ਪੰਜਾਬੀ ਕਵਿਤਾ/ਪੰਜਾਬੀ ਕਵਿਤਾ ਦਾ ਇਤਿਹਾਸ
ਪੰਜਾਬੀ ਕਵਿਤਾ
੧. ਪੰਜਾਬੀ ਕਵਿਤਾ ਦਾ ਇਤਿਹਾਸ
ਪੰਜਾਬ ਦੀ ਬੋਲੀ ਵਿਚ ਆਦ-ਕਾਲ ਤੋਂ ਕਈ ਤਬ-ਦੀਲੀਆਂ ਆ ਚੁਕੀਆਂ ਹਨ। ਇਕ ਤਰ੍ਹਾਂ ਨਾਲ ਜਿੰਨੀਆਂ ਬੋਲੀਆਂ ਵੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਰਹੀਆਂ, ਪੰਜਾਬੀ ਅਖਵਾ ਸਕਦੀਆਂ ਹਨ,ਇਥੋਂ ਤਕ ਕਿ ਵੇਦਕ ਸਮੇਂ ਵਿਚ ਪੰਜਾਬ ਦੀ ਬੋਲੀ ਉਹ ਸੀ, ਜਿਸ ਵਿਚ ਵੇਦ ਲਿਖੇ ਗਏ। ਪਰ ਉਹ ਬੋਲੀ ਜਿਸ ਨੂੰ ਅਸੀਂ ਅੱਜ ਕਲ ਪੰਜਾਬੀ ਕਹਿੰਦੇ ਹਾਂ, ਪੰਜਾਬ ਦੇ ਸਾਹਿਤਕ ਇਤਿਹਾਸ ਵਿਚ ਢੇਰ ਚਿਰ ਮਗਰੋਂ ਪ੍ਰਗਟ ਹੋਈ। ਪੰਜਾਬੀ, ਹਿੰਦੀ ਤੋਂ ਪਹਿਲੀ ਪ੍ਰਾਕ੍ਰਿਤ ਤੇ ਫਾਰਸੀ ਅਰਬੀ ਦੇ ਮੇਲ ਨਾਲ ਬਣੀ।
ਪੰਜਾਬੀ ਕਵਿਤਾ ਹਜ਼ਾਰਾਂ ਸਾਲ ਪਹਿਲਾਂ ਤੋਂ ਰਚੀ ਜਾਂਦੀ ਰਹੀ ਹੈ। ਪਰ ਅਜੇ ਤਕ ਸਾਹਿਤ-ਖੋਜੀ ਮੁਸਲਮਾਨੀ ਸਮੇਂ ਤੋਂ ਪਰੇ ਨਹੀਂ ਲੰਘੇ। ਜੋ ਖੋਜ ਸਾਡੇ ਸਾਹਮਣੇ ਮੋਜੂਦ ਹੈ, ਉਸ ਦੇ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕੇ ਸ਼ੁਰੂ ਸ਼ੁਰੂ ਵਿਚ ਸੂਰਬੀਰਾਂ ਦੀਆਂ ਵਾਰਾਂ ਅਤੇ ਗੀਤ ਹੀ ਮੁਸਲਮਾਨੀ ਸਮੇਂ ਤੋਂ ਪਹਿਲਾਂ ਦੀ ਪੰਜਾਬੀ ਕਵਿਤਾ ਦੇ ਨਮੂਨੇ ਹਨ। ਪਤਾ ਨਹੀਂ ਪੰਜਾਬੀ ਕਵਿਤਾ ਇਸ ਤੋਂ ਪਹਿਲਾਂ ਕਿੰਨੇ ਦੌਰਾਂ ਵਿਚੋਂ ਲੰਘ ਚੁਕੀ ਸੀ।
ਸ਼ੇਖ ਫ਼ਰੀਦ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਜਾਬੀ ਕਵਿਤਾ ਦਾ ਮੋਢੀ ਥਾਪਦੇ ਹੋਏ ਅਸੀਂ ਪੰਜਾਬੀ ਕਵਿਤਾ ਨੂੰ ਤਿੰਨਾਂ ਸਮਿਆਂ ਵਿਚ ਵੰਡ ਸਕਦੇ ਹਾਂ-
੧. ਮੁਸਲਮਾਨੀ ਸਮਾਂ।੨. ਖ਼ਾਲਸਈ ਸਮਾਂ।
੩. ਅੰਗ੍ਰੇਜ਼ੀ ਸਮਾਂ।
੧. ਮੁਸਲਮਾਨੀ ਸਮਾਂ-
ਦੇਸ ਦੇ ਸਾਹਿੱਤ ਉਤੇ ਉਥੋਂ ਦੇ ਸਮਾਜਕ, ਆਰਥਕ ਤੇ ਰਾਜਸੀ ਹਾਲਾਤ ਦਾ ਬੜਾ ਅਸਰ ਪੈਂਦਾ ਹੈ। ਸਾਹਿੱਤ ਉਹੋ ਜਿਹਾ ਪੈਦਾ ਹੁੰਦਾ ਹੈ, ਜਿਹੋ ਜਹੇ ਹਾਲਾਤ ਵਿਚੋਂ ਦੇਸ਼ ਉਸ ਵੇਲੇ ਲੰਘ ਰਿਹਾ ਹੋਵੇ। ਇਹੋ ਹਾਲਤ ਪੰਜਾਬੀ ਕਵਿਤਾ ਦੀ ਹੈ। ਇਸ ਸਮੇਂ ਵਿੱਚ ਨਿੱਤ ਬਾਹਰੋਂ ਹੱਲੇ ਹੁੰਦੇ ਰਹਿੰਦੇ ਸਨ। ਦੇਸ ਬਦ-ਅਮਨੀ ਦਾ ਸ਼ਿਕਾਰ ਸੀ! ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਸਨ। ਕੁਦਰਤੀ ਅਸੂਲ ਹੈ ਕਿ ਔਖੇ ਵੇਲੇ ਰੱਬ ਚੇਤੇ ਆਉਂਦਾ ਹੈ। ਇਸ ਲਈ ਥਾਂ ਥਾਂ ਭਗਤ ਪੈਦਾ ਹੋ ਪਏ-ਬਨਾਰਸ ਵਿਚ ਰਾਮਾਨੰਦ ਤੇ ਕਬੀਰ,ਬੰਗਾਲ ਵਿਚ ਚੰਡੀਦਾਸ ਤੇ ਚੈਤਨ, ਰਾਜਪੂਤਾਨੇ ਵਿਚ ਮੀਰਾਂਬਾਈ ਤੇ ਦਾਦੂ, ਮਹਾਰਾਸ਼ਟਰ ਵਿਚ ਨਾਮਦੇਵ ਤੇ ਤੁਕਾ ਰਾਮ, ਅਤੇ ਪੰਜਾਬ ਵਿਚ ਸਿੱਖ ਗੁਰੂ ਸਾਹਿਬਾਨ। ਇਨ੍ਹਾਂ ਭਗਤਾਂ ਨੇ ਨਾਮ ਦਾ ਉਪਦੇਸ਼ ਦਿੱਤਾ। ਨਾਲ ਹੀ ਪੰਜਾਬ ਵਿਚ ਬਾਬਾ ਫ਼ਰੀਦ, ਅਜਮੇਰ ਵਿੱਚ ਖ਼ਾਜਾ ਚਿਸ਼ਤੀ ਤੇ ਦੱਖਣ ਵਿਚ ਖ਼ਾਜਾ ਗੇਸੂ ਦਰਾਜ਼ ਮੁਸਲਮਾਨ ਫ਼ਕੀਰ ਹੋਏ। ਇਨ੍ਹਾਂ ਹਿੰਦੂ ਤੇ ਮੁਸਲਮਾਨ ਫ਼ਕੀਰਾਂ ਨੇ ਦੋਹਾਂ ਕੌਮਾਂ ਵਿਚ ਪ੍ਰੇਮ-ਭਾਵ ਪੈਦਾ ਕਰਨ ਦਾ ਜਤਨ ਕੀਤਾ। ਇਨ੍ਹਾਂ ਦਾ ਉਪਦੇਸ਼ ਸੀ ਕਿ ਰਾਮ ਤੇ ਰਹੀਮ ਵਿਚ ਕੋਈ ਭੇਦ ਨਹੀਂ। ਇਨ੍ਹਾਂ ਭਗਤਾਂ ਤੇ ਫ਼ਕੀਰਾਂ ਦੀ ਕਵਿਤਾ ਧਾਰਮਕ ਤੇ ਸੁਧਾਰਕ ਸੀ। ਇਨ੍ਹਾਂ ਨੇ ਉੱਚ ਚੋਟੀ ਦੀਆਂ ਦਿਲ-ਖਿੱਚਵੀਆਂ ਕਵਿਤਾਵਾਂ ਉਚਾਰੀਆਂ। ਇਸ ਲਈ ਅਸੀਂ ਇਸ ਲਹਿਰ ਨੂੰ ਭਗਤੀ ਲਹਿਰ ਕਹਿ ਸਕਦੇ ਹਾਂ।
ਸ਼ੇਖ਼ ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਮੋਢੀ ਹਨ। ਇਨ੍ਹਾਂ ਦੀ ਕਵਿਤਾ ਧਰਮ, ਸੁਧਾਰ, ਏਕਤਾ, ਸਚਾਈ ਤੇ ਰੱਬੀ-ਪ੍ਰੇਮ ਵੱਲ ਲਿਜਾਣ ਵਾਲੀ ਸੀ। ਇਨ੍ਹਾਂ ਦੀ ਕਵਿਤਾ ਵਿੱਚ ਸਥਾਨਕ ਰੰਗਣ ਤੇ ਅਨੁਭਵ ਬਹੁਤ ਸੀ। ਸ਼ੇਖ਼ ਫ਼ਰੀਦ ਦੀ ਕਵਿਤਾ ਬੜੀ ਮਿੱਠੀ, ਧੂ ਪਾਉਣ ਵਾਲੀ ਤੇ ਸਾਦੀ ਹੁੰਦੀ ਸੀ। ਫ਼ਾਰਸੀ ਤੇ ਅਰਬੀ ਦਾ ਉਨ੍ਹਾਂ ਦੀ ਕਵਿਤਾ ਤੇ ਘੱਟ ਅਸਰ ਸੀ।
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ।
ਫਰੀਦਾ ਕਿੰਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ।
ਗੁਰੂ ਸਾਹਿਬਾਨ ਨੇ ਪੰਜਾਬੀ ਵਿਚ ਘਰੋਗੀ ਗੱਲਾਂ, ਕਬਿੱਤ, ਸਵੱਯੇ, ਵਾਰਾਂ, ਸਦ, ਬਾਰਾਂ ਮਾਹ, ਘੋੜੀਆਂ ਆਦਿ ਲਿਖੀਆਂ। ਗੁਰੂ ਨਾਨਕ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਮਨੁਖੀ ਜੀਵਨ ਉੱਤੇ ਸਾਦੀਆਂ ਕਵਿਤਾਵਾਂ ਲਿਖੀਆਂ।
ਸੁਪਨੇ ਆਇਆ ਭੀ ਗਇਆ ਮੈਂ ਜਲੁ ਭਰਿਆ ਰੋਇ।
ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ।
ਆਉ ਸੁਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ।
[ਗੁਰੂ ਨਾਨਕ]
ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਸਤੇ ਬਲਵੰਡੇ ਨੇ ਵੀ ਪਹਿਲੇ ਪੰਜ ਗੁਰੂ ਸਾਹਿਬਾਂ ਦੀ ਉਸਤਤ ਵਿਚ ਇਕ ਵਾਰ ਲਿਖੀ।
ਭਾਈ ਗੁਰਦਾਸ ਨੇ ਠੇਠ ਪੰਜਾਬੀ ਵਾਰਾਂ ਲਿਖੀਆਂ। ਇਨ੍ਹਾਂ ਦੀ ਕਵਿਤਾ ਗੁਰੂ ਸਾਹਿਬਾਂ ਦੀ ਬਾਣੀ ਦੀ ਵਿਆਖਿਆ ਹੈ। ਕਵਿਤਾ ਵਿਚ ਮੌਲਿਕਤਾ (Originality) ਨਾ ਹੋਣ ਕਰ ਕੇ ਵਲਵਲਾ ਘਟ ਹੈ, ਇਨ੍ਹਾ ਦੀ ਕਵਿਤਾ ਨੂੰ ਅਸੀਂ ਰਵਾਇਤੀ (Classical) ਕਵਿਤਾ ਆਖ ਸਕਦੇ ਹਾਂ।
ਚੰਦ ਚਕੋਰ ਪੀਤ ਹੈ ਲਾਇ ਤਾਰ ਨਿਹਾਲੇ।
ਚਕਵੀ ਸੁਰਜ ਹੇਤ ਹੈ ਮਿਲ ਹੋਨ ਸੁਖਾਲੇ।
ਨੇਹੁੰ ਕਵਲ ਜਲ ਜਾਣੀਐ ਖਿੜ ਮੁੰਹ ਵੇਖਾਲੇ।
ਮੋਰ ਬਬੀਏ ਬੋਲਦੇ ਵੇਖ ਬਦਲ ਕਾਲੇ।
ਨਾਰਿ ਭਤਾਰ ਪਿਆਰ ਹੈ ਮਾਂ ਪੁੱਤ ਸਮ੍ਹਾਲੇ।
ਪੀਰ ਮੁਰੀਦਾਂ ਪਿਰਹੜੀ ਉਹ ਨਿਬਹੈ ਨਾਲੇ।
[ਭਾਈ ਗੁਰਦਾਸ]
ਅਕਬਰ ਦੇ ਵੇਲੇ ਛੱਜੂ, ਕਾਨ੍ਹਾ, ਪੀਲੂ ਆਦਿ ਭਗਤਾਂ ਨੇ ਵੀ ਕਵਿਤਾਵਾਂ ਲਿਖੀਆਂ।
ਏਸ ਸਮੇਂ ਲਾਹੌਰ ਵਿਚ ਸ਼ਾਹ ਹੁਸੈਨ ਹੋਰੀਂ ਆਪਣੀ ਸੂਫ਼ੀ ਵਾਲੀ ਮਸਤੀ ਵਿਚ ਪਿਆਰ ਤੇ ਦਰਦ ਭਰੀ ਛਾਇਆਵਾਦ (Mystic) ਕਾਫੀਆਂ ਕਹਿ ਰਹੇ ਸਨ । ਇਨ੍ਹਾਂ ਦੀ ਬੋਲੀ ਮਿਲੀ ਤੇ ਠੇਠ ਸੀ। ਕਵਿਤਾ ਵਿਚ ਰਾਗ ਤੇ ਵਲਵਲਾ ਢੇਰ ਸੀ ।
ਇਕ ਦਿਨ ਤੈਨੂੰ ਸੁਪਨਾ ਭੀ ਹੋਸਨ,
ਗਲੀਆਂ ਬਾਬਲ ਵਾਲੀਆਂ।
ਉੱਡ ਗਏ ਭੌਰ ਫੁਲਾਂ ਦੇ ਕੋਲੋਂ,
ਸਣ ਪਤਰਾਂ ਸਣ ਤਾਲੀਆਂ।
ਜੰਗਲ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ ਕਰ ਕਰ ਡਾਲੀਆਂ।
ਕਤਣ ਬੈਠੀਆਂ ਵਤ ਵਤ ਗਈਆਂ,
ਜਿਉਂ ਜਿਉਂ ਖਸਮ ਸਮਾਲੀਆਂ।
ਸੇਈ ਰਾਤੀਂ ਲੇਖੇ ਪਈਆਂ,
ਜਿਕੇ ਨਾਲ ਮਿਤਰਾਂ ਦੇ ਗਾਲੀਆਂ।
ਜਿਤ ਤਨ ਲਗੀ ਸੋਈ ਤਨ ਜਾਣੇ,
ਹੋਰ ਗੱਲਾਂ ਕਰਨ ਸੁਖਾਲੀਆਂ।
ਕਹੇ ਹੁਸੈਨ ਫਕੀਰ ਸਾਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ।
ਧਾਰਮਕ ਤੇ ਸੁਧਾਰਕ ਕਵਿਤਾ ਤੋਂ ਹੁਣ ਲੋਕਾਂ ਦੇ ਮਨ ਰਜ ਚੁਕੇ ਸਨ। ਹੁਣ ਇਸ ਦਾ ਪ੍ਰਤੀਕ੍ਰਮ (Reaction) ਜ਼ਰੂਰੀ ਸੀ। ਅਕਬਰ ਦੇ ਵੇਲੇ ਦਮੋਦਰ ਨੇ ਹੀਰ ਲਿਖ ਕੇ ਕਵਿਤਾ ਨੂੰ ਧਾਰਮਕ ਲਹਿਰ ਵਿਚੋਂ ਬਾਹਰ ਕਢਿਆ। ਦਮੋਦਰ ਦੀ ਹੀਰ ਸਭ ਤੋਂ ਪਹਿਲੀ ਹੀਰ ਹੈ। ਇਸੇ ਲਈ ਦਮੋਦਰ ਨੂੰ ਅਸੀਂ ਕਿੱਸਾ-ਲਹਿਰ ਦਾ ਮੋਢੀ ਕਹਿ ਸਕਦੇ ਹਾਂ।
ਤੂੰ ਸਾਹਿਬ ਮੈਂ ਬਰਦੀ ਤੈਂਡੀ ਆਜਜ਼ ਨਾ ਅਜ਼ਮਾਏਂ।
ਵਿਚਾਰੀ ਨੂੰ ਚਾਰਾ ਕਿਹਾ ਤੂੰ ਆਪੇ ਕਰੇਂ ਕਰਾਏਂ।
ਸਭ ਕਿਛ ਤੈਂਡਾ ਕੀਤਾ ਹੋਵੇ,ਮੈਥੋਂ ਜਾਣ ਛੁਪਾਏਂ।
ਕੈ ਕੁਦਰਤ ਕਹੀਂ ਦੀ ਸਾਹਿਬ,ਤੂੰ ਆਪੇ ਕਰੇਂ ਕਰਾਏਂ।
[ਦਮੋਦਰ]
ਜਹਾਂਗੀਰ ਦੇ ਸਮੇਂ ਪੰਜਾਬੀ ਹਾਸ ਰਸ ਕਵਿਤਾ ਦਾ ਮੋਢੀ ਸੁਥਰਾ ਹੋਇਆ। ਇਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਆਉਂਦੇ ਜਾਂਦੇ ਸਨ।
ਧੀਆਂ ਧਾੜ, ਤੇ ਪੁਤਰ ਫਾਹ, ਰੰਨ ਦੁਖਾਂ ਦਾ ਖੂਹ।
ਇਸ ਘਾਣੀ ਤੋਂ ਸੁਥਰਿਆ, ਕੋਈ ਹਰਿ ਜਨ ਕੱਢੇ ਧੂਹ।
ਇਸ ਤੋਂ ਮਗਰੋਂ ਇਕ ਹੋਰ ਹਾਸ ਰਸ ਕਵੀ ਜਲ੍ਹਣ ਹੋਇਆ। ਇਸ ਦਾ ਬੋਲੀ ਤੇ ਬੰਦਸ਼ ਤੇ ਕਾਬੂ ਘਟ ਸੀ, ਪਰ ਗੱਲਾਂ ਟਿਕਾਣੇ ਦੀਆਂ ਕਹਿੰਦਾ ਸੀ।
ਵੱਡਾ ਕਿਕਰ ਵੱਢ ਕੇ ਜਪਮਾਲ ਬਣਾਇਆ।
ਉਚੇ ਟਿੱਬੇ ਬਹਿ ਕੇ ਠਾਹ ਠਾਹ ਵਜਾਇਆ।
ਲੋਕਾਂ ਦੀਆਂ ਜਪਮਾਲੀਆਂ, ਜਲ੍ਹਣ ਦਾ ਜਪਮਾਲ।
ਸਾਰੀ ਉਮਰ ਜਪੇਂਦਿਆਂ ਇਕ ਨਾ ਖੁਥਾ ਵਾਲ।
ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਪਹਿਲੇ ਗੁਰੂ ਸਾਹਿਬਾਂ ਦੇ ਸਾਰੇ ਗੁਣਾਂ ਤੋਂ ਛੁਟ ਬੀਰ-ਰਸ ਪੂਰਤ ਸੀ। ਬੋਲੀ ਠੇਠ ਤੇ ਜੋਸ਼ ਭਰੀ ਸੀ। ਉਨ੍ਹਾਂ ਨੇ ਭਗਤੀ ਰਸ ਦੇ ਹੱਥ ਵਿਚ ਤਲਵਾਰ ਫੜਾ ਦਿਤੀ। ਇਨ੍ਹਾਂ ਦਾ ਵਰਨਨ ਤੇ ਚਿਤ੍ਰਨ ਬੜਾ ਜ਼ੋਰਦਾਰ ਸੀ। ਆਪ ਦੇ ਦਰਬਾਰ ਵਿਚ ੫੨ ਕਵੀ ਰਹਿੰਦੇ ਸਨ ਜਿਨਾਂ ਨੇ ਪੰਜਾਬੀ ਦੇ ਮੁਹਾਵਰੇ ਨੂੰ ਠੁਕ ਤੇ ਲਿਆਉਣ ਲਈ ਬੜੀ ਸਹਾਇਤਾ ਕੀਤੀ। ਚੰਡੀ ਦੀ ਵਾਰ ਵਿਚ ਸਿਰਖੰਡੀ ਛੰਦ ਵਰਤ ਕੇ ਪੰਜਾਬੀ ਦੇ ਖੁਲ੍ਹੇ ਸੁਭਾ ਦਾ ਪ੍ਰਤੱਖ ਸਬੂਤ ਦਿਤਾ-
ਚੋਬੀਂਂ ਧੌਂਸਾਂ ਪਾਈਆਂ, ਦਲਾਂ ਮੁਕਾਬਲਾ।
ਦਸਤੀਂਂ ਉਹ ਨਚਾਈਆਂ, ਤੇਗਾਂ ਨੰਗੀਆਂ।
ਸੂਰੀਆਂ ਦੇ ਤਨ ਲਾਈਆਂ, ਗੋਸ਼ਤ ਗਿਧੀਆਂ।
ਬਿਧਨ ਰਾਤੀਂ ਆਈਆਂ, ਮਰਦਾਂ ਘੋੜਿਆਂ।
ਜੋਗਣੀਆਂ ਮਿਲ ਧਾਈਆਂ, ਲਹੂ ਪੀਣੀਆਂ।
ਫ਼ੌਜਾਂ ਮਾਰ ਹਟਾਈਆਂ, ਦੇਵਾਂ ਦਾਨਵਾਂ।
[ਗੁਰੂ ਗੋਬਿੰਦ ਸਿੰਘ]
ਕੁਝ ਚਿਰ ਬਾਅਦ ਸੂਫ਼ੀ ਫ਼ਕੀਰ ਬੁਲ੍ਹੇ ਸ਼ਾਹ ਹੋਇਆ ਜਿਸ ਨੇ ਆਪਣੀਆਂ ਕਾਫ਼ੀਆਂ ਇਕ-ਤਾਰੇ ਦੀ ਸੁਰ ਅਤੇ ਖੜਤਾਲਾਂ ਦੇ ਤਾਲ ਤੇ ਨਚ ਨਚ ਕੇ ਗਾਈਆਂ। ਆਪ ਦੀਆਂ ਕਾਫੀਆਂ ਬਹੁਤ ਹੀ ਮਸ਼ਹੂਰ ਹਨ। ਬੋਲੀ ਸਾਦਾ ਤੇ ਮਿਠੀ, ਵਲਵਲਾ ਡੂੰਘਾ ਪਿਆਰ ਉੱਚਾ ਤੇ ਸੱਚਾ ਹੈ। ਆਪ ਨੇ ਘਰੋਗੀ ਗੱਲਾਂ ਨੂੰ ਘਰੋਗੀ ਬੋਲੀ ਵਿਚ ਬੰਨ੍ਹ ਕੇ ਉੱਚੀਆਂ ਸਿਖਿਆਵਾਂ ਦੇਣ ਦਾ ਜਤਨ ਕੀਤਾ ਹੈ। ਆਪ ਪੰਜਾਬੀ ਕਵੀਆਂ ਵਿਚ ਉੱਚਾ ਦਰਜਾ ਰੱਖਦੇ ਹਨ:
ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ।
ਮੈਂ ਵਿਚ ਕਿਆ ਤੱਕਸੀਰ ਹੈ, ਮੈਂ ਬਰਦਾ ਤੇਰਾ।
[ਬੁਲ੍ਹੇ ਸ਼ਾਹ]
ਸੁਲਤਾਨ ਬਾਹੂ ਤੇ ਅਲੀ ਹੈਦਰ ਨੇ ਵੀ ਏਸੇ ਵੇਲੇ ਠੇਠ ਸੂਫੀ ਕਵਿਤਾ ਲਿਖੀ ਤੇ ਬਾਬਾ ਵਜੀਦ ਨੇ ਹਾਸ-ਰਸ ਕਵਿਤਾ।
ਲਗ ਪਗ ਇਸੇ ਸਮੇਂ ਪੀਲੂ ਤੇ ਹਾਫਜ਼ ਬਰਖੁਰਦਾਰ ਨੇ ਮਿਰਜ਼ਾ ਸਾਹਿਬਾਂ ਦੀ ਵਾਰ ਲਿਖੀ। ਪਹਿਲੇ ਵਿਚ ਪੰਜਾਬੀ ਸੁਭਾ ਅਨੁਸਾਰ ਬਨਾਵਟ ਘਟ ਸੀ, ਪਰ ਦੂਜੇ ਵਿਚ ਬਹੁਤੀ:ਸਾਹਿਬਾਂ ਚਲੀ ਨ੍ਹਾਉਣ ਨੂੰ, ਲੰਗੀ ਤੇੜ ਅੜਾਇ।
ਢਹਿ ਢਹਿ ਪੈਣ ਫ਼ਰੇਸ਼ਤੇ, ਪੌਣਾ ਪਿਆ ਖ਼ੁਦਾਇ।
ਹੱਥ ਸੂ ਛੰਨਾ ਦਹੀਂ ਦਾ, ਚੌਲੀ ਵੱਲ ਤਲਾਇ।
ਮਲ ਮਲ ਧੋਵੇ ਮੀਢੀਆਂ, ਚੁਲੀਆਂ ਪਾਣੀ ਪਾਇ।
ਮੇਲ ਹੋਵੇ ਤਾਂ ਉਗਲੇ, ਇਸ਼ਕ ਨਾ ਧੋਤਾ ਜਾਇ।
[ਪੀਲੂ]
ਹੁਣ ਧਾਰਮਕ ਕਵਿਤਾ ਦਾ ਉਲਟਾ ਅਸਰ ਹੋਇਆ ਕਿ ਦੁਨਿਆਵੀ ਇਸ਼ਕ ਕਵਿਤਾ ਵਿਚ ਆਮ ਪ੍ਰਚਲਤ ਹੋ ਗਿਆ। ਏਸ ਸਮੇਂ ਆਪਣੇ ਸਮੇਂ ਦਾ ਸਭ ਤੋਂ ਵੱਡਾ ਕਵੀ ਸੱਯਦ ਵਾਰਸ ਸ਼ਾਹ ਹੋਇਆ। ਆਪ ਨੇ ਹੀਰ ਦਾ ਸਭ ਤੋਂ ਵਧੀਆ ਕਿੱਸਾ ਲਿਖ ਕੇ ਪੰਜਾਬੀ ਸਾਹਿੱਤ ਦਾ ਵਾਧਾ ਕੀਤਾ। ਆਪ ਦੀ ਕਵਿਤਾ ਵਿਚ ਸੋਜ਼ ਤੇ ਪਿਆਰ ਅਮਿਣਵਾਂ, ਬਿਆਨ ਤੇ ਸੁਭਾ-ਚਿਨ ਲਾਜਵਾਬ ਹੈ:-
ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ,
ਪਈਆਂ ਚਾਟੀਆਂ ਵਿਚ ਮਧਾਣੀਆਂ ਨੀ
ਇਕਨਾਂ ਉਠ ਕੇ ਰਿੜਕਣਾ ਪਾ ਦਿੱਤਾ,
ਇਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਇਕ ਉਠ ਕੇ ਹਲੀਂ ਤਿਆਰ ਹੋਏ,
ਇਕ ਢੂੰਡਦੇ ਫਿਰਨ ਪਰਾਣੀਆਂ ਨੀ।
ਘਰੀਂ ਰੰਨਾਂ ਨੇ ਚੱਕੀਆਂ ਝੋਤੀਆਂ ਨੀ,
ਜਿਨ੍ਹਾਂ ਤਾਵਣਾਂ ਗੁੰਨ ਪਕਾਣੀਆਂ ਨੀ।
ਉਠ ਨ੍ਹਾਵਣੇ ਵਾਸਤੇ ਜਾਣ ਦੌੜੇ,
ਸੇਜਾਂ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨੀ।
[ਵਾਰਸ]
ਦੋਹੀਂ ਦਲੀਂ ਮੁਕਾਬਲਾ, ਰਣ ਸੂਰੇ ਗੜ੍ਹਕਣ।
ਚੜ੍ਹ ਤੋਫਾਂ ਗੱਡੀਂ ਢੁਕੀਆਂ, ਲਖ ਸੰਗਲ ਖੜਕਣ।
ਉਹ ਦਾਰੂ ਖਾਂਦੀਆਂ ਕੋਹਲੀਆਂ, ਮਣ ਗੋਲੇ ਰੜਕਣ।
ਉਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ।
ਜਿਉਂ ਦਰ ਖੁਲ੍ਹੇ ਦੋਜ਼ਖ਼ਾਂ, ਮੂੰਹ ਭਾਹੀਂ ਭੜਕਣ।
ਜਿਉਂ ਝੰਭੇ ਮਾਰੇ ਪੰਖਣੂ, ਵਿਚ ਬਾਗਾਂ ਫੜਕਣ।
ਜਿਉਂ ਝੱਲੀਂ ਅੱਗਾਂ ਲੱਗੀਆਂ, ਰਣ ਸੂਰੇ ਤੜਕਣ।
[ਨਜਾਬਤ]
ਇਸ ਸਮੇਂ ਵਿਚ ਹਕੀਕਤ ਰਾਏ ਦੀ ਸ਼ਹੀਦੀ ਹੋਈ, ਜਿਸ ਨੇ ਮੁਲਕ ਵਿਚ ਤਰਥੱਲੀ ਮਚਾ ਦਿਤੀ। ਇਸ ਸਾਕੇ ਨੂੰ ਕਵੀ ਅਗਰਾ ਨੇ ਬੜੇ ਦਿਲ-ਚੀਰਵੇਂ ਢੰਗ ਨਾਲ ਵਾਰ ਵਿਚ ਵਰਨਨ ਕੀਤਾ ਹੈ।
(੨) ਖ਼ਾਲਸਈ ਸਮਾਂ—
ਮੁਗਲਾਂ ਦੇ ਪਿਛੋਂ ਸਿੱਖਾਂ ਦਾ ਰਾਜ ਪੰਜਾਬ ਵਿਚ ਕਾਇਮ ਹੋਇਆ। ਮਹਾਰਾਜਾ ਰਣਜੀਤ ਸਿੰਘ ਪੰਜਾਬੀ ਕਵੀਆਂ ਦਾ ਬੜਾ ਕਦਰਦਾਨ ਸੀ, ਇਸ ਲਈਂ ਪੰਜਾਬੀ ਕਵਿਤਾ ਬਹੁਤ ਚਮਕ ਉਠੀ। ਹਾਸ਼ਮ ਮਹਾਰਾਜਾ ਸਾਹਿਬ ਦਾ ਖਾਸ ਦਰਬਾਰੀ ਕਵੀ ਸੀ। ਆਪ ਦੀ ਕਵਿਤਾ ਵਿੱਚ ਮੋਜ਼, ਸਿਆਣਪ, ਰਸ ਤੇ ਵਲਵਲਾ ਬਹੁਤ ਸੀ। ਆਪ ਪਿਛਲੀ ਉਮਰ ਵਿਚ ਸੂਫ਼ੀ ਵੀ ਹੋ ਗਏ ਸਨ। ਸੱਸੀ ਪੁਨੂੰ, ਲੈਲਾ ਮਜਨੂੰ, ਸ਼ੀਰੀਂ ਫ਼ਰਹਾਦ ਤੋਂ ਛੁਟ ਆਪ ਨੇ ਦੋਹੜੇ ਵੀ ਲਿਖੇ, ਜੋ ਮਾਹਰਫ਼ਤ ਦਾ ਖਜ਼ਾਨਾ ਹਨ ਸੱਸੀ ਨੂੰ ਦਾ ਕਿੱਸਾ ਬਹੁਤ ਵਧੀਆ ਹੈ।
ਕਾਮਲ ਸ਼ੌਕ ਮਾਹੀ ਦਾ ਮੈਨੂੰ, ਰਹੇ ਜਿਗਰ ਵਿਚ ਵਸਦਾ,
ਨੂੰ ਨੂੰ ਰਸਦਾ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ।
ਜਿਉਂ ਜਿਓ ਹਾਲ ਸੁਣਾਵਾਂ, ਰੋਵਾਂ, ਵੇਖ ਤਤੀ ਵਲ ਹਸਦਾ,
ਜ਼ਰਾ ਨਾਂ ਖਸਦਾ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ।
ਮੀਆਂ ਕਾਦਰ ਯਾਰ ਇਕ ਜਟਕਾ ਜਿਹਾ ਮਾਮੂਲੀ ਕਵੀ ਸੀ। ਪੂਰਨ ਭਗਤ,ਰਾਜਾ ਰਸਾਲੂ ਅਤੇ ਸੋਹਣੀ ਆਦਿ ਕਿੱਸੇ ਲਿਖੇ। ਹਰੀ ਸਿੰਘ ਨਲੂਏ ਅਤੇ ਦੋਸਤ ਮੁਹੰਮਦ ਦੀ ਲੜਾਈ ਦਾ ਹਾਲ ਵਾਰ ਦੀ ਸ਼ਕਲ ਵਿਚ ਲਿਖਿਆ। ਪੂਰਨ ਭਗਤ ਲਿਖਣ ਤੇ ਆਪ ਨੂੰ ਇਕ ਖੂਹ ਇਨਾਮ ਵਜੋਂ ਮਿਲਿਆ।
ਜ਼ਾਲ-ਜ਼ਰਾ ਨਾ ਤਨ ਵਿਚ ਰਹੀ ਤਾਕਤ,
ਰਾਣੀ ਗਾਉਂਦੀ ਗ਼ਮਾਂ ਦੇ ਗੀਤ ਲੋਕੋ।
ਮੈਂ ਭੁਲੀ ਹਾਂ ਤੁਸੀਂ ਨਾ ਹੋਰ ਕੋਈ,
ਲਾਇਓ ਜੋਗੀਆਂ ਨਾਲ ਪ੍ਰੀਤ ਲੋਕੋ।
ਜੰਗਲ ਗਏ ਨ ਬਹੁੜਦੇ ਸੁੰਦਰਾਂ ਨੂੰ,
ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕੋ।
[ਕਾਦਰ ਯਾਰ]
ਅਹਿਮਦ ਯਾਰ ਇਕ ਆਲਮ ਫ਼ਾਜ਼ਲ ਕਵੀ ਹੋਏ। ਉਨ੍ਹਾਂ ਦਿਆਂ ਕਿੱਸਿਆਂ ਦੀਆਂ ਘਟਨਾਵਾਂ, ਤੇ ਕਈ ਵਾਰੀ ਪਲਾਟ ਵੀ ਆਪਣੇ ਬਣੇ ਹੁੰਦੇ ਸਨ। ਬੋਲੀ ਵਿਚ ਇਲਮੀਅਤ ਦਿਖਾਈ ਹੁੰਦੀ ਹੈ। ਤਸ਼ਬੀਹਾਂ, ਮੁਹਾਵਰੇ ਸਭ ਫ਼ਾਰਸੀ ਦੀਆਂ ਨਕਲਾਂ ਹਨ। ਵਲਵਲਾ ਤੇ ਦਰਦ ਦੀ ਟੋਹ ਘਟ ਹੈ। ਇਸ ਸਮੇਂ ਅਲਾਹ ਬਖ਼ਸ਼, ਮੀਆਂ ਹੁਸੈਨ ਤੇ ਇਮਾਮ ਬਖ਼ਸ਼ ਵੀ ਮੰਨੇ ਪ੍ਰਮੰਨੇ ਕਵੀ ਹੋਏ। ਇਮਾਮ ਬਖ਼ਬ ਨੇ ਚੰਦਰ ਬਦਨ ਤੇ ਸ਼ਾਹ ਬਹਿਰਾਮ ਦਾ ਕਿੱਸਾ ਲਿਖਿਆ।
ਸਿਖ ਰਾਜ ਦੇ ਅੰਤ ਵਿਚ ਸ਼ਾਹ ਮੁਹੰਮਦ ਇਤਿਹਾਸਕ ਕਵੀ ਹੋਇਆ। ਆਪ ਨੇ ਸਿਖਾਂ ਤੇ ਅੰਗ੍ਰੇਜ਼ਾਂ ਦੀ ਪਹਿਲੀ ਲੜਾਈ ਦੀ ਬਾਬਤ ਇਕ ਦਿਲਖਿਚਵੀਂ ਵਾਰ ਲਿਖੀ-
ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ,
ਅਗੋਂ ਸਿੰਘਾਂ ਨੇ ਪਾਸਣੇ ਮੋੜ ਦਿਤੇ।
ਮੇਵਾ ਸਿੰਘ ਤੇ ਮਾਖੇ ਖ਼ਾ ਹੋਏ ਸਿੱਧੇ,
ਹੱਲ ਤਿੰਨ ਫ਼ਰੰਗੀ ਦੇ ਤੋੜ ਦਿਤੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲ,
ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਦਿਤੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਦਿਤੇ।
(੩) ਅੰਗ੍ਰੇਜ਼ੀ ਸਮਾਂ-
ਇਸ ਸਮੇਂ ਨੂੰ ਅਗੇ ਦੋ ਹਿਸਿਆਂ ਵਿਚ ਵੰਡਿਆ ਗਿਆ ਹੈ-ਮੁਢਲਾ ਤੇ ਨਵੀਨ।
(ੳ) ਮੁੱਢਲਾ-ਅੰਗ੍ਰੇਜ਼ੀ ਰਾਜ ਦੇ ਮੁਢ ਵਿਚ ਅਜੇ ਪੰਜਾਬੀ ਸਾਹਿੱਤ ਤੇ ਪੱਛਮੀ ਅਸਰ ਨਹੀਂ ਸੀ ਪਿਆ। ਉਸ ਸਮੇਂ ਦੇ ਲਗ ਪਗ ਸਾਰੇ ਦੇ ਸਾਰੇ ਕਿੱਸਾ-ਕਵੀ ਹੋਏ। ਫ਼ਜ਼ਲ ਸ਼ਾਹ, ਗ਼ੁਲਾਮ ਰਸੂਲ, ਹਦਾਇਤ ਉੱਲਾ, ਬੂਟਾ ਗੁਜਰਾਤੀ, ਜੋਗਾ ਸਿੰਘ, ਈਸ਼ਰ ਦਾਸ, ਅਰੂੜਾ, ਭਗਵਾਨ ਸਿੰਘ, ਕਿਸ਼ਨ ਸਿੰਘ ਆਰਫ਼, ਕਾਲੀ ਦਾਸ ਆਦਿ ਕਵੀ ਹੋਏ। ਇਨ੍ਹਾਂ ਨੇ ਫ਼ਾਰਸੀ ਢੰਗ ਦੇ ਬੈਂਤਾਂ ਦੇ ਕਿੱਸੇ ਲਿਖੇ ਅਤੇ ਮੁੜ ਮੁੜ ਹੀਰ, ਸੱਸੀ, ਸੋਹਣੀ, ਪੂਰਨ ਭਗਤ, ਗੋਪੀ ਚੰਦ, ਰੂਪ ਬਸੰਤ ਆਦਿ ਕਿੱਸੇ ਲਿਖੇ। ਖਿਆਲਾਂ, ਬੰਦਸ਼ਾਂ ਤੇ ਵਿਚਾਰਾਂ ਵਿਚ ਕੋਈ ਨਵੀਨਤਾ ਨਹੀਂ ਸੀ। ਇਸ ਸਮੇਂ ਦੇ ਕਵੀਆਂ ਨੂੰ ਅਸੀਂ ਰਵਾਇਤੀ (classical) ਕਵੀ ਕਹਿ ਸਕਦੇ ਹਾਂ ਤੇ ਪੰਜਾਬੀ ਕਵਿਤਾ ਦਾ ਰਵਾਇਤੀ ਸਮਾਂ ਇਹੋ ਹੈ।
ਅੱਖ ਖ਼ਾਬ ਗੁਵਾਇਆ ਆਸ਼ਕਾਂ ਦਾ,
ਨੀਮ ਖ਼ਾਬ ਦੋਵੇਂ ਨਰਗਸ ਵਾਰ ਪਿਆਰੇ।
ਭਵਾਂ ਕੌਸ ਕਮਾਨ ਕਿਆਨ ਆਹੇ,
ਮਿਯਗਾਂ ਤੀਰ ਸੀਨੇ ਚੀਰ ਮਾਰ ਪਿਆਰੇ।
ਬਾਜ਼ੇ ਕੋਸ ਕਜ਼ਾ ਅਬਰੂ ਦੇਨ ਨਿਸਬਤ,
ਬਾਜ਼ੇ ਆਖਦੇ ਅਬਰ ਗ਼ੁਬਾਰ ਪਿਆਰੇ।
[ਫ਼ਜ਼ਲ ਸ਼ਾਹ]
(ਅ) ਨਵੀਨ ਜੀਵਨ (Renaissance)-ਇਸ ਸਮੇਂ ਨੂੰ ਪੰਜਾਬੀ ਕਵਿਤਾ ਦਾ ਨਵਾਂ ਜੀਵਨ ਕਹਿ ਸਕਦੇ ਹਾਂ ਅੰਗ੍ਰੇਜ਼ਾਂ ਦਾ ਰਾਜ ਪੰਜਾਬ ਵਿਚ ਚੰਗੀ ਤਰ੍ਹਾਂ ਜੰਮ ਚੁਕਾ ਸੀ ਅਤੇ ਸਕੂਲ ਕਾਲਜ ਖੁਲ੍ਹ ਗਏ ਸਨ। ਪੱਛਮੀ ਸਾਹਿੱਤ ਤੇ ਸਭਿੱਤਾ ਦਾ ਸਾ ਸਾਹਿੱਤ ਤੇ ਬਹੁਤ ਅਸਰ ਪਿਆ। ਨਵੇਂ ਮਜ਼ਮੂਨ, ਨਵੇਂ ਸ਼ਬਦ ਤੇ ਨਵੀਆਂ ਲਹਿਰਾਂ ਨੇ ਕਵਿਤਾ ਦੀ ਕਾਇਆ ਹੀ ਪਲਟ ਦਿਤੀ।
ਇਸ ਵੇਲੇ ਨਵੀਆਂ ਨਵੀਆਂ ਲਹਿਰਾਂ ਮੁਲਕ ਵਿਚ ਪ੍ਰਚਲਤ ਹੋ ਗਈਆਂ। ਪਾਦਰੀਆਂ ਨੇ ਹਿੰਦੁਸਤਾਨ ਵਿਚ ਥਾਂ ਥਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਅਸਰ ਇਹ ਹੋਇਆ ਕਿ ਬੰਗਾਲ ਵਿਚ ਬ੍ਰਹਮ ਸਮਾਜ ਤੇ ਪੰਜਾਬ ਵਿਚ ਆਰੀਆਂ ਸਮਾਜ ਦੀ ਨੀਂਹ ਰਖੀ ਗਈ। ਸਿੱਖਾਂ ਵਿਚ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਚਲੀਆਂ। ਇਹ ਲਹਿਰਾਂ ਨਵੀਂ' ਰੋਸ਼ਨੀ ਦੇ ਉਕਾ ਹੀ ਵਿਰੁਧ ਸਨ।
ਇਸ ਤੋਂ ਮਗਰੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ। ਗਿਆਨੀ ਹਜ਼ਾਰਾ ਸਿੰਘ, ਗਿਆਨੀ ਦਿਤ ਸਿੰਘ ਤੇ ਡਾਕਟਰ ਚਰਨ ਸਿੰਘ ਇਸ ਲਹਿਰ ਦੇ ਮੋਢੀ ਸਨ। ਫੇਰ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਸੁਧਾਰਕ ਲਹਿਰ ਦਾ ਰੁਖ ਸਾਹਿੱਤ ਵਲ ਮੋੜ ਦਿਤਾ। ਭਾਈ ਵੀਰ ਸਿੰਘ ਨਵੀਨ ਕਵਿਤਾ ਦਾ ਜਨਮ ਦਾਤਾ ਹੈ। ਆਪ ਦੇ ਜਜ਼ਬੇ ਦੀ ਨੀਂਹ ਧਾਰਮਕ ਹੈ ਪਰ ਕਵਿਤਾ ਦਾ ਢੰਗ ਨਵੀਨ। ਆਪ ਦੀ ਕਵਿਤਾ ਤੇ ਪੱਛਮੀ ਸਾਹਿੱਤ ਦਾ ਬਹੁਤ ਅਸਰ ਹੋਇਆ ਹੈ। ਆਪ ਨੇ ਕਵਿਤਾ ਦੇ ਪੁਰਾਣੇ ਭਾਰੇ ਤੇ ਖੁਰਦਰੇ ਤੋਲ ਛਡ ਕੇ ਨਿਕੇ ਨਿਕੇ ਕੋਮਲ ਤੋਲ ਪ੍ਰਚੱਲਤ ਕੀਤੇ । ਆਪ ਤੋਂ ਪਹਿਲੋਂ ਕਵਿਤਾ ਇਕ ਇਕੱਠ ਵਿਚ ਮਾਨਣ ਵਾਲਾ ਸਵਾਦ ਸੀ। ਆਪ ਨੇ ਇਸ ਨੂੰ ਨਿਵੇਕਲਾ ਸਵਾਦ ਦਿਤਾ। ਕਵਿਤਾ ਵਿਚ ਮਨਖੀ ਤਜਰਬਿਆਂ ਨੂੰ ਵਰਤਿਆ। ਪਹਿਲੀ ਵਾਰ ਛੰਦਾਂ ਦੀ ਭਿੰਨਤਾ ਵਲ ਆਪ ਨੇ ਹੀ ਧਿਆਨ ਦਿਤਾ ਤੇ ਸਿਰਖੰਡੀ ਛੰਦ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਵਿਚ ਵਰਤਿਆ ਸੀ, ਇਸ ਨੂੰ ਮੁੜ ਸੁਰਜੀਤ ਕੀਤਾ ਅਤੇ ਮਹਾਂ ਕਾਵਿ ਰਾਣਾ ਸੂਰਤ ਸਿੰਘ ਰਚ ਕੇ ਅੰਗ੍ਰੇਜ਼ੀ ਦੀ ਬਲੈਂਂਕ ਵਰਸ(Blank verse) ਵਾਲੀ ਮਹਾਨਤਾ ਇਸ ਨੂੰ ਦਿਤੀ। ਇਸ ਤੋਂ ਬਿਨਾਂ ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ ਤੇ ਪ੍ਰੀਤ ਵੀਣਾ ਆਪ ਦੀਆਂ ਕਾਵਿ ਪੁਸਤਕਾਂ ਹਨ।
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ, ਹੈ ਹੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ, ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।
[ਭਾਈ ਵੀਰ ਸਿੰਘ]
ਆਪ ਦੇ ਮਿੱਤਰ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਸਾਹਿੱਤ ਦੀ ਬਹੁਤ ਸੇਵਾ ਕੀਤੀ। ਵਲਵਲਾ ਆਪ ਵਿਚ ਬਹੁਤ ਜ਼ਿਆਦਾ ਸੀ, ਇਸ ਕਰ ਕੇ ਆਪ ਦੇ ਖਿਆਲ ਛੰਦਾ-ਬੰਦੀ, ਕੈਦ ਵਿਚ ਨਾ ਜਕੜੇ ਰਹਿ ਸਕੇ। ਵਾਲਟ ਵਿਟਮੈਨ ਦਿਆਂ ਕਦਮਾਂ ਤੇ ਚਲ ਕੇ ਆਪ ਨੇ ਖੁਲ੍ਹੀ ਕਵਿਤਾ (Verse Libr ਲਿਖੀ।ਖੁਲ੍ਹੇ ਮੈਦਾਨ ਆਪ ਦੀ ਕਵਿਤਾ ਦੀ ਮਸ਼ਹੂਰ ਪੁਸਤਕ ਹੈ।
ਆ ਵੀਰਾ ਰਾਂਝਿਆ,
ਆ ਭੈਣੇ ਹੀਰੇ,
ਸਾਨੂੰ ਛੋੜ ਨਾ ਜਾਵੋ,
ਬਿਨਾਂ ਤੁਸਾਂ ਅਸੀਂ ਸਖਣੇ।
[ਪੋ: ਪੂਰਨ ਸਿੰਘ]
ਹੁਣ ਅਕਾਲੀ ਲਹਿਰ ਸ਼ੁਰੂ ਹੋਈ ਤੇ ਕਵੀ ਦਰਬਾਰ ਹੋਣੇ ਸ਼ੁਰੂ ਹੋਏ। ਇਨ੍ਹਾਂ ਕਵੀ ਦਰਬਾਰਾਂ ਦਾ ਪੰਜਾਬੀ ਸਾਹਿੱਤ ਨੂੰ ਬਹੁਤ ਲਾਭ ਪੁੱਜਾ। ਹਿੰਦੂ ਤੇ ਮੁਸਲਮਾਨ ਜਿਹੜੇ ਪੰਜਾਬੀ ਨੂੰ ਲਗ ਪਗ ਛਡ ਚੁਕੇ ਸਨ, ਮੁੜ ਪੰਜਾਬੀ ਦੀ ਸੇਵਾ ਵਿਚ ਜੁਟ ਪਏ। ਇਸ ਸਮੇਂ ਦੇ ਮਸ਼ਹੂਰ ਕਵੀ "ਦਰਦ", "ਤੀਰ", "ਮੁਸਾਫ਼ਿਰ", "ਸ਼ਰਫ", "ਸ਼ਹੀਦ" ਆਦਿ ਹੋਏ।
ਕਾਲੇ ਕਾਲੇ ਨਾਗ ਮੈਨੂੰ ਤਰਦੇ ਵਿਖਾਈ ਦਿਤੇ,
ਉਨ੍ਹਾਂ ਜਦੋਂ ਪਾਣੀ ਵਿਚੋਂ ਆਪਣੇ ਨਿਤਾਰੇ ਕੇਸ।
ਮੋਤੀ ਓਦੋਂ ਵਸ ਗਏ, ਜਿਹੜੇ ਕਿਤੇ ਲੱਭਦੇ ਨਾ,
ਛੰਡੇ ਤੇ ਨਿਚੋੜੇ ਜਦੋਂ ਉਸ ਨੇ ਸਵਾਰੇ ਕੇਸ।
ਕੰਘੀ ਵਿੱਚੋਂ ਨਿਕਲੇ ਤੇ ਕੰਡਲਾਂ ਦੇ ਵਿਚ ਫਸੇ,
ਮੇਰੇ ਵਾਂਗ ਚੱਕਰਾਂ 'ਚ ਪਏ ਦੁਖਿਆਰੇ ਕੇਸ।
ਮੇਚਾ ਉਹਦੇ ਕੱਦ ਦਾ ਸੀ ਪਿਛੋਂ ਕੰਡੀ ਲੈਣ ਲੱਗੇ,
ਇਸੇ ਹੀ ਖ਼ੁਨਾਮੀ ਵਿਚ ਬਣ ਗਏ ਵਿਚਾਰੇ ਕੇਸ।
[ਸ਼ਰਫ਼]
ਇਸ ਤੋਂ ਮਗਰੋਂ ਅਸਲੀ ਨਵੀਨ ਕਵਿਤਾ ਦਾ ਸਮਾਂ ਆਇਆ, ਜਿਸ ਤੇ ਅੰਗ੍ਰੇਜ਼ੀ, ਫ਼ਾਰਸੀ, ਉਰਦੂ ਤੇ ਹਿੰਦੀ ਆਦਿ ਸਾਹਿੱਤਾਂ ਦਾ ਬੜਾ ਰਲਵਾਂ ਮਿਲਵਾਂ ਅਸਰ ਪਿਆ। 'ਚਾਤ੍ਰਿਕ', ਪ੍ਰੋਫ਼ੈਸਰ ਮੋਹਨ ਸਿੰਘ, ਡਾਕਟਰ ਮੋਹਨ ਸਿੰਘ, ਕਿਰਪਾ ਸਾਗਰ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, 'ਅਜ਼ਾਦ', 'ਸਫ਼ੀਰ', 'ਰੂਪ' ਆਦਿ ਇਸ ਸਮੇਂ ਦੇ ਮਸ਼ਹੂਰ ਕਵੀ ਹਨ। ਕਵਿਤਾ ਦੇ ਨਮੂਨੇ ਇਹ ਹਨ-
ਆ ਦਿਲਾ ਹੋਸ਼ ਕਰੀਂ, ਨਿਹੁੰ ਨਾ ਲਗਾਈਂ ਵੇਖੀਂ।
ਇਸ਼ਕ ਦੇ ਪੇਚ ਬੁਰੇ, ਜੀ ਨਾ ਫਸਾਈਂ ਵੇਖੀਂ।
ਤੂੰ ਹੈ ਅਣਜਾਣ ਜਿਹਾ, ਲੋਕ ਬੜੇ ਵਲਛਲੀਏ।
ਖੋਟੇ ਬਾਜ਼ਾਰ ਕਿਤੇ, ਭਰਮ ਨਾ ਜਾਈਂ ਵੇਖੀਂ।
ਲੈ ਕੇ ਦਿਲ ਆਖ ਛੱਡਣ, "ਜਾਓ ਜੀ ਹੁਣ ਮੌਜ ਕਰੋ",
ਧੋਖੇਬਾਜ਼ਾਂ ਦੇ ਬੂਹੇ ਪੈਰ ਨਾ ਪਾਈਂ, ਵੇਖੀਂ।
ਤੈਨੂੰ ਵਾਦੀ ਹੈ ਬੁਰੀ, ਵੇਖ ਕੇ ਵਿਛ ਜਾਵਣ ਦੀ,
ਚਾਤ੍ਰਿਕ ਵਾਂਗ ਕਿਤੇ ਧੋਖਾ ਨਾ ਖਾਈਂ, ਵੇਖੀਂ
[ਚਾਤ੍ਰਿਕ]
ਮੈਂ ਹੁੰਦਾ ਜਾਂ ਕੁਝ ਹੋਰ ਹੋਰ
ਮੋਰੀ ਵੱਖਰੀ ਜਾਪੇ ਤੋਰ ਤੋਰ
ਕੋਈ ਆਉਂਦੀ ਜਾਵੇ ਯਾਦ ਯਾਦ
ਜਿੰਦ ਹੁੰਦੀ ਜਾਵੇ ਸੁਆਦ ਸੁਆਦ
ਲੱਖ ਬੁਲ੍ਹੀਆਂ ਰੱਖਾਂ ਸੀੜ ਸੀੜ
ਨਹੀਂ ਲੁਕਦੀ ਦਿਲ ਦੀ ਪੀੜ ਪੀੜ
ਅਜ ਅੱਖਾਂ ਕਰਦੀਆਂ ਰੋਣ ਰੋਣ
ਤੇ ਹਿੱਕ ਕਿਸੇ ਦੀ ਧੋਣ ਧੋਣ
ਕੋਈ ਚੜਦਾ ਜਾਵੇ ਰੰਗ ਰੰਗ
ਮੈਨੂੰ ਦੁਨੀਆ ਜਾਪੇ ਤੰਗ ਤੰਗ।
[ਪ੍ਰੋ: ਮੋਹਨ ਸਿੰਘ]
ਖੁੱਲ੍ਹੀਂਂ ਅੱਖੀਂ ਦਿਲ ਲੁਟਾਇਆ, ਸਾਬਤ ਅਕਲੀਂ ਕੀਤਾ ਪਾਪ।
ਅੱਖੀਆਂ ਲਾਈਆਂ ਦਿਲ ਲੁਟਾਇਆ, ਫ਼ਖ਼ਰ ਕਰਾਂ ਨਹੀਂ ਪਸਚਾਤਾਪ।
ਕੋਠੇ ਚੜ੍ਹ ਕੇ ਹੋਕਾ ਦਿੱਤਾ ਸੋਹਣੇ ਤਾਈਂ ਆਪਣੇ ਆਪ।
ਲੂੰ ਲੂੰ ਮੇਰਾ ਕੂਕ ਸੁਣਾਵੇ, ਜਪਦਾ ਜੀਅ ਕਿਸੇ ਦਾ ਜਾਪ।
[ਡਾਕਟਰ ਮੋਹਨ ਸਿੰਘ]
ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ,
ਇਹ ਨਕਾ-ਨਕ ਭਰਿਆ ਕਟੋਰਾ ਜੀਵਨ ਦਾ।
ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ।
ਨਾਂਹ ਮਿਲੀ ਕੋਈ ਐਸੀ ਕਲੀ, ਉਫ਼!
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ।
ਡੁਲ੍ਹਣਾ ਸੀ ਇਸ ਨੇ ਜ਼ਰੂਰ,
ਭਰਿਆ ਕਟੋਰਾ ਸੀ ਇਹ ਜੀਵਨ ਦਾ।
[ਡਾਕਟਰ ਦੀਵਾਨ ਸਿੰਘ ਕਾਲੇਪਾਣੀ]
ਸ੍ਰੀ ਯਤ ਦੇਵਿੰਦਰ ਸਤਿਆਰਥੀ ਨੇ ਗੀਤਾਂ ਦੀ ਖੋਜ ਕਰਕੇ ਪੰਜਾਬੀ ਕਵਿਤਾ ਵਿਚ ਸੰਗੀਤ-ਕਾਵਿ ਦਾ ਵਾਧਾ ਕੀਤਾ। ਇਸ ਦਾ ਅਸਰ ਪ੍ਰੋਫ਼ੈਸਰ ਮੋਹਨ ਸਿੰਘ, ਤੇ 'ਚਾਤ੍ਰਿਕ' ਤੇ ਬਹੁਤ ਪਿਆ ਹੈ। ਕਿਰਪਾ ਸਾਗਰ ਨੇ ਅੰਗਜ਼ੀ ਕਵੀ ਵਾਲਟਰ ਸਕਾਟ ਦੇ ਅਧਾਰ ਤੇ ਲਖਸ਼ਮੀ ਦੇਵੀ ਲਿਖ ਕੇ ਬਿਆਨੀਆ ਕਵਿਤਾ ਦਾ ਮੁਢ ਧਰਿਆ।
ਸੂਰਜ ਰਸ਼ਮਾਂ ਛੱਡੀਆਂ, ਅੰਮ੍ਰਿਤ ਵੇਲੇ ਨਾਲ।
ਕੁਝ ਕੁਝ ਜਾਪੇ ਚਾਨਣਾ, ਪੂਰਬ ਹੋਇਆ ਲਾਲ।
ਝਾੜਾਂ ਵਿਚੋਂ ਲੋ ਨੇ, ਦਿਤਾ ਦਰਸ਼ਨ ਆਣ।
ਜਾਗੋ ਵੀਰੋ ਸੁਤਿਓ, ਵੇਖੋ ਵੱਲ ਜਹਾਨ।
[ਲਾਲਾ ਕਿਰਪਾ ਸਾਗਰ]
ਇਨ੍ਹਾਂ ਦੇ ਨਾਲ ਨਾਲ ਪੁਰਾਣੇ ਕਵੀ ਵੀ ਤੁਰੇ ਆਉਂਦੇ ਹਨ। ਭਾਈ ਸੋਹਣ ਸਿੰਘ ਘੁਕੇਵਾਲੀਆ ਤੇ ਕਰਤਾਰ ਸਿੰਘ ਕਲਾਸਵਾਲੀਆ ਦੇ ਨਾਂ ਜ਼ਿਕਰ-ਯੋਗ ਹਨ।
ਬੀਬੀ ਹਰਨਾਮ ਕੌਰ, ਬੀਬੀ ਅਮਰ ਕੌਰ ਤੇ ਬੀਬੀ ਅੰਮ੍ਰਿਤ ਕੌਰ ਦੇ ਨਾਂ ਕਵਿਤ੍ਰੀਆਂ ਦੀ ਟੋਲੀ ਵਿਚੋਂ ਬਹੁਤ ਮਸ਼ਹੂਰ ਹਨ।
ਖਿੜੇ ਚਮਨ ਵਿਚ ਨਾਲਾ ਵਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ।
ਰੁਤ ਫਿਰਿਆਂ ਗੁਲਜ਼ਾਰ ਉਦਾਸੇ, ਸੁੰਦਰਤਾ ਮਤ ਰਹੇ ਕਿ ਨਾ।
ਸੁੰਦਰਤਾ ਦਾ ਹਾਏ ਵਿਛੋੜਾ, ਸੁੰਦਰ ਨਾਲਾ ਸਹੇ ਕਿ ਨਾ।
ਜੇਕਰ ਸਹੇ ਤਾਂ ਕੰਢੇ ਬਹਿ ਕੇ, ਨੈਣਾਂ ਛਹਿਬਰ ਛਹੇ ਕਿ ਨਾ।
ਹੇ ਦਿਲ ਅੱਖੀਓ ਸੱਧਰ ਲਾਹ ਲਓ, ਨਾ ਜਾਣਾ ਮੁੜ ਲਹੇ ਕਿ ਨਾ।
ਇਸ ਜ਼ਿੰਦਗੀ ਦਾ ਕੀ ਭਰਵਾਸਾ, ਆਉਂਦੀ ਰੁਤੇ ਰਹੇ ਕਿ ਨਾ।
[ਅਮਰ ਕੌਰ]
ਤੇਰੇ ਜਿਹਾ ਨਾ ਕੋਈ ਭੀ, ਮੈਂ ਤਕ ਤਕ ਰਹੀਆਂ।
ਤੇਰੇ ਦਰ ਤੇ ਰੁਲਦੀਆਂ, ਕਈ 'ਅੰਮ੍ਰਿਤ' ਜਹੀਆਂ।
[ਅੰਮ੍ਰਿਤ ਕੌਰ]
ਪੰਜਾਬੀ ਕਵਿਤਾ ਦੇ ਅਕਾਸ਼ ਤੇ ਕੁਝ ਨਵੇਂ ਤਾਰਿਆਂ ਦੀ ਚੁੰਧਿਆਉਣ ਵਾਲੀ ਲੋ ਫੁਟ ਰਹੀ ਹੈ, ਜਿਨ੍ਹਾਂ ਤੋਂ ਪੰਜਾਬੀ ਕਵਿਤਾ ਨੂੰ ਚਮਕਾਉਣ ਦੀ ਬਹੁਤ ਆਸ ਕੀਤੀ ਜਾਂਦੀ ਹੈ।
੨. ਪੰਜਾਬੀ ਕਵਿਤਾ ਉਤੇ ਬਾਹਰਲਾ ਅਸਰ
ਕਿਸੇ ਦੇਸ਼ ਦੇ ਸਾਹਿੱਤ ਦਾ ਉਥੋਂ ਦੇ ਇਤਿਹਾਸ ਨਾਲ ਬੜਾ ਡੂੰਘਾ ਸੰਬੰਧ ਹੁੰਦਾ ਹੈ। ਸਾਹਿੱਤ ਦਾ ਇਤਿਹਾਸ ਦੇ ਨਾਲ ਨਾਲ ਚਲਦਾ ਹੈ। ਦੇਸ਼ ਦੇ ਸਾਹਿੱਤ ਉਤੇ ਲਾਗਲੀਆਂ ਕੌਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਦੋ ਪ੍ਰਕਾਰ ਦਾ ਹੁੰਦਾ ਹੈ-ਇਕ ਬਾਹਰ-ਮੁਖੀ ਅਰਥਾਤ ਬੋਲੀ, ਮੁਹਾਵਰੇ ਆਦਿ,