ਸਵਰਗ? ਇੱਥੇ ਹੀ ਹੈ!
6 ਜੂਨ ਦੀ ਸ਼ਾਮ ਬਾਲੀ ਪਹੁੰਚਿਆ ਤਾਂ ਚਿਤਰਾ ਕਹਿੰਦੀ ਕਿ ਅਸੀਂ ਤੈਨੂੰ ਏਅਰਪੋਰਟ ਤੋਂ ਲੈਣ ਆਵਾਂਗੇ। ਚਿਤਰਾ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲਿਆ ਸੀ। ਚਰਮਾ ਚਿਤਰਾਵਤੀ, ਬਾਲੀ ਭਾਸ਼ਾ ਦੀ ਲਿਖਾਰੀ ਹੈ ਜਿਸ ਦੀਆਂ ਕੁਝ ਕਿਤਾਬਾਂ ਛਪੀਆਂ ਹੋਈਆਂ ਹਨ। ਮੇਰੀ ਪਛਾਣ ਉਸਦੀ ਵਿਕੀਪੀਡੀਆ ਤੇ ਵਿਕੀਸਰੋਤ ਪ੍ਰੋਜੈਕਟਾਂ ਉੱਤੇ ਬਾਲੀ ਭਾਸ਼ਾ ਵਿਚ ਕਨਟੈਂਟ ਬਣਾਉਣ ਦੇ ਸੰਬੰਧ ਵਿਚ ਹੋਈ। ਇਕ ਸਾਲ ਪਹਿਲਾਂ ਉਸ ਨਾਲ ਪਹਿਲੀ ਵਾਰ ਗੂਗਲ ਮੀਟ ਉੱਤੇ ਮੁਲਾਕਾਤ ਹੋਈ ਸੀ। ਉਹ ਆਪਣੇ ਪਤੀ ਬਾਯੂ ਨਾਲ ਆਈ। ਬਾਲੀ ਭਾਸ਼ਾ ਵਿਚ ਬਾਯੂ ਮਤਲਬ ਵਾਯੂ ਦੇਵਤਾ। ਮੈਨੂੰ ਮੇਰੇ ਰਿਜ਼ੋਰਟ ਵਿਚ ਛੱਡਣ ਵੇਲੇ ਉਹ ਅਗਲੇ ਦਿਨ ਸਵੇਰੇ 9 ਵਜੇ ਆਉਣ ਦਾ ਇਕਰਾਰ ਕਰ ਕੇ ਚਲੇ ਗਏ। ਉਸ ਵਕਤ ਤੱਕ ਮੈਨੂੰ ਅਹਿਸਾਸ ਨਹੀਂ ਸੀ ਕਿ ਅਗਲਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਹਸੀਨ ਦਿਨ ਹੋਣ ਵਾਲਾ ਸੀ।
ਬਾਲੀ ਵਿਚ ਬਹੁਗਿਣਤੀ ਆਬਾਦੀ ਹਿੰਦੂ ਹੈ। ਲਗਭਗ 80 ਪਰਸੈਂਟ। 2000 ਸਾਲ ਦੱਖਣੀ ਭਾਰਤ ਤੋਂ ਅਦਿਤਯਾ ਰਿਸ਼ੀ ਤੇ ਹੋਰਾਂ ਹਿੰਦੂਆਂ ਨੇ ਇੱਥੇ ਹਿੰਦੂ ਧਰਮ ਦਾ ਪ੍ਰਚਾਰ ਕੀਤਾ ਤੇ ਲਗਭਗ ਸਾਰੇ ਟਾਪੂਆਂ ਉੱਤੇ ਹਿੰਦੂ ਧਰਮ ਦੀ ਬਹਿਜਾ-ਬਹਿਜਾ ਹੋ ਗਈ। ਪਰ ਫਿਰ ਇਸਲਾਮ ਦੇ ਹੋਂਦ ਵਿਚ ਆਉਣ ਤੋਂ 2 ਕੁ ਸਦੀਆਂ ਬਾਅਦ ਪੂਰੇ ਇੰਡੋਨੇਸ਼ੀਆ ਵਿਚ ਇਸਲਾਮ ਨੇ ਪੈਰ ਜਮਾਉਣੇ ਸ਼ੁਰੂ ਕੀਤੇ। ਅੱਜ ਇੰਡੋਨੇਸ਼ੀਆ ਵਿਚ ਲਗਭਗ 87 ਪਰਸੈਂਟ ਆਬਾਦੀ ਮੁਸਲਮਾਨ ਹੈ ਤੇ ਇੰਡੋਨੇਸ਼ੀਆ ਸਭ ਤੋਂ ਵੱਡੀ ਮੁਸਲਮਾਨ ਆਬਾਦੀ ਵਾਲਾ ਮੁਲਕ ਹੈ। ਪਰ ਸਿਰਫ਼ ਬਾਲੀ ਟਾਪੂ ਅਜਿਹਾ ਰਹਿ ਗਿਆ ਜਿੱਥੇ ਬਹੁਗਿਣਤੀ ਨੇ ਹਿੰਦੂ ਧਰਮ ਨੂੰ ਹੀ ਅਪਨਾਈ ਰੱਖਿਆ, ਭਾਵੇਂ ਇਸ ਨੂੰ ਆਪਣੀ ਖ਼ਾਸ ਰੰਗਤ ਤਾਂ ਦੇਣੀ ਹੀ ਸੀ। ਤੇ ਇਸ ਸਾਲ 8 ਜੂਨ ਨੂੰ ਬਾਲੀ ਦੇ ਹਿੰਦੂ ਆਪਣਾ ਸਭ ਤੋਂ ਵੱਡਾ ਤਿਉਹਾਰ, ਗਾਲੁੰਗਾਨ, ਮਨਾ ਰਹੇ ਸਨ। ਇਸੇ ਕਰਕੇ 7 ਜੂਨ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਹਸੀਨ ਦਿਨ ਹੋਣ ਵਾਲਾ ਸੀ।
ਮੈਂ ਆਪਣੇ ਰਿਜ਼ੋਰਟ ਵਿਚ ਸਵੇਰੇ 7 ਕੁ ਵਜੇ ਉੱਠਿਆ। ਚਿਤਰਾ ਤੇ ਬਾਯੂ ਦੇ ਆਉਣ ਵਿਚ ਅਜੇ ਸਮਾਂ ਸੀ। ਪਹਿਲਾਂ ਤਾਂ ਬੀਚ ਉੱਤੇ ਗਿਆ। ਸਾਨੂਰ ਬੀਚ। ਭੀੜ ਜਮਾਂ ਵੀ ਨਹੀਂ। ਪਾਣੀ ਬਹੁਤ ਸਾਫ਼ ਤੇ ਪਾਣੀ ਵਿਚ 'ਕੱਲਾ ਮੈਂ ਹੀ ਸੀ। ਸਮੁੰਦਰ ਦਾ ਪਾਣੀ ਪਹਿਲੀ ਵਾਰ ਇੰਨਾ ਸ਼ਾਂਤ ਦੇਖਿਆ। ਛੱਲਾਂ ਬਿਲਕੁਲ ਵੀ ਨਹੀਂ। ਬਿਲਕੁਲ ਜਿਵੇਂ ਕੋਈ ਸਵਿਮਿੰਗ ਪੂਲ ਹੋਵੇ। ਦੂਰ 500 ਕੁ ਮੀਟਰ ਉੱਤੇ ਕੁਝ ਛੱਲਾਂ ਜ਼ਰੂਰ ਦਿਸ ਰਹੀਆਂ ਸਨ। ਮੈਂ ਦੋ ਵਾਰ ਸਮੁੰਦਰ ਵਿਚ ਡੁੱਬਦਿਆਂ-ਡੁੱਬਦਿਆਂ ਬਚਿਆਂ, ਇਸ ਲਈ ਜ਼ਿਆਦਾ ਖੁੱਲ੍ਹ ਕੇ ਵੀ ਨਹੀਂ ਤੈਰਿਆ। ਪਰ ਐਂ ਵੀ ਨਹੀਂ ਕਿ ਮਜ਼ਾ ਨਾ ਲਿਆ ਹੋਵੇ।
ਮੈਂ 8-8:30 ਤੱਕ ਵਾਪਸ ਪਹੁੰਚ ਗਿਆ ਤੇ ਤਿਆਰ ਹੋਣ ਲੱਗਿਆ। ਉਹ ਹੇਠਾਂ ਰਿਜ਼ੋਰਟ ਦੀ ਲੌਬੀ ਵਿਚ ਇੰਤਜ਼ਾਰ ਕਰ ਰਹੇ ਸਾਂ। ਮੈਂ ਫਟਾਫਟ ਬੂਟ ਪਾ ਕੇ ਉਹਨਾਂ ਕੋਲ਼ ਪਹੁੰਚਿਆ। ਅਗਲੇ ਦਿਨ ਗਾਲੁੰਗਾਨ ਹੋਣ ਕਰਕੇ ਅੱਜ ਦੀ ਵੀ ਸਾਰੇ ਬਾਲੀ ਵਿਚ ਛੁੱਟੀ ਸੀ। ਗਾਲੂੰਗਾਨ ਤੋਂ ਇਕ ਦਿਨ ਪਹਿਲਾਂ ਸੂਰ ਦੇ ਮਾਸ ਨੂੰ ਕਈ ਕਿਸਮ ਨਾਲ ਪਕਾ ਕੇ ਦਾਅਵਤ ਤਿਆਰ ਕੀਤੀ ਜਾਂਦੀ ਹੈ ਤੇ ਨਾਲ ਹੀ ਅਗਲੇ ਦਿਨ ਦੀ ਪਾਠ ਪੂਜਾ ਲਈ ਫੁੱਲ-ਪੱਤੀਆਂ ਨੂੰ ਇਕ ਦੂਜੇ ਨਾਲ ਸੋਹਣੇ ਪੈਟਰਨਾਂ ਵਿਚ ਪਰੋਇਆ ਜਾਂਦਾ ਹੈ। ਇਸ ਲਈ ਸਵੇਰ ਦਾ ਖਾਣਾ ਚਿਤਰਾ ਦੇ ਪੇਕੀਂ ਕਰਨਾ ਸੀ।
ਸ਼ਹਿਰ ਤੋਂ ਬਾਹਰ ਨਿਕਲੇ ਤਾਂ ਬਾਲੀ ਦੀ ਖ਼ੂਬਸੂਰਤੀ ਹੋਰ ਦਿਸਣ ਲੱਗੀ। ਸਾਫ਼ ਨੀਲੇ ਅਸਮਾਨ ਵਿਚ ਟਿਕਾਏ ਹੋਏ ਚਿੱਟੇ ਬੱਦਲ। ਬਾਲੀ ਦੀ ਅਪਾਰ ਖ਼ੂਬਸੂਰਤੀ ਦੇਖਦੇ ਹੋਏ, ਪਰ ਨਾਲ ਹੀ ਇਹ ਵੀ ਜਾਣਦੇ ਹੋਏ ਕਿ ਇੱਥੇ ਵੱਡੀ ਆਬਾਦੀ ਵਿਚ ਸੈਲਾਨੀ ਆਉਂਦੇ ਹਨ, ਮੈਂ ਉਹਨਾਂ ਤੋਂ ਪੁੱਛਿਆ ਕਿ ਵਾਤਾਵਰਨ ਦਾ ਕੀ ਹਾਲ ਹੈ? ਬਾਯੂ ਬਾਲੀ ਦੇ ਫ਼ਲਸਫ਼ੇ ਬਾਰੇ ਦੱਸਣ ਲੱਗਿਆ; “ਤ੍ਰੀ ਹਿੱਤ ਕਰਨ” ਭਾਵ ਖ਼ੁਸ਼ਹਾਲ ਰਹਿਣ ਦੇ ਤਿੰਨ ਕਾਰਨ; 1. ਰੱਬ ਨਾਲ ਇਕਸਾਰਤਾ, 2. ਹੋਰ ਲੋਕਾਂ ਨਾਲ ਇਕਸਾਰਤਾ, 3. ਕੁਦਰਤ ਨਾਲ ਇਕਸਾਰਤਾ। ਪਰ ਹੁਣ ਸਭ ਤੇਜ਼ੀ ਨਾਲ ਬਦਲ ਰਿਹਾ ਹੈ। ਪਲਾਸਟਿਕ ਹੀ ਪਲਾਸਟਿਕ। ਉਹਨਾਂ ਦੱਸਿਆ ਕਿ ਕੁਝ ਗ਼ੈਰ-ਸਰਕਾਰੀ ਅਦਾਰੇ ਇਸ ਲਈ ਕੰਮ ਕਰ ਰਹੇ ਹਨ। ਸਰਕਾਰ ਵੀ ਸਖ਼ਤੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਲੋਕ ਬਦਲ ਚੁੱਕੇ ਹਨ।
ਚਿਤਰਾ ਦੇ ਘਰ ਪਹੁੰਚਣ ਤੋਂ ਪਹਿਲਾਂ ਅਸੀਂ ਕਲੁੰਗਕੁੰਗ ਨਾਂ ਦੇ ਕਾਬੂਪਾਤੀਆਨ ਦੇ ਕਸਬੇ ਸੇਮਾਰਾਪੁਰਾ ਦਾ ਇਕ ਪੁਰਾਣਾ ਮੰਦਰ ਦੇਖਣ ਲਈ ਰੁਕੇ। ਕਾਬੂਪਾਤੀਆਨ ਜਾਂ (ਕਾਬੂਪਾਤੇਨ) ਜ਼ਿਲ੍ਹੇ ਵਰਗੀ ਇਕ ਇੰਡੋਨੇਸ਼ੀਆਈ ਇਕਾਈ ਹੈ। ਅੰਗਰੇਜ਼ੀ ਵਿਚ ਇਸ ਨੂੰ regency ਕਹਿੰਦੇ ਹਨ। ਪਰ ਦਿਲਚਸਪ ਗੱਲ ਇਹ ਹੈ ਕਿ ਇਹ ਸ਼ਬਦ ਸੰਸਕ੍ਰਿਤ ਸ਼ਬਦ ਭੂਪਤੀ ਤੋਂ ਬਣਿਆ ਹੈ, ਜੋ ਇੰਡੋਨੇਸ਼ੀਆ ਦੀ ਜਾਵਾ ਭਾਸ਼ਾ ਵਿਚ ਬੂਪਾਤੀ ਬਣ ਗਿਆ। ਬੂਪਾਤੀ ਇੰਡੋਨੇਸ਼ੀਆ ਦੇ ਖੇਤਰੀ ਸ਼ਾਸਕਾਂ ਨੂੰ ਕਿਹਾ ਜਾਂਦਾ ਸੀ ਤੇ ਇਸ ਤਰ੍ਹਾਂ ਕਾਬੂਪਾਤੀਆਨ ਉਹ ਖੇਤਰ ਹੈ ਜਿਸ ਉੱਤੇ ਭੂਪਤੀ ਦਾ ਸ਼ਾਸਨ ਹੁੰਦਾ ਸੀ। ਤੇ ਅਸੀਂ ਉਸ ਮੰਦਰ ਵਿਚ ਗਏ ਜਿੱਥੇ ਇੱਥੋਂ ਦਾ ਭੂਪਤੀ ਬੈਠਿਆ ਕਰਦਾ ਸੀ। 18ਵੀਂ ਸਦੀ ਵਿਚ ਬਣੀ ਉਸ ਇਮਾਰਤ ਦੀ ਖ਼ੂਬਸੂਰਤੀ ਇਹ ਹੈ ਕਿ ਉਸਦੀਆਂ ਅੰਦਰ ਵੱਲ ਟੇਢੀਆਂ ਕੰਧਾਂ ਉੱਤੇ ਭੀਮ ਦੇ ਸਵਰਗ ਜਾਣ ਦੇ ਦ੍ਰਿਸ਼ ਬਣੇ ਹੋਏ ਹਨ। ਤੇ ਉਸ ਵਿਚ ਦਾਖ਼ਲ ਹੋਣ ਲਈ ਤੁਹਾਨੂੰ ਬਾਲੀ ਅੰਦਾਜ਼ ਦੀ ਧੋਤੀ ਤੇ ਸਿਰ ਢਕਣ ਲਈ ਇਕ ਵੱਖਰੀ ਜਿਹੀ ਟੋਪੀ ਪਹਿਣਨੀ ਲਾਜ਼ਮੀ ਹੈ। ਦਿਲਚਸਪ ਗੱਲ ਹੈ ਕਿ ਉਸ ਟੋਪੀ ਨੂੰ ਇਹ ਦਸਤਾਰ ਕਹਿੰਦੇ ਹਨ। ਸਪਸ਼ਟ ਹੈ ਕਿ ਇਹ ਪੰਜਾਬੀਆਂ ਦੀ ਦਸਤਾਰ ਨਾਲ਼ੋਂ ਵੱਖ ਹੈ ਪਰ ਸ਼ਬਦਾਂ ਦੇ ਪੱਧਰ ਉੱਤੇ ਸਾਂਝ ਵੀ ਹੈ।
ਭੁੱਖ ਨਾਲ ਮੇਰਾ ਬੁਰਾ ਹਾਲ ਹੋਣ ਲੱਗਿਆ। ਮੈਂ ਆਮੂਮਨ 8 ਕੁ ਵਜੇ ਬ੍ਰੇਕਫ਼ਾਸਟ ਕਰ ਲੈਂਦਾ ਹਾਂ। 10:30 ਵੱਜ ਚੁੱਕੇ ਸਨ। ਕਾਹਲ ਵੀ ਨਹੀਂ ਕਰ ਸਕਦਾ ਕਿ ਚੱਲੋ ਹੁਣ। ਆਖ਼ਰ ਉਹ ਮੈਨੂੰ ਘੁਮਾ ਰਹੇ ਸਨ। ਆਪਣੀ ਗੱਡੀ ਵਿਚ, ਆਪਣੇ ਪਰਿਵਾਰਕ ਸਮੇਂ ਵਿੱਚੋਂ ਸਮਾਂ ਕੱਢ ਕੇ। ਜ਼ਿਆਦਾ ਭੁੱਖ ਇਸ ਲਈ ਵੀ ਸੀ ਕਿਉਂਕਿ ਪਿਛਲੀ ਰਾਤ ਵੀ ਕੁਝ ਜ਼ਿਆਦਾ ਨਹੀਂ ਖਾਧਾ ਸੀ। ਆਈਸਕਰੀਮ ਹੀ ਖਾਧੀ ਸੀ ਅਸਲ ਵਿਚ। ਰਿਜ਼ੋਰਟ ਪਹੁੰਚਦੇ-ਪਹੁੰਚਦੇ ਦੇਰ ਹੋ ਗਈ ਸੀ ਤੇ ਉੱਤੋਂ ਮੇਰੇ ਰਿਜ਼ੋਰਟ ਵਿਚ ਡਿਨਰ ਵੈਸੇ ਵੀ ਨਹੀਂ ਬਣਦਾ ਸੀ।
ਕਰ-ਕਰਾ ਕੇ ਅਸੀਂ ਚੱਲ ਪਏ ਚਿਤਰਾ ਦੇ ਪੇਕਿਆਂ ਵੱਲ। ਜ਼ਿਆਦਾ ਦੂਰ ਨਹੀਂ ਸੀ ਸੇਮਾਰਾਪੁਰਾ ਤੋਂ। ਗਲੀਆਂ ਬਹੁਤ ਵਧੀਆ ਬਣੀਆ ਹੋਈਆਂ ਸਨ। ਪਿੰਡਾਂ ਵਿਚ ਵੀ। ਤੇ ਇਸ ਪਾਸੇ ਭੀੜ ਵੀ ਨਹੀਂ ਸੀ। ਚਿਤਰਾ ਦਾ ਘਰ ਆਖ਼ਰ ਆ ਹੀ ਗਿਆ। ਉਤਰ ਕੇ 4 ਕੁ ਪੌੜੀਆਂ ਚੜ੍ਹ ਅੰਦਰ ਦਾਖ਼ਲ ਹੋਣ ਲੱਗੇ ਤਾਂ ਦੇਖਿਆ ਕਿ ਵੜਦੇ ਸਾਰ 3-4 ਫੁੱਟ ਦੀ ਗਣੇਸ਼ ਦੀ ਮੂਰਤੀ। ਮੈਂ ਪੂਰਾ ਹੈਰਾਨ। ਉਹਦੇ ਬਾਰੇ ਪੁੱਛਿਆ ਤਾਂ ਕਹਿੰਦੇ, ਅਸੀਂ ਇਹਨੂੰ ਗਾਨਾ ਕਹਿੰਦੇ ਹਾਂ। ਇੱਥੇ ਤਾਂ ਹਰ ਘਰ ਵਿਚ ਹੀ ਸਭ ਤੋਂ ਪਹਿਲਾਂ ਗਣੇਸ਼ ਦੀ ਮੂਰਤੀ ਹੁੰਦੀ ਹੈ। ਸ਼ਹਿਰਾਂ ਵਿਚ ਥਾਂ ਦੀ ਕਿੱਲਤ ਕਰਕੇ ਔਖਾ ਹੈ ਪਰ ਪਿੰਡਾਂ ਵਿਚ ਤਾਂ ਇਹ ਗੱਲ ਜਮਾਂ ਹੀ ਸਹੀ ਹੈ।
ਚਿਤਰਾ ਦੇ ਮਾਂ-ਪਿਉ ਤੇ ਦੋ ਭੈਣਾਂ ਨੂੰ ਮਿਲਿਆ। ਮੇਰਾ ਪੂਰਾ ਧਿਆਨ ਇਸ ਪਾਸੇ ਸੀ ਕਿ ਖਾਣ ਨੂੰ ਕਦੋਂ ਮਿਲੂਗਾ ਕੁਝ। ਇੰਨੀ ਦੇਰ ਮੈਂ ਉਹਨਾਂ ਦੇ ਘਰ ਦੀ ਬਣਤਰ ਤੇ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਦੇਖਣ ਲੱਗਿਆ। ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਇੱਥੇ ਵੀ ਬੜਾ ਚਾਅ ਹੈ ਲੋਕਾਂ ਨੂੰ। ਚਿਤਰਾ ਦੀ ਇਕ ਭੈਣ ਦਾ ਪਿੱਛੇ ਜਿਹੇ ਹੀ ਵਿਆਹ ਹੋਇਆ ਸੀ। ਉਸ ਦੀਆਂ 3 ਵੱਡੀਆਂ-ਵੱਡੀਆਂ ਫੋਟੋਆਂ ਇਕ ਕੰਧ ਉੱਤੇ ਜੜੀਆਂ ਹੋਈਆਂ ਸਨ। ਸਾਰੀਆਂ ਹੀ ਫੋਟੋਆਂ ਵਿਚ ਕੁੜੀ ਨੇ ਸਿਰ ਉੱਤੇ ਲਗਭਗ ਇਕ ਫੁੱਟ ਦਾ ਤਿਕੋਣਾ ਜਿਹਾ ਸੋਨੇ-ਰੰਗਾ ਮੁਕਟ ਪਹਿਨਿਆ ਹੋਇਆ ਹੈ। ਕਮੀਜ਼ ਤੇ ਫਿਰ ਸਾੜ੍ਹੀ ਵਰਗਾ ਇਕ ਕੱਪੜਾ ਜੋ ਪੈਰਾਂ ਤੋਂ ਹੇਠਾਂ ਤੱਕ ਜਾਂਦਾ ਹੈ, ਬੰਨ੍ਹਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਸਿਵਾਇ ਮੁਕਟ ਦੇ ਛੋਟੇ ਆਕਾਰ ਤੋਂ, ਮੁੰਡੇ ਦਾ ਬਾਕੀ ਪਹਿਰਾਵਾ ਕੁੜੀ ਵਰਗਾ ਹੀ ਹੈ। ਇੰਨੀ ਦੇਰ ਵਿਚ ਉਹ ਚਾਹ ਲੈ ਆਏ। ਬਿਨਾਂ ਦੁੱਧ ਵਾਲੀ ਤੇ ਥੋੜ੍ਹਾ ਜਿਹਾ ਮਿੱਠਾ।
ਮਜ਼ਾ ਤਾਂ ਆਇਆ ਪਰ ਮੈਨੂੰ ਤਾਂ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਪਰ ਭੁੱਖ ਤੋਂ ਮੇਰਾ ਧਿਆਨ ਹਟਾਉਣ ਲਈ ਉਹਨਾਂ ਦੀ ਛੋਟੀ ਜਿਹੀ ਕਾਲੀ ਬਿੱਲੀ ਮੇਰੇ ਕੋਲ ਆ ਗਈ।
ਚੱਲੋ, ਇੰਨੀ ਦੇਰ ਨੂੰ ਚਿਤਰਾ ਤੇ ਉਹਦੀ ਭੈਣ ਸਿਨਤਾ ਖਾਣਾ ਵੀ ਪਰੋਸਣ ਲੱਗੇ। ਘਰ ਦਾਖ਼ਲ ਹੁੰਦੇ ਸਾਰ ਸੱਜੇ ਪਾਸੇ ਬਣੇ ਮੇਨ ਕਮਰੇ ਸਾਹਮਣੇ ਬਣੇ ਥੜ੍ਹੇ ਉੱਤੇ ਚੌਕੜੀ ਮਾਰ ਕੇ ਬੈਠ ਗਏ, ਮੈਂ ਤੇ ਬਾਯੂ, ਪ੍ਰਾਹੁਣੇ ਬਣ ਕੇ। ਬਾਯੂ ਤਾਂ ਆਖ਼ਰ ਹੈਗਾ ਹੀ ਉਹਨਾਂ ਦਾ ਪ੍ਰਾਹੁਣਾ। ਚਾਰ ਕਿਸਮ ਨਾਲ ਪਕਾਇਆ ਹੋਇਆ ਸੂਰ ਦਾ ਮਾਸ, ਚਾਰ ਸਬਜ਼ੀਆਂ ਤੇ ਭੂਰੇ-ਚਿੱਟੇ ਮਿਕਸ ਚੌਲ਼। ਸਹੀ ਦੱਸਾਂ ਤਾਂ ਸਬਜ਼ੀਆਂ ਥੋੜ੍ਹਾ ਜਿਹੀਆਂ ਚਖੀਆਂ ਤੇ ਹੋਰ ਨਹੀਂ ਖਾਧੀਆਂ। ਸੂਰ ਦੀ ਨ੍ਹੇਰੀ ਲਿਆ ਕੇ ਰੱਖੀ। ਇਕ ਹਲਕੀ ਜਿਹੀ ਤਰੀ ਵਾਲਾ ਤੇ ਦੂਜਾ ਰੋਸਟਡ, ਇਹ ਦੋ ਤਾਂ ਬਹੁਤ ਹੀ ਕਮਾਲ ਸੀ। ਪੂਰਾ ਢਿੱਡ ਭਰਨ ਤੋਂ ਬਾਅਦ ਥੋੜ੍ਹਾ ਹੋਰ ਵੀ ਖਾ ਲਿਆ। ਅਕਸਰ ਜਦ ਭੁੱਖ ਲੱਗੀ ਹੋਵੇ ਤਾਂ ਲੋੜ ਨਾਲ਼ੋਂ ਜ਼ਿਆਦਾ ਖਾਧਾ ਜਾਂਦੈ। ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਬਾਲੀ ਆ ਕੇ ਉੱਥੇ ਦੇ ਇਕ ਆਮ ਜਿਹੇ ਘਰ ਵਿਚ ਉਹਨਾਂ ਦਾ ਦਾਅਵਤ ਵਾਲਾ ਖਾਣਾ ਖਾਣ ਦਾ ਮੌਕਾ ਮਿਲਿਆ।
ਖਾਣੇ ਮਗਰੋਂ ਚਿਤਰਾ ਤੇ ਸਿਨਤਾ ਲੱਗ ਗਈਆਂ ਫੁੱਲਾਂ ਤੇ ਪੱਤਿਆਂ ਨੂੰ ਇਕ-ਦੂਜੇ ਵਿਚ ਪਰੋਣ ਤੇ ਅਗਲੇ ਦਿਨ ਦੇ ਤਿਉਹਾਰ ਦੀ ਪੂਜਾ ਸਮੱਗਰੀ ਤਿਆਰ ਕਰਨ। ਮੈਂ ਨੇੜੇ ਹੀ ਦੇਖਿਆ ਕਿ ਵੱਖ-ਵੱਖ ਲੰਬਾਈ ਦੇ ਬਾਂਸ ਦੇ ਅੱਧੇ ਟੋਟਿਆਂ ਨਾਲ ਬਣਿਆ ਇਕ ਸਾਜ਼ ਫ਼ਰਸ਼ ਉੱਤੇ ਪਿਆ ਹੈ। ਮੈਂ ਉਹਨਾਂ ਨੂੰ ਪੁੱਛ ਕੇ ਪੰਗੇ ਲੈਣ ਲੱਗ ਪਿਆ। ਗਿਟਾਰ ਦਾ ਤਾਂ ਥੋੜ੍ਹਾ ਬਹੁਤ ਵਲ਼ ਹੈਗਾ ਪਰ ਤਾਲ ਵਾਲੇ ਸਾਜ਼ਾਂ ਦਾ ਨਹੀਂ। ਪਰ ਆਪਣੇ ਮਜ਼ੇ ਲਈ ਟੁੱਟਾ-ਫੁੱਟਾ ਜਿਹਾ ਥੋੜ੍ਹੀ ਦੇਰ ਲਈ ਵਜਾਉਂਦਾ ਰਿਹਾ। ਕਿਸੇ ਨੇ ਟੋਕਿਆ ਨਹੀਂ ਕਿ ਬਸ ਕਰ। ਊਂ ਬੰਦਾ ਬਾਹਰੋਂ ਆਇਆ, ਥੋੜ੍ਹਾ ਮਾਣ ਤਾਂ ਬਣਦਾ ਹੀ ਸੀ। ਬਾਯੂ ਨੇ ਦੱਸਿਆ ਸੀ ਕਿ ਬਾਲੀ ਵਿਚ ਚੀਨੀ ਤੇ ਭਾਰਤੀ ਲੋਕਾਂ ਲਈ ਜਿਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਉਸਦਾ ਮਤਲਬ ਹੈ ਵੱਡਾ ਭਾਈ। ਕਿੰਨਾ ਚੰਗਾ ਦਿਨ ਹੈ, ਮੈਂ ਮਨ ਹੀ ਮਨ ਸੋਚ ਰਿਹਾ ਸੀ, ਪਰ ਕਿੱਥੇ ਪਤਾ ਸੀ ਕਿ ਅੱਗੇ ਹੋਰ ਬਹੁਤ ਕੁਝ ਹੋਣਾ ਬਾਕੀ ਹੈ।
ਬਾਯੂ ਕਹਿੰਦਾ ਇਹਨਾਂ ਨੇ ਤਾਂ ਕੱਲ੍ਹ ਦੀ ਤਿਆਰੀ ਕਰਨੀ ਹੈ। ਆਜਾ ਆਪਾਂ ਮੇਰੇ ਦੋਸਤ ਕੋਲ਼ ਚੱਲੀਏ। ਆਲੇ-ਦੁਆਲੇ ਝੋਨੇ ਦੇ ਖੇਤ ਦਿਸਣੇ ਸ਼ੁਰੂ ਹੋਏ। ਮੇਰਾ ਰੁਕਣ ਦਾ ਜੀਅ ਕਰੇ। ਹਲਕੀ ਜਿਹੀ ਉਚਾਈ ਸ਼ੁਰੂ ਹੋਈ ਹੀ ਸੀ। ਆਸੇ-ਪਾਸੇ ਝੋਨੇ ਦੇ ਖੇਤ ਤੇ ਦੂਰ ਸਮੁੰਦਰ ਵੀ ਦਿਸਣ ਲੱਗਿਆ। ਉੱਥੇ ਹੀ ਬਾਯੂ ਨੇ ਬਾਲੀ ਦੀ ਸਿੰਜਾਈ ਪ੍ਰਣਾਲੀ ਬਾਰੇ ਦੱਸਿਆ। ਸਾਰੇ ਪਾਣੀ ਦਾ ਸਾਂਝੇ ਤੌਰ ਉੱਤੇ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਕਿਸੇ ਨੂੰ ਸਬਮਰਸੀਬਲ ਨਹੀਂ ਲਾਉਣਾ ਪੈਂਦਾ ਇੱਥੇ। ਉੱਥੇ ਖੇਤ ਦੇ ਨੇੜੇ ਹੀ ਮਿੱਟੀ ਵਿਚ ਪੱਥਰ ਗੱਡੇ ਹੋਏ ਸਨ। ਮੈਂ ਕਿਹਾ ਇਹ ਕਬਰਾਂ ਨੇ? ਕਹਿੰਦਾ “ਹਾਂ, ਹਿੰਦੂਆਂ ਦੀਆਂ ਕਬਰਾਂ ਨੇ।" ਮੈਂ ਹੱਕਾ-ਬੱਕਾ। ਹਿੰਦੂਆਂ ਦੀਆਂ ਕਬਰਾਂ? ਕਹਿੰਦਾ ਇਥੇ ਕਿਰਿਆ-ਕਰਮ ਉੱਤੇ ਬਹੁਤ ਖ਼ਰਚਾ ਹੁੰਦਾ। ਆਮ ਬੰਦਾ ਕਰ ਨਹੀਂ ਸਕਦਾ। ਇਸ ਲਈ ਸਾਰੇ ਪਿੰਡ ਦੇ ਲੋਕ ਮੌਤ ਤੋਂ ਬਾਅਦ ਆਪਣੇ ਬਜ਼ੁਰਗਾਂ ਨੂੰ ਦਫ਼ਨਾ ਦਿੰਦੇ ਹਨ। ਹਰ ਪੰਜ ਕੁ ਸਾਲ ਮਗਰੋਂ ਉਹਨਾਂ ਸਾਰਿਆਂ ਨੂੰ ਕਬਰਾਂ ਵਿੱਚੋਂ ਕੱਢ ਕੇ ਪੂਰੇ ਪਿੰਡ ਵੱਲੋਂ ਇਕੱਠਿਆਂ ਦਾ ਕਿਰਿਆ-ਕਰਮ ਕਰ ਦਿੰਦੇ ਹਨ। ਜਿਹਨਾਂ ਕੋਲ਼ ਖੁੱਲ੍ਹਾ ਪੈਸਾ ਹੈ, ਉਹ ਨਹੀਂ ਦਫ਼ਨਾਉਂਦੇ। ਉਹ ਮੌਕੇ ਉੱਤੇ ਹੀ ਸਭ ਕਿਰਿਆ-ਕਰਮ ਕਰ ਦਿੰਦੇ ਹਨ।
ਫਿਰ ਅਸੀਂ ਬਾਯੂ ਦੇ ਦੋਸਤ ਦੇ ਪਿੰਡ ਵਿਚ ਪਹੁੰਚੇ। ਘਰ ਵਿਚ ਦਾਖ਼ਲ ਹੋਏ ਤਾਂ ਸਭ ਤੋਂ ਪਹਿਲਾਂ ਗਣੇਸ਼ ਦੀ ਮੂਰਤੀ ਦਿਸੀ। ਫਿਰ ਮੇਰਾ ਧਿਆਨ ਆਲੇ-ਦੁਆਲੇ ਟੰਗੇ ਪਿੰਜਰਿਆਂ ਉੱਤੇ ਪਿਆ। ਪੰਛੀ ਹੀ ਪੰਛੀ। ਸੱਤ-ਅੱਠ ਵੱਖ-ਵੱਖ ਪੰਛੀ ਰੱਖੇ ਹੋਏ ਸਨ। ਬਾਯੂ ਦੇ ਦੋਸਤ ਨੂੰ ਮਿਲਿਆ, ਜਿਸਦਾ ਨਾਂ “ਲੇ ਪਾਂਗ” ਹੈ। ਉਸਦੇ ਪਰਿਵਾਰ ਦੇ ਬਾਕੀ ਜੀਆਂ ਨੂੰ “ਓਮ ਸਵਾਸਤੀ ਅਸਤੂ', ਜੋ ਆਪਣੇ ਸਤਿ ਸ੍ਰੀ ਅਕਾਲ ਵਰਗਾ ਹੈ, ਕਿਹਾ। ਉਹਦੀ ਮਾਂ ਤੇ ਦੋ ਭਾਈ ਰਸੋਈ ਵਿਚ ਲੱਗੇ ਹੋਏ ਸਨ ਤੇ ਦਾਅਵਤ ਦੇ ਖਾਣੇ ਦਾ ਇੰਤਜ਼ਾਮ ਕਰ ਰਹੇ ਸਨ। ਫਿਰ ਮੈਂ ਪੰਛੀਆਂ ਵੱਲ ਭੱਜਿਆ। ਕੈਮਰੇ ਨਾਲ ਪਿੰਜਰੇ ਵਿੱਚੋਂ ਉਹਨਾਂ ਦੀਆਂ ਤਸਵੀਰਾਂ ਖਿੱਚਣ ਲੱਗਿਆ। ਲੇ ਪਾਂਗ ਦਾ ਪਿਓ ਇਕ ਉੱਲੂ ਲੈ ਆਇਆ ਤੇ ਪਿੰਜਰੇ ਵਿੱਚੋਂ ਬਾਹਰ ਕੱਢ ਆਪਣੇ ਹੱਥ ਉੱਤੇ ਬਿਠਾ ਲਿਆ। ਉਹ ਉੱਡੇ ਹੀ ਨਾ, ਜਿਵੇਂ ਘਰੇਲੂ ਹੋ ਗਿਆ ਹੋਵੇ। ਫਿਰ ਮੇਰੀ ਬਾਂਹ ਉੱਤੇ ਰੱਖ ਦਿੱਤਾ। ਉਹਦੇ ਤਿੱਖੇ ਨਹੁੰ ਮੇਰੇ ਚੁਭ ਰਹੇ ਸਨ ਪਰ ਉਸ ਗੱਲ ਨੂੰ ਭੁਲਾ ਮੈਂ ਉਸ ਦੀਆਂ ਤਸਵੀਰਾਂ ਲੈਣ ਵਿਚ ਮਸਰੂਫ਼ ਰਿਹਾ। ਇੰਨੀ ਦੂਰ ਨੂੰ ਉਹ ਉੱਡਿਆ ਤੇ ਮੈਂ ਇਕ ਪਲ ਲਈ ਸੋਚਿਆ, ਲੈ ਬਈ, ਹੋ ਗਿਆ ਫੁਰਰਰਰਰ! ਪਰ ਉਹ ਉੱਡ ਕੇ ਲੇ ਪਾਂਗ ਦੇ ਪਿਓ ਦੇ ਮੋਢੀਂ ਜਾ ਕੇ ਬਹਿ ਗਿਆ। ਬਾਯੂ ਨੇ ਦੱਸਿਆ ਕਿ ਬਾਲੀ ਵਿਚ ਘਰਾਂ ਵਿਚ ਪੰਛੀ ਰੱਖਣਾ ਬਹੁਤ ਆਮ ਹੈ। ਪਿੰਡਾਂ ਦੇ ਲੋਕ ਅਕਸਰ ਹੀ ਖੇਤਾਂ ਵਿੱਚੋਂ ਇਹਨਾਂ ਨੂੰ ਫੜ ਕੇ ਘਰ ਲੈ ਆਉਂਦੇ ਹਨ।
ਚੱਲੋ ਜੀ। ਪੰਛੀਆਂ ਦਾ ਚਾਅ ਲਾਹ ਕੇ ਅਸੀਂ ਚਿਤਰਾ ਦੇ ਘਰ ਵਰਗੇ ਥੜ੍ਹੇ ਉੱਤੇ ਜਾ ਕੇ ਬਹਿ ਗਏ। ਦੋ ਕਿਸਮ ਦੀ ਦੇਸੀ ਦਾਰੂ ਲੈ ਆਇਆ ਲੇ ਪਾਂਗ। ਇਕ ਤਾਂ ਉਸਦੀ ਆਪਣੀ ਕੱਢੀ ਹੋਈ ਅਰਕ ਬਾਲੀ। ਬਹੁਤ ਤੇਜ਼। ਦੂਜੀ ਵਾਈਨ ਵਰਗੀ ਪਾਮ ਤੋਂ ਬਣੀ ਦਾਰੂ, ਜਿਸਦਾ ਨਾਂ ਤੁਆਕ ਹੈ। ਅਰਕ ਬਾਲੀ ਦੇ ਸ਼ੀਸ਼ੇ ਦੇ ਡੱਬੇ ਵਿੱਚੋਂ ਅੰਦਰ ਪਿਆ ਸਾਮਾਨ ਦਿਸ ਰਿਹਾ ਸੀ। ਲੇ ਪਾਂਗ ਨੂੰ ਅੰਗਰੇਜ਼ੀ ਘੱਟ ਹੀ ਆਉਂਦੀ ਸੀ। ਜ਼ਿਆਦਾਤਰ ਬਾਯੂ ਨੇ ਅਨੁਵਾਦ ਕਰ ਕੇ ਦੱਸਿਆ। ਉਸਦੇ ਅੰਦਰ ਕੀੜੀਆਂ ਦਾ ਭੌਣ ਤੇ ਜਿਨਸਿੰਗ ਨਾਂ ਦੀ ਬੂਟੀ ਪਾਈ ਹੋਈ ਸੀ। ਉਹਨੇ ਬਾਹਰ ਕੱਢ ਕੇ ਵੀ ਦਿਖਾਇਆ, ਤੇ ਮੈਂ ਥੋੜ੍ਹਾ ਚਖ਼ਿਆ ਵੀ। ਅਰਕ ਬਾਲੀ ਦੇ ਲਈ ਨਾਰੀਅਲ ਨੂੰ ਕੱਟ ਕੇ ਉਸ ਨਾਲ ਡੰਡਾ ਜੋੜ ਕੇ ਇਕ ਕੜਛੀ ਜਿਹੀ ਬਣਾਈ ਹੋਈ ਸੀ। ਨਾਲ ਬਹੁਤ ਹੀ ਛੋਟਾ ਜਿਹਾ ਲੋਹੇ ਦਾ ਗਲਾਸ। ਮਸਾਂ ਅੱਧੀ ਕੁ ਉਂਗਲ ਜਿੰਨਾ। ਕਹਿੰਦੇ ਦੱਸ ਫਿਰ ਪਹਿਲਾਂ ਕਿਹੜੀ ਪੀਣੀ ਹੈ। ਮੈਂ ਕਿਹਾ ਪਹਿਲਾਂ ਤਾਂ ਆਹੀ ਹੋਜੇ ਅਰਕ ਬਾਲੀ। ਲੇ ਪਾਂਗ ਨੇ ਕੜਛੀ ਨਾਲ ਗਲਾਸ ਵਿਚ ਅਰਕ ਪਾਇਆ ਤੇ ਮੇਰੇ ਸਾਹਮਣੇ ਰੱਖ ਦਿੱਤਾ। ਫਿਰ ਦੱਸਣ ਲੱਗੇ ਕਿ ਬਾਲੀ ਵਿਚ ਅਸੀਂ ਐਵੇਂ ਹੀ ਪੀਂਦੇ ਹਾਂ। ਇੱਕੋ ਗਲਾਸ ਦੇ ਨਾਲ਼, ਭਰਿਆ, ਬੌਟਸਮ ਅੱਪ ਤੇ ਅਗਲੇ ਬੰਦੇ ਦੀ ਵਾਰੀ। ਉਹੀ ਆਪਣਾ ਪੰਜਾਬੀਆਂ ਦਾ ਦੇਸੀ ਤਰੀਕਾ। ਉਸ ਛੋਟੂ ਜਿਹੇ ਗਲਾਸ ਦੇ ਇਕ ਸ਼ੌਟ ਨਾਲ ਹੀ ਪਤਾ ਲੱਗ ਗਿਆ ਕਿ ਅੰਦਰ ਕੁਝ ਗਿਆ। ਚੀਰਦਾ ਗਿਆ। ਸਵਾਦ ਵੀ ਸੀ। ਕੁੜੱਤਣ ਨਹੀਂ ਸੀ। ਬਾਯੂ ਨੇ ਬਾਅਦ ਵਿਚ ਦੱਸਿਆ ਕਿ ਉਸ ਨੇ ਇਹ ਹਾਲੇ ਤੱਕ ਦਾ ਸਭ ਤੋਂ ਵਧੀਆ ਅਰਕ ਪੀਤਾ ਸੀ। ਪਰ ਇਹ ਹਿਸਾਬ ਵੀ ਲੱਗ ਗਿਆ ਕਿ ਇਹ ਹੋਰ ਨਹੀਂ ਚੱਲਣੀ। ਫਿਰ ਅਸੀਂ ਸਾਰੇ ਆ ਗਏ ਪਾਮ ਤੋਂ ਬਣੀ ਤੁਆਕ ਵੱਲ। ਆਮ ਕੱਚ ਦਾ ਗਲਾਸ ਤੇ ਘਸਮੈਲ਼ੀ ਚਿੱਟੀ ਜਿਹੀ ਤੁਆਕ। ਇਸ ਵਿਚ ਥੋੜ੍ਹੀ ਜਿਹੀ ਮਿਠਾਸ ਸੀ। ਮਜ਼ੇਦਾਰ। ਨਾਲ ਲੇ ਪਾਂਗ ਦੀ ਪਤਨੀ ਨੇ ਮਿੱਠੇ ਚੌਲ਼ਾਂ ਦੇ ਬਣੇ ਅੱਧ-ਚੰਨ ਜਿਹੇ ਟੁਕੜੇ ਤੇ ਨਾਲ ਮੀਟ ਦੇ ਬਾਰੀਕ ਟੁਕੜਿਆਂ ਤੇ ਥੋੜ੍ਹੀ ਬਹੁਤ ਸਬਜ਼ੀਆਂ ਦਾ ਮਿਸ਼ਰਨ ਲਿਆ ਕੇ ਰੱਖ ਦਿੱਤਾ।
ਚੱਲ ਪਈਆਂ ਗੱਲਾਂ। ਉਹ ਦੱਸਣ ਲੱਗੇ ਕਿ ਆਮ ਕਰਕੇ ਤੁਆਕ ਔਰਤਾਂ ਲਈ ਹੈ, ਅਰਕ ਘੱਟ ਹੀ ਪੀਂਦੀਆਂ ਹਨ। ਕਹਿੰਦੇ ਇੱਥੇ ਦਾਰੂ ਸਾਰੀਆਂ ਰਸਮਾਂ ਦਾ ਹਿੱਸਾ ਹੈ। ਰੱਬ ਨੂੰ ਵੀ ਚੜ੍ਹਾਉਂਦੇ ਹਨ। ਮੈਂ ਦੱਸਿਆ ਕਿ ਸਾਡੇ ਪਟਿਆਲੇ ਦੁਰਗਾ ਮਾਤਾ ਦੇ ਮੰਦਰ ਵੀ ਦਾਰੂ ਚੜ੍ਹਦੀ ਹੈ। ਘਰ ਦੀ ਕੱਢੀ ਅਰਕ ਬਾਰੇ ਪੁੱਛਿਆ ਕਿ ਇਸ ਵਿਚ ਕੋਈ ਰੋਕ-ਟੋਕ ਨਹੀਂ? ਤਾਂ ਬਾਯੂ ਨੇ ਦੱਸਿਆ ਕਿ ਬਿਲਕੁਲ ਵੀ ਰੋਕ-ਟੋਕ ਨਹੀਂ। ਕੋਈ ਵੀ ਕੱਢ ਸਕਦਾ ਹੈ। ਪੀ ਸਕਦਾ ਹੈ। ਵੇਚ ਸਕਦਾ ਹੈ। ਬੱਸ ਫ਼ਲਾਈਟ ਵਿਚ ਨਹੀਂ ਲਿਜਾ ਸਕਦੇ। ਬਾਲੀ ਦੀ ਸਰਕਾਰ ਵੱਲੋਂ ਕੋਈ ਰੋਕ-ਟੋਕ ਨਹੀਂ। ਕਹਿੰਦਾ, “ਸਾਡਾ ਸੱਭਿਆਚਾਰ ਐ।" ਤੇ ਮੈਂ ਸੋਚਾਂ ਸਾਡੇ ਪੰਜਾਬੀ ਸੱਭਿਆਚਾਰ ਵਿਚ ਸਰਕਾਰ ਦੀ ਇੰਨੀ ਦਖ਼ਲ-ਅੰਦਾਜ਼ੀ ਕਿਉਂ ਹੈ?
ਲੇ ਪਾਂਗ ਉੱਥੇ ਕਲੁੰਗਕੁੰਗ ਕਾਬੂਪਾਤੀਆਨ (ਭੂਪਤੀ ਖੇਤਰ) ਵਿਚ ਪੈਨਯੂਲੁ ਬਾਹਾਸਾ ਬਾਲੀ ਦੇ ਸਰਕਾਰੀ ਅਹੁਦੇ ਉੱਤੇ ਕੰਮ ਕਰ ਰਿਹਾ ਹੈ। ਪੈਨਯੂਲੁ ਦਾ ਸ਼ਾਬਦਕ ਅਰਥ ਸਲਾਹਕਾਰ ਵਰਗਾ ਕੁਝ ਹੈ। ਸਿਰਫ਼ ਬਾਲੀ ਭਾਸ਼ਾ ਲਈ ਹੀ ਨਹੀਂ, ਹੋਰ ਮਸਲਿਆਂ ਸੰਬੰਧੀ ਵੀ ਸਰਕਾਰ ਨੇ ਪੈਨਯੂਲੁ ਰੱਖੇ ਹੋਏ ਹਨ, ਜਿਵੇਂ ਪੈਨਯੂਲੁ ਪੈਰਤਾਨੀਆਨ, ਜੋ ਕਿਸੇ ਖੇਤਰ ਵਿਸ਼ੇਸ਼ ਵਿਚ ਲੋਕਾਂ ਨੂੰ ਖੇਤੀਬਾੜੀ ਸੰਬੰਧੀ ਸਲਾਹ-ਮਸ਼ਵਰਾ ਦਿੰਦਾ ਹੈ। ਇਸੇ ਤਰ੍ਹਾਂ ਪੈਨਯੂਲੁ ਆਗਾਮਾ ਧਰਮ ਨਾਲ ਸੰਬੰਧਿਤ ਸਲਾਹਕਾਰ ਨੂੰ ਕਿਹਾ ਜਾਂਦਾ ਹੈ। ਬੜੀ ਦਿਲਚਸਪ ਨੌਕਰੀ ਲੱਗੀ ਮੈਨੂੰ। ਉਸਦਾ ਕੰਮ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਾਲੀ ਭਾਸ਼ਾ ਸਿਖਾਉਣਾ ਹੈ ਤੇ ਨਾਲ ਹੀ ਜਿਸ ਕਿਸੇ ਕੋਲ ਪੁਰਾਣੇ ਬਾਲੀ ਖਰੜੇ ਮੌਜੂਦ ਹੋਣ, ਉਸਦਾ ਰਿਕਾਰਡ ਤਿਆਰ ਕਰਨਾ ਹੈ। ਕੋਈ ਜ਼ਿਆਦਾ ਤਨਖ਼ਾਹ ਨਹੀਂ। ਪਰ ਪਿੰਡ ਵਿਚ ਆਪਣੇ ਘਰ ਰਹਿੰਦੇ ਬੰਦੇ ਦਾ ਠੀਕ-ਠਾਕ ਗੁਜ਼ਾਰਾ ਹੋ ਜਾਂਦਾ ਹੈ।
ਅਸੀਂ ਬਾਲੀ ਦੇ ਕਲਚਰ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤੇ ਮੈਂ ਉਹਨਾਂ ਨੂੰ ਉੱਥੋਂ ਦੇ ਮੁਖੌਟਿਆਂ ਬਾਰੇ ਪੁੱਛਿਆ ਜਿਹੜੇ ਮੈਂ ਪਿੱਛੇ ਜਿਹੇ ਇੰਡੋਨੇਸ਼ੀਆ ਦੇ ਰਾਸ਼ਟਰੀ ਮਿਊਜ਼ੀਅਮ ਵਿਚ ਦੇਖੇ ਸਨ। ਦਿਲਚਸਪ ਗੱਲ ਇਹ ਕਿ ਲੇ ਪਾਂਗ ਖ਼ੁਦ ਇਕ ਸ਼ੌਕੀਆ ਐਕਟਰ ਨਿਕਲਿਆ ਤੇ ਉਹ ਫਟਾਫਟ ਆਪਣੇ ਸਾਰੇ ਮੁਖੌਟੇ ਚੁੱਕ ਲਿਆਇਆ। ਉਹ ਦੱਸਣ ਲੱਗਿਆ ਕਿ ਹਰ ਮਾਸਕ ਦਾ ਇਕ ਵੱਖਰਾ ਕਰੈਕਟਰ ਹੈ ਤੇ ਫੇਰ ਉਹਨੇ ਇਕ ਮੁਖੌਟਾ ਪਹਿਨਿਆ ਤੇ ਉਸ ਕਰੈਕਟਰ ਦੇ ਬੋਲ ਗਾਉਣ ਲੱਗਿਆ। ਬਾਯੂ ਤੇ ਮੈਂ ਵੀ ਉਹ ਮਾਸਕ ਲਾ ਕੇ ਹਾਸੇ ਪਾਏ।
ਇੰਨੇ ਨੂੰ ਲੇ ਪਾਂਗ ਦਾ ਇਕ ਭਾਈ ਆ ਕੇ ਸਾਡੇ ਕੋਲ਼ ਬੈਠ ਗਿਆ। ਮੈਂ ਇੰਡੀਆ ਤੋਂ ਹਾਂ, ਇਹ ਗੱਲ ਉਹਦੇ ਲਈ ਬਹੁਤ ਅਹਿਮੀਅਤ ਰੱਖਦੀ ਸੀ। ਉਹ ਸੰਗੀਤ ਦੀ ਸਿਖਲਾਈ ਲੈ ਰਿਹਾ ਸੀ ਤੇ ਭਾਰਤ ਦੀ ਸ਼ਾਸਤ੍ਰੀ ਸੰਗੀਤ ਦੀ ਪਰੰਪਰਾ ਤੋਂ ਪ੍ਰਭਾਵਿਤ ਸੀ। ਮੈਂ ਕਿਹਾ ਕੁਝ ਵਜਾ ਕੇ ਸੁਣਾ ਫਿਰ। ਉਹ ਢੋਲ ਲੈ ਆਇਆ ਤੇ ਕਈ ਕਿਸਮ ਦੀਆਂ ਧੁਨੀਆਂ ਸੁਣਾਈਆਂ। ਇੰਨੀ ਦੇਰ ਨੂੰ ਹਲਕਾ-ਹਲਕਾ ਸਰੂਰ ਹੋ ਰਿਹਾ ਸੀ ਤੇ ਅਹਿਸਾਸ ਹੋ ਰਿਹਾ ਸੀ ਕਿ ਇਹ ਜ਼ਿੰਦਗੀ ਦੇ ਹਸੀਨ ਪਲ ਹਨ। ਢੋਲ ਤੋਂ ਬਾਅਦ ਉਹ ਤਿੰਨ ਕਿਸਮ ਦੀਆਂ ਬਾਂਸੁਰੀਆਂ ਲੈ ਆਇਆ ਤੇ ਇਕ-ਇਕ ਕਰਕੇ ਵਜਾਉਣ ਲੱਗਿਆ। ਵਿਚ-ਵਿਚ ਰੁਕ ਕੇ ਉਹਦੀ ਥੋੜ੍ਹੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ। ਉਹਨੇ ਦੱਸਿਆ ਕਿ ਪਿੱਛੇ ਜਿਹੇ ਉਹਦਾ ਇਕ ਟੀਚਰ ਇੰਡੀਆ ਤੋਂ ਆਇਆ ਸੀ ਸਿਖਲਾਈ ਦੇਣ ਲਈ। ਤੇ ਮੈਂ ਇੰਡੀਆ ਵਿਚ ਰਹਿੰਦੇ ਹੋਏ ਵੀ ਕੋਈ ਭਾਰਤੀ ਸਾਜ਼ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। 4-5 ਸਾਲ ਗਿਟਾਰ ਪਿੱਛੇ ਜ਼ਰੂਰ ਧੱਕੇ ਖਾਧੇ।
ਇੰਨੇ ਸ਼ਾਨਦਾਰ ਅਨੁਭਵ ਕਰਕੇ ਮੈਂ ਮਨ ਹੀ ਮਨ ਸੋਚਣ ਲੱਗਿਆ ਕਿ ਕਿੰਨਾ ਕਿਸਮਤ ਵਾਲਾ ਹਾਂ ਮੈਂ। ਤੇ ਮੈਂ ਬਾਯੂ ਤੇ ਲੇ ਪਾਂਗ ਦਾ ਸ਼ੁਕਰਾਨਾ ਕਰਨ ਲੱਗਿਆ, ਉਹਨਾਂ ਦੀ ਪ੍ਰਾਹੁਣਾਚਾਰੀ ਦਾ। ਤੇ ਉਦੋਂ ਉਹਨਾਂ ਨੇ ਮੈਨੂੰ ਬਾਲੀ ਭਾਸ਼ਾ ਦਾ ਕਥਨ “ਸਵਰਗਾਨ? ਨੇ ਸਾਨ ਬੋ ਯ!” ਸਿਖਾਇਆ, ਜਿਸਦਾ ਅਨੁਵਾਦ “ਸਵਰਗ? ਇੱਥੇ ਹੀ ਹੈ!” ਵਰਗਾ ਕੁਝ ਬਣਦਾ ਹੈ। ਮੈਨੂੰ ਅਮੀਰ ਖ਼ੁਸਰੋ ਦਾ ਮਸ਼ਹੂਰ ਸ਼ਿਅਰ ਯਾਦ ਆਇਆ—
ਅਗਰ ਫ਼ਿਰਦੌਸ ਬਰ ਰੂ-ਏ-ਜ਼ਮੀਨ ਅਸਤ,
ਹਮੀਨ ਅਸਤ-ਓ ਹਮੀਨ ਅਸਤ-ਓ ਹਮੀਨ ਅਸਤ
ਜੇ ਧਰਤੀ ਉੱਤੇ ਕਿਤੇ ਜੰਨਤ ਹੈ,
ਇਹੀ ਹੈ, ਇਹੀ ਹੈ, ਇਹੀ ਹੈ
(ਲੰਮੇ ਲੇਖ ਵਿੱਚੋਂ....)
81306-97154