇ ਹਾਲਾਤ ਸੁਣ ਕੇ ਪਿਤਾ ਪ੍ਰੇਮ, ਧਰਮ ਦੇ ਪਿਆਰ ਤੇ ਵਤਨਾਂ ਦੀ ਹੁੱਬ ਨਾਲ ਭੜਕ ਉੱਠਣਾ, ਸੁਖ ਅਮੀਰੀ ਤੋਂ ਮੂੰਹ ਮੋੜ ਕੇ ਆਪਣਿਆਂ ਵਿਚ ਖਖੇੜਾਂ ਬਖੇੜਾਂ ਦਾ ਜੀਵਨ ਬਿਤੀਤ ਕਰਨ ਲਈ ਟੁਰ ਪੈਣਾ, ਉਸ ਦੇ ਉੱਚੇ ਜੀਵਨ ਦਾ ਅਸਚਰਜ ਨਮੂਨਾ ਸੀ, ਜਿਸ ਨੇ ਜਸਵੰਤ ਦੇ ਦਿਲ ਤੇ ਉਸ ਦੀਆਂ ਖੂਬੀਆਂ ਤੇ ਅਪਣੇ ਪੰਥ ਦੀ ਸਤ੍ਯਤਾ ਦਾ ਡਾਢਾ ਡੂੰਘਾ ਅਸਰ ਪਾਇਆ। ਇਸ ਤਰ੍ਹਾਂ ਦੇ ਹਰਿਆਨੀ ਦੇ ਚੱਕ੍ਰਾਂ ਵਿਚ ਹੀ ਅੱਖ ਦੇ ਛੱਪਰ ਭਾਰੇ ਹੋ ਕੇ ਡਿੱਗ ਪਏ ਤੇ ਸਤਵੰਤ ਨੂੰ ਨੀਂਦ ਆ ਗਈ।

-੦-

੨੦, ਕਾਂਡ

ਸ਼ਾਹਜ਼ਾਦਾ ਤੈਮੂਰ ਕਾਬਲ ਪਹੁੰਚ ਚੁਕਾ ਹੋਇਆ ਸੀ। ​ਅਬਦਾਲੀ ਮਰਹੱਟਿਆਂ ਦਾ ਪੰਜਾਬ ਵਿਚ ਆਉਣਾ ਸੁਣਕੇ ਲਹਾ ਲਾਖਾ ਹੋ ਰਿਹਾ ਸੀ, ਹੁਣ ਨਵੇਂ ਹਮਲੇ ਕਰਨ ਦੀਆਂ ਤਿਆਰੀਆਂ ਦੇ ਪ੍ਰਬੰਧ ਸੋਚ ਰਿਹਾ ਸੀ। ਤੈਮੂਰ ਪਿਛੇ ਸੂੰਹੀਏ ਛੱਡ ਆਇਆ ਸੀ, ਜੋ ਪੰਜਾਬ ਦੀ ਖਬਰ ਭੇਜਦੇ ਰਹਿਣ। ਜਦੋਂ ਕਾਫਲਾ ਜਲਾਲਾਬਾਦ ਤੋਂ ਟੁਰ ਕੇ ਚੋਰ ਗਲੀ ਪਹੁੰਚਾ, ਤਦ ਆਗ਼ਾ ਖਾਂ ਨੂੰ ਕੁਛ ਅਫਰੀਦੀ ਆਦਮੀ ਮਿਲੇ, ਜੋ ਪੰਜਾਬ ਤੋਂ ਤਾਜ਼ੀਆਂ ਖ਼ਬਰਾਂ ਅਬਦਾਲੀ ਪਾਸ ਲੈ ਜਾ ਰਹੇ ਸਨ। ਇਨ੍ਹਾਂ ਤੋਂ ਆਗ਼ਾ ਖਾਂ ਨੂੰ ਪਤਾ ਲਗਾ ਕਿ ਅਟਕ ਤੱਕ ਮਰਹੱਟੇ ਪਸਰ ਰਹੇ ਹਨ, ਅਰ ਇਸ ਸਰਹੱਦ ਉਤੇ ਮੋਰਚਾ ਬੰਨ੍ਹੀ ਬੈਠੇ ਹਨ, ਪ੍ਰੰਤੂ ਸਾਰੇ ਦੇਸ਼ ਵਿਚ ਸਿੱਖਾਂ ਦਾ ਸਿੱਕਾ ਚਲ ਰਿਹਾ ਹੈ ਅਰ ਉਨ੍ਹਾਂ ਦੀਆਂ ਫੌਜਾਂ ਫਿਰ ਰਹੀਆਂ ਹਨ ਅਰ ਅਪਣਿਆਂ ਇਲਾਕਿਆਂ ਤੇ ਕਬਜ਼ੇ ਕਰ ਕੇ ਪ੍ਰਬੰਧ ਕਰ ਰਹੀਆਂ ਹਨ। ਮਰਹੱਟੇ ਉਨ੍ਹਾਂ ਨੂੰ ਦਲ ਸਿੱਟਣ ਦੇ ਨਾਕਾਬਲ ਹਨ। ਇਹ ਗੱਲਾਂ ਸੁਣ ਕੇ ਆਗ਼ਾ ਖਾਂ ਦਾ ਦਿਲ ਖੁਸ਼ੀ ਨਾਲ ਉਛਲ ਪਿਆ ਕਿ ਮੈਂ ਉਸ ਵੇਲੇ ਅਪਣੇ ਦੇਸ਼ ਪਹੁੰਚਦਾ ਹਾਂ ਕਿ ਜਿਸ ਵੇਲੇ ਸੇਵਾ ਦਾ ਬਹੁਤ ਚੰਗਾ ਵਕਤ ਮਿਲੇਗਾ, ਕਿਉਂਕਿ ਉਸ ਨੂੰ ਪਤਾ ਸੀ ਕਿ ਅਬਦਾਲੀ ਨਵੇਂ ਹੱਲੇ ਦੀਆਂ ਤਿਆਰੀਆਂ ਕਰ ਰਿਹਾ ਹੈ, ਹਣ ਮੂੰਹ ਸਾਹਮਣੇ ਜੋੜ ਹੋਣਗੇ ਅਤੇ ਦੇਸ਼-ਰਖਯਾ ਵਿਚ ਸਰੀਰ ਲਾਉਣੇ ਦਾ ਅਵਸਰ ਮਿਲੇਗਾ।

ਹਸਨ ਖਾਂ ਦੇ ਸੂੰਹੀਏਂ ਜੋ ਹੁਣ ਤੱਕ ਨਾਲ ਰਹੇ ਸਨ, ਇਹਨਾਂ ਅਫ੍ਰੀਦੀਆਂ ਨਾਲ ਪਿੱਛੇ ਮੁੜ ਗਏ, ਇਹ ਪੱਕੀ ਤਸੱਲੀ ਲੈ ਕੇ ਕਿ ਆਗ਼ਾ ਖਾਂ ਦੀ ਦਾਈ ਕਾਫਲੇ ਵਿਚ ਨਹੀਂ ਹੈ। ਉਹਨਾਂ ਨੇ ਅਪਣੀ ਤਲਾਸ਼ ਵਿਚ ਰੱਤੀ ਕਸਰ ਨਹੀਂ ਸੀ ਛੱਡੀ। ਜਸਵੰਤ ਦਾ ਡੇਰਾ ਬੀ ਕਈ ਵੇਰ ਉਹਨਾਂ ਦੀ ਤ੍ਰਿੱਖੀ ਨਜ਼ਰ ਹੇਠੋਂ ਲੰਘਿਆ, ਪਰ ਭੇਸ ਵੱਟੇ ਵਿਚ ਕੱਖ ਪਤਾ ਨਾ ਲਗਾ। ਸੋ ਹੁਣ ਉਨ੍ਹਾਂ ਦੇ ਮੁੜ ਜਾਣ ਨਾਲ ਆਗ਼ਾ ਖਾਂ ਦੇ ਸਿਰ ਤੋਂ ਇਹ ਕਲੇਸ਼ ​ਬੀ ਟਲਿਆ ਤੇ ਆਪੋ ਵਿਚ ਮੇਲ ਗੇਲ ਦੀ ਕਰੜੀ ਰੋਕ ਦੂਰ ਹੋ ਗਈ। ਜਦੋਂ ਭੱਟੀ ਕੋਟ ਆ ਡੇਰਾ ਪਿਆ ਤਾਂ ਇਕ ਰਾਤ ਨੂੰ ਸਾਂਈਂ ਨੇ ਆਗ਼ਾ ਖਾਂ ਨੂੰ ਦੱਸਿਆ ਕਿ ਜਸਵੰਤ ਦੇ ਤੇ ਮੇਰੇ ਸਾਰੇ ਹਾਲਾਤ ਖੁੱਲ੍ਹ ਗਏ ਹਨ। ਉਹ ਬੀ ਪੰਜਾਬ ਤੋਂ ਕੈਦ ਹੋ ਕੇ ਆਇਆ ਹੋਇਆ ਹੈ। ਅਜੇ ਮੈਂ ਉਸਦੇ ਦੁਖ ਭਰੇ ਹਾਲਾਂ ਦਾ ਵੇਰਵਾ ਨਹੀਂ ਸੁਣਿਆਂ, ਪਰ ਉਸ ਨੇ ਬੀ ਕਿਸੇ ਡਾਢੀ ਬਹਾਦਰੀ ਨਾਲ ਕੈਦ ਤੋਂ ਖਲਾਸੀ ਪਾਈ ਹੈ ਅਰ ਬਿਰਧ ਪੁਰਖ ਦੇ ਪ੍ਰਵਾਰ ਨਾਲ ਵਾਪਸ ਜਾ ਰਿਹਾ ਹੈ। ਆਪ ਦੀ ਕ੍ਰਿਪਾਲਤਾ ਦਾ ਉਸ ਦੇ ਦਿਲ ਪਰ ਡਾਢਾ ਡੂੰਘਾ ਅਸਰ ਹੈ, ਪਰ ਜਦ ਉਸ ਨੂੰ ਪਤਾ ਲਗਾ ਹੈ ਕਿ ਆਪ ਸਿਖ ਹੋ ਅਰ ਸ਼ਤ੍ਰਜੰਤ ਸਿੰਘ ਦੇਸ ਸਪੁੱਤ੍ਰ ਹੋ, ਤਦ ਉਸ ਨੂੰ ਬਹੁਤ ਹੀ ਪ੍ਰਸੰਨਤਾ ਹੋਈ ਹੈ। ਮੈਨੂੰ ਉਸ ਤੋਂ ਪਤਾ ਲਗਾ ਹੈ ਕਿ ਆਪ ਦੀ ਭੈਣ ਜੀਉਂਦੀ ਹੈ ਅਰ ਉਹ ਆਪ ਦੇ ਵਿਛੋੜੇ ਦੇ ਬੜੇ ਬੜੇ ਦਿਲ ਚੀਰਵੇਂ ਬਿਰਹੇ ਗਾਉਂਦੀ ਹੈ। ਭਾਵੇਂ ਆਪ ਦੀ ਉੱਘ ਮੁਹਰ ਉਨ੍ਹਾਂ ਸਾਰੇ ਸਿੱਖ ਸੂੰਹੀਆਂ ਨੂੰ ਨਹੀਂ ਮਿਲੀ ਜੋ ਪੰਥ ਵਲੋਂ ਨਾਨਾ ਭੇਸ ਵਟਾ ਕੇ ਅਫਗਾਨਿਸਤਾਨ ਵਿਚ ਆਪਣੇ ਕੈਦੀਆਂ ਨੂੰ ਲੱਭਣ ਆਉਂਦੇ ਰਹੇ ਹਨ, ਪਰ ਅਜੇ ਤਕ ਆਪ ਦੇ ਲਈ ਤੇ ਆਪ ਦੀ ਮਾਤਾ ਲਈ ਜਥਿਆਂ ਵਿਚ ਅਰਦਾਸਾ ਹੁੰਦਾ ਹੈ। ਸਿੱਖਾਂ ਵਿਚ ਆਪਸ ਦਾ ਪਿਆਰ ਇਤਨਾ ਡੂੰਘਾ ਹੈ ਕਿ ਉਹ ਅਜੇ ਤਕ ਆਪ ਨੂੰ ਮਰ ਗਏ ਨਹੀਂ ਸਮਝਦੇ ਅਰ ਹਰ ਸਿਖ ਸੂੰਹੀਆਂ, ਜੋ ਕਦੇ ਕਿਸੇ ਕੰਮ ਏਧਰ ਆਵੇ, ਆਪ ਦੀ ਮਾਤਾ ਤੇ ਆਪ ਦੀ ਟੋਲ ਕਰਦਾ ਹੈ। ਜਸਵੰਤ ਸਿੰਘ ਨੇ ਮੈਨੂੰ ਦੱਸਿਆ ਹੈ ਕਿ ਇਕ ਗੁਰਮੁਖ, ਜੋ ਹੁਣ ਆਏ ਸਨ, ਜਿਨ੍ਹਾਂ ਨੇ ਪਿਛਲੇ ਫਸੇ ਸਿਖ ਕੈਦੀ ਸਾਰੇ ਟੋਲ ਲਏ ਤੇ ਅਨੇਕਾਂ ਤ੍ਰੀਕਿਆਂ ਨਾਲ ਵਾਪਸ ਮੋੜ ਦਿਤੇ ਸਨ, ਉਹ ਬੀ ਆਸ ਕੌਰ, ਉਸ ਦੀ ਸਹੇਲੀ ਤੇ ਭੁਜੰਗੀ ਦੀ ਟੋਲ ਕਰਦੇ ਰਹੇ ਸਨ। ਉਨ੍ਹਾਂ ਨੇ ਜਸਵੰਤ ਸਿੰਘ ਨੂੰ ਦੱਸਿਆ ਸੀ ਕਿ ਸਾਡਾ ਆਤਮਾ ਉਗਾਹੀ ਦਿੰਦਾ ਹੈ ​ਕਿ ਉਸ ਪਰਵਾਰ ਦਾ ਕੁਛ ਹਿੱਸਾ ਕਿਤੇ ਨਾ ਕਿਤੇ ਜ਼ਰੂਰ ਇਥੇ ਹੈ ਅਰ ਓਹ ਅਪਣੀ ਢੂੰਡ ਵਿਚ ਅਜੇ ਨਿਰਾਸ ਨਹੀਂ ਸਨ। ਜਸਵੰਤ ਨੂੰ ਉਨ੍ਹਾਂ ਨੇ ਥਹੁ ਪਤੇ ਦੇ ਕੇ ਤਾਕੀਦ ਕੀਤੀ ਸੀ ਕਿ ਤੂੰ ਬੀ ਟੋਹ ਰੱਖੀਂ। ਜਦੋਂ ਤੁਸਾਂ ਜਸਵੰਤ ਸਿੰਘ ਤੋਂ ਪ੍ਰਸ਼ਨ ਪੁੱਛੇ ਸਨ ਅਰ ਅਪਣੇ ਪ੍ਰਵਾਰ ਦੇ ਨਾਮ ਦੱਸੇ ਸਨ, ਤਦੋਂ ਉਸ ਨੂੰ ਬਹੁਤ ਸਾਰਾ ਸ਼ੱਕ ਪੈ ਗਿਆ ਸੀ ਅਰ ਮੇਰੇ ਆਉਣ ਤੋਂ ਬਾਦ ਤਾਂ ਉਸ ਨੇ ਪੱਕੀਆਂ ਟੋਹਾਂ ਲਾ ਰੱਖੀਆਂ ਸਨ, ਕੇਵਲ ਸੰਸਾ ਹੋਣ ਕਰਕੇ ਤਸੱਲੀ ਦੀ ਲੋੜ ਰਖਦਾ ਸੀ, ਸੋ ਜਦ ਤੋਂ ਪੱਕਾ ਪਤਾ ਲੱਗ ਗਿਆ ਹੈਸੁ ਉਹ ਅਤਿ ਨਿਹਾਲ ਹੈ। ਜਦ ਪੰਥ ਵਿਚ ਆਪ ਦਾ ਉਸ ਦੇ ਨਾਲ ਵਾਪਸ ਪਹੁੰਚਣਾ ਮਾਲੂਮ ਹੋਵੇਗਾ ਤਦ ਅਸਚਰਜ ਖੁਸ਼ੀ ਹੋਵੇਗੀ, ਉਸ ਦੇ ਪਿਤਾ ਜੀ ਉਸ ਨੂੰ ਇਸ ਸੇਵਾ ਦਾ ਥਾਪੜਾ ਦੇਣਗੇ।

ਆਗ਼ਾ-ਅੰਮਾਂ! ਮੈਨੂੰ ਸਮਝ ਨਹੀਂ ਪੈਂਦੀ ਕਿ ਜਿਸ ਕੌਮ ਦਾ ਮੇਰਾ ਜਨਮ ਹੈ ਉਹ ਕਿਸ ਮਿੱਟੀ ਦੀ ਘੜੀ ਹੋਈ ਹੈ। ਆਪੇ ਵਿਚ ਐਤਨਾ ਪ੍ਯਾਰ ਰੱਖਦੇ ਹਨ ਕਿ ਸਤਾਰਾਂ ਅਠਾਰਾਂ ਬਰਸ ਬੀਤ ਚੁੱਕਣ ਪਰ ਬੀ ਆਪਣੀ ਇਕ ਤ੍ਰੀਮਤ ਇਕ ਨਿਆਣੇ ਬੱਚੇ ਤੇ ਉਸ ਦੀ ਸਹੇਲੀ ਲਈ ਅਰਦਾਸਾ ਕਰਦੇ ਹਨ ਤੇ ਤਲਾਸ਼ ਲਈ ਆਦਮੀ ਭੇਜਦੇ ਹਨ ਅਰ ਕੋਈ ਉੱਘ ਮੋਹਰ ਨਾ ਮਿਲਣ ਤੇ ਬੀ ਨਿਰਾਸ਼ ਨਹੀਂ ਹੁੰਦੇ। ਕਾਸ਼! ਮੈਂ ਕੈਦ ਨਾ ਪੈਂਦਾ। ਕਾਸ਼! ਮੈਂ ਘਰ ਵਿਚ ਪਲਦਾ, ਕਾਸ਼! ਮੈਂ 'ਸਿੱਖ-ਅੰਨ' ਖਾ ਕੇ ਪਲਦਾ! ਹਾਂ, ਮੈਂ ਇਸ ਵੇਲੇ ਅਪਣੇ ਬਿਰਧ ਪਿਤਾ ਦੀ ਬੁਢੇਪੇ ਦੀ ਡੰਗੋਰੀ ਹੁੰਦਾ ਅਰ ਪੰਥ ਦੀ ਸੇਵਾ ਵਿਚ ਤਲਵਾਰ ਧੂਹ ਕੇ ਸੀਸ ਤਲੀ ਤੇ ਧਰ ਕੇ ਖੇਲਦਾ ਫਿਰਦਾ। ਸ਼ੋਕ! ਮੇਰਾ ਜੁਆਨੀ ਦਾ ਪਹਿਲ ਛੱਲਾ ਵੈਰੀਆਂ ਨੂੰ ਆਪਣਾ ਸਮਝਕੇ ਆਪਣਿਆਂ ਨੂੰ ਵੈਰੀ ਜਾਨਣ ਦੀ ਭੁਲ ਵਿਚ ਆਇਆ, ਪਰ ਹੱਛਾ ਜੋ ਹੋ ਗਿਆ, ਸੋ ਹੋ ਗਿਆ ਹੁਣ ਰੱਬ ਮਦਦ ਕਰੇ, ਮੈਂ ​ਸਾਰੀ ਕਸਰ ਪੂਰੀ ਕਰਾਂਗਾ।

ਸਾਈਂ-ਰੱਬ ਸੁਖ ਸੁਖਾਂ ਨਾਲ ਘਰ ਪਹੁੰਚਾਵੇ, ਜਿਸ ਕੌਮ ਦੇ ਤੁਸੀਂ ਨੌ ਨਿਹਾਲ ਹੋ ਉਹ ਆਪੋ ਵਿਚ ਐਸੀ ਗੁੰਦੀ ਪਈ ਹੈ ਕਿ ਰੋਜ਼ ਹਰੇਕ ਸਿਖ ਆਪਣੇ ਦੂਜੇ ਭਰਾਵਾਂ ਲਈ ਐਉਂ ਦੁਆ ਕਰਦਾ ਹੈ:—

ਜਹਾਂ ਜਹਾਂ ਖ਼ਾਲਸਾ ਜੀ ਸਾਹਿਬ,
ਤਹਾਂ ਤਹਾਂ ਰੱਛਿਆ ਰਿਆਇਤ'।

ਨਾਲੇ ਤਾਂ ਆਪਣੀ ਅਰਦਾਸ ਵਿਚ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ, ਬੁਰਾ ਕਿਸੇ ਦਾ ਨਹੀਂ ਚਿਤਵਦੇ, ਪਰ ਅਪਣਿਆਂ ਲਈ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਨਹੀਂ, ਕੋਈ ਪਰਦੇਸ ਵਿਚ ਹੈ, ਕੋਈ ਜੰਗ ਵਿਚ ਆੜੇ ਦਾਉ ਫਸਿਆ ਹੈ, ਕੋਈ ਕੈਦ ਵਿਚ ਹੈ ਤੇ ਕੋਈ ਕਤਲ ਹੋ ਰਿਹਾ ਹੈ, ਓਹ ਅਰਦਾਸ ਕਰਦੇ ਹਨ। ਉਂਞ ਉਹ ਹਰੇਕ ਆਪਣੇ ਲਈ, ਜੋ ਮੁਸ਼ਕਲ ਵਿਚ ਹੈ, ਸਰੀਰਕ ਜਤਨ ਵੱਖਰੇ ਕਰਦੇ ਹਨ, ਪਰ ਹਰੇਕ ਭਰਾ ਲਈ ਪ੍ਰਾਰਥਨਾ ਵੱਖਰੀ ਕਰਦੇ ਹਨ ਕਿ ਗੁਰੂ ਉਨ੍ਹਾਂ ਦੀ ਰੱਛਯਾ ਕਰੇ ਅਰ ਉਨ੍ਹਾਂ ਦੀ ਦੁੱਖਾਂ ਵਿਚ ਰਿਆਇਤ ਕਰੇ। ਇਸ ਵਿਚ ਉਨ੍ਹਾਂ ਦਾ ਮਤਲਬ ਬੜਾ ਉੱਚਾ ਹੁੰਦਾ ਹੈ, ਉਹ ਇਸ ਨੂੰ ਬੀ ਰੱਛਯਾ ਹੀ ਸਮਝਦੇ ਹਨ ਕਿ ਸਿੱਖ ਮਰ ਜਾਏ, ਕਤਲ ਹੋ ਜਾਏ, ਪਰ ਨਿਸਚੇ ਭਰੋਸੇ ਵਿਚ ਪੱਕਾ ਰਹੇ ਤੇ ਪਰਮੇਸ਼ੁਰ ਦੇ ਪਿਆਰ ਵਿਚ ਰੱਤਾ ਹੋਇਆ ਸਰੀਰ ਦੇ ਦੇਵੇ। ਜੇ ਸਿੱਖ ਧਰਮ ਛੱਡ ਦੇਵੇ, ਕਾਇਰ ਹੋ ਜਾਵੇ ਤਾਂ ਇਸ ਨੂੰ ਕਹਿਰ ਸਮਝਦੇ ਹਨ। ਅਰਦਾਸਾ ਇਸ ਲਈ ਕਰਦੇ ਹਨ ਕਿ ਮੁਸ਼ਕਲਾਂ ਵਿਚ ਫਸਿਆ ਨੂੰ ਅਰਸ਼ਾਂ ਤੋਂ ਗ਼ੈਬੀ ਮੱਦਦ ਮਿਲੇ ਅਰ ਉਨ੍ਹਾਂ ਦੀ ਸੁਰਤ ਨੂੰ ਤਕੜਾਈ ਪਹੁੰਚੇ। ਮੈਂ ਤਾਂ ਹੁਣ ਜਸਵੰਤ ਜੀ ਤੋਂ ਪੰਜਾਬ ਦੀਆਂ ਰੋਜ਼ ਗੱਲਾਂ ਸੁਣਦੀ ਹਾਂ। ਭਾਵੇਂ ਸਤਾਰਾਂ ਵਰ੍ਹੇ ਬੀਤ ਗਏ, ਪਰ ਸੰਸਕਾਰ ਤਾਂ ਮੈਨੂੰ ਬੀ ਨਹੀਂ ਭੁੱਲੇ। ਤੁਸੀਂ ਬੀ ਕਿਸੇ ਵੇਲੇ ਉਸ ਨਾਲ ਗੱਲਾਂ ਕਰੋ, ਤਾਂ ਸੁਆਦ ​ਆ ਜਾਵੇ।

ਇਹ ਗੱਲ ਮੂੰਹ ਵਿਚ ਹੀ ਸੀ ਕਿ ਜਸਵੰਤ ਜੀ ਆ ਗਏ।

ਇਕ ਨਿਰਜਨ ਟਿਕਾਣੇ ਬੈਠੇ ਗੱਲਾਂ ਬਾਤਾਂ ਛਿੱੜ ਪਈਆਂ:— ਆਗ਼ਾ ਖਾਂ-ਆਓ, ਆਪਣੇ ਸੰਬੰਧੀ ਜੀ!

ਜਸਵੰਤ-ਸ਼ੁਕਰ ਹੈ ਕਿ ਅਸੀਂ ਇਕ ਨਿਕਲੇ। ਧੰਨ ਹੈ ਵਾਹਿਗੁਰੂ ਜੋ ਸਾਨੂੰ ਪਿਆਰ ਕਰਦਾ ਹੈ, ਉਸ ਨੂੰ ਅਪਣਿਆਂ ਦੀ ਸਦਾ ਲਾਜ ਹੈ।

ਆਗ਼ਾ-ਮੈਂ ਤਾਂ ਕੋਇਲ ਹੋ ਕੇ ਸਤਾਰਾਂ ਵਰ੍ਹੇ ਕਾਵਾਂ ਵਿਚ ਪਲਿਆ ਹਾਂ, ਆਪਣੀ ਕੁਲ ਦੀ ਮਹਿਮਾ ਕੀ ਜਾਣਾਂ? ਪਰ ਇਹ ਸੁਣਦੇ ਸਾਰ ਕਿ ਮੈਂ ਕੋਇਲਾਂ ਵਿਚੋਂ ਹਾਂ, ਮੇਰੀ ਰਗ਼ ਰਗ਼ ਵਿਚ ਜੋਸ਼ ਉਬਾਲੇ ਮਾਰ ਉਠਿਆ। ਮੈਨੂੰ ਮਾਂ ਨੇ ਰੋਕਿਆ, ਮੇਰੇ ਤੇ ਜ਼ੁਲਮ ਕੀਤਾ, ਨਹੀਂ ਤਾਂ ਮੈਂ ਆਪਣੀ ਮਾਤਾ ਦੇ ਕਾਤਲ ਦਾ ਮੂਜ਼ੀ ਸਿਰ ਆਪਣੇ ਪਿਤਾ ਦੇ ਚਰਨਾਂ ਵਿਚ ਜਾਕੇ ਰਖਣਾ ਸੀ ਅਰ ਉਨ੍ਹਾਂ ਤੋਂ ਬਰਖ਼ੁਰਦਾਰੀ ਲੈਣੀ ਸੀ 'ਸ਼ਾਬਾਸ਼ ਬੇਟਾ!' ਪਰ ਕੀਹ ਕਰਾਂ? ਮਾਂ ਮੈਥੋਂ ਸਿਆਣੀ ਹੈ, ਮੈਂ ਇਸ ਦੀ ਸਿਆਣਪ ਦੇ ਮਗਰ ਟੁਰਦੇ ਹਾਂ। ਭਲਾ ਜਸਵੰਤ ਸਿੰਘ ਜੀ! ਮੈਨੂੰ ਪਿਤਾ ਜੀ ਇਹ ਉਲਾਂਭਾ ਨਾ ਦੇਣਗੇ ਕਿ ਤੂੰ ਕੈਸਾ ਬੇਹਿਯਾ ਹੈਂ ਜੋ ਮਾਂ ਦੇ ਖ਼ੂਨ ਦਾ ਕੱਸਾਸ (ਬਦਲਾ) ਨਹੀਂ ਲੈ ਕੇ ਆਇਆ?

ਜਸਵੰਤ-ਆਪ ਫਿਕਰ ਨਾ ਕਰੋ, ਸ਼ਤ੍ਰਜੀਤ ਸਿੰਘ ਜੀ ਇਹ ਨਹੀਂ ਆਖਦੇ। ਸਿੱਖਾਂ ਵਿਚ ਐਵੇਂ ਖੂਨ ਵੀਟਣ ਦਾ ਸ਼ੌਕ ਨਹੀਂ ਹੈ। ਸਿੱਖ ਤਾਂ ਜਦ ਦੇਖਦੇ ਹਨ ਕਿ ਬੇਗੁਨਾਹਾਂ ਤੇ ਅੱਤਿ ਕਹਿਰ ਹੁੰਦਾ ਹੈ ਤਾਂ ਤਲਵਾਰ ਫੜਦੇ ਹਨ, ਨਹੀਂ ਤਾਂ ਫਕੀਰ ਹਨ, ਪਰ ਬੀਰ ਰਸੀਏ ਫਕੀਰ। ਸਿੱਖ ਜ਼ਾਲਮ ਦੇ ਕਹਿਰ ਨੂੰ ਪਹਿਲਾਂ ਉਪਦੇਸ਼ ਨਾਲ ਰੋਕਦੇ ਹਨ, ਜਦ ਦੇਖਦੇ ਹਨ ਕਿ ਪਿਆਰ ਮੈਤ੍ਰੀ, ਉਪਦੇਸ਼ ਕਿਸੇ ਤਰ੍ਹਾਂ ਨਾਲ ਜ਼ਾਲਮ ਨਹੀਂ ਟਲਦਾ, ਤਦ ​ਜੀਕੂੰ ਹੀਰੇ ਨਾਲ ਹੀਰਾ ਵਿੰਨ੍ਹੀਦਾ ਹੈ, ਦੀਨ ਰੱਖ੍ਯਾ ਲਈ ਤਲਵਾਰ ਫੜਕੇ ਖੜੇ ਹੋ ਜਾਂਦੇ ਹਨ। ਜਦ ਜ਼ਾਲਮ ਨੂੰ ਸਮਝਾਉਂਦੇ ਬੁਝਾਉਂਦੇ ਰੋਕਦੇ ਹਨ, ਤਦ ਓਹ ਅਗੋਂ, ਉਨ੍ਹਾਂ ਤੇ ਵਾਰ ਕਰਦਾ ਹੈ, ਉਸ ਵਾਰ ਨੂੰ ਰੋਕਣ ਵਿਚ ਜ਼ੋਰ ਲਗਦਾ ਹੈ, ਪਰ ਰੱਖਯਾ ਬੀ ਰੋਕਣ ਵਿਚ ਹੀ ਹੁੰਦੀ ਹੈ। ਜੇ ਨਾ ਰੋਕਣ ਤਾਂ ਆਪ ਕਤਲ ਹੋ ਜਾਣ ਤੇ ਜੇ ਉਸ ਵੈਰੀ ਨੂੰ ਰੋਕਣ ਤਾਂ ਉਸ ਨੇ ਵਾਰ ਕਰਨਾ ਹੈ, ਜੇ ਵਾਰ ਨੂੰ ਅੱਗੋਂ ਰੋਕਣ ਤਾਂ ਮੁਕਾਬਲਾ। ਉਸ ਨੇ ਵਾਰ ਤੇ ਵਾਰ ਕਰਨਾ ਹੋਇਆ, ਜਦ ਰੋਕ ਕਰਦਿਆਂ ਉਹ ਨਾ ਟਲੇ ਤਾਂ ਉਸਨੂੰ ਰੋਕਣ ਵਿਚ ਉਸ ਦਾ ਵਾਰ ਘੱਟ ਕਰਨ ਵਿਚ ਵਾਰ ਕਰਨਾ ਬੀ ਪੈਣਾ ਹੋਇਆ, ਬੱਸ ਜੰਗ ਹੋ ਗਿਆ? ਐਉਂ ਸਿਖ ਜੰਗਜੂ ਹਨ। ਜੰਗ ਵਿਚ ਉਨ੍ਹਾਂ ਨੂੰ ਕੋਈ ਪਦਾਰਥ ਦੀ ਲਾਲਸਾ ਨਹੀਂ ਹੈ। ਦੂਸਰਿਆਂ ਦੇ ਭਲੇ ਦਾ ਪ੍ਰੇਮ ਹੈ। ਆਪਣੇ ਗ਼ੁਲਾਮ ਹੋਏ ਦੇਸ਼ ਨੂੰ ਖੁਲ੍ਹ ਵਿਚ ਦੇਖਣ ਦਾ ਚਾਉ ਹੈ। ਇਸ ਕਰਕੇ ਉਨ੍ਹਾਂ ਦੇ ਅੰਦਰ ਉਤਸ਼ਾਹ, ਦਇਆ ਤੇ ਸੱਚੀ ਬੀਰਤਾ ਰਹਿੰਦੀ ਹੈ। ਜੇ ਅੰਦਰ ਖੋਟ ਹੋਵੇ ਤਾਂ ਡਾਹ, ਈਰਖਾ, ਸਾੜਾ ਹੋਵੇ ਤੇ ਕਮੀਨੇ ਕੰਮ ਕਰਨ। ਪਿਆਰ ਕਰਨਾ ਕੁਛ ਅਗਲੇ ਨੂੰ ਖੁਸ਼ ਕਰਨ ਵਿਚ ਹੀ ਨਹੀਂ ਹੁੰਦਾ, ਜਿਸ ਤਰ੍ਹਾਂ ਸ਼ਰਾਬੀ ਨੂੰ ਸ਼ਰਾਬ ਪਿਲਾਉਣਾ ਖੁਸ਼ ਕਰਨਾ ਹੈ; ਪਰ ਅਸਲ ਵਿਚ ਉਸ ਨਾਲ ਵੈਰ ਕਰਨਾ ਹੈ। ਇਸ ਤਰ੍ਹਾਂ ਬੱਚੇ ਨੂੰ ਕੁਸੰਗ ਵਿਚ ਪੈਣੋਂ ਰੋਕਿਆਂ ਉਸ ਨੂੰ ਦੁੱਖ ਹੁੰਦਾ ਹੈ, ਪਰ ਇਹ ਪਿਆਰ ਹੈ ਅਰ ਹਰ ਮਾਪੇ ਕਰਦੇ ਹਨ। ਇਸ ਤਰ੍ਹਾਂ ਲੋਭ ਲਹਿਰ ਵਿਚ ਮਸਤ ਹੋ ਗਏ ਲੋਕਾਂ ਨੂੰ ਸਿੱਖ ਉਨ੍ਹਾਂ ਦੀ ਮੂਰਖਤਾ ਤੋਂ ਪਿਆਰ ਦੇ ਨਮੂਨੇ ਦੱਸ ਉਪਦੇਸ਼ ਦੇ ਕੇ ਰੋਕਦੇ ਹਨ। ਜਦ ਦੇਖਦੇ ਹਨ ਕਿ ਮੂਰਖ ਤਬਾਹ ਕਰਨ ਲੱਗ ਗਿਆ ਹੈ ਅਰ ਮੁੜਦਾ ਨਹੀਂ ਹੈ ਤਦ ਉਸ ਨੂੰ ਡਰ ਦਾਬੇ ਨਾਲ਼ ਰੋਕਦੇ ਹਨ ਅਰ ਜਦ ਉਹ ਸਿਰ ਨੂੰ ਆਵੇ ਤਦ ਤਲਵਾਰ ਨਾਲ ਰੋਕਦੇ ਹਨ। ਜਿਸ ਤਰ੍ਹਾਂ ਮਸਤ ਹਾਥੀ ਨੂੰ ਤਬਾਹੀ ਕਰਨੋਂ ਅੰਕਸ ਨਾਲ ਰੋਕੀਦਾ ਹੈ, ਇਸ ​ਤਰ੍ਹਾਂ ਤਲਵਰੀਏ ਜਰਵਾਣਿਆਂ ਨੂੰ ਸਿੱਖ ਤਲਵਾਰ ਨਾਲ ਰੋਕਦੇ ਹਨ। ਸਿੱਖਾਂ ਦੇ ਜੀ ਵਿਚ ਉਨ੍ਹਾਂ ਨਾਲ ਵੈਰ ਨਹੀਂ ਹੈ, ਪਿਆਰ ਹੈ, ਇਸ ਕਰਕੇ ਉਹ ਵੈਰੀਆਂ ਵਾਙੂੰ ਜਾਂਗਲੀ ਹੋ ਕੇ ਮਾਰਦੇ ਕੁੱਟਦੇ ਤੇ ਕਤਲਾਮਾਂ ਨਹੀਂ ਕਰਦੇ, ਪਰ ਨਿਰਭੈ ਤੇ ਕਰੜੇ ਜੋਧੇ ਹਨ ਜੋ ਅਜਿੱਤ ਤੇ ਰਾਠ ਹਨ। ਬਾਬੇ ਬੰਦੇ ਤੋਂ ਬਾਦ ਹੁਣ ਤਕ ਕਈ ਕਤਲਾਮਾਂ ਹੋ ਚੁਕੀਆਂ ਹਨ, ਹਜ਼ਾਰਾਂ ਦੀ ਗਿਣਤੀ ਵਿਚ ਅਤੇ ਬੇਰਹਿਮੀ ਤੇ ਵਹਿਸ਼ੀਆਨਾ ਤ੍ਰੀਕਿਆਂ ਨਾਲ ਅਣਗਿਣਤ ਸਿਖ ਕਤਲ ਹੋ ਚੁਕੇ ਹਨ, ਪਰ ਨਾ ਡਰਦੇ ਹਨ, ਨਾ ਘਟਦੇ ਹਨ, ਨਾ ਪਿੱਛੇ ਹਟਦੇ ਹਨ, ਸਗੋਂ ਭੂਏ ਹੋ ਕੇ ਲੜਦੇ ਹਨ। ਮੀਰ ਮੀਨੂੰ ਦੀਆਂ ਕਤਲਾਮਾਂ ਬੜੀਆਂ ਭਿਆਨਕ ਸਨ, ਪਰ ਸਿੱਖਾਂ ਵਿਚ ਉਨ੍ਹਾਂ ਕਤਲਾਮਾਂ ਵੇਲੇ ਕੀਹ ਟੱਪਾਂ ਬੋਲੀ ਦਾ ਸੀ:—

ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ।
ਜਿਉਂ ਜਿਉਂ ਸੋਏ ਵੱਢੀਏ ਦੂਣ ਸਵਾਏ ਹੋਏ।

ਦੇਖੋ ਤੁਸਾਡੀ ਮਾਤਾ ਦਾ ਕੈਸਾ ਉੱਚਾ ਦਿਲ ਸੀ ਕਿ ਉਸ ਨੇ ਆਪਣੇ ਕਾਤਲ ਨੂੰ ਬਖਸ਼ ਦਿਤਾ। ਉਹ ਆਪਣੇ ਦਿਲ ਨੂੰ ਵੈਰ ਦੀ ਅੱਗ ਤੋਂ ਸਾਫ ਕਰਕੇ ਖਿਮਾ, ਪ੍ਰੇਮ ਤੇ ਪਰਮੇਸ਼ੁਰ ਪਿਆਰ ਦੇ ਉੱਚੇ ਦਰਜੇ ਵਿਚ ਸੰਸਾਰ ਤੋਂ ਗਈ ਹੈ, ਪਰ ਬਹਾਦਰੀ ਉਸਦੀ ਦੇਖੋ ਕਿ ਜਾਨ ਦੇ ਗਈ ਧਰਮ ਨਹੀਂ ਦਿੱਤਾ। ਫੇਰ ਤੁਸਾਨੂੰ ਪੰਥ ਸੇਵਾ ਲਈ ਆਪਣੀ ਬੀਰਤਾ ਦੇ ਵਲਵਲੇ ਨਾਲ ਸੂਰਮਾਂ ਬਣਾ ਗਈ ਹੈ।

ਆਗ਼ਾ-ਮੈਂ ਇਨ੍ਹਾਂ ਉੱਚੇ ਖਿਆਲਾਂ ਨੂੰ ਬੜੀ ਕਠਿਨਾਈ ਨਾਲ ਸਮਝਦਾ ਹਾਂ, ਮੇਰਾ ਕਲੇਜਾ ਤਾਂ ਬਦਲੇ ਲਈ ਕਸਕਦਾ ਹੈ।

ਜਸਵੰਤ-ਏਹ ਸਤਾਰਾਂ ਵਰ੍ਹੇ ਦੀ ਸਿੱਖਿਆ ਤੇ ਨਮੂਨਿਆਂ ਦਾ ਫਲ ਹੈ।

ਆਗ਼ਾ-ਬਦਲਾ ਲੈਣਾ ਤੇ ਅੰਗ ਪਾਲਣਾ ਦੋ ਗੱਲਾਂ ਤਾਂ ​ਮੈਂ ਇਥੋਂ ਬਹੁਤ ਚੰਗੀਆਂ ਸਿੱਖੀਆਂ ਹਨ।

ਜਸਵੰਤ (ਹੱਸਕੇ)-ਅੰਗ ਪਾਲਣਾ ਤਾਂ ਬਹੁਤ ਚੰਗਾ ਹੈ, ਇਨ੍ਹਾਂ ਲੋਕਾਂ ਵਿਚ ਇਹ ਗੁਣ ਕੌਮੀ ਪਿਆਰ ਕਰਕੇ ਹੈ, ਹਿੰਦੀਆਂ ਵਿਚ ਖ਼ੁਦਗ਼ਰਜੀ ਬਹੁਤ ਹੈ, ਇਸ ਕਰਕੇ ਉਨ੍ਹਾਂ ਵਿਰ ਇਹ ਗੁਣ ਨਹੀਂ ਰਿਹਾ ਤੇ ਇਸ ਕਰਕੇ ਸਦਾ ਸੱਟਾਂ ਖਾਂਦੇ ਹਨ। ਸਿੱਖਾਂ ਵਿਚ ਅੰਗ ਪਾਲਣਾ ਕਹਿਰ ਦਾ ਹੈ, ਕਿਉਂਕਿ ਉਹ ਪਿਆਰ ਬੜੇ ਉੱਚੇ ਟਿਕਾਣੇ ਤੇ ਖੜੋ ਕੇ ਕਰਦੇ ਹਨ। ਸਿੱਖ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਨ, ਵੈਰ ਉਨ੍ਹਾਂ ਵਿਚ ਹੈ ਹੀ ਨਹੀਂ। ਇਸ ਕਰਕੇ ਕਮੀਨਾ ਦਿਲ ਕਰਕੇ ਨੀਵੇਂ ਕੀਨਿਆਂ ਵਿਚ ਘਟ ਹੇਠਾਂ ਉਤਰਦੇ ਹਨ।

ਆਗ਼ਾ-ਸਤਾਰਾਂ ਵਰ੍ਹੇ ਬੀਤ ਗਏ ਤੇ ਮੇਰੀ ਟਹ ਕੌਮ ਨੇ ਨਹੀਂ ਛੱਡੀ, ਇਹ ਪਿਆਰ ਹੈ ਕਿ ਇਸ਼ਕ ਤੋਂ ਬੀ ਪਰੇ ਹੈ। ਹਾਂ, ਪਰ ਕੀਹ ਸਿੱਖ ਮੈਨੂੰ ਆਪਣੇ ਵਿਚ ਲੈ ਲੈਣਗੇ?

ਜਸਵੰਤ-ਬੜੀ ਖੁਸ਼ੀ ਨਾਲ਼?

ਆਗ਼ਾ-ਮੇਰੇ ਨਾਲ ਵਰਤ ਲੈਣਗੇ?

ਜਸਵੰਤ-ਕਿਉਂ ਨਹੀਂ, ਜੋ ਖੁਸ਼ੀ ਪੰਥ ਨੂੰ ਤੁਹਾਡੇ ਇੰਨੇ ਲੰਮੇ ਵਿਛੋੜੇ ਬਾਦ ਮਿਲੀ ਉਹ ਦੇਖਗੇ ਹੀ, ਤਾਂ ਹੀ ਪਤਾ ਲੱਗੇਗਾ। ਜਿਸ ਵੇਲੇ ਉਹਨਾਂ ਸੁਣਿਆਂ ਕਿ ਅਪਣਾ ਜਨਮ ਸੁਣਦੇ ਸਾਰ ਤੁਸਾਂ ਇਕ ਪਲ ਸੋਚਿਆ ਨਹੀਂ ਤੇ ਰਾਜ ਭਾਗ ਦੇ ਲਾਲਚ ਨੇ ਤੁਹਾਨੂੰ ਦਬੋਚਿਆ ਨਹੀਂ, ਫੌਰਨ ਪਲਟ ਖਲੌਤੇ ਸਾਓ, ਤਾਂ ਸਾਰਿਆਂ ਨੇ 'ਧੰਨ ਕਲਗੀਆਂ ਵਾਲੇ' ਦੇ ਜੈਕਰੇ ਗਜਾਉਣੇ ਹਨ। ਹਾਂ, ਇਸ ਗੱਲ ਨੇ ਸਾਰੇ ਪੰਥ ਨੂੰ ਉਪਦੇਸ਼ ਦੇਣਾ ਹੈ ਕਿ ਸਿੱਖਾਂ ਦਾ ਲਹੂ ਬੜਾ ਪਵਿੱਤ੍ਰ ਅਰ ਆਪਣੇ ਅਸਲੇ ਤੋ ਕਿਸੇ ਅਸਰ ਨਾਲ ਪਲਟਾ ਖਾਣ ਵਾਲਾ ਨਹੀਂ ਹੈ।

ਆਗ਼ਾ-ਸਿੱਖ ਕਿੰਨੇ ਕੁ ਹਨ?

ਜਸਵੰਤ-ਬਹੁਤ ਥੋੜ੍ਹੇ ਹਨ, ਪਰ ਥੋੜ੍ਹੇ ਇਕ ਮੁੱਠ ਹਨ, ਇਸ ਕਰਕੇ ਬਲੀ ਬਹੁਤ ਹਨ, ਇਕ ਇਕ ਸਿੱਖ ਕਈ ਵੇਰ ​ਅਨੇਕਾਂ ਤੇ ਭਾਰੂ ਹੋ ਜਾਂਦਾ ਹੈ। ਦੇਸ਼ ਦੀ ਹਾਲਤ ਬੜੀ ਹੀ ਖਰਾਬ ਹੈ, ਇਧਰੋਂ ਕੋਈ ਨਾ ਕੋਈ ਜਰਵਾਣਾ ਜਾ ਪੈਂਦਾ ਅਰ ਦੇਸ਼ ਨੂੰ ਤਬਾਹ ਕਰ ਆਉਂਦਾ ਹੈ। ਅਬਦਾਲੀ ਦੇ ਹਥੋੋਂ ਦੇਸ਼ ਦੀ ਵੈਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਵਿਚ ਇਹ ਕਹਾਵਤ ਮਸ਼ਹੂਰ ਹੈ:- 'ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ*[39]।'

ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਨਾਦਰ ਪਾਤਸ਼ਾਹ ਦੀ ਰਾਇ ਕੁਛ ਹੋਰ ਸੀ ਤੇ ਅਹਿਮਦ ਸ਼ਾਹ ਦੀ ਕੁਛ ਹੋਰ ਹੈ।

ਆਗ਼ਾ-ਉਹ ਕੀ ਹੈ?

ਜਸਵੰਤ-ਭਾਈ ਸਾਹਿਬ ਮੈਨੂੰ ਕਾਬਲ ਹੀ ਦੱਸਦੇ ਸਨ ਕਿ ਨਾਦਰ ਨੇ ਲਾਹੌਰ ਜਦ ਸਿੱਖਾਂ ਦੇ ਹਾਲਾਤ ਸੁਣੇ[40] ਸਨ ਤਦ ਖਾਨ ਬਹਾਦਰ ਨੂੰ ਸਮਝਾਇਆ ਸੀ ਕਿ ਇਹ ਲੋਕ ਇਕ ਦਿਨ ਦੇਸ਼ ਵਿਚੋਂ ਤੁਹਾਡਾ ਰਾਜ ਸਮਾਪਤ ਕਰ ਦੇਣਗੇ। ਜੇਕਰ ਤੁਸੀਂ ​ਚਾਹੁੰਦੇ ਹੋ ਕਿ ਇਹ ਸਿਰੇ ਨਾ ਆਉਣ ਤਾਂ ਇਨ੍ਹਾਂ ਨੂੰ ਸੰਭਾਲੋ।

ਖ਼ੈਰ, ਨਾਦਰ ਤਾਂ ਚਲਿਆ ਗਿਆ ਸੀ ਤੇ ਖਾਨ ਬਹਾਦਰ ਨੂੰ ਅੱਗੇ ਪਤਾ ਸੀ ਕਿ ਉਹ ਸਿੱਖਾਂ ਨੂੰ ਜ਼ੁਲਮ ਨਾਲ ਸੰਭਾਲਦਾ ਆਪ ਗ਼ਲਤੀ ਕਰ ਚੁਕਾ ਸੀ। ਖਾਨ ਬਹਾਦਰ ਨੇ ਦਿੱਲੀ-ਪਤ ਤੋਂ ਆਗਯਾ ਲੈ ਕੇ ਸਿੱਖਾਂ ਨੂੰ ਲੱਖ ਰੁਪੈ ਦੀ ਜਾਗੀਰ ਚੂਣੀਆਂ ਆਦਿਕ ਇਲਾਕਾ ਦੇ ਕੇ ਨਵਾਬੀ ਦਾ ਖਿਤਾਬ ਘੱਲਿਆ ਸੀ, ਕਿ ਜਾਗੀਰ ਦਾ ਪਟਾ ਲੈ ਕੇ ਜੋ ਵਕੀਲ ਖਾਨ ਬਹਾਦਰ ਵਲੋਂ ਸਿੱਖਾਂ ਵਲ ਗਿਆ ਸੀ, ਉਹ ਸਿੱਖ ਸੀ*[41]। ਪੰਥ ਨੇ ਗੁਰਮਤਾ ਕੀਤਾ, ਸਭ ਨੇ ਇਸ ਨਵਾਬੀ ਨੂੰ ਲੈਣੋਂ ਨਾਂਹ ਕੀਤੀ ਤੇ ਆਖਿਆ ਕਿ ਰਾਜ ਸਾਨੂੰ ਵਾਹਿਗੁਰੂ ਨੇ ਬਖਸ਼ਣਾ ਹੈ, ਕਬਜ਼ਾ ਅਸੀਂ ਅਪਣੇ ਡੋਲਿਆਂ ਨਾਲ ਕਰਨਾ ਹੈ। ਇਸ ਨਾਂਹ ਪਰ ਸਿਖ ਵਕੀਲ ਨੇ ਬਹੁਤ ਸਮਝਾਇਆ ਤਦ ਜਥੇਦਾਰ ਨੇ ਕਿਹਾ ਕਿ ਖਾਲਸਾ ਜੀ! ਕਿਸੇ ਟਹਿਲੀਏ ਨੂੰ ਦੇ ਦਿਓ, ਓਸ ਵੇਲੇ ਪੱਖਾ ਕਰਨ ਵਾਲੇ-ਕਪੂਰ ਸਿੰਘ-ਦੇ ਪੈਰਾਂ ਵਿਚ ਖਿਲਅਤ ਸੁੱਟਕੇ ਕਿਹਾ, ਲੈ ਓਇ ਨਿੱਕਿਆ, ਨਵਾਬੀ ਸਾਂਭ। ਕਪੂਰ ਸਿੰਘ ਨੇ ਅੱਗੋਂ ਕਿਹਾ-ਮੈਨੂੰ ਨਵਾਬੀ ਦੀ ਲੋੜ ਨਹੀਂ, ਪਰ ਜਥੇਦਾਰ ਦਾ ਹੁਕਮ ਮੰਨ ਕੇ ਇਸ ਨੂੰ ਲੈਂਦਾ ਹਾਂ, ਪਰ ਪੱਖਾ ਕਰਨ ਦੀ ਸੇਵਾ ਮੇਰੀ ਬਣੀ ਰਹੇ[42]।

ਆਗ਼ਾ ਖਾਂ-ਸ਼ਾਬਾਸ਼ ਕਪੂਰ ਸਿੰਘ! ਸ਼ਾਬਾਸ਼!! ਇਹ ਸਿੱਖੀ ਬਹੁਤ ਅੱਛੀ ਹੈ।

ਜਸਵੰਤ-ਇਸ ਤੋਂ ਮਗਰੋਂ ਸਿੱਖ ਅਮਨ ਅਮਾਨ ਹੋ ਗਏ, ਪਰ ਜਦ ਅਮਨ ਅਮਾਨ ਕੁਛ ਸਮਾਂ ਲੰਘ ਗਿਆ ਤਾਂ ਜਾਗੀਰ ​ਜ਼ਬਤ ਹੋ ਗਈ*[43]। ਖਾਨ ਬਹਾਦਰ ਮਰ ਗਿਆ ਇਸ ਤੋਂ ਮਗਰੋਂ ਦੀ ਗੱਲ ਹੈ ਕਿ ਜਲੰਧਰ ਦੁਆਬੇ ਦੇ ਮਾਲਕ ਨੇ ਤਜਵੀਜ਼ ਭੇਜੀ ਕਿ 'ਖਾਲਸਾ ਜੀ! ਆਪ ਹੁਸ਼੍ਯਾਰਪੁਰ ਦੇ ਜ਼ਿਲੇ ਆਬਾਦ ਹੋ ਜਾਓ, ਰ੍ਯਾਸਤ ਬੰਨ੍ਹ ਲਓ, ਨਵਾਬੀ ਲੈ ਲਓ ਤੇ ਟਿਕ ਜਾਓ।' ਖਾਲਸੇ ਨੇ ਗੁਰਮਤਾ ਕਰਕੇ ਫੈਸਲਾ ਕੀਤਾ ਕਿ ਅਸਾਂ ਇਸ ਦਾਉ ਨੂੰ ਅੱਗੇ ਪਰਤਾ ਲਿਆ ਹੈ, ਹੁਣ ਨਹੀਂ ਪਰਵਾਣ ਕਰਦੇ। ਅਸੀਂ ਆਪਣੇ ਸੁਖ ਮੌਜ ਬਹਾਰਾਂ ਲਈ ਸਿੱਖ ਨਹੀਂ ਬਣੇ, ਜੋ ਵੱਢੀ ਲੈਕੇ ਦੇਸ਼ ਦੇ ਜ਼ੁਲਮ ਨੂੰ ਜਾਰੀ ਰਹਿਣ ਦੇਵੀਏ, ਅਸਾਂ ਤਾਂ ਦੇਸ਼ ਦਾ ਦੁਖ ਦੂਰ ਕਰਨਾ ਹੈ, ਜੇ ਦੁੱਖ ਦੂਰ ਕਰੋ ਤਾਂ ਅਸੀਂ ਬੀ ਗੱਲ ਬਾਤ ਕਰਨ ਨੂੰ ਤਿਆਰ ਹਾਂ। ਸੋ ਇਹੋ ਜਵਾਬ ਹਾਕਮ ਨੂੰ ਸਿਖਾਂ ਦੇ ਵਕੀਲ ਨੇ ਜਾ ਸੁਣਾਇਆ ਕਿ ਉਹ ਦੇਸ਼ ਦੀ ਖੁਲ੍ਹ, ਖੁਸ਼ ਤੇ ਖ਼ੁਸ੍ਹਾਲੀ ਮੰਗਦੇ ਹਨ, ਆਪਣੇ ਲਈ ਐਸ਼ ਨਹੀਂ ਮੰਗਦੇ। ਨਵਾਬ ਨੂੰ ਸੁਣ ਕੇ ਗੁੱਸਾ ਆ ਗਿਆ ਅਰ ਇਹ ਦੇਖ ਕੇ ਕਿ ਇਸ ਬਹਾਨੇ ਸਿੱਖ ਕੱਠੇ ਹੋਏ ਹਨ, ਭੁੰਨ ਕੱਢੋ ਤੇ ਆਖੋ ਜੋ ਇਨ੍ਹਾਂ ਦਾ ਖੁਰਾ ਖੋਜ ਹੀ ਮਿਟ ਗਿਆ ਹੈ। ਸੋ ਫੌਜ ਲੈ ਕੇ ਲੜਾਈ ਦੀ ਚੜ੍ਹਾਈ ਕਰ ਦਿੱਤੀ, ਜਦ ਦੋਵੇਂ ਦਲ ਆਮ੍ਹੋ ਸਾਹਮਣੇ ਆਏ ਤਾਂ ਸਿੱਖਾਂ ਕਹਾ ਭੇਜਿਆ ਕਿ ਇਸ ਲੜਾਈ ਦਾ ਕੀ ਸੁਆਦ ਹੈ, ਐਵੇਂ ਬੇਗੁਨਾਹਾਂ ਦਾ ਖੂੰਨ ਦੁਵੱਲੀ ਕਰਦੇ ਹੋ। ਸੁਆਦ ਤਾਂ ਹੈ, ਕਿ ਤੂੰ ਤੇ ਸਾਡਾ ਸਰਦਾਰ ਆਓ ਕੱਲੇ ਕੱਲੇ ਜੰਗ ਕਰੋ, ਇਸ ਹਾਰ ਜਿੱਤ ਉੱਤੇ ਜੰਗ ਦਾ ਫੈਸਲਾ ਹੋ ਜਾਵੇ, ਐਵੇਂ ਖਲਕਤ ਦੇ ਕਤਲ ਕਰਨ ਦਾ ਕੀਹ ਫਾਇਦਾ। ਹਾਕਮ ਨੂੰ ਆਪਣੇ ਸ਼ਹਿਜ਼ੋਰੀ ​ਉਤੇ ਬੜਾ ਭਰੋਸਾ ਸੀ, ਉਸ ਨੇ ਇਹ ਗੱਲ ਮੰਨ ਲਈ ਅਰ ਪ੍ਰਬੰਧ ਇਹ ਕੀਤੋਸੁ ਕਿ ਜਿਸ ਵੇਲੇ ਮੈਂ ਸਿਖਾਂ ਦੇ ਸਰਦਾਰ ਨੂੰ ਢਾਹ ਲਵਾਂ ਹੁਮ ਹੁਮਾਕੇ ਸਿੱਖਾਂ ਤੇ ਜਾ ਪੈਣਾ ਤੇ ਸਾਰੇ ਕਤਲ ਕਰ ਦੇਣੇ।

ਉੱਧਰ ਖਾਲਸੇ ਨੇ ਕਪੂਰ ਸਿੰਘ ਨੂੰ ਲੜਾਈ ਲਈ ਥਾਪਿਆ। ਸਿੰਘ ਹੁਰੀਂ ਸੰਜੋਅ ਤੇ ਖੋਦ*[44] ਸਜਾ ਕੇ ਤੇ ਸਨੱਧਬੱਧ ਹੋ ਕੇ ਘੋੜੇ ਤੇ ਚੜ੍ਹਕੇ ਸੂਰਜ ਨਿਕਲਦੇ ਸਾਰ ਆਮ੍ਹੋ ਸਾਹਮਣੇ ਜਾ ਜੁੱਟੇ[45]। ਲੱਗੇ ਵਾਰ ਤੇ ਦਾਉ ਘਾਉ ਹੋਣ। ਸ਼ਹਜੋਰ ਨਾਜ਼ਮ ਕਾਬੂ ਨਹੀਂ ਚੜ੍ਹਦਾ ਸੀ ਤੇ ਨਾਂ ਹੀ ਕਪੂਰ ਸਿੰਘ ਜੀ ਢਹੇ ਚੜ੍ਹਦੇ ਸੀ। ਦੁਵੱਲੀਓਂ ਕਈ ਵੇਰ ਘੋੜਿਆਂ ਨੂੰ ਅੱਡੀਆਂ ਲਾ ਲਾ ਕੇ ਲਪਕੇ, ਕਿੰਨੀ ਵੇਰ ਲੋਹੇ ਦੇ ਬਸਤ੍ਰਾਂ ਨਾਲ ਵੱਜਕੇ ਸ਼ਸਤ੍ਰ ਟੁੱਟੇ। ਸਿੱਖ ਸਦਾ ਜੰਗਲਾਂ ਵਿਚ ਰਹਿੰਦੇ ਤੇ ਦੁਖੜੇ ਕੱਟਦੇ ਸਨ, ਇਸ ਲਈ ਕਪੂਰ ਸਿੰਘ ਦਾ ਸਹਾਰਾ ਬਹੁਤ ਤਕੜਾ ਸੀ, ਉਧਰ ਗੋਸ਼ਤਾਂ ਤੇ ਮੱਖਣਾਂ ਦਾ ਪਲਿਆ ਬਲੀ ਜੋਧਾ ਸੀ। ਛਾਹ ਵੇਲੇ ਤਕ ਘੋਰ ਯੁਧ ​ਹੁੰਦਾ ਰਿਹਾ। ਕਦੇ ਇਹ ਖਿਆਲ ਪੈਂਦਾ ਸੀ ਕਿ ਐਤਕੀ ਔਹ ਜਿੱਤ ਗਿਆ, ਕਦੇ ਔਹ। ਕਪੂਰ ਸਿੰਘ ਜੀ ਸਮਝ ਚੁੱਕੇ ਸਨ ਕਿ ਇਸ ਨੂੰ ਜਿੱਤਣਾ ਕਠਨ ਹੈ, ਇਸ ਕਰਕੇ ਉਨ੍ਹਾਂ ਨੇ ਇਕ ਹੋਰ ਦਾਉ ਚੁੱਕਿਆ ਹੋਇਆ ਸੀ। ਆਪ ਭੁੱਖ ਤ੍ਰੇਹ ਧੁੱਪ ਸਹਾਰ ਸਕਦੇ ਸਨ, ਨਾਜ਼ਮ ਨੂੰ ਉਨ੍ਹਾਂ ਥਕਾਵਟਾਂ ਦੇ ਯੋਗ ਨਹੀਂ ਸਮਝਦੇ ਸਨ, ਇਸ ਕਰਕੇ ਦੁਪਹਿਰ ਤਕ ਅਨੇਕ ਤਰ੍ਹਾਂ ਦੇ ਹੱਲਿਆਂ ਤੇ ਦਾਵਾਂ ਘਾਵਾਂ ਵਿਚ ਜੰਗ ਨੂੰ ਲਮਕਾਈ ਗਏ। ਇਸ ਵੇਲੇ ਆਪ ਨੇ ਤਲਵਾਰ ਅਚਾਨਕ ਮਿਆਨ ਕਰਲਈ ਅਰ ਘੋੜੇਨੂੰ ਅਚਾਨਕ ਇਕ ਚੱਕਰ ਦੇ ਕੇ ਐਸਾ ਮੇਲਵਾਂ ਛੱਡਿਆ ਕਿ ਨਾਜ਼ਮ ਦੇ ਘੋੜੇ ਨਾਲ ਖਹਿਕੇ ਲੰਘੇ, ਅਰ ਜਿਸ ਵੇਲੇ ਘੋੜਾ ਖਹਿ ਕੇ ਲੰਘਣ ਲੱਗਾ, ਆਪ ਨੇ ਕਲਾਈ ਭਰਕੇ ਨਾਜ਼ਮ ਦੇ ਘੋੜੇ ਤੋਂ ਥੱਲੇ ਡੇਗ ਲਿਆ ਆਰ ਆਪ ਬੀ ਹੇਠਾਂ ਆ ਖੜੇ ਹੋਏ। ਦੋਵੇਂ ਘੋੜੇ ਨੱਸ ਗਏ ਤੇ ਹੁਣ ਹੇਠਾਂ ਭੋਇੰ ਤੇ ਦੋਹਾਂ ਦੀ ਕੁਸ਼ਤੀ ਸ਼ੁਰੂ ਹੋ ਪਈ। ਇਸ ਕੁਸ਼ਤੀ ਵਿਚ ਨਾਜ਼ਮ ਨੂੰ ਦਮ ਚੜ੍ਹਨ ਲੱਗਾ, ਤਦ ਕਪੂਰ ਸਿੰਘ ਨੇ ਲਲਕਾਰ ਕੇ ਪੰਥ ਨੂੰ ਆਵਾਜ਼ ਦਿੱਤੀ 'ਖਾਲਸਾ ਜੀ ਦੁੰਬਾ ਹੁੱਸ ਗਿਆ, ਹੁਣ ਲਿਆ ਕਿ ਲਿਆ'।

ਦੋ ਚਾਰ ਪਲੱਥਿਆਂ ਵਿਚ ਕਪੂਰ ਸਿੰਘ ਨੇ ਨਾਜ਼ਮ ਨੂੰ ਚਾਰੋਂ ਸ਼ਾਨੇ ਚਿੱਤ ਕਰਕੇ ਛਾਤੀ ਤੇ ਚੌਕੜਾ ਜਮਾ ਲਿਆ। ਇਸ ਵੇਲੇ ਨਾਜ਼ਮ ਦਾ ਹੱਥ ਆਪਣੀ ਕਟਾਰ ਦੇ ਕਬਜ਼ੇ ਤੇ ਪਹੁੰਚ ਚੁਕਾ ਸੀ। ਪਰ ਇਸ ਤੋਂ ਪਹਿਲੇ ਕਿ ਉਹ ਕੁਛ ਕਰ ਸਕਦਾ, ਕਪੂਰ ਸਿੰਘ ਦੀ ਪੇਸ਼ ਕਬਜ਼ ਨਾਜ਼ਮ ਦੇ ਜ਼ਿਰਹ ਬਕਤਰ ਦੇ ਲੋਹੇ ਦਾ ਪਰਦਾ ਚੁੱਕਕੇ ਗਿੱਚੀ ਵਿਚ ਵੜ ਚੁੱਕੀ ਸੀ। ਇਹ ਹੁੰਦੇ ਸਾਰ ਹੀ ਕਪੂਰਸਿੰਘ ਜੀ ਟੱਪਕੇ ਉੱਠ ਖੜੋਤੇ ਛਾਤੀ ਠੋਕ ਕੇ ਆਕਾਸ਼ ਵੱਲ ਤੱਕੇ, ਖਾਲਸਾ ਜੀ ਹੁਮ ਹੁਮਾਕੇ ਆ ਗਏ ਅਰ ਬਿਜੈਮਾਨ ਵੀਰ ਨੂੰ ਚੁੱਕ ਕੇ ਜੈਕਾਰੇ ਗਜਾਉਣ ਲਗ ਗਏ। ਇਸੇ ਵਕਤ ਧਾਵਾ ਬੋਲ ਦਿੱਤਾ ਗਿਆ ਅਰ ਜਲੰਧਰ ਤੇ ਕਬਜ਼ਾ ਕਰ ਲਿਆ। ਅੱਜ ਸ਼ਾਮ ​ਨੂੰ ਭਾਰੀ ਦਰਬਾਰ ਕਰਕੇ, ਕਪੂਰ ਸਿੰਘ ਜੀ ਨੂੰ ਪੰਥ ਨੇ ਨਵਾਬੀ ਦਾ ਖਿਤਾਬ ਦਿੱਤਾ ਅਰ ਹੋਰ ਵਡੇ ਵਡੇ ਸਿੰਘਾਂ ਨੂੰ ਸਰਦਾਰੀ ਦਾ। ਅੱਜ ਪਹਿਲਾ ਦਿਨ ਸੀ ਕਿ ਸਿੱਖਾਂ ਵਿਚ ਸਰਦਾਰੀ ਦਾ ਖਿਤਾਬ ਆਇਆ।

ਆਗ਼ਾ-ਤਦ ਤਾਂ ਦੁਆਬੇ ਵਿਚ ਸਾਡਾ ਰਾਜ ਹੈ।

ਜਸਵੰਤ-ਨਹੀਂ ਜੀ, ਥੋੜ੍ਹੇ ਹੀ ਚਿਰ ਮਗਰੋਂ ਸਿੱਖਾਂ ਨੇ ਹੁਜਰਾ ਸ਼ਾਹ ਮੁਕੀਮ ਦੇ ਲਾਗੇ ਸ਼ਾਹੀ ਫੌਜ ਨੂੰ ਹਰਾਇਆ ਸੀ, ਪਰ ਫੇਰ ਖਾਨ ਬਹਾਦਰ ਨੇ ਭਾਰੀ ਫੌਜ ਜਮਾਂ ਕੀਤੀ ਤੇ ਸਿੱਖ ਜਥੇ ਦੂਰ ਦੂਰ ਖਿੰਡ ਗਏ, ਕਿਉਂਕਿ ਪਾਤਸ਼ਾਹੀ ਮੁਕਾਬਲੇ ਦਾ ਸਾਰਾ ਸਾਮਾਨ ਅਜੇ ਸਾਡੇ ਪਾਸ ਨਹੀਂ ਸੀ। ਇਹ ਸਮਾਂ ਸਾਡੇ ਤੇ ਬੜੇ ਕਹਿਰ ਦਾ ਬੀਤਿਆ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਤੇ ਹੋਰ ਅਨੇਕਾਂ ਸਿੰਘ ਸ਼ਹੀਦ ਹੋਏ ਤੇ ਪਿੰਡ ਪਿੰਡ ਕਤਲਾਮ ਹੋਈ, ਪਰ ਉਸ ਤੋਂ ਮਗਰੋਂ ਸਿੱਖਾਂ ਕਈ ਵੇਰ ਜ਼ੋਰ ਫੜਿਆ, ਕਈ ਵੇਰ ਪਿੱਛੇ ਪਏ, ਪਰ ਉਹ ਨਵਾਬੀ ਤੇ ਸਰਦਾਰੀ ਦੇ ਖ਼ਿਤਾਬ ਸ਼ੁਰੂ ਹਨ। ਉਞ ਫਾਕੇ ਮਸਤੀਆਂ ਤੇ ਦਿਨ ਰਾਤ ਖੇਦਾਂ ਦੇ ਸਾਮ੍ਹਣੇ ਪਏ ਹੋਣ, ਪਰ ਫਤਹ ਤੇ ਕਾਮਯਾਬੀਆਂ ਬੀ ਥਾਂ ਥਾਂ ਸਾਡੇ ਹੱਥ ਰਹਿੰਦੀਆਂ ਹਨ।

ਆਗ਼ਾ-ਮੈਂ ਤਾਂ ਨਾਦਰ ਦੇ ਹੱਲੇ ਦਾ ਹੀ ਭੁਲੇਵੇ ਵਿਚ ਫਸਿਆ ਹਾਂ। ਨਾਦਰ ਨੇ ਅਸਲ ਵਿਚ ਹਿੰਦੁਸਤਾਨ ਦਾ ਬੇੜਾ ਗ਼ਰਕ ਕੀਤਾ ਹੈ, ਨਹੀਂ ਤਾਂ ਕਾਬਲ ਦਾ ਰਾਜ ਤਾਂ ਦਿੱਲੀ ਦੇ ਤਖਤ ਦੀ ਤਾਬਿਆ ਰਹਿੰਦਾ ਹੁੰਦਾ ਸੀ।

ਜਸਵੰਤ-ਠੀਕ ਹੈ, ਮੈਂ ਜੋ ਗੱਲ ਸੁਣਾਈ ਹੈ ਇਹ ਨਾਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ ਜਦੋਂ ਲਾਹੌਰ ਵਲੋਂ ਸਿੱਖਾਂ ਨੂੰ ਨਵਾਬੀ ਮਿਲੀ ਤੇ ਨਹੀਂ ਸਨ ਕਬੂਲਦੇ।

ਨਾਦਰ ਦੀ ਵੈਰਾਨੀ ਦਾ ਹਾਲ ਤਾਂ ਇਸ ਟੱਪੇ ਵਿਚ ਹੈ ਜੋ ਪੰਜਾਬੀ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ:​

ਆਯਾ ਨਾਦਰ ਕੁੱਲ ਕੁੜੇ! ਕਪਾਹੀਂ ਪੈਂਦੇ ਫੁੱਲ ਕੁੜੇ।
ਰੰਨਾਂ ਚੜ੍ਹ ਪਹਾੜੀ ਗਈਆਂ, ਮਰਦਾਂ ਮੱਲੀ ਚੁੱਲ੍ਹ ਕੁੜੇ।
ਮੁੜਿਆ ਨਾਦਰ ਰੁੱਲ ਕੁੜੇ! ਸਰਹੋਂ ਸੜੇਂਦੇ ਫੁੱਲ ਕੁੜੇ।
ਦਿੱਲੀ ਰੰਡੀ ਕਰਕੇ ਆਇਆ, ਸਾਡੀ ਠੰਡੀ ਚੁੱਲ੍ਹ ਕੁੜੇ*[46]।

ਆਗ਼ਾ-ਇਸ ਦਾ ਕੀਹ ਅਰਥ ਹੈ?

ਜਸਵੰਤ ਨੇ ਉਸ ਨੂੰ ਸਾਰਾ ਮਤਲਬ ਦੱਸਿਆ ਤੇ ਦੇਸ਼ ਦੀ ਵੈਰਾਨੀ, ਖਾਸ ਕਰ ਦਿੱਲੀ ਦੀ ਕਤਲਾਮ, ਦਾ ਹਾਲ ਸੁਣਾਇਆ, ਜਿਸ ਨੂੰ ਸੁਣ ਕੇ ਆਗ਼ਾ ਖਾਂ ਦੇ ਲੂੰ ਕੰਡੇ ਹੁੰਦੇ ਤੇ ਰੋਹ ਭਰ ਭਰ ਉਠਦਾ ਸੀ। ਜਸਵੰਤ ਨੇ ਇਹ ਰੰਗ ਵੇਖਕੇ ਉਸ ਨੂੰ ਸਿੱਖਾਂ ਦੇ ਇਕ ਹੋਰ ਕਾਰਨਾਮੇ ਵਲ ਫਰਿਆ, ਜਿਸ ਤੋਂ ਉਸਨੂੰ ਕੁਛ ਸ਼ਾਂਤੀ ਆਵੇ ਕਿ ਸਿੱਖ ਬੀ ਬੜਾ ਭਾਰੀ ਕੰਮ ਕਰ ਰਹੇ ਹਨ।

ਜਸਵੰਤ ਸਿੰਘ-ਮੈਨੂੰ ਇਥੇ ਆਏ ਗੁਰਮੁਖ ਜੀ ਨੇ ਦੱਸਿਆ ਸੀ ਕਿ ਅਹਿਮਦਸ਼ਾਹ ਨੇ ਬੀ ਸਿੱਖਾਂ ਦੀ ਕਤਲਾਮ ਤੇ ਹੀ ਲੱਕ ਬੰਨ੍ਹ ਲਿਆ ਹੈ। ਚੁਨਾਂਚਿ ਆਪਣੇ ਇਕ ਹੱਲੇ ਦੇ ਬਾਦ ਉਹ ਹਰੇਕ ਦੁਆਬੇ ਵਿਚ ਇਕ ਤੁੰਮਣ ਛੱਡ ਆਇਆ ਹੈ। ਤੁੰਮਣ ਵਿਚ ਇਕ ​ਭਾਰੀ ਦਸਤਾ ਸਿਪਾਹੀਆਂ ਦਾ ਹੁੰਦਾ ਹੈ, ਇਸ ਦੇ ਅਫਸਰ ਦਾ ਨਾਂ ਤੁੰਮਣਦਾਰ*[47] ਹੁੰਦਾ ਹੈ। ਇਹ ਜੱਥਾ ਅਪਣੇ ਅਪਣੇ ਦੁਆਬੇ ਵਿਚ ਦੌਰਾ ਕਰਦਾ ਰਹਿੰਦਾ ਹੈ। ਜਿਸ ਪਿੰਡ ਜਾਂਦਾ ਹੈ ਉਥੋਂ ਮਾਮਲਾ ਉਗਰਾਹੁੰਦਾ ਹੈ ਤੇ ਫੇਰ ਸਿਖਾਂ ਦੀ ਭਾਲ ਹੁੰਦੀ ਹੈ, ਜਿੰਨੇ ਸਿੱਖ ਮਿਲਣ ਸਾਰ ਦਿੱਤੇ ਜਾਂਦੇ ਹਨ। ਜਿਸ ਟੱਬਰ ਵਿਚੋਂ ਕੋਈ ਸਿੱਖ ਹੋ ਗਿਆ ਹੋਵੇ ਉਸ ਟੱਬਰ ਨੂੰ ਤਸਦੀਹੇ ਦਿੱਤੇ ਜਾਂਦੇ ਹਨ, ਪਿੰਡ ਵਾਲੇ ਫੇਰ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਬਰ ਪਹੁੰਚਾ ਦੇਂਦੇ ਹਨ ਕਿ ਤੁਹਾਡੇ ਟੱਬਰ ਦਾ ਇਹ ਹਾਲ ਹੋ ਰਿਹਾ ਹੈ, ਤੁਸੀਂ ਆਕੇ ਆਪ ਨੂੰ ਫੜਾ ਦਿਓ, ਨਹੀਂ ਤਾਂ ਸਾਰਾ ਕਬੀਲਾ ਮਾਰਿਆ ਜਾਵੇਗਾ। ਜੇ ਸਿੱਖ ਹੱਥ ਨਾ ਆਵੇ ਤਾਂ ਬੇਦੋਸ਼ ਟੱਬਰ ਪੀੜੇ ਜਾਂਦੇ ਹਨ।

ਦੁਆਬਾ ਰਚਨਾਂ ਵਿਚ ਸਦਰਹਮਤ ਖਾਂ ਨਾਮੇ ਤੁੰਮਣਦਾਰ ਸੀ, ਇਹ ਦੌਰਾ ਕਰਦਾ ਕਰਦਾ ਦੁਆਬੇ ਦੇ ਸ਼ਿਖਰ ਵੱਲ ਬੁਲਾਕੀ ਚੱਕਾਂ ਵਿਚ ਆਇਆ। ਬੁਲਾਕੀ ਸ਼ਾਹ ਨਾਮੇ ਗੁਰਾਏਂ ਗੋਤ ਦਾ ਭਾਰਾ ਦਬਦਬੇ ਵਾਲਾ ਚੌਧਰੀ ਹੈਸੀ, ਉਸਦੇ ਕਈ ਅਪਣੇ ਪਿੰਡ ਹਨ, ਵਡੇ ਪਿੰਡ ਦਾ ਨਾਉਂ ਬੁਲਾਕੀ ਚੱਕ ਹੈ। ਇਸ ਪਿੰਡ ਜਦ ਤੁੰਮਣਦਾਰ ਸਾਰਾ ਮਾਮਲਾ ਉਗ੍ਰਾਹ ਚੁਕਾ ਤਦ ਸਿਖਾਂ ਦੀ ਪੜ​ਤਾਲ ਹੋਈ, ਪਤਾ ਲੱਗਾ ਕਿ ਪਿੰਡ ਵਿਚ ਤਾਂ ਸਿੱਖ ਕੋਈ ਨਹੀਂ ਹੈ, ਪਰ ਬੁਲਾਕੀ ਸ਼ਾਹ ਦੇ ਦੋ ਪੁੱਤਰ ਸੁੱਖਾ ਸਿੰਘ ਤੇ ਮਨਸਾ ਸਿੰਘ*[48]ਸਿੱਖੀ ਜਾ ਰਲੇ ਹਨ। ਤੁੰਮਣਦਾਰ ਨੇ ਚੌਧਰੀ ਨੂੰ ਪੁੱਛਿਆ, ਉਸ ਨੇ ਕਿਹਾ ਜਨਾਬ! ਜੋ ਪੁਤ੍ਰ ਸੁੱਖਾ ਮੱਸਾ ਸਿਖੀ ਜਾ ਰਲੇ ਹਨ ਸੋ ਮੋਏ ਗਏ। ਪਰ ਤੁੰਮਣਦਾਰ ਨੇ ਟੱਬਰ ਕਬੀਲੇ ਸਮੇਤ ਉਸਨੂੰ ਬੰਨ੍ਹ ਲੀਤਾ। ਨਾਲ ਹੀ ਸਾਰੇ ਪਿੰਡ ਨੂੰ ਘੇਰ ਕੇ ਹੁਕਮ ਦਿੱਤਾ ਕਿ ਜੇ ਤਾਂ ਅੱਠਾਂ ਦਿਨਾਂ ਦੇ ਵਿਚ ਵਿਚ ਸੁੱਖਾ ਸਿੰਘ ਮਨਸਾ ਸਿੰਘ ਅਪਣੇ ਆਪ ਨੂੰ ਹਾਜ਼ਰ ਕਰ ਦੇਣ ਯਾ ਪਿੰਡ ਦੇ ਕੋਈ ਆਦਮੀ ਫੜਕੇ ਲੇ ਆਉਣ ਤਾਂ ਵਾਹਵਾ, ਨਹੀਂ ਤਾਂ ਸਾਰਾ ਪਿੰਡ ਛਾਪੇ ਰੱਖਕੇ ਸਾੜ ਦਿੱਤਾ ਜਾਵੇਗਾ।

ਸੋ ਸਿੱਖਾਂ ਦਾ ਤਦੋਂ ਇਹ ਹਾਲ ਸੀ ਕਿ ਦਿਨ ਨੂੰ ਸਭ ਲੁਕੇ ਰਹਿੰਦੇ ਸਨ, ਰਾਤ ਪਈ ਰਹੁਰਾਸ ਦੇ ਵੇਲੇ ਕਿਤੇ ਮੁਕੱਰਰ ਕੀਤੀ ਥਾਂ ਤੇ ਦੋ ਦੋ ਚਾਰ ਕੋਹ ਤੇ ਕੱਠੇ ਹੋਕੇ ਦੀਵਾਨ ਲਾਉਂਦੇ ਸਨ ਅਰ ਸੋਦਰ ਰਹਿਰਾਸ ਦਾ ਭੋਗ ਪਾ ਕੇ ਫੇਰ ਰਾਤ ਤੇ ਦੂਏ ਦਿਨ ਲਈ ਗੁਰਮਤਾ ਸੋਧਦੇ ਸਨ। ਦਿਨ ਨੂੰ ਜੇ ਸਿੱਖ ਨੇ ਦਿਖਾਈ ਦੇ ਦਿਤੀ ਤਾਂ ਫੜਿਆ ਜਾਂਦਾ ਸੀ ਅਰ ਫੜਾਉਣ ਵਾਲੇ ਨੂੰ ਇਨਾਮ ਮਿਲਦਾ ਸੀ।

ਇਕ ਭਾਰੀ ਜੰਗਲ ਗੁਰ ਕੀ ਰੌੜ[49] ਦੇ ਉਦਾਲੇ ਹੈ। ਇਹ ਥਾਂ ਅੰਮ੍ਰਿਤਸਰ ਤੋਂ ਨੌਂ ਕੋਹ ਤੇ ਸਿਖਾਂ ਦਾ ਗੁਰਦਵਾਰਾ ਤੇ ਬਨ ਬੇਲੇ ਕਰਕੇ ਕਿਲ੍ਹੇ ਵਾਂਗੂ ਹੈ। ਮਨਸਾ ਸਿੰਘ ਤੇ ਸੁੱਖਾ ਸਿੰਘ ਵੀ ਇਸ ਰੌੜ ਦੀ ਝੱਲ ਵਿਚ ਸਨ। ਬੁਲਾਕੀ ਸ਼ਾਹ ਨੇ ਕਿਸੇ ਮਾਤਬਰ ਦੇ ਹੱਥ ਪੁੱਤਾਂ ਨੂੰ ਚਿੱਠੀ ਲਿਖੀ ਕਿ ਬੱਚਾ ਸਾਡੇ ਨਸੀਬ ਫੁੱਟ ਗਏ ਜੋ ਤੁਸੀਂ ਸਿੱਖੀ ਜਾ ਰਲੇ। ਹੁਣ ਸਾਰੇ ਕਬੀਲੇ ਤੇ ਪਿੰਡ ਤੇ ਆ ​ਬਣੀ ਹੈ। ਚੰਗਾ ਹੈ ਜੇ ਤੁਸੀਂ ਦੋ ਮਰ ਜਾਓ ਤੇ ਪਿੰਡ ਸਾਰਾ ਬਚ ਰਹੇ। ਤੁਸੀਂ ਤਰਸ ਵਾਲੇ ਗੁਰੂ ਦੇ ਚੇਲੇ ਹੋ; ਤਰਸ ਕਰ ਅਰ ਹਜ਼ਾਰਾਂ ਬੇਗੁਨਾਹਾਂ ਦੀ ਖਾਤਰ ਆਪ ਜਾਨਾਂ ਵਾਰ ਕੇ ਸੱਚੀ ਸ਼ਹੀਦੀ ਪਾਓ। ਮੈਨੂੰ ਤੁਹਾਡੇ ਮਰਨ ਦਾ ਦੁੱਖ ਹੈ, ਪਰ ਸਾਰੇ ਪਿੰਡ ਦੀ ਖ਼ਾਤਰ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਾਂਗਾ। ਆਓ ਅਰ ਅਪਣੇ ਆਪ ਨੂੰ ਤੁੰਮਣਦਾਰ ਦੇ ਹਵਾਲੇ ਕਰ ਦਿਓ।

ਜਦ ਇਹ ਚਿੱਠੀ ਉਨ੍ਹਾਂ ਨੂੰ ਪਹੁੰਚੀ ਤਾਂ ਰਾਤ ਨੂੰ ਗੁਰੂ ਕੀ ਰੌੜ ਵਿਚ ਦੀਵਾਨ ਲੱਗਾ, ਰਹੁਰਾਸ ਦੇ ਮਗਰੋਂ ਇਹ ਚਿੱਠੀ ਪੇਸ਼ ਹੋਈ, ਗੁਰਮਤਾ ਹੋ ਕੇ ਇਹ ਫੈਸਲਾ ਹੋਇਆ ਕਿ ਕਾਇਰਾਂ ਵਾਂਙੂੰ ਅਪਣਾ ਆਪ ਹਵਾਲੇ ਕਰ ਕੇ ਮਰਨਾ ਤਾਂ ਬੁਰਾ ਹੈ, ਪਰ ਤੁੰਮਣਦਾਰ ਨੂੰ ਜ਼ੁਲਮ ਕਰਨ ਦੇਣਾ ਬੀ ਪਾਪ ਹੈ, ਤਾਂਤੇ ਕੂਚ ਕਰੋ; ਰਾਤੋ ਰਾਤ ਅਰ ਤੜਕੇ ਤੁੰਮਣਦਾਰ ਨਾਲ ਜੰਗ ਮਚਾ ਦਿਓ। ਸਾਰਾ ਜ਼ੋਰ ਲਾ ਕੇ ਡੇਢ ਕੁ ਸੌ ਸਿੱਖ ਰਾਤੋਂ ਰਾਤ ਕੱਠਾ ਹੋਇਆ। ਸਿੱਖ ਕੂਚ ਕਰਦੇ ਤੜਕਸਾਰ ਦਰਿਆ ਦੇ ਕਿਨਾਰੇ ਜਾ ਪਹੁੰਚੇ। ਤੁੰਮਣਦਾਰ ਪਾਰ ਡੇਰੇ ਲਾਈ ਬੈਠਾ ਸੀ। ਰੁੱਤ ਕੱਤੇਂ ਮੱਘਰ ਦੀ ਸੀ। ਕੁਛ ਬੱਦਲਵਾਈ ਤੇ ਵਰਖਾ ਫੁਹਾਰ ਪੈ ਰਹੀ ਸੀ, ਇਸ ਕਰਕੇ ਸਲਾਹ ਇਹ ਹੋਈ ਕਿ ਦੋ ਜਣੇ ਤਰ ਕੇ ਪਾਰ ਜਾਣ ਤੇ ਦੁਸ਼ਮਣ ਦਾ ਸਾਰਾ ਥਹੁ ਥਿੱਤਾ ਲੈ ਆਉਣ, ਫੇਰ ਜਾਣੂ ਹੋ ਕੇ ਰਾਤੀਂ ਪਾਰ ਚਲੀਏ ਤੇ ਦਿਨ ਹੁੰਦੇ ਜੰਗ ਮਚਾ ਦੇਈਏ। ਸੁੱਖਾ ਸਿੰਘ ਤੇ ਮਨਸਾ ਸਿੰਘ ਨੇ ਇਹ ਕੰਮ ਆਪਣੇ ਸਿਰ ਲਿਆ ਅਰ ਠਿੱਲ੍ਹ ਕੇ ਪਾਰ ਹੋਏ। ਇਸ ਵੇਲੇ ਅਜੇ ਧੁੰਦ ਜੇਹੀ ਸੀ। ਕੁਦਰਤ ਐਸੀ ਬਣੀ ਕਿ ਜਦ ਪਾਰ ਢਾਏ ਤੇ ਉਤਰੇ ਤੇ ਸਿਰਾਂ ਤੋਂ ਕਪੜੇ ਲਾਹ ਕੇ ਪਹਿਨੇ ਤੇ ਸ਼ਸਤ੍ਰ ਸੰਭਾਲੇ ਤੇ ਹਰਵੇਂ ਦਾ ਭੇਸ ਬਣਾਕੇ ਤੁਰੇ ਤਾਂ ਸਦਰਹਮਤ ਖਾਂ ਦੇ ਡੇਰੇ ਦੇ ਪਿਛਲੇ ਪਾਸੇ ਜਾ ਨਿਕਲੇ, ਜਦ ਸਦ ਰਹਮਤ ਖਾਂ ਇਸ ਵੇਲੇ ਪਾਣੀ ਦਾ ਲੋਟਾ ਹੱਥ ਵਿਚ ਲਈ ਮਦਾਨ ਖੇਡਣ ਲਈ ਢਾਹੇ ਦੇ ਇਧਰ ਆ ਰਿਹਾ ਸੀ। ਧੁੰਦ ਦੇ ਵਿਚੋਂ ​ਅਚਾਨਕ ਦੋ ਨਾ ਸਿਞਾਤੀਆਂ ਜਾਣ ਵਾਲੀਆਂ ਸੂਰਤਾਂ ਨਿਕਲੀਆਂ ਵੇਖ ਕੇ ਹੈਂਕੜ ਨਾਲ ਪੁੱਛਦਾ ਹੈ: 'ਕੌਣ ਹੈ?' ਉਨ੍ਹਾਂ ਨੇ ਉਸਦੇ ਕੁਰਬ ਤੋਂ ਤਾੜ ਲਿਆ ਸੀ ਕਿ ਏਹੀ ਪਰਜਾਦ੍ਰੋਹੀ ਹੈ, ਕਹਿਣ ਲੱਗੇ: 'ਬੁਲਾਕੀ ਸ਼ਾਹ ਦੇ ਪੁੱਤਰ ਹਨ, ਪਿੰਡ ਛੁਡਾਉਣ ਆਏ ਹਨ'। ਇਹ ਸੁਣਕੇ ਉਸ ਨੂੰ ਖੁਸ਼ੀ ਹੋਈ ਕਿ ਡਰਦੇ ਮਾਰੇ ਆ ਗਏ ਹਨ, ਪਰ ਹੁਣ ਉਹਨਾਂ ਨੇ ਪੁਛਿਆ ਕਿ 'ਤੁਸੀਂ ਕੌਣ ਹੋ'? ਹੈਂਕੜ ਵਿਚ ਆ ਕੇ ਤੁੰਮਣਦਾਰ ਨੇ ਕਿਹਾ: 'ਮੈਂ ਸਦਰਹਮਤ ਖਾਂ ਤੁੰਮਣਦਾਰ ਹਾਂ'। ਇਹ ਸੁਣਕੇ ਸਿੱਖਾਂ ਨੂੰ ਤਸੱਲੀ ਹੋ ਗਈ। ਪੁੱਛਣ ਲੱਗੇ, 'ਭਲੇ ਮਨੁੱਖਾ! ਸਿੱਖ ਅਸੀਂ ਹੋਏ ਤੇ ਕੈਦ ਸਾਰਾ ਪਿੰਡ ਪਾ ਦਿੱਤਾ ਹੈ, ਇਹ ਕੀ ਇਨਸਾਫ ਹੈ?'

ਸਦਰਹਮਤ ਖਾਂ-ਬੱਸ ਇਨਸਾਫ਼ ਦੀ ਖ਼ੂਬੀ ਦੇਖੋ ਕਿ ਤੁਸੀਂ ਸ਼ਰਨ ਆ ਗਏ ਹੋ।

ਸਿੱਖ-ਸ਼ਰਨ ਨਹੀਂ ਆਏ, ਅਸੀਂ ਤਾਂ ਮਰਨ ਮਾਰਨ ਆਏ ਹਾਂ।

ਸਦਰਹਮਤ ਖਾਂ ਨੇ ਇਸ ਵੇਲੇ ਕਾਂਬਾ ਖਾਧਾ ਅਰ ਜ਼ੋਰ ਦੀ ਅਵਾਜ਼ ਦਿੱਤੀ। ਅਵਾਜ਼ ਤਾਂ ਕਿੱਥੇ ਪਹੁੰਚਣੀ ਸੀ? ਮਨਸਾ ਸਿੰਘ ਨੇ ਕਿਹਾ 'ਲੈ ਤੇਰਾ ਆਖਰੀ ਵੇਲਾ, ਹੈ ਅਪਣੇ ਗੁਨਾਹਾਂ ਦਾ ਫਲ ਭੋਗ ਲੈ। ਕਤਲਾਂ ਦੇ ਬਦਲੇ ਕਤਲ ਹੋ ਜਾਹ'। ਇਹ ਕਹਿੰਦੇ ਹੀ ਸਿੱਖ ਨੇ ਅਪਣੀ ਇਕ ਤਲਵਾਰ ਸਦਰਹਮਤ ਖਾਂ ਨੂੰ ਦੇ ਦਿੱਤੀ ਤੇ ਦੂਸਰੀ ਤਲਵਾਰ ਸੂਤ ਕੇ ਕਿਹਾ, 'ਆ ਦੋ ਹੱਥ ਕਰ ਲੈ'। ਸਦਰਹਮਤ ਖਾਂ ਇਸ ਅਚਾਨਕ ਘੋਲ ਲਈ ਤਿਆਰ ਨਹੀਂ ਸੀ, ਪਰ ਕਰਦਾ ਕੀ, ਆਖਰ ਜੋਧਾ ਸੀ, ਸੋ ਤਲਵਾਰ ਲੈ ਕੇ ਵਧਿਆ, ਦੋ ਹੱਥ ਕੀਤੇ, ਪਰ ਫੁਰਤੀਲੇ ਸਿੱਖ ਦੇ ਅੱਗੇ ਪੇਸ਼ ਨਾ ਗਈ, ਦੋ ਚਾਰ ਪਰਸਪਰ ਦੇ ਵਾਰਾਂ ਵਿਚ ਮਾਰਿਆ ਗਿਆ। ਉਧਰ ਉਸਦੇ ਕੁਛ ਆਦਮੀ, ਜੋ ਹੁਣ ਆ ਪਹੁੰਚੇ ਸੇ, ਸਰਦਾਰ ਨੂੰ ਕਤਲ ਹੋਇਆ ਵੇਖ ਕੇ ਚਕ੍ਰਾਏ ਤੇ ਨੱਠੇ। ਧੁੰਦ ਦੇ ਕਾਰਨ ਇਹ ਭੀ ​ਪਤਾ ਨਾ ਕਰ ਸਕੇ ਕਿ ਦੋ ਸਿਖ ਹਨ। ਬੱਸ ਇਹੋ ਹਰੌਲੀ ਮੱਚ ਗਈ 'ਆ ਪਏ, ਸਿੱਖ ਆ ਪਏ'। ਤੁੰਮਣਦਾਰ ਦਾ ਕਤਲ ਤੇ ਸਿਖਾਂ ਦਾ ਆ ਪੈਣਾ ਉਹ ਹਰਾਨੀ ਪਾ ਗਿਆ ਕਿ ਗ਼ਿਲਜ਼ੇ ਤੇ ਪੰਜਾਬੀ ਸਿਪਾਹੀ ਉੱਠ ਭਜੇ। ਇਧਰ ਏਹ ਤਮਾਸ਼ਾ ਮਚਦਾ ਦੇਖ ਕੇ ਪਿੱਛੇ ਮੁੜੇ। ਦਰਿਆ ਦੇ ਪਾਰ ਖਾਲਸਾ ਜੀ ਉਡੀਕ ਰਹੇ ਸੇ। ਪਾਰ ਜਾਕੇ ਅਚਾਨਕ ਮਿਲ ਗਈ ਜਿੱਤ ਦੀ ਖ਼ਬਰ ਦਿੱਤੀ। ਸੁਣਦੇ ਸਾਰਾ ਦਲ ਉਰਾਰ ਆਇਆ। ਜੈਕਾਰੇ ਗਜਾਉਂਦੇ ਹੁਣ ਸਾਰੇ ਬੁਲਾਕੀ ਚੱਕ ਆ ਵੜੇ ਅਰ ਭਾਰੀ ਦੀਵਾਨ ਲਗਾਯਾ। ਇਸ ਦੀਵਾਨ ਵਿਹ ਇਹ ਫੈਸਲਾ ਹੋਇਆ ਕਿ ਸੁਖਾ ਸਿੰਘ ਮਨਸਾਸਿੰਘ ਨੂੰ ਇਸ ਇਲਾਕੇ ਦਾ ਸਰਦਾਰ ਥਾਪਿਆ ਜਾਵੇ। ਇਹ ਇਥੇ ਫੌਜ ਕੱਠੀ ਕਰਨ ਅਰ ਸਿੱਖਾਂ ਦੇ ਲੁਕਣ ਲਈ ਰੱਖਾਂ ਤੇ ਥਾਂਉਂ ਬਨਾਉਣ। ਸੋ ਇਨ੍ਹਾਂ ਨੂੰ ਰਾਜ ਤਿਲਕ ਦੇ ਕੇ ਕੁਝ ਸਿੰਘ ਨਾਲ ਰਹੇ ਤੇ ਬਾਕੀ ਜੱਥਾ ਟੁਰ ਗਿਆ। ਅਜੇ ਛੇ ਸਤ ਮਹੀਨੇ ਗੁਜ਼ਰੇ ਸਨ, ਜੇਠ ਦੇ ਦਿਨ ਸਨ, ਸੰਧ੍ਯਾ ਪਈ ਲੋਕੀ ਕੋਠਿਆਂ ਤੇ ਬੈਠੇ ਰੋਟੀਆਂ ਖਾ ਰਹੇ ਸਨ ਕਿ ਆਵਾਜ਼ ਆਈ ਜੋ ਗਿਲਜੇ ਪਿਛਲਾ ਬਦਲਾ ਲੈਣ ਆਏ ਹਨ। ਬੁਲਾਕੀ ਚੱਕਾਂ ਵਿਚ ਹੁਣ ਉਹ ਡਰ ਦਾ ਮਾਦਾ ਨਹੀਂ ਸੀ, ਸਿੱਖੀ ਦੀ ਰੂਹ ਭਰੀ ਜਾ ਚੁਕੀ ਸੀ। ਹਰ ਮਨੁੱਖ ਤੀਮੀਂ ਵਿਚ ਸਾਹਸ ਸੀ ਅਰ ਲਗਪਗ ਬਹੁਤੇ ਸਿੱਖ ਹੋ ਚੁਕੇ ਸਨ। ਕੁਛ ਸਰਦਾਰਾਂ ਦੇ ਕੋਲ ਭੀ ਹੁਣ ਚੰਗੀ ਗਿਣਤੀ ਸਿੱਖ ਜੁਆਨਾਂ ਦੀ ਰਹਿੰਦੀ ਸੀ। ਗਲ ਕੀਹ ਉਸੇ ਵੇਲੇ ਹਰ ਕੋਈ ਉਠ ਪਿਆ। ਜੋ ਹਥ੍ਯਾਰ ਕਿਸੇ ਦੇ ਹਥ ਆਯਾ ਉਹ ਹੀ ਮੋਢੇ ਧਰਲਿਆ। ਤ੍ਰੀਮਤਾਂ ਤਕ ਤਲਵਾਰਾਂ, ਕਹੀਆਂ, ਟੋਕੇ, ਦਾਤ੍ਰੀਆਂ ਤਕ ਲੈ ਕੇ ਮਗਰੇ ਟੁਰ ਪਈਆਂ। ਗਿਲਜ਼ੇ ਦਿਨ ਦੇ ਥੱਕੇ ਹੋਏ ਦੋ ਕੋਹ ਪਰੇ ਹੀ ਉਤਰੇ ਪਏ ਸਨ, ਗਰਮੀ ਦੀ ਰੁਤ ਸੀ। ਉਹ ਕੀ ਜਾਣਦੇ ਸਨ ਕਿ ਅੱਗੋਂ ਕਿਸੇ ਏਥੇ ਵਧ ਕੇ ਆ ਕੇ ਟਾਕਰਾ ਕਰਨਾ ਹੈ। ਉਨ੍ਹਾਂ ਨੇ ਤਾਂ ਅਗਲੀ ਸਵੇਰੇ ਬੁਲਾਕੀ ਚੱਕਾਂ ਤੇ ਹਮਲਾ ਕਰਨਾ ਸੀ। ​ਸੋ ਰਾਤ ਦੇ ਆਰਾਮ ਲਈ ਡੇਰੇ ਕਰ ਰਹੇ ਗ਼ਿਲਜ਼ਿਆਂ ਦੀ ਖਾਤਰ ਸ਼ੁਰੂ ਹੋ ਪਈ। ਘੋਰ ਯੁਧ ਹੋਇਆ, ਦੋ ਹੀ ਘੰਟੇ ਦੇ ਘਮਸਾਨ ਵਿਚ ਬਹੁਤ ਸਾਰੇ ਮਰੇ ਤੇ ਬਾਕੀ ਦੇ ਘਬਰਾ ਕੇ ਸਿਰਾਂ ਤੇ ਅੱਡੀਆਂ ਰੱਖ ਕੇ ਪਿਛਲੇ ਪੈਰੀਂ ਉਠ ਦੌੜੇ, ਨਾਲੇ ਨੱਸੀ ਜਾਣ ਤੇ ਨਾਲੇ ਲਾਹੌਲਾਂ ਪੜ੍ਹਦੇ ਜਾਣ 'ਥੂਹ ਥੱਕ ਬੁਲਾਕੀ ਚੁੱਕਾ ਦੇ'*[50]। ਅਰਥਾਤ ਉਸਦੀ ਦਾੜ੍ਹੀ ਤੇ ਥੁੱਕ ਹੈ ਜੋ ਫੇਰ ਕਦੇ ਬੁਲਾਕੀ ਚੱਕਾਂ ਵੱਲ ਮੂੰਹ ਕਰੇ। ਤਦ ਤੋਂ ਉਸ ਇਲਾਕੇ ਵਿਚ ਕਈ ਸਿੱਖ ਲੋੜ ਪਈ ਤੇ ਜਾ ਲੁਕਦੇ ਹਨ ਅਤੇ ਪੰਥ ਦੀ ਲੋੜ ਵੇਲੇ ਦੇਸ਼ ਵਿਚ ਆਉਂਦੇ ਹਨ।

ਆਗ਼ਾ-ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਭਰਾ ਐਸੇ ਐਸੇ ਬਹਾਦਰੀ ਤੇ ਕੁਰਬਾਨੀ ਦੇ ਕੰਮ ਕਰਦੇ ਹਨ ਤੇ ਆਪਣੇ ਵੈਰੀਆਂ ਨੂੰ ਐਸੀਆਂ ਮੂੰਹ ਦੀਆਂ ਲਵਾਉਂਦੇ ਹਨ। ਧੰਨ ਹਨ ਉਹ! ਸ਼ੁਕਰ ਹੈ ਕਿ ਹੁਣ ਮੇਰੀ ਤਲਵਾਰ ਬੀ ਉਸ ਪਿਆਰੇ ਦੇਸ਼ ਦੀ ਰੱਖ੍ਯਾ ਵਿਚ ਚਮਕਿਆ ਕਰੇਗੀ ਅਰ ਮੇਰੀਆਂ ਰਗਾਂ ਦਾ ਖੂਨ ਅਪਣੀ ਜਨਮ ਭੂਮੀ ਦੀ ਸੇਵਾ ਕਰਦਾ ਉਸੇ ਪਵਿੱਤ੍ਰ ਧਰਤੀ ਵਿਚ ਸਮਾਏਗਾ, ਜਿਸ ਤੋਂ ਕਿ ਉਹ ਪੈਦਾ ਹੋਇਆ ਸੀ। ਸਿੰਘ ਜੀ! ਆਪ ਨੂੰ ਆਪਣੀ ਕੌਮ ਦੇ ਬੜੇ ਹਾਲ ਮਾਲੂਮ ਹਨ।

ਜਸਵੰਤ ਸਿੰਘ-ਅਸੀਂ ਸਾਰਾ ਪੰਥ ਇਕ ਟਬਰ ਹਾਂ। ਸਾਡਾ ਲੰਗਰ ਇਕ ਹੈ। ਸਾਡੇ ਭੈ ਤੇ ਦੁਖ ਸਾਂਝੇ ਹਨ। ਸਾਡੇ ਘਰਾਂ ​ਵਿਚ ਸਿਵਾ ਭਗਤੀ ਤੇ ਸੇਵਾ ਦੇ ਹਰ ਕੋਈ ਕਥਾ ਨਹੀਂ, ਮੌਤ ਲਈ ਅਸੀਂ ਤਿਆਰ ਰਹਿੰਦੇ ਹਾਂ, ਸ਼ਸਤ੍ਰ ਤੇ ਜੰਗ, ਸ਼ਹੀਦੀ ਤੇ ਮੌਤ, ਇਹੋ ਗੱਲਾਂ ਹਰ ਸਿੱਖ ਘਰ, ਹਰ ਸਿੱਖ ਮੰਡਲੀ ਵਿਚ ਹੁੰਦੀਆਂ ਹਨ। ਬੱਚੇ ਬੱਚੇ ਨੂੰ ਪੰਥ ਦੇ ਹਾਲਾਤ ਦਾ ਪਤਾ ਹੈ। ਅਸੀਂ ਸਾਰੇ ਪੰਥ ਦੇ ਬੰਦੇ ਇਕ ਜਾਨ ਹਾਂ, ਇਕ ਖੂਨ ਲੱਖਾਂ ਦੇ ਪੰਥ ਦੀਆਂ ਨਾਂੜਾਂ ਵਿਚ ਜੋਸ਼ ਮਾਰਦਾ ਹੈ, ਸਾਰੇ ਇਕ ਦੇ ਪੁੱਤ੍ਰ ਹਾਂ ਤੇ ਇਸੇ ਕਰਕੇ ਸੱਕੇ ਭਰਾ ਭੈਣ ਹਾਂ, ਦੇਸ਼ ਜਾਓਗੇ ਤਾਂ ਵੇਖੋਗੇ। ਕੁਝ ਹਾਲ ਤਾਂ ਮੈਨੂੰ ਪਤਾ ਸਨ, ਪਰ ਬਹੁਤੀਆਂ ਗੱਲਾਂ ਮੈਨੂੰ ਪਿਛੇ ਆਏ ਸੰਤ ਜੀ ਬੀ ਦੱਸ ਗਏ ਹਨ।

-੦-

੨੧. ਕਾਂਡ।

ਪੰਜਾਬ ਵਿਚ ਮਰਹੱਟਿਆਂ ਦਾ ਜ਼ੋਰ ਵਧ ਜਾਣ ਦੀਆਂ ਸੋਆਂ ਸੁਣ ਸੁਣ ਕੇ ਆਗ਼ਾ ਖਾਂ ਦੀ ਸਲਾਹ ਇਹ ਹੋ ਰਹੀ ਸੀ ਕਿ ਉੱਪਰ ਦੇ ਰਸਤੇ ਪੈ ਜਾਵੇ ਤੇ ਮਾਲਾਕਾਂਦ ਦੇ ਦਰਹੇ ਤੋਂ ਹਿੰਦੁਸਤਾਨ ਵਿਚ ਪਰਵੇਸ਼ ਕਰੇ ਤੇ ਸਿੱਧਾ ਦਰਬੰਦ ਯਾ ਪਿਦੁਰ ਦੇ ਟਿਕਾਣੇ ਕੋਲੋਂ ਅਟਕ ਨੂੰ ਪਾਰ ਕਰੇ, ਪਰ ਕਾਫਲੇ ਨੇ ਪਸ਼ੌਰ ਜਾਣਾ ਸੀ ਤੇ ਇਹ ਬੀ ਆਸਾਨ ਸੀ ਕਿ ਕਾਫਲੇ ਨੂੰ ਮਾਲਾ-ਕਾਂਦ ਟੱਪ ਕੇ ਪਸ਼ੌਰ ਵਲ ਚਾਰਸੱਦੇ ਦੇ ਰਸਤੇ ਪਹੁੰਚਾ ਦੇਵੇ। ਇਹ ਸਲਾਹਾਂ ਉਸਨੂੰ ਇਸ ਜੱਕੋ ਤੱਕੀ ਦੇ ਹਾਲਾਤ ਵਿਚ ਫੁਰ ਰਹੀਆਂ ਸਨ ਕਿ ਪਹਿਲੀ ਖ਼ਬਰ ਮਰਹੱਟਿਆਂ ਦੇ ਪਸ਼ੌਰ ਅੱਪੜ ਜਾਣਦੀ ਤੇ ਜਮਰੌਦ ਤੇ ਨਾਕਾ ਬੰਨ੍ਹਣ ਦੀ ਅੱਪੜੀ ਸੀ। ਸੋ ਉਹ ਕਾਫਲੇ ਨੂੰ ਹੋਤੀ ਪਹੂੰਚਾ ਕੇ ਆਪ ਉਪਰਲੇ ਪੱਤਣੋਂ,ਅਰਥਾਤ ਅਟਕ ਦੇ ਪੱਤਣ ਤੋਂ ਉੱਤੇ ਉੱਤੇ ਅੰਮ੍ਰਿਤਸਰ ਵੱਲ ਨੱਸ ਜਾਣ ਦੀ ਠਾਣ ਰਿਹਾ ਸੀ, ਪਰ ਜੇ ਮਰਹੱਟੇ ਅਟਕ ਤੇ ਹੀ ਅਟਕੇ ਹੋਣ ਅਰ ਅਗੇ ਨਾ ਵਧੇ ​ਹੋਣ ਤਦ ਵੱਧ ਸਲਾਮਤੀ ਏਸ ਵਿਚ ਸੀ ਕਿ ਕਾਫਲਾ ਖ਼ੈਬਰ ਦੇ ਰਸਤੇ ਸਿੱਧਾ ਪਸ਼ੌਰ ਅੱਪੜੇ ਤੇ ਆਗ਼ਾ ਖਾਂ ਪਸ਼ੌਰ ਤੋਂ ਸ਼ਾਹਬਾਜ ਗੜ੍ਹੇ ਦੇ ਰਸਤੇ-ਉਸ ਰਸਤੇ, ਜੋ ਬਹੁਤ ਪੁਰਾਣਾ ਹੈ ਅਰ ਜਿਸ ਰਸਤੇ ਪ੍ਰਸਿੱਧ ਚੀਨੀ ਮੁਸਾਫ਼ਰ ਲੰਘੇ ਸੇ ਤੇ ਜਿਸ ਪਰ ਰਾਜਾ ਅਸ਼ੋਕ ਦਾ ਖ਼ੁਤਬੇ ਦਾ ਪੱਥਰ ਹੁਣ ਤੀਕ ਪਿਆ ਹੈ-ਲੰਘੇ ਤੇ ਦਰਿਆ ਸਿੰਧ ਤੋਂ ਪਾਰ ਹੋ ਜਾਵੇ। ਹਰ ਹਾਲ ਪਸ਼ੌਰੋਂ ਅੱਗੇ ਦਾ ਰਸਤਾ ਤਾਂ ਉਹ ਮਨ ਵਿਚ ਮਿਥ ਚੁਕਾ ਸੀ, ਪਰ ਪਸ਼ੌਰ ਅੱਪੜਨ ਬਾਬਤ ਵਿਚਾਰ ਫੁਰ ਰਹੇ ਸਨ ਕਿ ਸਿੱਧਾ ਜਾਏ ਕਿ ਉੱਪਰਲੇ ਰਸਤੇ ਜਾਏ। ਖ਼ੈਬਰ ਵਲ ਅਫਰੀਦੀਆਂ ਆਦਿਕ ਪਠਾਣ ਕੌਮਾਂ ਦਾ ਡਰ ਬੀ ਸੀ, ਪਰ ਹਸਨ ਖਾਂ ਦਾ ਜੋ ਸਿੱਕਾ ਉਥੇ ਸੀ ਉਸ ਕਰ ਕੇ ਤੌਖਲਾ ਘੱਟ ਸੀ।

ਸੋ ਇਥੇ ਦੋ ਕੁ ਦਿਨ ਠਹਿਰਕੇ ਸੂੰਹੀਏਂ ਅੱਗੇ ਘੱਲਕੇ ਸੂੰਹਾਂ ਕੱਢੀਆਂ ਤਾਂ ਪਤਾ ਲੱਗਾ ਕਿ ਝੁਨਕਾਰ ਰਾਓ ਮਰਹੱਟਾ ਸੈਨਾਪਤ ਅਟਕ ਦੇ ਕਿਲ੍ਹੇ ਵਿਚ ਹੀ ਨਾਕਾਬੰਦੀ ਕੀਤੀ ਬੈਠਾ ਹੈ ਤੇ ਖ਼ੈਬਰ ਤੋਂ ਲੈ ਕੇ ਖੈਰਾਬਾਦ*[51] ਤਕ ਮਰਹੱਟਿਆਂ ਦਾ ਕੋਈ ਵਸੀਕਾਰ ਅਜੇ ਨਹੀਂ ਬਣਿਆਂ। ਆਗ਼ਾਂ ਖਾਂ ਨੂੰ ਹੁਣ ਤਾਂਘ ਛੇਤੀ ਅੱਪੜਨ ਦੀ ਸੀ। ਕਾਫਲਾ ਪਹੁੰਚਾਉਣਾ ਸੀ, ਪਰ ਤਾਂਘ ਡਾਢੀ ਇਹੋ ਲੱਗ ਰਹੀ ਸੀ ਕਿ ਕਦ ਆਪਣੇ ਪਿਆਰੇ ਪਿਤਾ ਦੀ ਛਾਤੀ ਨਾਲ ਸਿਰ ਲਾਕੇ ਪਿਆਰ ਲਵੇ। ਸੂੰਹਾਂ ਦੇ ਆ ਜਾਣ ਤੇ ਉਸ ਨੇ ਖ਼ੈਬਰ ਦਾ ਰਸਤਾ ਹੀ ਠੀਕ ਜਾਤਾ ਤੇ ਭੱਟੀ ਕੋਟ ਪਹੁੰਚਾ, ਏਥੋਂ ਫੇਰ ਵਾਗਾਂ ਇਧਰ ਢੱਕੇ ਨੂੰ ਸਿੱਧੀਆਂ ਮੋੜ ਦਿੱਤੀਆਂ।

ਜਸਵੰਤ ਤੇ ਸਾਂਈਂ ਜੀ ਨੂੰ ਮਿਲਣ ਗਿਲਣ ਵਾਸਤੇ ਆਗ਼ਾ ਖਾਂ ਦੀ ਆਵਾਜਾਈ ਉਨ੍ਹਾਂ ਦੇ ਡੇਰੇ ਨੂੰ ਹੁਣ ਕੁਛ ਵਧ ਗਈ ਤੇ ਕਾਫਲੇ ਵਿਚ ਕੁਛ ਕੰਨੋ ਸੰਨੀ ਗੱਲ ਬਾਤ ਬੀ ਹੋਣ ਲੱਗ ਪਈ ​ਕਿ ਸਾਡੇ ਅਗੁਵਾਨੀ ਸਰਦਾਰ ਜੀ ਇਹਨਾਂ ਸਿਖਾਂ ਨੂੰ ਬਹੁਤ ਮਿਲਦੇ ਹਨ। ਭਾਵੇਂ ਕਾਰਨ ਕੁਛ ਨਹੀਂ ਸੀ ਭਾਸਦਾ ਤੇ ਨਾਂ ਹੀ ਕੁਛ ਕੋਈ ਤੂਤ ਭੀਤੀ ਕੱਢ ਸਕਦਾ ਸੀ, ਪਰ ਜਗਤ ਆਰਸੀ ਵਿਚ 'ਵਧੇਰੇ ਮੇਲ ਜੋਲ ਦਾ ਅਕਸ' ਪ੍ਰਤੀਤ ਹੋਣ ਲਗ ਪਿਆ ਸੀ। ਅਫਗ਼ਾਨ ਸਵਾਰਾਂਦਾ ਦਸਤਾ ਜੋ ਆਗ਼ਾ ਦੀ ਮਾਤਹਿਤੀ ਵਿਚ ਸੀ ਉਹਨਾਂ ਦਾ ਖਿਆਲ ਆਯਾ ਤਾਂ ਸਹੀ, ਪਰ ਤੌਖਲਾ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਏਹ ਕਾਬਲ ਦੇ ਰਹਿਣ ਵਾਲੇ ਸਿਖ ਹਨ ਤੇ ਏਹਨਾਂ ਸਿਖਾਂ ਨੂੰ ਓਹ ਆਪਣੇ ਦੇਸ਼ ਦੇ ਵਪਾਰੀ ਸਮਝਦੇ ਹਨ, ਜਿਨ੍ਹਾਂ ਬਿਨਾਂ ਉਹਨਾਂ ਦਾ ਲੈਣ ਦੇਣ, ਵੰਡ ਵਿਹਾਰ ਵਾਪਾਰੀ ਸਾਮਾਨਾਂ ਦਾ ਝੱਟ ਨਹੀਂ ਸੀ ਲੰਘ ਸਕਦਾ। ਇਨ੍ਹਾਂ ਬਾਬਤ ਉਹਨਾਂ ਨੂੰ ਇਹ ਤੌਖਲਾ ਕਦ ਨਹੀਂ ਸੀ ਪੈਂਦਾ ਜੋ ਪੰਜਾਬ ਦੇ ਨਿਰਭੈ ਵਿਚਰਦੇ ਤੇ ਜੰਗ ਮਚਾਉਂਦੇ ਖਾਲਸੇ ਦਾ ਹਾਲ ਸੁਣ ਸੁਣ ਕੇ ਪੈਂਦਾ ਸੀ। ਸੋ ਸਫਰ ਤੈ ਹੁੰਦਾ ਰਿਹਾ ਤੇ ਕੋਈ ਘਟਨਾ ਕਲੇਸ਼ ਦੀ ਕਿਤੇ ਨਹੀਂ ਹੋਈ। ਆਗ਼ਾਂ ਖਾਂ ਦੀ ਸ਼ਹਜ਼ੋਰੀ, ਉਸਦੀ ਜ਼ਵਾਨੀ ਸ਼ੇਰ-ਸੂਰਤ ਤੇ ਸਿਪਾਹੀ ਰੌ ਦਾ ਦਿਲੀ ਉਛਾਲ ਉਹਨਾਂ ਨੂੰ ਭਾ ਰਿਹਾ ਸੀ ਤੇ ਅਪਣੇ ਸਰਦਾਰ ਦੀ ਮਗ਼ਰੂਰੀ ਦਿਲ ਵਿਚ ਲਈ ਬੜੇ ਰੰਗਾਂ ਨਾਲ ਉਸਦਾ ਹੁਕਮ ਮੰਨੀ ਚਲੇ ਜਾ ਰਹੇ ਸਨ। ਆਗ਼ਾਂ ਖਾਂ ਦੀ ਖੁਸ਼ੀ ਬੜੀ ਅਮੇਟ ਸੀ ਤੇ ਸਾਈਂ ਬੜੀ ਪ੍ਰਸੰਨ ਸੀ ਕਿ ਉਸਦੀ ਸਾਰੀ ਉਮਰਾ ਦੀ ਘਾਲ ਸਿਰੇ ਚੜ੍ਹ ਪਈ ਹੈ। ਪਰ ਸਤਵੰਤ ਦਾ ਖਖੇੜਾਂ ਦੇਖ ਚੁਕਾ ਮਨ ਅਜੇ ਕਿਸੇ ਵੇਲੇ ਘਬਰਾ ਜਾਂਦਾ ਸੀ ਕਿ ਹੇ ਵਾਹਿਗੁਰੂ- "ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥" ਤੂੰ ਹੀ ਬੇੜੇ ਬੰਨੇ ਲਾਉਣ ਵਾਲਾ ਹੈਂ, ਤੇਰੀ ਮਿਹਰ ਹੋਵੇ।

ਗੱਲ ਕੀ ਇਥੋਂ ਬੀ ਕਾਫਲਾ ਤੁਰਿਆ ਤੇ ਢੱਕੇ ਆ ਡੇਰੇ ਲਾਏ, ਏਥੋਂ ਸਰਹੱਦੀ ਪਠਾਣ ਕੌਮਾਂ ਦਾ ਮਾਨੋਂ ਆਰੰਭ ਹੋ ਜਾਂਦਾ ਹੈ। ਸਰਹੱਦ ਦੀਆਂ ਕੌਮਾਂ ਦੇ ਹਥੋਂ ਅਕਬਰ ਬੀ ਭੰਗ ਹੁੰਦਾ ਰਿਹਾ ​ਤੇ ਹੁਣ ਤਕ ਸਾਰੇ ਹਿੰਦ ਦੇ ਪਾਤਸ਼ਾਹ ਇਨ੍ਹਾਂ ਦਾ ਪ੍ਰਬੰਧ ਖਾਸ ਰੱਖਦੇ ਆਏ ਹਨ। ਏਹ ਨਾਂ ਕਾਬਲ ਦੀ ਈਨ ਮੰਨਦੇ ਹਨ ਨਾ ਇਧਰ ਦੇ ਜਬ੍ਹੇ ਹੇਠ ਆਉਂਦੇ ਹਨ। ਹਾਂ, ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਾਵਰ ਦਾ।

ਇਥੋਂ ਇਕ ਟਿਕਾਣੇ ਆਗ਼ਾ ਖਾਂ ਨੇ ਕੁਛ ਆਦਮੀ ਇਕ ਰੁੱਖ ਹੇਠ ਐਉਂ ਬੈਠੇ ਤੱਕੇ ਜੀਕੂੰ ਪਠਾਣ ਜਿਰਗਾ ਕਰਨ ਬੈਠੇ ਹਨ। ਇਸ ਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਤੇ ਇਕ ਸਿੱਖ ਮੁਜ਼ਰਮ ਵਾਂਗੂ ਬੈਠਾ ਹੈ ਤੇ ਬਾਕੀ ਦੇ ਕੁਝ ਵਿਚਾਰਾਂ ਕਰ ਰਹੇ ਹਨ। ਇਹ ਸਿੱਖ ਪੰਜਾਬੀ ਨਹੀਂ, ਪਰ ਉਸੇ ਇਲਾਕੇ ਦੇ ਸਨ। ਪਤਾ ਕਰਨ ਤੇ ਸਿੱਖਾਂ ਨੇ ਦਸਿਆ ਕਿ ਇਹ ਸਾਡਾ ਭਰਾ ਹੈ, ਇਸ ਨੇ ਅੱਜ ਸਾਡੀ ਸ਼ਰਹ*[52] ਦੇ ਵਿਰੁਧ ਇਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸ ਨੂੰ ਗਾਲ੍ਹਾਂ ਦਿੱਤੀਆਂ ਹਨ। ਫੇਰ ਇਕ ਪਠਾਣ ਪਾਸ ਉਸ ਦੀ ਨਿੰਦਿਆ ਕੀਤੀ ਹੈ ਤੇ ਕੁਛ ਸਲਾਹ ਮਸ਼ਵਰਾ ਕੀਤਾ ਹੈ ਕਿ ਉਸ ਦੀ ਮਦਦ ਨਾਲ ਕਿਸੇ ਵੇਲੇ ਇਸ ਨੂੰ ਮਾਰ ਕੁਟਾਈ ਕਰੇ। ਆਗ਼ਾਂ ਖਾਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਜਦ ਦੋਹਾਂ ਦੀ ਲੜਾਈ ਹੋ ਪਈਹੈ ਤਾਂ ਦੋਹਾਂ ਨੂੰ ਜਿਸ ਤਰ੍ਹਾਂ ਬਣ ਪਵੇ ਬਦਲੇ ਲੈਣ ਦਾ ਹੱਕ ਹੈ। ਤੁਸੀਂ ਇਸ ਉੱਤੇ ਜਿਰਗਾ ਕਿਉਂ ਬੈਠ ਰਹੇ ਹੋ[53]? ਸਿੱਖਾਂ ਦੇ ਜੱਥੇਦਾਰ ਨੇ ਕਿਹਾ, 'ਖਾਂ ਸਾਹਿਬ! ਅਸੀਂ ਸਿੱਖ ਹਾਂ, ਸਾਡਾ ਮਤ ਤੇ ਤ੍ਰੀਕਾ ਨਿਆਰਾ ਹੈ। ਅਸੀਂ ਆਪੋ ਵਿਚ ਸਾਰੇ ਭਰਾ ਹਾਂ। ਸਾਡੇ ਵਿਚ ਜੇ ਕਿਸੇ ਗੱਲੇ ਦੋ ਭਰਾਉ ਖ਼ਫਾ ਹੋ ਜਾਣ ਤਾਂ ਗੁਰਦੁਆਰੇ ਵਿਚ ਅਸੀਂ ਫੈਸਲਾ ਕਰ ਲੈਂਦੇ ਹਾਂ। ਆਪੋ ਵਿਚ ਲੜਨਾ ਸਾਡੇ ਵਿਚ ਮਨ੍ਹੇ ਹੈ, ਇਥੋਂ ਤਾਈਂ ਸਾਡੀ ਸ਼ਰਹ ਦਾ ਫਤਵਾ ਹੈ ਕਿ ਜੇ ਸਿੱਖ ਸਿੱਖ ਦਾ ਮੂੰਹ ਫਿਟਕਾਰੇ ​ਸੋ ਤਨਖਾਹੀਆ ਹੈ। ਫਿਰ ਸਾਡੇ ਵਿਚ ਨਿੰਦਿਆ ਮਨ੍ਹੇ ਹੈ। ਕੋਈ ਸਿੱਖ ਕਿਸੇ ਸਿੱਖ ਦੀ ਨਿੰਦਿਆ ਕੰਡੂ ਪਿੱਛੇ ਨਹੀਂ ਕਰ ਸਕਦਾ ਅਤੇ ਫੇਰ ਗ਼ੈਰ ਮਜ੍ਹਬ ਵਾਲੇ ਕੋਲ? ਜੇ ਸਿੱਖ ਨੇ ਕਿਸੇ ਸਿੱਖ ਦਾ ਐਬ ਕਹਿਣਾ ਹੈ ਤਾਂ ਆਪ ਉਸ ਨੂੰ ਪਿਆਰ ਨਾਲ ਅੱਡ ਜਾਂ ਦੱਸੇ। ਜੇ ਕਿਵੇਂ ਇਹ ਗੱਲ ਨਹੀਂ ਹੋ ਸਕਦੀ ਤਾਂ ਅਪਣੇ ਪਰਵਾਰ ਦੇ ਵਡੇ ਕੋਲ ਅੰਦਰਖਾਨੇ ਦੱਸਕੇ ਉਸ ਨੂੰ ਸਮਝਾ ਦੇਵੇ, ਜੇ ਇਥੋਂ ਬੀ ਗਲ ਲੰਘ ਜਾਵੇ ਤਾਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਦੱਸੇ, ਉਹ ਜਾਂ ਆਪ ਸਮਝਾ ਦੇਵੇਗਾ ਜਾਂ ਦੀਵਾਨ ਵਿਚ ਦੱਸਕੇ ਉਸ ਤੋਂ ਪੁੱਛ ਗਿੱਛ ਹੋ ਕੇ ਸਮਝ ਸਮਝੌਤੀ ਹੋ ਜਾਏਗੀ।

ਆਗ਼ਾ ਖਾਂ ਨੇ ਕਿਹਾ-ਇਹ ਗੱਲਾਂ ਬੜੀਆਂ ਕਠਨ ਹਨ। ਤੁਹਾਡੀ ਕੌਮ ਇਨ੍ਹਾ ਗੱਲਾਂ ਵਿਚ ਨਿਭਦੀ ਹੈ?

ਸਿੱਖ-ਕਿਉਂ ਨਹੀਂ। ਖਾਂ ਜੀ! ਅਸੀਂ ਲੋਕ ਇਕ ਪਰਵਾਰ ਹਾਂ, ਜੇ ਇਹ ਪਿਅਰ ਨਾ ਹੋਵੇ ਤਾਂ ਪਰਵਾਰ ਕਾਹਦਾ?

ਆਗ਼ਾ ਖਾਂ-ਸਬੱਬ ਕੀਹ ਹੈ?

ਸਿੱਖ-ਗੁਰੂ ਦਾ ਹੁਕਮ। ਹੁਕਮ ਹੈ ਕਿ (ੳ) ਸਿੱਖ ਸਿੱਖ ਦਾ ਮੂੰਹ ਨਾ ਫਿਟਕਾਰੇ। (ਅ) ਕੰਡੂ ਪਿਛੇ ਨਿੰਦਾ ਨਾ ਕਰੇ। (ੲ)ਕਿਸੇ ਸਿੱਖ ਯਾ ਅਸਿੱਖ ਨਾਲ ਮਿਲ ਕੇ ਸਿੱਖ ਦਾ ਬੁਰਾ ਨਾ ਕਰੇ*[54]। ​ਜੇ ਇਹ ਗੱਲਾਂ ਸਾਡੇ ਵਿਚ ਨਾ ਰਹੀਆਂ ਤਾਂ ਅਸੀਂ ਭਰਾ ਨਹੀਂ ਰਹਿ ਸਕਾਂਗੇ। ਭਰਾ ਜੇ ਭਰਾ ਦਾ ਐਬ ਦੇਖੇ ਤਾਂ ਉਸ ਦਾ ਧਰਮ ਹੁੰਦਾ ਹੈ ਭਰਾ ਦਾ ਸੁਧਾਰ ਕਰਨਾ ਨਾ ਕਿ ਬਦਲਾ ਲੈਣਾ, ਦੁਖ ਦੇਣਾ। ਜੇ ਭਰਾ ਹੀ ਆਪੋ ਵਿਚ ਵੈਰ ਕਰਨ ਤਾਂ ਬਾਹਰਲੇ ਵੈਰੀ ਦੇ ਮਾਰਨ ਦੀ ਕੀ ਲੋੜ ਹੈ, ਆਪੇ ਹੀ ਆਪੋ ਵਿਚ ਖਹਿ ਖਹਿਕੇ ਮਰ ਜਾਣਗੇ। ਸੋ ਸਾਡਾ ਅਸੂਲ ਇਹ ਹੈ ਕਿ ਸਿੱਖ ਦਾ ਆਪੋ ਵਿਚ ਏਕਾ ਤੇ ਪਿਆਰ ਨਾ ਟੁੱਟੇ। ਮਨੁੱਖਾ ਜਨਮ ਹੈ ਭੁੱਲ ਭੀ ਹੋਣੀ ਹੋਈ ਤੇ ਬਿਖਾਂਧ ਭੀ ਆਪੋ ਵਿਚ ਖੜੇ ਹੋ ਜਾਣੇ ਹੋਏ, ਸੋ ਇਸ ਲਈ ਬਦੋਬਸਤ ਇਹ ਹੈ ਕਿ ਸਿਖ ਸਿਖ ਦੀ ਭੁੱਲ ਦੇਖਕੇ ਅਨਡਿੱਠ ਕਰੇ ਯਾ ਅਪਣੇ ਭਰਾ ਦੇ ਸੁਧਾਰ ਵਿਚ ਹੋਵੇ, ਵੈਰ ਲੈਣ ਵਿਚ ਨਾ ਪਵੇ ਤੇ ਸੁਧਾਰ ਚੁਪ ਚਾਪ ਹੋਵੇ। ਫਿਟਕਾਰਨਾ ਕਿ ਉਸ ਦੀ ਨਿੰਦਾ ਕਰਨੀ ਕਿ ਉਸ ਨੂੰ ਆਪ ਭੰਡਣਾ ਯਾ ਮਿਰਾਸੀ ਦਾ ਗੁੱਡਾ ਬੰਨ੍ਹਣਾ[55], ਕਿਸੇ ਤਰ੍ਹਾਂ ਨਸ਼ਰ


[ਸਫਾ ੨੨੫ ਦੀ ਬਾਕੀ ਟੂਕ]

੧੦. ਜੋ ਸਿਖ ਮਨਸੂਬਾ ਕਰ ਸਿਖਾਂ ਵਿਚ ਦੁਬਿਧਾ ਪਾਏ ਸੋ ਤਨਖਾਹੀਆ।

੧੧. ਜੋ ਸਿਖ ਦਾ ਮੰਦਾ ਹੋਵਣ ਲੱਗੇ, ਕਾਰਜ ਬਿਗਾੜੇ, ਦੱਸੇ ਨਹੀਂ ਸੋ ਤਨਖਾਹੀਆ।

੧੨. ਜੋ ਸਿਖਾਂ ਨੂੰ ਤਰਕਾਂ ਮਾਰੇ ਸੋ ਤਨਖਾਹੀਆ।

੧੩. ਸਿਖਾਂ ਦਾ ਮਾਮਲਾ ਸਿਖਾਂ ਵਿਚ ਨਿਬੜ। ​ਕਰਨਾ*[56], ਸਭ ਗੱਲਾਂ ਮਨ੍ਹੇ ਹਨ। ਭਰਾ ਭਰਾ ਦੇ ਮਾਮਲੇ ਨਜਿੱਠਣ ਲਈ ਸਿਖ ਸਿਖ ਦਾ ਅਪਣਾ ਪਿਆਰ, ਪਰਵਾਰ ਦਾ ਪਿਆਰ, ਦੀਵਾਨ ਦਾ ਪਿਆਰ ਬੱਸ ਕਾਫੀ ਅਦਾਲਤਾਂ ਹਨ [57]। ਇਸ ਸਿਖ ਭਰਾ ਨੇ ਜੋ ਭੁੱਲ ਕੀਤੀ ਹੈ ਇੰਨੀ ਵੱਡੀ ਹੈ ਕਿ ਅੱਜ ਪੰਥ ਦਾ ਇਹ ਜੱਥਾ ਫੈਸਲਾ ਕਰ ਰਿਹਾ ਹੈ।

ਆਗ਼ਾ ਖਾਂ ਨੇ ਪੁੱਛਿਆ ਕਿ ਫੇਰ ਕੀ ਫੈਸਲਾ ਹੋਇਆ ਹੈ?

ਸਿਖ-ਜੁਰਮ ਸਾਬਤ ਹੋ ਗਿਆਂ ਹੈ ਅਰ ਸਿੱਖ ਨੇ ਮੰਨ ਲਿਆ ਹੈ, ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ ੧।) ਗੁਰੂ ਕੀ ਗੋਲਕ ਵਿਚ ਦੇਵੇ ਤੇ ਪੰਜ ਪਾਠ ਜਪੁਜੀ ਸਾਹਿਬ ਦੇ ਕਰੇ, ਫੇਰ ਅਪਣੇ ਘਰ ਸਿੱਖਾਂ ਦਾ ਪ੍ਰਸ਼ਾਦ ਕਰੇ। ਜਿਸ ਸਿਖ ਭਰਾ ਦੀ ਨਿੰਦਾ ਕੀਤੀ ਹੈ ਉਸ ਨੂੰ ਆਪ ਸੱਦਣ ਜਾਵੇ ਤੇ ਪ੍ਰਸ਼ਾਦ ਵਾਲੇ ਦਿਨ ਸਾਰੇ ਭਰਾ ਇਕੱਠੇ ਬੈਠਣ ਤੇ ਪ੍ਰਸ਼ਾਦ ਛਕਣ। ਇਸ ਤੋਂ ਪਿੱਛੇ ਜਿਸ ਭਰਾ ਦੀ ਨਿੰਦਾ ਹੋਈ ਹੈ ਉਸ ਦੇ ਘਰ ਸਾਰੇ ਪ੍ਰਸ਼ਾਦ ਛਕਣ। ਹੁਣ ਗੱਲ ਕੇਵਲ ਇੰਨੀ ਹੋ ਰਹੀ ਹੈ ਕਿ ਗ੍ਰੰਥੀ ਸਿੰਘ ਜੀ ਉਸ ਨੂੰ ਸਮਝਾ ਰਹੇ ਹਨ ਕਿ ਅਪਣੇ ਭਰਾ ਤੋਂ ਬਦਲਾ ਲੈਣ ਵਾਸਤੇ ਤੁੰ ਪਠਾਣ ਦੀ ਸ਼ਰਨ ਲੈਣ ਵਿਚ ਜੋ ਭੁੱਲ ਕੀਤੀ ਸੋ ਬੜੀ ਹਾਨੀਕਾਰਕ ਸੀ।

ਖਾਂ ਸਾਹਿਬ! ਤੁਸਾਂ ਖ਼ਫੇ ਨਹੀਂ ਹੋਣਾ, ਸਾਡੇ ਖ਼ੈਲ[58]ਵਿਚ ​ਇਹੋ ਤ੍ਰੀਕਾ ਹੈ ਕਿ ਚਾਹੇ ਕਿੰਨਾਂ ਮਿਤ੍ਰ ਹੋਵੇ ਜੋ ਸਿੱਖ ਨਹੀਂ ਉਸ ਦੀ ਮਦਦ ਸਿੱਖ ਦੇ ਬਰਖਿਲਾਫ ਕਦੇ ਨਹੀਂ ਲੈਣੀ। ਸਿੱਖ ਲੜੇ ਹੋਏ ਬੀ ਆਪੇ ਵਿਚ 'ਨਾ ਸਿੱਖ' ਕੋਲੋਂ ਨੇੜੇ ਦੇ ਸਾਕੇਦਾਰ ਹਨ।

ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕੇ ਆਗ਼ਾ ਖਾਂ ਅਪਣੇ ਡੇਰੇ ਆ ਗਿਆ ਅਰ ਸ਼ਾਮਾਂ ਨੂੰ ਉਸ ਨੇ ਇਹ ਸਾਰਾ ਮਾਜਰਾ ਜਸਵੰਤ ਤੇ ਸਾਂਈਂ ਨੂੰ ਸੁਣਾਇਆ ਅਰ ਅਪਣੇ ਪੰਥ ਵਿਚ ਇਸ ਅਲੌਕਿਕ ਰਵੱਯੇ ਦੀ ਮਹਿਮਾ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਤੁਰਕ ਰਾਜ ਜ਼ਰੂਰ ਤਬਾਹ ਹੋਵੇਗਾ ਅਰ ਸਿੱਖ ਜ਼ਰੂਰ ਰਾਜ ਕਰਨਗੇ।

ਇਸ ਪ੍ਰਕਾਰ ਸਫਰ ਮੁੱਕਦਾ ਰਿਹਾ। ਲੰਡੀ ਕੋਤਲ[59] ਜਮਰੌਦ ਹੁੰਦੇ ਹੋਏ ਪਿਸ਼ਾਵਰ ਅੱਪੜੇ। ਸਭ ਨੇ ਅਪਣੇ ਅਪਣੇ ਟਿਕਾਣੇ ਕੀਤੇ। ਆਗ਼ਾ ਖਾਂ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਹੋਇਆ। ਸਾਰੇ ਪ੍ਰਬੰਧ ਕਰਕੇ ਹੁਣ ਇਹ ਵਿਉਂਤ ਠਹਿਰੀ ਕਿ ਜਸਵੰਤ ਸਿੰਘ ਜੀ ਤੇ ਹੋਰ ਵਪਾਰੀਆਂ ਨੂੰ ਜੋ ਯੁਸਫ-ਜ਼ਈ ਦੇ ਇਲਾਕੇ ਹੋਤੀ ਜਾਣਾ ਚਾਹੁੰਦੇ ਸਨ, ਕੁਛ ਜੁਆਨ ਨਾਲ ਜਾ ਕੇ ਪਹੁੰਚਾ ਆਉਣ। ਪਿਸ਼ੌਰ ਤੋਂ ਇਕ ਕਾਫਲਾ ਕਾਬਲ ਜਾਣ ਲਈ ਤਿਆਰ ਸੀ, ਪਰ ਇਸ ਕਾਫਲੇ ਹੋਤੀ, ਦਰਗਈ, ਮਾਲਾਕਾਂਦ ਦੇ ਰਸਤੇ ਜਾਣਾ ਸੀ। ਸੋ ਇਹ ਪ੍ਰਬੰਧ ਬੀ ਪਿਸ਼ਾਵਰ ਦੇ ਖਾਨ ਨਾਲ ਹੋ ਗਿਆ ਕਿ ਇਸ ਕਾਫਲੇ ਦੀ ਅਗੁਵਾਨੀ ਬੀ ਆਗ਼ਾ ਖਾਂ ਕਰੇ। ਕਿਉਂਕਿ ਖਾਨ ਨੂੰ ਹਸਨ ਖਾਂ ਵਲੋਂ ਸੰਦੇਸ਼ਾ ਪੁੱਜ ਚੁਕਾ ਸੀ ਕਿ ਆਗ਼ਾ ਖਾਂ ਦੀ ਖ਼ਾਤਰ ਕਰੇ ਤੇ ਉਸ ਨੂੰ ਛੇਤੀ ਵਾਪਸ ਕਰੇ, ਉਹ ਬੱਚਾ ਹੈ ਤੇ ਉਸਦਾ ਇਹ ਪਹਿਲਾ ਸਫਰ ਹੈ। ਸੋ ਅਪਣੇ ਜਥੇ ਨੂੰ ਪਿਸ਼ਾਵਰ ਛੱਡ ਕੇ ਕੁਛ ਸਿਪਾਹੀਆਂ ਨੂੰ ਨਾਲ ਲੈ ਹੋਤੀ ਅੱਪੜਨ ​ਵਾਲੇ ਵਪਾਰੀਆਂ ਸਣੇ ਆਗ਼ਾ ਹੋਤੀ ਆਯਾ। ਏਥੇ ਪਿਸ਼ਾਵਰ ਦੇ ਖਾਨ ਦੇ ਲਿਖੇ ਮੂਜਬ ਹੋਤੀ ਦੇ ਖਾਨ ਦਾ ਮਹਿਮਾਨ ਰਿਹਾ। ਜਸਵੰਤ ਸਿੰਘ ਤੇ ਸਾਥੀਆਂ ਨੇ ਧਰਮਸਾਲੇ ਡੇਰੇ ਕੀਤੇ ਤੇ ਅੱਗੇ ਟੁਰਨ ਦੇ ਪ੍ਰਬੰਧ ਸੋਚਣ ਲੱਗੇ। ਖਾਨ ਨੇ ਇਕ ਦਿਨ ਆਗ਼ਾ ਖਾਂ ਨੂੰ ਸ਼ਿਕਾਰ ਖਿਡਾਯਾ। ਸ਼ਿਕਾਰ ਖੇਡਦੇ ਇਹ ਤਖਤਬਾਹੀ ਦੀ ਪਹਾੜੀ ਤੇ ਜਾ ਚੜ੍ਹੇ। ਉਪਰ ਜਾਕੇ ਤੇ ਖੰਡਰ ਖੋਲੇ ਵੇਖ ਕੇ ਆਗ਼ਾ ਨੂੰ ਪਤਾ ਲੱਗਾ ਕਿ ਇਸ ਪਹਾੜੀ ਦੇ ਉੱਤੇ ਕਦੇ ਕਾਫਰਾਂ (ਬੱਧੀਆਂ) ਦੇ ਬੜੇ ਮੰਦਰ ਤੇ ਮਦਰੱਸੇ ਸਨ। ਮਿਟੀਆਂ ਹੇਠ ਸਭ ਕੁਛ ਦਬ ਰਿਹਾ ਸੀ, ਪਰ ਕਿਤੇ ਕੁਛ ਨੰਗਾ ਬੀ ਸੀ। ਟੁੱਟੇ ਬੁੱਤਾਂ ਦੇ ਟੁਕੜੇ, ਨੱਕ ਕੱਟ ਦਿਤੇ ਹੋਏ, ਕਈ ਇਮਾਰਤਾਂ ਦੀਆਂ ਕੰਧਾਂ ਤੇ ਚੂਨੇ ਨਜ਼ਰ ਆਏ, ਦੇਖਕੇ ਉਸਨੇ ਹਾਹੁਕਾ ਲੀਤਾ ਤੇ ਆਖਿਆ ਕਿ 'ਕਮਜ਼ੋਰ ਕੰਮਾਂ ਦੇ ਐਸ਼੍ਵਰਜ ਜ਼ਬਰਦਸਤ ਕੌਮਾ ਕੀਕੂੰ ਤਬਾਹ ਕਰਦੀਆਂ ਹਨ'। ਫੇਰ ਡੇਰੇ ਆਕੇ ਉਸ ਨੇ ਓਸ ਥਾਂਵੇਂ ਇਕੱਲਿਆਂ ਫੇਰਾ ਪਾਯਾ ਜੋ ਕਲਪਾਣੀ ਨਦੀ ਦੇ ਕਿਨਾਰੇ ਜਸਵੰਤ ਸਿੰਘ ਨਾਲ ਮਿਲਨੇ ਦਾ ਠਾਣ ਰੱਖਿਆ ਸੀ। ਇਥੇ ਗੱਲਾਂ ਕਰਦਿਆਂ ਉਸ ਨੇ ਜਸਵੰਤ ਸਿੰਘ ਤੋਂ ਪੁੱਛਿਆ ਸਿਖ ਬੀ ਬੁਤਪ੍ਰਸਤ ਨਹੀਂ ਹਨ, ਪਰ ਕੀ ਕਦੇ ਉਨ੍ਹਾਂ ਹਿੰਦੂਆਂ ਦੇ ਬੁਤਖਾਨੇ ਗਿਰਾਏ ਹਨ?

ਜਸਵੰਤ ਸਿੰਘ–ਕਦੇ ਨਹੀਂ! ਤੇ ਸਿੱਖ ਨਿਰੇ ਨਾ-ਬੁਤਪ੍ਰਸਤ ਹੀ ਨਹੀਂ ਹਨ, ਸਗੋਂ ਬੁਤ ਸ਼ਿਕਨ ਬੀ ਹਨ, ਪਰ ਓਹ ਬੁਤ ਜਬਰੀ ਹਥੋੜੇ ਨਾਲ ਨਹੀਂ ਤੋੜਦੇ, ਓਹ ਅਪਣੇ ਉਪਦੇਸ਼ਾਂ ਨਾਲ, ਪਵਿੱਤ੍ਰ ਤੇ ਕਣੀ ਵਾਲੇ ਜੀਵਨ ਨਾਲ, ਲੋਕਾਂ ਦੇ ਦਿਲਾਂ ਵਿਚੋਂ ਬੁੱਤਾਂ ਦੇ ਡੇਰੇ ਉਠਾ ਕੇ ਵਾਹਿਗੁਰੂ ਦਾ ਨਿਵਾਸ ਕਰਾ ਦੇਂਦੇ ਤੇ ਬੁੱਤ ਤੁੜਵਾਂ ਦੇਂਦੇ ਹਨ। ਬੁਤ ਸ਼ਿਕਨ ਤਾਂ ਅਪਣੇ ਇੰਦੀਏ ਵਿਚ ਨਾ-ਕਮਯਾਬ ਰਹਿੰਦਾ ਹੈ, ਕਿਉਂਕਿ ਉਸ ਨੇ ਜਦ ਮੰਦਰ ਤੇ ਬੁੱਤ ਤਾਕਤ ਨਾਲ ਤੋੜ ਲਏ, ਤਦੋਂ ਬੀ ਲੋਕਾਂ ਦੇ ਦਿਲਾਂ ਵਿਚ ਬੁੱਤ ਵਸਦੇ ਰਹਿੰਦੇ ਹਨ, ਸਮਾਂ ਪਾ ਕੇ ਦਿਲਾਂ ਦੇ ਬੁੱਤ ਫਿਰ ਮਿੱਟੀਆਂ ​ਪੱਥਰਾਂ ਦੇ ਬੁੱਤ ਘੜ ਲੈਂਦੇ ਹਨ।[60] ਫਿਰ ਜੋ ਜ਼ਬਰਦਸਤੀ ਦੀਨ ਦੀ ਈਨ ਮਨਾ ਕੇ ਅਪਣੇ ਮਜ਼ਹਬ ਵਿਚ ਲੋਕਾਂ ਨੂੰ ਲੈਂਦੇ ਹਨ, ਉਹ ਬੀ ਇਕ ਭੁੱਲ ਕਰਦੇ ਹਨ, ਕਿਉਂਕਿ ਇਹ ਭਾਰੀ ਅੰਨ੍ਯਾਇ ਹੈ ਤੇ ਤਾਕਤ ਦੇ ਅੱਗੇ ਉੱਚੇ ਮਨਾਂ ਵਾਲੇ ਤੇ ਸ਼ਰੀਫ ਦਿਲਾਂ ਵਾਲੇ ਝੁਕਦੇ ਨਹੀਂ, ਓਹ ਤਾਂ ਮੌਤ ਕਬੂਲ ਕਰਦੇ ਹਨ, ਬਾਕੀ ਕਮਜ਼ੋਰ, ਕਾਇਰ ਤੇ ਕਮੀਨੇ ਦਿਲ ਜ਼ੋਰ ਤੇ ਲਾਲਚ ਅੱਗੇ ਝੁਕ ਕੇ ਦੀਨ ਕਬੂਲਦੇ ਹਨ, ਐਸੇ ਲੋਕਾਂ ਦੇ ਦੀਨ ਵਿਚ ਆ ਜਾਣ ਨਾਲ ਦੀਨ ਦੀ ਇਖ਼ਲਾਕੀ ਸੁਰ ਨੀਵੀਂ ਪੈਣ ਲਗ ਜਾਂਦੀ ਹੈ। ਕਿਸੇ ਇਨਸਾਨੀ ਖਿਆਲ ਨੂੰ ਮੋੜਾ ਦੇਣ ਲਈ ਪ੍ਰੇਰਨਾ ਹੀ ਠੀਕ ਤ੍ਰੀਕਾ ਹੈ, ਜਬਰ ਕਦੇ ਬੀ ਚੰਗਾ ਨਹੀਂ ਅਰ ਦੋਹਾਂ ਧਿਰਾਂ ਲਈ ਚੰਗਾ ਨਹੀਂ। ਜਬਰ ਨਾਲ ਲੋਕਾਂ ਨੂੰ ਗ਼ੁਲਾਮ ਬਨਾਉਣ ਵਾਲੀ ਕੌਮ ਸਮਾਂ ਪਾ ਕੇ ਉਸੇ ਅਪਣੇ ਜ਼ੁਲਮ ਦੇ ਵਤੀਰੇ ਦੇ ਕਾਰਨ ਇਹੋ ਜਿਹੀਆਂ ਗ਼ਲਤੀਆਂ ਕਰ ਕਰਕੇ ਇਖ਼ਲਾਕ ਵਿਚ ਗਿਰ ਜਾਂਦੀ ਹੈ। ਨਿਰੇ ਬੁੱਤ ਹੀ ਬੁੱਤ ਨਹੀਂ, ਇਕ ਬੁਤਖਾਨਾ ਇਨਸਾਨ ਦੇ ਦਿਲ ਵਿਚ ਬੀ ਹੈ। ਸਿੱਖ ਦਿਲਾਂ ਦੇ ਬੁੱਤਾਂ ਨੂੰ ਬੀ ਢਾਉਂਦੇ ਹਨ। ਵਾਹਿਗੁਰੂ ਤੋਂ ਵਧੀਕ ਅਪਣੇ ਦਿਲ ਵਿਚ ਜਾਨ, ਮਾਲ, ਇੱਜ਼ਤ, ਪੁੱਤ੍ਰ, ਇਸਤ੍ਰੀ ਕਿਸੇ ਹੀ ਹੋਰ ਨੂੰ ਪਿਆਰ ਕਰਨਾ ਇਕ ਵੱਡੀ ਬੁਤਪ੍ਰਸਤੀ ਹੈ, ਜੋ ਮੋਮਨ ਤੇ ਬੁਤ ਸ਼ਿਕਨ ਲੋਕ ਆਪ ਵੀ ਕਰਦੇ ਹਨ, ਸਿੱਖ ਇਸ ਬੁਤਪ੍ਰਸਤੀ ਦਾ ਦਾਰੂ ਵੀ ਸਿਖਾਲਦੇ ਹਨ।

ਕੁਛ ਦਿਨ ਇਹੋ ਗੱਲ ਰਹੀ ਕਿ ਤੜਕਸਾਰ ਕਲਪਾਣੀ ਨਦੀ ਦੇ ਕਿਨਾਰੇ ਆਗ਼ਾ ਖਾਂ, ਜਸਵੰਤ ਸਿੰਘ ਤੇ ਸਾਂਈਂ ਨੇ ਮਿਲ ਗਿਲ ਲੈਣਾ ਤੇ ਪੰਜਾਬ ਦੇ ਸਫ਼ਰ ਦੀ ਤਿਆਰੀ ਗਿਣ ਗੱਠ ਲੈਣੀ ਤੇ ਹੋਰ ਮਾਮਲੇ ਵਿਚਾਰ ਲੈਣੇ। ਅੰਤ ਪਿਸ਼ਾਵਰ ਦਾ ਕਾਫਲਾ ਆ ਗਿਆ, ਕੁਛ ਲੋਕ ਹੋਤੀ ਤੋਂ ਨਾਲ ਰਲੇ ਕਾਬਲ ਨੂੰ ਕੂਚ ਦੀ ​ਤਿਆਰੀ ਹੋਈ। ਹੁਣ ਆਗ਼ਾ ਖਾਂ ਤਿੰਨ ਦਿਨ ਜਸਵੰਤ ਨੂੰ ਨਹੀਂ ਮਿਲ ਸਕਿਆ। ਇਧਰ ਇਸ ਨੇ ਇਹ ਪ੍ਰਬੰਧ ਕੀਤਾ ਕਿ ਆਪਣਾ ਇਕ ਨਾਇਬ ਜੱਥੇਦਾਰ ਥਾਪ ਕੇ ਰੁਪੱਯਾ ਤੇ ਸਾਮਾਨ ਉਸ ਦੀ ਸਪੁਰਦੀ ਵਿਚ ਦੇ ਕੇ ਕਾਫਲੇ ਨੂੰ ਫੌਜ ਦੇ ਦਸਤੇ ਸਮੇਤ ਮਾਲਾਕਾਂਦ ਟੋਰਿਆ ਤੇ ਆਖਿਆ ਕਿ ਤੁਸੀਂ ਦਰਗਈ ਡੇਰੇ ਪਾਓ ਤੇ ਮੈਂ ਏਥੇ ਖਾਨ ਹੋਤੀ ਪਾਸ ਦੋ ਚਾਰ ਦਿਨ ਠਹਿਰਨਾ ਹੈ, ਤੁਸੀਂ ਚੱਲੋ ਤੇ ਮੈਂ ਮਗਰੇ ਅੱਪੜਾਂਗਾ। ਸੋ ਆਗ਼ਾ ਇਹਨਾਂ ਨੂੰ ਟੋਰਕੇ ਆਪ ਖ਼ਾਨ ਦਾ ਮਹਿਮਾਨ ਰਿਹਾ।

ਆਗ਼ਾ ਤੇ ਜਸਵੰਤ ਸਿੰਘ ਸੰਝ ਨੂੰ ਜਦ ਮਿਲੇ ਤਾਂ ਆਗ਼ਾ ਖਾਂ ਨੇ ਅਪਣੇ ਦਸਤੇ ਨੂੰ ਮਾਲਾਕਾਂਦ ਵੱਲ ਅੱਗੇ ਟੋਰ ਦੇਣ ਦਾ ਹਾਲ ਦੱਸਿਆ, ਤਾਂ ਜਸਵੰਤ ਸਿੰਘ ਨੇ ਕਿਹਾ ਕਿ ਤੁਸਾਂ ਜੋ ਦਸਤੇ ਨੂੰ ਕਿਹਾ ਹੈ ਕਿ ਤੁਸੀਂ ਫਲਾਣੀ ਥਾਂ ਡੇਰੇ ਕਰੋ ਤੇ ਮੈਂ ਦੋ ਚਾਰ ਦਿਨਾਂ ਨੂੰ ਆ ਮਿਲਾਂਗਾ ਇਹ ਹੈ ਦੁਨਿਆਵੀ ਨੀਤੀ, ਪਰ ਸਿੱਖਾਂ ਵਿਚ ਇਹ ਰਵਾ ਨਹੀਂ, ਸਿੱਖ ਅਪਣੀ ਨੀਤੀ ਦੀ ਨੀਂਹ ਬੀ ਸੱਚ ਉਤੇ ਧਰਦਾ ਹੈ, ਝੂਠ ਨਹੀਂ ਬੋਲਦਾ। ਮੈਨੂੰ ਬੀ ਦਿੱਸਦਾ ਹੈ ਕਿ ਦਸਤੇ ਤੋਂ ਛੁਟਣਾ ਕਠਨ ਕੰਮ ਹੈਸੀ, ਪਰ ਸਿੱਖ ਦੀ ਰਸਨਾ ਝੂਠ ਨਾਲ ਵਾਕਫੀ ਨਹੀਂ ਰਖਦੀ। ਸਿੱਖ ਨੂੰ ਜਦ ਨੀਤੀ ਦਾ ਵੇਲਾ ਆਵੇ ਤਾਂ ਉੱਚੀ ਅਕਲ ਨਾਲ ਮਾਮਲੇ ਨਜਿੱਠਦਾ ਹੈ। ਪਰ ਇਹ ਤੁਹਾਡਾ ਕਸੂਰ ਨਹੀਂ, ਤੁਸੀਂ ਅਪਣੀ ਕੌਮ ਵਿਚ ਜੰਮੇ ਪਲੇ ਨਹੀਂ ਤੇ ਤੁਹਾਨੂੰ ਆਪਣੀ ਕੌਮ ਦੇ ਹਾਲਾਂ ਦਾ ਪਤਾ ਨਹੀਂ।

ਆਗ਼ਾ ਖਾਂ–ਜਦੋਂ ਵੀਰ ਜੀ! ਸਾਡਾ ਵੈਰੀ ਝੂਠਾ ਹੋਵੇ, ਚਾਲਾਕ ਤੇ ਰਿੰਦ ਹੋਵੇ, ਸਾਨੂੰ ਦਾਉ ਘਾਉ, ਫਰੇਬ, ਛਲ ਨਾਲ, ਜਿਸ ਨੂੰ ਉਹ ਨੀਤੀ ਆਖੇ ਮਾਰੇ, ਤਦ ਕੀ ਉਸਨੂੰ ਮਾਰਨ ਲਈ ਬੀ ਝੂਠ, ਛਲ, ਫਰੇਬ ਅਰਥਾਤ ਉਸੇ ਵਰਗੀ ਨੀਤੀ ਰਵਾ ਨਹੀਂ?

ਜਸਵੰਤ ਸਿੰਘ–ਮੈਨੂੰ ਬੀ ਦੇਸੋਂ ਨਿਖੜਿਆਂ ਮੁੱਦਤ ਬੀਤ ਚੁਕੀ ਹੈ, ਪਰ ਜੋ ਦਾਤਾ ਸਿੱਖ ਜੀ ਕਾਬਲ ਵਿਚ ਮੈਨੂੰ ਰੱਬ ਦੇ ​ਰਸਤੇ ਪਾ ਗਏ ਹਨ ਓਹ ਦੱਸਦੇ ਸਨ ਕਿ ਸਿਖ ਕਿਸੇ ਵੇਲੇ ਬੀ ਝੂਠ ਦੇ ਰਸਤੇ ਨਹੀਂ ਪੈਂਦੇ, ਕਿਉਂਕਿ ਸਿੱਖ ਭੁੱਲ ਵੱਲ ਰੁਖ਼ ਰੱਖਣ ਵਾਲਾ ਜੀਵ ਨਹੀਂ, ਸਿੱਖ 'ਯਾਦ' ਵਿਚ ਵਸਦਾ ਹੈ, ਇਸ ਕਰਕੇ ਜੀਉਂਦਾ ਹੈ। ਉਹ ਸੱਚ ਤੇ ਖੜੋ ਕੇ ਹੀ ਅਪਣੇ ਪੈਰਾਂ ਤੇ ਘੁੰਮ ਕੇ ਸਾਰੇ ਜਹਾਨ ਨੂੰ ਚੱਕਰ ਦੇ ਲੈਂਦਾ ਹੈ। ਝੂਠੇ ਬੰਦੇ ਕਦੇ ਕੌਮ ਦਾ ਕੁਛ ਨਹੀਂ ਸੁਆਰ ਸਕਦੇ। ਝੂਠ ਤਾਂ ਪ੍ਰਵਿਰਤ ਹੀ ਤਦੋਂ ਬਹੁਤਾ ਹੋ ਸਕਦਾ ਹੈ ਜਦੋ ਖ਼ੁਦਗਰਜ਼ੀ ਦੇ ਹਾਨ ਲਾਭ ਲਈ ਕੱਠੇ ਹੋਣ। ਓਹ ਝੂਠ ਦੀ ਮਦਦ ਲੈ ਕੇ ਜਦ ਸਾਂਝੇ ਵੈਰੀ ਨੂੰ ਮਾਰ ਲੈਂਦੇ ਹਨ ਤਾਂ ਫੇਰ ਪਿੱਛੋਂ ਆਪਸ ਵਿਚ ਝੂਠ ਦੇ ਵਰਤਾਉ ਕਰਕੇ ਬੇਵਸਾਹੀ ਦੇ ਕਾਰਨ ਪਾਟਦੇ ਹਨ। ਸਾਈਂ ਵੱਲ ਰੁਖ਼ ਰੱਖਣ ਵਾਲੇ ਬੀਰ ਰਸੀਏ, ਬਾਂਕੁਰੇ ਸੱਚ ਤੇ ਖੜੇ ਹੋ ਕੇ ਸੱਚੀ ਸੂਰਮਗਤੀ ਵਿਚ ਵਰਤਦੇ ਹਨ। ਸਾਡੇ ਗੁਰਾਂ ਦਾ ਵਾਕ ਹੈ 'ਹਰਿ ਨਾਮੈ ਕੇ ਹੋਵਹੁ ਜੋੜੀ' ਕਿ ਵਾਹਿਗੁਰੂ ਦੇ ਨਾਮ ਵਾਲੇ ਹੋ ਕੇ ਜੁੜੋ। ਜਥੇਬੰਦੀ ਹਰਿਨਾਮ ਵਾਲਿਆਂ ਦੀ ਹੈ ਜਿਨ੍ਹਾਂ ਵਿਚ ਦੁਬਿਧਾ ਨਹੀਂ ਪੈਂਦੀ। ਸਭਾ ਅਰਥਾਤ ਜਥੇਬੰਦੀ ਗੁਰਮੁਖਾਂ ਦੀ ਹੈ ਅਸਲੀ, ਜਿਸ ਵਿਚ ਵੈਰ ਨਹੀਂ ਹੁੰਦਾ।

ਇਸ ਵਿਚਾਰ ਦੇ ਮਗਰੋਂ ਹੁਣ ਵਿਚਾਰ ਇਸ ਪਾਸੇ ਪਈ ਕਿ ਅੰਮ੍ਰਿਤਸਰ ਕਿਕੂੰ ਅੱਪੜੀਏ? ਖ਼ਤਰੇ ਤੋਂ ਖਾਲੀ ਸਫਰ ਕਿਸੇ ਭੇਸ ਵਿਚ ਨਹੀਂ ਸੀ। ਹਿੰਦੂ ਵੇਸ ਲਈ ਮੁਸਲਮਾਨਾਂ ਦਾ ਡਰ ਸੀ ਤੇ ਮੁਸਲਮਾਨ ਵੇਸ ਲਈ ਜਗ੍ਹਾ ਜਗ੍ਹਾ ਫਿਰ ਨਿਕਲੇ ਮਰਹੱਟੇ ਦਸਤਿਆਂ ਦਾਂ ਡਰ। ਸਿੱਖ ਵੇਸ ਵਿਚ ਦੋਹਾਂ ਦਾ ਡਰ। ਆਖਰ ਇਸ ਸਿੱਟੇ ਤੇ ਅੱਪੜੇ ਕਿ ਪੰਜਾਬੀ ਮੁਸਲਮਾਨ ਦੇ ਵੇਸ ਵਿਚ ਘੱਟ ਖਤਰਾ ਹੈ। ਆਗ਼ਾ ਖਾਂ ਦੀ ਮਰਜ਼ੀ ਕੁਛ ਹੋਰ ਠਹਿਰਣ ਦੀ ਸੀ, ਪਰ ਜਸਵੰਤ ਨੇ ਕਾਹਲੀ ਚੰਗੀ ਸਮਝੀ। ਸੋ ਅਗਲੇ ਹੀ ਦਿਨ ਤੜਕ ਸਾਰ ਕੂਚ ਹੋ ਗਈ। ਲਿਬਾਸ ਸਭ ਦੇ ਪੋਠੋਹਾਰੀ ਮੁਸਲਮਾਨਾਂ ਦੇ ਸਨ, ਸਵਾਰੀ ਘੋੜਿਆਂ ਦੀ, ਨਾਲ ਲੋੜ ਜੋਗਾ ​ਲਟਾਪਟਾ ਖੱਚਰਾਂ ਉੱਤੇ ਸੀ। ਜੱਥੇ ਵਿਚ ਸਨ,− ਆਗ਼ਾ ਖਾਂ, ਜਸਵੰਤ ਸਿੰਘ, ਤੇ ਸਾਂਈਂ ਜੀ, ਲੱਧਾ ਸਿੰਘ ਤੇ ਲੱਧਾ ਸਿੰਘ ਦਾ ਉਮਰਾਂ ਦਾ ਇਤਬਾਰੀ ਨੌਕਰ। ਆਪੋ ਵਿਚ ਭੇਤ ਖੁੱਲ੍ਹ ਚੁਕੇ ਤੇ ਪਿਆਰ ਪੈ ਚੁਕੇ ਸਨ, ਪਰ ਦਾਨੀ ਸਤਵੰਤ ਕੌਰ ਦਾ ਭੇਤ, ਕਿ ਇਹ ਇਕ ਕੰਨ੍ਯਾਂ ਹੈ ਅਰ ਗਭਰੂ ਸਿਖ ਨਹੀਂ, ਅਜੇ ਤੱਕ ਸਰਬੰਦ ਭੇਤ ਸੀ। ਹੋਤੀ ਤੋਂ ਤੁਰਕੇ ਇਹ ਸ਼ਾਹਬਾਜ਼ ਗੜੇ ਅੱਪੜੇ। ਇਹ ਇਲਾਕਾ ਪਹਾੜੀਆਂ ਟਿੱਲਿਆਂ ਨਾਲ ਸਸ਼ੋਭਤ, ਫੇਰ ਪੱਧਰਾ ਤੇ ਹਰਿਆ ਭਰਿਆ ਬੜਾ ਸੁੰਦਰ ਹੈ।

ਇਹ ਉਹ ਧਰਤੀ ਹੈ ਜੋ ਸਤਵੰਤ ਕੌਰ ਵਾਂਙੂ ਬੜੇ ਦੁੱਖੜੇ ਭੋਗ ਚੁੱਕੀ ਹੈ। ਕਦੇ ਸਮਾਂ ਸੀ ਕਿ ਏਥੇ ਆਰਯ ਕੁਲ ਦੇ ਵੱਡਿਆਂ ਪੈਰ ਪਾਏ ਸਨ ਤੇ ਸਹਿਜੇ ਸਹਿਜੇ ਇਕ ਸਭ੍ਯ, ਮਾਲਦਾਰ ਤੇ ਜ਼ਰਦਾਰ ਕੌਮ ਬਣ ਗਏ ਸਨ। ਜਿਸ ਨੂੰ ਅਜ ਕਲ ਪਿਸ਼ੌਰ ਦਾ ਇਲਾਕਾ ਆਖਦੇ ਹਨ, ਇਸ ਸਾਰੇ ਤੇ ਹੋਰ ਗਿਰਦ ਦੇ ਇਲਾਕੇ ਦਾ ਨਾਮ ਤਦੋਂ 'ਗਾਂਧਾਰ' ਰਾਜ ਸੀ। ਬੜੇ ਬੜੇ ਬਲੀ ਰਾਜੇ ਮਹਾਰਾਜੇ ਏਥੇ ਰਾਜ ਕਰ ਗਏ ਹਨ। ਇਥੋਂ ਪਸ਼ੌਰ, ਜਿਸ ਦਾ ਹੁਣ ਵਾਲਾ ਨਾਮ 'ਪੇਸ਼ਾਵਰ' ਅਕਬਰ ਨੇ ਬਦਲਿਆ ਸੀਂ, ਰਾਜਾ 'ਪੋਰਸ਼' ਦੀ ਵਸਾਈ ਰਾਜਧਾਨੀ ਸੀ, ਜਿਸ ਨੂੰ ਉਸ ਨੇ 'ਪੋਰੁਸ਼ ਪੁਰਾ' ਦਾ ਨਾਮ ਦਿਤਾ ਸੀ। ਅੱਜ ਤੋਂ ਬਾਰਾਂ ਚੌਦਾਂ ਸੌ ਬਰਸ ਪਹਿਲੇ ਜੋ ਚੀਨੀ ਮੁਸਾਫਰ ਆਏ, ਓਹ ਲੋਕ ਬੀ ਏਸ ਰਾਜਧਾਨੀ (ਪਿਸ਼ੌਰ) ਦਾ ਨਾਮ 'ਪੋਰੁਸ਼ਾ ਪੁਰਾ' ਦੇ ਲਗ ਪਗ ਹੀ ਲਿਖਦੇ ਹਨ। ਏਥੇ ਪਹਿਲੇ ਹਿੰਦੂ ਧਰਮ ਦਾ ਹੀ ਜ਼ਰ ਸੀ। ‘ਪਾਣਨੀਯ’ ਵਰਗੇ ਪੰਡਤ ਇਸੇ ਧਰਤੀ ਵਿਚ ਪੈਦਾ ਹੋਏ। ਜਿਥੇ ਅੱਜ ਕੱਲ ‘ਲਾਹੌਰ’[61] ਨਾਮੇ ਪਿੰਡ ਹੈ, ਇਥੇ ਪੁਰਾਣੇ ਨਗਰ 'ਸਾਲਤੂਰਾ' ਦੇ ​ਖੰਡਰਾਤ ਢੇਰੀ ਹੋਏ ਪਏ ਹਨ, ਇਸ ਨਗਰੀ ਨੇ ਸੰਸਕ੍ਰਿਤ ਦੇ ਪ੍ਰਸਿਧ ਵ੍ਯਾਕਰਣੀ ਪੰਡਤ ਪਾਣਨੀਯ ਨੂੰ ਜਨਮ ਦਿਤਾ ਸੀ।

ਫੇਰ ਇਹ ਸਾਰਾ ਦੇਸ਼ ਬੋਧੀ ਹੋ ਗਿਆ ਤੇ ਬੋਧੀ ਮੰਦਰ, ਬੁਤ ਤੇ ਕਾਰੀਗਰੀ ਦਾ ਭਾਰੀ ਟਿਕਾਣਾ ਹੋਇਆ। ਪੁਰਾਣੇ ਨਗਰ 'ਊਦਾਬੰਧ' ਤੇ ਅੱਜ ਕਲ ਦੇ 'ਉਂਦ' ਤੇ ਬਾਬਰ ਦੇ ਦੱਸੇ 'ਦ੍ਵਾਰ ਹਿੰਦ' ਨਾਮ ਪਿੰਡ ਤੋਂ ਇਹ ਥਾਂ ਸਤ ਅੱਠ ਮੀਲ ਦੇ ਫਾਸਲੇ ਤੇ ਹੈ। ਇਸੇ ਧਰਤੀ ਤੇ ਯੂਨਾਨੀ 'ਸਿਕੰਦਰ' ਵਰਗੇ ਆਏ ਤੇ ਇਸ ਦੀ ਵਸੋਂ ਤੇ ਪ੍ਰਤਾਪ ਦੀ ਮਹਿੰਮਾ ਕਰਦੇ ਗਏ। ਚੰਦ੍ਰ ਗੁਪਤ ਤੇ ਅਸ਼ੋਕ ਵਰਗੇ ਮਹਾਂ ਬਲੀ ਦਾ ਡੰਕਾ ਇੱਥੇ ਵੱਜ ਚੁਕਾ ਹੈ। ਇਸ ਤੋਂ ਮਗਰੋਂ ਪੱਛਮੀ ਤੇ ਹਿੰਦੀ ਮਿਲਵੇਂ ਲੋਕਾਂ ਦੇ ਪ੍ਰਤਾਪ ਦਾ ਇਹ ਪੰਘੂੜਾ ਰਿਹਾ। ਸਿਥੀਅਨ ਯੂਨਾਨੀ ਤੇ ਦੋਵੇਂ ਰਲ ਮਿਲਕੇ ਬਣੇ ਹਿੰਦੀ ਰਾਜੇ ਰਾਜ ਕਰਦੇ ਰਹੇ। ਕਨਿਸ਼ਕ ਵਰਗੇ ਮਹਾਰਾਜ ਏਥੇ ਰਾਜ ਕਰ ਗਏ ਸਨ। ਚੀਨੀ ਮੁਸਾਫਰ ਦੱਸਦੇ ਹਨ ਕਿ ਏਹ ਗਾਂਧਾਰ ਦੇਸ਼ ਆਪਣੀ ਸਬਜ਼ੀ, ਫੁੱਲਾਂ, ਫਲਾਂ, ਪੈਦਾਵਾਰ, ਜੰਗਲਾਂ, ਬਾਗਾਂ, ਚਸ਼ਮਿਆਂ, ਠੰਢੀਆਂ ਛਾਵਾਂ ਕਰਕੇ ਅਤ੍ਯੰਤ ਸੁੰਦਰ ਦੇਸ਼ ਹੈ। ਭਾਵੇਂ ਅੱਜ ਕਲ ਭੀ ਭੂਮੀ ਧਨ ਉਪਜਾਉ ਹੈ, ਪਰ ਨਾ ਓਹ ਜੰਗਲ ਹਨ, ਨਾ ਓਹ ਬਾਗ਼ਾਤ; ਨਾ ਓਹ ਚਸ਼ਮੇ ਤੇ ਨਾ ਓਹ ਕੁਦਰਤੀ ਰੰਗ। ਮਹਿਮੂਦ ਗ਼ਜ਼ਨਵੀ ਨੇ ਏਸ ਇਲਾਕੇ ਨੂੰ ਤਬਾਹ ਕੀਤਾ[62] ਕੋਮਲ ਉਨਰਾਂ ਦੇ ਬਣੇ ਮੰਦਰ, ਖੂਬਸੂਰਤ ਟੋਪੇ, ਬੋਧੀ ਵਿਹਾਰੇ[63] ਢਾਹ ਢੇਰੀ ਕਰ ਦਿਤੇ। ਕੁਛ ਸਮੇਂ ਤੱਕ ਤਾਂ, ਹਿੰਦੂ ਦੁਖ ਜ਼ੁਲਮ ਕਤਲਾਂ ਝੱਲਦੇ ਨਿਭਦੇ ​ਰਹੇ, ਪਰ ਫੇਰ ਕਈ ਪਠਾਣੀ ਕੌਮਾਂ ਨੇ ਜ਼ਿਮੀਂਦਾਰੀ ਖੋਹਣੀ ਸ਼ੁਰੂ ਕੀਤੀ। ਸਹਿਜੇ ਸਹਿਜੇ ਸਭ ਹਿੰਦੂ ਤੇ ਬੁਧ ਨਿਸ਼ਾਨ ਗੁੰਮ ਹੋ ਗਏ, ਹਿੰਦੁਸਤਾਨੀ ਕਤਲ ਹੋ ਗਏ, ਮੁਸਲਮਾਨ ਹੋ ਗਏ ਯਾ ਅਟਕੋਂ ਉਰਾਰ ਟੁਰ ਆਏ। ਕੇਵਲ ਪਿੰਡ ਦਾ ਹਟਵਾਣੀਆਂ ਮੁਸਲਮਾਨਾਂ ਵਿਚ ਰਹਿ ਗਿਆ, ਯਾ ਮਗਰੋਂ ਫੇਰ ਕੋਈ ਜਾ ਵਸਿਆ। ਹੁਣ ਸਾਰਾ ਇਲਾਕਾ ਪਠਾਣੀ ਹੈ, ਹਿੰਦੂ ਸਿਖ ਵਸੋਂ ਬੜੀ ਘੱਟ ਹੈ। ਸਿਖਾਂ ਦੇ ਅਹਿਦ ਵੇਲੇ ਕੁਝ ਦੌਰ ਪਰਤਿਆ ਸੀ, ਪਰ ਉਹ ਰਾਜ ਛੇਤੀ ਹੀ ਸੁਪਨਾ ਹੋ ਗਿਆ। ਕੁਦਰਤ ਦੇ ਰੰਗ ਦੇਖੋ ਯਾ ਇਤਿਹਾਸ ਤੋਂ ਸਿਖ ਮਤ ਲਵੋ ਤਾਂ ਵਿਚਾਰ ਉਪਜਦੀ ਹੈ ਕਿ ਜਦ ਗਾਂਧਾਰ ਦੇ ਰਸਮ ਪ੍ਰਸਤ ਲੋਕੀਂ ਆਪੋ ਵਿਚ ਫਟ ਗਏ ਤਦ ਸਨੇ ਸਨੇ ਪ੍ਰਤਾਪਸ਼ੀਲ ਹਿੰਦੂ ਤੇ ਬੋਧੀ ਵਾਸੀਆਂ ਦਾ ਪਾਣਨੀਯ ਵਰਗਿਆਂ ਨੂੰ ਜਨਮ ਦੇਣ ਵਾਲਾ ਇਲਾਕਾ, ਬੋਧੀਆਂ ਦੀ ਭੀਮ ਦੇਵੀ, ਬੁੱਧ ਜੀ ਦੀ ਸਮਾਧ, ਤਖਤਬਾਹੀ ਦੇ ਵਿਦ੍ਯਾ ਆਸ਼ਰਮਾਂ, ਪੋਰੁਸ਼ਪੁਰਾ, ਪੁਸ਼ਕ੍ਰਾਵਤੀ, ਪੋਲੂਸ਼ੂ ਤੇ ਊਦਾਬੰਧ ਵਰਗੇ ਪ੍ਰਤਾਪਸ਼ੀਲ ਸ਼ਹਿਰਾਂ ਤੇ ਭਾਰੀਆਂ ਮੰਡੀਆਂ ਵਾਲਾ ਦੇਸ਼ ਫਿਰ ਹਸਤ ਨਗਰ ਵਰਗੇ ਅਠ ਘੁੱਘ ਵਸਦੇ ਨਗਰਾਂ ਤੇ ਹਜ਼ਾਰਹਾਂ ਟੋਪਾਂ ਤੇ ਮੰਦਰਾਂ ਵਾਲਾ ਇਲਾਕਾ ਉਹਨਾਂ ਲਈ ਪਰਦੇਸ਼ ਤੇ ਯਵਨ ਭੂਮੀ ਹੋ ਗਿਆ। ਜਿਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤ੍ਰਾ ਨੂੰ ਜਾਇਆ ਕਰਦੇ ਸਨ, ਉੱਥੇ ਜਾਣਾ ਹਿੰਦੂਆਂ ਨੇ ਕਹਿ ਦਿਤਾ ਕਿ ਮੁਸਲਮਾਨ ਹੋਣ ਤੁੱਲ ਹੈ, “ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ"। ਫਿਰ ਇਸ ਹਿੰਦੁਸਤਾਨੀ ਖ਼ਮੀਰ ਦੀ ਗ਼ਾਫ਼ਲਤਾਈ ਦੇ ਦਲਿੱਦਰ ਵਲ ਤੱਕੋ ਕਿ ਅੱਜ ਕਿਸੇ ਨੂੰ ਸੁਪਨੇ ਮਾਤ੍ਰ ਚੇਤਾ ਨਹੀਂ ਹੈ ਕਿ ਇਹ ਧਰਤੀ ਕੀਹ ਸੀ ਤੇ ਕੀਹ ਹੋ ਗਈ। ਜਿਸ ਕੌਮ ਵਿਚ ਕੌਮੀ ਪਿਆਰ ਨਹੀਂ ਰਹਿੰਦਾ ਤੇ ਫੁੱਟ ਆ ਵਸਦੀ ਹੈ ​ਉਸ ਦਾ ਅੰਤ ਇਹੀ ਹੁੰਦਾ ਹੈ।[64] ਪਾਠਕ ਜੀ! ਕੀਹ ਤੁਸਾਨੂੰ ਪਤਾ ਹੈ ਕਿ ਜਿਥੇ ਇਸ ਵੇਲੇ ਚਾਰ ਸੱਦਾ ਤੇ ਪ੍ਰਾਗ ਦੋ ਪਿੰਡ ਹਨ, ਇਥੇ 'ਪੁਸ਼ਕ੍ਰਾਵਤੀ' ਨਾਮੀ ਭਾਰੀ ਨਗਰ ਹੁੰਦਾ ਸੀ। ਕੀਹ ਆਪ ਨੂੰ ਪਤਾ ਹੈ ਕਿ ਜਿਥੇ ਅਜ ਕਲ ਸ਼ਾਹਬਾਜ਼ ਗੜੀ ਹੈ ਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਇਸ ਦਾ ਨਾਮ ਕਦੇ 'ਵਰਸ਼ਾ ਪੁਰਾ' ਤੇ 'ਪੌਲੂਸੂ' ਸੀ। ਇਸ ਦੇ ਲਾਗ ਦੇ ਟਿੱਲੇ[65] ਉਤੇ ਮੰਦਰ ਸਨ ਤੇ ਰਾਜਕੁਮਾਰ 'ਵਿਸ਼ਵਾਂਤਰਾ' ਦੇ ਆਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇਥੇ ਕੰਦਰਾ ਹੈਸੀ। ਇਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕਰ ਦਿਤਾ, ਫੇਰ ਰਥ ਦਾਨ ਕਰ ਦਿਤਾ, ਫੇਰ ਪੁੱਤ੍ਰ ਦਾਨ ਕਰ ਦਿਤੇ ਤੇ ਨਿਰਦਈ ਬ੍ਰਾਹਮਣ, ਜੋ ਏਹ ਤਸਦੀਹੇ ਦੇ ਰਿਹਾ ਸੀ, ਉਹਨਾਂ ਬੱਚਿਆਂ ਨੂੰ ਮਾਰਦਾ ਹੈ ਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ।[66] ਇਨ੍ਹਾਂ ਘਟਨਾਵਾਂ ਦੇ ਧਰਤੀ ਵਿਚੋਂ ਨਿਕਲੇ ਪੱਥਰਾਂ ਉਤੇ ਉੱਕਰੇ ਚਿੱਤ੍ਰ ਬ੍ਰਿਟਿਸ਼ ਅਜੈਬ ਘਰ ਵਿਚ ਪਏ ਹਨ ਤੇ ਉਸ ਦਾ ਉਤਾਰਾ ਕਲਕੱਤੇ ਦੇ ਅਜੈਬ ਘਰ ਵਿਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ ਸ਼ਾਹਬਾਜ਼ ਗੜੀ ਕਦੇ, ਜਦੋਂ ਕਿ ​ਇਹ ਆਪਣਾ ਨਾਮ 'ਪੋਲੂਸ਼ੂ' ਸਦਾਉਂਦੀ ਸੀ, ਐਸੀ ਸੁੰਦਰ ਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸ਼ੌਂਗ੍ਯੂਨ ਅੱਖੀਂ ਦੇਖਕੇ ਐਉਂ ਲਿਖਦਾ ਹੈ:-

"ਖੁਸ਼ਨੁਮਾ ਚਸ਼ਮੇ ਤੇ ਸੁਆਦੀ ਫਲ ਏਥੇ ਓਹ ਹਨ ਜੋ ਧਰਮ ਪੁਸਤਕਾਂ ਵਿਚ ਲਿਖੇ ਹਨ। ਵਾਦੀਆਂ ਸੁਹਾਵਣੀਆਂ ਗਰਮ ਹਨ ਤੇ ਦਰਖਤ ਸਿਆਲੇ ਬੀ ਹਰੇ ਰਹਿੰਦੇ ਹਨ। ਠੰਢੀ ਹਵਾ ਝੁੱਲਦੀ ਹੈ, ਪੰਛੀ ਗਾਉਂਦੇ ਹਨ ਤੇ ਤਿਤ੍ਰੀਆਂ ਫੁਲਾਂ ਦੇ ਫਰਸ਼ਾਂ ਤੇ ਝੂੰਮਦੀਆਂ ਹਨ।"

ਕੀਹ ਤੁਸਾਨੂੰ ਯਾਦ ਹੈ ਕਿ ਕੋਲ ਖੜੇ 'ਕੜਾਮਾਰ' ਪਹਾੜ ਦਾ ਨਾਮ 'ਭੀਮ ਦੇਵੀ ਪਰਬਤ' ਸੀ, ਜਿਥੇ ਸਾਰਾ ਹਿੰਦ ਅਮਰ ਨਾਥ ਦੇ ਮੰਦਰ ਵਾਂਗੂ ਯਾਤ੍ਰਾ ਕਰਨ ਆਇਆ ਕਰਦਾ ਸੀ। ਇਸ ਦੇ ਪੂਰਬਲੇ ਦਾਮਨ ਹੇਠ, ਜੋ ਸ਼ੇਵਾ ਪਿੰਡ ਹੈ, ਕੀ ਆਪ ਨੂੰ ਯਾਦ ਹੈ ਕਿ ਇਥੇ ਭਾਰੀ ਸ਼ਿਵ ਮੰਦਰ ਸੀ ਅਰ ਸ਼ਿਵ ਤੋਂ ਹੀ ਹੁਣ ਤਕ ‘ਸ਼ੇਵਾ’ ਨਾਮ ਜਾਰੀ ਹੈ। ਇਸ ਤਰ੍ਹਾਂ 'ਗੰਧਾਰ' ਵਿਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ‘ਪਰੀਆਨੋ ਢੇਰੀ’[67], 'ਸਰਾਏ ਪਖੋ ਢੇਰੀ'[68], 'ਸ਼ਾਹ ਜੀ ਕੀ ਢੇਰੀ'[69] ਤੇ ਹੋਰ ਨਾਮ ਸਦਾਂਦੀਆਂ ਹਨ, ਪੁਰਾਣੇ ਮੰਦਰਾਂ, ਬੁੱਧ ਅਸਥਾਨਾਂ ਤੇ ਸ਼ਹਿਰਾਂ ਦੇ ਖੰਡਰ ਹਨ, ਨਹੀਂ ਨਹੀਂ ਖੰਡਰ ਬੀ ਢਹਿ ਢੇਰੀ ਹੋ ਚੁਕੇ ਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ ਜਿਸ ਤੋਂ ਕਦੇ ​ਖਾਲਸਾ ਜੀ ਆਪਣੇ ਰਾਜ ਸਮੇਂ ਕਿਲ੍ਹੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇਕ ਅਦੁਤੀ ਮੰਦਰ ਸੀ। 'ਫਾਹੀਆਨ' ਚੀਨੀ ਮੁਸਾਫਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ।

ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲ੍ਹੇਟੀਆਂ ਹਨ! ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਨਹੀਂ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਏਥੇ ਕਦੇ ਸਿਵਾਏ ਯੂਸਫਜ਼ਈ ਤੋ ਹੋਰ ਪਠਾਣਾਂ ਦੇ ਕੋਈ ਵਸਦਾ ਹੀ ਨਹੀਂ ਸੀ ਤੇ ਜੋ ਪਿੰਡਾਂ ਵਿਚ ਟਾਂਵੇਂ ਟਾਂਵੇਂ ਹਿੰਦੀ ਦਿੱਸਦੇ ਹਨ, ਮੁਸਾਫਰ ਲੱਗਦੇ ਹਨ, ਮਾਨੋਂ ਇਨ੍ਹਾਂ ਨੂੰ ਪਠਾਣ ਜ਼ਿਮੀਂਦਾਰ ਅਪਣੇ ਸ਼ਾਹੂਕਾਰੇ ਤੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਆਏ ਹਨ। ਜਾਂ ਓਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ।

ਹਿੰਦੁਸਤਾਨ ਦਾ ਹਰ ਫਤਹ ਕਰਨ ਵਾਲਾ ਇਸੇ ਰਸਤੇ ਆਯਾ। ਆਰਯ ਆਪ ਇਸੇ ਰਸਤੇ ਆਏ, ਸਿਕੰਦਰ ਇਸੇ ਰਸਤੇ ਆਯਾ। ਸਿਥੀਅਨ ਤੇ ਹੋਰ ਯਵਨ ਤੇ ਅਸੁਰ (ਅਸਿਰੀਅਨ) ਏਸੇ ਰਾਹ ਆਏ। ਅੰਤ ਅਫਗ਼ਾਨ ਤੇ ਮੁਗ਼ਲ ਏਸੇ ਰਾਹ ਆਏ ਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੀਕ ਉਤਰਾ ਚੜ੍ਹਾ ਦੇਖਦੀ ਤੇ ਉਜੜਦੀ ਵੱਸਦੀ ਰਹੀ।

ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇਕ ਪੱਥਰ ਪਿਆ ਹੈ, ਜਿਸ ਪਰ ਉਹਨਾਂ ਦਾ ਇਕ ਹੁਕਮਨਾਮਾ ਉੱਕਰਿਆ ਪਿਆ ਹੈ। ਅਸਲ ਵਿਚ ਇਹੀ ਪੰਜਾਬ ਦਾ ਪੁਰਾਣਾ ਰਸਤਾ ਸੀ। ਹਿੰਦੂ ਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਲਾਗ ਸ਼ਾਹੀ ਸੜਕ ਜਾਂਦੀ ਸੀ, ਕਿਉਂਕਿ ਇਨ੍ਹਾਂ ਥਾਂਵਾਂ ਤੇ ਦਰਿਯਾਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮਨਾ ਕਿਨਾਰੇ 'ਕਾਲਸੀ' ਦੇ ਕੋਲਵਾਰ ਪਿਆ 'ਅਸ਼ੋਕ' ਰਾਜਾ ਦਾ ਪੱਥਰ ਤੇ ​ਇਥੇ 'ਸ਼ਾਹਬਾਜ਼ ਗੜੇ' ਪਿਆ ਅਸ਼ੋਕ ਪੱਥਰ ਆਪ ਤੱਕ ਲਵੇ ਤਾਂ ਓਹ ਸਮਝ ਸਕਦਾ ਹੈ ਕਿ ਪਹਾੜਾਂ ਦੇ ਪੈਰਾਂ ਦੇ ਲਾਗ ਲਾਗ ਸ਼ਾਹਰਾਹ ਯਾ ਵਡੀ ਸੜਕ ਇਸੇ ਲੀਕੇ ਟੁਰੀ ਜਾਂਦੀ ਹੋਊ, ਕਿਉਂਕਿ ਮਹਾਰਾਜਿਆਂ ਦੇ ਫੁਰਮਾਨ ਸ਼ਾਹੀ ਰਾਹਾਂ ਤੇ ਹੀ ਲਾਏ ਜਾਂਦੇ ਸਨ। ਲਗ ਪਗ ਉਸੇ ਲੀਕੇ ਰਾਹੇ ਜਾਣ ਦਾ ਸੰਕਲਪ ਧਾਰਕੇ ਸਾਡਾ ਇਹ ਦਲੇਰ ਜੱਥਾ ਟੁਰਿਆ ਸੀ। ਅਟਕ ਦੇ ਕਿਲ੍ਹੇ ਪਾਸੋਂ ਲੰਘਣ ਦੀ ਮਨਸ਼ਾ ਨਹੀਂ ਸੀ, ਉਥੇ ਮਰਹੱਟੇ ਸੁਣੀਂਦੇ ਸਨ, ਇਸ ਕਰਕੇ ਉੱਤੋਂ ਉੱਤੋਂ ਟੁਰਦੇ ਗਏ।

ਜਦੋਂ ਏਹ ਸਿੰਧ ਦੇ ਕਿਨਾਰੇ ਅੱਪੜੇ ਤਾਂ ਇਨ੍ਹਾਂ ਨੂੰ ਹੇਠਾਂ ਵਾਰ ਕੁਛ ਦੂਰੀ ਤੇ ਐਨ ਦਰਿਆ ਦੇ ਕਿਨਾਰੇ ਕੁਛ ਆਦਮੀਆਂ ਦਾ ਝੁੰਡ ਜਿਹਾ ਦਿੱਸਿਆ ਤੇ ਕੁਛ ਗਾਉਣ ਦੀ ਆਵਾਜ਼ ਆਈ। ਜਸਵੰਤ ਸਿੰਘ ਨੇ ਸਿਆਣ ਕਰ ਲਈ ਕਿ ਇਹ ਸਿੱਖਾਂ ਦਾ ਸਮਾਗਮ ਹੈ, ਉਸ ਦੇ ਚਿੱਤ ਆਈ ਕਿ ਆਗ਼ਾ ਖਾਂ ਨੂੰ ਸਿੱਖਾਂ ਦੇ ਕੀਰਤਨ ਦਾ ਇਹ ਨਜ਼ਾਰਾ ਦਿਖਾਵੇ। ਸੋ ਉੱਪਰ ਵਾਰ ਡੇਰਾ ਕਰ ਦਿੱਤਾ ਤੇ ਨੌਕਰ ਨੂੰ ਘੱਲਿਆ ਕਿ ਸੂੰਹ ਲਿਆਵੇ ਕਿ ਉਥੇ ਕੀ ਹੈ? ਉਹ ਪਤਾ ਲਿਆਇਆ ਕਿ ਦਸ ਵੀਹ ਸਿਖਾਂ ਤੇ ਸਿੱਖਣੀਆਂ ਦਾ ਦੀਵਾਨ ਸਜ ਰਿਹਾ ਹੈ, ਵਿਚ ਕੜਾਹ ਪ੍ਰਸ਼ਾਦ ਦੀ ਪਰਾਤ ਧਰੀ ਹੈ ਤੇ ਸਾਰੇ ਕੀਰਤਨ ਕਰ ਰਹੇ ਹਨ। ਥੋੜ੍ਹੀ ਜੇਹੀ ਸਲਾਹ ਦੇ ਮਗਰੋਂ ਲੱਧਾ ਸਿੰਘ ਤੋਂ ਨੌਕਰ ਤੇ ਸਾਂਈਂ ਡੇਰੇ ਰਹੇ, ਪਰ ਜਸਵੰਤ ਸਿੰਘ ਸਿਖੀ ਲਿਬਾਸ ਪਹਿਨਕੇ ਅਰ ਆਗ਼ਾ ਖਾਂ ਨੂੰ ਬੀ ਪਹਿਲੀ ਵੇਰ ਸਿਖੀ ਲਿਬਾਸ ਪਹਿਨਾ ਕੇ ਦੀਵਾਨ ਵਿਚ ਜਾ ਬੈਠੇ। ਸਿੰਘਾਂ ਨੇ ਇਕ ਨੂੰ ਸਿੰਘ ਤੇ ਦੂਏ ਨੂੰ ਸਹਿਜਧਾਰੀ ਸਮਝਕੇ ਆਦਰ ਦਿਤਾ। ਸ਼ਬਦ ਕੀਰਤਨ ਦੇ ਮਗਰੋਂ ਅਰਦਾਸਾ ਹੋਯਾ। ਅਰਦਾਸੇ ਤੋਂ ਜਸਵੰਤ ਸਿੰਘ ਨੂੰ ਪਤਾ ਲਗਾ ਕਿ ਮਾਮਲਾ ਇਹ ਹੈ ਕਿ ਕਿਸੇ ਇਕ ਤੁਰਕਾਨੀ ਹਮਲੇ ਦੀ ਵਾਪਸੀ ਪਰ ਲੁੱਟ ਮਾਰ ਦੇ ਮਾਲ ਦੇ ਨਾਲ ਕਈ ਬੇੜੀਆਂ ਹਿੰਦੂ ਕੈਦੀਆਂ ਦੀਆਂ ਇਥੋਂ ਪਾਰ ​ਹੋ ਰਹੀਆਂ ਸਨ ਕਿ ਉਹਨਾਂ ਵਿਚ ਇਕ ਸਿਖ ਕੰਨ੍ਯਾਂ ਬੀ ਹੱਥ ਪੈਰ ਬੱਧੀ ਹੋਈ ਜਾ ਰਹੀ ਸੀ। ਇਹ ਲੜਕੀ ਰਸਤੇ ਵਿਚ ਸਭਨਾਂ ਨੂੰ ਉਦਮ ਦਾ ਉਪਦੇਸ਼ ਦੇਂਦੀ ਸੀ, ਮਰਦ ਤੀਵੀਂ ਸਭ ਨੂੰ ਕਹਿੰਦੀ ਸੀ ਕਿ ਚੁੱਪ ਚਾਪ ਬੱਕਰੀਆਂ ਵਾਂਙੂ ਅਪਣੇ ਕਸਾਈ ਦੇ ਮਗਰ ਕਿਉਂ ਜਾ ਰਹੀਆਂ ਹੋ, ਕਿਉਂ ਨਹੀਂ ਅੜਦੇ ਲੜਦੇ ਮਰਦੇ ਮਾਰਦੇ? ਗ਼ੁਲਾਮੀ ਵਿਚ ਜਾ ਰਹੇ ਹੋ, ਗ਼ੁਲਾਮੀ ਦਾ ਜੀਵਨ ਮੌਤ ਤੋਂ ਬੁਰਾ ਸਿਰੇ ਆ ਰਿਹਾ ਹੈ, ਉਸ ਜੀਵਨ ਦਾ ਕੀ ਲਾਭ ਹੈ?' ਲੜਨ ਨਾਲ ਮੌਤ ਹੈ। ਸੋ ਉਹ ਮੌਤ, ਜੋ ਖੁਲ੍ਹ ਲਈ ਆ ਜਾਵੇ, ਉਸ ਜੀਵਨ ਤੋਂ, ਜੋ ਗ਼ੁਲਾਮੀ ਵਿਚ ਬੀਤੇ, ਸਰੇਸ਼ਟ ਹੈ। ਇਹ ਉਪਦੇਸ਼ ਕਦੇ ਅਸਰ ਕਰਦਾ ਸੀ ਅਰ ਕੈਦੀ ਵਿੱਟਰ ਖਲੋਂਦੇ ਤੇ ਕੈਦ ਪਾਉਣ ਵਾਲੇ ਜਰਵਾਣਿਆਂ ਨਾਲ ਟੱਕਰ ਹੋ ਜਾਂਦੀ ਸੀ, ਕਈ ਮਰਦੇ ਫਟੀਂਦੇ, ਪਰ ਕੈਦ ਪਾਉਣ ਵਾਲੇ ਬੀ ਕਈ ਜ਼ਖਮੀ ਹੁੰਦੇ, ਕਦੇ ਕੋਈ ਮਰ ਭੀ ਜਾਂਦਾ। ਅੰਤ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਕੈਦੀਆਂ ਵਿਚ ਇਕ ਸਿਖ ਕੁੜੀ ਹੈ, ਅਸੀਂ ਜਾਲ ਫਾਹੀਆਂ ਮੱਛੀਆਂ ਦੇ ਢੇਰ ਵਿਚ ਇਕ (ਨਿਹੰਗ) ਮਗਰ ਮੱਛ ਦਾ ਬੱਚਾ ਬੀ ਲਿਜਾ ਰਹੇ ਹਾਂ। ਸੋ ਓਹ ਉਸ ਪਰ ਕਰੜਾਈ ਬਹੁਤ ਕਰਦੇ ਸੇ ਤੇ ਉਸ ਦੇ ਹੱਥ ਪੈਰ ਬੰਨ੍ਹ ਦਿਤੇ ਸੇ। ਹੁਣ ੲਥੇ ਕੁ ਵਾਰ ਅੱਪੜਕੇ ਸਲਾਹ ਠਹਿਰੀ ਕਿ ਇਸ ਨੂੰ ਏਥੇ ਹੀ ਮੁਸਲਮਾਨ ਬਣਾ ਲਈਏ, ਸੋ ਉਸ ਨੂੰ ਹੁਕਮ ਦਿੱਤਾ ਗਿਆ, ਪਰ ਉਸ ਨੇ ਨਾ ਮੰਨਿਆਂ। ਕਾਜ਼ੀ ਆਇਆ, ਬਹਿਸ ਛਿੜੀ, ਉਸ ਨਿਰਭੈ ਕੁਮਾਰੀ ਨੇ ਓਹ ਸੁਣਾਈਆਂ ਕਿ ਜਰਵਾਣਿਆਂ ਤੋਂ ਕੁਛ ਬਣ ਨਾ ਪਈ, ਛੇਕੜ ਨੌਬਤ ਮਾਰ ਕੁਟਾਈ ਤੇ ਅੱਪੜੀ। ਜਦ ਕੁਛ ਪੇਸ਼ ਨਾ ਗਈ ਤਦ ਜ਼ਾਲਮਾਂ ਨੇ ਕੰਨ੍ਯਾਂ ਚਾ ਕੇ ਦਰਯਾ ਵਿਚ ਸੁੱਟ ਦਿੱਤੀ। ਓਹ ਸੂਰਮਿਆਂ ਦੀ ਵੰਸ਼, ਬੀਰਾ, ਖਲਾਸੀ ਪਾ ਗਈ ਸਰੀਰ ਦੀ ਕੈਦ ਤੋਂ ਤੇ ਜਰਵਾਣਿਆਂ ਦੀ ਬੰਦ ਤੋਂ, ਸੁਖੀ ਤੇ ਸੁਤੰਤ੍ਰ ਗਈ ਸਾਂਈਆਂ ਜੀ ਦੇ ਦੇਸ਼। ਕੈਦ ਪਾਉਣ ਵਾਲੇ ਤੇ ​ਕੈਦੀ ਪਿਸ਼ਾਵਰ ਨੂੰ ਟੁਰ ਗਏ ਅਤੇ ਇਹ ਮਾਜਰਾ ਉਥੇ ਉਸ ਇਲਾਕੇ ਵਿਚ ਪ੍ਰਸਿੱਧ ਹੋ ਗਿਆ। ਇਲਾਕੇ ਦੇ ਸਿਖਾਂ ਨੇ, ਜੋ ਦੂਰ ਨੇੜੇ ਬਹੁਤ ਸਨ, ਇਹ ਖਬਰ ਸੁਣ ਪਾਈ ਤੇ ਏਥੇ ਕੱਠੇ ਹੋਏ। ਲੋਥ ਤਾਂ ਕੀ ਲੱਭਣੀ ਸੀ, ਪਰ ਉਹਨਾਂ ਨੇ ਕੜਾਹ ਪ੍ਰਸ਼ਾਦ ਕੀਤਾ ਤੇ ਬੀਬੀ ਦਾ ਅਰਦਾਸਾ ਸੋਧਿਆ। ਤਦ ਤੋਂ ਹਰ ਸਾਲ ਨੇੜੇ ਤੇੜੇ ਦੇ ਸਿੰਘ ਏਸੇ ਥਾਂ ਕੱਠੇ ਹੋਕੇ ਕੀਰਤਨ ਕਰਦੇ ਤੇ ਕੜਾਹ ਪ੍ਰਸ਼ਾਦ ਵਰਤਾਉਂਦੇ ਤੇ ਬੀਬੀ ਦਾ ਅਰਦਾਸਾ ਸੋਧਦੇ ਸੇ। ਭਾਵੇਂ ਜਦੋਂ ਖਬਰ ਮਿਲੀ ਸੀ ਬੀਬੀ ਦੇ ਨਾਮ ਗ੍ਰਾਮ ਦਾ ਪਤਾ ਨਹੀਂ ਸੀ, ਕੇਵਲ ਦੇਸ਼ ਦੇ ਪਠਾਣਾਂ ਪਾਸੋਂ ਇਸ ਸਿਖ ਕੰਨ੍ਯਾਂ ਦੇ ਸਾਕੇ ਦੀ ਕਥਾ ਸੁਣ ਪਾਈ ਸੀ ਪਰ ਪੰਥ ਦੇ ਢੁੰਡਾਊ ਫਕੀਰ ਸੂੰਹੀਆਂ ਦੀ ਪੜਤਾਲ ਤੇ ਵੇਰਵੇ ਮੇਲਣ ਤੋਂ ਹੁਣ ਤਕ ਪਤਾ ਨਿਕਲ ਚੁੱਕਾ ਸੀ ਕਿ ਇਹ ਕੰਨ੍ਯਾਂ ਘੜਥਲ ਦੇ ਕਿਸੇ ਉੱਘੇ ਘਰਾਣੇ ਵਿਚੋਂ ਸੀ, ਜੋ ਸਿਖੀ ਸਿਦਕ ਵਿਚ ਪੂਰਾ ਸੀ। ਇਸ ਦੇ ਪਿਤਾ ਜੀ ਹੀ ਸਿੰਘ ਸਜੇ ਸਨ ਤੇ ਕਿਸੇ ਜੰਗ ਵਿਚ ਸ਼ਹੀਦ ਹੋਏ ਸਨ। ਮਾਂ ਤੇ ਇਹ ਕੰਨ੍ਯਾਂ ਆਪਣੇ ਗਿਰਾਂ ਤੋਂ ਗੁਜਰਾਤ ਸ਼ਹਿਰ ਕਿਸੇ ਮਕਾਣ ਜਾ ਰਹੀਆਂ ਸਨ ਕਿ ਲੰਘ ਰਹੇ ਪਠਾਣੀ ਦਲ ਦੇ ਇਹ ਕੰਨ੍ਯਾਂ ਕਿਸੇ ਤਰ੍ਹਾਂ ਕਾਬੂ ਆ ਗਈ ਅਰ ਕੈਦੀਆਂ ਦੇ ਦਲ ਵਿਚ ਸ਼ਾਮਲ ਕੀਤੀ ਗਈ। ਇਸ ਕੰਨ੍ਯਾਂ ਦੇ ਇਤਨੇ ਲਫਜ਼ ਸਿੰਘਾਂ ਨੇ ਜਸਵੰਤ ਸਿੰਘ ਜੀ ਨੂੰ ਦੱਸੇ ਕਿ ਸਾਡੇ ਇਲਾਕੇ ਦੇ ਪਠਾਣ ਕਹਿੰਦੇ ਹਨ ਕਿ ਆਪਣੇ ਸਾਥੀ ਕੈਦੀਆਂ ਨੂੰ ਕਹਿੰਦੀ ਹੁੰਦੀ ਸੀ ਕਿ 'ਹੋਰ ਕੁਛ ਨਹੀਂ ਸਰਿਆ ਜੇ ਤਾਂ ਛਾਲਾਂ ਮਾਰ ਕੇ ਡੁੱਬ ਹੀ ਮਰੋ। ਸਤਲੁਜ ਬ੍ਯਾਸ, ਰਾਵੀ, ਝਨਾ, ਜੇਹਲਮ, ਸਿੰਧ, ਲੁੰਡਾ ਸੱਤ ਦਰਯਾ ਰਸਤੇ ਵਿਚ ਪੈਂਦੇ ਹਨ।'

ਆਗ਼ਾ ਖਾਂ ਦੇ ਦਿਲ ਵਿਚ ਇਹ ਹਾਲ ਸੁਣਕੇ ਗੱਚ ਚੜ੍ਹੇ ਤੇ ਆਪਣੀ ਮਾਂ ਦੀ ਕੈਦ ਤੇ ਆਪਣੇ ਕੁੱਛੜ ਕੈਦ ਵਿਚ ਜਾਣ ਦੇ ਨਕਸ਼ੇ ਅੱਖਾਂ ਅੱਗੇ ਫਿਰਨ, ਵਲਵਲੇ ਦਾ ਜੋਸ਼ ਉੱਠੇ ਤੇ ਬੇਵਸਾ ​ਹੱਥ ਤਲਵਾਰ ਦੀ ਮੁੱਠ ਤੇ ਪਵੇ, ਪਰ ਅੱਗੇ ਸਾਰੇ ਵੀਰ ਭਰਾ ਵੇਖਕੇ ਹੱਥ ਠਿਠੰਬਰੇ ਤੇ ਖੂਨ ਸਰਦੀ ਖਾਵੇ। ਇਸ ਤਰ੍ਹਾਂ ਜੋਸ਼ ਉਠਦਾ ਠਰਦਾ, ਉਠਦਾ ਠਰਦਾ ਨੀਵਾਂ ਹੋ ਆਇਆ। ਫੇਰ ਸਿਖੀ ਪਿਆਰ ਦਾ ਨਕਸ਼ਾ ਨੈਣੀਂ ਨੀਰ ਲੈ ਆਇਆ, ਆਖੇ:- ‘ਵਾਹ ਓਇ ਦਾਤਿਆ! ਐਸੀ ਸੂਰਮਾ ਕੌਮ ਬਨਾਉਣ ਵਾਲਿਆ! ਤੂੰ ਧੰਨ ਹੈਂ! ਇਕ ਕੈਦ ਪਈ, ਜਾਣੀ ਨਾ, ਪਛਾਣੀ ਨਾ, ਅੱਖੀਂ ਡਿੱਠੀ ਨਾ, ਸ਼ਹੀਦ ਹੋਈ ਸੁਣਕੇ ਏਹ ਲੋਕ ਹਰ ਸਾਲ ਕੱਠੇ ਹੁੰਦੇ, ਕੀਰਤਨ ਕਰਦੇ ਤੇ ਉਸ ਲਈ ਅਰਦਾਸਾ ਸੋਧਦੇ ਹਨ। ਇਹ ਕੌਮ ਹੈ ਕਿ ਇਕ ਪਰਵਾਰ ਹੈ, ਇਹ ਇਕ ਮਜ਼ਹਬ ਹੈ ਕਿ ਇਕ ਕੁਟੰਬ ਹੈ। ਕੈਸਾ ਪਿਆਰ ਦਾ ਨਕਸ਼ਾ ਹੈ? ਕੈਸਾ ਮੁਹੱਬਤ ਦਾ ਚਿੱਤ੍ਰ ਹੈ? ਸ਼ੁਕਰ ਹੈ ਕਿ ਮੇਰੀਆਂ ਰਗਾਂ ਵਿਚ ਇਹੋ ਪਵਿੱਤ੍ਰ ਖੂਨ ਹੈ, ਸ਼ੁਕਰ ਹੈ ਕਿ ਇਸੇ ਪਵਿੱਤ੍ਰ ਖੂਨ ਨੇ ਮੈਨੂੰ ਆਪਣਿਆਂ ਵਿਚ ਖਿੱਚ ਲਿਆ ਹੈ, ਸ਼ੁਕਰ ਹੈ ਕਿ ਸਿਖ ਖੂਨ, ਸਿਖੀ ਵੱਲ ਆਇਆ ਹੈ, ਪਰ ਓਪਰੇ ਖੂਨ ਵਿਚ ਰਲਕੇ ਜ਼ੁਲਮ ਤੇ ਧੱਕੇ ਵਲ ਕੈਦ ਪਾਉਣ ਤੇ ਤਬਾਹ ਕਰਨ ਵਲ ਨਹੀਂ ਗਿਆ।'

ਕੜਾਹ ਪ੍ਰਸ਼ਾਦ ਦਾ ਗੱਫਾ ਲੈਕੇ ਅਰ ਆਪਣੇ ਵਤਨੀਂ ਭਰਾਵਾਂ ਦੇ ਪਹਿਲੇ ਦਿੱਸੇ ਇਕੱਠ ਦੇ ਪਹਿਲੇ ਦਰਸ਼ਨ ਕਰਕੇ; ਆਗ਼ਾ ਖਾਂ ਖਿੜ ਗਿਆ। ਸਾਰੇ ਸਿਖ ਉਸ ਨੂੰ ਜਫੀਆਂ ਪਾ ਪਾ ਕੇ ਮਿਲੇ। ਸਤਵੰਤ ਕੌਰ ਨੇ, ਜੋ ਸਿਖਾਂ ਦੇ ਸੁਭਾਉ ਦੀ ਵਾਕਫ ਸੀ ਆਪਣੀ ਅਫ਼ਗਾਨਿਸਤਾਨੋਂ ਟੁਰ ਓਥੋਂ ਤਾਈਂ ਦੇ ਅੱਪੜਨ ਮਾਤ੍ਰ ਦੇ ਅਤਿ ਸੰਖੇਪ ਜਿਹੇ ਹਾਲ ਦੱਸੇ, ਜਿਸ ਤੋਂ ਸਾਰੇ ਗਦ ਗਦ ਹੋਏ। ਸਤਵੰਤ ਕੌਰ ਨੂੰ ਰਤਾ ਭੈ ਨਹੀਂ ਸੀ, ਕਿ ਅਸਾਂ ਆਪਣੇ ਮੋਟੇ ਮੋਟੇ ਹਾਲ ਕਿਉਂ ਦੱਸ ਦਿਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿਖ ਹਨ, ਅਸੀਂ ਸਿਖ ਹਾਂ, ਸਾਡਾ ਇਨ੍ਹਾਂ ਦਾ ਭੇਤ ਸਾਂਝਾ ਹੈ, ਜੋ ਬਾਤ ਇਨ੍ਹਾਂ ਨੂੰ ਪਤਾ ਹੈ ਸਿਖ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿਖ ਕੌਮ ਵਿਚ ਇਸ ਸਮੇਂ ਕੋਈ ਸਿਖ ਤੁਰਕ ​ਕੌਮ ਦਾ ਸੂੰਹੀਆਂ ਬਣਕੇ ਆਪਣੀ ਕੌਮ ਦੇ ਉਹਨਾਂ ਨੂੰ ਭੇਤ ਦੱਸਣ ਦਾ ਕੰਮ ਨਹੀਂ ਸੀ ਕਰਦਾ[70], ਪ੍ਰੰਤੂ ਫਿਰ ਭੀ ਸਤਵੰਤ ਕੌਰ ਨੇ ਆਪਣੇ ਕੰਨ੍ਯਾਂ ਹੋਣ ਦਾ ਅਰ ਆਗ਼ਾ ਖਾਂ ਦੇ ਸ਼ੱਤਰੂ ਜੀਤ ਸਿੰਘ ਦੇ ਪੁੱਤ੍ਰ ਹੋਣ ਦਾ ਹਾਲ ਤੇ ਹੋਰ ਵੇਰਵੇ ਦੱਸਣੋਂ ਸੰਕੋਚ ਹੀ ਰੱਖਿਆ, ਕਿਉਂਕਿ ਅਪਣਾ ਭੇਤ ਤਾਂ ਉਹ ਅਜੇ ਤਕ ਲੁਕਾਈ ਰੱਖਣਾ ਹੀ ਯੋਗ ਸਮਝਦੀ ਸੀ।

--੦--


੨੨. ਕਾਂਡ:

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਅਰ ਅਕਾਲ ਬੁੰਗੇ ਸਾਹਿਬ ਦੇ ਵਿਚਕਾਰ ਜੋ ਵੱਡਾ ਮੈਦਾਨ ਹੈ ਇਸ ਟਿਕਾਣੇ ਪਹਿਲੇ ਸਮਿਆਂ ਵਿਚ ਇਕ ਬੁੰਗਾ ਹੁੰਦਾ ਸੀ, ਜਿਸ ਨੂੰ ਤੋਸ਼ੇਖਾਨੇ ਦਾ ਬੁੰਗਾ ਕਹਿੰਦੇ ਸਨ। ਇਸ ਬੁੰਗੇ ਦੀ ਹੋਂਦ ਅਕਾਲ ਬੁੰਗੇ ਦੇ ਅਗਲੇ ਮੈਦਾਨ ਨੂੰ ਇਕ ਐਸੀ ਸ਼ਕਲ ਦੇ ਦੇਂਦੀ ਸੀ ਕਿ ਏਥੇ ਗੁਪਤ ਮਸ਼ਵਰੇ ਦਾ ਦੀਵਾਨ ਲੱਗ ਸਕੇ। ਇਸੇ ਕਰਕੇ ਗੁਰਮਤਾ ਏਥੇ ਹੁੰਦਾ ਸੀ। ਚਾਰ ਚੁਫੇਰੇ ਤੋਂ ਰਸਤੇ ਬੰਦ ਹੁੰਦੇ ਸੇ, ਅਰ ਦਰਵਾਜ਼ਿਆਂ ਤੇ ਪਹਿਰੇ ਹੁੰਦੇ ਸੇ। ਅੰਦਰ ਕੇਵਲ ਉਹ ਜਾ ਸਕਦੇ ਸੇ ਜੋ ਸੱਦੇ ਹੋਏ ਹੁੰਦੇ ਸੇ ਤੇ ਪਹਿਰੇਦਾਰਾਂ ਨੂੰ ਇਕ ਐਸਾ ਬੋਲਾ (ਪਦ) ਮਲੂੰਮ ਹੁੰਦਾ ਸੀ ਕਿ ਜੋ ਸਜਣ ਉਹ ਦੱਸ ਸਕੇ ਉਸ ਗੁਰਮਤੇ ਵਿਚ ਸ਼ਾਮਲ ਹੋ ਸਕਦਾ ਸੀ। ਜੋ ਨਾ ਦੱਸ ਸਕੇ ਉਹ ਅੰਦਰ ਨਹੀਂ ਜਾ ਸਕਦਾ ਸੀ। ਇਹ ਬੋਲਾ ਅਕਾਲ ਬੁੰਗੇ ਸਾਹਿਬ ਦੇ ਅਕਾਲੀ ਜਥੇ ਦੇ ਜਥੇਦਾਰ ਨੀਯਤ ਕੀਤਾ ਕਰਦੇ ਸੇ।

ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ​ਬਾਣੀ ਦਾ ਪਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ[71]। ਘਰ ਬਾਰ ਮਾਲ ਮਿਲਖ ਤੋਂ ਉਸ ਨੇ ਕਬਜ਼ੇ ਤੇ ਅਪਣੱਤ ਦਾ, ਨਾ ਸਿਰਫ ਮੂੰਹੋਂ ਸਗੋਂ ਸੱਚੀਂ ਮੁੱਚੀਂ ਸਬੰਧ ਤੋੜਿਆ ਹੋਇਆ ਹੋਵੇ[72]। ਜੋ ਕਿਸੇ ਸ਼ੈ ਨੂੰ ਆਪਣੀ ਨਾ ​ਸਮਝਦਾ ਹੋਵੇ ਅਰ ਕਿਸੇ ਮਾਲ ਮਿਲਖ ਤੇ ਦਾਵਾ ਨਾ ਰੱਖਦਾ ਹੋਵੇ। ਪਰ ਏਹ ਉਦਾਸੀ ਸੰਨ੍ਯਾਸੀ ਨਹੀਂ ਸੇ ਹੁੰਦੇ, ਏਹ ਉੱਚੇ ਮਨ ਵਾਲੇ ਉਨਮਨੀਏ, ਨਾਮ ਰਸੀਏ, ਵੈਰ ਵਿਰੋਧ ਨੂੰ ਜਿੱਤੇ ਸੂਰੇ ਅਰ ਅਤਿ ਨਿਰਭੈ ਸੂਰਮੇ ਹੁੰਦੇ ਸੇ। ਜੇ ਇਨ੍ਹਾਂ ਨਾਲ ਪ੍ਰਮਾਰਥ ਦੀ ਗੱਲ ਕਰੋ ਤਾਂ ਪਤੇ ਦਾ ਉੱਤਰ ਦੇ ਦੇਣਗੇ, ਜੇ ਇਨ੍ਹਾਂ ਦਾ ਸਤਿਸੰਗ ਕਰੋ ਤਾਂ ਨਾਮ ਦਾ ਰੰਗ ਚੜ੍ਹੇਗਾ, ਜੇ ਇਨ੍ਹਾਂ ਨਾਲ ਮੋਹ ਪਾਓ ਉਹ ਕਾਬੂ ਨਹੀਂ ਆਉਣਗੇ, ਜੇ ਲਾਲਚ ਦਿਓ ਤਾਂ ਠੱਗੇ ਨਹੀਂ ਜਾਣਗੇ, ਜੇ ਇਸਤ੍ਰੀਆਂ ਦੇ ਕਟਾਖ੍ਯਾਂ ਦੀ ਤੀਰ ਬਰਖਾ ਹੇਠ ਖੜੇ ਕਰ ਦਿਓ ਤਾਂ ਕਿਸੇ ਇਕ ਦੀ ਨੋਕ ਦੀ ਭੀ ਚੋਭ ਨਹੀਂ ਖਾਣਗੇ। ਜ਼ੁਬਾਨ ਇਨ੍ਹਾਂ ਦੀ ਨਾਮ ਰਸ ਰੱਤੀ ਚੁੱਪ, ਪਰ ਬੋਲਣ ਤਾਂ ਬ੍ਰਹਮ ਗਿਆਨ, ਜੇ ਜਗਤ ਦੀ ਗੱਲ ਕਰੋ ਤਾਂ ਪੰਥ ਰੱਖ੍ਯਾ, ਪੰਥ ਦੀ ਭਲਾਈ, ਪੰਥ ਦੇ ਬਚਾਉ ਦੀ, ਹੋਰ ਮਾਮਲੇ ਛੇੜੋ ਤਾਂ ਇਹ ਮੋਨੀ। ਇਨ੍ਹਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੇ ਹੁੰਦੇ, ਬਸ ਅਕਾਲ ਬੁੰਗੇ ਆਓ, ਇਨ੍ਹਾਂ ਵ੍ਯਕਤੀਆਂ ਦੇ ਦਰਸ਼ਨ


[੨੪੪ ਸਫੇ ਦੀ ਬਾਕੀ ਟੂਕ]

ਖਾਣ ਲਈਂ ਨਹੀਂ ਕਿਹਾ ਕਰਦੇ ਸਨ, ਸਗੋਂ ਆਪਣਾ ਆਪ ਲੁਟਾ ਕੇ ਦਿਖਾ ਦਿਆ ਕਰਦੇ ਸਨ। ਓਹ ਨਾ ਆਪਣੇ ਹੱਥ ਆਈ ਮਾਇਆ ਨੂੰ ਆਪਣੀ ਕਰ ਜਾਣਦੇ ਸਨ ਤੇ ਨਾ ਹੀ ਦੂਜੇ ਦੇ ਪਦਾਰਥਾਂ ਨੂੰ ਓਹਨਾਂ ਦਾ ਸਮਝਦੇ ਸਨ। ਇਸ ਹਾਲਤ ਵਿਚ ਉਹਨਾਂ ਦਾ ਨਿਰਬਾਹ ਕਠਨ ਜਾਪਦਾ ਹੈ, ਪਰ ਉਹਨਾਂ ਦਾ ਆਚਰਨ ਐਸਾ ਹੀ ਪਵਿੱਤ੍ਰ ਸੀ ਤੇ ਉਹ ਕਹਿਣੀ ਤੇ ਕਰਨੀ ਦੇ ਐਸੇ ਹੀ ਸੂਰਮੇ ਸਨ। ਚਾਹੇ ਓਹ ਏਸ ਖਿਆਲ ਨੂੰ ਬਹੁਤ ਜ਼ਿਆਦਾ ਫੈਲਾ ਨਾ ਸਕੇ, ਪਰ ਆਪਣੇ ਨਿਰਬਾਹ ਵਿਚ ਤੰਗ ਬੀ ਨਹੀਂ ਹੋਏ।

[ਮੇਜਰ ਸਮਾਇਬ।

​ਮੇਲੇ ਮਿਕਨਾਤੀਸੀ ਅਸਰ ਪਾਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੇ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀਆਂ, ਸੇਵਾਦਾਰਾਂ ਦਾ ਜੀਵਨ ਬੀ ਇਸੇ ਤਰ੍ਹਾਂ ਨਾਮ ਰਸ ਰੱਤਾ, ਸ਼ਾਂਤਿ ਸਰੋਵਰ ਹੁੰਦਾ ਸੀ।

'ਅਕਾਲੀ' ਉਹ ਜੋ ਇਕ ਅਕਾਲ ਤੇ ਟੇਕ ਰੱਖੇ। 'ਅਕਾਲੀ' ਉਹ ਜੋ ਅਕਾਲ ਬੁੰਗੇ ਦੇ ਸੇਵਕ ਜੱਥੇ ਦਾ ਸਭਾਸਦ ਹੋਵੇ। ਅਕਾਲ ਬੁੰਗਾ ਛੇਵੇਂ ਸਤਿਗੁਰਾਂ ਰਚਿਆ ਤੇ ਉਸੇ ਵੇਲੇ ‘ਅਕਾਲੀ’ ਦੀ ਨੀਂਹ ਬੀ ਨਾਲ ਹੀ ਧਰੀ ਗਈ ਤੇ ਇਹੋ ਬ੍ਰਿਤੀ ਮਾਨੋਂ ਉਸ ਵੇਲੇ ਧਾਰਨ ਕਰਾਈ ਗਈ। ਨਾਮ ਦੇ ਅਭ੍ਯਾਸੀ, ਮਾਲ ਮਿਲਖ ਦੇ ਕਬਜ਼ੇ ਦੀ ਬ੍ਰਿਤੀ ਨੂੰ ਜੋ ਜਿੱਤ ਚੁੱਕੇ, ਸੋ ਅਕਾਲ ਬੁੰਗੇ ਦੀ ਸੇਵਾ ਕਰੇ। ਅਕਾਲ ਬੁੰਗੇ ਦਾ ਸੇਵਕ-ਅਕਾਲੀ।

‘ਅਕਾਲੀ' ਨੀਲੇ ਬਸਤ੍ਰਾਂ ਵਾਲਾ। ਜਦੋਂ ਅੰਮ੍ਰਿਤ ਪ੍ਰਚਾਰ ਹੋਇਆ ਤੇ ਪੰਥ ਰਚਿਆ ਗਿਆ ਤਦੋਂ ਨੀਲੇ ਬਸਤ੍ਰਾਂ ਦਾ ਬੀ ਰਿਵਾਜ ਟੁਰਿਆ ਹੈ। ਯਥਾ-‘ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ [73]।'

ਸਿੰਘਾ ਦੇ ਅੱਡ ਅੱਡ ਜੱਥੇ ਭਰਤੀ ਹੋਏ ਤੇ ਅੱਡ ਅੱਡ ਨਿਸ਼ਾਨੇ ਤੇ ਪਰਖ ਲਈ ਅੱਡ ਅੱਡ ਪੁਸ਼ਾਕੇ ਤੇ ਰੰਗ ਫੌਜਾਂ ਦੇ ਦਸਤਿਆਂ ਦੇ ਥਾਪੇ ਗਏ, ਸਭ ਤੋਂ ਪਹਿਲਾ ਤੇ ਮੁੱਖ ਰੰਗ ਨੀਲਾ ਸੀ, ਜਿਸ ਜਥੇ ਯਾ ਫੌਜ ਦੇ ਦਸਤੇ ਦਾ ਬਾਣਾ ਨੀਲਾ ਸੀ, ਉਹ ਸਾਹਿਬਜ਼ਾਦੇ ਫਤਹ ਸਿੰਘ ਦੇ ਨਾਮ ਤੇ ਸੀ। ਇਕ ਦਿਨ ਉਹਨਾਂ ਦਾ ਪੁਸ਼ਾਕਾ ਇਸ ਰੰਗ ਦਾ ਤੇ ਦੁਮਾਲੇ ਵਾਲਾ ਸੀ, ਜਿਸ ਤੋਂ ਉਹਨਾਂ ਦੇ ਨਾਮ ਤੇ ਉਹਨਾਂ ਦੇ ਪੁਸ਼ਾਕੇ ਦੇ ਰੰਗ ਤੇ ਇਕ ਫੌਜ ਨੀਲਾਂਬਰੀ ਰਚੀ ਗਈ। ਦੁਮਾਲਾ ਇਨ੍ਹਾਂ ਦਾ ਖੁੱਲ੍ਹੇ ਲੜ ਦਾ ​ਹੁੰਦਾ ਸੀ, ਜੋ ਦਸਤਾਰੇ ਦੇ ਉੱਪਰ ਵਾਰ ਹੁੰਦਾ ਹੈ[74]। ਇਹ ਰੰਗ ਤੇ ਵੇਸ ਜੋ ਓਦੋਂ ਉਸ ਖਾਸ ਤੇ ਮੁੱਖ ਸੈਨਾ ਦਾ ਸੀ ਪਿਛੋਂ ਅਕਾਲੀ ਤੇ ਨਿਹੰਗ ਸਿੰਘਾਂ ਦਾ ਸੰਪ੍ਰਦਾਈ ਚਿੰਨ੍ਹ ਬਣ ਗਿਆ[75]। ਜਿਸ ਦੀ ਵ੍ਯਾਖ੍ਯਾ ਇਸ ਪ੍ਰਕਾਰ ਹੈ:-

ਮਾਛੀਵਾੜੇ ਜਦ ਭਾਈ ਮਾਨ ਸਿੰਘ ਜੀ ਤੇ ਭਾਈ ਦਇਆ ਸਿੰਘ ਸਤਿਗੁਰਾਂ ਪਾਸ ਅੱਪੜੇ ਤੇ ਬਾਗ ਵਿਚ ਆਰਾਮ ਨਾਲ ਜਾ ਬੈਠੋ, ਤਦ ਪ੍ਰਸੰਨ ਹੋਕੇ ਸਤਿਗੁਰਾਂ ਨੇ ਵਰ ਦਿਤਾ[76]‘ਪੰਥ ਖਾਲਸੇ ਵਿਚ ਤੇਰੇ ਵਰਗੇ ਖੁੱਲ੍ਹੇ ਸੁਭਾਵ ਵਾਲੇ ਨਿਰਭੈ ਤੇ ਸਿਧੇ ਸਾਦੇ ਲਿਬਾਸ ਵਾਲੇ ਅਨੇਕ ਸਿੰਘ ਹੋਣਗੇ, ਜਿਨ੍ਹਾਂ ਦੀ ਬ੍ਰਿਤੀ ਅਕਾਲੀ (ਵਾਹਿਗੁਰੂ ਟੇਕ ਵਾਲੀ) ਹੋਵੇਗੀ ਤੇ ਨਿਰਾਂਕੁਸ਼ਤਾ ਨਿਹੰਗ ਵਰਗੀ ਹੋਵੇਗੀ। ਮਾਨ ਸਿੰਘ ਨੀਲਾਂਬਰੀ ਸੈਨਾ ਦੇ ਵੱਡੇ ਹੋਣ ਕਰਕੇ ਉਸ ਵੇਲੇ ਬੀ ਨੀਲੇ ਬਾਣੇ ਵਿਚ ਸਨ। ਫਿਰ ਜਦੋਂ ਦਸਮੇਂ ਸਤਿਗੁਰਾਂ ਨੇ ਨੀਲੇ ਸਾੜੇ ਤਦੋਂ ਇਕ ਟੁਕੜਾ ਰੱਖ ਲਿਆ ਤੇ ਉਹ ਖੰਜਰ ਨੂੰ ਬੰਨ੍ਹ ਦਿਤਾ[77]। ਮੁਰਾਦ ਗ਼ਾਲਬਨ ਇਹ ਸੀ ਕਿ ਸ਼ਸਤ੍ਰ ਵਿਦ੍ਯਾ ਵਿਚ ਇਸ ਦੀ ਫਿਰ ਲੋੜ ਪਵੇ ਤਾਂ ਖਾਲਸਾ ਵਰਤੇ, ਸਾੜ ਦੇਣ ਥੋਂ ਨੀਲਾਂਬਰ ਨੂੰ ਸਦਾ ਤ੍ਰਿਸਕਾਰਿਤ ਨਾ ​ਸਮਝੇ। ਇਉਂ ਬੀ ਰਵਾਯਤ ਹੈ ਕਿ ਜਦੋਂ ਨੀਲੇ ਕਪੜੇ ਪਾੜ ਪਾੜ ਸਾੜੇ ਤਾਂ ਇਕ ਟੁਕੜਾ ਬਾਹਰ ਜਾ ਪਿਆ। ਸਾਰੇ ਕਰੜੇ ਖੇਦਾਂ ਵਿਚ ਨਾਲ ਰਹੇ ਤੇ ਬਚ ਨਿਕਲੇ ਤੇ ਅਤਿ ਧਰਮੀ ਭਾਈ ਮਾਨ ਸਿੰਘ ਜੀ ਕੋਲ ਸਨ, ਇਸ ਟੁਕੜੇ ਨੂੰ ਗੁਰੂ ਸਾਹਿਬਾਂ ਪਾਸੋਂ ਮੰਗਕੇ ਉਹਨਾਂ ਨੇ ਆਪਣੇ ਦਸਤਾਰੇ ਵਿਚ ਟੁੰਗ ਲਿਆ[78]। ਇਹ ਦੂਜੇ ਕਿਸਮ ਦੇ ਦੁਮਾਲੇ ਦਾ ਮੁੱਢ ਤੇ ਨੀਲੇ ਬਾਣੇ ਦਾ ਸੰਪ੍ਰਦਾਈ ਮੁੱਢ ਹੋਯਾ ਸਮਝਿਆ ਜਾਂਦਾ ਹੈ। ਇਹ ਬੀ ਲਿਖਿਆ ਹੈ ਕਿ ਇਕ ਨੀਲਾ ਟੁਕੜਾ ਸਤਿਗੁਰਾਂ ਆਪ ਮਾਨ ਸਿੰਘ ਨੂੰ ਬਖਸ਼ਿਆ। ਇਸ ਵਲੇ ਇਹ ਪਿਆਰੇ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਪੂਰਨ ਤਿਆਗ ਬ੍ਰਿਤੀ ਵਿਚ ਸਦਕੇ ਹੋ ਰਹੇ ਸੇ, ਇਨ੍ਹਾਂ ਵਿਚ ਉਹ ਭਾਵ, ਜ਼ਿੰਦਗੀ ਦਾ ਵਰਤਾਉ ਤੇ ਰੰਗ ਸੀ ਜੋ ਪੂਰਨ ਪਰੇਮੀ, ਪੂਰਨ ਤਿਆਗੀ ਤੇ ਪੂਰਨ ਨਾਮ ਅਭਿਆਸੀ ਵਿਚ ਲੋੜੀਏ। ਸੋ ਮਾਨ ਸਿੰਘ ਜੀ ਨੇ ਦੁਮਾਲਾ ਸਜਾਈ ਰੱਖਿਆ ਤੇ ਉਹਨਾਂ ਦੇ ਪਿਆਰ ਵਾਲਿਆਂ ਉਹਨਾਂ ਦੀ ਪੈਰਵੀ ਕੀਤੀ। ਹੁਣ ਉਹ ਤਿਆਗ ਬ੍ਰਿਤੀ ਜੋ ਅਕਾਲ ਬੁੰਗੇ ਦੇ ਅਕਾਲੀਆਂ ਵਿਚ ਹੁੰਦੀ ਸੀ, ਇਸ ਤਰ੍ਹਾਂ ਪਰਵਿਰਤ ਹੋ ਗਈ ਸਾਰੇ ਪੰਥ ਵਿਚ ਤੇ ਇਨ੍ਹਾਂ ਲੋਕਾਂ ਦਾ ਨਾਮ ਹੋ ਗਿਆ ‘ਨਿਹੰਗ’। ਨਿਹੰਗ ਫਾਰਸੀ ਵਿਚ ਮਗਰਮੱਛ ਨੂੰ ਕਹਿੰਦੇ ਹਨ, ਮੁਰਾਦ ਹੈ ਜੋ ਨਿਰਭੈ ਅਤਿ ਹੋਵੇ, ਕਿਸੇ ਭੈ ਅੱਗ ਜਿਸ ਦੀ ਅੱਖ ਝਮਕਾ ਨਾ ਖਾਵੇ। ਨਿਹੰਗ ਦਾ ਇਹ ਅਰਥ ਬੀ ਕਰਦੇ ਹਨ, 'ਜੋ ਦੁਖ ਸੁਖ ਦਾ ਅੰਗ ਨਾ ਮੰਨੇ'। ਦੁਖ ਸੁਖ ਦੋਹਾਂ ਵੇਲੇ ਜੋ ਆਪਣੇ ਅਸੂਲ ਤੋਂ ਨਾ ਹਿੱਲੇ। ਨਿਹੰਗ ਦਾ ਮੂਲ ਜਾਪਦਾ ਹੈ ਪਦ ਨਿਸੰਗ=ਨਿਹੰਗ=ਜੋ ਇਕੱਲਾ ਵਿਚਰੇ[79], ​ਇਸਤ੍ਰੀ ਆਦਿ ਦੇ ਪਰਿਵਾਰਕ ਸੰਬੰਧ ਤੋਂ ਸੁਤੰਤ੍ਰ ਹੋਕੇ ਜੋ ਸਾਧੂ ਬ੍ਰਿਤੀ ਵਿਚ ਵਿਚਰੇ। ਅਕਾਲ ਬੁੰਗੇ ਦੇ ਅਕਾਲੀ, ਖ੍ਯਾਲ ਹੈ ਕਿ ਛੇਵੇਂ ਸਤਿਗੁਰਾਂ ਤੋਂ ਲੈ ਦਸਮੇਂ ਸਤਿਗੁਰਾਂ ਦੇ ਸਮੇਂ ਤਕ ਕੇਵਲ ਸਤਿਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸੇ ਔਰ ਉਨ੍ਹਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸੇ ਜਿਤਨੇ ਕਿ ਦਸਮੇਂ ਜਾਮੇਂ ਦੇ ਅੰਤਰਧਾਨ ਹੋਣ ਮਗਰੋਂ ਪਏ ਹਨ। ਤਦੋਂ ਉਹ ਨਾਮ ਰਸੀਏ ਇਕ ਸ਼ੁਭ ਤੇ ਸੁਹਣੇ, ਪਰ ਤ੍ਯਾਗੀ ਸੇਵਕ ਤਖਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸੇ। ਅਕਾਲ ਬੁੰਗੇ ਤੇ ਪੂਰਾ ਵਸੀਕਾਰ ਭੁਜੰਗੀਆਂ ਦਾ[80], ਜੀਤ ਮੱਲੀਆਂ, ਬੰਦਈਆਂ, ਚੁੰਬਦੀਆਂ ਆਦਿਕਾਂ ਦੇ ਹਟ ਜਾਣ ਪਰ ਹੋਇਆ। ਤਦੋਂ ਇਹ ‘ਅਕਾਲ ਪੁਰਖੀਏ' ਨਾਮ ਤੋਂ ਵੀ ਕੁਛ ਚਿਰ ਪ੍ਰਸਿੱਧ ਰਹੇ ਹਨ। ਖਾਸ ਬੇਖ ਕੋਈ ਨਹੀਂ ਸੀ ਪਰ ਦਸਮੇਂ ਜਾਮੇ ਦੇ ਮਗਰੋਂ ਬਾਬੇ ਫਤਹ ਸਿੰਘ ਦੇ ਨਾਮ ਦੀ ਫੌਜ ਵਾਲੇ ਸ੍ਰੀ ਮਾਨ ਸਿੰਘ ਜੀ ਦੀ ਸੰਪ੍ਰਦਾ ਦੇ ਨਿਹੰਗ ਤੇ ਅਕਾਲੀ ਸਿੰਘ ਲਗ ਪਗ ਇਕੋ ਹੋ ਗਏ ਅਰ ਦੋਵੇਂ ਪਦ ਇਕਨਾਂ ਅਰਥਾਂ ਵਿਚ ਵਰਤੀਣ ਲਗ ਪਏ। ਪਰ ਦੁਮਾਲੇ ਦਾ ਫਰਕ ਜਾਰੀ ਰਿਹਾ। ਅਕਾਲ ਬੁੰਗੇ ਦੇ ਅਕਾਲੀ ਉਹਨਾਂ ਹੀ ਗੁਣਾਂ ਵਾਲੇ, ਜੋ ਉੱਪਰ ਕਹੇ ਹਨ, ਤਖਤ ਸਾਹਿਬ ਦੀ ਸੇਵਾ ਵਿਚ ਰਹਿਣ ਵਾਲੇ ਸੇ। ਹੋਰ ਖੁੱਲ੍ਹੇ ਵਿਚਰਨ ਵਾਲੇ ਅਕਾਲੀ ਵਹੀਰ ਬਣਾਕੇ ਪੰਥਕ ਕਾਰਜਾਂ ਲਈ ਜਗਾ ਜਗਾ ਫਿਰਦੇ ਸਨ। ਸਭਨਾਂ ਦਾ ਇਕੱਠ ਕਈ ਵੇਰ ਅਕਾਲ ਬੁੰਗੇ ਹੋ ਜਾਂਦਾ। ਖੁੱਲ੍ਹੇ ਵਿਚਰਨ ਵਾਲਿਆਂ ਦੀ ਮਾਨੋਂ 'ਬਹੂਦਕ ਸਨ੍ਯਾਸ[81]' ਦੀ ਸ਼ਕਲ ਸੀ ਤੇ ਅਕਾਲ ਬੁੰਗੇ ਦੇ ਸੇਵਕ ਜੋ ਕਈ ​ਵੇਰ ਇਨ੍ਹਾਂ ਵਿਚੋਂ ਚੋਣਵੇਂ ਹੋਇਆ ਕਰਦੇ ਸੀ, 'ਕੁਟੀਚਰ ਸਨ੍ਯਾਸ[82]' ਦੀ, ਪਰ ਫਰਕ ਇਹ ਹੈ ਕਿ ਇਹ ਸੰਨ੍ਯਾਸੀ ਤਯਾਗ ਕਰਕੇ ਆਪਾ, ਕੌਮ, ਦੇਸ਼ ਤੇ ਪੰਥ ਦੀ ਸੇਵਾ ਵਿਚ ਲਾਉਂਦੇ ਸੇ, ਉਦਾਸ ਹੋ ਬਨਾਂ ਵਿਚ ਤੇ ਬਰਫਾਂ ਵਿਚ ਨਹੀਂ ਜਾ ਗਲਦੇ ਸੇ[83]। ਵਿਆਹ ਇਨ੍ਹਾਂ ਵਿਚ ਹੁਕਮਨ ਮਨ੍ਹੇ ਨਹੀਂ ਸੀ ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਸੇ। ਜਥੇਬੰਦੀ ਇਨ੍ਹਾਂ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇਕ ਜਥੇਦਾਰ ਹੁੰਦਾ ਸੀ, ਜਿਸ ਦੀ ਸਭ ਤੋਂ ਵੱਡੀ ਮਹਿਮਾ ਨਾਮ-ਰਸੀਆ ਤੇ ਅਭੈ ਹੋਣਾ ਹੁੰਦੀ ਸੀ, ਇਸਨੂੰ ਜਥੇਦਾਰ ਤੇ ਵਹੀਰੀਆ ਬੀ ਆਖਦੇ ਸਨ। ਆਪਣੇ ਜਥੇ ਦਾ ਇਹ ਗੁਰਮੁਖ ਤੇ ਸਰਦਾਰ ਹੁੰਦਾ ਸੀ, ਪ੍ਰਬੰਧ ਸਾਰਾ ਇਸ ਦੇ ਹੱਥ ਹੁੰਦਾ ਸੀ, ਸਾਰੇ ਇਸ ਦਾ ਹੁਕਮ ਮੰਨਦੇ ਸੇ। ਕਈ ਵੇਰ ਜਥੇਦਾਰ ਨੂੰ 'ਗੁਰਦੇਵ ਸਿੰਘ' ਬੀ ਸੱਦਦੇ ਸੇ, ਅੰਮ੍ਰਿਤ ਛਕਾਉਣਾ ਬੀ ਇਸ ਦਾ ਕੰਮ ਹੁੰਦਾ ਸੀ। ਜਥੇਦਾਰ ਦੇ ਜੇ ਸਾਰੇ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ, ਪਰ ਜਥੇਦਾਰ ਦੇ ਹੁਕਮੋਂ ਸਿਰ ਨਹੀਂ ਸਨ ਫੇਰਦੇ, ਪਰ ਇਹ ਗੱਲ ਹੋਈ ਕਦੇ ਘੱਟ ਹੈ। ਕਿਉਂਕਿ ਪੂਰਨ ਤ੍ਯਾਗੀ ਤੇ ਰਸੀਏ ਕਰਕੇ, ਉਹ ਕਾਰਨ, ਜੋ ਜਥਿਆਂ ਵਿਚ ਵਿਖੇਵੇਂ ਦੇ ਪੈਂਦੇ ਸਨ, ਮੌਜੂਦ ਹੀ ਨਹੀਂ ਸਨ ਹੁੰਦੇ। ਮੁਸੀਬਤਾਂ ਚੁਫੇਰੇ ਸਨ ਤੇ ਪਰਸਪਰ ਪ੍ਯਾਰ ਭਰਾਵਾਂ ਵਾਲੇ ਸਨ, ਇਸ ਕਰਕੇ ਏਹ ਘਟਨਾ ਲਗ ਪਗ ਨਹੀਂ ਹੋਈ ਵਾਂਙੂ ਹੈ। ਅਕਸਰ ਨਿਹੰਗ ਸਿੰਘ ਵਹੀਰਾਂ ਵਿਚ ਬੀ ਨਹੀਂ ਰਹੇ, ਇਕੱਲੇ ਵਿਚਰੇ ਹਨ, ਅਕਸਰਾਂ ਨੇ ਗੁਰਦੁਆਰੇ ਸੰਭਾਲੇ, ਸੇਵਾ ਵਿਚ ਉਮਰਾਂ ​ਲਾਈਆਂ ਤੇ ਜੀਵਨ ਸਫਲ ਕੀਤੇ। ਅਕਾਲੀ ਯਾ ਨਿਹੰਗ ਸਿੰਘ ਹੁਣ ਇਕ ਅਰਥ ਵਾਲਾ ਪਦ ਹੋ ਗਿਆ ਸੀ। ਨਿਰਬਾਹ ਇਨ੍ਹਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਯਾ ਗੁਰਦਵਾਰੇ ਦੇ ਲੰਗਰ ਤੋਂ। ਏਹ ਲੋਕ ਮੰਗਦੇ ਨਹੀਂ ਸਨ, ਕਦੇ ਕਿਸੇ ਹਾਲਤ ਵਿਚ ਬੀ ਹੱਥ ਨਹੀਂ ਸਨ ਅੱਡਦੇ। ਜੇ ਸਫਰ ਵਿਚ ਹਨ, ਪਾਸ ਕੁਛ ਨਹੀਂ ਪ੍ਰਸ਼ਾਦ ਦਾ ਵੇਲਾ ਹੈ, ਤਾਂ ਕਿਸੇ ਪਿੰਡ ਜਾਂ ਸ਼ਹਿਰ ਦੀ ਗਲੀ ਜਾ ਵੜਨਗੇ, ਜਿਸ ਘਰ ਮਰਜ਼ੀ ਹੈ ਲੰਘ ਜਾਣਗੇ, ਉਸ ਵੇਲੇ ਦੇ ਨਿਰਬਾਹ ਜੋਗਾ ਅੰਨ ਮਾਤ੍ਰ ਲੈਕੇ ਟੁਰ ਆਉਣਗੇ, ਹੀਰੇ ਮੋਤੀ ਪਾਸ ਪਏ ਰਹਿਣ, ਤੱਕਣਗੇ ਨਹੀਂ। ਇਥੋਂ ਤੱਕ ਕਿ ਉਸ ਡੰਗ ਤੋਂ ਵਧੀਕ ਦਾ ਅੰਨ ਬੀ ਨਹੀਂ ਚੁੱਕਣਗੇ। ਲੋਕਾਂ ਵਿਚ ਇਤਨਾ ਸਤਿਕਾਰ ਇਨ੍ਹਾਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀਂ ਸੁਣ ਲੈਣ ਕਿ ਨਿਹੰਗ ਆਏ ਹਨ, ਤਾਂ ਬੂਹੇ ਖੋਹਲ ਘਰਾਂ ਤੋਂ ਬਾਹਰ ਆਕੇ ਅਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਏਹ ਮੇਰੇ ਘਰ ਅੰਦਰ ਜਾਣ। ਫੇਰ ਜਿਸ ਘਰ ਏਹ ਵੜ ਜਾਣ ਉਹ ਅਪਣੇ ਧੰਨ ਭਾਗ ਸਮਝਦਾ ਸੀ, ਤਦੋਂ ਦੀ ਹੀ ਇਹ ਕਹਾਵਤ ਅਜ ਤਕ ਮੂੰਹਾਂ ਤੇ ਚੜ੍ਹੀ ਹੋਈ ਹੈ:-

"ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ'

ਜਿਸ ਦਾ ਭਾਵ ਇਹ ਸੀ ਕਿ ਇਹ ਉਚੇ ਖਿਆਲ ਵਾਲੇ ਲੋਕ ਹਨ ਇਨ੍ਹਾਂ ਨੂੰ ਰੋਕੋ ਨਾ, ਖੁਲ੍ਹੇ ਦਿਲ ਅੰਦਰ ਆਉਣ ਦਿਓ, ਏਹ ਤੁਹਾਡੇ ਘਰ ਦੇ ਮਾਲ, ਧਨ, ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ। ਨਿਰਬਾਹ ਮਾਤ੍ਰ ਅੰਨ ਲੈਣਗੇ ਤੇ ਤੇਰੀ ਕਮਾਈ ਸਫਲ ਕਰ ਜਾਣਗੇ।

ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਸਿੰਘਾਂ ਵਿਚ ‘ਮਾਲ ਮਿਲਖ ਦੇ ਕਬਜ਼ੇ ਦੇ ਖਿਆਲ' ਦਾ ਤਿਆਗ ਕਰਨਾ ਮੁੱਖ ਗੁਣ ਸੀ। ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ, ਸਗੋਂ ਕਿਸੇ ਨੂੰ ਬੀ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ। ​ਸਭ ਮਾਲ ਅੰਨ ਬਸਤ੍ਰ ਪਦਾਰਥ ਦਾ ਮਾਲਕ ਉਨ੍ਹਾਂ ਦੀ ਨਜ਼ਰ ਵਿਚ ਵਾਹਿਗੁਰੂ ਸੀ। ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤ੍ਰ ਅੰਗੀਕਾਰ ਕਰਦੇ ਸੇ ਤਦ ਉਸ ਘਰ ਵਾਲੇ ਦੇ ਅੰਨ ਨੂੰ ਉਸਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ, ਪਰ ਦਾਣਾ ਪਾਣੀ ਗੁਰੂ ਕਾ ਸਮਝਕੇ ਸਾਂਝੇ ਬਾਬਲ ਦੇ ਸਾਂਝੇ ਭੰਡਾਰੇ ਵਿਚੋਂ ਭੁੱਖ ਪੂਰਨ ਮਾਤ੍ਰ ਅੰਨ ਸ੍ਵੀਕਾਰ ਕਰਦੇ ਸੇ। ਜਬਰ ਧੱਕਾ ਕਦੇ ਨਹੀਂ ਸੇ ਕਰਦੇ। ਜਬਰ ਸਹਿਣਾ, ਜਬਰ ਕਰਨਾ, ਦੁਇ ਗੱਲਾਂ ਤੋਂ ਉਚੇਰੇ ਸੇ। ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸੇ, ਪਰ ਚੋਲਾ, ਦਸਤਾਰਾ, ਚਾਦਰਾ ਇਹ ਕਦੇ ਦੋ ਨਹੀਂ ਸੇ ਹੁੰਦੇ ਤੇ ਦਿਨ ਦਾ ਅੰਨ ਪਾ ਕੇ ਰਾਤ ਲਈ ਬਾਕੀ ਨਹੀਂ ਸੇ ਰੱਖਦੇ। ਇਸੇ ਵਾਸਤੇ ਮਗਰੋਂ ਇਨ੍ਹਾਂ ਦਾ ਨਾਮ ਬਿਹੰਗਮ[84] ਬੀ ਪੈ ਗਿਆ ਸੀ, ਅਰਥਾਤ ਪੰਛੀ ਬ੍ਰਿਤੀ ਵਾਲੇ, ਜਿਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ, ਜਿਥੇ ਰਾਤ ਪੈ ਗਈ ਟਿਕ ਗਏ। ਪਰੰਤੂ ਇਹ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁੱਲ੍ਹਾਂ ਇਨ੍ਹਾਂ ਲੋਕਾਂ ਵਿਚ ਨਾਮ ਦੇ ਆਧਾਰ ਤੇ ਸਨ, ਅਰਥਾਤ ਆਤਮ ਜੀਵਨ (ਰੂਹਾਨੀ ਜ਼ਿੰਦਗੀ) ਇਸਦਾ ਮੂਲ ਸੀ। ਪਦਾਰਥਕ ਵੰਡ ‘ਪਰਸਪਰ ਮਾਦੀ ਏਕਤਾ' ਦਾ ਖਿਆਲ ਇਨ੍ਹਾਂ ਗੱਲਾਂ ਦਾ ਮਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ, ਉਚੇ ਇਖ਼ਲਾਕ ਤੋਂ ਵਿਰਵੇ ਨਿਰੇ ਮਾਯਾ ਤੇ ਮਾਦਾ ਪ੍ਰਸਤੀ ਤੇ ਪਦਾਰਥ ਯਾ ਰਾਜਸੀ ਭੁੱਖਾਂ ਵਾਲੀ ਸੰਸਾਰੀ ਬ੍ਰਿਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ।

ਨਿਹੰਗ ਸਿੰਘਾਂ ਵਿਚ ਸੁਖ ਨਿਧਾਨ (ਭੰਗ) ਦਾ ਰਿਵਾਜ, ਨਿਹਾਯਤ ਕਸ਼ਟ ਦੇ ਜੀਵਨਾਂ, ਥਕਾਨਾਂ ਤੇ ਦੁਖਾਂ ਤੋਂ ਸਰੀਰ ਨੂੰ ਸੁਖ ਦੇਣ ਲਈ ਪਿਆ ਸੀ, ਇਸ ਕਰਕੇ ਇਸ ਦਾ ਨਾਮ ਸੁਖ ​ਨਿਧਾਨ ਪਿਆ। ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿਚ ਵਧਕੇ ਉਨ੍ਹਾਂ ਦੇ ਗਿਰਾਉ ਦਾ ਮੂਲ ਕਾਰਨ ਬਣਿਆਂ। ਜਾਇਦਾਦਾਂ ਵਾਲੇ ਬੀ ਨਿਹੰਗ ਸਿੰਘ ਮਗਰੋਂ ਹੋਏ, ਪਰ ਇਹ ਗਿਰਾਉ ਦੇ ਸਮੇਂ ਦੇ ਹਨ, ਸੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਛ ਸਮਾਂ ਪਹਿਲਾਂ ਥੋੜਾ ਥੋੜਾ ਸ਼ੁਰੂ ਹੋ ਗਿਆ ਸੀ, ਪਰੰਤੂ ਆਦਰਸ਼ਕ ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣ-ਗਿਣਤ ਸਨ, ਟਾਂਵੇਂ ਟਾਂਵੇਂ ਉਸ ਤੋਂ ਮਗਰੋਂ ਬੀ ਹੁੰਦੇ ਰਹੇ ਹਨ। ਬਾਬਾ ਨੈਣਾ ਸਿੰਘ ਜੀ ਦੇ ਚਾਟੜੇ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ[85]

ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ, ਨਿਹੰਗ ਸਿੰਘ ਤੇ ਅਕਾਲ ਬੁੰਗੇ ਦੇ ਅਕਾਲੀ ਆਪਣੇ ਆਦਰਸ਼ ਤੇ ਪੂਰੇ ਪੂਰੇ ਸਨ, ਇਨ੍ਹਾਂ ਦਾ, ਪਿੱਛੇ ਦੱਸ ਆਏ ਹਾਂ, ਕਿ ਇਕ ਕੰਮ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਰਹਿਣਾ, ਪੰਥਕ ਸਾਂਝੀਆਂ ਲੋੜਾਂ ਦਾ ਖਿਆਲ ਰੱਖਣਾ, ਜਦੋਂ ਕੋਈ ਜਥੇਦਾਰ ਕੋਈ ਪੰਥਕ ਔਕੜ ਦੱਸ ਘੱਲੇ ਤਾਂ ਇਨ੍ਹਾਂ ਨੇ ‘ਗੁਰਮਤਾ' ਸੱਦਣਾ। ‘ਗੁਰਮਤਾ’ ਨਾਮ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਾ ਸੀ, ਹਾਂ, ਇਹ ਇਕ ‘ਪੰਥਕ ਆਸ਼੍ਰਮ' ਸੀ-ਜੱਥੇਬੰਦੀ ਦਾ। ਉਸਦਾ ਤਰੀਕਾ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਦੇ ਅਕਾਲੀ ਪੰਥ ਦੇ ਸਾਰੇ ਜੱਥੇਦਾਰਾਂ ਤੇ ਜ਼ਿੰਮੇਵਾਰ ਸਰਦਾਰਾਂ, ਗ੍ਰੰਥੀਆਂ ਤੇ ਪ੍ਰਸਿੱਧ ਧਾਰਮਿਕ ਬਜ਼ੁਰਗੀ ​ਵਾਲਿਆਂ ਤੇ ਹੋਰ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ। ਨੀਯਤ ਸਮੇਂ ਤੇ ਸਭ ਨੇ ਆ ਹਾਜ਼ਰ ਹੋਣਾ। ਜੇ ਕਦੇ ਦੋ ਸਿਖ ਜਥੇ ਆਪੋ ਵਿਚ ਲੜ ਬੀ ਰਹੇ ਹੋਣ (ਜੋ ਮਿਸਲਾਂ ਦੇ ਸਮੇਂ ਦੀ ਗੱਲ ਹੈ) ਤਾਂ ਗੁਰਮਤੇ ਦਾ ਸੱਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ, ਰਸਤੇ ਵਿਚ ਯਾ ਗੁਰਦਵਾਰੇ ਅੱਪੜ ਕੇ ਆਪੋ ਵਿਚ ਕੋਈ ਬਦਲਾ ਨਹੀਂ ਲੈਣਗੇ, ਇਕ ਦੂਜੇ ਤੇ ਵਾਰ ਨਹੀਂ ਕਰਨਗੇ। ਗੁਰਮਤੇ ਦੇ ਨੀਯਤ ਸਮੇਂ ਅਕਾਲ ਬੁੰਗੇ ਦੇ ਹਜ਼ੂਰ ਸਭ ਪਾਸੇ ਤੋਂ ਰਸਤੇ ਬੰਦ ਕਰ ਮੈਦਾਨ ਵਿਚ ਦੀਵਾਨ ਸਜਦਾ, ਕੀਰਤਨ ਹੋਕੇ ਅਵਾਜ਼ਾ ਲਿਆ ਜਾਂਦਾ, ਫੇਰ ਕੜਾਹ ਪ੍ਰਸ਼ਾਦ[86] ਵਰਤਦਾ, ਸਾਰੇ ਛੱਕਦੇ। ਚਾਹੇ ਕਿਸੇ ਜਾਤ, ਕਿਸੇ ਮਜ਼੍ਹਬ ਤੇ ਕਿਸੇ ਕੌਮ ਤੋਂ ਸਜੇ ਹੋਏ ਸਿੰਘ ਹੋਣ ਜੋ ਗੁਰਮਤੇ ਵਿਚ ਸ਼ਾਮਲ ਹੁੰਦੇ, ਸਾਰੇ ਉਸ ਵੇਲੇ ਇਕੱਠੇ ਛੱਕਦੇ। ਫੇਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਧਦਾ, ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉਠਕੇ ਅਕਾਲੀ ਜਥੇਦਾਰ ਦੇ ਸਨਮੁਖ ਹੋ ਆਖਦਾ ਕਿ ਮੈਂ ਸਚੇ ਸਤਿਗੁਰੂ ਦੀ ਹਜੂਰੀ ਵਿਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ, ਮੇਰਾ ਨਿਜ ਦਾ ਹਾਨ ਲਾਭ, ਕੋਈ ਲੋਭ ਲਾਲਚ, ਮੇਰੇ ਰਸਤੇ ਵਿਚ, ਮੇਰੀਆਂ ਵਿਚਾਰਾਂ ਵਿਚ ਕੋਈ ਖੋਟ, ਕੋਈ ਰਲਾ ਨਹੀਂ ਪਾਉਣਗੇ। ਇਸ ਪ੍ਰਤੱਗਯਾ ਦੇ ਮਗਰੋਂ ਫਿਰ ਅਰਦਾਸਾ ਸੋਧਕੇ ਕਾਰਜ ਆਰੰਭ ਹੁੰਦਾ। ਵਿਚਾਰਾਂ ਹੋ ਕੇ ਜੋ ਮਤਾ ਸ਼ੁਧ ਜਾਂਦਾ, ਅਰਥਾਤ ਫੈਸਲਾ ਹੋ ਜਾਂਦਾ, ਉਹ ​ਅਕਾਲੀ ਜਥੇਦਾਰ ਸਭ ਨੂੰ ਸੁਣਾ ਦੇਂਦਾ। ਫਿਰ ਸਾਰੇ ਆਪੋ ਆਪਣੇ ਥਾਂ ਟੁਰ ਜਾਂਦੇ। ਅਕਾਲੀਆਂ ਦਾ ਫੇਰ ਇਹ ਕੰਮ ਹੁੰਦਾ ਸੀ ਕਿ ਉਹ ਪੰਥਕ ਫੈਸਲਾ ਸਾਰੇ ਪੰਥ ਵਿਚ ਨੱਕ ਦੀ ਸਧੇ ਮਨੀਵੇ। ਅਕਾਲੀਆਂ ਦਾ ਪਵਿੱਤ੍ਰ ਜੀਵਨ, ਨਾਮ ਦੀ ਸਤ੍ਯਾ ਤੇ ਬੇਗ਼ਰਜ਼ੀ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਫਰਦ ਝੁਕਦੇ ਅਰ ਬੇਵਸੇ ਝੁਕਦੇ ਸੀ। ਫੌਜ ਤੇ ਤੋਪਾਂ ਵਾਲੇ ਜਥੇ ਇਨ੍ਹਾਂ ਪੰਛੀ (ਬਿਹੰਗਮ) ਬ੍ਰਿਤੀ ਵਾਲਿਆਂ ਦੇ ਆਖੇ ਅੱਗੇ ਸਿਰ ਝੁਕਾਉਂਦੇ ਸਨ। ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮਤੇ ਵਿਚ ਹੋਏ ਫੈਸਲੇ ਦੇ ਵਿਰੁੱਧ ਕੋਈ ਟੁਰੇ। ਇਸ ਗੁਰਮਤੇ ਦੀ ਮਰਿਯਾਦਾ ਦਾ ਮੁੱਢ ਚਮਕੌਰ ਵਿਚ ਹੋਇਆ, ਮਾਨੋਂ ਪਹਿਲਾ ਗੁਰਮਤਾ ਉਸ ਕਸ਼ਟ ਵੇਲੇ ਹੋਇਆ ਤੇ ਹਜ਼ੂਰ ਸਾਹਿਬ ਸਤਿਗੁਰਾਂ ਨੇ ਸਿੰਘਾਂ ਨੂੰ ਇਸ ਦੀ ਪੂਰੀ ਜਾਚ ਸਿਖਾਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਪਹਿਲਾ ਪੰਥਕ ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿਚ ਹਜ਼ੂਰ ਸਾਹਿਬ ਹੋਇਆ ਤੇ ਆਖਰੀ ਗੁਰਮਤਾ ਨੁਸ਼ਹਿਰੇ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ ਵਿਚ ਹੋਇਆ। ਇਸ ਤੋਂ ਮਗਰੋਂ ਫੇਰ ਗੁਰਮਤਾ ਨਹੀਂ ਹੋਇਆ, ਪੰਥ ਰਾਜ ਗੁਆ ਕੇ ਐਸੀ ਕੋਈ ਸੱਟ ਖਾ ਕੇ ਮੂਰਛਿਤ ਹੋ ਗਿਆ ਕਿ ਪਾਸਾ ਹੀ ਨਹੀਂ ਪਰਤਿਆ। ਖ਼ੁਦਗ਼ਰਜ਼ੀ ਤੇ ਗਿਰਾਉ ਜਿਸਤੋਂ ਸਤਿਗੁਰਾਂ ਨੇ ਚਾਇਆ ਸੀ, ਫੇਰ ਆ ਗਏ। ਕਿੰਨਾਂ ਚਿਰ ਮੂਰਛਾ ਵਿਚ ਰਹਿਕੇ 'ਅਕਾਲੀ ਤੇ ਢਾਡੀ[87]' ਦੋ ਲੋੜੀਂਦੀਆਂ ਸੰਪ੍ਰਦਾਵਾਂ ​ਗੁਆ ਕੇ ਫੇਰ ਸਿੰਘ ਸਭਾ ਦੀ ਜਥੇਬੰਦੀ[88] ਹੇਠ ਜਾਗਿਆ। ਹੁਣ ਕੁਛ ਪੂਰਬੀ ਪਰ ਵਿਸ਼ੇਸ਼ ਪੱਛਮੀ ਲੀਕਾਂ ਤੇ ਜਥੇਬੰਦੀ ਟੁਰੀ ਤੇ ਖਿੰਡੀ ਫੁਟੀ ਟੁਰ ਰਹੀ ਹੈ ਤੇ ਕਈ ਵੇਰ ਪੱਛਮ ਦੇ ਮਾੜੇ ਤੇ ਨੀਵੇਂ ਤੋਂ ਨੀਵੇਂ ਵਰਤਾਰੇ ਬੀ ਵਰਤ ਚੁਕੀ ਹੈ। ਕਈ ਵੇਰ ਸ਼ੁਭ ਜਥੇਬੰਦੀ ਬੀ ਹੋਈ ਹੈ, ਕੰਮ ਬੀ ਕਈ ਸਵਾਰੇ ਹਨ, ਪਰ ‘ਗੁਰਮਤੇ' ਦੇ ਸਾਮਾਨ ਵਾਪਸ ਨਹੀਂ ਆਏ। 'ਗੁਰਮਤਾ' ਫੇਰ ਨਹੀਂ ਲੱਗਾ। ਸਗੋਂ ਗੁਰਮਤੇ ਦਾ ਅਰਥ ਬਦਲ ਗਿਆ ਹੈ,


[੨੫੫ ਸਫੇ ਦੀ ਬਾਕੀ ਟੂਕ]

ਅਕਾਲੀ ਗੇਣਤੀ, ਬਲ, ਆਦਰਸ਼ ਪਿਅਰ ਵਿਚ ਅਤਿ ਘਟ ਗਏ ਸਨ, ਕਿ ਅੰਤ ਨੂੰ ਅਕਾਲ ਬੁੰਗੇ ਪਰ ਬੀ ਮਹੰਤ ਤੇ ਪੁਜਾਰੀ ਰਹਿ ਗਏ ਸਨ। ਨਿਹੰਗ ਸਿੰਘ ਹੋਰ ਬੀ ਘਟ ਗਏ ਹਨ, ਹੁਣ ਸਿੰਘ ਸਭਾ ਦੇ ਖਿਆਲ ਦੇ ਲੋਕਾਂ ਨੇ ਅਕਾਲੀ ਜੱਥੇਦਾਰੀ ਫੇਰ ਸੁਰਜੀਤ ਕਰਨ ਦੀ ਕੋਸ਼ਸ਼ ਕੀਤੀ ਹੈ, ਪਰ ਨਿਹੰਗ ਸਿੰਘ ਅੱਡ ਹੋ ਰਹੇ ਤੇ ਦਿਨੋਂ ਦਿਨ ਘਟ ਰਹੇ ਹਨ। ਨਿਹੰਗ ਸਿੰਘਾਂ ਦੀ ਸੰਪ੍ਰਦਾ ਨੂੰ ਤਬਾਹ ਹੋ ਜਾਣ ਦੇਣਾ ਸਿਖਾਂ ਲਈ ਭਾਰਾ ਘਾਟੇ ਵੰਦਾ ਹੋਵੇਗਾ ਤੇ ਨਵੇਂ ਅਕਾਲੀਆਂ ਨੂੰ ਪੁਰਾਤਨ ਅਕਾਲੀ ਆਦਰਸ਼ ਤੇ ਨਾਂ ਲਿਆਉਣਾ ਪੰਥ ਲਈ ਬਹੁਤ ਹਾਨੀਕਾਰਕ ਹੈ।

​ਲੋਕੀ ਹੁਣ ਗੁਰਮਤੇ ਦਾ ਅਰਥ ਨਿਰਾ ਤਜਵੀਜ਼ (ਰੈਜ਼ੋਲ੍ਯੂਸ਼ਨ) ਮਾਤ੍ਰ ਸਮਝਦੇ ਹਨ ਤੇ ਇਨ੍ਹਾਂ ਤੰਗ ਅਰਥਾਂ ਵਿਚ ਹੀ ਪਦ ਨੂੰ ਵਰਤ ਲੈਂਦੇ ਹਨ। ਕਿਸੇ ਰੈਜ਼ੋਲ੍ਯੂਸ਼ਨ ਨੂੰ ਮਤਾ ਤਾਂ ਕਿਹਾ ਜਾ ਸਕਦਾ ਹੈ ਪਰ ਗੁਰਮਤਾ ਨਹੀਂ, ਕਿਉਂਕਿ ਗੁਰਮਤਾ ਤਾਂ ਇਕ ਜਥੇਬੰਦੀ ਹੈ, ਇਕ ਉੱਚਾ ਆਸ਼੍ਰਮ ਹੈ, ਪਵਿੱਤ੍ਰਤਾ, ਨਾਮ ਤੇ ਤ੍ਯਾਗ ਦੀਆਂ ਨੀਹਾਂ ਤੇ ਉਸਰਿਆ ਇਕ ਮੰਦਰ ਹੈ, ਇਕ ਮਰਿਯਾਦਾ ਹੈ, ਜਿਸ ਵਿਚ ਖ਼ੁਦਗਰਜ਼ੀ, ਮਾਦੀ ਲਾਭ, ਸੁਆਰਥ, ਪੱਖਵਾਦ, ਈਰਖਾ ਤੇ ਨੀਵੇਂ ਤ੍ਰੀਕਿਆਂ ਨਾਲ ਆਪਣਾ ਬਲ ਬਣਾਕੇ ਹਾਰ ਜਿੱਤ ਦੇ ਮਨਸੂਬੇ ਸਿਰੇ ਚਾੜ੍ਹਨ ਦੇ ਤ੍ਰੀਕਿਆਂ ਦੀ ਗੁੰਜਾਇਸ਼ ਨਹੀਂ। ਮਾਦਾ ਪ੍ਰਸਤ ਪੱਛਮ ਦੇ ਤ੍ਰੀਕੇ ਜਥੇਬੰਦੀ ਦੇ ਹੋਰ ਹਨ, ਉਨ੍ਹਾਂ ਦਾ ਵਰਤਾਉ ਸ਼ੁਭ ਮਨੋਰਥਾਂ ਲਈ ਦਿਆਨਤ-ਦਾਰੀ ਨਾਲ ਬੀ ਹੋ ਸਕਦਾ ਹੈ ਪਰ ਸਾਡੇ ਦੇਸ਼ ਵਿਚ ਅਕਸਰ ਓਹ ਪੱਖਵਾਦ ਤੇ ਧੜੇਬੰਦੀ ਦੇ ਤ੍ਰੀਕੇ ਤੇ ਟੁਰਦੀ ਹੈ ਤੇ ਕਈ ਵੇਰ ਓਹ ਸੱਚ ਤੇ ਭਲਿਆਈ ਤੋਂ ਪਰੇ ਹੋ ਕੇ ਨੀਵੇਂ ਵਰਤਾਵਾਂ ਨੂੰ ਬੀ ਲੈ ਟੁਰਦੀ ਹੈ। ਅਕਸਰ ਐਉਂ ਹੁੰਦਾ ਹੈ ਕਿ ਜਿਵੇਂ ਇਕ ਪਾਤਸ਼ਾਹ ਦੇ ਨਾਤਕ ਹੁਕਮ ਵੇਲੇ ਉਸ ਪਾਤਸ਼ਾਹ ਦੀ ਹਉਮੈਂ ਨੂੰ ਪੱਠੇ ਪਾ ਕੇ ਅਪਣਾ ਮਤਲਬ, ਗ਼ਰਜ਼ ਸਿਰੇ ਚਾੜ੍ਹੇ ਜਾਂਦੇ ਸਨ, ਤਿਵੇਂ ਇਸ ਪੱਛਮੀ ਜਥੇਬੰਦੀ ਦੇ ਤ੍ਰੀਕੇ ਵਿਚ ਅਕਸਰ ਆਮ ਲੋਕਾਂ (ਪਬਲਕ) ਦੀ ਹਉਮੈ ਨੂੰ ਪੱਠੇ ਪਾ ਕੇ ਉਨ੍ਹਾਂ ਦੇ ਛੇਤੀ ਉਭਾਰ ਖਾਣ ਵਾਲੇ ਜਜ਼ਬਿਆਂ ਨੂੰ ਅਪਣੇ ਮਤਲਬ ਦੀ ਸੇਧ ਵਿਚ ਪ੍ਰਜ੍ਵਲਤ ਕਰਕੇ ਅਪਣਾ ਸ੍ਵਾਰਥ, ਗ਼ਰਜ਼, ਅਪਣਾ ਖਿਆਲ ਸਿਰੇ ਚਾੜ੍ਹਣ ਦਾ ਜਤਨ ਹੁੰਦਾ ਹੈ ਤੇ ਕਈ ਵੇਰੀ ਸਚ ਝੂਠ ਦ੍ਯਾਨਤ-ਦਾਰੀ ਦੀ ਪਰਵਾਹ ਬੀ ਨਹੀਂ ਹੁੰਦੀ। ਗੁਰਮਤਾ ਉੱਚੇ ਮਨਾਂ, ਸੁੱਚੇ ਮਨਾਂ, ਗ਼ਰਜ਼ਾਂ ਤੋਂ ਧੋਤੇ ਮਨਾਂ ਦਾ ਸਾਂਝੇ ਪੰਥਕ ਹਾਨ ਲਾਭ ਤੇ ਆਪੇ ਨੂੰ ‘ਮੈਂ ਮੇਰੀ' ਤੋਂ ਧੋਤਾ, ਸਾਫ ਰੱਖਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਦੇ ਆਸ਼੍ਰਮ ਤੇ ਮਰਿਯਾਦਾ ਦਾ ਨਾਮ ਸੀ।

​ਉੱਪਰ ਅਸੀਂ ਗੁਰਮਤੇ ਦਾ ਹਾਲ ਦੱਸ ਆਏ ਹਾਂ, ਅਕਾਲੀ ਤੇ ਨਿਹੰਗ ਦਾ ਸੰਖੇਪ ਸਮਾਚਾਰ ਕਹਿ ਆਏ ਹਾਂ, ਅਕਾਲ ਬੁੰਗੇ, ਵਹੀਰਾਂ ਵਾਲੇ, ਗੁਰਦਵਾਰਿਆਂ ਦੀ ਸੇਵਾ ਵਾਲੇ ਅਕਾਲੀਆਂ ਬਾਬਤ ਕੁਛ ਲਿਖ ਆਏ ਹਾਂ। ਹੁਣ ਕੁਛ ਧਿਆਨ ਉਨ੍ਹਾਂ ਅਕਾਲੀਆਂ ਵਲ ਪਾਉਂਦੇ ਹਾਂ ਜੋ ਆਤਮਕ ਤ੍ਰੀਕੇ ਤੇ ਪੂਰਨ ਪਦ ਨੂੰ ਅੱਪੜ ਕੇ ਸਭ ਸਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਿਤਾਉਂਦੇ ਸਨ। ਇਸ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ ਸਾਰੇ ਗੁਣ ਅਪਣੀ ਸੰਪ੍ਰਦਾ ਦੇ ਰੱਖਦਾ ਸੀ, ਪਰ ਫੇਰ ਸ਼ਰੀਰ ਨਾਲ ਕੰਮ ਬੀ ਕਰਦਾ ਸੀ। ਇਸ ਪ੍ਰਕਾਰ ਦਾ ਇਕ ਅਕਾਲੀ ਇਕ ਬਿਦੇਸ਼ੀ ਇਤਿਹਾਸਕਾਰ ਕਨਿੰਘਮ ਨੇ ਅੱਖੀਂ ਡਿੱਠਾ ਸੀ, ਜਿਸ ਬਾਬਤ ਉਹ ਲਿਖਦਾ ਹੈ:—

"ਮੁਸੰਨਫ ਨੇ (ਅਰਥਾਤ ਮੈਂ) ਇਕ ਵੇਰੀ ਇਕ ਅਕਾਲੀ ਡਿੱਠਾ ਕਿ ਸਤਲੁਜ ਤੋਂ ਲੈਕੇ ਕੀਰਤਪੁਰ ਤੱਕ ਬਿਖੜੀਆਂ ਘਾਟੀਆਂ ਦੇ ਵਿਚ ਦੀ ਸੜਕ ਦੀ ਮੁਰਮਤ ਕਰ ਰਿਹਾ ਸੀ। ਉਹ ਆਮ ਤੌਰ ਤੇ ਦੁਨੀਆਂ ਤੋਂ ਉਪਰਾਮ ਰਹਿੰਦਾ ਸੀ। ਲੋਕ ਉਸ ਦਾ ਬੜਾ ਸਤਿਕਾਰ ਕਰਦੇ ਸਨ ਤੇ ਉਸ ਦੇ ਲਈ ਰੋਟੀ ਤੇ ਕੱਪੜੇ ਆਪੇ ਐਸੇ ਥਾਈਂ ਛੱਡ ਜਾਂਦੇ ਸਨ, ਜਿੱਥੋਂ ਉਹ ਆਪੇ ਲੋੜ ਵੇਲੇ ਲੈ ਲਵੇ। ਉਸ ਦੇ ਅਹਿੱਲ ਤੇ ਦਿਲੋਂ ਜਾਨੋਂ ਲੱਗਕੇ ਕੰਮ ਕਰਨ ਵਾਲੇ ਆਚਰਣ ਦਾ ਅਸਰ ਇਕ ਹਿੰਦੂ ਭੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਜਿਸ ਨੇ ਕੁਛ ਅਕਾਲੀ ਬਾਣਾ ਧਾਰ ਲਿਆ, ਉਹ ਅਕਾਲੀ ਜੀ ਦਾ ਜ਼ਿਕਰ ਅਦਬ ਵਾਲੇ ਭੈ ਨਾਲ ਕਰਦਾ ਸੀ[89]"। ​

੨੩. ਕਾਂਡ।

ਉਸ ਸਮੇਂ, ਜਿਸ ਦੇ ਹਾਲ ਅਸੀਂ ਲਿਖ ਰਹੇ ਹਾਂ, ਪੰਥ ਨੇ ਆਪਣੀ ਇਸ ਜਥੇਬੰਦੀ ਦੀ ਮਰਿਯਾਦਾ-ਗੁਰਮਤੇ-ਦੇ ਆਸਰੇ ਹੀ ਸ਼ਾਨਦਾਰ ਕਾਮਯਾਬੀਆਂ ਪਾਈਆਂ ਤੇ ਥੋੜੇ, ਗਰੀਬ ਤੇ ਚੁਫੇਰਿਓ ਦੁਖਾਂ ਵਿਚ ਘਿਰੇ ਹੋਏ ਹੋਣ ਤੇ ਬੀ ਤਬਾਹ ਹੋਣੋਂ ਬਚੇ, ਵਧੇ, ਫੁਲੇ, ਫਲੇ ਤੇ ਜਗਤ ਦੀ ਸੇਵਾ ਕਰਦੇ ਰਹੇ।

ਸਾਡੀ ਕਥਾ ਦੀ ਲੜੀ ਜਿਥੇ ਕੁ ਪੁੱਜੀ ਹੈ ਪੰਥ ਉਸ ਸਮੇਂ ਫੇਰ ਔਕੜਾਂ ਵਿਚ ਸੀ। ਅਹਿਮਦ ਸ਼ਾਹ ਦੇ ਫ਼ੇਰ ਹਮਲਾ ਕਰਨ ਦੀਆਂ ਪੱਕੀਆਂ ਖ਼ਬਰਾਂ ਮਿਲੀਆਂ ਸਨ, ਓਧਰ ਮਰਹੱਟਿਆਂ ਦਾ ਪੰਜਾਬ ਵਿਚ ਆ ਪਸਰਨਾ, ਤੇ ਉਹਨਾਂ ਦੀਆਂ ਪੰਜਾਬ ਵਿਚ ਕਾਰਵਾਈਆਂ ਖਾਸ ਤਵੱਜੋ ਦੀਆਂ ਮੁਥਾਜ ਸਨ, ਦੋਹਾਂ ਤਾਕਤਾਂ


[੨੫੮ ਸਫੇ ਦੀ ਬਾਕੀ ਟੂਕ]

ਵਾਲਾ ਉਸ ਨੇ ਵੇਖਿਆ। ਇਹ ਗਲ ਪੱਛਮੀ ਲੇਖਕ, ਜਿਸ ਨੇ ਉਸ ਨਾਲ ਵਰਤਕੇ ਅਤੇ ਅਤਿ ਨੇੜੇ ਹੋਕੇ ਨਹੀਂ ਡਿੱਠਾ, ਨਹੀਂ ਸਮਝ ਸਕਦਾਕਿ ਉਸ ਦੇ ਅੰਦਰ ਨਾਮ ਤੇ ਵਾਹਿਗੁਰੂ ਪ੍ਰੇਮ ਦੀ ਜੀਉਂਦੀ ਰੋ ਜਾਰੀ ਸੀ, ਜਿਸ ਕਰਕੇ ਉਸ ਵਿਚ ਤਿਆਗ ਵੈਰਾਗ ਤੇ ਸੇਵਾ ਦੇ ਗੁਣ ਐਨੇ ਪ੍ਰਬਲ ਸਨ।

ਕਈ ਮਾੜੇ ਲੋਕ ਅਕਾਲੀ ਨਾਮ ਦੀ ਆੜ ਲੈਕੇ ਲੁੱਟ ਮਾਰ ਕਰਨ ਵਾਲੇ ਬੀ ਨਿਕਲ ਪੈਂਦੇ ਸਨ, ਇਨ੍ਹਾਂ ਦੇ ਕੰਮਾਂ ਕਾਜਾਂ ਦਾ ਦੋਸ਼ ਕਈ ਵੇਰ ਲੇਖਕਾਂ ਨੇ ਇਸ ਬਜ਼ੁਰਗ ਸੰਪ੍ਰਦਾ ਦੇ ਸਿਰ ਦੇਣ ਦੀ ਉਕਾਈ ਕੀਤੀ ਹੈ।

ਹੁਣ ਨਵੀਨ ਅਕਾਲੀਆਂ ਵਿਚ ਨਿਹੰਗਾਂ ਸਿੰਘਾਂ ਤੇ ਅਕਾਲੀਆਂ ਦੇ ਪੁਰਾਤਨ ਉੱਚੇ ਆਦਰਸ਼ ਦਾ ਪ੍ਰਚਾਰ ਕਰਨਾ ਜ਼ਰੂਰੀ ਹੈ।

​ਦੇ ਟਕਰਾਉ ਵਿਚੋਂ ਪੰਥ ਨੂੰ ਸਲਾਮਤ ਰੱਖਣਾ ਸੀ ਤੇ ਉਹ ਸਾਰੇ ਬੰਦੋਬਸਤ ਕਰਨੇ ਸਨ। ਇਨ੍ਹਾਂ ਤੋਂ ਵੱਖਰੇ ਪੰਥ ਦੇ ਆਪੋ ਵਿਚ ਦੇ ਕੋਈ ਮਾਮਲੇ ਸਨ, ਜਿਨ੍ਹਾਂ ਦੀ ਦਰੁਸਤੀ ਕੇਂਦਰੀ ਜਥੇਬੰਦੀ ਦੇ ਬੰਨ੍ਹ ਨੂੰ ਮਨਜੂਰ ਸੀ। ਇਸ ਲਈ ਗੁਰਮਤਾ ਸੱਦਿਆ ਗਿਆ। ਚਾਰ ਚੁਫੇਰ ਤੋਂ ਦੂਲੇ ਆ ਜੁੜੇ, ਗੁਰਮਤਾ ਲੱਗ ਗਿਆ। ਤ੍ਰੈ ਦਿਨ ਹੋ ਚੁਕੇ ਸਨ ਕਿ ਇਹ ਸਮਾਗਮ ਰੋਜ਼ ਲਗਦਾ ਸੀ। ਫਜ਼ੂਲ ਝਗੜੇ ਵਕਤ ਨਹੀਂ ਸਨ ਲੈ ਰਹੇ, ਪਰ ਮਾਮਲੇ ਬਹੁਤ ਤੇ ਨਾਜ਼ਕ ਸਨ। ਹਾਂ, ਅੱਜ ਗੁਰਮਤਾ ਲੱਗ ਰਿਹਾ ਸੀ, ਤ੍ਰੈ ਦਿਨ ਦੀ ਰੋਜ਼ਾਨਾ ਬੈਠਕ ਵਿਚ ਪੰਥ ਦੇ ਇਸ ਇਕੱਠ ਨੇ ਸਾਰਾ ਕੁਛ ਨਜਿੱਠ ਲਿਆ ਸੀ। ਅੱਜ ਚੌਥਾ ਦਿਨ ਸੀ, ਨਿੱਕੇ ਨਿੱਕੇ ਮਾਮਲੇ ਤੈ ਹੋ ਰਹੇ ਸਨ ਕਿ ਜਿਨ੍ਹਾਂ ਵਿਚ ਪੰਥ ਤੋਂ ਵਿਛੁੜਿਆਂ ਦੀ ਸੰਭਾਲ ਹੋ ਰਹੀ ਸੀ, ਠੀਕ ਇਸ ਵੇਲੇ ਲੱਧਾ ਸਿੰਘ, ਆਗ਼ਾ ਖਾਂ, ਮਾਈ ਤੇ ਸਤਵੰਤ ਕੌਰ ਅੱਪੜੇ। ਆਪ ਹੁਣ ਸਾਰੇ ਖਾਲਸਈ ਲਿਬਾਸ ਵਿਚ ਸਨ।

ਜਦ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਸ੍ਰੀ ਅੰਮ੍ਰਿਤਸਰ ਦੇ ਕਿਨਾਰੇ ਆ ਕੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ, ਚੌਹਾਂ ਦਾ ਦਿਲ ਅਚਰਜ ਤੋਂ ਅਚਰਜ ਹੁੰਦੇ ਬਿਸਮਾਦ ਦੇ ਝਲਕੇ ਵਿਚ ਨਿਵੇਂ, ਚਾਰੇ ਸੱਚੇ ਸਿਜਦੇ (ਨਮਸਕਾਰ) ਵਿਚ ਪਵਿੱਤ੍ਰ ਧਰਤੀ ਤੇ ਪੈ ਗਏ। ਸਤਵੰਤ ਕੌਰ, ਕਰੜੀਆਂ ਕੈਦਾਂ, ਸੈਂਕੜੇ ਕੋਹਾਂ ਦੀਆਂ ਦੁਸ਼ਤਰ ਵਲਿੱਖਾਂ ਵਿਚ ਸੱਟੀ ਗਈ ਸਤਵੰਤ ਨੂੰ ਕਦੇ ਆਸ ਹੋ ਸਕਦੀ ਸੀ ਕਿ ਮੁੜ ਅਪਣੇ ਪ੍ਯਾਰੇ ਹਰੀ ਜੀ ਦੇ ਮੰਦਰ ਦੇ ਦਰਸ਼ਨ ਕਰ ਸਕੇਗੀ? ਅੱਜ ਦੇਖੋ ਉਸ ਅਣਡਿੱਠ ਪਰ ਪੂਰਾ ਤੋਲਣ ਵਾਲੀ ਸ਼ਕਤੀ ਦੀ ਮਿਹਰ ਨਾਲ, ਅੱਜ ਤੱਕੋ ਉਸ ਬਜ਼ੁਰਗ ਪੰਥ ਦੇ ਪਯਾਰ ਦਾ ਸਦਕਾ, ਜੋ ਆਪਣੇ ਇਕ ਇਕ ਟੁਕੜੇ ਨੂੰ ਸਾਰੇ ਜਿੰਨਾ ਪਿਆਰ ਕਰਦਾ ਹੈ, ਸਤਵੰਤ ਲਈ ਅਸੰਭਵ ਸੰਭਵ ਹੋ ਗਿਆ ਹੈ; ਅਨਹੋਣਾ ਅੱਖਾਂ ਅੱਗੇ ਵਰਤ ​ਰਿਹਾ ਹੈ। ਇਸ ਦਰਸ਼ਨ ਨੇ ਅੰਦਰਲੇ ਉਮਾਹ, ਪਿਆਰ, ਵੈਰਾਗ ਚਾਉ, ਸ਼ੁਕਰ ਦੇ ਭਾਵਾਂ ਨੂੰ ਉਮਡਾਉ ਦੇਕੇ ਕਿਸ ਐਸੀ ਰੰਗਣ ਵਿਚ ਚਾੜ੍ਹਿਆ ਹੈ ਕਿ ਉਸ ਨੇ ਰਸ ਰੂਪ ਕਰਕੇ ਕਿਸੇ ਰਸ ਸਾਗਰ ਦੀ ਪੈਰੀਂ ਪਾ ਦਿੱਤਾ ਹੈ।

ਲੱਧਾ ਸਿੰਘ ਦੀ ਸਾਰੀ ਉਮਰ ਦੀ ਅਭਿਲਾਖ ਹੀ ਇਹੋ ਦਰਸ਼ਨ ਸਨ,‘ਇਨ੍ਹਾਂ ਦਰਸ਼ਨਾਂ ਵਿਚ ਸਮਾਈ ਹੀ ਹੋ ਜਾਏ',ਇਹੋ ਉਸ ਦੀ ਮੰਗ ਸੀ, ਪਰ ਪੰਜਾਬ ਦੇ ਕਠਨ ਹਾਲਾਤ ਤੇ ਪਰਦੇਸ਼, ਵਿਚ ਅੱਪੜਨਾ ਕਠਨਾਈਆਂ ਸਨ ਜੋ ਸਦਾ ਰੋਕਦੀਆਂ ਰਹੀਆਂ, ਪਰ ਅੱਜ ਕਿਸੇ ਅਮਰੀ ਮਿਹਰ ਨੇ ਸਾਰੀਆਂ ਕੱਟਕੇ ਪਰੇ ਸੁੱਟ ਦਿੱਤੀਆਂ ਹਨ ਤੇ ਦੇਖੋ ਕਿ ਜਗਯਾਸੂ ਦਾ ‘ਪੁਜਾਰੀ-ਮਨ' ਅਪਣੇ ਪੂਜਯ ਦੇ ਚਰਨਾਂ ਨੂੰ ਪ੍ਰਾਪਤ ਹੋ ਗਿਆ ਹੈ, ਹਾਂ ਆਬਿਦ[90] ਅਪਣੇ ਮਾਬੂਦ[91] ਦੇ ਕਦਮਾਂ ਤੇ ਸਿਰ ਸਿੱਟਕੇ ਅਪਣੇ ਦਿਲ ਦੀ ‘ਆਪਾ-ਨੁਛਾਵਰ' ਭੇਟਾ ਸਿਜਦੇ ਵਿੱਚ ਪੇਸ਼ ਕਰਕੇ ਵਿਸਮਾਦੀ ਰੰਗ ਵਿਚ ਬੇ-ਸ਼ੁੱਧ ਹੋ ਰਿਹਾ ਹੈ।

ਆਗ਼ਾ ਖਾਂ-ਹਾਂ ਜੀ, ਆਗ਼ਾ ਖਾਂ ਦੇ ਵਲਵਲੇ ਅਚਰਜ ਦੀ ਹੱਦ ਟੱਪ ਗਏ ਹਨ, ਇਸ ਜ਼ਮੀਨ ਉਤੇ ਆਸਮਾਨੀ ਸੁੰਦਰਤਾ ਦਾ ਝਾਕਾ ਉਸ ਨੇ ਕਾਸਨੂੰ ਡਿੱਠਾ ਯਾ ਕਦੇ ਖਿਆਲ ਬੀ ਕੀਤਾ ਸੀ; ਉਹ ਖੂਬਸੂਰਤੀ ਦਾ ਬੁੱਕਾ ਉਸ ਦਾ ਅਪਣਾ ਸੀ, ਪਰ ਉਸ ਤੋਂ ਖੁੱਸ ਚੁਕਾ ਸੀ ਬਚਪਨ ਵਿਚ ਹੀ। ਹਾਂ ਜਿਸ ਤੋਂ ਨਾ ਨਿਰਾ ਓਸਦਾ ਸਰੀਰ ਵਿਛੜਿਆ ਸੀ ਪਰ ਜਿਸ ਤੋਂ ਉਸ ਦਾ ਮਨ, ਖਿਆਲ, ਸ਼ਰਧਾ, ਪ੍ਯਾਰ ਸਾਰੇ ਅਣਜਾਣ ਹੀ ਵਿਛੋੜ ਦਿੱਤੇ ਗਏ ਸਨ, ਤੇ ਹਾਂ ਜਿਸ ਦੀ ਸੋਝੀ ਬਿਜਲੀ ਦੇ ਲਿਸ਼ਕਾਰੇ ਵਾਂਗੂੰ ਤੇ ਓਸ ਲਿਸ਼ਕਾਰੇ ਵਾਗੂੰ ਜੋ ਭਾਦਰੋਂਦੀ ਮਸ੍ਯਾ ਦੀ ਰਾਤ ਨੂੰ ਕਾਲੀ ਘਟਾ ਦੇ ਛਾਏ, ਅੰਧਕਾਰ ਵਿਚ ਬਿਨ ਗਰਜੇ, ਬਿਨ ਬੋਲੇ ਅਚਾਨਕ ਕੂੰਦ ਪਵੇ, ਆ ਪਈ ਸੀ। ਹਾਂ, ਉਹ ਅਪੂਰਬ ਝਾਕਾ ​ਉਸ ਲਈ ਉਹ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰਖਦਾ ਸੀ। ਦਰਸ਼ਨ ਕਰਦੇ ਸਾਰ ਉਸ ਦੇ ਨੈਣ ਝਮਕਣਾ ਭੁੱਲ ਗਏ, ਮੂੰਹ ਅਡਿਆ ਗਿਆ, ਹਥ ਦੋਇ ਉਚੇ ਹੋ ਤਲੀਆਂ ਸਿਰ ਦੀ ਸੇਧੇ ਮੰਦਰ ਵਲ ਹੋ ਗਈਆਂ ਤੇ ਕੁਛ ਪਲਾਂ ਵਿਚ ਹੀ ਐਉਂ ਤੱਕ ਦਾ ਸਤਵੰਤ ਵਾਙੂ ਸਿਜਦੇ ਵਿਚ ਢਹਿ ਪਿਆ। ਬਾਕੀ ਰਹੀ ਅੰਮਾਂ ਸਾਈਂ ਜੀ, ਹਾਂ ਜੀ, ਉਹ ਸਿੱਖੀ ਮੰਡਲ ਵਿਚ ਪਲੀ, ਸਿੱਖ ਪ੍ਰੀਤਮਾ ਨੂੰ ਪਿਆਰ ਕਰਨ ਵਾਲੀ, ਸਿੱਖੀ ਵਲਵਲਿਆਂ ਨਾਲ ਭਰਪੂਰ, ਆਪਣੀ ਪ੍ਰੀਤਮਾ ਦੀ ਆਖ਼ਰੀ ਵਸੀਅਤ ਨੂੰ ਸਿਰੇ ਚਾੜ੍ਹਣ ਵਿਚ ਵਰ੍ਹਿਆਂ ਬੱਧੀ ਜੱਫਰ ਜਾਲਣ ਵਾਲੀ, ਮੌਤ ਤਕ ਦੀਆਂ ਖਾਖਾਂ ਵਿਚ ਪੈ ਪੈ ਕੇ ਨਿਕਲੀ ਪਰੇਮਣ, ਉਸ ਪ੍ਯਾਰ ਕੁੱਠੀ ਨੇ ਜਦ ਆਪਣੇ ਧਰਮ ਮੰਦਰ ਦੇ ਦਰਸ਼ਨ ਕੀਤੇ, ਨਿਰਾਸਤਾ ਤੋਂ ਪਈ ਨਿਰਾਸਤਾ ਦੇ ਮਗਰੋਂ ਜਦ ਅੱਜ ਆਸਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਤੇ ਪਿਆਰ ਨਾਲ ਘੁਲਦੀ ਘੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀਂ ਢੱਠਕੇ ਜਾ ਪਈ ਜਿਵੇਂ ਜਾ ਪਵੇ ਘੁਲਕੇ ਬਰਫ ਪਾਣੀਆਂ ਵਿਚ। ਚਾਰੇ ਪਏ ਹਨ, ਸਿਜਦੇ ਵਿਚ ਪਏ ਹਨ ਅਸਾਰ, ਪਰ ਮਦਮਸਤ ਕਿਸੇ ਰੰਗ ਵਿਚ, ਕਿਸੇ ਅੰਦਰਲੇ ਤ੍ਰਿੱਖੇ ਭਾਵ ਵਿਚ ਡੁਬੇ ਹੋਏ। ਪਏ ਰਹੇ ਸੁਹਣਿਓਂ! ਇਸੇ ਅੰਦਰਲੇ ਦੇ ਭਾਵ ਵਿਚ ਪਏ ਰਹਿਣਾ, ਹਾਂ, ਇਸ ਜੀਵਨ ਦਾ ਇਹੋ ਲਾਹਾ ਹੈ ਜੇ। ਇਹੋ ਸੁਆਦ ਹੈ ਜੇ, ਜੋ ਹੋਰਨਾਂ ਸੁਆਦਾਂ ਦੇ ਮਗਰ ਆਪਣੇ ਭੁਲਾਵੇ ਪਾ ਪਾ ਲਈ ਫਿਰਦਾ ਹੈ। ਇਹ ਸੁਆਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ, ਹਾਂ ਪਏ ਰਹੋ!

ਸਮਾਂ ਲੰਘਿਆ ਤਾਂ ਆਪਣੀ ਚਾਲੇ, ਪਰ 'ਵਿਸਮਾਦ ਮਸਤ' ਮਨਾਂ ਨੂੰ ਚਲਦਾ ਭਾਸਿਆ ਨਹੀਂ। ਹੁਣ ਉੱਠੇ, ਕੁਛ ਚਿਰ ਬਾਦ ਉੱਠ, ਸ਼ੁਕਰ ਸ਼ੁਕਰ ਵਿਚ ਭਰੇ ਸਰੋਵਰ ਕਿਨਾਰੇ ਬਹਿ ਗਏ। ਪਰ ਥੋੜੀ ਦੇਰ ਬਾਦ ਕੀ ਦੇਖਦੇ ਹਨ ਕਿ ਪਿੱਠ ਪਿਛੇ ਇਕ ਸਿੰਘ ਸੂਰਤ ਖੜੀ ਹੈ। ਸਤਵੰਤ ਨੇ ਤੱਕਿਆ, ਗਹੁ ਕੀਤੀ, ​ਝੱਟ ਪਛਾਣ ਲਿਆ ਕਿ ਇਹ ਜਬ੍ਹੇ ਵਾਲੇ ਸਿੰਘ ਜੀ ਤਾਂ ਓਹੋ ਬਾਉਰੀਆਂ ਵਾਲੇ ਦਾ ਤਾ ਜੀ ਹਨ, ਹਾਂ ਓਹ ਗੁਰਮੁਖ ਹਨ ਕਿ ਜੋ ਕਾਬਲ ਵਿਚ ਸਤਵੰਤ ਦਾ ਪਾਰ ਉਤਾਰਾ ਕਰ ਆਏ ਸਨ, ਜੋ ਕਿ ਸਾਰੇ ਸਿਖ ਕੈਦੀਆਂ ਨੂੰ ਲੱਭ ਆਏ ਸਨ, ਜੋ ਸਤਵੰਤ ਤੋਂ ਕਾਬਲ ਵਿਛੁੜੇ ਸਨ, ਉਹਨਾਂ ਨੇ ਅਜੇ ਹੋਰ ਕੰਮ ਕਰਨੇ ਸਨ, ਪਰ ਦੇਖੋ ਓਹ ਸਾਰੇ ਕੰਮ ਕਰਕੇ ਇਨ੍ਹਾਂ ਤੋਂ ਪਹਿਲੇ ਦੇਸ਼ ਅੱਪੜੇ ਹਨ। ਪੰਥ ਵਿਚ ਗੁਰਮਤਾ ਲੱਗਣ ਵਾਲਾ ਸੀ ਤੇ ਓਹ ਆਪਣੇ ਉੱਚੇ ਰੂਹਾਨੀ ਜੀਵਨ ਕਰਕੇ ਡਾਢੇ ਪਿਆਰ ਨਾਲ ਪੰਥ ਵਿਚ ਸਨਮਾਨੇ ਜਾਂਦੇ ਸਨ, ਉਹਨਾਂ ਦਾ ਗੁਰਮਤੇ ਵਿਚ ਅੱਪੜਨਾ ਜ਼ਰੂਰੀ ਸੀ। ਨਾ ਡਾਕ ਨਾ ਰੇਲ, ਨਾ ਤਾਰ, ਪਰ ਫੇਰ ਇਨ੍ਹਾਂ ਅਨਘੜ ਸਿਪਾਹੀਆਂ ਦੀ ਜਥੇਬੰਦੀ ਦਾ ਖਿਆਲ ਕਰਨਾ ਕਿ ਅਫ਼ਗਾਨਿਸਤਾਨ ਬੀ ਝੱਟ ਗੁਪਤ ਖ਼ਬਰ ਪੁੱਜ ਗਈ ਕਿ ਗੁਰਮਤਾ ਹੈ ਤੇ ਸਿੰਘ ਜੀ ਦੀ ਲੋੜ ਹੈ ਤੇ ਸਿੰਘ ਜੀ ਜਲਦੀ ਤੋਂ ਜਲਦੀ ਅੱਪੜ ਜਾਣ।

ਸਿੰਘ ਜੀ ਨੇ ਸਤਵੰਤ ਨੂੰ ਅੱਡ ਲਿਜਾਕੇ ਰਸਤੇ ਦਾ ਸਾਰਾ ਹਾਲ ਪੁੱਛਿਆ, ਜੋ ਉਸ ਨੇ ਕਹਿ ਸੁਣਾਇਆ। ਹੁਣ ਸਤਵੰਤ ਕੌਰ ਤੋਂ ਸਿੰਘ ਜੀ ਨੂੰ ਪਤਾ ਲਗਾ ਕਿ ਇਹ ਨੌਜਵਾਨ ਸਹਿਜਧਾਰੀ ਲਗਦਾ ਸ਼ਤਰੂਜੀਤ ਸਿੰਘ ਦਾ ਬੇਟਾ ਹੈ ਅਰ ਇਹ ਮੁਸ਼ਕਲਾਂ ਤੇ ਅਸੰਭਵ ਹੋਣੀਆਂ ਵਿਚੋਂ ਬਚ, ਨਿੱਤਰ ਕੇ ਫੇਰ ਆਪਣੇ ਘਰ ਆਇਆ ਹੈ ਤੇ ਸਿਖੀ ਖ਼ੂਨ ਦੀ ਪਵਿੱਤ੍ਰਤਾ ਦਾ ਇਕ ਨਮੂਨਾ ਬਣਕੇ ਆਇਆ ਹੈ। ਸੋਲਾਂ ਸਤਾਰਾਂ ਵਰ੍ਹੇ ਗ਼ੈਰ ਸਿਖ੍ਯਾ ਵਿਚ ਪਲਕੇ ਬੀ ਇਸ ਨੂੰ ਆਪਣੇ ਅਸਲੇ ਦੀ ਸੁਧ ਖਾਂਦਿਆਂ ਸਾਰ ਆਪਣੇ ਅਸਲੇ ਵਲ ਪਲਟਦਿਆਂ ਇਕ ਛਿਨ ਦੇਰ ਨਹੀਂ ਲੱਗੀ। ਇਹ ਸੋਚਕੇ ਉਹ ਅਡੋਲ ਨਾਮ ਰੱਤਾ ਹਿਰਦਾ ਦ੍ਰਵ ਗਿਆ, ਅੱਖਾਂ ਵਿਚ ਅੱਥਰੂ ਭਰ ਆਏ, ਨੈਣ ਉੱਚੇ ਹੋ ਗਏ, "ਧੰਨ ਗੁਰ ਨਾਨਕ! ਧੰਨ ਗੁਰੂ ਨਾਨਕ" ਦੀ ਅੰਦਰ ਲੱਲ ਲਗ ਗਈ ਅਰ ਕੋਈ ਅੱਧੀ ਘੜੀ ਅਗੰਮ ਵਿਚ ਗੁੰਮ ਰਹਿਕੇ ​ਨੈਣ ਖੁੱਲੇ, ਜੀਭ ਨੇ ਫਿਰ ਕਿਹਾ:— "ਧੰਨ ਗੁਰ ਨਾਨਕ ਕਲਗੀਆਂ ਵਾਲਾ ਦਾਤਾ ਤੂੰ ਧੰਨ! ਤੂੰ ਧੰਨ!! ਤੂੰ ਧੰਨ!!! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੂੰ ਧੰਨ! ਤੂੰ ਧੰਨ!! ਤੂੰ ਧੰਨ!!!"

ਫੇਰ ਸਤਵੰਤ ਨੇ ਆਗ਼ਾ ਖਾਂ ਨੂੰ ਇਨ੍ਹਾਂ ਦੇ ਪੇਸ਼ ਕੀਤਾ ਤੇ ਉਸ ਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ, ਦਾਤਾ ਜੀ ਹਨ, ਪੰਥ ਵਿਚ ਉੱਚੇ ਮੰਨੇ ਆਤਮ ਰਸੀਏ ਰਤਨ ਹਨ।

ਇਹ ਜਦ ਭਾਰੀ ਔਕੜ ਪਵੇ ਤਾਂ ਆਪਣੀ ਮੌਜ ਅਨੁਸਾਰ ਆਪਾ ਵਾਰ ਕੇ ਦੁਸ਼ਤਰ ਕੰਮਾਂ ਵਿਚ ਆ ਨਿਤਰਦੇ ਹਨ, ਅਰ ਕਾਮਯਾਬ ਹੁੰਦੇ ਹਨ। ਕਈ ਬੋਲੀਆਂ ਦੇ ਵਿਦਵਾਨ ਹਨ, ਰਹਿੰਦੇ ਬਿਹੰਗਮ ਬ੍ਰਿਤੀ ਵਿਚ ਹਨ। ਅਕਸਰ ਜਦ ਕਿਸੇ ਮੁਹਿੰਮ ਤੇ ਜਾਣ ਤਾਂ ਕੇਸ ਖੁੱਲ੍ਹੇ ਛੱਡਕੇ ਵਿਚਰਦੇ ਹਨ। ਜਦੋਂ ਦੂਰ ਥਾਈਂ ਮੁਸਲਮਾਨ ਧਰਤੀਆਂ ਵਿਚ ਕੰਮ ਕਰਦੇ ਫਿਰਦੇ ਹਨ ਤੇ ਲੋਕੀਂ ਇਨ੍ਹਾਂ ਦੇ ਖੁਲ੍ਹੇ ਲਟਕਦੇ ਘੁੰਗਰਯਾਲੇ ਕੇਸਾਂ ਨੂੰ ਏਹਨਾਂ ਦੇ ਚੰਦਨ ਚਿਹਰੇ ਦੇ ਉਦਾਲੇ ਲਪੇਟਾਂ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬਾਉਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ। ਸਿਖਾਂ ਵਿਚ ਤਾਂ ਥਾਂ ਉੱਚੀ ਤੇ ਹਨ, ਪਰ ਬਲੋਚਿਸਤਾਨ, ਗਜ਼ਨੀ, ਕੰਧਾਰ, ਕਾਬਲ, ਜਲਾਲਾਬਾਦ, ਖ਼ੈਬਰ ਤੇ ਤੀਰਾਹ ਜਗ੍ਹਾ ਜਗ੍ਹਾ ਇਨ੍ਹਾਂ ਨੂੰ ਪੀਰ ਕਰਕੇ ਮੰਨਣ ਵਾਲੇ ਅਨੇਕਾਂ ਹੀ ਮੁਸਲਮਾਨ ਹਨ। ਸੁਖ ਹੋਵੇ ਤਾਂ ਇਹ ਆਪਣੇ ਏਕਾਂਤ ਵਾਸੀ ਬੰਦਗੀ ਦੇ ਰਸ ਵਿਚ ਮਗਨ ਰਹਿੰਦੇ ਹਨ, ਜਦੋਂ ਮੌਜ ਆ ਜਾਵੇ ਤਾਂ ਇਸ ਰੂਪ ਵਿਚ ਫਿਰ ਟੁਰਕੇ ਕਾਰਜ ਸਿਰੇ ਚਾੜ੍ਹ ਲੈਂਦੇ ਹਨ। ਸ਼ਤਰੂਜੀਤ ਸਿੰਘ ਜੀ ਦੇ ਪਰਵਾਰ ਦੀ ਭਾਲ ਵਿਚ ਬੜਾ ਜਤਨ ਕੀਤਾ ਸਾਨੇ, ਪਰ ਥਹੁ ਨਹੀਂ ਸਾਨੇ ਲੱਗਾ। ਤਾਂ ਬੀ ਇਹ ਕਿਹਾ ਕਰਦੇ ਸਨ ਕਿ ਸ਼ਤਰੂਜੀਤ ਸਿੰਘ ਦੇ ਪਰਵਾਰ ਦਾ ਕੋਈ ਬੰਦਾ ਅਜੇ ਜੀਉਂਦਾ ਅਫ਼ਗ਼ਾਨਿਸਤਾਨ ਵਿਚ ਹੈ। ਹੁਣ ਦੇਖੋ ਇਨ੍ਹਾਂ ਦੀ ਲਈ ਬੂਟੀ ​ਸਤਵੰਤ ਕੌਰ ਇਸ ਪੰਥਕ ਚੰਦ ਦੀ ਚੰਨ ਟੁਕੜੀ ਨੂੰ ਨਾਲ ਲੈ ਆਈ ਹੈ।

ਆਪ ਹੁਣ ਚੌਹਾਂ ਨੂੰ ਨਾਲ ਲੈਕੇ ਗੁਰਮਤੇ ਦੇਦੀਵਾਨ ਵਲ ਆਏ। ਰਸਤੇ ਵਿਚ ਰੋਕ ਸੀ ਤੇ ‘ਗੁਪਬੋਲਾ’ ਜਾਣੇ ਤੇ ਦੱਸੇ ਬਿਨਾਂ ਅੰਦਰ ਜਾਣਾ ਕਠਨ ਸੀ, ਜੋ ਗੁਰਮੁਖ ਜੀਨੇ ਚੌਹਾਂ ਨੂੰ ਦੱਸ ਦਿੱਤਾ ਸੀ ਕਿ ਅਜ ਦਾ ਬੋਲਾ ‘ਰਜਤਪਣ' ਹੈ। ਪਹਿਰੇਦਾਰਾਂ ਨੂੰ ਜੋ ਤ੍ਰੈ ਟਿਕਾਣਿਆਂ ਤੇ ਹੋਣਗੇ ਕੰਨ ਵਿਚ ‘ਰਜਤਪਣ' ਕਹਿ ਦੇਣਾ ਤੇ ਮੇਰੇ ਮਗਰ ਤੁਰੀ ਆਉਣਾ। ਸੋ ਇਸੇ ਤਰ੍ਹਾਂ ਹੋਇਆ। ਪਹਿਰੇਦਾਰ ਚੌਹਾਂ ਨੂੰ ਦੇਖਕੇ ਡਾਢੀ ਤ੍ਰਿੱਖੀ ਨਿਗਾਹ ਪਾਉਂਦੇ ਸਨ। ਅਰ ਕੁਛ ਸ਼ੱਕ ਕਰਦੇ ਜਾਪਦੇ ਸਨ, ਪਰ ‘ਗੁਪਬੋਲਾ [92]'ਸੁਣਕੇ ਠਿਠੰਬਰ ਜਾਂਦੇ ਸੇ ਤੇ ਫੇਰ ਗੁਰਮੁਖ ਜੀ ਦਾ ਇਸ਼ਾਰਾ ਤੱਕ ਕੇ ਨਿਰਸੰਸੇ ਲੰਘ ਜਾਣ ਦੇਂਦੇ ਸਨ। ਜਦੋਂ ਅੰਦਰ ਦੀਵਾਨ ਵਿਚ ਗਏ ਤਾਂ ਗਿਆਨੀ ਘਰਬਾਰਾ ਸਿੰਘ ਜੀ ਸ਼ਬਦ ਦੀ ਕਥਾ ਸਮਾਪਤ ਕਰ ਚੁਕੇ ਸੇ, ਹੁਣ ਸਮਾਪਤੀ ਦਾ ਅਰਦਾਸਾ ਹੀ ਬਾਕੀ ਸੀ ਕਿ ਗੁਰਮੁਖ ਜੀ ਨੇ ਅਰਦਾਸਾ ਕਰਨ ਤੋਂ ਪਹਿਲਾਂ ਚਬੂਤਰੇ ਤੇ ਖੜੋਕੇ ਗੱਜ ਕੇ 'ਸਤਿ ਸ੍ਰੀ ਅਕਾਲ' ਦਾ ਜੈਕਾਰਾ ਗਜਾਇਆ ਤੇ ਫੇਰ ਪੰਥ ਨੂੰ ਵਧਾਈਆਂ ਦਿੱਤੀਆਂ। ‘ਖਾਲਸਾ ਜੀ! ਅੱਜ ਓਹ ਵਧਾਈ ਹੈ ਕਿ ਜਿਸ ਪਰ ਸਾਰੇ ਪੰਥ ਦਾ ਖੂਨ ਸੱਚੇ ਪ੍ਰੇਮ ਤੇ ਖੁਸ਼ੀ ਦਾ ਉਛਾਲਾ ਖਾਏਗਾ ਤੇ ਓਹ ਮੰਗਲਾਂ ਵਾਲੀ ਗਲ ਇਹ ਹੈ ਕਿ ਪਿਆਰੇ ਸ਼ੱਤ੍ਰੂਜੀਤ ਸਿੰਘ ਦਾ ਬੇਟਾ ਲੱਭ ਪਿਆ ਹੈ ਅਤੇ ਅੱਜ ਪੰਥ ਦੇ ਚਰਨਾਂ ਵਿਚ ਆ ਗਿਆ ਹੈ ਤੇ ਨਾਲ ਬੀਰਤਾ ਦੀ ਦੇਵੀ ਸਤਵੰਤ ਕੌਰ ਕੈਦਾਂ ਦੇ ਬੰਧਨ ਕੱਟ ਕਟਾਕੇ ਸਿੱਖੀ, ਸ਼ਰਮ, ਧਰਮ, ਕੇਸ ਤੇ ਬੰਦਗੀ ਸਲਾਮਤ ਲੈਕੇ ਆ ਗਈ ਹੈ।' ਇਹ ਖ਼ਬਰ ਇਸ ਤਰ੍ਹਾਂ ਦੀ ਉਛਾਲੇ ਵਾਲੀ ਪਈ ਕਿ ਮਾਨੋ ਪਿਆਰਾਂ ਦੀ ਬਿਜਲੀ ​ਵਿਛੋੜੇਦੇ ਖਲਵਾੜਿਆਂ ਤੇ ਪੈ ਕੇ ਉਸਨੂੰ ਪਵਿੱਤ੍ਰ ਅਲਾਂਬੇ ਦਾ ਨੂਰ ਲਾ ਗਈ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਉਸ ਗੁਪਤ ਮੰਡਲ ਦਾ ਅਕਾਸ਼ ਗੂੰਜ ਉਠਿਆ। ਜਦ ਚੁੱਪ ਹੋਈ ਤਾਂ ਗੁਰਮੁਖ ਜੀ ਨੇ ਸਤਵੰਤ ਕੌਰ ਨੂੰ ਆਖਿਆ ਕਿ ਆਪਣਾ ਹਾਲ ਸੁਣਾਵੇ। ਸਤਵੰਤ ਕੌਰ ਨੇ ਆਪਣੇ ਦੁਖੜੇ, ਆਪਣੀ ਸਿੱਖੀ ਸੁਰਤ ਨਾਲ ਦੁਖੜਿਆਂ ਦੇ ਮੁਕਾਬਲੇ ਤੇ ਸਾਂਈਂ ਦੀਆਂ ਮਿਹਰਾਂ ਤੇ ਫੇਰ ਗੁਰਮੁਖ ਜੀ ਦੀ ਪਿਆਰ ਛੁਹ ਤੇ ਨਾਮ ਦਾਨ ਨਾਲ ਜੀ ਉਠਣ ਦੀ ਮਗਰਲੀ ਸਿਰ ਬੀਤੀ ਤੇ ਆਗ਼ਾ ਖਾਂ ਦੇ ਮਿਲਣ ਦੀ ਗਲ ਬਾਤ ਕਹਿ ਸੁਣਾਈ।

ਅੱਜ ਦਾ ਸਮਾਗਮ ਪੰਥ ਦੇ ਜਥੇਦਾਰਾਂ, ਚੋਣਵੇਂ ਮਹਾਂ ਪੁਰਖਾਂ, ਵਿਦਵਾਨਾਂ, ਸੂਰਮਿਆਂ ਤੇ ਜੋਧਿਆਂ ਦਾ ਸੀ, ਚੋਣਵਿਆਂ ਦਾ ਦੀਵਾਨ ਹੀ ਗੁਰਮਤਾ ਕਹੀਦਾ ਸੀ। ਹਾਂ ਜੀ, ਓਹਨਾਂ ਸਾਰੇ ਬਹਾਦਰਾਂ ਤੇ ਸ੍ਰੇਸ਼ਟ ਸੱਜਣਾਂ ਦੇ ਦਿਲ ਸਤਵੰਤ ਦੇ ਦੁਖਾਂ ਅਰ ਉਸ ਦੀਆਂ ਬਹਾਦਰੀਆਂ ਨਾਲ ਭਰ ਆਏ, ਆਪਣੀ ਕੌਮ ਤੇ ਆਪਣੇ ਸਿੱਖੀ ਵਿਸ਼ਵਾਸ਼ ਦੀਆਂ ਉਚੀਆਂ ਤਾਸੀਰਾਂ ਉਤੇ ਫਖਰ ਆ ਆਕੇ ਨੈਣ ਭਰਭਰ ਲਿਆਏ। ਇਸੇ ਵੇਲੇ ਇਕ ਫਖ਼ਰਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ, ਜੋਸ਼ ਦਾ ਇਕ ਅਝੱਲ ਵਲਵਲਾ ਉਤਸ਼ਾਹ ਬਣਕੇ ਉਮਡਦਾ ਸੀ, ਨੈਣ ਭਰਦੇ ਡੁੱਲ੍ਹਦੇ ਤੇ ਚਮਕ ਚਮਕ ਉਠਦੇ ਸੇ, ਉਦਾਸੀਆਂ ਨਾਲ ਨਹੀਂ, ਪਰ ਸ਼ੁਕਰਾਂ, ਫਖਰਾਂ ਤੇ ਉਮਾਹਾਂ ਨਾਲ ਕਿ ਅਸੀਂ ਕਿਸ ਅਕਲਾਂ ਤੇ ਸ਼ਕਤੀਆਂ ਦੇ ਮਾਲਕ ਤੇ ਧਨੀ ਸਾਹਿਬ ਦੇ ਰਚੇ ਹੋਏ ਖਾਲਸਾ ਹਾਂ। ਸਾਡੇ ਨਾ ਕੇਵਲ ਖਿਆਲ, ਪਰ ਸਾਡੇ ਖੂਨ ਵਿਚ ਉਸ ਨੇ ਕਿਹੜੀ ਜਾਨ ਪਾਈ ਕਿ ਸਾਡੀਆਂ ਕੰਨ੍ਯਾ ਬੀ ਕਠਨ ਤੋਂ ਕਠਨ ਮੁਸ਼ਕਲਾਂ ਵਿਚ ਜਾ ਕੇ ਇਕ ਅੱਗ ਦੇ ਮਘਦੇ ਕੋਲੇ ਵਾਂਗ—ਜੋ ਸਿਆਲੇ ਦੀ ਕੱਕਰੀ ਰਾਤ ਵਿਚ ਆਪਣਾ ਨਿਕੇ ਤੋਂ ਨਿਕਾ ਵਜੂਦ ਹੁੰਦੇ ਤਕ ਮਘਦਾ; ਭਖਦਾ ਹੈ ਤੇ ਸੇਕ ਦੇਂਦਾ ਹੈ— ​ਹਾਰਦੀਆਂ ਨਹੀਂ। ਨਾ ਮੁਸ਼ਕਲਾਂ ਨਾ ਡਰ, ਨਾ ਨਿਰਾਸਤਾ ਦੇ ਹਨੇਰੇ, ਨਾ ਲੋਭ ਦੇ ਭੁਲਾਵੇ, ਨਾ ਲਾਲਚ, ਨਾ ਫੁਸਲਾਹਟ; ਕੋਈ ਸਾਡੇ ਬੱਚੇ ਬੱਚੀਆਂ ਨੂੰ ਭੀ ਆਪਣੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ। ਅਸੀਂ ਉਹਨਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿਤਾ ਗਿਆ ਹੈ। ਜਿਥੋਂ ਲੰਘਦੋ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ‘ਹਿੰਦੂ ਕੁਸ਼’[93] ਧਰ ਦਿਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਲਿਆਲੇ ਕੇਸਾਂ ਵਾਲੇ ਕਲਗੀਧਰਾ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁੱਕ, ਸਦਾ ਬਲਦੀ ਜ਼ਿੰਦਗੀ ਫੂਕ ਦਿਤੀ ਹੈ ਕਿ ਜਿਸ ਦੇ ਬੱਚੇ ਵੀ ਤੇਰੇ ਆਪਣੇ ਬੱਚਿਆਂ ਵਾਲੀ ਬੀਰਤਾ ਦਿਖਾਲਦੇ ਹਨ। ਹਾਂ ਸੁਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁਤ੍ਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁਤ੍ਰ ਹੋਰ ਹਨ ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁਤ੍ਰ ਸੋਮਾ’ ਹੈ। ਮੇਰਾ ਇਹ ਪੁੱਤਰ ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ ਤੂੰ ਸਾਨੂੰ ਪੁਤ੍ਰ ਬਨਾਇਆ ਸੀ, ਤੇ ਅਮਰ ਪੁਤ੍ਰ ਬਨਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁੱਝ ਅੱਗ ਦਾ ਅਲਾਂਬਾ ਹੋਣ। ਇਸ ਤਰ੍ਹਾਂ ਦੇ ਭਾਵ ਸਨ ਜੋ ਮਹਾਂਬਲੀ ਸੂਰਿਆਂ, ਗ੍ਯਾਨੀਆਂ, ਤਿਆਗੀਆਂ ਤੇ ਕਰਨੀਆਂ ਵਾਲੇ ਮਹਾਂ ਪੁਰਖਾਂ ਦੇ ਅੰਦਰ ਠਾਠਾਂ ਮਾਰ ਰਹੇ ਸਨ ਕਿ ਜਦੋਂ ​ਸਤਵੰਤ ਆਪਣੇ ਦੁਖੜੇ, ਆਪਣੇ ਹੀਲੇ, ਹਿੰਮਤਾਂ, ਆਪਣੇ ਹਾਲ ਹਵਾਲ ਦੱਸ ਰਹੀ ਸੀ, ਜਦੋਂ ਦੱਸ ਚੁਕੀ ਤਦ ‘ਧੰਨ ਸਿੱਖੀ! ਧੰਨ ਸਿੱਖੀ' ਦੀ ਗੁੰਜਾਰ ਨਾਲ ਅਕਾਸ਼ ਗੂੰਜਿਆ। ਹੁਣ ਆਗ਼ਾ ਖਾਨ ਦੇ ਖੜੇ ਕਰਕੇ ਦਰਸ਼ਨ ਕਰਾਏ ਗਏ, ਉਹ ਪੰਜਾਬੀ ਸਮਝਣ ਤੇ ਕੁਛ ਟੂਟੂ ਕਰਨ ਲੱਗ ਪਿਆ ਸੀ, ਪਰ ਸਾਫ ਨਹੀਂ ਬੋਲ ਸਕਦਾ ਸੀ, ਪਰ ਉਸ ਨੇ ਇੰਨੇ ਪਦ ਆਖ ਹੀ ਲਏ:-

‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।
ਮੇਰਾ ਸੀਸ ਗੁਰੂ ਖਾਲਸੇ ਦੀ ਭੇਟਾ ਹੋਵੇ'।

ਇਸ ਇਕ ਫਿਕਰੇ ਤੇ ਫਿਰ ਕਲੇਜੇ ਉਛਲੇ ਅਰ 'ਧੰਨ ਕਲਗੀਆਂ ਵਾਲੇ' ਦਾ ਨਕਸ਼ਾ ਅੱਖਾਂ ਅੱਗੇ ਜਾਗਦੀ ਜੋਤ ਹੋ ਲਿਸ਼ਕਿਆ।

ਹੁਣ ਜੱਥੇਦਾਰ ਨੇ ਚਾਹਿਆ ਕਿ ਆਗ਼ਾ ਖਾਂ ਦੀ ਖਿਡਾਵੀ ਆਪਣੀ ਸ਼ਹੀਦ ਹੋਈ ਸਵਾਣੀ ਦਾ ਹਾਲ ਸੁਣਾਵੇ। ਸੋ ਉਸ ਪਿਆਰ ਨੁਛਾਵਰ ਬੀਬੀ ਨੇ ਸ਼ੱਤ੍ਰੂਜੀਤ ਸਿੰਘ ਦੀ ਸਿੰਘਣੀ ਆਸ ਕੌਰ ਤੇ ਬੱਚੇ (ਆਗ਼ਾ ਖਾਂ) ਦੇ ਕੈਦ ਪੈਣ ਤੋਂ ਲੈ ਕੇ ਸਤਵੰਤ ਜੀ ਦੇ ਮਿਲਣ ਤਕ ਦੇ ਸਾਰੇ ਹਾਲਾਤ ਸੁਣਾਏ। ਇਨ੍ਹਾਂ ਕਸ਼ਟ ਭਰੇ ਦੁਖੜਿਆਂ ਤੇ ਕੌਣ ਸੀ ਜੋ ਵਰਾਗ ਮੂਰਤ ਨਹੀਂ ਸੀ ਹੋ ਜਾਂਦਾ। ਆਸ ਕੌਰ ਦਾ ਮੌਤ ਦੇ ਜ਼ਹਿਰ ਪਿਆਲੇ ਨੂੰ ਸ਼ਹੀਦੀ ਦਾ ਸ਼ਰਬਤ ਬਣਾ ਕੇ ਪੀ ਜਾਣਾ, ਆਪਣੇ ਬੱਚੇ ਨੂੰ ਪੰਥ ਸੇਵਾ ਲਈ ਜੀਉਂਦੇ ਰੱਖ ਜਾਣਾ, ਆਸ ਕੌਰ ਦਾ ਸਿਦਕ ‘ਕਿ ਮੇਰਾ ਬੱਚਾ ਆਪਣਾ ਜਨਮ ਸੁਣਕੇ ਆਪਣੇ ਅਸਲੇ ਵਿਚ ਜ਼ਰੂਰ ਜਾਏਗਾ' ਦਾ ਪੂਰਾ ਉਤਰਨਾ, ਜ਼ਿੰਦਾ ਸਬੂਤ ਸਨ ਸਿੱਖੀ ਜ਼ਿੰਦਗੀ ਦੇ, ਸਿੱਖੀ ਵਿਸ਼ਵਾਸ਼ ਦੇ ਤੇ ਸਿੱਖੀ ਸੱਤ੍ਯਾ ਦੇ। ਏਹ ਸਾਰੇ ਭਾਵ ਇਕ ਉੱਚਾ ਵੈਰਾਗ ਪੈਦਾ ਕਰਦੇ ਹਨ, ਜਿਸ ਵਿਚ ਖੂਨ ਸਰਦ ਹੋਣ ਦੀ ਥਾਂ ਲਾਲੀ ਤੇ ਉਭਾਰ ਖਾਂਦਾ ਸੀ। ਹਾਂ, ਵੈਰਾਗ ਦਾ ਝਲਕਾ ਵਜਦੇ ਸਾਰ ਨਾਸ਼ਮਾਨ ਜਗਤ ਦੇ ਦਿਲਫ੍ਰੇਬ ​ਨਕਸ਼ਿਆਂ ਤੋਂ ਚਿੱਤ ਉੱਠ ਕੇ ਸਾਹਿਬ ਜੀ ਦੀ ਪਿਆਰ ਮੂਰਤੀ ਦਾ ਝਲਕਾ ਲੈ ਲੈਂਦੇ ਸੀ, ਕਲੇਜੇ ਉਸ ਮਾਣ ਵਿਚ, ਫਖ਼ਰ ਵਿਚ ਉਛਲ ਪੈਂਦੇ ਕਿ ਸਾਡੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੀਹ ‘ਪਾਰਸ ਛੁਹ' ਸਾਡੇ ਮਨਾਂ ਨੂੰ ਲਾਈ ਹੈ ਕਿ ਇਹ ਬਿਦੇਸ਼ਾਂ ਵਿਚ, ਪਰਵੱਸ ਪੈ ਕੇ, ਇਕ ਪਾਸੇ ਭ੍ਯਾਨਕ ਮੌਤ ਤੇ ਦੂਜੇ ਪਾਸੇ ਐਸ੍ਵਰਜ ਦੇ ਲਾਲਚਾਂ ਵਿਚ ਬੀ ਘਿਰੇ ਜਾ ਕੇ ਆਪਣੀ ਆਨ ਤੋਂ ਨਹੀਂ ਹਿਲਦੇ। ਮਰਨ ਵਿਚ ਜੀਵਨ ਸਮਝਦੇ ਹਨ ਅਰ ਗ਼ੁਲਾਮੀ ਦੇ ਜੀਵਨ ਨੂੰ ਮੌਤ ਤੋਂ ਬੁਰਾ ਸਮਝਦੇ ਹਨ। ਜਿੱਥੇ ਹਮਸਾਏ, ਸਾਕ, ਤੇ ਨਾਤੇਦਾਰ ਜੋ ਉਸ ‘ਜਯੋਤੀ ਦਾਤਾ' ਗੁਰੂ ਗੋਬਿੰਦ ਸਿੰਘ ਜੀ ਦੀ 'ਪਾਰਸ-ਛੁਹ' ਤੋਂ ਵਿਰਵੇ ਹਨ, ਉਨ੍ਹਾਂ ਹੀ ਧਰਤੀਆਂ ਵਿਚ, ਉਨ੍ਹਾਂ ਹੀ ਹਾਲਤਾਂ ਵਿਚ ਜਾ ਕੇ ਦੋ ਦੋ ਚਾਰ ਚਾਰ ਰੁਪਏ ਨੂੰ ਪਸ਼ੂਆਂ ਵਾਂਗੂ ਵਿਕਦੇ ਹਨ, ਉਥੇ ਸਾਡੇ ਬੱਚੇ, ਸਾਡੀਆਂ ਇਸਤ੍ਰੀਆਂ ਨੂੰ ਕੋਈ ਲਾਲਚ ਮੋਹ ਨਹੀਂ ਸਕਦਾ, ਕੋਈ ਡਰ ਝੁਕਾ ਨਹੀਂ ਸਕਦਾ, ਨਿਰਭੈ ਮੌਤ ਦੇ ਘਾਟ ਉਤਰਦੇ ਹਨ ਅਰ ਟੁੱਟਦੇ ਸਤਾਰੇ ਵਾਂਙੂੰ ਆਪਣੀ ਮੌਤ ਵਿਚ ਬੀ ਨੂਰ ਦਾ ਲਿਸ਼ਕਾਰਾ ਮਾਰਦੇ ਹਨ। ਹਾਂ, ਸਾਡੇ ਬੱਚਿਆਂ ਦੇ ਖਿਡਾਵੇ, ਜਿਨ੍ਹਾਂ ਨੂੰ ਸਾਡੇ ‘ਪਿਆਰ ਜੀਵਨ’ ਦੀ ਛੁਹ ਮਿਲੀ ਹੈ, ਉਹਨਾਂ ਵਿਚ ਬੀ ਹੇ ਕਲਗੀਧਰ! ਤੇਰੀ ਛੁਹ ਦਰ ਛੁਹ ਐਸਾ ਬਲ ਭਰ ਦੇਂਦੀ ਹੈ ਕਿ ਐਸੀ ਕਠਨ ਦਸ਼ਾ ਵਿਚ ਉਹ ਬੀ ਅਝੁਕ ਰਹਿੰਦੇ ਹਨ ਅਰ ਪਿਆਰ ਦੀ ਜਗਵੇਦੀ ਉਤੇ ਆਪਣਾ ਸਭ ਕੁਛ ਵਾਰ ਕੇ ਆਪਣੇ ਪਿਆਰ ਦਾ ਕੌਲ ਪਾਲ ਦੱਸਦੇ ਹਨ। ਵਾਹ ਵਾਹ! ਇਕ ਢੱਠੇ ਦੇਸ਼, ਇਕ ਗ਼ੁਲਾਮ ਦੇਸ਼ ਵਿਚ, ਹੇ ਚਮਕਦੇ ਨੂਰ ਕਲਗੀਧਰ! ਵਾਹ ਵਾਹ ਤੈਨੂੰ, ਵਾਹ ਵਾਹ-ਵਾਹ ਤੈਨੂੰ, ਸਦਾ ਵਾਹ ਵਾਹ ਤੈਨੂੰ, ਜੀਵਣ ਕਣੀ ਭਰਕੇ ਮੋਏ ਜਿਵਾਲ ਦੇਣ ਵਾਲੇ ਜੀਅਦਾਨ ਦੇ ਦਾਤਿਆ! ਵਾਹ ਵਾਹ ਤੈਨੂੰ।

ਆਗ਼ਾ ਖਾਂ ਦੀ ਖਿਡਾਵੀ ਦੇ 'ਆਪਾ ਵਾਰ' ਪਿਆਰ ਨੇ ​ਆਖ਼ਰ ਸੂਰਮਿਆਂ ਦੇ ਭਰ ਆਉਂਦੇ, ਪਰ ਅੱਖਾਂ ਵਿਚਹੀ ਗੁੰਮ ਹੋ ਜਾਂਦੇ ਅੱਥਰੂ-ਪਵਿੱਤ੍ਰ ਅੱਥਰੂ-ਪਾਵਨ ਧਰਤੀ ਉਤੇ ਡੇਗ ਲਏ ਪਰ ਡੇਗ ਹੀ ਲਏ।

ਆਗ਼ਾ ਖਾਂ, ਲੱਧਾ ਸਿੰਘ ਤੇ ਮਾਈ ਹੈਰਾਨ ਸਨ ਕਿ ਸਤਵੰਤ ਕੌਰ ਕੰਨ੍ਯਾ ਸੀ ਅਰ ਇਸ ਛਿਨ ਤੱਕ ਇਸ ਨੇ ਸਾਨੂੰ ਬੀ ਆਪਾ ਨਹੀਂ ਜਤਾਇਆ, ਕਿਸ ਬਹਾਦਰੀ ਨਾਲ ਇਸ ਨੇ ਆਪਾ ਲੁਕਾਈ ਰੱਖਿਆ ਹੈ ਅਰ ਕੀਕੂੰ ਫੇਰ ਪੂਰੇ ਪਿਆਰ ਤੇ ਭਰੋਸੇ ਨਾਲ ਨਿਭੀ ਹੈ। ਪੰਥ ਵਿਚ ਉਸ ਦੀ ਸਿਖੀ ਸੁਰਤ ਬੀਰਤਾ ਤੇ ਧਰਮ ਉੱਤੇ ਤਾਂ ਅਸ਼ ਅਸ਼ ਹੋ ਹੀ ਰਹੀ ਸੀ, ਪਰ ਉਸਦੀ ਦਨਾਈ ਤੇ ਅਕਲ ਉੱਤੇ ਬੀ ਬਹੁਤ ਹੀ ਸ਼ਾਬਾਸ਼ ਹੋਈ! ਸਿਖ ਕੰਨਿਆਂ ਨੂੰ ਜ਼ਾਲਮ ਕੈਦ ਕਰਕੇ ਲੈ ਗਏ, ਪਰ ਉਹ ਮੂਰਖ ਨਹੀਂ ਸਨ ਜਾਣਦੇ ਕਿ ਇਹ ਮਗਰਮੱਛ ਦਾ ਬੱਚਾ ਹੈ, ਇਹ ਨਿਹੰਗ ਦਾ ਪੂੰਗੜਾ ਹੈ, ਇਹ ਸਾਡੀ ਖ਼ੁਰਾਕ ਨਹੀਂ ਬਣੇਗਾ। ਉਹ ਮੱਛੀਆਂ ਦੇ ਜਾਲ ਵਿਚ ਅਭੋਲ ਹੀ ਇਸ ਨੂੰ ਲੈ ਗਏ ਸਨ: ਇਸ ਨਿਹੰਗ ਬੱਚੇ ਨੇ ਨਾ ਕੇਵਲ ਆਪਣਾ ਛੁਟਕਾਰਾ ਪਾਇਆ ਸਗੋਂ ਆਪਣੇ ਦੋ ਹੋਰ ਭੈਣ ਭਰਾ ਕੈਦੋਂ ਨਾਲ ਵਾਪਸ ਲਿਆਂਦੇ। ਹਾਂ, ਉਸ ਪਾਵਨ ਧਰਤੀ ਵਿਚ ਲਿਆਂਦੇ ਕਿ ਜਿਥੇ ਖੁੱਲ੍ਹ ਲਈ-ਹਾਂ, ਦੇਸ਼, ਧਰਮ, ਖਿਆਲ, ਤੇਆਂ ਖੁੱਲ੍ਹਾਂ ਲਈ ਮਹਾਨ ਯਤਨ ਹੋ ਰਿਹਾ ਹੈਸੀ। ਹਾਂ ਜੀ, ਨਾ ਕੇਵਲ ਸਿਖ ਕੈਦੀ ਇਹ ਕੈਦ ਪਈ ਸਿਖ ਕੰਨਯਾਂ ਸੁਤੰਤ੍ਰ ਕਰਕੇ ਨਾਲ ਲਿਆਈ ਹੈ, ਸਗੋਂ ਇਕ ਜਰਵਾਣਿਆਂ ਦੇ ਕਿਲ੍ਹੇ ਵਿਚੋਂ ਛੁੱਟਕੇ ਆਉਣ ਦੀ, ਉੱਚੇ ਨਮੂਨੇ ਦੀ ਆਪਣੀ 'ਪਿਆਰ ਛੁਹ' ਦੀ ਇਕ ਐਸੀ ਚਿਣਗ ਲਿਆਈ ਹੈ ਕਿ ਜਿਸਨੇ ਪੰਥ ਤੇ ਦੇਸ਼ ਵਿਚ ਲੱਗਕੇ ਕੋਈ ਰੰਗ ਦਿਖਾਉਣਾ ਹੈ ਤੇ ਕਈ ਅਲਾਂਬੇ ਕੁਰਬਾਨੀਆਂ ਦੇ ਬਾਲਣੇ ਹਨ। ਹਾਂ, ਆਪਣੀ ਕੈਦ ਦੀ ਧਰਤੀ ਵਿਚ ਬੀ ਕੋਈ ਪਿਆਰ ਦੀ ਚਿਣਗ ਲਾ ਕੇ ਆਈ ਹੈ, ਜਿਸ ਨੇ ਕਿਸੇ ਦਿਨ ਆਪਣਾ ਰੰਗ ਦਿਖਾਉਣਾ ਹੈ। ਇਹ ਸੀ ​ਜ਼ਿੰਦਗੀ ਜੋ ਉਸ ਘੁੰਗਰਿਆਲੇ ਕੇਸਾਂ ਵਾਲੇ ਸੂਰਮੇਂ ਦਾਤਾ ਨੇ ਮੁਰਦਾ ਕੌਮ ਵਿਚ ਭਰੀ ਸੀ ਤੇ ਜਗਤ ਨੂੰ ਇਕ ਕਰਾਮਾਤ-ਸਦਾ ਅਟੱਲ ਕਰਾਮਾਤ—ਕਰ ਦਿਖਾਈ ਸੀ[94]।

ਹੁਣ ਦੀਵਾਨ ਵਿਚ ਅੰਮ੍ਰਿਤ ਤਿਆਰ ਕੀਤਾ ਗਿਆ, ਅਰ ਛਕਾਇਆ ਗਿਆ। ਇਸ ਅਤਿ ਖੁਸ਼ੀ ਦੇ ਨਜ਼ਾਰੇ ਨੂੰ ਪੰਥ ਨੇ ਫੇਰ ਤੇ ਪਾਉਣਾ ਪਸੰਦ ਨਹੀਂ ਕੀਤਾ। ਆਗ਼ਾ ਖਾਂ ਦਾ ਨਾਮ ਅਲਾਂਬਾ ਸਿੰਘ ਰੱਖਿਆ ਗਿਆ, ਉਸ ਦੀ ਖਿਡਾਵੀ ਨੇ ਜੋ ਆਪਣਾ ਧਰਮ ‘ਪਿਆਰ' ਰੱਖਦੀ ਸੀ ਤੇ ਆਪਣੇ ਪਾਲੇ ਬੱਚੇ ਦੀ ਸੱਕੀ ਮਾਂ ਹੋ ਚੁਕੀ ਸੀ, ਅੱਜ ਮਾਈ ਤੇਜ ਕੌਰ ਦਾ ਨਾਮ ਪਾਇਆ। ਹਾਂ ਜੀ, ਜੁੱਗਾਂ ਤਕ ਕੰਮ ਵਿਚ ਚਾਨਣ ਮੁਨਾਰਾ ਬਣਕੇ ਰੌਸ਼ਨੀ ਦੇਣ ਵਾਲਿਆਂ ਦਾ ਨਵਾਂ ਜਨਮ ਹੋ ਗਿਆ।

ਇਸ ਵੇਲੇ ਜਦ ਕਿ ਹੁਣ ਅਰਦਾਸਾ ਹੋਣ ਵਾਲਾ ਸੀ ਇਕ ਪਿਆਰੇ ਨੇ ਕਿਹਾ, "ਖਾਲਸਾ ਜੀ! ਕੈਸੀਆਂ ਆਦਰ ਜੋਗ ਕੁਰਬਾਨੀਆਂ, ਕਸ਼ਟਾਂ ਤੇ ਪਿਆਰਾਂ ਵਿਚੋਂ ਸਤਵੰਤ ਤੇ ਅਲਾਂਬਾ ਸਿੰਘ ਲੰਘੇ ਹਨ ਤੇ ਇਕੱਠੇ ਦੇਸ਼ ਅੱਪੜੇ ਹਨ ਤੇ ਪਰਸਪਰ ਸਤਿਕਾਰ ਤੇ ਹਿਤ ਨਾਲ ਇਕ ਦੂਸਰੇ ਦੇ ਆਦਰ ਕਰਨ ਵਾਲੇ ਹੋ ਚੁਕੇ ਹਨ, ਚੰਗਾ ਹੋਵੇ ਕਿ ਦੋਹਾਂ ਦਾ ਵਿਵਾਹ ਕਰਕੇ ਇਨ੍ਹਾਂ ਨੂੰ ਅਵਿੱਛੁੜ ਕਰ ਦਿਤਾ ਜਾਵੇ।" ਇਹ ਗੱਲ ਸੁਣਕੇ ਸਤਵੰਤ ਕੌਰ ਨੇ ਬੜੀ ਅਦਬ ਵਾਲੀ ਤੇ ਅਹਿੱਲ ਸੁਰ ਵਿਚ ਬੇਨਤੀ ਕੀਤੀ:- "ਮੇਰੇ ਗੁਰੂ ਦੇ ਰੂਪ ਵਾਲੇ ਖਾਲਸਾ ਜੀ! ਮੈਨੂੰ ਜਦ ਅਲਾਂਬਾ ਸਿੰਘ ਜੀ ਆਗ਼ਾ ਖਾਂ ਦੇ ਰੂਪ ਵਿਚ ਮਿਲੇ ਤੇ ਆਪੋ ਵਿਚ ਪਰਸ​ਪਰ ਸਹਾਇਤਾ ਦੇ ਅਹਿਦ ਹੋਏ, ਤਦ ਤੋਂ ਅਰ ਫੇਰ ਜਦੋਂ ਉਹਨਾਂ ਦੇ ਤੇ ਮੇਰੇ ਖੂਨ ਦੇ ਇਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿਚ ਖੁੱਲ੍ਹੇ, ਮੇਰੀ ਨਜ਼ਰੋਂ ਓਹ ਮੇਰੇ ਮਾਂ ਪਿਉ ਜਾਏ ਵੀਰ ਹੋਕੇ ਲੰਘੇ। ਆਪ ਦੇ ਚਰਨਾਂ ਕਮਲਾਂ ਵਿਚ ਅੱਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ਕ ‘ਭਾਵਾਂ ਦੇ ਪੰਘੂੜੇ' ਵਿਚ ਉਹ ਵੀਰ ਹੋਕੇ ਝੂਮਦੇ ਰਹੇ ਹਨ, ਮੇਰੀ ਆਤਮਾ ਵਿਚ ਉਹਨਾਂ ਲਈ ਭੈਣਾਂ ਵਾਲਾ ਪਿਆਰ ਪੱਲਰ ਚੁਕਾ ਹੈ, ਮੈਨੂੰ ਇਸ ਉੱਚੇ ਦਰੋਂ ਤੇ ਆਪਣੇ ਚਰਨਾ ਦੇ ਸੁਗੰਧਤ ਕੇਸਰ ਵਿਚੋਂ ਇਕ ਉਸ ਸੁਗੰਧੀ ਦਾ ਦਾਨ ਕਰੋ ਕਿ ਮੇਰੀ ਉਹ ਪਵਿਤ੍ਰ ‘ਆਤਮ ਲਹਿਰ' ਜਿਸ ਵਿਚ ਉਹ ਭਰਾ ਤੇ ਵੀਰ—ਸੱਕੇ ਵੀਰ—ਹੋਕੇ ਲਿਸ਼ਕੇ ਹਨ ਅੰਤ ਪ੍ਰਯੰਤ ਨਿਭ ਜਾਵੇ, ਓਹ ਵੀਰ ਹੋਣ ਮਿੱਠੇ ਮਿੱਠੇ ਮੈ ਭੈਣ ਹੋਵਾਂ ਅਸੀਸਾਂ ਦੇਣ ਵਾਲੀ। ਦੂਜੀ ਬਿਨੈ ਹੈ ਕਿ ਮੈਨੂੰ ਹੁਣ ਗ੍ਰਿਹਸਤ ਵਿਚ ਨਾ ਪਾਓ। ਗ੍ਰਿਹਸਤ ਸੁਹਣਾ ਹੈ, ਸਤਿਗੁਰੂ ਦਾ ਪਵਿੱਤ੍ਰ ਕੀਤਾ ਆਸ਼੍ਰਮ ਹੈ, ਪਰ ਹੇ ਵੀਰੋ! ਮੇਰਾ ਆਤਮਾ ਪੰਥ ਸੇਵਾ ਦੇ ਪਿਆਰ ਵਿਚ ਬਹੁਤ ਵਧ ਚੁਕਾ ਹੈ, ਇਸ ਖੂਨ ਵਿਚ ਕੋਈ ਵਧਵਾਂ ਵਲਵਲਾ ਪੈ ਚੁਕਾ ਹੈ, ਪੰਥ ਦੀਆਂ ਮੁਸ਼ਕਲਾਂ ਵਿਚ ਕਸ਼ਟ ਪਾਣਾ ਤੇ ਆਪਾ ਨੁਛਾਵਰ ਕਰਕੇ (ਜੇ ਹੁਕਮ ਹੋਵੇ ਤਾਂ) ਸ਼ਹੀਦੀ ਪਾਣ ਦਾ ਵਲਵਲਾ ਬੱਝ ਚੁਕਾ ਹੈ। ਮੈਨੂੰ ਪੰਥ ਦਾ ਲਾਂਗਰੀ ਬਣਾਓ, ਮੈਨੂੰ ਪੰਥ ਦੇ ਜ਼ਖਮ ਬੰਨ੍ਹਣ ਵਾਲਾ ਵੈਦ ਬਣਾਓ, ਮੈਨੂੰ ਭੈਣਾਂ ਭਰਾਵਾਂ ਦੀ ਖਿਡਾਵੀ ਬਣਾਓ, ਪਰ ਮੈਨੂੰ ਹੁਣ ਗ੍ਰਿਹਸਤ ਨਾ ਦਿਓ। ਇਹ ਭੁੱਲ ਹੈ, ਅਵੱਗ੍ਯਾ ਹੈ, ਪਰ ਮੈਂ ਕਰ ਚੁਕੀ ਹਾਂ ਤੇ ਤੁਹਾਡਾ ਬਿਰਦ ਹੈ ਕਿ ਅੰਦਰਲੇ ਦੇ ਧਰਮ ਭੀ ਸਿਰੇ ਚੜ੍ਹਾ ਦਿਓ, ਚਾਹੇ ਓਹ ਔਖੇ ਬੀ ਹੋਣ। ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿਚ, ਵਾਹਿਗੁਰੂ ਦੀ ਯਾਦ ਵਿਚ ਉੱਚਾ ਰੱਖਕੇ ਪੰਥ ਸੇਵਾ ਵਿਚ ਸਫਲ ਕਰ ਲਵਾਂ। ਮੈਂ ਹੁਕਮੋਂ ਨਾਬਰ ਨਹੀਂ, ਸੰਨ੍ਯਾਸੀ ਬਣਨਾ ਚੰਗਾ ਬੀ ਨਹੀਂ ਜਾਣਦੀ, ਪਰ ਮੇਰੇ ਚਾਉ ਨੂੰ ​ਉੱਛਲਣ ਦਿਓ, ਇਸ ਬੂੰਦ ਨੂੰ ਸਾਗਰ ਬਣ ਜਾਣ ਦਿਓ। ਵਰ ਦਿਓ ਕਿ ਇਹ ਇਕ ਨਿਕਾਰਾ ਨਿਮਾਣਾ ਜੀਵਨ ਉਸ ਜੀਅਦਾਨ ਦਾਤੇ ਕਲਗੀਧਰ ਦੇ ਆਦਰਸ਼ ‘ਖਾਲਸਾ' ਤੋਂ ਸਦਕੇ ਹੋਵੇ। ਸੋਚ ਲਓ ਕਿ ਜੇ ਇਕ ਕੰਨ੍ਯਾ ਨੇ ਸੇਵਾ ਸਿਰ ਚਾ ਲਈ ਹੈ ਤੇ ਬਾਲ ਬੱਚੇ ਦੀ ਮੋਹ ਮਮਤਾ ਵਿਚ ਨਹੀਂ ਗਈ ਤਾਂ ਐਡੇ ਵਡੇ ਪੰਥ ਦਾ ਕੁਛ ਘਟ ਨਹੀਂ ਚਲਿਆ, ਸੋ ਮੇਰੇ ਵੱਡਿਓ! ਦਾਨ ਦਿਓ, ਦਾਤਾ ਜੀ ਤੋਂ ਲੈ ਦਿਓ ਇਹ ਦਾਨ। ‘ਦਾਨ ਦਿਓ! ਦਾਨ ਦਿਓ! ਦਾਨ ਲੈਦਿਓ:-ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਰਹਿ ਬਣ ਆਵੇ, ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਨਿਭ ਜਾਵੇ।'

ਕੌਣ ਸੀ ਜੋ ਇਸ ਵੇਲੇ ਸਿੱਖੀ ਪਵਿੱਤਰਤਾ, ਪਾਵਨ ਪਵਿੱਤ੍ਰਤਾ, ਪੁਨੀਤ ਪਵਿੱਤ੍ਰਤਾ ਤੇ ਉੱਛਲ ਨਾ ਪਿਆ ਹੋਵੇ। ਹਾਂ ਜੀ, ਇਸ ਸਮੇਂ ਸਿੱਖਾਂ ਵਿਚ ਇਹ ਪਵਿੱਤ੍ਰਤਾ ਠਾਠਾਂ ਮਾਰਦੀ ਸੀ, ਨਾਮ ਅਭ੍ਯਾਸ ਦਾ ਇਹ ਪ੍ਰਤਾਪ ਹੈ, ਇਹ ਮੁਬਾਲਗ਼ਾ ਤੇ ਬਨਾਵਟ ਨਹੀਂ, ਵੈਰੀਆਂ ਨੇ ਸਾਖ ਭਰੀ ਹੈ, ਬਲੋਚੀ ਖਾਨ ਦੇ ਦਰਬਾਰੀ ਲੇਖਕ ਨੇ ਲਿਖਿਆ ਹੈ[95] ਕਿ ਸਿੱਖਾਂ ਵਿਚ ਵਿਕਾਰ ਦ੍ਰਿਸ਼ਟੀ ਦਾ ਅਭਾਵ ਹੈ, ਇਹ ਆਚਰਨ ਦੇ ਪੂਰਨ ਪਵਿੱਤ੍ਰ ਲੋਕ ਹਨ।

ਹੁਣ ਆਗ਼ਾ ਖਾਂ ਨੇ ਗੁਰਮੁਖ ਜੀ ਪਾਸ ਫਾਰਸੀ ਬੋਲੀ ਵਿਚ ਆਪਣਾ ਭਾਵ ਆਖਿਆ ਕਿ ‘ਸਤਵੰਤ ਕੌਰ ਨੂੰ ਜਦ ਮੈਂ ​ਮਿਲਿਆ ਅਸੀਂ ਭਰਾ ਬਣੇ ਸਾਂ, ਇਸ ਪਵਿੱਤ੍ਰਤਾ ਦੇ ਅਗਨ ਕੁੰਡ ਨਾਲ ਮੇਰਾ ਭਰਾ ਹੋਣ ਦਾ ਭਾਵ ਗਠ ਚੁਕਾ ਹੈ, ਜਦੋਂ ਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਭੈਣ ਹੈ। ਹੁਣ ਮੈਨੂੰ ਅੱਜ ਪਤਾ ਲਗਾ ਹੈ ਕਿ ਇਹ ਭਰਾ ਨਹੀਂ ਸੀ, ਸ ਮੈਂ ਹੁਣ ਜਾਤਾ ਹੈ, ਪਛਾਤਾ ਹੈ, ਸਹੀ ਕਰ ਪਛਾਤਾ ਹੈ ਕਿ ਭੈਣ ਹੈ, ਇਹ ਸੱਕੀ ਭੈਣ ਹੈ। ਇਹਦਾ ਤੇ ਮੇਰਾ ਪਿਆਰ ਜੋ ਹਮਸ਼ੀਰੀ ਭਾਵ (ਵਾਤਸਲ ਰਸ) ਵਿਚ ਸ਼ੁਰੂ ਹੋ ਕੇ ਪੱਕ ਚੁਕਾ ਹੈ, ਉਹ ਉਹੋ ਹਮਸ਼ੀਰੀ ਪਿਆਰ (ਵਾਤਸਲ ਪ੍ਰੇਮ) ਹੀ ਰਹੇਗਾ। ਮੇਰਾ ਕਲੇਜਾ ਮੈਨੂੰ ਉਸ ਸਿੱਖ ਵੀਰ ਦੀ ਨੇਕੀ ਨਾਲ ਆਖੀ ਗਈ ਗੱਲ ਸੁਣਕੇ ‘ਪਾਪੀ’ ਆਖਦਾ ਹੈ। ਕਾਸ਼! ਮੇਰੇ ਕੰਨ ਇਹ ਗਲ ਕਦੇ ਨਾ ਸੁਣਦੇ। ਮੈਨੂੰ ਆਪ ਪੰਥ ਪਾਸੋਂ ਵਰ ਲੈ ਦਿਓ ਕਿ ਇਹ ਭੈਣ ਹੋਵੇ ਮੈਂ ਭਰਾ ਹੋਵਾਂ। ਜਿਸ ਪਵਿੱਤ੍ਰਤਾ ਦੇ ਭਾਵ ਵਿਚ, ਜਿਸ ਵਾਤਸਲ ਪ੍ਰੇਮ ਵਿਚ ਅਸੀਂ ਮਿਲੇ ਹਾਂ ਉਸੇ ਪ੍ਰੇਮ ਵਿਚ ਸਾਡੀ ਨਿਭੇ। ਦੂਸਰਾ ਦਾਨ ਲੈ ਦਿਓ ਕਿ ਮੈਨੂੰ ਸੇਵਾ ਮਿਲੇ, ਮੈਂ ਖ਼ੁਦਗ਼ਰਜ਼ੀ ਦੇ ਜੀਵਨ ਵਿਚ ਪੈਕੇ ਆਪਣੇ ਲਈ ਕੁਟੰਬ ਰਚਕੇ ਉਸ ਦੇ ਮੋਹ ਤੇ ਆਪਣੇ ਸ੍ਵਾਰਥ ਦੇ ਚਿੱਕੜ ਵਿਚ ਫਸਕੇ ਨਾ ਮਰਾਂ, ਸੋ ਮੈਨੂੰ ਆਗ੍ਯਾ ਲੈ ਦਿਓ ਕਿ ਮੈਂ ਕਲਗੀਆਂ ਵਾਲੇ, ਸੁਹਣੇ ਕੇਸਾਂ ਵਾਲੇ, ਸਰਦਾਰਾਂ ਦੇ ਸਰਦਾਰ ਦੀ ਸੇਵਾ ਕਰਾਂ। ਹਾਂ, ਪੰਥ ਦੀ ਸੇਵਾ ਕਰਾਂ, ਜਿਸ ਸੇਵਾ ਕਰਨ ਨਾਲ ਕਿ ਇਹ ਦੇਹ, ਜੋ ਅਨਮਤੀ ਅੰਨ ਖਾਕੇ ਪਲੀ ਹੈ, ਸਫਲ ਹੋ ਜਾਵੇ। ਮੇਰਾ ਖੂਨ ਠਾਠਾਂ ਮਾਰਦਾ ਹੈ ਕਿ ਆਪਣੀ ਮਾਂ ਦੇ ਕਾਤਲ ਤੋਂ ਕੱਸਾਸ ਲਵਾਂ, ਪਰ ਭੈਣ ਮੈਨੂੰ ਸਮਝਾਉਂਦੀ ਆਈ ਹੈ ਕਿ ਪੰਥ ਦੀ ਸੇਵਾ ਕਰੋ, ਪੰਥਕ ਲੋੜ ਪਈ ਤੇ ਲੜੋ, ਪਰ ਨਿਰਾ ਖੂਨ ਵਿਚ ਹੱਥ ਰੰਗਕੇ ਖੁਸ਼ ਹੋਣ ਦਾ ਖਿਆਲ ਸਿੱਖੀ ਆਦਰਸ਼ ਵਿਚ ਥਾਂ ਨਹੀਂ ਰਖਦਾ। ਦਾਨ ਲੈ ਦਿਓ ਕਿ ਮੇਰਾ ਸਰੀਰ ਸੇਵਾ ਵਿਚ ਸਫਲੇ।"

ਆਸ ਕੌਰ ਦੀ ਸਹੇਲੀ ਤੇ ਧਰਮ ਦਾਨ ਕਰਕੇ ਬੀ ​ਪਾਲਣ ਵਾਲੀ ਮਾਂ, ਸਤਵੰਤ ਕੌਰ ਦੀ ਸਾਂਈਂ, ਜੋ ਹੁਣ ਤੇਜ ਕੌਰ ਬਣ ਚੁਕੀ ਸੀ, ਬੋਲੀ "ਖਾਲਸਾ ਜੀ! ਮੈਂ ਆਪਦੇ ਇਕ ਸੁਹਣੇ ਪਰਵਾਰ ਦੀ ਸੇਵਾ ਕੀਤੀ ਹੈ। ਮੈਂ ਅਪਣਾ ਮਜ਼ਹਬ ਬੀ ‘ਪਿਆਰ' ਤੋਂ ਸਦਕੇ ਕੀਤਾ ਸੀ, ਕੋਈ ਖ਼ੈਰ ਅੱਜ ਮੇਰੀ ਝੋਲੀ ਬੀ ਪਾਓ, ਮੇਰੀ ਘਾਲ ਨੂੰ ਸਫਲਾ ਦਿਓ। ਅਲਾਂਬਾ ਸਿੰਘ ਮੇਰੀ ਗੋਦੀ ਵਿਚ ਪਲ ਚੁਕਾ ਹੈ, ਸਤਵੰਤ ਕੌਰ ਮੇਰੇ ਨੈਣਾਂ ਦੇ ਸੀਨਿਆਂ ਨਾਲ ਲੱਗ ਚੁੱਕੀ ਹੈ, ਦੋਵੇਂ ਮੇਰੀ ਝੋਲੀ ਪਾ ਦਿਓ, ਇਕ ਮੇਰਾ ਪੁੱਤ ਤੇ ਦੂਈ ਮੇਰੀ ਧੀ ਹੋਵੇ, ਮੈਂ ਦੋਹਾਂ ਦੀ ਮਾਂ ਹੋਵਾਂ ਤੇ ਏਹ ਦੋਵੇਂ ਭੈਣ ਭਰਾ ਹੋਣ ਤੇ ਅਸਾਂ ਤਿੰਨਾਂ ਦਾ ਲਹੂ ਪੰਥ ਸੇਵਾ ਦੀ ਜਗਵੇਦੀ ਤੇ ਆਹੂਤੀ ਹੋਵੇ। ਅਸਾਂ ਲਈ ਹੁਣ ਸੰਸਾਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿਓ"।

ਹੁਣ ਥੋੜੀ ਜੇਹੀ ਵਿਚਾਰ ਹੋ ਕੇ ਫੈਸਲਾ ਹੋਇਆ ਕਿ ਇਨ੍ਹਾਂ ਦੀ ਇੱਛਾ ਸੰਪੂਰਨ ਹੋਵੇ। ਅਲਾਂਬਾ ਸਿੰਘ ਦਾ ਸੰਕਲਪ ਸਿਰੇ ਚੜ੍ਹੇ ਤੇ ਇਹ ਨਿਰਾ ਇਕ ਸਿਪਾਹੀ ਨਾ ਹੋਵੇ ਜਥੇਦਾਰ ਬਣੇ ਤੇ ਸੇਵਾ ਕਰੋ। ਇਸ ਪਰ ਸਾਰੇ ਜਥੇਦਾਰਾਂ ਨੇ ਕਿਹਾ ਕਿ ਚਾਰ ਚਾਰ ਪੰਜ ਪੰਜ ਸਿੰਘ ਅਸੀਂ ਦਿਆਂਗੇ। ਛੋਟਾ ਜਿਹਾ ਵਹੀਰ ਏਸ ਦੀ ਤਾਬਿਆ ਹੋ ਜਾਵੇ। ਫੇਰ ਏਹ ਆਪ ਜਤਨ ਕਰੇ ਤਾਂ ਜੋ ਅਬਦਾਲੀ ਦੇ ਆਉਂਦੇ ਤਕ ਇਹ ਜੱਥਾ ਤਕੜਾ ਨਾਲ ਲੈਕੇ ਅਲਾਂਬਾ ਸਿੰਘ ਜੀ ਪੰਥ ਦੇ ਦਲਾਂ ਵਿਚ ਰਲਕੇ ਸੇਵਾ ਕਰਨ। ਸਤਵੰਤ ਕੌਰ ਇਨ੍ਹਾਂ ਦੇ ਜਥੇ ਵਿਚ ਸੇਵਾ ਪਰ ਹੋਵੇ। ਜੋ ਉਸ ਦੀ ਵਾਸ਼ਨਾ ਹੈ, ਲੰਗਰ ਦੀ, ਜੰਗ ਵੇਲੇ ਮਲ੍ਹਮ ਪੱਟੀ ਦੀ, ਸੋ ਕਰੇ। ਲੱਧਾ ਸਿੰਘ ਜੀ ਅਕਾਲ ਬੁੰਗੇ ਦੇ ਅਕਾਲੀ ਦਲ ਵਿਚ ਸ਼ਾਮਲ ਕੀਤੇ ਜਾਣ, ਮਾਈ ਤੇਜ ਕੌਰ ਸਤਵੰਤ ਕੌਰ ਦੇ ਨਾਲ ਰਹਿਣ ਲਈ ਦਿੱਤੀ ਜਾਵੇ।

ਅਕਾਲੀਆਂ ਵਾਲਾ ਬਾਗ਼ ਤਦੋਂ ਅਕਾਲ ਬੁੰਗੇ ਦੇ ਪਿਛਵਾੜੇ ਤਕ ਹੁੰਦਾ ਸੀ। ਜਿਸ ਤਰ੍ਹਾਂ ਦੱਖਣ ਪੂਰਬ ਦੀ ਬਾਹੀ ਵੱਲ ​ਗੁਰੂ ਕਾ ਬਾਗ਼ ਅੱਜ ਤੱਕ ਹੈ, ਇਸ ਤਰ੍ਹਾਂ ਉਤਰ ਪਛੋਂ ਦੀ ਬਾਹੀ ਵਲ ਅਕਾਲੀ ਬਾਗ਼ ਸੀ। ਮੁਨਿਆਰਾਂ ਵਾਲਾ ਬਜ਼ਾਰ, ਕਾਠੀਆਂ ਵਾਲਾ ਬਜ਼ਾਰ, ਮਾਈ ਸੇਵਾ ਦਾ ਕੁਛ ਹਿੱਸਾ, ਪਾਪੜਾਂ ਵਾਲਾ ਬਜ਼ਾਰ, ਕੁਛ ਹਿੱਸਾ ਮੇਹਰ ਸਿੰਘ ਕਟੜੇ ਦਾ ਬਾਗ਼ ਵਿਚ ਹੁੰਦੇ ਸਨ। ਸਹਿਜ ਸਹਿਜੇ ਵਸੋਂ ਵਧੀ ਤਾਂ ਇਹ ਬਾਗ਼ ਵੀ ਵਸੋਂ ਵਿਚ ਦਿੱਤਾ ਗਿਆ ਅਰ ਇਸ ਦਾ ਚੋਖਾ ਸਾਰਾ ਹਿੱਸਾ ਅਜੇ ਪਾਪੜਾਂ ਵਾਲੇ ਬਜ਼ਾਰ ਪਿਛਵਾੜੇ ਹੈ ਜੋ ਹੁਣ ਤਕ ਅਕਾਲੀਆਂ ਵਾਲਾ ਬਾਗ਼ ਸਦਾਉਂਦਾ ਹੈ ਅਤੇ ਹੁਣ ਸੁਹਣੇ ਬਗ਼ੀਚੇ ਦੀ ਸ਼ਕਲ ਰੱਖਦਾ ਹੈ। ਇਸ ਬਾਗ਼ ਵਿਚ ਅਕਸਰ ਸਿੰਘਾਂ ਦੇ ਉਤਾਰੇ ਹੋਇਆ ਕਰਦੇ ਸਨ। ਕਦੇ ਇਹ ਵੈਰਾਨ ਜੰਗਲ ਬਣ ਜਾਂਦਾ ਸੀ ਤੇ ਕਦੇ ਫੇਰ ਤ੍ਰੀਕੇ ਵਾਲਾ ਬਾਗ਼, ਇਹੋ ਕੁਛ ਹੁੰਦਾ ਰਿਹਾ ਹੈ। ਅਲਾਂਬਾ ਸਿੰਘ ਨੂੰ ਜਥੇਦਾਰਾਂ ਨੇ ਉਸ ਦਿਨ ਦਸ ਬਾਰਾਂ ਸਿੰਘ ਤੇ ਕੁਛ ਗੱਫੇ ਦੇ ਦਿੱਤੇ ਸਨ ਕਿ ਆਪਣੇ ਜੱਥੇ ਦਾ ਕੰਮ ਆਰੰਭ ਦੇਵੇ। ਇਸਦਾ ਪਹਿਲਾ ਡੇਰਾ ਅਕਾਲੀਆਂ ਵਾਲੇ ਬਾਗ ਪਿਆ। ਅਲਾਂਬਾ ਸਿੰਘ ਸਾਰੀ ਕਾਰਵਾਈ ਸਮਝਦਾ ਰਿਹਾ ਸੀ ਅਰ ਦਮ ਬਦਮ ਸ਼ੁਕਰ ਕਰਦਾ ਸੀ ਕਿ ਕਿਸ ਭਯਾਨਕ ਜੀਵਨ ਤੋਂ ਨਿਕਲਕੇ ਉਹ ਪਿਆਰ ਭਰੇ ਬਹਾਦਰੀ ਦੇ ਜੀਵਨ ਵਿਚ ਆਇਆ ਹੈ। ਰਾਤ ਨੂੰ ਰਹਿਰਾਸ ਦ ਦੀਵਾਨ ਮਗਰੋਂ ਪ੍ਰਸ਼ਾਦ ਛਕਕੇ ਅਲਾਂਬਾ ਸਿੰਘ ਨੇ ਸਤਵੰਤ ਕੌਰ ਨੂੰ ਪੁੱਛਿਆ ਕਿ ਅਰਦਾਸੇ ਦਾ ਸਾਰਾ ਭਾਵ ਮੈਨੂੰ ਸਮਝ ਨਹੀਂ ਪਿਆ, ਉਹ ਖੋਲ੍ਹੋ ਸਤਵੰਤ ਨੇ ਸਾਰਾ ਖੋਲ੍ਹ ਸੁਣਾਇਆ। ਜਦੋਂ ਅਲਾਂਬਾ ਸਿੰਘ ਨੂੰ ਇਸ ਤੁਕ ਦਾ ਭਾਵ ਖੁਲ੍ਹਕੇ ਫੇਰ ਸਮਝ ਪਿਆ, ਸਿੱਖਾਂ ਦੇ ਕੌਮੀ ਪਿਆਰ ਦੇ ਸਦਕੇ ਹੋ ਹੋ ਗਿਆ, 'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ'।

ਸਤਵੰਤ ਕੌਰ ਨੇ ਦੱਸਿਆ ਕਿ ਇਹ ਅਰਦਾਸਾ ਉਨ੍ਹਾਂ ਲਈ ਕਰਦੇ ਹਨ ਕਿ ਜੋ ਸਾਡੇ ਵੀਰ ਕਿਸੇ ਔਕੜ ਵਿਚ ਹਨ ਤੇ ​ਪੰਥ ਨੂੰ ਖਬਰ ਨਹੀਂ ਯਾ ਕੋਈ ਐਸੀ ਥਾਂਵੇਂ ਮੁਸ਼ਕਲ ਵਿਚ ਹੈ ਕਿ ਦੂਸਰੇ ਭਰਾ ਸਰੀਰ ਨਾਲ ਅੱਪੜ ਨਹੀਂ ਸਕਦਾ। ਕੋਈ ਜਰਵਾਣੇ ਨਾਲ ਇਕੱਲਾ ਲੜ ਰਿਹਾ ਹੈ, ਕੋਈ ਕਿਸੇ ਮੁਸੀਬਤ ਵਿਚ ਹੈ, ਕੋਈ ਕੈਦ ਪੈ ਗਿਆ ਹੈ, ਕੋਈ ਮੁਸ਼ਕਾਂ ਬਝੀਕੇ ਪ੍ਰਦੇਸੀਂ ਅੱਪੜ ਗਿਆ ਹੈ, ਕੋਈ ਦੁਖੀ ਹੈ, ਬੀਮਾਰ ਹੈ, ਐਸਿਆਂ ਲਈ ਦੋਨੋਂ ਵੇਲੇ ਪੰਥ ਵਿਚ, ਹਰ ਪੰਥਕ ਇਕੱਠ ਵਿਚ, ਹਰ ਇਕ ਸਿੱਖ ਦੇ ਯੱਕਾ ਯੱਕਾ[96] ਅਰਦਾਸੇ ਵਿਚ ਅਕਾਲ ਪੁਰਖ ਅੱਗੇ ਬੇਨਤੀ ਹੁੰਦੀ ਹੈ ਕਿ "ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ" ਜੋ ਵਹਿਗੁਰੂ ਓਹਨਾਂ ਦਾ ਹਰ ਥਾਂ, ਹਰ ਹਾਲ ਸਹਾਈ ਹੋਵੇ। ਸਰੀਰ ਨਾਲ ਸਹਾਇਤਾ ਲਈ ਯਤਨ ਹੁੰਦਾ ਰਹਿੰਦਾ ਹੈ, ਪਰ ਫੇਰ ਬੀ ਨਾਲ ਨਾਲ ਅਰਦਾਸਾ ਜਾਰੀ ਰਹਿੰਦਾ ਹੈ। ਦੇਖੋ ਤੁਹਾਡੇ ਲਈ ਕਿਤਨੇ ਵਰ੍ਹੇ ਭਾਲ ਜਾਰੀ ਰਹੀ ਹੈ, ਮੇਰੇ ਲਈ ਗੁਰਮੁਖ ਕਾਬਲ ਗਏ, ਪਰ ਸਭਨਾ ਲਈ ਜਤਨ ਦੇ ਨਾਲ ਅਰਦਾਸ ਜਾਰੀ ਰਹੀ। ਇਹ ਅਰਦਾਸ ਮੁਸ਼ਕਲਾਂ ਵਿਚ ਪਿਆਰ ਦੇ ਦਿਲਾਂ ਦੀ ਢਾਰਸ ਹੈ। ਇਹ ਗੁਪਤ ਤੇ ਮਹੀਨ ਤਾਕਤ ਵਾਹਿਗੁਰੂ ਦੇ ਤਖਤ ਨੂੰ ਛੁਹ ਕੇ ਉਥੋਂ ਉਸਦੀ ਸੱਤਯਾ ਲਕੇ 'ਬਵਸੀ ਵਿਚ ਪਏ' ਸਿਖਾਂ ਦੇ ਦਿਲਾਂ ਵਿਚ ਤਾਕਤ ਭਰਦੀ ਤੇ ਉਨ੍ਹਾਂ ਤੇ ਪਈਆਂ ਮੁਸ਼ਕਲਾਂ ਨੂੰ ਆਸਾਨ ਕਰਦੀ ਹੈ ਤੇ ਥਾਂ ਥਾਂ ਸਹਾਈ ਹੁੰਦੀ ਹੈ।

ਆਹ! ਇਹ ਅਰਥ ਸੁਣਕੇ ਅਲਾਂਬਾ ਸਿੰਘ ਦੇ ਖ਼ੂਨ ਵਿਚ ਆਪਣੀ ਕੌਮ ਦੇ ਕੌਮੀ ਪਿਆਰ ਦੀ ਦਿਲਚੀਰ ਝਰਨਾਟ ਛਿੜੀ ਕਿ ‘ਇਹ ਕੌਮ ਹੈ ਕਿ ਪਰਵਾਰ ਹੈ' ‘ਪਰਵਾਰ ਹੈ ਕਿ ਇਕ ਸੁੱਕੇ ਅਵਿੱਛੜ ਭਰਾਵਾਂ ਦਾ ਕੁਟੰਬ ਹੈ?' ‘ਕੁਟੰਬ ਹੈ ਕਿ ਸਰੀਰ ਹੈ ਜਿਸਦੇ ਸਾਰੇ ਹਿੱਸੇ ਇਕ ਦੂਸਰੇ ਦੇ ਅੰਗ ਹਨ!' ਗੁਰੂ ਮਿਹਰ ​ਕਰੇ ਕਿ ਇਹ ‘ਪਰਵਾਰ ਪਿਆਰ' ਕਦੇ ਨਾ ਟੁੱਟੇ, ਇਸ ‘ਵੀਰ-ਸੰਘਟਨ' ਵਿਚ ਕਦੇ ਵਿਰਲ ਨਾ ਪਵੇ। ਇਸ ‘ਅੰਗ ਅੰਗੀ ਮੇਲ' ਵਿਚ ਕਦੇ ਵਿੱਥ ਨਾ ਪਵੇ।

ਅਲਾਂਬਾ ਸਿੰਘ ਜੀ ਨੂੰ ਜੋ ਸਿੰਘ ਜਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿਤੇ ਓਹ ਰਲਕੇ ਪੰਝੀ ਹੋ ਗਏ, ਸੋ ਪਰਦੇੇਸੋਂ ਆਉਂਦੇ ਸਾਰ, ਸਿੰਘ ਸਜਦੇ ਸਾਰ, ਪੰਝੀ ਸਿੰਘਾਂ ਦੇ ਜਥੇ ਦਾ ਜਥੇਦਾਰ ਹੋ ਗਿਆ। ਹੁਕਮ ਹੋਇਆ ਕਿ 'ਆਪਣੇ ਪਿਤਾ ਵਾਂਗੂੰ ਨਾਮਣੇ ਦਾ ਸਿੰਘ ਬਣੋ, ਜੱਥਾ ਬਣਾਓ ਅਰ ਪੰਥ ਦੀ ਸੇਵਾ ਤੇ ਦੇਸ਼ ਛੁਟਕਾਰੇ ਵਿਚ ਬਲਵਾਨ ਸ਼ੇਰ ਹੋ ਕੇ ਗੱਜੋ'। ਇਕ ਕੌਮ ਦਾ, ਜੋ ਨਿੱਕੀ ਜਿਹੀ ਹੈ ਤੇ ਸਾਰੀ ਜੋਧਾ ਹੈ, ਉਸ ਦਾ ਉੱਚੇ ਤੋਂ ਉੱਚਾ ਪਿਆਰ 'ਆਪਣੇ ਵਿਛੜਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਸੀ। ਅਲਾਂਬਾ ਸਿੰਘ ਅਜੇ ਬੱਚਾ ਹੈ, ਪਰ ਪੰਥ ਨੇ ਆਪਣੇ ਅਮਿਟ ਪਿਆਰ ਵਿਚ ਉਸ ਨੂੰ ਜਥੇਦਾਰ ਥਾਪ ਦਿੱਤਾ ਹੈ।

ਦੋ ਚਾਰ ਦਿਨ ਆਪ ਅਕਾਲੀਆਂ ਵਾਲੇ ਬਾਗ਼ ਟਿਕੇ ਰਹੇ, ਜੋ ਗੱਫਾ ਪੰਥ ਵਲੋਂ ਮਿਲਿਆ ਸੀ ਉਸ ਨਾਲ ਅਪਣੇ ਜਥੇ ਦਾ ਸਾਮਾਨ ਸਾਰਾ ਕਰ ਲਿਆ ਸਤਵੰਤ ਤੇ ਸਾਂਈਂ ਜੀ ਜੱਥੇ ਵਿਚ ਸੇਵਾ ਦੇ ਕੰਮ ਲਈ ਨਾਲ ਰਹੇ। ਇਨ੍ਹਾਂ ਦਿਨਾਂ ਵਿਚ ਅਲਾਂਬਾ ਸਿੰਘ ਨੇ ਅਪਣੇ ਆਪ ਨੂੰ ਪੰਥ ਦੇ ਹੁਣ ਦੇ ਹਾਲਾਤ, ਦੇਸ਼ ਦੇ ਅਤੇ ਪਤੇ, ਵਰਤ ਰਹੀ ਰਾਜਸੀ ਹਾਲਤ ਦੇ ਥਹੁ ਸਾਰੇ ਲਾ ਲਏ। ਪੰਥ ਨੇ ਇਕ ਗਜਰਾਜ ਸਿੰਘ, ਨਾਮੇ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ ਜੋ ਬੜਾ ਪੁਰਾਣਾ ਸਿੰਘ, ਹੇਠੀਆਂ ਜੇਠੀਆਂ ਦੇਖ ਚੁਕਾ ਤੇ ਤਜਰਬੇਕਾਰ ਸੀ, ਬੜਾ ਖਰਾ ਆਦਮੀ ਤੇ ਸਾਈਂ ਦੇ ਪਿਆਰ ਵਾਲਾ ਸੀ।

ਹੁਣ ਭਰਾ ਭੈਣ ਦੇ ਕੂਚ ਦੀ ਤਿਆਰੀ ਹੋਈ। ਭਰਾ ਕਹੇ ਪਹਿਲਾ ਤੁਹਾਡੇ ਪੇਕੇ ਪਿੰਡ ਚਲੀਏ, ਤੁਹਾਡੇ ‘ਮਾਪਿਆਂ ਨੂੰ ਠੰਢ ​ਪਾਈਏ' ਤੇ ਸਤਵੰਤੀ ਭੈਣ ਕਹੇ ਕਿ ‘ਪਹਿਲਾਂ ਤੁਹਾਡੀ ਭੈਣ ਪਾਸ ਚੱਲੀਏ ਤੇ ਉਨ੍ਹਾਂ ਨੂੰ ਨਵਾਂ ਜੀਉ ਪਿਆ ਭਰਾ ਮਿਲ ਕੇ ਠੰਢ ਪਾਈਏ।' ਅਲਾਂਬਾ ਸਿੰਘ ਨੇ ਕਿਹਾ ਕਿ 'ਮੇਰੀ ਭੈਣ ਨਿਰਾਸ ਹੋ ਚੁਕੀ ਹੈ ਤੇ ਪੇਕੇ ਪਰਵਾਰ ਦੀ ਮੌਤ ਦਾ ਕੋੜਾ ਘੁੱਟ ਭਰ ਚੁਕੀ ਹੈ, ਉਸ ਨੂੰ ਕੁਛ ਦਿਨ ਪਿਛੇ ਮਿਲ ਪੈਣਾ ਮਾੜਾ ਨਹੀਂ, ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਮਿਲਣ ਦੀ ਆਸ ਹੈ, ਪੰਥ ਵਲੋਂ ਜੋ ਢੂੰਡ ਹੁੰਦੀ ਹੈ ਉਸ ਦੇ ਉਹ ਜਾਣੂ ਹਨ। ਆਸ ਵਿਚ ਵਿਛੋੜੇ ਦੀ ਪੀੜ ਲਗਾਤਾਰ ਚੁਭਦੀ ਹੈ ਤੇ ਸਬਰ ਨੂੰ ਅੰਦਰ ਨਹੀਂ ਵੜਨ ਦੇਂਦੀ, ਸੋ ਪਹਿਲੇ ਉਨ੍ਹਾਂ ਦੀਆਂ ਆਂਦਰਾਂ ਨੂੰ ਠੰਢ ਪਾਏ ਏ'। ਸਤਵੰਤ ਕਹੇ ਕਿ ‘ਮੇਰੇ ਮਾਤਾ ਪਿਤਾ ਨੂੰ ਜੋ ਆਸ ਹੈ ਉਹ ਹੋਰ ਦਿਨ ਲੰਘਵਾ ਸਕਦੀ ਹੈ, ਜਿਥੇ ਇਤਨਾਂ ਸਮਾਂ ਲੰਘਿਆ ਹੈ ਹੋਰ ਥੋੜਾ ਸਹੀ, ਦੂਜੇ ਮੇਰੇ ਦੇਸ਼ ਆ ਪਹੁੰਚਣ ਦੀ ਖਬਰ ਜੋ ਹੁਣ ਜਥੇਦਾਰਾਂ ਨੂੰ ਹੋਈ ਹੈ, ਨੇੜੇ ਦਾ ਜਥੇਦਾਰ ਛੇਤੀ ਤੋਂ ਛੇਤੀ ਵਾਪਸ ਜਾ ਕੇ ਮੇਰੇ ਮਾਪਿਆਂ ਨੂੰ ਦੇਵੇਗਾ ਅਰ ਉਨ੍ਹਾਂ ਨੂੰ ਮੇਰੇ ਮਿਲਣ ਦੀ ਉਤਕੰਠਾ ਤਾਂ ਤ੍ਰਿੱਖੀ ਹੋ ਜਾਏਗੀ, ਪਰ 'ਮੈਂ ਕੈਦ ਵਿਚ ਹਾਂ, ਦੁਖ਼ਾਂ ਵਿਚ ਹਾਂ" ਇਹ ਡੂੰਘੀ ਪੀੜ ਦਾ ਘਾਉ ਵੱਲ ਹੋ ਜਾਏਗਾ।ਆਪ ਦੀ ਭੈਣ ਨੂੰ ਤੁਹਾਡੇ ਮਿਲਣ ਨਾਲ ਇਕ ਤਰ੍ਹਾਂ ਦਾ ਨਵਾਂ ਜੀਵਨ ਮਾਨੋਂ ਮਿਲੇਗਾ, ਜਿਵੇਂ ਕਿ ਤੁਸਾਨੂੰ ਨਵਾਂ ਜੀਵਨ ਮਿਲਿਆ ਹੈ। ਇਸ ਤਰ੍ਹਾਂ ਦੇ ਪਿਆਰ ਵਿਚ ਇਕ ਦੂਜੇ ਨੂੰ ਸੁਖ ਦੇਣ ਦੀ ਵਿਚਾਰ ਕਰਦੇ ਛੇਕੜ ਸਾਈਂ ਤੇ ਫੈਸਲਾ ਰਖਿਆ। ਉਸ ਨੇ ਪਹਿਲੇ ਭੈਣ ਨੂੰ ਮਿਲਣ ਦਾ ਫੈਸਲਾ ਦੇ ਦਿੱਤਾ, ਤੇ ਛੇਤੀ ਤੋਂ ਛੇਤੀ ਜਦੋਂ ਕਿ ਤਿਆਰੀ ਸਿਰੇ ਚੜ੍ਹ ਸਕੀ, ਚਾੜ੍ਹਕੇ ਇਹ ਜੱਥਾ ਵਟਾਲੇ ਨੂੰ ਤੁਰ ਪਿਆ। ਅਲਾਂਬਾ ਸਿੰਘ ਜੀ ਦਾ ਜੀ ਕਰਦਾ ਸੀ ਕਿ ਕਿਵੇਂ ਮੈਂ ਆਪਣੇ ਜਥੇ ਨੂੰ ਘੋੜ ਸਵਾਰਾਂ ਦਾ ਜੱਥਾ ਛੇਤੀ ਬਣਾਵਾਂ, ਪਰ ਪੰਝੀ ਘੋੜੇ ਅਜੇ ਕਠਨ ਗੱਲ ਸੀ, ਜਥੇ ਵਿਚ ਅਜੇ ਪੰਜ ਘੋੜੇ ਸਨ। ਇਕ ​ਜਥੇਦਾਰ, ਇਕ ਨੈਬ ਜਥੇਦਾਰ, ਇਕ ਸਾਂਈਂ, ਇਕ ਸਤਵੰਤ ਕੌਰ ਤੇ ਇਕ ਹਰੌਲ ਕੋਲ। ਦੋ ਤ੍ਰੈ ਖੱਚਰਾਂ ਬੀ ਸਨ ਅਸਬਾਬ ਲਈ। ਚਾਹੇ ਸਿੱਖ ਸਿਪਾਹੀ ਆਪਣਾ ਸਾਰਾ ਲਟਾ ਪਟਾ ਮੋਢੇ ਰੱਖਦੇ ਸੇ, ਪਰ ਜ਼ਰਾ ਅਮਨ ਵੇਲੇ ਕੁਛ ਸਾਮਾਨ ਵਧੇਰੇ ਕਰ ਲੈਂਦੇ ਸੇ। ਲੰਗਰ ਆਦਿ ਦਾ ਸਾਮਾਨ ਹੋ ਕੇ ਕੁਛ ਨਿੱਕੀ ਜਿਹੀ ਹਸਦ ਦੀ ਭਾਰ ਬਰਦਾਰੀ ਬੀ ਹੋ ਜਾਂਦੀ ਸੀ।

ਜੱਥਾ ਅੰਮ੍ਰਿਤਸਰੋਂ ਇਕ ਦਿਨ ਨੂਰ ਦੇ ਤੜਕੇ ਵਟਾਲੇ ਨੂੰ ਤੁਰ ਪਿਆ। ਵਟਾਲੇ ਪੁੱਜਕੇ ਦੂਰ ਬਾਹਰ ਜਿਥੇ ਮਗਰੋਂ ਮਹਾਰਾਜਾ ਸ਼ੇਰ ਸਿੰਘ ਜੀ ਨੇ ਬਾਰਾਂਦਰੀ ਬਨਵਾਈ (ਜੋ ਹੁਣ ਈਸਾਈਆਂ ਦੇ ਹੱਥ ਵਿਚ ਹੈ) ਡੇਰਾ ਕੀਤਾ। ਤੇਜ ਕੌਰ ਜੀ ਇਕ ਹਿੰਦੂ ਸੁਆਣੀ ਦੇ ਭੇਸ ਵਿਚ ਹੋ ਗਈ ਅਤੇ ਇਕ ਸਿੱਖ ਦੀ ਅਗੁਵਨੀ ਵਿੱਚ ਜੋ ਵਿੱਥ ਤੇ ਟੁਰਦਾ ਸੀ, ਸ਼ਹਿਰ ਗਈ। ਉਸ ਮਹੱਲੇ ਗਈ, ਜਿਥੇ ਭੰਡਾਰੀ ਰਹਿੰਦੇ ਸੇ। ਜਾਂ ਉਸ ਨੇ ਗਲੀ ਵਿਚ ਥਹੁ ਪਤੇ ਕੱਢੇ ਤਾਂ ਸੂੰਹ ਮਿਲੀ ਕਿ ਸ਼ੱਤ੍ਰਜੀਤ ਸਿੰਘ ਦੀ ਕਾਕੀ ਆਪਣੇ ਘਰ ਵਾਲੇ ਦੇ ਨਾਲ ਇਥੋਂ ਟੁਰ ਚੁੱਕੀ ਹੈ ਅਤੇ ਸੌ ਵਿਸਵਾ ਉਹ ਦੋਵੇਂ ਸ਼ਾਹਪੁਰ ਜਾ ਵਸੇ ਹਨ, ਜਾਂ ਬਸੋਹਲੀ ਜਾ ਰਹੇ ਹਨ, ਇਹ ਠੀਕ ਪਤਾ ਸ਼ਾਹਪੁਰ ਤੋਂ ਚਲੇਗਾ। ਇਹ ਖਬਰ ਪਾਕੇ ਜੱਥਾ ਹੁਣ ਸ਼ਾਹਪੁਰ ਨੂੰ ਹੋ ਟੁਰਿਆ।

ਸ਼ਾਹਪੁਰ ਇਕ ਉਚੇ ਰਿੜੀਏ ਤੇ ਬੜਾ ਸੁਥਰਾ ਪਿੰਡ ਹੈ, ਇਸਦੇ ਲਾਗੇ ਰਾਵੀ ਪਹਾੜਾਂ ਦੀਆਂ ਵਲਿੱਖਾਂ ਝਗਕੇ ਖੁਲ੍ਹੇ ਦੇਸ਼ ਪੈਰ ਪਾਉਣ ਦੀ ਪਹਿਲ ਕਦਮੀ ਕਰਦੀ ਹੈ। ਸ਼ਾਹਪੁਰ ਰਾਵੀ ਦੇ ਪਾਣੀਆਂ ਤੋਂ ਕੋਈ ਦੋ ਤ੍ਰੈ ਸੌ ਫੁਟ ਉੱਚਾ ਹੈ ਤੇ ਰਾਵੀ ਦੇ ਪਾਣੀਆਂ ਤਕ ਅੱਪੜਨ ਲਈ ਪਿੰਡ ਤੋਂ ਰਾਵੀ ਤਕ ਇਕ ਗਊ ਘਾਟ ਰਸਤਾ ਹੈ, ਇਸ ਰਾਹੇ ਉਤਰਕੇ ਠੰਢੇ ਠੰਢੇ ਪਾਣੀ ਵਹਿ ਰਹੇ ਸਨ ਤੇ ਇਥੇ ਪਾਣੀਆਂ ਦੇ ਕਿਨਾਰੇ ਛੋਟਾ ਜਿਹਾ-ਬਹੁਤ ਨਿੱਕਾ ਜਿਹਾ-ਮੈਦਾਨ ਬੀ ਹੈ, ਜਿਥੇ ਬੈਠਕੇ ​ਵਗਦੇ ਪਾਣੀਆਂ ਦੇ ਦਰਸ਼ਨ ਦਾ ਅਨੰਦ ਲੈ ਸਕੀਦਾ ਹੈ। ਇਹ ਟਿਕਾਣਾ ਦੇਖਣ ਨੂੰ ਬੜਾ ਰਮਣੀਕ ਹੈ। ਇਸ ਥਾਵੇਂ ਉਪਰਵਾਰ ਐਨ ਰਾਵੀ ਦੇ ਕਿਨਾਰੇ-ਅਰਥਾਤ ਇਧਰੋਂ ਗਿਆਂ ਉਰਾਰਲੇ ਪਾਸੇ ਵੱਲ, ਪਾਣੀਆਂ ਤੋਂ ਸਿੱਧਾ ਉਪਰ ਨੂੰ, ਉਚੇ ਕਿਨਾਰੇ-ਕਦੇ ਇਕ ਕਿਲ੍ਹਾ ਹੁੰਦਾ ਸੀ, ਜੋ ਢਹਿ ਚੁੱਕਾ ਹੈ। ਇਸ ਦਾ ਇਕ ਬੁਰਜ ਅਜੇ ਤੱਕ ਸਲਾਮਤ ਖੜਾ ਹੈ। ਇਸ ਬੁਰਜ ਤੋਂ ਵਗਦੇ ਪਾਣੀ ਲਗ ਪਗ ਦੋ ਸੌ ਫੁੱਟ ਹੇਠਾਂ ਨੂੰ ਹਨ। ਇਸ ਬੁਰਜ[97] ਵਿਚੋਂ ਹੇਠਾਂ ਵਗਦੇ ਸੀਤਲ ਪਾਣੀਆਂ ਨੂੰ ਤੱਕੋ ਤੇ ਆਖੋ 'ਝਾਤ ਸੁਹਣੀਏ!' ਤਾਂ ਸੁਹਣੀ ਰਾਵੀ ਦੀ ਝਾਤ ਕਲੇਜਾ ਠਾਰ ਦੇਂਦੀ ਹੈ। ਸਰਨਾਈਆਂ ਉਤੇ ਤਰਨ ਵਾਲੇ ਲੋਕੀਂ ਹੇਠਾਂ ਅਜਬ ਨਜ਼ਾਰਾ ਦਿਖਾਲਦੇ ਹਨ। ਪਾਰਲੇ ਪਾਸੇ ਪਹਾੜੀਆਂ ਤੋਂ ਸੁੰਦਰਤਾ ਦਾ ਅਨੋਖਾ ਝਲਕਾ ਵੱਜਦਾ ਹੈ। ਇਸ ਬੁਰਜ ਤੋਂ ਉਰੇ ਪੁਰਾਣੇ ਖੋਲੇ ਕੁਛ ਹੋਰ ਵੀ ਪਏ ਹਨ।

੨੩ ਕਾਂਡ।

ਇਸ ਥਾਂਵੇਂ ਹੁਣ ਸਾਡੇ ਨਵੇਂ ਜਥੇ ਦਾ ਹਰੌਲ ਭੇਸ ਵਟਾਕੇ ਅੱਪੜਿਆ ਹੈ, ਅਤੇ ਬੁਰਜ ਦੇ ਉਤੇ ਜੋ ਖੰਡਰ ਤੇ ​ਪੁਰਾਣਾ ਖੂਹ ਜਿਹਾ ਹੈ ਉਥੇ ਫੇਰਾ ਮਾਰ, ਬੁਰਜ ਤੱਕ, ਫੇਰ ਗਊ ਘਾਟ ਰਸਤੇ ਉੱਤਰ ਹੇਠਾਂ ਜਲ ਦੇ ਕਿਨਾਰੇ ਚੱਕਰ ਲਾ, ਉੱਪਰ ਪਿੰਡ ਦੇ ਇਰਦ ਗਿਰਦ ਚੱਕਰ ਲਾ, ਮੁੜਕੇ ਡੇਰੇ ਜਾ ਅੱਪੜਿਆ ਹੈ। ਡੇਰਾ ਇਸ ਥਾਉਂ ਤੋਂ ਕੋਹ ਕੁ ਭਰ ਉਰੇ ਨਦੀ ਦੇ ਪਾਸ ਹੇਠਾੜ ਇਕ ਉਹਲ ਵਾਰ ਥਾਵੇਂ ਪਿਆ ਸੀ। ਸਾਰੀ ਵਾਕਫੀ ਜੋ ਇਹ ਲੈ ਕੇ ਆਇਆ ਤੇ ਦੇ ਸਕਿਆ ਉਸ ਮੂਜਬ ਵਿਚਾਰ ਕਰਕੇ ਸਾਂਈਂ ਜੀ ਅਰਥਾਤ ਤੇਜ ਕੌਰ ਜੀ, ਪਹਾੜਨਾਂ ਵਾਲਾ ਰੰਗ ਢੰਗ ਬਣਾਕੇ ਅਗਲੇ ਦਿਨ ਸਵੇਰੇ ਹੀ ਟੁਰ ਪਏ। ਗਿਰਾਂ ਸ਼ਾਹਪੁਰ ਦੇ ਲੋਕੀਂ ਨਹਾਉਣ ਧੋਣ ਤੇ ਪਾਣੀ ਲੈਣ ਲਈ ਗਾਗਰਾਂ ਚੁੱਕੀ ਰਾਵੀ ਵੱਲ ਨੂੰ ਉੱਤਰਦੇ ਚੜ੍ਹਦੇ ਇਕ ਸੁਆਦਲਾ ਦਰਸ਼ਨ ਦੇ ਰਹੇ ਸਨ। ਇਹ ਸਿੱਧੀ ਗਊ ਘਾਟ ਰਸਤਾ ਉਤਰ ਕੇ ਜਲ ਦੇ ਕਿਨਾਰੇ ਗਈ। ਅੱਗੇ ਅੱਜ ਇਕ ਤਿਉਹਾਰ ਸੀ, ਲੋਕੀਂ ਨ੍ਹਾ ਧੋ ਇਸ਼ਨਾਨ ਕਰ ਰਹੇ ਸੀ, ਜਗ੍ਹਾ ਜਗ੍ਹਾ ਬ੍ਰਾਹਮਣ ਚੌਂਕੀਆਂ ਡਾਹਕੇ ਬੈਠੇ ਸਨ, ਚੌਂਕੀਆਂ ਦੇ ਆਸ ਪਾਸ ਲੋਕੀਂ ਬੀ ਬੈਠੇ ਸਨ। ਕੋਈ ਕਪੜੇ ਪਾ ਰਿਹਾ ਸੀ, ਕਈ ਲਾਹ ਰਿਹਾ ਸੀ, ਕਥਾ ਬੀ ਕਿਸੇ ਕਿਸੇ ਥਾਂ ਹੋ ਰਹੀ ਸੀ। ਤੇਜ ਕੌਰ ਵੀ ਜਾਕੇ ਇਕਲਵੰਜੇ ਨ੍ਹਾਤੀ, ਫਿਰ ਇਕ ਇਕੱਲਾ ਬੈਠਾ ਬ੍ਰਾਹਮਣ ਤਾੜਕੇ ਉਸਦੀ ਚੌਂਕੀ ਦੇ ਪਾਸ ਜਾ ਬੈਠੀ ਤੇ ਇਕ ਦੁਆਨੀ ਉਸਦੇ ਅੱਗੇ ਧਰਕੇ ਬੋਲੀ:-‘ਦੇਵਤਾ ਜੀ! ਕਥਾ ਸੁਣਾਓ?' ਪੰਡਤ ਜੀ ਦੁਆਨੀ ਵੇਖਕੇ ਗਦ ਗਦ ਹੋ ਗਏ ਸੇ, ਇਕ ਤਾਂ ਆਪ ਵੱਲ ਆਏ ਹੀ ਲੋਕੀਂ ਘੱਟ ਸਨ; ਦੂਸਰੇ ਕੋਈ ਆਈ, ਪਾ ਚੌਲਾਂ ਦਾ ਧਰ ਗਈ, ਕੋਈ ਲੱਪ ਆਟਾ ਰੱਖ ਗਈ, ਕਿਸੇ ਅੱਠ ਕੌਡੀਆਂ, ਕਿਸੇ ਬੜੀ ਮੱਲ ਮਾਰੀ ਤਾਂ ਇਕ ਪੈਸਾ ਧਰ ਦਿੱਤਾ। ਪੰਡਤ ਜੀ ਸੋਚਣ ਕਿ ਇਹ ਸੁਭਾਗ ਮਾਈ ਕੌਣ ਹੈ ਜੋ ਹੈ ਗ਼ਰੀਬੀ ਵੇਸ ਵਿਚ, ਪਰ ਦੱਖਣਾ ਦੁਆਨੀ ਧਰੀ ਸੂ? ਪੰਡਤ ਜੀ ਨੇ ਇਹੋ ਜੇਹੀਆਂ ਸੋਚਾਂ ਸੋਚਕੇ ਅੰਤ ਕਥਾ ਸੁਣਾਈ ਤੇ ਫੇਰ ਆਦਰ ਨਾਲ ​ਪੁਛਿਆ:-ਬੀਬੀ! ਤੂੰ ਇਸੇ ਸਾਡੇ ਸ਼ਾਹਪੁਰ ਗਿਰਾਂ ਦੀ ਹੈਂ? ਅੱਗੇ ਕਦੀ ਏਥੇ ਤੱਕੀ ਤਾਂ ਨਹੀਂ?

ਮਾਈ ਨੇ ਇਸ ਦਾ ਉੱਤਰ ਨਾ ਦੇਣਾ ਚਾਹਿਆ ਤੇ ਪੰਡਤ ਦੀ ਗੱਲ ਵਿਚੋਂ ਟੁੱਕਕੇ ਪੁਛਿਆ- "ਪੰਡਤਜੀ! ਕੀ ਤੁਸੀਂ ਹੱਥ ਬੀ ਦੇਖ ਲੈਂਦੇ ਹੋ?" ਪੰਡਤ ਨੇ ਹੱਸਕੇ ਕਿਹਾ:-"ਤੇ ਹੋਰ ਮਾਈ ਕੀ ਅਸੀਂ ਵੱਛੇ ਚਾਰਦੇ ਰਹੇ ਹਾਂ? ਇਹੋ ਤਾਂ ਸਾਡਾ ਕੰਮ ਹੋਇਆ।"

ਮਾਈ ਨੇ ਸੱਜਾ ਹੱਥ ਅੱਗੇ ਕੀਤਾ, ਤਾਂ ਪੰਡਤ ਨੇ ਕਿਹਾ "ਤੀਵੀਂ ਦਾ ਖੱਬਾ ਹੱਥ ਦੇਖੀਦਾ ਹੈ"।

ਮਾਈ ਨੇ ਖੱਬਾ ਹੱਥ ਅੱਗੇ ਕੀਤਾ। ਪੰਡਤ ਜੀ ਕਦੇ ਹਥ ਵੱਲ ਦੇਖਣ ਕਦੇ ਕੁਛ ਹਿਸਾਬ ਕਰਨ, ਕਦੇ ਮੱਥੇ ਤੇ ਅੱਖਾਂ ਵੱਲ ਨੀਝ ਲਾਉਣ, ਆਖਰ ਬੋਲੇ "ਮਾਈ! ਵੇਦਨ ਹੈ ਕੋਈ ਵੇਦਨ, ਮੁਰਾਦ ਪੁੱਗਣ ਵਾਲੀ ਹੈ"। ਫੇਰ ਆਪਣੇ ਬੁੱਗਚੇ ਵਿਚੋਂ ਕੁੰਡਲੀ ਕੱਢਕੇ ਸੁੱਟੀਓ ਸੂ: "ਮਾਈ! ਮੈਂ ਹੱਥ ਵੀ ਵੇਖਦਾ ਹਾਂ, ਜੋਤਸ਼ ਭੀ ਪੜ੍ਹਿਆ ਹਾਂ, ਰਮਲ ਭੀ ਜਾਣਦਾ ਹਾਂ, ਦੇਖ! ਮੈਂ ਸਾਰੇ ਟੇਵੇ ਲਾ ਕੇ ਦੱਸਦਾ ਹਾਂ। ਤੇਰੇ ਕਸ਼ਟ ਸਨ, ਕਸ਼ਟ! ਉਖਿਆਈ, ਹੁਣ ਮੁਰਾਦ ਹੈ, ਮਿਲਣ ਹੀ ਵਾਲੀ... ਹੈ! ਬੱਸ! ਜੇ ਮਾਈ ਹੋਰ ਪੱਕੇ ਪਤੇ ਚਾਹੇਂ ਤਾਂ ਆਪਣੀ ਜਨਮ-ਪੱਤ੍ਰੀ ਜਾਂ ਟੇਵਾ ਲਿਆ, ਜਾਂ ਠੀਕ ਸਮਾਂ ਘੜੀ ਮੁਹਤ ਪਲ ਛਿਨ ਜਨਮ ਦੀ ਦੱਸ ਤਾਂ ਮੈਂ ਹਿਸਾਬ ਲਾਕੇ ਦੱਸਾਂ?"

ਮਾਈ ਨੇ ਇਕ ਟਕਾ ਹੋਰ ਪੰਡਿਤ ਅੱਗੇ ਧਰਿਆ ਤੇ ਠੰਢਾ ਸਾਹ ਭਰਕੇ ਆਖਿਆ-ਪੰਡਤ ਜੀ ਕੁਛ ਵਿਦੰਗੀ ਭੀ ਜਾਣਦੇ ਹੋ?

ਪੰਡਤ-ਮਾਈ! ਵਿਦੰਗੀ ਤਾਂ ਮੈਂ ਨਹੀਂ ਜਾਣਦਾ, ਪਰ ਜੇ ਤੁਸਾਨੂੰ ਕੋਈ ਅਹੁਰ ਹੋਵੇ, ਖੇਦ ਹੋਵੇ ਤਾਂ ਵੈਦ ਪਾਸ ਲਿਜਾ ਸਕਦਾ ਹਾਂ, ਸਾਡੇ ਪਿੰਡ ਖਰਾ ਖਰਾ ਇਕ ਵੈਦ ਰਹਿੰਦਾ ਹੈ।

​ਮਾਈ-ਉਹ ਵੀ ਪੰਡਤ ਹੈ ਕੋਈ? ਆਪਣਾ ਭਰਾ ਭਾਈ, ਜਾਣ ਪਛਾਣ, ਕੋਈ ਇਤਬਾਰ ਵਾਲਾ ਮਾਣੂੰ ਹੈ?

ਪੰਡਤ-ਨਹੀਂ, ਪੰਡਤ ਤਾਂ ਨਹੀਂ, ਪਰ ਹੈ ਖਰਾ ਖਰਾ, ਝਿਕਾਂ ਦਾ ਸਿੱਖ ਹੈ, ਪਰ ਹੈ ਪੂਰਾ ਨਿਰਘੰਟ, ਸ਼ੁਸ਼ਰਤ ਪੜ੍ਹਿਆ ਹੈ, ਮੇਰਾ ਬੜਾ ਜਾਣੂੰ ਹੈ, ਪਿਆਰ ਵਾਲਾ ਬੰਦਾ ਹੈ।

ਮਾਈ-ਗਿਰਾਂ ਦੇ ਵਿਚ ਹੀ ਰਹਿੰਦਾ ਹੈ? ਨਾਮ?

ਪੰਡਤ (ਹੁਣ ਪਹਾੜੀ ਬੋਲਿਆ)—ਤੁਸਾਂ ਨਾਮੇ ਜੁ ਕੀ ਕਰਨਾ ਹੈ? ਮੈਂ ਜੋ ਲੈਈ ਚੱਲਾਂਗਾ ਨਾਲ।

ਮਾਈ-ਪਰ ਤਦ ਭੀ?

ਪੰਡਤ (ਅਸਮਾਨ ਵੱਲ ਤੱਕ ਕੇ)-ਨਾਂ ਸੂ......ਦੇਖੋ ਭਲਾ ਜਿਹਾ.......,ਨਾਂ ਸੂ, ਲਾਲ.........।ਹਾਂ (ਫੇਰ ਚੁਫੇਰੇ ਤੱਕਕੇ) ਨਾਂ ਸੂ ਲਾਲ ਰਤਨ ਸਿੰਘ, ਹਾਂ ਔਹ ਵੇਖ ਖਾਂ.........(ਨੀਝ ਲਾਕੇ) ਓਹੋ ਹੈ।......ਔਹ ਉਸਦੀ ਦੇਵੀ ਇਸਤ੍ਰੀ ਨ੍ਹਾ ਕੇ ਆ ਰਹੀ ਹੈ, ਔਹ ਬਾਬੇ ਨਾਨਕ ਦੀ ਬਾਣੀ ਪੜ੍ਹਦੀ ਆ ਰਹੀ ਹੈ; ਔਹ ਤੱਕੋ ਨਾ। ਵਿਚਾਰੀ ਕਦੇ ਨਹੀਂ ਹੱਸੀ ...... (ਠੰਢਾ ਸਾਹ ਲੈਕੇ) ਕਦੇ ਨਹੀਂ ਉੱਪਰ ਤੱਕੀ, ਕਦੇ ਨਹੀਂ ਮੱਥਾ ਵਿੰਗਾ ਹੋਇਆ। ਜਾਂ ਬਾਣੀ ਪੜ੍ਹਦੀ ਹੈ, ਜਾਂ ਚੁੱਪ ਚਾਪ ਆ ਮੁਹਾਰੀ ਤ੍ਰੱਪ ਤ੍ਰੱਪ ਰੋ ਪੈਂਦੀ ਹੈ। ਕਦੇ ਅਪਣੇ ਘਰੇ ਅੰਦਰ ਕੋਈ ਬਿਰਹੜੇ ਗਾਉਂਦੀ ਹੈ, ਪੱਥਰ-ਮੋਮ ਹੁੰਦੇ ਹਨ; ਵਿਯੋਗਨ ਹੈ ਕੋਈ, ਪਰ ਹੈ ਪਤੀਬ੍ਰਤਾ ਦੇਵੀ ਰੂਪ, ਦੇਵ ਕਰਕੇ ਪਤੀ ਨੂੰ ਪੂਜਦੀ ਹੈ, ਖਰੀ ਖਰੀ ਹੈ, ਇਸੇ ਦਾ ਪਤੀ ਵੈਦ ਹੈ।

ਮਾਈ ਨੇ ਦੋ ਪੇਸੈ ਪੰਡਤ ਜੀ ਦੇ ਅਗੇ ਹੋਰ ਧਰੇ ਤੇ ਉੱਠਕੇ ਤੁਰ ਪਈ, ਪੰਡਤ ਜੀ ਭੀ ਛੇਤੀ ਛੇਤੀ ਮੁਹਰ ਹੋ ਟੁਰੇ। ਉਸ ਸੰਗਮਰਮਰ ਵਰਗੀ ਚਿੱਟੀ, ਲਹੂ ਦੀ ਲਾਲੀ ਤੋਂ ਉੱਕੀ ਸਾਫ, ਲਿੱਸੇ ਪਰ ਟਿਕਵੇਂ ਚਿਹਰੇ ਵਾਲੀ ਕਾਕੀ ਪਾਸ ਜਾ ਕੇ ਆਖਣ ਲੱਗੇ:— "ਦੇਵੀ! ਇਹ ਮਾਈ ਕੁਛ ਵਿਦੰਗੀ ਦੀ ​ਲੋੜਵੰਦ ਹੈ, ਸਾਡੇ ਚਰਨਾਂ ਦੀ ਬੜੀ ਪ੍ਰੇਮਣ ਹੈ, ਚੰਗੀ ਉਦਾਰ ਆਤਮਾ ਹੈ, ਮੈਂ ਇਨ੍ਹਾਂ ਨੂੰ ਸਿੰਘ ਜੀ ਦਾ ਪਤਾ ਦੱਸਿਆ ਹੈ। ਘਰ ਚੱਲੇ ਹੋ ਤਾਂ ਨਾਲ ਲਈ ਜਾਓ, ਸਿੰਘ ਹੁਰਾਂ ਨੂੰ ਸਾਡੀ ਸਪਾਰਸ਼ ਵੀ ਪਾ ਦੇਣੀ, ਅਸੀਂ ਆਪ ਬੀ ਉਨ੍ਹਾਂ ਨੂੰ ਆਖਾਂਗੇ। ਅੱਜ ਦਿਹਾਰ ਦਾ ਦਿਨ ਹੈ ਸਭ ਕੋਈ ਆਸਵੰਦ ਹੈ, ਨਹੀਂ ਤਾਂ ਅਸੀਂ ਆਪ ਹੀ ਅਖੀਆਂ ਪਰਨੇ ਟੁਰਕੇ ਨਾਲ ਜਾਂਦੇ।"

ਬੀਬੀ ਨੇ ਨਾਂ ਪੰਡਤ ਵਲ ਅੱਖ ਪਰਤ ਕੇ ਡਿੱਠਾ ਤੇ ਨਾਂ ਮਾਈ ਵੱਲ, ਖੱਬੇ ਹੱਥ ਦੀ ਉਂਗਲ ਨਾਲ ਮਾਈ ਨੂੰ ਨਾਲ ਆਉਣ ਦੀ ਸੈਨਤ ਕੀਤੀ, ਮਾੜਾ ਜਿਹਾ ਸਿਰ ਹਿਲਾਯਾ ਤੇ ਅਪਣੇ ਰਾਹੇ ਸਿਆਲੇ ਦੀ ਟਿਕਵੀਂ ਟੌਰ ਵਾਲੀ ਨਦੀ ਵਾਂਗ, ਸਹਿਜੇ ਸਹਿਜੇ ਟੁਰੀ ਗਈ। ਪਹਾੜੀ ਕੂਲ੍ਹ ਦੇ ਪਾਣੀਆਂ ਦੇ ਗੀਟਿਆ ਪਰ ਟੁਰਦਿਆਂ 'ਵਿਪਲ ਪਲ ਪਲ, ਵਿਪਲ ਪਲ ਪਲ ਦੀ ਮਧੁਰ ਧੁਨੀ ਵਾਂਗ ਸੁਖਮਨੀ ਦਾ ਪਾਠ ਜਿਵੇਂ ਕਰਦੀ ਆ ਰਹੀ ਸੀ ਤਿਵੇਂ ਮਿੱਠੇ ਮਿੱਠੇ ਠਣੁੱਕਿਆਂ ਵਿਚ ਪਾਠ ਕਰਦੀ ਟੁਰੀ ਚਲੀ ਗਈ। ਮਾਈ ਭੀ ਮਗਰੇ ਮਗਰੇ ਗਈ:- ਚੜ੍ਹਾਈ ਚੜ੍ਹਕੇ ਕਾਕੀ ਇਕ ਪਾਸੇ ਹੋ ਗਈ:- ਇਕ ਨਿੱਕੇ ਜਿਹੇ ਥੜ ਤੇ ਬਹਿ ਗਈ:-

"ਸਭ ਤੇ ਊਚ ਤਾਕੀ ਸੋਭਾ ਬਨੀ॥
ਨਾਨਕ ਇਹ ਗੁਣਿ ਨਾਮੁ ਸੁਖਮਨੀ॥"

ਪੜ੍ਹਕੇ ਭੋਗ ਪਾਇਆ, ਅਰਦਾਸਾ ਸੋਧਿਆ, ਮੱਥਾ ਟੇਕਿਆ, ਅਰਸ਼ਾਂ ਵੱਲ ਤੱਕੀ, ਨੈਣ ਭਰ ਆਏ ਤੇ ਬੋਲੀ:-

"ਦਾਤਾ! ਅਰਸ਼ਾਂ ਦੇ ਦਾਤਾ!!

'ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ' ਸਾਰਾ ਪੰਥ ਅਰਦਾਸ ਕਰਦਾ ਹੈ, ਮੈਂ ਕਰਦੀ ਹਾਂ, ਮੇਰੀ ਮਾਂ, ਮੇਰੇ ਨਿਆਣੇ ਵਿਛੁੜੇ ਵੀਰ ਤੇ ਉਸ ਦੀ ਪਾਲਕਾ ਦੀ ਰੱਛਿਆ ਰਿਆਇਤ ਕਰ। ਹਾਂ, ਕਰ ਦਾਤਾ! ਕਰ ਮੇਲ, ਇਕ ​ਵੇਰ ਅੰਮੀ ਵੀਰ ਮਿਲਾ ਦੇ।"

ਐਉਂ ਅਰਦਾਸ ਕਰਦੀ ਚੁੱਪ ਹੋ ਗਈ। ਫੇਰ ਗਲਾ ਖੁਲ੍ਹਿਆ ਮਿੱਠੀ ਮਿੱਠੀ ਧੁੰਨ ਨਿਕਲੀ ਗਣੇਂ ਦੀ:-

ਧੀਆਂ ਦੇ ਦਿਲ ਖੁੱਸਣ ਮਾਏ! ਦੂਰ ਗਈਆਂ ਨੀ ਮਾਂਵਾਂ।
ਦੂਰ ਗਈਆਂ ਨਾ ਪਰਤੀਆਂ ਹਾਏ! ਦੂਰ ਗਈਆਂ ਨੀ ਮਾਵਾਂ।
ਆਂਦਰਾਂ ਕਲਵਲ ਹੋ ਹੋ ਟੁੱਟਣ ਭੈਣਾਂ ਬਿਨਾ ਭਰਾਵਾਂ।
ਦੂਰ ਗਏ ਨੀ ਵੀਰ ਜਿਨ੍ਹਾਂ ਦੇ, ਦੂਰ ਗਈਆਂ ਨੀ ਮਾਵਾਂ।
ਵਿੱਛੁੜ ਫੇਰ ਨ ਮਿਲੀਆਂ ਮਾਵਾਂ, ਦੂਰ ਗਈਆਂ ਜੋ ਮਾਂਵਾਂ।
ਵੀਰ ਵਿਛੋੜਾ ਕਹਿਰ ਵਿਛੋੜਾ, ਭੈਣਾਂ ਨਾਲ ਭਰਾਵਾਂ।
ਧੀਆਂ ਹਵੇ ਭਰ ਭਰ ਮੁਕੀਆਂ, ਮਿਲੀਆਂ ਫੇਰ ਨ ਮਾਵਾਂ।
ਵੀਰਾ! ਵੀਰਾਂ! ਰੁੰਨੀ ਵੀਰਾ! ਵੀਰਾ ਵੀਰਾ ਗਵਾਂ।
ਵੀਰ ਰਿਛੁੰਨੀ ਦੇ ਆਜਾ ਵੀਰਾ! ਆ ਵੀਰਾ! ਗਲ ਲਾਵਾਂ।
ਮਾਵਾਂ ਬਾਝੋਂ ਜੀਵਨ ਔਖਾ, ਔਖਾ ਬਾਝ ਭਰਾਵਾਂ।
ਵੀਰ ਵਿਛੁੰਨੀਆਂ ਜੀਣ ਨ ਭੈਣਾਂ, ਸ਼ਾਲਾ! ਮੈਂ ਮਰ ਜਾਵਾਂ।
ਧੀਆਂ ਦੇ ਦਿਲ ਘਾਇਲ ਮਾਏ! ਦੂਰ ਗਈਆਂ ਨੀ ਮਾਵਾਂ।
ਦੂਰ ਗਈਆਂ ਨਾਂ ਧਰਤੀਆਂ ਹਾਏ! ਦੂਰ ਗਈਆਂ ਨੀਂ ਮਾਵਾਂ।

ਚੁੱਪ ਹੋ ਗਈ.......ਫੇਰ ਬੋਲੀ:-

"ਹੈਂ! ਵਾਹਿਗਰੂ! ਦਾਤਾ! ਸਾਈਂ! ਧੰਨ ਗੁਰੂ ਨਾਨਕ! ਸਾਈਆਂ! ਮਿਹਰ, ਮਿਹਰ। ਮੈਂ ਵੈਰਾਗ ਵਿਚ ਚਲੀ ਗਈ, ਮੈਂ ਤਾਂ ਰਜ਼ਾ ਮੰਨ ਖੜੋਤੀ ਸਾਂ, ਬਾਪੂ ਜੀ ਆਪ ਦੇ ਦਰ ਚਲੇ ਗਏ, ਮੈਂ ਹੱਥੀਂ ਟੋਰੇ। ਉਹ ਹਸਦੇ ਹਸਦੇ ਗਏ, ਮੈਨੂੰ ਗਲ ਲਾਕੇ ਪਿਆਰ ਦੇ ਕੇ ਟੁਰੇ, ਮੈਨੂੰ ਕਹਿਰ ਵਿਛੋੜਾ ਹੈ ਬਾਪੂ ਜੀ ਦਾ, ਪਰ ਦਾਤਾ! ਦੇਖ ਓਹ ਤੇਰੇ ਦੇਸ਼ ਗਏ, ਮੈਨੂੰ ਪਤਾ ਹੈ ਤੇਰੇ ਦੇਸ਼ ਗਏ, ਆਪਣੇ ਘਰ ਗਏ, ਓਹ ਸੁਖੀ ਹਨ, ਤੇਰੇ ਦਰ ਦੇ ਕੀਰਤਨ ਵਿਚ ਆਨੰਦ ਹਨ, ਮੈਨੂੰ ਪਿਆਰ ਭੇਜਦੇ ਹਨ, ਵਿਛੋੜਾ ਹੈ ਮੈਨੂੰ, ਪਰ ਪਤਾ ਹੈ ਮੈਨੂੰ ਕਿ ਓਹ ਕਿੱਥੇ ਹਨ। ਮੈਂ ​ਓਹਨਾਂ ਦਾ ਹਾਵਾ ਨਹੀਂ ਕੀਤਾ, ਪਰ ਰੱਬਾ ਜੀਓ, ਤੱਕੋ ਨਾ, ਮੇਰੇ ਨਿਮਾਣੀ ਦੇ ਮਨ ਤੇ ਮਿਹਰ ਕਰੀਓ! ਮਾਂ ਤੇ ਵੀਰ ਦਾ ਪਤਾ ਨਹੀਂ ਕਿੱਥੇ ਗਏ? ਕਿਸ ਹਾਲ ਹਨ? ਕਿਨ੍ਹਾਂ ਕਹਿਰਾਂ ਦੇ ਮੀਂਹ ਹਨ? ਕੀ ਜੱਫਰ ਜਾਲਦ ਹਨ? ਜੁੱਗ ਬੀਤ ਗਏ, ਥਹੁ ਨਹੀਂ, ਹਾਏ ਕੀ ਕਰਦੇ ਹੋਣਗੇ ਵਲਿੱਖਾਂ ਵਿਚ, ਸਾਈਂ ਜੀਓ! ਏਹੋ ਸੁੱਧ ਘੱਲ ਦਿਓ ਨਾ ਜੋ ਆਪਣੇ ਦੇਸ਼ ਅੱਪੜ ਪਏ ਹਨ, ਫਿਰ ਮੇਰੇ ਦਿਲ ਦਾ ਘਾਉ ਭਰ ਜਾਵੇ, ਮੇਰੇ ਕਲੇਜੇ ਸੰਤੋਖ ਆਵੇ। ਬਿਪਤਾ ਵਿਛੋੜਾ, ਕਹਿਰਾਂ ਕਹਾਰਾਂ ਦੇ ਤੌਖਲੇ, ਮੈਂ ਕਿੰਞ ਜੀਵਾਂ? ਰਜ਼ਾ! ਤੇਰੀ ਰਜ਼ਾ!! ਮੇਰੀ ਭੁੱਲ ਤੇ ਖ਼ਿਮਾਂ, ਹਾਂ, ਦਾਤਾ! ਮੇਰੀ ਉਕਾਈ, ਮੇਰੀ ਭੁੱਲ ਤੇ ਰਿੰਜ ਨਾ ਹੋਵਿਓ, ਮੈਂ ਨਿਮਾਣੀ ਬੱਚੀ ਹਾਂ ਆਪਦੀ। ਮੇਰੇ ਜੇਰੇ ਤੇ—ਮੇਰੇ ਜਤਨ ਲਾ ਲਾ ਕੀਤੇ ਜੇਰ ਤੇ-ਮੈਨੂੰ ਸ਼ਾਬਾਸੇ ਦੇਵਿਓ। ਹੇ ਬਖਸ਼ਿੰਦ ਪਿਆਰਾਂ ਵਾਲੇ! ਮੇਰੀ ਭੁੱਲ ਮੇਰਾ ਸੁਭਾਵ ਹੈ, ਮੇਰਾ ਅਧੂਰਾਪਨ ਹੈ, ਮੇਰੀ ਹਭਲਾ ਮਾਰਨ ਦੀ, ਉੱਚੇ ਹੋਣ ਦੀ ਚਾਹ, ਮੇਰੇ ਹੱਥ ਪੈਰ ਮਾਰਕੇ, ਕਿਸੇ ਵੇਲੇ ਠਿੱਲ੍ਹਕੇ ਤੁਰ ਪੈਣਦੀ ਪਹੁੰਚ, ਤਰਲੇ ਹਨ ਮੇਰੇ ਨਿਤਾਣੇ ਤਾਣ ਦੇ, ਸੋ ਤੁਸੀਂ ਮੇਰੇ ਨਿਤਾਣ ਦੇ ਸਿਰ ਹੱਥ ਫੇਰਿਓ, ਦਿਲਾਸਾ ਦੇਵਿਓ। ਮੈਂ ਵੀਰ ਵਿਛੁੰਨੀ ਅੰਮੀ ਵਿੱਛੁੜੀ ਬਾਲੀ ਨੂੰ ਅਪਣੀ ਛਾਤੀ ਨਾਲ ਲਾਓ, ਅਪਣੇ ਅੰਮ੍ਰਿਤ ਚੋਂਦੇ ਬੁੱਲ੍ਹਾਂ ਨਾਲ ਮੇਰਾ ਮੱਥਾ ਚੁੰਮੋਂ। ਹੇ ਵਾਹਿਗੁਰੂ ਪਿਆਰੇ ਪਿਤਾ! ਮੇਰੇ ਅੱਥਰੂ ਭਰੇ ਨੈਣਾਂ ਨੂੰ ਚੁੰਮ, ਮੇਰੀ ਕੰਡੀ ਤੇ ਹੱਥ ਫੇਰ, ਆਖ: ਤੂੰ ਮੇਰੀ ਗੋਦੀ ਹੈਂ, ਮੈਂ ਤੇਰਾ ਹਾਂ, ਤੇਰਾ ਮੈਂ ਹਾਂ। ਹਾਂ ਦਾਤਾ! ਤੂੰ ਮੇਰਾ ਹੋਹ, ਤੂੰ ਮੈਨੂੰ ਅਪਨਾ, ਅਪਣੀ ਗੋਦ ਖਿਡਾ"।

ਇਉਂ ਕੂਕਦੀ ਕੂੰਜ ਉੱਠੀ, ਘਰ ਨੂੰ ਟੁਰ ਪਈ, ਨਹੀਂ ਨਜ਼ਰ ਭਰ ਤੱਕਿਆ ਕਿ ਕੌਣ ਹੈ ਜੋ ਮੇਰੇ ਨਾਲ ਹੈ, ਰੁਮਕੇ ਰੁਮਕੇ ਘਰ ਅੱਪੜ ਗਈ ਤੇ ਸਾਈਂ (ਤੇਜ ਕੌਰ) ਨੈਣ ਛਮਾਂ ਛਮ ਕੇਰਦੀ ਮਗਰੇ ਮਗਰ ਟੁਰੀ ਗਈ।

​ਗਿਰਾਂ ਦੇ ਇਕ ਸੁਹਣੇ ਪਾਸੇ ਵੈਦ ਜੀ ਦਾ ਘਰ ਸੀ, ਘਰ ਦੇ ਬਾਹਰਲੇ ਪਾਸੇ ਓਹਨਾਂ ਦੀ ਵੈਦੰਗੀ ਕੋਠੜੀ ਸੀ, ਨਾਲ ਲੰਮੀ ਡਿਉਢੀ। ਇਸ ਡਿਉਢੀ ਥਾਣੀਂ ਓਹ ਅੰਦਰ ਲੰਘਕੇ ਮੰਜੇ ਤੇ ਜਾ ਲੇਟੀ ਤੇ ਸੈਂ ਗਈ। ਇਧਰ ਮਾਈ ਵੈਦ ਜੀ ਦੇ ਪਾਸ ਐਉਂ ਜਾ ਬੈਠੀ ਜਿਵੇਂ ਮਰੀਜ਼ ਹਕੀਮਾਂ ਪਾਸ ਬੈਠਦੇ ਹਨ। ਵੈਦ ਜੀ ਨੇ ਆਦਰ ਨਾਲ ਪੁੱਛਿਆ:-"ਆਓ ਮਾਈ ਜੀ! ਕੀ ਖੇਚਲ ਹੈ? ਕਿੱਥੋਂ ਆਏ ਹੋ?"

ਮਾਈ-ਵੇਦ ਜੀ! ਮੈਂ ਜ਼ਰਾ ਇਕੱਲਿਆਂ ਗੱਲ ਕਰਨੀ ਹੈ, ਇਥੇ ਹੋਰ ਲੋਕੀਂ ਆਉਂਦੇ ਜਾਂਦੇ ਹੋਣਗੇ?

ਵੈਦ-ਜੇ ਕੋਈ ਐਸੀ ਖੇਚਲ ਹੈ ਤਾਂ ਵੱਖਰੇ ਚਲੇ ਚਲਦੇ ਹਾਂ, ਪਰ ਅੱਜ ਤਿਉਹਾਰ ਹੈ ਤੇ ਲੋਕੀਂ ਨ੍ਹਾਉਣ ਗਏ ਹਨ, ਅੱਜ ਕਿਸੇ ਡਾਢੇ ਔਖੀ ਵਾਲੇ ਹੀ ਆਉਣਾ ਹੈ, ਸੋ ਵਿਹਲ ਹੈ ਤੇ ਤੁਸੀਂ ਇੱਥੇ ਭੀ ਗੱਲਬਾਤ ਕਰ ਸਕਦੇ ਹੋ।

ਮਾਈ-ਮਾਂ ਜ਼ਰਾ ਪੁਛ ਪੁੱਛਾ ਕਰਨੇ ਹਨ ਤੇ ਫੇਰ ਅਪਣੀ ਵਿਥ੍ਯਾ ਕਹਿਣੀ ਹੈ, ਆਪ ਕਾਹਲੇ ਤੇ ਨਾ ਪੈਸੋ?

ਵੈਦ-ਮਾਈ ਜੀ! ਵੈਦ ਕੀ ਤੇ ਕਾਹਲੇ ਪੈਣਾ ਕੀਹ? ਰਗੀ ਦੀ ਜੀਭ ਤੇ ਵੈਦ ਦੇ ਕੰਨ ਕੁਦਰਤ ਵਲੋਂ ਹੀ ਵਡੇਰੇ ਹੁੰਦੇ ਹਨ।

ਮਾਈ-ਆਪ ਦਾ ਹੀ ਨਾਮ ਲਾਲ ਰਤਨ ਸਿੰਘ ਹੈ?

ਵੈਦ-ਜੀ ਹਾਂ।

ਮਾਈ-ਆਪ ਹੀ ਸ਼ੱਤ੍ਰੂਜੀਤ ਸਿੰਘ ਦੇ ਜਵਾਈ ਹੋ?

ਵੈਦ (ਤ੍ਰੱਬ੍ਹਕ ਕੇ) ਜੀ.........ਹਾਂ।

ਮਾਈ ਮੈਂ ਬੇ-ਅਦਬੀ ਕਰ ਰਹੀ ਹਾਂ, ਪਰ ਮੇਰਾ ਕੰਮ ਗੁਰੂ ਕਰੇ ਸੁਖਦਾਈ ਹੋਸੀ।

ਵੈਦ (ਸੋਚ ਵਿਚੋਂ ਨਿਕਲ ਕੇ)-ਜੀ ਹਾਂ ਭਲਾ ਹੋਵੇ ਆਖੋ?

​ਮਾਈ-ਕੀ ਇਸ ਬੀਬੀ ਦਾ ਨਿਆਣਾ ਵੀਰ ਤੇ ਮਾਤਾ ਕੈਦ ਪੈ ਕੇ ਕਾਬਲ ਚਲੇ ਗਏ ਸੇ?

ਵੈਦ (ਘੂਰਕੇ, ਤੱਕ ਕੇ)-ਜੀ ਬਹੁਤ ਚਿਰਾਂ ਦੀ ਗਲ ਹੈ।

ਮਾਈ-ਇਹ ਬੀਬੀ ਦਰਿਯਾ ਤੋਂ ਬੜੇ ਵੈਰਾਗ ਕਰਦੀ ਆਈ ਹੈ, ਆਪਣੀ ਦੇਵੀ ਮਾਤਾ ਤੇ ਵੀਰ ਦਾ।

ਵੈਦ-ਤੁਸੀਂ ਇਲਾਜ ਵਾਸਤੇ ਆਏ ਹੋ, ਇਹ ਪੁੱਛਣਾ ਤੁਸਾਡੀਆਂ ਕੀਹ ਹਨ?

ਮਾਈ—ਆਪ ਦਾ ਵਿਆਹ ਮੈਥੋਂ ਪਿੱਛੋਂ ਹੋਇਆ ਹੈ, ਇਸ ਕਰਕੇ ਆਪ ਮੈਨੂੰ ਨਹੀਂ ਸਿਞਾਣਦੇ। ਬੀਬੀ ਜੇ ਮੈਨੂੰ ਵੇਖਦੀ ਤਾਂ ਖਬਰੇ ਸਿਆਣ ਹੀ ਲੈਂਦੀ, ਪਰ ਉਹ ਆਪਣੇ ਵੈਰਾਗ ਵਿਚ ਮੇਰੇ ਵੱਲ ਪਰਤ ਕੇ ਭੀ ਨਹੀਂ ਤੱਕੀ।

ਵੈਦ (ਬਹੁਤ ਤ੍ਰੱਬ੍ਹਕ ਕੇ, ਫਿਰ ਸ਼ੋਕ ਨਾਲ ਤੱਕ ਕੇ-ਹੱਛਾ, ਤਾਂ ਆਪ ਆਪਣੇ ਹੋ, ਫਿਰ ਆਪ ਤਸੱਲੀ ਨਾਲ ਅਪਣੀ ਗੱਲ ਬਾਤ ਦੱਸ ਦਿਓ?

ਮਾਈ-ਮੈਂ ਬੀਬੀ ਦੀ ਮਾਈ ਦੀ ਸਖੀ ਤੇ ਇਨ੍ਹਾਂ ਦੀ ਖਿਡਾਵੀ ਹਾਂ।

ਵੈਦ-ਪੁੰਨਾਂ, ਪੁੰਨਾਂ, ਪੁੰਨਾਂ...? ਹਾਂ (ਛੱਤ ਵੱਲ ਤੱਕ ਕੇ) ਪੁੰਨਾਂ ਬੀ ਤਾਂ ਨਾਲੇ ਕੈਦ ਪਈ ਸੀ?

ਮਾਈ-ਜੀਉ ਜੀ! ਪੁੰਨਾਂ, ਕਦੇ ਪੁੰਨਾਂ ਨਿਖੁੱਟੀ ਪੁੰਨਾਂ ਹੋ ਗਈ ਸੀ ਪਰ ਹੁਣ ਫੇਰ ਪੁੰਨਾਂ ਵਾਲੀ ਪੁੰਨਾਂ ਮੈਂ ਹੀ ਹਾਂ।

ਵੈਦ (ਦੋਵੇਂ ਹੱਥ ਜੋੜਕੇ, ਸੀਸ ਝੁਕਾਕੇ ਰਸੀਲੇ ਨੈਣਾਂ ਨਾਲ ਤੱਕ ਕੇ-ਜੀਉ ਆਏ, ਧੰਨ ਭਾਗ! ਧੰਨ ਦਾਤਾ! ਧੰਨ ਗੁਰੂ! ਧੰਨ ਮੇਰਾ ਸੁਹਣੀ ਕਲਗੀ ਵਾਲਾ! ਧੰਨ! ਦਿਓ ਸੁਖ ਸੁਨੇਹੇ, ਠੰਢਾਂ ਵਰਤਾਓ?

ਮਾਈ-ਵੈਦ ਜੀ! ਬੀਬੀ ਦੀ ਮਾਈ ਆਪਣੇ ਸ਼ਰਮ ਧਰਮ ਸਿੱਖੀ ਸਿਦਕ ਵਿਚ ਸਾਬਤ, ਅਫਗ਼ਾਨਿਸਤਾਨ ਵਿਚ ਤਲਵਾਰ ​ਦੀ ਪੌੜੀ ਚੜ੍ਹਕੇ ਸੱਚ ਖੰਡ ਜਾ ਵਸੀ ਹੈ।

ਵੈਦ (ਨੈਣ ਮੀਟਕੇ)-ਵਾਹ ਵਾ! ਸਤਿਗਰੂ! ਧੰਨ, ਧੰਨ, ਧੰਨ, ਤੂੰ ਦਾਤਾ! ਸ਼ੁਕਰ, ਸ਼ੁਕਰ, ਸ਼ੁਕਰ,! ਧੰਨ ਸਿੱਖੀ, ਧੰਨ ਸਿੱਖੀ! (ਅਰਸ਼ਾਂ ਵੱਲ ਤੱਕ ਕੇ)-ਅੰਮੀ! ਤੇਰਾ ਸਤਿਗੁਰਾਂ ਦੇ ਚਰਨਾਂ ਵਿਚ ਨਿਵਾਸ, ਤੈਨੂੰ ਦਰ ਠਾਕ ਨਾ ਪਵੇ, ਤੇਰੇ ਲਈ ਸਭ ਦਰ ਖੁੱਲੇ, ਅੰਮੀ! ਤੂੰ ਧੰਨ!

ਮਾਈ (ਨੈਣ ਭਰਕੇ)—ਪਰ ਬੇਟਾ ਜੀ! ਸ਼ਤਰੂਜੀਤ ਸਿੰਘ ਜੀ ਦਾ ਬੇਟਾ ਜੀਉਂਦਾ ਹੈ, ਦੇਸ਼ ਆ ਗਿਆ ਹੈ ਸਹੀ ਸਲਾਮਤ, ਕਾਂਵਾਂ ਦੇ ਆਲ੍ਹਣੇ ਪਲਕੇ ਕੋਇਲਦਾ ਬੱਚਾ ਘਰ ਆਗਿਆ ਹੈ, ਹਾਂ ਜਵਾਨ ਗੱਭਰੂ ਹੋਕੇ, ਸਿੱਖੀ ਸਿਦਕ ਵਿਚ ਜੀਉ ਪਿਆ ਤੇ ਹੁਣ ਤਿਆਰ ਬਰ ਤਿਆਰ ਖਾਲਸਾ ਹੋਕੇ ਆ ਗਿਆ ਹੈ ਦੇਸ਼।

ਵੈਦ-ਵਾਹ ਵਾਹ ਸ਼ੁਕਰ! ਵਾਹ ਵਾ ਸ਼ੁਕਰ! ਧੰਨ ਲਾਜ ਪਾਲ ਸਤਿਗੁਰੂ! ਧੰਨ ਬਿਰਦ ਬਾਣੇ ਦੀਆਂ ਸ਼ਰਮਾਂ ਵਾਲਾ ਮੇਰਾ ਅਪਣਾ ਵਾਹਿਗੁਰੂ! ਧੰਨ ਬਖਸ਼ਿੰਦ ਦਾਤਾ! ਮਿਹਰ! ਮਿਹਰ! ਜੀਆਦਾਨ ਦੇਣ ਵਾਲਾ, ਮੋਏ ਜੀਵਾਲਕੇ ਆਨ, ਸ਼ਾਨ, ਅਣਖ, ਗ਼ੈਰਤ, ਬਲ, ਸਾਹਸ ਦੇਣ ਵਾਲਾ ਦਾਤਾ ਗੁਰੂ! ਹਾਂ, ਬਾਟ ਘਾਟ ਸਹਾਈ, ਬਿਖੜੇ ਦਾਵਾਂ ਵਿਚ ਰੱਛਿਆ ਰਿਆਇਤ ਕਰਨ ਵਾਲਾ, ਧੰਨ! (ਮਾਈ ਵਲ ਤੱਕ ਕੇ) ਅੰਮਾਂ ਜੀ ਨੂੰ ਜੇ ਖੇਚਲ ਨਾ ਹੋਵੇ ਤਾਂ ਸਾਰੀ ਵਿੱਥਯਾ ਚਾ ਸੁਣਾਓ, ਜੋ ਮਨ ਨੂੰ ਮਨ ਦੀ ਹੈਰਾਨੀ ਤੋਂ ਬੀ ਚੈਨ ਆ ਜਾਵੇ।

ਮਾਈ-ਬੇਟਾ ਜੀਉ! ਬੀਬੀ ਵਿਆਕੁਲ ਅੰਦਰ ਗਈ ਹੈ, ਸੀ ਤਾਂ ਹੁਣ ਫੇਰ ਰਜ਼ਾ ਦੇ ਪਿਆਰ ਵਿਚ, ਪਰ ਸੀ ਵੈਰਗ ਵਿਚ, ਚੰਗਾ ਹੋਵੇ ਕਿ ਉਸ ਨੂੰ ਬੀ ਦੱਸ ਕੇ ਠੰਢ ਪਾਵਾਂ। ਸਿਰ ਵਰਤੀ ਤੇ ਹੱਡ-ਬੀਤੀ ਸਾਰੀ ਮੈਂ ਦੋਹਾਂ ਨੂੰ ਕੱਠੀ ਸੁਣਾਵਾਂ?

ਵੈਦ-ਠੀਕ ਹੈ, ਪਰ ਲਾਲ ਮਨ ਨੂੰ ਕਦੇ ਕਦੇ ਇਸ ਪਿਆਰ ​ਦੇ ਰੋੜ੍ਹ ਦਾ ਦੌਰਾ ਪੈਂਦਾ ਹੈ, ਤਦ ਮਗਰੋਂ ਬੜੀ ਨਿਢਾਲ ਹੋ ਜਾਂਦੀ ਹੈ, ਇਸ ਹਾਲ ਵਿਚ ਉਸ ਨੂੰ ਹਾਲ ਦੱਸਣਾ ਉਸ ਲਈ ਅਸਹਿ ਹੋਵੇਗਾ, ਖੁਸ਼ੀ ਬੀ ਤੇ ਵਿੱਥਯਾ ਦੀ ਦਰਦਨਾਕੀ ਬੀ। ਸੋ ਤੁਸੀਂ ਬੈਠੋ ਤੇ ਮੈਂ ਅੰਦਰ ਜਾਕੇ ਉਹਨਾਂ ਨੂੰ ਜ਼ਰਾ ਦਵਾਉਲਮਿਸਕ[98]ਦੇ ਆਵਾਂ, ਜ਼ਰਾ ਤਾਕਤ ਵਿਚ ਹੋ ਜਾਵੇ।

ਸੋ ਵੈਦ ਜੀ ਅੰਦਰ ਗਏ ਤਾਂ ਬੀਬੀ ਘੂਕ ਸੁੱਤੀ ਪਈ ਸੀ, ਨਬਜ਼, ਅੱਖਾਂ, ਦੰਦ, ਸ੍ਵਾਸ ਤੋਂ ਉਹਨਾਂ ਤਸੱਲੀ ਕਰ ਲਈ ਕਿ ਗ਼ਸ਼ ਨਹੀਂ, ਦੰਦਣ ਨਹੀਂ, ਸੁਖ ਦੀ ਨੀਂਦੇ ਸੁੱਤੀ ਪਈ ਹੈ ਸੋ ਆਪ ਉਸ ਨੂੰ ਅਡੋਲ ਪਈ ਛੜ ਕੇ ਫੇਰ ਆ ਗਏ, ਪਰ ਡੂੰਘੀ ਸੋਚ ਵਿਚ ਸਨ।

ਵੈਦ-ਮਾਈ ਜੀ! ਲ ਲਮਨ ਟਿਕੀ ਹੋਈ ਤੇ ਹਾਂ ਸੱਚੀ, ਕੀ ਆਪ ਗੁਰਮਤੇ ਵੇਲੇ ਅੱਪੜੇ ਸਾਓ ਕਿ ਮਗਰੋਂ?

ਮਾਈ-ਐਨ ਵਲੇ ਸਿਰ, ਤੇ ਹਾਂ ਛੇਕੜਲੇ ਦਿਨ ਵਿਚ ਸ਼ਾਮਲ ਬੀ ਹੋਏ ਸਾਂ, ਓਥੇ ਹੀ ਬਚੜਾ ਜੀ ਨੇ ਅੰਮ੍ਰਿਤ ਛਕਿਆ ਹੈ।

ਵੈਦ-ਤਾਂ ਆਪ ਨੂੰ ਗੁਪਬੋਲੇ ਦਾ ਪਤਾ ਹਸੀ, ਮੈਨੂੰ ਬੀ ਸੱਦਾ ਸੀ, ਪਰ ਏਥੇ ਕੁਛ ਪੰਥਕ ਕਾਰਜ ਹੀ ਐਸਾ ਸੀ ਕਿ ਜਾ ਨਹੀਂ ਸਕਿਆ।

ਮਾਈ-ਤਾਂ ਆਪ ਪੰਥ ਵਿਚ ਸ਼ਿਰੋਮਣੀ ਲੋਕਾਂ ਵਿਚੋਂ ਹੋ, ਆਪ ਨੂੰ ਬੀ ਤਾਂ ਪਤਾ ਹੈ, ਪਤੇ ਵਾਲੇ ਨੂੰ ਦੱਸਣਾ ਮਨ੍ਹੇ ਨਹੀਂ ਤੇ ਆਪ ਆਪਣੀ ਤਸੱਲੀ ਲਈ ਪੁੱਛਦੇ ਹੋ, ਬੇਟਾ ਜੀਓ! (ਮੁਸਕ੍ਰਾਕੇ) ਗੁਪਬੋਲਾ ਐਤਕੀ ਦਾ ਜਗਤ ਦੇ ਰਿਜ਼ਕ ਦਾ ਨਾਮ ​ਸੀ-ਰਜਤਪਣ[99]।

ਵੈਦ ਜੀ ਦੇ ਨੈਣ ਦਮਕ ਉੱਠੇ, ਮਨ ਮੰਡਲ ਨਿੱਕੀ ਨਿੱਕੀ ਉਠ ਰਹੀ ‘ਸੰਸੇ-ਬਦਲੀ' ਤੋਂ ਸਾਫ ਹੋ ਗਿਆ, ਪਿਆਰ ਖੁੱਲਾ ਹੋ ਚਮਕਿਆ।

ਵੈਦ-ਠੀਕ ਹੈ, ਮਾਤਾ ਜੀ! ਖਿਮਾਂ ਕਰਨਾ, ਸਮੇਂ ਬਿਖੜੇ ਹਨ, ਸਾਡੀ ਸਭ ਦੀ ਜਾਨ ਸਦਾ ਤਲੀ ਤੇ ਹੈ, ਇਸ ਕਰਕੇ ਫੂਕ ਫੂਕ ਕੇ ਕਦਮ ਧਰੀ ਦੇ ਹਨ।

ਮਾਈ ਕੋਈ ਨਹੀਂ ਬੇਟਾ ਜੀਓ! ਸਲਾਮਤੀ ਏਸੇ ਵਿਚ ਹੈ।

ਹੁਣ ਮਾਈ ਜੀ ਨੇ ਮੁੱਢ ਤੋਂ ਲੈਕੇ ਵੈਦ ਪਾਸ ਅੱਪੜਨ ਤੱਕ ਦੀ ਸਾਰੀ ਵਿਥ੍ਯਾ ਕਹਿ ਸੁਣਾਈ। ਉਹ ਚੁੱਪ ਚਾਪ ਬੈਠਾ ਸੋਚ ਵਿਚ ਟਿਕਿਆ ਤੇ ਭਾਵਾਂ ਵਲਵਲਿਆਂ ਤੋਂ ਸੱਖਣਾ ਲੱਗਦਾ ਸਿਖ ਸੁਣਦਾ ਰਿਹਾ, ਪਰ ਉਹ ਐਉਂ ਅੰਦਰੋਂ ਜੀਉਂਦਾ ਸੀ ਕਿ ਮਾਨੋਂ ਮਘਦੇ ਕੱਲੇ ਜਾਣਕੇ ਦਬਾ ਰੱਖੇ ਹਨ।

ਵੈਦ ਇਕ ਵਾਰੀ ਫੇਰ ਅੰਦਰ ਗਿਆ, ਬੀਬੀ ਟਿਕੀ ਹੋਈ ਸੀ, ਇਹ ਤਸੱਲੀ ਕਰਕੇ ਵੈਦ ਬਾਹਰ ਆਯਾ ਤੇ ਮਾਈ ਦੇ ਨਾਲ ਅਲਾਂਬਾ ਸਿੰਘ ਦੇ ਡੇਰੇ ਅੱਪੜਿਆ। ਮਾਈ ਜੀ ਨੇ ਸਾਰੀ ਵਿਥਯਾ ਅਲਾਂਬਾ ਸਿੰਘ ਨੂੰ ਦੱਸੀ। ਦੇਇ ਲੰਮੀਆਂ ਵਿੱਥਾਂ ਵਿਚ ਪਲੇ ਪਰ ਸਾਕਾਦਾਰੀ ਨਾਲ ਬੇ-ਮਲੂੰਮੇ ਜੋੜੇ ਗਏ, ਅਵਿੱਛੜ ਪਿਆਰੇ ਅੱਜ ਵਿੱਛੁੜੇ ਮਿਲੇ। ਅਲਾਂਬਾ ਸਿੰਘ ਦੀ ਪੰਜਾਬੀ ਜੋ ਅੱਜ ਪੂਰੀ ਤਾਂ ਨਹੀਂ ਸੀ, ਪਰ ਮਤਲਬ ਸਾਰਣ ਵਾਲੀ ਸੀ, ਅਫਗ਼ਾਨੀ ਲਹਿਜ਼ੇ ਵਿਚ ਡਾਢੀ ਮਿੱਠੀ ਮਿੱਠੀ ਲੱਗੇ। ਪਰ ਲਾਲ ਰਤਨ ਸਿੰਘ ਜੀ ਫਾਰਸੀ ਦੇ ਜਾਣੂੰ ਸੇ, ਪਿਆਰਾਂ ਦੇ ਭਾਵ ਫਾਰਸੀ ਵਿਚ ਚੰਗੇ ਖੁਲ੍ਹੇ ਤੇ ਅਕਹਿ ਰਸਾਂ ਦੇ ਸੰਗਮ ਹੋਏ।

​

[ਅੰਮਾ ਦਾ ਮਿਲਾਪ]

ਫੇਰ ਬੀਬੀ ਬਾਬਤ ਸਲਾਹ ਕਰਕੇ ਇਹੋ ਠਹਿਰੀ ਕਿ ਲਾਲ ਰਤਨ ਸਿੰਘ ਸਹਿਜੇ ਸਹਿਜੇ ਬੀਬੀ ਨੂੰ ਖ਼ਬਰ ਸੁਣਾਵੇ ਤੇ ਜਦੋਂ ਤੱਕ ਵੀਰ ਮਿਲਾਪ ਦੀ ਖੁਸ਼ੀ ਭੈਣ ਸਹਿ ਸਕਣ ਜੋਗੀ ਹੋ ਜਾਵੇ, ਤਦੋਂ ਮਿਲਾਪ ਹੋਵੇ। ਇਸ ਗੱਲ ਪਰ ਵੈਦ ਜੀ ਨੇ ਦੋ ਦਿਨ ਲਾਏ, ਸਾਰੇ ਹਾਲ ਡਾਢੀ ਅਕਲ ਨਾਲ ਸੁਣਾਏ। ਉਸ ਵਰਿਹਾਂ ਦੀ ਭੁੱਖੀ ਨੂੰ ਸਹਿਜੇ ਸਹਿਜੇ ਨਰਮ ਨਰਮ ਸਹਿੰਦੇ ਸਹਿੰਦੇ ਬਚਨਾਂ ਵਿਚ ਪਿਆਰਿਆਂ ਦੇ ਦੁੱਖਾਂ ਦੀ ਸ਼ਹਾਦਤ ਤੇ ਖਲਾਸੀ ਦੀ ਸੌ ਸੁਣਾਈ। ਬੀਬੀ, ਜਿਸ ਨੂੰ ਪਤੀ ਜੀ, ਲਾਡ ਨਾਲ ਤੇ ਉਸ ਦੇ ਬਿਰਹੀ ਮਨ ਨੂੰ ਸਦਾ ‘ਪਿਆਰ-ਝਰਨਾਟ’ ਨਾਲ ਉਚਿਆਂ ਰੱਖਣ ਵਾਸਤੇ ‘ਲਾਲ ਮਨ' ਸੱਦਿਆ ਕਰਦੇ ਸਨ 'ਵੀਰ ਮਿਲਾਪ' ਲਈ ਤਿਆਰ ਹੋ ਗਈ। ਪਹਿਲਾਂ ਲਾਲ-ਮਨ ਨੂੰ ਘਰ ਆਕੇ ਅੰਮਾਂ ਤੇਜ ਕੌਰ ਮਿਲੀ, ਇਸ ਦਾ ਚਿਹਰਾ ਬਹੁਤ ਬਦਲ ਚੁਕਾ ਸੀ, ਪਰ ਲਾਲ ਮਨ ਨੇ ਨੁਹਾਰ ਤੇ ਨਕਸ਼ ਸਿਆਣ ਲਏ। ਅੰਮਾਂ ਅੰਮਾਂ ਕਰਕੇ ਗਲ ਚੰਬੜ ਗਈ। ਚਾਹੋ ਵੈਦ ਜੀ ਨੇ ਕਿਤਨੇ ਉਪਾੳ ਕੀਤੇ ਸੇ, ਪਰ ਤਦ ਬੀ ਲਾਲ ਮਨ ਓਸ ਪਿਆਰ ਫੁਟਾਲ ਵਿਚ ਜੱਫੀ ਵਿਚ ਹੀ ਬੇ ਸੁਧ ਹੋ ਗਈ। ਬੀਬੀ ਬੜੇ ਨਾਜ਼ਕ ਮਨ ਤੇ ਨਾਜ਼ਕ ਸਰੀਰ ਵਾਲੀ ਸੀ, ਸਹਿਜੇ ਸਹਿਜ ਹੋਸ਼ ਆਈ, ਮਾਂ ਦਾ ਮੂੰਹ ਬਉਰੇ ਵਾਂਙੂ ਤੱਕਦੀ ਗਲੇ ਜਾ ਚੰਬੜਦੀ, ਮੁੜ ਮੁੜ ਬੇ-ਵਸ ਹੋ ਕਦੇ ਮੱਥਾ ਕਦੇ ਹੱਥ ਚੁੰਮਦੀ ਤੇ ਨੈਣ ਭਰ ਭਰ ਆਖਦੀ:- ਅੰਮੀਂ..., ਅੰਮੀਂ...! ਜਦ ਹੋਸ਼ ਟਿਕਾਣੇ ਆਈ ਤਾਂ ਇਕ ਡੂੰਘਾ ਸਾਹ ਭਰਕੇ ਬੋਲੀ:-

ਸਾਂਈਂਆਂ ਜੀਓ! ਮੈਨੂੰ ਮਾਂ ਵਿਛੋੜੇ ਨੇ ਵਰਿਹਾਂ ਬੱਧੀ ਘਾਇਲ ਕੀਤਾ ਹੈ, ਪਰ ਦੇਖੋ ਅੰਮੀਂ ਦੇ ਤਸਦੀਹੇ ਸੁਣਕੇ, ਮੌਤ ਸੁਣਕੇ ਮੇਰੇ ਘਾਵਾਂ ਨੂੰ ਕੋਈ ਐਸਾ ਚੀਰਾ ਮਿਲ ਗਿਆ ਹੈ ਕਿ ਕਦੇ ਨਾ ਰਾਜ਼ੀ ਹੋਣ ਵਾਲਾ ‘ਦਿਲ ਜ਼ਖ਼ਮ' ਭਰ ਆਯਾ ਹੈ, ​ਪੀੜ ਹੋਈ, ਪਰ ਹੁਣ ਮੈਨੂੰ ਠੰਢ ਪੈ ਗਈ ਹੈ! ਮੇਰੀ ਮਾਂ ਦਰ ਘਰ ਅੱਪੜੀ ਹੋਈ ਹੈ, ਮੈਂ ਮੂਰਖ ਨਾ ਜਾਣਕੇ ਰੋਈ, ਰੋਈ, ਰੋਈ, ਪਰ ਅੰਮੀਂ ਬਾਪੂ ਜੀ ਤੋਂ ਭੀ ਪਹਿਲਾਂ ਵਾਹਿਗੁਰੂ ਦੇ ਦੇਸ਼, ਜਿਥੇ ਮੌਤ ਕਦੇ ਨਹੀਂ ਜਾ ਸਕਦੀ, ਓਥੇ ਅੱਪੜੀ ਹੋਈ ਹੈ। ਹਾਂ ਹੁਣ ਮੈਨੂੰ ਠੰਢ ਪੈ ਗਈ ਹੈ। ਮੈਨੂੰ ਵਿਛੋੜਾ ਹੈ, ਪਰ ਹੁਣ ਮਨੂੰ ਘਬਰਾ, ਕਸ਼ਟ, ਅਝੱਲ ਡੋਬ ਨਹੀਂ। (ਉੱਪਰ ਤੱਕ ਕੇ) ਜੀਓ ਮੇਰੀ ਅੰਮੀਂ ਜੀਓ! ਦਾਤੇ ਦੇ ਦੇਸ਼! ਹੁਣ ਤਾਂ ਵਿਛੋੜਾ ਹੈ ਨਾ, ਮੈਂ ਆ ਮਿਲਾਂਗੀ। ਮੈਨੂੰ ਠੰਢ ਪੈ ਗਈ ਜੋ ਮੇਰੀ ਮਾਂ ਸਾਡੇ ਵਾਹਿਗੁਰੂ ਦੇ ਸਾਜੇ ‘ਤਲਵਾਰ ਦੇ ਘਾਟ' ਤੋਂ ਲੰਘ ਕੇ ਅਰਸ਼ਾਂ ਵਿਚ ਪਹੁੰਚ ਗਈ ਹੈ, ਸੁਖੀ ਹੈ, ਸੁਖੀ ਰਹੇ। ਸੁਖੀ ਰਹੋ, ਅੰਮੀਂ ਜੀ! ਬਾਪੂ ਜੀ!

ਹਾਂ ਮੇਰੀ ਪਾਲਣ ਵਾਲੀ ਮਾਏ! ਤੂੰ ਮਿਲ ਪਈ ਹੈਂ, ਤੂੰ ਮਾਂ ਹੈ ਨਾਂ। ਮਾਂ ਹੈਂ ਤੂੰ (ਗਲ ਲੱਗਕੇ ਠੋਡੀ ਨੂੰ ਫੜਕੇ) ਬੋਲ ਨਾ ਅੰਮਾਂ! ਤੂੰ ਹੈਂ ਨਾਂ ਅੰਮਾਂ!

ਮਾਈ-ਜੀਉ! ਬੱਚਾ ਜੀਉ! ਮੇਰਾ ਹੋਰ ਕੌਣ? ਤੂੰ ਤੇ ਤੇਰਾ ਵੀਰ ਅੱਖਾਂ ਦੇ ਤਾਰੇ।

ਲਾਲ ਮਨ-ਅੰਮਾਂ! ਹੁਣ ਮੈਨੂੰ ਵੀਰ ਦੀ ਛਾਤੀ ਨਾਲ ਲਾ ਦੇਹ। ਘੁੱਟ ਕੇ ਅੰਮੀਂ ਜਾਏ ਨਾਲ ਮਿਲਾ ਦੇਹ। ਹਾਂ, ਉਹ ਚੰਦ ਵਰਗਾ ਮੱਥਾ ਸੁੰਘਾ ਦੇਹ, ਓਹ ਅੰਮੀਂ ਦੇ ਨੈਣਾਂ ਵਰਗੇ ਨੈਣ ਮਰੇ ਨੈਣਾਂ ਨਾਲ ਇਕ ਨਜ਼ਰ ਕਰ ਦੇਹ। ਓਹ ਮੇਰੀ ਮਾਂ ਦੇ ਜਿਗਰ ਦਾ ਟੁਕੜਾ ਮੇਰੇ ਇਸ ਤੜਫਦੇ ਟੁਕੜੇ ਨਾਲ ਛੁਹਾ ਦੇਹ ਜ ਵੀਰ-ਭੈਣ ਇਕੇ ਮਾਂ ਦੇ ਦੋ ਵਿਛੁੜੇ ‘ਜਿਗਰ ਟੁਕੜੇ' ਮਿਲਕੇ ਇਕ ਹੋਣ। ਹਾਂ, ਉਹ ਮੇਰੇ ਮਗ਼ਰੂਰ ਸਿਰ ਵਾਲੇ ਬਾਪੂ ਜੀ ਦੇ ਸਰੀਰ ਤੋਂ ਉਪਜਿਆ ਸੀ। ਹਾਂ, ਮੇਰੇ ਵੀਰ ਦਾ ਗੁਮਾਨੀ ਸੀਸ, ਅਣਖਾਂ ਅਤੇ ਗ਼ੈਰਤਾਂ ਵਾਲਾ ਸੀਸ, ਲੋਂਹਦੀ ਭੈਣ ਦੀ ਛਾਤੀ ਨਾਲ ਲਾਕੇ ਵਰਿਹਾਂ ਦੀ ਧੁਖਦੀ ਛਾਤੀ ਠਾਰ ਦੇਹ, ਸੀਤਲ ਕਰ ​ਦੇਹ, ਠਾਰਾਂ ਪਾ ਦੇਹ, ਸੀਅਰਾਈਂਏ ਰੀ[100]!

ਲੰਮੀ ਮਲ੍ਹਾਰ ਦੀ ਧੁਨੀ ਵਿਚ 'ਸੀਂ ਅਰਾਈਂਏ ਰੀ, ਸੀਂ ਅਰਾਈਂਏ ਰੀ' ਕਹਿਦੀ ਮਾਂ ਦੀ ਛਾਤੀ ਨਾਲ ਲੱਗੀ ਫੇਰ ਬੇ-ਸੁਰਤ ਹੋ ਗਈ।

ਵੈਦ ਜੀ ਨੇ ਹੁਣ ਅੰਬਰ, ਕਸਤੁਰੀ ਤ ਕੇਸਰ ਨੂੰ ਇਕੱਠਿਆਂ ਰਲਾਕੇ ਬਣਾਈ ਦਿਲ ਤਾਕਤ ਦੀ ਦੁਆਈ ਜ਼ਰਾ ਕੁ ਜੀਭ ਤੇ ਰੱਖੀ, ਹੱਥ ਪੈਰ ਝਸਾਏ, ਤਾਂ ਫੇਰ ਕੁਛ ਚਿਰ ਬਾਦ ਹੋਸ਼ ਤੇ ਤਕੜਾਈ ਆ ਗਈ।

[ਵੀਰ ਮਿਲਾਪ]

ਭਾਵੇਂ ਸਿਆਣੇ ਵੈਦ ਜੀ ਤੋਂ ਅੰਮਾਂ ਜੀ ਦੀਆਂ ਸਲਾਹਾਂ ਭੈਣ ਭਰਾ ਦੇ ਮਿਲਾਪ ਵਿਚ ਅਜੇ ਢਿੱਲ ਪਾਉਣ ਦੀਆਂ ਸਨ, ਪਰ ਅਲਾਂਬਾ ਸਿੰਘ ਦੇ ਦਿਲ ਦੀਆਂ ਪਿਆਰ ਤਾਂ ਹੋਰ ਕੱਸ ਨਾ ਝੱਲ ਸਕੀਆਂ। ਪਿਤਾ ਨਹੀਂ ਦੇਖੇ, ਮਾਂ ਨਹੀਂ ਤੱਕੀ, ਗ਼ੈਰਾਂ ਵਿਚ ਪਲੇ ਨੇ ਮਾਤਾ ਪਿਤਾ ਦੇ ਦੁਖੜੇ ਸੁਣੇ ਹਨ ਤੇ ‘ਸੁਣੇ ਵਿਛੋੜੇ' ਨੇ ਬਿਰਹੋਂ ਦੇ ਜ਼ਖਮ ਡੂੰਘੇ ਕੀਤੇ ਹਨ ਤੇ ਜ਼ਖ਼ਮਾਂ ਦੀ ਪੀੜ ਝੱਲੀ ਹੈ, ਹੁਣ ਮਿਲਾਪ ਦੀ ਸ਼ੈ ਇਕੋ ਬਾਕੀ ਹੈ-ਇਹੋ ਇਕੋ ਭੈਣ, ਜਿਸ ਦੇ ਪਿਆਰ ਵਿਚ ਪਿਉ ਦੇ ਮਿਹਰ ਭਰੇ ਨੈਣ ਵੇਖਣੇ ਹਨ ਤੇ ਜਿਸ ਦੀਆਂ ਨਿਗਾਹਾਂ ਵਿਚ ਮਾਂ ਦੀਆਂ ਮਮਤਾ ਭਰੀਆਂ ਚਸ਼ਮਾਂ ਤੱਕਣੀਆਂ ਹਨ। ਮਾਂ ਦੀ ਗੋਦ ਤਾਂ ਨਹੀਂ ਹੈ, ਪਰ ਵੱਡੀ ਭੈਣ ਦੀ ਗੋਦ ਵਿਚ ਮਾਂ ਦੀ ਗੋਦ ਲੱਭਣੀ ਹੈ। ਐਉਂ ਅਲਾਂਬਾ ਸਿੰਘ ਦੇ ਪਿਆਰ ਵਲਵਲੇ ਉੱਛਲ ਪਏ, ਕਾਹਲਾ ਹੋ ਟੁਰ ਪਿਆ, ਨਾਲ ਸਤਵੰਤ ਬੀ ਉਸ ਦੇ ‘ਪਿਆਰ ਪਰਨਾਲੇ' ਛੁੱਟੇ ਵੇਖਕੇ ਤੇ ਠਾਕਣ ਦਾ ਵੇਲਾ ਨਾ ਸਮਝ-ਟੁਰ ਪਈ।

ਇਧਰ ਵੈਦ ਜੀ ਦੇ ਘਰ ਤ੍ਰੈਏ ਅਜੇ ਅੰਦਰ ਓਸੇ ਤਰ੍ਹਾਂ ​ਬੈਠੇ ਸਨ। ਲਾਲ ਮਨ ਅੰਮਾਂ ਦੀ ਛਾਤੀ ਨਾਲ ਸਿਰ ਲਾਈ ਗੋਦ ਵਿਚ ਬੈਠੀ ਸੀ ਕਿ ਬਰਖੁਰਦਾਰ ਸ਼ਤਰੂਜੀਤ ਸਿੰਘ ਜੀ ਦੇ ਪਵਿੱਤ੍ਰ ਖੂਨ ਦਾ ਸਜੀਲਾ ਜਵਾਨ ਸ਼ੇਰ ਆਨ ਬਾਨ ਵਾਲਾ ਗੱਭਰੂ ਮਗਰੂਰੀ ਤੇ ਅਭਿਮਾਨ ਭਰੇ ਸਿੱਧੇ ਸਿਰ ਵਾਲਾ ਗ਼ੈਰਤ ਦਾ ਪੁਤਲਾ, ਪਰ ਐਸ ਵੇਲੇ ਡਾਢੇ ਰਸੀਲੇ ਵਾਲਾ, ਡਾਢੇ ਮਿੱਠੇ ਸੁਹਣੇ ਚੰਦ ਵਰਗ ਮੁਖੜੇ ਵਾਲਾ, ਪਿਆਰ ਝਰਨਾਟਾਂ ਨਾਲ ਆਪ ਵਿਚ ਕਮਲ ਹੋ ਕੇ ਮਮਤਾ ਦੀ ਰੌ ਬਣਕੇ ਦ੍ਰੱਵਿਆ ਵੀਰ ਵਿਹੜੇ ਆ ਵੜਿਆ। ਆ ਸਾਹਮਣੇ ਖਲੋਤਾ। ਲਾਲੀਦਾ ਅੰਮਾਂ ਦੀ ਛਾਤੀ ਨਾਲ ਲੱਗਾ ਸੀ ਸਿਰ, ਬਾਹਾਂ ਗਲੇ ਵਿਚ ਪਈਆਂ ਸਨ, ਨੈਣ ਖੁੱਲ੍ਹੇ ਅਕਾਸ਼ਾਂ ਵੱਲ ਤੱਕਦੇ ਪਏ ਸਨ ਐਉਂ ਖੁੱਲ੍ਹੇ ਨੈਣਾਂ, ਹਾਏ! ਖੁੱਲ੍ਹੇ ਨੈਣਾਂ ਨੇ ਆਪਣੇ ਪਿਉ ਵਰਗੇ, ਮਾਂ ਵਰਗੇ ਨੈਣ ਇਕ ਆਨ ਵਿਚ ਸਿਞਾਤੇ, ਬਿਜਲੀ ਦੀ ਫੁਰਤੀ ਨਾਲ ਉੱਠੀ ਉੱਡੀ ਤੇ ਜਾ ਚੰਮੜੀ ਵੀਰਨ ਨੂੰ। ਭਰਾ ਦੀਆਂ ਕਲਾਈਆਂ ਬੇ-ਵਸੀਆਂ ਭੈਣ ਦੇ ਦੁਆਲੇ ਚੰਮੜ ਗਈਆਂ, ਚੰਮੜਕੇ ਦੋਵੇਂ ਮਾਤਾ ਪਿਤਾ ਦੇ ‘ਜਿਗਰ ਦੇ ਟੋਟੇ’, ਹਾਂ, ਇਕ ਸੋਮੇ ਦੇ ਦੋ ਰੌ, ਹਾਂ, ਇਕ ਤਨ ਦੇ ਇਕ ਇਕ ਹੋਏ ਦੇ ਟੁਕੜੇ ਜੋ ਤਰਸਦੇ, ਤੜਫਦੇ, ਮਿਲਣਾ ਲੋਚਦੇ ਸੇ ਮਿਲੇ, ਮਿਲੇ ਕਿ ਚੰਮੜੇ? ਹਾਏ! ਸ਼ਰੀਰਾਂ ਦੀ ਵਿੱਥ ਨੂੰ ਮੇਟਣ ਵਾਲੀ ਚੰਬੜ ਹੀ ਚੰਬੜ-ਹਾਂ ਸ਼ੁਦਾਈ ਚੰਬੜ ਹੀ-ਇਕ ਸ਼ੈ ਹੈ, ਪਰ ਇਹ ਮੇਲੇ ਇਸ ਵੇਲੇ ਸਰੀਰ ਦੀ ਸੁਧ ਨੂੰ ਟੱਪ ਗਏ। ਸਰੀਰ ਬੇ-ਸੁਧ ਹੋ ਗਏ ਰੂਹ ਨੂੰ ਮਿਲੀ ਰੂਹ। 'ਵੀਰ-ਰੂਹ' 'ਭੈਣ-ਰੂਹ' ਪੰਘਰ ਕੇ, ਪਿਘਲ ਕੇ, ਪਉਣ ਰੂਪ ਹੋਕੇ, ਉੱਡਕੇ, ਕਿਸੇ ਹੋਰ ਦੇਸ਼ ਜਾਕੇ ਕਿਸੇ ਅਮਰੀ ਮੇਲ ਵਿਚ ਮਿਲ ਗਈਆਂ। ਆਹ! ਅਰਸ਼ਾਂ ਦੇ ਦਿੳਤੇ ਸੱਚੇ ਸੁੱਚੇ ਪਿਆਰਾਂ ਉਤੇ ਫੁਲ ਵਰਖਾ ਕਰਨ ਵਾਲੇ ਦਿੱਸਦੇ ਨਹੀਂ, ਪਰ ਪਿਆਰ-ਫੁਹਾਰ ਵੱਸ ਰਹੀ ਹੈ, ਵੀਰ ਭੈਣ ਦੇ ਮਿਲਾਪ-ਬੇਸੁਧ ਬੇਹੋਸ਼ ਪਵਿੱਤ੍ਰ ਰੂਹਾਂ ਦੇ ਮੇਲਿਆਂ ਪਰ ਅਸਮਾਨ ਤੋਂ ਜ਼ਰੂਰ ​ਪਵਿੱਤ੍ਰਤਾ ਦੇ ਤੇ ਦਿੱਬ ਸੁਗੰਧੀ ਦੇ ਫੁਲ ਵਰਸ ਰਹੇ ਹਨ, ਕੋਈ ਅਗੰਮੀ ‘ਰਸ-ਫੁਹਾਰ' ਪੈ ਰਹੀ ਹੈ, ਕੋਈ ਅਣਡਿੱਠਾ ਸੁਆਦ ਛਾ ਰਿਹਾ ਹੈ-ਸੀਤਲ, ਮਿੱਠਾ ਮਿੱਠਾ, ਸ਼ਾਂਤ ਸ਼ਾਂਤ। ਪਾਸ ਬੈਠਿਆਂ ਦੀ ਸੁਰਤ ਜੁੜ ਗਈ ਹੈ, ਸਾਂਈਂ ਦੀ, ਸਤਵੰਤ ਦੀ, ਵੈਦ ਦੀ। ਵੀਰ ਭੈਣ ਬੇਹੋਸ਼ ਹਨ, ਰਹਿਮਤ ਹੈ, ਰਹਿਮਤ:-

ਸਦੀਵ ਵੱਸੇ ਰਹਿਮਤ ਪਵਿੱਤ੍ਰ ਪਿਆਰਾਂ ਤੇ।

............ ਹੋਸ਼ਾਂ ਪਰਤੀਆਂ; ਭੈਣ ਭਰਾ ਦੋਏ ਸਾਂਈਂ ਦੀ ਗੋਦ ਵਿਚ ਜਾ ਬੈਠੇ, ਇਕ ਪੱਟ ਤੇ ਪੁੱਤਰ ਤੇ ਇਕ ਤੇ ਬੇਟੀ, ਦੋਹਾਂ ਨੇ ਇਕ ਇਕ ਹੱਥ ਮਾਂ ਦੇ ਮੋਢੇ ਤੇ ਧਰ ਦਿਤਾ, ਇਕ ਇਕ ਹੱਥ ਗੋਦ ਵਿਚ ਪਏ ਆਪੇ ਨੂੰ ਘੁੱਟ ਰਹੇ ਹਨ। ‘ਹਾਂ ਅੱਜ ਜਨਮ ਦਾਤੀ ਅੰਮੀਂ ਨਹੀਂ ਹੈ, ਪਰ ਪਾਲਣ ਵਾਲੀ ਮਾਂ, ਨਿਭਣ ਵਾਲੀ ਮਾਂ ਹੈ; ਜੋ ਆਪਣੇ ਜਾਲੇ ਜੱਫਰਾਂ ਦੇ ਪੇੜ ਨੂੰ ਅੰਮ੍ਰਿਤ ਫਲ ਲੱਗ ਵੇਖ ਰਹੀ ਹੈ। ਤੱਕੋ ਨਾ, ਤੱਕੋ ਜੀ, ਤੱਕੋ-ਅਸਮਾਨਾਂ ਵਿਚ ਜਮਣ ਵਾਲੀ ਮਾਂ ਇਸ ਪਿਆਰ ਪਰ ‘ਖੁਸ਼ੀ ਦੇ ਫੁਲ' ਵਰਸਾ ਰਹੀ ਹੈ, ਨਕਸ਼ਾ ਜ਼ਿਮੀਂ ਤੇ ਖਿੱਚ ਰਿਹਾ ਹੈ, ਪ੍ਰਤਿਬਿੰਬ ਅਰਸ਼ਾਂ ਵਿਚ ਪੈ ਰਿਹਾ ਹੈ। ਸੁੱਖਾਂ ਦੀ ਛੁਹ ਧਰਤੀ ਦੀ ਮਾਂ ਮਾਣ ਰਹੀ ਹੈ, ਵਾਤਸਲ ਰਸ[101] ਦਾ ਸਾਰ ਸੁਗੰਧੀ ਹੋਕੇ ਚੜ੍ਹ ਰਿਹਾ ਹੈ ਉਪਰ ਨੂੰ ਜੋ ਅਰਸ਼ਾਂ ਵਿਚ ਅਮਰ-ਅੰਮੀਂ ਮਾਣ ਰਹੀ ਹੈ। ਆਹਾ ਪਿਆਰਾਂ ਦੀਆਂ ਬੇਸੁਧੀਆਂ! ਵਾਹ ਵਾ ਪਵਿੱਤ੍ਰਤਾ, ਤੇਰੇ ਜਲਵੇ, ਵਾਹਵਾ ਪਿਆਰ, ਤੇਰੀਆ ਝਰਨ ਝਰਨ ਥਰਾਟਾਂ। ਮਾਂ ਕਦ ਧੀ ਦਾ ਮੱਥਾ ਚੁੰਮਦੀ ਹੈ, ਕਦੇ ਪੁਤ੍ਰ ਦਾ, ਬਲਾਈਂ ਲੈਂਦੀ ਹੈ, ਪਿਆਰੀ ਆਸ ਕੌਰ ਨੂੰ ਯਾਦ ਕਰ ਕਰ ਨੈਣ ਭਰਦੀ ਹੈ। ਭਾਵ ਲੰਘਦੇ ਹਨ,—ਕਾਸ਼! ਇਹ ਰੰਗ ਮੇਰੀ ਪਿਆਰੀ ਵੇਖਦੀ, ਕਾਸ਼! ਇਹ ਰਸ ਮਰਣਹਾਰ ​ਦੁਲਾਰੀ ਮਾਂਣਦੀ, ਕਾਸ਼! ਇਹ ਸੂਰਜ ਉਸ ਦੇ ਨੈਣਾਂ ਲਈ ਚੜ੍ਹਦਾ, ਕਾਸ਼! ਇਹ ਸੁਗੰਧੀ ਵਾਲੀ ਹਵਾ ਅੱਜ ਉਸ ਦੇ ਸ੍ਵਾਸਾਂ ਨੂੰ ਸੁਗੰਧਤ ਕਰਦੀ, ਕਾਸ਼! ਇਸ ਥਾਂਵੇਂ ਉਹ ਹੁੰਦੀ ਤੇ ਮਾਣਨ ਹਾਰ, ਰਸ ਲੈਣ ਹਾਰ ਉਹ ਆਪ ਹੁੰਦੀ-ਮੈਂ ਇਸ ਨਕਸ਼ੇ ਦੀ ਦਰਸ਼ਨ ਕਰਨਹਾਰ ਹੁੰਦੀ। ਮੈਂ ਦੇਖਦੀ ਕਿ ਮੇਰੀ ਪਿਆਰੀ ਮੇਰੀ ਪ੍ਰੀਤਮਾ ਠਰ ਰਹੀ ਹੈ, ਰਸ-ਮਗਨ ਹੈ, ਸੁਆਦ ਮਸਤ ਹੈ। ‘ਹਾਇ! ਮੇਰੀ ਮੈਂ ਤੋਂ ਪਿਆਰੀ! ਤੂੰ ਇਸ ਪਿਆਰ-ਸੰਗਮ ਦਾ ਰਸ ਨਾ ਡਿੱਠਾ।' ਐਉਂ ਸੋਚਦੀ ਦੇ ਨੈਣ ਵਰਸਦੇ, ਫੇਰ ਸ਼ੁਕਰ ਵਿਚ ਭਰਦੀ:-'ਦਾਤਾ ਸਤਿਗੁਰ' ਆਖਦੀ ‘ਤੂੰ ਧੰਨ ਹੈਂ, ਤੂੰ ਧੰਨ ਹੈਂ ਕਿ ਪਿਆਰੀ ਦੀ ਅੱਜ ਆਸ ਪੂਰੀ ਹੋਈ, ਹਾਂ, ਆਸ ਕੌਰ ਦੀ ਆਸ ਪੂਰੀ ਹੋਈ', ਫੇਰ ਨੈਣ ਮੁੰਦ ਲੈਂਦੀ। ‘ਹੁਣ ਨੂੰ ਦੇਖਣਹਾਰ ਨੈਣ' ਜੋ ਰਸ ਵਿਚ ਮਗਨ ਸੇ, ਫੇਰ ਖੁਲ੍ਹੇ, ਵੈਦ ਜੀ ਨੇ ਦੇਖਿਆ ਕਿ ਲਾਲੀ ਵੀਰ ਤੇ ਮਾਂ ਨਾਲ ਮਿਲੀ ਅਜੇ ਮਗਨ ਹੈ। ਹੁਣ ਅੱਖਾਂ ਭਾਵੇਂ ਬੰਦ ਹਨ, ਪਰ ਮੱਥੇ ਤੇ ਚਮਕ ਅਤੇ ਲਾਲੀ ਹੈ। ਜੋ ਲਾਲੀ ਕਦੇ ਨਹੀਂ ਸੀ ਆਈ, ਅੱਜ ਉਹ ਲਾਲੀ ਗੁਲਾਬਾਂ ਦੀਆਂ ਗਲ੍ਹਾਂ ਤੋਂ ਉੱਠਕੇ ਲਾਲ ਮਨ ਦੇ ਮੱਥੇ ਤੇ ਆ ਲਸੀ ਹੈ। ਸਤਵੰਤ ਕੌਰ ਤੱਕਦੀ ਹੈ ਕਿ ਮੇਰਾ ਦੁਖੜਿਆਂ ਦਾ ਬੇਲੀ ਵੀਰ ਆਪਣੀਆਂ ਵਿਛੁੜੀਆਂ ਆਂਦਰਾਂ ਨੂੰ ਮਿਲ ਰਿਹਾ ਹੈ, ਹਾਂ, ਪਿਆਰ ਦੀਆਂ ਨੈਆਂ ਵਿਛੁੜ ਵਿਛੁੜ ਬਿਖੜੇ ਥਾਈਂ ਵਗ ਵਗ ਆਖ਼ਰ ਆ ਮਿਲੀਆਂ ਹਨ, 'ਨਦੀਆਂ ਵਾਹ ਵਿਛੁੰਨੇ ਹਾਂ ‘ਵਿਛੁੰਨੇ’ ਪਰ ਸੰਜੋਗਾਂ ਦੇ ਮਾਲਕ ਦੀਆਂ ਮਿਹਰਾਂ ਤੱਕੋ, ‘ਸੰਜੋਗ’ ਘੱਲ ਦਿਤੇ, ਮੇਲੇ ਹੋ ਗਏ।

'ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ।'

ਹਾਂ, ਇਹ ਵਿਛੋੜੇ ਜੋ ਸਦਾ ਵਧਦੇ ਜਾਂਦੇ ਵਿਛੋੜੇ ਕਹੀਦੇ ਹਨ, ਜੋ ਸਮਝੀ ਦੇ ਹਨ ਕਿ ਕਦੇ ਨਹੀਂ ਮਿਲਣਗੇ, ਹਾਂ, ਓਹ ਕਦੇ ਅਨੰਤ ਵਿਚ ਜਾਕੇ ਮੇਲੇ ਖਾਂਦੇ ਹਨ, ਮਿਲ ਜਾਂਦੇ ਹਨ, ਵਿਛੁੜੇ ​ਅਨੰਤ ਵਿਚ ਜਾ ਆਖਰ ਨੂੰ ਮਿਲਦੇ ਹਨ, ਪਰ ਏਥੇ ਦਖੋ 'ਅਨੰਤਾਂ ਵਾਲੇ' ਨੇ ਸੰਜੋਗ ‘ਅੰਤ ਵਾਲ' ਦੇਸ਼ ਵਿਚ ਹੀ ਘੱਲ ਦਿਤੇ ਹਨ, ਤੇ ਦੇਖੋ ‘ਅੰਤ ਵਾਲੇ ਦੇਸ਼' ਵਿਚ ‘ਨਦੀਆਂ ਵਾਹ ਵਿਛੁੰਨਿਆ' ਦੇ ਮੇਲੇ ਹੋ ਰਹੇ ਹਨ! ਖਿੱਚੀ ਰਹੇ ਇਹ ਤਸਵੀਰ ਵਾਤਸਲ ਰਸ ਦੀ, ਲੱਗੀ ਰਹੇ ਇਹ ਸਮਾਧਿ ਸੁੱਚੇ ਉੱਚੇ ‘ਵੀਰ ਭੈਣੀ-ਪਿਆਰ' ਦੀ: ਹਾਂ, ਖਿਚਿਆ ਰਹੇ ਇਹ ਨਕਸ਼ਾ ਪਵਿੱਤ੍ਰ ਪਰੇਮ ਦਾ।

--੦--

੨੫. ਕਾਂਡ

ਹਾਂ ਜੀ, ਸਤਿਲੁਜੋਂ ਪਾਰ ਪਰੇ ਦੂਰ, ਦੂਰ, ਇਕ ਖਤਰਮਾਂ ਪਿੰਡ ਹੈ ਖੰਨਾ ਕੀ ਜਾਣੀਏ ਖੰਨੇ ਖੱਤ੍ਰੀਆਂ ਵਸਾਇਆ ਹੋਵੇ। ਏਥੇ ਇਕ ਸਿਖ ਘਰਾਣਾ ਹੈ, ਅਖੰਡ ਪਾਠ ਦਾ ਭੋਗ ਪੈ ਰਿਹਾ ਹੈ, ਸੰਗਤ ਜੁੜ ਰਹੀ ਹੈ, ਭੋਗ ਪੈ ਗਿਆ ਹੈ, ਅਰਦਾਸਾ ਸੁਧ ਰਿਹਾ ਹੈ, ਅਰਦਾਸੇ ਦੇ ਅਖੀਰ ਅਰਦਾਸੀਏ ਸਿੰਘ ਨੇ ਆਖਿਆ ਹੈ— 'ਹੇ ਸੱਚੇ ਪਾਤਸ਼ਾਹ! ਤੇਰੇ ਪਰੇਮੀਆਂ ਵਲੋਂ, ਸਰਬ ਸਾਧ ਸੰਗਤ ਵਲੋਂ ਬਿਨੈ ਹੈ ਕਿ ਪਾਤਸ਼ਾਹ! ਆਪਣੇ ਦੂਰ ਗਏ ਤੇ ਵਿਛੁੜੇ, ਦੁੱਖਾਂ ਦੇ ਮੂੰਹ ਆਏ, ਪਰਵਸ ਹੋਏ ਪਿਆਰਿਆਂ ਦੀ ਰੱਛਾ ਕਰ, ਰਿਆਇਤ ਕਰ, ਔਗੁਣ ਨਾ ਚਿਤਾਰ, ਬਖਸ਼ ਤੇ ਉਹਨਾਂ ਦੇ ਰਸਤੇ ਆਸਾਨ ਕਰ, ਪੈਂਡੇ ਸੌਖੇ ਕਰ, ਮੁਹਾੜਾਂ ਮੋੜ, ਵਿਛੁੜੇ ਮਿਲਾ, ਆਂਦਰੀਂ ਠੰਢਾਂ ਪਾ। ਹੇ ਦਾਤਾ! ਤਰੁੱਠ ਤੇ ਮਿਹਰਾਂ ਦੇ ਮੀਂਹ ਪਾ। ਹੇ ਮਾਲਕ ਜੀ! ਜੇ ਆਪ ਦੇ ਭਾਣੇ ਵਿਚੋਂ ਸਾਡੇ ਪਿਆਰੇ ਆਪ ਦੇ ਦੇਸ਼ ਅੱਪੜ ਗਏ ਹਨ ਤਾਂ ਆਪਣੀਆਂ ਬਿਜਲੀਆਂ ਚਮਕਾ ਕੇ ਸਾਡੇ ਹਨੇਰੇ ਮਨਾਂ ਤੇ ਚਾਨਣੇ ਪਾ, ਜੋ ਅਸੀਂ ਵੇਖੀਏ ਕਿ ਓਹ ਆਪ ਦੇ ਦਰ ਪਰਵਾਨ ਹੋ ਗਏ ਹਨ। ਹਾਂ, ਅਸੀਂ ਪਿਆਰਿਆਂ ਨੂੰ ਦੁੱਖਾਂ ਵਿਚ ਧਿਆਨਣ ਦੀ ਥਾਂ ਆਪ ਦੇ ​ਦਰ ਸੁੱਖਾ ਵਿਚ ਧਿਆਈਏ। ਕਲੇਜੇ ਠਰਨ, ਛਾਤੀਆਂ ਸੀਤਲ ਤੇ ਮਨ ਸੁਖੀ ਹੋਣ, ਆਪ ਦਾ ਕੀਰਤਨ, ਆਪ ਦਾ ਨਾਮ ਸਾਡੇ ਮਨਾਂ ਤੇ ਰਾਜ ਕਰੇ। ਦਾਤਾ! ਇਸ ਪਰਵਾਰ ਦੀ ਇਕ ਮਾਸੂਮ ਕੰਨ੍ਯਾ ਪਰਉਪਕਾਰ ਕਰਦੀ ਪਰਵਸ ਪੈ ਗਈ ਹੈ, ਉਸ ਦੀ ਰੱਛ੍ਯਾ ਕਰੋ, ਸ਼ਰਮ ਧਰਮ ਬਚਾਓ, ਆਪ ਉਸ ਦੇ ਰਹਿਬਰ, ਰਾਖੇ ਤੇ ਮੁਕਤੀ ਦਾਤਾ ਹੋਵੋ, ਮਿਹਰਾਂ ਕਰੋ, ਸਾਵਣ ਦੇ ਬਦਲਾਂ ਵਾਂਗੂ ਵਰਸੋ। ਮਾਤਾ ਪਿਤਾ ਆਪ ਦੇ ਭਾਣੇ ਵਿਚ ਵੱਸਣ ਤੇ ਸ਼ੁਕਰ ਮਨਾਉਣ ਦੇ ਹੰਭਲੇ ਮਾਰਦੇ ਹਨ, ਉਹਨਾਂ ਵਿਚ ਆਪ ਆਓ, ਸਹਾਰਾ ਦਿਓ, ਭਾਣਾ ਮਿੱਠਾ ਕਰ ਦਿਓ।

ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ॥

ਅਰਦਾਸ ਵਿਚ ਸਾਰੇ ਇਕ ਮਨ ਜੁੜ ਰਹੇ ਸਨ। ਅਰਦਾਸਾ ਸਮਾਪਤ ਹੋ ਗਿਆ, ਸਾਰੇ ਅਡੋਲ ਖੜੇ ਉਸੇ ਭਾਵ ਵਿਚ ਜੁੜੇ ਖੜੇ ਹਨ। ਫੇਰ ਸਾਰੇ ਸਿਰ ਝੁਕ ਗਏ, ਤਾਰਨਹਾਰ ਦੇ ਚਰਨੀਂ ਪੈ ਗਏ, ਸਰਬ ਦੇ ਸੀਸ ‘ਸਹਸ ਪਦ ਬਿਮਲ' ਤੇ ਢਹਿ ਪਏ, ਫੇਰ ਸਾਵਧਾਨ ਹੋਏ, ਕੜਾਹ ਪ੍ਰਸ਼ਾਦ ਵਰਤਿਆ ਤੇ ਨਿੱਕੀ ਜਿਹੀ ਸੰਗਤ ਵਿਦਾ ਹੋਈ। ਭੋਗ ਦੇ ਮਗਰੋਂ ਪ੍ਰਸ਼ਾਦੇ ਛਕਾਕੇ ਸਤਵੰਤ ਕੌਰ ਦੀ ਮਾਂ ਕੋਠੇ ਉਤੇ ਚੁਬਾਰੇ ਜਾ ਬੈਠੀ। ਉਸ ਦੇ ਪਤੀ ਜੀ ਬਾਹਰ ਕੰਮ ਕਾਜ ਗਏ। ਮਾਤਾ ਬੈਠੀ ਤਾਂ ਉਤੇ ਕਸ਼ੀਦਾ ਲੈਕੇ, ਪਰ ਖਿਆਲ ਵਹਿਣੀਂ ਪੈ ਗਏ। ਭਰੋਸਾ ਹੋ ਹ ਆਵੇ, ਆਖੇ: ਆਂਦਰਾਂ ਨਹੀਂ ਮੰਨਦੀਆਂ ਕਿ ਬੱਚੀ ਮਰ ਗਈ ਹੈ, ਆਂਦਰਾਂ ਮੰਨਦੀਆਂ ਹਨ ਕਿ ਇਕ ਵੇਰੀ ਮਿਲੇਗੀ। ਧੀ ਦੀ ਸੋਚ ਤੇ ਹਿੰਮਤ ਨਿੱਕੀ ਹੁੰਦੀ ਦੀ ਤਕੜੀ ਸੀ। ਨਿੱਕੇ ਨਿੱਕੇ ਕੰਮਾਂ ਵਿਚ ਦਾਈਏ ਵਾਲੇ ਹੰਭਲੇ ਮਾਰਦੀ ਹੁੰਦੀ ਸੀ। ਦੁਖ ਪੈਂਡੇ ਮੁਸ਼ਕਲਾਂ ਅੱਤ ਹਨ। ਕਦੇ ਗੰਗਾ ਗਈਆਂ ਹੱਡੀਆਂ ਨਹੀਂ ਮੁੜੀਆਂ, ਏਡੇ ਕਠਨ ਪੈਂਡਿਆਂ ਤੋਂ ਕੌਣ ਮੁੜਿਆ? ਬਾਉਰੀਆਂ ਵਾਲੇ ਗੁਰਮੂਖ ਬੜੇ ਉਪਕਾਰੀ ਹਨ, ਓਹ ਕਈਆਂ ਨੂੰ ਲੈ ਆਏ ​ਹਨ, ਐਤਕੀਂ ਫੇਰ ਗਏ ਹਨ (ਉਪਰ ਤੱਕ ਕੇ ਬਿਹਬਲ ਹੋਕੇ) ਹੇ ਦਾਤਾ! ਪਾ ਬਰਕਤ ਸਾਡੇ ਬਾਉਰੀਆਂ ਵਾਲੇ ਪਿਆਰੇ ਵਿਚ, ਅਗੁਵਾਨੀ ਕਰ ਆਪ ਉਹਨਾਂ ਦੀ, ਜੋ ਐਤਕੀਂ ਮੇਰੀ ਬੱਚੀ ਲੈਕੇ ਆਉਣ, ਦਾਤਾ! ਬਾਉਰੀਆਂ ਵਾਲੇ ਸਾਂਈਂ ਲੋਕ! ਤੇਰਾ ਜੁਗ ਜੁਗ ਭਲਾ। ਨਾਮ ਦੇ ਪਿਆਰੇ, ਤੈਨੂੰ ਹੋਰ ਨਾਮ ਚਿੱਤ ਆਵੇ, ਚਿੱਤ ਆਵੇ, ਮੇਰੀਆਂ ਆਂਦਰਾਂ ਨੂੰ ਭੀ ਠੰਢ ਪਾ।

ਬਸੰਤ ਕੌਰ ਇਸ ਤਰ੍ਹਾਂ ਦੇ ਅਰਦਾਸਿਆਂ, ਦਿਲਬਰੀਆਂ, ਦਿਲਝਵੀਆਂ, ਉਦਾਸੀਆਂ, ਹੰਭਲੇ ਮਾਰਵੀਆਂ ਵਿਚਾਰਾਂ ਵਿਚ ਟੁਰ ਰਹੀ ਸੀ ਕਿ ਹਠੋਂ ਛੋਟੀ ਕਾਕੀ ਨੇ ਆ ਕੇ ਕਿਹਾ:-‘ਮਾਂ ਜੀ ਲਿਟਾਂ ਵਾਲ ਸੰਤ ਜੀ ਆਏ ਹਨ,-ਲਿਟਾਂ ਵਾਲੇ, ਭਗਵੇਂ ਕੱਪੜਿਆਂ ਵਾਲੇ। ਪਿਤਾ ਜੀ ਨੂੰ ਪੁੱਛਿਆ ਨੇ, ਮੈਂ ਦੱਸਿਆ ਹੈ ਬਾਹਰ ਗਏ ਹਨ। ਫੇਰ ਤੁਸਾਡਾ ਪੁੱਛਣ ਲੱਗੇ, ਮੈਂ ਕਿਹਾ ਉਪਰ ਹਨ, ਤਾਂ ਕਹਿਣ ਲੱਗੇ ਪੁੱਛ ਆ, ਅਸੀਂ ਆ ਜਾਈਏ, ਕਿ ਬੇਬੇ ਜੀ ਹੇਠਾਂ ਆਉਂਦੇ ਹਨ? ਬਸੰਤ ਕੌਰ ਨੇ ਆਖਿਆ-ਕਾਕੀ ਉਤੇ ਹੀ ਲੈ ਆ। ਕਾਕੀ ਹੇਠਾਂ ਉਤਰ ਗਈ ਤਾਂ ਪਲ ਮਗਰੋਂ ਸੰਤ ਜੀ ਉਪਰ ਆ ਗਏ। ਉਤੇ ਆ ਗਏ ਵੇਖ ਕੇ ਤੇ ਅਦਬ ਨਾਲ ਹੱਥ ਜੋੜ ਕੇ ਬੀਬੀ ਨੇ ਸੀਸ ਨਿਵਾਕ ਪੀੜ੍ਹੀ ਬੈਠਣ ਲਈ ਦਿਤੀ ਤੇ ਆਪ ਮੂੜ੍ਹੇ ਤੇ ਹੋ ਬੈਠੀ।

ਬਸੰਤ-ਚਿਰਕੇ ਆਏ, ਭੋਗ ਤੇ ਨਾ ਅੱਪੜੇ?

ਲਿਟਾਂ ਵਲੇ-ਬੇਬੇ ਜੀ! ਵਡੇ ਸੰਤਾਂ[102] ਦਾ ਸਰੀਰ ਕੁਛ ਮਸਤਾਨਾ ਹੈ, ਇਸ ਕਰਕੇ ਢਿੱਲ ਲੱਗ ਗਈ, ਮੈਂ ਤਾਂ ਹੁਣ ਬੀ ਨਾ ਆ ਸਕਦਾ, ਪਰ ਸੰਤਾਂ ਨੇ ਆਖਿਆ:-ਸਾਡੀ ਸੁਖ ਹੈ, ਤੂੰ ਜਾ ਕੇ ਸੁਣੀ ਗੱਲ ਸੁਣਾ ਆ ਜੋ ਮਤੇ ਕੋਈ ਉਪਰਾਲਾ ਕਰਨ ਤੇ ​ਪਤਾ ਲੱਗ ਜਾਵੇ। ਗੱਲ ਇਹ ਹੈ ਕਿ ਰਾਤ ਸਾਡੇ ਗੁਰਦੁਵਾਰੇ ਦੋ ਸਿੰਘ ਅੰਮ੍ਰਤਸਰ ਵਲੋਂ ਆਏ ਉਤਰੇ ਸਨ, ਓਹ ਸੰਤਾਂ ਨਾਲ ਬਚਨ ਬਿਲਾਸ ਲੁਕਾਵਾਂ ਜੇਹਾ ਕਰਦੇ ਸਨ, ਜੋ ਸਾਡੇ ਸੰਤਾਂ ਸਮਝੇ ਓਹ ਐਉਂ ਹਨ, ਕਿ ਬਾਉਰੀਆਂ ਵਾਲੇ ਮਹਾਂ ਪੁਰਖ ਐਤਕੀਂ ਕਾਬਲ ਦੀ ਧਰਤੀ ਤੋਂ ਬੜੇ ਕਾਮਯਾਬ ਆਏ ਹਨ, ਇਥੋਂ ਤਾਈਂ ਕਿ ਸ਼ੱਤਰੂਜੀਤ ਸਿੰਘ ਦਾ ਬੇਟਾ ਵੀ ਲੈ ਆਏ ਸੁਣੇ ਹਨ।

ਬਸੰਤ ਕੌਰ (ਤ੍ਰਬ੍ਹਕ ਕੇ)-ਹੈਂ? ਓਹ ਤਾਂ ਨਿੱਕਾ ਜਿਹਾ ਦੁੱਧ ਪੀਂਦਾ ਬੱਚਾ ਗਿਆ ਸੀ, ਓਹ ਮੇਰੀ ਜਾਚੇ ਵੀਹ ਵਰ੍ਹੇ ਹੋ ਗਏ ਤਾਂ ਫਾਥਾ ਸੀ। ਓਹ ਕਿਵੇਂ ਸਿਆਣਿਆਂ ਗਿਆ ਤੇ ਕਿਵੇਂ ਲੱਭਿਆ?

ਲਿਟਾਂ ਵਾਲੇ-ਮਾਈ ਜੀ! ਬਹੁ ਨਹੀਂ ਕਿਵੇਂ। ਇਹ ਦੱਸ ਦੇ ਹਨ ਕਿ ਉਸ ਦੀ ਮਾਤਾ ਤਾਂ ਜਾਂਦਿਆਂ ਹੀ ਸ਼ਹੀਦ ਹੋ ਗਈ ਤੇ ਉਹ ਬੜੇ ਖਾਨ ਕਿਸੇ ਦਾ ਪੁਤ੍ਰ ਹੋਕੇ ਪਲਿਆ, ਉਸ ਨੂੰ ਕਿਵੇਂ ਮਾਂ ਦਾ ਗੁਟਕਾ ਕੜਾ ਤੇ ਕ੍ਰਿਪਾਨ ਮਿਲ ਗਏ ਤੇ ਉਸ ਤੋਂ ਪਤਾ ਚੱਲ ਗਿਆ ਕਿ ਮੈਂ ਅਫ਼ਗਾਨ ਨਹੀ, ਮੈਂ ਸਿੱਖ ਹਾਂ; ਬੱਸ ਕਾਂਇਆਂ ਪਲਟ ਗਈ, ਖਾਲਸਈ ਅਣਖ ਜਾਗ ਪਈ ਤੇ ਦੇਸ਼ ਅੱਪੜ ਗਿਆ ਹੈ ਤੇ ਪੰਥ ਨੇ ਆਏ ਨੂੰ ਮਿਲਾ ਲਿਆ ਹੈ।

ਮਾਈ-ਧੰਨ ਕਲਗੀਆਂ ਵਾਲਾ! ਧੰਨ ਦਾਤਾ! ਧੰਨ ਬੰਦੀ ਮੋਚ! ਧੰਨ ਆਪਣਿਆਂ ਦੀ ਰੱਛਿਆ ਰਿਆਇਤ ਕਰਨ ਵਾਲਾ! ਵਾਹ ਵਾਹ! ਮੇਰੇ ਸਾਂਈਂਆਂ ਵਾਹ ਤੂੰ! ਤੂੰ ਧੰਨ!! ਇਉਂ ਕਹਿੰਦੀ ਜਾਏ ਤੇ ਨੈਣਾਂ ਤੋਂ ਕੋਈ ਕੋਈ ਹੰਝੂ ਕਿਰੇ— ਪਿਆਰੇ ਦਾਤਾ! ਮਿਹਰਾਂ ਵਾਲੇ ਦਾਤਾ! ਧੰਨ ਤੇਰਾ ਪਿਆਰ!!

ਸੰਤ-ਮਾਈ ਜੀ ਅੱਗੋਂ ਮੈਨੂੰ ਪੱਕੀ ਗੱਲ ਨਹੀਂ ਮਿਲੀ, ਪਰ ਇਹ ਬੀ ਓਹ ਕਹਿੰਦੇ ਸਨ ਕਿ ਦੋ ਮਾਈਆਂ ਬੀ ਗੁਰਮੁਖ ਜੀ ਨਾਲ ਲਿਆਏ ਹਨ। ਕੀ ਜਾਣੀਏ ਇਨ੍ਹਾਂ ਵਿਚ ਆਪਣੀ ਸਤਵੰਤ ਹੋਵੇ। ਮੈਨੂੰ ਸੰਤਾਂ ਕਿਹਾ ਕਿ ਦੱਸ ਆ ਜਾਕੇ ਜੇ ਓਹ ​ਸ੍ਰੀ ਅੰਮ੍ਰਿਤਸਰ ਤੋਂ ਪਤਾ ਕਰਨ ਕਿ ਕਾਕੀ ਆ ਗਈ ਹੋਵੇ ਤਾਂ ਭਾਲ ਕਰ ਲੈਣ ਤਾਂ ਜੋ ਵਿਯੋਗ ਦੀਆਂ ਛਿਨਾਂ ਜਿੰਨੀਆਂ ਘਟ ਸਕਣ ਘਟ ਜਾਣ।

ਬਸੰਤ ਕੌਰ ਦ ਪੰਥਕ ਪਿਆਰ ਨਾਲ ਭਰੇ ਹਿਰਦੇ ਵਿਚ ਸ਼ਤਰੂਜੀਤ ਸਿੰਘ ਦੇ ਬੇਟੇ ਦੀ ਲੱਭ ਤੇ ਵੀਹ ਵੀਹ ਵਰ੍ਹੇ ਤੱਕ ਪੰਥ ਦੇ ਇਕ ਬੱਚੇ ਲਈ ਬੀ ਟੋਲ ਜਾਰੀ ਰੱਖਣ ਦੀ ਸਿਫਤ ਦੇ ਚਾਉ ਤੇ ਫੇਰ ਉਸ ਦੇ ਲੱਭ ਪੈਣ ਦੀ ਖੁਸ਼ੀ ਨੇ ਉਛਾਲਾ ਦਿਤਾ ਕਿ ਜਿਸ ਵਿਚ ਉਹ ਆਪਣੇ ਵਿਯੋਗ ਨੂੰ ਭੁੱਲ ਗਈ ਸੀ। ਉਸ ਦਾ ਸਾਂਈਂ ਪਿਆਰ ਵਾਲਾ ਮਨ ਸਾਂਈਂ ਦੀ ਸਿਫਤ ਸਲਾਹ ਵਿਚ ਉੱਚਾ ਉੱਠ ਰਿਹਾ ਸੀ, ਲਿਟਾਂ ਵਾਲੇ ਦੇ ਯਾਦ ਕਰਾਉਣ ਨਾਲ ਸਤਵੰਤ ਕੌਰ ਦੀ ਯਾਦ ਤ੍ਰਿੱਖੀ ਹੋ ਆਈ। ਬਿਰਹੁੰ ਦੀ ਖਿੱਚ, ਮਤੇ ਆ ਗਈ ਹੋਵੇ ਦੀ ਆਸ, ਪੱਕੀ ਖਬਰ ਨਾ ਹੋਣ ਦਾ ਸੰਸਾ, ਸਾਰੇ ਭਾਵਾਂ ਨੇ ਹਿਰਦੇ ਨੂੰ ਇਕ ਝੰਜੋਲ ਦਿਤੀ, ਕਾਹਲੀ ਹੋ ਹੋ ਮੁੜ ਮੁੜ ਸੰਤਾਂ ਤੋਂ ਕੁਛ ਪੁਛੇ, ਪਰ ਉਹਨਾਂ ਜਿੰਨੀ ਗੱਲ ਸੁਣੀ ਸੀ ਉਸ ਤੋਂ ਵੱਧ ਦਾ ਪਤਾ ਨਹੀਂ ਸਨ ਰੱਖਦੇ। ਫੇਰ ਉਸੇ ਘਬਰਾ ਵਿਚ ਉਸ ਨੂੰ ਸੁੱਝੀ ਕਿ ਜੇ ਕਿਤੇ ਸ਼ੱਤਰੂਜੀਤ ਸਿੰਘ ਦਾ ਬੇਟਾ ਮਿਲ ਪਵੇ ਤਾਂ ਉਸ ਤੋਂ ਪੁੱਛਾਂ, ਅਤੇ ਉਸ ਨੂੰ ਮੇਰੀ ਬਚੜੀ ਦਾ ਪਤਾ ਹੋਵੇ। ਇਸ ਪੁੱਛ ਦੇ ਉਤਰ ਵਿਚ ਲਿਟਾਂ ਵਾਲੇ ਨੇ ਆਖਿਆ ‘ਉਹ ਸਿੰਘ ਰਾਤੀਂ ਦੱਸਦੇ ਸਨ ਕਿ ਸ਼ੱਤਰੂਜੀਤ ਸਿੰਘ ਦਾ ਬੇਟਾ ਆਪਣੀ ਭੈਣ ਭਣਵੱਯੇ ਨੂੰ ਮਿਲਣ ਗਿਆ ਹੈ’।

ਬਸੰਤ-ਕਿੱਥੇ?

ਲਿਟਾਂ ਵਾਲੇ (ਨਿਉਂਕੇ ਤੇ ਬੜੀ ਮੱਧਮ ਸੁਰ ਕਰਕੇ)— ਉਸ ਦਾ ਭਣਵੱਯਾ ਲਾਲ ਰਤਨ ਸਿੰਘ ਜੀ ਪਹਿਲੇ ਤਾਂ ਵਟਾਲੇ ਹੀ ਰਿਹਾ ਸੀ, ਪਰ ਫੇਰ ਹੁਣ ਕੰਧੀਂ ਜਾ ਰਿਹਾ ਹੈ, ਕੰਧੀਂ ਰਾਵੀ ਦੀ,-ਸ਼ਾਹਪੁਰ ਕੰਧੀਂ।

ਬਸੰਤ-ਪਸਿਤੇ ਪਾਸੇ, ਕਿਉਂ ਸੁਖ ਹੈ? ​ਲਿਟਾਂ ਵਾਲੇ (ਹੋਰ ਨੀਵੀਂ ਸੁਰ ਕਰਕੇ)-ਓਥੇ ਉਹ ਪੰਥ ਸੇਵਾ ਲਈ ਹੀ ਜਾ ਟਿਕੇ ਹਨ। ਵੈਦ ਹਨ ਸਿਆਣੇ, ਸਾਰੇ ਇਰਦ ਗਿਰਦ ਰਾਵੀਓਂ ਪਾਰ ਟਿੱਬੀਆਂ ਦੇ ਗਿਰਾਵਾਂ ਵਿਚ ਲਾਗ ਬਸੋਹਲੀ ਤੱਕ ਸਾਰੇ ਲੋਕ ਉਨ੍ਹਾਂ ਦੇ ਹਸਾਨਮੰਦ ਹੋ ਗਏ ਹਨ। ਆਪਣੀ ਵਿਦੰਗੀ ਤੇ ਮਿੱਠਤ ਪਿਆਰ ਨਾਲ ਥਾਂ ਥਾਂ, ਗਿਰਾਂ ਗਿਰਾਂ ਉਨ੍ਹਾਂ ਦੇ ਸੇਵਕ ਬਣ ਗਏ ਹਨ। ਜੇ ਕੋਈ ਪੰਥ ਪਿਆਰਾ ਯਾ ਜੱਥਾ ਕਿਸੇ ਔਕੜ ਵੇਲੇ ਜਾਵੇ ਤਾਂ ਚੋਖੀ ਗਿਣਤੀ ਨੂੰ ਸੰਭਾਲ ਲੇਂਦੇ ਹਨ। ਇਕ ਇਕ ਘਰ ਇਕਇਕਸਿੱਖ, ਗਿਰਾਂ ਗਿਰਾਂ ਦੋ ਦੋ ਚਾਰ ਚਾਰ ਸਿੱਖ ਵੰਡ ਦੇਣ ਤਾਂ ਇਕ ਚੋਖੀ ਗਿਣਤੀ ਨੂੰ ਓਟ ਆਸਰਾ ਮਿਲ ਜਾਂਦਾ ਹੈ। ਉਨ੍ਹਾਂ ਦੇ ਅਹਿਸਾਨ ਤੇ ਪਿਆਰ ਕਰਕੇ ਲੋਕੀਂ ਸੇਵਾ ਕਰਦੇ ਤੇ ਭੇਤ ਰਖਦੇ ਹਨ। ਆਪ ਓਹ ਨਿਰਮਾਣ ਚੁੱਪ ਮਾਨੋਂ ਕੋਈ ਸਿਲਾ ਪਈ ਹੈ, ਇਸ ਤਰ੍ਹਾਂ ਲੱਗਦੇ ਹਨ, ਪਰ ਅੰਦਰੋਂ ਦਗ਼ ਦਗ਼ ਕਰਦੇ ਹਨ, ਉੱਚੇ ਜੀਵਨ, ਨਾਮ ਦੇ ਪਿਆਰ ਨਾਲ। ਸਮਾਂ ਸਫਲ ਕਰਦੇ ਹਨ ਆ ਬਣੀਂ ਤੇ ਪੰਥਕ ਲੋੜਵੰਦਾਂ ਦੀ ਸੇਵਾ ਵਿਚ। ਜਦੋਂ ਜ਼ਖਮੀ ਕਿ ਬੀਮਾਰ ਸਿੱਖ ਪਹੁੰਚ ਜਾਣ ਤਾਂ ਥਾਂ, ਕੁੱਲੀ, ਅੰਨ, ਬਸਤ੍ਰ ਬੀ ਦੇਂਦੇ ਹਨ ਤੇ ਇਲਾਜ ਮਾਲਜਾ ਬੀ ਕਰਦੇ ਹਨ। ਇਹ ਹੈ ਮਾਤਾ ਜੀ! ਜੀਵਨ ਭਾਈ ਲਾਲ ਰਤਨ ਸਿੰਘ ਜੀ ਦਾ। ਤੁਹਾਨੂੰ ਆਪ ਨੂੰ ਬੀ ਕੁਛ ਪਤਾ ਹੋਣਾ ਹੀ ਹੈ। ਬੀਬੀ ਲਾਲਮਨ ਕੰਵਰ, ਸ਼ਤਰੂਜੀਤ ਸਿੰਘ ਜੀ ਦੀ ਲਾਡਲੀ ਬੇਟੀ ਬੀ ਆਪਣੇ ਪ੍ਰਾਣ-ਪਤੀ ਦੇ ਨਾਲ ਤਿਆਰ ਬਰਤਿਆਰ ਹੈ। ਉਸ ਦਾ ਜੁੱਸਾ ਜ਼ਰਾ ਸੁਹਲ ਹੈ। ਕਦੇ ਕਦੇ ਵੀਰ ਮਾਂ ਦੋ ਵਿਛੋੜੇ ਵਿਚ ਇਸ ਤਰ੍ਹਾਂ ਨਿਢਲ ਹੋ ਜਾਂਦੀ ਹੈ ਕਿ ਮਾਨੋਂ ਮੁਕਦੀ ਹੈ, ਪਰ ਵੈਦ ਜੀ ਦਾਰੂਆਂ ਦੇ ਜ਼ੋਰ ਵੱਲ ਕਰ ਹੀ ਲੈਂਦੇ ਹਨ।

ਇਹ ਸੁਣਕੇ ਬਸੰਤ ਦੇ ਆਪਣੇ ਅੱਥਰੂ ਭਰ ਆਏ, 'ਧੀ ਵਿਯੋਗ' ਦੀ ਨਸ਼ਤਰ ਤਿੱਖੀ ਹੋ ਚੁਭੀ, ਬੁੱਲ੍ਹ ਥਰਕਨ ਲੱਗ ਗਏ ​ਤੇ ਕਲੇਜਾ ਕੰਬਣ ਲੱਗ ਗਿਆ। ਸੰਤਾਂ ਨੇ ਡਿੱਠਾ ਕਿ ਅਸਾਂ ਬੀਬੀ ਦੀਆਂ ਬੜੀਆਂ ਨਾਜ਼ੁਕ 'ਦਿਲ-ਤਰਬਾਂ' ਛੇੜ ਦਿੱਤੀਆਂ ਹਨ; ਪਰ ਹੱਛਾ, ਇਹ ਝਰਨਾਟ ਲੰਘ ਜਾਵੇਗੀ, ਜਿਵੇਂ ਲੰਘਦੀਆਂ ਰਹੀਆਂ ਹਨ ਅਗਲੀਆਂ ਝਰਨਾਟਾਂ। ਬਸੰਤ ਕੌਰ ਰਜ਼ਾ ਵਿਚ ਤਕੜੀ ਸੀ, ਥੋੜੇ ਹੀ ਚਿਰ ਬਾਦ ਸੱਚੀ ਮੁੱਚੀ ਉਸ ਦੇ ਮਨ ਨੇ ਭਾਣੇ ਵੱਲ ਰੁਖ਼ ਕਰਕੇ ਦਿਲ ਉੱਚਾ ਕੀਤਾ ਤੇ ਅੱਖਾਂ ਪੂੰਝ ਕੇ ਬੁੱਲ੍ਹ ਟੁੱਕ ਕੇ ਤਕੜੀ ਹੋ ਆਖਿਆ: 'ਪਤੀ ਜੀ ਦੱਸਦੇ ਸਨ ਕਿ ਤੁਸਾਂ ਤੀਰਾਹ ਜਾਣਾ ਹੈ'।

ਲਿਟਾਂ ਵਾਲੇ-ਜੀ ਹਾਂ, ਵੱਡੇ ਸੰਤਾਂ ਨੂੰ ਪੰਥ ਦਾ ਹੁਕਮ ਆਇਆ ਹੈ ਕਿ ਤੀਰਾਹ ਵਿਚ ਇਕ ਸਿਖ ਪਰਵੱਸ ਪਿਆ ਹੈ ਅਰ ਇਕ ਕਬੀਲਾ ਹਿੰਦੂਆਂ ਦਾ ਬੀ ਓਥੇ ਪਰਵੱਸ ਪਿਆ ਹੈ, ਓਹ ਬੀ ਨਿਕਲਣਾ ਚਾਹੁੰਦੇ ਹਨ, ਉਨ੍ਹਾਂ ਦੋਹਾਂ ਨੂੰ ਕੱਢਣ ਵਾਸਤੇ ਮੇਰੀ ਸੇਵਾ ਨੂੰ ਵੰਗਾਰਿਆ ਗਿਆ ਹੈ।

ਮਾਈ ਕਿਉਂ? ਬਾਉਰੀਆਂ ਵਾਲੇ ਓਧਰ ਨਹੀਂ ਜਾਂਦੇ?

ਸੰਤ-ਬੀਬੀ ਜੀ! ਮੈਂ ਪਸ਼ਤੋ ਸਾਫ ਬੋਲਦਾ ਹਾਂ ਤੇ ਓਧਰ ਦੀ ਬੋਲੀ ਪਸ਼ਤੋ ਹੈ। ਬਾਉਰੀਆਂ ਵਾਲੇ ਪਸ਼ਤੋ ਜਾਣਦੇ ਹਨ, ਪਰ ਫਾਰਸੀ ਵਿਚ ਵਧੇਰੇ ਤਕੜੇ ਹਨ। ਅੱਗੇ ਮੈਂ ਇਕ ਦੋ ਵਾਰ ਤੀਰਾਹ ਹੋ ਆਇਆ ਹਾਂ, ਮੇਰੇ ਓਥੇ ਜਾਣੂੰ ਪਛਾਣੂੰ (ਹੱਸ ਕੇ) ਸੇਵਕ ਮੁਰੀਦ ਬਹੁਤੇ ਹਨ, ਉਨ੍ਹਾਂ ਦੀ ਮੱਦਦ ਨਾਲ ਕੰਮ ਸਾਰ ਲਈਦਾ ਹੈ। ਨਾਲੇ ਬੀਬੀ ਜੀ! ਮੈਂ ਹੋਇਆ ਇਕ ਟਹਿਲੀਆ ਤੇ ਬਾਉਰੀਆਂ ਵਾਲੇ ਇਕ ਰਤਨ ਹਨ, ਉਨ੍ਹਾਂ ਨੂੰ ਤਾਂ ਸਾਂਭ ਕੇ ਰੱਖਣਾ ਚਾਹੀਏ। ਮੈਂ ਤਾਂ ਨਹੀਂ ਚਾਹੁੰਦਾ ਕਿ ਓਹ ਕਦੇ ਬੀ ਓਸ ਕਠੋਰ ਧਰਤੀ ਵੱਲ ਜਾਣ, ਉਹ ਤਾਂ ਪੰਥ ਨੂੰ ਜਿੰਦ ਨਾਲੋਂ ਬੀ ਪਿਆਰੇ ਕਰਕੇ ਤੇ ਭੈੜੀ ਨਜ਼ਰ ਤੋਂ ਬੀ ਲੁਕਾ ਕੇ ਰੱਖਣੇ ਚਾਹੀਦੇ ਹਨ। ਵਧੀਕ ਕੀਮਤੀ ਰੂਹਾਂ ਨੂੰ ਜੋਖੋਂ ਵਿਚ ਪੈਣੋਂ ਵਧੀਕ ​ਬਚਾਉਣਾ ਚਾਹੀਏ।

ਬਸੰਤ-ਸੱਚ ਕਿਹਾ ਨੇ, ਓਹ ਗੁੱਝੇ ਲਾਲ ਹਨ, ਪੂਰੇ ਭਾਂਡੇ ਹਨ; ਹਾਂ ਸੱਚੀਂ, ਤੁਹਾਨੂੰ ਲਾਲ ਚੌਲੇ ਵਾਲੇ ਨੂੰ ਹਿੰਦੂ ਸਮਝਕੇ ਓਧਰ ਦੇ ਲੋਕੀਂ ਔਖ ਨਹੀਂ ਦੇਂਦੇ?

ਸੰਤ—ਨਹੀਂ ਬੇਬੇ ਜੀ, ਓਥੇ ਉਹਨਾਂ ਦ ਫਕੀਰ ਬਣਕੇ ਜਾਈਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਹੋਕੇ ਮੁਰੀਦ ਕਰੀਦਾ ਹੈ, ਇਸ ਤਰ੍ਹਾਂ ਅਪਣੀ ਸਲਾਮਤੀ ਦੇ ਨਾਲ ਅਪਣੇ ਕੰਮਾਂ ਵਿਚ ਉਨ੍ਹਾਂ ਤੋਂ ਸਹਾਇਤਾ ਦੇ ਢੰਗ ਕੱਢ ਲਈਦੇ ਹਨ, ਨਹੀਂ ਤਾਂ ਬੇਬੇ ਜੀ! ਸ਼ੇਰ ਦੀਆਂ ਦਾਹੜਾਂ ਵਿਚੋਂ ਮਾਸ ਕੱਢਣਾ ਕੋਈ ਸੌਖਾ ਹੈ?

ਬਸੰਤ-ਰੱਬ ਭਲਾ ਕਰੇ ਨੇ, ਤੁਸੀਂ ਨਹੀਂ ਖੇਚਲ ਕਰ ਸਕਦੇ ਜੋ ਮੇਰੀ ਸਤਵੰਤ ਦਾ ਬੀ ਗਏ ਹੋਏ ਕੋਈ ਖੁਰਾ ਖੋਜ ਕੱਢੋ?

ਸੰਤ-ਸਿਰ ਦੇ ਤਾਣ ਹਾਜ਼ਰ ਹਾਂ, ਹੁਣ ਦੀਆਂ ਆਈਆਂ ਸੋਆਂ ਤੋਂ ਤੁਸੀਂ ਪਹਿਲਾਂ ਸਾਰਾ ਥਹੁ ਕਰ ਲਓ, ਮੇਰੇ ਤੁਰਨ ਵਿਚ ਅਜੇ ਮਹੀਨਾ ਹੈ, ਜੇ ਤਾਂ ਬੀਬੀ ਆ ਗਈ ਹੋਵੇ ਤਾਂ ਸੁੱਖ, ਨਹੀਂ ਤਾਂ ਮੈਂ ਸਾਰੀ ਸਰਹੱਦ ਵਿਚ ਟੋਲ ਕਰਾਂਗਾ ਤੇ ਅਫ਼ਗ਼ਾਨਿਸਤਾਨ ਵਿਚ ਜਾਣ ਦਾ ਵੀ ਹੀਯਾ ਕਰਾਂਗਾ।

ਬਸੰਤ-ਨਾਮ ਚਿੱਤ ਆਵੇ, ਗੁਰੂ ਮਿਹਰ ਕਰੇ, ਨਾਮ ਚਿੱਤ ਰਹੇ ਸਦਾ ਸਦਾ।

ਹੁਣ ਲਿਟਾਂ ਵਾਲੇ ਸੰਤ ਜਾਣ ਨੂੰ ਕਾਹਲੇ ਸਨ। ਆਪ ਦਾ ਡੇਰਾ ਰਿਆਸਤ ਪਟਿਆਲਾ ਵਿਚ ਸੀ। ਆਪ ਪੰਥ-ਦਰਦੀ ਸੇਵਕ ਸਨ। ਪਿਆਰੇ ਪਿਆਰੇ ਸਿੱਖ ਸਾਧੂ ਬਣਕੇ ਤਦੋਂ ਇਸ ਤਰ੍ਹਾਂ ਦੇ ਰੰਗਾਂ ਵਿਚ ਰਹਿਕੇ ਮੁਸ਼ਕਲਾਂ ਵੇਲੇ ਸੇਵਾ ਕਰਦੇ ਸੇ। ਯਾ ਸਹਿਜਧਾਰੀ ਹੀ ਸਹਿਜਧਾਰੀ ਰਹਿਕੇ ਵਸਤੀਆਂ ਵਿਚ ਵੱਸਦੇ, ਕੰਮ ਕਾਜ ਕਰਦੇ, ਵਪਾਰਾਂ ਨੌਕਰੀਆਂ ਵਿਚ ਹੁੰਦੇ ਹੋਏ ਪੰਥ ਦੀ ਚੁੱਪ ਚਾਪ ਹਰ ਪਾਸਿਓਂ ਸਹਾਇਤਾ ਕਰਦੇ ਹੁੰਦੇ ਸਨ। ​ਇਨ੍ਹਾਂ ਸਿਖਾਂ ਨੂੰ ਅਪਣੇ ਬੋਲੇ ਵਿਚ ਤਦੋਂ ਕੌਮ ਵਿਚ 'ਖੁਲਾਸਾ ਸਿੱਖ' ਬੀ ਆਖਦੇ ਹੁੰਦੇ ਸਨ। ਇਨ੍ਹਾਂ ਦੇ ਘਰੀਂ ਲੁਕਣ ਦੀਆਂ ਠਾਹਰਾਂ, ਇਨ੍ਹਾਂ ਦੀ ਅਕਲ ਮੁਸ਼ਕਲਾਂ ਦੇ ਹੱਲ, ਇਨ੍ਹਾਂ ਦੀ ਕਮਾਈ ਖਰਚਾਂ ਵਿਚ ਮੱਦਦਗਾਰ ਹੋਇਆ ਕਰਦੀਆਂ ਸਨ।

--੦--

੨੬. ਕਾਂਡ

ਸੰਤ ਹੁਣ ਉਤਾਵਲੇ ਹੋਕੇ ਚਲੇ ਗਏ। ਬਸੰਤ ਕੌਰ ਬੇਚੈਨ ਬੈਠੀ ਨੂੰ ਛੱਡ ਗਏ, ਜਿਸ ਦਾ ਜੀ ਕਾਹਲਾ ਹੈ ਕਿ ਛੇਤੀ ਪਤਾ ਲੱਗੇ। ਦਿਲ ਨੂੰ ਹੁਣ ਕੁੜੱਲ ਨਹੀਂ ਪੈਂਦੇ, ਪਰ ਬੇਚੈਨੀ ਹੁੰਦੀ ਹੈ ਕਿ ਕਿਵੇਂ ਉਡ ਜਾਵਾਂ ਮਾਝੇ ਤੇ ਧੀ ਐਉਂ ਟੋਲ ਲਵਾਂ ਜਿਵੇਂ ਕੋਇਲ ਉਡਾਰੀਆਂ ਮਾਰ ਬੱਚੇ ਨੂੰ ਲੱਭ ਲੈਂਦੀ ਹੈ, ਪਰ ਫੇਰ ਨਿਰਾਸਾ ਆਉਂਦੀ ਹੈ ਕਿ ਖ਼ਬਰੇ ਉਹ ਨਾ ਆਈ ਹੋਵੇ, ਉਸ ਦਾ ਪਤਾ ਅਜੇ ਨਾ ਲੱਗਾ ਹੋਵੇ।

ਇਸੇ ਹਾਲ ਰਾਤ ਪੈ ਗਈ, ਪਤੀ ਜੀ ਆ ਗਏ, ਸਾਰੀ ਵਿਥ੍ਯਾ ਉਹਨਾਂ ਨੂੰ ਸੁਣਾਈ। ਓਹ ਬੀ ਸੋਚੀਂ ਪੈ ਗਏ, ਪਰ ਫੇਰ ਆਖਣ ਲੱਗੇ;-ਜੇ ਗੁਰਮਤੇ ਦੇ ਵੇਲੇ ਬੱਚੀ ਸ਼ੱਤਰੂਜੀਤ ਸਿੰਘ ਦੇ ਬੇਟੇ ਨਾਲ ਪੁੱਜੀ ਹੈ ਤਦ ਹੁਣ ਤੱਕ ਓਹ ਘਰ ਅੱਪੜਦੀ ਯਾ ਬਾਉਰੀਆਂ ਵਾਲੇ ਦਾਤਾ ਜੀ ਸਾਨੂੰ ਖਬਰ ਘੱਲਕੇ ਆਂਦਰੀਂ ਠੰਢ ਪਾਉਂਦੇ। ਓਹ ਬੜੇ ਮ੍ਰਿਦੁਲ ਹਨ, ਨਰਮ ਦਿਲ ਵਾਲੇ ਹਨ, ਕੂਲੇ ਕੂਲੇ ਪਰੇਮ ਦਾ ਰੂਪ ਹਨ, ਬੱਸ ਨਾਮ ਵਿਚ ਰੱਤੇ, ਰੱਬ ਨਾਲ ਲਗੇ ਰਹਿਣਾ, ਕੁਛ ਕਰਨਾ ਤਾਂ ਭਲਾ, ਉਹਨਾਂ ਕਿਉਂ ਸੁਧ ਨਾ ਘੱਲੀ? ਅਕਾਲ ਬੁੰਗੇ ਵਲੋਂ ਹੀ ਸੂੰਹ ਆ ਜਾਂਦੀ। ਸੌ ਵਿਸਵਾ ਬੱਚੀ ਨਹੀਂ ਆਈ।

ਬਸੰਤ-ਸਾਂਈਆਂ ਜੀਓ! ਜੀਓ, ਜੁਗ ਜੁਗ ਜੀਓ! ਸੌ ਗੱਲਾਂ ਹੋ ਜਾਂਦੀਆਂ ਹਨ, ਪਤਾ ਤਾਂ ਮੰਗਾਓ ਨਾ। ਇਹ ਜੁ ਹੁਣ ​ਅਵੱਲੀ ਧੂਹ ਸ਼ੁਰੂ ਹੋਈ ਹੈ ਤੇ ਘਬਰਾ ਪਾਉਂਦੀ ਹੈ, ਇਹ ਤਾਂ ਕਿਸੇ ਪਿੜ ਪੱਤਣ ਲਗੇ।

ਪਤੀ-ਜੀਓ ਜੀ, ਸਤਿ ਬਚਨ! ਮੈਂ ਤਾਂ ਤੁਸਾਂ ਨਾਲ ਇਹ ਇਕ ਵਿਚਾਰ ਦੀ ਗੱਲ ਕੀਤੀ ਹੈ। ਬਾਕੀ ਸਵੇਰੇ ਹੀ ਕਿਸੇ ਨੂੰ ਪੰਜਾਬ ਟੋਰਦਾ ਹਾਂ। ਰਾਹ ਖਹਿੜੇ ਦੇ ਕੀ ਹਾਲ ਹਨ? ਪਤਾ ਕਰ ਲਵਾਂ, ਫੇਰ ਮੈਂ ਆਪ ਬੀ ਜਾਣ ਨੂੰ ਤਿਆਰ ਹਾਂ। ਅਕਾਲ ਬੁੰਗੇ ਦੇ ਜੱਥੇਦਾਰ ਨੂੰ ਮਿਲਾਂਗਾ, ਬਾਉਰੀਆਂ ਵਾਲੇ ਦਾਤਾ ਜੀ ਨੂੰ ਮਿਲਾਂਗਾ, ਜਦੋਂ ਉਹ ਪਿਛਲੀ ਵੇਰ ਅਫ਼ਗਾਨਿਸਤਾਨ ਨੂੰ ਟੁਰੇ ਹਨ, ਬੱਚੀ ਵਾਸਤੇ ਮੈਂ ਖਾਸ ਜਾਕੇ ਆਖਿਆ ਸੀ।

ਇਸ ਪ੍ਰਕਾਰ ਪਤੀ ਪਤਨੀ ਦੀਆਂ ਰਾਤ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਦੋਹਾਂ ਨੂੰ ਨੀਂਦ ਪੈ ਗਈ, ਪਰ ਉਖੜਵੀਂ, ਕਦੇ ਪਈ, ਕਦੇ ਖੁੱਲ੍ਹ ਗਈ।

ਹਾਂ ਜੀ, ਦਿਨ ਲੰਘਦੇ ਗਏ, ਦਿਨ ਲੰਘਦੇ ਹਨ, ਕਦੇ ਦਿਨ ਅਟਕੇ ਹਨ? ਦੁਖ ਹੋਵੇ ਸੁਖ ਹੋਵੇ, ਟਿਕਾਉ ਹੋਵੇ, ਉੱਚੜਚਿੱਤੀ ਘਬਰਾ ਹੋਵੇ, ਠੰਢ ਹੋਵੇ, ਜੋ ਹੋਵੇ ਸੋ ਹੋਵੇ, ਦਿਨ ਲੰਘੀ ਜਾਂਦੇ ਹਨ, ਸੋ ਲੰਘਦੇ ਗਏ। ਮਾਂ ਕਦੇ ਘਬਰਾ ਵਿਚ ਕਦੇ ਅਰਦਾਸ ਵਿਚ, ਕਦੇ ਟਿਕਾਉ ਵਿਚ, ਕਦੇ ਉੱਚੀ ਕਦੇ ਗਿਣਤੀਆਂ ਵਿਚ ਲੱਗੀ ਰਹੀ। ਕਾਕੀ ਦੇ ਪਿਤਾ ਜੀ ਨੇ ਇਕ ਇਤਬਾਰੀ ਬਦਰੱਕਾ ਅਕਾਲ ਬੁੰਗੇ ਦੇ ਜੱਥੇਦਾਰ ਵਲ ਟੋਰਿਆ, ਇਕ ਪਟਿਆਲੇ ਟੋਰਿਆ, ਜੋ ਮਤਾਂ ਰਿਆਸਤ ਵਲੋਂ ਗੁਰਮਤੇ ਤੇ ਗਏ ਕੋਈ ਸੱਜਣ ਸੁਧ ਲਿਆਏ ਹੋਣ, ਪਰ ਅਜੇ ਕਿਸੇ ਪਾਸਿਓਂ ਕੋਈ ਨਹੀਂ ਸੀ ਮੁੜਿਆ।

[ਅੰਮੀ-ਬੱਚੀ ਮੇਲ]

ਰਾਤ ਪਹਿਰ ਬੀਤ ਚੁਕੀ ਹੈ, ਚੰਦ੍ਰਮਾਂ ਦੀ ਚਾਂਦਨੀ ਛਟਕ ਰਹੀ ਹੈ, ਜਿਨ੍ਹਾਂ ਪਾਣੀਆਂ ਤੇ ਪੈ ਰਹੀ ਹੈ ਉਹ ਚਾਨਣੇ ਦੇ ਆਸਰੇ ਚੰਦ ਦਾ ਦਰਸ਼ਨ ਕਰ ਰਹੇ ਖਿੜ ਖਿੜ ਹੱਸ ਰਹੇ ਹਨ, ਜਿਨ੍ਹਾਂ ​ਰੇਤਿਆਂ ਤੇ ਪੈ ਰਹੀ ਹੈ, ਉਹਨਾਂ ਦੇ ਚਮਕਦੇ ਕਿਣਕੇ ਚੰਦ ਵਲ ਨਜ਼ਰ ਲਾਈ ਹੁਲਾਰਿਆਂ ਵਿਚ ਨੈਣ-ਝਮਕੇ ਪਾ ਰਹੇ ਹਨ। ਕੁਦਰਤ ਅਡੋਲ ਹੈ, ਸਾਰੇ ਸੁੱਤੇ ਪਏ ਹਨ, ਤਾਰੇ ਸੁੱਤਿਆਂ ਨੈਣਾਂ ਨੂੰ ਵੇਖ ਵੇਖ ਸੈਨਤਾਂ ਮਾਰਦੇ ਹਨ, ਪਰ ਸੁੱਤੇ ਨੈਣ ਸੁੱਤੇ ਹੀ ਪਏ ਹਨ, ਕੁਛ ਸਾਰ ਨਹੀਂ ਨੇ ਕਿ ਅਰਸ਼ਾਂ ਤੋਂ ਕੌਣ ਨੂਰ ਵਰਸਾ ਰਹੇ ਹਨ।

ਬਸੰਤ ਕੌਰ ਦੇ ਘਰ ਮਲਕੜੇ ਬੂਹਾ ਖੜਕਿਆ। ਸਿੰਘ ਜੀ ਤਾਂ ਸੌਂ ਗਏ ਸਨ, ਪਰ ਬੀਬੀ ਅਜੇ ਜਾਗ ਰਹੀ ਸੀ, ਦੀਵਾ ਟਿਮ ਟਿਮ ਕਰ ਰਿਹਾ ਸੀ, ਬੀਬੀ ਆਪਣੇ ਬਿਸਤਰੇ ਤੇ ਲੇਟੀ ਝਰੋਖਿਆ ਵਿਚੋਂ ਆ ਰਹੇ ਚੰਦ ਤੇ ਤੱਕ ਰਹੇ ਤਾਰਿਆਂ ਨਾਲ ਗੱਲਾਂ ਕਰ ਰਹੀ ਸੀ। ਅਵਾਜ਼ ਸੁਣਕੇ ਚੁਬਾਰੇ ਵਿਚੋਂ ਸਹਿਜੇ ਬੋਲੀ:-ਭਾਈਆ ਜੀ! ਕੌਣ ਹੈ?

ਅਵਾਜ਼-ਲਿਟਾਂ ਵਾਲੇ।

ਅਵਾਜ਼ ਪਛਾਣ ਕੇ ਬੀਬੀ ਛੇਤੀ ਛੇਤੀ ਹੇਠਾਂ ਉਤਰੀ, ਸਹਿਜੇ ਹੋੜਾ ਭੁਆਇਆ, ਜੰਦਰਾ ਖੋਲ੍ਹਿਆ, ਕੁੰਡਾ ਖੋਲ੍ਹਿਆ, ਆਖਿਆ ‘ਜੀਉ ਆਇਆਂ ਨੂੰ'। ਪਰ ਇਸ ਛਿਨ ਚੇਤਾ ਆ ਗਿਆ ਕਿ ਚੁਬਾਰੇ ਵਿਚ ਬੈਠਣ ਨੂੰ ਥਾਂ ਨਹੀਂ ਮੈਂ ਛੇਤੀ ਜਾ ਕੇ ਥਾਂ ਬਣਾਵਾਂ। "ਕੁੰਡਾ ਮਾਰ ਆਇਆ ਜੇ" ਕਹਿੰਦੀ ਉਤਾਵਲੀ ਬਸੰਤ ਉਤੇ ਚਲੀ ਗਈ, ਮੰਜਾ ਆਪਣਾ ਚਾਇਆ, ਪੀੜੀ ਸੰਤਾਂ ਵਾਸਤੇ ਡਾਹੀ ਤੇ ਆਪ ਜ਼ਰ ਵਿੱਥ ਤੇ ਸਫ ਵਿਛਾ ਕੇ ਬੈਠ ਗਈ, ਤੇ ਸੋਚਣ ਲੱਗ ਪਈ, ‘ਸੁਖ ਹੋਵੇ ਸੰਤ ਐਸ ਵੇਲੇ ਆਏ ਹਨ? ਖਬਰੇ ਸੁਖ ਦੀ ਸੋ ਲਿਆਏ ਹੋਣ? ਖਬਰੇ ਮੇਰੇ ਦਿਲ ਅਣਹੋਣੀਆਂ ਆਸਾਂ ਦੇ ਜੋ ਸੱਪ ਜਗਾ ਗਏ ਹਨ, ਨਿਰਾਸਾ ਦੀ ਸੋ ਲਿਆਕੇ ਉਹਨਾਂ ਦੇ ਫੁੰਕਾਰੇ ਠੰਢੇ ਕਰਨ ਆਏ ਹਨ।' ਇਸ ਪ੍ਰਕਾਰ ਦੇ ਖਿਆਲ ਬਿਜਲੀ ਦੇ ਵੇਗ ਵਾਂਗੂ ਸਿਰ ਵਿਚੋਂ ਲੰਘਦੇ ਹਨ ਕਿ ਇੰਨੇ ਨੂੰ ਪਉੜੀਆਂ ਵਿਚੋਂ ਚੜ੍ਹਨ ਦੀ ਆਵਾਜ਼ ਆਈ, ​ਪਰ ਕਦਮ ਹਉਲੇ ਹਨ, ਪੈਖੜ ਦੀ ਅਵਾਜ਼ ਮੱਧਮ ਹੈ। ‘ਰਾਤ ਹੋਣ ਕਰਕੇ ਸੰਤ ਜਾਣਕੇ ਹਉਲੇ ਕਦਮ ਸੁੱਟਦੇ ਹੋਣਗੇ, ਜੋ ਗਵਾਂਢੀ ਨਾ ਕੋਈ ਜਾਗੇ' ਸੋਚਦੀ ਸੋਚਦੀ ਬਸੰਤਕੌਰ ਦੇ ਦਿਮਾਗ਼ ਅੱਗੋਂ ਇਕ ਦਮ ਸਾਰੇ ਵਿਛੋੜੇ ਦਾ ਬੀਤਿਆ ਨਕਸ਼ਾ ਲੰਘਿਆ, ਨੈਣ ਭਰ ਆਏ ਤੇ ਲੂੰ ਕੰਡੇ ਹੋ ਗਏ। 'ਹਾਇ! ਸਤਵੰਤ' ਦਾ ਸੰਕਲਪ ਚੀਰਦਾ ਚੀਰਦਾ ਕਲੇਜੇ ਵਿਚੋਂ ਲੰਘਿਆ। ਇੰਨੇ ਨੂੰ ਆ ਗਏ ਭਗਵੇ ਚੋਲੇ ਵਾਲੇ, ਅੰਦਰ ਲੰਘ ਮਾਂ ਦੇ ਡੁਬਡੁਬਾਏ ਨੈਣਾਂ ਨੇ ਵੜਦੇ ਤੱਕੇ, ਪਰ ਚੋਲੇ ਵਾਲੇ ਪੀਹੜੀ ਤੇ ਨਹੀਂ ਬੈਠੇ ਘੜੰਮ ਬਸੰਤ ਦੀ ਗੋਦ ਵਿਚ ਤੇ ਗਲਵੱਕੜੀ ਪੈ ਗਈ। ਇਕ ਛਿਨ ਦੇ ਬੀ ਕਿੰਨੇ ਹੀ ਨਿੱਕੇ ਹਿੱਸੇ ਵਿਚ ਜਿੰਨੇ ਚਿਰ ਵਿਚ ਕਿ ਬੀਬੀ ਤ੍ਰਬ੍ਹਕੀ 'ਕਿ ਹੈਂ, ਸੰਤ ਕੀ ਆਖ ਤੇ ਮੇਰੀ ਗੋਦੀ ਵਿਚ ਬੈਠਣਾ ਕੀ ਆਖ'? ਹਾਂ ਉਸ ਤੋਂ ਬੀ ਤ੍ਰਿੱਖੇ ਵੇਗ ਨਾਲ ਝੋਲੀ ਬੈਠੀ ਸੂਰਤ ਦੀ ਅਵਾਜ਼ ਆਈ "ਅੰਮੀਂ" ਤੇ ਗਲਵੱਕੜੀ ਪੈ ਗਈ ਹੋਰ ਤ੍ਰਿੱਖੀ। ਗਲਵੱਕੜੀ ਹੋ ਗਈ ਚੰਬੜ ਕਰੜੀ, ਬੇਤਰਸ ਚੰਬੜ, ਘੁੱਟਕੇ ਘੁੱਟੀ ਰਹਿ ਜਾਣ ਵਾਲੀ ਚੰਬੜ। ਡਾਢੇ ਹੀ ਤ੍ਰਿੱਖੇ ਨੱਸੇ ਜਾਂਦੇ ਸਮੇਂ ਦੇ ਡਾਢੇ ਨਿੱਕੇ ਚਿਰ ਵਿਚ ਮਾਂ ਦਾ ਤੜਫਦਾ ਰਿਦਾ ਉਸ ਮਿੱਠੀ ਛੁਹ ਅਰ ਉਸ ਮਮਤਾ ਭਰੀ ਅਵਾਜ਼ ਨੂੰ ਸਿਆਣ ਗਿਆ ਤੇ ਸਿਆਣਦੇ ਸਾਰ ਆ ਮੁਹਾਰੇ ਮਾਂ ਦੀਆਂ ਬੱਚੀ ਦੇ ਦੁਆਲੇ ਕਲਾਈਆਂ ਚੰਬੜ ਗਈਆਂ, ਸਿਰ ਨੂੰ ਇਕ ਬੇਸੁਧੀ ਛਾ ਗਈ। ਚੌਹਾਂ ਹੀ ਕਲਾਈਆਂ ਦੀ ਘੁੱਟ ਅਸਹਿ ਚੰਬੜ ਹੈ। ਹਾਇ ਪਿਆਰ! ਤੇਰੀਆਂ ਪੀੜਾਂ ਹਰਿ ਲੈਣ ਵਾਲੀਆਂ ਅਦਾਵਾਂ! ਵਾਹਵਾ! ਉਸ ਡਾਢੀ ਘੁੱਟ ਵਿਚ ਦੁਹਾਂ ਨੂੰ ਹੋਸ਼ ਹੀ ਨਹੀਂ। ਜੁੱਸੇ ਤੋਂ ਵੱਧ ਚੰਬੜੇ ਹਨ, ਘੁਟੀਜੇ ਹਨ, ਪਰ ਘੁੱਟ ਦੀ ਪੀੜ ਨਹੀਂ ਪਈ, ਹਾਂ, ਜੁੱਸੇ ਘੁਟੀਜੇ ਹਨ ਕਿ ਨੇੜੇ ਤੋਂ ਨੇੜੇ ਹੋ ਜਾਣ। ਪਰ ਇਸ ਤੋਂ ਵੱਧ ਹੋਰ ਨੇੜੇ ਕੀ ਹੋਣ? ਨੇੜੇ ਤੋਂ ਨੇੜੇ ਤਾਂ ਮਨ ਹੁੰਦੇ ਹਨ, ਸੋ ਹੁਣ ਉਹ ਬੀ ਹੋ ਗਏ ਹਨ, ਨੇੜੇ ਤੋਂ ਨੇੜੇ ਆਪੋ ​ਵਿਚ ਘੁਲ ਮਿਲ ਲੀਨ ਹੋ ਗਏ ਹਨ। ਮਨ ਵਿਚ ਮਨ,-ਪਰੇਮ ਦੀ ਪਿਘਲਾਹਟ ਤੇ ਮਮਤਾ ਦੀ ਧਾਹ ਵੱਜਵੀਂ ਖਿੱਚ ਨਾਲ—ਹਾਂ ਆਪ ਵਿਚ ਮਨ ਗੁੰਮ ਹੋ ਗਏ ਹਨ, ਜਾਂ ਆਖੋ ਬੇਸੁਧ ਹੋ ਗਏ ਹਨ, ਬੇਸੁਰਤ ਹਨ। ਪਰ ਵੇਖੋ ਸੁਰਤ ਤਾਂ ਸੁਰਤ ਵਿਚ ਰਲ ਮਿਲ ਗਈ ਹੈ, ਸੁਰਤ ਸੁਰਤ ਵਿਚ ਪੁਰੋ ਹੋ ਗਈ ਹੈ, ਸੁਰਤਾਂ ਬੇਸੁਰਤ ਕਿਉਂ ਹਨ? ਸੁਰਤ ਸੁਰਤ ਵਿਚ ਰਲਕੇ ਮਗਨਾਨੰਦ ਹੋ ਰਹੀ ਹੈ। ਉਹ ਜਤਨ ਜੋ ਜੁੱਸਿਆਂ ਨੇ ਇਕ ਹੋਣ ਦਾ ਕੀਤਾ ਹੈ ਉਹ ਮਨਾਂ ਦੇ ਇਕ ਹੋ ਜਾਣ ਵਿਚ ਆਪਣੇ ਮਨੋਰਥ ਦੇ ਕਮਾਲ ਨੂੰ ਅੱਪੜ ਗਿਆ ਹੈ। ਮਨ ਮਨ ਵਿਚ ਲੀਨ ਹੈ, ਚਿੱਤ ਚਿੱਤ ਵਿਚ ਸਮਾ ਰਿਹਾ ਹੈ, ਰੰਗ ਲਗ ਰਿਹਾ ਹੈ, ਰੰਗ ਨੇ ਦੋ ਰੰਗ ਇਕ ਰੰਗ ਕੀਤੇ ਹਨ। ਰੰਗ ਘਨਾਂ ਹੋ ਰਿਹਾ ਹੈ, ਮਾਂ ‘ਧੀ ਪਰੇਮ' ਵਿਚ, ਧੀ 'ਮਾਂ ਪਰੇਮ' ਵਿਚ ਗੁੰਮ ਹਨ, ਗੁੰਮ ਹਨ। ਗੁੰਮ ਰਹੋ, ਜੀਓ ਜੀ ਗੁੰਮ ਰਹੋ। ਪਰੇਮੀਓ! ਇਹੋ ਹੀ ਵੇਲਾ ਜੇ, ਇਹੋ ਛਿਨ ਹੈ ਕਿ ਜਿਸ ਨੂੰ ਦੇਵ ਲੋਚਦੇ ਹਨ, ਇਹ ‘ਪ੍ਯਾਰ-ਸੰਗਮ' ਹੈ, ਜਿਸ ਵਿਚ ਵਿੱਥਾਂ ਵਾਲੇ ਵਿੱਥਾਂ ਮੇਟਕੇ ਆਪੇ ਵਿਚ ਗੁੰਮਦੇ ਹਨ।

ਭਾਗ ਹੋਣ ਤਾਂ ਗੁੰਮਿਆਂ ਆਪਾ ਕਿਸੇ ਹੋਰ ਉਚੇਰੀ ਚੋਟੀ ਤੇ ਜਾ ਲੱਭਦਾ ਹੈ। ਹਾਂ, ਮਾਂ ਧੀ, ਹਾਂ, ਬੇਟੀ ਅੰਮੀ, ਗੁੰਮ ਹੋਈਆਂ ਰਹੋ। ਜਦ ਤਕ ਸਮਾਂ ਆਗ੍ਯਾ ਦੇਵੇ ਅਪੇ ਵਿਚ ਮਿਲੀਆਂ ਆਪੇ ਵਿਚ ਗੁੰਮ ਰਹਿਣਾ।

ਹਾਂ, ਇਸ ‘ਆਪਾ ਘੁਲ ਮਿਲ' ਸਮਾਧੀ ਵਿਚ, ਇਸ ਆਪੇ ਦੇ ਆਪੇ ਤੋਂ ਭੁੱਲ ਆਪਿਆਂ ਵਿਚ ਸਮਾਈ ਪਾਉਣ ਵਾਲੀ ਸਮਾਧੀ ਨੇ ਪਰਤਾ ਖਾਧਾ, ਲੰਮੇ ਲੰਮੇ ਸਾਹ ਆਏ, ਮਾਂ ਦਾ ਹੱਥ ਪਿੱਠ ਤੇ ਫਿਰਨ ਲੱਗਾ।

ਪਹਿਲੀ ਅਵਾਜ਼ ਆਈ-ਸਤਵੰਤ!

ਦੂਜੀ ਅਵਾਜ਼ ਆਈ-ਅੰਮੀ, ਜੀਉ ਅੰਮੀ!

ਪਰ ਹੁਣ ਫੇਰ ਬੇ-ਸੁਧੀ ਦੀ ਲਹਿਰ ਜਿਹੀ ਛਾਂਦੀ ਜਾਂਦੀ ​ਹੈ, ਮੁੜ ਮੁੜ ਸਿਰ ਵਿਚ ਵੱਜਦੀ ਹੈ, ਪਰ ਘੱਟ ਵੱਜਦੀ ਹੈ, ਮੁੜ ਮੁੜ ਵੱਜਦੀ ਢਿੱਲੀ ਹੁੰਦੀ ਜਾਂਦੀ ਹੈ, ਪਿੱਠ ਤੇ ਹੱਥ ਫਿਰਦੇ ਹਨ, ਮੱਥਾ ਚੁੰਮੀਦਾ ਹੈ ਤੇ ਹੋਸ਼ ਕੰਮ ਕਰਦੀ ਹੈ। ਹੁਣ ਮਾਂ ਵੇਖਦੀ ਹੈ ਬੱਚੀ ਦਾ ਮੁਖੜਾ, ਫੇਰ ਗਲ ਲਾ ਲੈਂਦੀ ਹੈ। ਐਉਂ ਮਿਲਦਿਆਂ ਹੁਣ ਸੰਸੇ ਹੁਰੀਂ ਆ ਗਏ,-ਹੈਂ! ਇਹ ਸਤਵੰਤ ਹੈ ਕਿ ਸਤਵੰਤ ਦਾ ਸੁਪਨਾ? ਨੈਣ ਤਾਂ ਉਸ ਪਿਆਰ ਨਸ਼ੇ ਵਿਚ ਮਿਟ ਮਿਟ ਜਾਂਦੇ ਹਨ, ਖੁੱਲ੍ਹਦੇ ਹਨ, ਦੇਖਦੇ ਹਨ, ਪਰ ਮਨ ਕਹਿੰਦਾ ਹੈ— ਸੁਪਨਾ ਹੈ, ਕਈ ਵੇਰ ਆਇਆ। ਫੇਰ ਧੀ ਨੂੰ ਘੁੱਟ ਲੈਂਦੀ ਹੈ, ਜ਼ੋਰਦੀ ਘੁੱਟਦੀ ਹੈ, ਤਕੜਾ ਜੱਫਾ ਮਾਰਦੀ ਹੈ, ਮਤੇ ਅੱਜ ਬੀ ਇਹ ਸੁਪਨਾ ਹੀ ਨਾ ਹੋ ਜਾਵੇ।

ਫੇਰ ਪੁੱਛਦੀ ਹੈ, ਸਤਵੰਤ! ਤੂੰ ਹੈਂ?

ਧੀ-ਅੰਮੀ ਜੀ!

ਮਾਂ-ਸੱਚ ਮੁੱਚ?

ਧੀ-ਅੰਮੀ ਜੀ!

ਮਾਂ-ਤੂੰ ਸੁਪਨਾ ਨਹੀਂ?

ਧੀ ਘੁੱਟਕੇ ਜੱਫਾ ਮਾਰਦੀ ਹੈ, ਉਹ ਮਾਂ ਦੀ ਛਾਤੀ ਨਾਲ ਸਿਰ ਸਹਿਲਾ ਸਹਿਲਾ ਕੇ ਲਾਉਂਦੀ ਹੈ, ਊਂ ਊਂ ਕਰਦੀ ਹੈ, ਕਹਿੰਦੀ ਹੈ, ਅੰਮੀਂ ਮੈਂ ਹਾਂ। ਪਰ ਹਾਇ! ਸੁਪਨਿਆਂ ਹੱਥੋਂ ਕਈ ਵੇਰ ਛਲੀ ਜਾ ਚੁੱਕੀ ਮਾਂ ਬਾਹਾਂ ਘੁੱਟ ਘੁੱਟ ਵੇਖਦੀ ਹੈ, ਪਿੱਠ ਤੇ ਚੂੰਢੀ ਭਰਦੀ ਹੈ, ਸਿਰ ਦੇ ਕੇਸ ਟਟੋਲਦੀ ਹੈ, ਫੇਰ ਕੰਡ ਨੂੰ ਹੱਥ ਨਾਲ ਦੱਬਕੇ ਛਾਤੀ ਨਾਲ ਘੁੱਟਦੀ ਹੈ, ਆਪਣੇ ਹੱਥ ਨੂੰ ਚੱਕ ਮਾਰ ਕੇ ਚੀਸ ਪ੍ਰਤੀਤ ਕਰਦੀ ਹੈ, ਹਾਂ, ਅੱਜ ਸੁਪਨਾ ਨਹੀਂ ਹੈ। ਹੁਣ ਹੋਰ ਹੋਸ਼ ਪਰਤਦੀ ਹੈ, ਨੈਣ ਛਮਾਂ ਛਮ ਭਰ ਆਉਂਦੇ ਹਨ, ਲੂੰ ਕੰਡੇ ਹੁੰਦੇ ਹਨ, ਅੰਦਰ ਗੁਦਗੁਦੀ ਹੁੰਦੀ ਹੈ, ਅਵਾਜ਼ ਮਾਰਦੀ ਹੈ, ਕੰਠ ਭਰ ਆਉਂਦਾ ਤੇ ਗਦ ਗਦ ਹੋ ਜਾਂਦਾ ਹੈ। ਮਿੱਠੇ ਮਿੱਠੇ, ਨਿੱਘੇ ਨਿੱਘੇ ਤਰੇਲ ਵਰਗੇ ਚਮਕਦੇ ਮੋਤੀ ਸਤਵੰਤ ​ਦੀਆਂ ਗੱਲ੍ਹਾਂ ਤੇ ਪੈ ਰਹੇ ਹਨ। ਪਿਆਰ ਦੇ ਅੰਦਰਲੇ ਸਮੁੰਦਰ ਠਾਠਾਂ ਮਾਰ ਕੇ ਬਾਹਰ ਆ ਗਏ ਹਨ, ਪ੍ਰੀਤਮਾਂ ਨੂੰ ਆਪ ਧਾ ਧਾ ਕੇ ਮਿਲ ਰਹੇ ਹਨ। ਹੁਣ ਮਾਂ ਨਾ ‘ਪਿਆਰ ਸਮਾਧੀ' ਵਿਚ ਹੈ, ਨਾ ਸੰਸੇ ਵਿਚ, ਕੁਛ ਤਾਂ ਪਿਆਰ ਦੀਆਂ ਉਮਡ ਚੜ੍ਹ ਆਈਆਂ ਕਾਂਗਾਂ ਵਿਚ ਰੁੜ੍ਹ ਪਈ ਹੈ, ਧੀ ਨੂੰ ਘੁੱਟਦੀ ਹੈ, ਸਿਰ ਤੇ ਪਿੱਠ ਪਰ ਹੱਥ ਫੇਰਦੀ ਹੈ, ਨੈਣ ਭਰ ਭਰ ਡੁੱਲ੍ਹਦੇ ਹਨ, ਫੇਰ ਭਰਦੇ ਹਨ, ਫੇਰ ਡੁੱਲ੍ਹਦੇ ਹਨ, ਹੱਥ ਫੇਰ ਘੁੱਟਦੇ ਹਨ, ਛਾਤੀ ਨਾਲ ਧੀ ਨੂੰ ਲਾ ਲਾ ਘੁੱਟਦੇ ਰੱਜਦੇ ਨਹੀਂ। ਕੋਈ ਅਗੰਮ ਦੀ ਧੂਹ ਮਾਂ ਨੂੰ ਬਿਹਬਲ ਕਰ ਰਹੀ ਹੈ। ਹਾਂ, ਮਾਂ ਉਸ ਆਪਣੇ ਹੀ ਜਿਗਰ ਦੇ ਟੁਕੜੇ ਦੀ ਛੁਹ ਪਾ ਪਾ ਕੇ 'ਛੁਹ ਰਸ' ਲੈ ਲੈ ਕੇ ਜੀਉ ਜੀਉ ਪੈ ਰਹੀ ਹੈ। ਕਲੇਜੇ ਨੂੰ ਕੁਛ ਹੁੰਦਾ ਹੈ, ਕੀ ਹੁੰਦਾ ਹੈ? ਕੌਣ ਕਹੇ? ਆ ਮਿਲੀ ਹੈ ਧੀ, ਮੇਲ ਵਿਚ ਤਾਂ ਖੁਸ਼ੀ ਲੋੜੀਏ, ਪਰ ਏਥੇ ਇਸ ਵੇਲੇ ਕੁਛ ਹੋ ਰਿਹਾ ਹੈ, ਕੀ ਹੋ ਰਿਹਾ ਹੈ? ਕੁਛ ਹੋ ਰਿਹਾ ਹੈ! ਮਾਂ ਆਪਣਾ ਸਿਰ ਚਾਉਂਦੀ ਹੈ, ਧੀ ਦੀ ਠੋਡੀ ਹੇਠ ਹੱਥ ਦੇ ਕੇ ਮੂੰਹ ਉੱਚਿਆਂ ਕਰਦੀ ਹੈ, ਵੱਸਦੇ ਅੰਝੂਆਂ ਦੇ ਸ਼ੀਸ਼ਿਆਂ ਵਿਚ, ਸਤਰੰਗੀ ਝਾਲ ਵਿਚ ਧੀ ਦਾ ਦਰਸ਼ਨ ਕਰਦੀ ਹੈ, ਮੱਥਾ ਚੁੰਮਦੀ ਹੈ, ਫੇਰ ਗਲੇ ਲਿਪਟਕੇ ਘੁੱਟ ਘੁੱਟਕੇ ਫਰਨ ਫਰਨ ਡੁੱਲ੍ਹ ਪੈਂਦੀ ਹੈ। ਮਾਂ ਦੇ ਤਰੇਲ ਮੋਤੀ ਧੀ ਦੀਆਂ ਠੰਢੀਆਂ ਠੰਢੀਆਂ ਗੱਲ੍ਹਾਂ ਤੇ ਪੈ ਰਹੇ ਹਨ ਪਰ ਧੀ ਦੇ ਤਰੇਲ ਮੋਤੀ ਉਸ ਦੀ ਆਪਣੀ ਝੋਲੀ ਵਿਚ ਹੀ ਕਿਰਦੇ ਹਨ। ਸਤਵੰਤ! ਲਵੋ ਬੇਟਾ ਜੀਓ! ਇਹ ਪਿਆਰ! ਇਹੋ ਪਿਆਰ ਪੰਜ ਸੌ ਮੀਲ ਤੋਂ ਧੂ ਲ੍ਯਾਏ ਹਨ। ਇਹੋ ਪਿਆਰ ਜੱਫਰਾਂ ਨੂੰ ਖੁਸ਼ੀਆਂ ਨਾਲ ਭੁਗਵਾ ਆਏ ਹਨ। ‘ਪਿਆਰ ਛਿਨ', ਅੰਦਰਲੇ ਦੀ ‘ਪਰੇਮ ਪ੍ਰਤੀਤੀ ਦੀ ਛਿਨ' ਨੂੰ ਮਾਣੋ। ‘ਰਸ-ਪਰੇਮ ਪ੍ਰਤੀਤੀ', 'ਪਰੇਮ ਅਨੁਭਵ' ‘ਪਰੇਮ ਰਸ ਲੀਨਤਾ' ਹਾਂ, ਇਹੋ ਗੁੱਝੇ ਡੁੰਘਾਣਾਂ ਦੇ ਭਾਵ ਹਨ, ਬੇਟਾ ਜੀਓ! ਇਹੋ ਤਾਂ ਜੀਵਨ ਹਨ।

​ਸਮਾਂ ਪਤਾ ਨਹੀਂ ਕਿੰਨਾਂ ਲੰਘ ਗਿਆ, ਅੰਮੀ ਅਜੇ ਰੱਜੀ ਨਹੀਂ, ਉਸੇ ਰੰਗ ਵਿਚ ਰੱਤੀ ਹੋਈ ਧੀ ਦੀ ਛੁਹ ਤੋਂ ਪਰੇ ਨਹੀਂ ਹੁੰਦੀ। ਆਪੇ ਰਤਾ ਕੁ ਮੂੰਹ ਤੱਕਣ ਲਈ ਵਿੱਥ ਕਰਦੀ ਹੈ, ਆਪੇ ਫੇਰ ਗਲ ਨਾਲ ਘੁੱਟ ਲੈਂਦੀ ਹੈ, ਛਮ ਛਮ ਰੋ ਪੈਂਦੀ ਹੈ, ‘ਵਾਸਤਾ-ਈ ਬੱਚੀਏ! ਹੁਣ ਨਾਂ ਸੁਪਨਾ ਹੋਵੀਂ, ਹੇ ਮੇਰੀ ਆਪਣੀ ਲਾਲੀ ਦੇ ਜੁੱਸੇ! ਹੁਣ ਨਾ ਪਰਛਾਵਾਂ ਹੋ ਜਾਵੀਂ।'

[ਗੁਰਮੁਖ ਸੰਮੇਲ]

ਦੂਜਾ ਪਹਿਰ ਵੱਜ ਗਿਆ, ਸਿੰਘ ਜੀ ਨੇ ਪਾਸਾ ਪਰਤਿਆ ਜਾਗ ਖੁੱਲ੍ਹ ਗਈ, ਚੰਦ ਦਾ ਸਾਰਾ ਚਾਨਣਾ ਅੰਦਰ ਪੈ ਰਿਹਾ ਸੀ, ਦੀਵਾ ਆਪੇ ਬੁਝ ਗਿਆ ਸੀ। ਸਿੰਘ ਜੀ ਨੂੰ ਕੋਈ ਬੈਠਾ ਦਿੱਸਿਆ, ਖ੍ਯਾਲ ਆਇਆ, ਬਸੰਤ ਕੌਰ ਬੈਠੀ ਪਾਠ ਕਰਦੀ ਹੋਸੀ। ਪਰ ਦੂਜੀ ਛਿਨ ਬਸੰਤ ਕੌਰ ਭੁੰਞੇ ਬੈਠੀ ਦਿੱਸੀ, ਫੇਰ ਉਸ ਦੀ ਝੋਲੀ ਵਿਚ ਭਗਵੇ ਰੰਗ ਦਾ ਝਾਉਲਾ ਪਿਆ। ਗਹੁ ਕਰਕੇ ਤੱਕਿਆ ਤਾਂ ਠੀਕ ਭਗਵੇ ਵੇਸ ਵਾਲਾ ਕੋਈ ਬੈਠਾ ਹੈ। ਆਪ ਨੇ ਤਾਰਿਆਂ ਵਲ ਤੱਕਿਆ ਤਾਂ ਰਾਤ ਦਾ ਕੁਛ ਅੰਦਾਜ਼ਾ ਲਾਇਆ, ਫੇਰ ਘਬਰਾ ਕੇ ਓਧਰ ਤੱਕੇ, ਸੱਚ ਮੁੱਚ ਕੋਈ ਭਗਵੇ ਰੰਗ ਵਾਲਾ ਗੋਦੀ ਵਿਚ ਬੈਠਾ ਹੈ ਅਰ ਦੋਵੇਂ ਇਕ ਦੂਏ ਨੂੰ ਚੰਬੜੇ ਬੈਠੇ ਹਨ। ਅਪਣੇ ਘਰ ਵਿਚ ਕਿਸੇ ਬੱਚੇ ਦੇ ਭਗਵੇ ਕੱਪੜੇ ਨਹੀਂ, ਘਰ ਵਿਚ ਕੋਈ ਭਗਵਾ ਚਾਦਰਾ ਲੋਈ ਨਹੀਂ, ਇਹ ਕੀ ਹੈ? ਮੇਰੇ ਨੈਣ ਅਜੇ ਠੀਕ ਨਹੀਂ ਖੁੱਲ੍ਹੇ, ਅੱਜ ਥਕੇਵੇਂ ਕਰਕੇ ਨੀਂਦ ਗੂਹੜੀ ਪਈ ਹੈ, ਅੱਖਾਂ ਅਜੇ ਕੌੜੀਆਂ ਹਨ, ਰੱਜ ਨਹੀਂ ਸੁੱਤੀਆਂ ਤਦੇ ਰੰਗ ਬਿਰੰਗ ਦੇਖਦੀਆਂ ਹਨ। ਪਰ ਫੇਰ ਕੁਛ ਕਮਰੇ ਵਿਚੋਂ ਸੁਆਦ ਸੁਆਦ ਆਵੇ, ਨਾਮ, ਜੋ ਸਿੰਘ ਜੀ ਦੇ ਪ੍ਰਾਣਾਂ ਵਿਚ ਵੱਸਦਾ ਸੀ, ਤ੍ਰਿੱਖਾ ਟੁਰ ਰਿਹਾ ਹੈ, 'ਏਕੁ ਸਬਦੁ ਮੇਰੇ ਪ੍ਰਾਨਿ ਬਸਤੁ ਹੈ' ਜਿਸ ਦੀ ਸੁਤੇ ਅਵਸਥਾ ਹੋ ਚੁੱਕੀ ਸੀ, ਸਿੰਘ ਅਪਣੇ ਨਾਮ ਦੇ ਪ੍ਰਵਾਹ ਵਿਚ ਸੁਆਦ ਵਧਿਆ ਦੇਖਦਾ ਹੈ। ਫੇੜ ਨੀਝ ਲਾਕੇ ​ਅੱਖਾ ਪੱਟ ਪੱਟ ਕੇ ਵਹੁਟੀ ਵਲ ਦੇਖਦਾ ਹੈ, ਕਹਿੰਦਾ ਹੈ:-ਹੈ ਤਾਂ ਭਗਵਾ ਵੇਸ ਤੇ ਮੇਰੀ ਹੀ ਪਿਆਰੀ ਦੀ ਗੋਦ ਤੇ ਇਸ ਗੋਦ ਵਿਚ ਕੋਈ ਡਾਢਾ ਮਿੱਠਾ ਪਿਆਰਾ ਨਾਮ ਦਾ ਆਲੰਬ ਆਇਆ ਹੈ, ਚਾਹੇ ਚਮਤਕਾਰ ਹੈ ਕੋਈ, ਚਾਹੇ ਸਾਮਰਤੱਖ। ਆਹ! ਦਿਲ ਨੇ ਟੋਹ ਲਾ ਲਈ, ਸੁਗੰਧਿ ਸੁੰਘ ਲਈ, 'ਕਿਤੇ ਇਹ ਵਲਿੱਖਾਂ ਚੀਰ, ਭੇਸ ਵਟਾਕੇ ਪੈਂਡੇ ਮਾਰਦੀ ਬੱਚੀ ਤਾਂ ਨਹੀਂ ਆ ਗਈ? ਮੇਰੇ ਹੀ ਜਿਗਰ ਦਾ ਟੁਕੜਾ ਤਾਂ ਨਹੀਂ ਪਿਆਰ ਗੱਦੀ ਵਿਚ ਆ ਬੈਠਾ?' ਸਮਾਹਿਤ ਚਿਤ ਨੂੰ ਫੇਰ ਸੋਚ ਦੀ ਲੋੜ ਨਹੀਂ ਪਈ, ਬੇਵਸੇ ਅਵਾਜ਼ ਨਿਕਲੀ-‘ਸਤਵੰਤ'! ਤੇ ਉਸ ਦਮ ਵਿਚ ਆਵਾਜ਼ ਆਈ-'ਬਾਪੂ ਜੀਓ ਓ ਓ!' ਤੇ ਅਗਲੀ ਛਿਨ ਵਿਚ ਜਿਗਰਦਾ ਟੁਕੜਾ ਜਿਗਰ ਨਾਲ ਜਾ ਵੱਜਾ। ਪਿਤਾ ਦੀ 'ਪਿਆਰ-ਗੋਦ' ਵਿਚ ਧੀਅ ਜਾ ਬੈਠੀ ਤੇ ਛਾਤੀ ਨਾਲ ਧੀ ਦਾ ਸਿਰ ਜਾ ਲੱਗਾ ਤੇ ਧੀ ਦੇ ਸਿਰ ਉਤੇ ਟਿਕ ਗਿਆ ਤੇ ਫਿਰ ਪਿਆ ਪਿਆਰਾਂ ਵਾਲਾ, ਨਾਮ ਵਾਲਾ ਨਾਮ ਰਸੀਆ ਹੱਥ,—"ਬੇਟਾ ਜੀਉ, ਬੇਟਾ ਜੀਉ!" ਉਸ ਨਾਮ ਰਸੀਆ ਰਸਨਾ ਤੋਂ ਉਰਾਰ ਹੋ ਰਿਹਾ ਹੈ, ਹਾਂ ਉਨ੍ਹਾਂ ਰੰਗ ਰੱਤੜੇ ਨੈਣਾਂ ਤੋਂ ਕੋਈ ਕੋਈ, ਤ੍ਰੇਲ ਮੋਤੀ ਕਦੇ ਕਦੇ ਕਿਰਦਾ ਹੈ, ਬੇਟਾ ਜੀਉ ਦੇ ਸੀਸ ਦੇ ਦਸਮਦ੍ਵਾਰ ਦੇ ਟਿਕਾਣੇ ਪੈਂਦਾ ਹੈ। ਝਰਨਝਰਨ ਝਰਨਾਟ ਬੇਟਾ ਜੀਉ ਦੇ ਸਰੀਰ ਵਿਚ ਹੁੰਦੀ ਹੈ। ਅੰਦਰ ਧੂਹ ਪੈਂਦੀ ਹੈ ਪਿਆਰ ਦੀ। ਹਾਂ, ਨਾਲੇ ਨਾਮ ਅੰਦਰ ਝੂਮਦਾ ਦਿੱਸਦਾ ਹੈ, ਆਪਾ ਉਸ ਦੇ ਦੁਆਲੇ ਪਰਕਰਮਾਂ ਕਰਦਾ ਜਾਪਦਾ ਹੈ। ਪਿਤਾ ਦੇ ਪਿਆਰ ਦਾ, ਵਿਛੁੜ ਵਿਛੁੜ ਮਿਲਿਆਂ ਦਾ ਬਸੁਧ ਕਰ ਦੇਣ ਵਾਲਾ 'ਪਿਆਰ-ਸੁਆਦ' ਝਿੰਮ ਝਿੰਮ ਅੰਮ੍ਰਿਤ ਵੱਸਦਾ ਪੈ ਰਿਹਾ ਹੈ, ਵਿਚ ਨਾਮ ਦੀ ਮਗਨਤਾ, ਨਾਮ ਮਹਾ ਰਸ ਦਾ ਸੁਆਦ ਸਿੰਜਰਦਾ ਹੈ। ਸਤਵੰਤ ਨੂੰ ਬੇਹੋਸ਼ੀ ਦੇ ਦਰਜੇ ਦੀ ਮਗਨਤਾ ਹੈ, ਕਿਸੇ ਵੇਲੇ ਡੋਬਾਂ, ਕਿਸੇ ਵੇਲੇ ਨਾਮ ਰਸ ਦਾ ਲਹਿਰਾ, ਕਿਸੇ ਵੇਲੇ ਕਲੇਜੇ ਵਿਚ ਅਗੰਮੀ ਧੂਰ, ਖਿੱਚ, ਕਸਕ, ​ਪਿਆਰ ਤੇ ਨੈਣਾਂ ਦਾ ਸਾਰਾ ਹੀ ਡੁੱਲ੍ਹ ਪੈਣਾ। ਆਹਾ 'ਪਿਆਰ-ਰਾਮ' ਜੀਉ! ਤੇਰੇ ਸਾਗਰ ਵਾਂਗੂੰ ਅਨੰਤ ਤਰੰਗ। ਤੇਰੇ ਲਹਿਰੇ ਸਦਾ ਨਵੇਂ ਤੋਂ ਨਵੇਂ। ਕੌਣ ਇਨ੍ਹਾਂ ਨੂੰ ਗਿਣੇ ਤੇ ਵਰਣਨ ਕਰੇ? ਹਾਂ, ਤੂੰ ਹੋ, ਤੂੰ ਆ, ਤੇ ਅੰਦਰ ਲੰਘ ਝਜੋਲ ਤੇ ਹਿਲੋਰੇ ਲਾ ਦੇਹ, ਜੀਵਨ ਰੁਮਕੇ ਛੇੜ ਦੇਹ, ਜਿਵਾ ਦੇਹ ਸਾਰੇ, ਜਿਵਾ ਦੇਹ ਜਿੰਨੇ ਹੋ ਸਕਣੀ। ਹਾਂ ਇਸ ਵੇਲੇ ਬੇਟਾ ਜੀਓ। ਇਸ ਪਿਆਰੀ ਗੋਦੀ ਵਿਚ, ਨਾਮ ਰਸ ਰਸੀਆ ਗੋਦੀ ਵਿਚ ਕੋਈ ‘ਸੁਆਦ-ਪੀਘਾਂ' ਵਿਚ ਬੈਠੀ ਝੂਟੇ ਲੈ ਰਹੀ ਹੈ, ਜੋ ਝੂਟੇ ਉਸ ਨੂੰ ਰਸ ਮਗਨ ਕਰ ਰਹੇ ਹਨ। ਹਾਂ ਮਦਹੋਸ਼ੀ ਹੈ, ਜਿਸ ਮਦਹੋਸ਼ੀ ਵਿਚ ਕਲੇਜਾ ਕਸਕਾਂ ਖਾਂਦਾ ਹੈ, ਲੀਨ ਹੁੰਦਾ ਹੈ, ਰਸ ਵਿਚ ਡੁਬਦਾ ਹੈ। ਸੁਰਤ ਕਿਸੇ ਸ਼ੁਕਰ ਤੇ ਕਿਸੇ ਉਚ੍ਯਾਣ ਵਿਚ ਉਡਾਰੀ ਮਾਰਦੀ ਹੈ, ਫੇਰ ਵੈਰਾਗ ਲਹਿਰੇ ਮਾਰਦਾ ਤੇ ਨੈਣ ਭਰਕੇ ਡੁੱਲ੍ਹ ਪੈਂਦੇ ਹਨ, ਫੇਰ ਕੋਈ ਨਾਮ ਰੰਗ ਦੀ ਲਹਿਰ ਆਉਂਦੀ ਹੈ, ਦਿਲ ‘ਰਸ-ਮਗਨਤਾ’ ਵਿਚ ਜਾਂਦਾ ਹੈ, ਫੇਰ ਆਪਾ ਝਰਨਾਟ ਖਾਕੇ ਬਿਰਹੁੰ ਦੇ ਤ੍ਰੰਗ ਤੇ ਮੇਲ ਦੇ ਰੰਗ ਵਿਚ ਲਹਿਰ ਖਾ ਜਾਂਦਾ ਹੈ। ਫੇਰ ਆਪਾ ਟਿਕ ਟਿਕ ਕੇ ਕਿਤੇ ਕਿਸੇ ਉਚੇ ਰੰਗ ਵਿਚ ਮਗਨ ਹੋ ਜਾਂਦਾ ਹੈ। ਮਾਂ ਤੱਕ ਰਹੀ ਹੈ, ਨੈਣ ਭਰ ਭਰ ਆ ਰਹੇ ਹਨ, ਕਲੇਜਾ ਠਰ ਰਿਹਾ ਹੈ, ਹੁਣ ਮਨ ਕਹਿ ਰਿਹਾ ਹੈ; 'ਸੁਪਨਾ ਨਹੀਂ ਪਰ ਪ੍ਰਤੱਖ ਹੈ' ਪਰ ਫੇਰ ਤਸੱਲੀ ਕਰਨ ਲਈ ਆਪਣੇ ਆਪ ਨੂੰ ਚੂੰਢੀ ਵੱਢਕੇ ਵੇਖਦੀ ਹੈ, ਫੇਰ ਧੀ ਦੇ ਪਿੰਡੇ ਤੇ ਹੱਥ ਫੇਰ ਕੇ ਵੇਖਦੀ ਹੈ, ਉੱਠਕੇ ਟੁਰਦੀ ਹੈ, ਪਤੀ ਜੀ ਦੇ ਮੰਜੇ ਤੇ ਹੱਥ ਫੇਰ ਕੇ ਤੱਕਦੀ ਹੈ ਕਿ ਮੰਜਾ ਖਾਲੀ ਹੈ, ਫੇਰ ਹੇਠਾਂ ਬੈਠੇ ਵੇਖਕੇ ਉਨ੍ਹਾਂ ਦੇ ਚਰਨਾਂ ਤੇ ਹੱਥ ਲਾਕੇ ਤੱਕਦੀ ਹੈ, ਮਲਕੜੇ ਪ੍ਰਤੀਤ ਕਰਦੀ ਹੈ ਕਿ ਉਨ੍ਹਾਂ ਦੇ ਹੀ ਚਰਨ ਹਨ। ਪਰ ਵੇਖੋ! ਓਹ ਕਿਸੇ ਉੱਚੇ ਰੰਗ ਵਿਚ ਅਰੂੜ ਹਨ ਕਿ ਚਰਨਾਂ ਨੂੰ ਛੁਹੰਦਿਆਂ ਸਾਰ ਉਸ ਉੱਚੇ ਰੰਗਦੀ ਰਸਭਰੀ ਝਰਨਾਟ ਬਸੰਤ ਕੌਰ ਨੂੰ ਵੀ ਛਿੜਦੀ ਹੈ, ਉਹ ਅੱਗੇ ਹੀ ‘ਪ੍ਰੇਮ​ਰਾਜ' ਦੇ ਪੰਘੂੜੇ ਝੂਟ ਰਹੀ ਸੀ, ਇਸ ਛੁਹ ਨਾਲ ਇਕ ਉਚੇ ਰਸ ਦੀ ਅਗੰਮੀ ਲਹਿਰ ਅਪਣੀ ਪ੍ਰਤੀਤੀ ਦੇਂਦੀ ਆ ਵੱਜੀ। ਜਾਣਦੀ ਤਾ ਸੀ ਪਤੀ ਜੀ ਨਾਮ ਰਸੀਆ ਹਨ, ਕਦੇ ਕਦੇ ਉਹਨਾਂ ਦੀ ਛੁਹ ਵਿਚ ਇਹ ਰੰਗ ਤੱਕਿਆ ਵੀ ਸੀ, ਪਰ ਅੱਜ ਉਹ ਰਸ ਬੜੇ ਜ਼ੋਰਾਂ ਦਾ ਸੀ ਅਰ ਛਹਿਬਰਾਂ ਲਾ ਲਾ ਕੇ ਵਰਸ ਰਿਹਾ ਸੀ। ਬਸੰਤ ਕੌਰ ਉਸ ਤਰ੍ਹਾਂ ਪਤੀ ਚਰਨਾਂ ਨੂੰ ਛੁਹੰਦੀ ਉਸ ਤਰ੍ਹਾਂ ਧਰੇ ਹੱਥ ਚਰਨਾਂ ਤੇ ਧਰੀ ਹੀ ਰਹਿ ਗਈ, ਉਸੇ ਰੰਗ ਵਿਚ ਰੰਗ ਮਗਨ ਹੋ ਗਈ। ਆਪਣੇ ਆਪੇ ਦੇ ਅੰਦਰ ਨਾਮ ਰਸ ਵਿਚ, ਹਾਂ ਦਾਤੇ ਦੇ, ਅਰਸ਼ਾਂ ਦੇ ਪਤੀ ਦੇ ਰੰਗ ਵਿਚ ਟਿਕ ਗਈ।

ਜੀਉ ਜੀ! ਇਹ ਪਰੇਮ ਮੂਰਤੀ, ਇਹ ਪਿਆਰਾਂ ਦਾ ਨਕਸ਼ਾ, ਇਹ ਸੁੱਚੇ ਉੱਚੇ ਗੁਰਮੁਖ ਪਰਮ ਦਾ ਰੰਗ, ਇਹ ਉਸ ਇਸ਼ਕ ਦੇ ਦੇਵਤੇ ਦਾ ਬੁਤ-ਖ਼ਾਨਾ, ਇਸ ਤਰ੍ਹਾਂ ਲੱਗਾ ਰਹੇ, ਰਸ ਰੰਗ ਦੀ ਮਿੱਠੀ ਮਿੱਠੀ ਤਰੇਲ ਪੈਂਦੀ ਰਹੇ, ਨਾਮ ਦਾ ਪ੍ਰਵਾਹ ਬ੍ਰੀਕ ਬ੍ਰੀਕ ਫੁਹਾਰ ਵਾਂਗ ਚਲਦਾ ਰਹੇ। ਚਦ੍ਰਮਾਂ ਝੁਕ ਝੁਕ ਬਾਰੀਆਂ ਵਿਚੋਂ ਅੰਦਰ ਆ ਆ ਦਰਸ਼ਨ ਕਰ ਕਰ ਠਰਦਾ ਰਹੇ। ਤਾਰੇ ਲਟਕ ਲਟਕ ਕੇ ਖਿੜਕੀਆਂ ਵਿਚੋਂ ਤੱਕਦੇ ਤੱਕਦੇ ਲਡਿੱਕੀਆਂ ਨਜ਼ਰਾਂ ਪਾ ਪਾ ਇਸ ਨੂਰਾਨੀ ਛੁਹ ਨਾਲ ਛੁਹ ਛੁਹ ਕੇ ਚਮਕਦੇ ਤੇ ਡਲ੍ਹਕਦੇ ਰਹਿਣ।

—੦--

੨੭. ਕਾਂਡ।

ਹਾਂ, ਇਕ ਰਾਤ ਪਿੱਛੋਂ ਅਸਾਂ ਸਤਵੰਤ ਕੌਰ ਨੂੰ ਮਾਪਿਆਂ ਨੂੰ ਮਿਲਦੇ ਤੱਕਿਆ ਹੈ। ਪਹਿਲੋਂ ਬੂਹਾ ਖੜਕਿਆਂ ਸੀ ਤੇ ਬਸੰਤ ਕੌਰ ਦੇ ਪੁੱਛਣ ਤੇ, ਅਵਾਜ਼ ਆਈ ਸੀ ਕਿ 'ਲਿਟਾਂ ਵਾਲੇ’ ਪਰ ਉੱਪਰ ਆਈ ਸੀ ਸਤਵੰਤ ਭਗਵੇ ਭੇਸ ਵਿਚ।

ਅਸਲ ਗੱਲ ਇਹ ਸੀ ਕਿ ਪੰਜਾਬ ਵਿਚ ਜਗ੍ਹਾ ਜਗ੍ਹਾ ​ਮਰਹੱਟੇ ਫਿਰ ਰਹੇ ਸਨ, ਲਾਹੌਰ ਵਿਚ ਬੀ ਮਰਹੱਟੇ ਕਬਜ਼ਾ ਕਰ ਚੁਕੇ ਸਨ, ਅਟਕ ਮੁਲਤਾਨ ਤੱਕ ਕਿਲ੍ਹਿਆਂ ਤੇ ਕਬਜ਼ਾ ਰੱਖਦੇ ਸਨ, ਪਰ ਜਗ੍ਹਾ ਜਗ੍ਹਾ ਬਚਵੇਂ ਟਿਕਾਣੀਂ ਸਿਖ ਆਪਣੇ ਪੈਰ ਪੱਕੇ ਜਮਾ ਰਹੇ ਸਨ। ਭਾਵੇਂ ਇਹ ਮਰਹੱਟੇ ਸਿਖਾਂ ਨਾਲ ਲੜਦੇ ਬੀ ਖੁੱਲ੍ਹਕੇ ਨਹੀਂ ਸਨ, ਪਰ ਮੇਲ ਬੀ ਨਹੀਂ ਸੀ ਤੇ ਐਸਾ ਲਾਇਕ ਆਦਮੀ ਸਮੇਂ ਨੇ ਕੋਈ ਨਹੀਂ ਸੀ ਦਿੱਤਾ ਜੋ ਉਸ ਵੇਲੇ ਸਿਖ ਤੇ ਮਰਹੱਟਾ ਤਾਕਤਾਂ ਦਾ ਏਕਾ ਕਰਾਕੇ ਇਕ ਮਿਲਵਾਂ ਟਾਕਰਾ ਬਦੇਸ਼ੀ ਅਫ਼ਗਾਨਾਂ ਦੇ ਲਈ ਤਿਆਰ ਕਰਵਾ ਦੇਂਦਾ। ਸਿਖ ਦਬਕੇ ਨਹੀਂ, ਪਰ ਇਹਤਯਾਤ ਕਰਦੇ ਸਨ, ਭਾਵੇਂ ਆਦੀਨਾਬੇਗ ਪਾਸੋਂ ਮਾਮਲਾ ਲੈ ਆਏ ਸਨ ਤੇ ਸਰਹੰਦ ਪਰ ਬੀ ਧਾਵਾ ਕਰਕੇ ਨਜ਼ਰਾਨਾ ਲਿਆ ਸਾਨੇ, ਪਰ ਤਦ ਬੀ ਉਹ ਜਾਣਦੇ ਸਨ ਕਿ ਸਾਡੀ ਬੱਝਵੀਂ ਤਾਕਤ ਅਜੇ ਨਹੀਂ ਬਣੀ। ਉਧਰੋਂ ਅਫ਼ਗਾਨਿਸਤਾਨ ਤੋਂ ਬਹੁਤ ਸਾਰੀ ਫੌਜ ਦੋ ਟੁਰਨ ਦੀ ਅਵਾਈ ਕੰਨੀਂ ਪੈ ਰਹੀ ਸੀ। ਅਹਿਮਦਸ਼ਾਹ ਫੇਰ ਆ ਰਿਹਾ ਸੀ, ਇਸ ਕਰਕੇ ਸਿਖਾਂ ਨੇ ਗੁਰਮਤਾ ਸੋਧਕੇ ਆਪਣੇ ਸਾਰੇ ਵਰਤਾਰੇ, ਜੋ ਵਰਤਣੇ ਸਨ, ਫੈਸਲਾ ਕਰ ਲਏ ਸਨ। ਅਹਿਮਦਸ਼ਾਹ ਦੇ ਕਾਬਲੋਂ ਟੁਰਨ ਦੀ ਖ਼ਬਰ ਸੁਣਕੇ ਮਰਹੱਟੇ ਪੰਜਾਬ ਵਿਚੋਂ ਖਿਸਕਣੇ ਸ਼ੁਰੂ ਹੋਏ। ਇਸ ਦੁਚਿਤਾਈ ਵਿਚ ਕਿ ਕਿਤੇ ਮਰਹੱਟਿਆਂ ਨਾਲ ਅੜ ਭੇਟ ਨਾ ਹੋ ਜਾਏ, ਯਾ ਅਬਦਾਲੀ ਦੇ ਆਇਆਂ ਵੀ ਫੁੱਲ ਖਿੜੇ, ਸ਼ਾਹਰਾਹ ਉੱਤੇ ਵਸਦੇ ਨਗਰ ਖੰਨੇ ਵੱਲ ਸਤਵੰਤ ਤੇ ਅਲਾਂਬਾ ਸਿੰਘ ਦੇ ਜਥੇ ਨੂੰ ਖੁੱਲ੍ਹਮਖੁੱਲ੍ਹ ਟੋਰ ਦੇਣਾ ਦਾਨਾਈ ਨਹੀਂ ਸੀ। ਅਲਾਂਬਾ ਸਿੰਘ ਨਵਾਂ ਜੁਆਨ ਸੀ, ਉਸ ਨੂੰ ਕਿਸੇ ਵਧੇਰੀ ਸਲਾਮਤੀ ਵਾਲੀ ਥਾਂ ਰੱਖਕੇ ਸਿਖਾਂ ਦੇ ਖਖੇੜ ਬਖੇੜ ਵਾਲੇ ਜੀਵਨ ਲਈ ਤਿਆਰ ਕਰਨਾ ਮੁਨਾਸਬ ਨਹੀਂ ਸੀ, ਇਸ ਕਰਕੇ ਉਹ ਮਹਾਰਾਜਾ ਪਟਿਆਲਾ ਦੇ ਸਪੁਰਦ ਹੋਏ, ਜਿਥੇ ਉਹਨਾਂ ਨੂੰ ੨੭ ਜੁਆਨ ਹੋਰ ਦੇਕੇ ਸੌ ਦੇ ਜਥੇ ਦਾ ਜਥੇਦਾਰ ਥਾਪਿਆ ਗਿਆ ਅਰ ਉਹ ਓਥੇ ​ਰਤਾ ਲਾਂਭੇ ਥਾਂ ਰਹਿਕੇ ਕੰਮ ਕਾਜ ਸਿੱਖਣ ਲੱਗੇ। ਸਤਵੰਤ ਜੀ ਲਿਟਾਂ ਵਾਲੇ ਸੰਤਾਂ ਦੇ ਨਾਲ ਭਗਵੇ ਵੇਸ ਵਿਚ ਆਪਣੇ ਘਰ ਘੱਲਿਆ ਗਿਆ, ਜੋ ਮਿਲ ਬੀ ਆਵੇ ਤੇ ਨਗਰ ਵਿਚ ਪਤਾ ਵੀ ਨਾ ਲਗੇ। ਪਤਾ ਨਹੀਂ ਸੀ ਕਿ ਅਬਦਾਲੀ ਦੇ ਆਯਾ ਦੇਸ਼ ਦਾ ਕੀ ਬਣੇਗਾ ਅਰ ਖਾਸ ਖੰਨੇ ਦੀ ਤਾਂ ਤਲਾਸ਼ੀ ਹੋਣ ਦੀ ਆਸ ਪੱਕੀ ਸੀ। ਸੋ ਸਤਵੰਤ ਭਗਵੇ ਵੇਸ ਵਿਚ ਸੰਤਾਂ ਦੇ ਨਾਲ ਰਾਤ ਵੇਲੇ ਆਈ ਸੀ, ਬੂਹਾ ਲਿਟਾਂ ਵਾਲੇ ਸੰਤਾਂ ਨੇ ਹੀ ਆ ਖੜਕਾਇਆ ਸੀ, ਓਹਨਾਂ ਹੀ ਆਖਿਆ ਸੀ 'ਲਿਟਾਂ ਵਾਲੇ'। ਉਹਨਾਂ ਨੂੰ ਹੀ ਬਸੰਤ ਕੌਰ ਇਹ ਕਹਿ ਕੇ ‘ਬੂਹਾ ਭੀੜੀ ਆਉਣਾ' ਆਪ ਓਹਨਾਂ ਲਈ ਥਾਂ ਬਨਾਉਣ ਚੁਬਾਰੇ ਚੜ੍ਹ ਗਈ ਸੀ, ਜੋ ਚੁਬਾਰਾ ਡਿਉਢੀ ਦੇ ਉੱਤੇ ਗਲੀ ਵੱਲ ਰੁਖ ਰੱਖਦਾ ਸੀ। ਡੇਉਢੀ ਦੇ ਅੰਦਰ ਵੜ ਕੇ ਸੰਤ ਤਾਂ ਮੰਜੀ ਡਾਹ ਕੇ ਉਥੇ ਹੀ ਬੈਠ ਗਏ ਤੇ ਸਤਵੰਤ, ਜੋ ਸੰਤਾਂ ਦੇ ਮਗਰ ਲੁਕੀ ਖੜੀ ਸੀ ਤੇ ਮਾਂ ਦੀ ਨਜ਼ਰੇ ਨਹੀਂ ਸੀ ਪਈ ਤੇ ਸੀ ਭਗਵੇ ਵੇਸ ਵਿਚ, ਮਾਂ ਦੇ ਮਗਰੇ ਮਗਰ ਉੱਪਰ ਗਈ ਸੀ, ਸੰਤ 'ਪਰੇਮ ਰਾਜ' ਦੇ ਜਾਣੂ ਸਨ, ਓਹ ਹੇਠਾਂ ਡੇਉਢੀ ਵਿਚ ਇਸ ਲਈ ਰਹੇ ਸਨ ਕਿ ਮਾਤਾ ਪਿਤਾ ਬਚੜੀ ਦੇ ਮਿਲਾਪ ਵੇਲੇ ਪਿਆਰ ਦੇ ਵਲਵਲਿਆਂ ਦੇ ਉਛਾਲੇ ਤੇ ਰਸਾਂ ਦੇ ਤਰੰਗਾਂ ਵੇਲੇ ਕੋਈ ਗ਼ੈਰ ਨੇੜੇ ਨਾ ਹੋਵੇ।

ਸੰਤ ਤਾਂ ਅੰਮ੍ਰਿਤ ਵੇਲੇ ਟੁਰ ਗਏ ਸਨ ਤੇ ਸਤਵੰਤ ਮਾਪਿਆਂ ਦੇ ਘਰ ੧੫ ਕੁ ਦਿਨ ਰਹੀ, ਪਰ ਗੁਪਤ। ਕਿਸੇ ਨੂੰ ਗਿਰਾਂ ਵਿਚ ਪਤਾ ਨਹੀਂ ਲੱਗਾ ਕਿ ਇਨ੍ਹਾਂ ਦੀ ਕਾਕੀ ਆ ਗਈ ਹੈ, ਇਸ ਤੋਂ ਮਗਰੋਂ ਉਹ ਵੀ ਪਟਿਆਲੇ ਰਾਜ ਵਿਚ ਚਲੀ ਗਈ ਤੇ ਆਪਣੇ ਵੀਰ ਦੇ ਜਥੇ ਵਿਚ ਸੇਵਾ ਦੇ ਕੰਮ ਤੇ ਰਹੀ।

ਮਰਹੱਟੇ ਤਾਂ ਹੁਣ ਪੰਜਾਬ ਛੱਡ ਕੇ ਪਰਤ ਚੁੱਕੇ ਸਨ, ਅਬਦਾਲੀ ਦਾ ਇਹ ਹਮਲਾ ਬੇਰੋਕ ਆ ਰਿਹਾ ਸੀ। ਸਿਖ ਬੀ ਉਸ ਦੀ ਫੌਜੀ ਤਾਕਤ ਦਾ ਅੰਦਾਜ਼ਾ ਕਰਕੇ ਇਧਰ ਉਧਰ ਹੋ ​ਗਏ। ਓਹ ਤਾਂ ਤਾਕਤ ਬਣਾ ਰਹੇ ਸਨ ਤੇ ਐਉਂ ਲੜਦੇ ਸਨ ਕਿ ਲੜਨ ਮਾਰਨ ਪਰ ਆਪਣੀ ਤਾਕਤ ਗੁਆ ਨਾ ਲੈਣ। ਓਹ ਹਰ ਸਮੇਂ ਦੇ ਫੇਰ ਨੂੰ ਤੇ ਹਰ ਵਟਾਉ ਨੂੰ ਆਪਣੇ ਬਲ ਵਧਉਣ ਦਾ ਵਸੀਲਾ ਬਣਾ ਲੈਂਦੇ ਅਰ ਕਦੇ ਭੁਲੇਵੇ ਵਿਚ ਆ ਕੇ ਆਪਣਾ ਬਲ ਨਸ਼ਟ ਨਾ ਕਰਦੇ। ਲਾਹੌਰ ਅੱਪੜ ਕੇ ਅਬਦਾਲੀ ਨੇ ਖੁੱਲ੍ਹੀਂ ਦਰਵਾਜ਼ੀਂ ਕਬਜ਼ਾ ਕੀਤਾ, ਕਰੀਮ ਦਾਦ ਖਾਂ ਨੂੰ ਹਾਕਮ ਥਾਪ ਕੇ ਆਪ ਦਿੱਲੀ ਨੂੰ ਕੂਚ ਕੀਤਾ[103]। ਉਸ ਨੇ ਦੱਸਿਆ ਕਿ ਮਰਹੱਟੇ ਤਾਂ ਟੁਰ ਗਏ ਹਨ, ਪਰ ਸਿਖ ਤੁਰ ਨਹੀਂ ਗਏ, ਓਹ ਇਧਰ ਓਧਰ ਤਿਲਕ ਗਏ ਹਨ, ਆਪਣੇ ਕਬਜ਼ੇ ਕੀਤੇ ਥਾਉਂ ਬੀ ਨਾਲੇ ਛੱਡ ਗਏ ਹਨ। ਆਪ ਦੇ ਟੁਰ ਜਾਣ ਮਗਰੋਂ ਓਹ ਆ ਸਿਰ ਕੱਢਣਗੇ ਅਰ ਕਿਸੇ ਤੋਂ ਦਬਾਯਾਂ ਨਹੀਂ ਦਬਣਗੇ। ਮਰਹੱਟਿਆਂ ਤੋਂ ਨਹੀਂ ਦਬੇ, ਦੁਆਬੇ ਦਾ ਨਵਾਬ ਡਰਦਾ ਹੈ, ਸਰਹਿੰਦ ਤੁਹਾਡੇ ਮਗਰੋਂ ਫੇਰ ਜਾ ਪਏ ਸਨ। ਇਹ ਸੁਣਕੇ ਪੰਜ ਹਜ਼ਾਰ ਫ਼ੌਜ ਤੇ ਕੁਛ ਤੋਪਾਂ ਦੇਕੇ ਅਬਦਾਲੀ ਨੇ ਅਬਦੁੱਲਾ ਖਾਂ ਨੂੰ ਸਿਖਾਂ ਦੇ ਪ੍ਰਬੰਧ ਲਈ ਪੰਜਾਬ ਵਿਚ ਗਸ਼ਤ ਕਰਨ ਅਤੇ ਜਿਥੋਂ ਸਿਖ ਸਿਰ ਕੱਢਣ ਓਥੇ ਹੀ ਫੇਹ ਦੇਣ ਲਈ ਛੱਡਿਆ[104]। ਪਰ ਸਿਖ ਅਞਾਣੇ ਨਹੀਂ ਸਨ ਕਿ ਆਪਣੇ ਆਪ ਨੂੰ ਇਸ ਵੇਲੇ ਤਬਾਹ ਕਰਦੇ, ਜਦ ਕਿ ਉਹਨਾਂ ਦੇ ਪੈਰ ਜੰਮ ਰਹੇ ਸਨ। ਉਹਨਾਂ ਦਾ ਜੋ ਕੁਛ ਸੀ ਆਪਣੇ ਪੈਰਾਂ ਤੇ ਸੀ। ਉਧਰੋਂ ਦਿੱਲੀ ਦੀ ਜੋ ਤਾਕਤ ਰਹੀ ਖਹੀ ਸੀ, ਉਹਨਾਂ ਦੇ ਵਿਰੁੱਧ ਸੀ, ਅਫ਼ਗ਼ਾਨਿਸਤਾਨ ਦੀ ਤਾਕਤ ਵੀ ਉਨ੍ਹਾਂ ਦੇ ਵਿਰੁੱਧ ਸੀ, ਇਨ੍ਹਾਂ ਹਾਲਤਾਂ ਵਿਚ ਓਹ ਬੜਾ ਬਚਾ ਬਚਾ ਕੇ ਟੁਰਦੇ ਤੇ ਆਪਣੇ ਪੈਰ ਪੱਕੇ ਕਰਦੇ ਅਰ ਤਬਾਹੀ ਦੇ ਵੇਲੇ ਬਚਾਉ ਦੇ ਦਾਉ ਘਾਉ ਕਰ ਲੈਂਦੇ। ​ਅਬਦੁੱਲਾ ਖਾਂ ਜੋ ਸਿਖਾਂ ਲਈ ਥਾਪਿਆ ਗਿਆ, ਉਹੀ ਸੀ ਜੋ ਇਸ ਤੋਂ ਪਹਿਲੇ ਹਮਲੇ ਵਿਚ ਅਬਦਾਲੀ ਵਲੋਂ ਕਸ਼ਮੀਰ ਗਿਆ ਸੀ, ਜਿਸ ਨੇ ਕਸ਼ਮੀਰ ਮੁਗ਼ਲ ਕਬਜ਼ੇ ਤੋਂ ਸਦਾ ਲਈ ਛੁਡਾਕੇ ਪਠਾਣਾਂ ਦੇ ਕਬਜ਼ੇ ਕੀਤਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਹੀ ਆ ਕੇ ਛੁਡਾਇਆ। ਕਸ਼ਮੀਰ ਦੇ ਇਤਿਹਾਸ ਵਿਚ ਇਹ ਸਮਾਂ ਬੜਾ ਹੀ ਦੁਖਦਾਈ ਬੀਤਿਆ ਹੈ।

ਅਬਦੁੱਲਾ ਖਾਂ ਪੰਜਾਬ ਵਿਚ ਫਿਰ ਨਿਕਲਿਆ, ਪਰ ਉਸ ਨੂੰ ਕਿਤੇ ਕੋਈ ਸਿੱਖ ਦਲ ਨਹੀਂ ਮਿਲਿਆ, ਗਿਰਾਵਾਂ ਸ਼ਹਿਰਾਂ ਦੇ ਰਹਿਣ ਵਾਲੇ, ਆਪਣੇ ਕਿੱਤੇ ਕਾਰ ਕਰਨ ਵਾਲੇ ਉਸ ਨਾਲ ਅੜਦੇ ਹੀ ਨਹੀਂ ਸਨ ਅਰ ਨਾ ਇਸ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਮੂਰਖਤਾ ਕੀਤੀ।

ਅਬਦਾਲੀ ਮੂੰਹ ਚੱਕ ਦਿੱਲੀ ਵੱਲ ਟੁਰ ਗਿਆ, ਸਰਹਿੰਦ ਠਹਿਰਕੇ ਅੱਗੇ ਵਧਿਆ। ਖੰਨੇ ਮੁਕਾਮ ਪਿਆ, ਸੱਚ ਮੁਚ ਨਗਰ ਵਿਚ ਤਲਾਸ਼ੀ ਹੋਈ, ਪਰ ਪਿੰਡ ਦੇ ਹਿੰਦੂ, ਮੁਸਲਮਾਨਾਂ ਸਭ ਤੋਂ ਇਹੋ ਖਬਰ ਮਿਲੀ ਕਿ ਏਥੋਂ ਦੀ ਕਾਬਲ ਨੂੰ ਫੜ ਕੇ ਗਈ ਬੀਬੀ ਵਾਪਸ ਨਹੀਂ ਆਈ। ਦਿੱਲੀ ਅੱਪੜ ਕੇ ਅਬਦਾਲੀ ਵਜ਼ੀਰ ਅਮੀਰ ਅਰ ਕਈ ਹੋਰ ਉਮਰਾਵਾਂ ਨੂੰ ਕਤਲ ਕਰਕੇ ਨਜੀਬ ਖਾਂ ਨੂੰ ਵਜ਼ੀਰ ਬਣਾਕੇ ਅੱਗੇ ਵਧਿਆ[105]। ਮਥਰਾ ਪੁਰ ਮਰਹੱਟਿਆਂ ਨੂੰ ਭਾਂਜ ਦੇਕੇ ਉਹ ਲੁੱਟ ਮਚਾਈ ਕਿ ਬੜੇ ਬੜੇ ਮੰਦਰਾਂ ਦੇ ਹੀਰੇ ਜ੍ਵਾਹਰਾਤ ਮਾਲ ਮਤੇ ਲੁੱਟ ਲਏ, ਅਨਗਿਣਤ ਧਨ ਦੌਲਤ ਲੈ, ਸ਼ਹਿਰ ਲੁੱਟ, ਹਿੰਦੂ ਸ਼ਾਨ ਮਿੱਟੀ ਵਿਚ ਮਿਲਾ, ਇੱਜ਼ਤ ਸਤਿਕਾਰ ਦੇ ਸਿਰ ਮਿੱਟੀ ਪਾ ਦਿੱਲੀ ਮੁੜਿਆ[106]। ਇਥੋਂ ਬੀ ਜੋ ਕੁਛ ਮਿਲਿਆ ਲੈ ਤ੍ਰੈ ਮਹੀਨੇ ਵਿਚ ਮਾਲਾ ਮਾਲ ਹੋ ਸਰਹਿੰਦ ਆ ਪੁੱਜਾ। ਏਥੇ ਜ਼ੈਨ ਖਾਂ ਨੂੰ ਨਵਾਬ ਥਾਪਿਓਸੁ[107]। ਇਸ ਵੇਲੇ ਏਥੇ ​ਕੋਟਲੇ ਤੇ ਰਾਇ ਕੋਟ ਦੇ ਮੁਸਲਮਾਨ ਰਾਜਪੂਤਾਂ ਨੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਦੀ ਸ਼ਿਕਾਇਤ ਕੀਤੀ। ਅਬਦਾਲੀ ਨੇ ਕੁਛ ਫੌਜ ਬਰਨਾਲੇ ਵੱਲ-ਜੋ ਤਦੋਂ ਪਟਿਆਲੇ ਦੀ ਰਾਜਧਾਨੀ ਸੀ-ਘੱਲ ਦਿਤੀ। ਇਧਰ ਤਾਂ ਮਹਾਰਾਜਾ ਨੇ ਆਪਣੀ ਸਾਰੀ ਤਾਕਤ ਜੋੜਕੇ ਸ਼ਹਿਰ ਦੀ ਰਾਖੀ ਦਾ ਪ੍ਰਬੰਧ ਕੀਤਾ ਤੇ ਆਈ ਫੌਜ ਦੀਆਂ ਗਿਰਾਵਾਂ ਤੋਂ ਹੀ ਸ਼ੁਰੂ ਹੋ ਗਈਆਂ ਹੱਥ ਚਲਾਕੀਆਂ ਲੁੱਟਾਂ ਮਾਰਾਂ ਦੇ ਟਾਕਰੇ ਦਾ ਪ੍ਰਬੰਧ ਕੀਤਾ, ਉਧਰ ਕੁਛ ਸਿਆਣੇ ਆਦਮੀ ਵਿਚ ਪਾਕੇ ਅਬਦਾਲੀ ਨਾਲ ਸੁਲਹ ਕਰ ਲਈ, ਇਥੋਂ ਤਾਂਈਂ ਕਿ ਅਬਦਾਲੀ ਉਹਨਾਂ ਦੀ ਰਾਜਗੀ ਦਾ ਖਿਤਾਬ ਖਿਲ-ਅਤ ਹੋਰ ਪੱਕਿਆਂ ਕਰ ਗਿਆ[108]। ਜੋ ਮੁੱਠ-ਭੇੜ ਇਸ ਵੇਲੇ ਪਠਾਣਾਂ ਨਾਲ ਸਿਖਾਂ ਦੀ ਹੋਈ ਉਸ ਵਿਚ ਦਿਲ ਖੋਲ੍ਹ ਕੇ ਅਲਾਂਬਾ ਸਿੰਘ ਨੇ ਜਾਨਬਾਜ਼ੀ ਦਿਖਾਈ ਸੀ। ਇਹ ਲੜਾਈ ਛੇਤੀ ਮੁਕ ਗਈ ਸੀ। ਪਰ ਜ਼ਖਮੀਆਂ ਤੇ ਦੁਖੀਆਂ ਦੀ ਕਾਫੀ ਗੇਣਤੀ ਸਤਵੰਤ ਤੇ ਸਾਂਈਂ ਜੀ ਦੀ ਸੇਵਾ ਤੇ ਧਿਆਨ ਲਈ ਹੋ ਗਈ। ਇਨ੍ਹਾਂ ਜ਼ਖਮੀਆਂ ਵਿਚ ਕੁਝ ਦੁਰਾਨੀ ਦੇ ਆਦਮੀ ਬੀ ਸਨ, ਜਿਨ੍ਹਾਂ ਦੇ ਇਲਾਜ ਦਾ ਪ੍ਰਬੰਧ ਬੀ ਇਨ੍ਹਾਂ ਬਹਾਦਰ ਸਿੱਖ ਇਸਤ੍ਰੀਆਂ ਨੇ—ਬਿਨਾ ਇਸ ਗੱਲ ਦੇ ਸੰਸੇ ਦੋ ਕਿ ਇਹ ਵੈਰੀ ਹਨ, ਆਪਣੇ ਸਿਰ ਲੈ ਲਿਆ ਸੀ। ਸੰਜੋਗਾਂ ਵਿਜੋਗਾਂ ਦੇ ਰੰਗ ਦੇਖੋ ਕਿ ਨਵਾਬ ਅਸਮਤੁੱਲਾ ਖਾਂ, ਜਿਨ੍ਹਾਂ ਦੇ ਘਰ ਸਤਵੰਤ ਗ਼ੁਲਾਮੀ ਦੀ ਹਾਲਤ ਵਿਚ ਰਹਿ ਆਈ ਸੀ-ਜੋ ਫਾਤਮਾ ਦੇ ਘਰ ਵਾਲਾ ਸੀ- ਜਿਸ ਦੀ ਅੱਗੇ ਸਤਵੰਤ ਨੇ ਕਾਬਲ ਹੁੰਦਿਆਂ ਜਾਨ ਬਚਾਈ ਸੀ, ਇਨ੍ਹਾਂ ਜ਼ਖਮੀਆਂ ਵਿਚ ਸੀ। ਸਤਵੰਤ ਨੇ ਸਿਆਣ ਲਿਆ, ਆਪ ਉਸ ਦੇ ਸਾਹਮਣੇ ਨਹੀਂ ਹੋਈ, ਸਾਂਈਂ ਜੀ ਦੇ ਸਪੁਰਦ ਕੀਤੇ ਬੀਮਾਰਾਂ ਵਿਚ ਇਹ ਬੀਮਾਰ ਰੱਖਿਆ ਗਿਆ। ਜੋ ਜ਼ਖਮੀ ਥੋੜੀ ​ਥੋੜੀ ਸੱਟ ਫੇਟ ਵਾਲੇ ਸਨ, ਪੱਟੀਆਂ ਬੰਨ੍ਹ ਬੰਨ੍ਹਾ ਦੋ ਚਾਰ ਦਿਨ ਵਿਚ ਸਰਹਿੰਦ ਵਿਚ ਪੁਚਾ ਦਿਤੇ ਗਏ। ਅਬਦਾਲੀ ਨੇ ਇਹ ਸਲੂਕ ਮਹਾਰਾਜਾ ਪਟਿਆਲੇ ਦੀ ਸਿਦਕ ਦਿਲੀ ਦਾ ਸਬੂਤ ਸਮਝਕੇ ਬੜੀ ਖੁਸ਼ੀ ਪ੍ਰਗਟ ਕੀਤੀ ਅਰ ਸਿਖਾਂ ਦੇ ਇਸ ਵਰਤਾਉ ਨੇ ਚੰਗਾ ਅਸਰ ਪੈਦਾ ਕੀਤਾ। ਜੋ ਜ਼ਖਮੀ ਬਰਨਾਲੇ ਵੈਦ-ਰਾਜਾਂ ਦੇ ਇਲਾਜ ਤੇ ਸਤਵੰਤ ਵਰਗੀਆਂ ਆਪਾ ਵਾਰ ਸੇਵਕ ਸਿੰਘਣੀਆਂ ਦੀ ਸੇਵਾ ਹੇਠ ਰਾਜ਼ੀ ਹੋ ਰਹੇ ਸੀ, ਹੋ ਗਏ। ਪਰ ਨਵਾਬ ਅਸਮਤੁੱਲਾ ਖਾਂ ਦੀ ਹਾਲਤ ਖਰਾਬ ਹੋ ਗਈ। ਸਰਹਿੰਦ ਤੋਂ ਅਬਦਾਲੀ ਨੇ ਆਪਣੇ ਜਰਾਹ (ਨਾਈ) ਬੀ ਘੱਲੇ, ਪਰ ਉਹ ਰਾਜ਼ੀ ਨਾ ਹੋ ਸਕਿਆ, ਓਥੇ ਹੀ ਮਰ ਗਿਆ ਤੇ ਉਸ ਦੀ ਲੋਥ ਸਰਹਿੰਦ ਘੱਲੀ ਗਈ, ਜਿਥੇ ਉਹ ਦਫਨਾਇਆ ਗਿਆ।

ਜਿਸ ਵੇਲੇ ਵੈਦਾਂ ਨੇ ਦੱਸ ਦਿਤਾ ਸੀ ਕਿ ਇਹ ਹੁਣ ਜ਼ਰੂਰ ਮਰੇਗਾ ਤੇ ਕੋਈ ਦਿਨ ਦਾ ਪਰਾਹੁਣਾ ਹੈ ਤਾਂ ਸਤਵੰਤ ਇਕ ਦਿਨ ਉਸ ਨੂੰ ਮਿਲ ਹੀ ਪਈ ਤੇ ਉਸ ਦੀ ਬੋਲੀ ਵਿਚ ਇਸ ਨੇ ਖੁੱਲ੍ਹੇ ਬਚਨ ਬਿਲਾਸ ਕੀਤੇ। ਉਸ ਨੂੰ ਅੰਤ ਵੇਲੇ ਐਸੇ ਸਜਣ ਦੇ-ਜਿਸ ਨੇ ਕਦੇ ਆਪਣੀ ਜਾਨ ਹੂਲ ਕੇ ਉਸ ਦੀ ਜਾਨ ਬਚਾਈ ਸੀ- ਦਰਸ਼ਨ ਹੋਣੇ ਬੜੇ ਸੁਖਦਾਈ ਹੋਏ। ਸਤਵੰਤ ਨੇ ਉਸ ਨੂੰ ਵਾਹਿਗੁਰੂ ਦੇ ਦੇਸ਼ ਦੇ ਉਪਦੇਸ਼ ਦਿੱਤੇ ਅਰ ਰੂਹਾਨੀ ਬਾਤਾਂ ਸੁਣਾ ਕੇ ਠੰਢ ਪਾਈ। ਉਹ ਮਰਨ ਵੇਲੇ ਨਾਮ ਵਿਚ ਲਗ ਗਿਆ। ਉਸ ਦੀ ਇਹ ਬੜੀ ਇੱਛਾ ਸੀ ਕਿ ਕਿਵੇਂ ਸਤਵੰਤ ਫਾਤਮਾਂ ਨੂੰ ਮਿਲ ਪਵੇ, ਜੋ ਫਾਤਮਾਂ ਦੇ ਬਾਕੀ ਦੇ ਦਿਨ ਦੁਖੀ ਨਾ ਲੰਘਣ, ਪਰ ਇਹ ਹੋਣਾ ਕਠਨ ਸੀ। ਉਹ ਜਾਣਦਾ ਸੀ ਕਿ ਸਤਵੰਤ ਉਸ ਦੇਸ਼ ਨੂੰ ਕੈਦ ਸਮਝਦੀ ਹੈ ਤੇ ਫਾਤਮਾ ਨੇ ਵਤਨ ਛੱਡ ਕੇ ਏਥੇ ਆਉਣਾ ਨਹੀਂ, ਪਰ ਤਦ ਬੀ ਉਸ ਨੇ ਇਕ ਖ਼ਤ ਆਪਣੀ ਵਹੁਟੀ ਨੂੰ ਲਿਖਿਆ, ਜਿਸ ਵਿਚ ਆਪਣੇ ਅਖੀਰੀ ਪ੍ਯਾਰ ਦੇ ਪਿਛੋਂ ਉਸ ਨੂੰ ਉਸ ਦੇ ਮਰਨ ਮਗਰੋਂ ਕਰਨ ਵਾਲੇ ਕੰਮ ਦੱਸੇ ਤੇ ਲਿਖਿਆ ਕਿ ​ਪੰਜਾਬ ਦਾ ਪ੍ਰਬੰਧ ਹੁਣ ਅਬਦਾਲੀ ਨੇ ਪੱਕਾ ਕਰ ਦਿਤਾ ਹੈ, ਉਮੈਦ ਨਹੀਂ ਕਿ ਪਠਾਣ ਰਾਜ ਹੁਣ ਏਥੋਂ ਹਿੱਲ ਸਕੇ, ਜੋ ਅਮਨ ਹੈ ਅਰ ਉਸਦਾ ਚਿੱਤ ਜੇ ਸਤਵੰਤ ਨੂੰ ਮਿਲੇ ਬਿਨਾਂਸੁਖੀ ਨਾਂ ਰਹਿ ਸਕੇ ਤਾਂ ਹਿੰਦ ਵਿਚ ਆ ਜਾਵੇ ਤੇ ਸਰਹਿੰਦ ਵਾਲੇ ਪੀਰਾਂ[109] ਦੇ ਡੇਰੇ ਆ ਕੇ ਠਹਿਰੇ ਅਰ ਏਥੋਂ ਪ੍ਰਬੰਧ ਕਰਕੇ ਬੀਬੀ ਨੂੰ ਮਿਲ ਲਵੇ। ਇਹ ਚਿੱਠੀ ਉਸ ਨੇ ਬੀਬੀ ਦੇ ਹੱਥ ਦਿੱਤੀ ਤੇ ਆਪ ਉਸ ਦੇ ਅਗਲੇ ਤੇ ਹੁਣ ਤੇ ਸ਼ੁਕਰੀਏ ਕਰਦਾ ਜਗਤ ਤੋਂ ਟੁਰ ਗਿਆ। ਅਸਮਤੁੱਲਾ ਖਾਂ ਮਰਨ ਤੋਂ ਪਹਿਲੇ ਇਕ ਖ਼ਤ ਹੋਰ ਅਬਦਾਲੀ ਵਲ ਘੱਲ ਗਿਆ, ਜਿਸ ਵਿਚ ਉਸ ਨੇ ਆਪਣੀ ਸਿਖਾਂ ਵਿਚ ਹੋਈ ਖਿਦ-ਮਤ, ਸਿਖਾਂ ਦੇ ਨੇਕ ਸਲੂਕ ਤੇ ਇਨ੍ਹਾਂ ਦੇ ਫਕੀਰੀ ਅਰ ਪਿਆਰ ਭਰੇ ਜੀਵਨ ਦਾ ਜ਼ਿਕਰ ਕੀਤਾ ਤੇ ਬਿਨੈ ਕੀਤੀ ਕਿ ਇਨ੍ਹਾਂ ਨਾਲ ਸੁਲਹ ਕੀਤੀ ਜਾਵੇ ਇਹ ਇਕ ਅੱਲਾ ਦੇ ਮੰਨਣ ਵਾਲ ਹਨ, ਨਾ ਕਾਫਰ ਹਨ ਨਾਂ ਮੁਸ਼ਰਿਕ, ਇਨ੍ਹਾਂ ਬਾਬਤ ਆਪ ਤਕ ਗ਼ਲਤ ਖਬਰਾਂ ਅੱਪੜਦੀਆਂ ਹਨ ਤੇ ਕਿਸੇ ਵੱਲ ਫਕੀਰਾਂ ਤੇ ਜ਼ੁਲਮ ਹੋ ਜਾਂਦੇ ਹਨ। ਚੰਗਾ ਇਹ ਹੈ ਕਿ ਮੁਸਲਮਾਨਾਂ ਤੇ ਸਿਖਾਂ ਦਾ ਵਿਰੋਧ ਕਦੇ ਨਾ ਹੋਵੇ, ਜਿਵੇਂ ਜਿਵੇਂ ਹੋ ਸਕੇ ਇਨ੍ਹਾਂ ਨਾਲ ਮੇਲ ਕਰਕੇ ਸਦਾ ਦੀ ਸੁਲਹ ਕਰ ਲਈ ਜਾਵੇ, ਪਰ ਅਹਿਮਦ ਸ਼ਾਹ ਤਾਂ ਪਠਾਣੀ ਰਾਜ ਦੇ ਬੰਨ੍ਹਣ ਦੇ ਫਿਕਰ ਵਿਚ ਸੀ, ਉਸ ਨੇ ਤਾਂ ਸਿਖ ਇਸ ਲੋਭ ਦੇ ਲਈ ਮਾਰਨੇ ਸਨ ਕਿ ਉਸ ਦੇ ਰਾਹ ਵਿਚ ਰੋੜਾ ਸਨ।

ਅਹਿਮਦ ਸ਼ਾਹ ਨੇ ਹੁਣ ਲਾਹੌਰ ਨੂੰ ਕੂਚ ਕੀਤਾ, ਪਰ ਸਤਲੁਜ ਪਾਰ ਅੱਪੜਦੇ ਹੀ ਉਸ ਦੇ ਲੁੱਟ ਦੇ ਮਾਲ ਉਤੇ ਕਦੇ ਕਦੇ ਰਾਤ ਛਾਪੇ ਪੈਣੇ ਸ਼ੁਰੂ ਹੋਏ। ਸਿਖ ਸਵਾਰਾਂ ਦੇ ਜਥੇ ਜੰਗਲਾਂ ​ਵਿਚੋਂ ਅੱਧੀ ਰਾਤ ਨਿਕਲਦੇ ਤੇ ਆਪਣੇ ਦੇਸ਼ ਦੇ ਲੁਟੇ ਹੋਏ ਬਦੇਸ਼ ਨੂੰ ਚਲੇ ਜਾ ਰਹੇ ਮਾਲ ਤੇ ਹਮਲਾ ਕਰਕੇ ਜਿੰਨਾ ਬਣ ਪਵੇ ਲੁੱਟ ਖਹਕੇ ਨਿਕਲ ਜਾਂਦੇ, ਦਿਨ ਹੁੰਦੇ ਤੱਕ ਓਹ ਜੰਗਲਾਂ ਬਨਾਂ ਵਿਚ ਲੁਕ ਜਾਂਦੇ। ਉਹਨਾਂ ਨੂੰ ਲੱਭਣਾ ਤੇ ਫੜਨਾ ਬੜਾ ਕਠਨ ਸੀ। ਇਸ ਤਰ੍ਹਾਂ ਦੇ ਖੋਹ ਲਏ ਸਾਲ ਤੋਂ ਸਿਖ ਸ਼ਸਤ੍ਰ, ਘੋੜੇ ਤੇ ਜੰਗੀ ਸਾਮਾਨ ਬਣਾਉਂਦੇ, ਇਥੋਂ ਤਾਈਂ ਕਿ ਹੁਣ ਆਪਣੀਆਂ ਤੋਪਾਂ ਬੀ ਢਾਲਣ ਲੱਗ ਪਏ ਸਨ। ਪਾਤਸ਼ਾਹ ਵਲੋਂ ਬਲੰਦ ਖਾਂ ਪੰਜ ਹਜ਼ਾਰ ਫੌਜ ਦੇ ਹੁਕਮ ਉਤੇ ਸਿਖਾਂ ਦੇ ਫੜਨ ਵਾਸਤੇ ਥਾਪਿਆ ਗਿਆ, ਪਰ ਉਸ ਨੂੰ ਕੋਈ ਜਥਾ ਹੱਥ ਨਾ ਆਇਆ। ਅਖੀਰ ਵਿਚ ਉਸ ਨੇ ਆਪਣੀ ਅਬਰੋ ਰੱਖਣ ਖਾਤਰ ਨਾ ਲੜਨ ਵਾਲੇ ਕਈ ਸਿਖ ਮਾਰੇ। ਕਈ ਗਿਰਾਂ ਲੁੱਟੇ ਤੇ ਕਈ ਕਿਰਤੀ ਤੇ ਜ਼ਿੰਮੀਂਦਾਰ ਸਿਖ ਫੜੇ, ਨਾਲ ਪੰਜ ਦਸ ਆਗੂ ਬੀ ਉਸ ਦੇ ਹੱਥ ਆ ਗਏ ਜੋ ਉਸ ਨੇ ਸਰਗਨੇ ਦੱਸਕੇ ਲਾਹੌਰ ਆ ਅਬਦਾਲੀ ਦੇ ਪੇਸ਼ ਕੀਤੇ, ਜਿਨ੍ਹਾਂ ਵਿਚ ਇਹ ਨਾਮ ਇਤਿਹਾਸ ਵਿਚ ਯਾਦ ਰਹਿ ਗਏ ਹਨ:-ਰਾਵਨ ਸਿੰਘ, ਕੇਹਰ ਸਿੰਘ, ਬਾਘੜ ਸਿੰਘ, ਹਾਠੋ ਸਿੰਘ ਤੇ ਗਿਰਝਾ ਸਿੰਘ। ਅਬਦਾਲੀ ਇਨ੍ਹਾਂ ਦੇ ਕੱਦ, ਗ੍ਰ ਡੀਲ ਸ਼ਕਲਾਂ, ਅਡੋਲ ਦੇ ਨਿਰਭੈ ਤੌਰ ਵੇਖਕੇ ਹੈਰਾਨ ਹੋ ਪੁੱਛਣ ਲੱਗਾ:-ਤੁਸੀਂ ਕੌਣ ਲੋਕ ਹੋ? ਹਾਠੋ ਸਿੰਘ ਨੇ ਜੁਵਾਬ ਦਿਤਾ ਕਿ ਅਸੀ ਸਿੰਘਹਾਂ।

ਅਬਦਾਲੀ-ਸਿੰਘ ਕੀ ਹੁੰਦਾ ਹੈ?

ਹਾਠੋ ਸਿੰਘ-ਸ਼ੇਰ।

ਅਬਦਾਲੀ-ਸ਼ੇਰ ਹਾਥੀ ਨਾਲ ਲੜਦਾ ਹੈ, ਕੀ ਤੂੰ ਬੀ ਹਾਥੀ ਨਾਲ ਲੜ ਸਕਦਾ ਹੈਂ?

ਹਾਠੋ ਸਿੰਘ-ਬਨ ਵਿਚ ਵਿਚਰਦਾ ਸ਼ੇਰ ਹਾਥੀ ਨੂੰ ਮਾਰ ਸਕਦਾ ਹੈ, ਪਿੰਜਰੇ ਪਿਆ ਕੀਕੂੰ?

ਪਾਤਸ਼ਾਹ ਨੇ ਕਿਹਾ, ਇਕ ਮਸਤ ਖ਼ੂਨੀ ਹਾਥੀ ਲਿਆਓ, ਹਾਠੋ ਸਿੰਘ ਦੇ ਬੰਦ ਖੁਹਲ ਦਿਤੇ ਗਏ ਅਰ ਢਾਲ ਤਲਵਾਰ ਹੱਥ ​ਦਿਤੀ ਗਈ। ਸਾਂਈਂ ਦੀ ਮਿਹਰ, ਹਾਠੋ ਸਿੰਘ ਨੇ ਓਹ ਹੱਥ ਪਲੱਥੇ ਖੇਡੇ ਤੇ ਛਕੜ ਉਸ ਦੀ ਸੰਡ ਤੇ ਅਚਾਨਕ ਵਾਰ ਕਰਕੇ ਅਗਲਾ ਹਿੱਸਾ ਦੁਟੱਕ ਕਰ ਦਿੱਤਾ ਕਿ ਹਾਥੀ ਚੀਕਾਂ ਮਾਰਦਾ ਭੱਜ ਗਿਆ। ਦੁਰਾਨੀ ਨੇ ਇਕ ਪਠਾਣ ਪਹਿਲਵਾਨ ਨਾਲ ਗਿਰਝਾ ਸਿੰਘ ਦਾ ਘੋਲ ਕਰਾਇਆ; ਸਾਂਈਂ ਨੇ ਸਿੰਘ ਦੀਆਂ ਭੁਜਾਂ ਵਿਚ ਬਲ ਪਾਇਆ ਕਿ ਉਸ ਨੇ ਪਠਾਣ ਨੂੰ ਚਾਰੇ ਸ਼ਾਨੇ ਚਿੱਤ ਰੱਖਿਆ।

ਅਬਦਾਲੀ ਨੇ ਇਹ ਤੱਕਕੇ ਸਾਰੇ ਸਿਖ ਛਡ ਦਿਤੇ। ਮੁਸਲਮਾਨਾਂ ਵਲ ਤੱਕ ਕੇ ਅਬਦਾਲੀ ਨੇ ਕਿਹਾ ਕਿ ਇਹ ਕੌਮ ਥੋੜੀ ਸੁਣੀਦੀ ਹੈ, ਪਰ ਜੇ ਦਿੱਲੀ ਤੇ ਕਾਬਲ ਇਨ੍ਹਾਂ ਨੂੰ ਠਲ੍ਹ ਨਾ ਸਕੇ ਤਾਂ ਰਾਜ ਕਰੇਗੀ, ਤੁਸੀਂ ਇਨ੍ਹਾਂ ਨੂੰ ਪਰੇਮ ਨਾਲ ਢਾਓ। ਨਵਾਬ ਲਾਹੌਰ ਨੂੰ ਉਸਨੇ ਕਿਹਾ ਕਿ ਇਨ੍ਹਾਂ ਨੂੰ ਹੁਣ ਮਿੱਤ੍ਰ ਬਣਾਓ ਤੇ ਜੋ ਵਿਖਾਧ ਦੇ ਨੁਕਤੇ ਹਨ ਸਫਾ ਕਰ ਲਓ। ਹੁਣ ਇਨ੍ਹਾਂ ਨਾਲ ਟਾਕਰਾ ਕਰਨਾ ਇਨ੍ਹਾਂ ਵਿਚ ਬਲ ਭਰਨਾ ਹੋਵੇਗਾ। ਅਬਦੁੱਲਾ ਖਾਂ ਤੇ ਬੁਲੰਦ ਖਾਂ ਨੂੰ ਹੁਕਮ ਹੋਇਆ ਕਿ ਇਨ੍ਹਾਂ ਲੋਕਾਂ ਦਾ ਪਿੱਛਾ ਛੋੜ ਦੇਵੋ।

ਅਬਦਾਲੀ ਹੁਣ ਆਪਣੀ ਵਲੋਂ ਪੱਕੇ ਪੈਰ ਜਮਾ ਕੇ ਟੁਰ ਗਿਆ ਤੇ ਸਿਖਾਂ ਨੇ ਫੇਰ ਜੰਗਲ ਪਹਾੜਾਂ ਕੰਧੀਆਂ ਬਨਾਂ ਵਿਚੋਂ ਨਿਕਲਕੇ ਆਪਣੇ ਥਾਂ ਟਿਕਾਣੇ ਸੰਭਾਲ ਲਏ। ਰਾਜਾ ਬੀਕਾਨੇਰ ਦੇ ਸੱਦਣ ਤੇ ਮਾਲਵੇ ਵਿਚ ਸਿਖ ਕੱਠੇ ਹੋਏ, ਨਵੇਂ ਸਿਰੇ ਜਥੇ ਬਣੇ ਤੇ ਉਧਰ ਨੂੰ ਟੁਰ ਪਏ। ਮਾਝੇ, ਮਾਲਵੇ ਦੇ ਸਾਰੇ ਜਥੇਦਾਰ ਇਸ ਸਮੇਂ ਇਕ ਜਾਨ ਇਕ ਰੰਗ ਬਣੇ ਇਕੱਠੇ ਹੋਏ ਸਨ। ਅਜੇ ਤੱਕ ਪਾਟੋਧਾੜ, ਦੇਸ਼ ਭੇਤ, ਜਾਤ ਭੇਤ ਦੀ ਕੋਈ ਤਰੇੜ ਸਿਖਾਂ ਵਿਚ ਨਹੀਂ ਸੀ ਆਈ।

ਸਿੱਖ ਦੱਖਣੀ ਪੰਜਾਬ ਵੱਲ ਜਦ ਸਾਰੇ ਰੁਖ਼ ਕਰ ਗਏ, ਤਦ ਅਲਾਂਬਾ ਸਿੰਘ ਗੁਰਧਾਮਾਂ ਦੀ ਰਾਖੀ ਲਈ ਦਰਬਾਰ ਸਾਹਿਬ ​ਘੱਲਿਆ ਗਿਆ। ਇਸ ਦੇ ਸਪੁਰਦ ਦੋ ਸੌ ਜੁਆਨ ਸੀ। ਹੁਕਮ ਇਹ ਸੀ ਕਿ ਆਪ ਕਿਸੇ ਨਾਲ ਅੜਨਾ ਨਹੀਂ, ਲਾਹੌਰ ਦੇ ਹਾਲਾਤ ਦੀ ਪੂਰੀ ਖ਼ਬਰ ਰੱਖਣੀ ਤੇ ਕਾਬਲ ਦੀ ਖ਼ਬਰ ਸੁਰਤ ਸਾਰੀ ਰਖਣੀ, ਜੇ ਜ਼ਰਾ ਖ਼ਤਰਾ ਦੇਖੋ ਤਾਂ ਪੰਥ ਨੂੰ ਛੇਤੀ ਖ਼ਬਰ ਪਹੁੰਚਾ ਦੇਣੀ। ਓਹ ਜਾਣਦੇ ਸਨ ਕਿ ਇਸ ਵੇਲੇ ਮੈਦਾਨ ਵਿਚ ਅਬਦਾਲੀ ਨਾ ਹੋਵੇ ਤਾਂ ਪੰਜਾਬ ਅਸਾਂ ਦਾ ਹੈ, ਕਿਸੇ ਓਪਰੇ ਦਾ ਏਥੇ ਦਖਲ ਰਹਿ ਨਹੀਂ ਸਕਦਾ, ਬਲਕਿ ਉਹ ਹੁਣ ਦਿੱਲੀ ਫਤਹ ਕਰਨੀ ਬੀ ਨੇੜੇ ਤੱਕ ਰਹੇ ਸਨ। ਅਬਦਾਲੀ ਚਾਹੇ ਸਿਖਾਂ ਦੀ ਬਹਾਦਰੀ ਤੇ ਅਸ਼ ਅਸ਼ ਕਰ ਜਾਂਦਾ ਸੀ, ਪਰ ਦਾਉ ਤਾਂ ਸਦਾ ਲੱਭਦਾ ਸੀ ਕਿ ਜਾਂ ਇਹ ਸ਼ਰਨ ਹੋਣ ਤੇ ਮੇਲ ਬਣ ਜਾਵੇ, ਨਹੀਂ ਤਾਂ ਇਨ੍ਹਾਂ ਦਾ ਮਲੀਆਮੇਟ ਕਰੇ, ਇਸ ਲਈ ਸਿਖ ਭੀ ਚੌਕਸ ਰਹਿੰਦੇ ਸਨ ਅਰ ਅਜੇ ਤੱਕ ਉਸ ਦੀ ਤਾਕਤ ਤੋਂ ਨਪੀੜੇ ਨਹੀਂ ਜਾਂਦੇ ਸਨ। ਉਹਨਾਂ ਨੂੰ ਰੋਹ ਇਹ ਚੜ੍ਹਦਾ ਸੀ ਕਿ ਕਿਸੇ ਦੇ ਘਰ ਆਕੇ ਕੋਈ ਕਿਉਂ ਦਖਲ ਦੇਵੇ? ਅਬਦਾਲੀ ਆਪਣੇ ਘਰ ਵਸੇ, ਹਿੰਦੁਸਤਾਨ ਵਿਚ ਆਕੇ ਲੁੱਟ ਮਾਰ ਤਬਾਹੀ ਦਾ ਕੀ ਮਤਲਬ? ਪਰ ਆਪਣੇ ਗਿਰਦ ਹਿੰਦੂ ਮੁਸਲਮਾਨਾਂ ਨੂੰ ਸਾਂਝੇ ਇਕੱਠ ਵਿਚ ਇਕ ਮੁੱਠ ਹੋ ਦੇਸ਼ ਦੇ ਸਾਂਝੇ ਵੈਰੀ ਨਾਲ ਟਾਕਰੇ ਲਈ ਤਿਆਰ ਨਹੀਂ ਤੱਕਦੇ ਸਨ, ਇਸ ਕਰਕੇ ਇਕੱਲੇ ਸਿਰ ਝੱਲਦੇ ਸਨ ਜੋ ਕੁਛ ਆ ਬਣੇ। ਦੇਸ਼ ਨੂੰ ਸੁਖੀ ਤੇ ਸੁਤੰਤ੍ਰ ਕਰਨਾ ਹੈ ਤੇ ਰਾਜ ਆਪਣਾ ਸਾਜਣਾ ਹੈ, ਇਹ ਮਦ ਸਿਖਾਂ ਦੇ ਸਿਰ ਵਿਚ ਠਾਠਾਂ ਮਾਰਦਾ ਰਹਿੰਦਾ ਸੀ।

ਇਧਰ ਹੁਣ ਚੌਕਸਤਾਈ ਲਈ ਕਿ ਗੁਰਧਾਮਾਂ ਦੀ ਰਾਖੀ ਰਹੇ ਤੇ ਪੰਜਾਬ ਦੀ ਸਾਰੀ ਸੂੰਹ ਮਿਲਦੀ ਰਹੇ, ਅਲਾਂਬਾ ਸਿੰਘ ਜੀ ਅੰਮ੍ਰਿਤਸਰ ਆ ਗਏ। ਜਿਸ ਥਾਂਉਂ ਨੂੰ ਹੁਣ ਨਿਹੰਗਾਂ ਦੀ ਛਾਉਣੀ ਕਹਿੰਦੇ ਹਨ ਏਥੇ ਇਨ੍ਹਾਂ ਦਾ ਡੇਰਾ ਪਿਆ।

​

[ਸਤਿਸੰਗ ਮਿਲਾਪ]

ਉੱਪਰ ਲਿਖੇ ਸਮਾਚਾਰਾਂ ਨੂੰ ਛੇ ਮਹੀਨੇ ਬੀਤ ਗਏ ਹਨ। ਇਕ ਦਿਨ ਸੰਗ੍ਯਾ ਪੈ ਚੁਕੀ, ਚੰਦ੍ਰਮਾਂ ਚੜ੍ਹ ਪਿਆ, ਸਤਵੰਤ ਬੀ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਕ੍ਰਮਾ ਵਿਚ ਹਰਿ ਕੀ ਪੌੜੀ ਵਾਲੀ ਸੱਜੀ ਬਾਹੀ ਪਾਸ ਪੌੜੀਆਂ ਦੇ ਪਾਸ ਬੈਠੀ ਸੀ। ਅੰਦਰ ਇਕ ਜੱਥਾ ਯਾਤ੍ਰਾ ਕਰਨ ਆਇਆ ਕੀਰਤਨ ਕਰ ਰਿਹਾ ਸੀ ਕਿ ਬਾਉਰੀਆਂ ਵਾਲੇ ਸਾਈਂ ਲੋਕ ਆ ਗਏ, ਪਾਸ ਬਹਿ ਗਏ। ਬੀਬੀ ਨੇ ਦਰਸ਼ਨ ਕਰਕੇ ਸੀਸ ਝੁਕਾਇਆ ਤੇ ਬੜੇ ਅਦਬ ਨਾਲ ਸੁਖ ਸਾਂਦ ਪੁੱਛੀ। ਆਪ ਨੇ ਹੱਥ ਨਾਲ ਸੈਨਤ ਕੀਤੀ, ਬੀਬੀ ਮਗਰ ਮਗਰ ਪਈ, ਨਾਲ ਹੀ ਸਾਂਈਂ ਜੀ (ਤੇਜ ਕੌਰ) ਟੁਰ ਪਏ ਜੋ ਪਾਸ ਵਾਰ ਬੈਠੇ ਸੇ।

ਬਾਉਰੀਆਂ ਵਾਲੇ ਉਹਨਾਂ ਨੂੰ ਬੀ ਅਕਾਲ ਬੁੰਗੇ ਦੇ ਉੱਪਰ ਲੈ ਗਏ ਤੇ ਫੇਰ ਪਿਛਲੇ ਪਾਸੇ ਵਲ ਲੈ ਗਏ। ਅੱਗੇ ਇਕ ਸਿੰਘੀ ਲਿਬਾਸ ਵਿਚ ਸਿੰਘਣੀ ਖੜੀ ਸੀ ਤੇ ਨਾਲ ਇਕ ਭੁਜੰਗੀ ਸਿੰਘ ਸੀ। ਇਨ੍ਹਾਂ ਦੇ ਅੱਪੜਦੇ ਸਾਰ ਉਹ ਸਿੰਘਣੀ ਉੱਠਕੇ ਆਈ, ਧਾ ਕੇ ਸਤਵੰਤ ਕੌਰ ਦੇ ਗਲੇ ਚੰਬੜ ਗਈ ਤੇ ਫਾਰਸੀ ਵਿਚ ਬੋਲੀ 'ਅਜ਼ੀਜ਼ਾ ਅਜ਼ੀਜ਼'। ਆਹ! ਪਿਆਰ ਦਾ ਦਿਲਾਂ ਦੀਆਂ ਕੰਦਰਾਂ ਵਿਚ ਲੁਕ ਲੁਕ ਬਹਿਣਾ ਤੇ ਛਾਲਾਂ ਮਾਰ ਮਾਰ ਕੇ ਉੱਛਲ ਉੱਛਲ ਬਾਹਰ ਆਉਣਾ! ਸਤਵੰਤ ਦੇ ਕੰਨ ਆਵਾਜ਼ ਪਛਾਣ ਗਏ, ਕੋਮਲ ਪਰ ਘੁੱਟਵੀਂ ਜੱਫੀ ਨੇ ਪਿਆਰ ਦੇ ਕੜ ਪਾੜ ਘੱਤੇ। ਸਤਵੰਤ ਨੇ ਘੁੱਟ ਲਿਆ, ਘੁੱਟ ਰਹੀ ਹੈ ਆਪਣੀ ਪਿਆਰੀ ਫਾਤਮਾ ਨੂੰ ਜਿਸ ਨੇ ਉਸ ਨਾਲ ਕਦੇ ਔਖੀਆਂ ਵੇਲੇ ਪਿਆਰ ਕੀਤਾ ਸੀ। ਹਾਂ, ਜਿਸ ਦੇ ਪਿਆਰ ਬਦਲੇ ਸਤਵੰਤ ਉਸ ਦਾ ਘਟਦੀਪ ਜਗਾ ਆਈ ਸੀ। ਹਾਂ ਜੋ ਲੱਗੀਆਂ ਫੇਰ ਬੁਝੀਆਂ ਨਹੀਂ। ਉਹ ਨਾਮ ਦੀ ਰੌ, ਉਹ ਉੱਚੀ ਸੁਰਤ ਦੇ ਉਚੇਰੇ ਤੇ ਉਨਮਨ ਵਿਚ ਰਹਿਣ ਦੇ ਤਦੋਂ ਚੜ੍ਹੇ ਰੰਗ ਫੇਰ ਲੱਥੇ ​ਨਹੀਂ ਸਨ। ਅੱਜ ਵੇਖੋ ਉਹੋ ਅੰਦਰਲੀਆਂ ਲੱਗੀਆਂ ਫਾਤਮਾਂ ਨੂੰ ਕਿਥੇ ਲੈ ਆਈਆਂ ਹਨ ਅਰ ਕਿਸ ਤਰ੍ਹਾਂ ਵਲਿਖਾਂ ਚੀਰਕੇ ਪਿਆਰ ਦ ਗਲੇ ਚਿਮਟਾ ਰਹੀਆਂ ਹਨ। ਉਹ ਅਸਮਤੁੱਲਾ ਦਾ ਆਖਰੀ ਖ਼ਤ ਫਾਤਮਾਂ ਦੇ ਸਤਵੰਤ ਲਈ ਫੜਕ ਰਹੇ ਦਿਲ ਨੂੰ ਖੰਭ ਲਾਕੇ ਪੰਜਾਬ ਲੈ ਆਇਆ ਹੈ, ਉਸ ਅੰਦਰਲੇ ਸਤਿਸੰਗ-ਪ੍ਰੇਮ ਨੇ ਮਨ ਬਦਲਿਆ ਸੀ, ਮਨ ਨੇ ਵੇਸ, ਦੇਸ਼, ਮਤ ਤੇ ਧਰਮ ਸਾਰਾ ਕੁਛ ਬਦਲ ਘੱਤਿਆ। ਆਪਣੀ ਪ੍ਰੀਤਮਾ ਸਤਵੰਤ ਦੀ ਹੂ-ਬ-ਹੂ ਨਕਸ਼ੇ ਦੀ ਹੋਕੇ ਫਾਤਮਾ ਸਾਰੇ ਆਪਣੇ ਤੋਂ ਸਨ੍ਯਾਸ ਧਾਰ ਸਦਾ ਲਈ ਆਪਣਾ ਦੇਸ਼ ਛੱਡ ਪਿਆਰੀ ਦੇ ਦੇਸ਼ ਆ ਗਲੇ ਮਿਲੀ ਹੈ। ਮਿਲੀ ਹੈ ਕਿ ਇਕ ਹੋ ਗਈ ਹੈ। ਪਿਆਰ-ਅੰਦਰਲੇ ਦੇ ਪਿਆਰ- ਵਾਲੀਆਂ ਅੱਡ ਅੱਡ ਦੇਸ਼ਾਂ ਦੀਆਂ ਰੂਹਾਂ, ਅੱਡ ਅੱਡ ਮਤਾਂ ਦੀਆਂ ਰੂਹਾਂ, ਅੱਡ ਅੱਡ ਭਾਈਚਾਰਕ ਦੇਸ਼ਾਂ ਵਿਚ ਜੰਮੀਆਂ ਪਲੀਆਂ ਰੂਹਾਂ, ਕਿਵੇਂ ਅੰਦਰਲੇ ਦੇ ਪਿਆਰ ਨੇ ਇਕ ਕਰਾਈਆਂ ਹਨ। ਫਾਤਮਾਂ ਘੱਟ ਘੁੱਟ ਕੇ ਬਿਹਬਲ ਹੁੰਦੀ ਹੈ। ਨੈਣ ਛਮਾਂ ਛਮ ਵਗਦੇ ਹਨ ਕੰਠ ਗਦ ਗਦ ਹੈ। ਸਤਵੰਤ ਅਜਬ ਤਰੰਗਾਂ ਵਿਚ ਉਸ ਨੂੰ ਘੁੱਟਦੀ ਹੈ। ਜਿਉਂ ਜਿਉਂ ਮਿਲਣ ਠੰਢ ਪੈਂਦੀ ਹੈ, ਪਿਆਰ ਨੂੰ ਰੱਜ ਆਉਂਦਾ ਹੈ ਤੇ ਖਿੱਚ ਵਧਦੀ ਹੈ। ਵੱਖ ਹੋ ਹੋ ਕੇ ਫੇਰ ਮਿਲਦੀਆਂ ਹਨ, ਪਰ ਜਿਉਂ ਜਿਉਂ ਮਿਲਦੀਆ ਹਨ, ਤਿਉਂ ਤਿਉਂ ਵਲਵਲੇ ਵਧਦੇ ਹਨ। ਜਿਉਂ ਜਿਉਂ ਰਗ ਵਧਿਆ, ਤਿਉਂ ਤਿਉਂ ਪਿਆਰ ਸਮਾਧੀ ਗਾੜ੍ਹੀ ਹੋਈ, ਤਿਉਂ ਤਿਉਂ ਲਬਾਂ ਨੇ ਘੁੱਟ ਖਾਧੀ, ਨੈਣਾਂ ਨੇ ਅੰਦਰ ਨੂੰ ਖਿੱਚ ਲਾਈ, ਸਿਰ ਨੂੰ ਕੁਛ ਚੜ੍ਹਿਆ। ਜਿਉਂ ਜਿਉਂ ਪਵਿੱਤ੍ਰ ਅੰਗਾਂ ਦੀ ਪਰਸਪਰ ਛੁਹ ਲੱਗੀ, ਤਿਉਂ ਤਿਉਂ ਵਿਸਮਾਦ ਦ ਰਗ ਚੜ੍ਹੇ, ਚੜ੍ਹਦਿਆਂ ਫਾਤਮਾ ਮਾਨੋਂ ਬੇ-ਸੁਧ ਹੋ ਗਈ। ਵਾਹ ਵਾ, ਇਹ ਭੈਣਾਂ ਨਹੀਂ ਮਾਂਵਾਂ ਧੀਆਂ ਨਹੀਂ, ਲਹੂ ਦੀਆਂ ਸਾਂਝੀਵਾਲ ਨਹੀਂ, ਸਤਿਸੰਗ ਮੇਲਣਾ ਹਨ, ਕੇਵਲ ਸਤਿਸੰਗ ਦਾ ਪਿਆਰ ਹੈ, ਪਿਆਰਾਂ ਦੀ ਖਿੱਚ ਕਹਿਰ ​ਕਰ ਰਹੀ ਹੈ, ਝੰਜੋਲ ਝਜੋਲ ਕੇ ਦਿਲਾਂ ਵਿਚ ਸਮਾਈ ਜਾਂਦੀ ਹੈ, ਸਮਾਏ ਦਿਲ ਰਸ-ਰੰਗ ਵਿਚ ਮਗਨ ਹੁੰਦੇ ਜਾਂਦੇ ਹਨ। ਮਗਨਤਾ ਹੈ, ਹਾਂ ਜੀ! ਸੁਰਤਾਂ ਦੀ ਸੁਰਤ ਸਮਾਈ ਹੋ ਰਹੀ ਹੈ। ਇਹੋ ਹੈ ਨਾ ਪਰੇਮ ਦੀ ਬੇਸੁਧੀ। ਸੁਰਤ ਵਿਚ ਮੇਲ ਹੋਕੇ ਉੱਚ ਸੁਰਤਿਆਂ ਹੋਕੇ ਬੇਸੁਰਤੀ ਹੈ ਇਹ। ਹਾਂ ਦੁਇ ਬੇਸੁਰਤ ਹੋ ਰਹੀਆ ਹਨ। ਸੁਰਤਾਂ ਪੰਘਰ ਪੰਘਰ ਕੇ ਸੁਰਤਾਂ ਵਿਚ ਸਮਾ ਰਹੀਆਂ ਹਨ, ਇਸੇ ਨੂੰ ਪਰੇਮ ਮਦਹੋਸ਼ੀ ਆਖਦੇ ਹਨ, ਇਹੋ ਹੈ ਦਹਾਂ ਦਾ ਇਕ ਹੋਣਾ। ਵਾਹ ਵਾਹ ਪਿਆਰ, ਵਾਹ ਵਾਹ ਉੱਚੇ ਸੁੱਚ ਉਨਮਨੇ ਮਨਾਂ ਦਾ ਮਨਾਂ ਵਿਚ ਸਮਾਉ, ਹਾਂ, ਇਹ ਮਦਹੋਸ਼ੀ ਹੈ। ਪਤਾ ਨਹੀਂ ਆਪੋ ਵਿਚ ਕੌਣ ਸਾਂ ਤੇ ਹਾਂ, ਪਰ ਆਪੋ ਵਿਚ ਮਨ ਮਨਾਂ ਵਿਚ ਘੁਲ ਮਿਲ ਗਏ ਹਨ, ਰੰਗ ਤੇ ਰਸ ਭਰ ਰਿਹਾ ਹੈ। ਆਨੰਦ ਹੈ, ਰਸ ਹੈ, ਸੁਆਦ ਹੈ, ਫੇਰ ਮਦਹੋਸ਼ੀ ਹੈ। ਸਦਕੇ ਹਾਂ ਏਸ ਪਿਆਰ ਮੂਰਤੀ ਦੇ, ਸਦਕੇ ਹਾਂ ਪਿਆਰ ਦੇ ਇਸ ਕਲੀਆਂ ਭਰ ਆਏ ਲਹਿਲਹਾ ਰਹੇ ਚਮਨ ਦੇ।

ਮਿਲੇ ਰਹੋ, ਮਿਲੇ ਰਹੋ, ਜੋ ਵਿੱਛੁੜ ਵਿੱਛੁੜ ਮਿਲੇ ਹੋ ਮਿਲੇ ਰਹ। ਇਸ ਪਰੇਮ ਮੂਰਤੀ ਉਤੇ ਬਾਵਰੀਆਂ ਵਾਲੇ ਗੁਰਮੁਖ ਦੇ ਪਰਮ ਪ੍ਰਵੇਧੇ ਪਵਿਤ੍ਰ ਤਰੇਲ ਮੋਤੀਆਂ ਨਾਲ ਭਰੇ ਨੈਣ ਇਲਾਹੀ ਪੁਸ਼ਪਾਂ ਦੀ ਬਰਖਾ ਕਰ ਰਹੇ ਹਨ। ਹਾਂ, ਉਹਨਾਂ ਦੇ ਅਰਸ਼ੀ ਦਾਤੇ ਅਰਸ਼ਾਂ ਵਿਚ ਖੜੇ ਮਿਹਰਾਂ ਦੀ ਮਿੱਠੀ ਮਿੱਠੀ ਫੁਹਾਰ ਪਾ ਰਹੇ ਹਨ। ਹਾਂ, ਅਰਸ਼ਾਂ ਅਤੇ ਅਰਸ਼ਾਂ ਤੋਂ ਪਾਰ ਉਰਾਰ ਦੇ ਜਗਤ ਪਾਲਕ ਆਪਣੇ ਇਲਾਹੀ ਪਿਆਰ ਦੀ ਰਸ-ਤਰੇਲ ਵਰਸਾ ਰਹੇ ਹਨ। ਇਹ ਰਹੇ ਮੂਰਤੀ ਠਟੀ ਹੋਈ, ਹਾਂ ਜੀ, ਇਹ ਖਿਚੀ ਰਹੇ ਤਸਵੀਰ ਸਤਿਸੰਗ ਪਰੇਮ ਦੀ, ਹਾਂ, ਸਦਾ ਦਿੱਸਦੀ ਰਹੇ ਇਹ ਮੂਰਤੀ, ਪਰੇਮ ਦਾ ਨੂਰ ਵਰਸਾਂਦੀ ਰਹੇ ਇਹ ਚਿਤ੍ਰ-ਕਾਰੀ। ਪਰੇਮ ਦੀ ਸੁਗੰਧੀ ਇਸ ਪਿਆਰੇ ਨਕਸ਼ੇ ਤੋਂ ਮਹਿਕ ਮਹਿਕ ਮੁਸ਼ਕਾਂ ਮਚਾਂਦੀ ਰਹੇ, ਸਮੇਂ ਦਰ ਸਮੇਂ ਮਗਨ ਕਰਦੀ ਰਹੇ; ਮਨਾਂ ਨੂੰ-ਪਰੇਮ ਦੇ ​ਜਗਾਏ ਮਨਾਂ ਨੂੰ—ਰਸ ਮਗਨ ਕਰਦੀ ਰਹੇ। ਹਾਂ ਤਨ ਮਨ ਆਪਾ ਸਾਰਾ ਕੁਛ ਮਗਨ ਕਰਦੀ ਰਹੇ, ਛੋਹਾਂ ਲਾਂਦੀ ਰਹੇ, ਜਿੰਦਾਂ ਪਾਦੀ ਰਹੇ ਅਤੇ ਸਦਾ ਜੀਵੇ ਉਹ ਦੂਲਾ ਪੰਥ ਜਿਸ ਦੇ ਚਮਨ ਐਸੇ ਫੁੱਲ ਖਿੜਦੇ ਹਨ।

-ਇਤਿ-

----

ਇਸੇ ਤਰ੍ਹਾਂ ਦੀਆਂ ਹੋਰ ਪੁਸਤਕਾਂ

ਸਿਖੀ ਸਿਦਕ ਦੀ ਦ੍ਰਿੜਤਾ, ਤੇ ਅਸਹਿ ਕਸ਼ਟਾਂ ਵਿਚ ਧਰਮ ਪਾਲਣ ਦੀਆਂ ਬਹਾਦਰੀ ਤੋਂ ਕੁਰਬਾਨੀ ਭਰੀਆਂ ਸਿਖ੍ਯਾ ਦੇਣ ਹਾਰੀਆਂ ਇਸ ਪੋਥੀ ਵਰਗੀਆਂ ਭਾਈ ਸਾਹਿਬ ਵੀਰ ਸਿੰਘ ਜੀ ਦੀਆਂ ਲਿਖੀਆਂ ਦੋ ਹੋਰ ਪੁਸਤਕਾਂ ਹਰ ਇਕ ਬੱਚੇ ਬੱਚੀ ਲਈ ਪੜ੍ਹਨੀਆਂ ਬੜੀਆਂ ਜ਼ਰੂਰੀ ਹਨ। ਓਹ ਹਨ:-

ਸੁੰਦਰੀ (ਬੜੀ ਪ੍ਰਸਿਧ ਪੁਸਤਕ ਹੈ)। ਕੀਮਤ ੧)੫੦

ਬਿਜੈ ਸਿੰਘ ਜੀ ਦੇ ਸਮਾਚਾਰ ਕੀਮਤ ੨)੨੫

ਸਰਬੱਤੀ ਪਿਆਰ ਵਿਚ ਪੁਰੋਣ ਵਾਲਾ, ਆਦਰਸ਼ਕ ਮਾਨਵ ਜੀਵਨ ਦਾ ਰਾਹ ਦੱਸਣ ਵਾਲਾ ਪੁਸਤਕ "ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੋਧ ਸਿੰਘ" ਬੀ ਅਮੁੱਲ ਪੁਸਤਕ ਹੈ ਤੇ ਹਰ ਇਕ ਦੇ ਪੜ੍ਹਨੇ ਲਾਇਕ ਹੈ, ਕੀਮਤ ਕੇਵਲ ਪੰਜ ਰੁਪਏ (ਡਾਕ ਖਰਚ ਵੱਖਰਾ)।

ਮਿਲਣ ਦਾ ਪਤਾ:-

ਮੈਨੇਜਰ-ਖਾਲਸਾ ਸਮਾਚਾਰ, ਹਾਲ ਬਾਜ਼ਾਰ, ਅੰਮ੍ਰਿਤਸਰ ​

ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ

ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਗਪਗ ੧੭ ਬਰਸਦੀ ਤੀਬ੍ਰ ਘਾਲਨਾਲ ਜੋਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਤਿਆਰ ਕੀਤਾ ਸੀ, ਉਹ ਪੰਜ ਪੰਜ ਸੌ ਸਫੇ ਤੋਂ ਵੱਧ ਦੀਆਂ ਸੱਤ ਸੰਥ੍ਯਾ ਪੋਥੀਆਂ ਵਿਚ ਛਪ ਚੁਕਾ ਹੈ। ਇਹ ੧੪੩੦ ਪੰਨੇ ਵਾਲੀ ਪਵਿਤ੍ਰ ਆਦਿ ਬੀੜ ਦੇ ੬੦੭ ਪੰਨੇ ਤੱਕ ਦਾ ਟੀਕਾ ਹੈ। ਅਰਥ ਵ੍ਯਾਖ੍ਯਾ ਤੇ ਗੁਰਬਾਣੀ ਦਾ ਗੂੜ ਭਾਵ ਆਪ ਨੇ ਬੜੀ ਮਿਹਨਤ ਨਾਲ ਸਪਸ਼ਟਾਏ ਹਨ। ਇਹ। ਗੁਰਮਤ ਦੇ ਖੋਜੀਆਂ ਤੇ ਵਿਦਵਾਨਾਂ ਵਿਚ ਉੱਚ ਚੋਟੀ ਦਾ ਟੀਕਾ ਮੰਨਿਆ ਗਿਆ ਹੈ। ਦੋ ਜਿਲਦਾਂ ਦੀ ਕੀਮਤ ਸੋਲਾਂ ਸੋਲਾਂ ਰੁਪਏ ਹੈ ਤੇ ਬਾਕੀ ਦੀਆਂ ਪੰਦਰਾਂ ਪੰਦਰਾਂ ਰੁਪਏ ਦੀਆਂ ਹਨ। (ਡਾਕ ਰੋਲ ਪੈਕਿੰਗ ਆਦਿ ਖਰਚ ਵੱਖਰਾ)।

ਭਾਈ ਸਾਹਿਬ ਜੀ ਰਚਿਤ ਹਿੰਦੀ ਪੁਸਤਕਾਂ

ਹਿੰਦੀ ਪੜ੍ਹੇ ਲਿਖਿਆਂ ਵਲੋਂ ਜ਼ੋਰਦਾਰ ਮੰਗ ਹੋਣਤੇ ਭਾਈ ਵੀਰ ਸਿੰਘ ਸਾਹਿਤ ਸਦਨ ਨੇ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਦੇ ਹਿੰਦੀ ਤਰਜਮੇ ਹੇਠ ਲਿਖੀਆਂ ਪੁਸਤਕਾਂ ਦੇ ਛਪਵਾਏ ਹਨ ਤੇ ਅਗੋਂ ਹੋਰ ਤਰਜਮੇ ਤਿਆਰ ਕਰਨ ਤੇ ਛਪਵਾਉਣ ਦਾ ਉੱਦਮ ਜਾਰੀ ਹੈ। ਇਸ ਵੇਲੇ ਏਹ ਪੁਸਤਕਾਂ ਤਿਆਰ ਹਨ:-

੧. ਸ੍ਰੀ ਗੁਰ ਨਾਨਕ ਚਮਤਕਾਰ, ੪ ਭਾਗਾਂ ਵਿਚ੨੨)
੨. ਸ੍ਰੀ ਗੁਰੂ ਕਲਗੀਧਰ ਚਮਤਕਾਰ ਪਹਿਲਾ ਭਾਗ੬)੫੦
੩. ਸੁਭਾਗ ਜੀ ਦਾ ਸੁਧਾਰ ਹਥੀਂ ਬਾਬਾ ਨੇਧ ਸਿੰਘ ੧ ਭਾਗ੫)
੪. ਮਟਕ ਹੁਲਾਰੇ (ਕਾਵ੍ਯ ਅਨੁਵਾਦ)੨)੫੦

ਮਿਲਣ ਦਾ ਪਤਾ:-

ਮੈਨੇਜਰ-ਖਾਲਸਾ ਸਮਾਚਾਰ, ਹਾਲ ਬਜ਼ਾਰ ਅੰਮ੍ਰਿਤਸਰ ​

ਪੁਰਾਣਾ ਪੰਥ ਸੇਵਕ ਅਖਬਾਰ

ਖਾਲਸਾ ਸਮਾਚਾਰ

‘ਖਾਲਸਾ ਸਮਾਚਾਰ' ਸਪਤਾਹਕ ਅਖਬਾਰ, ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਾਰੀ ਕੀਤਾ ਅਖਬਾਰ ਹੈ ਜੋ ੧੮੯੯ ਤੋਂ ਚਾਲੂ ਹੋਕੇ, ਲਗਾਤਾਰ ਦੇਸ਼ ਕੌਮ ਤੇ ਮਾਤਭਾਸ਼ਾ ਦੀ ਅਣਥੱਕ ਸਵਾ ਕਰਦਾ ਹੁਣ ਆਪਣੀ ਆਯੂ ਦੇ ੭੪ਵੇਂ ਸਾਲ ਵਿਚ ਚਲ ਰਿਹਾ ਹੈ। ‘ਖਾਲਸਾ ਸਮਾਚਾਰ' ਖਾਲਸੇ ਦਾ ਧਾਰਮਕ ਅਖਬਾਰ ਹੈ, ਜਿਸ ਦੇ ਲੇਖ ਆਤਮਾਂ ਦੀ ਰੂਹਾਨੀ ਖ਼ੁਰਾਕ, ਧਾਰਮਕ ਗਿਆਨ ਬਖਸ਼ਦਾ ਪਾਠਕ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਰੁਸ਼ਨਾਏ ਖਾਲਸਾ ਆਦਰਸ਼ ਦੇ ਰਸਤੇ ਪਰ ਟੁਰਾਉਂਦੇ ਹਨ। ਗੁਰ ਸਿਖੀ, ਗੁਰਮਤਿ ਪ੍ਰਚਾਰ, ਗੁਰਬਾਣੀ ਵਿਆਖਿਆ, ਗੁਰ ਇਤਿਹਾਸ ਦਰਸ਼ਨ, ਧਾਰਮਕ ਜੀਉੜਿਆਂ, ਮਹਾਂ ਪੁਰਖਾਂ ਸੰਤਾਂ ਦੇ ਜੀਵਨ ਸਮਾਚਾਰ, ਆਤਮਕ ਕਥਾਵਾਂ, ਨੀਤੀ ਵਾਰਤਾਵਾਂ, ਰਸਾਲ ਕਵਿਤਾਵਾਂ ਤੇ ਸਿਖ੍ਯਾਦਾਇਕ ਆਚਰਣ ਉਸਾਰੀ ਦੇ ਲੇਖਾਂ ਨਾਲ ਸੁਸਜਿਤ ਹਰ ਵੀਰਵਾਰ ਨੂੰ ਪ੍ਰਕਾਸ਼ਤ ਹੁੰਦਾ ਹੈ। ਇਹ ਪਰਚਾ ਸਾਰੇ ਸਰਕਾਰੀ ਤੇ ਦੂਜੇ ਸਕੂਲਾਂ ਕਾਲਜਾਂ ਤੇ ਫੌਜਾਂ ਲਈ ਪ੍ਰਵਾਣਿਤ ਹੈ ਤੇ ਦੇਸ਼ ਪ੍ਰਦੇਸ਼ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ। ਇਹ ਪਰਚਾ ਹਰ ਘਰ ਵਿਚ ਬੱਚੇ ਬੱਚੀਆਂ, ਮਾਈ ਭਾਈ ਦੇ ਪੜ੍ਹਨ ਜੋਗ ਹੈ। ਜੇ ਤੁਸੀਂ ਅਜੇ ਇਸ ਦੇ ਪਾਠਕ ਨਹੀਂ ਬਣੇ ਤਾਂ ਅਜੇ ੧੨) ਦਾ ਮਨੀਆਰਡਰ ਭੇਜਕੇ ਇਸ ਦੇ ਵਾਰਸਕ ਪਾਠਕ ਬਣੇ ਤੇ ਵਰ੍ਹਾ ਭਰ ਇਸ ਦੇ ਲੇਖਾਂ ਤੋਂ ਲਾਭ ਉਠਾਓ। ਕੋਈ ਘਰ ਇਸ ਪਰਚੇ ਦੇ ਪਾਠ ਤੋਂ ਵਿਰਵਾ ਨਹੀਂ ਰਹਿਣਾ ਚਾਹੀਏ।

ਚਿੱਠੀ ਪੱਤ੍ਰ ਤੇ ਮਨੀਆਰਡਰ ਇਸ ਪਤੇ ਪਰ ਭੇਜੋ:—ਮੈਨੇਜਰ-ਖਾਲਸਾ ਸਮਾਚਾਰ, ਹਾਲ ਬਾਜ਼ਾਰ,ਅੰਮ੍ਰਿਤਸਰ। ​

ਭਾਈ ਸਾਹਿਬਵੀਰ ਸਿੰਘ ਜੀ ਰਚਿਤ ਪੁਸਤਕਾਂ

ਨਾਮ ਪੁਸਤਕਬਿਨਾਂ ਜਿਲਦਜਿਲਦ ਕਪੜਾ
੧. ਸ਼੍ਰੀ ਗੁਰੂ ਨਾਨਕ ਚਮਤਕਾਰ (ਦੋ ਭਾਗ)-੨੦
੨. ਸ਼੍ਰੀ ਗੁਰ ਕਲਗੀਧਰ ਚਮਤਕਾਰ (ਦੋ ਭਾਗ)-੨੨
੩. ਸ਼੍ਰੀ ਅਸ਼ਟ ਗੁਰੂ ਚਮਤਕਾਰ (ਦੋ ਭਾਗ)-੯
੪. ਬਾਬਾ ਨੌਧ ਸਿੰਘ (ਸੁਭਾਗ ਜੀ)-੫
5. ਰਾਣਾ ਸੂਰਤ ਸਿੰਘ ਮਹਾਂ ਕਾਵ੍ਯ-੧੦
੬. ਮੇਰੇ ਸਾਂਈਆਂ ਜੀਓ-੩
੭. ਪੰਗ ਗ੍ਰੰਥੀ ਸਟੀਕ ਭਾਵ ਅਰਥਨੀ ਟੀਕਾ-੧੦)
੮. ਵਾਰਾਂ ਭਾਈ ਗੁਰਦਮ ਸਟੀਕ-੧੦)
੯. ਕਬਿਤ ਭਾਈ ਗੁਰਦਾਸ ਭਾਗ ੨-੨)੫੦
੧੦. ਗੁਰ ਬਾਲਮ ਸਾਖੀਆਂ ਪਾਤਸ਼ਾਹੀ ੧੨)੫੦੩)੨੫
੧੧. ਗੁਰ ਬਾਲਮ ਸਾਖੀਆਂ ਪਾਤਸ਼ਾਹੀ ੧੦੨)੫੦੩)੨੫
੧੨. ਸੁਦਰੀ੧੧)੫੦
੧੩. ਬਿਜੈ ਸਿੰਘ੧)੫੦੨)੨੫
੧੪. ਸਤਵੰਤ ਕੌਰ੨)੭੫੩)੫੦
੧੫. ਮਟਕ ਹੁਲਾਰੇ-੧)੭੫
੧੬. ਲਹਿਰ ਹੁਲਾਰੇ-੨)੫੦
੧੭. ਲਹਿਰਾਂ ਦੇ ਹਾਰ-੩)
੧੮. ਬਿਜਲੀਆਂ ਦੇ ਹਾਰ-੧)੫੦
੧੯. ਕੰਬਦੀ ਕਲਾਈ-੩)
੨੦. ਪ੍ਰੀਤ ਵੀਣਾ)੫੦੧)
੨੧. ਕੰਤ ਮਹੇਲੀ ਦਾ ਬਾਰਾਂ ਮਾਂਹ੩੫))੮੦
੨੭. ਭਰਥਰੀ ਹਰੀ ਜੀਵਨ ਤੇ ਨੀਤੀ ਸ਼ੱਤਕ)੭੫੧)੨੫

ਏਹ ਤੇ ਹੋਰ ਅਨੇਕ ਪੁਸਤਕਾਂ ਇਸ ਪਤੇ ਤੋਂ ਮਿਲ ਸਕਦੀਆਂ ਹਨ

ਮੈਨੇਜਰ, ਖਾਲਸਾ ਸਮਾਚਾਰ, ਹਾਲ ਬਾਜ਼ਾਰ ਅੰਮ੍ਰਿਤਸਰ

  1. ↑ ਸਿਖ ਗਿਰਾਉ ਦੇ ਸਮੇਂ ਕੰਨੀ ਵਾਲੇ ਪੈਣ ਦਾ ਰਿਵਾਜ ਮੁੜਕੇ ਆ ਪਿਆ ਸੀ।
  2. ↑
    • ਜ਼ੁਲਮਾਂ ਦਾ ਹਾਲ ਵੇਖਣ ਲਈ ਤੱਕੋ ਤਾਰੀਖੇ ਹਿੰਦ ਜ਼ਕਾਉਲਾ, ਤਾਰੀਖੇ ਪੰਜਾਬ ਕਨ੍ਹੱਯਾ ਲਾਲ।
  3. ↑

    ਜਿਸੁ ਜਨ ਕਉ ਪ੍ਰਭ ਦਰਸ ਪਿਆਸਾ॥ ਨਾਨਕ ਤਾਕੈ ਬਲਿ ਬਲਿ ਜਾਸਾ॥ [ਸੁਖਮਨੀ

  4. ↑ ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ॥
    [ਮਲਾ: ਮ:੧
  5. ↑ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ।
  6. ↑ ਗਰਚਿਹ ਅਜ਼ ਸਰ ਤਾ ਬਪਾ ਮੇਲਾ ਬਵਦ। ਜ਼ਿੰਦਗੀ ਦਰ ਬੰਦਗੀ ਔਲਾ ਬਵਦ। [ਭਾਈ ਨੰਦਲਾਲ
  7. ↑ ਜਿਸਦੇ ਦੁਸਾਰ ਪਾਰ ਦਿੱਸੇ, ਐਸਾ ਕਿ ਜੈਸਾ ਅਬਰਕ ਯਾ ਸ਼ੀਸ਼ਾ ਹੁੰਦਾ ਹੈ।
  8. ↑ ਤਿਸਕੈ ਭਾਣੇ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥
  9. ↑ ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
  10. ↑ 'ਮੁਲਕ' ਦਾ ਸੰਖੇਪ ਪੰਜਾਬੀ ਸਰੂਪ ਗੀਤਾਂ ਵਿਚ ‘ਮੁੱਖ' ਹੈ।
    ਯਥਾ:-‘ਇਕ ਮੋਏਇਕ ਵਿਛੁੜੇ ਇਕਨਾ ਮੱਲ ਲਏ ‘ਮੁੱਖ'।
  11. ↑ ਪਸ਼ੂ ਨੂੰ।
  12. ↑ ਯੋਗ ਦਰਸ਼ਨ ਵਿਚ ਪਰਮੇਸ਼ੁਰ ਦਾ ਨਾਉਂ ‘ਪੁਰਖ ਵਿਸ਼ੇਖ' ਹੈ। ਯੋਗ ਦਰਸ਼ਨ ਪ੍ਰਮਾਤਮਾ ਨਾਲ ਮੇਲ ਨਹੀਂ ਸਿਖਾਲਦਾ, ਪਰ ਆਪੇ ਬਿਰਤੀਆਂ ਨੂੰ ਸ਼ੂਨ ਕਰਕੇ ਨਿਰੁੱਧ ਹੋ ਜਾਣ ਨੂੰ ਜੋਗ ਕਹਿੰਦਾ ਹੈ।
  13. ↑ ਭੈ ਤੇ ਭਰਮ ਕਾਰਨ ਹਨ, ਇਨ੍ਹਾਂ ਦਾ ਫਲ ਹੈ ਦੁੱਖ ਤੇ ਰੋਗ, ਸੋ ਪਰਮੇਸ਼ੁਰ ਨੂੰ ਪਯਾਰ ਕੀਤਿਆਂ ‘ਦੂਖ ਰੋਗ ਬਿਨਸੇ ਭੈ ਭਰਮ' ਗੁਰੂ ਜੀ ਨੇ ਦੱਸਿਆ ਹੈ।
  14. ↑ ਏਹ ਮਾਇਆ ਜਿਤੁ ਹਰਿ ਵਿਸਰੈ .. [ਰਾਮ ਅਨੰਦ।
  15. ↑ ਆਖ ਗੁਆਲ ਅਸਾਂ ਮਨੋਂ ਨਾ ਵਿਸਾਰਿਆ ਤੁਸੀਂ ਕਿਵੇਂ ਨਾ ਯਾਦ ਕਰੇਸੋ
  16. ↑ ਗੂਰੁ ਸਿਖੀ ਵਿਚ ਇਹ ਵੈਰਾਗ ਦੂਸਰਿਆਂ ਤੋਂ ਨਫਰਤ ਦਾ ਰੂਪ ਨਹੀ ਰਖਦਾ, ਪਰ ਸਾਂਈਂ ਦਾ ਹੁਕਮ ਸਮਝਕੇ ਉਨ੍ਹਾਂ ਦੀ ਸੇਵਾ ਕਰਨੀ, ਸੁਖ ਦੇਣਾਂ ਆਪਣਾ ਧਰਮ ਸਮਝਦਾ ਹੈ, ਪਰ ਮੋਹ ਦਾ ਜੋ ਹਨੇਰੇ ਵਾਲਾ ਪੱਖ ਹੈ ਉਸ ਤੋਂ ਉੱਜਲ ਰਹਿੰਦਾ ਹੈ।
  17. ↑ ਇੱਕੋ ਜਾਤੀ ਦੀਆਂ, ਇੱਕ ਅਸਲੇ ਦੀਆਂ।
  18. ↑ ਓਇ ਦਾਤੇ ਦੁਖ ਕਾਟਨਹਾਰ॥ ਜਾਕੈ ਸੰਗਿ ਤਰੈ ਸੰਸਾਰੁ॥
    [ਗਉ: ਸੁਖਮਨੀ, ਮਹਲਾ ੫
  19. ↑ ਗੁਰਸਿਖੀ ਵਿਚ ਸਹਿਜਧਾਰੀ ਪ੍ਰੇਮੀਆਂ ਨੂੰ ਬੀ ਬਾਣੀ ਦਾ ਅਭਿਆਸ ਸਾਂਈਂ ਵਲ ਲਗਣ ਦੀ ਦਾਤ ਮਿਲਦੀ ਹੈ।
  20. ↑ ਜ਼ਕਾਉੱਲਾ।
  21. ↑ ਉਮਦਾ-ਤੁੱ-ਤ੍ਰਾਰੀਖ।
  22. ↑ ਜ਼ਕਾਉੱਲਾ।
  23. ↑ ()ਜ਼ਕਾਉੱਲਾ, ਕਰਨਲ ਬੀ. ਜੀ. ਮੈਲੀਸਨ।
  24. ↑ ਤਵਾ: ਖਾ: ਨੇ ਲਿਖਿਆ ਹੈ ਕਿ ੧੭੯੭ ਵਿਚ ਕੁਤਬੁੱਦੀਨ ਨਾਮੇ ਜਲੰਧਰੀ ਹਾਕਮ ਨੇ ਸਿੱਖਾਂ ਤੇ ਐਸੇ ਜ਼ੁਲਮ ਕੀਤੇ ਸਨ।
  25. ↑ ਦੇਖੋ ਰਤਨ ਸਿੰਘ ਭੰਗੂ ਕ੍ਰਿਤ ਪੰਥ ਪ੍ਰਕਾਸ਼।
  26. ↑ ਭਾ: ਕਰਮ ਸਿੰਘ ਜੀ ਨੇ ਇਕ ਵੇਰ ਲਿਖਿਆ ਸੀ ਕਿ ਨੂੰ ਨਾਸਰੁੱਦੀਨ ਮਰ ਚੂਕਾ ਸੀ। ਸੋਢੀ ਸਾਹਿਬ ਨੇ ਉਸਦੇ ਮੁਰਦੇ ਨੂੰ ਕਢਵਾਕੇ ਇਸ ਜੁਰਮ ਲਈ ਫੂਕਿਆ ਸੀ ਕਿ ਉਸਨੇ ਥੰਮ੍ਹ ਸਾਹਿਬ ਨੂੰ ਸਾੜਿਆ ਸੀ।
  27. ↑ ਖਿਆਲ ਹੈ ਕਿ ਆਦੀਨਾ ਬੇਗ ਨੇ ਅਹਿਮਦ ਸ਼ਾਹ ਤੋਂ, ਜਦੋ ਉਹ ਦਿੱਲੀਓ ਮੁੜਿਆ ਮੁਆਫੀ ਮੰਗਕੇ ਜਲੰਧਰ ਦੀ ਨਵਾਬੀ ਲੈ ਲਈ ਸੀ। ਜਕਾਉੱਲਾ ਲਿਖਦਾ ਹੈ ਕਿ ਦੁਆਬੇ ਦੀ ਹਾਕਮੀ ਉਸਨੂੰ ਜਹਾਂ ਖਾਂ ਨੇ ਦਿੱਤੀ ਸੀ, ਹਰ ਹਾਲ ਇਸ ਵੇਲੇ ਆਦੀਨਾ ਬੇਗ ਦੁਆਬੇ ਵਿਚ ਇਕ ਵੇਰ ਫਿਰ ਹਾਕਮ ਸੀ।
  28. ↑ ਪਰ ਜ਼ੁਕਾਉੱਲਾ ਐਉਂ ਲਿਖਦਾ ਹੈ:- ‘ਖਾਨ ਜਹਾਂ ਨੇ ਆਦੀਨਾ ਬੇਗ ਕੋ, ਜਿਸਕੀ ਦਗਾ ਬਾਜ਼ੀ, ਮੱਕਾਰੀ ਔਰ ਬੇਵਫਾਈ, ਔਰ ਬੇ ਇਨਸਾਫ਼ੀ ਕਾ ਹਾਲ ਪੜ੍ਹ ਚੁਕੇ ਹੋ, ਅਪਨਾ ਨਾਇਬ ਕਰਕੇ ਦੁਆਬਾ ਜਲੰਧਰ ਮੇਂ ਮੁਕਰਰ ਕੀਆ। ਥੋੜੇ ਦਿਨੋਂ ਕੇ ਬਾਦ ਜੋ ਆਦੀਨਾ ਬੇਗ ਕੋ ਬੁਲਾਇਆ ਤੋ ਵੋਹ ਨਾਂ ਆਇਆ, ਔਰ ਪਹਾੜੋਂ ਮੇਂ ਭਾਗ ਗਿਆ। ਖਾਨ ਜਹਾਂ ਨੇ ਮੁਰਾਦ ਖਾਂ ਕੋ ਦੁਆਬਾ ਮੇਂ ਉਸ ਕੀ ਜਗਾ ਮੁਕਰਰ ਕੀਆ। ਆਦੀਨਾਬੇਗ ਨੇ ਸਿੱਖੋਂ ਕੋ ਸਿਖਾ ਪੜ੍ਹਾ ਕਰ ਅਪਣੀ ਤਰਫ਼ ਖੜਾ ਕੀਆ ਔਰ ਮੁਰਾਦ ਖਾਂ ਸੇ ਲੜਨੇ ਕੇ ਲੀਏ ਦੁਆਬਾ ਮੇਂ ਭੇਜ ਦੀਆ। ਵੋਹ ਉਨਕੇ ਮੁਕਾਬਲਾ ਮੇਂ ਨਾ ਠਹਿਰ ਸਕਾ ਲਾਹੌਰ ਮੇਂ ਖ਼ਾਨ ਜਹਾਂ ਪਾਸ ਚਲਾ ਆਇਆ। ਸਿਖੋਂ ਨੇ ਦੁਆਬਾ ਕੋ ਖੂਬ ਲੂਟਾ ਮਾਰਾ। ਮਗਰ ਆਦੀਨਾ ਬੇਗ ਕੋ ਜਬ ਯਿਹ ਮਾਲੂਮ ਹੂਆ ਕਿ ਸਿਰਫ ਸਿੱਖਾਂ ਕੀ ਇਆਨਤ ਸੇ ਕਾਮ ਨਹੀਂ ਬਨੇਗਾ ਤੋਂ ਉਸਨੇ ਰਘੁਨਾਥ ਔਰ ਸ਼ਮਸ਼ੇਰ ਬਹਾਦੁਰ ਕੋ ਮੁਤਵਾਤਰ ਖਤ ਭੇਜ ਕਰ ਬੁਲਾਯਾ।
    [ਜਿਲਦ ੯ ਪੰਨਾ ੨੯੯
  29. ↑ ਉਮਦਾ-ਤੁੱ-ਤ੍ਵਾਰੀਖ।
  30. ↑ ਮਈ ੧੭੫੮। [ਜ਼ਕਾਉਲਾ।
  31. ↑ ਜੋ ਸ਼ਤਰੰਜ ਵਿਚ ਸਿਆਣਾ ਹੋਵੇ। ਹੁਸ਼ਿਆਰ।
  32. ↑ ਇਸ ਨਾਮੀ ਪੁਰਖ ਦਾ ਪੁਤ ਤੇ ਬੇਟੀ 'ਸ਼ਾਮ ਸਿੰਘ' ਤੇ 'ਰਾਮਦੇਈ' ਥੋੜਾ ਚਿਰ ਹੋਇਆ ਹੈ ਕਿ ਵੱਡੇ ਬੁੱਢੇ ਹੋ ਕੇ ਅੰਮ੍ਰਿਤਸਰ ਵਿਚ ਗੁਜ਼ਰੇ ਹਨ।
  33. ↑ ਖ਼ੈਬਰ ਦਾ ਸਫਰ ਇਸ ਸਮੇ ਤੱਕ ਬੀ ਖ਼ਤਰਨਾਕ ਰਿਹਾ ਹੈ, ਕਾਫਲੇ ਦੀ ਰਾਖੀ ਲਈ ਅਮੀਰ ਦੇ ਸਵਾਰ ਆਉਂਦੇ ਸਨ, ਇਧਰੋਂ ਸਵਾਰਾਂ ਦਾ ਦਸਤਾ ਅੰਗਰੇਜ਼ੀ ਸਰਕਾਰ ਵਲੋਂ ਦੂਰ ਤਕ ਨਾਲ ਜਾਂਦਾ ਸੀ। ਹੁਣ ਮੋਟਰਾਂ ਬੇ-ਡਰ ਚਲਦੀਆਂ ਹਨ।
  34. ↑ ਇਹ ਘੁੱਲੂਘਾਰਾ ਮਾਘ ਦੇ ਮਹੀਨੇ ੨੮ ਮਿਤੀ ਨੂੰ ਸੰਮਤ ੧੮੧੮ ਬਿ: ਵਿਚ ਕੁਪ ਰਹੀੜੇ ਵਰਤਿਆਂ ਸੀ।
  35. ↑ ਸ਼ਹਦ
  36. ↑ ਇਕ ਯੂਰਪੀਨ 'ਟਾਇਰੋਲੀਸ ਜੈਸੂਸਟੀਫਨ ਥਾਲਰ' ਨਾਮੇ ਤਦੋਂ ਹਿੰਦੁਸਤਾਨ ਵਿਚ ਸੀ। ਉਹ ਲਿਖਦਾ ਹੈ ਕਿ ਉਹਨਾਂ ਨੇ ਲੋਕਾ ਵਸਦਿਆਂ ਸਮੇਤ ਘਰ ਸਾੜੇ, ਹੋਰਨਾਂ ਨੂੰ ਨੇਜ਼ੇ ਤੇ ਤਲਵਾਰ ਨਾਲ ਕਤਲ ਕੀਤਾ, ਬੱਚੇ, ਤ੍ਰੀਮਤਾਂ, ਜੁਆਨ ਮੁਟਿਆਰਾਂ ਨੂੰ ਕੈਦ ਵਿਚ ਪਾ ਲਿਆ। ਮੰਦਰਾਂ ਵਿਚ ਗਾਈਆਂ ਮਾਰੀਆਂ ਤੇ ਮੂਰਤਾਂ ਪਰ ਗਾਵਾਂ ਦਾ ਲਹੂ ਮਲਿਆ।
  37. ↑ ਇਸ ਤੋਂ ਵੱਖਰੇ ਦੱਸ ਕ੍ਰੋੜ ਉਸ ਦੇ ਅਫਸਰਾਂ ਤੇ ਸਿਪਾਹੀਆਂ ਨੇ ਲੁਟਿਆ। ੨੦ ਕ੍ਰੋੜ ਨਾਦਰ ਨੇ ਫੌਜਾਂ ਨੂੰ ਹਿੰਦ ਵਿਚ ਤਨਖਾਹ ਵਿਚ ਦਿੱਤਾ। ੧੦੦੦ ਹਾਂਥੀ, ੭੦੦੦ ਘੋੜੇ, ੧੦੦੦੦, ਊਠ, ੧੦੦ ਖੁਸਰੇ, ੧੩੦ ਮੁਨਸ਼ੀ, ੨੦੦ ਲੁਹਾਰ ਤੇ ਸੁਨਿਆਰੇ, ੩੦੦ ਰਾਜ, ੧੦੦ ਪੱਥਰ ਘਾੜੇ, ੨੦੦ ਤਰਖਾਣ, ਇਹ ਬੀ ਨਾਦਰ ਨਾਲ ਲੈ ਗਿਆ।
    [ਲਤੀਫ ਸਫਾ ੨੦੬
  38. ↑ ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ (ਨਾਦਰ) 'ਗੁਫਤ ਅਜ਼ ਏਸ਼ਾਂ ਪੁਰ ਹਜ਼ਰ ਬਾਇਦ ਬੂਦ, ਵ ਨਜ਼ਦੀਕਸਤ ਕਿ ਈਂ ਮੁਫ਼ਸਦਹ ਸਰ ਖਾਹਦਕਸ਼ੀਦ, ਵਈਂ ਮੁਲਕ ਖਾਹੰਦ ਗ੍ਰਿਫਤ'। ਉਲਥਾ-ਨਾਦਰ ਨੇ ਕਿਹਾ: ਇਨ੍ਹਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ, ਛੇਤੀ ਹੀ ਇਹ ਫਸਾਦ ਸਿਰ ਚੁੱਕੇਗਾ ਤੇ ਇਹ ਮੁਲਕ ਤੇ ਕਬਜ਼ਾ ਕਰ ਲੈਣਗੇ।
  39. ↑ ਇਹ ਪ੍ਰਾਚੀਨ ਟੱਪਾ ਅਹਿਮਦ ਸ਼ਾਹ ਦੇ ਜ਼ੁਲਮਾਂ ਦਾ ਇਤਿਹਾਸ ਹੈ।
  40. ↑ ਨਾਦਰ ਸ਼ਾਹ ਨੇ ਖਾਨ ਬਹਾਦਰ ਤੋਂ ਸਿੱਖਾਂ ਦਾ ਟਿਕਾਣਾ ਪੁੱਛਿਆ: ਖਾਨ ਬਹਾਦਰ ਗੁਫਤ 'ਖਾਨਾਏ ਓਸ਼ਾਂ ਖ਼ਾਨਾ ਜ਼ੀਨੇ ਅਸਪ' ਬਾਦਸ਼ਾਹ ਬਖੰਦੀਦ ਵ ਗੁਫਤ 'ਅਜ਼ ਏਸ਼ਾਂ ਪੁਰ ਹਜ਼ਰ ਬਾਇਦ ਬੂਦ, ਵ ਨਜ਼ਦੀਕ ਅਸਤ ਕਿ ਮੁਫਸਦਹ ਸਰ ਖਾਹਦ ਕਸ਼ੀਦ, ਵਈਂ ਮੁਲਕ ਖ਼ਾਹੰਦ ਗ੍ਰਿਫਤ।' ਅਰਥ-ਖਾਨ ਬਹਾਦਰ ਨੇ ਕਿਹਾ 'ਇਨ੍ਹਾਂ ਦਾ ਘਰ ਘੋੜੇ ਦੀ ਕਾਠੀਂ ਤੇ ਹੈ।' ਬਾਦਸ਼ਾਹ ਹੱਸਿਆ ਤੇ ਕਹਿਣ ਲੱਗਾ 'ਇਨ੍ਹਾਂ ਤੋਂ ਡਰੋ, ਇਹ ਫਸਾਦੁ ਛੇਤੀ ਹੀ ਵਧ ਜਾਏਗਾ ਤੇ ਇਹ ਮੁਲਕ ਤੇ ਕਬਜ਼ਾ ਕਰ ਲੈਣਗੇ।'[ਉਮਦ:
  41. ↑ ਸੁਬੇਗ ਸਿੰਘ। [ਭੰਗੂ।
  42. ↑ ਰਤਨ ਸਿੰਘ ਭੰਗੂ।
  43. ↑ ਇਹ ਜਾਗੀਰ ਤੇ ਨਵਾਬੀ ਖਾਨ ਬਹਾਦਰ ਦੇ ਅਪਣੇ ਬਚਨਾਂ ਤੇ ਨਾ ਪੂਰੇ ਰਹਿਣ ਕਰਕੇ ਜ਼ਬਤ ਹੋ ਗਈ ਸੀ। ਮਗਰੋਂ ਫੇਰ ਮੀਰ ਮੰਨੂ ਤੋਂ ਮਹਾਰਾਜਾ ਕੌੜਾ ਮਲ ਜੀ ਨੇ ਜਾਰੀ ਕਰਵਾ ਦਿੱਤੀ ਸੀ।
  44. ↑ ਸਿੱਖਾਂ ਦੇ ਸੰਜੋਅ ਅਤੇ ਖੋਦ ਦੇ ਨਮੂਨੇ ਜੋ ਨਿੱਕੀ ਪੱਗ ਦੇ ਉਤੋਂ ਦੀ ਆ ਜਾਂਦੇ ਹੁੰਦੇ ਸਨ ਤੇ ਜੂੜੇ ਲਈ ਵੱਖਰਾ ਥਾਂ ਰੱਖਦੇ ਸਨ ਪਟ੍ਯਾਲੇ ਦੇ ਸਿਲਹ ਖਾਨੇ ਵਿਚ ਪੁਰਾਤਨ ਮੌਜੂਦ ਹਨ।
  45. ↑ ਇਸੇ ਤਰ੍ਹਾਂ ਦਾ ਇਕ ਵਾਕਯਾ ਲਾਹੌਰ ਦੇ ਵਿਚ ਖੁੱਡੀਆਂ ਪਿੰਡ ਵਿਖੇ ਸਿੱਖਾਂ ਤੇ ਗਿਲਜਿਆਂ ਦਾ ਹੋਇਆ ਸੀ ਜਦੋਂ ਕਿ ਦੁਰਾਨੀ ਅਹਿਮਦ ਸ਼ਾਹ ਪੰਜਾਬ ਵਿਚ ਆਇਆ ਹੈ। ਤਦੋਂ ਭਾਈ ਸੁੱਖਾ ਸਿੰਘ ਜੀ ਰਾਮ ਗੜ੍ਹੀਏ ਨੇ ਗਿਲਜੇ ਸਰਦਾਰ ਨੂੰ ਲੜਕੇ ਮਾਰਿਆ ਤੇ ਤੇਰਾਂ ਚੌਦਾਂ ਹੋਰ ਸਿਖਾਂ ਤੇ ਗਿਲਜਿਆਂ ਨਾਲ ਕੱਲੇ ਕੱਲੇ ਦੇ ਜੰਗ ਹੋਏ ਸੇ ਤੇ ਫ਼ਤਹ ਸਿੱਖ ਪਾਉਂਦੇ ਰਹੇ ਸੇ।
    [ਪੰਥ ਪ੍ਰ: ਰਤਨ ਸਿੰਘ।
  46. ↑ ਇਹ ਪ੍ਰਾਚੀਨ ਟੱਪੇ ਨਾਦਰ ਦੇ ਹਮਲੇ ਦਾ ਇਤਿਹਾਸ ਹੈ। ਅੱਸੂ ਦੀ ਰੁੱਤ ਸੀ ਜਦੋਂ ਕਪਾਹਾਂ ਨੂੰ ਫੁੱਲ ਪੈਂਦੇ ਸਨ, ਜਦੋਂ ਨਾਦਰ ਦੇ ਆਉਣ ਦੀ ਸੋ ਆਈ, ਲੋਕਾਂ ਨੇ ਟੱਬਰ ਕਬੀਲੇ ਮਾਲ ਮਤੇ ਸਮੇਤ ਪਹਾੜੀਂ ਤੋਰ ਦਿਤੇ, ਆਪ ਰੋਟੀਆਂ ਪਕਾਉਂਦੇ ਘਰਾਂ ਵਿਚ ਵਕਤ ਟਪਾਉਂਦੇ ਸਨ। ਜਦ ਨਾਦਰ ਆਇਆ ਤਾਂ ਮੌਸਮ ਸਿਆਲ ਦਾ ਅੰਤ ਹੋ ਚੁਕਾ ਸੀ ਤੇ ਦਿੱਲੀ ਤੋਂ ਸਾਰੇ ਹੀਰੇ ਜਵਾਹਰ ਮੋਹਰਾਂ ਰੁਪਏ ਰੋਲ ਕੇ ਭਾਵ ਲੁੱਟ ਕੇ ਲੈ ਆਇਆ ਸੀ ਤੇ ਪੰਜਾਬ ਦਾ ਇਹ ਹਾਲ ਸੀ ਕਿ ਅੰਨ ਨਹੀਂ ਸੀ ਲੱਭਦਾ ਪਕਾਉਣ ਜੋਗਾ। ਨਾਦਰ ਬਰਸਾਤ ਲਾਗੇ ਅਟਕ ਤੇ ਅੱਪੜਿਆ ਸੀ।
  47. ↑ ਮੀਰ ਮੁਅੱਯਨੁੱਦੀਨ (ਮੀਰ ਮੰਨੂੰ) ਨਵਾਬ ਨੇ ਅਬਦਾਲੀ ਨੂੰ ਖਿਰਾਜ ਨਹੀਂ ਸੀ ਭਰਿਆ, ਜਿਸ ਕਰਕੇ ਉਹ ੧੮੧੦ ਬਿ: ਵਿਚ ਫੇਰ ਚੜ੍ਹ ਆਇਆ। ਮੀਰ ਮੰਨੂੰ ਨੂੰ ਫਤਹ ਕੀਤਾ, ਪਰ ਫੇਰ ਖਿਰਾਜ ਲੈ ਕੇ ਨਵਾਬੀ ਤੇ ਥਾਪ ਦਿਤਾ, ਮੰਨੂੰ ਨੇ ਉਜ਼ਰ ਕੀਤਾ ਸੀ ਕਿ ਸਿੱਖ ਅਮਨ ਨਹੀਂ ਰਹਿਣ ਦੇਂਦੇ, ਲੋਕਾਂ ਤੋਂ ਮਾਮਲਾ ਨਹੀਂ ਮਿਲਦਾ, ਇਸ ਕਰਕੇ ਮੈਂ ਆਪ ਨੂੰ ਖਿਰਾਜ ਨਹੀਂ ਘੱਲ ਸਕਿਆ, ਇਸ ਵਾਸਤੇ ਅਹਿਮਦ ਸ਼ਾਹ ਤੁੰਮਣਦਾਰ ਬਣਾ ਕੇ ਛੱਡ ਗਿਆ ਸੀ ਕਿ ਦੌਰਾ ਕਰਕੇ ਮਾਮਲਾ ਉਗਰਾਹੁੰਦੇ ਰਹਿਣ।
    [ਤਵਾਰੀਖ ਖਾਲਸਾ
  48. ↑ ਇਕ ਰਵਾਇਤ ਨਾਮ ਦੱਸਦੀ ਹੈ, ਜੱਸਾਂ ਸਿੰਘ ਮੱਸਾ ਸਿੰਘ
  49. ↑ ਗੁਰੂ ਕਾ ਬਾਗ।
  50. ↑ ਇਹ ਅਖਾਵਤ ਬੁਲਾਕੀ ਚੱਕਾਂ ਵਿਚ ਬੋਲੀ ਜਾਂਦੀ ਰਹੀ ਹੈ। ਇਸ ਇਲਾਕੇ ਦੇ ਮਾਲਕ ਹੁਣ ਤੀਕ ਸੁਖਾ ਸਿੰਘ ਮਨਸਾਸਿੰਘ ਦੀ ਉਲਾਦ ਦੇ ਲੋਕ ਸੁਣੀਂਦੇ ਹਨ, ਜੋ ਗੁਰਾਏਂ ਦੱਸੀਦੇ ਹਨ। ਇਹ ਹਾਲ ਪੁਰਾਤਨ ਸਿੰਘਾਂ ਦੇ ਯਾਦ ਸਨ। ਸਾਨੂੰ ਸਰਦਾਰ ਹਰ ਚੰਦ ਸਿੰਘ ਜੀ (ਮੈਨੇਜਰ ਰਿਆਸਤ ਡੁਮਰੀ) ਨੇ ਸੁਣਾਏ ਸਨ। ਸਰਦਾਰ ਸਾਹਿਬ ਨੂੰ ਪੁਰਾਣੇ ਹਾਲਾਤਾਂ ਦੀ ਬੜੀ ਵਾਕਫੀ ਸੀ।
  51. ↑ ਅਟਕ ਦੇ ਕਿਲ੍ਹੇ ਤੋਂ ਪਾਰ ਦੇ ਟਿਕਾਣੇ ਦਾ ਨਾਉਂ ਹੈ।
  52. ↑ ਧਰਮ ਮਰਿਯਾਦਾ
  53. ↑ ਜਿਰਗਾ ਬੈਠਣਾ-ਪੰਚੈਤ ਜੋੜ ਕੇ ਫੈਸਲਾ ਕਰਨਾ।
  54. ↑

    ਦੇਖੋ ਰਹਿਤਨਾਮਾ ਭਾਈ ਚੌਂਪਾ ਜਿੰਘ ਜੀ ਜੋ ਐਉਂ ਹੈ:- ੫. ਜੋ ਸਿਖ ਦਾ ਮੂੰਹ ਫਿਟਕਾਰ ਸੋ ਪੱਕਾ ਤਨਖਾਹੀਆ।' ੬. ਸਿਖ ਨੂੰ ਸਿਖ ਹੱਥ ਨਾਲ ਬੁੱਜਾ ਮਾਰੇ ਸa ਪੱਕਾ ਤਨਖਾਹੀਆ। ੭. ਜੋ ਸਿਖ ਸਿਖ ਦੇ ਦਾੜ੍ਹੇ ਵਿਚ ਹੱਥ ਮਾਰੇ ਸੋ ਪੱਕਾ ਤਨਖਾਹੀਆ। ੮. ਜੋ ਸਿਖ ਦੀ ਸਿਖ ਚੁਗਲੀ ਕਰੇ ਸੋ ਪੱਕਾ ਤਨਖਾਹੀਆ। ੯. ਜੋ ਸਿਖ ਕੂੜ ਸੱਚ ਆਖ ਕੇ ਸਿਖਾਂ ਨੂੰ ਲੜਾਏ ਸੋ ਮਸਕਰਾ ਤਨਖਾਹੀਆ।

    [ਬਾਕੀ ਟੂਕ ਲਈ ਦੇਖੋ ਸਫਾ ੨੨੬]
  55. ↑ ਜਿਵੇਂ ਅਜਕਲ ਲੋਕਾਂ ਦੀ ਪਤ ਅਬਰੋ ਬਰਬਾਦ ਕਰਨ ਤੇ ਬਦਲੇ ਲੈਣ ਲਈ ਅਖਬਾਰਾਂ ਕੰਮ ਕਰਦੀਆਂ ਹਨ, ਅਗਲੇ ਸਮੇਂ ਮਿਰਾਸੀ ਦੇ ਵਾਂਸ ਨੂੰ ਲੀਰਾਂ ਦਾ ਗੁੱਡਾ ਬਣਾਕੇ ਬੰਨ੍ਹ ਦੇਂਦੇ ਸਨ। ਓਹ ਮੋਢੇ ਤੇ ਇਹ ਗੁੱਡਾ ਚਾਕੇ ਪਿੰਡ ਪਿੰਡ ਫਿਰ ਨਿਕਲਦਾ ਸੀ ਤੇ ਜਿਸ ਆਦਮੀ ਨੂੰ ਭੰਡਣਾ ਹੋਵੇ ਭੰਡਦਾ ਸੀ। ਇਸ ਨੂੰ ਗੁੱਡਾ ਬੰਨ੍ਹਣਾ ਯਾ ਗੁੱਡੀ ਬੰਨ੍ਹਣੀ ਕਹਿੰਦੇ ਸਨ।
  56. ↑ ਨਸ਼ਰ ਕਰਨਾ, ਪਠਾਣ ਮੁਗ਼ਲ ਪਾਤਸ਼ਾਹਾਂ ਦੀ ਇਕ ਸਜ਼ਾ ਸੀ। ਜਿਸ ਨੂੰ ਕੇਵਲ ਬਦਨਾਮ ਕਰਕੇ ਛੱਡ ਦੇਣਾ ਹੁੰਦਾ ਸੀ ਉਸ ਨੂੰ ਖੋਤੇ ਤੇ ਚਾੜ੍ਹ, ਮੂੰਹ ਕਾਲਾ ਕਰ, ਸ਼ਹਿਰ ਵਿਚ ਛੱਡ ਦੇਂਦੇ ਸਨ, ਜੋ ਉਸ ਦੀ ਬੇਪਤੀ ਹੋ ਜਾਵੇ। ਇਸ ਤੋਂ ਨਸ਼ਰ ਕਰਨ ਦਾ ਅਰਥ ਬਣ ਗਿਆ:-ਕਿਸੇ ਨੂੰ ਬਦਨਾਮ ਕਰਨਾ।
  57. ↑ "ਸਿਖਾਂ ਦਾ ਜੋ ਮਾਮਲਾ ਹੈ ਸਿਖਾਂ ਵਿਚ ਨਿਬੜੇ।"
  58. ↑ ਕਬੀਲਾ, ਕੌਮ।
  59. ↑ ਖ਼ੈਬਰ ਦੇ ਪਹਾੜਾਂ ਵਿਚ ਜਮਰੌਦ ਤੋਂ ੨੦ਕੁ ਮੀਲ ਅੱਗੇ ਇਹ ਨਿੱਕੀ ਪੱਧਰੀ ਜੇਹੀ ਸੁਹਾਵਣੀ ਥਾਂ ਹੈ।
  60. ↑ ਕਸ਼ਮੀਰ ਇਸ ਦੀ ਜੀਉਂਦੀ ਮਿਸਾਲ ਹੈ।
  61. ↑ ਇਹ ਸਿੰਧ ਪਾਰ ਗਿਰਾਂ ਦਾ ਨਾਮ ਹੈ। ਪੰਜਾਬ (ਪਾਕਿਸਤਾਨ) ਦੀ ਰਾਜਧਾਨੀ ਵਾਲਾ ਲਾਹੌਰ ਨਹੀਂ।
  62. ↑ ਇਸ ਤੋਂ ਢੇਰ ਪਹਿਲੇ ਹੂਨ ਲੋਕ ਵੀ ਤਬਾਹੀ ਵਰਤਾ ਗਏ ਸਨ।
  63. ↑ ਬੋਧੀਆਂ ਦੇ ਧਰਮ ਅਸਥਾਨ-ਟੋਪਾ ਤੇ ਵਿਹਾਰਾ-ਸਦਾਉਂਦੇ ਸਨ।
  64. ↑ ਮਹਾਂਰਾਜਾ ਰਣਜੀਤ ਸਿੰਘ ਦੇ ਬਾਹੂ ਬਲ ਨਾਲ ਇਹ ਇਲਾਕਾ ਫਿਰ ਇਕ ਵੇਰ ਸੁਤੰਤ੍ਰਤਾ ਦਾ ਝੂਟਾ ਤੇ ਖੁਸ਼ਹਾਲੀ ਦਾ ਹੁਲਾਰਾ ਲੈ ਗਿਆ ਹੈ।
  65. ↑ ਇਸ ਦਾ ਪੁਰਾਣਾ ਨਾਮ-ਵਿਸ਼ਵਾਂਤਰਾ ਪਰਬਤ-ਹੈ।
  66. ↑ ਅਸ਼ੋਕ ਪੱਥਰ ਦੇ ਲਾਗ ਦੇ ਟਿੱਲੇ ਪਰ ਕਿਸੇ ਦਿਨ ਪੰਥ ਦੇ ਪਿਆਰੇ ਭਾਈ ਹੀਰਾ ਸਿੰਘ ਜੀ ਰਾਗੀ ਤੇ ਕਦੇ ਅੰਮ੍ਰਿਤਸਰ ਦੇ ਪ੍ਰਸਿੱਧ ਮਹਤ ਤਖਤ ਸਿੰਘ ਜੀ ਸ੍ਰੀ ਗੁਰੂ ਬਾਣੀ ਦਾ ਕੀਰਤਨ, ਕੀਰਤਨ ਦੇ ਪ੍ਰੇਮੀ ਡਾਕਟਰ ਦੀਵਾਨ ਸਿੰਘ ਤੇ ਹੋਰ ਸੰਗਤਾਂ ਨੂੰ ਬੜੇ ਸੁਆਦ ਨਾਲ ਸੁਣਾ ਆਏ ਹਨ।
  67. ↑ ਸ੍ਯਾਮਾ ਸਟੁਪਾ।
  68. ↑ ਹਰੀਤੀ ਦੇਵੀ। (ਬੁੱਧ ਮਤ ਦੀ ਸੀਤਲਾ ਦੇਵੀ) ਦਾ ਥਾਨ। ਏਧਰੋਂ ਨਿਕਲੇ ਹਰੀਤਕੀ ਦੇ ਬੁੱਤ ਲਾਹੌਰ ਅਜੈਬ ਘਰ ਵਿਚ ਪਏ ਹਨ।
  69. ↑ ਕਨਿਸ਼ਕਾ ਚੇਤ੍ਯ (ਅਰਥਾਤ ਕਨਿਸ਼ਕ ਰਾਜੇ ਦੀ ਬਣਾਈ ਬੁੱਧ ਦੀ ਸਮਾਧ), ਏਹ ਪੁਰਾਣੇ ਨਾਮ ਹਨ।
  70. ↑ ਰਹਿਤਨਾਮਾ ਭਾਈ ਚੌਂਪਾ ਸਿੰਘ ਵਿਚ 'ਤੁਰਕ ਨੂੰ ਘਰ ਦਾ ਭੇਤ ਦੇਣ ਵਾਲਾ ਸਿਖ ਤਨਖਾਹੀਆ' ਲਿਖਿਆ ਹੈ।
  71. ↑ ਨਿਹੰਗ ਕਹਾਵੇ ਸੋ ਪੁਰਖ ਦੁਖ ਸੁਖ ਮੰਨੇ ਨਾ ਅੰਗ।
    [ਰਤਨ ਸਿੰਘ ਕ੍ਰਿਤ 'ਪ੍ਰਾਚੀਨ ਪੰਥ ਪ੍ਰਕਾਸ਼'।
  72. ↑ ਸੱਚੇ ਅਕਾਲੀ ਹਦ ਦਰਜੇ ਦੇ ਦਲੇਰ, ਸੁਤੰਤਰ (ਆਜ਼ਾਦ) ਹੁੰਦੇ ਸਨ, ਸਭ ਕਿਸੇ ਨੂੰ ਪਿਆਰ ਨਾਲ ਮਿਲਦੇ ਸਨ, ਪਰ ਉਹਨਾਂ ਤੋਂ ਡਾਢੀ ਘ੍ਰਿਣਾ ਕਰਦੇ ਸਨ ਜੋ ਹੈਂਕੜ ਦੇ ਬੁੱਲੇ ਤੇ ਚੜ੍ਹੇ ਹੋਏ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਮਝਦੇ ਸਨ। ਉਹਨਾਂ ਦੀ ਜ਼ਿੰਦਗੀ ਦਾ ਆਦਰਸ਼ਤ ਤੇ ਪ੍ਰਯੋਜਨ ਗੁਰਦਆਰਿਆਂ ਦੀ ਕਾਇਮੀ (ਸੁਧਾਈ), ਮਰਿਯਾਦਾ ਦੀ ਪਵਿੱਤ੍ਰਤਾ ਦੀ ਕਾਇਮੀ, ਕੌਮੀ ਆਚਰਨ ਦੀ ਰਾਖੀ, ਦੀਨਾਂ ਦੁਖੀਆਂ ਤੇ ਸ਼ਰਨਾਗਤਾਂ ਦੀ ਸਹਾਇਤਾ ਕਰਨੀ ਹੁੰਦੀ ਸੀ। ਉਹ ਇਹਨਾਂ ਫਰਜ਼ਾਂ ਦੇ ਪੂਰਾ ਕਰਨ ਵਿਚ ਜਾਨ ਤਕ ਦੀ ਪ੍ਰਵਾਹ ਨਹੀਂ ਸਨ ਕਰਦੇ। ਜੇ ਅਵਸਰ ਆ ਬਣੇ ਤਾਂ ਇਸ ਦੇ ਪੂਰਾ ਕਰਨ ਵਿਚ ਆਪਣਾ ਸੀਸ ਤਕ ਦੇ ਦੇਣ ਲਈ ਹਰ ਵਕਤ ਤਿਆਰ ਰਹਿੰਦੇ ਸਨ। ਉਹ ਲੋਕ (Law of Property) ਅਰਥਾਤ ਜਾਇਦਾਦ ਦੇ ਕਬਜ਼ੇ ਦੇ ਕਾਨੂੰਨ ਦੇ ਪਾਬੰਦ (ਅਨੁਸਾਰੀ) ਨਹੀਂ ਸਨ। ਓਹ ‘ਪਦਾਰਥ, ਮਕਾਨਾਂ ਤੇ ਭੋਆਂ' ਨੂੰ ਕਿਸੇ ਦੀ ਮਲਕੀਅਤ ਨਹੀਂ ਮੰਨਦੇ ਸਨ, ਕਹਿੰਦੇ ਸਨ ਕਿ ਸਭ ਕੁਝ ਵਾਹਿਗੁਰੂ ਦਾ ਹੈ, ਮਨੁੱਖ ਸਭ ਭਰਾ ਹਨ। ਮਿਲਕੇ ਪਿਆਰ ਨਾਲ ਜੀਵਨ ਨਿਰਬਾਹ ਕਰਨਾ ਸਭ ਦਾ ਧਰਮ ਹੈ। ਜਿਕੂੰ ਜਲ ਪੌਣ ਸਾਂਝੇ ਹਨ, ਇਕੂੰ ਭੋਂ ਬੀ ਸਾਂਝੀ ਹੈ, ਭੋਂ ਦੀ ਉਪਜ ਬੀ ਸਾਂਝੀ ਹੈ। ਏਹ ਗੱਲ ਓਹ ਲੁੱਟ
    [ਬਾਕੀ ਟੂਕ ਦੇਖੋ ਅਗੇ ਸਫਾ ੨੪੫ ਹੇਠ]
  73. ↑ ਭਾਈ ਗੁਰਦਾਸ ਸਿੰਘ।
  74. ↑ ਦੁਮਾਲਾ ਪਿੱਛੋਂ ਟੁਰਿਆ, ਇਹ ਬੀ ਖਿਆਲ ਹੈ।
  75. ↑ ਕਈ ਨਿਹੰਗ ਸਿੰਘ ਨੀਲੇ ਬਾਣੇ ਦਾ ਮੁੱਢ-‘ਬਾਬਾ ਫਿਰ ਮੱਕੇ ਗਿਆ ਨੀਲ ਬਸਤ੍ਰ ਧਾਰੇ ਬਨਵਾਲੀ' ਤੋਂ ਸਮਝਦੇ ਹਨ।
  76. ↑ ਹੁਇ ਪ੍ਰਸੰਨ ਬਰ ਦੇਵਤ ਜੋਵੇਂ। ਪੰਥ ਖਾਲਸੇ ਮਹਿ ਤੁਮ ਹੋਵੈ। ਤੁਮ ਸਮ ਬੇਖ ਸੁਭਾਊ ਬਿਸਾਲੀ। ਨਾਮ ਨਿਹੰਗ ਅਨੇਕ ਅਕਾਲੀ।'
    [ਸੂ: ਪ੍ਰ: ਰੁ: ੬, ਅੰਸੂ ੪੪
  77. ↑ ਸਗਲੋ ਫੂਕ ਚੁਕੇ ਨੀਲਾਂਬਰ ਤਨਕ ਤਿਸੀ ਤੇ ਰਾਖ ਲਇਆ। ਜਮਧਰ ਸੰਗ ਬੰਧਿ ਕਰਿ ਸੋਉ ਪੰਥ ਬੇਖ ਹਿਤ ਸਭ ਨ ਛਇਆ।
    [ਸੂਰਜ ਪ੍ਰਕਾਸ਼ ਐਨ ੧ ਅੰਸੂ ੫ ਛੰਦ ੪੦]
  78. ↑ ਤਵਾਰੀਖ ਗੁਰੂ ਖਾਲਸਾ ਹਿੱਸਾ ੧ ਨੰ: ੩ ਸਾਖੀ ੧੧੯ ਦਾ ਅੰਤ।
  79. ↑ ਸੰਸਕ੍ਰਿਤ, ਨਿ:ਸੰਕ=ਜੋ ਮੋਹ ਮਾਯਾ ਤੋਂ ਅਲੇਪ ਹੋ ਜਾਏ।
  80. ↑ ਅਰਥਾਤ ਖਾਲਸੇ ਦਾ।
  81. ↑ ਥਾਂ ਥਾਂ ਦਾ ਪਾਣੀ ਪੀਣ ਵਾਲਾ ਬਹੂਦਕ, ਭਾਵ ਜੋ ਫਿਰਦਾ ਰਹੇ।
  82. ↑ ਇਕ ਟਿਕਾਣੇ ਰਹਿਕੇ ਜੋ ਫਕੀਰੀ ਨਿਬਾਹੇ ਸ਼ੋ ਕੁਟੀਚਰ।
  83. ↑ ਕੇਵਲ ਪੰਥ ਲਈ ਤੇ ਉਪਕਾਰ ਲਈ ਇਹ ਜੰਗ ਬੀ ਕਰਦੇ ਸੇ, ਪਰ ਅਪਣੇ ਲਈ ਰਿਆਸਤ ਨਹੀਂ ਸੋ ਪੈਦਾ ਕਰਦੇ।
  84. ↑ ਚਿੱਟੇ ਬਸਤ੍ਰਾਂ ਵਾਲੇ ਤਿਆਗੀ ਸਿੰਘ ਨੂੰ ਬੀ ਬਿਹੰਗਮ ਕਹਿ ਦੇਂਦੇ ਸਨ।
  85. ↑ ਨਿਹੰਗਾਂ ਯਾ ਅਕਾਲੀ ਸਿੰਘਾਂ ਦੇ ਜੱਥ ਜੁੱਧਾਂ ਜੰਗਾਂ ਵਿਚ ਬੀ ਸ਼ਾਮਲ ਹੁੰਦੇ ਤੇ ਅਕਸਰ ਕਠਨ ਮਾਮਲੇ ਇਹੋ ਫਤਹ ਕਰਦੇ। ਨੁਸ਼ਹਿਰੇ ਦਾ ਮੁਸਲਮਾਨੀ ਜਹਾਦ ਦਾ ਜੰਗ ਜੋ ਜਗਤ ਦੇ ਅਤਿ ਤੁੰਦ ਤੇ ਕਰੜੇ ਜੰਗਾਂ ਵਿਚੋਂ ਗਿਣਿਆਂ ਜਾਂਦਾ ਹੈ, ਅਕਾਲੀਆਂ ਦੀ ਅਗੁਵਾਨੀ ਤੇ ਅਤੁਟ ਦਲੇਰੀ ਦਾ ਇਕ ਸ਼ਾਨਦਾਰ ਨਮੂਨਾ ਹੈ।
  86. ↑ ਇਹ ਭੀ ਖਿਆਲ ਹੈ ਕਿ ਇਕ ਇਕ ‘ਭੁਸਰੀ' ਬੀ ਨਾਲ ਹੁੰਦੀ ਸੀ॥ ਭੁਸਰੀ ਆਖਦੇ ਹਨ ਉਸ ਰੋਟੀ ਨੂੰ ਜਿਸ ਵਿਚ ਸ਼ੱਕਰ ਪਾ ਕੇ ਪਕਾਉਂਦੇ ਸਨ। ਕੱਠੇ ਇਕ ਫਰਸ਼ ਤੇ ਬੈਠ ਕੇ ਖਾਣਾ, ਜਾਤ ਭੇਦ ਤੇ ਜਾਤ ਅਭਿਮਾਨ ਖੰਡਨ ਵਾਸਤੇ ਤੇ ਪਰਸਪਰ ਪ੍ਰੇਮ ਵਾਸਤੇ ਹੁੰਦਾ ਸੀ।
  87. ↑ ਢਾਡੀ ਸੰਪ੍ਰਦਾ ਤਾਂ ਸਿਖਾਂ ਵਿਚ ਐਉਂ ਗੁੰਮੀ ਹੈ ਕਿ ਸਿਖਾਂ ਨੂੰ ਨਾਮ ਹੀ ਓਪਰਾ ਜਾਪਦਾ ਹੈ ਤੇ ਨਿਹੰਗ ਸਿੰਘ ਤੇ
    [ਬਾਕੀ ਟੂਕ ਦੇਖੋ ਅਗੇ ਸਫਾ ੨੫੬ ਹੇਠ]
  88. ↑ ਸੰਮਤ ੪੦੪ ਗੁਰੂ ਨਾਨਕ ਸਾਹਿਬ, ੧੮੭੨ ਈਸਵੀ ਦੁਸਹਿਰੇ ਦੇ ਦਿਨ ਇਹ ਜਥੇਬੰਦੀ ਅੰਮ੍ਰਿਤਸਰ ਵਿਚ ਆਰੰਭ ਹੋਈ, ਪਹਿਲੀਆਂ ਵਿਚਾਰਾਂ ਮਜੀਠੀਆਂ ਦੇ ਬੁੰਗੇ ਹੁੰਦੀਆਂ ਰਹੀਆਂ ਅਤੇ ਗੁਰੂ ਕੇ ਬਾਗ ਵਿਚ ਪਹਿਲਾ ਸਮਾਗਮ ਕਰਕੇ ਸ਼ੁਰੂ ਹੋਈ। ਮੰਜੀ ਸਾਹਿਬ ਸਮਾਗਮ ਦਾ ਟਿਕਾਣਾ ਹੁਣ ਤਾਂਈ ਸਿੰਘ ਸਭਾ ਲਈ ਜਾਰੀ ਹੈ। ਪਹਿਲੇ ਪ੍ਰਧਾਨ ਸ: ਠਾਕਰ ਸਿੰਘ ਜੀ ਸੰਧਾਂਵਾਲੀਏ ਸਨ।
  89. ↑ ਇਹ ਹਾਲ ਦੱਸਦਾ ਹੈ ਕਿ ਅਕਾਲੀ ਅੰਨ ਬਸਤ੍ਰ ਤੋਂ ਬੇ-ਪਰਵਾਹ, ਦੁਨੀਆਂ ਤੋਂ ਸੰਨ੍ਯਾਸੀ, ਭਲੇ ਦੇ ਕੰਮ ਕਰਨ
    [ਬਾਕੀ ਟੂਕ ਦੇਖੋ ਅੱਗੇ ਸਫਾ ੨੫੯ ਹੇਠ]
  90. ↑ ਪੂਜਾ ਕਰਨ ਵਾਲਾ।
  91. ↑ ਜਿਸ ਦੀ ਪੂਜਾ ਕੀਤੀ ਜਾਏ।
  92. ↑ ਬੋਲਣ ਵਿਚ ਇਸ ਪਦ ਦਾ ਰੂਪ ‘ਗੋਬੋਲਾ' ਸੀ।
  93. ↑ ਹਿੰਦੂ ਨੂੰ ਮਾਰ ਦੇਣ ਵਾਲਾ।
  94. ↑ ਇਕ ਅੰਗਰੇਜ਼ ਮੁਅੱਰਖ਼ ਲਿਖਦਾ ਹੈ ਕਿ-ਗੁਰੂ ਗੋਬਿੰਦ ਸਿੰਘ ਨੇ ਆਪਣੇ ਦਿਮਾਗ ਤੋਂ ਤਿਆਰ ਬਰਤਿਆਰ ਖਾਲਸਾ ਸਜਿਆ ਸਜਾਇਆ ਐਸ ਤਰ੍ਹਾਂ ਉਤਪਤ ਕੀਤਾ ਕਿ ਜ੍ਯੂਪੀਟਰ ਦੇਵਤਾ ਨੇ ਜਿਵੇਂ ਮੈਨਿਰਵਾ ਪੈਦਾ ਕੀਤੀ ਸੀ।
  95. ↑ "ਜ਼ਨਾਹ ਹਮ ਨ ਬਾਅਦ ਮਿਯਾਨੇ ਸਗਾਂ" ਪੁਨਾ-"ਕਿ ਜ਼ਾਨੀ ਓ ਸਾਰਕ ਨ ਦਾਰੰਦ ਦੋਸਤ" ਅਰਥਾਤ-ਸਗਾਂ (ਭਾਵ ਸਿਖਾਂ ਤੋਂ ਹੈ) ਵਿਚ ਵਿਭਚਾਰ ਨਹੀਂ ਹੁੰਦਾ। ਵਿਭਚਾਰੀ ਤੇ ਚੋਰ ਨੂੰ ਇਹ ਮਿੱਤ੍ਰ ਹੀ ਨਹੀਂ ਬਣਾਉਂਦੇ। [ਜੰਗ ਨਾਮਹ ਕ੍ਰਿਤ ਕਾਜੀ ਨੂਰ ਮੁਹੰਮਦ।
  96. ↑ ਇਕੱਲੇ ਇਕੱਲੇ।
  97. ↑ ਇਸ ਬੁਰਜ ਨੂੰ ਹੁਣ ਡਾਕ ਬੰਗਲਾ ਬਣਾਇਆ ਗਿਆ ਹੈ, ਅਰ ਸੈਰ ਕਰਨ ਗਏ ਲੋਕੀਂ ਜਾਕੇ ਟਿਕਦੇ ਹਨ। ਸ਼ਾਹਪੁਰ ਤੋਂ ਛੇ ਕੁ ਮੀਲ ਹੇਠਾਂ ਮਾਧੋਪੁਰ ਹੈ, ਜਿਥੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲ ਪੁਰਾਣੀ ਨਹਿਰ ਨਵੇਂ ਸਿਰੇ ਮੁਰੰਮਤ ਹੋ ਕੇ ਲਾਹੌਰ ਤੋੜੀ ਜਾਂਦੀ ਸੀ, ਜਿਸ ਵਿਚੋਂ ਇਕ ਹੰਸਲੀ ਸਿੱਖਾਂ ਦੀ ਖੋਦੀ ਹੋਈ ਦਰਬਾਰ ਸਾਹਿਬ ਅੱਪੜਦੀ ਸੀ, ਜਿਸ ਦਾ ਪਿੰਡ ਤੁੰਗ ਤੋਂ ਸਰੋਵਰ ਤਕ ਦਾ ਹਿੱਸਾ ਅਜੇ ਕਾਇਮ ਹੈ ਤੇ ਦਰਬਾਰ ਸਾਹਿਬ ਦੇ ਕਬਜ਼ੇ ਵਿਚ ਹੈ। ਬਾਰੀ ਦੁਆਬ ਨਹਿਰ ਅੱਜ ਕਲ ਵਾਲੀ ਬੀ ਉਸੀ ਹੀ ਟਿਕਾਣੇ ਮਾਧੋਪੁਰ ਤੋਂ ਕੱਢੀ ਗਈ ਹੈ।
  98. ↑ ਕਸਤੂਰੀ ਤੋਂ ਬਣੀ ਇਕ ਦਵਾਈ ਦਾ ਨਾਮ ਹੈ ਜੋ ਦਿਲ ਦਿਮਾਗ ਦੀ ਤਾਕਤ ਲਈ ਹਕੀਮ ਵਰਤਦੇ ਹਨ।
  99. ↑ ਰਜਤਪਣ-ਰੁਪਈਆ।
  100. ↑ ਹੇ ਠੰਢਾਂ ਵਾਲੀਏ।
  101. ↑ ਮਾਪਿਆਂ ਦੇ ਜਾਇਆਂ ਦਾ ਪਿਆਰ।
  102. ↑ ਇਹ ਸੰਤ ਤੇ ਲਿਟਾਂ ਵਾਲੇ ਸਾਧੂ ਬੀ ਤਦੋਂ ਦੀ ਪੰਥ ਸੇਵਾ ਦੀ ਮਾਲਾ ਦਾ ਇਕ ਮਣਕਾ ਸਨ।
  103. ↑ ਤਾਰੀਖੇ ਲਾਹੌਰ, ਕਨ੍ਹੱਯਾ ਲਾਲ।
  104. ↑ ਖਾਲਸਾ ਤਵਾਰੀਖ।
  105. ↑ ਜ਼ਕਾਉੱਲਾ!
  106. ↑ ਦੌਲਤੇ ਦੁੱਰਾਨੀਆਂ।
  107. ↑ ਉਮਦਾਤੁੱ-ਤ੍ਵਾਰੀਖ।
  108. ↑ ਮਹਾਰਾਜਾ ਆਲਾ ਸਿੰਘ ਕ੍ਰਿਤ ਭਾਈ ਕਰਮ ਸਿੰਘ ਜੀ।
  109. ↑ ਅਫ਼ਗਾਨਿਸਤਾਨ ਦੇ ਕਈ ਅਮੀਰਾਂ ਦੇ ਖ਼ਾਨਦਾਨੀ ਪੀਰ ਏਥੇ ਹੁੰਦੇ ਸਨ।