ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ/ਫੁਟਕਲ ਕੁਟੇਸ਼ਨਜ਼
ਫੁਟਕਲ ਕੁਟੇਸ਼ਨਜ਼
ਪਿਆਰ: ਮਨੁੱਖ ਦੀ ਸਭ ਤੋਂ ਦਿਲਚਸਪ ਅਤੇ ਮੁਆਫ਼ ਕਰਨ ਯੋਗ ਕਮਜ਼ੋਰੀ।
ਚਾਰਲਸ ਡਿਕਨਜ਼, ਪਿਕਵਿਕ ਪੇਪਰਜ਼1
ਪਿਆਰ: ਬਰੋਨੀ ਅਤੇ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ, ਉਨੀ ਹੀ ਤੀਬਰਤਾ ਨਾਲ ਜਿੰਨੀ ਨਾਲ ਇਹ ਹਮੇਸ਼ਾ ਹੁੰਦਾ ਸੀ, ਘੱਟੋ ਘੱਟ ਉਹ ਖੁਦ ਵੀ ਇਹੀ ਸਮਝਦੇ ਸਨ ਕਿ ਇਹ ਹਮੇਸ਼ਾਂ ਵਾਂਗ ਹੀ ਸੀ, ਪਰ ਇਸੇ ਦੌਰਾਨ ਤਬਦੀਲੀ ਦੀ ਸੂਖਮ ਕਿਰਿਆ ਚੱਲ ਰਹੀ ਸੀ। ਆਦਮੀ ਅਤੇ ਔਰਤਾਂ ਕੇਵਲ ਸਰੀਰ ਹੀ ਨਹੀਂ ਹੁੰਦੇ। ਆਦਮੀ ਅਤੇ ਔਰਤਾਂ ਮਨ ਹੁੰਦੇ ਹਨ ਅਤੇ ਉਹਨਾਂ ਨੂੰ ਵਿਚਾਰਾਂ ਦੀ ਇਕਸੁਰਤਾ ਲਿਆਉਣੀ ਪੈਂਦੀ ਹੈ। ਕੀ ਇਹ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਦੇ ਵਿਚਾਰਾਂ ਤੋਂ ਉਕਤਾਏ ਹੋਣ ਪਰ ਅਜੇ ਵੀ ਇੱਕ ਦੂਜੇ ਨੂੰ ਉਨਾ ਹੀ ਪਿਆਰ ਕਰਦੇ ਹੋਣ? ਆਦਮੀ ਅਤੇ ਔਰਤਾਂ ਪਾਤਰ ਹੁੰਦੇ ਹਨ ਅਤੇ ਇਹ ਪਾਤਰ ਕ੍ਰਿਆਵਾਂ (ਐਕਸ਼ਨਾਂ) ਵੱਲ ਸੇਧਿਤ ਹੁੰਦੇ ਹਨ- ਅਤੇ ਕੀ ਹੋਵੇਗਾ ਜੇ ਉਹ ਵੱਖ ਵੱਖ ਕ੍ਰਿਆਵਾਂ ਵੱਲ ਜਾਂਦੇ ਹਨ? ਕੀ ਹੋਵੇਗਾ ਜੇ ਆਦਮੀ ਕਿਤਾਬ ਪੜ੍ਹਨੀ ਚਾਹੁੰਦਾ ਹੋਵੇ ਅਤੇ ਔਰਤ ਡਾਂਸ ਲਈ ਜਾਣਾ ਚਾਹੁੰਦੀ ਹੋਵੇ?
ਆਪਟਨ ਸਿੰਕਲੇਅਰ, ਸਫ਼ਾ 398
ਪਿਆਰ ਅਤੇ ਕਾਮ: "ਪਰ ਇਹ ਕਿੰਨਾ ਅਫ਼ਸੋਸਨਾਕ ਹੈ ਕਿ ਸਾਡੇ ਜਵਾਨ ਲੋਕ ਇਸ ਵਿਰਾਸਤੀ ਰਵਾਇਤ ਵਿੱਚ ਉਲਝੇ ਹੋਏ ਹਨ ਕਿ ਕਾਮ ਕ੍ਰਿਆ ਵਿੱਚ ਕੁਝ ਸ਼ਰਮਨਾਕ ਅਤੇ ਅਨੈਤਿਕ ਹੁੰਦਾ ਹੈ, ਉਦੋਂ ਵੀ ਜਦ ਇਹ ਸੁਹਿਰਦ ਪਿਆਰ ਅਤੇ ਤੀਬਰ ਜ਼ਜ਼ਬੇ ਦੁਆਰਾ ਪ੍ਰੇਰਿਤ ਹੋਵੇ।"
ਸਫਾ 61
ਸੈਕਸ ਸਧਾਰਣ ਤੌਰ ਤੇ ਇੱਕ ਜੀਵ ਵਿਗਿਆਨਕ ਸਚਾਈ ਹੈ। ਇਹ ਇਉਂ ਹੀ ਹੈ ਜਿਵੇਂ ਕਿ ਭੋਜਨ ਲਈ ਭੁੱਖ, ਭੋਜਨ ਲਈ ਭੁੱਖ ਵਾਂਗ ਹੀ ਇਹ ਨਾ ਤਾਂ ਕਾਨੂੰਨੀ ਹੈ ਅਤੇ ਨਾ ਹੀ ਗੈਰਕਾਨੂੰਨੀ, ਨਾ ਨੈਤਿਕ ਨਾ ਅਨੈਤਿਕ, ਸੈਕਸ ਨੂੰ ਕਾਨੂੰਨ ਅਤੇ ਹਕੂਮਤ ਦੇ ਘੇਰੇ ਹੇਠ ਲਿਆਉਣਾ ਉਨਾਂ ਹੀ ਅਸੰਭਵ ਹੈ ਜਿੰਨਾਂ ਭੋਜਨ ਭੁੱਖ ਨੂੰ ਅਜਿਹੇ ਘੇਰੇ ਵਿੱਚ ਲਿਆਉਣਾ।
ਸਫ਼ਾ 127
ਮੈਂ ਵਿਆਹ ਵਿੱਚ ਵਿਸ਼ਵਾਸ ਰਖਦਾ ਹਾਂ ਅਤੇ ਮੈਂ ਇਸਤੋਂ ਮੰਗ ਕਰਦਾ ਹੈ ਕਿ ਇਸਦਾ ਭਾਵ ਇੱਕ ਆਦਮੀ ਦੁਆਰਾ ਇਕਸੁਰਤਾ ਅਤੇ ਸਾਥਪੁਣੇ ਤਹਿਤ ਇੱਕ ਔਰਤ ਨਾਲ ਪਿਆਰ ....ਜਦ ਇਸਦਾ ਭਾਵ ਅਜਿਹਾ ਨਹੀਂ ਰਹਿੰਦਾ ਤਾਂ ਮੈਂ ਇਸਨੂੰ ਇੱਕ ਵਿਆਹ ਵਜੋਂ ਦੇਖਣ ਤੋਂ ਅਸਮਰਥ ਹਾਂ, ਇਸ ਗੱਲ ਨੂੰ ਛੱਡਦਿਆਂ ਹੋਇਆਂ ਕਿ ਵਿਆਹ ਦੀ ਕੋਈ ਰਸਮ ਹੋਈ ਸੀ ਜਾਂ ਨਹੀਂ। ਇੱਕ ਆਦਮੀ ਦਾ ਪਿਆਰ ਹੀ ਵਿਆਹ ਹੁੰਦਾ ਹੈ ਹੋਰ ਕੁਝ ਨਹੀਂ। ਵਿਆਹ ਦੀ ਰਸਮ ਇਸ ਗੱਲ ਦੀ ਕੇਵਲ ਜਨਤਕ ਪ੍ਰਵਾਨਗੀ ਹੀ ਹੈ ਕਿ ਆਦਮੀ ਅਤੇ ਔਰਤ ਵਿੱਚ ਅਜਿਹਾ ਸਬੰਧ ਹੋਂਦ ਵਿੱਚ ਹੈ ਅਤੇ ਇਸਤੋਂ ਅੱਗੇ ਇਹ ਅਜਿਹੇ ਸਬੰਧ ਨੂੰ ਸਮਾਜ ਵਲੋਂ ਰਸਮੀ ਮਾਨਤਾ ਹੈ।
ਸਫ਼ਾ 13, ‘ਆਧੁਨਿਕ ਜਵਾਨੀ ਦੀ ਬਗਾਵਤ' - ਜੱਜ ਬਾਰਲਿੰਡਸੀ 2
ਪਿਆਰ:"ਜ਼ਿੰਦਗੀ ਦਾ ਪਰਿੰਦਾ ਟਾਹਣੀ ਤੇ ਗਾ ਰਿਹਾ ਹੈ।
'ਮੈਂ ਤੇ ਤੂੰ' ਦਾ ਸਦੀਵੀ ਰਾਗ ਅਲਾਪ ਰਿਹਾ ਹੈ।
ਇਸਨੂੰ ਧਿਆਨ ਨਾਲ ਸੁਣਨਾ, ਜਲਦੀ ਹੀ ਗੀਤ ਗਾਇਆ ਜਾ ਚੁਕਾ ਹੋਵੇਗਾ। ਜੇ ਅਸੀਂ ਇਸਨੂੰ ਸੁਣਨਾ ਹੈ, ਤਾਂ ਹੁਣੇ ਹੀ ਸੁਣਨਾ ਹੋਵੇਗਾ।"
ਪੰਨਾ 2
"ਇਹ ਤੱਥ ਸਾਹਮਣੇ ਆਵੇਗਾ ਕਿ ਫੌਜੀ ਤਾਕਤ ਦੇ ਜੋਰ ਤੇ ਖੜ੍ਹੇ ਕੀਤੇ ਗਏ ਸਾਮਰਾਜ, ਚਾਹੇ ਉਹ ਕਿੰਨੇ ਵੀ ਜਾਲਮ ਕਿਉਂ ਨਾ ਹੋਣ, ਸਥਾਈ ਨਹੀਂ ਹੁੰਦੇ, ਅਤੇ ਇਸ ਤਰ੍ਹਾਂ ਤਰੱਕੀ ਲਈ ਐਨੇ ਖਤਰਨਾਕ ਨਹੀਂ ਹੁੰਦੇ; ਇਹ ਕੇਵਲ ਤਦ ਹੀ ਹੁੰਦਾ ਹੈ, ਜਦ ਅੰਧਵਿਸ਼ਵਾਸ ਦੇ ਜ਼ਰੀਏ ਵਿਰੋਧ ਨੂੰ ਨਕਾਰਾ ਕਰ ਦਿੱਤਾ ਜਾਂਦਾ ਹੈ, ਤਾਂ ਕੌਮ ਸੈਂਕੜੇ, ਬਲਕਿ ਹਜ਼ਾਰਾਂ ਸਾਲ ਲਈ ਲੁੱਟ ਖਸੁੱਟ ਵਾਲੇ ਸਿਸਟਮ ਦਾ ਸ਼ਿਕਾਰ ਬਣ ਜਾਂਦੀ ਹੈ।"
ਧਰਮ ਦੇ ਫਾਇਦੇ-ਆਪਟਨ ਸਿੰਕਲੇਅਰ, ਪੰਨਾ 313
ਗੁਲਾਮੀ: ਵਿਲੀਅਮ ਲਾਇਡ ਗੈਰੀਸਨ4 ਜੋ ਕਿ ਅਮਰੀਕਾ ਵਿਚਲੀ ‘ਗੁਲਾਮੀ ਵਿਰੋਧੀ ਲਹਿਰ' ਦਾ ਮੋਢੀ ਸੀ, ਨੇ 1831\ਪਰਚਾ ‘ਦ ਲਿਬਰੇਸ਼ਨ' ਸ਼ੁਰੂ ਕੀਤਾ। ਇਸ ਦੇ ਪਹਿਲੇ ਅੰਕ ਵਿੱਚ ਉਸਨੇ ਲਿਖਿਆ:-
"ਮੈਂ ਐਨਾ ਰੁੱਖਾ ਹੋਵਾਂਗਾ ਜਿੰਨਾ ਕਿ ਸੱਚ ਅਤੇ ਐਨਾ ਸਮਝੌਤਾ ਰਹਿਤ ਜਿੰਨਾ ਕਿ ਨਿਆਂ, ਇਸ ਵਿਸ਼ੇ ਉੱਪਰ ਮੈਂ ਮੱਠੇ ਜਿਹੇ ਢੰਗ ਨਾਲ ਨਾ ਸੋਚਣਾ, ਨਾ ਬੋਲਣਾ ਅਤੇ ਨਾ ਹੀ ਲਿਖਣਾ ਚਾਹਾਂਗਾ, ਨਹੀਂ! ਨਹੀਂ! ਜਿਸ ਆਦਮੀ ਦੇ ਘਰ ਨੂੰ ਅੱਗ ਲੱਗੀ ਹੋਵੇ ਉਸਨੂੰ ਕਹੋ ਕਿ ਉਹ ਮੱਠਾ ਜਿਹਾ ਅਲਾਰਮ ਵਜਾਵੇ; ਉਸਨੂੰ ਕਹੋ ਕਿ ਉਹ ਤਬਾਹੀ ਦੀ ਤਾਕਤ ਹੱਥੋਂ ਆਪਣੀ ਪਤਨੀ ਨੂੰ ਮੱਠੇ ਜਿਹੇ ਢੰਗ ਨਾਲ ਬਚਾਵੇ, ਇੱਕ ਮਾਂ ਨੂੰ ਕਹੋ ਕਿ ਉਹ ਅੱਗ ਵਿੱਚ ਡਿੱਗੇ ਹੋਏ ਆਪਣੇ ਬੱਚੇ ਨੂੰ ਹੌਲੀ ਹੌਲੀ ਬਾਹਰ ਕੱਢੇ ਪਰ ਮੌਜੂਦਾ ਕਾਰਜ ਲਈ ਮੈਨੂੰ ਮੱਠਾ ਢੰਗ ਵਰਤਣ ਲਈ ਨਾ ਕਹਿਣਾ। ਮੈਂ ਪੂਰੀ ਤਰ੍ਹਾਂ ਸੰਜੀਦਗੀ ਵਿੱਚ ਹਾਂ- ਮੈਂ ਗੋਲਮੋਲ ਗੱਲ ਨਹੀਂ ਕਰਾਂਗਾ- ਮੈਂ ਕੋਈ ਬਹਾਨੇ ਨਹੀਂ ਬਣਾਵਾਂਗਾ- ਮੈਂ ਇੱਕ ਇੰਚ ਵੀ ਪਿਛਾਂਹ ਨਹੀਂ ਹਟਾਂਗਾ - ਅਤੇ ਮੈਂ ਸੁਣਿਆ ਜਾਵਾਂਗਾ। ਲੋਕਾਂ ਦੀ ਉਦਾਸੀਨਤਾ ਹੀ ਹਰੇਕ ਬੁੱਤ ਨੂੰ ਆਪਣੇ ਥੜ੍ਹੇ ਤੋਂ ਲਹਿ ਜਾਣ ਲਈ ਕਾਫੀ ਹੈ ਅਤੇ ਮਰਿਆਂ ਦੇ ਜਿਉਂ ਉਠਣ ਨੂੰ ਤੇਜ ਕਰੇਗੀ।"
ਬੋਸਟਨ, ਪੰਨਾ 156
ਧਰਮ: “ਜਿਵੇਂ ਕਿ ਮੈਂ ਜਾਣਦਾ ਹਾਂ, ਨਿਤਸ਼ੇ ਸਮਝਦਾ ਸੀ ਕਿ ਗੁਲਾਮ ਨੈਤਿਕਤਾ ਗੁਲਾਮਾਂ ਦੁਆਰਾ ਹੀ ਘੜੀ ਅਤੇ ਸੰਸਾਰ ਉਪਰ ਲਾਗੂ ਕੀਤੀ ਗਈ ਹੈ, ਉਹਨਾਂ ਨੇ ਆਪਣੀ ਅਧੀਨਤਾ ਨੂੰ ਧਰਮ ਅਤੇ ਆਪਣੀ ਜ਼ਰੂਰਤ ਨੂੰ ਸਦਗੁਣ ਬਣਾ ਲਿਆ। ਸ਼੍ਰੀਮਾਨ ਸਟੀਵਰਟ ਗਲੀਨੀ ਗੁਲਾਮ ਮਾਨਸਿਕਤਾ ਨੂੰ ਗੋਰੀ ਉਚ ਜਾਤੀ ਦੀ ਦਾਸਤਾਂ ਲਈ ਇੱਕ ਕਾਢ ਸਮਝਦਾ ਹੈ। ਕਿਉਂਕਿ ਇਹ ਪ੍ਰਕਿਰਿਆ ਚੱਲ ਰਹੀ ਹੈ, ਅਤੇ ਸਿੱਧੇ ਰੂਪ ਵਿੱਚ ਹੀ ਇਸਦਾ ਅਧਿਐਨ ਕੀਤਾ ਜਾ ਸਕਦਾ ਹੈ ਨਾ ਸਿਰਫ਼ ਸਾਡੇ ਚਰਚ ਸਕੂਲਾਂ ਅਤੇ ਸਾਡੀਆਂ ਸਾਹਿਬੇ ਜਾਇਦਾਦ ਜਮਾਤਾਂ ਅਤੇ ਪ੍ਰੋਲਤਾਰੀ ਸੰਘਰਸ਼ ਵਿੱਚੋਂ, ਬਲਕਿ ਅਫ਼ਰੀਕਾ ਦੀਆਂ ਕਾਲੀਆਂ ਕੌਮਾਂ ਦੀ ਯੂਰਪੀ ਸਰਮਾਏਦਾਰੀ ਪ੍ਰਤੀ ਅਧੀਨਗੀ ਨੂੰ ਅਨੁਕੂਲਣ ਵਿੱਚ ਈਸਾਈ ਮਿਸ਼ਨਰੀਆਂ ਦੇ ਰੋਲ ਵਿਚੋਂ ਵੀ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਪਹਿਲ ਕਦਮੀ (ਗੁਲਾਮ ਮਾਨਸਿਕਤਾ ਬਣਾਉਣ ਦੀ - ਅਨੁਵਾਦਕ) ਉਪਰੋਂ ਸ਼ੁਰੂ ਹੋਈ ਜਾਂ ਹੇਠੋਂ।
ਮੇਜਰ ਬਾਰਬਰਾ, ਭੂਮਿਕਾ, ਬਰਨਾਰਡ ਸ਼ਾਅ 5
ਮੌਜੂਦਾ ਸਮਾਜਿਕ ਪ੍ਰਬੰਧ: “ਇਹ ਸੰਸਾਰ ਸਪਸ਼ਟ ਤੌਰ ਤੇ ਕਸ਼ਟਾਂ ਅਤੇ ਪ੍ਰਾਸਚਿਤ ਦਾ ਸਥਾਨ ਹੈ, ਅਜਿਹਾ ਸਥਾਨ ਜਿਥੇ ਮੂਰਖ ਖੁਸ਼ਹਾਲ ਹੁੰਦੇ ਹਨ ਅਤੇ ਭਲੇ ਅਤੇ ਸਿਆਣੇ ਲੋਕ ਦੁਰਕਾਰੇ ਜਾਂਦੇ ਹਨ ਅਤੇ ਸਜ਼ਾਵਾਂ ਭੋਗਦੇ ਹਨ। ਅਜਿਹਾ ਸਥਾਨ ਜਿਥੇ ਆਦਮੀ ਅਤੇ ਔਰਤਾਂ ਇੱਕ ਦੂਜੇ ਨੂੰ ਪਿਆਰ ਦੇ ਨਾਂ 'ਤੇ ਤਸੀਹੇ ਦਿੰਦੇ ਹਨ; ਜਿਥੇ ਮਾਂ-ਬਾਪ ਦੇ ਫਰਜ਼ ਅਤੇ ਠੀਕ ਕਰਨ ਦੇ ਨਾਮ ਉਤੇ ਬੱਚਿਆਂ ਤੇ ਡਾਂਗ ਵਾਹੀ ਜਾਂਦੀ ਹੈ ਅਤੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਕਮਜ਼ੋਰ ਬੁੱਧੀ ਵਾਲਿਆਂ ਨੂੰ ਸਾਲਾਂ ਬੱਧੀ ਬੰਦੀਖਾਨਿਆਂ ਦਾ ਭਿਆਨਕ ਤਸ਼ੱਦਦ ਝੱਲਣਾ ਪੈਂਦਾ ਹੈ।"
ਜੌਹਨ ਬੁੱਲ ਦਾ ਦੂਸਰਾ ਟਾਪੂ, ਸਫ਼ਾ 8, ਬਰਨਾਰਡ ਸ਼ਾਅ
ਗਰੀਬੀ: ......ਕਿ ਸਭ ਤੋਂ ਵੱਡੀ ਬੁਰਾਈ ਅਤੇ ਸਭ ਤੋਂ ਵੱਡਾ ਅਪਰਾਧ ਗਰੀਬੀ ਹੈ, ਕਿ ਸਾਡਾ ਪਹਿਲਾ ਫਰਜ਼- ਅਜਿਹਾ ਫਰਜ਼ ਜਿਸ ਤੋਂ ਹੋਰ ਸਾਰੇ ਖਿਆਲ ਕੁਰਬਾਨ ਕਰ ਦੇਣੇ ਚਾਹੀਦੇ ਹਨ — ਗਰੀਬ ਨਾ ਹੋਣਾ ਹੈ। 'ਗਰੀਬ ਪਰ ਇਮਾਨਦਾਰ', ‘ਇਜ਼ਤਦਾਰ ਗਰੀਬ’ ਅਤੇ ਹੋਰ ਅਜਿਹੇ ਫਿਕਰੇ ਉਨੇ ਹੀ ਨਾਕਾਬਲੇ ਬਰਦਾਸ਼ਤ ਅਤੇ ਅਨੈਤਿਕ ਹਨ ਜਿੰਨੇ ਕਿ 'ਸ਼ਰਾਬੀ ਪਰ ਪਿਆਰਨਯੋਗ'
"ਧੋਖੇਬਾਜ਼ ਪਰ ਖਾਣੇ ਬਾਅਦ ਦਾ ਵਧੀਆ ਬੁਲਾਰਾ"
"ਸ਼ਾਨਦਾਰ ਅਪਰਾਧੀ" ਜਾਂ ਅਜਿਹੇ ਹੋਰ। ਸਭਿਅਤਾ ਦਾ ਮੁੱਖ ਦਾਅਵਾ, ਸੁਰਖਿਅਤਾ, ਉਥੇ ਨਹੀਂ ਹੋ ਸਕਦੀ ਜਿਥੇ ਸਭ ਤੋਂ ਭੈੜਾ ਖਤਰਾ, ਗਰੀਬੀ ਦਾ ਖਤਰਾ, ਹਰ ਇੱਕ ਦੇ ਸਿਰ ਤੇ ਮੰਡਰਾ ਰਿਹਾ ਹੋਵੇ ਅਤੇ ਜਿਥੇ ਹਿੰਸਾ ਤੋਂ ਕਿਸੇ ਆਦਮੀ ਦਾ ਕਥਿਤ ਬਚਾਓ ਕੇਵਲ ਪੁਲੀਸ ਦੀ ਹੋਂਦ ਦਾ ਇਤਫ਼ਾਕਨ ਸਿੱਟਾ ਹੋਵੇ, ਜਿਸਦਾ (ਪੁਲੀਸ ਦਾ — ਅਨੁ.) ਅਸਲ ਕਾਰਜ ਇਹ ਵੇਖਣਾ ਹੈ ਕਿ ਗਰੀਬ ਆਦਮੀ ਆਪਣੇ ਬੱਚਿਆਂ ਨੂੰ ਵੀ ਭੁੱਖੇ ਮਰਦੇ ਵੇਖਦਾ ਰਹੇ ਜਦ ਕਿ ਵਿਹਲੜ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਉਸ ਪੈਸੇ ਨਾਲ ਵਾਧੂ ਭੋਜਨ ਖੁਆ ਰਹੇ ਹੋਣ ਜਿਸ ਨਾਲ ਉਹਨਾਂ ਬੱਚਿਆਂ ਨੂੰ ਭੋਜਨ ਅਤੇ ਕੱਪੜੇ ਦਿੱਤੇ ਜਾ ਸਕਦੇ ਹੋਣ।
ਮੇਜਰ ਬਾਰਬਰਾ, ਸਫ਼ਾ 154, ਬਰਨਾਰਡ ਸ਼ਾਅ
ਕੈਦ: ਅਸੀਂ ਇੱਕ ਆਦਮੀ ਨੂੰ ਪਕੜਦੇ ਹਾਂ ਅਤੇ ਸੋਚ ਸਮਝਕੇ ਉਸਨੂੰ ਮੰਦਭਾਵੀ ਸੱਟ ਮਾਰਦੇ ਹਾਂ, ਕਹਿ ਲਵੋ, ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੰਦੇ ਹਾਂ ....ਇੱਕ ਆਦਮੀ ਮੇਰੇ ਘਰ ਵਿੱਚ ਘੁਸ ਕੇ ਮੇਰੀ ਪਤਨੀ ਦੇ ਹੀਰੇ ਚੁਰਾਉਂਦਾ ਹੈ, ਮੈਥੋਂ ਸੁਭਾਵਿਕ ਹੀ ਉਸਦੀ ਜ਼ਿੰਦਗੀ ਦੇ ਦਸ ਸਾਲ ਚੁਰਾ ਲੈਣ ਦੀ ਆਸ ਕੀਤੀ ਜਾਂਦੀ ਹੈ ਜਿਸ ਦੌਰਾਨ ਸਾਰਾ ਸਮਾਂ ਉਸਨੂੰ ਕਸ਼ਟ ਦਿੱਤੇ ਜਾਣ। ਪਰ ਉਹ ਬੇਸਮਝ ਸ਼ੈਤਾਨੀ ਜਿਸ ਨਾਲ ਅਸੀਂ ਜੇਲ੍ਹ ਦੀਆਂ ਸਜਾਵਾਂ ਦਿੰਦੇ ਹਾਂ, ਕਾਲ ਕੋਠੜੀ ਵਿੱਚ ਡੱਕ ਕੇ ਅਤੇ ਸੋਣ ਵਾਲੇ ਤਖਤਿਆਂ ਉਪਰ ਤੰਗ ਕਰਦੇ ਹਾਂ ਅਤੇ ਜੋਸ਼ੀਲੇ ਬਾਗੀਆਂ ਅਤੇ ਨੈਤਿਕ ਤੌਰ ਤੇ ਨਜਾਇਜ਼ ਕਰਨ ਵਾਲਿਆਂ ਨੂੰ ਕੋਰੜੇ ਮਾਰਦੇ ਹਾਂ, ਉਸ ਮੂਰਖਤਾ ਭਰੇ ਹੋਛੇਪਣ ਮੁਕਾਬਲੇ ਕੁਝ ਵੀ ਨਹੀਂ ਜਿਸ ਨਾਲ ਅਸੀਂ ਗਰੀਬੀ ਨੂੰ ਬਰਦਾਸ਼ਤ ਕਰਦੇ ਹਾਂ।
ਸਫ਼ਾ 155
ਦੇਸ਼ ਦੀ ਫੌਰੀ ਲੋੜ ਚੰਗੇਰੇ ਨੈਤਿਕ ਆਚਾਰ, ‘ਸਸਤੀ ਰੋਟੀ’, ਸੰਜਮੀ ਆਜਾਦੀ, ਸਭਿਆਚਾਰ, ਗਿਰੇ ਕਿਰਦਾਰ ਵਾਲੀਆਂ ਭੈਣਾਂ ਅਤੇ ਗਲਤ ਚੱਲ ਰਹੇ ਭਰਾਵਾਂ ਦੇ ਸੁਧਾਰ ਦੀ ਨਹੀਂ ਹੈ, ਨਾ ਹੀ ਤ੍ਰਿਦੇਵ ਦੇ ਮਿਹਰ, ਪਿਆਰ ਅਤੇ ਸਾਥ ਦੀ ਲੋੜ ਹੈ, ਬਲਕਿ ਸਿਰਫ ਕਾਫੀ ਪੈਸੇ ਦੀ ਜਰੂਰਤ ਹੈ। ਅਤੇ ਬੁਰਾਈ ਜਿਸ ਤੇ ਹਮਲਾ ਕਰਨ ਦੀ ਲੋੜ ਹੈ ਉਹ ਪਾਪ, ਕਸ਼ਟ, ਲਾਲਚ, ਪਾਦਰੀਆਂ ਦੀਆਂ ਠੱਗੀਆਂ, ਰਾਜੇ ਦੀਆਂ ਚਲਾਕੀਆਂ, ਭੜਕਾਊਪੁਣਾ, ਏਕਾਅਧਿਕਾਰ, ਅਗਿਆਨਤਾ, ਸ਼ਰਾਬ, ਜੰਗ, ਮਹਾਂਮਾਰੀ ਨਹੀਂ ਹਨ ਅਤੇ ਨਾ ਹੀ ਸੁਧਾਰਕਾਂ ਦੁਆਰਾ ਬਣਾਏ ਗਏ ਅਜਿਹੇ ਕਿਸੇ ਹੋਰ ਬਲੀ ਦੇ ਬੱਕਰੇ ਤੇ ਪਰ ਸਿਰਫ ਗਰੀਬੀ ਉੱਤੇ।
ਸਫ਼ਾ 161
ਪਰ ਸਫਲ ਬਦਮਾਸ਼ ਬਹੁਤ ਔਖਿਆਈ ਨਾਲ ਕਾਬੂ ਆਉਂਦਾ ਹੈ ਅਤੇ ਉਸਨੂੰ ਸਿਰਫ ਮੁਆਫ਼ ਕਰ ਦਿੱਤਾ ਜਾਂਦਾ ਹੈ, ਉਸਨੂੰ ਆਦਰਸ਼ਕ, ਇਜ਼ਤਦਾਰ ਬਣਾਇਆ ਜਾਂਦਾ ਹੈ ਬਲਕਿ ਪੂਜਿਆ ਜਾਂਦਾ ਹੈ।
ਸਫਾ 173
ਸੱਤ ਬੱਜਰ ਗੁਨਾਹ? ਹਾਂ ਮਾਰੂ ਸੱਤ! ਭੋਜਨ, ਕੱਪੜੇ, ਬਾਲਣ, ਕਿਰਾਇਆ, ਟੈਕਸ, ਇੱਜਤ ਅਤੇ ਬੱਚੇ। ਕੁਝ ਵੀ ਇਨ੍ਹਾਂ ਸੱਤਾਂ ਨੂੰ ਆਦਮੀ ਦੀ ਧੌਣ ਤੋਂ ਨਹੀਂ ਚੁੱਕ ਸਕਦਾ ਪਰ......
ਗਰੀਬੀ ਇੱਕ ਅਪਰਾਧ? ਹਾਂ......
ਪੰਨਾ 4
ਗਰੀਬੀ ਸਮੁੱਚੇ ਸ਼ਹਿਰਾਂ ਦਾ ਵਿਨਾਸ਼ ਕਰਦੀ ਹੈ, ਭਿਆਨਕ ਮਹਾਂਮਾਰੀਆਂ ਫੈਲਾਉਂਦੀ ਹੈ, ਜਿਹੜੇ ਵੀ ਇਸਦੀ ਨਿਗਾਹ ਜਾਂ ਨੱਕ ਹੇਠ ਆਉਂਦੇ ਹਨ ਉਹਨਾਂ ਦੀ ਆਤਮਾ ਮਾਰ ਦਿੰਦੀ ਹੈ, ਜਿਸਨੂੰ ਤੁਸੀਂ ਅਪਰਾਧ ਆਖਦੇ ਹੋ ਉਹ ਤਾਂ ਕੁਝ ਵੀ ਨਹੀਂ ਹੈ...... ਲੰਡਨ ਵਿੱਚ 50 ਆਦਮੀ ਪੇਸ਼ੇਵਰ ਮੁਜਰਿਮ ਨਹੀਂ ਹਨ। ਪਰ ਇੱਥੇ ਲੱਖਾਂ ਗਰੀਬ ਲੋਕ ਹਨ, ਨਿਘਰੇ ਹੋਏ ਲੋਕ, ਗੰਦੇ ਲੋਕ, ਅੱਧ ਭੁੱਖੇ, ਅੱਧ ਕੱਜੇ ਲੋਕ।
ਸਫਾ 281
“ਮੈਂ ਨੰਗ ਬਣਨ ਨਾਲੋਂ ਚੋਰ ਬਣਨਾ ਪਸੰਦ ਕਰਾਂਗਾ। ਮੈਂ ਗੁਲਾਮ ਨਾਲੋਂ ਕਾਤਲ ਹੋਣਾ ਚਾਹਾਂਗਾ। ਮੈਂ ਬਣਨਾ ਤਾਂ ਦੋਹਾਂ ਵਿੱਚੋਂ ਕੁਝ ਵੀ ਨਹੀਂ ਚਾਹਾਂਗਾ, ਪਰ ਜੇ ਤੁਸੀਂ ਮੈਨੂੰ ਮਜਬੂਰ ਕਰੋਗੇ ਤਾਂ ਮੈਂ ਬਹਾਦਰੀ ਅਤੇ ਵੱਧ ਨੈਤਿਕਤਾ ਵਾਲੇ ਕਾਰਜ ਨੂੰ ਚੁਣਾਂਗਾ। ਮੈਂ ਗਰੀਬੀ ਅਤੇ ਗੁਲਾਮੀ ਨੂੰ ਕਿਸੇ ਵੀ ਕਿਸਮ ਦੇ ਅਪਰਾਧ ਨਾਲੋਂ ਵੱਧ ਘ੍ਰਿਣਾ ਕਰਦਾ ਹਾਂ।”
ਮੇਜਰ ਬਾਰਬਰਾ, ਬਰਨਾਰਡ ਸ਼ਾਅ
ਐਂਥਨੀ ‘ਪਿਆਰ’ ਵਿੱਚ ਖੁਸ਼ੀ ਚਾਹੁੰਦਾ ਸੀ, ਬਰੂਟਸ ‘ਸ਼ੋਹਰਤ’ ਵਿੱਚ, ਸੀਜ਼ਰ ‘ਪ੍ਰਭੂਤਾ’ ਵਿੱਚ। ਪਹਿਲੇ ਨੂੰ ‘ਬਦਨਾਮੀ’ ਹਾਸਲ ਹੋਈ, ਦੂਜੇ ਨੂੰ ‘ਘ੍ਰਿਣਾ’, ਆਖਰੀ ਨੂੰ ‘ਅਕ੍ਰਿਤਘਣਤਾ’ ਅਤੇ ਹਰੇਕ ਨੂੰ ਤਬਾਹੀ ਹੀ ਮਿਲੀ।
ਸੰਸਾਰ ਦੀਆਂ ਸਾਰੀਆਂ ਵਸਤਾਂ ਇੱਕ ਪਲੜੇ ਵਿੱਚ ਪਾਈਆਂ ਘੱਟ ਹੀ ਰਹਿਣਗੀਆਂ, ਸਿਰਫ ਆਤਮਗਿਆਨ ਹੀ ਸ਼ਾਂਤੀ ਅਤੇ ਖੁਸ਼ੀ ਲਿਆ ਸਕਦਾ ਹੈ।
ਵਿਆਹ: “ਵਿਆਹ ਆਮ ਪ੍ਰਚਲਿਤ ਹੈ ਕਿਉਂਕਿ ਇਹ ਸਭ ਤੋਂ ਵੱਧ ਲੁਭਾਉਣੀ ਖਿੱਚ ਲਈ ਸਭ ਤੋਂ ਵੱਧ ਮੌਕੇ ਮੁਹਈਆ ਕਰਦਾ ਹੈ।”
“ਵਿਆਹ ਦਾ ਸਭ ਤੋਂ ਜਰੂਰੀ ਕਾਰਜ ਮਨੁੱਖ ਜਾਤੀ ਨੂੰ ਚਲਦਾ ਰੱਖਣਾ ਹੈ। ਵਿਆਹ ਦਾ ਗੌਣ ਕਾਰਜ ਮਨੁੱਖਾਂ ਦੀਆਂ ਕਾਮੀ ਰੁਚੀਆਂ ਦੀ ਪੂਰਤੀ ਹੈ।” ਪ੍ਰਾਰਥਨਾਵਾਂ ਦੀ ਸਾਂਝੀ ਪੁਸਤਕ ਵਿੱਚ ਕਿਹਾ ਗਿਆ ਹੈ।
ਵਿਆਹ ਦਾ ਬਨਾਵਟੀ ਬਾਂਝਪਣ (ਗਰਭ ਰੋਕੂ ਵਿਧੀਆਂ ਲਾਗੂ ਕਰਨੀਆਂ ਅਨੁਵਾਦਕ) ਇਸਦੇ ਜਰੂਰੀ ਕਾਰਜ ਨੂੰ ਅਣਗੌਲਿਆਂ ਕਰਕੇ ਇਸਦੇ ਗੌਣ ਕਾਰਜ ਦੀ ਪੂਰਤੀ ਕਰਨ ਵਿੱਚ ਸਹਾਈ ਹੁੰਦਾ ਹੈ।
“ਉਨੀਵੀਂ ਸਦੀ ਦੀ ਸਭ ਤੋਂ ਇਨਕਲਾਬੀ ਕਾਢ ਬਨਾਵਟੀ ਢੰਗਾਂ ਨਾਲ ਗਰਭ ਰੋਕਣਾ ਹੈ।
ਮੈਨ ਐਂਡ ਸੁਪਰਮੈਨ, ਬਰਨਾਰਡ ਸ਼ਾਅ ਸਫਾ 2316
ਅਪਰਾਧ ਅਤੇ ਦੰਡ: “ਅਪਰਾਧੀ ਕਾਨੂੰਨ ਦੇ ਹੱਥੋਂ ਨਹੀਂ ਮਰਦੇ, ਉਹ ਦੂਸਰੇ ਮਨੁੱਖਾਂ ਦੇ ਹੱਥੋਂ ਮਰਦੇ ਹਨ।”
“ਫਾਂਸੀ ਦੇ ਕੇ ਮਾਰਨਾ ਕਤਲ ਦਾ ਸਭ ਤੋਂ ਭੈੜਾ ਰੂਪ ਹੈ ਕਿਉਂਕਿ...... ਇਸਨੂੰ ਸਮਾਜ ਦੀ ਮਾਨਤਾ ਪ੍ਰਾਪਤ ਹੁੰਦੀ ਹੈ।”
ਪੰਨਾ 5
ਸਾਡੇ ਵੱਲੋਂ ਦਿੱਤੇ ਨਾਵਾਂ ਦੀ ਬਜਾਏ ਇਹ ਅਮਲ ਹਨ ਜੋ ਸਿੱਖਿਆ ਦਿੰਦੇ ਹਨ। ‘ਕਤਲ’ ਅਤੇ ‘ਸਜਾਏ ਮੌਤ' ਅਜਿਹੇ ਉਲਟ ਕਾਰਜ ਨਹੀਂ ਹਨ ਜੋ ਇੱਕ ਦੂਸਰੇ ਨੂੰ ਮਿਟਾਉਂਦੇ ਹੋਣ, ਬਲਕਿ ਇੱਕੋ ਜਿਹੇ ਹੀ ਹਨ ਜੋ ਆਪਣੀ ਕਿਸਮ ਨੂੰ ਹੋਰ ਅੱਗੇ ਵਧਾਉਂਦੇ ਹਨ।
“ਅਪਰਾਧ ਉਸਦਾ ਹੀ ਪ੍ਰਚੂਨ ਭਾਗ ਹੈ ਜਿਸਨੂੰ ਅਸੀਂ ਥੋਕ ਰੂਪ ਵਿੱਚ ਫੌਜਦਾਰੀ ਕਾਨੂੰਨ ਕਹਿੰਦੇ ਹਾਂ।”
“ਜਦ ਕੋਈ ਆਦਮੀ ਸ਼ੇਰ ਨੂੰ ਮਾਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਖੇਡ ਆਖਦਾ ਹੈ, ਜਦ ਕੋਈ ਸ਼ੇਰ ਆਦਮੀ ਨੂੰ ਮਾਰਨਾ ਚਾਹੁੰਦਾ ਹੈ ਤਾਂ ਇਸਨੂੰ ਵਹਿਸ਼ਤ ਕਿਹਾ ਜਾਂਦਾ ਹੈ। ‘ਅਪਰਾਧ’ ਅਤੇ ‘ਇਨਸਾਫ' ਵਿਚਲਾ ਫਰਕ ਵੀ ਇਸਤੋਂ ਜਿਆਦਾ ਨਹੀਂ ਹੈ।”
“ਗਿਲੋਟੀਨ (ਸਿਰ ਵੱਢਣ ਦੀ ਮਸ਼ੀਨ) ਦੁਆਰਾ ਮਾਰੇ ਜਾਣ ਵਾਲੇ ਅਪਰਾਧੀ ਨੂੰ ਬਦਲਣ ਦੀ ਲੋੜ ਨਹੀਂ ਹੈ; ਗਿਲੋਟੀਨ ਵਾਲੇ ਸਮਾਜਿਕ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ।”
ਮੈਨ ਐਂਡ ਸੁਪਰਮੈਨ, ਸਫਾ 32, ਬਰਨਾਰਡ
ਇੱਕ ਮੂਰਖ ਦੇਸ਼ ਵਿੱਚ ਪ੍ਰਤਿਭਾਸ਼ਾਲੀ ਵਿਅਕਤੀ ਦੇਵਤਾ (ਰੱਬ) ਬਣ ਜਾਂਦਾ ਹੈ, ਹਰ ਕੋਈ ਉਸਦੀ ਪੂਜਾ ਕਰਦਾ ਹੈ; ਅਤੇ ਕੋਈ ਵੀ ਉਸਦੀ ਇੱਛਾ ਅਨੁਸਾਰ ਨਹੀਂ ਚਲਦਾ।
“ਪਰੂਧੋਂ ਨੇ ਕਿਹਾ, ‘ਜਾਇਦਾਦ ਚੋਰੀ ਦਾ ਮਾਲ ਹੈ।' ਇਹ ਸੰਪੂਰਨ ਸਚਾਈ ਹੈ ਜੋ ਇਸ ਮੁੱਦੇ ਬਾਰੇ ਕਹੀ ਗਈ ਹੈ।”
ਸਫਾ 233
“ਬਿਨ੍ਹਾਂ ਸ਼ੱਕ ਇਹ ਦਰਸਾਉਣਾ ਸੌਖਾ ਹੈ ਕਿ ਜਾਇਦਾਦ ਸਮਾਜ ਨੂੰ ਨਸ਼ਟ ਕਰ ਦੇਵੇਗੀ ਜੇ ਸਮਾਜ ਇਸਦਾ ਨਾਸ਼ ਨਹੀਂ ਕਰਦਾ। ਬਿਨ੍ਹਾਂ ਸ਼ੱਕ ਜਾਇਦਾਦ ਕਾਇਮ ਰਹੀ ਹੈ ਅਤੇ ਇਸਨੇ ਸਾਰੇ ਸਾਮਰਾਜ ਤਬਾਹ ਕਰ ਦਿੱਤੇ।”
‘ਮੈਨ ਐਂਡ ਸੁਪਰਮੈਨ' ਸਫਾ 184
“ਜੋ ਤੁਸੀਂ ਪਸੰਦ ਕਰਦੇ ਹੋ ਉਸਨੂੰ ਪ੍ਰਾਪਤ ਕਰਨ ਵੱਲ ਧਿਆਨ ਕਰੋ, ਨਹੀਂ ਤਾਂ ਜੋ ਤੁਸੀਂ ਪ੍ਰਾਪਤ ਕਰਦੇ ਹੋ ਉਸੇ ਨੂੰ ਪਸੰਦ ਕਰਨ ਲਈ ਮਜ਼ਬੂਰ ਹੋ ਜਾਵੋਗੇ।”
ਤਰਕ: “ਸਮਝਦਾਰ ਵਿਅਕਤੀ ਆਪਣੇ ਆਪ ਨੂੰ ਸੰਸਾਰ ਅਨੁਸਾਰ ਢਾਲ ਲੈਂਦਾ ਹੈ ਜਦ ਕਿ ਨਾਸਮਝ ਦੁਨੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਇਸ ਲਈ ਸਾਰੀ ਤਰੱਕੀ ਨਾਸਮਝ ਆਦਮੀਆਂ ਉੱਪਰ ਹੀ ਨਿਰਭਰ ਕਰਦੀ ਹੈ।
ਮੈਨ ਐਂਡ ਸੁਪਰਮੈਨ
“ਕੀ ਕੋਈ ਦਿਲ ਧੜਕਦੇ ਹਨ
ਕੀ ਕੋਈ ਚਿਹਰੇ ਚਮਕਦੇ ਹਨ
ਪੌੜੀਆਂ ਉੱਪਰ ਤੁਹਾਡੀ ਪੈੜਚਾਲ ਸੁਣਨ ਲਈ
ਤੁਹਾਨੂੰ ਮਿਲਣ ਲਈ, ਤੁਹਾਡੇ ਸਵਾਗਤ ਲਈ
ਕੀ ਅੱਜ ਕੋਈ ਵੱਧ ਖੁਸ਼ ਹੋਇਆ
ਤੁਹਾਡੇ ਕਹੇ ਸ਼ਬਦਾਂ ਨੂੰ ਸੁਣਕੇ?
ਜ਼ਿੰਦਗੀ ਜਿਉਣਯੋਗ ਨਹੀਂ ਸੀ ਹੋਣੀ
ਜੇ ਕੋਈ ਵਧੇਰੇ ਚੰਗਾ ਨਾ ਹੁੰਦਾ
ਤੁਹਾਨੂੰ ਰਸਤੇ ‘ਚ ਮਿਲਕੇ
ਤੁਹਾਡੇ ਵਿਹੜੇ ਦੀ ਧੁਪੀਲੀ ਚਮਕ ਜਾਣ ਨਾ ਗਿਆ ਹੁੰਦਾ!”
ਪੰਨਾ 6
ਜੇਲ੍ਹ: “ਅਜੋਕੇ ਰੂਪ ਵਿੱਚ ਬੰਦੀ ਬਨਾਉਣਾ ਉਸ ਅਪਰਾਧ ਨਾਲੋਂ ਭੈੜਾ ਅਪਰਾਧ ਹੈ ਜੋ ਇਸਦੇ ਸ਼ਿਕਾਰ ਹੋਏ ਵਿਅਕਤੀ ਵੱਲੋਂ ਕੀਤਾ ਗਿਆ ਸੀ; ਕਿਉਂਕਿ ਕੋਈ ਕੱਲਾ ਕਹਿਰਾ ਅਪਰਾਧੀ ਬੁਰਾਈ ਪੱਖੋਂ ਐਨਾ ਸ਼ਕਤੀਸ਼ਾਲੀ ਜਾਂ ਐਨਾ ਬੇਮੁਹਾਰਾ ਨਹੀਂ ਹੋ ਸਕਦਾ, ਜਿੰਨਾ ਇੱਕ ਸੰਗਠਿਤ ਮੁਲਕ।”
“.......ਉਹ ਲੋਕ ਜਿੰਨ੍ਹਾਂ ਨੇ ਜੇਲ੍ਹਾਂ ਬਾਰੇ ਸਚਾਈ ਨੂੰ ਜਾਣਿਆ ਹੈ ਨੂੰ ਇਹ ਕਹਿਣਾ ਪਿਆ ਹੈ ਕਿ ਇਸ ਸਥਿਤੀ ਦੀ ਸਭ ਤੋਂ ਫੌਰੀ ਜਰੂਰਤ ਇਹ ਹੈ ਕਿ ਹਰ ਜੱਜ, ਮੈਜਿਸਟਰੇਟ ਅਤੇ ਗ੍ਰਹਿ ਸਕੱਤਰ ਨੂੰ ਗੁਪਤ ਰੂਪ ਵਿੱਚ ਛੇ ਮਹੀਨੇ ਜੇਲ੍ਹ ਕੱਟਣੀ ਚਾਹੀਦੀ ਹੈ ਤਾਂ ਜੋ ਜਦ ਉਹ ਸਜਾਵਾਂ ਦੇ ਰਿਹਾ ਹੋਵੇ ਤਦ ਉਸਨੂੰ ਪਤਾ ਹੋਵੇ ਕਿ ਉਹ ਕੀ ਕਰ ਰਿਹਾ ਹੈ।”
ਲਵਾਲ ਗੌਰਮਿੰਟ ਅਧੀਨ ਅੰਗਰੇਜੀ ਜੇਲ੍ਹਾਂ, ਬਰਨਾਰਡ ਸ਼ਾਅ ਦੁਆਰਾ ਭੂਮਿਕਾ
ਸਭਿਅਤਾ ਅਤੇ ਤਰੱਕੀ: “ਜਿੰਦਗੀ ਦੀ ਕਲਾ ਵਿੱਚ ਮਨੁੱਖ ਕੁਝ ਨਹੀਂ ਕਰਦਾ; ਪਰ ਮੌਤ ਦੀ ਕਲਾ ਵਿੱਚ ਉਸਨੇ ਕੁਦਰਤ ਨੂੰ ਪਛਾੜ ਛੱਡਿਆ ਹੈ, ਰਸਾਇਣ ਵਿਗਿਆਨ ਅਤੇ ਮਸ਼ੀਨਰੀ ਰਾਹੀਂ ਉਹ ਪਲੇਗ, ਕਾਲ ਅਤੇ ਮਹਾਂਮਾਰੀਆਂ ਵਾਲਾ ਸਾਰਾ ਕਤਲੇਆਮ ਰਚਾ ਲੈਂਦਾ ਹੈ। ਅੱਜ ਦਾ ਕਿਸਾਨ ਉਹੀ ਕੁਝ ਖਾਂਦਾ ਪੀਂਦਾ ਹੈ ਜੋ ਦਸ ਹਜਾਰ ਸਾਲ ਪਹਿਲਾਂ ਦਾ ਕਿਸਾਨ ਖਾਂਦਾ ਪੀਂਦਾ ਸੀ ਅਤੇ ਜਿਸ ਘਰ ਵਿੱਚ ਉਹ ਰਹਿੰਦਾ ਸੀ ਉਹ ਹਜਾਰ ਸਦੀਆਂ ਵਿੱਚ ਉਨਾਂ ਵੀ ਨਹੀਂ ਬਦਲਿਆ ਜਿੰਨਾ ਜ਼ਨਾਨੀਆਂ ਦੀ ਟੋਪੀ ਦਾ ਫੈਸ਼ਨ ਕੁਝ ਹਫਤਿਆਂ ਵਿੱਚ ਬਦਲ ਜਾਂਦਾ ਹੈ। ਪਰ ਜਦ ਉਹ ਕਤਲ ਕਰਨ ਲਈ ਤੁਰਦਾ ਹੈ ਤਾਂ ਉਹ ਅਜਿਹੀ ਕਮਾਲ ਦੀ ਮਸ਼ੀਨੀ ਤਕਨੀਕ ਲਿਜਾਂਦਾ ਹੈ ਜੋ ਉਸਦੀ ਉਂਗਲ ਦੀ ਛੋਹ ਨਾਲ ਹੀ ਮਾਦੇ ਦੀ ਸਾਰੀ ਛੁਪੀ ਸ਼ਕਤੀ ਨੂੰ ਖੁੱਲ੍ਹਾ ਛੱਡ ਦਿੰਦੀ ਹੈ ਅਤੇ ਪੁਰਖਿਆਂ ਦੇ ਨੇਜਿਆਂ, ਤੀਰਾਂ ਨੂੰ ਕਿਤੇ ਪਿੱਛੇ ਛੱਡ ਜਾਂਦੀ ਹੈ।”
ਮੈਨ ਐਂਡ ਸੁਪਰਮੈਨ, ਬਰਨਾਰਡ ਸ਼ਾਅ, ਸਫਾ 106
ਕਿਸਮਤ ਬਹਾਦਰੀ ਦੇ ਤਮਗੇ ਨਹੀਂ ਦੁਆ ਸਕਦੀ। ਜੇ ਤੁਸੀਂ ਇਨ੍ਹਾਂ ਨੂੰ ਪਹਿਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਿੱਤਕੇ ਹਾਸਲ ਕਰਨੇ ਹੋਣਗੇ। ਜੇ ਤੁਸੀਂ ਰਕਾਬ ਨਾਲ ਲੱਗੀ ਆਰ ਨੂੰ ਵਰਤਣਾ ਚਾਹੁੰਦੇ ਹੋ ਤਾਂ ਲੜਾਈ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਆਪਣੇ ਬੂਟਾਂ ਨਾਲ ਜਰੂਰ ਬੰਨ ਲੈਣੀ ਚਾਹੀਦੀ ਹੈ। ਤੁਹਾਡੀ ਕੋਈ ਵੀ ਸਫਲਤਾ ਹਾਸਲ ਕਰਨ ਯੋਗ ਨਹੀਂ ਹੈ ਜੇ ਤੁਸੀਂ ਇਸ ਲਈ ਜੂਝੇ ਨਹੀਂ ਹੋ। ਜੋ ਕੁਝ ਵੀ ਤੁਸੀਂ ਜਿੰਦਗੀ ਵਿੱਚ ਪ੍ਰਾਪਤ ਕਰਦੇ ਹੋ ਉਹ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਦੁਆਰਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ, ਫੇਰ ਹੀ ਇਹ ਪੂਰਨ ਰੂਪ ਵਿੱਚ ਤੁਹਾਡਾ ਕਿਹਾ ਜਾ ਸਕਦਾ ਹੈ। ਗਰੀਬੀ ਨੂੰ ਆਪਣੇ ਰਾਹ ਦਾ ਰੋੜਾ ਨਾ ਬਣਨ ਦਿਉ ਕਿਉਂਕਿ ਗਰੀਬੀ ਨੂੰ ਜਿੱਤਿਆ ਨਹੀਂ ਜਾ ਸਕਦਾ।
ਦਸਾਂ ਵਿਚੋਂ ਨੌਂ ਮੌਕਿਆਂ ਵਿੱਚ ਇਹੀ ਵਧੀਆ ਗੱਲ ਹੋਵੇਗੀ ਕਿ ਇੱਕ ਨੌਜਵਾਨ ਨੂੰ ਸਮੁੰਦਰ ਵਿੱਚ ਸਿੱਟ ਦਿੱਤਾ ਜਾਵੇ, ਡੁੱਬਣ ਜਾਂ ਤਰਨ ਲਈ।
From Logcabin to white house by W.H. Thayer
ਦੋ ਵਿਅਕਤੀਆਂ ਦੀ ਸੰਗਤ ਹੁੰਦੀ ਹੈ, ਤਿੰਨ ਭੀੜ ਬਣ ਜਾਂਦੇ ਹਨ ਅਤੇ ਇਸ ਤੋਂ ਵੱਧ ਉਲਝਣ ਬਣ ਜਾਂਦੇ ਹਨ। ਫਿਲਾਸਫੀ ਮਨੁੱਖੀ ਕਮਜੋਰੀਆਂ ਦਾ ਨਤੀਜਾ ਹੈ।
ਪੰਨਾ 7
ਸੁਪਨੇ ਅਤੇ ਅਸਲੀਅਤ: “ਜਿਹੜੇ ਘੰਟੇ ਅਸੀਂ ਖੁਸ਼ੀ ਭਰੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਬਿਤਾਉਂਦੇ ਹਾਂ ਉਹ ਪ੍ਰਾਪਤੀਆਂ ਵਾਲੇ ਘੰਟਿਆਂ ਨਾਲੋਂ ਵੱਧ ਆਨੰਦ ਦਾਇਕ ਹੁੰਦੇ ਹਨ। ਪਹਿਲੇ ਮਾਮਲੇ ਵਿੱਚ ਅਸੀਂ ਆਪਣੀ ਭੁੱਖ ਅਨੁਸਾਰ ਭੋਜਨ ਬਣਾਉਂਦੇ ਹਾਂ ਜਦ ਕਿ ਮਗਰਲੀ ਹਾਲਤ ਵਿੱਚ ਇਸਨੂੰ ਕੁਦਰਤ ਸਾਡੇ ਲਈ ਬਣਾਉਂਦੀ ਹੈ। ਉਸ ਚੰਗੇ ਲੱਗਣ ਵਾਲੇ ਵਿਚਾਰ ਪ੍ਰਵਾਹ ਨੂੰ ਦੁਹਰਾਉਣਾ ਅਸੰਭਵ ਹੁੰਦਾ ਹੈ ਜੋ ਅਸੀਂ ਆਪਣੇ ਮਜ਼ੇ ਲਈ ਸ਼ੁਰੂ ਕੀਤਾ ਹੁੰਦਾ ਹੈ।”
ਗੋਲਡਸਮਿੱਥ 7 ਦੀ ‘ਵਿਕਾਰ ਆਫ ਵੇਕਫੀਲਡ', ਸਫਾ 32
“ਜੋ ਗਰੀਬ ਹਨ ਅਤੇ ਕੇਵਲ ਅਮੀਰਾਂ ਨਾਲ ਹੀ ਜੁੜਦੇ ਹਨ, ਨੂੰ ਉਹਨਾਂ ਦੁਆਰਾ ਨਫਰਤ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦੇ ਉਹ ਪਿੱਛੇ ਲੱਗਦੇ ਹਨ ਉਨ੍ਹਾਂ ਦੁਆਰਾ ਘ੍ਰਿਣਾ ਕੀਤੀ ਜਾਂਦੀ ਹੈ।”
ਉਹੀ, ਸਫਾ 41
ਜ਼ਮੀਰ: “ਗਲਤ ਕਰਨ ਵਾਲੇ ਆਦਮੀ ਨੂੰ ਜ਼ਮੀਰ ਜੋ ਦੁੱਖ ਦਿੰਦੀ ਹੈ ਉਹ ਛੇਤੀ ਹੀ ਖਤਮ ਹੋ ਜਾਂਦਾ ਹੈ। ਜ਼ਮੀਰ ਡਰੂ ਹੀ ਹੁੰਦੀ ਹੈ ਅਤੇ ਜੋ ਗਲਤੀਆਂ ਕਰਦੇ ਹਨ ਉਨ੍ਹਾਂ ਨੂੰ ਰੋਕਣ ਜੋਗੀ ਇਸ ਵਿੱਚ ਤਾਕਤ ਨਹੀਂ ਹੁੰਦੀ।
ਉਹੀ, ਸਫਾ 43
ਬਲੀਦਾਨ: ਬਲੀਦਾਨ ਤਦ ਹੀ ਸਤਿਕਾਰਯੋਗ ਹੁੰਦਾ ਹੈ, ਜੇ ਇਹ ਸਿੱਧੇ ਜਾਂ ਅਸਿੱਧੇ ਪੱਖੋਂ, ਵਾਜਬ ਤੌਰ ਤੇ ਸਫਲਤਾ ਲਈ ਜਰੂਰੀ ਮਹਿਸੂਸ ਕੀਤਾ ਜਾਂਦਾ ਹੋਵੇ। ਬਲੀਦਾਨ ਜਿਹੜਾ ਅੰਤਮ ਸਫਲਤਾ ਤੇ ਨਹੀਂ ਪਹੁੰਚਾਉਂਦਾ ਆਤਮਘਾਤੀ ਹੈ ਅਤੇ ਮਰਾਠਾ ਲੜਾਈ ਢੰਗਾਂ ਵਿੱਚ ਉਸਦਾ ਕੋਈ ਸਥਾਨ ਨਹੀਂ ਹੈ।”
ਹਿੰਦੂ ਪਦ ਪਾਦਸ਼ਾਹੀ,8 ਸਫਾ 25
“ਇਹਨਾਂ ਮਰਾਠਿਆਂ ਨਾਲ ਲੜਨਾ ਹਵਾ ਨਾਲ ਯੁੱਧ ਕਰਨਾ ਅਤੇ ਪਾਣੀ ਉੱਪਰ ਵਾਰ ਕਰਨਾ ਹੈ।”
ਸਫਾ 258
ਇਹ ਸਾਡੇ ਯੁੱਗ ਦੀ ਨਿਰਾਸ਼ਤਾ ਬਚਦੀ ਹੈ ਜਿਸਨੂੰ ਇਤਿਹਾਸ ਸਿਰਜੇ ਬਿਨਾਂ ਨਵਾਂ ਇਤਿਹਾਸ ਲਿਖਣਾ ਪੈਂਦਾ ਹੈ, ਜਿਸਨੂੰ ਹੌਂਸਲੇ ਭਰੇ ਗੁਣਾਂ ਅਤੇ ਮੌਕਿਆਂ ਰਾਹੀਂ ਜਿੰਦਗੀ ਵਿੱਚ ਅਸਲੀ ਰੂਪ ਵਿੱਚ ਲਾਗੂ ਕੀਤੇ ਬਿਨਾਂ, ਬਹਾਦਰ ਕਾਰਨਾਮਿਆਂ ਦੀਆਂ ਵਾਰਾਂ ਗਾਉਣੀਆਂ ਪੈਂਦੀਆਂ ਹਨ।
ਹਿੰਦੂ ਪਦ ਪਾਦਸ਼ਾਹੀ,ਸਫਾ 256-66
ਭਾਵੇਂ ਰਾਜਸੀ ਗੁਲਾਮੀ ਦੀਆਂ ਜੰਜੀਰਾਂ ਕਿਸੇ ਸਮੇਂ ਲਾਹੀਆਂ ਅਤੇ ਤੋੜੀਆਂ ਜਾ ਸਕਦੀਆਂ ਹਨ ਪ੍ਰੰਤੂ ਸਭਿਆਚਾਰਕ ਅੰਧਵਿਸ਼ਵਾਸੀ ਦੀਆਂ ਜ਼ੰਜੀਰਾਂ ਨੂੰ ਤੋੜਨਾ ਅਕਸਰ ਜਿਆਦਾ ਔਖਾ ਸਿੱਧ ਹੁੰਦਾ ਹੈ।
ਹਿੰਦੂ ਪਦ ਪਾਦਸ਼ਾਹੀ ਸਫਾ 272-73
ਆਜਾਦੀ ਜਾਉ, ਜਿੱਥੇ ਸਾਡੀਆਂ ਮੁਸਕਰਾਹਟਾਂ ਕਦੇ ਨਹੀਂ ਹਟਣਗੀਆਂ।
ਜਾਉ ਧਾੜਵੀਆਂ ਨੂੰ ਦੱਸ ਦਿਓ,
ਤੁਹਾਡੀ ਸੂਲੀ ਤੇ ਇੱਕ ਯੁੱਗ ਖੂਨ ਵਹਾਉਣਾ ਮਿੱਠਾ ਹੈ
ਜੰਜੀਰਾਂ ਵਿੱਚ ਇੱਕ ਪਲ ਸੁੱਤੇ ਜਾਣ ਨਾਲੋਂ।
ਥਾਪਸਮੂਰ।
ਪੰਨਾ 8
ਅਪਰਾਧ ਵਿਗਿਆਨ
1.ਬਰਨਾਰਡ ਸ਼ਾਅ: ਉਹ ਇੱਕ ਫੇਬੀਅਨ ਸੋਸ਼ਲਿਸਟ ਹੈ। ਅਪਰਾਧਾਂ ਦਾ ਮੁੱਖ ਕਾਰਣ ਸਮਾਜਿਕ ਅਨਿਆਂ ਅਤੇ ਗਰੀਬੀ ਹੈ। ਉਹ ਬੰਦੀ ਬਨਾਉਣ ਦੇ ਸਖਤ ਵਿਰੁੱਧ ਹੈ। ਉਹ ਇਸਨੂੰ ਸੰਸਾਰ ਦੇ ਸਭ ਤੋਂ ਭੈੜੇ ਅਪਰਾਧਾਂ ਵਿੱਚੋਂ ਸਮਝਦਾ ਹੈ। ਉਹ ਆਮ ਜੁਰਮਾਂ ਦੇ ਮਾਮਲੇ ਵਿੱਚ ਕਿਸੇ ਸਜਾ ਦੇ ਹੱਕ ਵਿੱਚ ਨਹੀਂ ਹੈ, ਪਰ ਨਾ ਸੁਧਰਣਯੋਗ ਅਪਰਾਧੀਆਂ ਦੇ ਮਾਮਲੇ ਵਿੱਚ ਮੌਤ ਦੀ ਸਜਾ ਚਾਹੁੰਦਾ ਹੈ। ਜੇਲ ਸੰਸਥਾਨ ਦਾ ਕੱਟੜ ਦੁਸ਼ਮਣ ਹੈ।
2.ਰਗ਼ਲਜ਼ ਬਰਾਈਜ਼: ਉਹ ਇੰਗਲੈਂਡ ਅਤੇ ਵੇਲਜ਼ ਲਈ ਜੇਲ੍ਹ ਕਮਿਸ਼ਨ ਦਾ ਚੇਅਰਮੈਨ ਹੈ ਅਤੇ ਅੰਤਰਰਾਸ਼ਟਰੀ ਜੇਲ੍ਹ ਕਮਿਸ਼ਨ ਦਾ ਪ੍ਰਧਾਨ ਹੈ। ਉਸਨੇ ‘ਅੰਗਰੇਜ਼ੀ ਜੇਲ੍ਹ ਪ੍ਰਬੰਧ' ਕਿਤਾਬ ਲਿਖੀ ਹੈ।
ਅਪਰਾਧ ਵਿਗਿਆਨੀਆਂ ਦੇ ਵੱਖ ਵੱਖ ਮਤ
1.ਪ੍ਰੋਫੈਸਰ ਲੌਮਬਰੋਸੋ (ਇਟਲੀ): ਹਾਂ ਪੱਖੀ ਮਤ ਹੈ ਜਿਸ ਅਨੁਸਾਰ ਅਪਰਾਧ ਜਾਂ ਅਪਰਾਧੀ ਪੁਣਾ ਆਮ ਬਿਮਾਰੀਆਂ ਵਾਂਗ ਇੱਕ ਬਿਮਾਰ ਜਾਂ ਰੋਗੀ ਸਥਿਤੀ ਹੈ, ਦੂਜੇ ਸ਼ਬਦਾਂ ਵਿੱਚ ਕੁਝ ਖਾਸ ਸਰੀਰਕ ਅਤੇ ਮਾਨਸਿਕ ਨੁਕਸਾਂ ਸਦਕਾ, ਕੁਝ ਖਾਸ ਅਲਾਮਤਾਂ ਰਾਹੀਂ ਪ੍ਰਗਟ ਹੁੰਦੀ ਅਸਾਧਾਰਣ ਸਥਿਤੀ ਹੈ ਜੋ ਜੱਦੀ ਪੁਸ਼ਤੀ ਨੁਕਸਾਂ ਦਾ ਸਿੱਟਾ ਹੁੰਦੀ ਹੈ। ਸੰਖੇਪ ਵਿੱਚ ‘ਇੱਕ ਅਪਰਾਧਿਕ ਕਿਸਮ' ਹੁੰਦੀ ਹੈ ਯਾਨੀ ਕਿ ਅਪਰਾਧੀ ਕਾਰਜਾਂ ਪ੍ਰਤੀ ਪੂਰਵ ਨਿਸ਼ਚਿਤ ਨਸਲ ਜਿਸਦੇ ਖਿਲਾਫ ਸਜਾ ਦਾ ਕੋਈ ਵੀ ਪ੍ਰਬੰਧ ਵਿਅਰਥ ਹੋਵੇਗਾ, ਕਿਉਂਕਿ ਅਜਿਹੇ ਵਿਅਕਤੀ ਸੁਭਾਵਿਕ ਤੌਰ ਤੇ ਹੀ ਅਪਰਾਧਿਕ ਕਾਨੂੰਨਾਂ ਦੇ ਵਰਜਣ ਵਾਲੇ ਪ੍ਰਭਾਵ ਦੇ ਅਸਰ ਹੇਠ ਨਹੀਂ ਆਉਣਗੇ। ਇਸ ਸਿਧਾਂਤ ਦਾ ਮੰਤਕੀ ਸਿੱਟਾ ਜਾਂ ਤਾਂ ਅਯੋਗ ਵਿਅਕਤੀਆਂ ਦਾ ਖਾਤਮਾ ਜਾਂ ਸਾਰਿਆਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਕੱਢ ਕੇ ਦਵਾ ਦਾਰੂ ਦੇ ਘੇਰੇ ਵਿੱਚ ਲਿਆਉਣਾ ਨਿਕਲੇਗਾ।
2.ਡਾ. ਗੋਰਿੰਗ: ਅੰਕੜਾ ਵਿਗਿਆਨ ਲਾਜ਼ਮੀ ਤੌਰ ਤੇ ਵਿਧੀ ਦਾ ਵਿਗਿਆਨ ਹੈ ਅਤੇ ਜੇ ਇਸਨੂੰ ਇੱਕ ਵਿਧੀ ਵਿਗਿਆਨ ਵਜੋਂ ਅਪਰਾਧੀ ਮਨੁੱਖਾਂ ਤੇ ਲਾਗੂ ਕੀਤਾ ਜਾਵੇ ਤਾਂ ਵਿਅਕਤੀਆਂ ਦੇ ਵੱਖ ਵੱਖ ਵਰਗਾਂ ਦੇ ਸਰਵੇ ਤੇ ਆਧਾਰਿਤ ਤੁਲਨਾ ਅਪਰਾਧੀ, ਅਪਰਾਧ ਅਤੇ ਅਪਰਾਧੀਪੁਣੇ ਦੇ ਬੁਨਿਆਦੀ ਸਬੰਧਾਂ ਬਾਰੇ ਸਹੀ, ਸਾਦਾ ਅਤੇ ਸਮਝਣਯੋਗ ਵਿਆਖਿਆ ਦੇਣ ਵਿੱਚ ਅਸਰਦਾਰ ਹੋ ਸਕਦਾ ਹੈ।
ਮੁੱਖ ਕਾਰਣ:
1. ਵਿਰਾਸਤ
2. ਦਿਮਾਗੀ ਤੌਰ ਤੇ ਅਣਵਿਕਸਿਤ
3. ਸਰੀਰਕ ਤੌਰ ਤੇ ਅਵਿਕਸਤ
4. ਸਮਾਜ (ਸਮਾਜਿਕ ਅਨਿਆਂ ਅਤੇ ਪ੍ਰਸਥਿਤੀਆਂ)
5. ਢੁੱਕਵੀਂ ਸਿੱਖਿਆ ਦੀ ਘਾਟ
6. ਗੁਜ਼ਾਰੇ ਦੇ ਸਾਧਨਾਂ ਦੀ ਘਾਟ
ਇੰਗਲੈਂਡ ਵਿੱਚ ਜੇਲ੍ਹ ਸਿਸਟਮ ਅਮਰੀਕਨ ਆਜਾਦੀ 1776 (ਜਾਰਜ ਤੀਜੇ) ਤੋਂ ਬਾਅਦ ਆਇਆ ਜਦ ਅਪਰਾਧੀਆਂ ਨੂੰ ਕਾਲੋਨੀਆਂ ਵਿੱਚ ਨਹੀਂ ਭੇਜਿਆ ਜਾ ਸਕਦਾ ਸੀ। ਹਾਵਰਡ (1726-1790) ਨੇ ਜੇਲ੍ਹ ਪ੍ਰਬੰਧ ਨੂੰ ਸੁਧਾਰਣ ਅਤੇ ਨਿਯਮਬੱਧ ਕਰਨ ਵਿੱਚ ਮਹੱਤਵਪੂਰਨ ਹਿੱਸਾ ਪਾਇਆ। ਹੁਣ ਉੱਥੇ ਕਈ ਨਿਵਾਰਕ ਕਾਨੂੰਨ ਹਨ। ਬੋਸਟਲ ਸੰਸਥਾਨ ਸੁਧਾਰਕ ਸਕੂਲਾਂ ਆਦਿ ਵਜੋਂ ਕੰਮ ਕਰ ਰਹੇ ਹਨ।