ਸਮੱਗਰੀ 'ਤੇ ਜਾਓ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/ਮੁੱਖ ਬੰਦ

ਵਿਕੀਸਰੋਤ ਤੋਂ

ਮੁੱਖ ਬੰਦ

ਭਗਤ ਸਿੰਘ ਨੇ ਕਿਹਾ ਸੀ, “ਜਦ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦੀ ਹੈ, ਕਿਸੇ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ, ਬਸ ਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ। ਗੁੰਮਰਾਹ ਕਰਨ ਵਾਲੀਆਂ, ਗ਼ੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ 'ਤੇ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਇਕ ਹਰਕਤ ਪੈਦਾ ਹੋ ਜਾਵੇ।” ਜਦ ਭਗਤ ਸਿੰਘ ਇਹ ਕਹਿ ਰਹੇ ਸੀ ਤਾਂ ਉਹ ਇਤਿਹਾਸ ਦੇ ਅਸੂਲਾਂ ਦੀ ਗਹਿਰੀ ਭਾਵਨਾ ਨੂੰ ਸਮਝਦੇ ਹੋਏ, ਆਪਣੇ ਸਮੇਂ ਤੋਂ ਬਹੁਤ ਅੱਗੇ ਭਵਿੱਖ ਵਾਸਤੇ ਵੀ ਕੁਝ ਅਹਿਮ ਸੁਨੇਹਾ ਦੇ ਰਹੇ ਸਨ। ਸ਼ਾਇਦ ਏਸੇ ਸਮਝ ਦਾ ਪ੍ਰਗਟਾਵਾ ਉਨ੍ਹਾਂ ਆਪਣੀ ਆਖ਼ਰੀ ਮੁਲਾਕਾਤ ਵਿਚ ਕੀਤਾ ਸੀ। ਜਦ ਉਨ੍ਹਾਂ ਕਿਹਾ ਸੀ ਕਿ ਅੰਗਰੇਜ਼ ਦੀਆਂ ਜੜ੍ਹਾਂ ਹਿੱਲ ਗਈਆਂ ਹਨ, 15 ਸਾਲਾਂ ਵਿਚ ਚਲੇ ਜਾਣਗੇ, ਸਮਝੌਤਾ ਹੋ ਜਾਵੇਗਾ, ਫਿਰ ਕਾਫ਼ੀ ਹਫ਼ੜਾ ਦਫ਼ੜੀ ਦੇ ਸਾਲ ਗੁਜ਼ਰਨਗੇ ਅਤੇ ਉਸਦੇ ਬਾਅਦ ਮੇਰੀ ਲੋਕਾਂ ਨੂੰ ਲੋੜ ਪਵੇਗੀ। ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਜਦ ਇਕ ਪਾਸੇ ਗ਼ੈਰ ਤਰੱਕੀ ਪਸੰਦ ਅਤੇ ਪਿਛਾਂਹ-ਖਿੱਚੂ ਤਾਕਤਾਂ ਦਾ ਬੋਲ-ਬਾਲਾ ਵਧ ਰਿਹਾ ਹੈ ਤੇ ਦੂਸਰੇ ਪਾਸੇ ਲੋਕਾਂ ਦੇ ਮਸਲੇ ਵਧ ਰਹੇ ਹਨ ਅਤੇ ਹੱਲ ਨਹੀਂ ਹੋ ਰਹੇ ਅਤੇ ਹਰ ਪਾਸੇ ਫ਼ਾਸ਼ੀ ਜਿਹੇ ਰੁਝਾਣ ਪਣਪ ਰਹੇ ਹਨ ਤਾਂ ਭਗਤ ਸਿੰਘ ਦੇ ਉੱਪਰ ਕਹੇ ਲਫ਼ਜ਼ ਸਾਨੂੰ ਯਾਦ ਆਉਂਦੇ ਹਨ।

ਪਰ ਇਹ ਬਦ-ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਇੰਨੇ ਸਾਲਾਂ ਵਿਚ ਛੋਟੀ-ਮੋਟੀ ਕੋਸ਼ਿਸ਼ ਦੇ ਇਲਾਵਾ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ ਇਕ ਥਾਂ ਨਹੀਂ ਇਕੱਠੀਆਂ ਕੀਤੀਆਂ ਜਾ ਸਕੀਆਂ। ਇਸ ਕਿਤਾਬ ਰਾਹੀਂ ਇਹ ਪਹਿਲਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਭਗਤ ਸਿੰਘ ਦੇ ਵਿਚਾਰਧਾਰਕ ਅਤੇ ਵਿਗਿਆਨਕ ਅਸੂਲਾਂ ਨੂੰ ਪਹਿਚਾਣਿਆ ਤੇ ਸਮਝਿਆ ਜਾ ਸਕੇ।

ਭਗਤ ਸਿੰਘ ਨੇ ਫ਼ਾਂਸੀ ਤੋਂ ਇਕ ਦਿਨ ਪਹਿਲਾਂ ਕਿਹਾ ਸੀ, “ਮੈਂ ਇਨਕਲਾਬ ਦਾ ਮੂਲ-ਮੰਤਰ ਬਣ ਗਿਆ ਹਾਂ।” ਇਸ ਤੋਂ ਉਹ ਕੀ ਕਹਿਣਾ ਚਾਹ ਰਹੇ ਸਨ, ਕੀ ਸੁਨੇਹਾ ਸਾਡੇ ਤੱਕ ਪਹੁੰਚਾ ਰਹੇ ਸਨ? ਅੱਜ ਵੱਧ ਸ਼ਿੱਦਤ ਤੇ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਇਹ ਲਿਖਤਾਂ ਉਸ ਸਮਝ ਵਿਚ ਹਿੱਸੇਦਾਰ ਹੋ ਸਕਣਗੀਆਂ, ਇਹ ਆਸ਼ਾ ਹੈ।

ਅੱਜ ਦੀ ਸਭ ਤੋਂ ਵੱਧ ਲੋੜ ਹੈ, “ਭਗਤ ਸਿੰਘ ਹੋਣ ਦੀ ਸਾਰ” ਨੂੰ ਜਾਨਣਾ। ਇਹ ਪਹਿਚਾਨਣ ਦੀ ਲੋੜ ਹੈ ਕਿ ਉਹ ਕੀ ਗੁਣ ਹਨ, ਕੀ ਅਸੂਲ ਹਨ, ਕੀ ਤਰੀਕੇ ਹਨ ਜਿਨ੍ਹਾਂ ਨੇ ਭਗਤ ਸਿੰਘ ਨੂੰ ਆਤਮ ਬਲੀਦਾਨੀਆਂ ਦੀ ਕਤਾਰ ਵਿਚ ਸਭ ਤੋਂ ਮੂਹਰੇ ਤੇ ਉੱਚਾ ਖੜ੍ਹਾ ਕੀਤਾ ਹੈ, ਜਿਸ ਨੇ ਉਸ ਨੂੰ ਭਾਰਤੀ ਲੋਕਾਂ ਦੀ ਚੇਤੰਨਤਾ ਦਾ ਹਿੱਸਾ ਬਣਾਇਆ ਹੈ। ਇਹ ਹੈ “ਭਗਤ ਸਿੰਘ ਹੋਣ ਦੀ ਸਾਰ”। ਪਰ ਇਤਿਹਾਸਕ ਦੁਖਾਂਤ ਇਹ ਵੀ ਹੁੰਦਾ ਹੈ ਕਿ ਜਦ ਭਵਿੱਖ ਦੇ ਮਸਲੇ ਨਵੇਂ ਢੰਗਾਂ, ਤਰੀਕਿਆਂ ਤੇ ਸੋਚ ਦੀ ਮੰਗ ਕਰਦੇ ਹਨ। ਅਸੀਂ ਆਪਣੇ ਇਤਿਹਾਸ ਵਿਚੋਂ ਮਿਸਾਲਾਂ ਢੂੰਡਦੇ ਹਾਂ, ਤੇ ਸਾਰ ਨੂੰ ਸਮਝੇ ਬਗ਼ੈਰ ਉਸਦੇ ਰੂਪ ਨੂੰ ਅਪਣਾ ਕੇ ਇਤਿਹਾਸਕ ਤਰੱਕੀ ਨੂੰ ਰੋਕਣ ਵਾਲੀਆਂ ਪਿਛਾਂਹ-ਖਿੱਚੂ ਤਾਕਤਾਂ ਜ਼ੋਰ ਪਕੜਦੀਆਂ ਹਨ। ਕਿਉਂਕਿ ਇਹ ਸੌਖਾ ਢੰਗ ਹੈ। ਅਜਿਹੇ ਹਾਲਾਤ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਇਕ ਦਾਰਸ਼ਨਿਕ ਨੇ ਕਿਹਾ ਸੀ ਕਿ ਸੰਕਟ ਸਮੇਂ, ਜਦ ਹਾਲਾਤ ਨਵੇਂ ਹੱਲ ਮੰਗ ਰਹੇ ਹੁੰਦੇ ਹਨ, ਸਾਡੇ ਉੱਤੇ ਸਾਡਾ ਪਿਛੋਕੜ ਦਾ ਇਤਿਹਾਸ ਭਾਰੂ ਹੋ ਜਾਂਦਾ ਹੈ। ਅਸੀਂ ਭਵਿੱਖ ਨੂੰ ਭੂਤ ਦੇ ਢਾਂਚੇ ਵਿਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਹੀ ਕਾਰਨ ਹੈ ਕਿ ਪੁਨਰ ਸੁਰਜੀਤੀ ਵਰਗੀਆਂ ਪਿਛਾਂਹ-ਖਿੱਚੂ ਲਹਿਰਾਂ ਚਲਦੀਆਂ ਹਨ।

ਭਗਤ ਸਿੰਘ ਨੂੰ ਗਹਿਰਾਈ ਨਾਲ ਘੋਖਣ ਨਾਲ, ਅਸੀਂ ਦੇਖਦੇ ਹਾਂ ਕਿ ਉਸਨੇ "ਦੇਸ ਦੇ ਇਤਿਹਾਸ, ਇਸ ਦੀਆਂ ਹਾਲਤਾਂ ਅਤੇ ਆਦਰਸ਼ਾਂ ਦੇ ਗੰਭੀਰ, ਮਿਹਨਤੀ ਤੇ ਇਮਾਨਦਾਰ ਵਿਦਿਆਰਥੀ" ਹੋਣ ਦੇ ਨਾਤੇ ਇਤਿਹਾਸ ਦੇ ਵਿਗਿਆਨਕ ਅਸੂਲਾਂ ਦੀ ਭਾਰੀ ਸਮਝ ਸਾਡੇ ਨਾਲ ਸਾਂਝੀ ਕੀਤੀ ਹੈ। ਇਹ ਗਹਿਰੀ ਇਤਿਹਾਸਕ-ਪਦਾਰਥਵਾਦੀ ਨਜ਼ਰ ਹਰ ਥਾਂ ਕੰਮ ਕਰਦੀ ਨਜ਼ਰ ਆਉਂਦੀ ਹੈ। ਸਮਾਜਕ ਵਿਕਾਸ ਦੇ ਅਟੱਲ ਅਸੂਲਾਂ ਨੂੰ ਉਨ੍ਹਾਂ ਨੇ ਪਹਿਚਾਣਿਆ ਹੀ ਨਹੀਂ ਸਗੋਂ ਨਵੀਨਤਾ ਨਾਲ ਲਾਗੂ ਵੀ ਕੀਤਾ ਹੈ।

ਜਦ ਉਨ੍ਹਾਂ ਦੇ ਸਾਥੀ ਅਤੇ ਬਾਕੀ ਸਿਆਣੇ ਲੋਕ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰਦੇ ਹਨ ਕਿ ਭਗਤ ਸਿੰਘ ਭਵਿੱਖਬਾਣੀ ਕਰ ਸਕਦਾ ਸੀ, ਉਹ ਦੱਸ ਸਕਦਾ ਸੀ ਕਿ ਆਉਣ ਵਾਲੇ ਸਮੇਂ ਵਿਚ “ਕਾਂਗਰਸ ਅਤੇ ਅੰਗਰੇਜ਼ ਸਾਮਰਾਜ ਵਿਚ ਸਮਝੌਤਾ ਹੋਵੇਗਾ”, ਜਦ ਉਹ ਪੂਰੀ ਯਕੀਨੀ ਨਾਲ ਭਵਿੱਖ ਬਾਰੇ ਇਹ ਕਹਿ ਸਕਦਾ ਹੈ ਕਿ ਮਿਹਨਤੀ ਲੋਕਾਂ ਨੂੰ ਆਉਣ ਵਾਲੀ ਆਜ਼ਾਦੀ ਵਿਚ ਕੋਈ ਰਾਹਤ ਨਹੀਂ ਮਿਲੇਗੀ। ਇਸ ਦੇ ਪਿੱਛੇ ਉਹ ਕਿਹੜੀ ਸਮਝ, ਸੋਚ ਜਾਂ ਗੱਲ ਸੀ, ਜਿਸ ਕਰਕੇ ਉਹ ਇਹ ਕਹਿ ਸਕੇ। ਇਹ ਇਕ ਬਹੁਤ ਹੀ ਅਹਿਮ ਸਵਾਲ ਹੈ, ਭਗਤ ਸਿੰਘ ਦੇ ਤਰੀਕੇ ਨੂੰ ਜਾਨਣ ਦਾ। ਇਹਨਾਂ ਸਾਰੀਆਂ ਲਿਖਤਾਂ ਨੂੰ ਪੜ੍ਹ ਕੇ ਇਸ ਸਵਾਲ ਦਾ ਜਵਾਬ ਸੌਖੇ ਹੀ ਮਿਲ ਜਾਂਦਾ ਹੈ।

ਜਿਥੇ ਭਗਤ ਸਿੰਘ ‘ਹੌਸਲੇ, ਦ੍ਰਿੜ੍ਹਤਾ ਅਤੇ ਆਤਮ-ਬਲੀਦਾਨ' ਦੇ ਗੁਣਾਂ ਦੀ ਬੇਮਿਸਾਲ ਉਦਾਹਰਨ ਹੈ ਉੱਥੇ ਉਦੇਸ਼ ਦੇ ਸੰਕਲਪ ਦੀ ਨਿਗਰਤਾ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ, ਇਤਿਹਾਸਕ ਪਦਾਰਥਵਾਦੀ ਪੜਚੋਲ ਢੰਗ, ਇਹ ਗੁਣ ਸਨ ਜਿਨ੍ਹਾਂ ਨਾਲ ਭਗਤ ਸਿੰਘ ਆਪਣੇ ਭੂਤ ਨੂੰ ਪਰਖ ਕੇ, ਵਰਤਮਾਨ ਨੂੰ ਸਮਝਦੇ ਹੋਏ ਭਵਿੱਖ ਲਈ ਪ੍ਰੋਗਰਾਮ ਉਲੀਕ ਸਕੇ।

ਜਦ 1925 ਵਿਚ ਕਾਕੋਰੀ ਐਕਸ਼ਨ ਬਾਅਦ ਹਿੰਦੋਸਤਾਨ ਰੀਪਬਲੀਕਨ ਪਾਰਟੀ ਦੇ ਲੀਡਰ ਫੜੇ ਗਏ ਤਾਂ ਪਾਰਟੀ ਦਾ ਭਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ 'ਤੇ ਆ ਪਿਆ ਤਾਂ ਕਈ ਅਹਿਮ ਸਵਾਲ ਉਨ੍ਹਾਂ ਸਾਹਮਣੇ ਖੜੇ ਸਨ। ਜਿਵੇਂ ਕਿ ਆਪਣੇ ਨੇਤਾਵਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਲੋਕਾਂ ਲਈ ਅਟੁੱਟ ਲਗਨ ਦੇ ਬਾਵਜੂਦ ਉਹ ਲੋਕਾਂ ਦੇ ਨੇੜੇ ਨਾ ਪਹੁੰਚ ਸਕੇ। ਭਵਿੱਖ ਦੀ ਸਾਫ਼ ਸਪੱਸ਼ਟ ਤਸਵੀਰ ਕੀ ਹੋਵੇ। ਉਹ ਕੀ ਉਦੇਸ਼ ਹੈ ਜਿੱਥੇ ਭਾਰਤੀ ਲੋਕਾਂ ਨੇ ਪਹੁੰਚਣਾ ਹੈ, ਆਦਿ।

ਭਗਤ ਸਿੰਘ ਦੇ ਕਹਿਣ ਮੁਤਾਬਿਕ ਉਨ੍ਹਾਂ, ‘ਅਧਿਐਨ ਕਰਨ’ ਨੂੰ ਆਪਣਾ ਅਸੂਲ ਬਣਾਇਆ। ਭਾਰਤ ਵਿਚ ਇਨਕਲਾਬੀ ਲਹਿਰਾਂ ਦੇ ਤਜਰਬੇ ਨੂੰ ਗਹਿਰਾਈ ਨਾਲ ਘੋਖਿਆ ਅਤੇ ਦੁਨੀਆ ਭਰ ਦੇ ਇਨਕਲਾਬੀ ਵਿਚਾਰ ਅਤੇ ਤਜਰਬੇ ਵੀ ਘੋਖੇ ਅਤੇ ਸਮਝੇ। ਵਕਤ ਦੀ, ਲੋਕਾ ਦੀ ਲੋੜ ਨੂੰ ਸਮਝਣ ਦੇ ਹਰ ਯਤਨ ਕੀਤੇ। ਇਹ ਸੀ ਉਹ ਰਾਹ ਜਿਸਨੇ 'ਰੋਮਾਂਟਕ ਵਿਚਾਰਵਾਦੀ ਇਨਕਲਾਬੀ’ ਨੂੰ ‘ਵਿਗਿਆਨਕ ਇਨਕਲਾਬੀ' ਵਿਚ ਬਦਲ ਦਿੱਤਾ।

ਉਨ੍ਹਾਂ ਦੀ ਇਨਕਲਾਬੀ ਸੋਚ ਦਾ ਇਹ ਦ੍ਰਿੜ ਹਿੱਸਾ ਸੀ ਕਿ ‘ਸੇਵਾ ਕਰਨਾ, ਕਸ਼ਟ ਸਹਿਣਾ ਅਤੇ ਕੁਰਬਾਨੀ ਕਰਨ' ਦੇ ਅਸੂਲ 'ਤੇ ਚਲਦੇ ਹੋਏ ਆਪਣੇ ਉਦੇਸ਼ ਦੀ ਪੂਰਤੀ ਹੋਣੀ ਚਾਹੀਦੀ ਹੈ। ਕਿਸੇ ਵੀ ਕਰਮ ਦੀ ਪਰਖ ਸਿਰਫ਼ ਇਹ ਹੀ ਹੋਵੇਗੀ ਕਿ ਉਹ ਉਦੇਸ਼ ਨੂੰ ਅੱਗੇ ਲਿਜਾਂਦਾ ਹੈ ਜਾਂ ਨਹੀਂ, ਲੋਕਾਂ ਵਿਚ ਹੌਸਲਾ ਪੈਦਾ ਕਰਦਾ ਹੈ ਜਾਂ ਨਹੀਂ ਅਤੇ ਪਾਰਟੀ ਨੂੰ ਮਜ਼ਬੂਤੀ ਦਿੰਦਾ ਹੈ ਜਾਂ ਨਹੀਂ। ਕਹਿਣ ਦਾ ਭਾਵ ਕਿ ਭਗਤ ਸਿੰਘ ਵਿਚਾਰਧਾਰਾ ਵਿਚ ਜਜ਼ਬਾਤ ਦੀ ਕੋਈ ਥਾਂ ਨਹੀਂ ਹੈ ਅਤੇ ਠੋਸ ਤਰਕ ਹੀ ਕਿਸੇ ਕਰਮ ਜਾਂ ਐਕਸ਼ਨ ਦੀ ਪਰਖ ਹੈ।

ਉਨ੍ਹਾਂ ਨੇ ਵਿਚਾਰਾਂ ਦੀ ਠੋਸਤਾ, ਯਾਨੀ ਕਿ ਵਿਗਿਆਨਕ ਆਧਾਰ 'ਤੇ ਇਤਿਹਾਸਕ ਪਦਾਰਥਵਾਦੀ ਅਸੂਲਾਂ ਉੱਤੇ ਢਾਲੇ ਹੋਏ ਅਤੇ ਇਨਕਲਾਬੀ ਚਰਿੱਤਰ ਦੀ ਮਜ਼ਬੂਤੀ 'ਤੇ ਬਹੁਤ ਹੀ ਜ਼ੋਰ ਦਿੱਤਾ। ਸਗੋਂ ਖ਼ੁਦ ਆਪਣੇ ਸਾਰੇ ਸਾਥੀਆਂ ਨਾਲ ਰਲ ਕੇ ਇਹਨਾਂ ਦੀ ਮਿਸਾਲ ਵੀ ਕਾਇਮ ਕੀਤੀ। ਇਨ੍ਹਾਂ ਆਧਾਰਾਂ 'ਤੇ ਖੜ੍ਹੀ ਕਰਨ ਲਈ ਇਨਕਲਾਬੀ ਪਾਰਟੀ ਬਾਰੇ ਲਿਖਦੇ ਹੋਏ ਉਹ ਕਹਿੰਦੇ ਹਨ "ਉਨ੍ਹਾਂ ਨੂੰ ਮਜ਼ਬੂਤ ਚਰਿੱਤਰ ਦੀ ਲੋੜ ਹੋਵੇਗੀ, ਯਾਨੀ ਕਿ ਪਹਿਲ-ਕਦਮੀ ਅਤੇ ਇਨਕਲਾਬੀ ਲੀਡਰਸ਼ਿਪ ਦੀ ਸਮਰੱਥਾ, ਜ਼ਾਬਤਾ ਭਰਪੂਰ ਅਤੇ ਗਹਿਰੇ ਅਧਿਐਨ ਨਾਲ ਬਣੀ ਮਜ਼ਬੂਤ ਸਮਝ।” ਅੱਗੇ ਉਹ ਲਿਖਦੇ ਹਨ, “ਸਮਾਜ ਦੀ ਮੁੱਢਲੀ ਤਬਦੀਲੀ, ਜੋ ਇਨਕਲਾਬ ਹੈ, ਮਿਹਨਤੀ ਵਿਚਾਰਵਾਨਾਂ ਅਤੇ ਮਿਹਨਤੀ ਕਾਰਜ-ਕਰਤਿਆਂ ਦੀ ਪੈਦਾਵਾਰ ਹੁੰਦੀ ਹੈ।” ਭਾਰਤ ਦੀ ਅਸਲੀਅਤ ਨੂੰ ਧਿਆਨ ਗੋਚਰਾ ਲਿਆਂਦੇ ਹੋਏ ਉਨ੍ਹਾਂ ਨੇ ਕਿਹਾ ਸੀ, “ਬਦ-ਕਿਸਮਤੀ ਨਾਲ ਇਨਕਲਾਬ ਦਾ ਬੌਧਿਕ ਸਮਾਨ ਆਮ ਤੌਰ 'ਤੇ ਬੇ-ਧਿਆਨਾ ਹੀ ਰਿਹਾ ਹੈ। ਇਸ ਕਰਕੇ ਇਨਕਲਾਬ ਦੀ ਅਤਿ ਜ਼ਰੂਰਤ ਅਤੇ ਇਨਕਲਾਬੀ ਪਾਰਟੀ ਦੇ ਕੰਮਾਂ ਦਾ ਠੀਕ ਅਸਰ ਕੀ ਹੋਵੇਗਾ, ਹਮੇਸ਼ਾ ਅੱਖੋਂ ਉਹਲੇ ਕਰ ਦਿੱਤਾ ਜਾਂਦਾ ਰਿਹਾ ਹੈ। ਇਸ ਕਰਕੇ ਇਕ ਇਨਕਲਾਬੀ ਨੂੰ, ਪੜ੍ਹਾਈ ਅਤੇ ਅਧਿਐਨ ਨੂੰ, ਆਪਣੀ ਪਵਿੱਤਰ ਡਿਊਟੀ ਬਣਾ ਲੈਣਾ ਚਾਹੀਦਾ ਹੈ।

ਭਾਰਤੀ ਸਮਾਜ ਦੀ ਇਤਿਹਾਸਕ ਲੋੜ ਨੂੰ ਭਾਂਪਦੇ ਹੋਏ, ਉਨ੍ਹਾਂ ਭਵਿੱਖ ਦੇ ਆਦਰਸ਼ ਨੂੰ ਸਾਫ਼ ਪ੍ਰਗਟਾਉਂਦੇ ਹੋਏ ਬਾਰ-ਬਾਰ ਲਿਖਿਆ, “ਇਨਕਲਾਬ ਜੋ ਲੋਕਾ ਲਈ ਹੋਵੇ ਅਤੇ ਲੋਕਾਂ ਰਾਹੀਂ ਲਿਆਂਦਾ ਜਾਵੇਗਾ।” “ਇਨਕਲਾਬ ਦੇ ਇਸ ਸਦੀ ਵਿਚ ਇਕ ਹੀ ਮਤਲਬ ਹੋ ਸਕਦੇ ਹਨ—ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ 'ਤੇ ਕਬਜ਼ਾ।” ਉਨ੍ਹਾਂ ਨੇ ਆਪਣੇ ਇਨਕਲਾਬ ਦੇ ਪ੍ਰੋਗਰਾਮ ਦੇ ਖਰੜੇ ਵਿਚ ਲਿਖਿਆ ਸੀ। “ਸਾਮਰਾਜਵਾਦੀਆਂ ਨੂੰ ਗੱਦੀਉਂ ਲਾਹੁਣ ਲਈ ਭਾਰਤ ਦਾ ਇਕੋ-ਇਕ ਹਥਿਆਰ ਕਿਰਤੀ ਇਨਕਲਾਬ ਹੈ। ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ।”

ਜਦ ਉਨ੍ਹਾਂ ਨੇ ਕੰਮ ਕਰਨ ਦੇ ਤਰੀਕਿਆਂ ਬਾਰੇ ਆਪਣੀ ਬਹਿਸ ਕੀਤੀ ਤਾਂ ਉਨ੍ਹਾਂ ਦੇ ਵਿਚਾਰ ਬਹੁਤ ਹੀ ਵਿਗਿਆਨਕ ਦਵੰਦਾਤਮਕ ਪੱਧਤੀ ਦੇ ਸਨ। ਹਿੰਸਾ-ਅਹਿੰਸਾ ਦੀ ਬਹਿਸ ’ਤੇ ਉਨ੍ਹਾਂ ਕਿਹਾ ਕਿ “ਹਿੰਸਾ ਕਿਸੇ ਬਹੁਤ ਹੀ ਖ਼ਾਸ ਹਾਲਾਤ ਵਿਚ ਜਾਇਜ਼ ਹੋ ਸਕਦੀ ਹੈ ਪਰ ਅਹਿੰਸਾ ਜਨ-ਅੰਦੋਲਨਾਂ ਦਾ ਮੁੱਖ ਹਥਿਆਰ ਹੋਵੇਗੀ।” ਤਰੀਕਿਆਂ ਨੂੰ ਜਜ਼ਬਾਤੀ ਉਲਝਣ ਤੋਂ ਉੱਪਰ ਉੱਠ ਕੇ ਹਾਲਾਤ ਨੂੰ ਲੋੜ ਦੀ ਪੂਰਤੀ ਮੁਤਾਬਕ ਅੰਗਣਾ ਉਨ੍ਹਾਂ ਦੀ ਸੋਚ ਦੀ ਖ਼ੂਬਸੂਰਤੀ ਹੈ ਤੇ ਇਹੀ ਹੈ ਇਨਕਲਾਬੀਪਨ। ਇਸ ਵਿਸ਼ੇ 'ਤੇ ਭਗਤ ਸਿੰਘ, ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਸਨ, “ਮੈਨੂੰ ਇਸ ਵਿਸ਼ੇ ’ਤੇ ਗ਼ਲਤ ਸਮਝਿਆ ਜਾ ਸਕਦਾ ਹੈ” ਅਤੇ ਜੇ ਅਸੀਂ ਪਿਛਲੇ ਸਮੇਂ 'ਤੇ ਝਾਤ ਮਾਰੀਏ ਤਾਂ ਦੇਖਦੇ ਹਾਂ ਕਿ ਭਗਤ ਸਿੰਘ ਨੂੰ ਲੋਕਾਂ ਨੇ ਜਜ਼ਬਾਤ ਦਾ ਹਿੱਸਾ ਤਾਂ ਬਣਾਇਆ ਹੈ ਪਰ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਇਆ, ਜਿਸ ਕਰਕੇ ਉਨ੍ਹਾਂ ਬਾਰੇ ਗ਼ਲਤ-ਫਹਿਮੀਆਂ ਪੈਦਾ ਕਰਨ ਜਾਂ ਇੰਜ ਕਹਿ ਲਈਏ, ਅਧੂਰੇ ਤੌਰ 'ਤੇ ਸਮਝਣ ਵੱਲ ਯਤਨ ਹੋਏ ਹਨ।

ਅਜਿਹੇ ਹਾਲਾਤ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੇ ਇਹ ਕਿਹਾ ਸੀ ਕਿ, “ਮੈਂ ਆਪਣੀ ਸਾਰੀ ਤਾਕਤ ਨਾਲ ਇਹ ਕਹਿਣਾ ਚਾਹਾਂਗਾ ਕਿ ਨਾ ਮੈਂ ਦਹਿਸ਼ਤ ਪਸੰਦ ਹਾਂ ਅਤੇ ਨਾ ਹੀ ਸਾਂ, ਸਿਰਫ਼ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਿਵਾਏ। ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਅਸੀਂ ਇਨ੍ਹਾਂ ਤਰੀਕਿਆਂ ਰਾਹੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ।” ਇਕ ਹੋਰ ਥਾਂ ਉਨ੍ਹਾਂ ਨੇ ਕਿਹਾ ਸੀ, “ਦਹਿਸ਼ਤਪਸੰਦੀ, ਸਾਡੇ ਅੰਦਰ ਇਨਕਲਾਬੀ ਸੋਚ ਦੀ ਪਕੜ ਦੇ ਅਭਾਵਾਂ ਦਾ ਪ੍ਰਗਟਾਵਾ ਹੈ।”

ਭਾਰਤੀ ਸੱਭਿਆਚਾਰ ਅਤੇ ਹਾਲਾਤ ਦੀ ਵਿਸ਼ੇਸ਼ਤਾ ਨੂੰ ਪਹਿਚਾਨਣ ਵਿਚ ਵੀ ਭਗਤ ਸਿੰਘ ਨੇ ਇਨਕਲਾਬੀ ਪਹਿਲ-ਕਦਮੀ ਦਿਖਾਈ ਹੈ। ਫਿਰਕਾਪ੍ਰਸਤੀ ਤੇ ਧਾਰਮਿਕ ਜਨੂੰਨ ਦੇ ਸਵਾਲ ਨੂੰ ਉਨ੍ਹਾਂ ਦੇ ਸਾਥੀਆਂ ਨੇ 1926 ਵਿਚ ਇਸ ਤਰ੍ਹਾਂ ਪਹਿਚਾਣਿਆ, “ਮਜ਼ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ” ਅਤੇ ਇਹ ਪਹਿਚਾਣਦੇ ਹੋਏ ਕਿ “ਸਾਡਾ ਅਸਲੀ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ, ਜਿਨ੍ਹਾਂ ਦਾ ਲਾਭ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਅਤੇ ਸਾਡੇ ਆਪਣੇ ਵਿਚੋਂ ਕਈ ਖ਼ੁਦਗਰਜ਼ ਲੋਕ ਵੀ।” ਉਨ੍ਹਾਂ ਨੇ ਲੋਕ ਜਾਗ੍ਰਤੀ ਅਤੇ ਮਜ਼ਬੂਤ ਸੰਗਠਨ 'ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਬੜੀ ਸਪੱਸ਼ਟਤਾ ਨਾਲ ਸਮਾਜਕ ਤਰੱਕੀ ਦੇ ਰਾਹ ਵਿਚ ਅੰਦਰੂਨੀ ਤੇ ਬੈਰੂਨੀ ਦੋਨਾਂ ਸਮੱਸਿਆਵਾਂ ਨੂੰ ਆਂਕਿਆ ਅਤੇ ਦੋਨਾਂ ਨੂੰ ਵੰਗਾਰਨ ਲਈ ਕਿਹਾ, “ਦੋਪਾਸੀ ਜੰਗ ਸਾਨੂੰ ਵੰਗਾਰ ਰਹੀ ਹੈ।”

ਜਿਨ੍ਹਾਂ ਨੌਜਵਾਨਾਂ ਨੇ ਦੇਸ਼ ਅਤੇ ਲੋਕਾਂ ਦੇ ਭਵਿੱਖ ਲਈ ਕੰਮ ਕਰਨਾ ਹੈ ਉਨ੍ਹਾਂ ਨੂੰ ਤਿਆਰੀ ਵਾਸਤੇ ਬਹੁਤ ਸਾਰੇ ਗੁਣਾਂ ਅਤੇ ਅਸੂਲਾਂ ਤੋਂ ਜਾਣੂ ਕਰਵਾਉਣ ਅਤੇ ਖ਼ੁਦ ਉਨ੍ਹਾਂ 'ਤੇ ਚੱਲ ਕੇ ਪੱਕੇ ਕਰਨ ਲਈ, ਭਗਤ ਸਿੰਘ ਨੇ ਬਹੁਤ ਹੀ ਕੰਮ ਕੀਤਾ। ਹਰ ਲਿਖਤ ਵਿਚ ਇਨ੍ਹਾਂ ਬਾਰੇ ਜਾਣਕਾਰੀ ਅੰਕਿਤ ਹੈ।

ਭਗਤ ਸਿੰਘ ਭਾਵੇਂ ਜ਼ਿੰਦਗੀ ਦੇ 23 ਸਾਲ ਹੀ ਪੂਰੇ ਕਰ ਸਕਿਆ, ਜਿਨ੍ਹਾਂ ਵਿਚੋਂ ਵੀ ਦੋ ਸਾਲ ਜੇਲ੍ਹ ਦੇ ਬਾਹਰ ਅਤੇ ਦੋ ਸਾਲ ਜੇਲ੍ਹ ਦੇ ਅੰਦਰ, ਉਸਦੇ ਕਰਮਸ਼ੀਲਤਾ ਦੇ ਦਿਨ ਸਨ। ਪਰ ਭਾਰਤੀ ਲੋਕਾਂ ਦੀ ਇਨਕਲਾਬੀ ਸੰਭਾਵਨਾ ਨੂੰ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਚਾਰ ਸਾਲਾਂ ਵਿਚ ਬਿਜਲੀ ਦੀ ਚਾਲ ਨਾਲ ਦਹਾਕਿਆਂ ਨਹੀਂ, ਸਦੀ ਦਾ ਕੰਮ ਪੂਰਾ ਕੀਤਾ। ਜੇਲ੍ਹ ਨੂੰ ਲਾਇਬ੍ਰੇਰੀ ਅਤੇ ਲਾਬੋਰੇਟਰੀ ਵਿਚ ਬਦਲ ਦਿੱਤਾ। ਭਾਰਤੀ ਇਨਕਲਾਬ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਇਨਕਲਾਬੀ ਪਦ-ਚਿੰਨ੍ਹ ਬਣਾਉਣ ਵਿਚ ਉਸਨੇ ਆਖ਼ਰੀ ਮਿੰਟ ਤੱਕ ਬਿਤਾਏ। ਕਿਉਂਕਿ ਉਹ ਜਾਣਦਾ ਸੀ ਕਿ ਸੰਭਾਵਨਾਵਾਂ ਤੇ ਅਸਲੀਅਤ ਦੇ ਦਵੰਦ ਵਿਚ ਅਸਲੀਅਤ ਭਾਰੂ ਹੁੰਦੀ ਹੈ ਅਤੇ ਸੰਭਾਵਨਾਵਾਂ ਅਗੇਰੇ ਪੜਾਅ 'ਤੇ ਪੈ ਜਾਂਦੀਆਂ ਹਨ। ਇਸੇ ਕਰਕੇ ਹਰ ਮਸਲਾ ਜੋ ਵਿਚਾਰ ਅਧੀਨ ਆਇਆ ਤੇ ਉਸ ਉੱਤੇ ਉਨ੍ਹਾਂ ਨੇ ਵਿਚਾਰ ਲਿਖ ਦਿੱਤੇ। ਇਹੀ ਕਾਰਨ ਹੈ “ਹਜ਼ਾਰ ਕੋਸ਼ਿਸ਼ ਕੀ ਓਨੋਂ ਨੇ, ਮਿਟਤਾ ਨਹੀਂ ਹੈ ਨਿਸ਼ਾਨ।” ਅੰਗਰੇਜ਼ ਅਤੇ ਉਸਦੇ ਬਾਅਦ ਵੀ ਕਈ ਪਿਛਾਂਹ-ਖਿੱਚੂ ਤਾਕਤਾਂ ਨੇ ਪੂਰਾ ਜ਼ੋਰ ਲਗਾਇਆ ਪਰ ਭਗਤ ਸਿੰਘ ਹਰ ਵਾਰ ਵੱਧ ਚਮਕ ਕੇ ਅੱਗੇ ਆਇਆ। ਜਦ ਵੀ ਭਗਤ ਸਿੰਘ ਬਾਰੇ ਕੋਈ ਭੁਲੇਖਾ ਖੜ੍ਹਾ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਉਹ ਬੋਲ ਉੱਠਦਾ ਹੈ। ਉਸ ਦੇ ਤਰਕ ਅੱਗੇ ਸਭ ਦੰਭ ਤੇ ਭਰਮ ਭੱਜ ਖਲੋਂਦੇ ਹਨ।

ਪਿਛਲੇ ਅਰਸੇ ਵਿਚ ਫਿਰਕਾਪ੍ਰਸਤਾਂ ਦਾ ਉਨ੍ਹਾਂ ਦੇ ਇਨਕਲਾਬੀ ਜੀਵਨ ਨੂੰ ਖ਼ਤਮ ਕਰਕੇ ਇਕ ਧਾਰਮਿਕ ਆਦਮੀ ਦੇ ਤੌਰ 'ਤੇ ਦਿਖਾਉਣ ਦਾ ਯਤਨ, 'ਮੈਂ ਨਾਸਤਿਕ ਕਿਉਂ ਹਾਂ?' ਨੇ ਭਸਮ ਕਰ ਦਿੱਤਾ। ਇਸਦੇ ਨਾਲ ਹੀ ਭਗਤ ਸਿੰਘ ਦੀ ਵਿਗਿਆਨਕ ਸੋਚ ਦਾ ਪੱਖ ਉੱਘੜ ਕੇ ਲੋਕਾਂ ਦੇ ਸਾਹਮਣੇ ਆਇਆ।

ਭਗਤ ਸਿੰਘ ਨੇ ਕਿਹਾ, “ਜਿਹੜਾ ਵੀ ਬੰਦਾ ਪ੍ਰਗਤੀ ਦਾ ਹਾਮੀ ਹੈ, ਤਾਂ ਉਹਦੇ ਲਈ ਪੁਰਾਣੇ ਅਕੀਦੇ ਨੂੰ ਨਾ ਮੰਨਣਾ ਅਤੇ ਇਨ੍ਹਾਂ ਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਇਕ-ਇਕ ਗੱਲ ਨੂੰ ਦਲੀਲ ਉੱਤੇ ਪਰਖੇ... ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਾਰੇ ਦੇ ਸਾਰੇ ਪੁਰਾਤਨ ਵਿਸ਼ਵਾਸਾਂ ਨੂੰ ਚੈਲੰਜ ਕਰਨਾ ਪਏਗਾ... ਉਹਦਾ ਪਹਿਲਾ ਕੰਮ ਇਹ ਹੈ ਕਿ ਉਹ ਪੁਰਾਣੇ ਵਿਸ਼ਵਾਸ ਨੂੰ ਤਹਿਸ ਨਹਿਸ ਕਰਕੇ ਨਵੇਂ ਵਿਚਾਰਾਂ ਦੇ ਫ਼ਲਸਫ਼ੇ ਦੀ ਉਸਾਰੀ ਲਈ ਜ਼ਮੀਨ ਤਿਆਰ ਕਰੇ।” ਅਜੋਕੇ ਸਮੇਂ ਵਿਚ ਇਹ ਸੁਨੇਹਾ ਕਿੰਨਾ ਮਹੱਤਵਪੂਰਨ ਹੈ। ਭਗਤ ਸਿੰਘ ਸਿਰਫ਼ ਸਾਮਰਾਜ ਦੇ ਵਿਰੁੱਧ ਨਿਧੜਕ ਹੋ ਕੇ ਹੀ ਨਹੀਂ ਲੜਿਆ ਸਗੋਂ ਸਮਾਜਕ ਪੱਛੜੇਪਨ ਅਤੇ ਵਿਚਾਰਧਾਰਕ ਅੰਧ-ਵਿਸ਼ਵਾਸ ਨਾਲ ਵੀ ਓਨੀ ਹੀ ਨਿਧੜਕਤਾ ਅਤੇ ਬੇਖ਼ੌਫ਼ੀ ਨਾਲ ਟਕਰਾਇਆ ਹੈ।

ਭਗਤ ਸਿੰਘ ਵਿਚਾਰਧਾਰਾ, ਗਾਂਧੀਵਾਦੀ ਵਿਚਾਰਾਂ ਨੂੰ ਨਪੁੰਸਕ ਸਮਝ ਕੇ ਉਸ ਦੀ ਮੁਖਾਲਫ਼ਤ ਕਰਦੀ ਸੀ ਪਰ ਜਦ ਗਾਂਧੀਵਾਦ ਦੇ ਇਤਿਹਾਸਕ ਰੋਲ ਨੂੰ ਆਂਕਣ ਦੀ ਗੱਲ ਆਈ ਤਾਂ ਇਕ ਵਿਗਿਆਨਕ ਯਥਾਰਥਵਾਦੀ ਵਾਂਗ ਉਹ ਕਹਿੰਦੇ ਸਨ “ਗਾਂਧੀ ਇਕ ਦਿਆਲੂ ਮਾਨਵਤਾਵਾਦੀ ਆਦਮੀ ਹੈ ਪਰ ਅਜਿਹੇ ਦਿਆਲੂਪੁਣੇ ਨਾਲ ਸਮਾਜਕ ਤਬਦੀਲੀ ਨਹੀਂ ਆਉਂਦੀ, ਸਗੋਂ ਉਸ ਲਈ ਇਕ ਵਿਗਿਆਨਕ ਅਤੇ ਗਤੀਸ਼ੀਲ ਸਮਾਜਿਕ ਸ਼ਕਤੀ ਦੀ ਜ਼ਰੂਰਤ ਹੈ।” ਉਨ੍ਹਾਂ ਨੇ 2 ਫ਼ਰਵਰੀ 1931 ਨੂੰ ਲਿਖੇ ਇਕ ਲੰਬੇ ਲੇਖ ਵਿਚ ਲਿਖਿਆ ਕਿ “ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ। ਇਹ ਲਹਿਰ, ਜੋ ਅੱਜ ਹੈ, ਨੂੰ ਗਾਂਧੀਵਾਦ ਕਹਿਣਾ ਹੀ ਠੀਕ ਹੈ। ... ਇਸ ਦਾ ਤਰੀਕਾ ਅਨੂਠਾ ਹੈ, ਪਰ ਇਸਦੇ ਵਿਚਾਰ, ‘ਵਿਚਾਰੇ ਲੋਕਾਂ’ ਦੇ ਲਈ ਕਿਸੇ ਕੰਮ ਦੇ ਨਹੀਂ। ਗਾਂਧੀਵਾਦ, ਸਾਬਰਮਤੀ ਦੇ ਸੰਤ ਨੂੰ ਕੋਈ ਸਥਾਈ ਚੇਲੇ ਨਹੀਂ ਦੇ ਸਕੇਗਾ। ... ਇਸਨੂੰ ਚਲਾਉਣ ਵਾਲੇ ਵੀ ਦੇਸ਼ ਦੇ ਅਜਿਹੇ ਲੋਕ ਹਨ, ਜਿਨ੍ਹਾਂ ਦਾ ਹਿਤ ਇਸ ਨਾਲ ਬੱਝਾ ਹੈ ਅਤੇ ਉਹ ਆਪਣੇ ਹਿਤਾਂ ਨਾਲ ਬੁਰਜਵਾ ਹੱਠ ਰਾਹੀਂ ਚਿਪਕੇ ਹੋਏ ਹਨ। ਜੇ ਇਨਕਲਾਬੀ ਖ਼ੂਨ ਨਾਲ ਇਸਨੂੰ ਗਰਮਾਇਆ ਨਾ ਗਿਆ ਤਾਂ ਇਸਦਾ ਗਤੀਹੀਣ ਹੋਣਾ ਲਾਜ਼ਮੀ ਹੈ। ਇਸਨੂੰ ਤਾਂ ਇਸਦੇ ਦੋਸਤਾਂ ਤੋਂ ਬਚਾਉਣ ਦੀ ਲੋੜ ਹੈ।”

ਪਰ ਜਿਵੇਂ ਭਗਤ ਸਿੰਘ ਨੇ ਕਿਹਾ ਸੀ ਕਿ ਕਿਸੇ ਵੀ ਹਾਲਾਤ ਦੇ ਵਿਸ਼ਲੇਸ਼ਨ ਦਾ ਅਸਲ ਪਹਿਲੂ ਹੈ, ਆਪ ਸਮਝਣਾ ਅਤੇ ਲੋਕਾਂ ਨੂੰ ਚੇਤੰਨ ਕਰਨ ਦੇ ਕਾਬਲ ਹੋਣਾ। ਇਸੇ ਸਪਿਰਟ ਵਿਚ ਗਾਂਧੀਵਾਦ ਦਾ ਯਥਾਰਥਕ ਅੰਦਾਜ਼ਾ ਲਗਾਉਂਦੇ ਹੋਏ ਉਹ ਕਹਿੰਦੇ ਹਨ, “ਇਕ ਤਰੀਕੇ ਨਾਲ, ਗਾਂਧੀਵਾਦ ਆਪਣੇ ਭਾਣਾ ਮੰਨਣ ਦੇ ਮੱਤ ਰੱਖਣ ਦੇ ਬਾਵਜੂਦ, ਇਨਕਲਾਬੀ ਵਿਚਾਰਾਂ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਇਹ ਜਨਤਕ ਐਕਸ਼ਨ 'ਤੇ ਨਿਰਭਰ ਕਰਦਾ ਹੈ, ਭਾਵੇਂ ਉਹ ਜਨਤਾ ਵਾਸਤੇ ਨਹੀਂ ਹਨ। ਉਨ੍ਹਾਂ ਨੇ ਕਿਰਤੀਆਂ ਨੂੰ ਲਹਿਰ ਵਿਚ ਹਿੱਸੇਦਾਰ ਬਣਾ ਕੇ, ਕਿਰਤੀ ਇਨਕਲਾਬ ਲਈ ਰਾਹ ਪਾ ਦਿੱਤਾ ਹੈ।” ਅਤੇ ਫਿਰ ਕਹਿੰਦੇ ਹਨ "ਇਨਕਲਾਬੀਆਂ ਨੂੰ 'ਅਹਿੰਸਾ ਦੇ ਫਰਿਸ਼ਤੇ’ ਨੂੰ ਉਸਦਾ ਯੋਗ ਥਾਂ ਦੇਣਾ ਚਾਹੀਦਾ ਹੈ।”

ਇਸ ਤਰ੍ਹਾਂ ਭਗਤ ਸਿੰਘ ਜਿਥੇ ਸਾਨੂੰ ਪ੍ਰੇਰਨਾ ਦਿੰਦਾ ਹੈ, ਨਿਸ਼ਕਾਮ ਦ੍ਰਿੜ ਇਰਾਦੇ ਅਤੇ ਬਹਾਦਰੀ ਨਾਲ ਸਚਾਈ ਲਈ ਖੜੇ ਹੋਣ ਦੀ, ਉੱਥੇ ਵਿਚਾਰਧਾਰਕ ਪ੍ਰਪੱਕਤਾ ਅਤੇ ਤਰਕਵਾਦੀ ਵਿਗਿਆਨਕ ਤਰੀਕੇ ਨਾਲ ਇਤਿਹਾਸ, ਆਪਣੇ ਆਲੇ-ਦੁਆਲੇ ਅਤੇ ਭਵਿੱਖ ਦੇ ਮਸਲਿਆਂ ਦਾ ਵਿਸ਼ਲੇਸ਼ਨ ਕਰਨ ਲਈ ਤਰੀਕਾ ਵੀ ਸਿਖਾਉਂਦਾ ਹੈ।

ਪਰ ਭਗਤ ਸਿੰਘ ਕਹਿੰਦਾ ਹੈ, "ਲੋੜ ਹੈ ਉਨ੍ਹਾਂ ਨੌਜਵਾਨਾਂ ਦੀ ਜੋ ਪਹਿਲ-ਕਦਮੀ ਕਰ ਸਕਦੇ ਹੋਣ, ਆਜ਼ਾਦਾਨਾ ਸੋਚ ਸਕਦੇ ਹੋਣ, ਇਨਕਲਾਬੀ ਅਗਵਾਈ ਦੇ ਸਕਦੇ ਹੋਣ ਅਤੇ ਸੇਵਾ ਕਰਨ, ਕਸ਼ਟ ਝੱਲਣ ਅਤੇ ਕੁਰਬਾਨੀ ਦੇ ਅਸੂਲਾਂ 'ਤੇ ਚਲ ਸਕਦੇ ਹੋਣ।" ਪਰ ਜਦ ਅਸੀਂ ਪੜ੍ਹੀਏ ਤਾਂ ਭਗਤ ਸਿੰਘ ਦੀ ਇਸ ਤਾੜਨਾ ਨੂੰ ਵੀ ਯਾਦ ਰੱਖੀਏ: "ਇਹਨੂੰ ਅੱਖਾਂ ਬੰਦ ਕਰਕੇ ਨਾ ਪੜ੍ਹੋ। ਇਹ ਨਾ ਸਮਝ ਲਓ ਕਿ ਇਸ ਵਿਚ ਜੋ ਲਿਖਿਆ ਹੈ, ਉਹ ਸਹੀ ਹੈ। ਇਸਨੂੰ ਪੜ੍ਹੋ, ਇਸਦੀ ਆਲੋਚਨਾ ਕਰੋ। ਸ਼ਹੀਦ ਭਗਤ ਸਿੰਘ ਇਕ ਹੋਰ ਗੁਰੂ ਨਹੀਂ, ਇਨਕਲਾਬੀ ਸਾਥੀ ਬਣਨਾ ਲੋਚਦਾ ਹੈ। ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਵਿਚ ਦੋ ਸਤਹ ਦੀਆਂ ਲਿਖਤਾਂ ਹਨ, ਇਕ ਜੋ ਆਮ ਦੇਸ਼ ਵਾਸੀਆਂ ਨੂੰ ਸੰਬੋਧਨ ਹਨ ਤੇ ਕੁਝ ਬਹੁਤ ਉੱਚ ਪੱਧਰੀ ਜੋ ਆਪਣੇ ਗਹਿਰੇ ਇਨਕਲਾਬੀ ਸਾਥੀਆਂ ਨੂੰ ਸੰਬੋਧਨ ਹਨ। ਪੜ੍ਹਨ ਵੇਲੇ ਤੇ ਵਿਚਾਰ ਕਰਨ ਵੇਲੇ ਇਸ ਫ਼ਰਕ ਨੂੰ ਸਮਝਣ ਦੀ ਬਹੁਤ ਲੋੜ ਹੈ ਤਾਂ ਕਿ ਅਸੀਂ ਆਪਣੇ ਪੱਧਰ ਨੂੰ ਉੱਪਰ ਉਠਾ ਤੇ ਉਨ੍ਹਾਂ ਲਿਖਤਾਂ ਦਾ ਠੀਕ ਜਾਇਜ਼ਾ ਲਗਾ ਸਕੀਏ।

ਆਸ ਹੈ, ਸ਼ਹੀਦ ਭਗਤ ਸਿੰਘ ਖੋਜ ਕਮੇਟੀ ਦੀ ਇਹ ਕੋਸ਼ਿਸ਼, ਅੱਜ ਦੇ ਮਸਲਿਆਂ ਨੂੰ ਪਰਖਣ ਵਿਚ, ਭਗਤ ਸਿੰਘ ਨਾਲ ਵਿਚਾਰ ਵਟਾਂਦਰਾ ਕਰਨ ਲਈ, ਇਕ ਯਥਾਰਥਕ ਚਰਚਾ ਸ਼ੁਰੂ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।

ਮਾਰਚ, 1985

ਜਗਮੋਹਨ ਸਿੰਘ
ਸਕੱਤਰ
ਸ਼ਹੀਦ ਭਗਤ ਸਿੰਘ ਖੋਜ ਕਮੇਟੀ
2409, ਕ੍ਰਿਸ਼ਨਾ ਨਗਰ, ਲੁਧਿਆਣਾ।

alt= ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਹੀਰੋ ਭਗਤ ਸਿੰਘ ਦੀ ਪ੍ਰੇਰਣਾ ਦੇ ਸ੍ਰੋਤ (ਸ਼ਹਾਦਤ 16 ਨਵੰਬਰ 1915)

ਸ਼ਹੀਦ ਕਰਤਾਰ ਸਿੰਘ ਸਰਾਭਾ
ਗਦਰ ਪਾਰਟੀ ਦੇ ਹੀਰੋ ਭਗਤ ਸਿੰਘ ਦੀ ਪ੍ਰੇਰਣਾ ਦੇ ਸ੍ਰੋਤ
(ਸ਼ਹਾਦਤ 16 ਨਵੰਬਰ 1915)

alt= ਸ਼ਹੀਦ ਸ਼ਿਵ ਰਾਮ ਰਾਜਗੁਰੂ (ਸ਼ਹਾਦਤ 23 ਮਾਰਚ, 1931)

ਸ਼ਹੀਦ ਸ਼ਿਵ ਰਾਮ ਰਾਜਗੁਰੂ
(ਸ਼ਹਾਦਤ 23 ਮਾਰਚ, 1931)

alt= ਸ਼ਹੀਦ ਸੁਖਦੇਵ (ਸ਼ਹਾਦਤ 23 ਮਾਰਚ, 1931)

ਸ਼ਹੀਦ ਸੁਖਦੇਵ
(ਸ਼ਹਾਦਤ 23 ਮਾਰਚ, 1931)

alt= ਸ਼ਹੀਦ ਭਗਵਤੀ ਚਰਨ ਵੋਹਰਾ ਲਾਹੌਰ ਰਾਵੀ ਕੰਢੇ ਬੰਬ ਵਿਸਫੋਟ ਨਾਲ ਸ਼ਹਾਦਤ (27 ਮਈ, 1930)

ਸ਼ਹੀਦ ਭਗਵਤੀ ਚਰਨ ਵੋਹਰਾ
ਲਾਹੌਰ ਰਾਵੀ ਕੰਢੇ ਬੰਬ ਵਿਸਫੋਟ ਨਾਲ ਸ਼ਹਾਦਤ
(27 ਮਈ, 1930)

alt= ਸ਼ਹੀਦ ਮਹਾਂ ਵੀਰ ਸਿੰਘ ਕਾਲੇਪਾਣੀ ਕੈਦ ਦੌਰਾਨ ਭੁੱਖ ਹੜਤਾਲ ਨਾਲ ਸ਼ਹਾਦਤ (17 ਮਈ, 1933)

ਸ਼ਹੀਦ ਮਹਾਂ ਵੀਰ ਸਿੰਘ
ਕਾਲੇਪਾਣੀ ਕੈਦ ਦੌਰਾਨ ਭੁੱਖ ਹੜਤਾਲ ਨਾਲ ਸ਼ਹਾਦਤ
(17 ਮਈ, 1933)

alt= ਸ਼ਹੀਦ ਜਤਿੰਦਰ ਨਾਥ ਦਾਸ 63 ਦਿਨ ਲੰਮੀ ਹੜਤਾਲ ਤੋਂ ਬਾਅਦ ਸ਼ਹਾਦਤ (13 ਸਤੰਬਰ, 1929)

ਸ਼ਹੀਦ ਜਤਿੰਦਰ ਨਾਥ ਦਾਸ
63 ਦਿਨ ਲੰਮੀ ਹੜਤਾਲ ਤੋਂ ਬਾਅਦ ਸ਼ਹਾਦਤ
(13 ਸਤੰਬਰ, 1929)


ਸ਼ਹੀਦ ਚੰਦਰ ਸ਼ੇਖਰ ਆਜ਼ਾਦ
ਅਲਾਹਾਬਾਦ ਦੇ ਐੱਲਫਰੈਡ ਪਾਰਕ
ਵਿਚ ਪੁਲਿਸ ਮੁਕਾਬਲੇ
ਵਿਚ ਸ਼ਹਾਦਤ
(27 ਫਰਵਰੀ, 1931)


ਵੋਹਰਾ ਪਰਿਵਾਰ (ਸੰਨ 1929)
ਸ਼ਹੀਦ ਭਗਵਤੀ ਚਰਨ ਵੋਹਰਾ
ਤੇ ਦੁਰਗਾ ਭਾਬੀ
ਆਪਣੇ ਇਕਲੌਤੇ ਬੱਚੇ ਸਚੀ
ਨਾਲ

ਸ਼ਹੀਦ ਭਗਤ ਸਿੰਘ ਦੇ ਸਾਥੀ ਡਾ. ਗਿਆ ਪ੍ਰਸਾਦ, ਸ਼੍ਰੀ ਸ਼ਿਵ ਵਰਮਾ, ਠਾਕਰ ਰਾਮ ਸਿੰਘ, ਲੇਖਕ ਜਗਮੋਹਨ ਸਿੰਘ ਤੇ ਡਾ. ਅਮਰਜੀਤ ਕੌਰ ਨਾਲ ਲੁਧਿਆਣਾ ਵਿਖੇ।
ਸ਼ਹੀਦ ਭਗਤ ਸਿੰਘ ਦੇ ਸਾਥੀ ਡਾ. ਗਿਆ ਪ੍ਰਸਾਦ, ਸ਼੍ਰੀ ਸ਼ਿਵ ਵਰਮਾ, ਠਾਕਰ ਰਾਮ ਸਿੰਘ, ਲੇਖਕ ਜਗਮੋਹਨ ਸਿੰਘ ਤੇ ਡਾ. ਅਮਰਜੀਤ ਕੌਰ ਨਾਲ ਲੁਧਿਆਣਾ ਵਿਖੇ।

Ancestors of Shahid Bhagat Singh

alt= 12 ਸਾਲ ਦਾ ਅੱਲੜ ਭਗਤ ਸਿੰਘ

12 ਸਾਲ ਦਾ ਅੱਲੜ ਭਗਤ ਸਿੰਘ

alt= ਸ਼ਹੀਦ ਭਗਤ ਸਿੰਘ, ਪਹਿਲੀ ਗ੍ਰਿਫ਼ਤਾਰੀ ਸਮੇਂ ਲਾਹੌਰ (ਮਈ 1927)

ਸ਼ਹੀਦ ਭਗਤ ਸਿੰਘ, ਪਹਿਲੀ ਗ੍ਰਿਫ਼ਤਾਰੀ ਸਮੇਂ
ਲਾਹੌਰ (ਮਈ 1927)

1928 के जनवरी और फरवरी के महीनों में शहीद भगत सिंह भारत की आजादी के परवानो की जीवनीयां परचारेने और परसाने में जी जान से लगे थे। उस समय यह पत्र दिल्ली से प्रकाशित होने वाली पत्रिका महारथी को लिखा गया था। पहली बार देबारा प्रकाशित किया जा रहा है।

alt= ਲਿਖਤਾਂ ‘ਜੇਲ ਨੋਟ ਬੁੱਕ’ ਵਿਚੋਂ ਇਕ ਸਫ਼ਾ

ਲਿਖਤਾਂ ‘ਜੇਲ ਨੋਟ ਬੁੱਕ’ ਵਿਚੋਂ ਇਕ ਸਫ਼ਾ

alt= ਦੁਰਗਾ ਭਾਬੀ, ਸ. ਮੱਖਣ ਸਿੰਘ ਜੀਵਨ ਸਾਥੀ ਬੀਬੀ ਅਮਰ ਕੌਰ ਤੇ ਮਨਜੀਤ ਸਿੰਘ ਨਾਲ ਲੁਧਿਆਣਾ ਵਿਖੇ

ਦੁਰਗਾ ਭਾਬੀ, ਸ. ਮੱਖਣ ਸਿੰਘ ਜੀਵਨ ਸਾਥੀ ਬੀਬੀ ਅਮਰ ਕੌਰ ਤੇ ਮਨਜੀਤ ਸਿੰਘ ਨਾਲ ਲੁਧਿਆਣਾ ਵਿਖੇ

ਇਹ ਜੇਬ ਘੜੀ ਤੇ ਬੂਟ ਸ਼ਹੀਦ ਭਗਤ ਸਿੰਘ ਅਸੈਂਬਲੀ ਵਿਚ ਬੰਬ ਧਮਾਕਾ ਕਰਨ ਤੋਂ ਪਹਿਲਾਂ ਆਪਣੇ ਸਾਥੀ ਸ਼੍ਰੀ ਜੈਦੇਵ ਕਪੂਰ ਨੂੰ ਦੇ ਗਏ ਸਨ। ਉਹਨਾਂ ਮੁਤਾਬਕ ਇਹ ਘੜੀ 1915 ਵਿਚ ਗ਼ਦਰ ਪਾਰਟੀ ਦੇ ਗਦਰ ਦਿਨ ਨੂੰ ਮਾਰਕ ਕਰਨ ਲਈ ਸ਼੍ਰੀ ਰਾਮ ਬਿਹਾਰੀ ਬੋਸ ਜੀ ਨੇ ਲਈ ਸੀ ਜੋ ਸ਼੍ਰੀ ਸਚਿੰਦਰ ਨਾਥ ਸਾਨਿਆਲ ਜੀ ਨੂੰ ਦੇ ਗਏ ਸਨ ਜਿਹਨਾਂ 1925-26 ਵਿਚ ਸ਼ਹੀਦ ਭਗਤ ਸਿੰਘ ਨੂੰ ਦਿੱਤੀ।
ਇਹ ਜੇਬ ਘੜੀ ਤੇ ਬੂਟ ਸ਼ਹੀਦ ਭਗਤ ਸਿੰਘ ਅਸੈਂਬਲੀ ਵਿਚ ਬੰਬ ਧਮਾਕਾ ਕਰਨ ਤੋਂ ਪਹਿਲਾਂ ਆਪਣੇ ਸਾਥੀ ਸ਼੍ਰੀ ਜੈਦੇਵ ਕਪੂਰ ਨੂੰ ਦੇ ਗਏ ਸਨ। ਉਹਨਾਂ ਮੁਤਾਬਕ ਇਹ ਘੜੀ 1915 ਵਿਚ ਗ਼ਦਰ ਪਾਰਟੀ ਦੇ ਗਦਰ ਦਿਨ ਨੂੰ ਮਾਰਕ ਕਰਨ ਲਈ ਸ਼੍ਰੀ ਰਾਮ ਬਿਹਾਰੀ ਬੋਸ ਜੀ ਨੇ ਲਈ ਸੀ ਜੋ ਸ਼੍ਰੀ ਸਚਿੰਦਰ ਨਾਥ ਸਾਨਿਆਲ ਜੀ ਨੂੰ ਦੇ ਗਏ ਸਨ ਜਿਹਨਾਂ 1925-26 ਵਿਚ ਸ਼ਹੀਦ ਭਗਤ ਸਿੰਘ ਨੂੰ ਦਿੱਤੀ।
ਕੌਮੀ ਕਾਲਜ ਲਾਹੌਰ ਵਲੋਂ ਖੇਡੇ ਗਏ ਹਿੰਦੀ ਨਾਟਕ ‘ਭਾਰਤ ਦੁਰਦਸ਼ਾ' ਦੀ ਨਾਟਕ ਟੋਲੀ ਨਾਲ ਭਗਤ ਸਿੰਘ (ਸੱਜਿਓਂ ਚੌਥੇ)
ਕੌਮੀ ਕਾਲਜ ਲਾਹੌਰ ਵਲੋਂ ਖੇਡੇ ਗਏ ਹਿੰਦੀ ਨਾਟਕ ‘ਭਾਰਤ ਦੁਰਦਸ਼ਾ' ਦੀ ਨਾਟਕ ਟੋਲੀ ਨਾਲ ਭਗਤ ਸਿੰਘ (ਸੱਜਿਓਂ ਚੌਥੇ)