ਸਮੱਗਰੀ 'ਤੇ ਜਾਓ

ਸੱਤਾਸ਼ਾਲੀ ਅਤੇ ਹਾਸ਼ੀਆਗਤ ਪਛਾਣਾਂ ਦੀ ਘਾੜ੍ਹਤ

ਵਿਕੀਸਰੋਤ ਤੋਂ
ਸੱਤਾਸ਼ਾਲੀ ਅਤੇ ਹਾਸ਼ੀਆਗਤ ਪਛਾਣਾਂ ਦੀ ਘਾੜ੍ਹਤ (2023)
 ਸਤਦੀਪ ਗਿੱਲ
65899ਸੱਤਾਸ਼ਾਲੀ ਅਤੇ ਹਾਸ਼ੀਆਗਤ ਪਛਾਣਾਂ ਦੀ ਘਾੜ੍ਹਤ2023ਸਤਦੀਪ ਗਿੱਲ

ਸੱਤਾਸ਼ਾਲੀ ਅਤੇ ਹਾਸ਼ੀਆਗਤ ਪਛਾਣਾਂ ਦੀ ਘਾੜ੍ਹਤ


ਇਹ ਲੇਖ ਜੁਲਾਈ-ਅਗਸਤ 2020 ਵਿੱਚ ਲਿਖਿਆ ਗਿਆ ਸੀ ਤੇ ਪਿਛਲੇ ਦੋ ਸਾਲਾਂ ਦੋਰਾਂਨ ਆਏ ਗੀਤਾਂ ਦਾ ਅਧਿਐਨ ਇਸ ਵਿੱਚ ਸ਼ਾਮਲ ਨਹੀਂ ਹੈ। ਮਸਲਨ ਇਸ ਵਿੱਚ ਸਿੱਧ ਮੁਸੇਵਾਲੇ ਦੀ ਇੱਕ ਤਰਫ਼ਾ ਤਸਵੀਰ ਹੀ ਉੱਭਰਦੀ ਹੈ ਜਦ ਕਿ ਪਿਛਲੇ ਸਾਲਾਂ ਵਿੱਚ 295 ਵਰਗੇ ਗੀਤਾਂ ਵਿੱਚ ਉਹ ਰੈਪ ਰਾਹੀਂ ਆਪਣੇ ਸੰਘਰਸ਼ ਦੀ ਬਾਤ ਪਾਉਂਦਾ ਹੈ। ਪਰ ਪੰਜਾਬੀ ਰੈਪ ਤੇ ਸਮੁੱਚੇ ਪਾਪੂਲਰ ਕਲਚਰ ਵਿੱਚ ਹਾਲੇ ਵੀ ਹਾਸ਼ੀਆਗਤ ਧਿਰਾਂ ਦੀ ਬਾਤ ਪਾਉਣ ਵਾਲੇ ਕਲਾਕਾਰਾਂ ਦੀ ਘਾਟ ਮਹਿਸੂਸ ਹੁੰਦੀ ਹੈ।

"ਪਾਪੂਲਰ ਕਲਚਰ ਉਹ ਥਾਂ ਹੈ, ਜਿੱਥੇ ਕਾਬਜ਼ ਅਤੇ ਅਧੀਨ ਸਮੂਹਾਂ ਦੇ ਰੋਜ਼ਮਰਾ ਦੇ ਸੰਘਰਸ਼ ਲੜੇ, ਜਿੱਤੇ ਅਤੇ ਹਾਰੇ ਜਾਂਦੇ ਹਨ।”
ਸਟੁਅਰਟ ਹਾਲ

ਕਾਬਜ਼ ਜਮਾਤਾਂ ਦੇ ਖ਼ਿਲਾਫ਼ ਗੁੱਸਾ ਅਮਰੀਕੀ ਰੈਪ ਦੇ ਇਤਿਹਾਸ ਵਿਚ ਆਮ ਦੇਖਣ ਨੂੰ ਮਿਲਦਾ ਹੈ, ਉਸੇ ਤਰ੍ਹਾਂ ਦਾ ਗੁੱਸਾ ਪੰਜਾਬੀ ਵਿਚ ਜੱਟਵਾਦ ਖ਼ਿਲਾਫ਼ ਪਹਿਲੀ ਵਾਰ 'ਪਾਤਾਲ ਲੋਕ' (ਪਰਾਇਮ ਵੀਡੀਓ ਦੀ ਵੈਬ ਸੀਰੀਜ਼) ਵਿਚ ਵੇਖਣ ਨੂੰ ਮਿਲਿਆ। ਗਾਇਕ ਪ੍ਰਭ ਦੀਪ ਦੇ ਰੈਪ "ਤੂਫ਼ਾਨ ਮੈਂ" ਦੇ ਸ਼ੁਰੂਆਤੀ ਬੋਲ ਕੁਝ ਇਸ ਤਰ੍ਹਾਂ ਹਨ:

"ਪਹਿਲਾਂ ਜੋੜੇ ਹੋਏ ਹੱਥ, ਹੁਣ ਖੋਲ੍ਹਤੇ ਨੇ ਮੈਂ
ਜਿਹੜੇ ਚੁੱਕੇ ਹੋਏ ਹੱਥ ਸੀ ਤੋੜਤੇ ਨੇ ਮੈਂ
ਵੇਖ ਮੋੜ ਤੇ ਵੇ ਕੌਣ ਖੜ੍ਹਾ ਪਿਉ ਤੇਰਾ
ਪਹਿਲਾਂ ਡਰਦਾ ਸੀ ਹੁਣ ਬਣਿਆ ਪਿਉ ਤੇਰਾ
ਜਾਤ-ਪਾਤ ਮੇਰੇ ** 'ਤੇ
ਤੈਨੂੰ ਕੁੱਟਣ ਦਾ ਅੱਜ ਮੈਨੂੰ ਮਨ ਵੇ
ਭੱਜ ਸਾਲੇ ਭੱਜ ਕਿੱਥੇ ਤੱਕ ਭੱਜੇਂਗਾ
ਤੈਨੂੰ ਫੜਨ ਆਲਾ ਬੈਠਾ ਅੱਗੇ ਪਿਉ ਤੇਰਾ"

(ਤੂਫ਼ਾਨ ਮੈਂ - ਪ੍ਰਭ ਦੀਪ)

ਦਿਲਚਸਪ ਗੱਲ ਇਹ ਹੈ ਕਿ 'ਪਾਤਾਲ ਲੋਕ' ਰੀਲੀਜ਼ ਹੋਣ ਤੋਂ ਮਹੀਨੇ ਦੇ ਅੰਦਰ-ਅੰਦਰ ਹੀ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਸਾਂਝਾ ਗਾਣਾ ਆ ਜਾਂਦਾ ਹੈ- "ਬੰਬੀਹਾ ਬੋਲੇ"। ਭਾਵੇਂ

ਸਾਫ਼-ਸਾਫ਼ ਨਹੀਂ ਕਿਹਾ ਗਿਆ, ਪਰ ਵੀਡੀਓ ਵਿਚਲੇ ਅਖਬਾਰ ਦੇ ਕਲਿੱਪ ਨੂੰ ਜੇ ਧਿਆਨ ਨਾਲ ਦੇਖੀਏ ਤਾਂ ਇਹ ਗਾਣਾ 'ਪਾਤਾਲ ਲੋਕ' ਅਤੇ ਖ਼ਾਸ ਕਰਕੇ ਉਸ ਵਿਚਲੇ ਰੈਪ ਦਾ ਜੱਟਵਾਦੀ ਜਵਾਬ ਲੱਗਦਾ ਹੈ। ਬੋਲ ਕੁਝ ਇਸ ਤਰ੍ਹਾਂ ਹਨ:

"ਦੁਨੀਆਂ ਵੇਖ-ਵੇਖ ਕੇ ਡਰਦੀ
ਜੱਟ ਦੀ ਮੁੱਛ ਡਬਲਿਊ ਵਰਗੀ
...
ਸਰਕਾਰੀ ਨੋਟਸ ਵਰਗਾ ਰੁਤਬਾ
ਬੱਲੀਏ ਜੱਟ ਦੇ ਸਾਈਨਾਂ ਦਾ
...
ਨਾਮ ਤਾਰੇ ਵਾਂਗੂੰ ਚਮਕੇ
ਜਿੱਥੇ ਖੜ੍ਹ ਜਾਂਦਾ ਏ ਜੰਮਕੇ
ਵੈਰੀ ਦੀ ਲਾਸ਼ ਡਿੱਗੀ 'ਚੋਂ ਲਮਕੇ
...
ਤਿੰਨੇ ਯਾਰ ਬਣਾਈ ਫਿਰਦਾ,
SHO, SSP, DC
ਨੀ ਬੰਬੀਹਾ ਬੋਲੇ, ਬੋਲੇ ਨੀ ਬੰਬੀਹਾ ਬੋਲੇ"

(ਬੰਬੀਹਾ ਬੋਲੇ - ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ)

ਪੰਨਾ 1

ਵੀਡੀਓ ਵਿਚ ਪੁਲਿਸ ਕਸਟੱਡੀ ਵਿੱਚੋਂ ਤਿੰਨ ਬਲਾਤਕਾਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਵਾਰ-ਵਾਰ ਦਿਖਾਈ ਜਾਂਦੀ ਹੈ ਅਤੇ ਵੀਡੀਓ ਵਿਚਲੇ ਜੱਟ ਖੁਦ ਇਨਸਾਫ਼ ਕਰਦੇ ਦਿਖਾਈ ਦਿੰਦੇ ਹਨ। ਜਿੱਥੇ "ਤੂਫ਼ਾਨ ਮੈਂ" ਕਥਿੱਤ ਤੌਰ 'ਤੇ ਹਾਸ਼ੀਆਗਤ ਜਾਤਾਂ ਦੇ ਸਵੈਮਾਨ ਦੇ ਸਵਾਲ ਨੂੰ ਮੁਖਾਤਬ ਹੈ, ਉਥੇ "ਬੰਬੀਹਾ ਬੋਲੇ" ਪੰਜਾਬ ਦੀ ਸਮਾਜਕ ਪਰੰਪਰਾ ਵਿਚ ਜੱਟ ਦੇ ਕਾਬਜ਼ ਹੋਣ ਦੀ ਸਥਿਤੀ ਨੂੰ ਬਣਾਈ ਰੱਖਣ ਦੀ ਕਸ਼ਮਕਸ਼ ਨੂੰ ਜ਼ੁਬਾਨ ਦਿੰਦਾ ਪ੍ਰਤੀਤ ਹੁੰਦਾ ਹੈ। ਇਸ ਗਾਣੇ ਰਾਹੀਂ ਜੱਟਾਂ ਦੀ ਪੰਜਾਬ ਦੇ ਸਮਾਜਕ ਤਾਣੇ-ਬਾਣੇ, ਪੁਲਿਸ, ਰਾਜਨੀਤੀ ਆਦਿ ਉੱਤੇ ਕਾਬਜ਼ ਸਥਿਤੀ ਨੂੰ ਰੂਪਮਾਨ ਕੀਤਾ ਗਿਆ ਹੈ। ਜ਼ਾਹਰ ਤੌਰ 'ਤੇ ਇਹ ਰੈਪ ਕਬੀਲਾਈ ਸਭਿਆਚਾਰਾਂ ਵਾਂਗ ਸਾਰੇ ਕਾਨੂੰਨਾਂ ਤੋਂ ਉਪਰ ਉਠ ਕੇ ਖੁਦ ਇਨਸਾਫ਼ ਕਰਨ ਦੀ ਪ੍ਰਵਿਰਤੀ ਨੂੰ ਰੂਪਮਾਨ ਕਰਦਾ ਹੈ। ਦੂਜੇ ਪਾਸੇ ਇਸ ਦਾ ਇਕ ਛਿਪਿਆ ਪੱਖ ਵੀ ਹੈ, ਜਿਸ ਰਾਹੀਂ ਇਹ ਗੀਤ "ਤੂਫ਼ਾਨ ਮੈਂ" ਦੇ ਨੀਵੀਂ ਜਾਤ ਨਾਲ ਸਬੰਧਤ ਪਾਤਰ ਵੱਲੋਂ ਛੇੜੀ ਚਰਚਾ ਦਾ ਜਵਾਬ ਹੈ ਕਿ ਜਾਤ-ਪਾਤ ਨੂੰ ਖ਼ਤਮ ਕਰਨ ਦੇ ਆਪਣੇ ਖਿਆਲਾਂ ਨੂੰ ਉਹ ਭੁਲਾ ਦੇਵੇ।

ਇਹ ਦੋਵੇਂ ਗੀਤ ਪੰਜਾਬ ਵਿਚ ਕਥਿਤ ਨਿਮਨ ਜਾਤਾਂ ਭਾਵ ਬੇਜ਼ਮੀਨਿਆਂ ਅਤੇ ਜੱਟਾਂ ਭਾਵ ਜ਼ਿੰਮੀਂਦਾਰਾਂ ਵਿਚਲੇ ਹਕੀਕੀ ਤਕਰਾਰ ਦੀ ਜ਼ਮੀਨੀ ਸਥਿਤੀ ਅਤੇ ਜਾਤੀਵਾਦੀ ਗੁੰਝਲਾਂ ਤੋਂ ਵੀ ਜਾਣੂ ਕਰਵਾਉਂਦੇ ਹਨ। ਪੰਜਾਬ ਬਾਰੇ ਪ੍ਰਚਿਲਤ ਬਿਆਨੀਏ ਵਿਚ ਜਾਤੀਗਤ ਗੌਰਵ ਅਤੇ ਜਾਤ ਦੇ ਨਾਂ ਉਤੇ ਮੌਜੂਦ ਦਰਜਾਬੰਦੀ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਜਾਤੀਗਤ ਵਿਤਕਰੇ ਨੂੰ ਬਾਕੀ ਉਤਰ ਭਾਰਤੀ ਰਾਜਾਂ ਦੇ ਸਿਰ ਮੜ੍ਹ ਕੇ ਪੰਜਾਬ ਖੁਦ ਨੂੰ ਇਸ ਪੱਖ ਤੋਂ ਸੁਰਖੁਰੂ ਮਹਿਸੂਸ ਕਰਦਾ ਹੈ। ਜਦਕਿ ਹਕੀਕਤ ਵਿਚ ਅਜਿਹਾ ਨਹੀਂ ਹੈ। ਜਿਥੇ ਵੀ ਦੋਵਾਂ ਸਮੂਹਾਂ ਦੇ ਜਮਾਤੀ ਹਿੱਤ ਟਕਰਾਉਂਦੇ ਹਨ, ਜਾਤੀਗਤ ਦਰਜਾਬੰਦੀ ਸਾਹਮਣੇ ਆ ਜਾਂਦੀ ਹੈ। ਇਸਦੀ ਸਮਕਾਲੀ ਉਦਾਹਰਣ ਪਿਛਲੇ ਦਿਨੀਂ ਝੋਨੇ ਦੀ ਲਵਾਈ ਸਮੇਂ ਦੋਵਾਂ ਧਿਰਾਂ ਵਿਚਕਾਰ ਹੋਇਆ ਤਣਾਅ ਹੈ। ਕੋਰੋਨਾ ਦੇ ਚਲਦਿਆਂ ਲੋਕਲ ਮਜ਼ਦੂਰਾਂ ਦੀ ਮੰਗ ਵਧਣ ਉੱਤੇ ਜਦ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਲਈ ਆਪਣੀ ਮੰਗ ਰੱਖੀ ਤਾਂ ਕੁੱਝ ਪਿੰਡਾਂ ਵਿਚ ਕਿਸਾਨਾਂ ਨੇ ਗੁਰਦੁਆਰਿਆਂ ਦੇ ਸਪੀਕਰਾਂ ਤੋਂ ਮਜ਼ਦੂਰਾਂ ਖ਼ਿਲਾਫ਼ ਮਤੇ ਪਾਸ ਕੀਤੇ ਤੇ ਆਪਣੇ ਵੱਲੋਂ ਰੇਟ ਤੈਅ ਕੀਤੇ। ਜ਼ਿਮੀਂਦਾਰਾਂ ਖ਼ਿਲਾਫ਼ ਮਜ਼ਦੂਰਾਂ ਦੀ ਆਵਾਜ਼ 'ਪਾਤਾਲ ਲੋਕ' ਵਿਚਲੇ ਰੈਪ ਵਾਂਗੂੰ ਬੁਲੰਦ ਹੋਣ ਲੱਗਦੀ ਹੈ ਤਾਂ ਕਿਸਾਨਾਂ/ਜੱਟ ਗਾਇਕਾਂ ਦੀ ਜੋੜੀ (ਸਿੱਧੂ ਤੇ ਮਾਨ) ਉਨ੍ਹਾਂ ਨੂੰ ਜਵਾਬ ਦਿੰਦੀ ਹੈ, "ਤਿੰਨੇ ਯਾਰ ਬਣਾਈ ਫਿਰਦਾ SHO, SSP, DC"। ਕਾਬਜ਼ ਧਿਰ ਆਪਣੇ ਕਾਬਜ਼ ਹੋਣ ਦਾ ਪ੍ਰਮਾਣ ਦਿੰਦੀ ਹੈ ਤੇ ਇਸਨੂੰ ਨਾ ਕਬੂਲਣ ਵਾਲਿਆਂ ਨੂੰ ਸਮਾਜ ਤੋਂ ਛੇਕੇ ਜਾਣ ਦਾ ਡਰ ਵੀ।

ਵੈਸੇ ਤਾਂ ਲਗਭਗ ਸਾਰੇ ਹੀ ਪੰਜਾਬੀ ਪਾਪੂਲਰ ਕਲਚਰ ਵਿਚ ਜੱਟ ਅਤੇ ਜੱਟਵਾਦ ਦਾ ਬੋਲਬਾਲਾ ਹੈ ਪਰ "ਤੁਫ਼ਾਨ ਮੈਂ" ਵਰਗੇ ਰੈਪ ਸੁਣ ਕੇ ਅਮਰੀਕਾ ਦੇ ਮੁਢਲੇ ਦੌਰ ਦੇ ਰੈਪ ਦੀ ਯਾਦ ਆਉਂਦੀ ਹੈ। ਹਿਪ-ਹੌਪ (ਰੈਪ) ਸੰਗੀਤ 1970ਵਿਆਂ ਦੋਰਾਂਨ ਨਿਊਯਾਰਕ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਸ਼ੁਰੂ

alt= ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ

ਹੋਇਆ। ਇਹ ਹਾਸ਼ੀਆਗਤ, ਖ਼ਾਸ ਕਰਕੇ ਲਾਤੀਨੀ ਅਮਰੀਕੀ ਅਤੇ ਕੈਰੀਬਿਆਈ ਅਮਰੀਕੀਆਂ ਵੱਲੋਂ ਵਰਤਿਆ ਜਾਣਾ ਸ਼ੁਰੂ ਹੋਇਆ ਅਤੇ ਸਟੇਟ ਤੇ ਨਸਲਵਾਦ ਪ੍ਰਤੀ ਉਨ੍ਹਾਂ ਦੇ ਰੋਸ ਦੇ ਪ੍ਰਗਟਾਵੇ ਦਾ ਇੱਕ ਸਾਧਨ ਬਣਿਆ। ਫਿਰ ਇਹ ਅਮਰੀਕਾ ਦੇ ਹੋਰ ਖੇਤਰਾਂ ਅਤੇ ਦੁਨੀਆ ਭਰ ਵਿਚ ਫੈਲਿਆ।

ਅਮਰੀਕਾ ਵਿਚ ਲਾਤੀਨੀ ਅਮਰੀਕੀਆਂ ਅਤੇ ਕਾਲ਼ਿਆਂ ਨਾਲ ਹੋਣ ਵਾਲੇ ਨਸਲੀ ਵਿਤਕਰੇ ਦਾ ਇਤਿਹਾਸ 500 ਤੋਂ ਵੱਧ ਸਾਲ ਪੁਰਾਣਾ ਹੈ। ਇਸ ਸ਼ੋਸ਼ਣ ਦਾ ਆਗਾਜ਼ ਉਸ ਸਮੇਂ ਹੋਇਆ ਜਦੋਂ ਯੂਰਪੀ ਮੁਲਕਾਂ ਨੇ ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਵਿਚ ਬਸਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਇਨ੍ਹਾਂ ਬਸਤੀਆ ਨੂੰ ਆਰਥਕ ਤੇ ਸਿਆਸੀ ਤੌਰ 'ਤੇ ਆਪਣੇ ਕਬਜ਼ੇ ਹੇਠ ਕਰ ਲਿਆ। ਸੰਯੁਕਤ ਰਾਜ ਅਮਰੀਕਾ ਦੀਆਂ ਤਾਂ ਨੀਹਾਂ ਹੀ ਗ਼ੁਲਾਮੀ ਦੇ ਕਾਰੋਬਾਰ ਉੱਤੇ ਰੱਖੀਆਂ ਗਈਆਂ ਹਨ। ਅਠਾਰਵੀਂ ਸਦੀ ਦੇ ਅੱਧ ਵਿਚ ਰੰਮ ਦੇ ਭਰੇ ਬੈਰਲ ਮੌਜੂਦਾ ਸੰਯੁਕਤ ਰਾਜ ਅਮਰੀਕਾ ਦੇ ਸ਼ਹਿਰਾਂ ਜਿਵੇਂ ਬੌਸਟਨ ਤੋਂ ਅਫ਼ਰੀਕਾ ਪਹੁੰਚਦੇ। ਉੱਥੇ ਰੰਮ ਬਦਲੇ ਗ਼ੁਲਾਮ ਖ਼ਰੀਦੇ ਜਾਂਦੇ, ਫਿਰ ਗ਼ੁਲਾਮ ਨੂੰ ਕੈਰੀਬਿਆਈ ਟਾਪੂਆਂ ਉੱਤੇ ਵੇਚਿਆ ਜਾਂਦਾ, ਜਿਸਦੇ ਬਦਲੇ ਗੰਨੇ ਦਾ ਸੀਰਾ ਖ਼ਰੀਦਿਆ ਜਾਂਦਾ। ਫਿਰ ਇਸ ਸੀਰੇ ਨਾਲ ਮੈਸਾਚੂਸਟਸ ਵਰਗੇ ਸ਼ਹਿਰਾਂ ਵਿਚ ਰੰਮ ਤਿਆਰ ਕੀਤੀ ਜਾਂਦੀ। ਗ਼ੁਲਾਮਾਂ ਦੇ ਇਸ ਕਾਰੋਬਾਰ ਨਾਲ ਬਣੀ ਪੂੰਜੀ ਦੇ ਨਾਲ ਹੀ ਬ੍ਰਾਊਨ ਭਰਾਵਾਂ ਨੇ ਜਾਰਜ ਵਾਸ਼ਿੰਗਟਨ ਨੂੰ ਅਮਰੀਕੀ ਕ੍ਰਾਂਤੀ ਲਈ ਬੰਦੂਕਾਂ ਲੈ ਕੇ ਦਿੱਤੀਆਂ।

ਸੰਯੁਕਤ ਰਾਜ ਅਮਰੀਕਾ ਦੀ ਸਥਾਪਤੀ 1776 ਵਿਚ ਹੋਈ ਅਤੇ ਉਦੋਂ ਤੋਂ ਲੈ ਕੇ 1865 ਤੱਕ ਗ਼ੁਲਾਮਦਾਰੀ ਨੂੰ ਕਾਨੂੰਨੀ ਪ੍ਰਵਾਨਗੀ ਹਾਸਲ ਸੀ। 1865 ਵਿਚ ਗ਼ੁਲਾਮਦਾਰੀ ਪ੍ਰਥਾ ਨੂੰ ਗ਼ੈਰਕਨੂੰਨੀ ਐਲਾਨਿਆਂ ਗਿਆ। ਬੇਸ਼ੱਕ ਕਾਨੂੰਨ ਦੀਆਂ ਨਜ਼ਰਾਂ ਵਿਚ ਗ਼ੁਲਾਮਦਾਰੀ ਪ੍ਰਥਾ ਮੁੱਕ ਗਈ, ਪਰ ਇਹ ਅਸਿੱਧੇ ਤੌਰ ਦੇ ਉੱਤੇ ਚੱਲਦੀ ਰਹੀ। ਇਸ ਮੁਤੱਲਕ ਡਗਲਸ ਬਲੈਕਮੋਨ ਦੀ ਕਿਤਾਬ "ਸਲੇਵਰੀ ਬਾਏ ਅਨਦਰ ਨੇਮ" ਜ਼ਿਕਰਯੋਗ ਹੈ, ਜਿਸ

ਪੰਨਾ 2

alt= ਟੂਪਾਕ ਆਮਾਰੂ ਸ਼ਾਕੁਰ

ਟੂਪਾਕ ਆਮਾਰੂ ਸ਼ਾਕੁਰ

ਵਿਚ ਉਹ ਦੱਸਦਾ ਹੈ ਕਿ ਕਿਵੇਂ ਅਮਰੀਕੀ ਸਿਵਲ ਜੰਗ ਤੋਂ ਲੈ ਕੇ ਦੂਜੀ ਵਿਸ਼ਵ ਜੰਗ ਤੱਕ ਕਾਲ਼ੇ ਅਮਰੀਕੀਆਂ ਨੂੰ ਅਸਿੱਧੇ ਤੌਰ ਉੱਤੇ ਗ਼ੁਲਾਮ ਬਣਾਈ ਰੱਖਿਆ ਗਿਆ।

ਮੁਢਲੇ ਦੌਰ ਦੇ ਅਮਰੀਕੀ ਰੈਪ ਦੀ ਮਿਸਾਲ ਵਜੋਂ N.W.A. ਸਮੂਹ ਦਾ 1988 ਵਿਚ ਆਇਆ ਰੈਪ ਗਾਣਾ "Fuck tha Police" ਸੁਣਿਆ ਜਾ ਸਕਦਾ ਹੈ। ਇਸ ਵਿਚ ਅਮਰੀਕੀ ਪੁਲਿਸ ਵੱਲੋਂ ਕਾਲ਼ੇ ਅਮਰੀਕੀਆਂ ਦੇ ਕੀਤੇ ਕਤਲਾਂ ਅਤੇ ਨਸਲੀ ਵਿਤਕਰੇ ਖ਼ਿਲਾਫ਼ ਪੁਲਿਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ। ਦੁੱਖ ਦੀ ਗੱਲ ਇਹ ਹੈ ਕਿ ਇਸ ਗਾਣੇ ਤੋਂ ਤਿੰਨ ਦਹਾਕੇ ਬਾਅਦ ਵੀ ਇਹ ਵਿਤਕਰਾ ਜਾਰੀ ਹੈ। ਪਿਛਲੇ ਦਿਨੀਂ ਅਮਰੀਕੀ ਪੁਲਿਸ ਵੱਲੋਂ ਜੌਰਜ ਫ਼ਲਾਇਡ ਦਾ ਕਤਲ ਅਤੇ ਉਸ ਤੋਂ ਬਾਅਦ ਹੋਏ ਹਿੰਸਕ ਮੁਜ਼ਾਹਰੇ ਇਸ ਦਾ ਸਭ ਤੋਂ ਵੱਡਾ ਸਬੂਤ ਹਨ।

ਦੁਨੀਆ ਦੇ ਸਭ ਤੋਂ ਮਸ਼ਹੂਰ ਰੈਪਰਾਂ ਵਿਚੋਂ ਇੱਕ "ਟੂਪਾਕ ਆਮਾਰੂ ਸ਼ਾਕੁਰ" (2pac) ਦਾ ਨਾਂ ਤੂਪਾਕ ਆਮਾਰੂ ਦੂਜੇ ਦੇ ਨਾਂ ਉੱਤੇ ਰੱਖਿਆ ਗਿਆ ਸੀ ਜੋ 18ਵੀਂ ਸਦੀ ਵਿਚ ਪੇਰੂ ਵਿਚ ਸਪੇਨੀ ਬਸਤੀਵਾਦੀਆਂ ਖ਼ਿਲਾਫ਼ ਹੋਏ ਵਿਦਰੋਹ ਦਾ ਮੋਹਰੀ ਸੀ। ਬਿਲਕੁਲ ਉਸੇ ਤਰ੍ਹਾਂ ਟੂਪਾਕ ਨੇ ਆਪਣੇ ਰੈਪ ਗੀਤਾਂ ਵਿਚ ਨਸਲਵਾਦ, ਜੰਗ, ਹਿੰਸਾ, ਨਸ਼ਿਆਂ ਅਤੇ ਪੁਲਿਸ ਖ਼ਿਲਾਫ ਆਵਾਜ਼ ਉਠਾ ਕੇ ਵੱਡਾ ਯੋਗਦਾਨ ਪਾਇਆ। ਉਸਦੇ ਗੀਤ "ਚੇਂਜਿਜ਼" ਦੇ ਬੋਲ ਇਸ ਤਰ੍ਹਾਂ ਹਨ:

I see no changes wake up in the morning
and I ask myself
Is life worth living should I blast myself?
I'm tired of bein' poor
and even worse I'm black

...
I see no changes all I see is racist faces
Misplaced hate makes disgrace to races

(Changes - 2pac)

ਦਿਲਚਸਪ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਆਪ ਨੂੰ ਟੂਪਾਕ ਦਾ ਫੈਨ ਕਹਿੰਦਾ ਹੈ। ਮਿਸਾਲ ਵਜੋਂ ਉਸਦੇ ਇੱਕ ਗੀਤ ਦੇ ਇਨ੍ਹਾਂ ਬੋਲਾਂ ਨੂੰ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਉਹ ਟੂਪਾਕ ਦਾ ਜ਼ਿਕਰ ਕਰਦਾ ਹੈ। ਜਦਕਿ ਹਕੀਕਤ ਇਹ ਹੈ ਕਿ ਉਸਦੇ ਰੈਪ ਯਥਾ ਸਥਿਤੀ ਨੂੰ ਵੰਗਾਰਨ ਦੀ ਥਾਂ ਜ਼ਿਆਦਾ ਸਥਾਪਤ ਕਰਦੇ ਹਨ।

"ਸਿੱਧੂ ਮੂਸੇਵਾਲਾ ਸੁਣ ਨਾਮ ਜੱਟ ਦਾ
ਟੂਪਾਕ ਨਾਲ਼ ਮਿਲਦੀ ਐ ਰਾਸ਼ੀ ਮਿੱਠਿਆ
ਟੋਰਾਂਟੋ 'ਚ ਬਰੂਦੀ ਕਰਾਂ ਗੀਤਕਾਰੀਆਂ
ਤੇ ਬੈਕ ਹੋਮ ਕੀਤੀ ਬਦਮਾਸ਼ੀ ਮਿੱਠਿਆ।"

(ਹੋਮੀਸਾਈਡ - ਸਿੱਧੂ ਮੂਸੇ ਵਾਲਾ)

ਅਮਰੀਕੀ ਰੈਪ ਵੱਲ ਪਰਤੀਏ ਤਾਂ ਬਾਅਦ ਦਿਆਂ ਸਾਲਾਂ ਵਿਚ ਅਮਰੀਕੀ ਰੂਪ ਵਿਚ ਹਿੰਸਾ, ਸੈਕਸ ਅਤੇ ਨਸ਼ਾ ਭਾਰੂ ਹੁੰਦੇ ਗਏ। ਇਸਨੂੰ ਇੱਕ ਤਰ੍ਹਾਂ ਨਾਲ ਅਮਰੀਕੀ ਰੈਪ ਦਾ ਅਗਲਾ ਪੜਾਅ ਕਿਹਾ ਜਾ ਸਕਦਾ ਹੈ। ਲੋਕਾਂ ਵਿਚ ਜਦੋਂ ਕੋਈ ਸਭਿਆਚਾਰਕ ਸਿਨਫ਼ ਸਟੇਟ ਪ੍ਰਤੀ ਵਿਦਰੋਹ ਦਾ ਰੂਪ ਧਾਰ ਲੈਂਦੀ ਹੈ ਤਾਂ ਸਟੇਟ ਦਾ ਸਾਰਾ ਧਿਆਨ ਇਸਦੀ ਧਾਰ ਨੂੰ ਖੁੰਢਿਆਂ ਕਰਨਾ ਬਣ ਜਾਂਦਾ ਹੈ। ਸਟੇਟ ਇਸ ਸਾਹਿਤਕ ਜਾਂ ਸੰਗੀਤਕ ਵੰਨਗੀ ਨੂੰ ਨਵੇਂ ਰੂਪਾਂ ਵੱਲ ਉਤਸਾਹਿਤ ਕਰਦੀ ਹੈ, ਤਾਂ ਜੋ ਲੋਕਾਈ ਦਾ ਗੁੱਸਾ ਕਿਸੇ ਹੋਰ ਪਾਸੇ ਮੋੜਿਆ ਜਾ ਸਕੇ। ਅਮਰੀਕੀ ਰੈਪ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਰੈਪ ਨੂੰ ਹਿੰਸਾ, ਸੈਕਸ ਤੇ ਨਸ਼ਾਖੋਰੀ ਤੱਕ ਸੀਮਤ ਕਰ ਦਿੱਤਾ ਗਿਆ, ਜਿਸ ਕਾਰਨ ਘੱਟ-ਗਿਣਤੀਆਂ ਦਾ ਇਨ੍ਹਾਂ ਤਿੰਨਾਂ ਚੀਜ਼ਾਂ ਵਿਚ ਗੁੰਮ-ਗੁਆਚ ਜਾਣਾ ਸੁਭਾਵਕ ਹੀ ਸੀ।

ਇਸ ਸਬੰਧੀ ਮੈਨੂੰ ਰੈਪ ਨਾਲ ਮੇਰੇ ਪਹਿਲੀ ਵਾਰ ਵਾਹ ਪੈਣ ਦੀ ਯਾਦ ਆਉਂਦੀ ਹੈ। 2007 ਵਿਚ ਜਦੋਂ ਮੇਰਾ ਭਾਈ ਨਵਰੋਜ (ਪੰਮੀ ਮਾਸੀ ਦਾ ਮੁੰਡਾ) ਇੰਗਲੈਂਡ ਵਿਚ ਡੇਢ-ਦੋ ਸਾਲ ਰਹਿਣ ਤੋਂ ਬਾਅਦ ਪਹਿਲੀ ਵਾਰ ਵਾਪਸ ਆਇਆ ਤਾਂ ਬਾਹਰਲੀਆਂ ਚੌਕਲੇਟਾਂ ਤੇ ਕੱਪੜਿਆਂ ਦੇ ਨਾਲ-ਨਾਲ ਰੈਪ ਸੰਗੀਤ ਵੀ ਲੈ ਕੇ ਆਇਆ। ਉਹਨੇ "ਏਕੋਨ" ਦਾ ਜ਼ਿਕਰ ਕੀਤਾ ਤੇ ਨਾਲ ਹੀ ਉਹਦਾ ਗੀਤ "ਸਮੈਕ ਦੈਟ" ਮੈਨੂੰ ਰਟਾ ਦਿੱਤਾ। ਉਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ:

Smack that, all on the floor
Smack that, give me some more
Smack that, 'till you get sore
Smack that, oh-oh-oh-oh-oh"

(Smack that - Akon)

ਕਈ ਸਾਲਾਂ ਬਾਅਦ ਤੱਕ ਵੀ ਮੈਨੂੰ ਇਨ੍ਹਾਂ ਸ਼ਬਦਾਂ ਦੇ

ਪੰਨਾ 3

ਮਾਅਨੇ ਨਹੀਂ ਪਤਾ ਸਨ। ਪਰ ਇਸੇ ਗੀਤ ਵਿਚ ਇੱਕ ਥਾਂ ਉੱਤੇ ਆਉਂਦਾ ਹੈ, "ਮੇਬੀ ਗੋ ਟੂ ਮਾ ਪਲੇਸ ਐਂਡ ਜਸਟ ਕਿੱਕ ਇਟ ਲਾਈਕ ਟਾਬੋ ਐਂਡ ਪੌਸੀਬਲੀ ਬੈਂਡ ਯੂ ਓਵਰ।" ਇਹ ਸਮਝ ਆ ਗਿਆ ਸੀ ਕਿ ਕੁੜੀ ਨੂੰ ਆਪਣੇ ਘਰ ਲਿਜਾਣ ਅਤੇ ਫਿਰ ਸੈਕਸ ਕਰਨ ਦਾ ਜ਼ਿਕਰ ਹੈ। ਨਵਰੋਜ ਨੇ ਏਕੋਨ ਦੇ ਕੁਝ ਹੋਰ ਰੈਪ ਸੌਂਗ ਵੀ ਸੁਣਾਏ ਜਿਵੇਂ, "ਆਈ ਵਾਨਾ ਲਵ ਯੂ" ਜਿਸ ਦਾ ਇੱਕ ਹੋਰ ਪੋਰਨ ਵਰਜਨ ਵੀ ਮੌਜੂਦ ਹੈ। ਨਾਲੇ ਉਹਨੇ ਦੱਸਿਆ ਕਿ 90 ਪਰਸੈਂਟ ਰੈਪ ਸੌਂਗ, ਜੋ ਉਸਦਾ ਮੋਟਾ ਜਿਹਾ ਅੰਦਾਜ਼ਾ ਸੀ, ਸੈਕਸ, ਡਰਗਸ ਅਤੇ ਹਿੰਸਾ ਦੁਆਲੇ ਘੁੰਮਦੇ ਹਨ।

ਦੂਜੇ ਪਾਸੇ ਜੇਕਰ ਅਸੀਂ ਦੇਸੀ ਹਿਪ-ਹੌਪ ਦੀ ਗੱਲ ਕਰੀਏ ਤਾਂ ਪੰਜਾਬੀ ਵਿਚ ਇਸ ਨੂੰ ਬੋਹੀਮੀਆ ਨੇ ਸ਼ੁਰੂ ਕੀਤਾ। ਬੋਹੀਮੀਆ ਭਾਵੇਂ ਜੰਮਿਆ ਕਰਾਚੀ, ਪਾਕਿਸਤਾਨ ਵਿਚ ਸੀ ਪਰ 1992 ਵਿਚ 13 ਸਾਲ ਦੀ ਉਮਰ ਵਿਚ ਉਹ ਪਰਿਵਾਰ ਸਮੇਤ ਅਮਰੀਕਾ ਚਲਾ ਗਿਆ ਸੀ। ਉਸਦੇ ਗੀਤਾਂ ਵਿਚ ਉਸ ਸਮੇਂ ਦੇ ਅਮਰੀਕੀ ਰੈਪ ਵਾਲੇ ਵਿਸ਼ੇ ਹਨ ਅਤੇ ਸਿਰਫ਼ ਭਾਸ਼ਾ ਹੀ ਪੰਜਾਬੀ ਤੇ ਹਿੰਦੀ-ਉਰਦੂ ਹੈ। 2002 ਵਿਚ ਉਸਨੇ ਆਪਣੀ ਪਹਿਲੀ ਐਲਬਮ ਕੱਢੀ ਤੇ 2006 ਵਿਚ ਆਈ ਉਸਦੀ ਐਲਬਮ 'ਪੈਸਾ, ਨਸ਼ਾ, ਪਿਆਰ' ਆਈ ਜੋ ਬਹੁਤ ਹਿੱਟ ਹੋਈ ਅਤੇ ਇਸ ਨਾਲ ਹੀ ਭਾਰਤ ਵਿਚ ਰਹਿ ਰਹੇ ਗੀਤਕਾਰਾਂ ਨੇ ਵੀ ਰੈਪ ਨੂੰ ਅਪਣਾਉਣਾ ਸ਼ੁਰੂ ਕੀਤਾ। ਇਸ ਐਲਬਮ ਦਾ ਇੱਕ ਗੀਤ "ਕਾਲੀ ਦੇਨਾਲੀ" ਦੇ ਬੋਲ ਕੁਝ ਇਸ ਤਰ੍ਹਾਂ ਹਨ:

ਲਫ਼ਜ਼ਾਂ ਦਾ ਖੇਲ੍ਹ ਅਲਫ਼ਾਜ਼ਾਂ ਦਾ ਮੇਲ, ਵੱਜਦੀ ਬੀਟ
ਮੈਂ ਵੀਡ ਪੀ ਕੇ ਗੱਡੀ ਦੀ ਸੀਟ 'ਚ ਲਿਖਦਾ ਗੀਤ
ਉਮੀਦ ਮੈਨੂੰ ਲੋਕਾਂ ਨੂੰ ਪਸੰਦ ਆ ਮੇਰੇ ਗੀਤ
ਮੇਰੇ ਗੀਤ ਸੁਣ ਲੋਕੀਂ ਸਿਖਦੇ ਨੇ ਇੱਥੇ ਦੀ ਰੀਤ
ਇਹ ਰਸਮ ਰਿਵਾਜ਼ ਇਹ ਦੇਸ਼ ਦੇ
ਭੰਗ ਆਪ ਪੀਂਦੇ ਚਿੱਟਾ ਦੂਜਿਆਂ ਨੂੰ ਵੇਚਦੇ

(ਕਾਲੀ ਦੇਨਾਲੀ - ਬੋਹੀਮੀਆ)

ਇੱਕ ਪਾਸੇ, ਹਿੰਦੀ ਵਿਚ ਮਹਾਂਨਗਰ ਬੰਬੇ ਵਿਚ ਜੰਮੇ-ਪਲ਼ੇ ਡਿਵਾਈਨ ਤੇ ਨਏਜ਼ੀ ਨੇ ਰੈਪ ਗਾਉਣੇ ਸ਼ੁਰੂ ਕੀਤੇ। ਬੰਬੇ ਦੀਆਂ ਝੁੱਗੀਆਂ ਵਿੱਚੋਂ ਉੱਠੇ ਇਨ੍ਹਾਂ ਹਾਸ਼ੀਆਗਤ ਧਿਰਾਂ ਨਾਲ ਸਬੰਧ ਰੱਖਦੇ ਰੈਪਰਾਂ ਦੀਆਂ ਲਿਖਤਾਂ ਵਿਚ ਮੂਲ ਰੈਪ ਦੀਆਂ ਝਲਕਾਂ ਬਾਖ਼ੂਬੀ ਦੇਖਣ ਨੂੰ ਮਿਲਦੀਆਂ ਹਨ। ਫ਼ਿਲਮ 'ਗਲੀ ਬੋਆਏ' ਦਾ ਸਮੁੱਚਾ ਕਥਾਨਕ ਇਨ੍ਹਾਂ ਹਾਸ਼ੀਅਂਗਤ ਧਿਰਾਂ ਨਾਲ ਹੀ ਸਬੰਧਤ ਹੈ, ਜਿਸ ਵਿਚ ਲੁਕਵੀਂ ਸੱਚਾਈ ਨਾਲ ਰੂ-ਬ-ਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਦੇ ਗੀਤਾਂ ਵਿਚ ਉੱਤੇ ਉੱਠਣ, ਕੁਝ ਬਣਨ ਤੇ ਹਾਲਾਤ ਵਿਚ ਸੁਧਾਰ ਕਰਨ ਦਾ ਜ਼ਿਕਰ ਹੈ। ਮਿਸਾਲ ਵਜੋਂ 'ਗਲੀ ਬੋਆਏ' ਫ਼ਿਲਮ ਵਿਚ ਗੀਤ 'ਸ਼ੇਰ ਆਇਆ ਸ਼ੇਰ' ਦੀਆਂ ਸ਼ੁਰੂਆਤੀ ਸਤਰਾਂ ਕੁਝ ਇਸ ਤਰ੍ਹਾਂ ਹਨ:

"ਲੜਕੀਆਂ ਨਾ ਗਾੜੀ, ਆਪਣੀ ਅਲਗ ਹੈ ਆਬਾਦੀ
ਅਸਲ ਰੈਪ ਕਾ ਯੇ ਜਵਾਲਾ, ਤੇਰੇ ਆਤਮਾ ਮੇਂ ਜਗਾਦੀ
ਕਿਉਂਕਿ ਫ਼ਰਕ ਹੈ, ਤੁਝੇ ਛੇੜਨੇ ਕੀ ਤਲਬ ਹੈ
ਤੂ ਨਕਲੀ ਵਾਲਾ ਮਰਦ, ਮਰਦਾਨਗੀ ਪੇ ਕਲੰਕ,

ਹੈਵਾਨੀਅਤ ਕੀ ਸ਼ਕਲ
ਜਿਤਨੀ ਤੁਝ ਮੇਂ ਗਰਮੀ
ਉਸਸੇ ਜ਼ਿਆਦਾ ਗਰਮ ਮੇਰਾ ਕਲਮ

(ਸ਼ੇਰ ਆਇਆ ਸ਼ੇਰ - ਡਿਵਾਈਨ)

ਦੂਜੇ ਪਾਸੇ, ਭਾਰਤੀ ਪੰਜਾਬ ਵਿਚ ਰੈਪ ਜ਼ਿਆਦਾਤਰ ਹਾਸ਼ੀਆਗਤ ਧਿਰਾਂ ਦੀ ਥਾਂ ਕਾਬਜ਼ ਧਿਰਾਂ ਵੱਲੋਂ ਬੱਸ ਪ੍ਰਚੱਲਤ ਰੂਪਾਕਾਰ ਦੇ ਪੱਧਰ ਉੱਤੇ ਹੀ ਵਰਤਿਆ ਜਾਂਦਾ ਹੈ। ਲੰਮੇ ਸਮੇਂ ਤੱਕ ਪੰਜਾਬੀ ਵਿਚ ਤਾਂ ਰੈਪ ਅਕਸਰ ਸਾਧਾਰਨ ਗੀਤਾਂ ਵਿਚ ਅਲੰਕਾਰ ਵੱਜੋਂ ਵਰਤੇ ਜਾਂਦੇ ਹਨ। ਇਸ ਤਰ੍ਹਾਂ ਪੰਜਾਬੀ ਵਿਚ ਪ੍ਰਚਲਤ ਰੈਪ ਸਿਰਫ਼ ਰੂਪਕ ਪੱਖੋਂ ਹੀ ਰੈਪ ਹੈ ਜਦਕਿ ਵਿਸ਼ੇ ਦੇ ਪੱਖ ਤੋਂ ਇਸ ਵਿਚ ਬਾਕੀ ਪਾਪੂਲਰ ਪੰਜਾਬੀ ਗੀਤਾਂ ਤੋਂ ਕੁਝ ਬਹੁਤ ਵੱਖਰਾ ਨਹੀਂ ਹੈ।

ਇਹ ਤਾਂ ਸਭ ਜਾਣਦੇ ਹਨ ਕਿ ਸਮੁੱਚੇ ਪੰਜਾਬੀ ਪਾਪੂਲਰ ਸੱਭਿਆਚਾਰ ਵਿਚ ਜੱਟ ਤੇ ਜੱਟਵਾਦ ਦਾ ਬੋਲਬਾਲਾ ਹੈ। ਵੈਸੇ ਤਾਂ ਪਹਿਲਾਂ ਤੋਂ ਹੀ ਉੱਤਰੀ ਭਾਰਤ ਵਿਚ ਬ੍ਰਾਹਮਣਾਂ ਦੀ ਥਾਂ ਜ਼ਿਮੀਂਦਾਰਾਂ ਦਾ ਦਬਦਬਾ ਵਧੇਰੇ ਸੀ, ਪਰ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਜੱਟਾਂ ਦਾ ਆਰਥਕ ਤੌਰ ਉੱਤੇ ਦਬਦਬਾ ਹੋਰ ਵੀ ਵੱਧ ਗਿਆ। ਕੁਝ ਦਹਾਕਿਆਂ ਵਿਚ ਹੀ ਹਰੀ ਕ੍ਰਾਂਤੀ ਦੇ ਖ਼ਾਬ ਟੁੱਟਣ ਲੱਗੇ ਅਤੇ ਕਿਸਾਨਾਂ ਦਾ ਬੁਰਾ ਹਾਲ ਹੋਣ ਲੱਗਿਆ ਪਰ ਇੱਕੀਵੀਂ ਸਦੀ ਵਿਚ ਰੀਅਲ ਅਸਟੇਟ ਦੀ ਰਕਮ ਵਧਣ ਦੇ ਨਾਲ ਜ਼ਿਮੀਂਦਾਰਾਂ ਦੇ ਬੱਚੇ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਪੜ੍ਹਨ ਜਾਣ ਲੱਗੇ। ਖ਼ਾਸ ਕਰਕੇ ਕੈਨੇਡਾ ਤੇ ਆਸਟਰੇਲੀਆ। ਫਿਰ ਇਨ੍ਹਾਂ ਬਾਹਰ ਵਸੇ ਪੰਜਾਬੀਆਂ ਦੀ ਸੁਧਰੀ ਆਰਥਿਕਤਾ ਨਾਲ ਪੰਜਾਬ ਵਿਚ ਜੱਟਾਂ ਦੇ ਦਬਦਬੇ ਵਿਚ ਹੋਰ ਵੀ ਵਾਧਾ ਹੋਇਆ। ਇਹ ਦਬਦਬਾ ਸਿਰਫ਼ ਆਰਥਕ ਹੀ ਨਹੀਂ, ਬਲਕਿ ਸਿਆਸੀ ਵੀ ਹੈ। ਮਸਲਨ 1966 ਤੋਂ ਲੈ ਕੇ ਹੁਣ ਤੱਕ ਪੰਜਾਬ ਸੂਬੇ ਵਿਚ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹੇ 11 ਸਿਆਸਤਦਾਨਾਂ ਵਿੱਚੋਂ ਘੱਟੋ-ਘੱਟ 9 ਜੱਟ ਸਨ ਅਤੇ ਸਿਰਫ਼ ਇੱਕ ਹੀ ਗ਼ੈਰ-ਜੱਟ ਸੀ।[1] ਸਮਾਜਕ ਸੱਭਿਆਚਾਰਕ ਪ੍ਰਸੰਗ ਵਿਚ ਜੱਟਾਂ ਦੇ ਇਸ ਦਬਦਬੇ ਦੇ ਇਤਿਹਾਸ ਨੂੰ ਪੰਜਾਬੀ ਫ਼ਿਲਮਾਂ ਦੇ ਸਿਰਫ਼ ਨਾਵਾਂ ਦੇ ਇਤਿਹਾਸ ਰਾਹੀਂ ਵੀ ਦੇਖਿਆ ਜਾ ਸਕਦਾ ਹੈ। 1970 ਤੱਕ ਪੰਜਾਬੀ ਸਿਨੇਮਾ ਦੇ ਸ਼ੁਰੂਆਤੀ 40 ਸਾਲਾਂ ਵਿਚ 4 ਕੁ ਹੀ ਅਜਿਹੀਆਂ ਫ਼ਿਲਮਾਂ ਮਿਲਦੀਆਂ ਹਨ ਜਿਨ੍ਹਾਂ ਦੇ ਸਿਰਲੇਖ ਵਿਚ "ਜੱਟ" ਸ਼ਬਦ ਸ਼ਾਮਲ ਹੈ। ਪਰ 1971 ਤੋਂ 1980, ਅਗਲੇ 10 ਸਾਲਾਂ ਵਿਚ ਹੀ "ਜੱਟ" ਸਿਰਲੇਖ ਵਾਲੀਆਂ 4 ਫ਼ਿਲਮਾਂ ਬਣੀਆਂ। 1981 ਤੋਂ 1990 ਵਿਚ ਇਹ ਗਿਣਤੀ 4 ਤੋਂ ਵਧਕੇ 10 ਤੱਕ ਪਹੁੰਚ ਗਈ ਅਤੇ ਇਸ ਦਹਾਕੇ ਦੀ ਸ਼ਾਇਦ ਸਭ ਤੋਂ ਮਸ਼ਹੂਰ ਫ਼ਿਲਮ "ਪੁੱਤ ਜੱਟਾਂ ਦੇ" ਹੈ। ਫਿਰ 1991 ਤੋਂ 2000 ਤੱਕ 14 ਅਜਿਹੀਆਂ ਫ਼ਿਲਮਾਂ ਬਣੀਆਂ। ਪਰ 2001 ਤੋਂ 2010 ਦੇ ਦਹਾਕੇ ਵਿਚ ਇਹ ਗਿਣਤੀ ਘੱਟ ਕੇ 1 ਤੱਕ ਆ ਗਈ। ਪਰ

ਪੰਨਾ 4

1930ਵਿਆਂ ਤੋਂ ਲੈਕੇ 2020 ਤੱਕ "ਜੱਟ" ਸਿਰਲੇਖ ਵਾਲੀਆਂ ਪੰਜਾਬੀ ਫ਼ਿਲਮਾਂ ਸੰਬੰਧੀ ਅੰਕੜੇ

ਦਹਾਕੇ

ਫਿਰ 2011 ਤੋਂ 2020 ਤੱਕ ਦੀਆਂ ਫ਼ਿਲਮਾਂ ਵਿਚ ਲਗਭਗ 11 ਫ਼ਿਲਮਾਂ ਦੇ ਸਿਰਲੇਖਾਂ ਵਿਚ "ਜੱਟ" ਸ਼ਬਦ ਸ਼ਾਮਲ ਹੈ ਅਤੇ ਇਸ ਦੌਰ ਦੀਆਂ ਪ੍ਰਤੀਨਿਧ ਫ਼ਿਲਮਾਂ "ਜੱਟ ਐਂਡ ਜੂਲੀਐਟ" ਤੇ "ਕੈਰੀ ਔਨ ਜੱਟਾ" ਹਨ।

ਵੈਸੇ ਤਾਂ ਪੰਜਾਬੀ ਰੈਪ ਦੀ ਸ਼ੁਰੂਆਤ ਹੀ ਬੋਹੀਮੀਆ ਨਾਲ ਹੋਈ, ਪਰ ਹਾਲੇ ਵੀ ਪੰਜਾਬ ਵਿਚ ਰੈਪ ਪੱਛਮ ਵੱਲੋਂ ਹੀ ਆ ਰਿਹਾ ਹੈ, ਖ਼ਾਸ ਕਰਕੇ ਕੈਨੇਡਾ ਤੋਂ। ਸਿੱਧੂ ਮੂਸੇਵਾਲਾ, ਸੁਲਤਾਨ, ਨਸੀਬ ਆਦਿ ਜ਼ਿਆਦਾਤਰ ਪੰਜਾਬੀ ਰੈਪ ਗਾਇਕ ਪੰਜਾਬ ਦੇ ਜੰਮਪੱਲ ਤਾਂ ਹਨ, ਪਰ ਕੈਨੇਡਾ ਜਾਣ ਤੋਂ ਬਾਅਦ ਹੀ ਉਹ ਗਾਇਕਾਂ ਵਜੋਂ ਮਸ਼ਹੂਰ ਹੋਏ। ਇਨ੍ਹਾਂ ਦੇ ਗੀਤਾਂ ਵਿਚ ਕੈਨੇਡਾ ਦੇ ਧਰਾਤਲ ਦਾ ਜ਼ਿਕਰ ਆਉਣਾ ਲਾਜ਼ਮੀ ਹੀ ਹੈ। ਇਸੇ ਤਰ੍ਹਾਂ ਬਾਹਰ ਜਾਣ ਤੋਂ ਬਾਅਦ ਇਨ੍ਹਾਂ ਗਾਇਕਾਂ ਦਾ ਮਸ਼ਹੂਰ ਹੋ ਜਾਣਾ ਤੇ ਕੁਝ ਬਣ ਜਾਣਾ ਪੰਜਾਬੀਆਂ ਦੀ ਪਰਵਾਸ ਵੱਲ ਖਿੱਚ ਨੂੰ ਹੋਰ ਤੀਬਰ ਕਰਦਾ ਹੈ। ਸੁਲਤਾਨ ਦੇ ਗੀਤ "ਸਟੈਂਡਰਡ" ਵਿਚ ਇਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਹੈ:

"ਪੀਲੇ ਲਾਲ ਹਰੇ ਨੋਟ ਦੇਣਗੇ ਸਰੂਰ
ਮੇਰੇ ਕੋਲ ਨਹੀਓਂ ਸਮਾਂ ਕੋਈ ਪਿਆਰ ਦੇ ਲਈ
ਮੈਂ ਆਇਆਂ ਹਾਂ ਕੈਨੇਡਾ ਕੁਝ ਬਣਨੇ ਦੇ ਲਈ
ਸਾਰੀ ਦੁਨੀਆਂ ਹੈ ਆਉਂਦੀ ਪੀ.ਆਰ. ਦੇ ਲਈ"

(ਸਟੈਂਡਰਡ ਸੁਲਤਾਨ)

ਭਾਰਤੀ ਪੰਜਾਬ ਵਿਚ ਨੌਕਰੀਆਂ ਦੀ ਘਾਟ ਅਤੇ ਪਰਵਾਸ ਤੋਂ ਬਾਅਦ ਅਮੀਰ ਹੋ ਜਾਣ ਦੀ ਕਹਾਣੀ ਕਾਰਨ ਹੀ ਵੱਡੀ ਗਿਣਤੀ ਪੰਜਾਬੀ ਨੌਜਵਾਨ ਪੀੜ੍ਹੀ ਮੌਜੂਦਾ ਦੌਰ ਵਿਚ ਪਰਵਾਸ ਕਰ ਰਹੀ ਹੈ। ਪੰਜਾਬੀ ਰੈਪ ਪਰਵਾਸ ਵਿਚਲੀ ਕਸ਼ਮਕਸ਼ ਨੂੰ

ਬਿਆਣਨ ਦੀ ਥਾਂ ਉਸ ਕਹਾਣੀ ਨੂੰ ਸੱਚ ਬਣਾ ਪੇਸ਼ ਕਰਦੇ ਰਹਿੰਦੇ ਹਨ, ਜਿਸ ਵਿਚ ਪਰਵਾਸ ਦੇ ਇਕਹਿਰੇ ਅਰਥਾਂ ਦਾ ਹੀ ਜਿਕਰ ਸ਼ਾਮਲ ਹੈ। ਮਿਸਾਲ ਵਜੋਂ ਨਸੀਬ ਦੇ ਗੀਤ "ਸਟੈਕਸ" ਵਿਚ ਉਹ ਮਹਿੰਗੀਆਂ-ਮਹਿੰਗੀਆਂ ਕਾਰਾਂ ਵਿਚ ਗੇੜੀਆਂ ਲਾਉਂਦਾ ਹੈ ਅਤੇ ਇਹ ਬੋਲ ਗੁਣਗੁਣਾਉਂਦਾ ਹੈ:

"ਨੋਟ ਨੋਟ ਨੋਟ ਮੈਨੂੰ ਚਾਹੀਦੇ ਨੇ ਨੋਟ
ਨਾਲ ਚਾਹੀਦੀ ਅਮੀਰੀ ਨਾਲ ਚਾਹੀਦੇ ਨੀ ਲੋਕ
ਮੇਰੇ ਦਿਲ ਬੇਇਮਾਨੀ, ਭਰੀ ਮੱਤ ਵਿਚ ਖੋਟ
ਹੱਕ ਲੈਣ ਦਾ ਵੇਲਾ ਗੱਲ ਸੁਣ ਲਈਆਂ ਬਹੁਤ"

(ਸਟੈਕਸ ਨਸੀਬ ਤੇ ਜੱਗਾ)

ਸੁਲਤਾਨ ਦੇ ਹੋਰ ਗੀਤਾਂ ਵਿਚ ਵੀ ਜੱਟ ਪੂਰੀ ਤਰ੍ਹਾਂ ਭਾਰੂ ਹੈ ਅਤੇ ਉਹ ਨਸ਼ੇ, ਸੈਕਸ ਅਤੇ ਹਿੰਸਾ ਦੀ ਖੁੱਲ੍ਹ ਕੇ ਵਕਾਲਤ ਕਰਦਾ ਹੈ। ਕਿਤੇ-ਕਿਤੇ ਤਾਂ ਸਿੱਧਾ ਗਾਲ੍ਹਾਂ ਕੱਢਣ ਤੱਕ ਵੀ ਜਾਂਦਾ ਹੈ। ਉਸ ਦੇ ਅਜਿਹੇ ਗੀਤਾਂ ਦੇ ਕੁਝ ਬੋਲ ਇਸ ਤਰ੍ਹਾਂ ਹੈ:

"ਤੈਨੂੰ ਬੁੱਲ੍ਹਾਂ ਨਾਲ ਲਾ ਕੇ ਦੁੱਖ ਤੋੜ ਦੇਣਗੇ
ਖਾਲੀ ਕਰਕੇ ਮੰਜੀ ਦੇ ਥੱਲੇ ਰੋੜ੍ਹ ਦੇਣਗੇ"

(ਬੌਟਲਜ਼ - ਸੁਲਤਾਨ)

...
"ਜੀਅ ਸਾਰਾ ਲੱਗਾ ਰਹਿੰਦਾ ਭੰਗ ਕਰਕੇ
ਮੁੰਡੇ ਖਿੱਚੀ ਜਾਣ ਸੁੱਟਾ ਸ਼ੀਸ਼ੇ ਬੰਦ ਕਰਕੇ"

(ਹਾਈ ਲਾਈਫ਼ 2.0 ਸੁਲਤਾਨ)

...
"ਆ ਗਏ ਆ ਗਏ ਆ ਗਏ ਪੰਜਾਬੀ ਮੁੰਡੇ ਆ ਗਏ
ਇੱਕ ਪਾਸੇ ਨੂੰ ਹੋਜੋ ਸ਼ਰਾਬੀ ਮੁੰਡੇ ਆ ਗਏ

ਪੰਨਾ 5

ਇਹ ਕਰਦੇ ਨੇ ਪੂਰੀ ਖ਼ਰਾਬੀ ਮੁੰਡੇ ਆ ਗਏ
ਪਰ ਸ਼ੌਂਕੀ ਨੇ ਪੂਰੇ ਨਵਾਬੀ ਮੁੰਡੇ ਆ ਗਏ"

(ਪੰਜਾਬੀ ਬੋਆਇਜ਼ - ਸੁਲਤਾਨ)

ਪਰ ਜਦੋਂ ਉਹ ਆਪਣੀ ਜੱਟ ਪਛਾਣ ਦੀ ਥਾਂ ਪੰਜਾਬੀ ਪਛਾਣ ਵਜੋਂ ਰੈਪ ਲਿਖਦਾ-ਗਾਉਂਦਾ ਹੈ ਤਾਂ ਫਿਰ ਮੁਢਲੇ ਦੌਰ ਦਾ ਅਮਰੀਕੀ ਰੈਪ ਚੇਤੇ ਆਉਂਦਾ ਹੈ। ਮਿਸਾਲ ਵਜੋਂ ਉਸ ਦੇ ਗੀਤ 'ਪੰਜਾਬ' ਦੇ ਬੋਲ ਕੁਝ ਇਸ ਤਰ੍ਹਾਂ ਹਨ:

"ਵਾਰ ਸਾਡੇ 'ਤੇ ਚਲਾਏ, ਸਾਡੇ ਪੁੱਤ ਮਰਵਾਏ
ਦੋ ਹਿੱਸੇ ਕਰਵਾਏ, ਕਹਿੰਦੇ ਭੁੱਲ ਜੋ ਜੀ।
...
ਪਾਕੇ ਬੇਵਜਾਹ ਵੈਰ, ਸਾਡੇ ਗਲਾਂ ਵਿਚ ਟਾਇਰ,
ਸਾਡੀ ਜੜਾਂ ਵਿਚ ਜ਼ਹਿਰ, ਕਹਿੰਦੇ ਭੁੱਲ ਜੋ ਜੀ।
...
ਸਾਡੇ ਆਪਣੇ ਹੀ ਸਾਡੇ ਨਾਲ ਕਰਦੇ ਚਲਾਕੀ
ਪਤਾ ਥੋਨੂੰ ਸਭ ਨੂੰ ਵੀ ਇਹ ਨੀਅਤ ਇਹਨਾਂ ਦੀ
ਵਫ਼ਾਦਾਰੀ ਕੀ ਏ ਹੋਣੀ ਲੋਕ ਸਤਾਉਂਦੇ ਹੀ ਰਹਿਣ
ਫੁੱਲ ਲੱਗਣੇ ਕੀ ਉੱਥੇ ਜਿੱਥੇ ਬੂਟੇ ਪੱਟ ਲੈਣ
...
ਜਿੱਥੇ ਕੱਲੇ ਬੰਦੇ ਟੱਬਰਾਂ ਨੂੰ ਪਾਲੀ ਜਾਂਦੇ ਨੇ
ਕੰਮ ਇੱਕ ਕਰੇ ਘਰੇ ਬਹਿਕੇ ਦੱਸ ਖਾਂਦੇ ਨੇ
ਕੋਲੇ ਗੱਡੀਆਂ ਨੀ ਭਾਵੇਂ ਬੱਸ ਗੱਡੇ ਲੋਕਾਂ ਦੇ
ਤਾਂ ਵੀ ਰਾਜਿਆਂ ਦੇ ਵਾਂਗੂੰ ਦਿਲ ਵੱਡੇ ਲੋਕਾਂ ਦੇ"

(ਪੰਜਾਬ - ਸੁਲਤਾਨ)

ਪਰ ਅਜਿਹੀਆਂ ਇੱਕ-ਦੁੱਕਾ ਉਦਾਹਰਣਾਂ ਤੋਂ ਬਿਨਾਂ ਬਾਕੀ ਪੰਜਾਬੀ ਰੈਪ ਨੂੰ ਮੂਲ ਤੌਰ ਉੱਤੇ ਦੋ ਕਿਸਮਾਂ ਵਿਚ ਵੰਡਿਆਂ ਜਾ ਸਕਦਾ ਹੈ। ਪਹਿਲੀ ਕਿਸਮ ਦੇ ਰੈਪ ਵਿਚ ਕਾਬਜ਼ ਜਮਾਤ ਵੱਲੋਂ ਹਿੰਸਾ ਰਾਹੀਂ ਆਪਣੇ ਕਬਜ਼ੇ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਸ ਕਿਸਮ ਦੇ ਰੈਪਾਂ ਦਾ ਅਲੰਬੜਦਾਰ ਸਿੱਧੂ ਮੂਸੇਵਾਲਾ ਹੈ। ਅਜਿਹੇ ਰੈਪ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ:

"ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਨੀ"

(ਜੱਟ ਦਾ ਮੁਕਾਬਲਾ - ਸਿੱਧੂ ਮੂਸੇਵਾਲਾ)

....

"ਹੋਵੇ ਪਿੱਛੇ ਹੂਟਰ
ਦਿਮਾਗ ਕੰਪਿਊਟਰ
ਜੱਟ ਵੈਰੀਆਂ ਲਈ ਸ਼ੂਟਰ
ਤੇ ਅੱਲੜਾਂ ਲਈ ਥੀਫ਼ ਨੇ"

(ਸੇਮ ਬੀਫ਼ - ਸਿੱਧੂ ਮੂਸੇਵਾਲਾ ਤੇ ਬੋਹੀਮੀਆ)

...
"ਗੱਲ ਸੱਚੀ ਆਖਾਂ ਕਰਦਾਂ ਨੀ ਟੀਜ਼ ਮਿੱਠੀਏ
ਮਿਲਦੇ ਆ ਲੋਕ ਦੇ ਕੇ ਫ਼ੀਸ ਮਿੱਠੀਏ
ਤੂੰ ਜਿਹਨਾਂ ਨਾਲ ਫ਼ੋਟੋਆਂ ਖਿਚਾਉਣ ਨੂੰ ਫਿਰੇਂ

ਕਰਦੇ ਆ ਜੱਟ ਦੀ ਉਹ ਰੀਸ ਮਿੱਠੀਏ

(ਫ਼ੇਮਸ - ਸਿੱਧੂ ਮੂਸੇਵਾਲਾ)

...
"ਵੈਰ ਖੱਟ ਜੱਟਾਂ ਨਾਲ ਭੱਜ ਨਹੀਓਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲ੍ਹੀਆਂ"

(ਮਝੈਲ - ਏਪੀ ਢਿੱਲੋਂ ਤੇ ਗੁਰਿੰਦਰ ਗਿੱਲ)

...
ਡੈੱਡਲੀ ਆ ਜ਼ੋਨ ਸੰਤਾਲੀਆਂ ਨੇ ਕੋਲ
ਭੁੱਲਕੇ ਤੂੰ ਵੜਜੀਂ ਨਾ ਸ਼ਹਿਰ ਜੱਟਾਂ ਦੇ

(ਡੈੱਡਲੀ – ਏਪੀ ਢਿੱਲੋਂ)

...
ਓ ਦੁਨੀਆ ਲਈ ਗੁੰਡਾ ਜਿਹੜਾ ਯਾਰਾਂ ਦੀ ਜਾਨ ਨੀ
ਯਾਰੀਆਂ 'ਤੇ ਕਰਦਾ ਐ ਗੱਬਰ ਤਾਂ ਮਾਣ ਨੀ
ਤੇ ਗੱਲਾਂ ਕਰੇਂ ਕਿਹੜੀਆਂ ਮੈਂ ਜਿੱਤਣਾ ਜਹਾਨ ਨੀ
ਓ ਦਬਿਆ ਨਾ ਕਰ ਤੂੰ ਐਂ ਜੱਟ ਦੀ ਰਕਾਨ ਨੀ

(ਪਾਪੀ - ਰੰਗਰੇਜ਼ ਸਿੱਧੂ)

ਜਾਂ ਫਿਰ ਸੈਕਸ ਸਮੱਗਰੀ ਵਜੋਂ ਔਰਤ ਦੀ ਪਛਾਣ ਘੜੀ ਜਾਂਦੀ ਹੈ, ਜਿਸਨੂੰ ਤਸਕੀਨ ਆਪਣੇ ਲੇਖ "ਪੰਜਾਬੀ ਲੋਕ ਸੰਗੀਤ: ਪੌਪ, ਪੋਰਨ ਤੇ ਪਾਪੂਲਰ ਦੀ ਖਪਤ" ਵਿਚ ਪੋਰਨੋਗਰਾਫੀਕਲ ਸੰਗੀਤ ਦਾ ਨਾਂ ਦਿੰਦਾ ਹੈ। ਇਸ ਕਿਸਮ ਦੇ ਗੀਤਾਂ ਦਾ ਸਰਦਾਰ "ਯੋ ਯੋ ਹਨੀ ਸਿੰਘ" ਹੈ। ਮਿਸਾਲ ਵਜੋਂ ਉਹਦੇ ਕੁਝ ਰੈਪਾਂ ਦੇ ਬੋਲ ਕੁਝ ਇਸ ਤਰ੍ਹਾਂ ਹਨ:

ਉਹ ਖੜ੍ਹ ਤਾਂ ਜਾ ਤੂੰ ਨੇੜੇ ਆ, ਬਈ ਇੱਦਾਂ ਨਾ ਤੂੰ ਗੇੜੇ ਖਾ
ਉਹ ਕਾਹਤੋਂ ਇੰਨੀ ਡੈਸਪਰੇਟ, ਸਾਨੂੰ ਦੱਸਦੇ ਕੀ ਆ ਰੇਟ?
ਸ਼ੂ ਤੇਰੀ ਦਾ, ਡ੍ਰੈੱਸ ਦਾ, ਘੜੀ ਜੋ ਪਾਈ ਗੈੱਸ ਤੇਰੀ ਦਾ
ਚਾਰੋਂ ਪਾਸੇ ਦੇਖ ਲੈ ਕੁੜੀਏ, ਚਰਚਾ ਹੌਟਨੈਸ ਤੇਰੀ ਦਾ

(ਅੰਗਰੇਜ਼ੀ ਬੀਟ - ਹਨੀ ਸਿੰਘ ਤੇ ਗਿੱਪੀ ਗਰੇਵਾਲ)

...
ਤੇਰੀ ਲੈ ਲਵਾਂ ਫ਼ੋਟੋ ਤੂੰ ਰੁਕੇ ਤਾਂ ਸਹੀ
ਪਰਚੇਜ਼ ਵੀ ਕਰੀਏ ਜੇ ਵਿਕੇ ਤਾਂ ਸਹੀ

(ਡੋਪ ਸ਼ੋਪ - ਹਨੀ ਸਿੰਘ)

...
ਬਣ ਮਿੱਤਰਾਂ ਦੀ whore
i mean, ਮਿੱਤਰਾਂ ਦੀ whore
ਤੂੰ ਵੀ ਟੇਡਾ-ਟੇਡਾ ਤੱਕੇ ਸਾਨੂੰ, i know
Now, don't say, "no, no"

ਮੈਂ ਤਾਂ ਤੇਰਾ yo yo
ਤੂੰ ਹਾਂ ਤਾਂ ਕਰ, ਸਾਂਭ ਲੂੰ ਮੈ ਤੇਰਾ ਪਿਓ

(ਬਰਾਊਨ ਰੰਗ - ਹਨੀ ਸਿੰਘ)

ਇਹਨਾਂ ਦੋਵਾਂ ਮੂਲ ਕਿਸਮਾਂ ਤੋਂ ਬਿਨਾਂ ਪੰਜਾਬੀ ਰੈਪ

ਪੰਨਾ 6

ਦੀ ਇੱਕ ਕਿਸਮ ਹੈ ਜਿਸ ਵਿਚ ਕਦੇ-ਕਦੇ ਉੱਪਰ ਦੱਸੀਆਂ ਦੋਵੇਂ ਕਿਸਮਾਂ ਦੇ ਲੱਛਣ ਵੀ ਰਲ਼ ਜਾਂਦੇ ਹਨ। ਇਸ ਤੀਜੀ ਕਿਸਮ ਦੇ ਰੈਪਾਂ ਵਿਚ ਗਾਇਕ ਆਪਣੀ ਪਿੱਠ ਆਪ ਹੀ ਥਾਪੜਦੇ ਰਹਿੰਦੇ ਹਨ। ਇਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਤਰ੍ਹਾਂ ਹਨ:

ਕੰਮ ਹੋਰ ਵੀ ਬਥੇਰੇ ਨਾ ਮੈਨੂੰ ਕੋਈ ਥੋੜ੍ਹ
ਇਹਨਾਂ ਗਲੀਆਂ ਨੂੰ ਪਰ ਗੀਤਾਂ ਮੇਰਿਆਂ ਦੀ ਲੋੜ
ਕਰ ਸ਼ਕਲ ਨੂੰ ਜੱਜ ਮੈਨੂੰ ਕਹੀ ਜਾਣ ਮਾੜਾ
ਦੇਸੀ ਮੁੰਡਾ ਕਾਇਮ ਲਿਖੇ ਇਸੇ ਗੱਲ ਦਾ ਪੁਆੜਾ

(ਵਰਡ – ਸੁਲਤਾਨ)

...
"ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ
ਕਈ ਫਾਇਦੇ ਤੇ ਖ਼ਬਰਾਂ ਨੇ ਕੜਦੇ ਮੇਰੇ 'ਚੋਂ
ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ
ਕਈ ਜ਼ਿੰਦਗੀ ਜੀਉਣੀ ਕਿਵੇਂ ਪੜ੍ਹਦੇ ਮੇਰੇ ਤੋਂ"

(ਜਸਟ ਲਿਸਨ - ਸਿੱਧੂ ਮੂਸੇਵਾਲਾ)

"ਬੰਬੀਹਾ ਬੋਲੇ" ਗਾਣੇ ਦੀ ਇੱਕ ਵਾਰ ਫਿਰ ਗੱਲ ਕਰੀਏ ਤਾਂ ਇਸ ਗਾਣੇ ਤੋਂ ਮਹੀਨੇ ਬਾਅਦ ਹੀ ਬਿੱਲਾ ਧਾਲੀਵਾਲ ਦਾ ਲਿਖਿਆ ਤੇ ਅਵਰ ਬਰਾੜ ਦਾ ਗਾਇਆ ਗਾਣਾ "ਬੰਬੀਹਾ ਬੋਲੇ" ਸਿਰਲੇਖ ਨਾਲ ਹੀ ਆਉਂਦਾ ਹੈ। ਇਸ ਵਿਚ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਗਾਣੇ ਦਾ ਅੱਗੋਂ ਜਵਾਬ ਦਿੱਤਾ ਗਿਆ ਹੈ। ਬੋਲ ਇਸ ਤਰ੍ਹਾਂ ਹਨ:

"ਰਫ਼ਲਾਂ ਪਿਸਟਲ ਟੈਂਕ ਗੰਡਾਸੇ ਗੱਲ ਕਰੋ ਭਾਵੇਂ ਤੋਪਾਂ ਦੀ
ਬਾਂਝ ਨੇ ਉਹ ਕਲਮਾਂ ਜਿਹੜੀਆਂ ਗੱਲ ਨੀ ਕਰਦੀਆਂ ਲੋਕਾਂ ਦੀ
ਜਾਂਦੇ ਗੀਤਾਂ ਦੇ ਵਿਚ ਬੁੜ੍ਹਕੀ ਦਿੰਦੇ ਇੱਕ ਦੂਜੇ ਨੂੰ ਘੁਰਕੀ
ਪਾਉਂਦੇ ਜਦੋਂ ਨੇ ਅਗਲੇ ਬੁਰਕੀ ਜਾਂਦੇ ਬਣ ਸਿਸਟਮ ਦੇ ਗੋਲੇ
ਨੀ ਬੰਬੀਹਾ ਬੋਲੇ, ਬੋਲੇ ਬਈ ਬੰਬੀਹਾ ਬੋਲੇ"

(ਬੰਬੀਹਾ ਬੋਲੇ/ਕਲਮ ਦੀ ਤਾਕਤ -
ਅਵਰ ਬਰਾੜ ਤੇ ਬਿੱਲਾ ਧਾਲੀਵਾਲ)

ਜੇ ਰੈਪ ਵਿਚ ਔਰਤ ਗਾਇਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ 1970ਵਿਆਂ ਦੇ ਅੰਤ ਤੋਂ ਔਰਤ ਰੈਪਰ ਵੀ ਵੇਖਣ ਨੂੰ ਮਿਲਦੀਆਂ ਹਨ। ਪੰਜਾਬੀ ਵਿਚ ਹਾਰਡ ਕੌਰ ਪਹਿਲੀ ਔਰਤ ਰੈਪਰ ਹੈ ਅਤੇ ਭਾਵੇਂ ਉਸਦੇ ਸ਼ੁਰੂ ਦੇ ਰੈਪ ਗੀਤ ਪ੍ਰਚੱਲਤ ਵਿਸ਼ਿਆਂ ਬਾਰੇ ਹੀ ਸੀ ਜਿਵੇਂ, "ਇੱਕ ਗਲਾਸੀ"। ਪਰ ਉਸ ਦੇ ਕਈ ਜ਼ਿਆਦਾ ਦਮਦਾਰ ਰੈਪ ਅੰਗਰੇਜ਼ੀ-ਹਿੰਦੀ ਜ਼ੁਬਾਨਾਂ ਵਿਚ ਹਨ, ਮਿਸਾਲ ਵਜੋਂ, "ਕੱਟੇ" ਵਿਚ ਉਹ 1984 ਦੰਗਿਆਂ ਵਿਚ ਆਪਣੇ ਪਿਉ ਦੇ ਮਰਨ ਅਤੇ ਇੱਕਲੀ ਮਾਂ ਵੱਲੋਂ ਪਾਲੇ ਜਾਣ ਦੇ ਆਪਣੇ ਜੀਵਨ ਸੰਘਰਸ਼ ਦਾ ਜ਼ਿਕਰ ਕਰਦੀ ਹੈ। ਪਰ ਇੱਥੇ ਵੀ ਹਾਰਡ ਕੌਰ, ਸਿੱਖ ਕੌਮ ਦੀ ਹਾਸ਼ੀਆਗਤ ਪਛਾਣ ਬਾਰੇ ਗੱਲ ਕਰ ਰਹੀ ਹੈ। ਪੰਜਾਬੀ ਰੈਪ

ਵਿਚ ਹਾਲੇ ਵੀ ਔਰਤ ਦੀ ਹਾਸ਼ੀਆਗਤ ਹੋਂਦ ਦੀ ਬਾਤ ਕਿਸੇ ਨੇ ਨਹੀਂ ਪਾਈ।

ਹਾਲਾਂਕਿ ਹਿੰਦੀ ਵਿਚ ਔਰਤਾਂ ਵੱਲੋਂ ਲਿਖਿਆ ਤੇ ਗਾਇਆ ਦੇ ਔਰਤ-ਪੱਖੀ ਰੈਪ ਵੇਖਣ ਨੂੰ ਮਿਲਣਾ ਸ਼ੁਰੂ ਹੋਇਆ ਹੈ। ਇੱਕ ਮਿਸਾਲ ਮੀਨਾਕਸ਼ੀ ਸ਼ਰਮਾ ਦਾ ਗਾਣਾ "ਤੇਰੀ ਔਕਾਤ ਨਹੀਂ" ਵੇਖੀ ਜਾ ਸਕਦੀ ਹੈ:

"ਲੜਕੀ ਸੇ ਹੀ ਸ਼ੁਰੂ ਹੁਈ ਹੈ ਤੇਰੀ ਲਾਈਫ਼ ਕੀ ਹਿਸਟਰੀ
ਅਪਨੀ ਲਾਈਫ਼ ਕੀ ਸੋਚ ਸੋਚ ਕੇ ਉਸਕੀ ਲਾਈਫ਼ ਕੀ ਲੇ-ਲੀ
ਪਿਆਰ ਦੋ, ਖਾਨਾ ਬਨਾਓ, ਬੱਚੇ ਪਾਲੋ ਔਰ ਸੈਕਸ ਕਰੋ
ਅਬੇ ਯਾਰ, ਫ਼ੌਰ ਗੌਡ ਸੇਕ, ਅਬ ਯੇ ਸਬ ਬਸ ਭੀ ਕਰੋ"

(ਤੇਰੀ ਔਕਾਤ ਨਹੀਂ - ਮੀਨਾਕਸ਼ੀ ਸ਼ਰਮਾ)

ਸਿੱਧਾ-ਸਿੱਧਾ ਪੰਜਾਬੀ ਰੂਪ ਵਿਚ ਭਾਵੇਂ ਨਹੀਂ ਪਰ ਪੰਜਾਬੀ ਹਿਪ-ਹੌਪ ਦੇ ਵੱਡੇ ਘੇਰੇ ਵਿਚ ਦੇਖੀਏ ਤਾਂ ਸਿਮਰਨ ਕੌਰ ਢਾਡਲੀ ਦਾ ਨਵੰਬਰ 2019 ਵਿਚ ਆਏ ਗੀਤ "ਸਾਹਿਬਾਂ" ਵਿਚ ਪੰਜਾਬੀ ਪਾਪੂਲਰ ਗਾਇਕੀ ਵਿਚ ਉਹ ਬਾਤ ਪਾਈ ਹੈ ਜੋ ਪੰਜਾਬੀ ਸਾਹਿਤ ਵਿਚ 1965 ਵਿਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਕਾਵਿ-ਨਾਟਕ "ਲੂਣਾ" ਦੇ ਹਵਾਲੇ ਨਾਲ ਕੀਤੀ। ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ:

"ਇੱਕ ਖ਼ੂਨ ਯਾਰ ਦਾ ਤੇ ਦੂਜਾ ਕੀਤਾ ਪਿਆਰ ਦਾ ਵੇ
ਲੋਕੀਂ ਮੈਨੂੰ ਕਹਿੰਦੇ ਬੇਵਫ਼ਾ ਵੇ ਮਿਰਜ਼ਿਆ

ਕਿਹੜਾ ਦੱਸ ਕੀਤਾ ਮੈਂ ਗੁਨਾਹ

ਬਾਜੋਂ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰਿਆ
ਪਿੱਛੇ ਤੇਰੇ ਸਾਹਿਬਾਂ ਗਈ ਸੀ ਆ ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੌਹਮਤਾਂ

...

ਕੀਤੇ ਤਰਲੇ ਬਥੇਰੇ ਮੰਗੀ ਖ਼ੈਰ ਤੇਰੀ ਵੀਰਾਂ ਤੋਂ ਮੈਂ
ਖੌਰੇ ਕਿੰਨੀ ਵਾਰੀ ਹੱਥ ਜੋੜੇ

ਅੰਮੀ ਜਾਇਆਂ ਦਿਆਂ ਸੀਨਿਆਂ 'ਚੋਂ ਵੇਖ ਨੀ ਸੀ ਹੋਣੇ ਮੈਥੋਂ
ਲੰਘਦੇ ਮੈਂ ਤੀਰ ਤਾਂਹੀਓਂ ਤੋੜੇ ਵੇ

ਵੀਰਾਂ ਵੱਲ ਵੇਖ ਕੁੱਖ ਮਾਂ ਦੀ ਯਾਦ ਆ ਗਈ
ਕਿਵੇਂ ਦਿੰਦੀ ਦੱਸ ਵੀਰ ਮੈਂ ਮਰਾ, ਵੇ ਮਿਰਜ਼ਿਆ
ਉਹਨਾਂ ਨਾਲ ਵੀ ਪਿਆਰ ਸੀ ਬੜਾ

(ਸਾਹਿਬਾਂ - ਸਿਮਰਨ ਕੌਰ ਢਾਡਲੀ)

ਇੱਕ ਪਾਸੇ ਸ਼ਿਵ ਕੁਮਾਰ ਬਟਾਲਵੀ ਨੂੰ "ਲੂਣਾ" ਦੇ ਲਈ ਦੋ ਸਾਲ ਬਾਅਦ ਹੀ ਸਾਹਿਤ ਅਕਾਦਮੀ ਇਨਾਮ ਮਿਲਦਾ ਹੈ

ਪੰਨਾ 7

ਅਤੇ ਉਹ ਇਹ ਇਨਾਮ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਲੇਖਕ ਬਣਿਆ। ਪਰ ਪਾਪੂਲਰ ਸੱਭਿਆਚਾਰ ਵਿਚ ਸਿਮਰਨ ਕੌਰ ਢਾਡਲੀ ਦੇ ਇਸ ਗੀਤ ਦਾ ਜਵਾਬ "ਮਿਰਜ਼ਾ ਬੋਲਦਾ" ਨਾਂ ਦੇ ਗੀਤ ਨਾਲ ਦਿੱਤਾ ਜਾਂਦਾ ਹੈ। ਗਾਣੇ ਦੀ ਤਰਜ਼ ਸਿਮਰਨ ਕੌਰ ਢਾਡਲੀ ਦੇ ਗੀਤ "ਸਾਹਿਬਾਂ" ਵਾਲੀ ਹੈ। ਬੋਲ ਕੁਝ ਇਸ ਤਰ੍ਹਾਂ ਹਨ:

ਨਾ ਤੂੰ ਭਾਈਆਂ ਦੀ ਹੋਈ, ਨਾ ਤੂੰ ਯਾਰ ਨੂੰ ਸਹਾਰਿਆ
ਦਿੱਤਾ ਮਿਰਜੇ ਨੂੰ ਧੋਖਾ ਵਾਰ ਪਿੱਠ 'ਤੇ ਸੀ ਮਾਰਿਆ
ਤੋੜ ਤੇ ਤੂੰ ਤੀਰ ਨਾਲੇ ਤੋੜ ਤਾਂ ਤੂੰ ਦਿਲ
ਕਹਿੰਦੀ ਫਿਰੇਂ ਮੇਰਾ ਕੀ ਗੁਨਾਹ

ਅਖਵਾਉਣਾ ਤੂੰ ਬੇਵਫ਼ਾ ਰਹਿੰਦੀ ਦੁਨੀਆ ਤੱਕ
ਮਿਰਜ਼ਾ ਤੂੰ ਦਿੱਤਾ ਸੀ ਮਰਾ
ਤਾਂ ਹੀ ਲਾਉਣ ਲੋਕੀਂ ਤੌਹਮਤਾਂ ਨੀ ਵੈਰਨੇ
ਤਾਂ ਹੀ ਤੈਨੂੰ ਕਹਿਣ ਬੇਵਫ਼ਾ

(ਮਿਰਜ਼ਾ ਬੋਲਦਾ - ਬੌਬ.ਬੀ ਰੰਧਾਵਾ)

ਔਰਤਾਂ ਦੇ ਸੰਘਰਸ਼ ਬਾਰੇ ਮੈਨੂੰ ਜ਼ਾਤੀ ਤੌਰ 'ਤੇ ਅਫ਼ਗ਼ਾਨ-ਈਰਾਨੀ ਰੈਪ ਗਾਇਕ ਸੋਨੀਤਾ ਅਲੀਜ਼ਾਦੇ ਬਹੁਤ ਪਸੰਦ ਹੈ, ਜੋ ਫ਼ਾਰਸੀ ਵਿਚ ਰੈਪ ਗਾਉਂਦੀ ਹੈ। ਉਹ ਅਫ਼ਗ਼ਾਨਿਸਤਾਨ ਵਿਚ ਵਹੁਟੀਆਂ ਖ਼ਰੀਦਣ ਦੇ ਪ੍ਰਚੱਲਤ ਰਿਵਾਜ਼ ਦੀ ਗੱਲ ਕਰਦੀ ਹੈ, ਜਿਸ ਦਾ ਉਹ ਖ਼ੁਦ ਸ਼ਿਕਾਰ ਹੁੰਦੇ ਹੁੰਦੇ ਬਚਦੀ ਹੈ। 'ਦੋਖਤਾਰ ਫ਼ੋਰੂਸ਼ੀ' ਨਾਂ ਦੇ ਇਸ ਰੈਪ ਗੀਤ ਦੇ ਕੁਝ ਬੋਲਾਂ ਦਾ ਸਿੱਧਾ ਸਿੱਧਾ ਅਨੁਵਾਦ ਇਸ ਤਰ੍ਹਾਂ ਬਣਦਾ ਹੈ:

"ਮੈਂ ਆਪਣੀ ਗੱਲ ਹੌਲ਼ੀ ਆਵਾਜ਼ ਵਿਚ ਹੀ ਕਰਾਂਗੀ
ਤਾਂ ਜੋ ਕੋਈ ਸੁਣ ਨਾ ਲਵੇ ਕਿ
ਮੈਂ ਕੁੜੀਆਂ ਵੇਚਣ ਦੇ ਰਿਵਾਜ਼ ਬਾਰੇ ਬੋਲੀ ਹਾਂ।
ਮੇਰੀ ਆਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ
ਕਿਉਂਕਿ ਇਹ ਸ਼ਰੀਆ ਦੇ ਖ਼ਿਲਾਫ਼ ਹੈ।
ਔਰਤਾਂ ਨੂੰ ਸ਼ਾਂਤ ਹੀ ਰਹਿਣਾ ਚਾਹੀਦਾ ਹੈ।
ਇਹੀ ਇਸ ਸ਼ਹਿਰ ਦੀ ਰਵਾਇਤ ਹੈ।"

(ਦੋਖਤਾਰ ਫ਼ੋਰੂਸ਼ੀ - ਸੋਨੀਤਾ ਅਲੀਜ਼ਾਦੇ)

ਬੁਨਿਆਦੀ ਨੁਕਤਾ ਇਹ ਹੈ ਕਿ ਪੰਜਾਬੀ ਵਿਚ ਅਜਿਹੇ ਰੈਪ ਗੀਤਾਂ ਦਾ ਘਰ ਅਜੇ ਬਹੁਤ ਦੂਰ ਹੈ, ਜਿਹੜੇ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੇ ਹਨ। ਕੁਝ ਇਕ ਚੋਣਵੇਂ ਗੀਤਾਂ ਤੋਂ ਬਿਨਾਂ ਸਾਡੇ ਕੋਲ ਕੁਝ ਨਹੀਂ। ਪੰਜਾਬ ਵਿਚਲੇ ਸੰਘਰਸ਼ ਨੂੰ ਪੇਸ਼ ਕਰਨ ਵਿਚ ਰੈਪ ਸੰਗੀਤ ਉਦੋਂ ਹੀ ਕਾਮਯਾਬ ਹੋ ਸਕਦਾ ਹੈ, ਜਦੋਂ ਕੋਈ ਔਰਤ ਜਾਂ ਦਲਿਤ ਆਪਣੀ ਹਾਸ਼ੀਆਗਤ ਪਛਾਣ ਨੂੰ ਕਬੂਲਦੇ ਹੋਏ ਆਪਣੇ ਜੀਵਨ ਸੰਘਰਸ਼ ਦੇ ਰੈਪ ਲਿਖਣਗੇ ਅਤੇ ਗਾਉਣਗੇ।

ਮੋਬਾਈਲ : 94651-55776

ਪੰਨਾ 8

  1. ਪੰਜਾਬ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦੀ ਜਾਤ ਬਾਰੇ ਜਾਣਕਾਰੀ ਨਹੀਂ ਮਿਲੀ।