ਸੁਆਦਲੀਆਂ ਕਹਾਣੀਆਂ/੩

ਵਿਕੀਸਰੋਤ ਤੋਂ

ਏਕੇ ਦੀ ਬਰਕਤ

ਕਿਸੇ ਪਿੰਡ ਵਿਚ ਦੋ ਟੱਬਰ ਰਹਿੰਦੇ ਸਨ। ਦੋਵਾਂ ਟੱਬਰਾਂ ਦੇ ਚਾਰ ਚਾਰ ਮੁੰਡੇ ਸਨ। ਦੋਵਾਂ ਟੱਬਰਾਂ ਕੋਲ ਘਟ ਜਾਇਦਾਦ ਸੀ, ਜਿਸ ਕਰਕੇ ਉਨ੍ਹਾਂ ਨੂੰ ਗ਼ਰੀਬੀ ਨੇ ਦਬਿਆ ਹੋਇਆ ਸੀ। ਉਨ੍ਹਾਂ ਵਿਚੋਂ ਇਕ ਟਬਰ ਦਾ ਆਪੋ ਵਿਚ ਬਹੁਤ ਏਕਾ ਸੀ ਅਤੇ ਦੂਜੇ ਟਬਰ ਦਾ ਆਪੋ ਵਿਚ ਏਕਾ ਨਹੀਂ ਸੀ। ਜੇ ਕੋਈ ਇਕ ਦੂਜੇ ਨੂੰ ਕੰਮ ਕਰਨ ਲਈ ਆਖਦਾ ਤਾਂ ਉਹ ਝਟ ਜਵਾਬ ਦੇ ਦਿੰਦਾ ਤੇ ਆਖਦਾ 'ਤੂੰ ਕਰ ਲੈ ਤੇਰੇ ਹਥ ਪੈਰ ਟੁਟੇ ਹੋਏ।

ਇਕ ਦਿਨ ਏਕਾ ਰਖਣ ਵਾਲਾ ਸਾਰਾ ਟੱਬਰ ਘਰੋਂ ਰੁਜ਼ਗਾਰ ਲਭਣ ਲਈ ਨਿਕਲ ਤੁਰਿਆ। ਉਹ ਪਿੰਡੋਂ ਬਹੁਤ ਦੂਰ ਚਲੇ ਗਏ। ਦੂਰ ਜਾਕੇ ਉਨ੍ਹਾਂ ਇਕ ਦਰਖੱਤ ਥਲੇ ਡੇਰਾ ਲਾ ਲਿਆ। ਸ਼ਾਮ ਨੂੰ ਉਨ੍ਹਾਂ ਰੋਟੀ ਪਕਾਣ ਦਾ ਪ੍ਰੋਗਰਾਮ ਬਣਾਇਆ। ਉਸ ਟੱਬਰ ਦੇ ਸਰਦਾਰ ਤਥਾ ਉਨਾਂ ਮੁੰਡਿਆਂ ਦੇ ਪਿਤਾ ਨੇ ਪੁਛਿਆ ਬਈ ਲਕੜਾਂ ਕੌਣ ਲਿਆਵੇਗਾ? 'ਮੈਂ ਜਾਵਾਂਗਾ।' ਵੱਡੇ ਮੁੰਡੇ ਨੇ ਆਖਿਆ।

ਦੂਜਾ ਬੋਲਿਆ 'ਮੈਂ ਹੁਣੇ ਲਿਆਉਂਦਾ ਹਾਂ।'

ਤੀਜਾ ਬੋਲਿਆ 'ਮੈਂ ਜਾਂਦਾ ਹਾਂ।

ਚੌਥਾ ਬੋਲਿਆ 'ਸਾਰੇ ਹੀ ਰਹੋ ਮੈਂ ਲਿਆਂਦਾ ਹਾਂ।'

ਚੌਥਾ ਮੁੰਡਾ ਗਿਆ ਤੇ ਲਕੜਾਂ ਲਿਆਇਆ। ਅੱਗ ਬਾਲ ਲਈ। ਏਵੇਂ ਜਿਕਰ ਬਾਜ਼ਾਰ ਵਿਚੋਂ ਰਸਦ ਲਿਆਉਣ ਲਈ ਇਕ ਦੂਜਾ ਮੂਹਰੇ ਤੋਂ ਮੂਹਰੇ ਗਿਆ। ਉਨ੍ਹਾਂ ਭੋਜਨ ਬਣਾਇਆ ਤੇ ਖਾਧਾ।

ਜਿਸ ਦਰਖਤ ਥੱਲੇ ਉਨ੍ਹਾਂ ਰਿਹਾਇਸ਼ ਰਖੀ ਹੋਈ ਸੀ ਉਸ ਉਤੇ ਇਕ ਚਕਵਾ ਤੇ ਚਕਵੀ ਰਹਿੰਦੇ ਸਨ। ਉਨ੍ਹਾਂ ਲੜਕਿਆਂ ਦੇ ਪਿਤਾ ਨੇ ਆਖਿਆ ਜੇ ਤੁਸੀਂ ਚਕਵਾ ਤੇ ਚਕਵੀ ਨੂੰ ਮਾਰ ਕੇ ਲਿਆਵੋ ਤਾਂ ਠੀਕ ਹੈ। ਉਨ੍ਹਾਂ ਵਿਚ ਹਰ ਇਕ ਦੂਜੇ ਤੋਂ ਅਗੋ ਬ੍ਰਿਛ ਤੇ ਚੜਨ ਦਾ ਯਤਨ ਕੀਤਾ। ਪਰ ਹਾਲੇ ਕੋਈ ਨਹੀਂ ਸੀ ਆਪੋ ਵਿਚ ਇਕ ਦੂਜੇ ਤੋਂ ਅਗੇ ਹੋ ਰਿਹਾ ਸੀ।

ਚਕਵਾ ਤੇ ਚਕਵੀ ਵੀ ਇਸ ਵਾਰਤਾਲਾਪ ਨੂੰ ਗੌਹ ਨਾਲ ਸੁਣ ਰਹੇ ਸਨ। ਚਕਵਾ ਬੋਲਿਆ 'ਹੇ ਮਹਾਰਾਜ! ਤੁਸੀਂ ਉਪਰ ਵੀ ਆਣ ਦਾ ਕਸ਼ਟ ਨਾ ਕਰੋ। ਤੁਸੀਂ ਇਸ ਦਰਖਤ ਦੇ ਹੇਠਾਂ ਥਾਂ ਪਟ ਇਥੇ ਬੇਅੰਤ ਪੈਸਾ ਦਬਿਆ ਹੋਇਆ ਹੈ। ਕੱਢ ਲਵੋ ਤੇ ਆਪਣੀ ਜ਼ਿੰਦਗੀ ਨੂੰ ਚੰਗੀ ਬਣਾਓ। ਉਨ੍ਹਾਂ ਨੇ ਨਾਲ ਦੇ ਸ਼ਹਿਰ ਚੋਂ ਦੋ ਕਹੀਆਂ ਲੈ ਆਂਦੀਆਂ। ਥਾਂ ਪੁਟਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਕਾਫੀ ਥਾਂ ਪਟਿਆ। ਹੇਠੋ ਇਕ ਮੋਹਰਾਂ ਦੀ ਗਾਗਰ ਨਿਕਲ ਆਈ। ਉਨ੍ਹਾਂ ਨੇ ਸਾਰਾ ਧਨ ਆਪਣੇ ਕਬਜੇ ਵਿਚ ਕਰ ਲਿਆ। ਰਾਤ ਕੱਟੀ। ਦਿਨ ਚੜ੍ਹਿਆ। ਉਹ ਵਾਪਸ ਆਪਣੇ ਪਿੰਡ ਨੂੰ ਚੱਲ ਪਏ।

ਉਨ੍ਹਾਂ ਆਣ ਕੇ ਸਾਰਾ ਕਾਰੋਬਾਰ ਚੰਗਾ ਬਣਾ ਲਿਆ। ਹੁਣ ਦੂਜੇ ਟਬਰ ਨੇ ਸੀ ਇਨ੍ਹਾਂ ਦੀ ਰੀਸ ਕਰਨੀ ਚਾਹੀ। ਉਨ੍ਹਾਂ ਨੇ ਪੁਛ ਕੀਤੀ। ਉਨਾਂ ਨੇ ਸਾਰੀ ਕਹਾਣੀ ਜੋ ਦਰਖਤ ਹੇਠ ਬੀਤੀ ਸੀ ਸੁਣਾ ਦਿੱਤੀ।

ਦੂਜੇ ਦਿਨ ਹੀ ਦੂਜੇ ਟੱਬਰ ਨੇ ਵੀ ਖਜਾਨੇ ਦੀ ਭਾਲ ਵਿਚ ਸਫਰ ਕਰਨਾਂ ਸ਼ੁਰੂ ਕਰ ਦਿਤਾ। ਫਿਰਦੇ ਫਿਰਾਂਦੇ ਉਹ ਉਸੇ ਬ੍ਰਿਛ ਹੇਠ ਪੁੱਜ ਗਏ ਜਿਸ ਬ੍ਰਿਛ ਦੀ ਵਾਰਤਾ ਉਨ੍ਹਾਂ ਨੂੰ ਪਹਿਲੇ ਟਬਰ ਨੇ ਦੱਸੀ ਸੀ।

ਚਕਵਾ ਤੇ ਚਕਵੀ ਵੀ ਦਰਖਤ ਉਪਰ ਬੈਠੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਚੁਲਾ ਪੁਛਿਆ। ਫੇਰ ਇਸ ਟਬਰ ਦੇ ਸਰਦਾਰ (ਪਿਤਾ) ਨੇ ਵੱਡੇ ਮੁੰਡੇ ਨੂੰ ਆਖਿਆ 'ਧਰਮਿਆਂ! ਲਕੜਾਂ ਤਾਂ ਲਿਆ।'

'ਮੱਘਰ ਨੂੰ ਭੇਜ ਦੇ ਉਹਦੇ ਨੈਣ ਪਰਾਣ ਟੁੱਟੇ ਹੋਏ ਐ' ਧਰਮੇ ਨੇ ਹਰਖ ਨਾਲ ਉਹਨੂੰ ਆਖ ਦਿਤਾ। ਲੱਕੜਾਂ ਲੈਣ ਕੋਈ ਨਾ ਗਿਆ। ਉਨ੍ਹਾਂ ਦਾ ਪਿਤਾ ਵੀਚਾਰਾ ਆਪ ਉਠਿਆ ਤੇ ਕੁੱਝ ਲਕੜਾਂ ਲੈ ਆਇਆ। ਫੇਰ ਧਰਮੇ ਦੇ ਪਿਤਾ ਨੇ ਸੱਭ ਤੋਂ ਛੋਟੇ ਪੁਤਰ ਨੂੰ ਆਖਿਆ 'ਜਾਹ ਪਾਲਿਆ! ਬਜ਼ਾਰੋਂ ਆਟਾ ਲੈ ਆ।'

'ਮੈਂ ਕੀ ਕਰਾਂ ਮੈਨੂੰ ਤਾਂ ਨੀਂਦ ਆਉਂਦੀ ਐ। ਸਾਰੇ ਦਿਨ ਦੇ ਕੰਮ ਕਰਦੇ ਮਰੇ ਪਏਆਂ।' ਉਸ ਨੇ ਤਲਖ਼ੀ ਨਾਲ ਜਵਾਬ ਦਿਤਾ ਤੇ ਆਪਣੇ ਦੂਜੇ ਭਰਾ ਤੇ ਜੁਮੇਂਵਾਰੀ ਸੁਟਦੇ ਨੇ ਕਿਹਾ। ਕਿਰਪਾਲ ਨੂੰ ਭੇਜ ਦੇ।'

ਬੁੱਢਾ ਵੀਚਾਰਾ ਚੁੱਪ ਕਰਕੇ ਬੈਠ ਗਿਆ। ਕੁਝ ਚਿਰ ਪਿਛੋਂ ਉਠਿਆ ਤੇ ਉਹ ਆਪ ਹੀ ਬਾਜ਼ਾਰ ਨੂੰ ਗਿਆ ਤੇ ਜਾਕੇ ਆਟਾ ਲੈ ਕੇ ਆਇਆ। ਉਸ ਦੇ ਸਾਰੇ ਪੁੱਤਰ ਮੌਜਾਂ ਨਾਲ ਆਪੋ ਆਪਣੇ ਬਿਸਤਰਿਆਂ ਵਿਚ ਲੇਟੇ ਰਹੇ। ਬੁੱਢੇ ਨੇ ਰੋਟੀ ਪਕਾਈ। ਤੇ ਸਾਰਿਆਂ ਨੇ ਖਾ ਲਈ। ਆਖੀਰ ਅੱਧੀ ਰਾਤ ਹੋਈ।

ਬੁੱਢੇ ਨੇ ਆਪਣੇ ਪੁੱਤਰਾਂ ਨੂੰ ਕਿਹਾ 'ਕਿਰਪਾਲਿਆ ਲਿਆਓ ਕਹੀਆਂ 'ਮੱਘਰਾਂ ਤੂੰ ਬ੍ਰਿਛ ਤੇ ਚੜ੍ਹ। ਇਸ ਜਾਨਵਰ ਨੂੰ ਮਾਰ ਲੈ।'

ਖੱਸਮਾਂ ਨੂੰ ਖਾਵੇ ਜਾਨਵਰ ਜੇ ਡਿਗਪੇ ਤਾਂ ਲੱਤ ਟੁੱਟ ਜੂ। ਮੱਘਰ ਬੋਲਿਆ 'ਧਰਮਾਂ ਚੜ੍ਹ ਜਾਵੇ।

ਇਸ ਤਰ੍ਹਾਂ ਬੁੱਢੇ ਨੇ ਆਪਣੇ ਸਾਰੇ ਪੁਤਰਾਂ ਨੂੰ ਅਜ਼ਮਾ ਲਿਆ। ਅਖੀਰ ਬੁਢੇ ਨੇ ਰਸੀ ਵਟਣੀ ਸ਼ੁਰੂ ਕਰ ਦਿੱਤੀ ਚਕਵਾ ਬੋਲਿਆ ਭਗਤਾ ਇਹ ਰੱਸੀ ਕੀ ਕਰਨੀ ਐਂ।'

'ਤੈਨੂੰ ਖਾਵਾਂਗੇ ਨਾ ਏਸ ਨਾਲ ਫੜਕੇ।' ਬੁਢੇ ਨੇ ਚਕਵੇਂ ਨੂੰ ਧਮਕੀ ਦਿੰਦਿਆਂ ਆਖਿਆ।

ਚਕਵਾ ਬੋਲਿਆ 'ਭੋਲਿਆ ਬਾਬਾ ਤੈਨੂੰ ਕੋਈ ਬੇਰਾਂ ਵੱਟੇ ਤਾਂ ਸਿਆਣਦਾ ਨਹੀਂ। ਏਕਾ ਤੇਰੇ ਘਰ ਵਿੱਚ ਨਹੀਂ। ਤੂੰ ਮੇਰਾ ਕੀ ਕਰ ਲਵੇਗਾ। ਤੁਹਾਡੇ ਲਈ ਏਥੇ ਕੁੱਛ ਨਹੀਂ। ਚੁਪ ਕਰਕੇ ਆਪਣੇ ਘਰ ਨੂੰ ਜਾਓ। ਲਿਜਾਣ ਵਾਲੇ ਸੱਭ ਲੈ ਗਏ ਜਿਨ੍ਹਾਂ ਵਿੱਚ ਏਕਾ ਸੀ।

ਬੁਢਾ ਉਥੋਂ ਉਠ ਕੇ ਆਪਣੇ ਪਿੰਡ ਦੇ ਰਾਹ ਪੈ ਗਿਆ। ਤੇ ਉਸਦੇ ਮੁੰਡੇ ਹੋਰ ਰਾਹਾਂ ਨੂੰ ਪੈਕੇ ਤੁਰ ਗਏ। ਪ੍ਰੰਤੂ ਪਹਿਲੇ ਘਰ ਏਕਾ ਸੀ ਉਹ ਦਿਨ ਦੂਨੀ ਤੇ ਰਾਤ ਚੌਗਨੀ ਤਰੱਕੀ ਕਰਦਾ ਰਿਹਾ ਸੱਚ ਹੈ 'ਏਕੇ ਵਿੱਚ ਬੱਰਕਤ'।