ਸਮੱਗਰੀ 'ਤੇ ਜਾਓ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/ਸਮਕਾਲੀ ਮਸਲੇ

ਵਿਕੀਸਰੋਤ ਤੋਂ

ਪਾਠ-4

ਸਮਕਾਲੀ ਮਸਲੇ ਅਤੇ ਸਮਕਾਲੀ ਵਿਚਾਰ

[1927 ਵਿਚ ਸਾਮਰਾਜ ਆਰਥਕ ਮੰਦਵਾੜੇ ਵੱਲ ਧੱਕ ਹੋ ਰਿਹਾ ਸੀ। ਇਸ ਲਈ ਕਿਰਤੀ ਜਮਾਤ ਦੇ ਜਮਹੂਰੀ ਹੱਕਾਂ ’ਤੇ ਹਮਲੇ ਸ਼ੁਰੂ ਹੋ ਗਏ ਸਨ। ਇੰਗਲੈਂਡ ਵਿਚ ਟ੍ਰੇਡ ਯੂਨੀਅਨ ਬਿੱਲ ਪਾਸ ਹੋ ਰਿਹਾ ਸੀ ਤਾਂ ਕਿਰਤੀ ਨੇ ਮਈ 1927 ਵਿਚ ਇਕ ਲੇਖ ਇਸ ਬਾਰੇ ਛਾਪਿਆ। ਲੇਖਕ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪ੍ਰਾਪਤ, ਪਰ ਉਸ ਸਮੇਂ ਦੀ ਵਿਚਾਰਧਾਰਾ ਦਾ ਪ੍ਰਤੀਕ ਹੋਣ ਕਰਕੇ ਏਥੇ ਦਿੱਤਾ ਗਿਆ ਹੈ। ਯਾਦ ਰਹੇ 1929 ਵਿਚ ਜਦ ਭਾਰਤ ਵਿਚ ਟ੍ਰੇਡ ਡਿਸਪਿਊਟ ਬਿੱਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਭਗਤ ਸਿੰਘ ਤੇ ਦੱਤ ਨੇ ਅਸੈਂਬਲੀ ਹਾਲ ਦਿੱਲੀ 'ਚ ਬੰਬ ਸੁੱਟਿਆ ਸੀ।

—ਸੰਪਾਦਕ]

☆☆☆

13. ਟਰੇਡ ਯੂਨੀਅਨ ਬਿੱਲ!

ਇੰਗਲਿਸਤਾਨ ਦੇ ਇਕ-ਥਾਂ-ਖਲੋਊ (Conderuative) ਧੜੇ ਦੇ ਲੋਕ ਕਦੇ ਤੋਂ ਹੀ ਇਸ ਗੱਲ ਦੇ ਆਹਰ ਵਿਚ ਸਨ, ਕਿ ਕਿਵੇਂ ਕਿਰਤੀਆਂ ਦੀ ਚੜ੍ਹਦੀ ਤਾਕਤ ਨੂੰ ਰੋਕਿਆ ਜਾਵੇ। ਉਹਨਾਂ ਨੂੰ ਇਹ ਸਾਹਮਣੇ ਨਜ਼ਰ ਆਉਂਦਾ ਸੀ, ਕਿ ਜੇ ਕਿਰਤੀਆਂ ਦੀ ਉਨਤੀ ਨੂੰ ਹੁਣੇ ਹੀ ਨਾ ਰੋਕਿਆ ਗਿਆ, ਤਾਂ ਕਿਰਤੀ ਝਬਦੇ ਹੀ ਰਾਜ ਦੇ ਮਾਲਕ ਬਣ ਜਾਣਗੇ ਅਤੇ ਇਸ ਤਰ੍ਹਾਂ ਉਹਨਾਂ ਨੂੰ ਰਾਜ ਦੀ ਵਾਗਡੋਰ ਛੱਡਣੀ ਪਏਗੀ। ਉਹਨਾਂ ਨੂੰ ਇਹ ਸਾਫ਼ ਪਤਾ ਸੀ ਕਿ ਨਾਮ- ਮਾਤਰ ਸੁਤੰਤਰ (Liberal) ਧੜਾ ਤਾਂ ਕਾਸੇ ਜੋਗਾ ਰਿਹਾ ਹੀ ਨਹੀਂ ਹੈ, ਅਤੇ ਨਾ ਹੁਣ ਝਬਦੇ ਕੋਈ ਆਸ ਹੀ ਹੈ, ਕਿ ਇਹ ਤਾਕਤ ਵਿਚ ਆ ਜਾਏਗਾ। ਇਸ ਲਈ ਜੇ ਉਹਨਾਂ ਨੂੰ ਖ਼ਤਰਾ ਸੀ ਤਾਂ ਕਿਰਤੀਆਂ ਤੋਂ ਹੀ ਸੀ ਤੇ ਕਿਰਤੀਆਂ ਦੀਆਂ ਹੀ ਮੁਸ਼ਕਾਂ ਪਹਿਲਾਂ ਬੰਨ੍ਹ ਲੈਣੀਆਂ, ਉਹਨਾਂ ਨੇ ਠੀਕ ਸਮਝੀਆਂ।

ਇਸ ਕੰਮ ਦੇ ਲਈ ਉਹਨਾਂ ਨੇ ਟਰੇਡ ਯੂਨੀਅਨ ਬਿੱਲ ਦੀ ਕਾਢ ਕੱਢ ਲਈ ਹੈ, ਤੇ ਜਿਸ ਦੇ ਬਾਰੇ ਪਿਛਲੇ ਪਰਚੇ ਵਿਚ ਦੱਸਿਆ ਗਿਆ ਸੀ! ਉਹ ਕਿਰਤੀਆਂ ਦੀ ਸਾਰੀ ਕੀਤੀ ਕੱਤਰੀ ਨੂੰ ਇਹ ਬਿੱਲ ਪਾਸ ਕਰਕੇ ਢੱਠੇ ਖੂਹ ਵਿਚ ਸੁੱਟਣਾ ਚਾਹੁੰਦੇ ਹਨ।

ਕਿਰਤੀਆਂ ਨੇ ਇਸ ਬਿੱਲ ਦੇ ਬਰਖ਼ਲਾਫ਼ ਬੜੀ ਜ਼ੋਰਦਾਰ ਆਵਾਜ਼ ਉਠਾਈ ਹੈ। ਉਹਨਾਂ ਆਖਿਆ ਹੈ, ਕਿ ਇਹ ਬਿੱਲ ਇਕ ਸ਼੍ਰੇਣੀ ਦਾ ਦੂਜੀ ਸ਼੍ਰੇਣੀ ਨੂੰ ਮਲੀਆਮੇਟ ਕਰਨ ਲਈ ਸ਼੍ਰੇਣੀ ਬਿੱਲ ਹੈ। ਮਿਸਟਰ ਰਾਮਜ਼ੇ ਮੈਕਡਾਨਲਡ ਵਰਗੇ ਕਿਰਤੀ ਵੀ ਇਸ ਬਿੱਲ ਨੂੰ ਸ਼੍ਰੇਣੀ-ਜੰਗ ਦਾ ਐਲਾਨ ਸਮਝਦੇ ਹਨ ਅਤੇ ਕਿਰਤੀ ਸੰਸਾਰ ਵਿਚ ਸਾਰੇ ਹੀ ਇਸ ਬਿੱਲ ਨਾਲ ਤੂਫਾਨ ਮੱਚ ਗਿਆ ਹੈ। ਕਿਰਤੀ ਫੇਰ ਇਕ ਦਿਨ ਲਈ ਵੱਡੀ ਆਮ ਹੜਤਾਲ ਕਰਨ ਦੀਆਂ ਗੋਂਦਾ ਗੁੰਦ ਰਹੇ ਹਨ! ਉਹ ਵਿਰੋਧਤਾ ਵਜੋਂ ਜਲਸੇ ਕਰ ਰਹੇ ਹਨ! ਖ਼ਿਆਲ ਕੀਤਾ ਜਾਂਦਾ ਹੈ, ਕਿ ਪਾਰਲੀਮੈਂਟ ਵਿਚ ਇਸ ਬਿੱਲ 'ਤੇ ਬੜੀ ਘਮਸਾਨ ਦੀ ਬਹਿਸ ਹੋਵੇਗੀ, ਅਤੇ ਕਿਰਤੀ ਆਗੂ, ਜੇ ਖ਼ਰੀਦੇ ਨਾ ਗਏ ਤਾਂ ਜਾਨਾਂ ਤੋੜ-ਤੋੜ ਕੇ ਲੜਨਗੇ!

ਅੱਜਕੱਲ ਜਿਹੜੇ ਲੋਕ ਅੰਗਰੇਜ਼ੀ ਅਖ਼ਬਾਰਾਂ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਸ ਬਿੱਲ ਦੀ ਕਿੱਦਾਂ ਜ਼ੋਰਦਾਰ ਮੁਖ਼ਾਲਫ਼ਤ ਅੰਗਰੇਜ਼ੀ ਕਿਰਤੀ ਪ੍ਰੈੱਸ ਵਿਚ ਹੋ ਰਹੀ ਹੈ। ਇਸ ਬਿੱਲ ਨੂੰ ਸ਼੍ਰੇਣੀ ਕਾਨੂੰਨ ਆਖਿਆ ਜਾਂਦਾ ਹੈ। ਕਿਰਤੀ ਸਮਝਦੇ ਹਨ ਕਿ ਬਾਲਡਵਿਨ ਦੀ ਸਰਕਾਰ ਨੇ ਉਹਨਾਂ ਦੇ ਮੁੱਢਲੇ ਅਧਿਕਾਰਾਂ ’ਤੇ ਧਾਵਾ ਬੋਲ ਦਿੱਤਾ ਹੈ। ਇਸ ਬਿੱਲ ਨਾਲ ਉਹਨਾਂ ਦੀ ਜਥੇਬੰਦੀ ਦੇ ਖੇਰੂੰ-ਖੇਰੂੰ ਹੋ ਜਾਣ ਦਾ ਸਖ਼ਤ ਖ਼ਤਰਾ ਹੈ। ਕਿਰਤੀਆਂ ਦਾ ਆਪਣਾ ਰੋਜ਼ਾਨਾ ਅਖ਼ਬਾਰ ਡੇਲੀ ਹੈਰਲਡ (Daily Herald) ਲਿਖਦਾ ਹੈ ਕਿ ਇਹ ਬਿੱਲ ਕਿਰਤੀਆਂ ਨੂੰ ਮਾਨਸਕ ਰੋਗੀ ਸਮਝਦਾ ਹੈ ਅਤੇ ਸਖ਼ਤ ਮੁਜਰਮਾਂ ਲਈ ਇਸਨੇ ਸਜ਼ਾ ਵੀ ਮੁਕੱਰਰ ਕਰ ਦਿੱਤੀ ਹੈ, ਇਕ ਹੋਰ ਕਿਰਤੀ ਲੀਡਰ ਨੇ ਇਸ ਨੂੰ ਮਸੋਲਿਨੀ ਵਰਗਾ ਕਾਨੂੰਨ ਦੱਸਿਆ ਹੈ।

ਵੱਡੀ ਹੜਤਾਲ ਦੇ ਵੇਲੇ ਤੋਂ ਹੀ ਇੱਕ ਥਾਂ ਖਲੋਊ ਧੜੇ ਦੇ ਲੋਕ ਇਹ ਮੰਗ ਕਰ ਰਹੇ ਸਨ, ਕਿ ਸਰਕਾਰ ਕੋਈ ਏਹੋ ਜਿਹਾ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰੇ, ਜਿਸ ਨਾਲ ਕਿ ਸਾਰੇ ਦੇ ਸਾਰੇ ਕਿਰਤੀ ਹੜਤਾਲ ਕਰ ਹੀ ਨਾ ਸਕਣ ਅਤੇ ਜੇ ਇਕ ਯੂਨੀਅਨ ਦੇ ਕਿਰਤੀ ਦੂਜੇ ਕਿਸੇ ਯੂਨੀਅਨ ਦੀ ਹਮਦਰਦੀ ਵਿਚ ਹੜਤਾਲ ਕਰਨ ਤਾਂ ਉਹ ਹੜਤਾਲ ਬੇਕਾਨੂੰਨ ਸਮਝੀ ਜਾਵੇ। ਇਸ ਵੇਲੇ ਕੋਈ ਯੂਨੀਅਨ ਹੜਤਾਲ ਕਰਦੀ ਹੈ ਤਾਂ ਉਹਨਾਂ ਕਿਰਤੀਆਂ ਨੂੰ ਜਿਹੜੇ ਹੜਤਾਲ ਵਿਚ ਸ਼ਾਮਲ ਨਹੀਂ ਹੋਣਗੇ। ਇਹ ਨਹੀਂ ਸਮਝਿਆ ਜਾ ਸਕੇਗਾ ਕਿ ਉਹ ਵੀ ਸ਼ਾਮਲ ਹੋ ਜਾਣ। ਕਿਉਂਕਿ ਜੇ ਕਿਰਤੀ ਪਿਕਟ ਆਦਿ ਕਰਕੇ ਐਸਾ ਕਰਨਗੇ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ, ਇਸ ਬਿੱਲ ਦੁਆਰਾ ਸਿਵਲ ਸਰਵਿਸ ਦੇ ਕਿਰਤੀਆਂ ਨੂੰ ਕਿਸੇ ਪਾਰਟੀ ਨਾਲ ਸ਼ਾਮਲ ਨਹੀਂ ਹੋਣਾ ਹੋਵੇਗਾ ਅਤੇ ਸਭ ਤੋਂ ਵੱਧ ਕੇ ਸੱਟ, ਜਿਹੜੀ ਕਿ ਕਿਰਤੀਆਂ ਦੀ ਰਾਜਸੀ ਜਥੇਬੰਦੀਆਂ ਨੂੰ ਮਾਰੀ ਗਈ ਹੈ, ਉਹ ਇਹ ਹੈ ਕਿ ਕੋਈ ਕਿਰਤੀ ਰਾਜਸੀ ਕੰਮਾਂ ਲਈ ਉੱਨਾ ਚਿਰ ਚੰਦਾ ਨਹੀਂ ਦੇ ਸਕੇਗਾ, ਜਿੰਨਾ ਚਿਰ ਤਕ ਕਿ ਉਹ ਲਿਖ ਕੇ ਨਾ ਦੇਵੇ ਕਿ ਉਹ ਰਾਜਸੀ ਕੰਮਾਂ ਲਈ ਚੰਦਾ ਦੇਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਇਹ ਕਾਨੂੰਨ ਸੀ ਕਿ ਰਾਜਸੀ ਕੰਮ ਲਈ ਕਿਰਤੀ ਚੰਦਾ ਇਕੱਠਾ ਕਰ ਸਕਦੇ ਹਨ, ਪਰ ਜਿਹੜੇ ਲੋਕ ਨਹੀਂ ਦੇਣਾ ਚਾਹੁੰਦੇ ਹਨ। ਉਹ ਲਿਖ ਕੇ ਦੇਣ ਕਿ ਉਹ ਨਹੀਂ ਦੇਣਾ ਚਾਹੁੰਦੇ ਹਨ! ਹੁਣ ਹਾਲਤ ਹੀ ਬਦਲ ਗਈ ਹੈ।

ਇਸ ਅਖੀਰੀ ਅੰਕ ਨਾਲ ਕਿਰਤੀਆਂ ਦੀ ਜਥੇਬੰਦੀ ਨੂੰ ਬੜੀ ਭਾਰੀ ਸੱਟ ਵੱਜੇਗੀ ਅਤੇ ਇਸ ਜ਼ਮਾਨੇ ਵਿਚ ਜਦ ਫਿਰ ਕੋਈ ਪਾਰਟੀ ਰੁਪੈ ਤੋਂ ਬਗ਼ੈਰ ਚੱਲ ਹੀ ਨਹੀਂ ਸਕਦੀ ਹੈ, ਤਾਂ ਇਹ ਸਾਫ਼ ਹੈ, ਕਿ ਕਿਰਤੀ ਪਾਰਟੀ ਦਾ ਰੁਪੈ ਦੀ ਥੁੜ੍ਹ ਖੁਣੋਂ ਗਲ ਘੁਟਣ ਲਈ ਇਹ ਚਾਲ ਚੱਲੀ ਗਈ ਹੈ। ਹੋਰ ਪਾਰਟੀਆਂ ਵਾਂਗੂੰ ਲੇਬਰ ਪਾਰਟੀ ਨੂੰ ਵੀ ਪਾਰਲੀਮੈਂਟ ਵਿਚ ਆਪਣੇ ਮੈਂਬਰ ਖੜ੍ਹੇ ਕਰਨ ਅਤੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਰੁਪੈ ਦੀ ਲੋੜ ਹੈ। ਤੇ ਜਦ ਦੂਜੀਆਂ ਪਾਰਟੀਆਂ ਜ਼ਿੱਦਾਂ ਚਾਹੁਣ, ਰੁਪਏ ਇਕੱਠੇ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਕਦੇ ਪੁੱਛਿਆ ਤਕ ਨਹੀਂ ਗਿਆ ਹੈ, ਤਾਂ ਕੋਈ ਵਜਾ ਨਹੀਂ ਹੈ, ਕਿ ਕਿਰਤੀ ਪਾਰਟੀ ਦੇ ਅੰਦਰਲੇ ਕੰਮਾਂ ਵਿਚ ਕਿਉਂ ਖਾਹ-ਮਖਾਹ ਦੀ ਲੱਤ ਅੜਾਈ ਜਾਵੇ।

ਇਸ ਵੇਲੇ ਤਕ ਕਿਰਤੀ ਰਾਜਸੀ ਪਾਰਟੀ ਆਪਣੇ ਫੰਡ ਟ੍ਰੇਡ ਯੂਨੀਅਨਾਂ ਤੋਂ ਇਕੱਠੇ ਕਰਦੀ ਰਹੀ ਹੈ। ਇਕ ਥਾਂ ਖਲੋਊ ਧੜੇ ਦਾ ਇਹ ਖ਼ਿਆਲ ਹੈ ਕਿ ਇਸ ਤਰ੍ਹਾਂ ਜੇ ਕਿਰਤੀ ਪਾਰਟੀ ਦੇ ਫੰਡ ਹੀ ਬੰਦ ਕਰ ਦਿੱਤੇ ਗਏ, ਤਾਂ ਕਿਰਤੀਆਂ ਦੀ ਜਥੇਬੰਦੀਆਂ ਵਿਚ ਆਪੇ ਹੀ ਪਾਟੋ-ਧਾੜ ਹੋ ਜਾਏਗੀ, ਅਤੇ ਇਨ੍ਹਾਂ ਦੇ ਘਰੀਂ ਘਿਓ ਦੇ ਦੀਵੇ ਬਲ ਪੈਣਗੇ। ਇਸ ਤਰ੍ਹਾਂ ਕਿਰਤੀ ਜਥੇਬੰਦੀਆਂ ਦੇ ਟੁੱਟ ਜਾਣ ਨਾਲ ਇਹ ਸਦਾ ਹੀ ਇੰਗਲਿਸਤਾਨ ਦੇ ਰਾਜ 'ਤੇ ਧਰਨਾ ਜਾਰੀ ਰੱਖਣਗੇ। ਪਰ ਕਿਹੜੀ ਪਾਰਟੀ ਟੁੱਟੇਗੀ? ਅਤੇ ਕਿਹੜੀ ਤਾਕਤ ਵਿਚ ਆਏਗੀ? ਇਸ ਗੱਲ ਦਾ ਪਤਾ ਤਾਂ ਤਜਰਬਾ ਤੇ ਭਵਿੱਖ ਹੀ ਦੱਸੇਗਾ!

ਜੇ ਇਹ ਬਿੱਲ ਪਾਸ ਹੋ ਗਿਆ ਤਾਂ ਕਿਰਤੀ ਫੇਰ ਉਹਨਾਂ ਹੀ ਸੰਗਲਾਂ ਵਿਚ ਜੂੜੇ ਜਾਣਗੇ ਜਿਨ੍ਹਾਂ ਵਿਚੋਂ ਕਿ ਯਤਨ ਕਰ ਕੇ ਉਹ ਅਜੇ ਨਿਕਲੇ ਹੀ ਸਨ। ਫੇਰ ਉਨ੍ਹਾਂ ਸੰਗਲਾਂ ਨੂੰ ਤੋੜਨਾ ਕੋਈ ਸੌਖਾ ਨਹੀਂ ਹੋਵੇਗਾ! ਇਸ ਲਈ ਕਿਰਤੀਆਂ ਨੂੰ ਹੁਣ ਵੇਲਾ ਸੰਭਾਲਣਾ ਚਾਹੀਦਾ ਹੈ, ਤੇ ਉਹ ਧੜੱਲੇਦਾਰ ਐਜ਼ੀਟੇਸ਼ਨ ਕਰਨੀ ਚਾਹੀਦੀ ਹੈ ਕਿ ਇਸ ਸਰਮਾਏਦਾਰ ਧੜੇ ਨੂੰ ਜਿਹੜਾ ਕਿ ਕਿਰਤੀਆਂ ਨੂੰ ਗੁਲਾਮੀ ਵਿਚੋਂ ਹੀ ਨਹੀਂ ਨਿਕਲਣ ਦੇਣਾ ਚਾਹੁੰਦਾ ਹੈ, ਨਾਨੀ ਯਾਦ ਆ ਜਾਵੇ! ਤੇ ਇਹ ਨਾਨੀ ਵੀ ਤਦ ਹੀ ਯਾਦ ਆ ਸਕਦੀ ਹੈ, ਜੇ ਔਣ ਵਾਲੀ ਪਾਰਲੀਮੈਂਟ ਵਿਚ ਇਨ੍ਹਾਂ ਨੂੰ ਉਹ ਹਾਰ ਹੋਵੇ, ਕਿ ਯਾਦ ਕਰ ਕਰ ਕੇ ਅੱਖੀਆਂ ਮਲਿਆ ਕਰਨ! ਇਸ ਵੇਲੇ ਪਾਰਲੀਮੈਂਟ ਵਿਚ ਇਨ੍ਹਾਂ ਸਰਮਾਏਦਾਰਾਂ ਦੀ ਬਹੁ-ਸੰਮਤੀ ਹੈ। ਇਸੇ ਬਹੁ-ਸੰਮਤੀ ਦੇ ਮਾਣ 'ਤੇ ਹੀ ਇਹ ਲੋਕ ਆਕੜੇ ਫਿਰਦੇ ਹਨ ਅਤੇ ਕਿਰਤੀਆਂ ਨੂੰ ਨਜ਼ਰ ਥੱਲੇ ਵੀ ਨਹੀਂ ਲਿਆਉਂਦੇ।

ਅਸੀਂ ਚਾਹੁੰਦੇ ਹਾਂ ਕਿ ਕਿਰਤੀ ਨਾਮ-ਮਾਤਰ ਸੁਤੰਤਰ ਧੜੇ ਵਿਚ ਵੀ ਪ੍ਰਚਾਰ ਕਰਨ ਅਤੇ ਉਹਨਾਂ ਵਿਚੋਂ ਬਹੁਤ ਮੈਂਬਰ ਆਪਣੇ ਵੱਲ ਕਰ ਲੈਣ ਤਾਂਕਿ ਇਹ ਬਿੱਲ ਪਾਸ ਹੀ ਨਾ ਹੋ ਸਕੇ! ਅਤੇ ਨਾ ਨਿਰਾ-ਪੁਰਾ ਇਹ ਬਿੱਲ ਹੀ ਫੇਲ੍ਹ ਕਰਾ ਦੇਣ, ਸਗੋਂ ਇਸ ਵਰਤਮਾਨ ਸਰਕਾਰ ਨੂੰ ਵੀ ਉਲਟਾ ਦੇਣ, ਕਿਉਂਕਿ ਇਸ ਨੇ ਇਹ ਕਾਨੂੰਨ ਪੇਸ਼ ਕਰਕੇ ਰਾਜ ਕਰਨ ਦੇ ਸਭ ਹੱਕ ਗਵਾ ਦਿੱਤੇ ਹਨ।

ਇਸ ਵੇਲੇ ਲੋੜ ਹੈ ਕਿ ਕਿਰਤੀਆਂ ਦੇ ਆਪਣੇ ਘਰ ਵੀ ਕਿਸੇ ਪ੍ਰਕਾਰ ਦੀ ਫੁੱਟ ਨਾ ਹੋਵੇ ਅਤੇ ਕਿਰਤੀਆਂ ਦੇ ਨਰਮ ਤੇ ਗਰਮ ਧੜਿਆਂ ਦੇ ਸਭ ਲੋਕ ਇੱਕ ਮਿੱਕ ਹੋ ਜਾਣ ਤਾਂ ਕਿ ਸਾਂਝੇ ਜ਼ੋਰ ਨਾਲ ਇਸ ਵਰਤਮਾਨ ਸਰਕਾਰ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ ਅਤੇ ਇਸ ਨੂੰ ਉਹ ਚਣੇ ਚਬਾਏ ਜਾਣ ਕਿ ਸਾਰੀ ਉਮਰ ਹੀ ਇਹ ਇਸ ਵੇਲੇ ਨੂੰ ਚੇਤੇ ਕਰ-ਕਰ ਕੇ ਹੱਥ ਮਲਿਆ ਕਰੇ।

☆☆☆

14. ਗ਼ਦਰ ਲਹਿਰ ਦੀ ਕੁਛ ਵਿੱਥਯਾ!

[ਸਤੰਬਰ 1927 ਦੇ ਕਿਰਤੀ ਵਿਚ ਇੱਕ ਹੋਰ ਬਹੁਤ ਹੀ ਅਹਿਮ ਲੇਖ ‘ਗ਼ਦਰ ਲਹਿਰ ਦੀ ਕੁੱਛ ਵਿੱਸ਼ਿਆ' ਬਾਰੇ ਛਪਿਆ ਸੀ। ਇਹ ਇਕ ਅਖ਼ਬਾਰ ਵਿਚੋਂ ਲੈ ਕੇ ਛਾਪਿਆ ਗਿਆ ਹੈ। ਪਰ ਲਿਖਣ ਸ਼ੈਲੀ ਅਤੇ ਤੱਤਾਂ ਤੋਂ ਦਰਸਾਉਂਦਾ ਹੈ ਕਿ ਸ਼ਹੀਦ ਭਗਵਤੀ ਚਰਨ ਵੋਹਰਾ ਜੀ ਦਾ ਹੋ ਸਕਦਾ ਹੈ। ਖ਼ੈਰ! ਉਸ ਵੇਲੇ ਦੇ ਵਿਚਾਰਾਂ ਤੋਂ ਜਾਣੂ ਕਰਾਉਂਦਾ ਹੈ। ਇਸ ਕਰਕੇ ਏਥੇ ਪੇਸ਼ ਕੀਤਾ ਜਾ ਰਿਹਾ ਹੈ।

-ਸੰਪਾਦਕ]

ਪਹਿਲਾਂ ਮੈਂ ਇਹ ਦੱਸ ਲਵਾਂ ਕਿ ਵਿਪਲਵ ਵਾਦ ਦਾ ਕੀ ਅਰਥ ਹੈ? ਫੇਰ ਮੈਂ ਅੱਗੇ ਚਲਾਂਗਾ। ਹਰ ਕੋਈ ਡਿੱਗੀ ਹੋਈ ਕੌਮ ਸਦਾ ਡਿੱਗੀ ਨਹੀਂ ਰਹਿੰਦੀ ਤੇ ਉਸ ਕੌਮ ਦੇ ਬੀਰ ਉਸਦੀ ਉੱਨਤੀ ਦਾ ਯਤਨ ਕਰਦੇ ਹਨ ਤੇ ਹੁਣ ਇਹ ਸੋਚਣਾ ਹੈ ਕਿ ਕੁਰਬਾਨੀਆਂ ਕਈ ਤਰ੍ਹਾਂ ਦਿੱਤੀਆਂ ਜਾਂਦੀਆਂ ਹਨ, ਕੌਮਾਂ ਨੂੰ ਉਠਾਉਣ ਦਾ ਵੀ ਕਈ-ਕਈ ਤਰੀਕਿਆਂ ਨਾਲ ਯਤਨ ਅਤੇ ਉਪਰਾਲਾ ਕੀਤਾ ਜਾਂਦਾ ਹੈ, ਇਕ ਤਾਂ ਦੇਸ਼ ਵਿਚ ਵਿਦਿਆ ਦਾ ਪ੍ਰਚਾਰ ਕਰਨਾ ਇਹ ਵੀ ਕੋਈ ਛੋਟੀ ਜੇਹੀ ਗੱਲ ਨਹੀਂ। ਦੂਜੇ ਲੋਕਾਂ ਨੂੰ ਉਹਨਾਂ ਦੇ ਹੱਕ ਦੱਸਣੇ ਅਤੇ ਉਹਨਾਂ ਨੂੰ ਹਾਸਲ ਕਰਨ ਦੇ ਵਾਸਤੇ ਸਰਕਾਰ ਅੱਗੇ ਬੇਨਤੀ ਕਰਨੀ। ਉਸ ਨੂੰ ਅਸੀਂ ਮਾਡਰੇਟ ਕਹਿ ਦੇਂਦੇ ਹਾਂ। ਇਹ ਸ਼ਬਦ ਉਸ ਵੇਲੇ ਯੋਗ ਵਿਚ ਆਂਵਦਾ ਹੈ ਜਦੋਂ ਕਿ ਦੇਸ਼ ਉਸ ਹਾਲਤ ਤੋਂ ਕੁਝ ਉੱਪਰ ਹੋ ਜਾਂਦਾ ਹੈ। ਦੂਜਾ ਦਰਜਾ ਹੁੰਦਾ ਹੈ ਗਰਮ ਦਲ ਦਾ ਜਿਸ ਤਰ੍ਹਾਂ 1907 ਵਿਚ ਲੋਕਮਾਨਿਯ ਤਿਲਕ ਜੀ ਦੀ ਪਾਰਟੀ ਸੀ, ਜਾਂ ਅੱਜਕੱਲ ਮਹਾਤਮਾ ਗਾਂਧੀ ਜੀ ਦਾ ਪ੍ਰਚਾਰ ਕਿਹਾ ਜਾ ਸਕਦਾ ਹੈ, ਪਰੰਤੂ ਜਿਸ ਵੇਲੇ ਇਹਨਾਂ ਦੋਹਾਂ ਰਾਹਾਂ 'ਤੇ ਚੱਲਣ ਨਾਲ ਵੀ ਸਫਲਤਾ ਨਹੀਂ ਹੁੰਦੀ ਤਾਂ ਇੱਕ ਤੇਜ਼ ਨੌਜਵਾਨਾਂ ਦਾ ਦਲ ਕੁਝ ਹੋਰ ਅੱਗੇ ਵਧਦਾ ਹੈ। ਉਹ ਹੱਥੋ-ਹੱਥੀ ਕੰਮ ਕਰਨਾ ਚਾਹੁੰਦਾ ਹੈ, ਮਰਨਾ ਅਤੇ ਮਾਰਨਾ ਚਾਹੁੰਦਾ ਹੈ ਅਤੇ ਏਸ ਢੰਗ ਨਾਲ ਹੀ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। ਉਸ ਨੂੰ ਅੰਗਰੇਜ਼ੀ ਬੋਲੀ ਵਿਚ ਰਿਵੋਲਿਸ਼ਨਰੀਜ਼ (Revolutionaries) ਕਹਿੰਦੇ ਹਨ, ਇਸ ਦੇਸ਼ ਵਿਚ ਤਾਂ ਉਹ ਗੁਪਤ ਕੰਮ ਕਰਦੇ ਹਨ, ਅਤੇ ਪਿੱਛੋਂ ਜਾ ਕਰਕੇ ਉਹ ਬਦਲ ਕੇ ਖੁੱਲ੍ਹਮਖੁਲਾ ਲੜਾਈ ਕਰਨ ਨੂੰ ਤਿਆਰ ਹੋ ਜਾਂਦੇ ਹਨ, ਜਿਸ ਤਰ੍ਹਾਂ ਕਿ ਆਇਰਲੈਂਡ ਵਾਲੇ ਹੁਣ ਤੀਕ ਲੜਦੇ ਰਹੇ ਹਨ। ਇਹ ਕੰਮ ਜਿੰਨਾ ਗੁਪਤ ਹੁੰਦਾ ਹੈ ਉੱਨਾ ਚਿਰ ਤਾਂ ਉਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਉਸ ਹਾਲਤ ਵਿਚ ਉਹਨਾਂ ਨੂੰ ਹਿੰਦੋਸਤਾਨੀ ਭਾਸ਼ਾ ਵਿਚ ਵਿਪਲਵ ਵਾਦੀ ਕਹਿੰਦੇ ਹਨ, ਉਰਦੂ ਵਿਚ ਇਨਕਲਾਬ ਕਿਹਾ ਜਾਂਦਾ ਹੈ, ਇਹ ਸ਼ਬਦ ਇੱਜ਼ਤ ਅਤੇ ਨਿੰਦਿਆ ਦੋਹਾਂ ਵਾਸਤੇ ਪ੍ਰਯੋਗ ਹੋ ਸਕਦਾ ਹੈ, ਅਰਥਾਤ ਜਿੰਨਾ ਚਿਰ ਤਾਂ ਦੇਸ਼ ਕਮਜ਼ੋਰ ਹੈ, ਜਿੰਨਾ ਚਿਰ ਉੱਥੇ ਝੋਲੀ ਚੁੱਕ ਵਧੇਰੇ ਹੁੰਦੇ ਹਨ, ਉੱਨਾ ਚਿਰ ਉਹਨਾਂ ਨੂੰ ਸਾਰੇ ਲੋਕ ਮਾੜੇ ਕਹਿੰਦੇ ਹਨ, ਅਤੇ ਹਾਕਮ ਤਾਂ ਉਹਨਾਂ ਦੇ ਦੁਸ਼ਮਣ ਹੁੰਦੇ ਹੀ ਹਨ, ਪਰੰਤੂ ਪਿੱਛੋਂ ਉਹਨਾਂ ਨੂੰ ਹੀ ਦੇਸ਼-ਭਗਤ ਕਿਹਾ ਜਾਂਦਾ ਹੈ।

ਅਸੀਂ ਕਿਸੇ ਡਰ ਦੇ ਕਾਰਨ ਅਥਵਾ ਭੈ ਦੇ ਕਾਰਨ ਚਾਹੇ ਉਹਨਾਂ ਨੂੰ ਬੁਰਾ ਕਹੀਏ, ਪਰੰਤੂ ਅਸਲ ਵਿਚ ਉਹ ਵੀ ਕਿਸੇ ਤੋਂ ਘੱਟ ‘ਦੇਸ਼-ਭਗਤ' ਨਹੀਂ ਹੁੰਦੇ। ਸਗੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਦੂਜੇ ਸ਼ੋਰ ਮਚੌਣ ਵਾਲਿਆਂ ਨਾਲੋਂ ਵਧੀਕ ਦੇਸ਼ ਦਾ ਦਰਦ ਰੱਖਣ ਵਾਲੇ ਹੁੰਦੇ ਹਨ। ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ, ਆਪਣੇ ਪਰਾਏ ਸਭ ਬੁਰਾ ਭਲਾ ਕਹਿੰਦੇ ਹਨ, ਤੇ ਹਾਕਮ ਤਾਂ ਜੋ ਕਰਦੇ ਹਨ, ਉਹਨਾਂ ਤਾਂ ਪੁੱਛਣਾ ਹੀ ਕੀ ਹੈ। ਉਹ ਵੀਰ ਫਿਰ ਵੀ ਡਟੇ ਹੀ ਰਹਿੰਦੇ ਹਨ, ਅਤੇ ਰਤਾ ਵੀ ਘਬਰਾਉਂਦੇ ਨਹੀਂ ਤਾਂ ਕੀ ਉਹ ਕਿਸੇ ਤੋਂ ਘੱਟ ਦੇਸ਼-ਭਗਤ ਹੁੰਦੇ ਹ। ਮੈਂ ਤਾਂ ਆਖਾਂਗਾ ਕਿ ਦੁਨੀਆਂ ਵਿਚ (End justifies the means) ਅਰਥਾਤ ਨਤੀਜੇ ਤੋਂ ਹੀ ਪਤਾ ਲੱਗ ਸਕਦਾ ਹੈ, ਕਿ ਉਹਨਾਂ ਦੇ ਪ੍ਰਯੋਗ ਕੀਤੇ ਹੋਏ ਤਰੀਕੇ ਚੰਗੇ ਸਨ ਜਾਂ ਬੁਰੇ? ਜੇ ਤਾਂ ਨਤੀਜਾ ਚੰਗਾ ਹੋਵੇ, ਤਾਂ ਝੂਠ ਬੋਲਿਆ ਹੋਇਆ, ਖ਼ੂਨ ਕੀਤਾ ਹੋਇਆ ਵੀ ਠੀਕ ਹੀ ਹੁੰਦਾ ਹੈ, ਅਤੇ ਜੇ ਅਸਫਲਤਾ ਹੋਵੇ ਤਾਂ ਸ਼ਾਂਤੀ ਨਾਲ ਹੋਣ ਵਾਲਾ ਕੰਮ ਵੀ ਬੁਰਾ ਹੀ ਕਿਹਾ ਜਾਂਦਾ ਹੈ, ਕੀ ਵਾਸ਼ਿੰਗਟਨ ਨੂੰ ਉਸ ਵੇਲੇ ਬਾਗ਼ੀ ਕਹਿ ਕੇ ਦਬਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਗਈ?

ਕੀ ਉਹ ਜੇ ਦੁਸ਼ਮਣਾਂ ਦੇ ਹੱਥ ਆ ਜਾਂਦਾ ਤਾਂ ਉਸ ਨੂੰ ਫ਼ਾਂਸੀ ਨਾ ਮਿਲਦੀ! ਕੀ ਸਕਾਟਲੈਂਡ ਦਾ ਬੀਰ ਵਾਲੀਸ ਸੱਚਾ ਦੇਸ਼-ਭਗਤ ਨਹੀਂ ਸੀ! ਕੀ ਉਸ ਨੂੰ ਫ਼ਾਂਸੀ ਨਹੀਂ ਦਿੱਤੀ ਗਈ! ਹਰ ਦੇਸ਼ ਵਿਚ ਕੰਮ ਇਸੇ ਤਰ੍ਹਾਂ ਹੋਇਆ ਕਰਦਾ ਹੈ। ਇਟਲੀ ਦੀ ਹਾਲਤ ਦੇਖ ਲਵੋ, ਮੈਜ਼ਿਨੀ ਜਿਹੇ ਵੀ ਤਾਂ ਗੁਪਤ ਸੁਸਾਇਟੀ ਬਣਾਈ ਬੈਠੇ ਸਨ, ਉਹਨਾਂ ਦੀ ਮਿਹਨਤ ਦਾ ਹੀ ਇਹ ਫਲ ਹੋਇਆ ਸੀ, ਕਿ ਗ਼ੈਰੀ ਬਾਲਡੀ ਵਰਗੇ ਬੀਰ ਨੇ ਦੋ-ਦੋ ਹੱਥ ਕਰ ਵਖਾਏ। ਦੂਰ ਕੀ ਜਾਣਾ ਹੈ ਹਾਲੇ ਕੱਲ ਦੀ ਹੀ ਗੱਲ ਹੈ ਕਿ ਰੂਸ ਉੱਠਿਆ ਹੈ। ਕਿੰਨੇ ਆਦਮੀ ਫ਼ਾਂਸੀ ਤੇ ਚੜ੍ਹੇ ਤੇ ਬਾਗ਼ੀ ਠਹਿਰਾਏ ਗਏ, ਕੀ ਉਹ ਸੱਚੇ ਦੇਸ਼-ਭਗਤ ਨਹੀਂ ਸਨ? ਇਸ ਗੱਲ ਦਾ ਉੱਤਰ ਅੱਜ ਰੂਸ ਵਾਲਿਆਂ ਤੋਂ ਪੁੱਛੋਂ ਖਾਂ! ਉਹਨਾਂ ਬਿਚਾਰਿਆਂ ਨੂੰ “ਨਿਹਲਿਸਟ” ਅਤੇ “ਅਨਾਰਕਿਸਟ” ਅਰਥਾਤ ਦੁਨੀਆਂ ਵਿਚ “ਅਰਾਜਕਤਾ ਫੈਲਾਣ ਵਾਲੇ” ਅਤੇ “ਖ਼ੂਨ ਖ਼ਰਾਬਾ ਚਾਹੁੰਣ ਵਾਲੇ" ਕਿਹਾ ਜਾਂਦਾ ਸੀ, ਉਹਨਾਂ ਦੀਆਂ ਮਿਹਨਤਾਂ ਦੇ ਫਲਸਰੂਪ ਹੀ ਅੱਜ ਪੰਚਾਇਤੀ ਸਰਕਾਰ ਬਣੀ ਹੋਈ ਹੈ।

ਹਾਂ ਇਹ ਲੋਕ, ਜਿਹੜੇ ਕਿ ਨਿਰਾਸ਼ ਹੋਣ ਕਰਕੇ ਖ਼ੂਨ ਖਰਾਬੇ 'ਤੇ ਉਤਾਰੂ ਹੋ ਜਾਂਦੇ ਹਨ, ਉਹ ਪਹਿਲਾਂ ਗੁਪਤ ਸੁਸਾਇਟੀਆਂ ਬਣਾ ਲੈਂਦੇ ਹਨ। ਉਹਨਾਂ ਨੂੰ ਅੰਗਰੇਜ਼ੀ ਵਿਚ (Revolutionaries) ਕਹਿੰਦੇ ਹਨ, ਅਤੇ ਹਿੰਦੀ ਵਿਚ ਵਿਪਲਵਾਦੀ ਕਿਹਾ ਜਾਂਦਾ ਹੈ

ਜੇ ਸੰਸਾਰ ਵਿਚ ਦੇਖਿਆ ਜਾਵੇ, ਤਾਂ ਇਹ ਗੱਲ ਕਿ ਜ਼ੋਰਾਵਰ ਦਾ ਸੱਤੀਂ ਵੀਹੀਂ ਸੌ ਹੋਇਆ ਕਰਦਾ ਹੈ। ਠੀਕ ਮਲੂਮ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਇੱਕ ਧਿਰ ਦਾ ਜ਼ੋਰ ਰਿਹਾ ਉੱਨਾ ਚਿਰ ਤਾਂ ਕਮਜ਼ੋਰ ਬਾਗ਼ੀ ਅਨਾਰਕਿਸਟ, ਨਿਹਲਿਸਟ, ਵਿਪਲਵਾਦੀ, ਇਨਕਲਾਬ ਪਸੰਦ ਕਹਾਉਂਦੇ ਹਨ, ਪਰੰਤੂ ਜਦੋਂ ਦੂਜੀ ਧਿਰ ਜ਼ੋਰ ਵਾਲੀ ਹੋ ਜਾਂਦੀ ਹੈ, ਉਦੋਂ ਉਹ ਸੱਚੇ ‘ਦੇਸ਼-ਭਗਤ’ ਕੌਮ ਦੇ ਪ੍ਰਵਾਨੇ ਹੋ ਜਾਂਦੇ ਹਨ ਤੇ ਦੂਜੇ ਜ਼ਾਲਮ, ਅਤਿਆਚਾਰੀ, ਲਾਲਚੀ ਆਦਿਕ ਹੁੰਦੇ ਹਨ।

ਸ਼ਿਵਾ ਜੀ ਮਰਹੱਟਾ ਜੇਕਰ ਰਾਜ ਕਾਇਮ ਨਾ ਕਰ ਸਕਦਾ, ਅਤੇ ਜ਼ਾਲਮ ਔਰੰਗਜ਼ੇਬ ਦੇ ਦੰਦ ਖੱਟੇ ਨਾ ਕਰ ਸਕਦਾ, ਤਾਂ ਉਹ ਡਾਕੂ ਹੀ ਕਹਾਉਂਦਾ ਪਰੰਤੂ ਅੱਜ ਅਸੀਂ ਵੀ ਉਸਨੂੰ ਮਹਾਂਪੁਰਖ ਆਖਦੇ ਹਾਂ, ਖ਼ੈਰ!

ਇਹ ਖ਼ਿਆਲ ਕਿ ਕੋਈ ਇਨਕਲਾਬ ਕਰੇ ਅਤੇ ਖ਼ੂਨ ਖ਼ਰਾਬੇ ਤੋਂ ਨਾ ਡਰੇ ਇਹ ਵੀ ਝੱਟ ਪੱਟ ਨਹੀਂ ਆ ਜਾਂਵਦਾ। ਹੌਲੇ-ਹੌਲੇ ਹਾਕਮ ਲੋਕ ਜ਼ੁਲਮ ਕਰਦੇ ਹਨ ਲੋਕ ਦਰਖਾਸਤਾਂ ਕਰਦੇ ਹਨ ਪਰੰਤੂ ਉਹ ਹੰਕਾਰੀ ਉਸ ਵੱਲ ਧਿਆਨ ਨਹੀਂ ਦੇਂਦੇ। ਫੇਰ ਲੋਕ ਕੁਝ ਰੌਲਾ ਪਾਉਂਦੇ ਹਨ, ਪਰੰਤੂ ਕੁਝ ਨਹੀਂ ਬਣਦਾ, ਉਸ ਵੇਲੇ ਫੇਰ ਅੱਗੇ ਵਧੇ ਹੋਏ ਨੌਜਵਾਨ ਏਸ ਕੰਮ ਨੂੰ ਸੰਭਾਲਦੇ ਹਨ। ਜੇ ਕਿਸੇ ਮੁਲਕ ਵਿਚ ਸ਼ਾਂਤੀ ਹੋਵੇ ਅਤੇ ਲੋਕ ਸੁਖ-ਚੈਨ ਨਾਲ ਬੈਠੇ ਹੋਣ ਤਾਂ ਉੱਥੇ ਉੱਨਾ ਚਿਰ ਇਨ੍ਹਾਂ ਖ਼ਿਆਲਾਂ ਦਾ ਪ੍ਰਚਾਰ ਨਹੀਂ ਹੋ ਸਕਦਾ, ਜਿੰਨਾ ਚਿਰ ਕਿ ਉਹਨਾਂ ਨੂੰ ਕੋਈ ਬੜਾ ਭਾਰੀ ਇਹੋ ਜਿਹਾ ਕੋਈ ਨਵਾਂ ਵਿਚਾਰ ਨਾ ਦਿੱਤਾ ਜਾਵੇ, ਜਿਸ ਤੋਂ ਕਿ ਉਹ ਪਰਵਾਨਿਆਂ ਵਾਂਗੂੰ ਕੁਰਬਾਨ ਹੋ ਜਾਣ ਜਾਂ ‘ਜ਼ੁਲਮ’ ਏਸ ਗੱਲ ਲਈ ਲੋਕਾਂ ਨੂੰ ਤਿਆਰ ਕਰਦੇ ਹਨ।

ਜੇ ਅਸੀਂ ਆਪਣੇ ਦੇਸ਼ ਵੱਲ ਧਿਆਨ ਦੇਈਏ ਤਾਂ ਏਸ ਗੱਲ ਦਾ ਸਾਫ਼ ਪਤਾ ਲੱਗ ਸਕਦਾ ਹੈ।

ਸਭ ਤੋਂ ਪਹਿਲਾਂ ਇਹ ਖ਼ਿਆਲ ਮਹਾਰਾਸ਼ਟਰ ਅਰਥਾਤ ਮਰਹੱਟਿਆਂ ਵਿਚੋਂ ਕਿਸ-ਕਿਸ ਮਹਾਂ-ਪੁਰਸ਼ ਨੂੰ ਸੁੱਝਾ, ਪਰੰਤੂ ਇਸ ਦਾ ਪ੍ਰਚਾਰ ਨਹੀਂ ਹੋ ਸਕਿਆ। ਫੇਰ ਇਹ ਖ਼ਿਆਲ ਬੰਗਾਲ ਵਿਚ ਆਇਆ। ਬੀਰ ਆਵੈਂਦਯੂ ਸਭ ਤੋਂ ਪਹਿਲਾਂ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ। ਇਹ ਗੱਲ 1903 ਦੀ ਹੈ, ਪਰੰਤੂ ਲੋਕ ਸਭੇ ਆਰਾਮ ਵਿਚ ਰਹਿੰਦੇ ਸਨ, ਤਾਂ ਖਾਹ-ਮਖਾਹ ਕੋਈ ਕਿਉਂ ਦੁੱਖ ਵਿਚ ਪਵੇ। ਕਿਸੇ ਵੀ ਉਹਨਾਂ ਦੀ ਗੱਲ ਨਾ ਮੰਨੀ। ਉਹ ਆਪਣਾ ਜ਼ੋਰ ਲਾ ਕੇ ਤੇ ਅਸਫ਼ਲ ਹੋ ਕੇ ਬੈਠ ਗਏ, ਇਹ ਸਾਰਾ ਵਰਨਣ ਰੋਲਟ ਕਮੇਟੀ ਦੀ ਰਿਪੋਰਟ ਵਿਚ ਦਿੱਤਾ ਹੋਇਆ ਹੈ।

ਫੇਰ ਬੰਗਾਲ ਦੀ ਤਕਸੀਮ 1904 ਵਿਚ ਹੋ ਗਈ। ਲੋਕਾਂ ਨੇ ਦਰਖਾਸਤਾਂ ਘੱਲੀਆਂ, ਪਰੰਤੂ ਲਾਰਡ ਕਰਜ਼ਨ ਨੇ ਆਖਿਆ, ‘ਸੂਰਜ ਪੱਛੋਂ ਤੋਂ ਚੜ੍ਹ ਪਵੇ ਤਾਂ ਚੜ੍ਹ ਪਵੇ ਪਰ ਮੈਂ ਬੰਗਾਲ ਦੀ ਵੰਡ ਏਸੇ ਤਰ੍ਹਾਂ ਹੀ ਰੱਖਾਂਗਾ' ਫੇਰ ਸੁਦੇਸ਼ੀ ਦਾ ਪ੍ਰਚਾਰ ਹੋਇਆ, ਕਈ ਬਿਚਾਰੇ ਬੇ- ਕਸੂਰ ਹੀ ਜੇਲ੍ਹਾਂ ਵਿਚ ਤੁੰਨ ਦਿੱਤੇ ਗਏ, ਅਤੇ ਕਰਜ਼ਨ ਨੇ ਵੀ ਆਪਣੀ ਟੈਂ ਨਾ ਛੱਡੀ। ਦੱਸੋ ਉਸ ਵੇਲੇ ਜਦੋਂ ਲੋਕੀਂ ਦੁਖੀ ਹੋਏ ਬੈਠੇ ਹੋਣ ਉਦੋਂ ਉਨ੍ਹਾਂ ਵਿਚ ਏਹਨਾਂ ਗੱਲਾਂ ਦਾ ਪ੍ਰਚਾਰ ਝੱਟਪੱਟ ਹੋ ਜਾਣਾ ਹੋਇਆ ਕਿ ਨਾ? ਬਸ ਬੰਬ ਬਣਨ ਲੱਗ ਪਏ। ਖ਼ੈਰ 1908 ਵਿਚ ਅਲੀਪੁਰ ਸਾਜ਼ਸ਼ ਦਾ ਮੁਕੱਦਮਾ ਚੱਲਿਆ ਫੇਰ ਤਾਂ ਉਹ ਕੰਮ ਹੋਰ ਵੀ ਜ਼ੋਰਾਂ 'ਤੇ ਹੋ ਗਿਆ ਤੇ 1916 ਤੀਕ ਹੁੰਦਾ ਰਿਹਾ, ਫੇਰ ਤਾਂ ਉਹਨਾਂ ਨੂੰ ਡਾਕੇ ਮਾਰਨੇ ਪਏ, ਚਿਰ ਹੋਇਆ ਤਾਂ ਇਕ ਬੰਗਾਲੀ ਸੱਜਣ ਨੇ ਲੈਕਚਰ ਦਿੱਤਾ ਸੀ, ਕਿ ਲੋਕ ਉਹਨਾਂ ਨੂੰ ਡਾਕੂ ਕਹਿੰਦੇ ਹਨ ਪਰੰਤੂ ਤੁਸੀਂ ਇਹ ਤਾਂ ਦੱਸੋ, ਕਿ ਤੁਸੀਂ ਉਹਨਾਂ ਨੂੰ ਇਕ ਪੈਸਾ ਵੀ ਦੇਂਦੇ ਹੋ! ਉਹ ਵਿਚਾਰੇ ਤਾਂ ਆਪਣਾ ਸੱਭੋ ਕੁੱਛ ਛੱਡੀ ਬੈਠੇ ਹਨ, ਤੇ ਤੁਸੀਂ ਉਹਨਾਂ ਦੀ ਸਹਾਇਤਾ ਨਹੀਂ ਕਰਦੇ ਤਾਂ ਤੁਸੀਂ ਆਪ ਸੋਚੋ ਉਹ ਕੀ ਕਰਨ, ਕੀ ਆਪਣਾ ਕੰਮ ਰੋਕ ਦੇਣ! ਮੈਂ ਬਹੁਤਿਆਂ ਨੂੰ ਮਿਲਿਆ ਹਾਂ, ਉਹ ਸੱਚੇ ਸਨਿਆਸੀ ਹਨ, ਦੇਸ਼-ਭਗਤ ਹਨ, ਖ਼ੈਰ, ਹੁਣ ਅਸੀਂ ਆਪਣੇ ਸੂਬੇ ਵੰਨੇ ਆਂਵਦੇ ਹਾਂ, ਏਥੇ ਪਹਿਲਾਂ-ਪਹਿਲਾਂ ਰੌਲਾ ਸਰਦਾਰ ਅਜੀਤ ਸਿੰਘ ਦੇ ਵੇਲੇ ਹੋਇਆ ਸੀ! ਸੰਨ 1907 ਦੀ ਗੱਲ ਹੈ ਦੋ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਗਈ, ਜੋਸ਼ ਵੱਧਦਾ ਦੇਖ ਕੇ ਤਾਂ ਸਰਕਾਰ ਨੇ ਉਹਨਾਂ ਦੀ ਗੱਲ ਝੱਟਪੱਟ ਮੰਨ ਲਈ ਅਤੇ ਸ਼ੋਰ-ਸ਼ਰਾਬਾ ਰੁਕ ਗਿਆ, ਉਹ ਜ਼ਮਾਨਾ ਲੰਘ ਗਿਆ, ਕਿਹਾ ਜਾਂਦਾ ਹੈ ਕਿ 1909 ਵਿਚ ਸਰਕਾਰ ਨੂੰ ਚਿੰਤਾ ਹੋਈ, ਕਿ ਬੰਗਾਲ ਦੀ ਬੀਮਾਰੀ ਕਿੱਧਰੇ ਪੰਜਾਬ ਵਿਚ ਵੀ ਨਾ ਆ ਫੈਲੇ। ਉਹਨਾਂ ਸਰਦਾਰ ਅਜੀਤ ਜੀ ਨੂੰ ਫੜਨ ਦਾ ਯਤਨ ਕੀਤਾ, ਪਰੰਤੂ ਉਹ ਬਚ ਕੇ ਨਿਕਲ ਗਏ, ਉਸ ਦੇ ਪਿੱਛੇ ਪੰਜਾਬ ਵਿਚ ਸਵਾਏ ਦਿੱਲੀ ਵਾਲੇ ਬੰਬ ਕੇਸ ਦੇ ਹੋਰ ਕੋਈ ਸ਼ਗੂਫਾ ਨਹੀਂ ਦਿੱਸਦਾ, ਉਹ ਵਿਚਾਰਾ ਵੀ ਬੰਗਾਲ ਨੇ ਹੀ ਦਿੱਤਾ ਸੀ, ਪਰੰਤੂ ਉਹਨਾਂ ਕਿੰਨੇ ਕੁ ਲੋਕਾਂ ਨੂੰ ਆਪਣੇ ਨਾਲ ਮਿਲਾਇਆ ਸੀ, ਸਾਰੇ ਦਸ-ਬਾਰਾਂ ਆਦਮੀ ਹੋਣਗੇ, ਸਾਧਾਰਨ ਲੋਕ ਬਲਦੀ ਦੇ ਬੁੱਥੇ ਕਿਉਂ ਜਾਣ ਲੱਗੇ ਸਨ! ਚਾਰ ਨੂੰ ਫਾਂਸੀ ਮਿਲੀ, ਕੁਝ ਨੂੰ ਕੇਦ ਕਰ ਦਿੱਤਾ ਅਤੇ ਗੱਲ ਮੁੱਕ ਗਈ।

ਪਰੰਤੂ ਫੇਰ ਝੱਟਪੱਟ ਅਗਲੇ ਵਰ੍ਹੇ 1915 ਵਿਚ ਫੇਰ ਪੰਜਾਬ ਵਿਚ ਗ਼ਦਰ ਦੀਆਂ ਤਿਆਰੀਆਂ ਨਜ਼ਰ ਆਉਂਦੀਆਂ ਸਨ, ਉਦੋਂ ਦੋ ਗੱਲਾਂ ਸਨ, ਇਕ ਤਾਂ ਲੜਾਈ ਛਿੜ ਪਈ, ਦੂਜੇ ਸਰਕਾਰ ਨੇ ਕਾਮਾਗਾਟਾਮਾਰੂ ਵਾਲਿਆਂ 'ਤੇ ਜ਼ੁਲਮ ਕੀਤਾ, ਉਹ ਵੀ ਅਮਰੀਕਾ ਤੋਂ ਹੀ ਬਿਚਾਰੇ ਖ਼ਿਆਲ ਲੈ ਕੇ ਆਏ ਸਨ, ਪਰ ਪੰਜਾਬ ਵਿਚ ਰਹਿਣ ਵਾਲਿਆਂ ਵਿਚੋਂ ਕਿੰਨਿਆਂ ਕੁ ਨੇ ਉਹਨਾਂ ਦਾ ਸਾਥ ਦਿੱਤਾ, ਸਿਵਾਏ 1907 ਦੇ ਕੁਝ ਬੰਦਿਆਂ ਦੇ ਕਿੰਨੇ ਕੁ ਸਨ ਉਹਨਾਂ ਦੇ ਨਾਲ? ਖ਼ੈਰ, ਮੈਂ ਆਪਣੀ ਬੁੱਧੀ ਅਨੁਸਾਰ ਸੰਖੇਪ ਜਿਹੇ ਵਿਚ ਇਨਕਲਾਬੀ ਵਿਚਾਰਾਂ ਦੇ ਵਿਕਾਸ ਅਤੇ ਫੈਲਾਣ ਦਾ ਕੁਝ ਵਰਨਣ ਕਰਨ ਦਾ ਯਤਨ ਕੀਤਾ ਹੈ, ਤੇ ਜੇ ਮੈਨੂੰ ਸਮਾਂ ਮਿਲਿਆ ਤਾਂ ਇਕ ਲੰਮਾ ਲੇਖ ਲਿਖ ਕੇ ਹੋਰਨਾਂ ਮੁਲਕਾਂ ਦਾ ਵਿਸਤਾਰ ਨਾਲ ਹਾਲ ਲਿਖ ਕੇ ਇਸਦਾ ਵਰਨਣ ਕਰਨ ਦਾ ਯਤਨ ਕਰਾਂਗਾ!

(ਇਕ ਅਖ਼ਬਾਰ ਵਿਚੋਂ)

☆☆☆

15. ਰਾਜ-ਪਲਟਾਊ ਖੁਫ਼ੀਆ ਸਾਜ਼ਸ਼ਾਂ

[15 ਜਨਵਰੀ 1928 ਵਿਚ ਜਦ ਸ਼ਹੀਦ ਭਗਤ ਸਿੰਘ ਨੇ ਦੋ ਲੇਖ ਕਿਰਤੀ ਵਿਚ ਕਾਕੋਰੀ ਦੇ ਸ਼ਹੀਦਾਂ ਬਾਰੇ ਛਾਪੇ ਤਾਂ ਉਹਨਾਂ ਦੇ ਨਾਲ ਹੀ ਇਕ ਲੇਖ ਰਾਜ-ਪਲਟਾਊ ਖੁਫੀਆ ਸਾਜ਼ਸ਼ ਦੇ ਸਿਰਲੇਖ ਹੇਠ ਵੀ ਛਪਿਆ। ਇਸ ਦੇ ਨਾਲ ਵੀ ਲਿਖਾਰੀ ਦਾ ਕੋਈ ਨਾਂ ਨਹੀਂ ਦਿੱਤਾ ਗਿਆ। ਪਰ ਅੰਗਰੇਜ਼ ਸਰਕਾਰ ਕਿਸ ਤਰ੍ਹਾਂ ਦੇ ਢੰਗ ਵਰਤ ਕੇ ਇਨਕਲਾਬੀ ਲਹਿਰ ਵਿਰੁੱਧ ਪ੍ਰਚਾਰ ਕਰਦੀ ਸੀ। ਇਸ ਬਾਰੇ ਬਹੁਤ ਹੀ ਚੰਗੀ ਜਾਣਕਾਰੀ ਦਿੰਦਾ ਹੈ। ਉਸ ਸਮੇਂ ਦੀਆਂ ਵਿਚਾਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਅੱਛਾ ਪੇਸ਼ ਹੈ।

—ਸੰਪਾਦਕ]

ਅਖ਼ਬਾਰਾਂ ਪੜ੍ਹਨ ਸੁਣਨ ਵਾਲੇ ਲੋਕੀ ਇਸ ਗੱਲ ਤੋਂ ਜਾਣੂ ਹਨ ਕਿ ਅਜਿਹੀਆਂ ਖ਼ਬਰਾਂ ਆਮ ਤੌਰ 'ਤੇ ਛਪਦੀਆਂ ਹੀ ਰਹਿੰਦੀਆਂ ਹਨ, ਕਿ ਹਿੰਦ ਵਿਚ ਅੱਜ ਫਲਾਨੇ ਥਾਂ ਸਰਕਾਰ ਅੰਗਰੇਜ਼ੀ ਵਿਰੁੱਧ ਸਾਜ਼ਸ਼ ਦਾ ਪੁਲਿਸ ਨੇ ਪਤਾ ਲਗਾਇਆ ਹੈ ਅਤੇ ਅੱਜ ਫਲਾਨੇ ਥਾ ਪਰ ਸਾਜ਼ਸ਼ ਦਾ ਮੁਕੱਦਮਾ ਚਲਾਇਆ ਗਿਆ ਹੈ। ਅੱਜ ਫਲਾਨੇ ਥਾਂ ਸਾਜ਼ਸ਼ ਕਰਨ ਵਾਲਿਆਂ ਨੂੰ ਫ਼ਾਂਸੀ ਦਿੱਤਾ ਗਿਆ ਹੈ, ਹੁਣੇ ਹੀ ਇਕ ਖ਼ਬਰ ਛਪੀ ਹੈ ਕਿ ਇਕ ਅਜਿਹੀ ਸਾਜ਼ਸ਼ ਦਾ ਮੁਕੱਦਮਾ ਚੱਲਣ ਵਾਲਾ ਹੈ ਜਿਸ ਵਿਚ ਚਾਰੇ ਉੱਤਰੀ ਸੂਬੇ ਲਪੇਟੇ ਜਾਣਗੇ। ਅਜਿਹੀਆਂ ਖ਼ਬਰਾਂ ਪੜ੍ਹ ਕੇ ਆਮ ਭੋਲੇ-ਭਾਲੇ ਲੋਕੀਂ ਇਹਨਾਂ ਸਾਜ਼ਸ਼ਾਂ ਸੰਬੰਧੀ ਆਪਣੇ ਦਿਲ ਵਿਚ ਬੜੇ ਭੈੜੇ ਖ਼ਿਆਲ ਰੱਖਣ ਲੱਗ ਜਾਂਦੇ ਹਨ। ਅਸਲ ਵਿਚ ਉਹਨਾਂ ਨੂੰ ਇਹਨਾਂ ਸਾਜ਼ਸ਼ਾਂ ਸਬੰਧੀ ਕੋਈ ਵਾਕਫੀਅਤ ਨਹੀਂ ਹੁੰਦੀ ਜਿਸ ਲਈ ਇਸ ਵਿਸ਼ੇ ਪਰ ਚਾਨਣਾ ਪਾਉਣਾ ਜ਼ਰੂਰੀ ਹੈ। ਜਿਸ ਤਰ੍ਹਾਂ ਰਾਤ ਦੇ ਪਿੱਛੋਂ ਦਿਨ ਅਤੇ ਇਸੇ ਦਿਨ ਦੇ ਪਿੱਛੋਂ ਰਾਤ ਦੇ ਆਉਣ ਦੀ ਅਸਲੀਅਤ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ, ਇਸੇ ਤਰ੍ਹਾਂ ਦੀ ਅਸਲੀਅਤ ਇਸ ਕਥਨ ਵਿਚ ਕਿ ਹਿੰਦੋਸਤਾਨ ਨੇ ਇਸ ਗ਼ੁਲਾਮੀ ਵਿਚ ਉਤਾਰ ਕੇ ਆਜ਼ਾਦ ਜ਼ਰੂਰ ਹੋ ਜਾਣਾ ਹੈ, ਇਹ ਦੂਜੀ ਗੱਲ ਹੈ ਕਿ ਇਸ ਮਨੋਰਥ ਪਰ ਪੁੱਜਣ ਲਈ ਸਮਾਂ ਵੱਧ ਲੱਗੇ ਜਾਂ ਘੱਟ ਅਤੇ ਮੁੱਲ ਵੀ ਮਹਿੰਗਾ ਹੀ ਦੇਣਾ ਪਵੇ। ਇਹੋ ਅਸਲੀਅਤ ਕਿਰਤੀ ਸ਼੍ਰੇਣੀ ਸਬੰਧੀ ਹੈ, ਕਿ ਹੁਣ ਉਸਨੇ ਵੀ ਸਰਮਾਏਦਾਰਾਂ ਦੀ ਗ਼ੁਲਾਮੀ ਦਾ ਜੂਲਾ ਉਤਾਰ ਕੇ ਹੀ ਰਹਿਣਾ ਹੈ। ਆਜ਼ਾਦੀ ਦੀਆਂ ਲਹਿਰਾਂ ਦੁਨੀਆਂ ਵਿਚ ਨਾ ਕਦੇ ਰੁਕੀਆਂ ਹਨ ਅਤੇ ਨਾ ਰੁਕ ਸਕਦੀਆਂ ਹਨ, ਪਰੰਤੂ ਇਨ੍ਹਾਂ ਨੂੰ ਰੋਕਣ ਲਈ ਕੌਮਾਂ ਦੀ ਅਤੇ ਕਿਰਤੀ ਸ਼੍ਰੇਣੀ ਦੀ ਆਜ਼ਾਦੀ ਦੇ ਵਿਰੋਧੀਆਂ ਨੇ ਜੋ ਜੋ ਹਥਿਆਰ ਵਰਤੇ ਹਨ ਉਹ ਸਾਖਿਆਤ ਰੂਪ ਵਿਚ ਇਤਿਹਾਸ ਅੰਦਰ ਮੌਜੂਦ ਹਨ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਹਿੰਦੁਸਤਾਨ ਦਾ ਵਰਤਮਾਨ ਇਤਿਹਾਸ ਹੀ ਕਾਫ਼ੀ ਹੈ।

ਜਦੋਂ ਆਜ਼ਾਦੀ ਦੀ ਕੋਈ ਲਹਿਰ ਕਾਮਯਾਬੀ ਤਰੀਕਿਆਂ ਪੁਰ ਚਲਦੀ ਦਿਖਾਈ ਦੇਵੇ ਤਾਂ ਇਸਨੂੰ ਅਸਫ਼ਲ ਕਰਨ ਲਈ ਇਸਦੇ ਸੇਵਕਾਂ ਪਰ ਸਭ ਤੋਂ ਵੱਡੇ ਦੂਸ਼ਣ ਜੋ ਲਾਏ ਜਾਂਦੇ ਹਨ ਉਹ ਇਹ ਹੁੰਦੇ ਹਨ। (1) ਕਿ ਇਹ ਸਾਜ਼ਸ਼ ਕਰ ਰਹੇ ਹਨ। (2) ਅਤੇ ਇਹ ਧਰਮਾਂ ਦੇ ਵਿਰੋਧੀ ਹਨ। ਇਸ ਲੇਖ ਵਿਚ ਇਹਨਾਂ ਦੋਹਾਂ ਵਿਸ਼ਿਆਂ ਪਰ ਵਿਚਾਰ ਕਰਨ ਦਾ ਯਤਨ ਕਰਨਾ ਹੈ, ਤਾਂ ਜੋ ਆਮ ਜਨਤਾ ਨੂੰ ਇਨ੍ਹਾਂ ਦੀ ਤਹਿ ਤਕ ਪੁੱਜਣ ਦਾ ਅਵਸਰ ਮਿਲ ਜਾਵੇ, ਅਤੇ ਇਹ ਪਤਾ ਲੱਗ ਸਕੇ ਕਿ ਅਸਲੀ ਅਰਥਾਂ ਵਿਚ ਸਾਜ਼ਸ਼ ਕਰਨ ਵਾਲਾ ਅਤੇ ਧਰਮਾਂ ਦਾ ਵਿਰੋਧੀ ਕੌਣ ਹੁੰਦਾ ਹੈ ਅਤੇ ਕਿਵੇਂ ਦੁਨੀਆ ਦਾ ਭਲਾ ਕਰਨ ਵਾਲਿਆਂ ਸਾਜ਼ਸ਼ੀ ਅਤੇ ਅਧਰਮੀ ਕਿਹਾ ਜਾਂਦਾ ਹੈ? ਅਸਲ ਵਿਚ ਸਾਜ਼ਸ਼ੀ ਇਹ ਆਪ ਹੁੰਦੇ ਹਨ।

ਖੁਫ਼ੀਆ ਰਾਜ-ਪਲਟਾਊ ਲਹਿਰਾਂ!

ਵਰਤਮਾਨ ਸਰਕਾਰ ਹਿੰਦ ਇਹ ਰੌਲਾ ਪਾਉਂਦੀ ਨਹੀਂ ਥਕਦੀ ਕਿ ਹਿੰਦੋਸਤਾਨ ਅੰਦਰ ਖੁਫੀਆ ਰਾਜ-ਪਲਟਾਊ ਲਹਿਰ ਕਾਇਮ ਹੈ। ਇਸ ਲਹਿਰ ਦੀ ਹੋਂਦ ਪ੍ਰਗਟ ਕਰਨ ਲਈ ਕਿਧਰੋਂ ਨਾ ਕਿਧਰੋਂ ਟੁੱਟੇ ਭੱਜੇ ਪਸਤੌਲ ਤੇ ਬੰਬ ਆਦਿਕ ਆਪਣੇ ਚਾਟੜਿਆਂ ਦੀ ਰਾਹੀਂ ਫੜੇ ਜਾਣ ਦੇ ਢਕਵੰਜ ਰਚ ਲੈਂਦੀ ਹੈ ਅਤੇ ਕਿਧਰੇ ਅਫਸਰ ਪਰ ਕੋਈ ਖਾਲੀ ਜਾਣ ਵਾਲਾ ਵਾਰ ਹੀ ਕਰਾਇਆ ਜਾਂਦਾ ਹੈ ਅਤੇ ਕਿਧਰੇ ਰੇਲ ਦੀ ਪਟੜੀ ਦੇ ਕਾਬਲੇ ਢਿੱਲੇ ਕੀਤੇ ਜਾਂਦੇ ਹਨ, ਜਦੋਂ ਕਿ ਲਾਟ ਆਦਿਕ ਨੇ ਲੰਘਣਾ ਹੋਵੇ। ਇਹ ਸਭ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਕਿ ਖੁਫੀਆ ਰਾਜ-ਪਲਟਾਊ ਲਹਿਰਾਂ ਆਮ ਵਰਤਿਆ ਕਰਦੀਆਂ ਹਨ ਪਰੰਤੂ ਇਸ ਵੇਲੇ ਇਹ ਸਭ ਕੁਝ ਪੁਲਸੀ ਆਦਮੀਆਂ ਵੱਲੋਂ ਹੋ ਰਿਹਾ ਹੈ ਜਿਸ ਦਾ ਸਬੂਤ ਇਸ ਗੱਲ ਵੱਲੋਂ ਨਿਗਾਹ ਮਾਰਨ ਤੋਂ ਮਿਲਦਾ ਹੈ, ਕਿ ਦੱਸੇ ਗਏ ਰਾਜ-ਪਲਟਾਊਆਂ ਦੀ ਇਸ ਕਾਰਵਾਈ ਨਾਲ ਨੁਕਸਾਨ ਕਿੱਥੋਂ ਤਕ ਹੁੰਦਾ ਹੈ? ਬੰਗਾਲ ਨੂੰ ਇਸ ਵੇਲੇ ਸਰਕਾਰ ਇਸ ਲਹਿਰ ਦਾ ਘਰ ਦੱਸ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਭਾਵੇਂ ਬੰਗਾਲ ਵਿਚੋਂ ਪੁਲਿਸ ਨੇ ਕਿਤਨੀਆਂ ਥਾਵਾਂ ਤੋਂ ਟੁੱਟੇ ਭੱਜੇ ਹਥਿਆਰ ਆਦਿਕ ਫੜੇ, ਅਤੇ ਕਈ ਵੇਰੀ ਸਰਕਾਰੀ ਅਫਸਰ ਦੀ ਜਾਂ ਕੋਈ ਵੀ ਰਾਜਸੀ ਮੌਤ ਨਹੀਂ ਹੋਈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਭ ਕੁਝ ਪੁਲਸੀ ਆਦਮੀ ਹੀ ਕਰਦੇ ਹਨ। ਭਲਾ ਜੇ ਰਾਜ-ਪਲਟਾਊ ਕਿਸੇ ਸਰਕਾਰੀ ਅਫਸਰ ਦੀ ਜਾਨ ਲੈਣ ਲਈ ਤਿਆਰ ਹੋ ਜਾਣ, ਤਾਂ ਕੀ ਉਹ ਇਸ ਤਰ੍ਹਾਂ ਦੇ ਟੁੱਟੇ ਭੱਜੇ ਹੋਏ ਹਥਿਆਰ ਹੀ ਰੱਖਣ? ਜਿਨ੍ਹਾਂ ਨੂੰ ਕਿ ਬੰਗਾਲ ਪੁਲਸ ਵੀ ਆਪਣੀਆਂ ਗਵਾਹੀਆਂ ਵਿਚ ਦੱਸ ਚੁੱਕੀ ਹੈ ਕਿ ਇਹ ਹਥਿਆਰ ਚਲਾਉਣ ਵਾਲੇ ਲਈ ਜ਼ਿਆਦਾ ਖ਼ਤਰਨਾਕ ਹਨ, ਪਰ ਜਿਸ ਪਰ ਚਲਾਏ ਜਾਣ ਉਸ ਲਈ ਘੱਟ! ਕੀ ਜੇਕਰ ਰਾਜ-ਪਲਟਾਊ ਗੱਡੀਆਂ ਉਲਟਾਣ ਦਾ ਯਤਨ ਕਰਨ ਤਾਂ ਇਸ ਵਿਚ ਸਫਲ ਨਾ ਹੋਣ? ਇਹ ਸਭ ਅਜਿਹੀਆਂ ਗੱਲਾਂ ਹਨ ਜੋ ਪ੍ਰਗਟ ਕਰਦੀਆਂ ਹਨ ਕਿ ਇਹ ਸਭ ਕੁਝ ਪੁਲਸੀ ਕਰਿੰਦਿਆਂ ਵੱਲੋਂ ਆਜ਼ਾਦੀ ਦੇ ਉਪਾਸ਼ਕਾਂ ਨੂੰ ਕੁਚਲਣ ਲਈ ਕੀਤਾ ਜਾਂਦਾ ਹੈ।

ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ, ਕਿ ਹਿੰਦੋਸਤਾਨ ਵਿਚ ਰਾਜ ਪਲਟਾਊ ਲਹਿਰ ਨਹੀਂ ਹੈ ਪਰ ਅਸੀਂ ਇਹ ਕਹਿੰਦੇ ਹਾਂ ਕਿ ਇਸ ਵੇਲੇ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਪੁਲਸੀ ਧਾੜ ਵੱਲੋਂ ਹੈ ਅਤੇ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਕੋਈ ਰਾਜ-ਪਲਟਾਊ ਕੰਮ ਸ਼ੁਰੂ ਕੀਤਾ ਕਰਦੇ ਹਨ ਤਾਂ ਉਹ ਆਪਣੇ ਵਾਰ ਘੱਟ ਹੀ ਖਾਲੀ ਜਾਣ ਦਿਆਂ ਕਰਦੇ ਹਨ ਅਤੇ ਸਰਕਾਰ ਨੂੰ ਵੀ ਇਹ ਨਿਸਚਾ ਰੱਖਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ (ਜਿਨ੍ਹਾਂ ਦਾ ਧਰਮ ਈਮਾਨ ਹੀ ਦੇਸ਼ ਦੀ ਆਜ਼ਾਦੀ ਹੋਵੇ ਅਤੇ ਜੋ ਬਾਕੀ ਸਭ ਤਰੀਕਿਆਂ ਤੋਂ ਨਿਰਾਸ਼ ਹੋ ਕੇ ਆਜ਼ਾਦੀ ਲਈ ਇਸ ਤਰੀਕੇ ਪਰ ਭਰੋਸਾ ਰੱਖਣ ਲੱਗ ਪੈਣ) ਦਬਾਉਣ ਵਿਚ ਉਹ ਕਦੇ ਵੀ ਸਫਲ ਨਹੀਂ ਹੋ ਸਕਦੀ ਭਾਵੇਂ ਉਹ ਕਿਤਨੀਆਂ ਹੀ ਸਖ਼ਤੀਆਂ ਕਰੇ ਅਤੇ ਕਿਤਨੀਆਂ ਹੀ ਚਾਲਾਂ ਚੱਲੇ ਅਤੇ ਨਾ ਅੱਜ ਤੱਕ ਕੋਈ ਸਰਕਾਰ ਇਸ ਵਿਚ ਸਫਲ ਹੋਈ ਹੈ। ਇਨ੍ਹਾਂ ਲਹਿਰਾਂ ਨੂੰ ਹਟਾਉਣ ਦਾ ਤਾਂ ਠੀਕ ਤਰੀਕਾ ਇਹੀ ਹੈ ਕਿ ਉਨ੍ਹਾਂ ਲੋਕਾਂ ਦੀ ਮੰਗ ਪੂਰੀ ਕੀਤੀ ਜਾਵੇ ਤਾਂ ਜੋ ਉਹ ਸ਼ਾਂਤ ਹੋ ਜਾਣ।

ਉੱਪਰ ਜੋ ਕੁਝ ਦੱਸਿਆ ਗਿਆ ਹੈ ਇਹ ਕੇਵਲ ਅਸਾਡਾ ਆਪਣਾ ਹੀ ਖ਼ਿਆਲ ਨਹੀਂ, ਸਗੋਂ ਇਸਦੀ ਪੁਸ਼ਟੀ ਬੰਗਾਲ ਆਰਡੀਨੈਂਸ ਸਬੰਧੀ ਕੀਤੀਆਂ ਗਈਆਂ ਕਈ ਜ਼ੁੰਮੇਵਾਰ ਸੱਜਣਾਂ ਦੀਆਂ ਤਕਰੀਰਾਂ ਅਤੇ ਉਹਨਾਂ ਦੇ ਬਿਆਨਾਂ ਤੋਂ ਹੁੰਦੀ ਹੈ। ਇਹਨਾਂ ਸੱਜਣਾਂ ਦੇ ਕਥਨਾਂ ਦਾ ਉੱਤਰ ਸਰਕਾਰ ਵੱਲੋਂ ਸਵਾਏ ਚੁੱਪ ਦੇ ਕੁਝ ਨਹੀਂ ਮਿਲਿਆ। ਹੇਠਾਂ ਅਸੀਂ ਆਪਣੇ ਖ਼ਿਆਲਾਂ ਦੀ ਪੁਸ਼ਟੀ ਲਈ ਕੁਝ ਹਵਾਲੇ ਦਿੰਦੇ ਹਾਂ ਜਿਨ੍ਹਾਂ ਤੋਂ ਸਾਫ ਸਿੱਧ ਹੋ ਜਾਵੇਗਾ ਕਿ ਸਰਕਾਰ ਕਿਵੇਂ ਹਿੰਦੋਸਤਾਨ ਨੂੰ ਗੁਲਾਮ ਰੱਖਣ ਲਈ ਕਮੀਨੀਆਂ ਚਾਲਾਂ ਚੱਲ ਰਹੀ ਹੈ!

ਸ੍ਰੀ ਯੁਤ ਸੁਭਾਸ਼ ਚੰਦਰ ਬੋਸ, ਜੋ ਕਿ ਕਲਕੱਤਾ ਨਗਰ ਸਭਾ ਦੇ ਚੀਫ਼ ਅਗਜ਼ੈਕਟਿਵ ਆਫਿਸਰ ਸਨ ਅਤੇ ਜਿਨ੍ਹਾਂ ਨੂੰ ਰਾਜ-ਪਲਟਾਊ ਹੋਣ ਦੇ ਅਪਰਾਧੀ ਕਹਿ ਕੇ ਬੰਗਾਲ ਆਰਡੀਨੈਂਸ ਅਨੁਸਾਰ ਜੇਲ੍ਹ ਵਿਚ ਡੱਕਿਆ ਗਿਆ ਸੀ, ਹੁਣ ਭੈੜੀ ਸਿਹਤ ਕਾਰਨ ਰਿਹਾਅ ਕੀਤੇ ਗਏ ਹਨ। ਆਪ ਨੇ ਬੰਗਾਲ ਆਰਡੀਨੈਂਸ ਸਬੰਧੀ ਹੁਣ ਇਕ ਬਿਆਨ ਪ੍ਰਕਾਸ਼ਤ ਕਰਾਇਆ ਹੈ ਜਿਸ ਵਿਚ ਆਪ ਲਿਖਦੇ ਹਨ:

ਬੰਗਾਲੀ ਰਾਜਸੀ ਨਜ਼ਰਬੰਦਾਂ ਨੂੰ ਹੋਰ ਚਿਰ ਤਾਈਂ ਜੇਹਲਾਂ ਵਿਚ ਡੱਕੀ ਰੱਖਣ ਲਈ ਕੋਈ ਤਸੱਲੀਬਖਸ਼ ਕਾਰਨ ਨਾ ਹੋਣ ਕਰਕੇ ਪੁਲਿਸ ਨੇ ਹੁਣ ਬੰਬ ਅਤੇ ਟੁੱਟੇ ਹੋਏ ਪਿਸਤੌਲ ਪਕੜਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸਿੱਧ ਕੀਤਾ ਜਾ ਸਕੇ ਕਿ ਰਾਜ-ਪਲਟਾਊ ਲਹਿਰ ਅਜੇ ਤਾਈਂ ਮੌਜੂਦ ਹੈ। ਅਸਲ ਵਿਚ ਪਿਛਲੇ ਕੁਝ ਸਾਲਾਂ ਵਿਚ ਜਦ ਕਦੀ ਵੀ ਬੰਗਾਲੀ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਦੀ ਚਰਚਾ ਛਿੜੀ ਹੈ ਅਤੇ ਜਦੋਂ ਕਦੇ ਵੀ ਅਸੰਬਲੀ ਜਾਂ ਬੰਗਾਲ ਕੌਂਸਲ ਵਿਚ ਨਜ਼ਰਬੰਦਾਂ ਦੇ ਸਵਾਲ ਪਰ ਵਿਚਾਰ ਕਰਨ ਲਈ ਇਕੱਤਰਤਾ ਹੋਈ ਹੈ ਤਾਂ ਕੁਝ ਪੁਲਿਸ ਦੇ ਖਿਡਾਉਣੇ ਆਪਣੇ ਪਾਸੋਂ ਹਥਿਆਰ ਲੈ ਕੇ ਝੱਟ ਗ੍ਰਿਫਤਾਰੀ ਲਈ ਪੁਲਿਸ ਅੱਗੇ ਹਾਜ਼ਰ ਹੋ ਜਾਂਦੇ ਹਨ ਅਤੇ ਝੱਟ ਹੀ ਅਖਾਉਤੀ ਬੰਬਾਂ ਦੇ ਕਾਰਖਾਨਿਆਂ ਦਾ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ। ਇਹਨਾਂ ਕਾਰਖਾਨਿਆਂ ਵਿਚ ਆਮ ਤੌਰ 'ਤੇ ਕੁਝ ਮਸਾਲਾ ਹੁੰਦਾ ਹੈ ਜੋ ਕਿ ਹਰ ਥਾਂ 'ਤੇ ਮਿਲ ਸਕਦਾ ਹੈ ਅਤੇ ਟੁੱਟੇ ਹੋਏ ਪਿਸਤੌਲ, ਜੋ ਕਿ ਜਿਸ ਪਰ ਨਿਸ਼ਾਨਾ ਕੀਤਾ ਜਾਵੇ ਉਸ ਨਾਲੋਂ ਚਲਾਉਣ ਵਾਲੇ ਲਈ ਵਧੀਕ ਖ਼ਤਰਨਾਕ ਹੁੰਦੇ ਹਨ, ਜਿਹਾ ਕਿ ਦਖਨੇਸ਼ਵਰ ਦੇ ਬੰਬਾਂ ਦੇ ਮੁਕੱਦਮੇ ਵਿਚ ਪੁਲਿਸ ਦੇ ਗਵਾਹਾਂ ਨੇ ਆਪਣੇ ਮੂੰਹੋਂ ਮੰਨਿਆ ਕਿ ਇਹ ਚੀਜ਼ਾਂ ਭਾਵੇਂ ਵਰਤਨ ਦੇ ਹੱਕ ਵਿਚ ਕਿਸੇ ਕੰਮ ਦੀਆਂ ਨਾ ਹੋਣ, ਪਰੰਤੂ ਕਿਸੇ ਨੂੰ ਮੁਜਰਮ ਠਹਿਰਾਉਣ ਲਈ ਕਾਫ਼ੀ ਹੁੰਦੀਆਂ ਹਨ।

ਰਾਜ-ਪਲਟਾਊ ਸਾਜ਼ਸ਼ ਸਬੂਤ ਕਰਨ ਲਈ ਹਥਿਆਰ ਹੇਠ ਚਲਾਏ ਗਏ ਸਾਧਾਰਨ ਮੁਕੱਦਮਿਆਂ ਨੂੰ ਪੁਲਿਸ ਅਤੇ ਐਂਗਲੋ-ਇੰਡੀਅਨ ਅਖ਼ਬਾਰਾਂ ਵੱਲੋਂ ਪੁਲੀਟੀਕਲ ਮੁਕੱਦਮੇ ਸਿੱਧ ਕੀਤਾ ਜਾਂਦਾ ਹੈ। ਹੁਣੇ ਜਿਹੇ ਇਕ ਅਜਿਹੇ ਪੁਲੀਟੀਕਲ ਮੁਕੱਦਮੇ ਵਿਚ ਜੋ ਵਾਇਦਾ ਮੁਆਫ਼ ਗਵਾਹ ਬਣਿਆ ਹੈ ਉਹ ਇੱਕ ਪੁਰਾਣਾ ਪੁਲਿਸ ਦਾ ਏਜੰਟ ਹੈ।

ਪਿਛਲੇ ਕੁਝ ਸਾਲਾਂ ਵਿਚ ਨਿਰਸੰਦੇਹ ਪੁਲਿਸ ਵੱਲੋਂ ਮਨਘੜਤ ਰਾਜ-ਪਲਟਾਊ ਲਹਿਰ ਬਣਾਉਣ ਲਈ ਦੱਲੇ (Agents-Provocateuors) ਰੱਖੇ ਜਾਂਦੇ ਰਹੇ ਹਨ ਤਾਂ ਜੋ ਖੁਫੀਆ ਪੁਲਿਸ ਦੇ ਖ਼ਾਸ ਹਿੱਸੇ (Intelligence Branch) ਦੇ ਕਾਇਮ ਰੱਖਣ ਦੀ ਲੋੜ ਸਿੱਧ ਕੀਤੀ ਜਾ ਸਕੇ, ਜਿਸਨੂੰ ਕਿ ਕੁਝ ਸਾਲ ਹੋਏ ਹਨ, ਬੰਗਾਲ ਦੀ ਸਰਕਾਰੀ ਖਰਚ ਘਟਾਊ ਕਮੇਟੀ (Bengal Rerenchment Committee) ਨੇ ਹਟਾ ਦੇਣ ਲਈ ਸ਼ਿਫਾਰਸ਼ ਕੀਤੀ ਸੀ। ਮੈਂ ਇਹ ਬਿਆਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਅਨੁਭਵ ਕਰਕੇ ਲਿਖ ਰਿਹਾ ਹਾਂ ਅਤੇ ਮੈਂ ਜੇ ਇਹ ਦੂਸ਼ਣ ਪੁਲਿਸ ਪਰ ਲਾ ਰਿਹਾ ਹਾਂ, ਇਨ੍ਹਾਂ ਦੀ ਪੜਤਾਲ ਲਈ ਜੇਕਰ ਕੋਈ ਨਿਰਪੱਖ ਕਮੇਟੀ ਨੀਯਤ ਕੀਤੀ ਜਾਵੇ ਅਤੇ ਨਜ਼ਰਬੰਦਾਂ ਅਤੇ ਪਬਲਿਕ ਨੂੰ ਇਸ ਦੇ ਸਾਹਮਣੇ ਸ਼ਹਾਦਤਾਂ ਦੇਣ ਦੀ ਕੋਈ ਰੋਕ-ਟੋਕ ਨਾ ਕੀਤੀ ਜਾਵੇ ਅਤੇ ਪੂਰੀ ਖੁੱਲ੍ਹ ਹੋਵੇ ਤਾਂ ਇਸਦੇ ਸਬੂਤ ਵੀ ਪੇਸ਼ ਕਰਨ ਲਈ ਤਿਆਰ ਹਾਂ ...."

ਸਵਰਗਵਾਸੀ ਸ੍ਰੀ ਯੁਤ ਦੇਸ਼ਬੰਧੂ ਦਾਸ ਜੀ ਨੇ ਵੀ ਬੰਗਾਲ ਕੌਂਸਲ ਵਿਚ ਤਕਰੀਰ ਕਰਦਿਆਂ ਹੋਇਆਂ 23 ਜਨਵਰੀ 1924 ਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਕਿਵੇਂ ਊਲ-ਜਲੂਲ ਇਕੱਠਾ ਕਰਕੇ ਹੀ ਬੰਗਾਲੀ ਦੇਸ਼ ਭਗਤਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਕਿਵੇਂ ਬੇਥਵੇ ਦੂਸ਼ਣ ਲਾਏ ਗਏ ਹਨ। ਆਪਨੇ ਇਹ ਵੀ ਪ੍ਰਗਟ ਕੀਤਾ ਹੈ ਕਿ ਇਹ ਲਹਿਰਾਂ ਦਬਾਊ ਤਰੀਕਿਆਂ ਨਾਲ ਕਦੇ ਦਬਾਈਆਂ ਨਹੀਂ ਜਾ ਸਕਦੀਆਂ ਅਤੇ ਨਾ ਹਿੰਦੋਸਤਾਨ ਵਿਚ ਇਹ ਲਹਿਰ ਇਸ ਤਰ੍ਹਾਂ ਦਬਾਈ ਜਾ ਸਕੇਗੀ। ਹੇਠਾਂ ਆਪ ਜੀ ਦੀ ਕੌਂਸਲ ਦੀ ਸਪੀਚ ਪੂਰੀ ਪੂਰੀ ਦਰਜ ਕੀਤੀ ਜਾਂਦੀ ਹੈ।

“ਸਾਨੂੰ ਇਹ ਸ਼ਿਕਾਇਤ ਨਹੀਂ ਹੈ ਕਿ ਸਰਕਾਰ ਨੇ ਇਨ੍ਹਾਂ ਆਦਮੀਆਂ ਨੂੰ ਬਗ਼ੈਰ ਕੋਈ ਇਤਲਾਹਾਂ ਇਕੱਠੀਆਂ ਕਰਨ ਦੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪਰੰਤੂ ਸਾਡੀ ਸ਼ਿਕਾਇਤ ਇਹ ਹੈ ਕਿ ਇਨ੍ਹਾਂ ਖ਼ਬਰਾਂ ਦੀ ਚੰਗੀ ਤਰ੍ਹਾਂ ਪੜਤਾਲ ਨਹੀਂ ਕੀਤੀ ਗਈ। ਸਾਡੀ ਇਸ ਸ਼ਿਕਾਇਤ ਦੇ ਉੱਤਰ ਵਿਚ ਇਕ ਅੱਖਰ ਵੀ ਨਹੀਂ ਬੋਲਿਆ। ਸਾਨੂੰ ਇਹ ਦੱਸਿਆ ਗਿਆ ਹੈ ਕਿ ਇਸ ਸਬੰਧੀ ਕਈ ਆਦਮੀਆਂ ਨੇ ਬਿਆਨ ਦਿੱਤੇ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਜੋ ਰਿਪੋਰਟਾਂ ਪੁੱਜੀਆਂ ਹਨ ਉਨ੍ਹਾਂ ਪਰ ਸਰਕਾਰ ਨੇ ਵਿਚਾਰ ਕੀਤੀ ਹੈ। ਪਰੰਤੂ ਜੋ ਕੁਝ ਮੈਂ ਪੁਛਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਕੋਈ ਸਰਕਾਰੀ ਅਫ਼ਸਰ ਭਾਵੇਂ ਕਿਤਨਾਂ ਹੀ ਲਾਇਕ ਕਿਉਂ ਨਾ ਹੋਵੇ, ਕਿਸੇ ਬਿਆਨ ਦੇ ਠੀਕ ਹੋਣ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਹੈ, ਜਦੋਂ ਤਕ ਕਿ ਬਿਆਨ ਦੇਣ ਵਾਲੇ ਨੂੰ ਸਾਹਮਣੇ ਸੱਦ ਕੇ ਉਸ ਪਰ ਸਵਾਲ ਨਾ ਕੀਤੇ ਜਾਣ।”