ਪੰਨਾ:ਅਨੋਖੀ ਭੁੱਖ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਉਦਾਸ ਫਿਰਦਾ ਹਾਂ ਤੇ ਸਮੇਂ ਦੇ ਚੱਕਰ ਦਾ ਚੱਕਰਵਰਤੀ ਹੋਇਆ ਥਾਉਂ ਥਾਂ ਹੁੰਦਾ ਅਖ਼ੀਰ ਸਿਆਲਕੋਟ ਪੁਜ ਪਿਆ। ਸਿਆਲਕੋਟ ਵਿਚ ਮੇਰੀ ਮਿਤ੍ਰਤਾ ਪੰਡਤ ਗੋਬਿੰਦ ਰਾਮ ਨਾਲ ਹੋ ਗਈ ਤੇ ਅਸੀਂ ਆਪਣਾ ਵਧੇਰਾ ਸਮਾਂ ਇਕੱਠੇ ਹੀ ਬਤੀਤ ਕਰਨ ਲੱਗੇ।

ਇਕ ਦਿਨ ਗੱਲਾਂ ਕਰਦਿਆਂ ਇਕ ਕਹਾਣੀ ਸੁਣੀ। ਏਸ ਵੇਲੇ ਹੋਰ ਵੀ ਦੋ ਚਾਰ ਸੱਜਣ ਬੈਠੇ ਸਨ। ਕੁਝ ਕੁ ਗੱਲਾਂ ਤਾਂ ਸੱਚੀਆਂ ਸਨ, ਪਰ ਬਾਕੀ ਸਭ ਮਨਘੜਤ। ਪੰਡਤ ਗੋਬਿੰਦ ਰਾਮ ਨੇ ਇਕ ਅਜੇਹੀ ਗੱਲ ਸੁਣਾਈ, ਜਿਸ ਤੋਂ ਮੇਰੇ ਜੀਵਨ ਦਾ ਨਕਸ਼ਾ ਹੀ ਬਦਲ ਗਿਆ। ਮੇਰੀਆਂ ਵਿਚਾਰਾਂ ਹੋਰ ਦੀਆਂ ਹੋਰ ਹੋ ਗਈਆਂ ਤੇ ਮੈਂ ਕਿਸੇ ਇਕ ਨਿਸ਼ਾਨੇ ਨੂੰ ਮਨ ਵਿਚ ਧਾਰ ਕੇ ਤੁਰ ਪਿਆ। ਉਹ ਨਿਸ਼ਾਨਾ ਕੀ ਸੀ? ਜ਼ਰਾ ਮਨ ਲਾ ਕੇ ਸੁਣੋ:-

ਪੰਡਤ ਗੋਬਿੰਦ ਰਾਮ ਦੀ ਕਹਾਣੀ

ਪ੍ਰੇਮ ਚੰਦ ਨਾਮ ਇਕ ਗ਼ਰੀਬ ਖੱਤ੍ਰੀ ਸਾਡੇ ਪਿੰਡ ਵਿਚ ਰਿਹਾ ਕਰਦੇ ਸਨ। ਉਨ੍ਹਾਂ ਦੇ ਘਰ ਇਕ ਅੰਨ੍ਹੀ ਧੀ ਤੋਂ ਛੁਟ ਹੋਰ ਕੋਈ ਸੰਤਾਨ ਨਹੀਂ ਸੀ। ਉਨ੍ਹਾਂ ਦੀ ਇਸਤ੍ਰੀ ਦਾ ਦਿਹਾਂਤ ਹੋ ਚੁਕਾ ਸੀ ਤੇ ਉਹ ਆਪ ਵੀ ਸਦੀਵ ਰੋਗੀ ਹੀ ਰਹਿੰਦੇ ਸਨ। ਇਸ ਲਈ ਉਹ ਕੰਨਿਆਂ ਉਸ ਨੇ ਆਪਣੇ ਸਾਂਢੂ ਨੂੰ ਦੇ ਦਿਤੀ ਸੀ ਜੁੁ ਉਸ ਦੀ ਪਾਲਨਾ ਹੁੰਦੀ ਰਹੇ। ਕੰਨਿਆ ਦੇ ਕੁਝ ਕੁ ਸੋਨੇ ਦੇ ਗਹਿਣੇ ਸਨ, ਪਰ ਲੋਭ ਵਸ ਹੋ ਕੇ ਉਨ੍ਹਾਂ ਉਹ ਆਪਣੇ ਸਾਂਢੂ ਨੂੰ ਨਾ ਦਿਤੇ ਅਤੇ ਜਦ ਮੌਤ ਦਾ ਸਮਾਂ ਨੇੜੇ ਵੇਖਿਆ ਤਾਂ ਉਨ੍ਹਾਂ ਮੈਨੂੰ ਬੁਲਾ ਕੇ ਕਿਹਾ - 'ਮੇਰੀ ਕੰਨਿਆ ਦੇ ਸਿਆਣੀ ਹੋਣ ਤੇ ਉਸ ਨੂੰ ਇਹ ਗਹਿਣੇ ਦੇ ਦੇਣੇ, ਹੁਣੇ ਦੇਣ ਨਾਲ ਕਾਂਸ਼ੀ ਰਾਮ ਉਨ੍ਹਾਂ ਨੂੰ ਹੜੱਪ ਕਰ ਜਾਵੇਗਾ।' ਮੈਂ ਮੰਨ ਲਿਆ। ਪ੍ਰੇਮ ਚੰਦ ਦੇ ਮਰਨ ਤੇ ਪੁਲਸ ਲਵਾਰਸ ਸਮਝ ਕੇ ਆ ਗਈ ਤੇ ਘਰ ਦੀ ਸਾਰੀ ਚੀਜ਼ ਵਸਤ ਇਕੱਤ੍ਰ ਕਰ ਲਈ। ਲੋਕਾਂ ਆਖਿਆ, 'ਪ੍ਰੇਮ ਚੰਦ ਲਵਾਰਸ ਨਹੀਂ, ਇਸ ਦੀ ਇਕ ਕੰਨਿਆ ਵੀ ਲਾਹੌਰ ਵਿਚ ਹੈ।'

੨੭.